ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(11)


ਨਾਲ ਪਰਦੇਸੀ ਨਿਹੁੰ ਨਾ ਲਾਈਏ
ਭਾਵੇਂ ਲੱਖ ਸੋਨੇ ਦਾ ਹੋਵੇ
ਇੱਕ ਗੱਲੋਂ ਪਰਦੇਸੀ ਚੰਗਾ
ਜਦ ਯਾਦ ਕਰੇ ਤਾਂ ਰੋਵੇ

(12)


ਯਾਰ ਮੇਰੇ ਨੇ ਭਾਜੀ ਭੇਜੀ
ਵਿੱਚ ਭੇਜੀ ਕਸਤੂਰੀ
ਜਦ ਦੇਖਾਂ ਤਾਂ ਥੋੜੀ ਲੱਗਦੀ
ਜਦ ਜੋਖਾਂ ਤਾਂ ਪੂਰੀ

(13)


ਮਿੱਤਰ ਆਪਣੇ ਮੀਤ ਕੋ
ਤੁਰਤ ਨਾ ਦਈਏ ਗਾਲ
ਹੌਲੀ ਹੌਲੀ ਛੋਡੀਏ
ਜਿਉਂ ਜਲ ਛੋਡੇ ਤਾਲ

(14)


ਬੇਰੀ ਹੇਠ ਖੜੋਤੀਏ
ਝੜ ਝੜ ਪੈਂਦਾ ਬੁਰ
ਯਾਰ ਨਾ ਦਿਲੋਂ ਵਿਸਾਰੀਏ
ਕੀ ਨੇੜੇ ਕੀ ਦੂਰ

(15)


ਉੱਚਾ ਬੁਰਜ ਲਾਹੌਰ ਦਾ
ਕੋਈ ਹੇਠ ਵਗੇ ਦਰਿਆ
ਮੈਂ ਮਛਲੀ ਦਰਿਆ ਦੀ
ਤੂੰ ਬਗਲਾ ਬਣ ਕੇ ਆ

(16)


ਉੱਚਾ ਬੁਰਜ ਲਾਹੌਰ ਦਾ
ਕੋਈ ਹੇਠ ਤਪੇ ਤੰਦੂਰ
ਗਿਣ ਗਿਣ ਲਾਹਾਂ ਰੋਟੀਆਂ
ਕੋਈ ਖਾਵਣ ਵਾਲਾ ਦੂਰ

(17)


ਉੱਚਾ ਬੁਰਜ ਲਾਹੌਰ ਦਾ
ਕੋਈ ਹੇਠ ਵਗੇ ਦਰਿਆ
ਸ਼ੱਕਰ ਹੋਵੇ ਤਾਂ ਵੰਡ ਲਾਂ
ਦਰਦ ਨਾ ਵੰਡਿਆ ਜਾ

35/ਪੰਜਾਬੀ ਸਭਿਆਚਾਰ ਦੀ ਆਰਸੀ