ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(32)
ਜੇ ਜਾਣਦੀ ਮਰ ਜਾਵਣਾ
ਮਿੱਠਾ ਬੋਲਦੀ ਜਗ
ਐਵੇਂ ਜਨਮ ਗਵਾ ਲਿਆ
ਕੂੜੇ ਲਾਲਚ ਲਗ
(33)
ਜਦ ਜੁੜਨੇ ਸੀ ਜੋਬਨ ਸੀ
ਲਾਗੂ ਸੀ ਸਭ ਕੋ
ਜਤਨ ਜੋਵਨ ਗਵਾ ਕੇ
ਗਈ ਮੁਸਾਫ਼ਰ ਹੋ
(34)
ਹੁਸਨ ਜਵਾਨੀ ਰੰਗ ਫੁੱਲਾਂ ਦਾ
ਮੁੱਦੜ ਰਹਿੰਦੇ ਨਾਹੀਂ
ਲੱਖਾਂ ਖ਼ਰਚਣ ਹੱਥ ਨਾ ਆਵਣ
ਮੁੱਲ ਵਕੇਂਦੇ ਨਾਹੀਂ
(35)
ਨੈਣ ਲਲਾਰੀ ਨੈਣ ਕਸੁੰਭਾ
ਨੈਣ ਨੈਣਾਂ ਨੂੰ ਰੰਗਦੇ
ਨੈਣ ਨੈਣਾਂ ਦੀ ਕਰਨ ਮਜੂਰੀ
ਮਿਹਨਤ ਮੂਲ ਨਾ ਮੰਗਦੇ
(36)
ਨਦੀ ਕਿਨਾਰੇ ਰੁਖੜਾ
ਖੜਾ ਸੀ ਅਮਨ ਅਮਾਨ
ਡਿਗਦਾ ਹੋਇਆ ਬੋਲਿਆ
ਜੀ ਦੇ ਨਾਲ ਜਹਾਨ
(37)
ਕੜਕ ਨਾ ਜਾਂਦੀ ਕੁੱਪਿਓ
ਰਹਿੰਦੇ ਤੇਲ ਭਰੇ
ਕਿੱਕਰ ਜੰਡ ਕਰੀਰ ਨੂੰ
ਪਿਓਂਦ ਕੋਣ ਕਰੇ
(38)
ਹੰਸਾ ਸਰ ਨਾ ਛੋੜੀਏ
ਜੇ ਜਲ ਗਹਿਰਾ ਹੋਏ
ਹੰਸ ਬੈਠਗੇ ਛੱਪੜੀਏਂ
ਤਾਂ ਹੰਸ ਨਾ ਆਖੇ ਕੋਏ