ਪੰਨਾ:ਬੰਕਿਮ ਬਾਬੂ.pdf/2

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਾਰਤੀ ਨਾਵਲ ਨਵੀਸੀ ਵਿਚ ਜਿਸ ਤਰ੍ਹਾਂ ਬੰਗਲਾ ਜ਼ਬਾਨ ਸ਼੍ਰੋਮਣੀ ਹੈ, ਇਸੇ ਤਰ੍ਹਾਂ ਬੰਗਾਲ ਦੇ ਸਾਰੇ ਨਾਵਲ- ਲੇਖਕਾਂ ਵਿਚੋਂ ਸ੍ਵਰਗਵਾਸੀ ਬੰਕਿਮ ਚੰਦਰ ਦਾ ਦਰਜਾ ਹੈ। ਦੂਜੇ ਸ਼ਬਦਾਂ ਵਿਚ ਜੇ ਅਸੀ ਬੰਕਿਮ ਬਾਬੂ ਨੂੰ ਭਾਰਤੀ ਨਾਵਲ ਦਾ ਜਨਮ-ਦਾਤਾ ਕਹੀਏ ਤਾਂ ਅਯੋਗ ਨਹੀਂ ਹੋਵੇਗਾ। ਬੰਕਿਮ ਤੋਂ ਪਹਿਲਾਂ ਦਾ ਕੋਈ ਭਾਰਤੀ ਨਾਵਲ ਅਜ ਤੀਕ ਸਾਡੀ ਨਜ਼ਰੀ ਨਹੀਂ ਪਿਆ। ਬੰਗਲਾ ਬੋਲੀ ਵਿਚ ਇਸ ਵੇਲੇ ਨਾਵਲ ਦਾ ਹੁਨਰ ਸਫਲਤਾ ਦੀ ਜਿਸ ਟੀਸੀ ਤੇ ਪੁਜਾ ਹੋਇਆ ਹੈ, ਉਸ ਦੇ ਸਾਹਮਣੇ ਬੰਕਿਮ ਬਾਬੂ ਦੀ ਲਿਖਤ ਅਜ ਬੇਸ਼ਕ ਕੁਝ ਹਲਕੀ ਜਾਪੇਗੀ, ਪਰ ਵੇਖਣ ਵਾਲੀ ਗਲ ਇਹ ਹੈ ਕਿ ਅਜ ਤੋਂ ਪੌਣੀ ਸਦੀ ਪਹਿਲਾਂ - ਜਦ ਹਿੰਦੁਸਤਾਨੀ ਜਨਤਾ ਨੂੰ ਸ਼ਾਇਦ ਪਤਾ ਵੀ ਨਹੀਂ ਸੀ ਕਿ ਨਾਵਲ ਕਿਸਨੂੰ ਕਹਿੰਦੇ ਹਨ - ਬੰਗਾਲ ਦੇ ਇਸ ਉੱਘੇ ਲੇਖਕ ਨੇ ਅਨੇਕਾਂ ਨਾਵਲ ਲਿਖੇ ਸਨ।

"ਰਜਨੀ" ਅਜ ਤੋਂ ਲਗਪਗ ੬੫ ਵਰ੍ਹੇ ਪਹਿਲਾਂ ਦੀ ਲਿਖੀ ਹੋਈ ਚੀਜ਼ ਹੈ - ਜਦੋਂ ਸ਼ਾਇਦ ਮੇਰੇ ਪਿਤਾ ਜੀ ਆਪਣੇ ਹਾਣੀ ਮੁੰਡਿਆਂ ਨਾਲ ਗੁੱਲੀ ਡੰਡਾ ਖੇਡਦੇ ਹੋਣਗੇ, ਮੈਂ ਤਾਂ ਸ਼ਾਇਦ ਇਸ ਦੇ ਲਿਖੇ ਜਾਣ ਤੋਂ ੨੦-੨ ਵਰ੍ਹੇ ਮਗਰੋਂ ਜੰਮਿਆਂ ਹੋਵਾਂਗਾ। ਪਰ ਪੁਸਤਕ ਏਨੀ ਪੁਰਾਣੀ ਹੋਣ ਤੇ ਵੀ ਇਸ ਦੀ ਲਿਖਤ ਪੜ੍ਹਕੇ ਮੇਰੇ ਪਾਠਕਾਂ ਨੂੰ ਇਸ ਵਿਚੋਂ ਉਹ ਨਵੀਨਤਾ ਲਭੇਗੀ, ਜੇਹੜੀ ਅਜੇ ਸਦੀਆਂ ਤੀਕ ਆਪਣਾ ਰੰਗ ਤੇ ਅਸਰ ਨਹੀਂ ਵਟਾ ਸਕਦੀ।