ਪੰਨਾ:ਬੰਕਿਮ ਬਾਬੂ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਂਦੀ ਹਾਂ, ਕੀ ਸਿਰਫ਼ ਸੁਣਨ ਲਈ? ਕੀ ਕਦੇ ਕਿਸੇ ਸੁਣਿਆਂ ਹੈ ਕਿ ਕੋਈ ਮੁਟਿਆਰ ਕੇਵਲ ਸ਼ਬਦ ਸੁਣਕੇ ਮੋਹਿਤ ਹੋਈ ਹੋਵੇ? ਤਾਂ ਕੀ ਕੇਵਲ ਮੈਂ ਹੀ ਇਹ ਨਵਾਂ ਰਾਹ ਚੁਣਿਆਂ? ਕੀ ਇਹ ਵੀ ਮੁਮਕਿਨ ਹੈ? ਜੇ ਐਸਾ ਹੀ ਹੈ ਤਾਂ ਵਾਜਾ ਸੁਣਨ ਲਈ ਰੋਜ਼ ਮੈਂ ਵਾਜੇ ਵਾਲੇ ਦੇ ਮਕਾਨ ਤੇ ਕਿਉਂ ਨਹੀਂ ਜਾਂਦੀ? ਸਤਾਰ, ਸਰੰਗੀ, ਬੇਲਾ ਤੇ ਤਾਊਸ ਨਾਲੋਂ ਵੀ ਕੀ ਸਚਿੰਦਰ ਦੀ ਆਵਾਜ਼ ਬਹੁਤ ਮਿੱਠੀ ਹੈ? ਨਹੀਂ, ਇਹ ਗੱਲ ਫ਼ਜ਼ੂਲ ਹੈ।

ਤਾਂ ਕੀ ਉਹ ਸਪਰਸ਼? ਮੈਂ ਤਾਂ ਦਿਨ ਰਾਤ ਫੁੱਲਾਂ ਦੇ ਢੇਰ ਵਿਚ ਹੀ ਰਹਿੰਦੀ ਹਾਂ। ਕਦੇ ਵਿਛੋਣੇ ਉਤੇ ਖਿਲਾਰ ਕੇ ਸੌਂਦੀ ਹਾਂ, ਕਦੇ ਛਾਤੀ ਨਾਲ ਲਾਂਦੀ ਹਾਂ। ਤਾਂ ਕੀ ਇਨ੍ਹਾਂ ਨਾਲੋਂ ਵੀ ਸਚਿੰਦਰ ਦਾ ਸਪਰਸ਼ ਕੋਮਲ ਹੈ? ਨਹੀਂ, ਅਜਿਹਾ ਤੇ ਨਹੀਂ ਜਾਪਦਾ। ਤਾਂ ਫਿਰ ਕੀ ਹੈ? ਕੀ ਕੋਈ, ਮੈਨੂੰ ਅੰਨ੍ਹੀ ਨੂੰ ਇਹ ਔਖਾ ਪ੍ਰਸ਼ਨ ਸਮਝਾ ਸਕਦਾ ਹੈ?

ਤੁਸੀਂ ਲੋਕ ਆਪ ਹੀ ਨਹੀਂ ਸਮਝਦੇ, ਤਾਂ ਮੈਨੂੰ ਘੱਟਾ ਸਮਝਾਓਗੇ? ਤੁਹਾਡੀਆਂ ਅੱਖਾਂ ਹਨ। ਰੂਪ ਨੂੰ ਪਛਾਣਦੇ ਤੇ ਰੂਪ ਨੂੰ ਸਮਝਦੇ ਵੀ ਹੋ, ਪਰ ਮੈਂ ਜਾਣਦੀ ਹਾਂ ਕਿ ਰੂਪ ਸਿਰਫ਼ ਵੇਖਣ ਵਾਲੇ ਦਾ ਮਾਨਸਿਕ ਵਿਕਾਰ ਮਾਤਰ ਹੈ। ਏਸੇ ਤਰਾਂ ਸ਼ਬਦ ਵੀ ਮਾਨਸਿਕ ਵਿਕਾਰ ਹੈ। ਰੂਪ; ਰੂਪਵਾਨ ਵਿਚ ਨਹੀਂ, ਰੂਪ ਵੇਖਣ ਵਾਲੇ ਦੇ ਦਿਲ ਵਿਚ ਹੁੰਦਾ ਹੈ, ਨਹੀਂ ਤਾਂ ਇਕ ਹੀ ਆਦਮੀ ਨੂੰ ਸਾਰੇ ਲੋਕੀ ਇੱਕੋ ਜਿਹਾ ਰੂਪਵਾਨ ਕਿਉਂ ਨਹੀਂ ਵੇਖਦੇ? ਇੱਕੋ ਉਤੇ ਹੀ ਸਾਰੇ ਲੋਕੀ ਮੋਹਿਤ ਕਿਉਂ ਨਹੀਂ ਹੋ ਜਾਂਦੇ? ਰੂਪ, ਦਰਸ਼ਕ ਲਈ ਮਨ ਦਾ ਸੁਖ ਮਾਤਰ ਹੈ। ਸ਼ਬਦ

੧੯