ਵਿਦਾ ਹੋ ਰਹੀ ਧੀ ਦਾ ਰੁਦਨ ਝੱਲਿਆ ਨੀ ਜਾਂਦਾ:
ਲੈ ਚੱਲੇ ਬਾਬਲਾ ਲੈ ਚੱਲੇ ਵੇ
ਲੈ ਚੱਲੇ ਦੇਸ ਪਰਾਏ
ਬਾਬਲਾ ਤੇਰੀ ਲਾਡਲੀ ਵੇ
ਆਲ਼ੇ ਛੋਡੀਆਂ ਗੁੱਡੀਆਂ
ਮੇਰਾ ਤ੍ਰਿੰਜਣ ਛੋਡਿਆ ਛੋਪ
ਬਾਬਲਾ ਤੇਰੀ ਲਾਡਲੀ ਵੇ
ਉਹ ਕੇਵਲ ਅੱਜ ਦੀ ਰਾਤ ਰੱਖਣ ਲਈ ਬਾਬਲ ਅੱਗੇ ਲੇਲੜ੍ਹੀ ਕੱਢਦੀ ਹੈ ਪਰੰਤੂ ਬਾਬਲ ਵੀ ਮਜਬੂਰ ਹੈ:
ਬਾਬਲ ਵਿਦਾ ਕਰੇਂਦਿਆ
ਮੈਨੂੰ ਰੱਖ ਲੈ ਅੱਜ ਦੀ ਰਾਤ ਵੇ
ਮੈਂ ਕਿੱਕਣ ਰੱਖਾਂ ਧੀਏ ਮੇਰੀਏ
ਮੈਂ ਤਾਂ ਸਜਣ ਸਦਾ ਲਏ ਆਪ ਨੀ
ਧੀ ਨੂੰ ਵਿਦਾ ਕਰਕੇ ਮਾਪਿਆਂ ਦਾ ਗ਼ਮਗ਼ੀਨ ਹੋਣਾ ਸੁਭਾਵਿਕ ਹੀ ਹੈ ਪਰੰਤੂ ਵਾਰੇ ਜਾਈਏ ਧੀ ਦੇ ਜਿਹੜੀ ਉਨ੍ਹਾਂ ਦੀ ਦਿਲਗੀਰੀ ਨੂੰ ਨਾ ਸਹਾਰਦੀ ਹੋਈ ਏਸ ਸਾਰੇ ਵਰਤਾਰੇ ਨੂੰ ਆਪਣੀ ਹੋਣੀ ਦਸ ਕੇ ਸਬਰ ਦਾ ਘੁੱਟ ਭਰ ਲੈਂਦੀ ਹੈ। ਗੀਤ ਦੇ ਦਰਦੀਲੇ ਬੋਲ ਸਰੋਤਿਆਂ ਦੇ ਧੁਰ ਅੰਦਰ ਲਹਿ ਜਾਂਦੇ ਹਨ ਤੇ ਅੱਖੀਆਂ ਨਮ ਹੋ ਜਾਂਦੀਆਂ ਹਨ:
ਸੋਨੇ ਦੀ ਸੱਗੀ ਮਾਪਿਓ
ਉੱਤੇ ਪਾਏ ਜੰਜ਼ੀਰ ਵੇ
ਤੁਸੀਂ ਕਿਉਂ ਬੈਠੇ ਮਾਪਿਓ
ਦਿਲ ਦਿਲਗੀਰ ਵੇ
ਖਾਊਂਗੀ ਕਿਸਮਤ ਮਾਪਿਓ
ਪਹਿਨੂੂੰਗੀ ਤਕਦੀਰ ਵੇ
ਸੈਂਕੜਿਆਂ ਦੀ ਗਿਣਤੀ ਵਿਚ ਸੁਹਾਗ ਗੀਤ ਪ੍ਰਾਪਤ ਹਨ। ਇਨ੍ਹਾਂ ਨੂੰ ਭਾਸ਼ਾ ਵਿਗਿਆਨ, ਸਮਾਜ ਵਿਗਿਆਨ ਅਤੇ ਮਾਨਵ ਵਿਗਿਆਨ ਦੀ ਦ੍ਰਿਸ਼ਟੀ ਤੋਂ ਵਾਚਣ ਦੀ ਲੋੜ ਹੈ। ਇਨ੍ਹਾਂ ਵਿਚ ਪੰਜਾਬੀ ਸਭਿਆਚਾਰ ਅਤੇ ਸੰਸਕ੍ਰਿਤੀ ਦੇ ਅਵਸ਼ੇਸ਼ ਸਮੋਏ ਹੋਏ ਹਨ।
*
ਮਹਿੰਦੀ ਸ਼ਗਨਾਂ ਦੀ/ 33