ਪੰਨਾ:ਹਾਏ ਕੁਰਸੀ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੋੜ ਦੇਣਗੇ ਨਹੀਂ ਤੇ ਕੋਈ ਨਾ ਕੋਈ ਪ੍ਰੀਖਿਆ ਪਾਸ ਕਰ ਲੈਣਗੇ, ਇਹਨਾਂ ਪੂਰੀ ਤਿਆਰੀ ਕਰ ਕੇ ਦੁਸ਼ਮਣ ਤੇ ਹਮਲਾ ਕੀਤਾ ਤੇ ਉਸ ਦੀ ਫਸੀਲ ਤੇ ਗੋਲਾ ਬਾਰੀ ਕੀਤੀ। ਇਮਤਿਹਾਨ ਦਿੱਤਾ, ਪਰ ਯੂਨੀਵਰਸਿਟੀ ਦਾ ਢੀਠ-ਪੁਣਾ ਵੇਖੋ ਮੌਲਵੀ ਸਾਹਿਬ ਨੂੰ ਯੂਨੀਵਰਸਿਟੀ ਦੇ ਕਰਮਚਾਰੀਆਂ ਤੇ ਪ੍ਰੀਖਿਅਕਾਂ ਨੇ ਮੂੰਧੜੇ ਮੂੰਹ ਸੁਟਿਆ। ਮੌਲਵੀ ਸਾਹਿਬ ਯੂਨੀਵਰਸਿਟੀ ਦੀ ਫਸੀਲ ਵਿਚ ਮਾਮੂਲੀ ਜਹੀ ਤਰੇੜ ਕਰਨ ਵਿਚ ਵੀ ਅਸਫਲ ਰਹੇ ਸਨ।'

'ਮੌਲਵੀ ਸਾਹਿਬ ਦੇ ਬੱਚੇ ਹੁਣ ਤਕ ਕੋਈ ਬੀ. ਏ. ਤੇ ਕੋਈ ਐਮ. ਏ. ਪਾਸ ਕਰ ਬੈਠਾ ਸੀ। ਦਫ਼ਤਰ ਵਿਚ ਮੌਲਵੀ ਸਾਹਿਬ ਨਾਲ ਕੰਮ ਕਰਨ ਵਾਲਿਆਂ ਨੂੰ ਬੜਾ ਅਫਸੋਸ ਹੋਇਆ ਕਿ ਮੌਲਵੀ ਸਾਹਿਬ ਦੇ ਬੱਚੇ ਡਿਗਰੀਆਂ ਵਾਲੇ ਹੋ ਜਾਣ, ਪਰ ਉਹ ਉਵੇਂ ਦੇ ਉਵੇਂ ਹੀ ਰਹਿਣ, ਸੋ ਉਹਨਾਂ ਨੇ ਇਹਨਾਂ ਨੂੰ ਐਜ਼ਾਜ਼ੀ ਡਿਗਰੀ ਦੇਣ ਦਾ ਫੈਸਲਾ ਕੀਤਾ।

'ਇਕ ਦਿਨ ਚਾਹ ਪਾਰਟੀ ਕੀਤੀ ਗਈ; ਵੱਡਾ ਡਰਾਇੰਗ ਪੇਪਰ ਲਿਆ ਤੇ ਉਸ ਤੇ ਇਹ ਇਬਾਰਤ ਮੋਟੇ ਤੇ ਟੰਗੀਨ ਸੁਨਹਿਰੇ ਅੱਖਰਾਂ ਵਿਚ ਛਪਵਾਈ ਗਈ, 'ਐਚ. ਪੀ. ਐਨ. ਈ. ਦੀ ਡਿਗਰੀ ਮਲਵੀ ਮਖੱਨਸ-ਉਦਦੀਨ ਨੂੰ, ਉਹਨਾਂ ਦੀ ਪੰਦਰਾਂ ਸਾਲਾਂ ਦੀ ਨੇਕ ਨੀਯਤੀ ਨਾਲ ਕੀਤੀ ਨੌਕਰੀ ਦੇ ਬਦਲੇ ਦਿੱਤੀ ਜਾਂਦੀ ਹੈ'। ਇਸ ਡਿਗਰੀ ਤੇ ਦਸਖ਼ਤ ਕੀਤੇ ਕਮੇਟੀ ਦੇ ਪ੍ਰਧਾਨ ਐਲ. ਬੀ. ਐਫ. ਨੇ, ਐਗਜ਼ੈਕਟਿਵ ਅਫਸਰ ਤੇ ਕਮੇਟੀ ਦੇ ਸਕਤਰ ਨੇ।

‘ਪਰ ਐਚ. ਪੀ. ਐਨ. ਈ. ਦਾ ਭਾਵ ਕੀ ਹੈ?' ਬਲਜੀਤ ਨੇ ਹੈਰਾਨ ਹੋ ਕੇ ਪੁਛਿਆ। ਉਸ ਨੂੰ ਹੁਣ ਕੁਝ ਕੁਝ ਵਿਸ਼ਵਾਸ ਆਉਂਦਾ ਜਾਂਦਾ ਸੀ, ਕਿ ਇਹ ਡਿਗਰੀ ਜ਼ਰੂਰੀ ਚੰਗੀ ਹੋਵੇਗੀ, ਜਿਹਦੇ ਤੇ ਦਸਖ਼ਤ ਕਮੇਟੀ ਦੇ ਜ਼ਿੰਮੇਵਾਰ ਅਫਸਰਾਂ ਦੇ ਸਨ।

'ਇਸ ਦਾ ਭਾਵ ਹੈ, 'ਹੈਜ਼ ਪਾਸਡ ਨੋ ਐਗਜ਼ੈਮੀਨੇਸ਼ਨ’ ਇਹ ਆਖ ਕੇ ਉਹ ਕਲਰਕ ਹੱਸ ਪਿਆ ਤੇ ਨਾਲ ਹੀ ਖਿਲੀ ਪਾ ਕੇ ਹੱਸ ਪਏ ਬਾਕੀ ਦੇ ਸਾਰੇ ਕਲਰਕ। ਇਤਨੇ ਨੂੰ ਚਪੜਾਸੀ ਅੰਦਰ ਆਇਆ ਤੇ ਸਭਨਾਂ ਨੂੰ ਇਹ ਆਖ ਕੇ ਸੁਚੇਤ ਕਰ ਗਿਆ, ਕਿ ਐਲ. ਬੀ. ਐਫ. ਆ ਰਿਹਾ ਸੀ। ਸਭ ਆਪੋ ਆਪਣੇ ਕੰਮ ਲਗ ਗਏ। ਦਫ਼ਤਰ ਵਿਚ ਚੁਪ ਚਾਂਅ ਵਰਤ ਗਈ, ਜਿਵੇਂ ਇਥੇ ਕਦੇ ਕੋਈ ਗਲ ਨਹੀਂ

੪੩