ਪੰਨਾ:Alochana Magazine 2nd issue April1957.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਮਸ਼ੇਰ ਸਿੰਘ ਅਸ਼ੋਕ--

ਪੰਜਾਬੀ ਦੇ ਦੋ ਬਾਰਾਂ ਮਾਹੇਂ

(੧)

ਪਿਛਲੇ ਦਸ ਵਰ੍ਹਿਆਂ ਵਿੱਚ ਪੰਜਾਬੀ ਹਥ ਲਿਖਤਾਂ ਦੀ ਖੋਜ ਕਰਦਿਆਂ ਮੈਨੂੰ ਕਈ ਖਰੜੇ ਅਜਿਹੇ ਮਿਲੇ ਹਨ ਜੋ ਪੰਜਾਬੀ ਬੋਲੀ ਦੇ ਇਤਿਹਾਸ ਬਾਰੇ ਅੱਛੀ ਖ਼ਾਸੀ ਰੌਸ਼ਨੀ ਪਾਉਂਦੇ ਹਨ, ਜਿਵੇਂ ਇਤਿਹਾਸਕ ਪੁਸਤਕਾਂ ਵਿਚੋਂ ਸੁਮਤੀ ਪ੍ਰਕਾਸ਼ ਨਾਮ ਹੇਠ ਅਕਬਰ ਨਾਮੇ ਦਾ ਪੰਜਾਬੀ ਅਨੁਵਾਦ ਜੋ ਪੁਰਾਤਨ ਗੱਦ ਦਾ ਚੰਗਾ ਨਮੂਨਾ ਹੈ। ਇਸੇ ਤਰ੍ਹਾਂ ਕਿੱਸਾ-ਕਾਵਿ ਵਿਚੋਂ ਹੀਰ ਅਹਿਮਦ ਗੁੱਜਰ, ਭਾਈ ਵੀਰ ਸਿੰਘ ਦੀ ਹੀਰ, ਹੀਰ ਹਾਸ਼ਮ, ਜੋਗਾ ਸਿੰਘ ਦੀ ਸੀਹਰਫ਼ੀ ਹੀਰ ਆਦਿ, ਪਰ ਇਨ੍ਹਾਂ ਸਾਰੀਆਂ ਰਚਨਾਵਾਂ ਵਿਚੋਂ ਜੋ ਮੈਨੂੰ ਵਧੇਰੇ ਪਸੰਦ ਆਈਆਂ ਉਹ ਹਨ ਕੁਝ ਬਾਰਾਂ ਮਾਹੇਂ, ਪੈਂਤੀਸ ਅੱਖਰੀਆਂ, ਸੀਹਰਫ਼ੀਆਂ, ਅਖਰਾਵਟਾਂ, ਬਾਵਨ ਅੱਖਰੀਆਂ, ਅਸ਼ਟਕ, ਪਖਵਾਰੇ, ਇਕ ਮਾਹੇਂ, ਸੰਤਾਂ-ਭਗਤਾਂ ਦੀਆਂ ਕਾਫ਼ੀਆਂ, ਪਉੜੀਆਂ ਤੇ ਮਾਝਾਂ ਆਦਿ। ਖੰਡ-ਕਾਵਿ ਦੇ ਇਨ੍ਹਾਂ ਟੋਟਕਿਆਂ ਵਿੱਚੋਂ ਮੈਂ ਪਿੱਛੇ ਜਿਹੇ "ਪੰਜਾਬੀ ਦੇ ਦੋ ਇਕ ਮਾਹੇਂ" ਨਾਮੀ ਇਕ ਲੇਖ ਰਸਾਲਾ ਪੰਜ ਦਰਿਆ ਵਿਚ ਦਿੱਤਾ ਸੀ ਤੇ ਹੁਣ ਇਸੇ ਲੜੀ ਦਾ ਦੂਜਾ ਲੇਖ "ਪੰਜਾਬੀ ਦੇ ਦੋ ਬਾਰਾਂ ਮਾਹੇੇਂ" ਆਲੋਚਨਾ ਦੇ ਪਾਠਕਾਂ ਅੱਗੇ ਪੇਸ਼ ਕਰਦਾ ਹਾਂ।

"ਪੰਜਾਬੀ ਦੇ ਦੋ ਬਾਰਾਂ ਮਾਹੇਂ", ਜਿਨ੍ਹਾਂ ਬਾਰੇ ਇਸ ਲੇਖ ਵਿੱਚ ਵਿਚਾਰ ਕਰਨੀ ਹੈ, ਇਹ ਹਨ-(੧) ਬਾਰਾਂ ਮਾਹਾਂ ਢੋਲ ਸੰਮੀ ਦਾ ਕ੍ਰਿਤ ਕਵੀ ਮੁਨਸਿਫ਼, ਅਤੇ (੨) ਬਾਰਾਂ ਮਾਹਾਂ ਹਾਫ਼ਿਜ਼ ਬਰਖ਼ੁਰਦਾਰ ਕਾ। ਪਹਿਲਾ ਬਾਰਾਂ ਮਾਹਾਂ ਇਕ ਲੋਕ-ਕਥਾ ਦੇ ਆਧਾਰ ਉੱਤੇ ਹੈ ਅਤੇ ਦੂਜਾ ਬਾਰਾਂ ਮਾਹਾਂ ਕਿਸੇ ਪ੍ਰੇਮਕਾ ਦੀ ਵਿਰਹੁੁੰ ਵਿਥਿਆ ਦਾ ਸਤੰਤਰ ਤੌਰ ਤੇ ਵਰਣਨ।

[੧