ਪੰਨਾ:Alochana Magazine April-May 1963.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਤੇ ਸ਼ਕਤੀਸ਼ਾਲੀ ਸੀ ! ਜੀਵਨ ਦੇ ਸਬੰਧ ਸਪਸ਼ਟ ਕਰਨ ਅਤੇ ਜੀਵਨ ਦੀ ਵਧੇਰੇ ਸੋਝੀ ਕਰਾਉਣ ਤੇ ਸ਼ਰੋਤਿਆਂ ਜਾਂ ਪਾਠਕਾਂ ਨੂੰ ਜੀਵਨ ਦੀ ਪਰੰਪਰਾ ਅਤੇ ਕੀਮਤਾਂ ਤੋਂ ਚੇਤੰਨ ਕਰਨਾ ਮਹਾਂਕਾਵਿ ਦਾ ਕਰੱਤਵ ਰਿਹਾ ਹੈ । ਰਾਮਾਇਣ, ਮਹਾਭਾਰਤ, ਓਡੀਸੀ, ਤੇ ਇਲੀਅਡ ਆਦਿ ਪ੍ਰਾਚੀਨ ਮਹਾਂਕਾਵਿ ਜਾਤੀਆਂ ਦੇ ਸੰਘਰਸ਼ਾਂ ਅਤੇ ਪ੍ਰਾਪਤੀਆਂ ਦੇ ਸੂਚਕ ਹਨ । ਸਮਾਜਕ ਜੀਵਨ ਦੀ ਸਥਿਰਤਾ ਦੇ ਮੂਲ ਆਧਾਰਾਂ ਅਤੇ ਸਦਾਚਾਰਕ ਕੀਮਤਾਂ ਨੂੰ ਸਪਸ਼ਟ ਅਤੇ ਦਰਿੜ ਕਰਨ ਵਿਚ ਜੋ ਹਿੱਸਾ ਰਾਮਾਇਣ ਨੇ ਉਸ ਸਮੇਂ ਦੇ ਸਮਾਜਕ ਜੀਵਨ ਵਿਚ ਪਾਇਆ ਹੈ, ਉਹ ਭਲੀ ਭਾਂਤ ਸਪਸ਼ਟ ਹੈ । ਵਾਸਤਵ ਵਿੱਚ ਜੀਵਨ ਦੇ ਸਮਾਜਕ ਆਧਾਰਾਂ ਅਤੇ ਚਾਲੂ ਕੀਮਤਾਂ ਦਾ ਯੋਗ ਮੁਲ ਪਾਉਣਾ, ਇਹਨਾਂ ਦਾ ਵਿਸ਼ਲੇਸ਼ਨ ਕਰਨਾ ਅਤੇ ਵਿਸ਼ਵਾਸ਼ਾਂ ਤੇ ਮਨੋਤਾਂ ਨੂੰ ਪੱਕਿਆਂ ਕਰਨਾ ਪੁਰਾਤਨ ਮਹਾਂਕਾਵਿ ਦਾ ਆਦਰਸ਼ ਸੀ । ਜਾਤੀ ਦੇ ਸੰਘਰਸ਼ਾਂ ਨੂੰ ਵਿਜਈ ਰੂਪ ਵਿਚ ਪੇਸ਼ ਕਰਕੇ ਜਾਤੀ ਦੀ ਸ਼ਕਤੀ ਬਾਰੇ ਵਿਸ਼ਵਾਸ਼ ਪੈਦਾ ਕਰਨ ਵਿਚ ਜੋ ਹਿੱਸਾ ਮਹਾਂਕਾਵਿ ਨੇ ਵੱਖ ਵੱਖ ਜਾਤੀਆਂ ਦੇ ਜੀਵਨ ਵਿਚ ਪਾਇਆ ਹੈ ਉਸਦੀ ਪੁਸ਼ਟੀ ਇਲੀਅਜ ਅਤੇ ਰਾਮਾਇਣ ਤੋਂ ਭਲੀ ਭਾਂਤ ਹੋ ਜਾਂਦੀ ਹੈ। ਪ੍ਰਕ੍ਰਿਤਕ ਅਤੇ ਮਾਰੂ ਦੈਵਿਕ ਸ਼ਕਤੀਆਂ ਵਿਰੁੱਧ ਮਨੁਖ ਜਾਤੀ ਦੇ ਸੰਘਰਸ਼ ਨੂੰ ਉਸਾਰੂ ਰੂਪ ਵਿਚ ਕਰਨ ਦਾ ਜੋ ਜਤਨ ‘ਉਡੀਸ' ਵਿਚ ਕੀਤਾ ਗਿਆ ਹੈ ਉਹ ਪੂਰਨ ਭਾਂਤ ਉਸਾਰੂ ਹੈ । ਇਸ ਤੋਂ ਉਪਨਿਵੇਸ਼ਵਾਦੀ ਯੂਰਪੀ ਦੇਸ਼ਾਂ ਨੂੰ ਨਵੀਆਂ ਭੂਗੋਲਕ ਪ੍ਰਾਪਤੀਆਂ ਕਰਨ ਲਈ ਉਤਸ਼ਾਹ ਮਿਲਿਆ । ਟੈਨੀਸਨ ਨੇ ਯੂਲਿਸਿਜ਼ ਦੇ ਕਾਰਜਸ਼ੀਲ ਜੀਵਨ ਤੋਂ ਪ੍ਰਭਾਵਿਤ ਹੋਕੇ ਆਪਣੇ ਸਮੇਂ ਦੀਆਂ ਪ੍ਰਤਿਨਿਧ ਕਵਿਤਾਵਾਂ ਲਿਖੀਆਂ । ਇਸ ਤਰ੍ਹਾਂ ਮਹਾਂਕਾਵਿ ਜਾਤੀ ਦੀ ਪ੍ਰਤਿਨਿਧ ਰਚਨਾ ਹੁੰਦੀ ਸੀ ਅਤੇ ਜਿਸ ਮਹਾਂਕਾਵਿ ਵਿਚ ਜਾਤੀ ਦੇ ਸੰਘਰਸ਼ ਅਤੇ ਇਸ ਦੇ ਜੀਵਨ ਚੇ ਚਿੰਤਨ ਦਾ ਸਹੀ ਚਿੱਤਰ ਉਲੀਕਕੇ ਇਸ ਨੂੰ ਜੀਵਨ ਦੇ ਬਰਾਬਰ ਲਿਆਉਣ ਦੇ ਯੋਗ ਬਣਾ ਲਿਆ ਗਿਆ ਹੋਵ, ਉਹ ਰਚਨਾ ਅਮਰ ਰਚਨਾ ਬਣ ਜਾਂਦੀ ਸੀ । ਅਜਿਹੀ ਰਚਨਾ ਨੂੰ ਆਪਣੀ ਜਾਤੀ ਦੀ ਪ੍ਰਤੀਨਿਧਤਾ ਕਰਨ, ਜਾਤੀ ਲਈ ਮਿਆਰ ਨਿਸ਼ਚਿਤ ਕਰਨ ਅਤੇ ਜੀਵਨ ਦੀ ਅਗਵਾਈ ਕਰਨ ਦਾ ਮਾਣ ਸਹਿਜ ਸੁਭਾਵ ਹੀ ਮਿਲ ਜਾਂਦਾ ਸੀ । ਅਸਲ ਵਿਚ ਜਾਤੀ ਦੇ ਸਮੁਚੇ ਅਨੁਭਵ ਦੀ ਪ੍ਰਾਪਤੀ ਤੋਂ ਬਗੈਰ ਸਰੇਸ਼ਟ ਮਹਾਂਕਾਵਿ ਦੀ ਰਚਨਾਂ ਹੀ ਨਹੀਂ ਸੀ ਹੋ ਸਕਦੀ ਅਤੇ ਇਸੇ ਵਿਸ਼ੇਸ਼ ਅਨੁਭਵ ਤੇ ਗਿਆਨ ਦੀ ਡੂੰਘਾਈ ਕਾਰਨ ਹੀ ਮਹਾਂਕਾਵਿ ਜਾਤੀ ਨੂੰ ਹਿਲੂਣਦਾ ਰਿਹਾ ਹੈ ।

ਜਾਤੀ ਦੇ ਜੀਵਨ ਵਿਚ ਸਮਾਜਕ ਪੱਖ ਤੋਂ ਏਕਤਾ ਨਾ ਹੋਣ ਕਾਰਨ ਪੰਜਾਬੀ ਵਿਚ ਕਈ ਉਚੀ ਪੱਧਰ ਦਾ ਮਹਾਂਕਾਵਿ ਨਹੀਂ ਮਿਲਦਾ। ਪੁਰਾਤਨ ਸਮਿਆਂ ਤੋਂ ਹੀ ਜਾਤੀ ਵੱਖ ਵੱਖ ਧਾਰਮਿਕ ਗੁਟਾਂ ਵਿਚ ਵਟੀ ਰਹੀ ਹੈ ਅਤੇ ਇਨ੍ਹਾਂ ਗੁਟਾਂ ਦੇ ਹਿਤ ਸਾਂਝ ਨਾਂ ਹੋਣ ਕਾਰਨ ਇਹ ਇਕ ਦੂਜੇ ਨੂੰ ਸ਼ੱਕੀ ਨਜ਼ਰਾਂ ਨਾਲ ਦਖਦੇ ਰਹੇ ਸਨ । ਰਾਜਨੀਤਕ ਪੱਖ ਤੋਂ ਪੰਜਾਬੀ ਜੀਵਨ ਵਿਚ ਸਥਿਰਤਾ ਅਤੇ ਸਾਂਝੇਪਣ ਦੀ ਥੁੜ ਸੀ ਜਿਸ ਕਾਰਨ

੨੬