ਵਚਨਾਰੰਭ
ਆਲੋਚਨਾ ਦਾ ਜੁਲਾਈ,੧੯੫੭ ਅੰਕ ਆਪ ਦੇ ਹੱਥ ਵਿਚ ਹੈ। ਇਸ ਨੂੰ ਅਸਾਂ 'ਪਟਿਆਲਾ ਪੰਜਾਬੀ ਕਾਨਫ਼ਰੰਸ ਅੰਕ ੧' ਦਾ ਨਾਂ ਦਿੱਤਾ ਹੈ ਕਿਉਂ ਜੁ ਇਸ ਵਿਚ ਆਏ ਸਾਰੇ ਲੇਖ (ਸਿਵਾਇ ਪਹਿਲੇ ਤੋਂ) ਪੰਜਾਬੀ ਕਾਨਫ਼ਰੰਸ, ਪਟਿਆਲਾ ਦੇ ਮੌਕੇ ਤੇ ਪੰਜਾਬੀ ਲਿਖਾਰੀ ਕਾਨਫ਼ਰੰਸ ਵਿਚ ਪੜੇ ਗਏ ਸਨ। ਵਿਚਾਰ ਇਹ ਸੀ ਕਿ ਪਿਛਲੇ ਸਾਲ ਵਾਙੂੰ ਇਸ ਕਾਨਫ਼ਰੰਸ ਅੰਕ ਵਿਚ ਕੇਵਲ ਕਾਨਫ਼ਰੰਸ ਸਮੇਂ ਪੜੇ ਗਏ ਭਾਸ਼ਣ, ਵਾਰਸ਼ਕ ਰਿਪੋਰਟ ਤੇ ਪਾਸ ਹੋਏ ਮਤੇ ਤੇ ਹੋਰ ਹਾਲ ਦੇਈਏ, ਪਰ ਪਾਠਕਾਂ ਵਲੋਂ ਲਗਾਤਾਰ ਇਹ ਮੰਗ ਆਉਣ ਤੇ ਕਿ ਕਾਂਨਫ਼ਰੰਸ ਸਮੇਂ ਪੜ੍ਹੇ ਗਏ ਲੇਖ ਪਹਿਲਾਂ ਛਾਪ ਦਿਤੇ ਜਾਣ, ਅਸਾਂ ਇਸ ਅੰਕ ਵਿਚ ਕੇਵਲ ਲੇਖ ਹੀ ਪ੍ਰਕਾਸ਼ਿਤ ਕੀਤੇ ਹਨ। ਲੇਖ ਇੰਨੇ ਲੰਮੇ ਸਨ ਤੇ ਕਾਨਫ਼ਰੰਸ ਦਾ ਸਮਾਂ ਇੱਨਾ ਨਿਸ਼ਚਿਤ ਕਿ ਉਹਨਾਂ ਉਪਰ ਉਸ ਸਮੇਂ ਖੁਲ੍ਹੀ ਵਿਚਾਰ ਨਹੀਂ ਹੋ ਸਕੀ। ਇਸ ਕਾਰਣ ਪਾਠਕ ਸੱਜਨਾਂ ਵਿਚੋਂ ਜੇ ਕੋਈ ਇਹਨਾਂ ਲੇਖਾਂ ਤੇ ਟੀਕਾ-ਟਿਪਣੀ ਕਰਨਾ ਚਾਹੇ, ਜਾਂ ਕਿਸੇ ਸਾਹਿੱਤਕ ਨੁਕਤੇ ਨਾਲ ਮਤ-ਭੇਦ ਰਖਦਾ ਹੋਵੇ, ਤਾਂ ਉਹ ਆਪਣੇ ਵਿਚਾਰ ਸਾਨੂੰ ਅਕਾਡਮੀ ਦੇ ਪਤੇ ਤੇ ਲਿਖ ਭੇਜੇ, ਅਸੀਂ ਬੜੀ ਖੁਸ਼ੀ ਨਾਲ ਛਾਪਾਂਗੇ।
ਸਾਡਾ ਅਗਲਾ ਨੰਬਰ 'ਪਟਿਆਲਾ ਪੰਜਾਬੀ ਕਾਨਫਰੰਸ ਅੰਕ ੨' ਹੋਵੇਗਾ। ਉਸ ਵਿਚ ਕਾਨਫ਼ਰੰਸ ਤੇ ਪੜ੍ਹੇ ਗਏ ਭਾਸ਼ਣ, ਰਿਪੋਰਟ, ਪਾਸ ਹੋਏ ਮਤੇ, ਕੁਝ ਨਵੇਂ ਲੇਖ ਤੇ ਇਹਨਾਂ ਪੁਰਾਣੇ ਲੇਖਾਂ ਤੇ ਸਮੀਖਿਆ ਆਦਿਕ ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ| ਆਸ ਹੈ ਸਭ ਪਾਠਕ ਸਹਿਯੋਗ ਦੇ ਕੇ ਮਾਤ-ਭਾਸ਼ਾ ਦੀ ਉੱਨਤੀ ਵਿਚ ਸਾਡਾ ਹੱਥ ਵਟਾਉਣਗੇ।
ਸਕੱਤ੍ਰ