ਪੰਨਾ:Macbeth Shakespeare in Punjabi by HS Gill.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਸੀਨ-5


ਇਨਵਰਨੈਸ
ਮੈਕਬੈਥ ਦੇ ਕਿਲੇ 'ਚ ਇੱਕ ਕਮਰਾ

{ਲੇਡੀ ਮੈਕਬੈਥ ਇੱਕ ਪੱਤਰ ਪੜ੍ਹਦਿਆਂ ਮੰਚ ਤੇ ਪ੍ਰਵੇਸ਼ ਕਰਦੀ ਹੈ}

ਲੇਡੀ ਮੈਕਬੈਥ:"ਜਿੱਤਾਂ ਦੇ ਦਿਨ ਮਿਲੀਆਂ ਮੈਨੂੰ, ਪੂਰੀ ਮਾਲੂਮਾਤ ਕਰਨ ਤੋਂ ਮੈਨੂੰ ਪਤਾ ਵੀ ਲੱਗਾ,
ਕਿ ਪਰਾਲੌਕਿਕ ਕੋਈ ਇਲਮ ਵੀ ਹੁੰਦੈ ਉਹਨਾਂ ਪੱਲੇ।
ਸਵਾਲ ਪੁੱਛਣ ਨੂੰ ਹੋਰ ਵਧੇਰੇ, ਅੱਗ ਬਲ਼ਦੀ ਸੀ ਮੇਰੇ ਅੰਦਰ,
ਪਰ ਅਕਸਮਾਤ ਉਹ ਹਵਾ ਹੋ ਗੱਈਆਂ, ਘੁਲਮਿਲ ਗਈਆਂ ਹਵਾ ਦੇ ਨਾਲੇ।
ਅਚੰਭੇ-ਮੁਗਧ ਖੜਾ ਸੀ ਜਦ ਮੈਂ, ਫਰਮਾਨ ਸ਼ਾਹੀ ਉਹ ਲੈ ਕੇ ਆਏ:-
'ਕਾਡਰ ਦਾ ਸਰਦਾਰ' ਆਖ ਹਰਕਾਰੇ, ਜੈ ਜੈਕਾਰ ਸੀ ਕਰਦੇ ਆਏ:
ਪੁਰਇਸਰਾਰ ਭੈਣਾਂ ਨੇ ਵੀ , ਸਲਾਮ ਕੀਤਾ ਸੀ ਏਹੋ ਕਹਿ ਕੇ:
ਦੇਹ ਹਵਾਲਾ ਭਵਿੱਖ ਕਾਲ ਦਾ, ਜੈ ਜੈਕਾਰ ਬੁਲਾਈ ਮੇਰੀ:
ਸਿਰ ਤੇ ਮੁਕਟ ਸਜਾਉਣਾ ਜੀਹਨੇ, ਸ਼ਹਿਨਸ਼ਾਹ ਅਖਵਾਉਣਾ ਅੱਗੇ!-
ਮੈਂ ਸੋਚਿਆ ਅਰਧਾਂਗਣ ਮੇਰੀ, ਬੜੀ ਪਿਆਰੀ ਤਾਈਂਂ, ਦਿਆਂ ਖੁਸ਼ਖਬਰੀ ;
ਤਾਂ ਜੋ ਲਾਇਲਮੀ ਦੇ ਕਾਰਨ ਰਹੇ ਨਾਂ ਵਾਂਝੀ, ਹਿੱਸੇ ਬਹਿੰਦੀਆਂ ਖੁਸ਼ੀਆਂ ਕੋਲੋਂ,
ਵਡਭਾਗਾਂ ਦੇ ਏਸ ਵਚਨ ਜੋ ਬਖਸ਼ੀਆਂ ਸਾਨੂੰ।
ਰਾਜ਼ ਏਸ ਨੂੰ ਰਾਜ਼ ਹੀ ਰੱਖੀਂ, ਸਾਂਭ ਲਵੀਂ ਦਿਲ ਆਪਣੇ;
ਤੇ ਫਿਰ ਲੈ ਹੁਣ ਅਲਵਿਦਾਅ!"
ਗਲਾਮਿਜ਼ ਤਾਂ ਤੂੰ ਪਹਿਲੋਂ ਹੀ ਹੈਂ, ਕਾਡਰ ਵੀ ਹੁਣ ਤੇਰਾ ਹੋਇਆ;
ਜੋ ਵਚਨ ਭਵਿੱਖ ਦਾ ਹੋਇਆ, ਉਹ ਵੀ ਹੁਣ ਤੂੰ ਬਣ ਹੀ ਜਾਣੈਂ:
ਸੁਭਾਅ ਤੇਰੇ ਤੋਂ ਪਰ ਡਰ ਲਗਦੈ; ਪਿਆਲਾ ਮਿਹਰਾਂ ਵਾਲਾ ਤੇਰਾ,
ਖਲਕ-ਖੁਦਾ ਦੇ ਮੋਹ-ਅੰਮ੍ਰਿਤ ਨਾਲ, ਨੱਕੋ-ਨੱਕ ਹੈ ਏਨਾ ਭਰਿਆ
ਕਿ ਰਾਹ ਛੁਟੇਰਾ ਫੜ ਨਹੀਂ ਸਕਣਾਂ!
ਤੂੰ ਮਹਾਨ ਕਦੇ ਨਹੀਂ ਬਣਨਾ, ਭਾਵੇਂ ਅਕਾਂਖਿਆ ਬੜੀ ਹੈ ਤੇਰੀ :
ਪਾਪ ਬਿਨਾਂ ਤੂੰ ਚਾਹੇਂ ਸਭ ਕੁਛ।
ਜੋ ਚਾਹੇਂ ਤੂੰ ਸਭ ਤੋਂ ਜ਼ਿਆਦਾ, ਨੇਕੀ ਨਾਲ ਹੀ ਪਾਣਾ ਚਾਹੇਂ;
ਧਰੋਹ-ਫਰੇਬ ਤੂੰ ਕਰਨਾ ਨਾਹੀਂ, ਨਹੱਕੀ ਫਿਰ ਵੀ ਜਿੱਤ ਜਿੱਤਣੀ :
ਮਹਾਨ ਗਲਾਮਿਜ਼, ਮੌਕਾ ਵੇਖ, ਪੁਕਾਰੇ ਤੈਨੂੰ:-
ਜੇ ਪਾਉਣੈ ਤਾਂ ਕਰਨਾ ਪੈਣੈ,
ਉਹ ਜੋ ਤੂੰ ਕਰਨ ਤੋਂ ਡਰਦਾ, ਅਣਕੀਤਾ ਛੱਡਣ ਤੋਂ ਬਾਹਲ਼ਾ।

21