ਮੈਕਬੈਥ:ਕੀ ਉਸ ਪੁੱਛਿਐ ਮੇਰੇ ਬਾਰੇ ?
ਲੇਡੀ ਮੈਕਬੈਥ:ਪਤਾ ਨਹੀਂ ਤੁਹਾਨੂੰ ?
ਮੈਕਬੈਥ:ਹੁਣ ਨਹੀਂ ਅਸੀਂ ਇਹ 'ਕਾਰਾ' ਕਰਨਾ:
ਹਾਲੀਂ ਹੁਣੇ ਤਾਂ ਸ਼ਾਹ ਸਨਮਾਨਿਐ ਮੈਨੂੰ;
ਸੋਨ ਸੁਨਿਹਰੀ ਸ਼ਬਦਾਂ ਦੇ ਵਿੱਚ, ਹਰ ਤਬਕੇ ਦੇ ਲੋਕਾਂ ਅੰਦਰ,
ਮਿਲੀਆਂ ਨੇ ਵਡਿਆਈਆਂ ਮੈਨੂੰ;
ਨਵੀਂ ਨਵੇਲੀ ਲਿਸ਼ਕ-ਪੁਸ਼ਕ ਇਹ ਕਿਉਂ ਨਾਂ ਸੀਸ ਸਜਾਵਾਂ ਅਪਣੇ,
ਏਡੀ ਛੇਤੀ ਦੱਸ ਭਲਾ ਕਿਉਂ ਇਹਨੂੰ ਮੁਫਤ ਗੁਆਵਾਂ ?
ਲੇਡੀ ਮੈਕਬੈਥ:ਕੀ ਉਹ 'ਆਸ' ਸ਼ਰਾਬੀ ਹੈਸੀ, ਰੂਪ ਧਾਰ ਸੀ ਜੀਹਦਾ ਤੁਰਿਆ ?
ਮਸਤ, ਮਖਮੂਰ, ਸੌਦਾਈ ਹੈਸੀ, ਜਦ ਇਹ ਫੁਰਨਾ ਫੁਰਿਆ?
ਹਾਲਮਸਤ ਹੁਣ ਟੁੰਨ ਪਈ ਹੈ, ਜੱਗ ਜਹਾਨੇ ਹੋਸ਼ ਨਹੀਂ ਹੈ?
ਹੁਣ ਜਦ ਆ ਜਗਾਵਣ ਲੱਗਾ, ਕਿੰਨੀ ਇਹ ਅਣਜਾਣ ਬਣੀ ਹੈ,
ਪੀਲ਼ੀ ਭੂਕ ਡਰੀ ਡਰੀ ਹੈ, ਭੂਤ ਦੇ ਦ੍ਰਿੜ੍ਹ ਇਰਾਦਿਆਂ ਕੋਲੋਂ?
ਇਹ ਪਲ ਕੇਹਾ ਆਇਆ ਵੇਖੋ, ਮੋਹ ਤੇਰੇ ਦਾ ਲੇਖਾ ਜਦ ਮੈਂ ਏਦਾਂ ਕਰਦੀ!
ਆਪਣੇ 'ਕਾਜ, ਦਲੇਰੀ' ਕੋਲੋਂ, ਇੱਛਾ ਜੀਹਦੀ ਦਿਲ ਵਿੱਚ ਪਲ਼ਦੀ,
ਹੁਣ ਤੈਨੂੰ ਕੀ ਭੈ ਆਉਂਦਾ ਹੈ?
ਮੁਲੰਮੇ ਵਾਲੀ ਲਿਸ਼ਕ ਪੁਸ਼ਕ ਨੂੰ, ਜੋ ਜੀਵਨ ਦਾ ਗਹਿਣਾ ਸਮਝੇਂ
ਮਾਨਣ ਨੂੰ ਤਰਜੀਹ ਦੇਵੇਂਗਾ, ਆਪਣੀ ਨਜ਼ਰੇ ਗਿਰ ਜਾਵੇਂ ਗਾ,
ਕਾਇਰਤਾ ਨੂੰ ਗਲ਼ ਲਾਵੇਂਗਾ?
'ਮੈਂ ਕਰੂੰਗਾ' ਕਹਿਣ ਦੀ ਥਾਵੇਂ, 'ਜਿਗਰਾ ਨਹੀਂ' ਕਹਿ ਨੱਸੇਂਗਾ,-
ਬੇਚਾਰੀ ਉਸ ਬਿੱਲੀ ਵਾਲੀ ਲੋਕ-ਕਹਾਵਤ ਸੱਚ ਕਰੇਂਗਾ-?
ਮੈਕਬੈਥ:ਸ਼ਾਂਤ ਹੋ , ਗੁਜਾਰਿਸ਼ ਮੇਰੀ:ਸਭ ਕੁਝ ਕਰਨ ਦਾ ਜੇਰਾ ਹੈਸੀ,
ਜੋ ਮਰਦਾਂ ਨੂੰ ਸੁੰਹਦਾ;
ਕੋਈ ਨਹੀਂ ਹੈ ਦੁਨੀ 'ਚ ਐਸਾ, ਏਦੂੰ ਵੱਧ ਜੋ ਜੁਰਅਤ ਕਰਦਾ।
ਲੇਡੀ ਮੈਕਬੈਥ:ਕੌਣ ਦਰਿੰਦਾ ਹੈ ਸੀ ਫਿਰ ਉਹ, ਜੀਹਨੇ ਤੈਥੋਂ ਮੇਰੇ ਅੱਗੇ
ਇਸ ਕਾਰੇ ਦੇ ਪਰਯੋਜਨ ਦੀ, ਏਡੀ ਭਿਅੰਕਰ ਗੱਲ ਕਰਾਈ?
ਜੁਰਅਤ ਐਸੀ ਕਰ ਕੇ ਹੀ ਤੂੰ 'ਮਰਦ' ਕਹੌਣੈ;
ਐਪਰ 'ਮਰਦ' ਬਣਨ ਲਈ ਤੈਨੂੰ, ਬੰਦਿਓਂ ਵੱਧ ਕੁੱਝ ਬਣਨਾ ਪੈਣੈ।
ਥਾਂ, ਸਮਾਂ ਅਨਕੂਲ ਨਹੀਂ ਸਨ, ਫਿਰ ਵੀ ਤੂੰ ਤਜਵੀਜ਼ ਬਣਾਈ;
ਦੋਵੇਂ ਜਦ ਅਨਕੂਲ ਹੋਏ ਨੇ, ਫੂਕ ਆਪਣੀ ਤੂੰ ਸਰਕਾਈ-।
ਕਿੰਨਾ ਸੂਖਮ ਮਜ਼ਾ ਰਸੀਲਾ! ਬਾਲ ਮਾਸੂਮ ਜੇ ਚੁੰਘੇ ਮੈਨੂੰ,
ਮੁਸਕਾਵੇ ਮੇਰੇ ਨੈਣੀਂ ਤੱਕੇ, ਮਸਤ ਮਾਤ੍ਰੀ ਪ੍ਰੇਮ ਹੰਢਾਵੇ,
ਮਾਰੇ ਢੁੱਡਾਂ, ਕਰੇ ਤ੍ਰਿਪਤੀ, ਪਰਮ ਆਨੰਦ ਮੇਰੀ ਰੂਹ ਨੂੰ ਆਵੇ:
ਪਰ ਕਿਧਰੇ ਜੇ ਬਣਦੈਂ ਮੌਕਾ, ਸੌਂਹ ਚੁੱਕਾਂ ਜੇ ਤੇਰੇ ਵਾਂਗੂੰ,
27