ਪੰਨਾ:ਆਂਢ ਗਵਾਂਢੋਂ.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਸਣਾ ਤੇ ਇਰਦੇ-ਗਿਰਦੇ ਚੱਕਰ ਕੱਢਣੇ ਉਸ ਦੇ ਪਿਆਰ ਦੀਆਂ ਨਿਸ਼ਾਨੀਆਂ ਸਨ। ਅਜ ਉਹ ਮੋਤੀ ਨਾਲ ਇਕੱਠਿਆਂ ਬਹਿ ਕੇ ਬਿਸਕੁਟ ਅਤੇ ਚਾਹ ਦੀ ਫੀਸਟ ਉਡਾਣਾ ਚਾਹੁੰਦੀ ਸੀ।

ਪੱਟਾ ਲੈ ਕੇ ਉਹ ਭਜਦੀ ਘਰ ਦੇ ਨੇੜੇ ਪੁਜ ਗਈ ਸੀ। ਵਿਹੜੇ ਦੇ ਬੂਹੇ ਵਿਚ ਆਉਂਦਿਆਂ ਹੀ ਉਸ ਵਾਜਾਂ ਮਾਰਨੀਆਂ ਸ਼ੁਰੂ ਕੀਤੀਆਂ: ਮੋਤੀ! ਮੋਤੀ! ਮੋਤੀ! ਪਰ ਨਾ ਹੀ ਮੋਤੀ ਆਇਆ ਤੇ ਨਾ ਹੀ ਉਸ ਦੇ ਭੌਂਕਣ ਦੀ ਕੋਈ ਵਾਜ਼ ਆਈ, ਉਸ ਨੂੰ ਕੋਈ ਜਵਾਬ ਨਾ ਮਿਲਿਆ।

ਵਿਹੜੇ ਵਿਚ, ਪਿਛਵਾੜੇ, ਮਿਆਨੀ ਦੇ ਅੰਦਰ, ਸੁਫਾ ਕੋਠੜੀ, ਬੈਠਕ, ਮੋਤੀ ਨੂੰ ਹਰ ਥਾਂ ਲਭਦੀ ਰਹੀ, ਲਭਦੀ ਲਭਦੀ ਥਕ ਗਈ, ਮੋਤੀ ਕਿਧਰੋਂ ਵੀ ਨਾ ਲੱਭਾ। ਮੋਤੀ ਦੇ ਬੈਠਣ ਦੀ ਥਾਂ ਵੀ ਖ਼ਾਲੀ ਸੀ। ਦੋ ਮਿਟੀ ਦੇ ਭਾਂਡੇ, ਜਿਨ੍ਹਾਂ ਵਿਚ ਮੋਤੀ ਦੁਧ ਪੀਂਦਾ ਤੇ ਰੋਟੀ ਖਾਂਦਾ ਸੀ, ਇਕ ਬੋਰੀ ਤੇ ਉਪਰ ਵਾਲਾ ਨਿਕਾ ਜਿਹਾ ਗਰਮ ਕਪੜਾ, ਸਾਰੀਆਂ ਚੀਜ਼ਾਂ ਮੌਜੂਦ ਸਨ, ਪਰ ਮੋਤੀ ਗ਼ੈਰ ਹਾਜ਼ਰ ਸੀ।

ਦੋ ਦਿਨ ਪਹਿਲਾਂ ਉਸ ਮੋਤੀ ਨੂੰ ਲਾਡ ਪਿਆਰ ਕੀਤਾ ਸੀ, ਪਿਆਰ ਨਾਲ ਗਲ ਲਾਇਆ, ਗੁਸਲਖਾਨੇ ਵਿਚ ਸਾਬਣ ਮਲ ਕੇ ਨੁਹਾਇਆ, ਤੌਲੀਏ ਨਾਲ ਪਿੰਡਾ ਸਾਫ਼ ਕੀਤਾ, ਆਪਣੇ ਗਲ ਨਾਲ ਲਾ ਕੇ ਕਿਤਨਾ ਚਿਰ ਪਿਆਰ ਨਾਲ ਗੱਲਾਂ ਕਰਦੀ ਰਹੀ:

'ਮੋਤੀ! ਤੇਰੇ ਲਈ ਮੈਂ ਸ਼ਾਨਦਾਰ ਪੱਟਾ ਲਿਆਵਾਂਗੀ, ਅਤੇ ਮਿਠੇ ਮਿਠੇ ਨਿਕੇ ਬਿਸਕੁਟ ਵੀ।'

ਕੁੱਤਾ ਪਿਆਰ ਨਾਲ ਪੁਛ ਹਿਲਾਂਦਾ ਰਿਹਾ।

'ਹੈਂ ਨਾ ਮੋਤੀ!'

ਮੋਤੀ ਚੁੱਪ ਸੀ।

-੫੧-