ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੰਜਾਬ ਦੀਆਂ ਮੁਟਿਆਰਾਂ ਨੇ ਸ਼ਰਾਬੀ, ਨਸ਼ੇਈ ਅਤੇ ਵੈਲੀ ਪਤੀਆਂ ਹੱਥੋਂ ਜਿਹੜਾ ਸੰਤਾਪ ਭੋਗਿਆ ਹੈ, ਉਸ ਸੰਤਾਪ ਦੀ ਗਾਥਾ ਨੂੰ ਉਹਨਾਂ ਨੇ ਵੇਦਨਾਤਮਕ ਸੁਰ ਵਾਲ਼ੇ ਅਨੇਕਾਂ ਲੋਕ ਗੀਤਾਂ ਰਾਹੀਂ ਬਿਆਨ ਕੀਤਾ ਹੈ। ਮੌਜ ਮਸਤੀ 'ਚ ਝੂਮਦੇ, ਬਾਘੀਆਂ ਪਾਉਂਦੇ, ਬੱਕਰੇ ਬੁਲਾਉਂਦੇ, ਲੜਾਈਆਂ ਲੜਦੇ ਤੇ ਨਚਦੇ ਗਾਉਂਦੇ ਸ਼ਰਾਬੀ ਗੱਭਰੂਆਂ ਦੇ ਦ੍ਰਿਸ਼ ਵੀ ਇਹਨਾਂ ਵਿੱਚ ਵਿਦਮਾਨ ਹਨ। ਕੋਈ ਗੱਭਰੂ ਦਾਰੂ ਪੀ ਕੇ ਲਲਕਾਰੇ ਮਾਰਦਾ ਹੋਇਆ ਆਪਣੀ ਪਛਾਣ ਦਰਸਾਉਂਦਾ ਹੈ-

ਜੇ ਜੱਟੀਏ ਮੇਰਾ ਪਿੰਡ ਨੀ ਜਾਣਦੀ
ਪਿੰਡ ਨਾਨੋਵਾਲ ਕਕਰਾਲਾ
ਜੇ ਜੱਟੀਏ ਮੇਰਾ ਘਰ ਨੀ ਜਾਣਦੀ
ਖੂਹ ਤੇ ਦਿਸੇ ਚੁਬਾਰਾ
ਜੇ ਜੱਟੀਏ ਮੇਰਾ ਖੂਹ ਨੀ ਜਾਣਦੀ
ਖੂਹ ਆ ਤੂਤੀਆਂ ਵਾਲਾ
ਜੇ ਜੱਟੀਏ ਮੇਰਾ ਨਾਉਂ ਨੀ ਜਾਣਦੀ
ਨਾਉਂ ਮੇਰਾ ਦਰਬਾਰਾ
ਦਾਰੂ ਪੀਂਦੇ ਦਾ-
ਸੁਣ ਜੱਟੀਏ ਲਲਕਾਰਾ

ਸ਼ਰਾਬ ਦੀ ਮਸਤੀ ’ਚ ਮੇਲਿਆਂ-ਮਸਾਹਵਿਆਂ ਤੇ ਕੀਤੀਆਂ ਖਰਮਸਤੀਆਂ ਅਤੇ ਲੜਾਈਆਂ-ਭੜਾਈਆਂ ਦਾ ਜ਼ਿਕਰ ਕਈ ਲੋਕ ਗੀਤਾ 'ਚ ਆਇਆ ਹੈ-

ਆਰੀ ਆਰੀ ਆਰੀ
ਵਿੱਚ ਜਗਰਾਵਾਂ ਦੇ
ਲਗਦੀ ਰੌਸ਼ਨੀ ਭਾਰੀ
ਬੈਲੀਆਂ ਦਾ ਕੱਠ ਹੋ ਗਿਆ
ਉੱਥੇ ਬੋਤਲਾਂ ਮੰਗਾ ਲੀਆਂ ਚਾਲ਼ੀ
ਤਿੰਨ ਸੇਰ ਸੋਨਾ ਲੁਟਿਆ
ਭਾਣ ਚੱਕਲੀ ਹੱਟੀ ਦੀ ਸਾਰੀ
ਰਤਨ ਸਿੰਘ ਰਕੜਾਂ ਦਾ
ਜੀਹਨੇ ਪਹਿਲੀ ਡਾਂਗ ਸ਼ਿੰਗਾਰੀ
ਮੰਗੂ ਖੇੜੀ ਦਾ
ਜੀਹਨੇ ਪੁੱਠੇ ਹੱਥ ਦੀ ਗੰਡਾਸੀ ਮਾਰੀ
ਠਾਣੇਦਾਰ ਐਂ ਗਿਰਿਆ
ਜਿਵੇਂ ਹਲ਼ ਤੋਂ ਗਿਰੇ ਪੰਜਾਲੀ
ਲੱਗੀਆਂ ਹੱਥਕੜੀਆਂ-
ਹੋਗੀ ਜੇਲ੍ਹ ਦੀ ਤਿਆਰੀ

ਛਪਾਰ ਦੇ ਮੇਲੇ 'ਤੇ ਵੀ ਵੈਲੀਆਂ ਦੇ ਭੇੜ ਹੋ ਜਾਂਦੇ ਸਨ-

29/ ਮਹਿਕ ਪੰਜਾਬ ਦੀ