ਅਨੁਵਾਦ:ਆਸਿਫ਼ ਜਹਾਂ ਦੀ ਬਹੂ
ਆਸਿਫ਼ਜਹਾਂ ਦਾ ਪਤੀ ਇੱਕ ਬਹੁਤ ਪੈਸੇ ਵਾਲਾ ਡਿਪਟੀ ਕਲੈਕਟਰ ਸੀ ਅਤੇ ਉਨ੍ਹਾਂ ਦਾ ਇਕਲੌਤਾ ਮੁੰਡਾ ਨੂਰੁਲਹਸਨ ਕਈ ਬੱਚਿਆਂ ਦੇ ਮਰਨ ਦੇ ਬਾਅਦ ਜਿਉਂਦਾ ਰਿਹਾ। ਸਭਨਾਂ ਦਾ ਲਾਡਲਾ ਸੀ। ਅਜਿਹੇ ਕੁਨਬੇ ਵਿੱਚ ਤਾਂ ਕੋਈ ਅਜਿਹਾ ਨਹੀਂ ਸੀ ਜੋ ਖ਼ੁਸ਼ੀ ਨਾਲ ਆਪਣੀ ਧੀ ਨੂਰੁਲਹਸਨ ਨੂੰ ਨਾ ਦਿੰਦਾ, ਲੇਕਿਨ ਆਸਿਫ਼ਜਹਾਂ ਦੀ ਆਰਜ਼ੂ ਸੀ ਕਿ ਕੁਬਰਾ ਦੀ ਕੁੜੀ ਆਪਣੇ ਬੱਚੇ ਲਈ ਲਿਆਏ।
ਉਹ ਇੱਕ ਹਕਪਰਸਤ ਬੀਬੀ ਸੀ। ਕੁਬਰਾ ਦੀ ਕੁੜੀ ਇਸ ਲਈ ਲੈਣਾ ਚਾਹੁੰਦੀ ਸੀ ਕਿ ਕੁਬਰਾ ਉਸ ਦੀ ਛੋਟੀ ਨਨਾਣ ਵੀ ਸੀ ਅਤੇ ਸਕੀ ਭਾਬੀ ਵੀ। ਆਪਣੇ ਇਨ੍ਹਾਂ ਹੀ ਦੂਰ ਅੰਦੇਸ਼ਿਆਂ ਦੀ ਵਜ੍ਹਾ ਨਾਲ ਤਾਂ ਉਹ ਖ਼ਾਨਦਾਨ ਵਿੱਚ ਹਰਦਿਲ ਅਜ਼ੀਜ਼ ਸੀ। ਜੇਕਰ ਨੂਰੁਲਹਸਨ ਦੀ ਮੰਗਣੀ ਪੇਕਿਆਂ ਵਿੱਚ ਕਰਦੀ ਤਾਂ ਸਹੁਰਿਆਂ ਵਾਲੇ ਮੂੰਹ ਬਣਾਉਂਦੇ ਅਤੇ ਜੇ ਸਹੁਰਾ-ਘਰ ਵਿੱਚ ਕਰਦੀ ਤਾਂ ਪੇਕੇ ਵਾਲੇ ਨਾਰਾਜ਼ ਹੁੰਦੇ। ਹੁਣ ਜੇਕਰ ਕੁਬਰਾ ਦੀ ਕੁੜੀ ਹੁੰਦੀ ਤਾਂ ਸਹੁਰਾ-ਘਰ ਅਤੇ ਪੇਕੇ ਦੋਨੋਂ ਖ਼ੁਸ਼ ਰਹਿੰਦੇ।
ਉਂਜ ਤਾਂ ਕੁਬਰਾ ਬੇਗਮ ਦੇ ਮਾਸ਼ਾ ਅੱਲ੍ਹਾ ਹਰ ਸਾਲ, ਸਵਾ ਸਾਲ ਦੇ ਬਾਅਦ ਬੱਚਾ ਹੁੰਦਾ ਸੀ ਅਤੇ ਪੱਚੀ ਸਾਲ ਦੀ ਉਮਰ ਵਿੱਚ ਪੰਜ ਬੇਟੀਆਂ ਦੀ ਅੰਮਾ ਸੀ। ਸਾਰੇ ਕੁਨਬੇ ਵਿੱਚ ਉਨ੍ਹਾਂ ਦੀ ਖ਼ੁਸ਼ਕਿਸਮਤੀ ਇੱਕ ਮਿਸਾਲ ਸੀ। ਖ਼ੁਦਾ ਨਸੀਬ ਕਰੇ ਤਾਂ ਕੁਬਰਾ ਵਰਗਾ। ਜਦੋਂ ਵੇਖੋ ਮੁੰਡਾ ਹੀ ਗੋਦ ਵਿੱਚ ਵੇਖੋ ਅਤੇ ਧੀ ਤਾਂ, ਭੂਆ ਖ਼ੁਦਾ ਦੁਸ਼ਮਨ ਨੂੰ ਵੀ ਨਾ ਦੇਵੇ।
ਜਦੋਂ ਕੁਬਰਾ ਦੇ ਇੱਕ ਹੋਰ ਮੁੰਡਾ ਹੁੰਦਾ ਸਾਰੀ ਦੁਨੀਆ ਰਸ਼ਕ ਕਰਦੀ। ਹਾਂ, ਦੁੱਖ ਕਿਸੇ ਨੂੰ ਹੁੰਦਾ ਤਾਂ ਉਹ ਆਸਿਫ਼ਜਹਾਂ ਸੀ। ਉਂਜ ਉਹ ਕੁਬਰਾ ਬੇਗਮ ਦੀ ਸਿਹਤਯਾਬੀ ਤੋਂ ਜ਼ਰੂਰ ਖ਼ੁਸ਼ ਹੁੰਦੀ ਸੀ। ਅਖੀਰ ਨੂੰ ਜਣਨਾ ਅਤੇ ਮਰਨਾ ਬਰਾਬਰ ਹੀ ਤਾਂ ਹੁੰਦਾ ਹੈ। ਫਿਰ ਵੀ ਜਦੋਂ ਕੁਬਰਾ ਬੇਗਮ ਦੇ ਮੁੰਡਾ ਹੋਇਆ ਤਾਂ ਆਸਿਫ਼ਜਹਾਂ ਰੋਈ।
ਇਸ ਵਿੱਚ ਕਿਸੇ ਦਾ ਕੀ ਕਸੂਰ ਹੈ। ਮੇਰੀ ਕਿਸਮਤ ਹੀ ਖ਼ਰਾਬ ਹੈ। ਨੌਂ ਬੱਚਿਆਂ ਵਿੱਚ ਇੱਕ ਨੂਰੁਲਹਸਨ ਦਾ ਮੂੰਹ ਵੇਖਿਆ ਹੈ ਅਤੇ ਉਸ ਲਈ ਵੀ ਮੇਰੀ ਤਮੰਨਾ ਪੂਰੀ ਹੁੰਦੀ ਨਜ਼ਰ ਨਹੀਂ ਆਉਂਦੀ। ਜਿਧਰ ਵੇਖੋ ਬੇਟੀਆਂ ਹੀ ਬੇਟੀਆਂ ਭਰੀਆਂ ਪਈਆਂ ਹਨ। ਵਰ ਤੱਕ ਨਹੀਂ ਜੁੜਦੇ ਲੇਕਿਨ ਮੇਰੇ ਬੱਚੇ ਲਈ ਅੱਲ੍ਹਾ ਮੀਆਂ ਦੁਲਹਨ ਹੀ ਨਹੀਂ ਭੇਜਦੇ।
ਕੁਬਰਾ ਬੇਗਮ ਨੂੰ ਤਿੰਨ ਦਿਨ ਤੋਂ ਪ੍ਰਸੂਤ ਪੀੜਾਂ ਉਠ ਰਹੀਆਂ ਸਨ। ਖ਼ਾਨਦਾਨੀ ਬੁੱਢੀ ਦਾਈ ਬੈਠੀ ਹੋਈ ਸੀ। ਘਰ ਵੱਡੀਆਂ - ਬੁੜੀਆਂ, ਭਾਬੀਆਂ, ਦਰਾਣੀਆਂ, ਨਣਦਾਂ ਅਤੇ ਉਨ੍ਹਾਂ ਦੇ ਬੱਚਿਆਂ ਨਾਲ ਭਰਿਆ ਹੋਇਆ ਸੀ। ਇੱਕ ਗ਼ਜ਼ਬ ਦਾ ਰੌਲਾ ਮਚਿਆ ਹੋਇਆ ਸੀ ਕਿ ਕੰਨ ਪਈ ਅਵਾਜ਼ ਸੁਣਾਈ ਨਹੀਂ ਦਿੰਦੀ ਸੀ। ਵਿਆਹ ਵਾਲਾ ਘਰ ਲੱਗ ਰਿਹਾ ਸੀ। ਔਰਤਾਂ ਵਿੱਚ ਆਪਸ ਵਿੱਚ ਮਸ਼ਵਰੇ ਹੋ ਰਹੇ ਸਨ ਕਿ ਡਾਕਟਰਨੀ ਨੂੰ ਬੁਲਾਇਆ ਜਾਵੇ ਜਾਂ ਨਾ। ਦਰਦ ਤੇ ਦਰਦ ਤਾਂ ਚਲੇ ਆ ਰਹੇ ਸਨ ਅਤੇ ਬੱਚਾ ਸੀ ਕਿ ਖਿਸਕਣ ਦਾ ਨਾਮ ਨਹੀਂ ਸੀ ਲੈਂਦਾ।
ਬੱਚੇ ਸਭ ਦੇ ਹੁੰਦੇ ਨੇ ਲੇਕਿਨ, ਭੂਆ, ਅਜਿਹਾ ਬੱਚਾ ਨਾ ਵੇਖਿਆ ਨਾ ਸੁਣਿਆ। ਸਦਕੇ (ਸਵੈਇੱਛਕ ਦਾਨ) ਦਾ ਬਕਰਾ, ਗ਼ਰੀਬਾਂ ਨੂੰ ਅਨਾਜ, ਤਾਬੀਜ, ਗੰਡੇ - ਗੱਲ ਕੀ ਹਰ ਚੀਜ਼ ਦਿੱਤੀ ਜਾ ਰਹੀ ਸੀ ਪਰ ਬੱਚਾ ਟੱਸ ਤੋਂ ਮਸ ਨਹੀਂ ਹੁੰਦਾ ਸੀ। ਉੱਧਰ ਕੁਬਰਾ ਬੇਗਮ ਪੀੜਾਂ ਨਾਲ ਨਿਢਾਲ ਹੋ ਰਹੀ ਸੀ ਅਤੇ ਤਖ਼ਤ ਉੱਤੇ ਆਸਿਫ਼ਜਹਾਂ ਜਾਏ-ਨਮਾਜ ਤੇ ਬੈਠੀ ਹੱਥ ਅੱਡ ਖ਼ੁਦਾ ਕੋਲੋਂ ਦੁਆ ਮੰਗ ਰਹੀ ਸੀ, ਐ ਰੱਬੁਲਆਲਮੀਨ, ਕੁਬਰਾ ਦੇ ਛੋਟੇ-ਛੋਟੇ ਬੱਚਿਆਂ ਉੱਤੇ ਰਹਿਮ ਕਰ ਅਤੇ ਉਹਨੂੰ ਇਸ ਮੁਸੀਬਤ ਤੋਂ ਛੁੱਟੀ ਦੇ। ਐ ਮੇਰੇ ਮਾਲਕ ਇਸ ਵਾਰ ਮੇਰੀ ਸੁਣ ਲੈ ਅਤੇ ਕੁਬਰਾ ਦੀ ਗੋਦ ਵਿੱਚ ਮੇਰੀ ਬਹੂ ਭੇਜ ਦੇ। ਐ ਪਰਵਰਦਗਾਰ, ਪੰਜ ਵਾਰ ਤੇਰੇ ਹਜੂਰ ਤੋਂ ਮਾਯੂਸ ਪਰਤੀ ਹਾਂ। ਇਸ ਦਫਾ ਮੇਰੀ ਮੁਰਾਦ….ਆਸਿਫ਼ਜਹਾਂ ਦੁਆਵਾਂ ਮੰਗਦੀ ਜਾਂਦੀ ਸੀ। ਉਸਦੇ ਚਿਹਰੇ ਤੋਂ ਖ਼ੁਦਾ ਦੇ ਰਹਿਮ ਦੀ ਉਮੀਦ ਪੂਰੇ ਤੌਰ ਤੇ ਟਪਕ ਰਹੀ ਸੀ।
ਕੁਬਰਾ ਬੇਗਮ ਦੇ ਕੁਰਲਾਉਣ ਅਤੇ ਚੀਕਣ ਦੀਆਂ ਆਵਾਜਾਂ ਬਰਾਬਰ….ਆਸਿਫ਼ਜਹਾਂ ਦੇ ਕੰਨਾਂ ਵਿੱਚ ਪੈ ਰਹੀਆਂ ਸਨ, “ਹਾਏ ਆਪਾ...ਅੱਛੀ ਮੇਰੀ ਭਾਬੀ ਜਾਨ ਹੁਣ ਨਹੀਂ ਬਚੂੰਗੀ। ਅੱਲ੍ਹਾ…. ਮੇਰੇ ਹਾਲ ਤੇ ਰਹਿਮ ਕਰ….ਮਰੀ ਹਾਏ ਮਰੀ ….।”
“ਏਹੈ, ਕੁਬਰਾ ਅਜਿਹੀਆਂ ਬੁਰੀਆਂ ਗੱਲਾਂ ਮੂੰਹੋਂ ਨਾ ਕੱਢ।”
“ਪਾਣੀ !...ਹਾਏ….।“
“ਗੁਲਸ਼ੱਬੋ…. ਅਰੀ ਓ ਗੁਲਸ਼ੱਬੋ, ਕਿੱਥੇ ਮਰ ਗਈ ...ਅਰੀ ਕਮਬਖ਼ਤ, ਕਟੋਰਾ ਤਾਂ ਵੇਖ ਖ਼ਾਲੀ ਪਿਆ ਹੈ।” ਇੱਕ ਰਿਸ਼ਤੇਦਾਰ ਅੰਦਰੋਂ ਚੀਖੀ।
ਥੋੜ੍ਹੀ ਦੇਰ ਬਾਅਦ ਕੁਬਰਾ ਬੇਗਮ ਦੀਆਂ ਚੀਕਾਂ ਹੋਰ ਵਧ ਗਈਆਂ ਅਤੇ ਨਾਲ ਨਾਲ ਔਰਤਾਂ ਦੀ ਅਵਾਜ਼ ਵੀ ਆਉਣ ਲੱਗੀ, ਸ਼ਾਬਾਸ਼ ਹੇ, ਸ਼ਾਬਾਸ਼ ਹੇ। ਲਗਾਓ ਜੋਰ ...ਹੋਰ ਜੋਰ, ਬਸ...ਫਿਰ ਇੱਕ ਅਜਿਹੀ ਭਿਆਨਕ ਚੀਕ ਕੁਬਰਾ ਬੇਗਮ ਦੀ ਸੁਣਾਈ ਦਿੱਤੀ ਕਿ ਆਸਿਫ਼ਜਹਾਂ ਦਾ ਉੱਤੇ ਦਾ ਸਾਹ ਉੱਤੇ ਅਤੇ ਹੇਠਾਂ ਦਾ ਸਾਹ ਹੇਠਾਂ ਰਹਿ ਗਿਆ। ਅਤੇ ਇਹ ਚੰਦ ਸੈਕੰਡ ਜੋ ਗੁਜਰੇ ਤਾਂ ਉਸ ਨੂੰ ਵਰ੍ਹਿਆਂ ਦੇ ਬਰਾਬਰ ਲੱਗੇ। ਫਿਰ ਇੱਕ ਬੱਚੇ ਦੀ ‘ਊਆਂ... ਊਆਂ..’ ਰੋਣ ਦੀ ਅਵਾਜ਼ ਸੁਣਕੇ ਉਸਨੇ ਚੈਨ ਦਾ ਸਾਹ ਲਿਆ ਅਤੇ ਆਪਣੀ ਦੁਆ ਇਸ ਤਰ੍ਹਾਂ ਖਤਮ ਕੀਤੀ, ‘ਐ ਮੇਰੇ ਮਾਲਿਕ ਮੁੰਡਾ ਹੋਵੇ ਜਾਂ ਕੁੜੀ ਇਹ ਤਾਂ ਮੇਰੀ ਕਿਸਮਤ ਹੈ। ਲੇਕਿਨ ਸ਼ੁਕਰ ਹੈ ਤੇਰਾ ਕਿ ਤੂੰ ਕੁਬਰਾ ਦੀ ਜਾਨ ਬਚਾਈ...।’ ਇਹ ਕਹਿਕੇ ਸਿਜਦੇ ਵਿੱਚ ਗਿਰ ਪਈ। ਹਾਲੇ ਉੱਠ ਨਹੀਂ ਸਕੀ ਸੀ ਕਿ ਇੱਕ ਛੋਕਰੀ ਭੱਜੀ ਭੱਜੀ ਆਈ,”ਕੁੜੀ ਹੈ ਕੁੜੀ...ਬੇਗਮ ਸਾਹਿਬਾ, ਦੁਲ੍ਹਨ ਮੁਬਾਰਕ...।”
ਸਿਜਦੇ ਵਿੱਚ ਹੀ ਆਸਿਫ਼ਜਹਾਂ ਦੀਆਂ ਬਾਂਛਾਂ ਖਿੜ ਉਠੀਆਂ। ਜਲਦੀ ਨਾਲ ਸਿਰ ਉੱਚਾ ਕਰਕੇ ਅੰਗੀ ਵਿੱਚੋਂ ਬਟੂਆ ਕੱਢਿਆ ਅਤੇ ਇੱਕ ਰੁਪਿਆ ਛੋਕਰੀ ਦੇ ਹੱਥ ਉੱਤੇ ਰੱਖਕੇ ਖ਼ੁਸ਼ - ਖ਼ੁਸ਼ ਜੱਚਾਖ਼ਾਨੇ ਵੱਲ ਵਧੀ। ਉਸ ਕਮਰੇ ਵਿੱਚ ਪਹਿਲਾਂ ਹੀ ਔਰਤਾਂ ਦੀ ਕਾਫ਼ੀ ਭੀੜ ਸੀ। ਹਰ ਸ਼ਾਦੀਸ਼ੁਦਾ ਔਰਤ ਮੌਜੂਦ ਸੀ। ਆਸਿਫ਼ਜਹਾਂ ਦੇ ਵੜਦੇ ਹੀ ਇੱਕ ਬੀਬੀ ਬੋਲੀ, “ਹਾਲੇ ਔਲ ਨਹੀਂ ਗਿਰੀ ਹੈ।”
ਜੱਚਾ ਦੇ ਪਲੰਗ ਉੱਤੇ ਸਿਰਹਾਣੇ ਵੱਲ ਕੁਬਰਾ ਦੀ ਭੂਆ ਅਤੇ ਵੱਡੀ ਭੈਣ ਅਤੇ ਇੱਕ ਭਾਬੀ ਬੈਠੀ ਸੀ ਅਤੇ ਪੈਰਾਂ ਵੱਲ ਦਾਈ ਆਪਣੇ ਪੈਰ ਕੁਬਰਾ ਦੇ ਪੱਟਾਂ ਨਾਲ ਅੜਾਈ ਬੈਠੀ ਸੀ। ਭਾਬੀ ਉੱਠਕੇ ਔਰਤਾਂ ਦੇ ਬਰਾਬਰ ਖੜੀ ਹੋ ਗਈ ਅਤੇ ਪਲੰਗ ਉੱਤੇ ਆਪਣੀ ਜਗ੍ਹਾ ਆਸਿਫ਼ਜਹਾਂ ਲਈ ਛੱਡ ਦਿੱਤੀ।
“ਭਾਬੀਜਾਨ, ਕੁਬਰਾ ਨੇ ਇਸ ਵਾਰ ਬੜੀ ਤਕਲੀਫ ਉਠਾਈ। ਲੇਕਿਨ ਆਪ ਦੀ ਕਿਸਮਤ ਨੂੰ ਇਸ ਵਾਰ ਕੁੜੀ ਹੋਈ ਹੈ। ਮਾਂ ਦੀ ਤਾਂ ਜਾਨ ਤੇ ਬਣ ਗਈ ਸੀ।” ਕੁਬਰਾ ਦੀ ਭੈਣ ਨੇ ਆਸਿਫ਼ਜਹਾਂ ਨੂੰ ਕਿਹਾ।
“ਤੁਹਾਡੀਆਂ ਸਭਨਾਂ ਦੀਆਂ ਦੁਆਵਾਂ ਖ਼ੁਦਾ ਨੇ ਸੁਣ ਲਈਆਂ, ਮੈਂ ਤਾਂ ਇਸ ਵਾਰ ਵੀ ਬੇਆਸ ਹੋ ਚੁੱਕੀ ਸੀ...ਇਹੀ ਅੱਛਾ ਹੋਇਆ ਕਿ ਅੱਲ੍ਹਾ ਦਾ ਹੁਕਮ ਹੋਇਆ ਅਤੇ ਮੇਮ ਦੀ ਨੌਬਤ ਨਹੀਂ ਆਈ।”
“ਬੱਸ ਬੀਬੀ ਕੁਝ ਨਾ ਪੁੱਛੋ। ਤੁਸੀਂ ਪਤਨੀ ਬੀਬੀਆਂ ਤਾਂ ਝੂਠ ਮੂਠ ਆਪਣੇ ਹੱਥ ਪੈਰ ਫੈਲਾ ਦਿੰਦੀਆਂ ਹੋ। ਬੱਚਾ ਤਾਂ ਬੱਸ ਉਦੋਂ ਹੋਵੇਗਾ ਜਦੋਂ ਅੱਲ੍ਹਾ ਦਾ ਹੁਕਮ ਹੋਵੇਗਾ। ਮੇਮ ਆਕੇ ਕੀ ਬਣਾ ਲੈਂਦੀ। ਉਲਟੇ - ਸਿੱਧੇ ਔਜਾਰ ਪਾਉਣੇ ਸ਼ੁਰੂ ਕਰ ਦਿੰਦੀ। ਜ਼ਰਾ ਦੇਰ ਹੋਈ ਤਾਂ ਕਹਿਣ ਲੱਗ ਜਾਂਦੀਆਂ ਹੋ ‘ਮੇਮ ਨੂੰ ਬੁਲਾਓ’ ‘ਮੇਮ ਨੂੰ ਬੁਲਾਓ’। ਜਦ ਇਹ ਉਜੜੀਆਂ ਮੇਮਾਂ ਨਹੀਂ ਸੀ ਹੁੰਦੀਆਂ ਤਾਂ ਕੀ ਕੋਈ ਔਰਤ ਬੱਚਾ ਹੀ ਨਹੀਂ ਜਣਦੀ ਸੀ।” ਦਾਈ ਨੇ ਜਲੇ ਹੋਏ ਲਹਿਜੇ ਵਿੱਚ ਜ਼ੋਰ-ਜ਼ੋਰ ਨਾਲ ਬੁੜਬੁੜਾਉਣਾ ਸ਼ੁਰੂ ਕਰ ਦਿੱਤਾ।
“ਏ ਹੇ, ਦੇਰ ਦੀ ਵੀ ਇੰਤਹਾ ਹੁੰਦੀ ਹੈ। ਦੋ ਰਾਤਾਂ ਅਤੇ ਤਿੰਨ ਦਿਨ ਬੀਤ ਗਏ। ਰਾਤਾਂ ਦਰਦ ਵਿੱਚ ਤੜਪੀ ਅਤੇ ਤੈਨੂੰ ਇਹ ਵੀ ਪਤਾ ਨਾ ਲੱਗਿਆ ਕਿ ਬੱਚਾ ਕਦੋਂ ਹੋਵੇਗਾ ? ਕੀ ਅਸੀਂ ਬੱਚੇ ਨਹੀਂ ਜਣੇ, ਕੀ,ਸਾਨੂੰ ਨਹੀਂ ਪਤਾ।” ਕੁਬਰਾ ਦੀ ਭੈਣ ਆਇਸ਼ਾ ਬੇਗਮ ਨੇ ਜਵਾਬ ਦਿੱਤਾ।
“ਅੱਛਾ ਹੁਣ ਗੱਲਾਂ ਤਾਂ ਬਣਾ ਚੁੱਕੀ। ਹੁਣ ਦੱਸ ਔਲ ਕਦੋਂ ਗਿਰੇਗੀ?”
“ਬੀਬੀ ਮੌਤ ਜੀਸਤ (ਜ਼ਿੰਦਗੀ) ਖ਼ੁਦਾ ਦੇ ਹੱਥ ਵਿੱਚ ਹੈ। ਵਕਤ ਦੀ ਕਿਸੇ ਨੂੰ ਖ਼ਬਰ ਨਹੀਂ ਹੈ। ਬੱਚਾ ਹੋ ਗਿਆ ਹੈ। ਅਜੇ ਡੰਡੀ ਵਿੱਚ ਜਾਨ ਹੈ। ਐ ਦੇਖੋ ਕਿਵੇਂ ਫੜਕ ਰਹੀ ਹੈ। ਦਾਈ ਨੇ ਇੱਕ ਹੱਥ ਨਾਲ, ਜੋ ਚਾਂਦੀ ਦੀਆਂ ਮੈਲੀਆਂ-ਕੁਚੈਲੀਆਂ ਅੰਗੂਠੀਆਂ, ਚੂੜੀਆਂ ਨਾਲ ਭਰਿਆ ਹੋਇਆ ਸੀ, ਔਲ ਦੀ ਡੰਡੀ ਫੜੀ ਹੋਈ ਸੀ ਅਤੇ ਦੂਜੇ ਹੱਥ ਨਾਲ ਮੈਲਾ ਸਾਫ਼ ਕਰ ਰਹੀ ਸੀ। ਆਇਸ਼ਾ ਬੇਗਮ ਨੇ ਜੱਚਾ ਦਾ ਢਿੱਡ ਬੜੇ ਜ਼ੋਰ ਨਾਲ ਦਬਾਇਆ ਹੋਇਆ ਸੀ। ਉਹ ਢਿੱਡ ਫੜਨ ਲਈ ਸਾਰੇ ਕੁਨਬੇ ਵਿੱਚ ਮਸ਼ਹੂਰ ਸੀ।
“ਦੁਲਹਨ ਦਰਦ ਆਇਆ?” ਦਾਈ ਨੇ ਜੱਚਾ ਨੂੰ ਪੁੱਛਿਆ।
“ਨਹੀਂ।” ਕੁਬਰਾ ਨੇ ਮਰੀਅਲ ਅਵਾਜ਼ ਵਿੱਚ ਜਵਾਬ ਦਿੱਤਾ।
“ਡੰਡੀ ਦੀ ਫੜਫੜਾਹਟ ਤਾਂ ਹੁਣ ਬਹੁਤ ਘੱਟ ਰਹਿ ਗਈ ਹੈ।” ਇਹ ਕਹਿਕੇ ਦਾਈ ਨੇ ਪੈਰ ਦੇ ਅੰਗੂਠੇ ਅਤੇ ਉਲਟੇ ਹੱਥ ਨਾਲ ਫੜਕੇ ਸਿੱਧੇ ਹੱਥ ਨਾਲ ਉਸਨੂੰ ਸੂਤਣਾ ਸ਼ੁਰੂ ਕੀਤਾ ਇੱਥੋਂ ਤੱਕ ਕਿ ਉਹ ਬਿਲਕੁਲ ਬੱਗੀ ਬੇਜਾਨ ਹੋਣ ਲੱਗੀ। ਏ ਹੇ, ਮਸੀਤਨ ਹੁਣੇ ਨਾੜੂਆ ਨਾ ਕੱਟ ਦੇਣਾ। ਅਜੇ ਤਾਂ ਔਲ ਨਹੀਂ ਗਿਰੀ ਹੈ।” ਖੜੀ ਜਮਾਤ ਵਿੱਚੋਂ ਇੱਕ ਨੇ ਕਿਹਾ।
“ਏ ਬੀਬੀ ਕੱਲ੍ਹ ਦੀ ਬੱਚੀ ਹੋ। ਮੇਰੇ ਹੱਥ ਦੀ ਜਣੀ। ਹੁਣ ਮੈਨੂੰ ਪੜਾਉਣ ਲੱਗ ਪਈ। ਮੇਰਾ ਚੂੰਡਾ ਕੀ ਧੁੱਪੇ ਧੌਲਾ ਹੋਇਆ ਹੈ। ਵੱਡੀ ਬੇਗਮ ਖ਼ੁਦਾ ਦੀ ਕਸਮ ਇਹ ਲੜਕੀਆਂ ਚੰਗੇ -ਭਲੇ ਆਦਮੀ ਨੂੰ ਉਲੂ ਬਣਾ ਲੈਂਦੀਆਂ ਹਨ। ਅਜਿਹੀ ਪਾਗਲ ਹਾਂ ਕਿ ਨਾਲ ਔਲ ਡਿੱਗਣ ਤੋਂ ਪਹਿਲਾਂ ਨਾੜੂਆ ਕੱਟ ਦਵਾਂਗੀ।”
ਮਸੀਤਨ ਔਲ ਸੂਤਦੀ ਰਹੀ ਅਤੇ ਦੂਜੀਆਂ ਔਰਤਾਂ ਆਪਣੇ - ਆਪਣੇ ਕਿੱਸੇ ਬਿਆਨ ਕਰਨ ਲੱਗੀਆਂ ਕਿ ਉਨ੍ਹਾਂ ਦੀ ਆਪਣੀ ਦਫਾ ਕੀ ਹੋਇਆ ਸੀ ਅਤੇ ਮੁਹੱਲੇ ਜਾਂ ਉਨ੍ਹਾਂ ਦੇ ਸਹੁਰਾ-ਘਰ ਵਿੱਚ ਕਿਹੜੀ ਦਾਈ ਆਉਂਦੀ ਹੈ। ਫਲਾਣੀ ਜੱਚਾ ਬੱਚੇ ਦੇ ਪੈਦੇ ਹੁੰਦੇ ਹੀ ਮਰ ਗਈ ਅਤੇ ਔਲ ਅੰਦਰ ਦੀ ਅੰਦਰ ਹੀ ਰਹਿ ਗਈ।
ਆਸ਼ਿਕ ਹੁਸੈਨ ਦੀ ਦੁਲਹਨ ਦਾ ਕੀ ਹੋਇਆ। ਔਲ ਨਹੀਂ ਗਿਰੀ। ਸ਼ਾਮ ਹੋ ਗਈ। ਦਾਈ ਨੇ ਬਥੇਰੀ ਕੋਸ਼ਿਸ਼ ਕੀਤੀ। ਅਖੀਰ ਨੂੰ ਹਾਰਕੇ ਉਸਨੇ ਵੀ ਕਹਿ ਦਿੱਤਾ। ਔਲ ਤਾਂ ਕਲੇਜੇ ਵਿੱਚ ਚਿਪਕ ਕੇ ਰਹਿ ਗਈ ਹੈ। ਹੁਣ ਮੇਰੇ ਬਸ ਦੀ ਨਹੀਂ। ਬੇਚਾਰੀ ਨੂੰ ਹਸਪਤਾਲ ਲੈ ਗਏ। ਉੱਥੇ ਮੇਮਾਂ ਨੇ ਕੱਢੀ। ਲੇਕਿਨ ਭੂਆ ਸੁਣਿਆ ਹੈ ਕਿ ਕਲੇਜਾ ਵੀ ਨਾਲ ਹੀ ਨਿਕਲ ਆਇਆ। ਤਿੰਨ ਦਿਨ ਵਿੱਚ ਮਰ ਗਈ। ਤਿੰਨ ਛੋਟੇ-ਛੋਟੇ ਬੱਚੇ...।
“ਮੇਰੀ ਨਣਦ ਦੀ ਔਲ ਵੀ ਵੀ ਡਾਕਟਰਨੀ ਨੇ ਆ ਕੇ ਕਢੀ। ਉਹ ਬੀਮਾਰ ਹੋਈ ਪਰ ਬਚ ਗਈ। ”
ਦਾਈ ਡਾਕਟਰਨੀਆਂ ਮੇਮਾਂ ਦਾ ਨਾਮ ਸੁਣਕੇ ਖਾਮੋਸ਼ ਨਹੀਂ ਰਹਿ ਸਕੀ। ਝੁੰਝਲਾ ਕੇ ਬੋਲੀ, “ਕਿਸੇ ਦੀ ਅਜਿਹੀ ਜ਼ਬਾਨ ਨਾ ਹੋਵੇ। ਇਹ ਵਕਤ ਅਜਿਹੀਆਂ ਮਨਹੂਸ ਗੱਲਾਂ ਦਾ ਹੈ। ਮੇਮ, ਡਾਕਟਰਨੀ - ਕੋਈ ਗੱਲ ਹੀ ਨਹੀਂ। ਓਏ ਜ਼ਰਾ ਵੇਖੋ ਤਾਂ, ਵੱਡੀ ਬੇਗਮ . . . ।”
“ਓ ਹਾਂ, ਸੱਚ ਤਾਂ ਹੈ। ਕੈਸਰ, ਇਸ ਵਕਤ ਤਾਂ ਕੋਈ ਹੋਰ ਗੱਲ ਛੇੜੋ।” ਵੱਡੀ ਬੇਗਮ ਨੇ ਕਿਹਾ।
“ਏ ਹਾਂ,” ਦਾਈ ਨੇ ਖਿੱਝਕੇ ਕਿਹਾ, “ਆਇਸ਼ਾ ਬੀਬੀ ਦਬਾਓ ਜ਼ੋਰ ਨਾਲ ਮੀਚ ਕੇ ਢਿੱਡ ਨੂੰ। ਓਹ ਔਲ ਆ ਰਹੀ ਹੈ।”
ਆਇਸ਼ਾ ਬੇਗਮ ਜਿਸ ਨੇ ਪਹਿਲਾਂ ਹੀ ਢਿੱਡ ਨੂੰ ਜ਼ੋਰ ਨਾਲ ਦਬਾਇਆ ਹੋਇਆ ਸੀ ਮੁੱਠੀਆਂ ਮੀਚਕੇ ਅੱਧੀ ਖੜੀ ਹੋਕੇ ਭੈਣ ਦਾ ਢਿੱਡ ਘੁੱਟਣ ਲੱਗੀ। ਜੱਚਾ ਤੜਫ਼ ਗਈ ਅਤੇ ਚੀਖ ਪਈ, ਓਹ ਹੋ, ਖ਼ੁਦਾ ਲਈ ਬਸ ਕਰੋ। ਮੇਰਾ ਤਾਂ ਦਮ ਨਿਕਲਿਆ . .।
ਐ, ਬਸ, ਲਓ ਛੁੱਟੀ ਹੋਈ।
ਦਾਈ ਨੇ ਉਸਨੂੰ ਉਲਟ-ਲਟ ਕੇ ਵੇਖਿਆ, ਇਹ ਲਓ ਵੱਡੀ ਬੇਗਮ, ਵੇਖ ਲਓ ਪੂਰੀ ਹੈ ਪੂਰੀ। ਫਿਰ ਬਾਅਦ ਵਿੱਚ ਨਾ ਕਹਿ ਦੇਣਾ। ਇਹ ਕਹਿਕੇ ਉਸਨੇ ਔਲ ਆਸਿਫ਼ਜਹਾਂ ਵੱਲ ਕੀਤੀ ਅਤੇ ਫਿਰ ਜਿੰਨੀਆਂ ਔਰਤਾਂ ਸਨ ਸਭ ਨੇ ਵਾਰੀ-ਵਾਰੀ ਵੇਖੀ ਅਤੇ ਆਪਣੀ ਰਾਏ ਵਿਅਕਤ ਕੀਤੀ।
“ਏ ਹੇ ਬੀਬੀ, ਹੁਣੇ ਢਿੱਡ ਢਿਲਾ ਨਾ ਕਰੋ। ਖ਼ੂਨ ਬਹੁਤ ਨਿਕਲ ਰਿਹਾ ਹੈ। ਜ਼ਰਾ ਕਸਕੇ ਫੜ ਰਖੋ।” ਦਾਈ ਨੇ ਕਿਹਾ, ਆਇਸ਼ਾ ਨੇ ਪੂਰਾ ਜ਼ੋਰ ਲਗਾ ਦਿੱਤਾ।
“ਨਾੜੂਆ ਕੱਟ ਲਾਂ। ਇੰਨੇ ਵਿੱਚ ਖ਼ੂਨ ਰੁਕ ਜਾਵੇਗਾ।” ਇਹ ਕਹਿਕੇ ਦਾਈ ਨੇ ਪੈਰ ਦੇ ਅੰਗੂਠੇ ਨਾਲ ਡੰਡੀ ਫੜੀ ਅਤੇ ਉਹਨੂੰ ਫਿਰ ਜ਼ੋਰ - ਜ਼ੋਰ ਨਾਲ ਸੂਤਣਾ ਸ਼ੁਰੂ ਕੀਤਾ। ਫਿਰ ਇੱਕ ਸੂਤ ਦੇ ਧਾਗੇ, ਜੋ ਕੋਲ ਹੀ ਪਲੰਗ ਉੱਤੇ ਬੜੀ ਦੇਰ ਤੋਂ ਪਿਆ ਸੀ, ਨਾਲ ਬੰਨ੍ਹਕੇ ਫਿਰ ਏਧਰ - ਉੱਧਰ ਨਜ਼ਰ ਮਾਰ ਕੇ ਇੱਕ ਜੰਗਾਲਿਆ ਹੋਇਆ ਚਾਕੂ ਹੇਠੋਂ ਚੁੱਕਿਆ ਅਤੇ ਉਸ ਨਾਲ ਨਾੜੂਆ ਕੱਟ ਦਿੱਤਾ। ਔਲ ਕੂੰਡੇ ਵਿੱਚ ਪਾ ਦਿੱਤੀ। ਗੋਦੜ ਜੱਚਾ ਦੇ ਹੇਠੋਂ ਕਢ ਕੇ ਉਸਨੂੰ ਸਾਫ਼ ਕੀਤਾ। ਖ਼ੂਨ ਦਾ ਵਗਣਾ ਹਾਲੇ ਵੀ ਜ਼ਿਆਦਾ ਮਿਕਦਾਰ ਵਿੱਚ ਜਾਰੀ ਸੀ। ਮਸੀਤਨ ਹੁਣ ਇੱਕ ਜੇਤੂ ਅੰਦਾਜ਼ ਨਾਲ ਪਲੰਗ ਤੋਂ ਉਤਰੀ। ਖੜੇ ਹੋਕੇ ਅੰਗੜਾਈ ਲਈ। ਏ, ਵੱਡੀ ਬੇਗਮ ਤੁਸੀਂ ਹੱਟ ਜਾਓ, ਤੁਹਾਡੇ ਤੋਂ ਇਹ ਨਹੀਂ ਉੱਠੇਗੀ। ਸਾਬਿਰਾ ਬੀਬੀ, ਤੂੰ ਅਤੇ ਕੈਸਰ ਆ ਜਾਓ।
ਸਾਬਿਰਾ ਅਤੇ ਕੈਸਰ ਨੇ ਹੇਠਾਂ ਹੱਥ ਪਾਇਆ ਅਤੇ ਜੱਚਾ ਦੀ ਹਾਏ-ਹਾਏ ਦੀ ਪਰਵਾਹ ਨਾ ਕਰਕੇ ਉਸਦੀ ਕਮਰ ਨੂੰ ਕੋਈ ਅੱਠ ਇੰਚ ਉੱਤੇ ਚੁੱਕਿਆ ਅਤੇ ਮਸੀਤਨ ਨੇ ਇੱਕ ਛੇ ਗਜ ਲੰਬੀ ਪੱਟੀ ਨੂੰ ਜੱਚਾ ਦੇ ਪੇਡੂ ਉੱਤੇ ਏਧਰ ਤੋਂ ਉੱਧਰ ਲਪੇਟਣਾ ਸ਼ੁਰੂ ਕੀਤਾ। ਖ਼ੂਨ ਦਾ ਵਗਣਾ ਹੁਣ ਕੁੱਝ ਘੱਟ ਹੋ ਗਿਆ ਸੀ। ਲੇਕਿਨ ਕੁਬਰਾ ਹੁਣ ਇੱਕ ਧੋਤੇ ਕੱਪੜੇ ਦੀ ਤਰ੍ਹਾਂ ਬੱਗੀ ਅਤੇ ਲੀਰ ਦੀ ਤਰ੍ਹਾਂ ਲਾਗਰ ਹੋ ਚੁੱਕੀ ਸੀ। ਬੱਚਾ ਹੋ ਗਿਆ। ਔਲ ਗਿਰ ਗਈ। ਹੁਣ ਅੱਲਾਹ ਮਿਹਰ ਕਰੇਗਾ ਤਾਂ ਤਾਕਤ ਵੀ ਆ ਜਾਵੇਗੀ। ਹੁਣ ਆਸਿਫ਼ਜਹਾਂ ਬੱਚੀ ਵੱਲ ਹੋਈ ਅਤੇ ਕੁੜੀ ਦਾ ਮੂੰਹ ਵੇਖਕੇ ਬੋਲੀਂ, “ਸਾਂਵਲੀ ਹੈ।”
"ਸ਼ੁਕਰ ਕਰੋ, ਭਾਬੀ ਜਾਨ ਕਿ ਤੁਹਾਡੇ ਨਸੀਬਾਂ ਨੂੰ ਕੁੜੀ ਮਿਲੀ ਹੈ।"
“ਐ ਇਸਦੀ ਕੀ ਗੱਲ ਹੈ। ਜੇਕਰ ਕਾਲੀ ਵੀ ਹੁੰਦੀ ਤਾਂ ਕਿ ਮੈਂ ਛੱਡ ਦਿੰਦੀ। ਏ ਮਸੀਤਨ, ਹੁਣ ਬੱਚੀ ਨੂੰ ਨਹਾਓਗੀ ਜਾਂ ਨਹੀਂ।”
ਮਸੀਤਨ ਨੇ ਬੱਚੀ ਨੂੰ ਨਹਾਇਆ ਅਤੇ ਆਸਿਫ਼ਜਹਾਂ ਦੇ ਵਾਰ-ਵਾਰ ਕਹਿਣ ਉੱਤੇ ਵੀ ਕੁੜੀ ਉਸ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ, “ਬੀਬੀ, ਬੜੀ ਮਿਹਨਤ ਕੀਤੀ ਹੈ। ਮੈਂ ਇਵੇਂ ਨਹੀਂ ਦੇਵਾਂਗੀ। ਮੇਰਾ ਹੱਕ ਪਹਿਲਾਂ ਦਿਓ।”
“ਐ ਲਓ, ਇਹ ਕਿਹੜਾ ਨਵਾਂ ਦਸਤੂਰ ਤੂੰ ਕੱਢਿਆ ਹੈ, ਜੋ ਤੇਰਾ ਹੱਕ ਹੈ ਉਹ ਮੈਂ ਪਹਿਲਾਂ ਹੀ ਔਲ ਦੇ ਕੂੰਡੇ ਵਿੱਚ ਪਾ ਚੁੱਕੀ।…”
ਮਸੀਤਨ ਦੰਦ ਪਾੜ ਕੇ ਬੋਲੀ, “ਅੱਲਾਹ ਕਸਮ, ਅੱਛਾ ਕੀ ਹੈ !”
“ਪੰਜ ਰੁਪਏ ਹਨ, ਹੋਰ ਕਿੰਨੇ ਹੁੰਦੇ?”
“ਖ਼ੁਦਾ ਕਸਮ ਬੜੀ ਬੇਗਮ ਪੰਜ ਰੁਪਏ ਤਾਂ ਮੈਂ ਹਰਗਿਜ ਨਹੀਂ ਲਵਾਂਗੀ।”
“ਏ, ਮਸੀਤਨ, ਪਾਗਲ ਤਾਂ ਨਹੀਂ ਹੋ ਗਈ ਕਿਤੇ। ਲੋਕ ਤਾਂ ਕੂੰਡੇ ਵਿੱਚ ਮੰਗਣੀ ਦਾ ਟਕਾ ਪਾਉਂਦੇ ਹਨ। ਇਹੀ ਕੋਈ ਨੇਗ ਦਾ ਵਕਤ ਹੈ। ਜਦੋਂ ਵਿਆਹ ਹੋਵੇਗਾ ਤੱਦ ਲੈਣਾ।”
“ਹਾਂ ਬੀਬੀ ਠੀਕ ਕਿਹਾ। ਮੈਂ ਇਨ੍ਹਾਂ ਦੇ ਵਿਆਹ ਤੱਕ ਤਾਂ ਜ਼ਰੂਰ ਬੈਠੀ ਰਹੂੰਗੀ। ਤੁਸੀਂ ਬੀਬੀਆਂ ਚਾਹੇ ਲੱਖ ਉਡਾ ਦੋ ਲੇਕਿਨ ਹਕਦਾਰਾਂ ਨੂੰ ਦਿੰਦੇ ਹੋਏ ਹਮੇਸ਼ਾ ਕਨੂੰਨ ਛਾਂਟਦੀਆਂ ਹੋ। ਭੰਗਿਣ ਲੈ ਲਵੇ। ਗੁਲਸ਼ੱਬੋ (ਮਾਲਣ) ਲੈ ਲਵੇ। ਜਿਸਦਾ ਦਿਲ ਚਾਹੇ ਲੈ ਲਵੇ। ਮੈਂ ਤਾਂ ਬੀਬੀ ਇਹ ਪੰਜ ਰੁਪਏ ਹਰਗਿਜ਼ ਨਹੀਂ ਲਵਾਂਗੀ।”
ਮਸੀਤਨ ਉਨ੍ਹਾਂ ਦੀ ਖ਼ਾਨਦਾਨੀ ਦਾਈ ਸੀ। ਉਸਦੇ ਹੱਥੋਂ ਸਭ ਪੈਦਾ ਹੋਏ ਸਨ। ਲੜ ਝਗੜ ਲੈਂਦੀ। ਆਸਿਫ ਜਹਾਂ ਨੇ ਬਟੂਆ ਖੋਲ੍ਹ ਕੇ ਦੋ ਰੁਪਏ ਹੋਰ ਪਾ ਦਿੱਤੇ। ਮਸੀਤਨ, ਜਿਸਨੂੰ ਪੰਜ ਦੀ ਹੋਰ ਉਮੀਦ ਸੀ, ਦੋ ਲੈ ਕੇ ਕੁੱਝ ਜ਼ਿਆਦਾ ਖ਼ੁਸ਼ ਤਾਂ ਨਹੀਂ ਹੋਈ, ਹਾਂ ਸਭ ਧੋਕੇ ਆਪਣੇ ਬਟੂਏ ਵਿੱਚ ਰੱਖ ਲਏ। ਫਿਰ ਜਿੰਨੀਆਂ ਬੀਬੀਆਂ ਉੱਥੇ ਮੌਜੂਦ ਸਨ ਸਭ ਨੇ ਕੁੱਝ ਨਾ ਕੁੱਝ ਮਸੀਤਨ ਨੂੰ ਦਿੱਤਾ। ਕਿਸੇ ਨੇ ਅਠਿਆਨੀ ਕਿਸੇ ਨੇ ਰੁਪਿਆ। ਮਸੀਤਨ ਨੇ ਕੂੰਡਾ ਚੁੱਕ ਕੇ ਕੁਬਰਾ ਬੇਗਮ ਨੂੰ ਕਿਹਾ, “ਦੁਲਹਨ, ਖ਼ੁਦਾ ਕਸਮ ਇਹ ਧੀ ਬੇਟਿਆਂ ਨਾਲੋਂ ਜ਼ਿਆਦਾ ਮਿੰਨਤਾਂ - ਮੁਰਾਦਾਂ ਦੀ ਹੈ। ਖ਼ੁਦਾ ਦੀ ਕਸਮ ਸੋਨੇ ਦੇ ਕੜੇ ਲਏ ਬਿਨਾਂ ਮੈਂ ਨਹੀਂ ਮੰਨਾਂਗੀ।”
“ਏ ਵਾਹ, ਕੁਬਰਾ ਨੇ ਕਿਸ ਦਿਨ ਕੁੜੀ ਦੀ ਮੰਨਤ ਮੰਨੀ ਸੀ। ਜੋ ਲੈਣਾ ਹੈ ਭਾਬੀ ਜਾਨ ਤੋਂ ਲੈ, ਜਿਸ ਨੇ ਬਹੂ ਲਈ ਮੰਨਤ ਮੰਨੀ ਸੀ। ਅਸੀਂ ਤਾਂ ਉਹੀ ਦੇਵਾਂਗੇ ਜੋ ਅਤੇ ਬੇਟੀਆਂ ਦੇ ਜਨਮ ਉੱਤੇ ਤੁਹਾਨੂੰ ਮਿਲਦਾ ਰਿਹਾ ਹੈ।” ਆਇਸ਼ਾ ਬੇਗਮ ਨੇ ਮਸੀਤਨ ਨੂੰ ਜਵਾਬ ਦਿੱਤਾ।
“ਸੁਣ ਰਹੀ ਹੋ, ਵੱਡੀ ਬੇਗਮ।” ਮਸੀਤਨ ਨੇ ਆਸਿਫ਼ਜਹਾਂ ਨੂੰ ਸੰਬੋਧਨ ਕਰ ਕੇ ਕਿਹਾ।
“ਐ ਹੁਣ ਤੁਸੀਂ ਜਾਓ ਨਾ, ਹੱਥ - ਮੂੰਹ ਧੋਵੋ, ਪਾਨ-ਵਾਨ ਖਾਓ। ਤੁਹਾਨੂੰ ਤਾਂ ਬਸ ਲਿਆਓ - ਲਿਆਓ ਦੀ ਪਈ ਰਹਿੰਦੀ ਹੈ…” ਆਇਸ਼ਾ ਬੇਗਮ ਨੇ ਤੜਪ ਕੇ ਮਸੀਤਨ ਨੂੰ ਕਿਹਾ।
ਆਇਸ਼ਾ ਬੇਗਮ ਬਹੁਤ ਤੱਰਾਰ ਸੀ। ਉਥੋਂ ਫਾਰਿਗ ਹੋਕੇ ਉਸ ਨੇ ਡੂਮਣੀਆਂ ਨੂੰ ਸੱਦ ਭੇਜਿਆ ਅਤੇ ਘਰ ਵਿੱਚ ਰੌਲੇਰੱਪੇ ਦੀ ਪਹਿਲਾਂ ਹੀ ਕਿਹੜਾ ਕਮੀ ਸੀ, ਹੁਣ ਤਾਂ ਢੋਲ ਅਤੇ ਗਾਉਣ ਨੇ ਇੱਕ ਕੁਹਰਾਮ ਮਚਾ ਦਿੱਤਾ। ਛੇੜਛਾੜ ਅਤੇ ਰੌਲੇਰੱਪੇ ਵਿੱਚ ਜੱਚਾ ਦੇ ਆਰਾਮ ਅਤੇ ਨੀਂਦ ਦਾ ਕਿਸੇ ਨੂੰ ਵੀ ਖ਼ਿਆਲ ਨਹੀਂ ਸੀ।
ਸਭ ਔਰਤਾਂ ਆਸਿਫ਼ਜਹਾਂ ਅਤੇ ਆਪਸ ਵਿੱਚ ਇੱਕ-ਦੂਜੇ ਨੂੰ ਛੇੜਦੀਆਂ ਰਹੀਆਂ। ਡੂਮਣੀਆਂ ਕੋਲੋਂ ਜੱਚਾਗੀਰੀਆਂ, ਸੁਹਾਗ, ਗਾਲਾਂ ਸਭ ਕੁੱਝ ਸੁਣਿਆ। ਜੱਚਾਖਾਨੇ ਦੀਆਂ ਨਕਲਾਂ ਡੂਮਣੀਆਂ ਢਿੱਡ ਫੁਲਾ ਫੁਲਾ ਕੇ ਕਰ ਰਹੀਆਂ ਸਨ, ‘ਏ ਜੀ, ਕਿੰਨਵਾਂ ਲਾਗਾ?’ ਇੱਕ ਜੋ ਮੀਆਂ ਬਣੀ ਸੀ ਸਵਾਲ ਕਰਦੀ ਸੀ ਅਤੇ ਬੀਬੀ ‘ਸੱਤਵਾਂ ਲਾਗਾ, ਜਾਂ ਅੱਠਵਾਂ ਲਾਗਾ’ ਵਿੱਚ ਜਵਾਬ ਦਿੰਦੀ ਸੀ। ਕੁੰਵਾਰੀਆਂ ਲੜਕੀਆਂ ਜੋ ਬੱਚੇ ਦੇ ਜਨਮ ਸਮੇਂ ਇੱਕ ਦੂਜੇ ਦਾਲਾਨ ਵਿੱਚ ਜਮ੍ਹਾਂ ਕਰ ਦਿੱਤੀ ਗਈਆਂ ਸਨ, ਹੁਣ ਆਜ਼ਾਦੀ ਨਾਲ ਸਾਰੇ ਘਰ ਵਿੱਚ ਆ ਜਾ ਸਕਦੀਆਂ ਸਨ। ਬੀਬੀਆਂ ਦਾ ਕਹਿਣਾ ਹੀ ਕੀ, ਬਹੁਤ ਸਾਰੇ ਮੁੰਡੇ ਵੀ ਦੀਵਾਨਖਾਨੇ ਵਿੱਚ ਆਕੇ ਜਮਾਂ ਹੋ ਗਏ। ਬਾਰਾਂ ਸਾਲ ਦੇ ਦੂਲ੍ਹਾ ਮੀਆਂ ਵੀ ਉਨ੍ਹਾਂ ਬੱਚਿਆਂ ਦੇ ਝੁਰਮੁਟ ਵਿੱਚ ਪਿੱਛੇ ਅੱਧੇ ਦੁਬਕੇ ਬੈਠੇ ਸਭ ਸੁਣ ਰਹੇ ਸਨ ਕਿ ਉਸ ਤੇ ਉਸ ਦੀ ਇੱਕ ਰਿਸ਼ਤੇ ਦੀ ਭੈਣ ਦੀ ਨਜ਼ਰ ਪਈ। ਉਸ ਨੇ ਝੱਪਟ ਕੇ ਉਸ ਨੂੰ ਫੜ ਲਿਆ, ‘ਲਓ ਵੇਖੋ ਦੂਲ੍ਹਾ ਸਾਹਿਬ ਵੀ ਖੈਰ ਨਾਲ ਬੈਠੇ ਸੁਣ ਰਹੇ ਨੇ।’
ਇੱਕ ਕਹਿਕਹਾ ਗੂੰਜਿਆ।
ਦੂਲ੍ਹਾ ਸਾਹਿਬ ਨੇ ਪਕੜ ਛਡਾਉਣ ਲਈ ਬਹੁਤ ਹੱਥ-ਪੈਰ ਮਾਰੇ, ‘ਛੱਡ ਦਿਓ ਬਾਜੀ, ਛੱਡ ਦਿਓ ਮੈਨੂੰ’, ਜਦੋਂ ਉਹ ਡਿਓਢੀ ਦੀ ਤਰਫ ਭੱਜਣ ਲੱਗਿਆ ਤਾਂ ਬਾਜੀ ਉਸ ਦੇ ਪਿੱਛੇ ਜ਼ੋਰ ਨਾਲ ਚਿੱਲਾਈ, ‘ਏ ਕੈਸੇ ਦੂਲਹਾ ਹੋ। ਜ਼ਰਾ ਅੰਦਰ ਚਲਕੇ ਤਾਂ ਵੇਖੋ ਕਿਵੇਂ ਦੀ ਚੰਨ-ਜਿਹੀ ਦੁਲਹਨ ਹੈ।’