ਸਮੱਗਰੀ 'ਤੇ ਜਾਓ

ਅਨੁਵਾਦ:ਇੱਕ ਪਾਗਲ ਦੀ ਡਾਇਰੀ

ਵਿਕੀਸਰੋਤ ਤੋਂ
ਇੱਕ ਪਾਗਲ ਦੀ ਡਾਇਰੀ
ਲੂ ਸ਼ੁਨ, ਅਨੁਵਾਦਕ ਚਰਨ ਗਿੱਲ

ਮੈਂ ਜਿਨ੍ਹਾਂ ਦਿਨਾਂ ਵਿੱਚ ਹਾਈ ਸਕੂਲ ਦਾ ਵਿਦਿਆਰਥੀ ਸੀ, ਮੇਰਾ ਦੋ ਭਰਾਵਾਂ, ਜਿਨ੍ਹਾਂ ਦਾ ਇੱਥੇ ਨਾਮ ਦੱਸਣਾ ਜਰੂਰੀ ਨਹੀਂ ਹੈ, ਦੇ ਨਾਲ ਗਹਿਰਾ ਦੋਸਤਾਨਾ ਸੀ। ਸਾਡੀ ਲੰਮੀ ਜੁਦਾਈ ਕਾਰਨ ਮੇਰਾ ਉਨ੍ਹਾਂ ਨਾਲ ਰਾਬਤਾ ਟੁੱਟ ਗਿਆ। ਕੁੱਝ ਦੇਰ ਪਹਿਲਾਂ, ਮੈਨੂੰ ਪਤਾ ਚੱਲਿਆ ਕਿ ਉਨ੍ਹਾਂ ਵਿਚੋਂ ਇੱਕ ਗੰਭੀਰ ਬੀਮਾਰ ਹੈ। ਮੈਂ ਆਪਣੇ ਜੱਦੀ ਪਿੰਡ ਜਾ ਰਿਹਾ ਸੀ, ਇਸ ਲਈ ਮੈਂ ਉਨ੍ਹਾਂ ਨੂੰ ਮਿਲਣ ਲਈ ਰਸਤੇ ਵਿੱਚ ਹੀ ਰੁਕ ਗਿਆ। ਮੇਰੀ ਮੁਲਾਕ਼ਾਤ ਉਨ੍ਹਾਂ ਵਿਚੋਂ ਇੱਕ ਨਾਲ ਹੀ ਹੋ ਸਕੀ, ਜਿਸ ਨੇ ਮੈਨੂੰ ਦੱਸਿਆ ਕਿ ਜੋ ਬੀਮਾਰ ਹੋਇਆ ਸੀ ਉਹ ਉਸ ਦਾ ਛੋਟਾ ਭਰਾ ਸੀ।

"ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਅਤੇ ਮੈਂ ਇਸ ਗੱਲ ਦਾ ਬਹੁਤ ਅਹਿਸਾਨ ਮੰਨਦਾ ਹਾਂ ਕਿ ਤੁਸੀ ਇੰਨੀ ਦੂਰੋਂ ਸਾਨੂੰ ਮਿਲਣ ਆਏ,” ਉਸਨੇ ਕਿਹਾ, “ਪਰ ਉਹ ਕੁੱਝ ਸਮਾਂ ਪਹਿਲਾਂ ਰਾਜੀ ਹੋ ਗਿਆ ਅਤੇ ਹੁਣ ਉਹ ਇੱਕ ਸਰਕਾਰੀ ਨੌਕਰੀ ਲਈ ਕਿਸੇ ਹੋਰ ਜਗ੍ਹਾ ਚਲਿਆ ਗਿਆ ਹੈ।” ਫਿਰ ਉਸਨੇ ਹੱਸਦੇ ਹੋਏ, ਮੈਨੂੰ ਆਪਣੇ ਭਰਾ ਦੀ ਡਾਇਰੀ ਦੀ ਦੋ ਕਾਪੀਆਂ ਕੱਢ ਕੇ ਦਿੱਤੀਆਂ ਅਤੇ ਕਿਹਾ ਕਿ ਇਨ੍ਹਾਂ ਤੋਂ ਉਸ ਦੀ ਬੀਮਾਰੀ ਦੀ ਪ੍ਰਕਿਰਤੀ ਜਾਣੀ ਜਾ ਸਕਦੀ ਸੀ। ਉਸਨੇ ਇਹ ਵੀ ਕਿਹਾ ਕਿ ਇੱਕ ਪੁਰਾਣੇ ਦੋਸਤ ਨੂੰ ਇਹ ਡਾਇਰੀ ਵਿਖਾਉਣ ਵਿੱਚ ਕੋਈ ਹਰਜ ਨਹੀਂ ਸੀ। ਮੈਂ ਉਹ ਕਾਪੀਆਂ ਘਰ ਲੈ ਆਇਆ ਅਤੇ ਉਨ੍ਹਾਂ ਨੂੰ ਪੂਰਾ ਪੜ੍ਹ ਲਿਆ। ਮੈਨੂੰ ਪਤਾ ਲੱਗਿਆ ਕਿ ਉਹ ਦਹਿਸ਼ਤ ਦੇ ਕੰਪਲੈਕਸ ਦਾ ਸ਼ਿਕਾਰ ਸੀ ਕਿ ਦੂਜੇ ਉਸਨੂੰ ਦੁਖੀ ਕਰ ਸਕਦੇ ਸਨ। ਉਸ ਦੀ ਲਿਖਾਈ ਅਤਿਅੰਤ ਬੇ-ਸਿਰ-ਪੈਰ ਅਤੇ ਉਲਝੀ ਹੋਈ ਸੀ। ਉਸ ਦੇ ਕਈ ਫ਼ਿਕਰੇ ਅਤਿਅੰਤ ਅਰਥਹੀਣ ਸਨ ਅਤੇ ਉਸਨੇ ਤਾਰੀਖਾਂ ਵੀ ਨਹੀਂ ਲਿਖੀਆਂ ਸਨ। ਹਾਂ, ਪਰ ਅੱਡ ਅੱਡ ਰੰਗਾਂ ਦੀਆਂ ਸਿਆਹੀਆਂ ਦੀ ਵਰਤੋਂ ਅਤੇ ਲਿਖਾਈ ਦੀ ਸ਼ੈਲੀ ਦੇ ਫਰਕ ਇਹ ਦੱਸ ਦਿੰਦੇ ਸਨ ਕਿ ਇਹ ਇੱਕ ਹੀ ਬੈਠਕ ਵਿੱਚ ਨਹੀਂ ਲਿਖੀ ਗਈ ਸੀ। ਉਨ੍ਹਾਂ ਵਿੱਚ, ਕੁੱਝ ਅਜਿਹੇ ਵੀ ਹਿੱਸੇ ਸਨ ਜੋ ਪੂਰੀ ਤਰ੍ਹਾਂ ਬੇ-ਸਿਰ-ਪੈਰ ਨਹੀਂ ਸਨ। ਮੈਂ ਉਨ੍ਹਾਂ ਹਿੱਸਿਆਂ ਨੂੰ ਇਸ ਲਈ ਨਕਲ ਕਰ ਲਿਆ ਹੈ ਕਿ ਇਹ ਡਾਕਟਰੀ ਖੋਜ ਦੇ ਲਈ ਵਿਸ਼ੇ ਵਜੋਂ ਕੰਮ ਆ ਸਕਣ। ਮੈਂ ਇਸ ਡਾਇਰੀ ਦੀ ਕਿਸੇ ਵੀ ਗ਼ੈਰ-ਮੰਤਕੀ ਗੱਲ ਨੂੰ ਤਬਦੀਲ ਨਹੀਂ ਕੀਤਾ। ਹਾਂ, ਲੋਕਾਂ ਦੇ ਨਾਮ ਬਦਲ ਦਿੱਤੇ ਹਨ; ਚਾਹੇ ਇਹ ਲੋਕ ਆਮ ਦਿਹਾਤੀ ਲੋਕ ਹਨ, ਜਿਨ੍ਹਾਂ ਦਾ ਬਾਹਰੀ ਦੁਨੀਆਂ ਨਾਲ ਕੋਈ ਲਾਗਾ-ਦੇਗਾ ਨਹੀਂ ਅਤੇ ਨਾ ਹੀ ਉਨ੍ਹਾਂ ਦੀ ਕੋਈ ਅਹਮੀਅਤ ਹੈ। ਰਿਹਾ ਸਵਾਲ ਸਿਰਲੇਖ ਦਾ, ਤਾਂ ਉਹ ਡਾਇਰੀ ਲਿਖਣ ਵਾਲੇ ਨੇ ਸਿਹਤਮੰਦ ਹੋਣ ਉੱਤੇ ਖ਼ੁਦ ਹੀ ਰੱਖਿਆ ਸੀ। ਇਸ ਲਈ ਮੈਂ ਇਸਨੂੰ ਨਹੀਂ ਬਦਲਿਆ।

I

ਅੱਜ ਦੀ ਰਾਤ ਚੰਨ ਬਹੁਤ ਚਮਕਦਾਰ ਹੈ। ਮੈਂ ਇਸ ਨੂੰ ਤੀਹ ਸਾਲ ਨਹੀਂ ਵੇਖਿਆ। ਇਸ ਲਈ ਇਸ ਨੂੰ ਅੱਜ ਵੇਖਕੇ ਮੈਨੂੰ ਅਨੋਖੀ ਖ਼ੁਸ਼ੀ ਮਹਿਸੂਸ ਹੋਈ ਹੈ। ਮੈਨੂੰ ਲੱਗਿਆ ਜਿਵੇਂ ਮੈਂ ਤੀਹ ਸਾਲ ਤੋਂ ਹਨੇਰਾ ਹੀ ਢੋਂਹਦਾ ਰਿਹਾ ਸੀ; ਪਰ ਹੁਣ ਮੈਨੂੰ ਬਹੁਤ ਚੌਕਸ ਰਹਿਣ ਦੀ ਲੋੜ ਹੋਵੇਗੀ। ਸੋਚਣ ਦੀ ਗੱਲ ਹੈ ਕਿ ਚਾਓ ਦੇ ਘਰ ਉਨ੍ਹਾਂ ਦੇ ਕੁੱਤੇ ਨੇ ਮੈਨੂੰ ਦੋ ਵਾਰ ਕਿਉਂ ਘੂਰਿਆ।

ਮੇਰਾ ਡਰ ਬੇਬੁਨਿਆਦ ਨਹੀਂ ਹੈ।

II

ਅੱਜ ਦੀ ਰਾਤ ਤਾਂ ਚੰਨ ਚੜ੍ਹਿਆ ਹੀ ਨਹੀਂ ਅਤੇ ਮੈਨੂੰ ਪਤਾ ਹੈ ਕਿ ਇਹ ਚੰਗਾ ਸ਼ਗਨ ਨਹੀਂ ਹੈ। ਅੱਜ ਸਵੇਰੇ ਜਦੋਂ ਮੈਂ ਸਾਵਧਾਨੀ ਨਾਲ ਬਾਹਰ ਨਿਕਲਿਆ ਤਾਂ ਮਿਸਟਰ ਚਾਓ ਮੈਨੂੰ ਅਜੀਬ ਅਜੀਬ ਨਿਗਾਹਾਂ ਨਾਲ ਵੇਖ ਰਿਹਾ ਸੀ, ਜਿਵੇਂ ਉਹ ਮੈਥੋਂ ਡਰਿਆ ਹੋਵੇ, ਜਿਵੇਂ ਉਹ ਮੈਨੂੰ ਕਤਲ ਕਰ ਦੇਣਾ ਚਾਹੁੰਦੇ ਹੋਣ। ਉੱਥੇ ਸੱਤ ਅੱਠ ਲੋਕ ਹੋਰ ਵੀ ਸਨ ਜੋ ਮੇਰੇ ਬਾਰੇ ਘੁਸਰ ਮੁਸਰ ਕਰ ਰਹੇ ਸਨ ਅਤੇ ਮੇਰੀਆਂ ਨਿਗਾਹਾਂ ਤੋਂ ਬਚਣ ਦਾ ਯਤਨ ਕਰ ਰਹੇ ਸਨ। ਮੈਂ ਜਿਨ੍ਹਾਂ ਲੋਕਾਂ ਕੋਲੋਂ ਵੀ ਲੰਘਿਆ। ਉਨ੍ਹਾਂ ਦਾ ਹਾਲ ਵੀ ਕੁੱਝ ਅਜਿਹਾ ਹੀ ਸੀ। ਉਨ੍ਹਾਂ ਵਿਚੋਂ ਜੋ ਸਭ ਤੋਂ ਜ਼ਿਆਦਾ ਤੇਜ਼-ਤਰਾਰ ਸੀ, ਉਸ ਨੇ ਤਾਂ ਮੈਨੂੰ ਦੰਦ ਪੀਹ ਕੇ ਘੂਰਿਆ ਵੀ, ਜਿਸ ਨਾਲ ਮੈਂ ਸਿਰ ਤੋਂ ਪੈਰਾਂ ਤੱਕ ਕੰਬ ਗਿਆ, ਕਿਉਂ ਜੋ ਮੈਂ ਸਮਝ ਗਿਆ ਸੀ ਕਿ ਉਨ੍ਹਾਂ ਨੇ ਆਪਣੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਸਨ।

ਮੈਂ ਡਰਿਆ ਨਹੀਂ ਅਤੇ ਆਪਣੇ ਰਾਹ ਚੱਲਦਾ ਰਿਹਾ। ਸਾਹਮਣੇ ਬੱਚਿਆਂ ਦਾ ਇੱਕ ਟੋਲਾ ਵੀ ਮੇਰੀਆਂ ਹੀ ਗੱਲਾਂ ਕਰ ਰਿਹਾ ਸੀ। ਉਨ੍ਹਾਂ ਦੀਆਂ ਨਿਗਾਹਾਂ ਵਿੱਚ ਵੀ ਮਿਸਟਰ ਚਾਓ ਵਰਗੀ ਹੀ ਵਹਿਸ਼ਤ ਸੀ ਅਤੇ ਉਨ੍ਹਾਂ ਦੇ ਚੇਹਰਿਆਂ ਤੇ ਭਿਆਨਕ ਪੀਲੱਤਣ ਛਾਈ ਹੋਈ ਸੀ। ਮੈਨੂੰ ਇਸ ਗੱਲ ਤੇ ਹੈਰਾਨੀ ਹੋਈ ਕਿ ਇਨ੍ਹਾਂ ਬੱਚਿਆਂ ਨੂੰ ਮੇਰੇ ਨਾਲ ਕੀ ਰੰਜਸ਼ ਹੋ ਸਕਦੀ ਸੀ ਜਿਸ ਕਰਕੇ ਉਹ ਮੇਰੇ ਨਾਲ ਅਜਿਹਾ ਵਰਤਾਓ ਕਰ ਰਹੇ ਸਨ। ਮੈਂ ਖ਼ੁਦ ਨੂੰ ਰੋਕ ਨਾ ਸਕਿਆ ਅਤੇ ਕੂਕ ਕੇ ਕਿਹਾ; “ਮੈਨੂੰ ਦੱਸੋ!” ਇਹ ਸੁਣਕੇ ਉਹ ਉੱਥੋਂ ਭੱਜ ਗਏ।

ਮੈਂ ਹੈਰਾਨ ਹਾਂ, ਭਲਾ, ਮਿਸਟਰ ਚਾਓ ਨੂੰ ਮੇਰੇ ਨਾਲ ਕੀ ਦੁਸ਼ਮਣੀ ਹੋ ਸਕਦੀ ਹੈ...? ਰਾਹ ਜਾਂਦੇ ਲੋਕਾਂ ਨੂੰ ਮੇਰੇ ਨਾਲ ਕੀ ਦੁਸ਼ਮਣੀ ਹੈ? ਮੈਨੂੰ ਕੁੱਝ ਪਤਾ ਨਹੀਂ ਸਿਵਾਏ ਇਸ ਗੱਲ ਦੇ, ਕਿ ਵੀਹ ਸਾਲ ਪਹਿਲਾਂ ਮਿਸਟਰ ਕੂ ਚਿਊ ਦੀ, ਬੀਤੇ ਕਈ ਸਾਲਾਂ ਦੀ ਬਹੀ ਮੇਰੇ ਪੈਰਾਂ ਥੱਲੇ ਮਿਧੀ ਗਈ ਸੀ। ਇਸ ਤੇ ਮਿਸਟਰ ਕੂ ਚਿਊ ਮੇਰੇ ਨਾਲ ਖਾਸਾ ਨਾਰਾਜ਼ ਹੋ ਗਿਆ ਸੀ। ਮਿਸਟਰ ਚਾਓ ਹਾਲਾਂਕਿ, ਮਿਸਟਰ ਕੂ ਚਿਊ ਨੂੰ ਨਹੀਂ ਜਾਣਦਾ ਪਰ ਉਸ ਨੇ ਇਸ ਬਾਰੇ ਸੁਣ ਲਿਆ ਹੋਵੇਗਾ ਅਤੇ ਉਸ ਦਾ ਬਦਲਾ ਲੈਣ ਦੀ ਠਾਣੀ ਹੋਵੇਗੀ। ਇਸ ਲਈ ਉਹ ਹੁਣ ਰਾਹਗੀਰਾਂ ਦੇ ਨਾਲ ਮਿਲਕੇ ਮੇਰੇ ਖਿਲਾਫ ਸਾਜਿਸ਼ਾਂ ਕਰ ਰਿਹਾ ਹੈ। ਪਰ ਬੱਚਿਆਂ ਦਾ ਮੇਰੇ ਨਾਲ ਕੀ ਵੈਰ? ਇਹ ਤਾਂ ਉਸ ਵਕ਼ਤ ਪੈਦਾ ਵੀ ਨਹੀਂ ਹੋਏ ਸਨ, ਫਿਰ ਉਨ੍ਹਾਂ ਨੇ ਅੱਜ ਮੈਨੂੰ ਅਜੀਬ ਨਿਗਾਹਾਂ ਨਾਲ ਕਿਉਂ ਵੇਖਿਆ, ਜਿਵੇਂ ਮੇਰੇ ਤੋਂ ਡਰਦੇ ਹੋਣ, ਜਿਵੇਂ ਮੈਨੂੰ ਜਾਨੋਂ ਮਾਰ ਦੇਣਾ ਚਾਹੁੰਦੇ ਹੋਣ? ਇਸ ਗੱਲ ਨੇ ਮੈਨੂੰ ਡਰਾ ਦਿੱਤਾ ਹੈ ਅਤੇ ਇਹ ਮੇਰੇ ਲਈ ਭਾਰੀ ਪਰੇਸ਼ਾਨੀ ਦਾ ਕਾਰਨ ਹੈ। ਮੈਨੂੰ ਪਤਾ ਹੈ, ਇਹ ਗੱਲ ਉਨ੍ਹਾਂ ਨੂੰ ਆਪਣੇ ਮਾਂ-ਪਿਉ ਕੋਲੋਂ ਪਤਾ ਲੱਗੀ ਹੋਵੇਗੀ।

III

ਮੈਂ ਰਾਤਾਂ ਨੂੰ ਸੌਂ ਨਹੀਂ ਸਕਦਾ। ਜੇਕਰ ਕੋਈ ਇਹ ਸਭ ਸਮਝਣਾ ਚਾਹੁੰਦਾ ਹੋਵੇ ਤਾਂ ਸਾਰੀਆਂ ਗੱਲਾਂ ਨੂੰ ਧਿਆਨ ਨਾਲ ਘੋਖਣ ਦੀ ਜ਼ਰੂਰਤ ਹੋਵੇਗੀ।

ਉਹ ਲੋਕ...ਉਨ੍ਹਾਂ ਵਿਚੋਂ ਕੁੱਝ ਨੂੰ ਤਾਂ ਮਜਿਸਟਰੇਟ ਨੇ ਜਨਤਾ ਦੀ ਕਚਹਿਰੀ ਵਿੱਚ ਭੇਜ ਦਿੱਤਾ ਸੀ, ਕੁੱਝ ਦੇ ਮੂੰਹ ਉੱਤੇ ਲਹਿਣੇਦਾਰਾਂ ਨੇ ਸਰੇ ਬਾਜ਼ਾਰ ਥੱਪੜ ਮਾਰੇ ਸਨ, ਕੁੱਝ ਦੀਆਂ ਬੀਵੀਆਂ ਨੂੰ ਕੁਰਕੀ ਕਰਨ ਵਾਲੇ ਉਠਾ ਕੇ ਲੈ ਗਏ ਅਤੇ ਕੁੱਝ ਦੇ ਵਿਚਾਰੇ ਬੁੱਢੇ ਮਾਂ ਬਾਪ, ਸੂਦਖੋਰਾਂ ਦੇ ਹੱਥੋਂ ਤੰਗ ਆ ਕੇ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋ ਗਏ ਸਨ। ਉਹ ਪਹਿਲਾਂ ਤਾਂ ਕਦੇ ਇੰਨੇ ਖ਼ੌਫ਼ਜ਼ਦਾ ਨਹੀਂ ਸਨ ਅਤੇ ਨਾ ਹੀ ਏਨੇ ਖੂੰਖਾਰ, ਜਿੰਨੇ ਕਿ ਉਹ ਕੱਲ੍ਹ ਵਿਖਾਈ ਦੇ ਰਹੇ ਸਨ।

ਸਭ ਤੋਂ ਅਲੋਕਾਰ ਗੱਲ ਤਾਂ ਇਹ ਸੀ ਕਿ ਕੱਲ੍ਹ, ਗਲੀ ਵਿੱਚ ਇੱਕ ਔਰਤ ਆਪਣੇ ਬੱਚੇ ਨੂੰ ਮਾਰ ਰਹੀ ਸੀ ਅਤੇ ਕਹਿ ਰਹੀ ਸੀ; “ਛੋਟੇ ਸ਼ੈਤਾਨ, ਮੈਂ ਤੇਰੀਆਂ ਬੋਟੀਆਂ ਨੋਚ ਕੇ ਖਾ ਜਾਵਾਂਗੀ...। ਤਾਂ ਮੇਰਾ ਗੁੱਸਾ ਠੰਡਾ ਹੋਵੇਗਾ”। ਕੁੱਟ ਮਾਰ ਉਹ ਆਪਣੇ ਬੱਚੇ ਨੂੰ ਰਹੀ ਸੀ ਪਰ ਵੇਖੀ ਮੈਨੂੰ ਜਾਂਦੀ ਸੀ। ਮੈਂ ਕੰਬ ਉਠਿਆ ਅਤੇ ਬੌਂਦਲ ਗਿਆ। ਉਦੋਂ ਉਹ ਹਰੇ ਚਿਹਰਿਆਂ ਅਤੇ ਲੰਬੇ ਦੰਦਾਂ ਵਾਲੇ ਲੋਕ ਮੇਰੀ ਖਿੱਲੀ ਉਡਾਉਣ ਲੱਗੇ। ਬਾਬਾ ਚੇਂਨ ਜਲਦੀ ਨਾਲ ਅੱਗੇ ਵਧਿਆ ਅਤੇ ਮੈਨੂੰ ਘਸੀਟਦਾ ਹੋਇਆ ਘਰ ਲੈ ਗਿਆ।

ਜਦੋਂ ਉਹ ਘਸੀਟਦਾ ਹੋਇਆ ਮੈਨੂੰ ਘਰ ਲੈ ਗਿਆ ਤਾਂ ਘਰ ਵਾਲਿਆਂ ਨੇ ਇਸ ਤਰ੍ਹਾਂ ਜ਼ਾਹਰ ਕੀਤਾ ਜਿਵੇਂ ਉਹ ਮੈਨੂੰ ਜਾਣਦੇ ਹੀ ਨਾ ਹੋਣ; ਉਨ੍ਹਾਂ ਦੀਆਂ ਨਿਗਾਹਾਂ ਵੀ ਉਵੇਂ ਹੀ ਸਨ ਜਿਹੋ ਜੇਹੀਆਂ ਦੂਜੇ ਲੋਕਾਂ ਦੀਆਂ। ਅਤੇ ਜਦੋਂ ਮੈਂ, ਸਟਡੀ ਵਿੱਚ ਗਿਆ ਤਾਂ ਉਨ੍ਹਾਂ ਨੇ ਬਾਹਰੋਂ ਬੂਹੇ ਨੂੰ ਜਿੰਦਰਾ ਲਗਾ ਦਿੱਤਾ ਜਿਵੇਂ ਕਿਸੇ ਮੁਰਗੀ ਜਾਂ ਬੱਤਖ਼ ਨੂੰ ਖੁੱਡੇ ਵਿੱਚ ਬੰਦ ਕੀਤਾ ਜਾਂਦਾ ਹੈ। ਇਸ ਘਟਨਾ ਨੇ ਮੈਨੂੰ ਹੋਰ ਵੀ ਪਰੇਸ਼ਾਨ ਕਰ ਦਿੱਤਾ।

ਕੁਝ ਦਿਨ ਪਹਿਲਾਂ, ਬਘਿਆੜ-ਬੱਚਾ ਪਿੰਡ ਤੋਂ ਸਾਡਾ ਇੱਕ ਮੁਜ਼ਾਰਾ ਇਹ ਖ਼ਬਰ ਲੈ ਕੇ ਆਇਆ ਕਿ ਇਸ ਵਾਰ ਫਸਲਾਂ ਬਿਲਕੁਲ ਤਬਾਹ ਹੋ ਗਈਆਂ ਸਨ। ਫਿਰ ਉਸਨੇ ਮੇਰੇ ਭਰਾ ਨੂੰ ਇਹ ਵੀ ਦੱਸਿਆ ਕਿ ਉਸ ਪਿੰਡ ਦੇ ਲੋਕਾਂ ਨੇ ਇੱਕ ਬਦਨਾਮ ਸ਼ਖਸ ਨੂੰ ਇੰਨਾ ਮਾਰਿਆ ਕਿ ਉਹ ਮਰ ਗਿਆ। ਫਿਰ ਕੁੱਝ ਲੋਕਾਂ ਨੇ ਉਸ ਦਾ ਦਿਲ ਅਤੇ ਕਲੇਜਾ ਬਾਹਰ ਕੱਢਿਆ ਅਤੇ ਉਸਨੂੰ ਤੇਲ ਵਿੱਚ ਤਲ਼ ਕੇ ਵੰਡ ਕੇ ਖਾ ਗਏ ਤਾਂ ਕਿ ਉਨ੍ਹਾਂ ਦੀ ਹਿੰਮਤ ਵਿੱਚ ਵਾਧਾ ਹੋ ਸਕੇ। ਮੈਂ ਜਦੋਂ, ਦਖ਼ਲ ਦੇਣਾ ਚਾਹਿਆ ਤਾਂ ਮੁਜ਼ਾਰੇ ਅਤੇ ਮੇਰੇ ਭਰਾ, ਦੋਨਾਂ ਨੇ ਮੈਨੂੰ ਘੂਰ ਕੇ ਦੇਖਿਆ। ਮੈਨੂੰ ਅੱਜ ਹੀ ਇਹ ਅਹਿਸਾਸ ਹੋਇਆ ਹੈ ਕਿ ਉਸ ਵਕਤ ਉਸ ਦੀਆਂ ਨਿਗਾਹਾਂ ਵਿੱਚ ਵੀ ਉਹੀ ਕੁੱਝ ਸੀ ਜੋ ਬਾਹਰ ਦੇ ਲੋਕਾਂ ਦੀਆਂ ਨਿਗਾਹਾਂ ਵਿੱਚ ਸੀ।

ਮੈਂ ਜਦੋਂ ਵੀ ਇਸ ਬਾਰੇ ਸੋਚਦਾ ਹਾਂ ਤਾਂ ਮੈਨੂੰ ਸਿਰ ਤੋਂ ਪੈਰਾਂ ਤੱਕ ਕਾਂਬਾ ਛਿੜ ਜਾਂਦਾ ਹੈ।

ਉਹ ਬੰਦਿਆਂ ਨੂੰ ਖਾਂਦੇ ਹਨ, ਤਾਂ ਉਹ ਮੈਨੂੰ ਵੀ ਖਾ ਸਕਦੇ ਹਨ।

ਮੈਨੂੰ ਲੱਗਦਾ ਹੈ ਕਿ ਔਰਤ ਨੇ ਜੋ ਕਿਹਾ, “ਤੇਰੀਆਂ ਬੋਟੀਆਂ ਨੋਚ ਕੇ ਖਾ ਜਾਊਂਗੀ,” ਹਰੇ ਚਿਹਰਿਆਂ ਅਤੇ ਲੰਬੇ ਦੰਦਾਂ ਵਾਲੇ ਲੋਕ, ਬੀਤੇ ਦਿਨ ਮੁਜ਼ਾਰੇ ਦੀ ਦੱਸੀ ਕਹਾਣੀ, ਯਕੀਨਨ ਗੁਪਤ ਇਸ਼ਾਰੇ ਹਨ। ਮੈਂ ਉਨ੍ਹਾਂ ਦੀ ਗੱਲਾਂ ਵਿੱਚ ਜ਼ਹਿਰ ਅਤੇ ਉਨ੍ਹਾਂ ਦੇ ਠਹਾਕਿਆਂ ਵਿੱਚ ਛੁਪੇ ਖ਼ੰਜਰਾਂ ਨੂੰ ਮਹਿਸੂਸ ਕਰ ਸਕਦਾ ਹਾਂ। ਉਨ੍ਹਾਂ ਦੇ ਦੰਦ ਚਿੱਟੇ ਅਤੇ ਚਮਕੀਲੇ ਹਨ; ਉਹ ਸਭ ਆਦਮਖ਼ੋਰ ਹਨ। ਮੈਂ, ਭਾਵੇਂ ਬੁਰਾ ਆਦਮੀ ਨਹੀਂ ਹਾਂ, ਪਰ ਮੈਨੂੰ ਲੱਗਦਾ ਹੈ ਕਿ ਜਦੋਂ ਤੋਂ ਮੈਂ ਮਿਸਟਰ ਕੂ ਦੇ ਕਾਗ਼ਜ਼ਾਂ ਨੂੰ ਮਿੱਧ ਬੈਠਿਆ ਸੀ, ਮੈਂ ਉਦੋਂ ਤੋਂ ਬੇਯਕੀਨੀ ਦਾ ਸ਼ਿਕਾਰ ਹਾਂ। ਲੱਗਦਾ ਹੈ ਉਨ੍ਹਾਂ ਦੇ ਕੋਲ ਅਜਿਹੇ ਭੇਤ ਹਨ, ਜਿਨ੍ਹਾਂ ਦਾ ਮੈਂ ਅੰਦਾਜ਼ਾ ਨਹੀਂ ਲਗਾ ਸਕਦਾ ਅਤੇ ਇੱਕ ਵਾਰ ਜਦੋਂ ਉਹ ਗੁੱਸੇ ਹੋ ਜਾਂਦੇ ਹਨ ਤਾਂ ਉਹ ਕਿਸੇ ਨੂੰ ਵੀ ਮਾੜਾ ਬੰਦਾ ਕਹਿ ਦੇਣਗੇ। ਮੈਨੂੰ ਯਾਦ ਹੈ ਕਿ ਜਦੋਂ ਮੇਰਾ ਵੱਡਾ ਭਰਾ ਮੈਨੂੰ ਲੇਖ ਲਿਖਣਾ ਸਿਖਾ ਰਿਹਾ ਸੀ ਤਾਂ ਚਾਹੇ ਕੋਈ ਬੰਦਾ ਕਿੰਨਾ ਹੀ ਅੱਛਾ ਕਿਉਂ ਨਾ ਹੁੰਦਾ ਪਰ ਮੈਂ ਉਸ ਦੀਆਂ ਬੁਰਾਈਆਂ ਪੇਸ਼ ਕਰਦਾ ਤਾਂ ਉਹ ਉਸ ਪੈਰੇ ਉੱਤੇ ਨਿਸ਼ਾਨ ਲਗਾ ਕੇ ਆਪਣੀ ਸਹਿਮਤੀ ਦਾ ਪਰਗਟਾ ਕਰਦਾ; ਪਰ ਜਦੋਂ ਮੈਂ ਪਾਪੀਆਂ ਨੂੰ ਨਜ਼ਰਅੰਦਾਜ ਕਰ ਦਿੰਦਾ ਤਾਂ ਉਹ ਕਿਹਾ ਕਰਦਾ; “ਇਹ ਤੇਰੇ ਲਈ ਅੱਛਾ ਹੈ, ਇਹੀ ਮੌਲਿਕਤਾ ਹੈ।” ਮੈਂ ਉਨ੍ਹਾਂ ਦੀਆਂ ਗੁਪਤ ਸੋਚਾਂ ਦਾ ਅੰਦਾਜ਼ਾ ਕਿਵੇਂ ਲਗਾ ਸਕਦਾ ਹਾਂ…, ਖ਼ਾਸ ਕਰ ਉਸ ਵਕ਼ਤ, ਜਦੋਂ ਉਹ ਲੋਕਾਂ ਨੂੰ ਖਾਣ ਲਈ ਤਿਆਰ ਬੈਠੇ ਹੋਣ।

ਜੇਕਰ ਕੋਈ ਬੰਦਾ ਸਮਝਣਾ ਚਾਹੇ ਤਾਂ ਉਸਨੂੰ ਗੰਭੀਰਤਾ ਨਾਲ ਗ਼ੌਰ ਕਰਨ ਦੀ ਜ਼ਰੂਰਤ ਹੈ। ਜੇਕਰ ਮੈਂ ਯਾਦ ਕਰਾਂ ਤਾਂ ਪੁਰਾਣੇ ਜ਼ਮਾਨੇ ਵਿੱਚ ਲੋਕ ਅਕਸਰ ਲੋਕਾਂ ਨੂੰ ਖਾ ਲੈਂਦੇ ਸਨ, ਪਰ ਮੈਂ ਇਸ ਬਾਰੇ ਸਪਸ਼ਟ ਨਹੀਂ ਹਾਂ। ਮੈਂ ਇਸ ਬਾਰੇ ਘੋਖ ਕਰਨੀ ਚਾਹੀ, ਪਰ ਮੇਰੇ ਇਤਿਹਾਸ ਦਾ ਕੋਈ ਸਿਰ ਪੈਰ ਨਹੀਂ ਹੈ ਅਤੇ ਹਰ ਸਫ਼ੇ ਉੱਤੇ ਬਸ ਇਹੀ ਦੋ ਸ਼ਬਦ ਲਿਖੇ ਹੋਏ ਹਨ; ਨੇਕੀ ਅਤੇ ਨੈਤਿਕਤਾ। ਮੈਨੂੰ ਨੀਂਦ ਨਹੀਂ ਆ ਰਹੀ ਸੀ, ਇਸ ਲਈ ਮੈਂ ਜਾਣ ਬੁਝ ਕੇ ਅੱਧੀ ਰਾਤ ਤੱਕ ਪੜ੍ਹਦਾ ਰਿਹਾ। ਅੰਤ ਮੈਨੂੰ ਸਤਰਾਂ ਦੇ ਵਿੱਚਕਾਰ ਲਿਖਿਆ ਨਜ਼ਰ ਆਉਣ ਲੱਗਾ। ਸਾਰੀ ਕਿਤਾਬ ਹੀ ਇਨ੍ਹਾਂ ਚਹੁੰ ਸ਼ਬਦਾਂ ਨਾਲ ਭਰੀ ਹੋਈ ਸੀ... “ਲੋਕਾਂ ਨੂੰ ਖਾ ਲਓ।”

ਕਿਤਾਬ ਵਿੱਚ ਲਿਖੇ ਸਾਰੇ ਸ਼ਬਦ, ਸਾਡੇ ਮੁਜ਼ਾਰੇ ਦੇ ਕਹੇ ਸਾਰੇ ਸ਼ਬਦ, ਪਹੇਲੀਨੁਮਾ ਮੁਸਕਰਾਹਟ ਦੇ ਨਾਲ ਉਨ੍ਹਾਂ ਦੀ ਅਜੀਬ ਜਿਹੀ ਤੱਕਣੀ, ਇਸ ਸਭ ਦਾ ਕੀ ਮਤਲਬ ਸੀ।

ਮੈਂ ਵੀ ਤਾਂ ਲੋਕਾਂ ਵਿੱਚੋਂ ਇੱਕ ਹਾਂ ਅਤੇ ਉਹ ਮੈਨੂੰ ਖਾਣਾ ਚਾਹੁੰਦੇ ਹਨ।

IV ਸਵੇਰੇ ਸਵੇਰੇ ਮੈਂ ਕੁੱਝ ਦੇਰ ਲਈ ਚੁੱਪ ਬੈਠਾ ਰਿਹਾ। ਬਾਬਾ ਚੇਂਨ ਮੇਰੇ ਲਈ ਖਾਣਾ ਲੈ ਕੇ ਅੰਦਰ ਆਇਆ; ਇੱਕ ਕੌਲੀ ਸਬਜੀਆਂ ਦੀ ਸੀ ਜਦੋਂ ਕਿ ਦੂਜੇ ਵਿੱਚ ਭਾਫ ਨਾਲ ਪਕਾਈ ਮੱਛੀ ਸੀ। ਮੱਛੀ ਦੀਆਂ ਅੱਖਾਂ ਬੱਗੀਆਂ ਅਤੇ ਸਖ਼ਤ ਸਨ ਅਤੇ ਉਸ ਦਾ ਮੂੰਹ, ਐਨ ਉਨ੍ਹਾਂ ਲੋਕਾਂ ਦੀ ਤਰ੍ਹਾਂ ਖੁੱਲ੍ਹਿਆ ਹੋਇਆ ਸੀ ਜੋ ਲੋਕਾਂ ਨੂੰ ਖਾਣਾ ਚਾਹੁੰਦੇ ਸਨ। ਕੁਝ ਬੁਰਕੀਆਂ ਖਾਣ ਦੇ ਬਾਅਦ ਮੈਂ ਇਸ ਯੋਗ ਨਾ ਰਿਹਾ ਕਿ ਦੱਸ ਸਕਾਂ ਕਿ ਚੀਕਣੀਆਂ ਬੋਟੀਆਂ ਮੱਛੀ ਦੀਆਂ ਸਨ ਜਾਂ ਇਨਸਾਨੀ ਗੋਸ਼ਤ ਦੀਆਂ। ਇਸ ਲਈ ਮੈਂ ਸਭ ਬਾਹਰ ਉਗਲ ਦਿੱਤਾ।

ਮੈਂ ਕਿਹਾ, ਬਾਬਾ ਚੇਂਨ ਮੇਰੇ ਭਰਾ ਨੂੰ ਦੱਸ ਕਿ ਮੈਨੂੰ ਲੱਗਦਾ ਹੈ ਜਿਵੇਂ ਮੇਰਾ ਦਮ ਘੁੱਟ ਰਿਹਾ ਹੈ ਅਤੇ ਇਹ ਵੀ ਕਿ ਮੈਂ ਬਾਗ਼ ਵਿੱਚ ਸੈਰ ਕਰਨੀ ਚਾਹੁੰਦਾ ਹਾਂ। ਬਾਬਾ ਚੇਂਨ ਖ਼ਾਮੋਸ਼ ਰਿਹਾ ਅਤੇ ਬਾਹਰ ਚਲਾ ਗਿਆ। ਉਹ ਫਿਰ ਵਾਪਸ ਆਇਆ ਅਤੇ ਉਸਨੇ ਦਰਵਾਜ਼ਾ ਖੋਲ੍ਹ ਦਿੱਤਾ।

ਮੈਂ ਹਿੱਲਿਆ ਨਹੀਂ, ਮੈਨੂੰ ਲੱਗ ਰਿਹਾ ਸੀ ਕਿ ਉਨ੍ਹਾਂ ਨੇ ਮੈਨੂੰ ਬਾਹਰ ਜਾਣ ਨਹੀਂ ਦੇਣਾ। ਇਸ ਲਈ ਮੈਂ ਇਹ ਵੇਖਦਾ ਰਿਹਾ ਕਿ ਉਨ੍ਹਾਂ ਨੇ ਮੇਰੇ ਨਾਲ ਕੀ ਸਲੂਕ ਕਰਨਾ ਸੀ। ਮੇਰਾ ਅੰਦਾਜ਼ਾ ਦਰੁਸਤ ਸੀ ਮੇਰਾ ਵੱਡਾ ਭਰਾ ਸਹਿਜੇ ਸਹਿਜੇ ਚੱਲਦਾ ਹੋਇਆ ਆਇਆ। ਉਸ ਦੇ ਪਿੱਛੇ ਇੱਕ ਬੁੱਢਾ ਆਦਮੀ ਸੀ। ਉਸ ਦੀਆਂ ਅੱਖਾਂ ਵਿੱਚ ਇੱਕ ਕਾਤਿਲਾਨਾ ਚਮਕ ਸੀ ਅਤੇ ਉਸਨੂੰ ਡਰ ਸੀ ਕਿ ਮੈਂ ਕਿਤੇ ਇਹ ਵੇਖ ਨਾ ਲਵਾਂ, ਇਸ ਲਈ ਉਸਨੇ ਆਪਣਾ ਸਿਰ ਝੁਕਾਇਆ ਹੋਇਆ ਸੀ ਅਤੇ ਉਹ ਨਿਗਾਹਾਂ ਚੁਰਾ ਕੇ, ਐਨਕ ਦੇ ਕੋਨਿਆਂ ਤੋਂ ਮੈਨੂੰ ਵੇਖ ਰਿਹਾ ਸੀ।

"ਅੱਜ ਤੂੰ ਕਾਫ਼ੀ ਬਿਹਤਰ ਵਿਖਾਈ ਦੇ ਰਿਹਾ ਹੈਂ,” ਮੇਰੇ ਭਰਾ ਨੇ ਕਿਹਾ।

" ਹਾਂ,” ਮੈਂ ਜਵਾਬ ਦਿੱਤਾ।

" ਮੈਂ ਮਿਸਟਰ ਹੋ ਨੂੰ ਬੁਲਾਇਆ ਹੈ,” ਮੇਰੇ ਭਰਾ ਨੇ ਕਿਹਾ, “ਤਾਂ ਕਿ ਉਹ ਤੇਰਾ ਮੁਆਇਨਾ ਕਰੇ।”

" ਠੀਕ ਹੈ,” ਮੈਂ ਕਿਹਾ। ਮੈਨੂੰ ਅਸਲ ਵਿੱਚ ਇਹ ਚੰਗੀ ਤਰ੍ਹਾਂ ਪਤਾ ਸੀ ਕਿ ਇਹ ਬੁੱਢਾ, ਵੈਦ ਦੇ ਰੂਪ ਵਿੱਚ ਇੱਕ ਜੱਲਾਦ ਸੀ ਉਸਨੇ ਇਹ ਦੇਖਣ ਲਈ ਕਿ ਮੈਂ ਕਿੰਨਾ ਮੋਟਾ ਸੀ, ਮੇਰੀ ਨਬਜ਼ ਦੇਖਣ ਦਾ ਬਹਾਨਾ ਬਣਾਇਆ। ਉਹ ਅਜਿਹਾ ਇਸ ਲਈ ਕਰ ਰਿਹਾ ਸੀ ਕਿ ਜਾਣ ਸਕੇ ਕਿ ਮੇਰੇ ਗੋਸ਼ਤ ਵਿੱਚੋਂ ਉਸਨੂੰ ਕਿੰਨਾ ਹਿੱਸਾ ਮਿਲਣਾ ਸੀ। ਮੈਂ ਫਿਰ ਵੀ ਨਾ ਡਰਿਆ। ਚਾਹੇ ਮੈਂ ਆਦਮਖ਼ੋਰ ਨਹੀਂ ਹਾਂ ਪਰ ਮੇਰੀ ਹਿੰਮਤ ਉਨ੍ਹਾਂ ਨਾਲੋਂ ਕਿਤੇ ਜ਼ਿਆਦਾ ਹੈ। ਮੈਂ ਆਪਣੇ ਹੱਥਾਂ ਨੂੰ ਮੁੱਕਿਆਂ ਦੀ ਸ਼ਕਲ ਦਿੱਤੀ ਅਤੇ ਉਨ੍ਹਾਂ ਨੂੰ ਅੱਗੇ ਕੀਤਾ, ਤਾਂਕਿ ਵੇਖ ਸਕਾਂ ਕਿ ਉਸ ਨੇ ਕੀ ਕਰਨਾ ਸੀ। ਬੁੱਢਾ ਬੈਠ ਗਿਆ, ਉਸਨੇ ਆਪਣੀਆਂ ਅੱਖਾਂ ਬੰਦ ਕੀਤੀਆਂ, ਕੁੱਝ ਦੇਰ ਮੈਨੂੰ ਟਟੋਲਿਆ ਅਤੇ ਫਿਰ ਕੁੱਝ ਦੇਰ ਅਹਿੱਲ ਬੈਠਾ ਰਿਹਾ। ਫਿਰ ਉਸਨੇ ਆਪਣੀਆਂ ਚੋਰ ਅੱਖਾਂ ਖੋਲ੍ਹੀਆਂ ਅਤੇ ਬੋਲਿਆ, “ਖ਼ੁਦ ਤੇ ਕਾਬੂ ਰੱਖ ਅਤੇ ਆਪਣੀਆਂ ਸੋਚਾਂ ਨੂੰ ਬੰਨ੍ਹ ਮਾਰ। ਕੁੱਝ ਦਿਨ ਚੁੱਪਚਾਪ ਆਰਾਮ ਕਰ ਅਤੇ ਫਿਰ ਤੂੰ ਠੀਕ ਹੋ ਜਾਵੇਂਗਾ।”

ਖ਼ੁਦ ਤੇ ਕਾਬੂ ਰੱਖ ਅਤੇ ਆਪਣੀਆਂ ਸੋਚਾਂ ਨੂੰ ਬੰਨ੍ਹ ਮਾਰ। ਕੁੱਝ ਦਿਨ ਚੁੱਪਚਾਪ ਆਰਾਮ ਕਰ! ਜਦੋਂ ਮੈਂ ਮੋਟਾ ਹੋ ਗਿਆ ਕੁਦਰਤੀ ਤੌਰ ਤੇ ਉਨ੍ਹਾਂ ਨੂੰ ਖਾਣ ਨੂੰ ਜ਼ਿਆਦਾ ਮਿਲਣਾ ਸੀ। ਪਰ ਇਸ ਨੇ ਮੇਰਾ ਭਲਾ ਕੀ ਕਰਨਾ ਸੀ ਅਤੇ ਮੈਂ ਕਿਵੇਂ ਠੀਕ ਹੋਣਾ ਸੀ? ਇਹ ਸਾਰੇ ਲੋਕ ਇਨਸਾਨੀ ਗੋਸ਼ਤ ਖਾਣਾ ਚਾਹੁੰਦੇ ਹਨ ਅਤੇ ਨਾਲ ਹੀ ਮੱਕਾਰ ਬਣ ਕੇ ਆਪਣਾ ਪ੍ਰਗਟ ਰੂਪ ਬਰਕ਼ਰਾਰ ਰੱਖਣਾ ਚਾਹੁੰਦੇ ਹਨ। ਫ਼ੌਰੀ ਅਮਲ ਕਰਨ ਦੀ ਜੁਰਅਤ ਵੀ ਨਹੀਂ ਹੈ। ਇਸ ਮੱਕਾਰੀ ਨੂੰ ਵੇਖਕੇ ਮੈਂ ਆਪਣੀ ਹਾਸੀ ਨਾ ਰੋਕ ਸਕਿਆ ਅਤੇ ਆਪਣੇ ਠਹਾਕਿਆਂ ਉੱਤੇ ਕਾਬੂ ਨਾ ਪਾ ਸਕਿਆ। ਮੇਰੇ ਲਈ ਇਹ ਮਨਪਰਚਾਵਾ ਸੀ। ਮੈਨੂੰ ਪਤਾ ਸੀ ਕਿ ਮੇਰੇ ਇਸ ਤਰ੍ਹਾਂ ਹੱਸਣ ਵਿੱਚ ਮੇਰਾ ਸੱਚ ਅਤੇ ਹਿੰਮਤ ਝਲਕ ਰਹੀ ਸੀ। ਮੇਰੇ ਸੱਚ ਅਤੇ ਹਿੰਮਤ ਤੋਂ ਡਰ ਕੇ ਬੁੱਢੇ ਹੋ ਅਤੇ ਮੇਰੇ ਭਰਾ ਦੇ ਚਿਹਰੇ ਜ਼ਰਦ ਪੈ ਗਏ।

ਐਪਰ ਮੈਂ, ਜ਼ਿਆਦਾ ਦਲੇਰ ਹਾਂ, ਇਸ ਲਈ ਉਨ੍ਹਾਂ ਦੀ ਖਾਹਿਸ਼ ਹੈ ਕਿ ਉਹ ਮੈਨੂੰ ਛੇਤੀ ਤੋਂ ਛੇਤੀ ਖਾ ਲੈਣ ਤਾਂ ਕਿ ਉਨ੍ਹਾਂ ਨੂੰ ਮੇਰੀ ਹਿੰਮਤ ਅਤੇ ਦਲੇਰੀ ਵਿੱਚੋਂ ਕੁੱਝ ਤਾਂ ਮਿਲ ਸਕੇ। ਬੁੱਢਾ ਦਰਵਾਜ਼ੇ ਤੋਂ ਬਾਹਰ ਨਿਕਲ ਗਿਆ ਪਰ ਇਸ ਤੋਂ ਪਹਿਲਾਂ ਕਿ ਉਹ ਜ਼ਿਆਦਾ ਦੂਰ ਜਾਂਦਾ, ਉਸਨੇ ਹੌਲੀ ਆਵਾਜ਼ ਵਿੱਚ ਮੇਰੇ ਭਰਾ ਨੂੰ ਕਿਹਾ, “ਫ਼ੌਰੀ ਖਾਣ ਦੀ ਜ਼ਰੂਰਤ ਹੈ,” ਅਤੇ ਮੇਰੇ ਭਰਾ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ। ਤਾਂ ਤੂੰ ਵੀ ਇਸ ਵਿੱਚ ਸ਼ਾਮਿਲ ਹੈਂ। ਇਹ ਵੱਡਾ ਅਤੇ ਖੌਫਨਾਕ ਇੰਕਸ਼ਾਫ਼, ਮੇਰੇ ਲਈ ਇੱਕ ਝਟਕੇ ਦਾ ਕਾਰਨ ਤਾਂ ਬਣਿਆ ਪਰ ਇਹ ਇੰਨਾ ਤੀਖਣ ਨਹੀਂ ਸੀ, ਜਿੰਨਾ ਮੈਨੂੰ ਡਰ ਸੀ ; ਕਿ ਮੈਨੂੰ ਖਾਣ ਦੇ ਅਮਲ ਵਿੱਚ ਮੇਰਾ ਭਰਾ ਵੀ ਸ਼ਾਮਿਲ ਸੀ ਮੇਰਾ ਵੱਡਾ ਭਰਾ ਵੀ ਆਦਮਖ਼ੋਰ ਹੈ। ਮੈਂ ਇੱਕ ਆਦਮਖ਼ੋਰ ਦਾ ਛੋਟਾ ਭਰਾ ਹਾਂ। ਭਲੇ ਹੀ, ਮੈਨੂੰ ਦੂਜੇ ਲੋਕ ਖਾ ਜਾਣ ਪਰ ਇਹ ਵੀ ਤਾਂ ਹੈ ਕਿ ਮੈਂ ਇੱਕ ਆਦਮਖ਼ੋਰ ਦਾ ਛੋਟਾ ਭਰਾ ਹਾਂ।

V

ਬੀਤੇ ਕੁਝ ਦਿਨਾਂ ਤੋਂ, ਮੈਂ ਫਿਰ ਸੋਚ ਰਿਹਾ ਹਾਂ; ਫ਼ਰਜ਼ ਕੀਤਾ ਕਿ ਬੁੱਢਾ ਬਹਰੂਪੀਆ ਨਹੀਂ, ਜੱਲਾਦ ਨਹੀਂ, ਇੱਕ ਹਕੀਕੀ ਡਾਕਟਰ ਸੀ; ਫਿਰ ਵੀ ਉਹ ਆਦਮਖ਼ੋਰ ਤਾਂ ਸੀ ਹੀ। ਜੜੀ ਬੂਟੀਆਂ ਦੀ ਕਿਤਾਬ ਜਿਸ ਨੂੰ ਉਸ ਦੇ ਹੀ ਇੱਕ ਵਡਾਰੂ ਲੀ ਸ਼ੀ ਚੇਂਨ ਨੇ ਲਿਖਿਆ ਸੀ, ਵਿੱਚ ਸਾਫ਼ ਸਾਫ਼ ਲਿਖਿਆ ਹੈ ਕਿ ਇਨਸਾਨੀ ਗੋਸ਼ਤ ਨੂੰ ਉਬਾਲਿਆ ਜਾ ਸਕਦਾ ਹੈ ਅਤੇ ਖਾਧਾ ਜਾ ਸਕਦਾ ਹੈ; ਤਾਂ ਕੀ ਉਹ ਅਜੇ ਵੀ ਇਹ ਕਹਿ ਸਕਦਾ ਹੈ ਕਿ ਉਹ ਆਦਮਖ਼ੋਰ ਨਹੀਂ ਹੈ।

ਜਿੱਥੋਂ ਤੱਕ ਮੇਰੇ ਵੱਡੇ ਭਰਾ ਦੀ ਗੱਲ ਹੈ, ਮੇਰੇ ਕੋਲ ਉਸ ਉੱਤੇ ਸ਼ੱਕ ਕਰਨ ਦੇ ਵੀ ਕਈ ਕਾਰਨ ਹਨ। ਜਦੋਂ ਉਹ ਮੈਨੂੰ ਪੜ੍ਹਾਇਆ ਕਰਦਾ ਸੀ ਤਾਂ ਉਸਨੇ ਆਪਣੇ ਮੂੰਹੋਂ ਕਿਹਾ ਸੀ; ਲੋਕ ਆਪਣੇ ਬੇਟੇ ਆਪਸ ਵਿੱਚ ਬਦਲ ਲੈਂਦੇ ਹਨ ਤਾਂ ਕਿ ਉਨ੍ਹਾਂ ਨੂੰ ਖਾ ਸਕਣ। ਅਤੇ ਫਿਰ ਇੱਕ ਵਾਰ ਇੱਕ ਬੁਰੇ ਬੰਦੇ ਦੀ ਗੱਲ ਕਰਦੇ ਹੋਏ, ਉਸਨੇ ਕਿਹਾ ਸੀ ਕਿ ਉਹ ਨਾ ਸਿਰਫ ਇਸ ਲਾਇਕ ਸੀ ਕਿ ਉਸਨੂੰ ਮਾਰ ਦਿੱਤਾ ਜਾਵੇ ਸਗੋਂ ਉਸ ਦਾ ਗੋਸ਼ਤ ਵੀ ਖਾਧਾ ਜਾਵੇ ਅਤੇ ਉਸ ਦੀ ਖੱਲ੍ਹ ਤੋਂ ਸੌਣ ਵੇਲੇ ਉੱਪਰ ਲੈਣ ਦਾ ਕੰਮ ਲਿਆ ਜਾਵੇ। ਮੈਂ ਉਦੋਂ ਅਜੇ ਛੋਟਾ ਸੀ ਅਤੇ ਮੇਰਾ ਦਿਲ ਕੁੱਝ ਦੇਰ ਲਈ ਤੇਜ਼ ਤੇਜ਼ ਧੜਕਦਾ ਰਿਹਾ ਸੀ। ਮੇਰਾ ਭਰਾ, ਇਸ ਕਹਾਣੀ ਤੇ ਵੀ ਹੈਰਾਨ ਨਹੀਂ ਹੋਇਆ ਸੀ ਜਦੋਂ ਅਗਲੇ ਦਿਨ ਬਘਿਆੜ-ਬੱਚਾ ਪਿੰਡ ਤੋਂ ਆਏ ਸਾਡੇ ਮੁਜ਼ਾਰੇ ਨੇ ਇੱਕ ਬੰਦੇ ਦ ਕਲੇਜੇ ਅਤੇ ਦਿਲ ਖਾਣ ਸੰਬੰਧੀ ਦੱਸਿਆ ਸੀ। ਉਹ ਤਾਂ ਬਸ ਸਿਰ ਹੀ ਹਿਲਾਂਦਾ ਰਿਹਾ ਸੀ। ਇਸ ਤੋਂ ਸਾਫ਼ ਹੈ ਕਿ ਉਹ ਹੁਣ ਵੀ ਓਨਾ ਹੀ ਨਿਰਦਈ ਹੈ ਜਿਨ੍ਹਾਂ ਕਿ ਪਹਿਲਾਂ ਸੀ। ਅਤੇ ਜਿਵੇਂ ਕ‌ਿ ਇਹ ਸੰਭਵ ਹੈ ਕਿ ਬੇਟਿਆਂ ਦਾ ਤਬਾਦਲਾ ਕਰ ਲਿਆ ਜਾਵੇ ਤਾਂ ਜੋ ਉਨ੍ਹਾਂ ਨੂੰ ਖਾਧਾ ਜਾ ਸਕੇ। ਤਾਂ ਕਿਸੇ ਦਾ ਵੀ ਤਬਾਦਲਾ ਕੀਤਾ ਜਾ ਸਕਦਾ ਹੈ ਅਤੇ ਕਿਸੇ ਨੂੰ ਵੀ ਖਾਧਾ ਜਾ ਸਕਦਾ ਹੈ। ਬੀਤੇ ਵਿੱਚ, ਮੈਂ ਉਸਦੀਆਂ ਵਿਆਖਿਆਵਾਂ ਨੂੰ ਬਸ ਸੁਣਦਾ ਰਹਿੰਦਾ ਸੀ ਅਤੇ ਆਈ ਗਈ ਕਰ ਦਿੰਦਾ ਸੀ; ਪਰ ਹੁਣ, ਜਦੋਂ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ ਤਾਂ ਮੈਂ ਉਸ ਦੀ ਮਨਸ਼ਾ ਸਮਝਦਾ ਹਾਂ। ਨਾ ਸਿਰਫ਼ ਉਸ ਦੇ ਬੁੱਲ੍ਹਾਂ ਦੇ ਕੋਨਿਆਂ ਉੱਤੇ ਚੜ੍ਹੀ ਇਨਸਾਨੀ ਚਰਬੀ ਹੀ ਸਗੋਂ ਬੰਦਿਆਂ ਨੂੰ ਖਾਣ ਲਈ ਪੂਰੀ ਤਰ੍ਹਾਂ ਦ੍ਰਿੜ ਉਸ ਦਾ ਦਿਲ ਵੀ ਮੈਨੂੰ ਨਜ਼ਰ ਆਉਂਦਾ ਸੀ।

VI

ਗੂੜ੍ਹਾ ਹਨੇਰਾ। ਮੈਨੂੰ ਪਤਾ ਨਹੀਂ ਕਿ ਇਸ ਵੇਲੇ ਦਿਨ ਹੈ ਕਿ ਰਾਤ। ਚਾਓ ਘਰ ਦੇ ਪਾਲਤੂ ਕੁੱਤੇ ਨੇ ਫਿਰ ਭੋਂਕਣਾ ਸ਼ੁਰੂ ਕਰ ਦਿੱਤਾ ਹੈ।

ਸ਼ੇਰ ਦੀ ਖ਼ੂੰਖ਼ਾਰੀ, ਖ਼ਰਗੋਸ਼ ਦੀ ਬੁਜ਼ਦਿਲੀ, ਲੂੰਬੜੀ ਦੀ ਚਲਾਕੀ...

VII

ਮੈਂ ਉਨ੍ਹਾਂ ਦੇ ਤੌਰ-ਤਰੀਕੇ ਜਾਣਦਾ ਹਾਂ ; ਉਹ ਖ਼ੁਦ ਪਰੋਖ ਤੌਰ ਤੇ ਕਿਸੇ ਨੂੰ ਮਾਰਨ ਲਈ ਤਿਆਰ ਨਹੀਂ, ਉਹ ਨਤੀਜਿਆਂ ਤੋਂ ਡਰਦੇ ਇਸ ਦੀ ਹਿੰਮਤ ਨਹੀਂ ਕਰਦੇ। ਇਸ ਦੇ ਉਲਟ ਉਨ੍ਹਾਂ ਨੇ ਆਪਸ ਵਿੱਚ ਗੱਠਜੋੜ ਕਰ ਲਿਆ ਹੈ ਅਤੇ ਹਰ ਜਗ੍ਹਾ ਅਜਿਹੇ ਫੰਦੇ ਲਗਾ ਦਿੱਤੇ ਹਨ ਕਿ ਮੈਂ ਖ਼ੁਦਕੁਸ਼ੀ ਕਰਨ ਲਈ ਲਾਚਾਰ ਹੋ ਜਾਵਾਂ। ਕੁਝ ਦਿਨ ਪਹਿਲਾਂ, ਗਲੀ ਵਿੱਚ ਮਰਦਾਂ ਅਤੇ ਔਰਤਾਂ ਦਾ ਮੇਰੇ ਨਾਲ ਵਰਤਾਓ ਅਤੇ ਪਿਛਲੇ ਕੁਝ ਦਿਨਾਂ ਵਿੱਚ ਮੇਰੇ ਵੱਡੇ ਭਰਾ ਦਾ ਵਤੀਰਾ ਸਾਰੀ ਗੱਲ ਐਨ ਸਾਫ਼ ਕਰ ਦਿੰਦੇ ਹਨ। ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਇਹੀ ਪਸੰਦ ਹੈ ਕਿ ਬੰਦਾ ਆਪਣੀ ਬੈਲਟ ਉਤਾਰੇ ਅਤੇ ਖ਼ੁਦ ਹੀ ਛੱਤ ਦੇ ਸ਼ਤੀਰ ਨਾਲ ਲਟਕ ਕੇ ਆਪਣਾ ਕੰਮ ਤਮਾਮ ਕਰ ਲਵੇ; ਇਵੇਂ ਉਹ ਆਪਣੀ ਦਿੱਲੀ ਤਮੰਨਾ ਦਾ ਭਰਪੂਰ ਲੁਤਫ਼ ਵੀ ਲੈ ਸਕਣਗੇ ਅਤੇ ਕਤਲ ਦੇ ਇਲਜ਼ਾਮ ਤੋਂ ਵੀ ਬੱਚੇ ਰਹਿਣਗੇ। ਇਸ ਤਰ੍ਹਾਂ ਉਨ੍ਹਾਂ ਦੀਆਂ ਵਾਛਾਂ ਖਿੜ ਜਾਂਦੀਆਂ ਹਨ। ਉਹ ਖ਼ੂਬ ਠਹਾਕੇ ਲਗਾਉਂਦੇ ਹਨ। ਇਸ ਦੇਉਲਟ, ਜੇਕਰ ਕੋਈ ਬੰਦਾ ਖ਼ੌਫ਼ਜ਼ਦਾ ਜਾਂ ਚਿੰਤਾਤੁਰ ਰਹਿੰਦਾ ਹੈ ਅਤੇ ਮਰਨ ਵੇਲੇ ਤੱਕ ਦੁਬਲਾ ਪਤਲਾ ਹੋ ਜਾਂਦਾ ਹੈ। ਫਿਰ ਵੀ ਇਹ ਉਨ੍ਹਾਂ ਨੂੰ ਪਰਵਾਨ ਹੁੰਦਾ ਹੈ।

ਉਹ ਮੁਰਦਾਰ ਹੀ ਖਾਂਦੇ ਹਨ। ਮੈਨੂੰ ਯਾਦ ਹੈ ਕਿ ਮੈਂ ਕਿਤੇ ਇੱਕ ਭਿਆਨਕ ਜੰਗਲੀ ਦਰਿੰਦੇ ਦੇ ਬਾਰੇ ਪੜ੍ਹਿਆ ਸੀ ਜਿਸਦੀਆਂ ਨਿਗਾਹਾਂ ਬੜੀਆਂ ਗੰਦੀਆਂ ਸਨ ਅਤੇ ਉਸ ਨੂੰ ਲੱਕੜਬੱਗਾ ਕਿਹਾ ਜਾਂਦਾ ਸੀ, ਉਹ ਅਕਸਰ ਮੁਰਦਾਰ ਹੀ ਖਾਂਦਾ ਸੀ। ਉਹ ਵੱਡੀਆਂ ਹੱਡੀਆਂ ਤੱਕ ਵੀ ਚੱਬ ਜਾਂਦਾ ਅਤੇ ਉਨ੍ਹਾਂ ਨੂੰ ਨਿਗਲ ਜਾਂਦਾ। ਉਸ ਦਾ ਖ਼ਿਆਲ ਹੀ ਬੰਦੇ ਨੂੰ ਕੰਬਾ ਛੇੜ ਦੇਣ ਲਈ ਕਾਫ਼ੀ ਹੈ। ਲੱਕੜਬੱਗੇ ਬਘਿਆੜਾਂ ਦੇ ਸੰਬੰਧੀ ਹਨ ਅਤੇ ਬਘਿਆੜ ਤਿੱਖੇ ਦੰਦਾਂ ਵਾਲੇ ਮਾਸਖ਼ੋਰੇ ਕੁੱਤਿਆਂ ਵਿੱਚੋਂ ਹਨ। ਅਗਲੇ ਦਿਨ ਚਾਓ ਦੇ ਪਾਲਤੂ ਕੁੱਤੇ ਨੇ ਮੈਨੂੰ ਕਈ ਵਾਰ ਵੇਖਿਆ ਸੀ; ਸਿੱਧੀ ਗੱਲ ਹੈ ਕਿ ਉਹ ਵੀ ਮਨਸੂਬੇ ਵਿੱਚ ਸ਼ਾਮਿਲ ਹੈ ਅਤੇ ਉਨ੍ਹਾਂ ਨਾਲ ਮਿਲਿਆ ਹੋਇਆ ਹੈ। ਚਾਹੇ ਬੁਢੇ ਨੇ ਨਿਗਾਹਾਂ ਨੀਵੀਆਂ ਕੀਤੀਆਂ ਹੋਈਆਂ ਸਨ ਪਰ ਇਹ ਮੈਨੂੰ ਧੋਖਾ ਨਹੀਂ ਦੇ ਸਕਦੀਆਂ ਸਨ।

ਮੇਰਾ ਵੱਡਾ ਭਰਾ ਤਾਂ ਸਭ ਨਾਲੋਂ ਜ਼ਿਆਦਾ ਨਿਖੇਧੀ ਦਾ ਹੱਕਦਾਰ ਹੈ। ਉਹ ਵੀ ਤਾਂ ਇੱਕ ਆਦਮੀ ਹੈ, ਉਹ ਕਿਉਂ ਖ਼ੌਫ਼ਜ਼ਦਾ ਨਹੀਂ, ਅਤੇ ਉਹ ਕਿਉਂ ਦੂਸਰਿਆਂ ਦੇ ਨਾਲ ਮਿਲ ਕੇ ਮੈਨੂੰ ਖਾਣਾ ਚਾਹੁੰਦਾ ਹੈ? ਕਿਤੇ ਅਜਿਹਾ ਤਾਂ ਨਹੀਂ ਕਿ ਜਦੋਂ ਬੰਦਾ ਆਦੀ ਹੋ ਜਾਵੇ ਤਾਂ ਉਹ ਇਹ ਸੋਚਣਾ ਹੀ ਬੰਦ ਕਰ ਦਿੰਦਾ ਹੈ ਕਿ ਅਜਿਹਾ ਕਰਨਾ ਅਪਰਾਧ ਹੈ? ਜਾਂ ਕਿਤੇ ਅਜਿਹਾ ਤਾਂ ਨਹੀਂ ਕਿ ਉਸਨੇ, ਇਹ ਜਾਣਦੇ ਹੋਏ ਵੀ ਕਿ ਉਹ ਗ਼ਲਤ ਕਰ ਰਿਹਾ ਹੈ, ਆਪਣਾ ਦਿਲ ਪੱਥਰ ਦਾ ਕਰ ਲਿਆ ਹੈ।

ਮੈਂ, ਜੇਕਰ ਇਨ੍ਹਾਂ ਆਦਮਖ਼ੋਰਾਂ ਨੂੰ ਲਾਨ੍ਹਤਾਂ ਭੇਜਾਂ ਤਾਂ ਇਸ ਦੀ ਸ਼ੁਰੂਆਤ ਮੈਂ ਆਪਣੇ ਭਰਾ ਤੋਂ ਹੀ ਕਰਾਂਗਾ ਅਤੇ ਜੇਕਰ ਇਨ੍ਹਾਂ ਆਦਮਖ਼ੋਰਾਂ ਨੂੰ ਅਜਿਹਾ ਕਰਨ ਤੋਂ ਮੋੜਨ ਦੀ ਕੋਸ਼ਿਸ਼ ਕਰਾਂ ਤਾਂ ਇਸ ਦੀ ਵੀ ਸ਼ੁਰੂਆਤ ਮੈਂ ਆਪਣੇ ਭਰਾ ਤੋਂ ਹੀ ਕਰਾਂਗਾ।

VIII

ਉਨ੍ਹਾਂ ਨੂੰ ਤਾਂ, ਅਸਲ ਵਿੱਚ, ਬਹੁਤ ਪਹਿਲਾਂ ਹੀ ਇਨ੍ਹਾਂ ਦਲੀਲਾਂ ਦਾ ਕਾਇਲ ਹੋ ਜਾਣਾ ਚਾਹੀਦਾ ਹੈ ਸੀ...।

ਕੋਈ ਬੰਦਾ, ਅਚਾਨਕ ਅੰਦਰ ਆਇਆ। ਉਹ ਲੱਗਪੱਗ ਵੀਹ ਸਾਲ ਦਾ ਸੀ ਅਤੇ ਮੈਂ ਉਸ ਦੇ ਨੈਣ ਨਕਸ਼ ਠੀਕ ਤਰ੍ਹਾਂ ਵੇਖ ਨਹੀਂ ਸਕਿਆ। ਉਸ ਦੇ ਚਿਹਰੇ ਉੱਤੇ ਮੁਸਕਰਾਹਟ ਫੈਲੀ ਹੋਈ ਸੀ, ਪਰ ਜਦੋਂ ਉਸਨੇ ਮੈਨੂੰ ਸਲਾਮ ਕਰਨ ਲਈ ਸਿਰ ਝੁਕਾਇਆ ਤਾਂ ਮੈਨੂੰ ਉਸ ਦੀ ਮੁਸਕਰਾਹਟ ਨਕਲੀ ਲੱਗੀ। ਮੈਂ ਉਸ ਨੂੰ ਪੁੱਛਿਆ; “ਕੀ ਇਨਸਾਨਾਂ ਨੂੰ ਖਾਣਾ ਠੀਕ ਹੈ?”

ਉਸਨੇ ਮੁਸਕੁਰਾਂਦੇ ਹੋਏ ਹੀ ਜਵਾਬ ਦਿੱਤਾ, “ਜਦੋਂ ਕਾਲ ਨਾ ਪਿਆ ਹੋਵੇ ਤਾਂ ਭਲਾ ਕੋਈ ਇਨਸਾਨਾਂ ਨੂੰ ਕਿਵੇਂ ਖਾ ਸਕਦਾ ਹੈ?”

ਮੈਂ ਫ਼ੌਰਨ ਹੀ ਸਮਝ ਗਿਆ ਕਿ ਉਹ ਵੀ ਉਨ੍ਹਾਂ ਵਿੱਚੋਂ ਇੱਕ ਸੀ; ਪਰ ਮੈਂ ਫਿਰ ਵੀ ਹਿੰਮਤ ਨਹੀ ਹਾਰੀ ਅਤੇ ਆਪਣਾ ਸਵਾਲ ਦੁਹਰਾਇਆ।

"ਕੀ ਇਹ ਠੀਕ ਹੈ?”

"ਅਜਿਹੀ ਕਿਹੜੀ ਗੱਲ ਹੈ ਕਿ ਤੁਸੀਂ ਇਸ ਤਰ੍ਹਾਂ ਦੀ ਗੱਲ ਪੁੱਛਦੇ ਹੋ? ਤੁਸੀਂ ਦਰਅਸਲ...ਲਤੀਫ਼ਿਆਂ ਦੇ ਸ਼ੌਕੀਨ ਹੋ। ਅੱਜ ਮੌਸਮ ਬਹੁਤ ਸੁਹਣਾ ਹੈ।”

"ਹਾਂ, ਸੁਹਣਾ ਹੈ ਅਤੇ ਚੰਨ ਵੀ ਜ਼ਿਆਦਾ ਚਮਕਦਾਰ ਹੈ। ਪਰ ਮੈਂ, ਤੁਹਾਥੋਂ ਇਹ ਪੁੱਛਣਾ ਚਾਹੁੰਦਾ ਹਾਂ; ਕੀ ਇਹ ਠੀਕ ਹੈ?” ਲੱਗਦਾ ਸੀ ਕਿ ਉਹ ਘਬਰਾ ਗਿਆ ਸੀ ਅਤੇ ਇੰਨਾ ਹੀ ਬੁੜਬੁੜਾ ਸਕਿਆ ; “ਨਹੀਂ...।”

"ਨਹੀਂ? ਤਾਂ ਫਿਰ ਉਹ ਹੁਣ ਤੱਕ, ਅਜਿਹਾ ਕਿਉਂ ਕਰਦੇ ਆ ਰਹੇ ਹੋ?”

"ਤੁਸੀਂ ਕਿਵੇਂ ਦੀਆਂ ਗੱਲਾਂ ਕਰ ਰਹੇ ਹੋ?”

"ਮੈਂ ਕਿਵੇਂ ਦੀਆਂ ਗੱਲਾਂ ਕਰ ਰਿਹਾ ਹਾਂ? ਉਹ ਹੁਣ ਤੱਕ ਬਘਿਆੜ-ਬੱਚਾ ਪਿੰਡ ਵਿੱਚ ਬੰਦੇ ਖਾ ਰਹੇ ਹਨ ਅਤੇ ਤੁਸੀਂ ਵੇਖ ਸਕਦੇ ਹੋ ਕਿ ਇਹ ਤਾਜ਼ਾ ਲਾਲ ਸਿਆਹੀ ਨਾਲ, ਕਿਤਾਬਾਂ ਵਿੱਚ ਲਿਖਿਆ ਹੋਇਆ ਹੈ।”

ਉਸ ਦੇ ਚਿਹਰੇ ਦੇ ਹਾਵ ਭਾਵ ਬਦਲੇ ਅਤੇ ਉਸ ਦਾ ਚਿਹਰਾ ਡਰਾਉਣੀ ਹੱਦ ਤੱਕ ਪੀਲਾ ਪੈ ਗਿਆ।”ਸ਼ਾਇਦ ਅਜਿਹਾ ਹੀ ਹੋਵੇ।” ਉਸਨੇ ਮੈਨੂੰ ਘੂਰਦੇ ਹੋਏ ਕਿਹਾ, “ਇਹ ਕੁਝ ਹਮੇਸ਼ਾ ਤੋਂ ਹੀ ਹੁੰਦਾ ਆਇਆ ਹੈ…”

"ਕੀ ਇਹ ਇਸ ਲਈ ਠੀਕ ਹੈ ਕਿ ਅਜਿਹਾ ਹਮੇਸ਼ਾ ਤੋਂ ਹੁੰਦਾ ਆਇਆ ਹੈ?”

"ਮੈਂ ਤੁਹਾਡੇ ਨਾਲ ਇਨ੍ਹਾਂ ਚੀਜ਼ਾਂ ਬਾਰੇ ਹੋਰ ਗੱਲ ਨਹੀਂ ਕਰਾਂਗਾ। ਖੈਰ, ਤੁਹਾਨੂੰ ਅਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਜਿਹੜਾ ਕੋਈ ਵੀ ਇਸ ਬਾਰੇ ਗੱਲ ਕਰਦਾ ਹੈ ਉਹ ਗ਼ਲਤ ਕਰਦਾ ਹੈ।”

ਮੈਂ ਝਟਕੇ ਨਾਲ ਉਠਿਆ ਅਤੇ ਆਪਣੀਆਂ ਅੱਖਾਂ ਪਾੜ ਕੇ ਵੇਖਿਆ ਪਰ ਉਹ ਬੰਦਾ ਗ਼ਾਇਬ ਹੋ ਚੁੱਕਿਆ ਸੀ। ਮੈਂ ਮੁੜ੍ਹਕੇ ਵਿੱਚ ਭਿੱਜ ਗਿਆ। ਉਹ ਮੇਰੇ ਵੱਡੇ ਭਰਾ ਨਾਲੋਂ ਬਹੁਤ ਛੋਟਾ ਸੀ, ਪਰ ਫਿਰ ਵੀ ਉਹ ਉਨ੍ਹਾਂ ਵਿੱਚ ਸ਼ਾਮਿਲ ਸੀ। ਯਕੀਨਨ, ਉਸਨੂੰ, ਉਸ ਦੇ ਮਾਂ ਬਾਪ ਨੇ ਇਹ ਸਭ ਸਿਖਾਇਆ ਹੋਵੇਗਾ। ਅਤੇ ਮੈਨੂੰ ਡਰ ਹੈ ਕਿ ਉਸਨੇ ਇਹੀ ਸਬਕ ਆਪਣੇ ਬੇਟੇ ਨੂੰ ਪੜਾਇਆ ਹੋਵੇਗਾ, ਇਸ ਲਈ ਤਾਂ ਬੱਚੇ ਵੀ ਮੈਨੂੰ ਵਹਿਸ਼ ਨਿਗਾਹਾਂ ਨਾਲ ਵੇਖਦੇ ਹਨ।

IX

ਉਹ ਇਨਸਾਨਾਂ ਨੂੰ ਖਾਣ ਦੇ ਖ਼ਾਹਿਸ਼ਮੰਦ ਹਨ ਅਤੇ ਨਾਲ ਹੀ ਖ਼ੌਫ਼ਜ਼ਦਾ ਵੀ ਕਿ ਉਹ ਖ਼ੁਦ ਵੀ ਖਾਧੇ ਜਾ ਸਕਦੇ ਹਨ, ਉਹ ਇੱਕ ਦੂਜੇ ਨੂੰ ਹੱਦ ਦਰਜੇ ਦੀ ਸ਼ਕ ਦੀ ਨਜ਼ਰ ਨਾਲ ਵੇਖਦੇ ਹਨ...

ਉਹ, ਜੇਕਰ ਇਸ ਜਨੂੰਨ ਤੋਂ ਛੁਟਕਾਰਾ ਪਾ ਸਕਦੇ ਤਾਂ ਉਨ੍ਹਾਂ ਦੀ ਜ਼ਿੰਦਗੀ ਸ਼ਾਂਤ ਹੋ ਜਾਂਦੀ ਅਤੇ ਉਹ ਆਰਾਮ ਨਾਲ ਕੰਮ ਉੱਤੇ ਜਾ ਸਕਦੇ, ਘੁੰਮ ਫਿਰ, ਖਾ ਪੀ ਅਤੇ ਸੌਂ ਸਕਦੇ। ਉਨ੍ਹਾਂ ਨੇ ਬੱਸ ਇਹੀ ਇੱਕ ਕਦਮ ਹੀ ਚੁੱਕਣਾ ਹੈ। ਲੇਕਿਨ ਬਾਪ ਬੇਟੇ, ਖ਼ਾਵੰਦ ਅਤੇ ਬੀਵੀਆਂ, ਭਰਾ, ਦੋਸਤ, ਉਸਤਾਦ, ਸ਼ਾਗਿਰਦ, ਪੱਕੇ ਦੁਸ਼ਮਨ, ਇੱਥੇ ਤੱਕ ਕਿ ਅਜਨਬੀ ਵੀ ਜੋ ਇਸ ਸਾਜਿਸ਼ ਵਿੱਚ ਸ਼ਰੀਕ ਹੋ ਚੁੱਕੇ ਹਨ, ਇੱਕ ਦੂਜੇ ਦੇ ਹੌਸਲੇ ਤੋੜ ਰਹੇ ਹਨ ਅਤੇ ਇਹੀ ਕਦਮ ਚੁੱਕਣ ਤੋਂ ਰੋਕ ਕਰ ਰਹੇ ਹਨ।

X

ਅੱਜ ਸਵੇਰੇ ਸਾਝਰੇ ਮੈਂ ਆਪਣੇ ਭਰਾ ਨੂੰ ਮਿਲਣ ਗਿਆ। ਉਹ ਡਿਉੜੀ ਦੇ ਦਰਵਾਜ਼ੇ ਦੇ ਬਾਹਰ ਖੜਾ ਅਸਮਾਨ ਦੀ ਤਰਫ਼ ਵੇਖ ਰਿਹਾ ਸੀ। ਮੈਂ ਚੱਲਦਾ ਹੋਇਆ ਗਿਆ ਅਤੇ ਉਸ ਦੇ ਪਿੱਛੇ ਦੀ ਹੋ ਕੇ ਦਰਵਾਜ਼ੇ ਅਤੇ ਉਸ ਦੇ ਦਰਮਿਆਨ ਖੜਾ ਹੋ ਗਿਆ ਅਤੇ ਮੈਂ ਅਸਾਧਾਰਨ ਯਕੀਨ ਨਾਲ ਭਰੇ ਅੰਦਾਜ਼ ਵਿੱਚ ਅਤਿਅੰਤ ਸਹਿਜਤਾ ਅਤੇ ਨਿਮਰਤਾ ਨਾਲ ਉਸਨੂੰ ਕਿਹਾ, " ਭਰਾਵਾ, ਮੈਂ ਤੁਹਾਨੂੰ ਕੁੱਝ ਕਹਿਣਾ ਚਾਹੁੰਦਾ ਹਾਂ।”

"ਅੱਛਾ, ਦੱਸ ਕੀ ਕਹਿਣਾ ਹੈ?” ਉਸਨੇ ਜਲਦੀ ਨਾਲ ਮੇਰੀ ਵੱਲ ਮੁੜਦੇ ਅਤੇ ਸਿਰ ਹਿਲਾਂਦੇ ਹੋਏ ਪੁੱਛਿਆ।

"ਹੈ ਤਾਂ ਮਾਮੂਲੀ ਗੱਲ, ਪਰ ਮੈਨੂੰ ਇਹ ਬਿਆਨ ਕਰਦੇ ਹੋਏ ਕਠਿਨਾਈ ਮਹਿਸੂਸ ਹੋ ਰਹੀ ਹੈ... ਭਰਾ ਮੇਰੇ, ਸ਼ਾਇਦ ਸਾਰੇ ਪ੍ਰਾਚੀਨ ਲੋਕ ਸ਼ੁਰੂ ਵਿੱਚ ਥੋੜ੍ਹਾ ਬਹੁਤ ਇਨਸਾਨੀ ਗੋਸ਼ਤ ਖਾਂਦੇ ਹੀ ਸਨ। ਬਾਅਦ ਵਿੱਚ ਜਦੋਂ ਉਨ੍ਹਾਂ ਨੇ ਵੇਖਿਆ ਕਿ ਉਨ੍ਹਾਂ ਦੀ ਹਾਨੀ ਹੋ ਰਹੀ ਸੀ ਤਾਂ ਉਨ੍ਹਾਂ ਵਿਚੋਂ ਕੁੱਝ ਨੇ ਅਜਿਹਾ ਕਰਨਾ ਛੱਡ ਦਿੱਤਾ ਅਤੇ ਉਨ੍ਹਾਂ ਨੇ ਅੱਛਾ ਬਨਣ ਦੀ ਕੋਸ਼ਿਸ਼ ਕੀਤੀ, ਤਾਂ ਉਹ ਆਦਮੀ ਬਣ ਗਏ ਅਤੇ ਫਿਰ ਉਹ ਹੋਰ ਬਦਲੇ ਤਾਂ ਹਕੀਕੀ ਇਨਸਾਨ ਬਣ ਗਏ। ਪਰ ਕੁੱਝ ਅਜਿਹੇ ਵੀ ਹਨ ਜੋ ਹੁਣ ਤੱਕ ਇਨਸਾਨੀ ਗੋਸ਼ਤ ਖਾ ਰਹੇ ਹਨ...। ਉਵੇਂ ਹੀ ਜਿਵੇਂ ਮਗਰਮੱਛ, ਜਿਵੇਂ ਰੀਂਗਣ ਵਾਲੇ ਜਾਨਵਰ ਖਾਂਦੇ ਹਨ। ਉਨ੍ਹਾਂ ਵਿਚੋਂ ਕੁੱਝ ਮੱਛ-ਮੱਛੀਆਂ ਬਣ ਗਏ, ਕੁੱਝ ਪਰਿੰਦੇ, ਕੁੱਝ ਬਾਂਦਰ ਅਤੇ ਆਖ਼ਰ ਵਿੱਚ ਕੁੱਝ ਆਦਮੀ। ਪਰ ਕੁੱਝ ਹਨ, ਜੋ ਅੱਛਾ ਬਨਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਅਤੇ ਹੁਣ ਤੱਕ ਰੀਂਗਣ ਵਾਲੇ ਜਾਨਵਰ ਹੀ ਹਨ। ਇਹ, ਜੋ ਆਦਮਖ਼ੋਰ ਹਨ, ਜਦੋਂ ਆਪਣਾ ਮੁਕਾਬਲਾ ਉਨ੍ਹਾਂ ਨਾਲ ਕਰਦੇ ਹੋਣਗੇ ਜੋ ਆਦਮਖ਼ੋਰ ਨਹੀਂ, ਤਾਂ ਲਾਜ਼ਮੀ ਬਹੁਤ ਸ਼ਰਮਿੰਦਗੀ ਮਹਿਸੂਸ ਕਰਦੇ ਹੋਣਗੇ। ਸ਼ਾਇਦ, ਉਸ ਤੋਂ ਵੀ ਕਿਤੇ ਜ਼ਿਆਦਾ ਸ਼ਰਮਿੰਦਾ ਹੋਣ ਜਿੰਨਾ ਕਿ ਰੀਂਗਣ ਵਾਲੇ ਜਾਨਵਰ ਬਾਂਦਰਾਂ ਦੇ ਸਾਹਮਣੇ ਹੁੰਦੇ ਹਨ।

"ਪੁਰਾਣੇ ਜ਼ਮਾਨੇ ਵਿੱਚ ਯੀ ਯਾ ਨੇ ਚੇਹ ਅਤੇ ਚਓ ਦੇ ਖਾਣ ਲਈ ਆਪਣਾ ਪੁੱਤਰ ਉਬਾਲ ਦਿੱਤਾ ਸੀ; ਇਹ ਇੱਕ ਪੁਰਾਣੀ ਕਹਾਣੀ ਹੈ। ਪਰ ਜਦੋਂ ਵਲੋਂ ਦੇਵਤਾ ਪੇਨ ਕੂ ਨੇ ਜ਼ਮੀਨ ਅਸਮਾਨ ਦੀ ਸਿਰਜਨਾ ਕੀਤੀ, ਆਦਮੀ ਇੱਕ ਦੂਜੇ ਨੂੰ ਖਾਂਦੇ ਹੀ ਆ ਰਹੇ ਹਨ; ਯੀ ਯਾ ਦੇ ਬੇਟੇ ਤੋਂ ਲੈ ਕੇ ਸ਼ੂ. ਸ਼ੀ. ਲਿਨ ਦੇ ਜ਼ਮਾਨੇ ਤੱਕ, ਅਤੇ ਇਸ ਦੇ ਜ਼ਮਾਨੇ ਤੋਂ ਲੈ ਕੇ ਇਸ ਬੰਦੇ ਤੱਕ ਜੋ ਬਘਿਆੜ-ਬੱਚਾ ਪਿੰਡ ਵਿੱਚ ਫੜਿਆ ਗਿਆ। ਪਿਛਲੇ ਸਾਲ ਵੀ ਉਨ੍ਹਾਂ ਨੇ ਸ਼ਹਿਰ ਵਿੱਚ ਇੱਕ ਮੁਜ਼ਰਿਮ ਦਾ ਸਿਰ ਕਲਮ ਕੀਤਾ ਸੀ ਤਾਂ ਇੱਕ ਤਪਦਿਕ ਦੇ ਰੋਗੀ ਨੇ ਰੋਟੀ ਦਾ ਟੁਕੜਾ ਉਸ ਦੇ ਖ਼ੂਨ ਵਿੱਚ ਡੁਬੋ ਕੇ ਉਸਨੂੰ ਨਿਗਲ ਲਿਆ ਸੀ।

"ਉਹ ਮੈਨੂੰ ਵੀ ਖਾਣਾ ਚਾਹੁੰਦੇ ਹਨ ਅਤੇ ਇਹ ਵੀ ਠੀਕ ਹੈ ਕਿ ਤੁਸੀਂ ਇਸ ਸਿਲਸਿਲੇ ਵਿੱਚ ਇੱਕੱਲੇ ਕੁੱਝ ਵੀ ਨਹੀਂ ਕਰ ਸਕਦੇ; ਪਰ ਤੁਹਾਨੂੰ ਉਨ੍ਹਾਂ ਦੇ ਨਾਲ ਮਿਲਣ ਦੀ ਕੀ ਜ਼ਰੂਰਤ ਸੀ? ਆਦਮਖ਼ੋਰ ਹੋਣ ਸਦਕਾ ਉਹ ਕੁੱਝ ਵੀ ਕਰ ਸਕਦੇ ਹਨ। ਜੇਕਰ ਉਹ ਮੈਨੂੰ ਖਾ ਸਕਦੇ ਹਨ ਤਾਂ ਉਹ ਤੁਹਾਨੂੰ ਵੀ ਖਾ ਸਕਦੇ ਹਨ; ਇੱਕ ਹੀ ਗਰੋਹ ਦੇ ਲੋਕ, ਹੁਣ ਵੀ ਇੱਕ ਦੂਜੇ ਨੂੰ ਖਾ ਸਕਦੇ ਹਨ। ਪਰ ਜੇਕਰ ਤੁਸੀਂ ਆਪਣੇ ਲਛਣ ਜਲਦ ਬਦਲ ਲਵੋ ਤਾਂ ਹਰ ਕੋਈ ਅਮਨ ਸ਼ਾਂਤੀ ਵਲੋਂ ਰਹਿ ਸਕਦਾ ਹੈ। ਭਾਵੇਂ ਇਹ ਮੁੱਢ-ਕਦੀਮ ਤੋਂ ਹੁੰਦਾ ਆਇਆ ਹੈ, ਪਰ ਅੱਜ ਅਸੀਂ ਉਚੇਚਾ ਯਤਨ ਕਰਕੇ ਚੰਗੇ ਬਣ ਸਕਦੇ ਹਾਂ ਅਤੇ ਇਹ ਕਹਿ ਸਕਦੇ ਹਾਂ ਕਿ ਹੁਣ ਤੋਂ ਇਹ ਨਹੀਂ ਹੋਵੇਂਗਾ। ਭਰਾ, ਮੈਨੂੰ ਭਰੋਸਾ ਹੈ ਕਿ ਤੁਸੀਂ ਅਜਿਹਾ ਕਹਿ ਸਕਦੇ ਹੋ। ਕੱਲ੍ਹ ਜਦੋਂ ਇੱਕ ਕਿਰਾਏਦਾਰ ਨੇ ਕਿਰਾਇਆ ਘੱਟ ਕਰਨ ਦੀ ਗੱਲ ਕੀਤੀ ਸੀ ਤਾਂ ਤੁਸੀਂ ਉਸਨੂੰ ਵੀ ਤਾਂ ਕਿਹਾ ਸੀ ਕਿ ਅਜਿਹਾ ਨਹੀਂ ਕੀਤਾ ਜਾ ਸਕਦਾ।

ਮੇਰਾ ਭਰਾ ਪਹਿਲਾਂ ਤਾਂ ਸਿਰਫ ਸਨਕੀ ਅੰਦਾਜ਼ ਵਿੱਚ ਮੁਸਕਰਾਉਂਦਾ ਰਿਹਾ, ਫਿਰ ਉਸ ਦੀਆਂ ਅੱਖਾਂ ਵਿੱਚ ਇੱਕ ਕਾਤਲਾਨਾ ਚਮਕ ਉਭਰੀ ਅਤੇ ਜਦੋਂ ਮੈਂ ਉਨ੍ਹਾਂ ਦੇ ਸਾਰੇ ਭੇਤ ਖੋਲ੍ਹ ਦਿੱਤੇ ਤਾਂ ਉਸ ਦਾ ਚਿਹਰਾ ਪੀਲਾ ਪੈ ਗਿਆ, ਦਰਵਾਜ਼ੇ ਦੇ ਬਾਹਰ ਲੋਕਾਂ ਦਾ ਇੱਕ ਤੋਲਾ ਖੜਾ ਸੀ ਜਿਸ ਵਿੱਚ ਮਿਸਟਰ ਚਾਓ ਅਤੇ ਉਨ੍ਹਾਂ ਦਾ ਕੁੱਤਾ ਵੀ ਸੀ; ਉਹ ਸਭ ਗਰਦਨਾਂ ਅੱਗੇ ਵਧਾ ਅੰਦਰ ਝਾਕ ਰਹੇ ਸਨ। ਮੈਂ ਉਨ੍ਹਾਂ ਸਭਨਾਂ ਦੇ ਚਿਹਰੇ ਤਾਂ ਨਾ ਵੇਖ ਸਕਿਆ ਕਿਉਂਕਿ ਉਨ੍ਹਾਂ ਨੇ, ਉਨ੍ਹਾਂ ਨੂੰ ਕੱਪੜੇ ਨਾਲ ਢਕਿਆ ਹੋਇਆ ਸੀ; ਕੁੱਝ ਦੇ ਚਿਹਰੇ , ਫਿਰ ਭੀ ਪੀਲੇ ਅਤੇ ਡਰਾਉਣੇ ਸਨ ਅਤੇ ਉਹ ਆਪਣੀ ਹਾਸੀ ਛਿਪਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਮੈਨੂੰ ਪਤਾ ਸੀ ਕਿ ਅੰਦਰੋਂ ਉਹ ਇੱਕ ਸਨ ਅਤੇ ਸਭ ਦੇ ਸਭ ਆਦਮਖ਼ੋਰ ਸਨ। ਲੇਕਿਨ ਮੈਨੂੰ ਇਹ ਵੀ ਪਤਾ ਸੀ ਕਿ ਉਹ ਕਿਸੇ ਤਰ੍ਹਾਂ ਵੀ ਇੱਕ ਸੋਚ ਦੇ ਧਾਰਨੀ ਨਹੀਂ ਸਨ। ਕੁੱਝ ਦਾ ਖਿਆਲ ਸੀ ਕਿ ਕਿਉਂਜੋ ਇਹ ਹਮੇਸ਼ਾ ਹੁੰਦਾ ਆਇਆ ਸੀ, ਇਸ ਲਈ ਬੰਦਿਆਂ ਨੂੰ ਖਾਣਾ ਠੀਕ ਸੀ। ਕੁੱਝ ਦਾ ਖਿਆਲ ਸੀ ਕਿ ਉਨ੍ਹਾਂ ਨੂੰ ਆਦਮੀ ਨਹੀਂ ਖਾਣੇ ਚਾਹੀਦੇ, ਪਰ ਉਹ ਫਿਰ ਵੀ ਅਜਿਹਾ ਕਰਨਾ ਚਾਹੁੰਦੇ ਸਨ; ਅਤੇ ਉਹ ਡਰ ਰਹੇ ਸਨ ਕਿ ਕਿਤੇ ਲੋਕ ਉਨ੍ਹਾਂ ਦੇ ਇਸ ਭੇਤ ਨੂੰ ਜਾਣ ਨਾ ਲੈਣ। ਉਨ੍ਹਾਂ ਨੇ ਜਦੋਂ ਮੈਨੂੰ ਸੁਣਿਆ ਤਾਂ ਉਹ ਗੁੱਸੇ ਵਿੱਚ ਆਏ, ਪਰ ਫਿਰ ਵੀ ਆਪਣੀ ਸਨਕੀ, ਬੁੱਲ੍ਹ-ਮੀਚੀ ਮੁਸਕਰਾਹਟ ਮੁਸਕਰਾਉਂਦੇ ਰਹੇ।

ਮੇਰਾ ਭਰਾ, ਅਚਾਨਕ ਗੁੱਸੇ ਵਿੱਚ ਆਇਆ ਅਤੇ ਉੱਚੀ ਆਵਾਜ ਵਿੱਚ ਚਿਲਾਇਆ: "ਤੁਸੀਂ ਸਭ, ਇੱਥੋਂ ਚਲੇ ਜਾਓ! ਇੱਕ ਪਾਗਲ ਨੂੰ ਇਵੇਂ ਦੇਖਣ ਵਿੱਚ ਭਲਾ ਕੀ ਧਰਿਆ ਹੈ?”

ਮੈਨੂੰ ਤੱਦ ਉਨ੍ਹਾਂ ਦੀ ਚਾਲਾਕੀਆਂ ਵਿੱਚੋਂ ਇੱਕ ਦੀ ਸਮਝ ਵਿੱਚ ਆਈ। ਉਹ ਕਦੇ ਵੀ ਆਪਣਾ ਨਜ਼ਰੀਆ ਬਦਲ ਲੈਣ ਨੂੰ ਤਿਆਰ ਨਹੀਂ ਸਨ ਅਤੇ ਨਾ ਹੀ ਆਪਣੇ ਮਿਥੇ ਮਨਸੂਬੇ ਨੂੰ ਛੱਡਣਾ ਚਾਹੁੰਦੇ ਸਨ। ਉਨ੍ਹਾਂ ਨੇ ਮੇਰੇ ਉੱਤੇ ਪਾਗਲ ਹੋਣ ਦਾ ਵਿਸ਼ੇਸ਼ਣ ਚਿਪਕਾ ਰੱਖਿਆ ਸੀ। ਅਤੇ ਜਦੋਂ ਉਨ੍ਹਾਂ ਨੇ ਭਵਿੱਖ ਵਿੱਚ ਮੈਨੂੰ ਖਾ ਲੈਣਾ ਸੀ ਤਾਂ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਸੀ, ਸਗੋਂ ਲੋਕਾਂ ਨੇ ਸ਼ਾਇਦ ਉਨ੍ਹਾਂ ਦਾ ਸ਼ੁਕਰਗੁਜ਼ਾਰ ਹੋਣਾ ਸੀ। ਜਦੋਂ ਸਾਡੇ ਮੁਜ਼ਾਰੇ ਨੇ ਗੱਲ ਕੀਤੀ ਸੀ ਕਿ ਪਿੰਡ ਵਾਲਿਆਂ ਨੇ ਇੱਕ ਭੈੜੇ ਸ਼ਖਸ ਨੂੰ ਖਾ ਲਿਆ ਸੀ ਤਾਂ ਉਸ ਵਿੱਚ ਵੀ ਇਹੀ ਜੁਗਤ ਸੀ। ਇਹ ਉਨ੍ਹਾਂ ਦਾ ਪੁਰਾਣਾ ਹਰਬਾ ਹੈ।

ਬਾਬਾ ਚੇਂਨ ਵੀ ਉੱਥੇ ਆ ਗਿਆ; ਉਹ ਵੀ ਗੁੱਸੇ ਵਿੱਚ ਸੀ। ਪਰ ਉਹ ਅਤੇ ਮੇਰਾ ਭਰਾ, ਮੇਰਾ ਮੂੰਹ ਬੰਦ ਨਾ ਕਰ ਸਕੇ।ਮੈਂ ਲੋਕਾਂ ਨਾਲ ਗੱਲ ਕਰਨੀ ਹੀ ਸੀ।

"ਤੁਹਾਨੂੰ ਖ਼ੁਦ ਨੂੰ ਬਦਲਣਾ ਹੀ ਪਵੇਗਾ, ਦਿਲ ਦੀਆਂ ਗਹਿਰਾਈਆਂ ਤੋਂ ਖ਼ੁਦ ਨੂੰ ਬਦਲਣਾ ਹੋਵੇਗਾ, “ਮੈਂ ਕਿਹਾ, ਤੁਸੀਂ ਇਹ ਜਾਨਣਾ ਹੋਵੇਗਾ ਕਿ ਭਵਿੱਖ ਦੀ ਦੁਨੀਆਂ ਵਿੱਚ ਆਦਮਖ਼ੋਰਾਂ ਲਈ ਕੋਈ ਜਗ੍ਹਾ ਨਹੀਂ ਹੋਵੇਗੀ। "ਜੇਕਰ ਤੁਸੀਂ ਲੋਕ ਨਾ ਬਦਲੇ ਤਾਂ ਸ਼ਾਇਦ ਤੁਸੀਂ ਸਭ ਇੱਕ ਦੂਜੇ ਨੂੰ ਖਾ ਜਾਓਗੇ। ਭਾਵੇਂ ਬਹੁਤ ਸਾਰੇ ਹੋਰ ਵੀ ਪੈਦਾ ਹੋ ਗਏ ਹਨ ਪਰ ਉਹ ਵੀ ਅਸਲੀ ਬੰਦਿਆਂ ਦੇ ਹੱਥੋਂ ਖ਼ਤਮ ਕਰ ਦਿੱਤੇ ਜਾਣਗੇ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਬਘਿਆੜਾਂ ਨੂੰ ਸ਼ਿਕਾਰੀ ਮਾਰ ਦਿੰਦੇ ਹਨ... ਉਸੇ ਤਰ੍ਹਾਂ ਜਿਵੇਂ ਰੀਂਗਣ ਵਾਲੇ ਜਾਨਵਰ ਹੜਪ ਕੀਤੇ ਜਾਂਦੇ ਹੀਨ।”

ਬਾਬਾ ਚੇਂਨ ਨੇ ਸਾਰਿਆ ਨੂੰ ਭਜਾ ਦਿੱਤਾ। ਮੇਰਾ ਭਰਾ ਗਾਇਬ ਹੋ ਗਿਆ। ਬਾਬਾ ਚੇਂਨ ਨੇ ਮੈਨੂੰ, ਆਪਣੇ ਕਮਰੇ ਵਿੱਚ ਜਾਣ ਦਾ ਮਸ਼ਵਰਾ ਦਿੱਤਾ। ਕਮਰੇ ਵਿੱਚ ਘੁੱਪ ਹਨੇਰਾ ਸੀ। ਮੇਰੇ ਸਿਰ ਦੇ ਉੱਤੇ ਸ਼ਤੀਰ ਅਤੇ ਕੜੀਆਂ/ਬਾਲੇ ਹਿੱਲੇ। ਕੁੱਝ ਦੇਰ ਹਿੱਲਦੇ ਰਹਿਣ ਦੇ ਬਾਅਦ ਇਹ ਵੱਡੇ ਹੋ ਗਏ। ਉਹ ਮੇਰੇ ਉੱਪਰ ਚਿਣੇ ਗਏ।

ਉਨ੍ਹਾਂ ਦਾ ਭਾਰ ਇੰਨਾ ਜ਼ਿਆਦਾ ਸੀ ਕਿ ਮੈਂ ਹਿੱਲ ਵੀ ਨਾ ਸਕਿਆ। ਉਹ ਤਾਂ ਚਾਹੁੰਦੇ ਹੀ ਸਨ ਕਿ ਮੈਂ ਮਰ ਜਾਵਾਂ। ਮੈਨੂੰ ਪਤਾ ਸੀ ਕਿ ਇਹ ਭਾਰ ਮਸਨੂਈ ਸੀ, ਮੈਂ ਇਸ ਲਈ ਉਸ ਦੇ ਹੇਠੋਂ ਨਿਕਲਣ ਦੀ ਕੋਸ਼ਿਸ਼ ਕੀਤੀ ਅਤੇ ਬਾਹਰ ਨਿਕਲ ਆਇਆ। ਮੈਂ ਮੁੜ੍ਹਕੇ ਨਾਲ ਲਥਪਥ ਸੀ। ਲੇਕਿਨ ਮੈਂ ਇਹ ਤਾਂ ਕਹਿਣਾ ਹੀ ਸੀ: "ਤੈਨੂੰ ਖ਼ੁਦ ਨੂੰ ਤੁਰਤ ਬਦਲ ਲੈਣਾ ਹੋਵੇਗਾ, ਦਿਲ ਦੀਆਂ ਗਹਿਰਾਈਆਂ ਤੋਂ ਖ਼ੁਦ ਨੂੰ ਬਦਲ ਲੈਣ ਹੋਵੇਗਾ। ਤੈਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਭਵਿੱਖ ਦੀ ਦੁਨੀਆਂ ਵਿੱਚ ਆਦਮਖ਼ੋਰਾਂ ਲਈ ਕੋਈ ਜਗ੍ਹਾ ਨਹੀਂ ਹੋਵੇਗੀ।

XI

ਹੁਣ ਸੂਰਜ ਨਹੀਂ ਚਮਕਦਾ ਅਤੇ ਦਰਵਾਜ਼ਾ ਵੀ ਨਹੀਂ ਖੋਲ੍ਹਿਆ ਜਾਂਦਾ, ਬਸ ਹਰ ਰੋਜ਼ ਦੋ ਵੇਲੇ ਖਾਣਾ ਮਿਲ ਜਾਂਦਾ ਹੈ।

ਮੈਂ ਆਪਣੀ ਚੌਪ ਸਟਿਕਸ ਉਠਾਈਆਂ ਅਤੇ ਆਪਣੇ ਵੱਡੇ ਭਰਾ ਬਾਰੇ ਸੋਚਿਆ; ਮੈਂ ਹੁਣ ਜਾਣ ਗਿਆ ਹਾਂ ਕਿ ਮੇਰੀ ਛੋਟੀ ਭੈਣ ਦੀ ਮੌਤ ਕਿਵੇਂ ਹੋਈ; ਇਹ ਵੀ ਸਭ ਉਸੇ ਦਾਕਰਿਆ ਸੀ। ਮੇਰੀ ਭੈਣ, ਉਦੋਂ ਮਸਾਂ ਪੰਜ ਸਾਲ ਦੀ ਸੀ। ਮੈਂ ਹੁਣ ਵੀ ਯਾਦ ਕਰ ਸਕਦਾ ਹਾਂ ਕਿ ਉਹ ਕਿੰਨੀ ਪਿਆਰੀ ਸੀ ਅਤੇ ਕਿੰਨੀ ਤਰਸਯੋਗ ਲੱਗਦੀਸੀ। ਮਾਂ ਰੋਈ ਜਾ ਰਹੀ ਸੀ ਪਰ ਉਹ ਮਾਂ ਦੀਆਂ ਮਿੰਨਤਾਂ ਕਰੀ ਜਾ ਰਿਹਾ ਸੀ ਕਿ ਉਹ ਨਾ ਰੋਏ। ਸ਼ਾਇਦ ਉਸਨੇ ਖ਼ੁਦ ਹੀ ਭੈਣ ਨੂੰ ਖਾ ਲਿਆ ਸੀ, ਇਸ ਲਈ ਮਾਂ ਦੇ ਰੋਣ ਨਾਲ ਉਸਨੂੰ ਸ਼ਰਮਿੰਦਗੀ ਦਾ ਅਹਿਸਾਸ ਹੋ ਰਿਹਾ ਸੀ। ਜੇਕਰ ਉਸ ਵਿੱਚ ਸ਼ਰਮਸਾਰੀ ਦਾ ਕੋਈ ਕਨ ਬਚਿਆ ਸੀ...।

ਮੇਰੀ ਭੈਣ ਨੂੰ ਮੇਰੇ ਭਰਾ ਨੇ ਖਾ ਲਿਆ ਸੀ, ਪਰ ਮੈਨੂੰ ਇਹ ਪਤਾ ਨਹੀਂ ਕਿ ਮੇਰੀ ਮਾਂ ਨੂੰ ਇਸ ਗੱਲ ਦਾ ਪਤਾ ਸੀ ਜਾਂ ਨਹੀਂ। ਮੇਰਾ ਖ਼ਿਆਲ ਹੈ ਕਿ ਮੇਰੀ ਮਾਂ ਨੂੰ ਯਕੀਨਨ ਪਤਾ ਸੀ, ਪਰ ਜਦੋਂ ਉਹ ਰੋ ਰਹੀ ਸੀ ਤਾਂ ਉਹ ਉਸ ਦਾ ਪਰਗਟਾ ਨਾ ਕਰ ਸਕੀ ਕਿਉਂਕਿ ਸ਼ਾਇਦ ਉਸਨੇ ਵੀ, ਉਸ ਦੇ ਖਾਧੇ ਜਾਣ ਨੂੰ ਹੀ ਠੀਕ ਸਮਝਿਆ ਸੀ। ਮੈਨੂੰ ਯਾਦ ਹੈ ਕਿ ਜਦੋਂ ਮੈਂ ਚਾਰ ਜਾਂ ਪੰਜ ਸਾਲ ਦਾ ਸੀ ਅਤੇ ਹਾਲ ਦੀ ਠੰਡਕ ਵਿੱਚ ਬੈਠਾ ਸੀ ਤਾਂ ਮੇਰੇ ਭਰਾ ਨੇ ਮੈਨੂੰ ਦੱਸਿਆ ਸੀ ਕਿ ਜੇਕਰ ਕਿਸੇ ਬੰਦੇ ਦੇ ਮਾਂ-ਪਿਉ ਵਿੱਚੋਂ ਕੋਈ ਇੱਕ ਬੀਮਾਰ ਪੈ ਜਾਵੇ, ਤਾਂ ਉਸਨੂੰ ਉਸ ਦੇ ਹੀ ਗੋਸ਼ਤ ਦਾ ਇੱਕ ਟੁਕੜਾ ਕੱਟ ਕੇ, ਉਸਨੂੰ ਉਬਾਲ ਕਰ ਖਿਲਾ ਦੇਣਾ ਚਾਹੀਦਾ ਹੈ, ਇਵੇਂ ਉਹ ਇੱਕ ਅੱਛਾ ਪੁੱਤਰ ਸਾਬਤ ਹੋ ਸਕਦਾ ਸੀ। ਉਦੋਂ ਮੇਰੀ ਮਾਂ ਨੇ ਉਸ ਨਾਲ ਅਸਹਿਮਤੀ ਨਹੀਂ ਸੀ ਪਰਗਟਾਈ। ਜੇਕਰ ਇੱਕ ਟੁਕੜਾ ਖਾਧਾ ਜਾ ਸਕਦਾ ਸੀ ਤਾਂ ਸਾਫ਼ ਹੈ ਸਾਰਾ ਵੀ ਖਾਧਾ ਜਾ ਸਕਦਾ ਸੀ। ਹੁਣ ਵੀ ਜਦੋਂ ਮੈਨੂੰ ਉਸ ਸੋਗੀ ਮਾਹੌਲ ਦਾ ਖ਼ਿਆਲ ਆਉਂਦਾ ਹੈ ਤਾਂ ਮੇਰਾ ਦਿਲ ਖ਼ੂਨ ਦੇ ਅੱਥਰੂ ਰੋਂਦਾ ਹੈ; ਉਸ ਬਾਰੇ ਇਹੀ ਤਾਂ ਅਜੀਬ ਅਤੇ ਅਸਾਧਾਰਨ ਗੱਲ ਹੈ।

XII

ਮੈਂ ਹੁਣ ਇਸ ਬਾਰੇ ਜ਼ਿਆਦਾ ਸੋਚਣਾ ਬਰਦਾਸ਼ਤ ਨਹੀਂ ਕਰ ਸਕਦਾ।

ਮੈਨੂੰ ਹੁਣੇ ਹੁਣੇ ਅਹਿਸਾਸ ਹੋਇਆ ਹੈ ਕਿ ਮੈਂ ਇੱਕ ਅਜਿਹੀ ਜਗ੍ਹਾ ਉੱਤੇ ਸਾਲਾਂ ਤੋਂ ਰਹਿ ਰਿਹਾ ਹਾਂ ਜਿੱਥੇ ਚਾਰ ਹਜ਼ਾਰ ਸਾਲ ਤੋਂ ਆਦਮਖ਼ੋਰੀ ਚਲੀ ਆ ਰਹੀ ਹੈ। ਜਦੋਂ ਮੇਰੀ ਭੈਣ ਦੀ ਮੌਤ ਹੋਈ ਤਾਂ ਇਸ ਤੋਂ ਥੋੜਾ ਚਿਰ ਪਹਿਲਾਂ ਮੇਰੇ ਭਰਾ ਨੇ ਘਰ ਦੀ ਲਾਣੇਦਾਰੀ ਨਵੀਂ ਨਵੀਂ ਸੰਭਾਲੀ ਸੀ ਅਤੇ ਉਸਨੇ ਸ਼ਾਇਦ ਭੈਣ ਦੇ ਗੋਸ਼ਤ ਨੂੰ ਸਾਡੇ ਚਾਵਲਾਂ ਅਤੇ ਹੋਰ ਭੋਜਨਾਂ ਵਿੱਚ ਵਰਤਿਆ ਹੋਵੇ ਅਤੇ ਸਾਨੂੰ, ਹਨੇਰੇ ਵਿੱਚ ਰੱਖਦੇ ਹੋਏ, ਖੁਆ ਦਿੱਤਾ ਹੋਵੇ। ਇਹ ਮੁਮਕਿਨ ਹੈ ਕਿ ਮੈਂ ਅਣਜਾਣੇ ਹੀ ਆਪਣੀ ਭੈਣ ਦੇ ਗੋਸ਼ਤ ਦੇ ਕਈ ਟੁਕੜੇ ਖਾਧੇ ਹੋਣ ਅਤੇ ਹੁਣ ਮੇਰੀ ਵਾਰੀ ਹੈ...


ਆਦਮਖ਼ੋਰੀ ਦੇ ਚਾਰ ਹਜ਼ਾਰ ਸਾਲਾ ਇਤਿਹਾਸ ਦੇ ਬਾਅਦ ਵੀ,...ਚਾਹੇ ਮੈਨੂੰ ਇਸ ਬਾਰੇ ਪਹਿਲਾਂ ਕੁੱਝ ਪਤਾ ਨਹੀਂ ਸੀ - ਕੋਈ ਮੇਰੇ ਵਰਗਾ ਬੰਦਾ ਅਸਲ ਇਨਸਾਨਾਂ ਨੂੰ ਪੇਸ਼ ਆਉਣ ਦੀ ਉਮੀਦ ਕਿਵੇਂ ਕਰ ਸਕਦਾ ਹੈ? XIII

ਸ਼ਾਇਦ, ਅਜੇ ਵੀ ਅਜਿਹੇ ਬੱਚੇ ਹਨ ਜਿਨ੍ਹਾਂ ਨੇ ਇਨਸਾਨੀ ਗੋਸ਼ਤ ਨਾ ਖਾਧਾ ਹੋਵੇ? ਇਨ੍ਹਾਂ ਬੱਚਿਆਂ ਨੂੰ ਬਚਾਉਣ ਦੀ ਲੋੜ ਹੈ…