ਅਨੁਵਾਦ:ਇੱਕ ਸੁੱਖਦਾਈ ਸੁਪਨਾ (ਕਹਾਣੀ)
(1)
ਸੇਰੀਓਜਾ ਮਰ ਗਿਆ….
ਈਸ੍ਟਰ ਦੇ ਦਿਨ ਸੀ। ਘਰ ਵਿੱਚ ਆਮ ਵਾਂਗ ਤਿਓਹਾਰ ਲਈ ਤਿਆਰੀਆਂ ਹੋ ਰਹੀਆਂ ਸਨ। ਬੱਚੇ ਬੁਢੇ ਸਭ ਉਨ੍ਹਾਂ ਵਿੱਚ ਦਿਲਚਸਪੀ ਲੈ ਰਹੇ ਸਨ। ਆਂਡਿਆਂ ਉੱਤੇ ਗੂੜ੍ਹਾ ਸੁਰਖ਼ ਰੰਗ ਚੜ੍ਹਾਇਆ ਜਾ ਰਿਹਾ ਸੀ। ਕੂਲਿਚ (ਰੂਸੀ ਈਸਟਰ ਬਰੈੱਡ) ਲਈ ਕੇਸਰ ਉਬਾਲਿਆ ਜਾ ਰਿਹਾ ਸੀ ਅਤੇ ਈਸਟਰ ਦੇ ਮਹਿਮਾਨਾਂ ਲਈ ਪਨੀਰ ਤੇ ਖੱਟਾ ਮੱਖਣ ਤਿਆਰ ਹੋ ਰਿਹਾ ਸੀ। ਵਨੀਲਾ ਅਤੇ ਇਲਾਇਚੀਆਂ ਦੀਆਂ ਸੁਗੰਧੀਆਂ ਫੈਲੀਆਂ ਹੋਈਆਂ ਸਨ। ਸਭ ਫ਼ਰਸ਼ ਧੋਤੇ ਗਏ ਸਨ। ਕੂੜਾ ਕਰਕਟ ਸਭ ਉਠਾ ਦਿੱਤਾ ਗਿਆ ਸੀ ਅਤੇ ਖਿੜਕੀਆਂ ਵੀ ਸਾਫ਼ ਕਰਵਾਈਆਂ ਗਈਆਂ ਸਨ। ਨੌਕਰ ਥੱਕ ਕੇ ਚੂਰ ਚੂਰ ਹੋ ਗਏ ਸਨ। ਸੇਰੀਓਜਾ ਦੀਆਂ ਭੈਣਾਂ, ਖ਼ੁਸ਼ਗਵਾਰ ਚੁੰਮਣਾ ਦੇ ਖ਼ਾਬ ਵੇਖ ਰਹੀਆਂ ਸਨ ਅਤੇ ਨਾਖ਼ੁਸ਼ਗਵਾਰ ਚੁੰਮਣਾ ਦਾ ਖਿਆਲ ਉਨ੍ਹਾਂ ਦੇ ਬਦਨ ਵਿੱਚ ਕਾਂਬਾ ਛੇੜ ਦਿੰਦਾ ਸੀ।
ਸੇਰੀਓਜਾ ਆਪਣੇ ਕਮਰੇ ਵਿੱਚ ਲਿਟਿਆ ਸੀ, ਜੋ ਫ਼ਰਨੀਚਰ ਵਗ਼ੈਰਾ ਤੋਂ ਬਿਲਕੁਲ ਖ਼ਾਲੀ ਰੱਖਿਆ ਗਿਆ ਸੀ ਤਾਂ ਜੋ ਹਵਾ ਲਈ ਜਗ੍ਹਾ ਨਾ ਘਟ ਜਾਏ। ਉਥੇ ਫਿਨਾਇਲ ਦੀ ਗੰਧ ਆ ਰਹੀ ਸੀ।
ਸੇਰੀਓਜਾ ਦੀ ਉਮਰ ਸਿਰਫ ਪੰਦਰਾਂ ਸਾਲ ਦੀ ਸੀ। ਉਹ ਚੁਸਤ ਅਤੇ ਖ਼ੁਸ਼ਤਬੀਅਤ ਸੀ। ਪਰਿਵਾਰ ਨੇ ਉਸ ਨੂੰ ਪਿਆਰ ਕਰਦਾ ਸੀ। ਬਸੰਤ ਸ਼ੁਰੂ ਹੋ ਚੁੱਕੀ ਸੀ ਅਤੇ ਮੋਇਆਂ ਦੀ ਜਾਗ ਦੇ ਜਸ਼ਨ ਨਜਦੀਕ ਸਨ। ਇਸ ਲਈ ਸੇਰੀਓਜਾ ਦੀਆਂ ਭੈਣਾਂ ਚਹਿਲ ਪਹਿਲ ਚਾਹੁੰਦੀਆਂ ਸਨ, ਇਸ ਲਈ ਉਹ ਮੌਤ ਦੇ ਖ਼ਿਆਲ ਤੋਂ ਹੀ ਖੌਫ ਖਾਂਦੀਆਂ ਸਨ।
ਸੇਰੀਓਜਾ ਦੀ ਮੌਤ ਕੁੱਝ ਅਜਿਹੇ ਬੇਵਕਤ ਅਤੇ ਤਿਓਹਾਰ ਦੀਆਂ ਭਾਰੀ ਖੁਸ਼ੀਆਂ ਅਤੇ ਚਹਿਲ ਪਹਿਲ ਦੇ ਦਰਮਿਆਨ ਕੁੱਝ ਅਜਿਹੀ ਅੱਖਰਦੀ ਸੀ ਕਿ ਘਰ ਦੇ ਸਾਰੇ ਲੋਕ ਆਪਣੇ ਆਪ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਦੇ ਸਨ ਕਿ ਉਸ ਦੀ ਸਿਹਤ ਅਜਿਹੇ ਜਸ਼ਨਾਂ ਦੇ ਮਾਹੌਲ ਵਿੱਚ ਬਜਾਏ ਡਿੱਗਣ ਦੇ ਅਚਾਨਕ ਚੰਗੀ ਹੋ ਜਾਵੇਗੀ।
ਉਹ ਇੱਕ ਅਰਸੇ ਤੋਂ ਬੀਮਾਰ ਸੀ। ਉਨ੍ਹਾਂ ਨੇ ਜਲਵਾਯੂ ਦੀ ਤਬਦੀਲੀ ਲਈ ਉਸ ਨੂੰ ਕਿਸੇ ਹੋਰ ਜਗ੍ਹਾ ਲੈ ਜਾਣ ਦਾ ਇਰਾਦਾ ਕੀਤਾ ਸੀ ਪਰ ਇਸ ਇਰਾਦੇ ਨੂੰ ਇਸ ਲਈ ਸਾਕਾਰ ਨਾ ਕੀਤਾ ਜਾ ਸਕਿਆ ਕਿਉਂਕਿ ਉਹ ਵਕਤ ਰਹਿੰਦੇ ਇਹ ਫੈਸਲਾ ਨਾ ਕਰ ਸਕੇ ਕਿ ਇਸ ਨੂੰ ਕਿੱਥੇ ਲੈ ਜਾਇਆ ਜਾਵੇ। ਫਿਰ ਅਚਾਨਕ ਰੱਬ ਜਾਣੇ ਕਿਉਂ ਉਸ ਦੇ ਫੇਫੜਿਆਂ ਦੀ ਹਾਲਤ ਬਹੁਤ ਖ਼ਰਾਬ ਹੋ ਗਈ ਅਤੇ ਉਹ ਇਸ ਕਦਰ ਕਮਜ਼ੋਰ ਹੋ ਗਿਆ ਕਿ ਉਸ ਨੂੰ ਬਿਸਤਰ ਤੋਂ ਹਿਲਾਉਣਾ ਜੁਲਾਉਣਾ ਵੀ ਬਹੁਤ ਮੁਸ਼ਕਲ ਹੋ ਰਿਹਾ ਸੀ, ਕਿਤੇ ਲੈਕੇ ਜਾਣ ਦੀ ਤਾਂ ਗੱਲ ਹੀ ਦੂਰ ਰਹੀ। ਇਸ ਦੇ ਇਲਾਵਾ ਗਰਮ ਮੌਸਮ ਉਸਨੂੰ ਕੋਈ ਫਾਇਦਾ ਨਹੀਂ ਪਹੁੰਚਾ ਸਕਦਾ ਸੀ।
ਨੌਜਵਾਨ ਡਾਕਟਰ ਨੇ ਸੇਰੀਓਜਾ ਦੇ ਗ਼ਮ ਵਿੱਚ ਡੁੱਬੇ ਬਾਪ ਨੂੰ ਕਿਹਾ, ’’ਇਹ ਇੱਕ ਮਹੀਨੇ ਦਾ ਹੋਰ ਮਹਿਮਾਨ ਹੈ।”
ਅਤੇ ਬੁਢੇ ਡਾਕਟਰ ਨੇ ਬੜੀ ਬੇਰੁਖੀ ਨਾਲ ਕਿਹਾ, ’’ਹਾਂ, ਜਾਂ ਮੁਸ਼ਕਲ ਨਾਲ ਵੱਧ ਤੋਂ ਵੱਧ ਛੇ ਹਫਤੇ ਜ਼ਿੰਦਾ ਰਹਿ ਸਕੇਗਾ।”
ਸੇਰੀਓਜਾ ਦਾ ਬਾਪ ਬੜੇ ਅਦਬ ਨਾਲ ਉਨ੍ਹਾਂ ਡਾਕਟਰਾਂ ਨੂੰ ਗੇਟ ਤੱਕ ਛੱਡਣ ਗਿਆ। ਉਸ ਦਾ ਚਿਹਰਾ ਸੁਰਖ਼ ਅਤੇ ਘਬਰਾਇਆ ਹੋਇਆ ਲੱਗ ਰਿਹਾ ਸੀ। ਉਸ ਦਾ ਦਿਲ ਇਸ ਗੱਲ ਨੂੰ ਕਬੂਲ ਕਰਨ ਨੂੰ ਤਿਆਰ ਨਹੀਂ ਸੀ ਕਿ ਸੇਰੀਓਜਾ ਏਨਾ ਜਲਦੀ ਮਰ ਜਾਵੇਗਾ। ਉਸ ਦੇ ਖ਼ਿਆਲਾਂ ਦੀ ਚਾਲ ਬਹੁਤ ਸੁੱਸਤ ਹੋ ਗਈ ਸੀ।
ਉਹ ਭੋਜਨ ਕਰਨ ਵਾਲੇ ਕਮਰੇ ਵਿੱਚ ਰੁਕ ਗਿਆ ਅਤੇ ਖ਼ੁਦ ਨੂੰ ਚੁੱਲ੍ਹੇ-ਚੌਂਕੇ ਦੇ ਕੋਲ ਦੀਵਾਰ ਉੱਤੇ ਲੱਗੇ ਸ਼ੀਸ਼ੇ ਵਿੱਚ ਕਿੰਨੀ ਦੇਰ ਐਵੇਂ ਹੀ ਦੇਖਦਾ ਰਿਹਾ। ਉਸਨੇ ਆਪਣੀ ਚਿੱਟੀ ਸ਼ਰਟ ਤੇ ਟਾਈ ਨੂੰ ਠੀਕ ਕੀਤਾ ਜੋ ਇੱਕ ਪਾਸੇ ਨੂੰ ਢਿਲਕ ਗਈ ਸੀ ਅਤੇ ਕੰਬਦੀਆਂ ਉਂਗਲੀਆਂ ਨਾਲ ਆਪਣੀਆਂ ਮੁੱਛਾਂ ਸੰਵਾਰੀਆਂ।
ਝੁੰਜਲਾਇਆ ਜਿਹਾ ਉਹ ਉਸ ਮੇਜ਼ ਦੇ ਕੋਲ ਗਿਆ, ਜਿੱਥੇ ਉਸ ਦੀ ਪਤਨੀ ਗਰਮ ਪਾਣੀ ਵਿੱਚੋਂ ਬਦਾਮ ਕਢ ਕਢ ਛਿਲਕਾ ਉਤਾਰ ਰਹੀ ਸੀ। ਘਰੇ ਬਣਾਈ ਜੈਕਟ ਦੀਆਂ ਜੇਬਾਂ ਵਿੱਚ ਆਪਣੇ ਹਥ ਤੁੰਨੀ ਉਹ ਉਸ ਦੇ ਪਿੱਛੇ ਖੜਾ ਹੋ ਗਿਆ। ਆਪਣੀ ਪਤਨੀ ਦੇ ਝੁਕਣ ਦੇ ਅੰਦਾਜ਼, ਉਸ ਦੀਆਂ ਜਿਸਮਾਨੀ ਤਕਲੀਫਾਂ ਅਤੇ ਉਸ ਦੇ ਕੰਬਦੇ ਬੁੱਲ੍ਹਾਂ ਤੋਂ ਉਸਨੇ ਅੰਦਾਜ਼ਾ ਲਗਾਇਆ ਕਿ ਉਹ ਦਰਦਨਾਕ ਨਤੀਜਿਆਂ ਬਾਰੇ ਚੰਗੀ ਤਰ੍ਹਾਂ ਜਾਣਦੀ ਸੀ।
ਉਸਨੂੰ ਇਹ ਗ਼ਮ ਨੂੰ ਹੋਰ ਗਧਾ ਕਰ ਦੇਣ ਵਾਲਾ ਅਹਿਸਾਸ ਹੋਇਆ ਕਿ ਉਸ ਦੀ ਪਤਨੀ ਆਪਣੇ ਨਰਮ ਨਰਮ ਸਰ੍ਹਾਣਿਆਂ ਵਿੱਚ ਸਿਰ ਦੇਕੇ ਰੋਣ ਧੋਣ ਦੀ ਬਜਾਏ ਬੱਚਿਆਂ ਦੇ ਨਾਲ ਉਪਰੋਂ ਉਪਰੋਂ ਬੜੀ ਸ਼ਾਂਤ ਬੈਠੀ ਹੋਈ ਸੀ, ਹਾਲਾਂਕਿ ਅੰਦਰੂਨੀ ਤੌਰ ਤੇ ਗ਼ਮ ਉਸਨੂੰ ਵਢ ਵਢ ਖਾਈ ਜਾ ਰਿਹਾ ਸੀ। ਬੱਚੇ ਬੜੀ ਬੇਪਰਵਾਹੀ ਨਾਲ ਹਸ ਖੇਡ ਰਹੇ ਸਨ ਅਤੇ ਇਸ ਤਰ੍ਹਾਂ ਆਪਣੀ ਮਾਂ ਦੀ ਮਦਦ ਕਰ ਰਹੇ ਸਨ।
ਪਤਨੀ ਦੇ ਦੁੱਖ ਨੇ ਉਸ ਦੇ ਬਦਨ ਵਿੱਚ ਦਰਦ ਦੀ ਇੱਕ ਕੰਬਣੀ ਛੇੜ ਦਿੱਤੀ। ਉਸ ਦੇ ਗਲੇ ਵਿੱਚ ਕੁੱਝ ਫਸ ਜਿਹਾ ਗਿਆ। ਉਹ ਤੇਜ਼ ਕਦਮ ਚੁੱਕਦਾ ਹੋਇਆ ਉਸ ਦੇ ਕੋਲੋਂ ਚਲਾ ਗਿਆ। ਉਸ ਦੇ ਬਿਨਾਂ ਅੱਡੀਆਂ ਵਾਲੇ ਬੂਟ, ਚਮਕੀਲੇ ਫ਼ਰਸ਼ ਉੱਤੇ ਹਲਕੀ ਆਹਟ ਕਰ ਰਹੇ ਸਨ। ਖ਼ਾਲੀ ਗਲਿਆਰੇ ਵਿਚੀਂ ਹੁੰਦਾ ਹੋਇਆ ਉਹ ਆਪਣੇ ਅਧਿਅਨ ਕਮਰੇ ਵਿੱਚ ਚਲਾ ਗਿਆ, ਆਪਣਾ ਆਪ ਨੂੰ ਸੋਫੇ ਉੱਤੇ ਢੇਰੀ ਕਰ ਦਿੱਤਾ ਅਤੇ ਸਿਸਕੀਆਂ ਦੇ ਥਪੇੜਿਆਂ ਦੇ ਸਪੁਰਦ ਕਰ ਦਿੱਤਾ।
ਆਪਣੇ ਪਿੱਛੇ ਪਤੀ ਦੇ ਕਦਮਾਂ ਦੀ ਆਹਟ ਸੁਣਕੇ, ਉਸ ਦੀ ਪਤਨੀ ਦਾ ਰੰਗ ਪਹਿਲਾਂ ਨਾਲੋਂ ਜ਼ਿਆਦਾ ਲਾਲ ਹੋ ਗਿਆ। ਉਸ ਦਾ ਚਿਹਰਾ ਸਹਿਮ ਗਿਆ ਪਰ ਉਹ ਉਸੇ ਤਰ੍ਹਾਂ ਖ਼ਾਮੋਸ਼ ਬੈਠੀ ਰਹੀ। ਬਦਾਮ ਸਭ ਖ਼ਤਮ ਕਰਕੇ ਉਸਨੇ ਆਪਣੇ ਹੱਥ ਇੱਕ ਸਫੈਦ ਅਤੇ ਨਰਮ ਤੌਲੀਏ ਨਾਲ ਸਾਫ਼ ਕੀਤੇ ਅਤੇ ਮਲ੍ਹਕ ਮਲ੍ਹਕ ਆਪਣੇ ਪਤੀ ਦੇ ਕਮਰੇ ਵਿੱਚ ਚਲੀ ਗਈ। ਓਥੇ ਉਹ ਦੋਨੋਂ ਕੋਲ ਕੋਲ ਬੈਠਕੇ ਆਪਣੇ ਗ਼ਮ ਉੱਤੇ ਦੇਰ ਤੱਕ ਅੱਥਰੂ ਕੇਰਦੇ ਰਹੇ। ਉਨ੍ਹਾਂ ਨੂੰ ਕੁਝ ਵੀ ਧੀਰਜ ਬੰਨ੍ਹਾਉਣ ਵਾਲਾ ਨਜ਼ਰ ਨਹੀਂ ਆਉਂਦਾ ਸੀ।
(2)
ਈਸਟਰ ਬਿਲਕੁਲ ਕਰੀਬ ਅਤੇ ਛੁੱਟੀ ਦਾ ਦਿਨ ਸੀ। ਸੇਰੀਓਜਾ ਸੌਂ ਰਿਹਾ ਸੀ ਅਤੇ ਇੱਕ ਅਜੀਬੋ-ਗਰੀਬ ਲੇਕਿਨ ਤਸੱਲੀਬਖ਼ਸ਼ ਸੁਪਨਾ ਵੇਖ ਰਿਹਾ ਸੀ।
ਉਸਨੇ ਸੁਪਨੇ ਵਿੱਚ ਵੇਖਿਆ ਕਿ ਸਖ਼ਤ ਗਰਮੀ ਹੈ। ਉਸ ਦੀਆਂ ਨਜਰਾਂ ਦੇ ਸਾਹਮਣੇ ਚਮਕਦੇ ਸੂਰਜ ਦੀਆਂ ਕਿਰਨਾਂ ਵਾਦੀ ਨੂੰ ਭੁੰਨਣ ਦਾ ਕੰਮ ਕਰ ਰਹੀਆਂ ਹਨ। ਉਹ ਇੱਕ ਮੰਦੇਹਾਲ ਝੋਂਪੜੀ ਦੇ ਬੂਹੇ ਉੱਤੇ ਬੈਠਾ ਹੈ। ਸਾਹਮਣੇ ਵਾਲੇ ਦੋ ਖਜੂਰ ਦੇ ਰੁੱਖਾਂ ਦੇ ਵੱਡੇ ਵੱਡੇ ਪੱਤੇ ਉਸ ਦੀਆਂ ਧੁੱਪ ਨਾਲ ਲੂਸੀਆਂ ਟੰਗਾਂ ਅਤੇ ਉਸ ਦੇ ਸਫੈਦ ਕੱਪੜਿਆਂ ਉੱਤੇ ਛਾਂ ਕਰ ਰਹੇ ਹਨ।
ਸੇਰੀਓਜਾ ਬਹੁਤ ਛੋਟਾ ਹੈ, ਜਿਵੇਂ ਕਿ ਉਹ ਅੱਜ ਤੋਂ ਦਸ ਸਾਲ ਪਹਿਲਾਂ ਹੋਇਆ ਕਰਦਾ ਸੀ। ਉਸ ਦਾ ਬਦਨ ਜੋ ਕੱਪੜਿਆਂ ਨਾਲ ਬਹੁਤ ਘੱਟ ਢਕਿਆ ਹੋਇਆ ਹੈ ਕਿਸੇ ਧਰਤੀ ਤੇ ਉੱਤਰੇ ਫ਼ਰਿਸ਼ਤੇ ਦੀ ਤਰ੍ਹਾਂ ਨਾਜ਼ਕ ਅਤੇ ਹਲਕਾ। ਹਰ ਚੀਜ਼ ਬਹੁਤ ਮਨਮੋਹਣੀ ਹੈ, ਅਤੇ ਸਖ਼ਤ ਤੇ ਗਰਮ ਜ਼ਮੀਨ ਜਿਸ ਉੱਤੇ ਉਸ ਦੇ ਨੰਗੇ ਪੈਰ ਜਮੇ ਹੋਏ ਹਨ, ਗਰਮ ਹਲਕੀ ਹਲਕੀ ਹਵਾ, ਨੀਲਾ ਅਸਮਾਨ ਜੋ ਦੂਰੀ ਦੇ ਬਾਵਜੂਦ ਇੰਨਾ ਨੇੜੇ ਲੱਗ ਰਿਹਾ ਹੈ। ਪੰਛੀਆਂ ਦੀਆਂ ਤੇਜ਼ ਉਡਾਰੀਆਂ, ਆਸ-ਪਾਸ ਦੀਆਂ ਝੋਂਪੜੀਆਂ ਦੇ ਨੇੜੇ ਖੇਡਦੇ ਬੱਚਿਆਂ ਦੀਆਂ ਕਿਲਕਾਰੀਆਂ.... ਉਸ ਦੀ ਮਾਂ ਦੀ ਨਰਮ-ਨਾਜ਼ੁਕ ਆਵਾਜ ਜੋ ਖੂਹ ਦੇ ਨੇੜੇ ਖੜੀ ਨੰਗੇ ਪੈਰ ਅਤੇ ਚਿੱਟੇ ਕਪੜਿਆਂ ਵਾਲੀਆਂ ਗੰਦਮੀ ਰੰਗ ਦੀਆਂ ਔਰਤਾਂ ਨਾਲ ਹੱਸ ਹੱਸ ਗੱਲਾਂ ਕਰ ਰਹੀ ਹੈ।
ਉਸ ਦੀ ਮਾਂ ਵਾਪਸ ਘਰ ਮੁੜਦੀ ਹੈ। ਉਸਨੇ ਆਪਣੇ ਮੋਢੇ ਉੱਤੇ ਇੱਕ ਲੰਮੀ ਪਤਲੀ ਗਰਦਨ ਵਾਲੀ ਮਟਕੀ ਚੁੱਕੀ ਹੋਈ ਹੈ। ਉਸ ਦੀ ਨੰਗੀ ਗੰਦਮੀ ਬਾਂਹ ਨੇ ਇਸ ਮਟਕੀ ਨੂੰ ਬੋਚ ਕੇ ਰੱਖਿਆ ਹੋਇਆ ਹੈ। ਧੁੱਪ ਨਾਲ ਉਸ ਦੀਆਂ ਗੱਲ੍ਹਾਂ ਗੁਲਾਬੀ ਭਾ ਮਾਰ ਰਹੀਆਂ ਹਨ। ਉਸ ਦੇ ਅੱਧਮੀਚੇ ਬੁੱਲ੍ਹਾਂ ਵਿੱਚੋਂ ਮੁਸਕੁਰਾਹਟ ਲਿਸ਼ਕ ਰਹੀ ਹੈ। ਉਹ ਆਪਣੀਆਂ ਸੰਘਣੀਆਂ ਭਵਾਂ ਦੇ ਹੇਠੋਂ ਆਪਣੀਆਂ ਕਾਲੀਆਂ ਅੱਖਾਂ ਨਾਲ ਮੁੰਡੇ ਦੀ ਅੱਖਾਂ ਵਿੱਚ ਦੇਖਦੀ ਹੈ, ਜੋ ਖੁਸ਼ੀ ਨਾਲ ਚਮਕ ਰਹੀਆਂ ਹਨ। ਆਪਣੇ ਬੱਚੇ ਨੂੰ ਖਿੜਿਆ ਅਤੇ ਖੇਲ ਕੁੱਦ ਵਿੱਚ ਮਸਤ ਵੇਖਕੇ ਉਹ ਫੁੱਲੀ ਨਹੀਂ ਸਮਾਉਂਦੀ ਅਤੇ ਆਪ ਵੀ ਖਿੜ ਖਿੜਾ ਕੇ ਹੱਸਣ ਲੱਗਦੀ ਹੈ।
ਉਸ ਦੇ ਮੁੰਡੇ ਨੇ ਹੱਥ ਵਿੱਚ ਖਿਡੌਣਾ ਫੜਿਆ ਹੋਇਆ ਹੈ, ਜੋ ਉਸਨੇ ਖ਼ੁਦ ਚੀਕਣੀ ਮਿੱਟੀ ਤੋਂ ਬਣਾਇਆ ਸੀ। ਇਹ ਇੱਕ ਪੰਛੀ ਸੀ। ਮਿੱਟੀ ਦਾ ਪੰਛੀ, ਪਰ ਇਹ ਜਿਉਂਦਾ ਲੱਗਦਾ ਸੀ। ਨੰਨ੍ਹੇ ਕਰਾਮਾਤੀ ਆਰਟਿਸਟ ਦੀਆਂ ਮੂਰਤੀ-ਘਾੜਾ ਉਂਗਲਾਂ ਨੇ ਬੜੀ ਪ੍ਰਬੀਨਤਾ ਨਾਲ ਕੰਮ ਕੀਤਾ ਸੀ ਅਤੇ ਦਰਅਸਲ ਮਿੱਟੀ ਖ਼ੁਦ ਮੂਰਤੀਮਾਨ ਹੋਣ ਲਈ ਉਤਾਵਲੀ ਸੀ। ਬੱਚੇ ਦੀਆਂ ਗਰਮ ਅਤੇ ਕੋਮਲ ਉਂਗਲਾਂ ਵਿੱਚ, ਜਿਨ੍ਹਾਂ ਵਿੱਚ ਇੱਕ ਰਚਣਈ ਇਰਾਦਾ ਕਰਵਟਾਂ ਲੈ ਰਿਹਾ ਸੀ, ਪੰਛੀ ਧੜਕਣ ਲੱਗ ਪਿਆ ਸੀ।
ਆਪਣੇ ਬੋਝ ਨੂੰ ਹਲਕਾ ਕਰਨ ਦੀ ਜਲਦੀ ਵਿੱਚ ਉਸ ਦੀ ਮਾਂ ਉਸ ਦੇ ਕੋਲੋਂ ਲੰਘੀ। ਚਲਦੇ ਹੋਏ ਗਰਦਨ ਮੋੜੇ ਬਿਨਾਂ ਅਤੇ ਸਿਰ ਝੁਕਾਏ ਬਿਨਾਂ ਉਸਨੇ ਖੁਸ਼ੀ ਨਾਲ ਚਮਕਦੀਆਂ ਆਪਣੀਆਂ ਸਿਆਹ ਅਤੇ ਗਹਿਰੀਆਂ ਅੱਖਾਂ ਨਾਲ ਉਸ ਵੱਲ ਵੇਖਿਆ।
ਮੁੰਡੇ ਨੇ ਆਪਣਾ ਖੱਬਾ ਹੱਥ ਚੁੱਕਿਆ ਅਤੇ ਉਸਦੇ ਧੁੱਪ ਨਾਲ ਲੂਸੇ ਪੈਰ ਦੇ ਪੱਬ ਨੂੰ ਫੜ ਲਿਆ ਅਤੇ ਚੀਖ਼ਿਆ, “ਵੇਖ ਅੰਮੀ!”
ਉਹ ਆਪਣੇ ਬਦੇਸ਼ੀ ਲਹਿਜੇ ਤੇ ਇੱਕ ਪਲ ਹੈਰਾਨ ਹੋਇਆ, ਪਰ ਫ਼ੌਰਨ ਹੀ ਉਸ ਦੀ ਇਹ ਹੈਰਾਨੀ ਅਤੇ ਇਹ ਅੰਦੇਸ਼ਾ ਕਿ ਕੀ ਉਸ ਦੀ ਗੱਲ ਸਮਝੀ ਗਈ ਹੈ ਜਾਂ ਨਹੀਂ, ਦੂਰ ਹੋ ਗਿਆ।
ਉਸ ਦੀ ਮਾਂ ਠਹਿਰੀ ਅਤੇ ਹੱਸਦੇ ਹੋਏ ਪੁੱਛਿਆ, “ਕਿਉਂ ਕੀ ਹੈ ਮੇਰੇ ਬੱਚੇ?”
ਉਸਨੇ ਆਪਣਾ ਮਿੱਟੀ ਦਾ ਖਿਡੌਣਾ ਉਤਾਂਹ ਚੁੱਕਿਆ ਅਤੇ ਖ਼ੁਸ਼ ਹੁੰਦੇ ਹੋਏ ਕਿਹਾ, “ਵੇਖ ਅੰਮੀ। ਇਹ ਪੰਛੀ! ਮੈਂ ਬਣਾਇਆ ਹੈ ਜੋ ਜ਼ਿੰਦਾ ਬੁਲਬੁਲ ਦੀ ਤਰ੍ਹਾਂ ਗਾਉਂਦਾ ਹੈ।”
ਇਹ ਕਹਿੰਦੇ ਹੋਏ ਉਸਨੇ ਪੰਛੀ ਦੀ ਪੂੰਛ ਉੱਤੇ ਆਪਣੇ ਬੁੱਲ੍ਹ ਟਿਕਾਏ ਅਤੇ ਜਿੱਥੇ ਸੀਟੀ ਵਜਾਉਣ ਲਈ ਇਕ ਮੋਰੀ ਸੀ, ਉਸ ਵਿਚ ਫੂਕ ਮਾਰੀ, ਅਤੇ ਇਕ ਹਲਕੀ ਜੇਹੀ ਸੀਟੀ ਪੰਛੀ ਦੀ ਮਿੱਟੀ ਦੀ ਚੁੰਝ ਵਿੱਚੋਂ ਨਿਕਲੀ। ਫੂਕ ਨੂੰ ਕਦੇ ਕਮਜ਼ੋਰ ਅਤੇ ਕਦੇ ਜ਼ੋਰਦਾਰ ਕਰਦੇ ਹੋਏ, ਮੁੰਡੇ ਨੇ ਆਪਣੀ ਮਿੱਟੀ ਦੀ ਸੀਟੀ ਵਜਾਈ, ਜਿਸ ਵਿੱਚੋਂ ਤੈਰਦੀਆਂ ਅਤੇ ਭਰਪੂਰ ਸੰਗੀਤਮਈ ਆਵਾਜ਼ਾਂ ਨਿਕਲਣ ਲੱਗੀਆਂ।
ਉਸ ਦੀ ਮਾਂ ਹੱਸ ਪਈ ਅਤੇ ਕਿਹਾ, “’ਤੂੰ ਇਹ ਅਨੋਖਾ ਪੰਛੀ ਬਣਾਉਣ ਵਿੱਚ ਵੱਡੀ ਸੁਹਜਮਈ ਸਮਝ ਦਾ ਪ੍ਰਮਾਣ ਦਿੱਤਾ ਹੈ। ਇਸਨੂੰ ਹੱਥ ਵਿੱਚ ਘੁੱਟ ਕੇ ਫੜ ਰੱਖ ਕਿਤੇ ਇਹ ਉੱਡ ਨਾ ਜਾਵੇ।”
ਇਹ ਕਹਿ ਕੇ ਉਸ ਦੀ ਮਾਂ ਝੋਂਪੜੀ ਵਿੱਚ ਚਲੀ ਗਈ ਅਤੇ ਆਪਣੇ ਕੰਮ ਕਾਰ ਵਿੱਚ ਮਸਰੂਫ ਹੋ ਗਈ। ਉਹ ਉਥੇ ਹੀ ਸਰਦਲ ਤੇ ਬੈਠਾ ਆਪਣੇ ਖਿਡੌਣੇ ਵੱਲ ਹਸਰਤ ਭਰੀਆਂ ਨਿਗਾਹਾਂ ਨਾਲ ਵੇਖਦਾ ਰਿਹਾ ਅਤੇ ਆਪਣੀਆਂ ਨਾਜ਼ੁਕ ਉਂਗਲਾਂ ਨਾਲ ਉਸ ਦੇ ਪਰਾਂ ਤੇ ਠੋਲੇ ਮਾਰਦਾ ਰਿਹਾ।
’’ਕੀ ਤੂੰ ਉੱਡ ਜਾਣਾ ਚਾਹੁੰਦਾ ਹੈਂ?” ਉਸਨੇ ਪੰਛੀ ਨੂੰ ਪਿਆਰ ਨਾਲ ਪੁੱਛਿਆ।
ਪੰਛੀ ਦੇ ਪਰਾਂ ਵਿੱਚ ਇੱਕ ਹਲਕੀ ਜਿਹੀ ਜੁੰਬਸ਼ ਪੈਦਾ ਹੋਈ।
ਉਸਨੇ ਫਿਰ ਉਸ ਨੂੰ ਪੁੱਛਿਆ, “ਕੀ ਤੂੰ ਉੱਡ ਜਾਣਾ ਚਾਹੁੰਦਾ ਹੈਂ?”
ਪੰਛੀ ਦੇ ਬੇਜਾਨ ਮਟਿਆਲੇ ਬਦਨ ਵਿੱਚ ਦਿਲ ਧੜਕਨਾ ਸ਼ੁਰੂ ਹੋਇਆ।
ਤੀਜੀ ਵਾਰ ਉਸਨੇ ਫਿਰ ਪੁੱਛਿਆ, “ਕੀ ਤੂੰ ਉੱਡ ਜਾਣਾ ਚਾਹੁੰਦਾ ਹੈਂ?”
ਪੰਛੀ ਦਾ ਸਾਰਾ ਬਦਨ ਕੰਬ ਉਠਿਆ। ਪੰਛੀ ਨੇ ਆਪਣੇ ਖੰਭ ਉਠਾਏ ਅਤੇ ਪਰ ਫੜਫੜਾਏ। ਪੰਛੀ ਚਹਿਕਿਆ ਅਤੇ ਸਿਰ ਨੂੰ ਖੱਬੇ ਸੱਜੇ ਘੁਮਾਇਆ। ਉਸਨੇ ਆਪਣੀ ਮੁੱਠੀ ਖੋਲ੍ਹ ਦਿੱਤੀ ਅਤੇ ਪੰਛੀ ਫੁਰਰ ਉੱਡ ਗਿਆ। ਹਲਕੇ ਨੀਲੇ ਅਸਮਾਨ ਵਿੱਚ ਉਸ ਦੀ ਚੂਕ-ਚਹਿਕ ਘੁਲਦੀ ਗਈ। ਸੂਰਜ ਉੱਚੇ ਤੋਂ ਹੋਰ ਉੱਚਾ ਹੋ ਗਿਆ ਅਤੇ ਫ਼ਿਜ਼ਾ ਸ਼ਾਂਤ ਤੋਂ ਹੋਰ ਸ਼ਾਂਤ ਹੁੰਦੀ ਗਈ।
(3)
ਸੇਰੀਓਜਾ ਦੀ ਜਦੋਂ ਜਾਗ ਖੁੱਲ੍ਹੀ ਤਾਂ ਉਹ ਮੁੜ੍ਹਕੇ ਵਿੱਚ ਭਿਜਿਆ ਹੋਇਆ ਸੀ। ਉਸ ਦੀ ਛਾਤੀ ਵਿੱਚ ਤਿੱਖਾ ਦਰਦ ਹੋ ਰਿਹਾ ਸੀ, ਉਸਨੂੰ ਖੰਘਣਾ ਦੁਸ਼ਵਾਰ ਹੋ ਰਿਹਾ ਸੀ। ਪਰਰ ਉਹ ਨੰਨ੍ਹਾ ਪੰਛੀ ਕਿੱਥੇ ਹੈ ਜਿਸਨੂੰ ਉਸਨੇ ਬਣਾਇਆ ਸੀ?
ਉਹ ਪੰਛੀ ਖਿੜਕੀ ਦੇ ਕੋਲ ਚਹਿਕਦਾ ਹੈ ਆਪਣੇ ਪਰ ਫੜਫੜਾਉਂਦਾ ਹੈ ਅਤੇ ਉਡ ਜਾਂਦਾ ਹੈ।
"ਮੇਰਾ ਪੰਛੀ!"
"ਐਪਰ ਮੈਂ ਕੌਣ ਹਾਂ?"
ਸੇਰੀਓਜਾ ਉੱਠਣ ਲੱਗਿਆ ਪਰ ਸਰ੍ਹਾਣੇ ਉੱਤੇ ਡਿੱਗ ਪਿਆ ਅਤੇ ਬੇਹੋਸ਼ੀ ਵਿੱਚ ਬੁੜਬੁੜਾਉਣਾ ਲੱਗਾ।
"ਐਪਰ ਮੈਂ ਕੌਣ ਹਾਂ?"
ਉਸ ਦੀ ਮਾਂ ਉਸ ਦੇ ਬਿਸਤਰ ਤੇ ਝੁਕਦੀ ਹੈ ਪਰ ਸੇਰੀਓਜਾ ਉਸਨੂੰ ਵੇਖਦਾ ਨਹੀਂ। ਕਮਰੇ ਦੀਆਂ ਦੀਵਾਰਾਂ ਵੀ ਉਸ ਨੂੰ ਨਜ਼ਰ ਨਾ ਆ ਰਹੀਆਂ।
(4)
ਉਹ ਇੱਕ ਪਹਾੜੀ ਦੀ ਸਿੱਖਰ ਉੱਤੇ ਖੜਾ ਹੈ।
ਦੁਪਹਿਰ ਦੇ ਸੂਰਜ ਦੀ ਰੋਸ਼ਨੀ ਵਿੱਚ ਸਾਰੀ ਵਾਦੀ ਚਮਕ ਰਹੀ ਹੈ.. .. .. ਉਸ ਦੇ ਕੱਪੜੇ ਨਿਹਾਇਤ ਗ਼ਰੀਬੜੇ ਅਤੇ ਫਟੇਹਾਲ ਹਨ ਅਤੇ ਉਸ ਦੇ ਪੈਰ ਰਸਤੇ ਦੀ ਧੂੜ ਨਾਲ ਅੱਟੇ ਹੋਏ ਹਨ ਅਤੇ ਨਿੱਕੀ ਨਿੱਕੀ ਸੁਨਹਿਰੀ ਦਾੜ੍ਹੀ ਗਰਦ ਨਾਲ ਧੌਲੀ ਹੋਈ ਪਈ ਹੈ।
ਉਸ ਦੇ ਸਾਥੀ ਦੂਰ ਹੇਠਾਂ ਜੈਤੂਨ ਦੇ ਰੁੱਖਾਂ ਦੀ ਛਾਵੇਂ ਲਿਟੇ ਆਪਣੀ ਥਕਾਵਟ ਦੂਰ ਕਰ ਰਹੇ ਹਨ। ਉਸ ਦੇ ਇਰਦ ਗਿਰਦ ਦੀ ਫ਼ਿਜ਼ਾ ਨੂੰ ਰੋਸ਼ਨੀ ਨੂਰ ਨੂਰ ਕਰ ਰਹੀ ਹੈ। ਦੋ ਆਦਮੀ ਨੂਰਾਨੀ ਲਿਬਾਸ ਵਿੱਚ ਸਜੇ, ਹਵਾ ਵਿੱਚ ਤੈਰਦੇ ਹੋਏ ਆਉਂਦੇ ਹਨ। ਉਨ੍ਹਾਂ ਦੇ ਪਹਿਰਾਵਿਆਂ ਦੀਆਂ ਲਹਿਰਾਉਂਦੀਆਂ ਤੈਹਾਂ ਵਿੱਚੋਂ ਸੱਜਰੀ ਹਵਾ ਦੇ ਠੰਡੇ ਝੋਂਕੇ ਹਵਾ ਵਿੱਚ ਘੁਲ ਰਹੇ ਹਨ। ਇਹ ਦੋਨੋਂ ਉਸ ਦੇ ਕੋਲ ਪੁੱਜਦੇ ਹਨ। ਉਹ ਉਨ੍ਹਾਂ ਨੂੰ ਪੁੱਛਦਾ ਹੈ:
"ਮੈਂ ਕੌਣ ਹਾਂ?”
"ਘਬਰਾ ਨਾ, ਅੱਜ ਤੋਂ ਤੀਸਰੇ ਰੋਜ ਤੂੰ ਉੱਠ ਪਵੇਂਗਾ।” ਨੂਰਾਨੀ ਆਦਮੀ ਉਸਨੂੰ ਕਹਿੰਦੇ ਹਨ।
ਉਸ ਦੇ ਕੱਪੜੇ ਪਹਿਲਾਂ ਹੀ ਚਿੱਟੇ ਹਨ। ਹੁਣ ਉਸ ਦੇ ਸਿਰ ਦੇ ਗਿਰਦ ਇੱਕ ਚਾਨਣ ਘੇਰਾ ਹੈ ਅਤੇ ਉਸ ਦੇ ਖ਼ੂਨ ਦਾ ਅਗਨ ਲਾਵਾ ਉਸ ਦੀਆਂ ਰਗਾਂ ਵਿੱਚ ਵਗ ਰਿਹਾ ਹੈ। ਅਕੱਥ ਖੁਸ਼ੀ ਦੀ ਇੱਕ ਚੀਖ਼ ਉਸ ਦੀ ਹਿੱਕ ਵਿੱਚੋਂ ਨਿੱਕਲਦੀ ਹੈ।
(5)
ਉਸਦੀ ਜਾਗ ਖੁੱਲ੍ਹ ਜਾਂਦੀ ਹੈ। ਉਸ ਦੀ ਚੀਖ਼ ਨਾਲ ਘਰ ਦੇ ਸਭ ਲੋਕ ਉਸ ਦੇ ਬਿਸਤਰ ਦੇ ਗਿਰਦ ਆ ਖੜੇ ਹੁੰਦੇ ਹਨ। ਉਸ ਦੇ ਜ਼ਰਦ ਬੁੱਲ੍ਹਾਂ ਦੀ ਖੱਬੀ ਕੋਰ ਵਿੱਚੋਂ ਖ਼ੂਨ ਦੀ ਇੱਕ ਪਤਲੀ ਧਾਰ ਵਗਦੀ ਹੈ। ਉਸ ਦਾ ਚਿਹਰਾ ਮੁਰਦੇ ਜਿਹਾ ਬੱਗਾ ਹੈ। ਉਸ ਦੀਆਂ ਨਜ਼ਰਾਂ - ਉਸ ਦੇ ਮੌਤ ਦੇ ਬਿਸਤਰ ਦੇ ਦੁਆਲੇ ਜੁੜੇ ਅਜ਼ੀਜ਼ਾਂ ਵੱਲ ਝਾਕ ਰਹੀਆਂ ਹਨ - ਚੌਪੱਟ ਖੁੱਲ੍ਹੀਆਂ, ਬੱਗੀਆਂ ਅੱਖਾਂ ਦੀ ਅਹਿੱਲ ਦਹਿਸ਼ਤ।
ਨੇਤਰਹੀਣ, ਸਿਆਹ ਅਤੇ ਖੌਫਨਾਕ ਤੌਰ ਉੱਤੇ ਚਿੱਟੇ ਚਮਕਦੇ ਦੰਦਾਂ ਵਾਲੀ ਇੱਕ ਸ਼ਕਲ ਆਪਣੇ ਨਾਲ ਅਜ਼ਲੀ ਸਰਦੀ ਅਤੇ ਸਦੀਵੀ ਹਨੇਰਾ ਫੂਕਦੀ ਉਸ ਕੋਲ ਆਉਂਦੀ ਹੈ। ਉਹ ਬਹੁਤ ਵਿਸ਼ਾਲ ਹੈ। ਉਹ ਸੇਰੀਓਜਾ ਦੇ ਪਾਸ ਦੀ ਸਾਰੀ ਹਵਾ ਸੜ੍ਹਾਕ ਲੈਂਦੀ ਹੈ ਅਤੇ ਸਿਆਹ ਬੱਦਲ ਦੀ ਤਰ੍ਹਾਂ ਆਪਣੇ ਪਹਿਰਾਵੇ ਦੀਆਂ ਵੱਡੀਆਂ ਵੱਡੀਆਂ ਤੈਹਾਂ ਨੂੰ ਹਿਲਾਂਦੇ ਹੋਏ ਉਹ ਸੇਰੀਓਜਾ ਉੱਤੇ ਝੁਕਦੀ ਹੈ।
ਐਪਰ ਨੂਰਾਨੀ ਲਿਬਾਸ ਵਾਲੇ ਬੰਦੇ ਦੀ ਆਵਾਜ਼ ਬਿਜਲੀ ਦੀ ਤਰ੍ਹਾਂ ਕੜਕਦੀ ਹੈ।
"ਅੱਜ ਤੋਂ ਤੀਸਰੇ ਦਿਨ ਤੂੰ ਉੱਠ ਪਵੇਂਗਾ।"
ਘਾਤਕ ਮਹਿਮਾਨ ਦੇ ਚੋਗੇ ਦੇ ਪਿੱਛੇ ਕਿਆਮਤ ਦੇ ਦਿਨ ਦੀ ਸੁਨਹਿਰੀ ਰੋਸ਼ਨੀ ਵਿਖਾਈ ਦਿੰਦੀ ਹੈ। ਇਹ ਨਜ਼ਾਰਾ ਸੇਰੀਓਜਾ ਦੀਆਂ ਅੱਖਾਂ ਲਈ ਬਹੁਤ ਸੁਖਦਾਈ ਹੈ। ਉਸ ਦਾ ਜ਼ਰਦ ਚਿਹਰਾ ਉਸ ਸੁਨਹਿਰੀ ਨੂਰ ਨਾਲ ਤਮਤਮਾ ਉੱਠਦਾ ਹੈ। ਉਸ ਦੀਆਂ ਅੱਖਾਂ ਵਿੱਚ ਖੁਸ਼ੀ ਦੀ ਇੱਕ ਖ਼ਾਮੋਸ਼ ਝਲਕ ਟਪਕਦੀ ਹੈ।
ਲੰਮਾ ਜਿਹਾ ਸਾਹ ਲੈਂਦੇ ਹੋਏ ਉਹ ਗੁਣਗੁਣਾਉਂਦਾ ਹੈ:
"ਅੱਜ ਤੋਂ ਤੀਸਰੇ ਰੋਜ ਮੈਂ ਉਠਾਂਗਾ।”
ਅਤੇ ਉਹ ਮਰ ਜਾਂਦਾ ਹੈ।
(6)
ਤੀਸਰੇ ਦਿਨ ਉਸ ਨੂੰ ਦਫਨਾ ਦਿੱਤਾ ਜਾਂਦਾ ਹੈ।