ਸਮੱਗਰੀ 'ਤੇ ਜਾਓ

ਅਨੁਵਾਦ:ਉਨੀਂਦਰਾ

ਵਿਕੀਸਰੋਤ ਤੋਂ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਰਾਤ…. ਤੇਰ੍ਹਾਂ ਸਾਲਾਂ ਦੀ ਨਿੱਕੀ ਜਿਹੀ ਕੁੜੀ ਹੈ, ਆਇਆ ਵਾਰਕਾ। ਉਹ ਝੂਲੇ ਨੂੰ ਆਹਿਸਤਾ ਆਹਿਸਤਾ ਹਿਲਾ ਰਹੀ ਹੈ ਜਿਸ ਵਿੱਚ ਨੰਨ੍ਹਾ ਜਿਹਾ ਬਾਲ ਲਿਟਿਆ ਹੋਇਆ ਹੈ ਤੇ ਦੱਬੀ ਜ਼ਬਾਨ ਨਾਲ ਲੋਰੀ ਗੁਣਗੁਣਾ ਰਹੀ ਹੈ ਜੋ ਮਸਾਂ ਸੁਣਾਈ ਦੇ ਰਹੀ ਹੈ।

"ਲੋਰੀ ਬਈ ਲੋਰੀ ਦੁਧ ਦੀ ਕਟੋਰੀ,
ਸੌਂ ਜਾ ਮੇਰੇ ਸੌਂਹਣੇ ਚੰਨਾ ਸੌਂ ਜਾ…. ਲੋਰੀ ਬਈ ਲੋਰੀ .."।

ਝੂਲੇ ਦੇ ਸਾਹਮਣੇ ਇੱਕ ਸਬਜ਼ ਰੰਗ ਦਾ ਲੈਂਪ ਜਲ਼ ਰਿਹਾ ਹੈ। ਕਮਰੇ ਵਿੱਚ ਇੱਕ ਰੱਸੀ ਤੇ ਸਿਆਹ ਪਤਲੂਨ ਅਤੇ ਨੰਨ੍ਹੇ ਦੇ ਕੱਪੜੇ ਲਟਕ ਰਹੇ ਹਨ ਜਿਨ੍ਹਾਂ ਦੇ ਲੰਬੇ ਲੰਬੇ ਪਰਛਾਵੇਂ ਵਾਰਕਾ ਅਤੇ ਬੱਚੇ ਦੇ ਝੂਲੇ ਤੇ ਪੈ ਰਹੇ ਹਨ …. ਲੈਂਪ ਦੀ ਬੱਤੀ ਦੇ ਸ਼ੋਅਲੇ ਦੇ ਸਾਥ ਪਰਛਾਵੇਂ ਵੀ ਨਾਚ ਕਰਨਾ ਸ਼ੁਰੂ ਕਰ ਦਿੰਦੇ ਹਨ, ਜਿਵੇਂ ਤੇਜ਼ ਹਵਾ ਵਿੱਚ ਪੱਤੇ ਕੰਬ ਰਹੇ ਹੋਣ। ਕਮਰੇ ਵਿੱਚ ਸਖ਼ਤ ਹੁੰਮਸ ਹੋ ਰਿਹਾ ਹੈ ਅਤੇ ਐਸਾ ਮਲੂਮ ਹੁੰਦਾ ਹੈ ਜਿਵੇਂ ਗੋਭੀ ਦਾ ਬਦਬੂਦਾਰ ਸ਼ੋਰਬਾ ਪਾਸ ਹੀ ਰੱਖਿਆ ਹੋਵੇ ਜਾਂ ਇਸ ਜਗ੍ਹਾ ਕਿਸੇ ਬੂਟ ਬਣਾਉਣ ਵਾਲੇ ਦੀ ਦੁਕਾਨ ਹੋਵੇ।

ਬੱਚਾ ਰੋ ਰਿਹਾ ਹੈ। ਉਸਦੇ ਰੋਂਦੇ ਰੋਂਦੇ ਇਹ ਵਕਤ ਆ ਗਿਆ ਅਤੇ ਉਹ ਚੀਖ਼ ਪੁਕਾਰ ਤੋਂ ਥਕਿਆ ਹੋਇਆ ਮਲੂਮ ਹੁੰਦਾ ਹੈ ਮਗਰ ਫਿਰ ਵੀ ਰੋਈ ਜਾ ਰਿਹਾ ਹੈ ਅਤੇ ਇਹ ਮਲੂਮ ਨਹੀਂ ਕਿ ਕਦੋਂ ਚੁੱਪ ਹੋਵੇ। ਵਿਚਾਰੀ ਵਾਰਕਾ ਨੂੰ ਨੀਂਦ ਆ ਰਹੀ ਹੈ। ਨੀਂਦ ਦੇ ਗ਼ਲਬੇ ਨਾਲ ਅੱਖਾਂ ਬੰਦ ਹੋ ਰਹੀਆਂ ਹਨ। ਸਿਰ ਅੱਗੇ ਨੂੰ ਝੁਕਿਆ ਜਾ ਰਿਹਾ ਹੈ। ਗਰਦਨ ਵਿੱਚ ਸ਼ਿੱਦਤ ਦਾ ਦਰਦ ਹੋ ਰਿਹਾ ਹੈ। ਉਇਸ ਵਿੱਚ ਇਤਨੀ ਤਾਕਤ ਨਹੀਂ ਕਿ ਲਬਾਂ ਜਾਂ ਪਲਕਾਂ ਨੂੰ ਹਿਲਾ ਸਕੇ। ਉਸ ਨੂੰ ਐਸਾ ਮਲੂਮ ਹੋ ਰਿਹਾ ਹੈ ਕਿ ਉਸ ਦਾ ਸਿਰ ਖ਼ੁਸ਼ਕ ਲਕੜ ਤੋਂ ਤਰਾਸਿਆ ਹੋਇਆ ਹੈ ਅਤੇ ਸੁੱਕ ਕੇ ਸੂਈ ਦੇ ਸਿਰੇ ਸਮਾਨ ਰਹਿ ਗਿਆ ਹੈ।

"ਸੌਂ ਜਾ ਮੇਰੇ ਸੌਂਹਣੇ ਚੰਨਾ ਸੌਂ ਜਾ……."ਉਹ ਗੁਣਗੁਣਾ ਰਹੀ ਹੈ। ਬੀਂਡਾ ਦਰਦਨਾਕ ਰਾਗ ਦੇ ਅਲਾਪ ਵਿੱਚ ਮਸਰੂਫ਼ ਹੈ। ਨਾਲ ਵਾਲੇ ਕਮਰੇ ਵਿੱਚੋਂ ਮਾਲਕ ਅਤੇ ਉਸ ਦੇ ਸ਼ਾਗਿਰਦ ਅਫ਼ਾਨਸੀ ਦੇ ਖ਼ਰਾਟਿਆਂ ਦੀ ਆਵਾਜ਼ ਆ ਰਹੀ ਹੈ। ਬੱਚੇ ਦਾ ਝੂਲਾ ਗ਼ਮਨਾਕ ਆਵਾਜ਼ ਪੈਦਾ ਕਰ ਰਿਹਾ ਹੈ। ਇਹ ਤਮਾਮ ਆਵਾਜਾਂ ਮਿਲ ਕੇ ਇੱਕ ਤਸਕੀਨ ਬਖ਼ਸ਼ ਰਾਗ ਪੈਦਾ ਕਰ ਰਹੀਆਂ ਹਨ।ਪਰ ਉਹਨਾਂ ਸ਼ਖ਼ਸਾਂ ਦੇ ਲਈ ਜੋ ਬਿਸਤਰ ਵਿੱਚ ਆਰਾਮ ਨਾਲ ਲੇਟੇ ਹੋਣ। ਮਗਰ ਵਾਰਕਾ ਨੂੰ ਇਸ ਵਕਤ ਇਹ ਰਾਗ ਤਕਲੀਫ਼ ਦੇਹ ਅਤੇ ਜਾਲਮਾਨਾ ਮਲੂਮ ਹੋ ਰਿਹਾ ਹੈ। ਇਸ ਲਈ ਕਿ ਇਸ ਦੀ ਮੌਜੂਦਗੀ ਵਿੱਚ ਵਾਰਕਾ ਦਾ ਸੌਂ ਜਾਣਾ ਯਕੀਨੀ ਹੈ। ਅਤੇ ਅਗਰ ਵਾਰਕਾ ਖ਼ੁਦਾ ਨਾ ਕਰੇ, ਖ਼ੁਦਾ ਨਾ ਕਰੇ ਸੌਂ ਜਾਏ ਤਾਂ ਉਸ ਦਾ ਮਾਲਕ ਅਤੇ ਮਾਲਕਣ ਉਸ ਦਾ ਖ਼ੂਬ ਮਾਰ ਕੁਟਾਪਾ ਕਰਨ।

ਲੈਂਪ ਦੀ ਬੱਤੀ ਕੰਬਣ ਲਗਦੀ ਹੈ ਅਤੇ ਸਰਸਬਜ਼ ਰੌਸ਼ਨੀ ਦੇ ਧੱਬੇ ਅਤੇ ਲੰਬੇ ਲੰਬੇ ਪਰਛਾਵੇਂ ਹਰਕਤ ਕਰਨ ਲੱਗ ਜਾਂਦੇ ਹਨ। ਜੋ ਵਾਰਕਾ ਦੀਆਂ ਅੱਧ ਖੁਲੀਆਂ ਨੀਂਦ ਭਰੀਆਂ ਅੱਖਾਂ ਅਤੇ ਥੱਕੇ ਹੋਏ ਦਿਮਾਗ਼ ਦੇ ਸਾਹਮਣੇ ਧੁੰਦ ਵਿੱਚ ਲਿਪਟੀਆਂ ਹੋਈਆਂ ਤਸਵੀਰਾਂ ਮਲੂਮ ਹੁੰਦੀਆਂ ਹਨ। ਹੁਣ ਉਸ ਦੀਆਂ ਨਜ਼ਰਾਂ ਵਿੱਚ ਇਹ ਧੁੰਦਲੀਆਂ ਤਸਵੀਰਾਂ ਸਿਆਹ ਬੱਦਲਾਂ ਦੀ ਸੂਰਤ ਇਖ਼ਤਿਆਰ ਕਰ ਲੈਂਦੀਆਂ ਹਨ ਜੋ ਆਸਮਾਨ ਵਿੱਚ ਇੱਕ ਦੂਸਰੇ ਦਾ ਪਿੱਛਾ ਕਰ ਰਹੇ ਹੋਣ। ਯੱਕਾ ਯਕ ਹਵਾ ਚਲਦੀ ਹੈ ਜੋ ਬੱਦਲਾਂ ਨੂੰ ਮੁੰਤਸ਼ਿਰ ਕਰ ਦਿੰਦੀ ਹੈ ਤੇ ਹੁਣ ਵਾਰਕਾ ਪਤਲੇ ਗਾਰੇ ਨਾਲ ਭਰੀ ਹੋਈ ਇੱਕ ਵਸੀਅ ਸੜਕ ਨੂੰ ਦੇਖਦੀ ਹੈ ਜਿਸ ਦੇ ਦਾਏਂ ਬਾਏਂ ਛਕੜੇ ਕਤਾਰ ਦਰ ਕਤਾਰ ਖੜੇ ਹਨ ਅਤੇ ਦਰਮਿਆਨ ਵਿੱਚ ਲੋਕ ਕੰਧਿਆਂ ਤੇ ਝੋਲੇ ਉਠਾਈਂ ਥਕਾਵਟ ਨਾਲ ਚੂਰ ਚੱਲ ਰਹੇ ਹਨ …. ਅਚਾਨਕ ਇਹ ਲੋਕ ਆਪਣੇ ਝੋਲਿਆਂ ਸਮੇਤ ਗਾਰੇ ਵਿੱਚ ਗਿਰ ਪੈਂਦੇ ਹਨ।

"ਤੁਸੀਂ ਕਿਉਂ ਗਿਰੇ ਹੋ?" ਵਾਰਕਾ ਉਹਨਾਂ ਨੂੰ ਸਵਾਲ ਕਰਦੀ ਹੈ।
ਉਹ ਜਵਾਬ ਦਿੰਦੇ ਹਨ, "ਸੌਂਣ ਦੇ ਲਈ"।

ਇਹ ਕਹਿ ਕੇ ਉਹ ਗਹਿਰੀ ਅਤੇ ਮਿੱਠੀ ਨੀਂਦ ਸੌਂ ਜਾਂਦੇ ਹਨ ਜਦ ਕਿ ਕਾਂ ਅਤੇ ਨੀਲ ਕੰਠ ਬਿਜਲੀ ਦੀਆਂ ਤਾਰਾਂ ਤੇ ਬੈਠੇ ਉਨ੍ਹਾਂ ਨੂੰ ਜਗਾਉਣ ਦੇ ਲਈ ਬੱਚਿਆਂ ਦੀ ਤਰ੍ਹਾਂ ਚੀਖ਼ ਰਹੇ ਹੁੰਦੇ ਹਨ।

"ਸੌਂ ਜਾ ਮੇਰੇ ਸੌਂਹਣੇ ਚੰਨਾ ਸੌਂ ਜਾ…."

ਵਾਰਕਾ ਗੁਣਗੁਣਾਉਂਦੀ ਹੈ ਅਤੇ ਆਪਣੇ ਆਪ ਨੂੰ ਇੱਕ ਤੰਗ ਤਾਰ ਝੌਂਪੜੀ ਵਿੱਚ ਪਾਉਂਦੀ ਹੈ ਜਿਥੇ ਉਸ ਦਾ ਮਰਹੂਮ ਬਾਪ ਦਰਦ ਦੀ ਵਜ੍ਹਾ ਨਾਲ ਜ਼ਮੀਨ ਤੇ ਪਲਸੇਟੇ ਲੈ ਰਿਹਾ ਹੈ। ਦਰਦ ਦੀ ਸ਼ਿੱਦਤ ਦਾ ਇਹ ਆਲਮ ਹੈ ਕਿ ਉਹ ਮੂੰਹ ਤੋਂ ਸਿਵਾਏ ਉਫ਼…. ਉਫ਼ …. ਉਫ਼ ਹੋਰ ਕੁਛ ਨਹੀਂ ਬੋਲ ਸਕਦਾ। ਉਸਦੀ ਮਾਂ ਪਲੇਗਿਆ ਘਰ ਵਿੱਚ ਮੌਜੂਦ ਨਹੀਂ। ਕਿਉਂਕਿ ਉਹ ਮਾਲਕ ਨੂੰ ਖ਼ਬਰ ਦੇਣ ਗਈ ਹੋਈ ਹੈ ਕਿ ਯਾਫ਼ੀਨ ਮਰ ਰਿਹਾ ਹੈ। ਉਸ ਨੂੰ ਗਏ ਹੋਏ ਇੱਕ ਅਰਸਾ ਗੁਜ਼ਰ ਚੁੱਕਾ ਹੈ। ਹਾਲਾਂਕਿ ਉਸ ਵਕਤ ਤੱਕ ਉਸ ਨੂੰ ਵਾਪਸ ਆ ਜਾਣਾ ਚਾਹੀਦਾ ਸੀ। ਵਾਰਕਾ ਅੰਗੀਠੀ ਦੇ ਕਰੀਬ ਖ਼ਾਮੋਸ਼ ਬੈਠੀ ਹੋਈ ਆਪਣੇ ਵਾਲਿਦ ਨੂੰ ਕਰਾਹੁੰਦੇ ਹੋਏ ਸੁਣ ਰਹੀ ਹੈ। ਅਚਾਨਕ ਉਹ ਝੌਂਪੜੀ ਦੇ ਬਾਹਰ ਕਿਸੇ ਗੱਡੀ ਦੀ ਆਵਾਜ਼ ਸੁਣਦੀ ਹੈ…. ਐਨੇ ਵਿੱਚ ਇੱਕ ਜਵਾਨ ਡਾਕਟਰ ਅੰਦਰ ਦਾਖ਼ਲ ਹੁੰਦਾ ਹੈ ਜਿਸ ਦਾ ਚਿਹਰਾ ਹਨੇਰੇ ਦੀ ਵਜ੍ਹਾ ਨਾਲ ਬਖ਼ੂਬੀ ਨਜ਼ਰ ਨਹੀਂ ਆਉਂਦਾ…. ਵਾਰਕਾ ਉਸ ਨੂੰ ਇਤਨਾ ਕਹਿੰਦੇ ਹੋਏ ਸੁਣਦੀ ਹੈ:

"ਰੌਸ਼ਨੀ ਕਰੋ"।

ਜਵਾਬ ਵਿੱਚ ਯਾਫ਼ੀਨ ਉਫ਼ ਉਫ਼ ਦੇ ਸਿਵਾ ਕੁਛ ਹੋਰ ਨਹੀਂ ਕਹਿ ਸਕਦਾ। ਪਲੇਗਿਆ ਦੀਆ ਸਿਲਾਈ ਢੂੰਡਣ ਦੀ ਖ਼ਾਤਿਰ ਅੰਗੀਠੀ ਦੀ ਤਰਫ਼ ਦੌੜਦੀ ਹੈ….ਇੱਕ ਮਿੰਟ ਮੁਕੰਮਲ ਖ਼ਾਮੋਸ਼ੀ ਵਿੱਚ ਗੁਜ਼ਰ ਜਾਂਦਾ ਹੈ। ਉਸ ਦੇ ਬਾਅਦ ਡਾਕਟਰ ਆਪਣੀ ਜੇਬ ਵਿੱਚੋਂ ਦੀਆ ਸਿਲਾਈ ਕਢ ਕੇ ਰੌਸ਼ਨੀ ਕਰਦਾ ਹੈ…. "ਜਨਾਬ! ਜ਼ਰਾ ਇਸ ਨੂੰ ਰੌਸ਼ਨ ਹੀ ਰਖਿਓ…. ਮੈਂ ਹੁਣੇ ਆਈ"। ਇਹ ਕਹਿੰਦੀ ਹੋਈ ਪਲੇਗਿਆ ਝੌਂਪੜੀ ਦੇ ਬਾਹਰ ਦੌੜ ਕੇ ਮੋਮਬੱਤੀ ਦਾ ਇੱਕ ਛੋਟਾ ਜਿਹਾ ਟੁਕੜਾ ਲਿਆਉਂਦੀ ਹੈ।

ਯਾਫ਼ੀਨ ਦੇ ਰੁਖ਼ਸਾਰ ਸੁਰਖ਼ ਹੋ ਰਹੇ ਹਨ ਅਤੇ ਉਸ ਦੀਆਂ ਅੱਖਾਂ ਗ਼ੈਰ ਮਾਮੂਲੀ ਤੌਰ ਤੇ ਚਮਕ ਰਹੀਆਂ ਹਨ। ਜਿਵੇਂ ਉਹ ਝੌਂਪੜੀ ਅਤੇ ਡਾਕਟਰ ਨੂੰ ਚੀਰਦੀਆਂ ਹੋਈਆਂ ਕਿਸੇ ਹੋਰ ਚੀਜ਼ ਦਾ ਮੁਤਾਲਾ ਕਰ ਰਹੀਆਂ ਹੋਣ।

"ਮੀਆਂ ਕੀ ਸੋਚ ਰਹੇ ਹੋ?…. ਕਦੋਂ ਤੋਂ ਇਹ ਤਕਲੀਫ਼ ਹੈ ਤੁਹਾਨੂੰ?" ਡਾਕਟਰ ਉਸ ਦੀ ਤਰਫ਼ ਝੁਕਦੇ ਹੋਏ ਕਹਿੰਦਾ ਹੈ।
"ਜਨਾਬ! ਮਰ ਰਿਹਾ ਹੂੰ…. ਮੇਰਾ ਵਕਤ ਕਰੀਬ ਆ ਗਿਆ ਹਜ਼ੂਰ!…. ਥੋੜੇ ਅਰਸੇ ਦੇ ਬਾਅਦ ਮੈਂ ਇਸ ਦੁਨੀਆ ਤੋਂ ਰੁਖ਼ਸਤ ਹੋਣ ਵਾਲਾ ਹਾਂ।"
"ਬੇਹੂਦਾ ਗੱਲਾਂ ਮੱਤ ਕਰ, ਅਸੀਂ ਤੈਨੂੰ ਸਿਹਤਯਾਬ ਕਰ ਦੇਵਾਂਗੇ।"
"ਇਸ ਇਨਾਇਤ ਦੇ ਲਈ ਅਸੀਂ ਗ਼ਰੀਬ ਸ਼ੁਕਰਗੁਜ਼ਾਰ ਹਾਂ, ਜਨਾਬ!…. ਮਲੂਮ ਹੁੰਦਾ ਹੈ…. ਜਦ ਮੌਤ ਆਉਂਦੀ ਹੈ ਤਾਂ ਫਿਰ ਉਸ ਤੋਂ ਬਚਣਾ…???"
ਡਾਕਟਰ ਯਾਫ਼ੀਨ ਦਾ ਅਧਾ ਕੁ ਘੰਟਾ ਮੁਆਇਨਾ ਕਰਨ ਦੇ ਬਾਦ ਕਹਿੰਦਾ ਹੈ, "ਮਾਮਲਾ ਮੇਰੀ ਸਮਝ ਤੋਂ ਬਾਹਰ ਹੈ।
"ਤੁਹਾਡੇ ਲਈ ਜਰੂਰੀ ਹੈ ਤੁਸੀਂ ਕਿਸੇ ਹਸਪਤਾਲ ਚਲੇ ਜਾਓ। ਉਥੇ ਹੀ ਤੁਹਾਡਾ ਇਲਾਜ ਹੋ ਸਕਦਾ ਹੈ…
"ਬਸ ਜਲਦੀ ਜਾਓ… . ਬਹੁਤ ਦੇਰ ਹੋ ਚੁੱਕੀ ਹੈ ਅਤੇ ਹਸਪਤਾਲ ਵਾਲੇ ਸੌਂ ਰਹੇ ਹੋਣਗੇ… .
"ਮਗਰ ਉਸ ਦੀ ਕੋਈ ਪਰਵਾਹ ਨਹੀਂ। ਮੈਂ ਤੁਹਾਨੂੰ ਇੱਕ ਰੁਕਾ ਲਿਖ ਦਿੰਦਾ ਹਾਂ। "ਸੁਣਦੇ ਹੋ ਜਾਂ ਨਹੀਂ? " "ਮਿਹਰਬਾਨ ਜਨਾਬ! ਉਹ ਐਨੀ ਦੂਰ ਪੈਦਲ ਕਿਸ ਤਰ੍ਹਾਂ ਜਾਵੇ… . ਸਾਡੇ ਕੋਲ ਕੋਈ ਘੋੜਾ ਨਹੀਂ "। ਪਲੇਗਿਆ ਨੌਜਵਾਨ ਡਾਕਟਰ ਨੂੰ ਮੁਖ਼ਾਤਬ ਕਰਦੇ ਹੋਏ ਕਹਿੰਦੀ ਹੈ।
"ਫ਼ਿਕਰ ਨਾ ਕਰੋ, ਮੈਂ ਤੁਹਾਡੇ ਮਾਲਕ ਨੂੰ ਕਹਿ ਦਿੰਦਾ ਹਾਂ। ਉਹ ਤੁਹਾਨੂੰ ਘੋੜਾ ਮੁਹਈਆ ਕਰ ਦੇਵੇਗਾ"।

ਡਾਕਟਰ ਰੁਖ਼ਸਤ ਹੋ ਜਾਂਦਾ ਹੈ… . ਮੋਮਬਤੀ ਵੀ ਰੁਖ਼ਸਤ ਹੋ ਜਾਂਦੀ ਹੈ। ਹੁਣ ਫਿਰ ਉਹੀ ਉਫ, ਉਫ .. ਦੀ ਆਵਾਜ ਸ਼ੁਰੂ ਹੋ ਜਾਂਦੀ ਹੈ। ਕੋਈ ਅੱਧੇ ਘੰਟੇ ਦੇ ਬਾਅਦ ਝੌਂਪੜੀ ਦੇ ਬਾਹਰ ਕੋਈ ਗੱਡੀ ਠਹਿਰਦੀ ਹੈ। ਇਹ ਗੱਡੀ ਛਕੜਾ ਸੀ ਜੋ ਯਾਫ਼ੀਨ ਨੂੰ ਹਸਪਤਾਲ ਲੈ ਜਾਣ ਦੇ ਲਈ ਉਸ ਦੇ ਮਾਲਕ ਨੇ ਭੇਜਿਆ ਸੀ… . ਯਾਫ਼ੀਨ ਤਿਆਰ ਹੋ ਕੇ ਚਲਾ ਜਾਂਦਾ ਹੈ। ਹੁਣ ਦਿਨ ਚੜ੍ਹ ਆਇਆ ਹੈ। ਪਲੇਗਿਆ ਘਰ ਨਹੀਂ ਕਿਉਂ ਜੋ ਉਹ ਯਾਫ਼ੀਨ ਦੀ ਖ਼ਬਰ ਲੈਣ ਦੇ ਲਈ ਹਸਪਤਾਲ ਗਈ ਹੋਈ ਹੈ… . ਕਿਤੋਂ ਬੱਚੇ ਦੇ ਰੋਣ ਦੀ ਆਵਾਜ ਆ ਰਹੀ ਹੈ ਅਤੇ ਵਾਰਕਾ ਕਿਸੇ ਨੂੰ ਆਪਣੀ ਆਵਾਜ ਵਿੱਚ ਹੀ ਗੁਣਗੁਣਾਉਂਦੇ ਹੋਏ ਸੁਣਦੀ ਹੈ। "ਸੌਂ ਜਾ ਮੇਰੇ ਸੌਂਹਣੇ ਚੰਨਾ ਸੌਂ ਜਾ … .?" ਇੰਨੇ ਵਿੱਚ ਪਲੇਗਿਆ ਵਾਪਸ ਆਉਂਦੀ ਹੈ ਅਤੇ ਆਪਣੀ ਛਾਤੀ ਉੱਤੇ ਸਲੀਬ ਦਾ ਨਿਸ਼ਾਨ ਬਣਾਉਂਦੇ ਹੋਏ ਦੱਬੀ ਜ਼ਬਾਨ ਵਿੱਚ ਕਹਿੰਦੀ ਹੈ। "ਡਾਕਟਰਾਂ ਨੇ ਉਸਨੂੰ ਰਾਤ ਭਰ ਲਈ ਤਾਂ ਅੱਛਾ ਕਰ ਦਿੱਤਾ ਸੀ। ਮਗਰ ਸੁਬਹਾ ਹੁੰਦੇ ਵਕਤ ਹੀ ਉਸ ਨੇ ਆਪਣੀ ਰੂਹ ਖ਼ੁਦਾ ਦੇ ਹਵਾਲੇ ਕਰ ਦਿੱਤੀ … . ਖ਼ੁਦਾ ਉਸ ਦੀ ਰੂਹ ਨੂੰ ਚੈਨ ਬਖ਼ਸ਼ੇ… . ਉਹ ਕਹਿੰਦੇ ਹਨ ਕਿ ਉਸਨੂੰ ਬਹੁਤ ਦੇਰ ਬਾਅਦ ਹਸਪਤਾਲ ਲਿਆਂਦਾ ਗਿਆ। ਇਸ ਲਈ ਚਾਹੀਦਾ ਸੀ ਕਿ ਉਹ ਪਹਿਲਾਂ ਉੱਥੇ ਚਲਾ ਜਾਂਦਾ "।

ਵਾਰਕਾ ਇਹ ਸੁਣਦੇ ਹੀ ਦੀਵਾਨਿਆਂ ਹਾਰ ਸੜਕ ਉੱਤੇ ਰੋਣਾ ਸ਼ੁਰੂ ਕਰ ਦਿੰਦੀ ਹੈ ਮਗਰ ਅਚਾਨਕ ਕੋਈ ਸ਼ਖ਼ਸ ਉਸ ਦੇ ਸਿਰ ਉੱਤੇ ਅਜਿਹੀ ਜਰਬ ਲਗਾਉਂਦਾ ਹੈ ਕਿ ਉਸ ਦਾ ਮੱਥਾ ਇੱਕ ਦਰਖ਼ਤ ਦੇ ਤਣੇ ਨਾਲ ਟਕਰਾਉਂਦਾ ਹੈ… . ਅੱਖ ਉਠਾ ਕੇ ਵੇਖਦੀ ਹੈ ਤਾਂ ਸਾਹਮਣੇ ਉਸਨੂੰ ਆਪਣਾ ਮਾਲਕ… . ਯਾਨੀ ਪਾਪੋਸ਼ ਸਾਜ਼ (ਬੂਟ ਨਿਰਮਾਤਾ) ਨਜ਼ਰ ਆਉਂਦਾ ਹੈ।

" ਨਿਕੰਮੀ ਬੇਕਾਰ! … . ਬੱਚਾ ਰੋ ਰਿਹਾ ਹੈ ਅਤੇ ਤੂੰ ਗਹਿਰੀ ਨੀਂਦ ਸੌਂ ਰਹੀ ਹੈਂ "। ਪਾਪੋਸ਼ ਸਾਜ਼ ਵਾਰਕਾ ਦੇ ਸਿਰ ਉੱਤੇ ਥਪੜ ਮਾਰਦਾ ਹੋਇਆ ਕਹਿੰਦਾ ਹੈ।

ਵਾਰਕਾ ਸਿਰ ਨੂੰ ਜੁੰਬਸ਼ ਦੇ ਕੇ ਝੂਲਾ ਹਿਲਾਉਣਾ ਅਤੇ ਲੋਰੀ ਦੇਣਾ ਸ਼ੁਰੂ ਕਰ ਦਿੰਦੀ ਹੈ। ਕਮਰੇ ਵਿੱਚ ਚਾਨਣ ਦੇ ਧਬੇ ਅਤੇ ਕੱਪੜਿਆਂ ਦੇ ਪਰਛਾਵੇਂ ਕੰਬਦੇ ਹਨ ਅਤੇ ਵਾਰਕਾ ਦੀ ਤਰਫ਼ ਵੇਖ ਕੇ ਸਿਰ ਹਿਲਾਉਂਦੇ ਹੋਏ ਮਲੂਮ ਹੁੰਦੇ ਹਨ। ਥੋੜ੍ਹੀ ਦੇਰ ਬਾਅਦ ਸਭ ਚੀਜਾਂ ਫਿਰ ਵਾਰਕਾ ਦੇ ਦਿਮਾਗ਼ ਉੱਤੇ ਕਾਬੂ ਪਾ ਲੈਂਦੀਆਂ ਹਨ। ਹੁਣ ਫਿਰ ਉਹ ਗਾਰੇ ਨਾਲ ਭਰੀ ਹੋਈ ਸੜਕ ਵੇਖਦੀ ਹੈ ਜਿਸ ਵਿੱਚ ਝੋਲਿਆਂ ਵਾਲੇ ਸ਼ਖ਼ਸ ਗਹਿਰੀ ਨੀਂਦ ਸੌਂ ਰਹੇ ਹਨ। ਉਨ੍ਹਾਂ ਨੂੰ ਸੁਤੇ ਵੇਖ ਕੇ ਵਾਰਕਾ ਦੇ ਦਿਲ ਵਿੱਚ ਵੀ ਖ਼ਵਾਹਿਸ਼ ਪੈਦਾ ਹੁੰਦੀ ਹੈ ਕਿ ਉਹ ਥੋੜ੍ਹੀ ਦੇਰ ਦੇ ਲਈ ਸੌਂ ਜਾਵੇ। ਮਗਰ ਉਸ ਦੀ ਮਾਂ ਪਲੇਗਿਆ ਉਸ ਦੇ ਨਾਲ ਹੈ ਜੋ ਉਸਨੂੰ ਅੱਗੇ ਧਕੇਲ ਰਹੀ ਹੈ… . ਉਹ ਦੋਨੋਂ ਨੌਕਰੀ ਢੂੰਡਣ ਦੀ ਖਾਤਰ ਸ਼ਹਿਰ ਦੀ ਜਾਨਿਬ ਵਧ ਰਹੀਆਂ ਹਨ। "ਖ਼ੁਦਾ ਦੇ ਵਾਸਤੇ ਕੁੱਝ ਦੇ ਦਿਓ। ਖ਼ੁਦਾ ਦੇ ਵਾਸਤੇ ਸਾਡੇ ਤੇ ਰਹਿਮ ਫ਼ਰਮਾਓ"। ਉਸ ਦੀ ਮਾਂ ਰਾਹਗੀਰਾਂ ਤੋਂ ਭਿੱਖ ਮੰਗਦੀ ਹੈ।

"ਬੱਚੇ ਨੂੰ ਫੜਾ ਉਰੇ "। ਇੱਕ ਮਾਨਹੂਸ ਆਵਾਜ ਜਵਾਬ ਦਿੰਦੀ ਹੈ। ਉਹੀ ਆਵਾਜ ਦੁਬਾਰਾ ਪੁਕਾਰਦੀ ਹੈ। "ਬੱਚੇ ਨੂੰ ਫੜਾ ਉਰੇ … . ਸੁਣ ਰਹੀ ਹੈਂ ਕੀ! ਬਦਕਿਸਮਤ ਕੁੜੀਏ? " ਇਹ ਸੁਣਦੇ ਹੀ ਵਾਰਕਾ ਉਛਲ ਪੈਂਦੀ ਹੈ ਅਤੇ ਆਪਣੇ ਇਰਦ ਗਿਰਦ ਵੇਖਦੀ ਹੈ ਕਿ ਮਲੂਮ ਕਰੇ ਮਾਮਲਾ ਕੀ ਹੈ… . ਹੁਣ ਨਾ ਉਹ ਵੱਡੀ ਸੜਕ ਹੈ ਅਤੇ ਨਾ ਉਸ ਦੀ ਮਾਂ ਪਲੇਗਿਆ ਅਤੇ ਨਾ ਹੀ ਉਹ ਸ਼ਖ਼ਸ ਜਿਨ੍ਹਾਂ ਤੋਂ ਉਹ ਭਿੱਖ ਮੰਗ ਰਹੀ ਸੀ। ਜੇਕਰ ਕੋਈ ਉਸ ਵਕਤ ਕਮਰੇ ਵਿੱਚ ਮੌਜੂਦ ਹੈ ਤਾਂ ਉਸ ਦੀ ਮਾਲਕਣ ਜੋ ਬੱਚੇ ਨੂੰ ਦੁਧ ਪਿਲਾਣ ਦੇ ਲਈ ਆਈ ਹੋਈ ਹੈ। ਵਾਰਕਾ ਖੜੀ ਇੰਤਜਾਰ ਕਰ ਰਹੀ ਹੈ ਕਿ ਉਹ ਮਾਲਕਣ ਦੇ ਦੁਧ ਪਿਲਾਣ ਦੇ ਬਾਅਦ ਬੱਚੇ ਨੂੰ ਫਿਰ ਲੈ ਲਵੇ। ਖਿੜਕੀਆਂ ਤੋਂ ਬਾਹਰ ਧੁੰਦਲੀ ਜਿਹੀ ਰੌਸ਼ਨੀ ਨਜ਼ਰ ਆ ਰਹੀ ਹੈ। ਕਮਰੇ ਵਿੱਚ ਕੱਪੜਿਆਂ ਦੇ ਪਰਛਾਵੇਂ ਅਤੇ ਚਾਨਣ ਦੇ ਧੱਬੇ ਆਹਿਸਤਾ ਆਹਿਸਤਾ ਜਰਦ ਹੋ ਰਹੇ ਹਨ… . ਥੋੜ੍ਹੀ ਦੇਰ ਬਾਅਦ ਸੂਰਜ ਉੱਗ ਆਵੇਗਾ।

ਇਸਨੂੰ ਲੈ ਜਾ… . ਅਰਸੇ ਤੋਂ ਰੋ ਰਿਹਾ ਹੈ, ਲਗਦਾ ਹੈ ਇਸ ਉੱਤੇ ਟੂਣਾ ਕੀਤਾ ਗਿਆ ਹੈ "। ਮਾਲਕਣ ਆਪਣੇ ਕੋਟ ਦੇ ਬਟਨ ਬੰਦ ਕਰਦੇ ਹੋਏ ਕਹਿੰਦੀ ਹੈ।

ਵਾਰਕਾ ਬਾਲ ਨੂੰ ਲੈ ਕੇ ਝੂਲੇ ਵਿੱਚ ਲਿਟਾ ਦਿੰਦੀ ਹੈ ਅਤੇ ਉਸਨੂੰ ਹਿਲਾਉਣਾ ਸ਼ੁਰੂ ਕਰ ਦਿੰਦੀ ਹੈ। ਚਾਨਣ ਦੇ ਧੱਬੇ ਅਤੇ ਪਰਛਾਵੇਂ ਕਰੀਬਨ ਕਰੀਬਨ ਗ਼ਾਇਬ ਹੋ ਚੁੱਕੇ ਹਨ। ਹੁਣ ਕਮਰੇ ਵਿੱਚ ਕੋਈ ਅਜਿਹੀ ਚੀਜ਼ ਮੌਜੂਦ ਨਹੀਂ ਜੋ ਉਸ ਦੇ ਦਿਮਾਗ਼ ਅਤੇ ਅੱਖਾਂ ਉੱਤੇ ਹਾਵੀ ਹੋ ਸਕੇ ਮਗਰ ਉਹ ਫਿਰ ਵੀ ਪਹਿਲਾਂ ਦੀ ਤਰ੍ਹਾਂ ਸੌਣਾ ਚਾਹੁੰਦੀ ਹੈ। ਵਾਰਕਾ ਆਪਣਾ ਸਿਰ ਝੂਲੇ ਦੇ ਕੰਢੇ ਉੱਤੇ ਰੱਖ਼ ਕੇ ਕੋਸ਼ਿਸ਼ ਕਰਦੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਨੀਂਦ ਉੱਤੇ ਗ਼ਲਬਾ ਪਾ ਲਏ। ਮਗਰ ਬੇ ਸੂਦ, ਉਸ ਦੀਆਂ ਅੱਖਾਂ ਮਿਚੀ ਜਾ ਰਹੀਆਂ ਹਨ ਅਤੇ ਸਿਰ ਬਦਸਤੂਰ ਭਾਰੀ ਹੋ ਰਿਹਾ ਹੈ।

"ਵਾਰਕਾ ਅੰਗੀਠੀ ਵਿੱਚ ਕੋਇਲੇ ਪਾ ਦੇ "।? ਉਹ ਦਰਵਾਜ਼ੇ ਤੋਂ ਆਪਣੇ ਮਾਲਕ ਦੀ ਆਵਾਜ ਸੁਣਦੀ ਹੈ। ਕਿਉਂਜੋ ਹੁਣ ਵਕਤ ਹੋ ਗਿਆ ਹੈ ਕਿ ਵਾਰਕਾ ਉਠ ਕੇ ਘਰ ਦਾ ਕੰਮ ਕਾਜ ਸ਼ੁਰੂ ਕਰਦੇ… . ਝੂਲੇ ਨੂੰ ਛੱਡ ਕੇ ਕੋਇਲਾ ਲਿਆਉਣ ਦੇ ਲਈ ਭੱਜੀ ਹੋਈ ਗੁਦਾਮ ਵਿੱਚ ਜਾਂਦੀ ਹੈ… . ਉਹ ਹੁਣ ਬਹੁਤ ਖ਼ੁਸ਼।… . ਇਸ ਲਈ ਕਿ ਜਦੋਂ ਸਰੀਰ ਹਰਕਤ ਵਿੱਚ ਹੋਵੇ ਤਾਂ ਨੀਂਦ ਬਹੁਤ ਘੱਟ ਸਤਾਂਦੀ ਹੈ।

ਕੋਇਲਾ ਲਿਆ ਕੇ ਉਹ ਅੰਗੀਠੀ ਗਰਮ ਕਰਦੀ ਹੈ। ਹੁਣ ਉਸਨੂੰ ਮਹਿਸੂਸ ਹੁੰਦਾ ਹੈ ਕਿ ਉਸ ਦਾ ਲੱਕੜ ਚਿਹਰਾ ਫਿਰ ਜਿੰਦਗੀ ਇਖ਼ਤਿਆਰ ਕਰ ਰਿਹਾ ਹੈ ਅਤੇ ਖ਼ਿਆਲ ਆਹਿਸਤਾ ਆਹਿਸਤਾ ਸਾਫ਼ ਹੋ ਰਹੇ ਹਨ। "ਵਾਰਕਾ ਸਮਾਵਾਰ ਗਰਮ ਕਰੋ"। �ਉਸ ਦੀ ਮਾਲਕਣ ਚਿਲਾਉਂਦੀ ਹੈ।

ਇਹ ਸੁਣ ਕੇ ਵਾਰਕਾ ਲੱਕੜੀ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਕੱਟਦੀ ਹੈ ਅਤੇ ਹੁਣੇ ਉਨ੍ਹਾਂ ਨੂੰ ਜਲਾ ਨਹੀਂ ਪਾਈ ਹੁੰਦੀ ਕਿ ਇੱਕ ਤਾਜ਼ਾ ਹੁਕਮ ਸੁਣਦੀ ਹੈ। "ਵਾਰਕਾ,ਤੂੰ ਮਾਲਿਕ ਦੇ ਵੱਡੇ ਬੂਟ ਸਾਫ਼ ਕਰ "।

ਉਹ ਵੱਡੇ ਬੂਟਾਂ ਨੂੰ ਲੈ ਕੇ ਫ਼ਰਸ਼ ਉੱਤੇ ਬੈਠ ਜਾਂਦੀ ਹੈ ਅਤੇ ਸੋਚਦੀ ਹੈ ਕਿ ਕਿੰਨਾ ਅੱਛਾ ਹੋਵੇ ਅਗਰ ਉਹ ਉਸ ਵੱਡੇ ਬੂਟ ਵਿੱਚ ਸਿਰ ਰੱਖ ਕੇ ਥੋੜ੍ਹਾ ਆਰਾਮ ਕਰ ਲਵੇ। … . ਯਕ ਲਖ਼ਤ ਉਹ ਬੂਟ ਫੈਲਣਾ ਸ਼ੁਰੂ ਹੁੰਦਾ ਹੈ ਅਤੇ ਸਾਰੇ ਕਮਰੇ ਵਿੱਚ ਫੈਲ ਜਾਂਦਾ ਹੈ ਵਾਰਕਾ ਦੇ ਹੱਥ ਵਿੱਚੋਂ ਬੁਰਸ਼ ਡਿੱਗ ਪੈਂਦਾ ਹੈ ਮਗਰ ਉਹ ਇਸ ਵਕਤ ਸਿਰ ਨੂੰ ਜੁੰਬਸ਼ ਦੇਕੇ ਅੱਖਾਂ ਖੋਲ ਦਿੰਦੀ ਹੈ ਅਤੇ ਆਪਣੇ ਆਲੇ ਦੁਆਲੇ ਦੀਆਂ ਚੀਜਾਂ ਨੂੰ ਇਸ ਅੰਦਾਜ਼ ਨਾਲ ਦੇਖਣ ਦੀ ਕੋਸ਼ਿਸ਼ ਕਰਦੀ ਹੈ ਤਾਂ ਕਿ ਉਹ ਵੱਡੀਆਂ ਹੋ ਕੇ ਅੱਖਾਂ ਦੇ ਸਾਹਮਣੇ ਹਰਕਤ ਨਾ ਕਰਨ।

"ਵਾਰਕਾ! ਪੌੜੀਆਂ ਧੋ ਦੇ … . ਇੰਨੀਆਂ ਮੈਲੀਆਂ ਪੌੜੀਆਂ ਵੇਖ ਕੇ ਗਾਹਕ ਕੀ ਸੋਚਣਗੇ। ਮੈਨੂੰ ਤਾਂ ਸ਼ਰਮ ਮਹਿਸੂਸ ਹੁੰਦੀ ਹੈ"। ਵਾਰਕਾ ਪੌੜੀਆਂ ਧੋਣ ਦੇ ਇਲਾਵਾ ਕਮਰੇ ਨੂੰ ਵੀ ਸਾਫ਼ ਕਰਦੀ ਹੈ ਅਤੇ ਫਿਰ ਦੂਜੇ ਸਮਾਵਾਰ ਨੂੰ ਗਰਮ ਕਰਨ ਦੇ ਬਾਅਦ ਦੁਕਾਨ ਦੀ ਤਰਫ਼ ਭੱਜੀ ਜਾਂਦੀ ਹੈ।

ਉਸਨੇ ਉੱਥੇ ਬਹੁਤ ਸਾਰੇ ਕੰਮ ਕਰਨੇ ਹਨ, ਇਸ ਲਈ ਉਹ ਇੱਕ ਪਲ ਵੀ ਜਾਇਆ ਨਹੀਂ ਕਰ ਸਕਦੀ। ਇਸ ਤੋਂ ਵਧ ਕੋਈ ਹੋਰ ਤਕਲੀਫ਼ ਦੇਹ ਕੰਮ ਨਹੀਂ ਹੋ ਸਕਦਾ ਕਿ ਬਾਵਰਚੀ ਖਾਨੇ ਵਿੱਚ ਮੇਜ਼ ਦੇ ਕਰੀਬ ਬੈਠ ਕੇ ਆਲੂ ਛਿਲੇ ਜਾਣ। ਵਾਰਕਾ ਦਾ ਸਿਰ ਮੇਜ਼ ਉੱਤੇ ਲੁੜ੍ਹਕਦਾ ਜਾ ਰਿਹਾ ਹੈ। ਆਲੂ ਉਸ ਦੀਆਂ ਅੱਖਾਂ ਦੇ ਸਾਹਮਣੇ ਨਾਚ ਕਰਦੇ ਨਜ਼ਰ ਆਉਂਦੇ ਹਨ। ਚਾਕੂ ਉਸ ਦੇ ਹੱਥ ਵਿੱਚੋਂ ਫਿਸਲ ਜਾਂਦਾ ਹੈ ਅਤੇ ਉਸ ਦੇ ਕੰਨਾਂ ਵਿੱਚ ਮਾਲਕਣ ਦੀ ਆਵਾਜ ਗੂੰਜ ਰਹੀ ਹੁੰਦੀ ਹੈ ਜੋ ਉਸ ਦੇ ਕਰੀਬ ਕਮੀਜ ਕੂਹਣੀਆਂ ਤੱਕ ਚੜ੍ਹਾਈਂ ਬੁਲੰਦ ਆਵਾਜ ਵਿੱਚ ਗੱਲਾਂ ਕਰ ਰਹੀ ਹੁੰਦੀ ਹੈ।

ਸਾਰਾ ਦਿਨ ਕੱਪੜੇ ਧੋਣੇ, ਭਾਂਡੇ ਸਾਫ਼ ਕਰਨੇ, ਖਾਣਾ ਦਾਣਾ ਚੁਣਨਾ ਅਤੇ ਸੀਣ ਪ੍ਰੋਣ ਵਿੱਚ ਬਸਰ ਕਰਣਾ ਵੀ ਆਲੂ ਛਿਲਣ ਵਾਂਗ ਤਕਲੀਫ਼ ਦੇਹ ਹੈ… . ਕਦੇ ਕਦੇ ਇਨ੍ਹਾਂ ਕੰਮਾਂ ਤੋਂ ਤੰਗ ਆ ਕੇ ਵਾਰਕਾ ਇੰਨੀ ਬੇਤਾਬ ਹੋ ਜਾਂਦੀ ਹੈ ਕਿ ਨੰਗੇ ਫ਼ਰਸ਼ ਉੱਤੇ ਸੌ ਜਾਵੇ।

ਦਿਨ ਗੁਜਰ ਜਾਂਦਾ ਹੈ… . ਖਿੜਕੀਆਂ ਨੂੰ ਕਾਲੀਆਂ ਹੁੰਦੇ ਵੇਖ ਕੇ ਵਾਰਕਾ ਪੁੜਪੁੜੀਆਂ ਨੂੰ ਜ਼ੋਰ ਨਾਲ ਦਬਾਉਂਦੀ ਹੈ ਜੋ ਖ਼ੁਸ਼ਕ ਲੱਕੜੀ ਤੋਂ ਤਰਾਸ਼ੀਆਂ ਹੋਈਆਂ ਮਹਿਸੂਸ ਹੁੰਦੀਆਂ ਹਨ ਅਤੇ ਮੁਸਕਰਾਉਂਦੀ ਹੈ ਹਾਲਾਂਕਿ ਉਸਨੂੰ ਕੁੱਝ ਮਲੂਮ ਨਹੀਂ ਕਿਉਂ? ਸ਼ਾਮ ਦੀ ਵਧਦੀ ਤਾਰੀਕੀ ਉਸਦੀਆਂ ਅੱਧ ਖੁਲ੍ਹੀਆਂ ਅੱਖਾਂ ਲਈ ਨੀਂਦ ਦਾ ਵਾਅਦਾ ਲੈ ਕੇ ਆਉਂਦੀ ਹੈ ਮਗਰ ਥੋੜ੍ਹੀ ਦੇਰ ਦੇ ਬਾਅਦ ਮਹਿਮਾਨ ਆ ਜਾਂਦੇ ਹਨ।

"ਵਾਰਕਾ ਸਮਾਵਾਰ ਗਰਮ ਕਰੋ . " ਉਸਦੀ ਮਾਲਕਣ ਬੁਲੰਦ ਅਵਾਜ ਵਿੱਚ ਹੁਕਮ ਦਿੰਦੀ ਹੈ।

ਕਿਉਂਕਿ ਸਮਾਵਾਰ ਛੋਟਾ ਹੈ, ਇਸ ਲਈ ਉਸਨੂੰ ਸਾਰੇ ਮਹਿਮਾਨਾਂ ਨੂੰ ਚਾਹ ਪਿਲਾਣ ਲਈ ਉਸਨੂੰ ਪੰਜ ਛੇ ਵਾਰ ਗਰਮ ਕਰਨਾ ਪੈਂਦਾ ਹੈ . ਚਾਹ ਵਰਤਾਉਣ ਦੇ ਬਾਅਦ ਵਾਰਕਾ ਦੂਜੇ ਕੰਮਾਂ ਦੀ ਮੁੰਤਜ਼ਿਰ ਇਕ ਘੰਟੇ ਤੱਕ ਉੱਥੇ ਖੜੀ ਰਹਿੰਦੀ ਹੈ।

"ਵਾਰਕਾ ਭੱਜ ਕੇ ਤਿੰਨ ਬੋਤਲਾਂ ਬੀਅਰ ਦੀ ਖ਼ਰੀਦ ਲਿਆ "। �
ਵਾਰਕਾ ਇਸ ਖ਼ਿਆਲ ਨਾਲ ਕਿ ਤੇਜ਼ ਦੋੜਨ ਨਾਲ ਨੀਂਦ ਦਾ ਗ਼ਲਬਾ ਦੂਰ ਹੋ ਜਾਵੇਗਾ, ਬੀਅਰ ਖ਼ਰੀਦਣ ਲਈ ਭੱਜੀ ਭੱਜੀ ਹੋਈ ਜਾਂਦੀ ਹੈ।
"ਵਾਰਕਾ ਥੋੜ੍ਹੀ ਸੀ ਵੋਦਕਾ ਲਿਆਓ! … ."
"ਵਾਰਕਾ ਬੋਤਲ ਖੋਲਣੇ ਦਾ ਔਜ਼ਾਰ ਲਿਆਓ… ."
"ਵਾਰਕਾ ਇੱਕ ਹੈਰਿੰਗ ਮਛੀ ਨੂੰ ਸਾਫ਼ ਕਰੋ।…"
ਆਖ਼ਰ ਮਹਿਮਾਨ ਰੁਖ਼ਸਤ ਹੋ ਜਾਂਦੇ ਹਨ। ਕਮਰੇ ਦੀ ਰੌਸ਼ਨੀ ਗੁੱਲ ਕਰ ਦਿੱਤੀ ਜਾਂਦੀ ਹੈ ਅਤੇ ਮਾਲਕ ਅਤੇ ਮਾਲਕਣ ਦੋਨੋਂ ਸੌਣ ਚਲੇ ਜਾਂਦੇ ਹਨ।
"ਬੱਚੇ ਦਾ ਝੂਲਾ ਹਿਲਾਉਂਦੀ ਰਹੋ "। ਵਾਰਕਾ ਆਖ਼ਰੀ ਹੁਕਮ ਸੁਣਦੀ ਹੈ।

ਅੰਗੀਠੀ ਵਿੱਚ ਬੀਂਡਾ ਦਰਦਨਾਕ ਰਾਗ ਅਲਾਪ ਰਿਹਾ ਹੈ। ਚਾਨਣ ਦੇ ਧੱਬੇ ਅਤੇ ਕੱਪੜਿਆਂ ਦੇ ਪਰਛਾਵਿਆਂ ਦਾ ਨਾਚ ਵਾਰਕਾ ਦੀਆਂ ਅੱਖਾਂ ਉੱਤੇ ਫਿਰ ਕਾਬਜ਼ ਹੋ ਕੇ ਉਸ ਦੇ ਦਿਮਾਗ਼ ਨੂੰ ਧੁੰਦਲਾ ਦਿੰਦਾ ਹੈ। "ਸੌਂ ਜਾ ਮੇਰੇ ਸੌਂਹਣੇ ਚੰਨਾ ਸੌਂ ਜਾ……."। ਉਹ ਗੁਣਗੁਣਾਉਣਾ ਸ਼ੁਰੂ ਕਰ ਦਿੰਦੀ ਹੈ। ਬੱਚਾ ਰੋਂਦਾ ਹੈ ਅਤੇ ਰੋਂਦੇ ਰੋਂਦੇ ਥੱਕ ਜਾਂਦਾ ਹੈ… . ਹੁਣ ਵਾਰਕਾ ਉਹੀ ਗਾਰੇ ਵਾਲੀ ਸੜਕ, ਝੋਲਿਆਂ ਵਾਲੇ ਮਜ਼ਦੂਰ, ਆਪਣੀ ਮਾਂ ਪਲੇਗਿਆ ਅਤੇ ਬਾਪ ਨੂੰ ਵੇਖਦੀ ਹੈ। ਉਹ ਉਨ੍ਹਾਂ ਧੁੰਦਲੀ ਤਸਵੀਰਾਂ ਨੂੰ ਅਛੀ ਤਰ੍ਹਾਂ ਸਮਝਦੀ ਹੈ, ਸਭ ਨੂੰ ਪਹਿਚਾਣਦੀ ਹੈ। ਮਗਰ ਅੱਧ ਸੁੱਤੀ ਹਾਲਤ ਵਿੱਚ ਉਹ ਉਸ ਤਾਕਤ ਨੂੰ ਜਿਸ ਨੇ ਉਸ ਦੇ ਹੱਥ ਪੈਰ ਬੰਨ੍ਹ ਰੱਖੇ ਹਨ, ਜੋ ਉਸ ਦੀ ਛਾਤੀ ਉੱਤੇ ਬੋਝ ਬਣ ਰਹੀ ਹੈ ਅਤੇ ਉਸਨੂੰ ਜਿਉਣ ਨਹੀਂ ਦਿੰਦੀ, ਨਹੀਂ ਸਮਝ ਸਕਦੀ। ਇਸ ਤਾਕਤ ਦੀ ਭਾਲ ਦੇ ਲਈ ਉਹ ਆਪਣੇ ਇਰਦ ਗਰਦ ਨਜ਼ਰ ਦੌੜਾਉਂਦੀ ਹੈ ਤਾਂ ਕਿ ਉਹ ਉਸ ਦੇ ਪੰਜਿਆਂ ਤੋਂ ਬਚ ਕੇ ਭੱਜ ਨਿਕਲੇ। ਮਗਰ ਬੇ ਸੂਦ। ਆਖ਼ਰਕਾਰ ਉਸ ਤਲਾਸ਼ ਤੋਂ ਤੰਗ ਆ ਕੇ ਉਹ ਉਸ ਤਾਕਤ ਨੂੰ ਢੂੰਡਣ ਦੀ ਆਖ਼ਰੀ ਕੋਸ਼ਿਸ਼ ਕਰਦੀ ਹੈ। ਉਹ ਆਪਣੀਆਂ ਤਮਾਮ ਸ਼ਕਤੀਆਂ ਸਰਫ਼ ਕਰ ਦਿੰਦੀ ਹੈ ਰੋਸ਼ਨੀ ਦੇ ਨਾਚ, ਧੱਬਿਆਂ ਅਤੇ ਕੱਪੜਿਆਂ ਦੇ ਮੁਤਹਰਕ ਪਰਛਾਵਿਆਂ ਉੱਤੇ ਨਜ਼ਰ ਦੌੜਾਉਣ ਅਤੇ ਰੋਣ ਦੀ ਅਵਾਜ਼ ਸੁਣਨ ਦੇ ਬਾਅਦ ਉਹ ਦੁਸ਼ਮਣ ਨੂੰ ਲਭ ਲੈਂਦੀ ਹੈ ਜੋ ਉਹਨੂੰ ਜਿੰਦਗੀ ਜੀਣ ਨਹੀਂ ਦਿੰਦਾ। ਅਤੇ ਇਹ ਦੁਸ਼ਮਣ ਬੱਚਾ ਸੀ।

ਅਤੇ ਉਹ ਹੱਸਦੀ ਹੈ, ਇਸ ਖਿਆਲ ਨਾਲ ਕਿ ਏਨੇ ਆਸਾਨ ਮਸਲੇ ਦਾ ਹੱਲ ਉਹ ਇਸ ਤੋਂ ਪਹਿਲਾਂ ਨਹੀਂ ਕਰ ਸਕੀ ਰੋਸ਼ਨੀ ਦੇ ਧਬੇ, ਕੱਪੜਿਆਂ ਦੇ ਪਰਛਾਵੇਂ ਅਤੇ ਬੀਂਡਾ ਵੀ ਮੁਸਕਰਾਉਂਦੇ ਅਤੇ ਹੈਰਾਨ ਮਲੂਮ ਹੁੰਦੇ ਹਨ। ਇਹ ਖ਼ਿਆਲ ਵਾਰਕਾ ਦੇ ਦਿਮਾਗ਼ ਉੱਤੇ ਪੂਰੀ ਤਰ੍ਹਾਂ ਹਾਵੀ ਹੋ ਜਾਂਦਾ ਹੈ . ਸਟੂਲ ਤੋਂ ਉਠ ਕੇ ਮੁਸਕਰਾਉਂਦੀ ਹੋਈ, ਝਪਕਣ ਰਹਿਤ ਅੱਖਾਂ ਨਾਲ ਉਹ ਕਮਰੇ ਵਿੱਚ ਟਹਿਲਣਾ ਸ਼ੁਰੂ ਕਰ ਦਿੰਦੀ ਹੈ…

… . ਅਤੇ ਉਹ ਖ਼ੁਸ਼ ਹੈ ਅਤੇ ਇਹ ਖ਼ਿਆਲ ਉਸ ਦੀ ਖੁਸ਼ੀ ਨੂੰ ਦੁੱਗਣਾ ਕਰ ਰਿਹਾ ਹੈ ਕਿ ਥੋੜ੍ਹੇ ਅਰਸੇ ਦੇ ਬਾਅਦ ਉਹ ਜਿਸ ਨੇ ਉਸ ਦੇ ਹੱਥ ਪੈਰ ਬੰਨ੍ਹ ਰੱਖੇ ਹਨ ਮੌਜੂਦ ਨਹੀਂ ਹੋਵੇਗਾ। ਬੱਚੇ ਦੀ ਮੌਤ ਦੇ ਬਾਅਦ ਨੀਂਦ… . ਨੀਂਦ… . ਨੀਂਦ… .

ਚਾਨਣ ਦੇ ਧੱਬਿਆਂ ਨੂੰ ਵੇਖ ਕੇ ਹੱਸਦੀ, ਅੱਖਾਂ ਝਪਕਾਉਂਦੀ ਅਤੇ ਉਂਗਲੀਆਂ ਨੂੰ ਹਰਕਤ ਵਿੱਚ ਲਿਆਉਂਦੀ ਹੋਈ ਵਾਰਕਾ ਬੱਚੇ ਦੇ ਝੂਲੇ ਦੀ ਤਰਫ਼ ਵਧਦੀ ਹੈ। ਬੱਚੇ ਨੂੰ ਹਲਾਕ ਕਰਕੇ ਉਹ ਫ਼ੌਰਨ ਜ਼ਮੀਨ ਉੱਤੇ ਲੇਟ ਜਾਂਦੀ ਹੈ। … . ਖੁਸ਼ੀ ਦੀ ਵਜ੍ਹਾ ਨਾਲ ਹੱਸਦੀ ਹੈ ਕਿ ਉਹ ਹੁਣ ਆਰਾਮ ਨਾਲ ਸੌਂ ਸਕੇਗੀ… . ਥੋੜ੍ਹੀ ਦੇਰ ਦੇ ਬਾਅਦ ਉਹ ਗਹਿਰੀ ਨੀਂਦ ਸੌਂ ਜਾਂਦੀ ਹੈ… . ਮੌਤ ਵਰਗੀ ਗਹਿਰੀ ਨੀਂਦ।