ਅਨੁਵਾਦ:ਕਤਲ (ਕਹਾਣੀ)

ਵਿਕੀਸਰੋਤ ਤੋਂ

ਸਫ਼ਾਈ ਦੇ ਵਕੀਲ ਨੇ ਅਦਾਲਤ ਵਿੱਚ ਪਾਗਲਪਣ ਦੀ ਦਲੀਲ ਪੇਸ਼ ਕੀਤੀ ਸੀ। ਇਸ ਦੇ ਸਿਵਾ ਇਸ ਅਜੀਬੋ ਗਰੀਬ ਜੁਰਮ ਦੀ ਕੀ ਵਿਆਖਿਆ ਪੇਸ਼ ਕੀਤੀ ਜਾ ਸਕਦੀ ਸੀ? ਇੱਕ ਸਵੇਰੇ ਸ਼ਤੌ ਦੇ ਕਰੀਬ ਸਰਕੰਡਿਆਂ ਵਿੱਚ ਇੱਕ ਮਰਦ ਅਤੇ ਇੱਕ ਔਰਤ ਦੀਆਂ ਲਾਸ਼ਾਂ ਮਿਲੀਆਂ। ਦੋਨਾਂ ਉਧੇੜ ਉਮਰ ਦੇ ਸਨ ਅਤੇ ਉਨ੍ਹਾਂ ਦਾ ਸ਼ੁਮਾਰ ਸ਼ਹਿਰ ਦੇ ਨਾਮੀ ਦੌਲਤਮੰਦਾਂ ਵਿੱਚ ਹੁੰਦਾ ਸੀ। ਔਰਤ ਤਿੰਨ ਸਾਲ ਤੋਂ ਵਿਧਵਾ ਸੀ ਅਤੇ ਇੱਕ ਸਾਲ ਪਹਿਲਾਂ ਹੀ ਇਸ ਮਰਦ ਨਾਲ ਉਸ ਦਾ ਵਿਆਹ ਹੋਇਆ ਸੀ।

ਉਨ੍ਹਾਂ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਨੂੰ ਲੁੱਟਿਆ ਗਿਆ ਸੀ। ਅਜਿਹਾ ਵਿਖਾਈ ਦਿੰਦਾ ਸੀ ਕਿ ਇਨ੍ਹਾਂ ਦੋਨਾਂ ਨੂੰ ਕਿਸੇ ਲੰਮੇ ਤਿੱਖੇ ਫੌਲਾਦੀ ਸੂਏ ਨਾਲ ਕਿੰਨੇ ਹੀ ਵਾਰ ਕਰਨ ਦੇ ਬਾਅਦ ਦਰਿਆ ਵਿੱਚ ਸੁੱਟ ਦਿੱਤਾ ਗਿਆ ਸੀ। ਤਫ਼ਤੀਸ਼ ਨਾਲ ਕੁੱਝ ਸਾਫ਼ ਨਾ ਹੋਇਆ। ਜਿਨ੍ਹਾਂ ਮਲਾਹਾਂ ਨੇ ਲਾਸ਼ਾਂ ਦੀ ਖ਼ਬਰ ਪਹੁੰਚਾਈ ਸੀ ਉਨ੍ਹਾਂ ਕੋਲੋਂ ਪੁਛਗਿਛ ਤੋਂ ਵੀ ਕੁਝ ਹਾਸਿਲ ਨਾ ਹੋਇਆ। ਇਸ ਅੰਨ੍ਹੇ ਕਤਲ ਦੀ ਤਫ਼ਤੀਸ਼ ਖ਼ਤਮ ਹੋਣ ਹੀ ਵਾਲੀ ਸੀ ਕਿ ਕਰੀਬੀ ਪਿੰਡ ਦਾ ਇੱਕ ਨੌਜਵਾਨ ਤਰਖਾਣ ਜਾਰਜ ਲੂਈ, ਲੋਕਾਂ ਨੇ ਜਿਸ ਦਾ ਨਾਮ ‘ਬੁਰਜੂਆ’ ਰੱਖਿਆ ਹੋਇਆ ਸੀ, ਖ਼ੁਦ ਹੀ ਇਸ ਕਤਲ ਦੇ ਸੰਬੰਧ ਵਿੱਚ ਪੇਸ਼ ਹੋ ਗਿਆ। ਹਰ ਸਵਾਲ ਦੇ ਜਵਾਬ ਵਿੱਚ ਉਹ ਇਹੀ ਕਹਿੰਦਾ, ਮੈਂ ਇਸ ਬੰਦੇ ਨੂੰ ਦੋ ਸਾਲ ਤੋਂ ਜਾਣਦਾ ਸੀ ਅਤੇ ਇਸ ਔਰਤ ਨੂੰ ਛੇ ਮਹੀਨੇ ਤੋਂ। ਇਹ ਅਕਸਰ ਮੇਰੇ ਕੋਲ ਪੁਰਾਣੇ ਫਰਨੀਚਰ ਦੀ ਮਰੰਮਤ ਲਈ ਆਉਂਦੇ ਸਨ, ਕਿਉਂਕਿ ਮੈਂ ਇਸ ਕੰਮ ਵਿੱਚ ਖ਼ਾਸਾ ਮਾਹਿਰ ਮੰਨਿਆ ਜਾਂਦਾ ਹਾਂ।

ਅਤੇ ਜਦੋਂ ਉਸ ਨੂੰ ਇਹ ਸਵਾਲ ਪੁੱਛਿਆ ਜਾਂਦਾ, “ਤੂੰ ਉਨ੍ਹਾਂ ਨੂੰ ਕਿਉਂ ਕਤਲ ਕੀਤਾ?”

ਤਾਂ ਉਹ ਤੱਤਫੱਟ ਇੱਕ ਹੀ ਜਵਾਬ ਦਿੰਦਾ, “ਮੈਂ ਉਨ੍ਹਾਂ ਨੂੰ ਇਸ ਲਈ ਕਤਲ ਕੀਤਾ ਕਿ ਮੈਂ ਉਨ੍ਹਾਂ ਨੂੰ ਕਤਲ ਕਰਨਾ ਚਾਹੁੰਦਾ ਸੀ।”

ਇਸ ਦੇ ਇਲਾਵਾ ਉਸ ਕੋਲੋਂ ਹੋਰ ਕੋਈ ਗੱਲ ਨਹੀਂ ਉਗਲਵਾਈ ਜਾ ਸਕੀ। ਇੱਕ ਗੱਲ ਸਾਫ਼ ਸੀ ਕਿ ਇਹ ਨੌਜਵਾਨ ਕਿਸੇ ਦੀ ਨਾਜਾਇਜ਼ ਔਲਾਦ ਸੀ ਜਿਸਨੂੰ ਪਰਵਰਿਸ਼ ਲਈ ਇਸ ਪਿੰਡ ਵਿੱਚ ਕਿਸੇ ਨਰਸ ਦੇ ਸਪੁਰਦ ਕਰ ਦਿੱਤਾ ਗਿਆ ਸੀ ਅਤੇ ਫਿਰ ਕੁੱਝ ਅਰਸੇ ਦੇ ਬਾਅਦ ਉਸ ਦੇ ਮਾਂ ਬਾਪ ਨੇ ਉਸਨੂੰ ਭੁਲਾ ਦਿਤਾ ਸੀ। ਉਸ ਦਾ ਨਾਮ ਤਾਂ ਜਾਰਜ ਲੂਈ ਤੋਂ ਸਿਵਾ ਹੋਰ ਕੋਈ ਨਹੀਂ ਸੀ ਪਰ ਹਾਲਾਂਕਿ ਉਹ ਸ਼ੁਰੂ ਹੀ ਤੋਂ ਇੱਕ ਜ਼ਹੀਨ ਅਤੇ ਨੇਕ ਮੁੰਡਾ ਸਾਬਤ ਹੋਇਆ ਸੀ ਅਤੇ ਆਪਣੇ ਹਾਣੀਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਸ਼ਾਇਸਤਾ ਅਤੇ ਨਫੀਸ ਆਦਤਾਂ ਦਾ ਧਾਰਨੀ ਸੀ ਇਸ ਲਈ ਸਭ ਲੋਕ ਉਸ ਨੂੰ ‘ਬੁਰਜ਼ੁਆ’ ਕਹਿਣ ਲੱਗੇ ਅਤੇ ਛੇਤੀ ਹੀ ਇਹੀ ਉਸ ਦੇ ਨਾਮ ਦੇ ਤੌਰ ਤੇ ਪਰਚਲਤ ਹੋ ਗਿਆ। ਜਦੋਂ ਉਸਨੇ ਲੱਕੜੀ ਦਾ ਕੰਮ ਸ਼ੁਰੂ ਕੀਤਾ ਤਾਂ ਕੁੱਝ ਹੀ ਅਰਸੇ ਵਿੱਚ ਉਸ ਦੀ ਕਾਰੀਗਰੀ ਦੇ ਚਰਚੇ ਦੂਰ-ਦੂਰ ਤੱਕ ਹੋਣ ਲੱਗੇ। ਕਦੇ ਕਦੇ ਤਾਂ ਉਹ ਲੱਕੜੀ ਦੀਆਂ ਮੂਰਤੀਆਂ ਵੀ ਬਣਾਇਆ ਕਰਦਾ ਸੀ। ਇਹ ਵੀ ਕਿਹਾ ਜਾਂਦਾ ਸੀ ਕਿ ਉਹ ਪੱਕਾ ਸੋਸ਼ਲਿਸਟ ਸੀ, ਕਮਿਊਨਿਜ਼ਮ ਅਤੇ ਨਿਹਲਵਾਦ ਦੇ ਵਿਚਾਰਾਂ ਦਾ ਕੱਟੜ ਪੈਰੋਕਾਰ ਸੀ। ਖੂਨ ਦੇ ਪਿਆਸੇ ਨਾਵਲਾਂ ਦਾ ਸ਼ੌਕੀਨ, ਉਹ ਆਪਣੇ ਇਲਾਕੇ ਵਿੱਚ ਖ਼ਾਸਾ ਅਸਰ ਰਸੂਖ ਰੱਖਣ ਵਾਲਾ ਅਤੇ ਮਜ਼ਦੂਰਾਂ ਅਤੇ ਕਿਸਾਨਾਂ ਦੇ ਸਿਆਸੀ ਜਲਸਿਆਂ ਵਿੱਚ ਇੱਕ ਤੇਜ਼ ਤਰਾਰ ਭਾਸ਼ਣਬਾਜ਼ ਦੇ ਤੌਰ ਤੇ ਜਾਣਿਆ ਜਾਂਦਾ ਸੀ।

ਸਫ਼ਾਈ ਦੇ ਵਕੀਲ ਨੇ ਅਦਾਲਤ ਵਿੱਚ ਉਸਦੇ ਬਚਾਓ ਵਿੱਚ ਪਾਗਲਪਣ ਦੀ ਦਲੀਲ ਪੇਸ਼ ਕੀਤੀ ਸੀ।

ਇਹ ਕਿਵੇਂ ਹੋ ਸਕਦਾ ਹੈ ਕਿ ਇੱਕ ਤਰਖਾਣ ਆਪਣੇ ਚੰਗੇ ਗਾਹਕਾਂ ਨੂੰ ਮਾਰ ਸੁੱਟੇ ਜੋ ਦੌਲਤਮੰਦ ਵੀ ਸਨ ਅਤੇ ਦਰਿਆਦਿਲ ਵੀ? ਇਹ ਗੱਲ ਮੁਲਜ਼ਿਮ ਨੇ ਖ਼ੁਦ ਮੰਨੀ ਸੀ। ਅਜਿਹੇ ਗਾਹਕ ਜਿਨ੍ਹਾਂ ਨੇ ਬੀਤੇ ਦੋ ਸਾਲ ਦੇ ਦੌਰਾਨ ਉਸ ਕੋਲੋਂ ਘੱਟੋ-ਘੱਟ ਤਿੰਨ ਹਜ਼ਾਰ ਫਰਾਂਕ ਦਾ ਕੰਮ ਕਰਵਾਇਆ ਸੀ (ਇਸ ਦਾ ਪ੍ਰਮਾਣ ਉਸ ਦੇ ਖਾਤਿਆਂ ਵਿੱਚੋਂ ਮਿਲਿਆ ਸੀ)। ਇੱਕ ਹੀ ਜਵਾਬ ਬਾਕੀ ਰਹਿ ਜਾਂਦਾ ਸੀ ਪਾਗਲਪਣ। ਇੱਕ ਹੇਠਲੇ ਦਰਜੇ ਦਾ ਵਿਅਕਤੀ ਜੋ ਸਾਰੇ ਬੁਰਜ਼ੁਆ ਤਬਕੇ ਤੋਂ ਬਦਲਾ ਲੈਣ ਦੀ ਲਿਲ੍ਹਕ ਖਾਤਰ ਦੋ ਬੁਰਜ਼ੁਆ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੈ। ਇਸ ਮੌਕੇ ਤੇ ਨਿਹਾਇਤ ਮੁਹਾਰਤ ਨਾਲ ਸਫ਼ਾਈ ਦੇ ਵਕੀਲ ਨੇ ਉਸਦੇ ਦੂਸਰੇ ਨਾਮ ‘ਬੁਰਜ਼ੁਆ’ ਦਾ ਹਵਾਲਾ ਵੀ ਦੇ ਦਿੱਤਾ ਸੀ, ਜੋ ਇਸ ਇਲਾਕੇ ਦੇ ਲੋਕਾਂ ਨੇ ਇਸ ਵਿਚਾਰੇ ਨੂੰ ਦੇ ਰੱਖਿਆ ਸੀ। ਅਦਾਲਤ ਨੂੰ ਮੁਖ਼ਾਤਬ ਕਰਦੇ ਹੋਏ ਸਫ਼ਾਈ ਦੇ ਵਕੀਲ ਨੇ ਕਿਹਾ:

“ਕੀ ਇਹ ਕਿਸਮਤ ਦੀ ਸਿਤਮ ਜ਼ਰੀਫ਼ੀ ਨਹੀਂ? ਅਜਿਹੀ ਸਿਤਮ ਜ਼ਰੀਫ਼ੀ ਜੋ ਇਹੋ ਜਿਹੇ ਵਿਚਾਰੇ, ਕਿਸਮਤ ਮਾਰੇ ਨੌਜਵਾਨ ਨੂੰ ਪਾਗਲਪਣ ਦੀ ਤਰਫ਼ ਧੱਕ ਦੇਵੇ ਜਿਸਦਾ ਨਾ ਬਾਪ ਹੈ ਅਤੇ ਨਾ ਮਾਂ? ਇਹ ਨੌਜਵਾਨ ਜੋ ਰੀਪਬਲੀਕਨਾਂ ਦਾ ਹਾਮੀ ਹੈ। ਇਹ ਮੈਂ ਕੀ ਕਹਿ ਰਿਹਾ ਹਾਂ? ਇਹ ਤਾਂ ਉਸੇ ਸਿਆਸੀ ਪਾਰਟੀ ਨਾਲ ਸੰਬੰਧ ਰੱਖਦਾ ਹੈ ਜਿਸਦੇ ਮੈਂਬਰਾਂ ਨੂੰ ਕੁੱਝ ਅਰਸਾ ਪਹਿਲਾਂ ਸਰਕਾਰ ਜਾਂ ਤਾਂ ਗੋਲੀ ਨਾਲ ਉੱਡਾ ਦਿੰਦੀ ਸੀ ਜਾਂ ਫਿਰ ਜਲਾਵਤਨ ਕਰ ਦਿੰਦੀ ਸੀ। ਅਤੇ ਹੁਣ ਉਸੇ ਸਿਆਸੀ ਜਮਾਤ ਦਾ ਇਹ ਹਕੂਮਤ ਖੁੱਲ੍ਹੀਆਂ ਬਾਂਹਾਂ ਨਾਲ ਸੁਆਗਤ ਕਰਦੀ ਹੈ ਅੱਗਜਨੀ ਜਿਸਦੇ ਅਸੂਲਾਂ ਵਿੱਚ ਸ਼ਾਮਲ ਹੈ ਅਤੇ ਕਤਲ ਇਕ ਆਮ ਘਟਨਾ ਹੈ।

“ਜਿਨ੍ਹਾਂ ਸਿਧਾਂਤਾਂ ਦੀ ਕਦੇ ਨਿਖੇਧੀ ਕੀਤੀ ਜਾਂਦੀ ਸੀ ਅੱਜ ਉਨ੍ਹਾਂ ਨੂੰ ਜਲਸਿਆਂ ਵਿੱਚ ਵਡਿਆਈ ਬਖ਼ਸ਼ੀ ਜਾਂਦੀ ਹੈ ਅਤੇ ਇਸ ਗੱਲ ਨੇ ਇਸ ਨੌਜਵਾਨ ਨੂੰ ਪਾਗਲ ਬਣਾ ਦਿੱਤਾ। ਇਸ ਨੌਜਵਾਨ ਨੇ ਰੀਪਬਲੀਕਨਾਂ ਨੂੰ - ਅਤੇ ਔਰਤਾਂ ਨੂੰ, ਹਾਂ! ਔਰਤਾਂ ਨੂੰ ਐਮ ਗੰਬੇਤਾ ਅਤੇ ਐਮ ਗਰੇਵੀ ਦੀ ਜਾਨ ਲੈਣ ਦਾ ਸੱਦਾ ਦਿੰਦੇ ਹੋਏ ਸੁਣਿਆ। ਬਸ ਇਸ ਦੇ ਕਮਜ਼ੋਰ ਮਨ ਤੇ ਅਸਰ ਹੋ ਗਿਆ। ਤੇ ਇਸ ਤੇ ਖ਼ੂਨ ਸਵਾਰ ਹੋ ਗਿਆ, ਬੁਰਜ਼ੁਆ ਤਬਕੇ ਦੇ ਖ਼ੂਨ ਦਾ ਪਿਆਸਾ ਬਣ ਗਿਆ।

“ਭੱਦਰ ਲੋਕੋ ! ਇਸ ਕਤਲ ਦਾ ਮੁਲਜ਼ਿਮ ਇਹ ਨੌਜਵਾਨ ਨਹੀਂ ਸਗੋਂ ਸਮਾਜ ਹੈ!” ਅਦਾਲਤ ਵਿੱਚ ਮੌਜੂਦ ਸਭ ਲੋਕਾਂ ਦੀ ਬਹੁਗਿਣਤੀ ਦਲੀਲ ਦੇ ਪੱਖ ਵਿੱਚ ਸਿਰ ਹਿਲਾਉਣ ਲੱਗੀ। ਐਨ ਸਾਫ਼ ਸੀ ਕਿ ਸਫ਼ਾਈ ਦਾ ਵਕੀਲ ਇਹ ਮੁਕੱਦਮਾ ਤਕਰੀਬਨ ਜਿੱਤ ਹੀ ਚੁੱਕਿਆ ਸੀ। ਸਰਕਾਰੀ ਵਕੀਲ ਸਿਰ ਝੁਕਾਈਂ ਖ਼ਾਮੋਸ਼ ਬੈਠਾ ਰਿਹਾ। ਫਿਰ ਜੱਜ ਨੇ ਮੁਲਜ਼ਿਮ ਕੋਲੋਂ ਆਖ਼ਿਰੀ ਰਸਮੀ ਸਵਾਲ ਪੁੱਛਿਆ, “ਕੀ ਮੁਲਜ਼ਿਮ ਆਪਣੇ ਬਚਾ ਵਿੱਚ ਕੁੱਝ ਕਹਿਣਾ ਚਾਹੁੰਦਾ ਹੈ?”

ਨੌਜਵਾਨ ਉੱਠਕੇ ਖੜਾ ਹੋਇਆ। ਉਸ ਦਾ ਕਦ ਦਰਮਿਆਨਾ, ਵਾਲ ਸੁਨਹਿਰੀ ਅਤੇ ਸ਼ਾਂਤ ਅਤੇ ਸ਼ਾਫ਼ ਸੁਰਮਈ ਅੱਖਾਂ ਸਨ। ਉਸ ਕਮਜ਼ੋਰ ਦਿੱਖ ਵਾਲੇ ਦੁਬਲੇ ਪਤਲੇ ਨੌਜਵਾਨ ਨੇ ਬੁਲੰਦ, ਗੂੰਜਵੀਂ ਅਤੇ ਸਪਸ਼ਟ ਆਵਾਜ਼ ਵਿੱਚ ਬੋਲਣਾ ਸ਼ੁਰੂ ਕੀਤਾ ਅਤੇ ਉਸ ਦੇ ਪਹਿਲੇ ਕੁਝ ਸ਼ਬਦਾਂ ਨੇ ਹੀ ਉਸ ਦੇ ਬਾਰੇ ਵਿੱਚ ਕਾਇਮ ਕੀਤੀ ਗਈ ਆਮ ਰਾਏ ਨੂੰ ਬਦਲ ਦਿੱਤਾ। ਉਸਨੇ ਕਿਸੇ ਐਲਾਨੀਆ ਅੰਦਾਜ਼ ਵਿੱਚ ਬੋਲਣਾ ਸ਼ੁਰੂ ਕੀਤਾ ਪਰ ਇੱਕ ਇੱਕ ਸ਼ਬਦ ਇੰਨੀ ਸਪਸ਼ਟਤਾ ਨਾਲ ਅਦਾ ਕੀਤਾ ਕਿ ਇਹ ਕਮਰੇ ਦੇ ਆਖ਼ਿਰੀ ਕੋਨੇ ਤੱਕ ਸੁਣਾਈ ਦਿੰਦਾ ਸੀ।

“ਜਨਾਬੇ-ਆਲਾ! ਮੈਂ ਕਿਸੇ ਪਾਗਲਖ਼ਾਨੇ ਵਿੱਚ ਜਾਣਾ ਨਹੀਂ ਚਾਹੁੰਦਾ, ਇਸ ਨਾਲੋਂ ਤਾਂ ਮੈਂ ਮੌਤ ਨੂੰ ਬਿਹਤਰ ਸਮਝਦਾ ਹਾਂ, ਇਸ ਲਈ ਮੈਂ ਸਭ ਕੁੱਝ ਦੱਸ ਦੇਣਾ ਚਾਹੁੰਦਾ ਹਾਂ। “ਮੈਂ ਇਸ ਔਰਤ ਅਤੇ ਇਸ ਮਰਦ ਨੂੰ ਇਸ ਲਈ ਕਤਲ ਕੀਤਾ ਹੈ ਕਿ ਉਹ ਦੋਨੋਂ ਮੇਰੇ ਮਾਂ-ਪਿਉ ਸਨ।

“ਮੇਰੀ ਕਹਾਣੀ ਸੁਣੋ ਅਤੇ ਫੈਸਲਾ ਸੁਣਾਓ।

“ਇੱਕ ਔਰਤ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਅਤੇ ਪਰਵਰਿਸ਼ ਲਈ ਇੱਕ ਨਰਸ ਦੇ ਹਵਾਲੇ ਕਰ ਦਿੱਤਾ। ਕੀ ਉਹ ਜਾਣਦੀ ਸੀ ਕਿ ਉਹ ਨਰਸ ਇਸ ਮਾਸੂਮ ਜਾਨ ਨੂੰ ਕਿੱਥੇ ਲੈ ਗਈ? ਉਸ ਦੀ ਕਿਸਮਤ ਵਿੱਚ ਸਦੀਵੀ ਜ਼ਿੱਲਤ, ਨਾਜਾਇਜ਼ ਔਲਾਦ ਦੀ ਬਦਨਾਮੀ ਲਿਖ ਦਿੱਤੀ। ਨਹੀਂ, ਇਸ ਤੋਂ ਵੀ ਅੱਗੇ ਉਸ ਨੂੰ ਮੌਤ ਦਾ ਦੰਡ ਸੁਣਾ ਦਿੱਤਾ ਕਿਉਂਕਿ ਉਸਨੇ ਤਾਂ ਇਸ ਬੱਚੇ ਨੂੰ ਯਤੀਮ ਬਣਾ ਕੇ ਸੁੱਟ ਦਿੱਤਾ ਸੀ, ਅਤੇ ਹੋਰਨਾਂ ਨਰਸਾਂ ਦੀ ਤਰ੍ਹਾਂ, ਮਾਹਵਾਰ ਖ਼ਰਚਾ ਨਾ ਮਿਲਣ ਦੇ ਕਾਰਨ ਉਹ ਨਰਸ ਵੀ ਇਸ ਨੂੰ ਭੁੱਖ ਅਤੇ ਲਾਪਰਵਾਹੀ ਦੀ ਮੌਤ ਮਰਨ ਦਿੰਦੀ।

“ਪਰ ਮੈਨੂੰ ਜਿਸ ਔਰਤ ਨੇ ਪਾਲਿਆ ਉਹ ਇੱਕ ਰਹਿਮਦਿਲ ਔਰਤ ਸੀ, ਮੇਰੀ ਆਪਣੀ ਮਾਂ ਨਾਲੋਂ ਕਿਤੇ ਵਧੇਰੇ ਰਹਿਮਦਿਲ, ਵਧੇਰੇ ਔਰਤ, ਵਧੇਰੇ ਅਜ਼ੀਮ ਅਤੇ ਵਧੇਰੇ ਮਾਂ ਸੀ! ਉਸਨੇ ਮੈਨੂੰ ਪਾਲ ਪੋਸ ਕੇ ਵੱਡਾ ਕੀਤਾ। ਉਸਨੇ ਇਹ ਕੰਮ ਕਰਕੇ ਗ਼ਲਤੀ ਕੀਤੀ। ਉਸਨੂੰ ਚਾਹੀਦਾ ਸੀ ਕਿ ਉਹ ਇਸ ਘਿਣਾਉਣੀ ਜਾਨ ਨੂੰ ਮਰ ਜਾਣ ਦਿੰਦੀ। ਇਸ ਤਰ੍ਹਾਂ ਦੇ ਬਦਨਸੀਬਾਂ ਨੂੰ ਨਗਰ ਵਾਲੇ ਕੂੜੇ ਕਰਕਟ ਦੀ ਤਰ੍ਹਾਂ ਬਾਹਰ ਸੁੱਟ ਆਉਂਦੇ ਹਨ, ਜਿਵੇਂ ਗ਼ਲਾਜ਼ਤ ਤੋਂ ਨਗਰ ਨੂੰ ਛੁਟਕਾਰਾ ਦਿਵਾ ਦਿੱਤਾ ਹੋਵੇ।

“ਮੈਨੂੰ ਬਚਪਨ ਤੋਂ ਹੀ ਇੱਕ ਧੁੰਦਲਾ ਜਿਹਾ ਅਹਿਸਾਸ ਸੀ ਕਿ ਮੇਰੇ ਮੋਢਿਆਂ ਤੇ ਕਿਸੇ ਜ਼ਿੱਲਤ ਜਾਂ ਬਦਨਾਮੀ ਦਾ ਬੋਝ ਹੈ। ਇੱਕ ਦਿਨ ਦੂਜੇ ਬੱਚਿਆਂ ਨੇ ਮੈਨੂੰ ‘ਹਰਾਮੀ’ ਕਹਿ ਕੇ ਬੁਲਾਇਆ। ਉਨ੍ਹਾਂ ਨੂੰ ਇਸ ਗਾਲ਼ ਦਾ ਮਤਲਬ ਤੱਕ ਪਤਾ ਨਹੀਂ ਸੀ, ਜੋ ਉਨ੍ਹਾਂ ਵਿਚੋਂ ਕਿਸੇ ਨੇ ਆਪਣੇ ਘਰ ਵਿੱਚ ਸੁਣੀ ਸੀ। ਮਤਲਬ ਤਾਂ ਮੈਨੂੰ ਵੀ ਪਤਾ ਨਹੀਂ ਸੀ ਪਰ ਫਿਰ ਵੀ ਇਹ ਗਾਲ਼ ਮੇਰੇ ਕੰਨਾਂ ਵਿੱਚ ਪਿਘਲੇ ਹੋਏ ਕੱਚ ਦੀ ਤਰ੍ਹਾਂ ਉੱਤਰ ਗਈ।

“ਤੁਸੀ ਕਹਿ ਸਕਦੇ ਹੋ ਕਿ ਮੈਂ ਸਕੂਲ ਵਿੱਚ ਸਭ ਤੋਂ ਜ਼ਹੀਨ ਮੁੰਡਾ ਸੀ। ਜੇਕਰ ਮੇਰੇ ਮਾਂ ਬਾਪ ਮੈਨੂੰ ਲਾਵਾਰਸ ਸੁੱਟ ਦੇਣ ਦਾ ਜੁਰਮ ਨਾ ਕਰਦੇ ਤਾਂ ਸ਼ਾਇਦ ਮੈਂ ਇੱਕ ਸ਼ਰੀਫ ਆਦਮੀ ਜਾਂ ਫਿਰ ਇੱਕ ਵੱਡਾ ਦਾਨਸ਼ਵਰ ਜਰੂਰ ਬਣ ਗਿਆ ਹੁੰਦਾ। ਇਹ ਜੁਰਮ ਮੇਰੇ ਖਿਲਾਫ ਕੀਤਾ ਗਿਆ ਸੀ । ਮੈਂ ਉਸ ਜੁਰਮ ਦਾ ਸ਼ਿਕਾਰ ਸੀ ਅਤੇ ਉਹ ਇਸ ਜੁਰਮ ਦੇ ਮੁਜਰਿਮ ਸਨ। ਮੈਂ ਲਾਚਾਰ ਸੀ ਅਤੇ ਉਹ ਬੇਰਹਿਮ। ਉਨ੍ਹਾਂ ਨੂੰ ਮੇਰੇ ਨਾਲ ਮੁਹੱਬਤ ਕਰਨੀ ਚਾਹੀਦੀ ਸੀ ਪਰ ਉਨ੍ਹਾਂ ਨੇ ਮੈਨੂੰ ਵਗਾਹ ਸੁੱਟਿਆ।

“ਉਨ੍ਹਾਂ ਨੇ ਮੈਨੂੰ ਜ਼ਿੰਦਗੀ ਦਿੱਤੀ----ਪਰ ਕੀ ਜ਼ਿੰਦਗੀ ਕੋਈ ਵਰਦਾਨ ਹੈ? ਘੱਟੋ ਘੱਟ ਮੇਰੇ ਲਈ ਤਾਂ ਇਹ ਇੱਕ ਬਦਕਿਸਮਤੀ ਸੀ। ਮੈਨੂੰ ਸੁੱਟ ਦੇਣ ਦੀ ਆਪਣੀ ਸ਼ਰਮਨਾਕ ਕਰਤੂਤ ਤੋਂ ਬਾਅਦ, ਉਹ ਮੇਰੀ ਬਦਲੇ ਦੀ ਕਾਰਵਾਈ ਦੇ ਹੱਕਦਾਰ ਸਨ। ਜੋ ਜੁਲਮ ਉਨ੍ਹਾਂ ਨੇ ਮੇਰੇ ਉੱਤੇ ਢਾਇਆ, ਉਸ ਨਾਲੋਂ ਵਧਕੇ ਗ਼ੈਰ ਇਨਸਾਨੀ, ਘਿਣਾਉਣਾ ਅਤੇ ਭਿਅੰਕਰ ਜੁਲਮ ਹੋਰ ਕੋਈ ਨਹੀਂ ਹੋ ਸਕਦਾ।

“ਜਿਸ ਬੰਦੇ ਦੀ ਤੌਹੀਨ ਕੀਤੀ ਜਾਵੇ ਉਹ ਜਵਾਬੀ ਕਾਰਵਾਈ ਕਰਦਾ ਹੈ। ਜਿਸਦਾ ਮਾਲ ਲੁੱਟ ਲਿਆ ਗਿਆ ਹੋਵੇ ਉਹ ਜ਼ੋਰ ਜਬਰਦਸਤੀ ਨਾਲ ਆਪਣਾ ਮਾਲ ਵਾਪਸ ਲੈ ਲੈਂਦਾ ਹੈ। ਜਿਸਨੂੰ ਧੋਖਾ ਦਿੱਤਾ ਜਾਵੇ, ਬੇਵਕੂਫ਼ ਬਣਾਇਆ ਜਾਵੇ ਜਾਂ ਤਸ਼ੱਦਦ ਦਾ ਨਿਸ਼ਾਨਾ ਬਣਾਇਆ ਜਾਵੇ ਉਹ ਕਤਲ ਕਰਦਾ ਹੈ। ਜਿਸਨੂੰ ਥੱਪੜ ਲਗਾਏ ਜਾਣ ਉਹ ਕਤਲ ਕਰਦਾ ਹੈ। ਜਿਸਨੂੰ ਜ਼ਲੀਲ ਕੀਤਾ ਜਾਵੇ ਉਹ ਕਤਲ ਕਰਦਾ ਹੈ। ਮੈਨੂੰ ਲੁੱਟਿਆ ਗਿਆ ਹੈ, ਧੋਖਾ ਦਿੱਤਾ ਗਿਆ ਹੈ, ਮੈਨੂੰ ਤਸ਼ੱਦਦ ਦਾ ਨਿਸ਼ਾਨਾ ਬਣਾਇਆ ਗਿਆ ਹੈ, ਅਖ਼ਲਾਕੀ ਤੌਰ ਉੱਤੇ ਜ਼ਲੀਲ ਕੀਤਾ ਗਿਆ ਹੈ, ਅਤੇ ਬੇਇੱਜ਼ਤ ਕੀਤਾ ਗਿਆ ਹੈ ਅਤੇ ਇਸ ਸਭ ਦਾ ਗੁੱਸਾ ਉਨ੍ਹਾਂ ਮੁਜਰਿਮਾਂ ਦੇ ਗੁੱਸੇ ਨਾਲੋਂ ਕਿਤੇ ਜ਼ਿਆਦਾ ਹੈ ਜਿਨ੍ਹਾਂ ਦੇ ਜੁਰਮਾਂ ਨੂੰ ਤੁਸੀਂ ਮਾਫ਼ ਕਰ ਦਿੰਦੇ ਹੋ।

“ਮੈਂ ਸਿਰਫ ਬਦਲਾ ਲਿਆ ਹੈ। ਮੈਂ ਕਤਲ ਕੀਤਾ ਹੈ। ਇਹ ਮੇਰਾ ਹੱਕ ਸੀ। ਉਨ੍ਹਾਂ ਨੇ ਜ਼ਿੱਲਤ ਅਤੇ ਖ਼ਵਾਰੀ ਦੀ ਜੋ ਜਿੰਦਗੀ ਗੁਜ਼ਾਰਨ ਉੱਤੇ ਮੈਨੂੰ ਮਜਬੂਰ ਕੀਤਾ ਸੀ ਉਸ ਦੇ ਬਦਲੇ ਮੈਂ ਉਨ੍ਹਾਂ ਦੀ ਖ਼ੁਸ਼ੀਆਂ ਵਿੱਚ ਖੇਲਦੀ ਜ਼ਿੰਦਗੀ ਲੈ ਲਈ।

“ਤੁਸੀ ਮੈਨੂੰ ਮਾਂ ਤੇ ਪਿਓ ਦਾ ਕਾਤਲ ਕਹਿ ਸਕਦੇ ਹੋ। ਕੀ ਇਹ ਲੋਕ ਸੱਚ ਵਿੱਚ ਮੇਰੇ ਮਾਪੇ ਸਨ? ਜਿਨ੍ਹਾਂ ਦੇ ਲਈ ਮੈਂ ਇੱਕ ਅਸਹਿ ਬੋਝ ਸੀ, ਇੱਕ ਖੌਫ, ਬਦਨਾਮੀ ਦਾ ਇੱਕ ਧੱਬਾ? ਜਿਨ੍ਹਾਂ ਦੇ ਲਈ ਮੇਰਾ ਜਨਮ ਇੱਕ ਬਿਪਤਾ ਸੀ ਅਤੇ ਮੇਰੀ ਜਿੰਦਗੀ ਜ਼ਿੱਲਤ ਦਾ ਇੱਕ ਅੰਦੇਸ਼ਾ? ਲੱਜ਼ਤ ਦੇ ਇੱਕ ਪਲ ਦੀ ਤਲਾਸ਼ ਵਿੱਚ ਉਨ੍ਹਾਂ ਨੂੰ ਇੱਕ ਅਨਚਾਹੀ ਔਲਾਦ ਮਿਲ ਗਈ। ਉਨ੍ਹਾਂ ਨੇ ਆਪਣੀ ਔਲਾਦ ਨੂੰ ਦਫ਼ਨ ਕਰ ਦਿੱਤਾ। ਮੈਨੂੰ ਮੌਕਾ ਮਿਲਿਆ ਤਾਂ ਮੈਂ ਵੀ ਉਨ੍ਹਾਂ ਨਾਲ ਉਹੀ ਸੁਲੂਕ ਕੀਤਾ।

“ਹਾਲਾਂਕਿ ਅਜੇ ਕੁੱਝ ਹੀ ਅਰਸਾ ਪਹਿਲਾਂ ਮੇਰੇ ਦਿਲ ਵਿੱਚ ਉਨ੍ਹਾਂ ਦੇ ਲਈ ਪਿਆਰ ਪੈਦਾ ਹੋ ਚੱਲਿਆ ਸੀ।

“ਜਿਵੇਂ ਕ‌ਿ ਮੈਂ ਦੱਸ ਚੁੱਕਿਆ ਹਾਂ, ਮੇਰਾ ਬਾਪ ਪਹਿਲੀ ਵਾਰ ਦੋ ਸਾਲ ਪਹਿਲਾਂ ਮੇਰੇ ਕੋਲ ਆਇਆ ਸੀ। ਮੈਨੂੰ ਕੋਈ ਸ਼ਕ ਨਹੀਂ ਹੋਇਆ ਸੀ। ਉਸਨੇ ਮੈਨੂੰ ਕੁੱਝ ਨਗ ਬਣਾਉਣ ਨੂੰ ਕਿਹਾ। ਬਾਅਦ ਵਿੱਚ ਮੈਨੂੰ ਇਲਮ ਹੋਇਆ ਕਿ ਉਸਨੇ ਭੇਤ ਰੱਖਣ ਦੀ ਕਸਮ ਚੁੱਕਦੇ ਹੋਏ ਇਲਾਕੇ ਦੇ ਪਾਦਰੀ ਕੋਲੋਂ ਮੇਰੇ ਬਾਰੇ ਜਾਣਕਾਰੀ ਹਾਸਲ ਕੀਤੀ ਸੀ।

“ਫਿਰ ਉਹ ਅਕਸਰ ਆਉਣ ਲੱਗ ਪਿਆ। ਉਹ ਮੈਥੋਂ ਕੰਮ ਕਰਵਾਉਂਦਾ ਅਤੇ ਚੰਗੀ ਕੀਮਤ ਅਦਾ ਕਰਦਾ। ਕਦੇ-ਕਦੇ ਉਹ ਏਧਰ ਉੱਧਰ ਦੀਆਂ ਗੱਲਾਂ ਵੀ ਕਰਦਾ। ਇਸ ਦੌਰਾਨ ਮੈਨੂੰ ਉਸ ਨਾਲ ਸਨੇਹ ਜਿਹਾ ਪੈਦਾ ਹੋਣ ਲੱਗ ਪਿਆ ਸੀ।

“ਇਸ ਸਾਲ ਦੇ ਸ਼ੁਰੂ ਵਿੱਚ ਉਹ ਆਪਣੀ ਪਤਨੀ, ਮੇਰੀ ਮਾਂ ਨੂੰ ਆਪਣੇ ਨਾਲ ਲੈ ਕੇ ਆਇਆ। ਜਦੋਂ ਉਹ ਮੇਰੀ ਦੁਕਾਨ ਵਿੱਚ ਵੜੀ ਤਾਂ ਕਿਸੇ ਪੱਤਝੜ ਦੇ ਪੱਤੇ ਵਾਂਗ ਕੰਬ ਰਹੀ ਸੀ ਜਿਵੇਂ ਉਸਨੂੰ ਕੋਈ ਮਾਨਸਿਕ ਰੋਗ ਚਿੰਬੜਿਆ ਹੋਵੇ। ਫਿਰ ਉਹ ਬੈਠ ਗਈ ਅਤੇ ਇੱਕ ਗਲਾਸ ਪਾਣੀ ਮੰਗਿਆ। ਉਹ ਕੁੱਝ ਨਹੀਂ ਬੋਲੀ, ਬਸ ਏਧਰ ਉੱਧਰ ਮੇਰੇ ਕੰਮ ਨੂੰ ਵੇਖਦੀ ਰਹੀ ਅਤੇ ਬੇਧਿਆਨੀ ਨਾਲ ਹਾਂ ਜਾਂ ਨਾਂ ਵਿੱਚ ਉਸਦੇ ਦੇ ਸਵਾਲਾਂ ਦਾ ਜਵਾਬ ਦਿੰਦੀ ਰਹੀ। ਜਦੋਂ ਉਹ ਚਲੇ ਗਏ ਤਾਂ ਮੈਂ ਸੋਚਿਆ ਕਿ ਸ਼ਾਇਦ ਉਹ ਹਿੱਲੀ ਹੋਈ ਹੈ।

“ਇੱਕ ਮਹੀਨੇ ਬਾਅਦ ਉਹ ਫਿਰ ਵਾਪਸ ਆਈ। ਪਰ ਇਸ ਵਾਰ ਉਹ ਸ਼ਾਂਤ ਅਤੇ ਆਪਣੇ ਆਪ ਵਿੱਚ ਸੀ। ਉਸ ਦਿਨ ਉਹ ਕਾਫ਼ੀ ਦੇਰ ਠਹਿਰੀ ਅਤੇ ਏਧਰ ਉੱਧਰ ਦੀਆਂ ਗੱਲਾਂ ਹੁੰਦੀਆਂ ਰਹੀਆਂ। ਇਸ ਦਿਨ ਉਨ੍ਹਾਂ ਨੇ ਮੈਨੂੰ ਇੱਕ ਵੱਡਾ ਆਡਰ ਦਿੱਤਾ। ਇਸ ਦੇ ਬਾਅਦ ਉਹ ਤਿੰਨ ਵਾਰੀ ਆਈ ਪਰ ਮੈਨੂੰ ਕੋਈ ਸ਼ੱਕ ਨਹੀਂ ਹੋਈ। ਲੇਕਿਨ ਇੱਕ ਦਿਨ ਅਚਾਨਕ ਉਹ ਮੇਰੇ ਕੋਲੋਂ ਮੇਰੀ ਜ਼ਿੰਦਗੀ, ਮੇਰੇ ਬਚਪਨ, ਮੇਰੇ ਮਾਂ-ਪਿਉ ਦੇ ਬਾਰੇ ਪੁੱਛਣ ਲੱਗੀ। ਮੈਂ ਜਵਾਬ ਦਿੱਤਾ, ਮੈਡਮ, ਮੇਰੇ ਮਾਂ-ਪਿਉ ਉਹ ਬਦਨਸੀਬ ਸਨ ਜਿਨ੍ਹਾਂ ਨੇ ਮੈਨੂੰ ਲਾਵਾਰਸ ਸੁੱਟ ਦਿੱਤਾ ਸੀ। ਇਹ ਸੁਣਕੇ ਉਸਨੇ ਇੱਕ ਹੱਥ ਆਪਣੇ ਦਿਲ ਉੱਤੇ ਰੱਖਿਆ ਅਤੇ ਬੇਹੋਸ਼ ਹੋ ਕੇ ਡਿੱਗ ਪਈ। ਮੇਰੇ ਦਿਲ ਵਿੱਚ ਪਹਿਲੀ ਗੱਲ ਇਹੀ ਆਈ, ਕਿ ਇਹੀ ਮੇਰੀ ਮਾਂ ਹੈ। ਪਰ ਮੈਂ ਉਸ ਨੂੰ ਇਹ ਗੱਲ ਪਤਾ ਨਹੀਂ ਲੱਗਣ ਦਿੱਤੀ। ਮੈਂ ਅਜੇ ਹੋਰ ਪ੍ਰਮਾਣ ਚਾਹੁੰਦਾ ਸੀ। ਮੈਂ ਵੀ ਉਨ੍ਹਾਂ ਦੇ ਬਾਰੇ ਕੁੱਝ ਜਾਣਕਾਰੀ ਇਕੱਠੀ ਕਰ ਰੱਖੀ ਸੀ। ਮੈਨੂੰ ਪਤਾ ਸੀ ਕਿ ਇਨ੍ਹਾਂ ਦੋਨਾਂ ਦੀ ਸ਼ਾਦੀ ਪਿਛਲੇ ਸਾਲ ਜੁਲਾਈ ਵਿੱਚ ਹੋਈ ਸੀ ਅਤੇ ਕਿ ਮੇਰੀ ਮਾਂ ਤਿੰਨ ਸਾਲ ਪਹਿਲਾਂ ਵਿਧਵਾ ਹੋਈ ਸੀ। ਕੁੱਝ ਲੋਕਾਂ ਦੇ ਮੁਤਾਬਕ ਇਨ੍ਹਾਂ ਦੋਨਾਂ ਦਾ ਇਸ਼ਕ ਮੇਰੀ ਮਾਂ ਦੇ ਪਹਿਲੇ ਪਤੀ ਦੀ ਜ਼ਿੰਦਗੀ ਦੌਰਾਨ ਹੀ ਸੀ, ਪਰ ਇਸ ਗੱਲ ਦਾ ਕਦੇ ਕੋਈ ਪ੍ਰਮਾਣ ਨਹੀਂ ਮਿਲ ਸਕਿਆ ਸੀ। ਇੱਕੋ ਪ੍ਰਮਾਣ ਮੈਂ ਸੀ, ਉਹ ਪ੍ਰਮਾਣ ਜਿਸਨੂੰ ਪਹਿਲਾਂ ਛਿਪਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਬਾਅਦ ਵਿੱਚ ਨਸ਼ਟ ਕਰਨ ਦੀ।

“ਮੈਂ ਉਨ੍ਹਾਂ ਵਲੋਂ ਕਿਸੇ ਸੰਕੇਤ ਦੀ ਉਡੀਕ ਕਰਦਾ ਰਿਹਾ। ਇੱਕ ਸ਼ਾਮ ਉਹ ਆਮ ਵਾਂਗ ਮੇਰੇ ਬਾਪ ਦੇ ਨਾਲ ਆਈ । ਇਸ ਸ਼ਾਮ ਉਹ ਅਸਾਧਾਰਨ ਤੌਰ ਤੇ ਕੋਮਲਚਿੱਤ ਸੀ। ਸਾਰੀ ਸ਼ਾਮ ਉਸ ਦੀਆਂ ਨਿਗਾਹਾਂ ਮੇਰਾ ਚਿਹਰਾ ਫਰੋਲਦੀਆਂ ਰਹੀਆਂ ਜਿਵੇਂ ਕੁੱਝ ਤਲਾਸ਼ ਕਰ ਰਹੀਆਂ ਹੋਣ। ਫਿਰ ਜਾਣ ਤੋਂ ਪਹਿਲਾਂ ਉਹ ਰੁਕੀ ਅਤੇ ਮੈਨੂੰ ਕਹਿਣ ਲੱਗੀ, ‘ਵੇਖ, ਤੂੰ ਇੱਕ ਈਮਾਨਦਾਰ ਅਤੇ ਮਿਹਨਤੀ ਨੌਜਵਾਨ ਹੈਂ। ਇਸ ਲਈ ਮੈਂ ਤੇਰਾ ਭਲਾ ਚਾਹੁੰਦੀ ਹਾਂ। ਯਕੀਨਨ ਕਦੇ ਨਾ ਕਦੇ ਤੂੰ ਵਿਆਹ ਕਰਾਉਣ ਦਾ ਫੈਸਲਾ ਕਰੇਂਗਾ। ਮੈਂ ਤੇਰੀ ਮਦਦ ਕਰਨਾ ਚਾਹੁੰਦੀ ਹਾਂ ਕਿ ਤੂੰ ਅਜ਼ਾਦੀ ਨਾਲ ਆਪਣੀ ਪਸੰਦ ਦੀ ਕੁੜੀ ਨੂੰ ਆਪਣਾ ਸਕੇਂ। ਮੇਰੀ ਆਪਣੀ ਪਹਿਲੀ ਸ਼ਾਦੀ ਮੇਰੀ ਮਰਜ਼ੀ ਦੇ ਖਿਲਾਫ ਹੋਈ ਸੀ, ਇਸ ਲਈ ਮੈਨੂੰ ਪਤਾ ਹੈ ਕਿ ਇਹ ਕਿੰਨਾ ਵੱਡਾ ਦੁੱਖੜਾ ਹੁੰਦਾ ਹੈ। ਪਰ ਹੁਣ ਮੈਂ ਆਜ਼ਾਦ ਹਾਂ, ਦੌਲਤਮੰਦ, ਬੇਔਲਾਦ, ਆਪਣੀ ਮਰਜ਼ੀ ਦੀ ਮਾਲਿਕ। ਇਹ ਲੈ, ਇਸ ਨਾਲ ਆਪਣੀ ਸ਼ਾਦੀ ਦਾ ਪ੍ਰਬੰਧ ਕਰ ਲੈਣਾ।’

“ਉਸਨੇ ਮੇਰੇ ਹੱਥ ਵਿੱਚ ਇੱਕ ਲਿਫਾਫਾ ਥਮਾ ਦਿੱਤਾ।

“ਮੈਂ ਕੁਝ ਪਲ ਉਸ ਨੂੰ ਤਕਦਾ ਰਿਹਾ ਫਿਰ ਵਿੱਚ ਬੋਲਿਆ, “ਤੂੰ ਮੇਰੀ ਮਾਂ ਹੈਂ?”

ਉਹ ਇਵੇਂ ਲੜਖੜਾਈ ਜਿਵੇਂ ਕਿਸੇ ਨੇ ਉਸ ਨੂੰ ਧੱਕਾ ਦਿੱਤਾ ਹੋਵੇ ਅਤੇ ਆਪਣਾ ਮੂੰਹ ਮੋੜ ਲਿਆ ਕਿ ਮੈਂ ਉਸ ਨੂੰ ਵਿਖਾਈ ਨਾ ਦੇਵਾਂ। ਉਸ ਦੇ ਪਤੀ ਨੇ, ਮੇਰੇ ਬਾਪ ਨੇ, ਉਸ ਨੂੰ ਮੋਢਿਆਂ ਤੋਂ ਸੰਭਾਲਿਆ ਅਤੇ ਚੀਖ਼ ਕੇ ਬੋਲਿਆ, ‘ਤੂੰ ਪਾਗਲ ਹੈਂ ਕੀ?’

“ਮੈਂ ਜਵਾਬ ਦਿੱਤਾ, ‘ਬਿਲਕੁਲ ਨਹੀਂ। ਮੈਨੂੰ ਪਤਾ ਹੈ ਕਿ ਤੁਸੀ ਹੀ ਮੇਰੇ ਮਾਂ ਬਾਪ ਹੋ। ਮੈਂ ਧੋਖਾ ਨਹੀਂ ਖਾ ਸਕਦਾ। ਅੱਜ ਇਹ ਮੰਨ ਲਓ, ਤਾਂ ਮੈਂ ਇਸ ਗੱਲ ਨੂੰ ਹਮੇਸ਼ਾ ਆਪਣੇ ਸੀਨੇ ਵਿੱਚ ਲੁਕੋ ਕੇ ਰਖਾਂਗਾ। ਮੈਨੂੰ ਤੁਹਾਡੇ ਨਾਲ ਕੋਈ ਸ਼ਿਕਵਾ ਨਹੀਂ ਰਹੇਗਾ। ਮੈਂ ਜੋ ਹਾਂ ਉਹੀ ਰਹਾਗਾਂ, ਇੱਕ ਤਰਖਾਣ!

“ਮੇਰਾ ਬਾਪ ਉਵੇਂ ਹੀ ਮੇਰੀ ਮਾਂ ਨੂੰ ਮੋਢਿਆਂ ਨਾਲ ਸਹਾਰਾ ਦੇਈਂ ਬੂਹੇ ਵੱਲ ਵਧਣ ਲਗਾ। ਮੇਰੀ ਮਾਂ ਹੁਣ ਹਿਚਕੀਆਂ ਲੈ ਕੇ ਰੋਣ ਲੱਗੀ ਸੀ। ਮੈਂ ਝੱਪਟ ਕੇ ਬੂਹਾ ਭੇੜ ਕੇ ਜੰਦਰਾ ਲਾ ਦਿੱਤਾ ਅਤੇ ਤਾਲੇ ਦੀ ਕੁੰਜੀ ਆਪਣੀ ਜੇਬ ਵਿੱਚ ਪਾ ਲਈ। ਫਿਰ ਮੈਂ ਆਪਣੀ ਮਾਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ: ‘ਇਸ ਨੂੰ ਇੱਕ ਨਜ਼ਰ ਦੇਖੋ ਅਤੇ ਫਿਰ ਕਹੋ ਕਿ ਇਹ ਮੇਰੀ ਮਾਂ ਨਹੀਂ ਹੈ।’

“ਇਹ ਸੁਣ ਕੇ ਉਸ ਦਾ ਚਿਹਰਾ ਜ਼ਰਦ ਪੈ ਗਿਆ ਅਤੇ ਉਹ ਆਪੇ ਤੋਂ ਬਾਹਰ ਹੋ ਗਿਆ। ਸ਼ਾਇਦ ਉਹ ਇਹ ਸੋਚ ਕੇ ਡਰ ਗਿਆ ਸੀ ਕਿ ਜਿਸ ਭੇਤ ਨੂੰ ਅੱਜ ਤੱਕ ਛੁਪਾ ਕੇ ਰੱਖਿਆ ਗਿਆ ਸੀ ਉਹ ਅਚਾਨਕ ਖੁੱਲ੍ਹ ਕੇ ਸਾਰੇ ਜਹਾਨ ਦੇ ਸਾਹਮਣੇ ਆ ਜਾਵੇਗਾ। ਅਤੇ ਇੱਕ ਹੀ ਪਲ ਵਿੱਚ ਉਨ੍ਹਾਂ ਦਾ ਨਾਮ, ਰੁਤਬਾ, ਇੱਜ਼ਤ ਸਭ ਖ਼ਾਕ ਵਿੱਚ ਮਿਲ ਜਾਵੇਗਾ। ਫਿਰ ਉਹ ਥਥਲਾ ਕੇ ਕਹਿਣ ਲਗਾ , ‘ਤੂੰ ….ਤੂੰ ... ਬਦਮਾਸ਼ ਹੈਂ ! ਤੂੰ ਸਾਡੇ ਤੋਂ ਦੌਲਤ ਹਥਿਆਉਣਾ ਚਾਹੁੰਦਾ ਹੈਂ। ਲਓ ਮਦਦ ਕਰ ਲਓ ਇਨ੍ਹਾਂ ਨੀਚ ਲੋਕਾਂ ਦੀ! ਤੇ ਦੇਖੋ ਸੁਆਦ!!

“ਇਸ ਦੌਰਾਨ ਮੇਰੀ ਮਾਂ ਬਦਹਵਾਸੀ ਵਿੱਚ ਇੱਕ ਹੀ ਵਾਕ ਦੋਹਰਾਈ ਜਾਂਦੀ ਸੀ, ‘ਚਲੋ ਇੱਥੋਂ! ਚਲੋ ਚਲੋ ਇੱਥੋਂ !’

“ਮੇਰੇ ਬਾਪ ਨੇ ਜਦੋਂ ਬੂਹੇ ਨੂੰ ਜੰਦਰਾ ਲੱਗਾ ਦੇਖਿਆ ਤਾਂ ਮੁੜ ਕੇ ਬੋਲਿਆ, ‘ਜੇਕਰ ਤੂੰ ਇਸੇ ਵਕਤ ਬੂਹਾ ਨਾ ਖੋਲ੍ਹਿਆ ਤਾਂ ਮੈਂ ਤੈਨੂੰ ਧੋਖਾਧੜੀ ਅਤੇ ਬਲੈਕਮੇਲ ਦੇ ਇਲਜ਼ਾਮ ਵਿੱਚ ਜੇਲ੍ਹ ਭਿਜਵਾ ਦੇਵਾਂਗਾ। ਮੈਂ ਆਰਾਮ ਨਾਲ ਅੱਗੇ ਹੋ ਕੇ ਬੂਹਾ ਖੋਲ੍ਹ ਦਿੱਤਾ ਅਤੇ ਉਨ੍ਹਾਂ ਨੂੰ ਢਲਦੀ ਹੋਈ ਸ਼ਾਮ ਦੇ ਘੁਸਮੁਸੇ ਵਿੱਚ ਭੱਜੇ ਜਾਂਦੇ ਵੇਖਦਾ ਰਿਹਾ।

“ਮੈਨੂੰ ਅਚਾਨਕ ਅਹਿਸਾਸ ਹੋਇਆ ਕਿ ਮੈਂ ਅੱਜ ਇੱਕ ਵਾਰ ਫਿਰ ਯਤੀਮ ਹੋ ਗਿਆ ਹਾਂ, ਇੱਕ ਵਾਰ ਫਿਰ ਮੈਨੂੰ ਲਾਵਾਰਸ ਬਣਾ ਦਿੱਤਾ ਗਿਆ ਹੈ ਅਤੇ ਇੱਕ ਵਾਰ ਫਿਰ ਮੈਨੂੰ ਇਕੱਲਾ ਛੱਡ ਦਿੱਤਾ ਗਿਆ ਹੈ। ਅਸਹਿ ਦੁੱਖ, ਗੁੱਸੇ ਅਤੇ ਕਰਹਿਤ ਦੇ ਅਹਿਸਾਸ ਨੇ ਚਾਰੇ ਪਾਸਿਉਂ ਮੈਨੂੰ ਨਪੀੜਨਾ ਸ਼ੁਰੂ ਕਰ ਦਿੱਤਾ। ਮੈਨੂੰ ਆਪਣੇ ਸਾਰੇ ਸਰੀਰ ਵਿੱਚੋਂ ਇਸ ਜੁਲਮ ਦੇ ਖਿਲਾਫ ਬਗਾਵਤ ਦੀਆਂ ਟੀਸਾਂ ਉੱਠਦੀਆਂ ਮਹਿਸੂਸ ਹੋਈਆਂ, ਇਸ ਜੁਲਮ, ਕਮੀਨਗੀ, ਜ਼ਿੱਲਤ ਦੇ ਅਤੇ ਆਪਣੀ ਮੁਹੱਬਤ ਨੂੰ ਧੁਤਕਾਰ ਦਿੱਤੇ ਜਾਣ ਦੇ ਖਿਲਾਫ ! ਮੈਂ ਉਨ੍ਹਾਂ ਦੀ ਡਾਹ ਲੈਣ ਲਈ ਉਨ੍ਹਾਂ ਦੇ ਮਗਰ ਭੱਜ ਉੱਠਿਆ। ਮੈਨੂੰ ਪਤਾ ਸੀ ਕਿ ਸ਼ਤੋਂ ਦੇ ਰੇਲਵੇ ਸਟੇਸ਼ਨ ਨੂੰ ਜਾਣ ਲਈ ਉਹ ਸੇਨ ਦਰਿਆ ਦੇ ਨਾਲ ਨਾਲ ਜਾਣ ਵਾਲੇ ਰਸਤੇ ਜਾ ਰਹੇ ਹੋਣਗੇ। ਛੇਤੀ ਹੀ ਮੈਂ ਉਨ੍ਹਾਂ ਨੂੰ ਜਾ ਮਿਲਿਆ। ਹੁਣ ਹਨੇਰਾ ਪੂਰੀ ਤਰ੍ਹਾਂ ਛਾ ਚੁੱਕਿਆ ਸੀ। ਮੈਂ ਚੁੱਪ ਚਾਪ ਉਨ੍ਹਾਂ ਦੇ ਪਿੱਛੇ ਤੁਰਨ ਲੱਗਿਆ ਕਿ ਉਹ ਮੇਰੇ ਕਦਮਾਂ ਦੀ ਆਹਟ ਨਾ ਸੁਣ ਲੈਣ। ਮੇਰੀ ਮਾਂ ਅਜੇ ਤੱਕ ਹਿਚਕੀਂ ਰੋ ਰਹੀ ਸੀ। ਮੈਨੂੰ ਆਪਣੇ ਬਾਪ ਦੀ ਆਵਾਜ਼ ਸੁਣੀ, ‘ਇਹ ਸਭ ਤੇਰੀ ਗ਼ਲਤੀ ਹੈ। ਤੂੰ ਉਸ ਨੂੰ ਮਿਲਣਾ ਹੀ ਕਿਉਂ ਚਾਹੁੰਦੀ ਸੀ? ਸਾਡੇ ਮੌਜੂਦਾ ਹਾਲਾਤ ਵਿੱਚ ਤਾਂ ਇਹ ਬਹੁਤ ਮੂਰਖਾਂ ਵਾਲੀ ਗੱਲ ਸੀ। ਅਸੀਂ ਦੂਰ ਰਹਿੰਦੇ ਹੋਏ ਵੀ ਉਸ ਦੀ ਮਦਦ ਕਰ ਸਕਦੇ ਸਾਂ; ਸਾਹਮਣੇ ਆਏ ਬਿਨਾਂ। ਜਦੋਂ ਅਸੀਂ ਇਸ ਨੂੰ ਕਦੇ ਆਪਣਾ ਪੁੱਤਰ ਮੰਨ ਹੀ ਨਹੀਂ ਸਕਦੇ ਤਾਂ ਫਿਰ ਐਵੇਂ ਇਨ੍ਹਾਂ ਖਤਰਿਆਂ ਭਰੀਆਂ ਮਿਲਣੀਆਂ ਦਾ ਫਾਇਦਾ?’

“ਮੈਂ ਛਾਲ ਮਾਰ ਕੇ ਉਨ੍ਹਾਂ ਦੇ ਮੂਹਰੇ ਜਾ ਖੜਾ ਹੋਇਆ ਅਤੇ ਉਨ੍ਹਾਂ ਨੂੰ ਗਿੜਗੜਾ ਕੇ ਕਿਹਾ, ‘ਵੇਖਿਆ, ਤੁਸੀਂ ਹੀ ਮੇਰੇ ਮਾਂ ਬਾਪ ਹੋ। ਤੁਸੀਂ ਇੱਕ ਵਾਰ ਤਾਂ ਮੈਨੂੰ ਛੱਡ ਚੁੱਕੇ ਹੋ। ਕੀ ਹੁਣ ਦੂਜੀ ਵਾਰ ਫਿਰ ਮੈਨੂੰ ਠੁਕਰਾ ਦੇਵੋਗੇ?’

“ਫਿਰ ਜਨਾਬੇ ਆਲਾ, ਮੇਰੇ ਬਾਪ ਨੇ ਮੇਰੇ ਉੱਤੇ ਹੱਥ ਚੁੱਕਿਆ। ਮੈਂ ਸਹੁੰ ਖਾ ਕੇ ਕਹਿੰਦਾ ਹਾਂ, ਆਪਣੀ ਇੱਜ਼ਤ ਦੀ, ਕਨੂੰਨ ਅਤੇ ਅਦਾਲਤ ਦੇ ਸਾਹਮਣੇ ਮੈਂ ਸਹੁੰ ਖਾਂਦਾ ਹਾਂ ਕਿ ਉਸਨੇ ਮੇਰੇ ਉੱਤੇ ਹੱਥ ਚੁੱਕਿਆ। ਜਦੋਂ ਮੈਂ ਉਸ ਦੇ ਕੋਟ ਦੇ ਕਾਲਰ ਨੂੰ ਫੜ ਲਿਆ ਤਾਂ ਉਸਨੇ ਆਪਣੀ ਜੇਬ ਵਿੱਚੋਂ ਰੀਵੋਲਵਰ ਕੱਢ ਲਿਆ।

“ਮੇਰੀਆਂ ਅੱਖਾਂ ਵਿੱਚ ਖ਼ੂਨ ਉੱਤਰ ਆਇਆ। ਫਿਰ ਮੈਨੂੰ ਕੋਈ ਸੁਰਤ ਨਹੀਂ ਮੈਂ ਕੀ ਕੀਤਾ। ਮੇਰੀ ਜੇਬ ਵਿੱਚ ਪਰਕਾਰ ਸੀ। ਮੈਂ ਇਹਦੇ ਨਾਲ ਉਸ ਉੱਤੇ ਵਾਰ ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਮੇਰੀ ਮਾਂ ਨੇ ਚੀਖ਼ ਚਿਹਾੜਾ ਸ਼ੁਰੂ ਕਰ ਦਿੱਤਾ, ਬਚਾਓ! ਓ ਕਾਤਲ ! ਅਤੇ ਮੇਰੇ ਵਾਲ ਪੁੱਟਣਾ ਸ਼ੁਰੂ ਕਰ ਦਿੱਤਾ। ਤਾਂ ਸ਼ਾਇਦ ਮੈਂ ਉਸ ਨੂੰ ਵੀ ਮਾਰ ਦਿੱਤਾ। ਮੈਨੂੰ ਕੁੱਝ ਪਤਾ ਨਹੀਂ ਕਿ ਮੈਂ ਉਸ ਵਕਤ ਕੀ ਕੀਤਾ ਸੀ ?

“ਬਾਅਦ ਵਿੱਚ ਜਦੋਂ ਮੈਂ ਇਨ੍ਹਾਂ ਦੋਨਾਂ ਨੂੰ ਉੱਥੇ ਪਏ ਵੇਖਿਆ ਤਾਂ ਸੋਚੇ ਸਮਝੇ ਬਿਨਾਂ ਉਨ੍ਹਾਂ ਨੂੰ ਦਰਿਆ ਵਿੱਚ ਸੁੱਟ ਦਿੱਤਾ।

“ਬਸ। ਹੁਣ ਆਪਣਾ ਫੈਸਲਾ ਸੁਣਾਓ!”

ਕੈਦੀ ਬੈਠ ਗਿਆ। ਇਸ ਰਹੱਸ ਉਦਘਾਟਨ ਦੇ ਬਾਅਦ ਅਦਾਲਤ ਨੇ ਅਗਲੀ ਪੇਸ਼ੀ ਪਾ ਦਿੱਤੀ, ਜੋ ਹੁਣ ਆਉਣ ਵਾਲੀ ਹੀ ਹੈ। ਜੇਕਰ ਆਪਾਂ ਜਿਊਰੀ ਦੇ ਮੈਂਬਰ ਹੁੰਦੇ ਤਾਂ ਇਸ ਮਾਪਿਆਂ ਦੇ ਘਾਤ ਦੇ ਅਪਰਾਧ ਦਾ ਕੀ ਫੈਸਲਾ ਕਰਦੇ।

ਅਨੁਵਾਦ: ਚਰਨ ਗਿੱਲ