ਅਨੁਵਾਦ:ਕਥਾ-ਵਾਚਕ

ਵਿਕੀਸਰੋਤ ਤੋਂ
ਕਥਾ-ਵਾਚਕ
ਸਾਕੀ, ਅਨੁਵਾਦਕ ਚਰਨ ਗਿੱਲ

ਦਿਨ ਦਾ ਤਪ ਰਿਹਾ ਤੀਜਾ ਪਹਿਰ ਸੀ। ਰੇਲ ਦਾ ਡਿੱਬਾ ਉਸੇ ਹਿਸਾਬ ਨਾਲ ਤਪਿਆ ਸੀ। ਅਗਲਾ ਸਟਾਪ ਟੈਂਪਲਕੌਂਬ ਤਕਰੀਬਨ ਇੱਕ ਘੰਟੇ ਦੀ ਦੂਰੀ ਉੱਤੇ ਸੀ। ਮੁਸਾਫ਼ਰਾਂ ਵਿੱਚ ਇੱਕ ਛੋਟੀ ਕੁੜੀ ਸੀ, ਇੱਕ ਉਸ ਤੋਂ ਵੀ ਛੋਟੀ ਸੀ ਅਤੇ ਇੱਕ ਛੋਟਾ ਮੁੰਡਾ ਸੀ। ਬੱਚਿਆਂ ਦੀ ਮਾਸੀ ਇੱਕ ਖੂੰਜੇ ਵਾਲੀ ਸੀਟ ਉੱਤੇ ਬਿਰਾਜਮਾਨ ਸੀ। ਉਸ ਦੇ ਸਾਹਮਣੇ ਦੂਜੀ ਖੂੰਜੇ ਵਾਲੀ ਸੀਟ ਉੱਤੇ ਇੱਕ ਅਜਨਬੀ ਕੁਆਰਾ ਬੈਠਾ ਸੀ। ਲੇਕਿਨ ਛੋਟੀ ਕੁੜੀ ਅਤੇ ਮੁੰਡੇ ਨੇ ਪੂਰੇ ਡਿੱਬੇ ਉੱਤੇ ਕਬਜਾ ਜਮਾ ਰੱਖਿਆ ਸੀ।

ਬੱਚੇ ਅਤੇ ਮਾਸੀ ਸਭ ਗੱਲਾਂ ਵਿੱਚ ਮਗਨ ਸਨ। ਉਨ੍ਹਾਂ ਨੂੰ ਵੇਖ ਕੇ ਘਰੇਲੂ ਮੱਖੀ ਯਾਦ ਆਉਂਦੀ ਸੀ, ਜੋ ਕਦੇ ਵੀ ਹਾਰਨ ਉੱਤੇ ਤਿਆਰ ਨਹੀਂ ਹੁੰਦੀ ਸੀ। ਮਾਸੀ ਦੇ ਜ਼ਿਆਦਾਤਰ ਫ਼ਿਕਰੇ ਨਾਂਹ ਤੋਂ ਅਤੇ ਬੱਚਿਆਂ ਦੇ ਫ਼ਿਕਰੇ ਕਿਉਂ ਤੋਂ ਸ਼ੁਰੂ ਹੁੰਦੇ ਸਨ। ਕੁਆਰਾ ਕੁੱਝ ਵੀ ਉੱਚੀ ਅਵਾਜ਼ ਵਿੱਚ ਨਹੀਂ ਬੋਲ ਰਿਹਾ ਸੀ।

"ਨਹੀਂ ਸਿਰਲ ਨਹੀਂ," ਜਦੋਂ ਛੋਟੇ ਮੁੰਡੇ ਨੇ ਸੀਟ ਦੇ ਗੱਡੀਆਂ `ਤੇ ਮੁੱਕੇਬਾਜ਼ੀ ਸ਼ੁਰੂ ਕੀਤੀ ਅਤੇ ਹਰ ਮੁੱਕੇ ਦੇ ਬਾਅਦ ਗਰਦ ਦੀ ਬੱਦਲੀ ਉੱਠਣੀ ਸ਼ੁਰੂ ਹੋਈ ਤਾਂ ਮਾਸੀ ਨੇ ਤਾੜਨਾ ਕੀਤੀ।

ਮਾਸੀ ਨੇ ਮੁੰਡੇ ਨੂੰ ਖਿੜਕੀ ਦੇ ਕੋਲ ਆਉਣ ਅਤੇ ਬਾਹਰ ਦੇਖਣ ਦਾ ਮਸ਼ਵਰਾ ਦਿੱਤਾ। ਮੁੰਡਾ ਨਾ ਚਾਹੁੰਦੇ ਹੋਏ ਖਿੜਕੀ ਦੇ ਕੋਲ ਗਿਆ ਅਤੇ ਪੁੱਛਿਆ, "ਭੇਡਾਂ ਨੂੰ ਮੈਦਾਨ ਤੋਂ ਬਾਹਰ ਕਿਉਂ ਕੱਢਿਆ ਜਾ ਰਿਹਾ ਹੈ?"

"ਮੇਰੇ ਖਿਆਲ ਵਿੱਚ ਉਨ੍ਹਾਂ ਨੂੰ ਇੱਥੋਂ ਕੱਢ ਕੇ ਦੂਜੇ ਮੈਦਾਨ ਵਿੱਚ ਇਸ ਲਈ ਭੇਜਿਆ ਜਾ ਰਿਹਾ ਹੈ ਕਿ ਉੱਥੇ ਉਨ੍ਹਾਂ ਦੇ ਖਾਣ ਲਈ ਜ਼ਿਆਦਾ ਘਾਹ ਹੈ।" ਮਾਸੀ ਨੇ ਜਵਾਬ ਦਿੱਤਾ।

"ਪਰ ਇਸ ਮੈਦਾਨ ਵਿੱਚ ਅਜੇ ਬਹੁਤ ਸਾਰਾ ਘਾਹ ਹੈ। ਔਹ ਘਾਹ ਹੀ ਘਾਹ ਹੈ ਹੋਰ ਤਾਂ ਕੁੱਝ ਵੀ ਨਹੀਂ," ਮੁੰਡੇ ਨੇ ਬਿਗੜ ਕੇ ਕਿਹਾ।

"ਸ਼ਾਇਦ ਦੂਜੇ ਮੈਦਾਨ ਦਾ ਘਾਹ ਜ਼ਿਆਦਾ ਚੰਗਾ ਹੈ," ਮਾਸੀ ਨੇ ਚੱਲਵਾਂ ਜਿਹਾ ਜਵਾਬ ਦਿੱਤਾ।

"ਉਹ ਕਿਉਂ ਜ਼ਿਆਦਾ ਚੰਗਾ ਹੈ?" ਤੇਜ਼ੀ ਨਾਲ ਸਵਾਲ ਆਇਆ।

"ਅੱਛਾ, ਉਨ੍ਹਾਂ ਗਊਆਂ ਨੂੰ ਵੇਖ," ਮਾਸੀ ਨੇ ਬੱਚੇ ਦਾ ਧਿਆਨ ਹਟਾਇਆ।

ਰੇਲ ਦੀ ਲੀਹ ਦੇ ਨਾਲ ਤਕਰੀਬਨ ਹਰ ਮੈਦਾਨ ਵਿੱਚ ਗਊਆਂ ਅਤੇ ਬੈਲ ਸਨ। ਪਰ ਮਾਸੀ ਨੇ ਗਊਆਂ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਜਿਵੇਂ ਬੜੀ ਦੁਰਲਭ ਚੀਜ਼ ਹੋਵੇ।"

"ਦੂਜੇ ਮੈਦਾਨ ਵਿੱਚ ਘਾਹ ਕਿਉਂ ਬਿਹਤਰ ਹੈ," ਮੁੰਡਾ ਆਪਣੇ ਸਵਾਲ ਉੱਤੇ ਡਟਿਆ ਰਿਹਾ।

ਕੁਆਰੇ ਦੇ ਚਿਹਰੇ `ਤੇ ਖਿਝ ਦੀਆਂ ਲੀਕਾਂ ਹੋਰ ਗਹਿਰੀਆਂ ਅਤੇ ਖ਼ੌਫ਼ਨਾਕ ਹੋ ਗਈਆਂ। ਉਹ ਇੱਕ ਸਖ਼ਤ ਬੇਰਹਿਮ ਜਿਹਾ ਮਰਦ ਸੀ, ਮਾਸੀ ਦੇ ਦਿਮਾਗ਼ ਨੇ ਨਿਰਣਾ ਕੀਤਾ। ਉਹ ਬੱਚੇ ਨੂੰ ਦੂਜੇ ਮੈਦਾਨ ਦੀ ਘਾਹ ਜ਼ਿਆਦਾ ਬਿਹਤਰ ਹੋਣ ਦੀ ਕੋਈ ਤਸੱਲੀਬਖ਼ਸ਼ ਵਜ੍ਹਾ ਨਹੀਂ ਦੱਸ ਸਕਦੀ ਸੀ।

ਇਤਨੇ ਨੂੰ ਛੋਟੀ ਕੁੜੀ ਦੇ ਗੁਣਗੁਣਾਉਣ ਨੇ ਸਭ ਦਾ ਧਿਆਨ ਆਪਣੀ ਵੱਲ ਖਿੱਚ ਲਿਆ। "ਔਨ ਦ ਰੋਡ ਟੂ ਮਾਂਡਾਲੇ" ਉਸਨੂੰ ਸਿਰਫ ਪਹਿਲੀ ਸਤਰ ਯਾਦ ਸੀ। ਪਰ ਉਸਨੇ ਉਸੇ ਨੂੰ ਖ਼ੂਬ ਚੰਗੀ ਤਰ੍ਹਾਂ ਇਸਤੇਮਾਲ ਕੀਤਾ। ਉਸਨੇ ਇਸ ਇੱਕੋ ਸਤਰ ਨੂੰ ਵਾਰ ਵਾਰ ਸੁਪਨਮਈ ਲਹਿਜੇ ਵਿੱਚ, ਪਰ ਸੁਣਾਈ ਦੇਣ ਵਾਲੀ ਅਵਾਜ਼ ਵਿੱਚ ਦੁਹਰਾਇਆ। ਕੁਆਰੇ ਨੂੰ ਇਵੇਂ ਮਹਿਸੂਸ ਹੋਇਆ, ਜਿਵੇਂ ਕਿਸੇ ਨੇ ਕੁੜੀ ਨਾਲ ਸ਼ਰਤ ਬੰਨ੍ਹੀ ਹੋਵੇ ਕਿ ਉਹ ਇਸ ਸਤਰ ਨੂੰ ਉੱਚੀ ਅਵਾਜ਼ ਵਿੱਚ ਬਿਨਾਂ ਰੁਕੇ ਦੋ ਹਜ਼ਾਰ ਵਾਰ ਨਹੀਂ ਦੋਹਰਾ ਸਕਦੀ। ਸ਼ਰਤ ਲਗਾਉਣ ਵਾਲਾ ਚਾਹੇ ਕੋਈ ਵੀ ਹੁੰਦਾ ਉਸ ਦਾ ਹਾਰਨਾ ਯਕੀਨੀ ਸੀ।

ਜਦੋਂ ਕੁਆਰੇ ਮਰਦ ਨੇ ਦੋ ਵਾਰ ਮਾਸੀ ਅਤੇ ਇੱਕ ਵਾਰ ਗੱਡੀ ਰੁਕਵਾਉਣ ਵਾਲੀ ਜ਼ੰਜੀਰ ਦੇ ਵੱਲ ਵੇਖਿਆ ਤਾਂ ਮਾਸੀ ਨੇ ਬੱਚਿਆਂ ਨੂੰ ਕਿਹਾ, "ਇਧਰ ਆਓ, ਕਹਾਣੀ ਸੁਣੋ।" ਬੱਚੇ ਬੇਦਿਲੀ ਨਾਲ ਮਾਸੀ ਦੇ ਕੋਲ ਪੁੱਜੇ, ਜਿਸ ਤੋਂ ਲੱਗ ਰਿਹਾ ਸੀ ਕਿ ਬੱਚਿਆਂ ਦੀਆਂ ਨਜ਼ਰਾਂ ਵਿੱਚ ਉਹ ਕੋਈ ਚੰਗੀ ਕਥਾ- ਵਾਚਕ ਨਹੀਂ ਸੀ।

ਆਹਿਸਤਾ ਪਰ ਰਾਜ਼ਦਾਰਾਨਾ ਅਵਾਜ਼ ਵਿੱਚ ਮਾਸੀ ਨੇ ਕਹਾਣੀ ਸ਼ੁਰੂ ਕੀਤੀ। ਥੋੜੇ ਥੋੜੇ ਵਕਫ਼ੇ ਬਾਅਦ ਬੁਲੰਦ ਅਵਾਜ਼ ਵਿੱਚ ਸਰੋਤਿਆਂ ਦੇ ਤਿੱਖੇ `ਤੇ ਢੀਠ ਸਵਾਲ ਕਹਾਣੀ ਵਿੱਚ ਵਿਘਨ ਪਾਉਂਦੇ ਰਹੇ। ਮਾਸੀ ਨੇ ਬੇਦਿਲੀ ਅਤੇ ਨਾਪਸੰਦੀਦਗੀ ਨਾਲ ਗ਼ੈਰ ਦਿਲਚਸਪ ਕਹਾਣੀ ਜਾਰੀ ਰੱਖੀ। ਕਹਾਣੀ ਇੱਕ ਬੱਚੀ ਸੰਬੰਧੀ ਸੀ ਜੋ ਬਹੁਤ ਚੰਗੀ ਸੀ। ਆਪਣੀ ਚੰਗਿਆਈ ਦੀ ਵਜ੍ਹਾ ਨਾਲ ਉਹ ਬਹੁਤ ਛੇਤੀ ਹਰ ਇੱਕ ਦੀ ਦੋਸਤ ਬਣ ਜਾਂਦੀ ਸੀ। ਆਖ਼ਰ ਵਿੱਚ ਉਸ ਦੇ ਨੈਤਿਕ ਚਾਲਚਲਣ ਦੇ ਪ੍ਰਸ਼ੰਸਕ ਬਹੁਤ ਸਾਰੇ ਲੋਕ ਉਸਨੂੰ ਇੱਕ ਪਾਗਲ ਬੈਲ ਦੇ ਹਮਲੇ ਤੋਂ ਵਕਤ ਸਿਰ ਬਚਾ ਲੈਂਦੇ ਹਨ।

ਛੋਟੀਆਂ ਕੁੜੀਆਂ ਵਿੱਚੋਂ ਵੱਡੀ ਨੇ ਪੁੱਛਿਆ, "ਜੇਕਰ ਉਹ ਚੰਗੀ ਨਾ ਹੁੰਦੀ ਤਾਂ ਕੀ ਉਹ ਉਸਨੂੰ ਨਾ ਬਚਾਂਦੇ?" ਬਿਲਕੁੱਲ ਇਹੀ ਸਵਾਲ ਉਹ ਗ਼ੈਰ ਸ਼ਾਦੀਸ਼ੁਦਾ ਮਰਦ ਵੀ ਪੁੱਛਣਾ ਚਾਹੁੰਦਾ ਸੀ।

"ਕਿਉਂ ਨਹੀਂ......। ਜਰੂਰ.. ਲੇਕਿਨ ਮੇਰੇ ਖਿਆਲ ਵਿੱਚ ਜੇਕਰ ਉਹ ਚੰਗੀ ਨਾ ਹੁੰਦੀ ਤਾਂ ਕੋਈ ਵੀ ਇੰਨੀ ਤੇਜ਼ੀ ਨਾਲ ਉਸ ਦੀ ਮਦਦ ਲਈ ਨਾ ਭੱਜਦੇ," ਮਾਸੀ ਨੇ ਗ਼ੈਰ ਤਸੱਲੀ ਬਖ਼ਸ਼ ਜਿਹਾ ਜਵਾਬ ਦਿੱਤਾ।

"ਮੈਂ ਅੱਜ ਤੱਕ ਜਿੰਨੀਆਂ ਕਹਾਣੀਆਂ ਸੁਣੀਆਂ ਹਨ, ਉਨ੍ਹਾਂ ਵਿੱਚੋਂ ਇਹ ਸਭ ਤੋਂ ਜ਼ਿਆਦਾ ਬੇਵਕੂਫ਼ਾਨਾ ਕਹਾਣੀ ਹੈ।" ਛੋਟੀਆਂ ਕੁੜੀਆਂ ਵਿੱਚੋਂ ਵੱਡੀ ਕੁੜੀ ਨੇ ਯਕੀਨ ਭਰੇ ਲਹਿਜੇ ਵਿੱਚ ਕਿਹਾ।

"ਮੈਨੂੰ ਤਾਂ ਇੰਨੀ ਬੇਵਕੂਫ਼ਾਨਾ ਲੱਗੀ ਕਿ ਮੈਂ ਤਾਂ ਥੋੜ੍ਹੀ ਜਿਹੀ ਸੁਣਕੇ ਬਾਅਦ ਵਿੱਚ ਸੁਣੀ ਹੀ ਨਹੀਂ," ਸਿਰਲ ਬੋਲਿਆ।

ਸਭ ਤੋਂ ਛੋਟੀ ਕੁੜੀ ਨੇ ਕਹਾਣੀ ਉੱਤੇ ਕੋਈ ਟਿੱਪਣੀ ਤਾਂ ਨਹੀਂ ਕੀਤੀ, ਪਰ ਉਹ ਬਹੁਤ ਪਹਿਲਾਂ ਹੀ ਆਪਣੀ ਪਸੰਦੀਦਾ ਸਤਰ ਗੁਣਗੁਣਾਉਣੀ ਸ਼ੁਰੂ ਕਰ ਦਿੱਤੀ ਸੀ।

"ਤੁਸੀਂ ਕੋਈ ਕਾਮਯਾਬ ਕਥਾ-ਵਾਚਕ ਨਹੀਂ ਲੱਗਦੇ," ਕੁਆਰਾ ਅਚਾਨਕ ਬੋਲ ਉੱਠਿਆ।

ਮਾਸੀ ਕਠੋਰ ਲਹਿਜੇ ਨਾਲ ਬੋਲੀ, "ਬੱਚਿਆਂ ਨੂੰ ਅਜਿਹੀਆਂ ਕਹਾਣੀਆਂ ਸੁਣਾਉਣਾ ਜਿਨ੍ਹਾਂ ਨੂੰ ਉਹ ਸਮਝ ਵੀ ਲੈਣ ਅਤੇ ਪਸੰਦ ਵੀ ਕਰਨ ਬਹੁਤ ਮੁਸ਼ਕਲ ਕੰਮ ਹੁੰਦਾ ਹੈ।"

"ਮੈਂ ਨਹੀਂ ਮੰਨਦਾ," ਕੁਆਰੇ ਨੇ ਜਵਾਬ ਦਿੱਤਾ।

"ਸ਼ਾਇਦ ਤੁਸੀਂ ਇਨ੍ਹਾਂ ਨੂੰ ਕਹਾਣੀ ਸੁਣਾਉਣਾ ਚਾਹੋਗੇ," ਮਾਸੀ ਨੇ ਜਵਾਬ ਦਿੱਤਾ।

"ਸਾਨੂੰ ਕਹਾਣੀ ਸੁਣਾਓ," ਛੋਟੀ ਤੋਂ ਵੱਡੀ ਕੁੜੀ ਨੇ ਜ਼ੋਰ ਨਾਲ ਕਿਹਾ।

"ਇੱਕ ਵਾਰ ਦੀ ਗੱਲ ਹੈ," ਉਸਨੇ ਕਹਾਣੀ ਸ਼ੁਰੂ ਕੀਤੀ। "ਇੱਕ ਛੋਟੀ ਬੱਚੀ ਸੀ, ਜਿਸਦਾ ਨਾਮ ਬਰਥਾ ਸੀ। ਜੋ ਬੇਹੱਦ ਚੰਗੀ ਸੀ।"

ਬੱਚਿਆਂ ਦੀ ਪਲ-ਭਰ ਲਈ ਜਾਗੀ ਰੁਚੀ ਘੱਟ ਹੋਣ ਲੱਗੀ। ਉਨ੍ਹਾਂ ਨੂੰ ਲੱਗਿਆ ਸਾਰੀਆਂ ਕਹਾਣੀਆਂ ਇੱਕ ਹੀ ਤਰ੍ਹਾਂ ਦੀਆਂ ਹੁੰਦੀਆਂ ਹਨ, ਚਾਹੇ ਕੋਈ ਵੀ ਸੁਣਾਉਣ ਵਾਲਾ ਹੋਵੇ।

"ਉਹ ਸਭ ਕੁੱਝ ਕਰਦੀ ਜੋ ਉਸਨੂੰ ਕਰਨ ਲਈ ਕਿਹਾ ਜਾਂਦਾ। ਉਹ ਹਮੇਸ਼ਾ ਸੱਚ ਬੋਲਦੀ। ਆਪਣੇ ਕੱਪੜੇ ਸਾਫ਼ ਰੱਖਦੀ। ਮਿਲਕ ਪੁਡਿੰਗ ਇਸ ਤਰ੍ਹਾਂ ਖਾ ਲੈਂਦੀ ਜਿਵੇਂ ਜੈਮ ਟਾਰਟ ਹੋਵੇ। ਆਪਣੇ ਸਬਕ ਚੰਗੀ ਤਰ੍ਹਾਂ ਯਾਦ ਕਰਦੀ ਅਤੇ ਆਪਣੇ ਵਰਤ ਵਰਤਾਵੇ ਵਿੱਚ ਸਲੀਕੇ ਨਾਲ ਪੇਸ਼ ਆਉਂਦੀ ਸੀ।

"ਕੀ ਉਹ ਖ਼ੂਬਸੂਰਤ ਸੀ?" ਛੋਟੀ ਤੋਂ ਵੱਡੀ ਕੁੜੀ ਨੇ ਪੁੱਛਿਆ।

"ਨਹੀਂ, ਉਹ ਤੁਹਾਡੇ ਵਿੱਚੋਂ ਕਿਸੇ ਜਿੰਨੀ ਖ਼ੂਬਸੂਰਤ ਤਾਂ ਨਹੀਂ ਸੀ, ਪਰ ਉਹ ਭਿਅੰਕਰ ਹੱਦ ਤੱਕ ਚੰਗੀ ਸੀ," ਕੁਆਰੇ ਨੇ ਵਜਾਹਤ ਕੀਤੀ।

ਕਹਾਣੀ ਦੇ ਹੱਕ ਵਿੱਚ ਮਾਹੌਲ ਬਣ ਗਿਆ। ਚੰਗੀ ਦੇ ਨਾਲ ਵਰਤਿਆ ‘ਭਿਅੰਕਰ ਹੱਦ ਤੱਕ’ ਵਿਸ਼ੇਸ਼ਣ ਵਾਕੰਸ਼ ਬਿਲਕੁੱਲ ਅਨੋਖਾ ਸੀ ਜੋ ਸ਼ਲਾਘਾ ਦੀ ਪਾਤਰ ਸੀ। ਜਾਪਦਾ ਸੀ ਉਸਨੇ ਸੱਚ ਦਾ ਇੱਕ ਦਾਇਰਾ ਜੋੜ ਦਿੱਤਾ ਸੀ ਜੋ ਮਾਸੀ ਦੀਆਂ ਬਾਲ ਕਹਾਣੀਆਂ ਵਿੱਚ ਨਹੀਂ ਸੀ।

ਆਦਮੀ ਨੇ ਕਹਾਣੀ ਅੱਗੇ ਤੋਰੀ, "ਉਹ ਇੰਨੀ ਚੰਗੀ ਸੀ ਕਿ ਉਸਨੇ ਚੰਗਿਆਈ ਦੇ ਬਹੁਤ ਸਾਰੇ ਤਮਗ਼ੇ ਜਿੱਤ ਲਏ ਸਨ, ਜਿਨ੍ਹਾਂ ਨੂੰ ਉਹ ਆਪਣੀ ਪੋਸ਼ਾਕ `ਤੇ ਹਮੇਸ਼ਾ ਪਹਿਨ ਕੇ ਰੱਖਦੀ। ਉਨ੍ਹਾਂ ਵਿੱਚ ਵਲੋਂ ਇੱਕ ਤਮਗ਼ਾ ਆਗਿਆਕਾਰੀ ਦਾ, ਦੂਜਾ ਸਮੇਂ ਦੀ ਪਾਬੰਦੀ ਦਾ ਅਤੇ ਤੀਜਾ ਚੰਗੇ ਵਰਤੋਂ-ਵਿਹਾਰ ਦਾ ਸੀ। ਇਹ ਸਭ ਵੱਡੇ ਵੱਡੇ ਧਾਤ ਦੇ ਤਮਗ਼ੇ ਸਨ, ਅਤੇ ਜਦੋਂ ਉਹ ਚੱਲਦੀ ਤਾਂ ਉਹ ਆਪਸ ਵਿੱਚ ਵੱਜ ਕੇ ਅਵਾਜ਼ ਪੈਦਾ ਕਰਦੇ। ਉਸ ਦੇ ਸ਼ਹਿਰ ਵਿੱਚ ਕਿਸੇ ਹੋਰ ਬੱਚੇ ਨੇ ਤਿੰਨ ਤਮਗ਼ੇ ਹਾਸਲ ਨਹੀਂ ਕੀਤੇ ਸਨ। ਸਾਰਾ ਸ਼ਹਿਰ ਜਾਣਦਾ ਸੀ ਕਿ ਉਹ ਬੇਹੱਦ ਚੰਗੀ ਬਚੀ ਸੀ।"

"ਭਿਅੰਕਰ ਹੱਦ ਤੱਕ ਚੰਗੀ," ਸਿਰਲ ਨੇ ਉਸ ਵਾਕੰਸ਼ ਦਾ ਹਵਾਲਾ ਦਿੱਤਾ।

"ਹਰ ਕੋਈ ਉਸ ਦੀ ਚੰਗਿਆਈ ਦੀ ਗੱਲ ਕਰਦਾ ਸੀ। ਇਹ ਗੱਲ ਦੇਸ਼ ਦੇ ਸ਼ਹਿਜ਼ਾਦੇ ਤੱਕ ਪਹੁੰਚ ਗਈ। ਉਸਨੇ ਕਿਹਾ, "ਕਿਉਂਜੋ ਉਹ ਬੇਹੱਦ ਚੰਗੀ ਹੈ ਇਸ ਲਈ ਉਸਨੂੰ ਹਫ਼ਤੇ ਵਿੱਚ ਇੱਕ ਵਾਰ ਮੇਰੇ ਬਾਗ਼ ਵਿੱਚ ਘੁੱਮਣ ਫਿਰਨ ਦੀ ਖੁੱਲ੍ਹ ਮਿਲਣੀ ਚਾਹੀਦੀ ਹੈ। ਇਹ ਬਾਗ਼ ਸ਼ਹਿਰ ਤੋਂ ਬਾਹਰ ਸੀ। ਇਹ ਬਹੁਤ ਖ਼ੂਬਸੂਰਤ ਬਾਗ ਸੀ। ਬੱਚਿਆਂ ਨੂੰ ਇਸ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਸੀ। ਓਥੇ ਘੁੱਮਣ ਫਿਰਣ ਦੀ ਇਜਾਜ਼ਤ ਮਿਲਣਾ ਵੱਡਾ ਸਨਮਾਨ ਸੀ।

ਸਿਰਲ ਨੇ ਪੁੱਛਿਆ, "ਕੀ ਬਾਗ਼ ਵਿੱਚ ਉੱਥੇ ਭੇਡਾਂ ਸਨ?"

"ਨਹੀਂ," ਕੁਆਰੇ ਨੇ ਜਵਾਬ ਦਿੱਤਾ। "ਓਥੇ ਭੇਡਾਂ ਨਹੀਂ ਸਨ।" ਇਸ ਜਵਾਬ ਉੱਤੇ ਲਾਜ਼ਿਮੀ ਪੁੱਛਿਆ ਜਾਣ ਵਾਲਾ ਸਵਾਲ ਸੀ, "ਓਥੇ ਭੇਡਾਂ ਕਿਉਂ ਨਹੀਂ ਸਨ?"

ਮਾਸੀ ਬੁੱਲ੍ਹ ਮੀਚ ਕੇ ਮੁਸਕਰਾਈ, ਇਸ ਮੁਸਕਰਾਹਟ ਵਿੱਚ ਮਜ਼ਾ ਸ਼ਾਮਲ ਸੀ।

"ਓਥੇ ਭੇਡਾਂ ਨਹੀਂ ਸਨ ਕਿਉਂ ਕਿ ਸ਼ਹਿਜ਼ਾਦੇ ਦੀ ਮਾਂ ਨੇ ਖ਼ਾਬ ਵੇਖਿਆ ਸੀ, ਕਿ ਉਸ ਦੇ ਬੇਟੇ ਨੂੰ ਜਾਂ ਤਾਂ ਕੋਈ ਭੇਡ ਮਾਰ ਦੇਵੇਗੀ ਜਾਂ ਫਿਰ ਕਲੌਕ ਉਸ ਉੱਤੇ ਗਿਰੇਗਾ ਅਤੇ ਉਹ ਮਰ ਜਾਵੇਗਾ। ਇਸ ਕਰਕੇ ਸ਼ਹਿਜ਼ਾਦੇ ਨੇ ਕਦੇ ਵੀ ਆਪਣੇ ਬਾਗ਼ ਵਿੱਚ ਭੇਡ ਨਹੀਂ ਰੱਖੀ ਅਤੇ ਨਾ ਹੀ ਆਪਣੇ ਮਹਲ ਵਿੱਚ ਕਲੌਕ ਰੱਖਿਆ। ਮਾਸੀ ਨੇ ਪ੍ਰਸ਼ੰਸਾ ਦਾ ਸਾਹ ਰੋਕਿਆ।

ਸਿਰਲ ਨੇ ਪੁੱਛਿਆ, "ਕੀ ਸ਼ਹਿਜ਼ਾਦੇ ਨੂੰ ਭੇਡ ਨੇ ਮਾਰਿਆ ਜਾਂ ਕਲੌਕ ਨੇ?"

"ਸ਼ਹਿਜ਼ਾਦਾ ਅਜੇ ਜ਼ਿੰਦਾ ਹੈ ਇਸ ਲਈ ਅਸੀਂ ਕੁੱਝ ਕਹਿ ਨਹੀਂ ਸਕਦੇ ਕਿ ਖ਼ਾਬ ਸੱਚਾ ਨਿਕਲੇਗਾ ਜਾਂ ਨਹੀਂ," ਕੁਆਰੇ ਨੇ ਰੁੱਖਾਈ ਨਾਲ ਜਵਾਬ ਦਿੱਤਾ।

"ਵੈਸੇ ਵੀ ਪਾਰਕ ਵਿੱਚ ਕੋਈ ਭੇਡ ਨਹੀਂ ਸੀ। ਪਰ ਬਹੁਤ ਸਾਰੇ ਛੋਟੇ ਸੂਰ ਸਨ, ਜੋ ਜਗ੍ਹਾ ਜਗ੍ਹਾ ਭੱਜੇ ਫਿਰਦੇ ਸਨ।"

"ਉਨ੍ਹਾਂ ਦਾ ਰੰਗ ਕਿਹੜਾ ਸੀ?"

"ਬੱਗੇ ਮੂੰਹ ਵਾਲੇ ਕਾਲੇ ਅਤੇ ਕਾਲੇ ਧੱਬਿਆਂ ਵਾਲੇ ਬੱਗੇ, ਮੁਕੰਮਲ ਕਾਲੇ, ਬੱਗੇ ਧੱਬਿਆਂਵਾਲੇ ਸੁਰਮਈ ਅਤੇ ਕੁਝ ਮੁਕੰਮਲ ਬੱਗੇ ਸਨ।"

ਕਿੱਸਾਗੋ ਕੁਝ ਦੇਰ ਠਹਿਰ ਗਿਆ ਤਾਂਕਿ ਬਾਗ਼ ਦਾ ਮੁਕੰਮਲ ਖ਼ਾਕਾ ਬੱਚੇ ਆਪਣੇ ਆਪਣੇ ਜ਼ਿਹਨ ਵਿੱਚ ਜਜ਼ਬ ਕਰ ਲੈਣ। ਫਿਰ ਉਸਨੇ ਕਹਿਣਾ ਸ਼ੁਰੂ ਕੀਤਾ: "ਬਰਥਾ ਨੂੰ ਜਦੋਂ ਪਤਾ ਚੱਲਿਆ ਕਿ ਬਾਗ਼ ਵਿੱਚ ਫੁਲ ਨਹੀਂ ਹਨ ਤਾਂ ਉਸਨੂੰ ਬਹੁਤ ਅਫ਼ਸੋਸ ਹੋਇਆ। ਬਰਥਾ ਨੇ ਆਪਣੀ ਆਂਟੀਆਂ ਨਾਲ ਰੋਂਦੇ ਹੋਏ ਵਾਅਦਾ ਕੀਤਾ ਸੀ ਕਿ ਉਹ ਬਾਗ਼ `ਚੋਂ ਫੁਲ ਨਹੀਂ ਤੋੜੇਗੀ। ਵਾਅਦਾ ਨਿਭਾਉਣ ਦਾ ਉਸ ਦਾ ਪੱਕਾ ਇਰਾਦਾ ਸੀ। ਇਸ ਲਈ ਉਸਨੂੰ ਬਾਗ਼ ਵਿੱਚ ਫੁੱਲਾਂ ਦਾ ਨਾ ਹੋਣਾ ਬਹੁਤ ਬੇਵਕੂਫ਼ੀ ਭਰੀ ਗੱਲ ਲੱਗੀ।"

"ਬਾਗ ਵਿੱਚ ਫੁੱਲ ਕਿਉਂ ਨਹੀਂ ਸਨ?"

"ਇਸ ਲਈ ਕਿ ਬਾਗ਼ ਦੇ ਸਾਰੇ ਫੁੱਲ ਸੂਰ ਖਾ ਗਏ ਸਨ। ਆਦਮੀ ਨੇ ਤੁਰਤ ਵਜਾਹਤ ਕੀਤੀ। ਮਾਲੀਆਂ ਨੇ ਸ਼ਹਿਜ਼ਾਦੇ ਨੂੰ ਦੱਸ ਦਿੱਤਾ ਸੀ ਕਿ ਫੁੱਲ ਅਤੇ ਸੂਰ ਇੱਕਠੇ ਨਹੀਂ ਰੱਖੇ ਜਾ ਸਕਦੇ। ਇਸ ਲਈ ਸ਼ਹਿਜ਼ਾਦੇ ਨੇ ਸੂਰ ਰੱਖਣ ਦਾ ਫੈਸਲਾ ਕਰ ਲਿਆ।

ਸ਼ਹਿਜ਼ਾਦੇ ਦੇ ਇਸ ਵੱਡੇ ਫੈਸਲੇ ਨੂੰ ਬਹੁਤ ਸਾਰੇ ਲੋਕਾਂ ਨੇ ਸਰਾਹਿਆ। ਬਹੁਤ ਲੋਕ ਇਸ ਤੋਂ ਅੱਡਰਾ ਫੈਸਲਾ ਵੀ ਕਰ ਸਕਦੇ ਸਨ। ਬਾਗ਼ ਵਿੱਚ ਹੋਰ ਵੀ ਬਹੁਤ ਚੰਗੀਆਂ ਚੀਜ਼ਾਂ ਸਨ। ਤਾਲਾਬ ਸਨ, ਜਿਨ੍ਹਾਂ ਵਿੱਚ ਸੁਨਹਿਰੀ, ਨੀਲੀਆਂ ਅਤੇ ਹਰੀਆਂ ਮੱਛੀਆਂ ਸਨ। ਦਰਖ਼ਤ ਸਨ, ਜਿਨ੍ਹਾਂ ਉੱਤੇ ਖ਼ੂਬਸੂਰਤ ਤੋਤੇ ਸਨ, ਜੋ ਪਲ ਭਰ ਦੇ ਨੋਟਿਸ `ਤੇ ਸਿਆਣਪ ਦੀਆਂ ਗੱਲਾਂ ਸੁਣਾਉਂਦੇ ਸਨ। ਪਿੱਦੀ ਚਿੜੀਆਂ ਸਨ, ਜੋ ਸਮਕਾਲ ਦੀਆਂ ਹਰਮਨਪਿਆਰੀਆਂ ਧੁਨਾਂ ਗੁਣਗੁਣਾਉਂਦੇ ਰਹਿੰਦੇ ਸਨ। ਬਰਥਾ ਉੱਪਰ ਹੇਠਾਂ ਹਰ ਜਗ੍ਹਾ ਘੁੰਮਦੀ ਰਹੀ ਅਤੇ ਖ਼ੂਬ ਮਜ਼ੇ ਲੈਂਦੀ ਰਹੀ। ਉਸਨੇ ਸੋਚਿਆ ਜੇਕਰ ਮੈਂ ਬੇਹੱਦ ਚੰਗੀ ਨਾ ਹੁੰਦੀ ਤਾਂ ਮੈਨੂੰ ਇਸ ਖ਼ੂਬਸੂਰਤ ਬਾਗ਼ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਾ ਮਿਲਦੀ ਅਤੇ ਨਾ ਇੱਥੇ ਦੀ ਖ਼ੂਬਸੂਰਤੀ ਦਾ ਅਨੰਦ ਲੈ ਸਕਦੀ। ਜਦੋਂ ਉਹ ਇਸ ਤਰ੍ਹਾਂ ਸੋਚ ਰਹੀ ਸੈਰ ਕਰ ਰਹੀ ਸੀ ਤਾਂ ਉਸ ਦੇ ਤਿੰਨੋਂ ਤਮਗ਼ੇ ਆਪਸ ਵਿੱਚ ਟਕਰਾ ਕੇ ਝਨਕਾਰ ਪੈਦਾ ਕਰ ਰਹੇ ਸਨ ਅਤੇ ਉਸ ਨੂੰ ਯਾਦ ਕਰਾਉਣ ਵਿਚ ਸਹਾਇਤਾ ਕਰ ਰਹੇ ਸਨ ਕਿ ਉਹ ਅਸਲ ਵਿਚ ਕਿੰਨੀ ਚੰਗੀ ਸੀ। ਐਨ ਉਸ ਵਕਤ ਬਾਗ਼ ਵਿੱਚ ਇੱਕ ਵੱਡਾ ਬਘਿਆੜ ਮਟਰਗਸ਼ਤ ਕਰਦਾ ਇਹ ਦੇਖਣ ਆ ਗਿਆ ਕਿ ਕੀ ਉਹ ਇੱਕ ਮੋਟਾ ਤਾਜ਼ਾ ਛੋਟਾ ਸੂਰ ਆਪਣੇ ਰਾਤ ਦੇ ਭੋਜਨ ਲਈ ਫੜ ਸਕਦਾ ਹੈ?"

"ਉਸ ਦਾ ਰੰਗ ਕਿਹੋ ਜਿਹਾ ਸੀ?" ਬੱਚਿਆਂ ਨੇ ਹੋਰ ਵੀ ਦਿਲਚਸਪੀ ਲੈਂਦੇ ਹੋਏ ਕਿਹਾ।

"ਮਟਿਆਲਾ ਰੰਗ ਅਤੇ ਕਾਲੀ ਜੀਭ, ਸੁਰਮਈ ਅੱਖਾਂ ਜੋ ਭਿਅੰਕਰ ਗ਼ਜ਼ਬ ਨਾਲ ਚਮਕ ਰਹੀਆਂ ਸਨ। ਬਾਗ਼ ਵਿੱਚ ਸਭ ਤੋਂ ਪਹਿਲਾਂ ਉਸਨੂੰ ਬਰਥਾ ਵਿਖਾਈ ਦਿੱਤੀ। ਉਸਨੇ ਬੇਦਾਗ਼ ਚਮਕਦਾਰ ਸਫ਼ੈਦ ਲਿਬਾਸ ਪਹਿਨ ਰੱਖਿਆ ਸੀ, ਜੋ ਦੂਰੋਂ ਵਿਖਾਈ ਦਿੰਦਾ ਸੀ। ਬਰਥਾ ਨੇ ਬਘਿਆੜ ਨੂੰ ਵੇਖਿਆ ਅਤੇ ਇਹ ਵੀ ਵੇਖਿਆ ਕਿ ਉਹ ਚੁਪਕੇ ਚੁਪਕੇ ਉਸੇ ਵੱਲ ਵੱਧ ਰਿਹਾ ਹੈ। ਇਸ ਵਕਤ ਉਸਨੇ ਖਾਹਿਸ਼ ਕੀਤੀ ਕਿ ਉਸਨੂੰ ਕਦੇ ਬਾਗ਼ ਵਿੱਚ ਆਉਣ ਦੀ ਇਜਾਜ਼ਤ ਨਾ ਮਿਲੀ ਹੁੰਦੀ। ਉਹ ਜਿੰਨਾ ਤੇਜ਼ ਦੌੜ ਸਕਦੀ ਸੀ ਦੌੜੀ ਅਤੇ ਬਘਿਆੜ ਵੀ ਛਾਲਾਂ ਮਾਰਦਾ ਉਸ ਦੇ ਪਿੱਛੇ ਆਇਆ। ਉਹ ਭੱਜ ਕੇ ਮਹਿੰਦੀ ਦੀਆਂ ਝਾੜੀਆਂ ਤੱਕ ਪੁੱਜਣ ਵਿੱਚ ਕਾਮਯਾਬ ਹੋ ਗਈ। ਅਤੇ ਸਭ ਤੋਂ ਸੰਘਣੀ ਝਾੜੀ ਦੇ ਪਿੱਛੇ ਛੁਪ ਗਈ। ਬਘਿਆੜ ਝਾੜੀਆਂ ਨੂੰ ਸੁੰਘਦਾ ਹੋਇਆ ਆਇਆ। ਉਸ ਦੀ ਕਾਲੀ ਜੀਭ ਮੂੰਹੋਂ ਬਾਹਰ ਲਟਕ ਰਹੀ ਸੀ। ਹਲਕੀਆਂ ਸੁਰਮਈ ਅੱਖਾਂ ਗੁੱਸੇ ਨਾਲ ਚਮਕ ਰਹੀਆਂ ਸਨ। ਬਰਥਾ ਬਹੁਤ ਜ਼ਿਆਦਾ ਡਰ ਗਈ ਸੀ। ਉਸਨੇ ਸੋਚਿਆ ਜੇਕਰ ਉਹ ਬੇਹੱਦ ਨੇਕ ਨਾ ਹੁੰਦੀ ਤਾਂ ਉਹ ਇਸ ਵਕਤ ਆਪਣੇ ਘਰ ਸੁਰਖਿਅਤ ਹੁੰਦੀ। ਐਪਰ ਮਹਿੰਦੀ ਦੀਆਂ ਝਾੜੀਆਂ ਦੀ ਖੁਸ਼ਬੂ ਇੰਨੀ ਤੇਜ਼ ਸੀ ਕਿ ਬਘਿਆੜ ਨੂੰ ਬਰਥਾ ਦੀ ਲੁਕਣ ਵਾਲੀ ਜਗ੍ਹਾ ਦਾ ਪਤਾ ਨਹੀਂ ਲੱਗ ਰਿਹਾ ਸੀ ਅਤੇ ਝਾੜੀਆਂ ਇੰਨੀਆਂ ਸੰਘਣੀਆਂ ਸਨ ਕਿ ਬਘਿਆੜ ਨੂੰ ਬਰਥਾ ਨੂੰ ਢੂੰਢਣ ਵਿੱਚ ਬਹੁਤ ਜ਼ਿਆਦਾ ਸਮੇਂ ਅਤੇ ਤਰੱਦਦ ਦੀ ਜ਼ਰੂਰਤ ਸੀ, ਇਸ ਲਈ ਬਘਿਆੜ ਨੇ ਸੋਚਿਆ ਕਿ ਇਸ ਨਾਲੋਂ ਤਾਂ ਉਸਨੂੰ ਜਾ ਕੇ ਕਿਸੇ ਛੋਟੇ ਸੂਰ ਨੂੰ ਸੌਖ ਨਾਲ ਫੜ ਲੈਣਾ ਚਾਹੀਦਾ ਹੈ। ਬਘਿਆੜ ਸੁੰਘਦਾ ਹੋਇਆ ਬਰਥਾ ਦੇ ਬਹੁਤ ਨੇੜੇ ਪਹੁੰਚ ਚੁੱਕਿਆ ਸੀ। ਉਹ ਡਰ ਨਾਲ ਕੰਬ ਰਹੀ ਸੀ, ਉਸ ਦੇ ਕੰਬਣ ਨਾਲ ਉਸ ਦਾ ਆਗਿਆਕਾਰੀ ਵਾਲਾ ਤਮਗ਼ਾ ਉਸਦੇ ਚੰਗੇ ਵਰਤੋਂ ਵਿਹਾਰ ਦੀ ਖ਼ਾਤਰ ਮਿਲੇ ਤਮਗ਼ੇ ਅਤੇ ਵਕਤ ਦੀ ਪਾਬੰਦ ਹੋਣ ਲਈ ਮਿਲੇ ਤਮਗ਼ੇ ਨਾਲ ਟਕਰਾਇਆ। ਬਘਿਆੜ ਉਸ ਵਕਤ ਉੱਥੋਂ ਜਾਣ ਲੱਗਾ ਸੀ, ਪਰ ਜਦੋਂ ਉਸਨੂੰ ਤਮਗ਼ਿਆਂ ਦੇ ਟਕਰਾਉਣ ਦੀ ਅਵਾਜ਼ ਸੁਣਾਈ ਦਿੱਤੀ, ਉਹ ਉਥੇ ਹੀ ਰੁਕ ਗਿਆ। ਉਸ ਦੇ ਨੇੜੇ ਵਾਲੀ ਝਾੜੀ ਵਲੋਂ ਤਮਗ਼ਿਆਂ ਦੇ ਟਕਰਾਉਣ ਦੀ ਦੁਬਾਰਾ ਅਵਾਜ਼ ਆਈ, ਉਹ ਉਸ ਝਾੜੀ ਦੇ ਉੱਪਰ ਟੁੱਟ ਪਿਆ। ਉਸ ਦੀਆਂ ਅੱਖਾਂ ਗੁੱਸੇ ਅਤੇ ਫ਼ਤਹਿ ਦੀ ਭਾਵਨਾ ਨਾਲ ਚਮਕ ਰਹੀਆਂ ਸਨ। ਉਸਨੇ ਬਰਥਾ ਨੂੰ ਘਸੀਟ ਕੇ ਬਾਹਰ ਕੱਢਿਆ ਅਤੇ ਪਾੜ ਸੁੱਟਿਆ, ਆਖ਼ਰੀ ਬੋਟੀ ਤੱਕ ਨਿਗਲ ਗਿਆ। ਸਿਰਫ ਉਸ ਦੇ ਜੁੱਤੇ, ਕੱਪੜਿਆਂ ਦੇ ਕੁੱਝ ਹਿੱਸੇ ਅਤੇ ਅੱਛਾਈਆਂਦੇ ਤਿੰਨ ਤਮਗ਼ੇ ਪਿੱਛੇ ਰਹਿ ਗਏ।

"ਕੀ ਛੋਟੇ ਸੂਰਾਂ ਵਿੱਚੋਂ ਕੋਈ ਮਾਰਿਆ ਗਿਆ?"

"ਨਹੀਂ ਉਹ ਸਭ ਬੱਚ ਗਏ।"

"ਕਹਾਣੀ ਦੀ ਸ਼ੁਰੂਆਤ ਚੰਗੀ ਨਹੀਂ ਸੀ, ਪਰ ਅੰਤ ਅੱਛਾ ਸੀ," ਛੋਟੀਆਂ ਕੁੜੀਆਂ ਵਿੱਚੋਂ ਸਭ ਤੋਂ ਛੋਟੀ ਨੇ ਕਿਹਾ। "ਇਹ ਉਨ੍ਹਾਂ ਸਾਰੀਆਂ ਕਹਾਣੀਆਂ ਵਿੱਚੋਂ ਜੋ ਹੁਣ ਤੱਕ ਮੈਂ ਸੁਣੀਆਂ, ਸਭ ਤੋਂ ਖ਼ੂਬਸੂਰਤ ਕਹਾਣੀ ਹੈ।" ਛੋਟੀਆਂ ਕੁੜੀਆਂ ਵਿੱਚੋਂ ਵੱਡੀ ਨੇ ਕਿਹਾ।

ਮਾਸੀ ਨੇ ਇਸ ਰਾਏ ਨਾਲ ਮੱਤਭੇਦ ਜ਼ਾਹਰ ਕੀਤਾ, "ਛੋਟੇ ਬੱਚਿਆਂ ਨੂੰ ਸੁਣਾਉਣ ਲਈ ਉੱਕਾ ਬੇਕਾਰ ਕਹਾਣੀ ਸੀ। ਤੁਸੀਂ ਸਾਲਾਂ ਬੱਧੀ ਬੱਚਿਆਂ ਦੀ ਸਿਖਲਾਈ ਉੱਤੇ ਕੀਤੀ ਗਈ ਮਿਹਨਤ ਮਿੱਟੀ ਕਰ ਦਿੱਤੀ।"

ਕੁਆਰੇ ਨੇ ਗੱਡੀ ਤੋਂ ਉੱਤਰਨ ਲਈ ਆਪਣਾ ਸਾਮਾਨ ਚੁੱਕਦੇ ਹੋਏ ਕਿਹਾ, "ਵੈਸੇ ਮੈਂ ਇਨ੍ਹਾਂ ਨੂੰ ਪੂਰੇ ਦਸ ਮਿੰਟ ਖ਼ਾਮੋਸ਼ ਬਿਠਾਈ ਰੱਖਿਆ, ਜੋ ਤੁਸੀਂ ਕਦੇ ਨਹੀਂ ਸੀ ਕਰ ਸਕਣਾ।"

"ਨਾਖ਼ੁਸ਼ ਔਰਤ ਨੇ ਟੈਂਪਲਕੌਂਬ ਸਟੇਸ਼ਨ ਉੱਤੇ ਉਤਰਦੇ ਹੋਏ ਆਪਣੇ ਆਪ ਨੂੰ ਕਿਹਾ, "ਅਗਲੇ ਛੇ ਮਹੀਨਾ ਤੱਕ ਇਹ ਬੱਚੇ ਜਨਤਾ ਵਿੱਚ ਉਸ `ਤੇ ਬੇਕਾਰ ਕਹਾਣੀ ਸੁਣਾਉਣ ਲਈ ਦਬਾਓ ਪਾਉਂਦੇ ਰਹਿਣਗੇ।"