ਸਮੱਗਰੀ 'ਤੇ ਜਾਓ

ਅਨੁਵਾਦ:ਕਾਬੁਲੀਵਾਲਾ

ਵਿਕੀਸਰੋਤ ਤੋਂ
ਕਾਬੁਲੀਵਾਲਾ
 ਰਬਿੰਦਰਨਾਥ ਟੈਗੋਰ, translated by ਚਰਨ ਗਿੱਲ
44257ਕਾਬੁਲੀਵਾਲਾਚਰਨ ਗਿੱਲਰਬਿੰਦਰਨਾਥ ਟੈਗੋਰ

ਮੇਰੀ ਪੰਜ ਸਾਲ ਦੀ ਕੁੜੀ ਮਿਨੀ ਤੋਂ ਘੜੀ ਭਰ ਵੀ ਬੋਲੇ ਬਿਨਾਂ ਨਹੀਂ ਰਿਹਾ ਜਾਂਦਾ। ਦੁਨੀਆ ਵਿੱਚ ਆਉਣ ਦੇ ਬਾਅਦ ਬੋਲੀ ਸਿੱਖਣ ਵਿੱਚ ਉਸਨੇ ਸਿਰਫ ਇੱਕ ਹੀ ਸਾਲ ਲਗਾਇਆ ਹੋਵੇਗਾ। ਉਸਦੇ ਬਾਅਦ ਵਲੋਂ ਜਿੰਨੀ ਦੇਰ ਤੱਕ ਸੋ ਨਹੀਂ ਜਾਂਦੀ, ਉਹ ਇੱਕ ਪਲ ਵੀ ਉਹ ਚੁੱਪੀ ਵਿੱਚ ਖ਼ਰਾਬ ਨਹੀਂ ਕਰਦੀ। ਉਸਦੀ ਮਾਂ ਬਹੁਤ ਕਰਕੇ ਡਾਂਟ-ਫਿਟਕਾਰ ਕੇ ਉਸਦੀ ਚੱਲਦੀ ਹੋਈ ਜਬਾਨ ਬੰਦ ਕਰ ਦਿੰਦੀ ਹੈ; ਪਰ ਮੇਰੇ ਕੋਲੋਂ ਅਜਿਹਾ ਨਹੀਂ ਹੁੰਦਾ। ਮਿਨੀ ਦੀ ਚੁੱਪ ਮੈਨੂੰ ਅਜਿਹੀ ਬਣਾਵਟੀ ਜਿਹੀ ਪ੍ਰਤੀਤ ਹੁੰਦਾ ਹੈ, ਕਿ ਮੇਰੇ ਤੋਂ ਉਹ ਜਿਆਦਾ ਦੇਰ ਤੱਕ ਸਿਹਾ ਨਹੀਂ ਜਾਂਦਾ ਅਤੇ ਇਹੀ ਕਾਰਨ ਹੈ ਕਿ ਮੇਰੇ ਨਾਲ ਉਸਦੇ ਭਾਵਾਂ ਦਾ ਆਦਾਨ-ਪ੍ਰਦਾਨ ਕੁੱਝ ਜਿਆਦਾ ਉਤਸ਼ਾਹ ਦੇ ਨਾਲ ਹੁੰਦਾ ਰਹਿੰਦਾ ਹੈ।

ਸਵੇਰੇ ਮੈਂ ਆਪਣੇ ਨਾਵਲ ਦੇ ਸੱਤਰਹਵੇਂ ਕਾਂਡ ਨੂੰ ਹੱਥ ਲਗਾਇਆ ਹੀ ਸੀ ਕਿ ਮਿਨੀ ਨੇ ਆਕੇ ਕਹਿਣਾ ਸ਼ੁਰੂ ਕਰ ਦਿੱਤਾ, "ਬਾਬੂ ਜੀ, ਰਾਮ ਦਿਆਲ ਦਰਬਾਨ ਹੈ ਨਾ, ਉਹ ‘ਕਾਕ’ ਨੂੰ ‘ਕਊਆ’ ਕਹਿੰਦਾ ਹੈ। ਉਹਨੂੰ ਕੁੱਝ ਪਤਾ ਹੀ ਨਹੀਂ, ਬਾਬੂ ਜੀ।"

ਸੰਸਾਰ ਦੀਆਂ ਭਾਸ਼ਾਵਾਂ ਦੇ ਵਖਰੇਵਿਆਂ ਦੇ ਬਾਰੇ ਮੇਰੇ ਕੁੱਝ ਦੱਸਣ ਵਲੋਂ ਪਹਿਲਾਂ ਹੀ ਉਸਨੇ ਦੂਜੀ ਗੱਲ ਛੇੜ ਦਿੱਤੀ। “ਵੇਖੋ, ਬਾਬੂ ਜੀ, ਭੋਲ਼ਾ ਕਹਿੰਦਾ ਹੈ – ਅਕਾਸ਼ ਵਿਚੋਂ ਹਾਥੀ ਸੁੰਡ ਨਾਲ ਪਾਣੀ ਸੁੱਟਦਾ ਹੈ, ਇਸ ਨਾਲ ਵਰਖਾ ਹੁੰਦੀ ਹੈ। ਅੱਛਾ ਬਾਬੂ ਜੀ, ਭੋਲ਼ਾ ਝੂਠ ਬੋਲਦਾ ਹੈ, ਹੈ ਨਾ? ਐਵੇਂ ਬਕ-ਬਕ ਕਰਦਾ ਹੈ, ਦਿਨ-ਰਾਤ ਬਕਦਾ ਰਹਿੰਦਾ ਹੈ।"

ਇਸ ਵਿਸ਼ੇ ਵਿੱਚ ਮੇਰੀ ਰਾਏ ਦੀ ਜ਼ਰਾ ਵੀ ਉਡੀਕ ਕੀਤੇ ਬਿਨਾਂ, ਅਚਾਨਕ ਹਲਕੀ ਜਿਹੀ ਅਵਾਜ਼ ਵਿੱਚ ਇੱਕ ਮੁਸ਼ਕਲ ਪ੍ਰਸ਼ਨ ਕਰ ਬੈਠੀ, "ਬਾਬੂਜੀ, ਮਾਂ ਤੁਹਾਡੀ ਕੀ ਲੱਗਦੀ ਹੈ?"

ਮਨ ਹੀ ਮਨ ਮੈਂ ਕਿਹਾ - ਸਾਲੀ ਅਤੇ ਫਿਰ ਬੋਲਿਆ, "ਮਿਨੀ, ਤੂੰ ਜਾ, ਭੋਲ਼ਾ ਦੇ ਨਾਲ ਖੇਲ, ਮੈਨੂੰ ਹੁਣੇ ਕੰਮ ਹੈ, ਅੱਛਾ।"

ਤਾਂ ਉਸਨੇ ਮੇਰੀ ਮੇਜ਼ ਦੇ ਹੇਠ ਮੇਰੇ ਪੈਰਾਂ ਦੇ ਕੋਲ ਬੈਠਕੇ ਆਪਣੇ ਦੋਨੋਂ ਗੋਡਿਆਂ ਅਤੇ ਹੱਥਾਂ ਨੂੰ ਹਿਲਾ-ਹਿਲਾ ਕੇ ਤੇਜ਼ੀ ਨਾਲ ਨਾਲ ਮੁੰਹ ਚਲਾ ਕੇ ਅਟਕਨ-ਬਟਕਨ ਦਹੀ ਚਟਾਕੇ ਕਹਿਣਾ ਸ਼ੁਰੂ ਕਰ ਦਿੱਤਾ। ਜਦੋਂ ਕਿ ਮੇਰੇ ਨਾਵਲ ਦੇ ਕਾਂਡ ਵਿੱਚ ਪ੍ਰਤਾਪ ਸਿੰਘ ਉਸ ਵੇਲੇ ਕੰਚਨਮਾਲਾ ਨੂੰ ਲੈ ਕੇ ਰਾਤ ਦੇ ਵੱਧ ਹਨੇਰੇ ਵਿੱਚ ਬੰਦੀਖ਼ਾਨੇ ਦੇ ਉੱਚੇ ਝਰੋਖੇ ਵਿੱਚੋਂ ਹੇਠਾਂ ਕਲਕਲ ਕਰਦੀ ਹੋਈ ਨਦੀ ਵਿੱਚ ਛਾਲ ਮਾਰ ਰਿਹਾ ਸੀ।

ਮੇਰਾ ਘਰ ਸੜਕ ਦੇ ਕਿਨਾਰੇ `ਤੇ ਸੀ। ਅਚਾਨਕ ਮਿਨੀ ਆਪਣੀ ਅਟਕਨ-ਬਟਕਨ ਛੱਡ ਕੇ ਖਿੜਕੀ ਦੇ ਕੋਲ ਦੌੜੀ ਗਈ ਅਤੇ ਜ਼ੋਰ ਜ਼ੋਰ ਨਾਲ ਚੀਖਣ ਲੱਗੀ, “ਕਾਬੁਲੀਵਾਲੇ, ਓ ਕਾਬੁਲੀਵਾਲੇ!"

ਢਿੱਲੇ ਖੁੱਲ੍ਹੇ ਕੱਪੜਿਆਂ ਵਿੱਚ ਮੋਢੇ ਤੇ ਮੇਵਿਆਂ ਦਾ ਝੋਲਾ ਲਟਕਾਈਂ, ਹੱਥ ਵਿੱਚ ਅੰਗੂਰਾਂ ਦੀਆਂ ਪਟਾਰੀਆਂ ਲਈ ਇੱਕ ਲੰਮਾ ਜਿਹਾ ਕਾਬਲੀ ਹੌਲੀ ਚਾਲ ਸੜਕ ਤੇ ਜਾ ਰਿਹਾ ਸੀ। ਉਸਨੂੰ ਵੇਖਕੇ ਮੇਰੀ ਛੋਟੀ ਧੀ ਦੇ ਚਿੱਤ ਵਿੱਚ ਕਿਹੜੇ ਭਾਵ ਪੈਦਾ ਹੋਏ ਇਹ ਦੱਸਣਾ ਅਸੰਭਵ ਹੈ। ਉਸਨੇ ਜ਼ੋਰ ਜ਼ੋਰ ਨਾਲ ਪੁਕਾਰਨਾ ਸ਼ੁਰੂ ਕੀਤਾ। ਮੈਂ ਸੋਚਿਆ, ਹੁਣੇ ਝੋਲੀ ਮੋਢੇ `ਤੇ ਝੋਲਾ ਲਟਕਾਈ, ਸਿਰ `ਤੇ ਇੱਕ ਮੁਸੀਬਤ ਆ ਖੜੀ ਹੋਵੇਗੀ ਅਤੇ ਮੇਰਾ ਸਤਰਹਵਾਂ ਕਾਂਡ ਅੱਜ ਅਧੂਰਾ ਰਹਿ ਜਾਵੇਗਾ।

ਪਰ ਮਿਨੀ ਦੇ ਪੁਕਾਰਨ `ਤੇ ਜਿਵੇਂ ਹੀ ਕਾਬਲੀ ਨੇ ਹੱਸਦੇ ਹੋਏ ਉਸ ਵੱਲ ਮੂੰਹ ਫੇਰਿਆ ਅਤੇ ਘਰ ਵੱਲ ਆਉਣ ਲੱਗਾ; ਤਿਵੇਂ ਹੀ ਮਿਨੀ ਡਰ ਕੇ ਅੰਦਰ ਭੱਜ ਗਈ। ਫਿਰ ਉਸਦਾ ਪਤਾ ਹੀ ਨਹੀਂ ਲੱਗਾ ਕਿ ਕਿੱਥੇ ਲੁੱਕ ਗਈ। ਉਸਦੇ ਛੋਟੇ ਜਿਹੇ ਮਨ ਵਿੱਚ ਅੰਧਵਿਸ਼ਵਾਸ ਬੈਠ ਗਿਆ ਸੀ ਕਿ ਉਸ ਦੀ ਮੈਲੀ-ਕੁਚੈਲੀ ਝੋਲੀ ਦੇ ਅੰਦਰ ਲਭਣ `ਤੇ ਉਸ ਵਰਗੇ ਹੋਰ ਵੀ ਜਿਉਂਦੇ-ਜਾਗਦੇ ਦੋ-ਚਾਰ ਬੱਚੇ ਮਿਲ ਸਕਦੇ ਹਨ।

ਕਾਬਲੀ ਨੇ ਮੁਸਕਰਾਂਦੇ ਹੋਏ। ਮੈਂ ਉਸ ਤੋਂ ਕੁੱਝ ਸੌਦਾ ਖਰੀਦਿਆ। ਏਧਰ ਕਾਬਲੀ ਨੇ ਆਕੇ ਮੁਸਕਰਾਉਂਦੇ ਹੋਏ ਮੈਨੂੰ ਸਲਾਮ ਕੀਤਾ ਅਤੇ ਖੜਾ ਹੋ ਗਿਆ। ਮੈਂ ਸੋਚਿਆ, ਹਾਲਾਂਕਿ ਪ੍ਰਤਾਪ ਸਿੰਘ ਅਤੇ ਕੰਚਨਮਾਲਾ ਦੀ ਹਾਲਤ ਅਤਿਅੰਤ ਸੰਕਟ ਵਿੱਚ ਹੈ, ਫਿਰ ਵੀ ਘਰ ਵਿੱਚ ਸੱਦ ਕੇ ਇਸ ਤੋਂ ਕੁੱਝ ਨਾ ਖਰੀਦਣਾ ਅੱਛਾ ਨਹੀਂ ਹੋਵੇਗਾ।

ਕੁੱਝ ਸੌਦਾ ਖਰੀਦਿਆ ਗਿਆ। ਉਸਦੇ ਬਾਅਦ ਮੈਂ ਉਸ ਨਾਲ ਏਧਰ ਉੱਧਰ ਦੀਆਂ ਗੱਲਾਂ ਕਰਨ ਲੱਗਾ। ਖ਼ੁਦ ਰਹਿਮਤ, ਰੂਸ, ਅੰਗ੍ਰੇਜ਼, ਸਰਹੱਦਾਂ ਦੀ ਰੱਖਿਆ ਦੇ ਬਾਰੇ ਵਿੱਚ ਗਪ-ਸ਼ਪ ਹੋਣ ਲੱਗੀ।

ਅੰਤ ਨੂੰ ਉੱਠਕੇ ਜਾਂਦੇ ਹੋਏ ਉਸਨੇ ਆਪਣੀ ਮਿਲੀ-ਜੁਲੀ ਭਾਸ਼ਾ ਵਿੱਚ ਪੁੱਛਿਆ, “ਬਾਬੂ ਜੀ, ਤੁਹਾਡੀ ਧੀ ਕਿੱਥੇ ਗਈ?"

ਮੈਂ ਮਿਨੀ ਦੇ ਮਨ ਤੋਂ ਵਿਅਰਥ ਦਾ ਡਰ ਦੂਰ ਕਰਨ ਲਈ ਉਸਨੂੰ ਬੁਲਾ ਲਿਆ। ਉਹ ਮੇਰੇ ਬਿਲਕੁੱਲ ਨਾਲ ਲੱਗਕੇ ਕਾਬਲੀ ਦੇ ਮੂੰਹ ਅਤੇ ਝੋਲੀ ਦੇ ਵੱਲ ਸੰਦੇਹ ਭਰੀਆਂ ਨਜ਼ਰਾਂ ਨਾਲ ਦੇਖਦੀ ਖੜੀ ਰਹੀ। ਕਾਬਲੀ ਨੇ ਝੋਲੀ ਵਿੱਚੋਂ ਕਿਸਮਿਸ ਅਤੇ ਬਦਾਮ ਕੱਢ ਕੇ ਉਸ ਨੂੰ ਦੇਣੇ ਚਾਹੇ, ਪਰ ਉਸਨੇ ਨਹੀਂ ਲਏ ਅਤੇ ਦੁੱਗਣੇ ਸੰਦੇਹ ਦੇ ਨਾਲ ਮੇਰੇ ਗੋਡਿਆਂ ਨੂੰ ਚਿੰਮੜ ਗਈ। ਉਸਦੀ ਪਹਿਲੀ ਜਾਣ ਪਹਿਚਾਣ ਇਸ ਤਰ੍ਹਾਂ ਹੋਈ।

ਇਸ ਘਟਨਾ ਦੇ ਕੁੱਝ ਦਿਨ ਬਾਅਦ, ਕਿਸੇ ਜ਼ਰੂਰੀ ਕੰਮ ਲਈ ਮੈਂ ਬਾਹਰ ਜਾ ਰਿਹਾ ਸੀ। ਵੇਖਿਆ ਕਿ ਮਿਨੀ ਦਰਵਾਜ਼ੇ ਕੋਲ ਬੈਠੀ ਕਾਬਲੀ ਨਾਲ ਖ਼ੂਬ ਹੱਸ ਹੱਸ ਗੱਲਾਂ ਕਰ ਰਹੀ ਹੈ ਅਤੇ ਕਾਬਲੀ ਮੁਸਕਰਾਂਦਾ ਹੋਇਆ ਸੁਣ ਰਿਹਾ ਹੈ ਅਤੇ ਕਦੇ ਕਦੇ ਆਪਣੀ ਮਿਲੀ-ਜੁਲੀ ਭਾਸ਼ਾ ਵਿੱਚ ਆਪਣੀ ਰਾਏ ਦੇ ਦਿੰਦਾ ਹੈ। ਮਿਨੀ ਨੂੰ ਆਪਣੇ ਪੰਜ ਸਾਲ ਦੇ ਜੀਵਨ ਵਿੱਚ, ਬਾਬੂ ਜੀ ਦੇ ਸਿਵਾ, ਅਜਿਹਾ ਧੀਰਜਵਾਨ ਸਰੋਤਾ ਸ਼ਾਇਦ ਹੀ ਕਦੇ ਮਿਲਿਆ ਹੋਵੇ। ਵੇਖਿਆ ਤਾਂ, ਉਸਦਾ ਫਰਾਕ ਦਾ ਪੱਲਾ ਬਦਾਮ-ਕਿਸ਼ਮਿਸ਼ ਨਾਲ ਭਰਿਆ ਹੋਇਆ ਹੈ। ਮੈਂ ਕਾਬਲੀ ਨੂੰ ਕਿਹਾ, ਇਸਨੂੰ ਇਹ ਸਭ ਕਿਉਂ ਦਿੱਤਾ? ਹੁਣ ਕਦੇ ਮਤ ਦੇਣਾ। ਇਹ ਕਹਿ ਕੇ ਮੈਂ ਕੁੜਤੇ ਦੀ ਜੇਬ ਵਿੱਚੋਂ ਇੱਕ ਅਠਿਆਨੀ ਕੱਢਕੇ ਉਸਨੂੰ ਦਿੱਤੀ। ਉਸਨੇ ਬਿਨਾਂ ਕਿਸੇ ਹਿਚਕ ਦੇ ਅਠਿਆਨੀ ਲੈ ਕੇ ਆਪਣੀ ਝੋਲੀ ਵਿੱਚ ਰੱਖ ਲਈ।

ਫਿਰ ਮੈਂ ਬਾਹਰ ਚਲਾ ਗਿਆ। ਕੁੱਝ ਦੇਰ ਬਾਅਦ ਜਦੋਂ ਮੈਂ ਘਰ ਪਰਤਿਆ ਤਾਂ ਵੇਖਿਆ ਕਿ ਉਸ ਅਠਿਆਨੀ ਨੇ ਬੜਾਭਾਰੀ ਉਪਦਰ ਖੜਾ ਕਰ ਦਿੱਤਾ ਹੈ।

ਮਿਨੀ ਦੀ ਮਾਂ ਇੱਕ ਸਫੇਦ ਚਮਕੀਲਾ ਗੋਲਾਕਾਰ ਪਦਾਰਥ ਹੱਥ ਵਿੱਚ ਲਈ ਡਾਂਟ-ਡਪਟ ਕੇ ਮਿਨੀ ਤੋਂ ਪੁੱਛ ਰਹੀ ਸੀ, " ਤੈਨੂੰ ਇਹ ਅਠਿਆਨੀਥਿਆਨੀ ਮਿਲੀ ਕਿੱਥੋਂ, ਦੱਸ?"

ਮਿਨੀ ਨੇ ਕਿਹਾ, "ਕਾਬਲ ਵਾਲੇ ਨੇ ਦਿੱਤੀ ਹੈ।"

"ਕਾਬਲ ਵਾਲੇ ਤੋਂ ਤੂੰ ਅਠਿਆਨੀ ਲਈ ਕਿਉਂ, ਦੱਸ?"

ਮਿਨੀ ਨੇ ਰੋਂਦੇ ਹੋਏ ਕਿਹਾ, "ਮੈਂ ਮੰਗੀ ਨਹੀਂ ਸੀ, ਉਸਨੇ ਆਪ ਹੀ ਦਿੱਤੀ ਹੈ।"

ਮੈਂ ਜਾਕੇ ਮਿਨੀ ਦੀ ਉਸ ਮੁਸੀਬਤ ਤੋਂ ਬਚਾਓ ਕੀਤਾ, ਅਤੇ ਉਸਨੂੰ ਬਾਹਰ ਲੈ ਆਇਆ।

ਪਤਾ ਲੱਗਿਆ ਕਿ ਕਾਬਲੀ ਦੇ ਨਾਲ ਮਿਨੀ ਦੀ ਇਹ ਦੂਜੀ ਹੀ ਮੁਲਾਕਾਤ ਨਹੀਂ ਸੀ। ਇਸ ਦੌਰਾਨ ਉਹ ਰੋਜ਼ ਆਉਂਦਾ ਰਿਹਾ ਹੈ ਅਤੇ ਪਿਸਤਾ-ਬਦਾਮ ਦੀ ਰਿਸ਼ਵਤ ਦੇ ਦੇ ਕੇ ਮਿਨੀ ਦੇ ਬਾਲ ਮਨ `ਤੇ ਕਾਫ਼ੀ ਅਧਿਕਾਰ ਕਰ ਲਿਆ ਹੈ।

ਦੋਨਾਂ ਵਿੱਚ ਬਹੁਤ ਗੱਲਾਂ ਹੁੰਦੀਆਂ ਅਤੇ ਉਹ ਖ਼ੂਬ ਹੱਸਦੇ। ਰਹਿਮਤ ਕਾਬਲੀ ਨੂੰ ਵੇਖਦੇ ਹੀ ਮੇਰੀ ਧੀ ਹੱਸਦੀ ਹੋਈ ਪੁੱਛਦੀ, "ਕਾਬੁਲੀਵਾਲੇ, ਓ ਕਾਬੁਲੀਵਾਲੇ! ਤੇਰੇ ਝੋਲੇ ਵਿੱਚ ਕੀ ਹੈ?" ਰਹਿਮਤ ਹਸਦਾ ਹੋਇਆ ਇੱਕ ਵਿਅਰਥ ਟਿੱਪੀ ਵਿੱਚ ਫਸਾ ਕੇ ਹੱਸਦਾ ਹੋਇਆ ਕਹਿੰਦਾ, "ਹਾੰਥੀ"। ਯਾਨੀ ਉਸਦੇ ਝੋਲੇ ਵਿੱਚ ਹਾਥੀ ਹੈ। ਲਤੀਫ਼ਾ ਤਾਂ ਖੈਰ ਕੋਈ ਖ਼ਾਸ ਨਹੀਂ ਸੀ ਪਰ ਇਸ ਨਾਲ ਉਹ ਦੋਨੋਂ ਦੋਸਤ ਹੱਸ ਹੱਸ ਕੇ ਦੂਹਰੇ ਹੋ ਜਾਂਦੇ। ਅਤੇ ਛੋਟੀ ਬੱਚੀ ਅਤੇ ਵੱਡੀ ਉਮਰ ਦੇ ਆਦਮੀ ਦੀ ਦੋਸਤੀ, ਪਤਝੜ ਦੀਆਂ ਇਨ੍ਹਾਂ ਸਵੇਰਿਆਂ ਵਿੱਚ ਇਹ ਭੋਲੀ ਖੁਸ਼ੀ ਮੈਨੂੰ ਬਹੁਤ ਪ੍ਰਭਾਵਿਤ ਕਰਦੀ।

ਜਦੋਂ ਵੀ ਉਹ ਮਿਲਦੇ, ਤਾਂ ਉਨ੍ਹਾਂ ਦੇ ਦਰਮਿਆਨ ਇੱਕ ਹੋਰ ਮਜ਼ਾਕ ਜੋ ਹੁੰਦਾ ਉਹ ਇਵੇਂ ਸੀ ਕਿ ਰਹਮਤ ਆਪਣੇ ਭਾਰੀ ਲਹਿਜੇ ਵਿੱਚ ਕਹਿੰਦਾ, "ਬੱਚੀ, ਤੂੰ ਆਪਣੇ ਸਹੁਰੇ-ਘਰ ਕਦੇ ਮਤ ਜਾਣਾ।"

ਬੰਗਾਲੀ ਲੜਕੀਆਂ ਤਕਰੀਬਨ ਜਨਮ ਤੋਂ ਹੀ ਲਫ਼ਜ਼ ਸਹੁਰਾ-ਘਰ ਤੋਂ ਸੁਚੇਤ ਹੁੰਦੀਆਂ ਹਨ। ਪਰ ਜ਼ਰਾ ਪ੍ਰਗਤੀਸ਼ੀਲ ਹੋਣ ਦੇ ਸਬੱਬ ਅਸੀਂ ਆਪਣੀ ਬੱਚੀ ਦੇ ਦਿਮਾਗ਼ ਉੱਤੇ, ਛੋਟੀ ਉਮਰ ਵਿੱਚ ਹੀ ਇਨ੍ਹਾ ਭਾਰੀ ਸੋਚਾਂ ਦਾ ਬੋਝ ਨਹੀਂ ਪਾਇਆ ਸੀ। ਇਸ ਲਈ ਰਹਿਮਤ ਦੇ ਇਹ ਸਲਾਹ ਮੁਨੀ ਨੂੰ ਕਦੇ ਸਮਝ ਨਹੀਂ ਆਉਂਦੀ ਸੀ। ਪਰ ਕਿਸੇ ਗੱਲ ਉੱਤੇ ਚੁੱਪ ਰਹਿਣਾ ਅਤੇ ਜਵਾਬ ਨਾ ਦੇਣਾ ਵੀ ਉਸ ਦੇ ਸੁਭਾ ਵਿੱਚ ਸ਼ਾਮਿਲ ਨਹੀਂ ਸੀ, ਇਸ ਲਈ ਉਹ ਇਸ ਸਲਾਹ ਨੂੰ ਇੱਕ ਸਵਾਲ ਵਿੱਚ ਢਾਲ ਕਰ ਉਸ ਨੂੰ ਮੋੜ ਦਿੰਦੀ:

"ਤੁਸੀਂ ਜਾਓਗੇ ਆਪਣੇ ਸਹੁਰਾ-ਘਰ?"

ਰਹਿਮਤ ਆਪਣੇ ਕਾਲਪਨਿਕ ਸਹੁਰੇ ਨੂੰ ਨਿਸ਼ਾਨਾ ਮਿੱਥ ਘਸੁੰਨ ਤਾਣ ਕੇ ਕਹਿੰਦਾ, "ਹਮ ਸਸੁਰ ਕੋ ਮਾਰੇਗਾ।"

ਉਹ ਅਗਿਆਤ ਪ੍ਰਾਣੀ ਜਿਸਨੂੰ ਸਹੁਰਾ ਕਹਿੰਦੇ ਹਨ, ਉਸ ਦੀ ਦੁਰਦਸ਼ਾ ਬਾਰੇ ਸੋਚ ਕੇ ਮਿਨੀ ਖ਼ੂਬ ਹੱਸਦੀ।

ਅਜੇ ਸਰਦੀਆਂ ਦੀ ਸ਼ੁਰੂਆਤ ਸੀ, ਸਾਲ ਦਾ ਉਹ ਹਿੱਸਾ ਜਦੋਂ ਪੁਰਾਣੇ ਜ਼ਮਾਨੇ ਵਿੱਚ ਬਾਦਸ਼ਾਹ ਜਿੱਤਾਂ ਹਾਸਲ ਕਰਨ ਲਈ ਨਿਕਲਿਆ ਕਰਦੇ ਸਨ। ਖ਼ੁਦ ਮੈਂ ਤਾਂ ਕਦੇ ਕਲਕੱਤਾ ਤੋਂ ਵੀ ਬਾਹਰ ਨਹੀਂ ਨਿਕਲਿਆ, ਪਰ ਮੇਰਾ ਦਿਮਾਗ਼ ਹਰ ਵਕਤ ਦੁਨੀਆਂ ਭਰ ਦੀ ਸੈਰ ਕਰਦਾ ਰਹਿੰਦਾ ਹੈ। ਭਾਵ ਮੈਂ ਆਪਣੇ ਹੀ ਘਰ ਵਿੱਚ ਜਲਾਵਤਨ ਹਾਂ, ਕਿਉਂ ਕਿ ਮੇਰਾ ਦਿਮਾਗ਼ ਦੂਜੀਆਂ ਥਾਵਾਂ ਦੇ ਦੌਰੇ ਉੱਤੇ ਰਹਿੰਦਾ ਹੈ। ਜਿਵੇਂ ਹੀ ਮੈਂ ਕਿਸੇ ਦੂਸਰੇ ਦੇਸ਼ ਦਾ ਨਾਮ ਸੁਣਦਾ ਹਾਂ ਤਾਂ ਫ਼ੌਰਨ ਮੇਰਾ ਦਿਮਾਗ਼ ਉਨ੍ਹਾਂ ਥਾਵਾਂ ਦੀ ਸੈਰ ਲਈ ਕਾਹਲਾ ਪਾਈ ਜਾਂਦਾ ਹੈ। ਇਸ ਤਰ੍ਹਾਂ ਕਿਸੇ ਵਿਦੇਸ਼ੀ ਨੂੰ ਵੇਖ ਲਵਾਂ ਤਾਂ ਮੇਰੇ ਖ਼ਿਆਲਾਂ ਵਿੱਚ ਦਰਿਆ ਦੇ ਕੰਢਾ, ਜੰਗਲ ਦੇ ਵਿੱਚਕਾਰ, ਇੱਕੰਤ ਵਿੱਚ ਇੱਕ ਝੁੱਗੀ ਦੇ ਨਕਸ਼ ਉੱਭਰ ਆਉਂਦੇ ਹਨ, ਅਤੇ ਮੈਂ ਇੱਕ ਖ਼ੁਦਮੁਖਤਾਰ, ਖ਼ੁਸ਼ੀਆਂ ਭਰੀ ਜ਼ਿੰਦਗੀ ਬਾਰੇ ਸੋਚਣ ਲੱਗਦਾ ਹਾਂ।

ਪਰ ਫਿਰ ਮੈ ਏਨਾ ਸੁਸਤ ਹਾਂ ਕਿ ਆਪਣੀ ਛੋਟੀ ਜਿਹੀ ਦੁਨੀਆ ਤੋਂ ਬਾਹਰ ਨਿਕਲਣ ਦਾ ਸੋਚ ਕੇ ਹੀ ਮੈਨੂੰ ਹੌਲ ਪੈਣ ਲੱਗਦਾ ਹੈ। ਇਸ ਲਈ ਮੈਂ ਆਪਣੀ ਸਫ਼ਰ ਦੀ ਚਾਹਨਾ ਦੀ ਸ਼ਿੱਦਤ ਵਿੱਚ ਕਮੀ ਦੀ ਖਾਤਰ, ਛੋਟੇ ਜਿਹੇ ਕਮਰੇ ਵਿੱਚ ਇੱਕ ਮੇਜ਼ ਦੇ ਸਾਹਮਣੇ ਬੈਠ ਕੇ ਇਸ ਕਾਬਲ ਦੇ ਸ਼ਹਿਰੀ ਨਾਲ ਗੱਲਾਂ ਕਰਨ ਲੱਗਦਾ। ਕਾਬੁਲੀਵਾਲਾ ਆਪਣੀ ਟੁੱਟੀ ਫੁੱਟੀ ਬੰਗਾਲੀ ਵਿੱਚ ਆਪਣੇ ਵਤਨ ਦੀਆਂ ਕਹਾਣੀਆਂ ਸੁਣਾਉਂਦਾ ਅਤੇ ਮੇਰੀਆਂ ਨਜ਼ਰਾਂ ਦੇ ਸਾਹਮਣੇ ਇੱਕ ਦ੍ਰਿਸ਼ ਸਾਕਾਰ ਹੋਣ ਲੱਗਦਾ: ਦੋਨਾਂ ਪਾਸੇ ਉੱਚੇ-ਨੀਵੇਂ, ਲਾਲ-ਲਾਲ ਉੱਚੇ ਦੁਰਗਮ ਪਹਾੜ ਹਨ ਅਤੇ ਰੇਗਿਸਤਾਨੀ ਰਸਤੇ, ਉਨ੍ਹਾਂ ਉੱਤੇ ਲੱਦੇ ਹੋਏ ਊਠਾਂ ਦੇ ਕਾਫ਼ਲੇ ਜਾ ਰਹੇ ਹਨ। ਉੱਚੇ ਉੱਚੇ ਸਾਫੇ ਬੰਨ੍ਹੇ ਹੋਏ ਸੌਦਾਗਰ ਅਤੇ ਮੁਸਾਫਰ ਕੁੱਝ ਊਠ ਸਵਾਰ ਹਨ ਤਾਂ ਕੁੱਝ ਪੈਦਲ ਹੀ ਜਾ ਰਹੇ ਹਨ। ਕਿਸੇ ਦੇ ਹੱਥਾਂ ਵਿੱਚ ਬਰਛਾ ਹੈ, ਤਾਂ ਕਿਸੇ ਨੇ ਬਾਬਾ ਆਦਮ ਦੇ ਜ਼ਮਾਨੇ ਦੀ ਪੁਰਾਣੀ ਬੰਦੂਕ ਫੜੀ ਹੋਈ ਹੈ। ਬੱਦਲਾਂ ਦੀ ਭਿਆਨਕ ਗਰਜਨ ਦੇ ਅਵਾਜ਼ ਵਿੱਚ ਕਾਬਲੀ ਆਪਣੇ ਮਿਲੀ-ਜੁਲੀ ਭਾਸ਼ਾ ਵਿੱਚ ਆਪਣੇ ਦੇਸ਼ ਦੀਆਂ ਗੱਲਾਂ ਸੁਣਾਉਂਦਾ ਹੈ ਅਤੇ ਮੇਰੀਆਂ ਅੱਖਾਂ ਅੱਗੇ ਇਹ ਤਸਵੀਰ ਬਣ ਰਹੀ ਹੈ।

ਮਿਨੀ ਦੀ ਮਾਂ ਫ਼ਿਤਰਤ ਤੋਂ ਹੀ ਡਰਪੋਕ ਹੈ। ਜਦੋਂ ਵੀ ਬਾਹਰ ਸੜਕ ਤੋਂ ਕੋਈ ਅਵਾਜ਼ ਉਠਦੀ ਤਾਂ ਉਹ ਇਹੀ ਸੋਚਦੀ ਕਿ ਦੁਨੀਆਂ -ਭਰ ਦੇ ਅਵਾਰਾਗਰਦ ਇਸ ਦੇ ਘਰ ਵੱਲ ਆ ਰਹੇ ਹਨ। ਇਸ ਦੁਨੀਆ ਵਿੱਚ ਇੰਨੇ ਸਾਲ ਬਿਤਾਉਣ ਦੇ ਬਾਅਦ (ਭਾਵੇਂ ਇਹ ਇੰਨੇ ਜ਼ਿਆਦਾ ਵੀ ਨਹੀਂ ਹਨ) ਉਹ ਅਜੇ ਵੀ ਇਸ ਖੌਫ਼ ਉੱਤੇ ਕਾਬੂ ਨਹੀਂ ਪਾ ਸਕੀ ਕਿ ਇਹ ਦੁਨੀਆ ਵੱਡੇ ਖਤਰਿਆਂ ਨਾਲ ਭਰਪੂਰ ਹੈ, ਜਿਵੇਂ ਚੋਰ, ਡਾਕੂ, ਸ਼ਰਾਬੀ, ਸੱਪ, ਚੀਤੇ, ਮਲੇਰੀਆ, ਕਾਕਰੋਚ ਅਤੇ ਅੰਗਰੇਜ਼।

ਰਹਿਮਤ ਕਾਬੁਲੀਵਾਲਾ, ਉਸ ਦੇ ਸ਼ੰਕਿਆਂ ਦੇ ਘੇਰੇ ਤੋਂ ਬਾਹਰ ਨਹੀਂ ਸੀ। ਅਤੇ ਉਹ ਮੈਨੂੰ ਤੰਗ ਕਰਦੀ ਰਹਿੰਦੀ ਕਿ ਇਸ ਉੱਤੇ ਨਜ਼ਰ ਰਖਾਂ। ਮੈਂ ਜਦੋਂ ਵੀ ਉਸ ਦੇ ਸ਼ੰਕਿਆਂ ਨੂੰ ਨਜ਼ਰਅੰਦਾਜ ਕਰਦਾ ਤਾਂ ਉਸ ਦੇ ਕੋਲ ਕੁਝ ਬਹੁਤ ਤਿੱਖੇ ਸਵਾਲ ਹੁੰਦੇ ਕਿ ਕੀ ਬੱਚੇ ਅਗਵਾ ਨਹੀਂ ਹੁੰਦੇ, ਕੀ ਅਫ਼ਗਾਨਿਸਤਾਨ ਵਿੱਚ ਹੁਣ ਵੀ ਗ਼ੁਲਾਮਾਂ ਦੀ ਤਿਜਾਰਤ ਨਹੀਂ ਹੁੰਦੀ, ਕੀ ਇੱਕ ਲੰਬੇ ਤਕੜੇ ਅਫ਼ਗ਼ਾਨ ਲਈ ਇੱਕ ਛੋਟੀ ਜਿਹੀ ਬੱਚੀ ਨੂੰ ਅਗਵਾ ਕਰ ਲੈਣਾ ਅਸੰਭਵ ਹੈ?

ਮੈਨੂੰ ਮੰਨਣਾ ਪੈਂਦਾ ਕਿ ਇਹ ਅਸੰਭਵ ਨਹੀਂ ਪਰ ਮੇਰਾ ਮਨ ਨਹੀਂ ਮੰਨਦਾ ਸੀ। ਪਰ ਹਰ ਸ਼ਖਸ ਦਾ ਭਰੋਸੇ ਦਾ ਪੱਧਰ ਵੱਖ ਵੱਖ ਹੁੰਦਾ ਹੈ। ਤਾਂ ਮੇਰੀ ਪਤਨੀ ਉਸ ਤੇ ਸ਼ੰਕਾ ਕਰਦੀ ਰਹੀ। ਪਰ ਮੈਂ ਰਹਿਮਤ ਨੂੰ ਘਰ ਆਉਣੋਂ ਵੀ ਨਹੀਂ ਰੋਕ ਸਕਦਾ ਸੀ ਕਿਉਂਕਿ ਉਸ ਦਾ ਕੋਈ ਕਸੂਰ ਨਹੀਂ ਸੀ।

ਹਰ ਸਾਲ ਮਾਘ ਦੇ ਮਹੀਨੇ ਦੇ ਅੱਧ ਵਿੱਚ ਰਹਿਮਤ ਆਪਣੇ ਘਰ ਵਾਲਿਆਂ ਨੂੰ ਮਿਲਣ ਵਤਨ ਵਾਪਸ ਜਾਂਦਾ। ਵਤਨ ਵਾਪਸੀ ਤੋਂ ਪਹਿਲਾਂ ਉਹ ਆਪਣੀਆਂ ਸਾਮੀਆਂ ਤੋਂ ਵਸੂਲੀ ਕਰਦਾ। ਰਕਮ ਦੀ ਵਸੂਲੀ ਲਈ ਘਰ-ਘਰ ਫਿਰਦਾ, ਪਰ ਫਿਰ ਵੀ ਮਿਨੀ ਨੂੰ ਮਿਲਣ ਦਾ ਸਮਾਂ ਕੱਢ ਲੈਂਦਾ। ਅਜਿਹਾ ਲੱਗਦਾ ਸੀ ਜਿਵੇਂ ਉਹ ਦੋਨੋਂ ਕਿਸੇ ਸ਼ਰਾਰਤ ਵਿੱਚ ਸ਼ਰੀਕ ਹੋਣ। ਜਿਸ ਰੋਜ਼ ਉਹ ਸਵੇਰੇ ਨਾ ਆ ਸਕਦਾ, ਸ਼ਾਮ ਨੂੰ ਆ ਜਾਂਦਾ।

ਇਸ ਲੰਬੇ ਤਕੜੇ ਅਫ਼ਗ਼ਾਨ ਨੂੰ ਸ਼ਾਮ ਦੇ ਘੁਸਮੁਸੇ ਵਿੱਚ ਢਿਲਾ ਖੁੱਲ੍ਹਾ ਲਿਬਾਸ ਪਹਿਨ, ਝੋਲਾ ਲਟਕਾਈ ਘਰ ਦੇ ਇੱਕ ਕੋਨੇ ਵਿੱਚ ਬੈਠੇ ਵੇਖਦਾ ਤਾਂ ਇੱਕ ਪਲ ਲਈ ਮੇਰਾ ਜ਼ਿਹਨ ਡਰ ਨਾਲ ਰੰਗਿਆ ਜਾਂਦਾ। ਪਰ ਫਿਰ ਮੈਂ ਮਿਨੀ ਨੂੰ ਘਰੋਂ ਨਿਕਲ ‘ਓ ਕਾਬੁਲੀਵਾਲਾ, ਓ ਕਾਬੁਲੀਵਾਲਾ’ ਕਹਿ ਕੇ ਉਸ ਨੂੰ ਖੁਸ਼ੀ ਖੁਸ਼ੀ ਪੁਕਾਰਦੇ ਵੇਖਦਾ, ਉਮਰਾਂ ਦੇ ਫ਼ਰਕ ਦੇ ਬਾਵਜੂਦ, ਉਨ੍ਹਾਂ ਦੀ ਉਹੀ ਸਰਲ ਸਾਡੀ ਦਿਲਲਗੀ ਅਤੇ ਭੋਲੇ ਭਲੇ ਠਹਾਕੇ ਸੁਣਦਾ ਤਾਂ ਮੇਰਾ ਦਿਲ ਖਿੜ ਜਾਂਦਾ

ਇੱਕ ਦਿਨ ਸਵੇਰੇ ਮੈਂ ਆਪਣੇ ਕਮਰੇ ਵਿੱਚ ਬੈਠਾ ਕੁੱਝ ਪ੍ਰਫੂ ਪੜ੍ਹ ਰਿਹਾ ਸੀ। ਉਂਜ ਇਹ ਸਰਦੀਆਂ ਦਾ ਅੰਤ ਹੀ ਸੀ ਪਰ ਜਾਂਦੇ-ਜਾਂਦੇ ਵੀ ਬੀਤੇ ਕੁਝ ਦਿਨਾਂ ਤੋਂ ਠੰਡ ਨੇ ਫਿਰ ਜ਼ੋਰ ਫੜ ਲਿਆ ਸੀ। ਸਰਦੀ ਬਰਦਾਸ਼ਤ ਤੋਂ ਬਾਹਰ ਸੀ। ਮੈਂ ਸਵੇਰ ਦੀ ਧੁੱਪ ਦੇ ਉਸ ਟੋਟੇ ਦਾ ਅਨੰਦ ਲੈ ਰਿਹਾ ਸੀ ਜੋ ਖਿੜਕੀ ਦੇ ਸ਼ੀਸ਼ੇ ਵਿੱਚ ਦੀ ਲੰਘ ਕੇ ਮੇਜ਼ ਦੇ ਹੇਠਾਂ ਮੇਰੇ ਪੈਰਾਂ ਤੇ ਪੈ ਰਹੀ ਸੀ। ਸਵੇਰ ਦੇ ਅੱਠ ਵਜੇ ਸਨ ਅਤੇ ਬਹੁਤੇ ਲੋਕ ਸਵੇਰ ਦੀ ਸੈਰ ਖ਼ਤਮ ਕਰਕੇ ਆਪਣੀ ਗਰਦਨਾਂ ਦੁਆਲੇ ਸਕਾਰਫ਼ ਲਪੇਟੇ, ਘਰਾਂ ਨੂੰ ਪਰਤ ਚੁੱਕੇ ਸਨ। ਐਨ ਏਸ ਵਕ਼ਤ ਮੈਂ ਬਾਹਰ ਸੜਕ ਉੱਤੇ ਕੁੱਝ ਰੌਲਾ ਸੁਣਿਆ।

ਹੇਠਾਂ ਵੇਖਿਆ ਤਾਂ ਸਾਡਾ ਰਹਿਮਤ ਹੱਥਕੜੀਆਂ ਪਹਿਨੇ, ਦੋ ਪੁਲਿਸ ਵਾਲਿਆਂ ਦੀ ਹਿਰਾਸਤ ਵਿੱਚ ਜਾ ਰਿਹਾ ਸੀ, ਅਤੇ ਮੁਹੱਲੇ ਦੇ ਮੁੰਡਿਆਂ ਦੀ ਇੱਕ ਵੱਡੀ ਗਿਣਤੀ ਉਨ੍ਹਾਂ ਦੇ ਪਿੱਛੇ ਚੱਲ ਰਹੀ ਸੀ। ਰਹਿਮਤ ਦੇ ਕੱਪੜਿਆਂ ਉੱਤੇ ਖ਼ੂਨ ਦੇ ਧੱਬੇ ਸਨ ਅਤੇ ਇੱਕ ਪੁਲਿਸ ਵਾਲੇ ਦੇ ਹੱਥ ਵਿੱਚ ਖ਼ੂਨ ਨਾਲ ਲਿੱਬੜੀ ਛੁਰੀ। ਮੈਂ ਬਾਹਰ ਨਿਕਲ ਕੇ ਇੱਕ ਪੁਲਿਸ ਵਾਲੇ ਨੂੰ ਰੋਕਿਆ ਅਤੇ ਜਾਨਣਾ ਚਾਹਿਆ ਕਿ ਇਹ ਸਭ ਕੀ ਹੋ ਰਿਹਾ ਹੈ।

ਰਹਿਮਤ ਅਤੇ ਪੁਲਿਸ ਵਾਲਿਆਂ ਦੇ ਦੱਸਣ ਤੋਂ ਮੈਂ ਇਹ ਸਮਝ ਸਕਿਆ ਕਿ ਸਾਡੇ ਗੁਆਂਢ ਵਿੱਚ ਕਿਸੇ ਸ਼ਖਸ ਨੇ ਰਹਿਮਤ ਤੋਂ ਰਾਮਪੁਰੀ ਸ਼ਾਲ ਉਧਾਰ ਲਈ ਸੀ। ਜਦੋਂ ਉਹ ਸ਼ਖਸ ਇਸ ਗੱਲੋਂ ਕੋਰਾ ਮੁੱਕਰ ਗਿਆ ਤਾਂ ਉਨ੍ਹਾਂ ਦੋਨਾਂ ਵਿੱਚ ਤਲਖ਼ੀ ਹੋ ਗਈ। ਇਸ ਗਰਮਾਗਰਮੀ ਵਿੱਚ ਰਹਿਮਤ ਨੇ ਚਾਕੂ ਕੱਢ ਕੇ ਉਸ ਆਦਮੀ ਦੇ ਘੋਪ ਦਿੱਤਾ। ਰਹਿਮਤ ਉਸ ਬੇਈਮਾਨ ਸ਼ਖਸ ਨੂੰ ਕਿਸੇ ਅਜਨਬੀ ਜ਼ਬਾਨ ਵਿੱਚ ਗਾਲਾਂ ਕੱਢ ਰਿਹਾ ਸੀ ਕਿ ਮਿਨੀ ਘਰੋਂ ਭੱਜੀ ਭੱਜੀ ਆਈ, ‘ਕਾਬੁਲੀਵਾਲਾ, ਕਾਬੁਲੀਵਾਲਾ।’

ਇੱਕਦਮ ਰਹਿਮਤ ਦੇ ਚਿਹਰੇ ਉੱਤੇ ਖੁਸ਼ੀ ਬਿਖਰ ਗਈ। ਕਿਉਂਕਿ ਉਸ ਦਿਨ ਉਸ ਦੇ ਮੋਢੇ ਉੱਤੇ ਥੈਲਾ ਨਹੀਂ ਸੀ, ਇਸ ਲਈ ਉਨ੍ਹਾਂ ਵਿੱਚ ਰਿਵਾਇਤੀ ਵਾਕਾਂ ਦਾ ਤਬਾਦਲਾ ਨਹੀਂ ਹੋ ਸਕਿਆ, ਪਰ ਮੁਨੀ ਨੇ ਸਹਿਜ-ਸੁਭਾ ਉਸ ਨੂੰ ਸਵਾਲ ਕਰ ਲਿਆ:

"ਕੀ ਤੁਸੀਂ ਆਪਣੇ ਸਹੁਰਾ-ਘਰ ਜਾ ਰਹੇ ਹੋ?"

"ਬਿਲਕੁਲ ਸਹੁਰਾ-ਘਰ ਹੀ ਜਾ ਰਿਹਾ ਹਾਂ,” ਰਹਿਮਤ ਨੇ ਠਹਾਕਾ ਮਾਰ ਕੇ ਜਵਾਬ ਦਿੱਤਾ।


ਜਦੋਂ ਉਸਨੇ ਵੇਖਿਆ ਕਿ ਮਿਨੀ ਨੂੰ ਉਸ ਦੇ ਜਵਾਬ ਵਿੱਚ ਕੋਈ ਮਜ਼ਾਕੀਆ ਪਹਿਲੂ ਨਜ਼ਰ ਨਹੀਂ ਆਇਆ, ਤਾਂ ਉਸਨੇ ਆਪਣੀਆਂ ਲੱਗੀਆਂ ਹਥਕੜੀਆਂ ਵੱਲ ਇਸ਼ਾਰਾ ਕਰਕੇ, ਆਪਣੇ ਖ਼ਾਸ ਲਹਿਜੇ ਵਿੱਚ ਟੁੱਟੀ ਫੁੱਟੀ ਬੰਗਾਲੀ ਵਿੱਚ ਕਿਹਾ, “ਮੈਂ ਬੁਢੇ ਸਹੁਰੇ ਦੀ ਮਾਰ ਕੁੱਟ ਕਰ ਦਿੰਦਾ, ਪਰ ਕੀ ਕਰਾਂ ਮੇਰੇ ਹੱਥ ਬੱਝੇ ਹਨ!”

ਰਹਿਮਤ ਨੂੰ ਘਾਤਕ ਹਮਲੇ ਦੇ ਜੁਰਮ ਵਿੱਚ ਕਈ ਸਾਲਾਂ ਲਈ ਜੇਲ੍ਹ ਭੇਜ ਦਿੱਤਾ ਗਿਆ।

ਅਸੀਂ ਉਸਨੂੰ ਭੁੱਲ ਹੀ ਚੁੱਕੇ ਸੀ। ਆਪਣੀ ਚਾਰ-ਦੀਵਾਰੀ ਦੇ ਵਿੱਚ ਦਿਨ ਰਾਤ ਨਿੱਤਕਰਮ ਵਿੱਚ ਉਲਝੇ ਕਦੇ ਇਹ ਖਿਆਲ ਵੀ ਨਾ ਆਇਆ ਕਿ ਪਹਾੜੀ ਇਲਾਕਿਆਂ ਦਾ ਉਹ ਅਜ਼ਾਦੀ-ਪਸੰਦ ਆਦਮੀ, ਜੇਲ੍ਹ ਦੀਆਂ ਬੰਦ ਦੀਵਾਰਾਂ ਦੇ ਪਿੱਛੇ ਕਿਵੇਂ ਆਪਣੇ ਮਹੀਨੇ ਤੇ ਸਾਲ ਬਿਤਾ ਰਿਹਾ ਹੋਵੇਗਾ। ਅਤੇ ਜਿਸ ਤਰ੍ਹਾਂ ਮਿਨੀ ਦੇ ਹਰਜਾਈ ਦਿਲ ਨੇ ਰੰਗ ਬਦਲਿਆ ਉਸ ਤੋਂ ਤਾਂ ਉਸ ਦਾ ਬਾਪ ਵੀ ਸ਼ਰਮਿੰਦਾ ਹੋ ਗਿਆ। ਉਹ ਬੜੀ ਸੌਖ ਨਾ’ ਆਪਣੇ ਪੁਰਾਣੇ ਦੋਸਤ ਨੂੰ ਭੁਲਾ ਕੇ ਇੱਕ ਨਵਾਂ ਦੋਸਤ ਬਣਾ ਬੈਠੀ, ਸਾਡਾ ਸਾਈਸ ਨਬੀ। ਫਿਰ ਜਿਵੇਂ ਉਹ ਵੱਡੀ ਹੁੰਦੀ ਗਈ, ਉਸਨੇ ਆਪਣੇ ਸਾਰੇ ਵੱਡੀ ਉਮਰ ਦੇ ਮਰਦ ਦੋਸਤਾਂ ਦੀ ਜਗ੍ਹਾ, ਇੱਕ ਇੱਕ ਕਰੇ ਆਪਣੀਆਂ ਹਾਨਣਾਂ ਨਾਲ ਦੋਸਤੀ ਕਰ ਲਈ। ਹੁਣ ਉਹ ਆਪਣੇ ਬਾਪ ਦੀ ਬੈਠਕ ਵਿੱਚ ਵੀ ਘੱਟ ਹੀ ਨਜ਼ਰ ਆਉਂਦੀ। ਇੱਕ ਤਰ੍ਹਾਂ ਮੈਂ ਉਸ ਦੀ ਦੋਸਤੀ ਗੁਆ ਬੈਠਾ ਸੀ।

ਕਈ ਸਾਲ ਗੁਜ਼ਰ ਗਏ। ਹੁਣ ਫਿਰ ਪਤਝੜ ਦਾ ਮੌਸਮ ਸੀ। ਮਿਨੀ ਲਈ ਵਰ ਦੀ ਚੋਣ ਹੋ ਚੁੱਕੀ ਸੀ। ਪੂਜਾ ਦੀਆਂ ਛੁੱਟੀਆਂ ਵਿੱਚ ਉਸ ਦੇ ਵਿਆਹ ਦੀ ਤਾਰੀਖ ਮਿਥੀ ਗਈ ਸੀ। ਦੁਰਗਾ ਦੇ ਕੈਲਾਸ ਪਰਤ ਜਾਣ ਨਾਲ ਸਾਡੇ ਘਰ ਦੀ ਰੋਸ਼ਨੀ ਸਾਨੂੰ ਪਿੱਛੇ ਹਨੇਰੇ ਵਿੱਚ ਛੱਡਕੇ ਆਪਣੇ ਸਹੁਰੇ-ਘਰ ਚਲੀ ਜਾਵੇਗੀ।

ਪਸਰੀ ਹੋਈ ਧੁੱਪ ਨਾਲ ਸਵੇਰ ਚਮਕ ਰਹੀ ਸੀ। ਪਤਝੜ ਦੇ ਸ਼ੁਰੂ ਵਿੱਚ ਮੀਂਹ ਨਾਲ ਧੋਤੀ ਧੋਤੀ ਹਵਾ ਵਿੱਚ ਧੁੱਪ ਸੁਨਹਿਰੀ ਰੰਗ ਦੀ ਹੋ ਗਈ ਸੀ। ਉਸ ਦੇ ਨੂਰੀ ਸ਼ੌਕ ਨਾਲ ਅੰਦਰੂਨੀ ਕਲਕੱਤੇ ਦੀਆਂ ਪੁਰਾਣੀਆਂ ਗਲੀਆਂ ਦੇ ਟੁੱਟੇ ਫੁੱਟੇ ਇੱਟ-ਚੂਨੇ ਦੇ ਘਰ ਵੀ ਖ਼ੂਬਸੂਰਤ ਲੱਗ ਰਹੇ ਸਨ। ਸੂਰਜ ਨਿਕਲਣ ਤੋਂ ਪਹਿਲਾਂ ਹੀ ਘਰ ਵਿੱਚ ਬਾਜੇ ਵੱਜਣ ਲੱਗੇ ਸਨ। ਲੱਗ ਰਿਹਾ ਸੀ ਜਿਵੇਂ ਪੀਪਣੀਆਂ ਦਾ ਹਰ ਸੁਰ ਮੇਰੀਆਂ ਪਸਲੀਆਂ ਨੂੰ ਛੇੜ ਜਾਂਦਾ ਸੀ। ਕਰੁਣ ਭੈਰਵੀ ਰਾਗਨੀ ਹੋਣ ਜਾ ਰਹੀ ਜੁਦਾਈ ਦੇ ਦੁੱਖ ਨੂੰ ਤਿੱਖਾ ਕਰ ਰਹੀ ਸੀ। ਅੱਜ ਮਿਨੀ ਦਾ ਵਿਆਹ ਸੀ

ਘਰ ਵਿੱਚ ਮਹਿਮਾਨਾਂ ਦੇ ਆਉਣ-ਜਾਣ ਦਾ ਬਹੁਤ ਸ਼ੋਰਸ਼ਰਾਬਾ ਸੀ। ਵਿਹੜੇ ਵਿੱਚ ਬਾਂਸ ਦੇ ਢਾਂਗਿਆਂ ਉੱਤੇ ਸ਼ਾਮਿਆਨੇ ਤਾਣੇ ਜਾ ਰਹੇ ਸਨ ਅਤੇ ਹਰ ਕਮਰੇ ਅਤੇ ਵਰਾਂਡੇ ਵਿੱਚ ਛਣਕਦੇ ਫ਼ਾਨੂਸ ਟੰਗੇ ਜਾ ਰਹੇ ਸਨ। ਇਸ ਹੰਗਾਮੇ ਦੀ ਕੋਈ ਇੰਤਹਾ ਨਹੀਂ ਸੀ।

ਮੈਂ ਆਪਣੀ ਸਟਡੀ ਵਿੱਚ ਬੈਠਾ ਵਿਆਹ ਦਾ ਹਿਸਾਬ ਕਿਤਾਬ ਵੇਖ ਰਿਹਾ ਸੀ ਕਿ ਅਚਾਨਕ ਕੋਈ ਕਮਰੇ ਵਿੱਚ ਦਾਖ਼ਲ ਹੋਇਆ ਅਤੇ ਸਲਾਮ ਕਰਕੇ ਇੱਕ ਪਾਸੇ ਖੜਾ ਹੋ ਗਿਆ। ਇਹ ਰਹਿਮਤ ਸੀ।

ਪਹਿਲਾਂ ਤਾਂ ਮੈਂ ਉਸਨੂੰ ਪਹਿਚਾਣ ਹੀ ਨਾ ਸਕਿਆ। ਉਸ ਕੋਲ ਨਾ ਉਸ ਦਾ ਝੋਲਾ ਸੀ, ਨਾ ਹੀ ਉਸ ਦੇ ਲੰਬੇ ਵਾਲ ਅਤੇ ਉਸ ਦਾ ਜੁੱਸਾ ਵੀ ਹੁਣ ਉਹ ਨਹੀਂ ਰਿਹਾ ਸੀ। ਆਖ਼ਰ ਮੈਂ ਉਸਨੂੰ ਉਸ ਦੀ ਮੁਸਕਰਾਹਟ ਤੋਂ ਸਿਆਣਿਆ।

“ਕਿਵੇਂ ਹੋ ਰਹਿਮਤ, ਕਦੋਂ ਵਾਪਸ ਆਏ?”

“ਮੈਨੂੰ ਜੇਲ੍ਹ ਤੋਂ ਕੱਲ੍ਹ ਰਾਤ ਹੀ ਰਿਹਾਈ ਮਿਲੀ ਹੈ,” ਉਸਨੇ ਜਵਾਬ ਦਿੱਤਾ।

ਉਸ ਦੇ ਸ਼ਬਦਾਂ ਨਾਲ ਮੈਨੂੰ ਇੱਕ ਝੱਟਕਾ ਲਗਾ। ਮੈਂ ਪਹਿਲਾਂ ਕਦੇ ਕਿਸੇ ਛੁਰੇਬਾਜ਼ ਨਾਲ ਗੱਲ ਨਹੀਂ ਕੀਤੀ ਸੀ, ਉਸ ਦਾ ਚਿਹਰਾ ਵੇਖਕੇ ਮੇਰੇ ਦਿਲ ਨੂੰ ਸਦਮਾ ਪਹੁੰਚਿਆ। ਮੇਰਾ ਜੀ ਕੀਤਾ ਕਿ ਇਸ ਮੁਬਾਰਕ ਦਿਨ ਉਹ ਮੇਰੇ ਘਰੋਂ ਫ਼ੌਰਨ ਚਲਾ ਜਾਵੇ। ’’ਅੱਜ ਸਾਡੇ ਘਰ ਵਿਆਹ ਹੈ, ਅਤੇ ਇਸ ਵੇਲੇ ਮੈਂ ਬਹੁਤ ਮਸਰੂਫ ਹਾਂ, ਬਿਹਤਰ ਹੈ ਕਿ ਇਸ ਵਕ਼ਤ ਤੂੰ ਚਲਾ ਜਾਵੇਂ,” ਮੈਂ ਬੋਲਿਆ।

ਇਹ ਸੁਣਕੇ ਉਹ ਜਾਣ ਲੱਗਾ, ਪਰ ਜਦੋਂ ਦਰਵਾਜ਼ੇ ਕੋਲੋਂ ਮੁੜ ਆਇਆ ਅਤੇ ਝਿਜਕਦਾ ਝਿਜਕਦਾ ਕਹਿਣ ਲੱਗਾ, “ਕੀ ਮੈਂ ਇੱਕ ਨਜ਼ਰ ਮਿਨੀ ਨੂੰ ਵੇਖ ਸਕਦਾ ਹਾਂ?” ਸ਼ਾਇਦ ਉਸ ਦੇ ਖ਼ਿਆਲਾਂ ਵਿੱਚ ਮਿਨੀ ਅਜੇ ਤੱਕ ਉਹੀ ਛੋਟੀ ਬੱਚੀ ਹੈ, ਅਤੇ ਬੀਤੇ ਦੀ ਤਰ੍ਹਾਂ ਹੀ ਭੱਜਦੀ ਹੋਈ ਅੰਦਰੋਂ ਬਾਹਰ ਆਵੇਗੀ, ‘ਕਾਬੁਲੀਵਾਲਾ, ਕਾਬੁਲੀਵਾਲਾ’ ਕਹਿ ਕੇ ਉਸ ਦਾ ਸਵਾਗਤ ਕਰੇਗੀ, ਕਿ ਉਨ੍ਹਾਂ ਦੀ ਖੁਸ਼ਖਿੜੀ ਖਲੰਦੜੀ ਦੁਨੀਆ ਬਦਲੀ ਨਹੀਂ ਸੀ। ਆਪਣੀ ਪੁਰਾਣੀ ਦੋਸਤੀ ਨੂੰ ਯਾਦ ਕਰਕੇ ਉਹ ਤਾਂ ਦਾਖਾਂ ਦਾ ਇੱਕ ਡਿੱਬਾ ਅਤੇ ਇੱਕ ਪੈਕੇਟ ਕਿਸ਼ਮਿਸ਼ ਵੀ ਲੈ ਆਇਆ ਸੀ, ਜੋ ਯਕੀਨਨ ਉਸਨੇ ਕਿਸੇ ਅਫ਼ਗ਼ਾਨ ਦੋਸਤ ਕੋਲੋਂ ਉਧਾਰ ਲਿਆ ਹੋਵੇਗਾ, ਕਿਉਂਕਿ ਉਸ ਦਾ ਆਪਣਾ ਆਮ ਵਾਲਾ ਝੋਲਾ ਤਾਂ ਉਸ ਕੋਲ ਹੈ ਨਹੀਂ ਸੀ।

’’ਘਰ ਵਿੱਚ ਸ਼ਾਦੀ ਹੋ ਰਹੀ ਹੈ, ਇਸ ਵਕ਼ਤ ਕਿਸੇ ਨੂੰ ਮਿਲਣਾ ਮੁਮਕਿਨ ਨਹੀਂ,” ਮੈਂ ਇੱਕ ਵਾਰ ਫਿਰ ਕਿਹਾ।

ਉਹ ਕੁੱਝ ਦੁਖੀ ਜਿਹਾ ਹੋ ਗਿਆ ਅਤੇ ਮੇਰੇ ਉੱਤੇ ਨਜ਼ਰਾਂ ਜਮਾਏ, ਕੁੱਝ ਦੇਰ ਖ਼ਾਲੀ ਖ਼ਾਲੀ ਖੜਾ ਰਿਹਾ, ਫਿਰ ਅਚਾਨਕ ‘ਬਾਬੂ- ਸਲਾਮ’ ਕਹਿ ਕੇ ਨਿਕਲ ਗਿਆ। ਮੈਨੂੰ ਅਫ਼ਸੋਸ ਹੋਇਆ, ਸੋਚਿਆ ਅਵਾਜ਼ ਦੇਕੇ ਵਾਪਸ ਬੁਲਾ ਲਵਾਂ, ਕਿ ਐਨ ਉਸੇ ਵਕ਼ਤ ਮੈਂ ਉਸਨੂੰ ਮੁੜਦੇ ਵੇਖਿਆ। ਮੇਰੇ ਨਜ਼ਦੀਕ ਆਕੇ ਉਹ ਬੋਲਿਆ, “ਇਹ ਕਿਸ਼ਮਿਸ਼ ਅਤੇ ਬਦਾਮ ਮੈਂ ਛੋਟੀ ਬੱਚੀ ਲਈ ਲਿਆਇਆ ਸੀ, ਤੁਸੀਂ ਉਸਨੂੰ ਮੇਰੀ ਵਲੋਂ ਦੇ ਦੇਣਾ।”


ਮੈਂ ਮੇਵੇ ਉਸ ਕੋਲੋਂ ਲੈ ਕੇ ਚਾਹਿਆ ਕਿ ਉਸਨੂੰ ਕੁੱਝ ਪੈਸੇ ਦੇ ਦੇਵਾਂ, ਪਰ ਉਸਨੇ ਮੇਰਾ ਹੱਥ ਫੜ ਲਿਆ ਅਤੇ ਬੋਲਿਆ, “ਤੁਸੀਂ ਬੜੇ ਦਿਆਲੂ ਹੋ, ਬਾਬੂ ਜੀ। ਮੈਂਨੂੰ ਯਾਦ ਰੱਖਿਓ। ਪਰ ਇਨ੍ਹਾਂ ਮੇਵਿਆਂ ਦੇ ਪੀਸਾ ਨਾ ਦੇਵੋ। ਬਿਲਕੁਲ ਜਿਵੇਂ ਤੁਹਾਡੀ ਧੀ ਹੈ, ਇੰਜ ਹੀ ਮੇਰੀ ਵੀ ਇੱਕ ਧੀ ਹੈ। ਉਸ ਦੀ ਯਾਦ ਆਉਂਦੀ ਹੈ ਤਾਂ ਮੈਂ ਤੁਹਾਡੀ ਧੀ ਲਈ ਇਹ ਤੋਹਫ਼ਾ ਲੈ ਆਉਂਦਾ ਹਾਂ। ਮੈਂ ਇੱਥੇ ਕੋਈ ਸੌਦਾ ਵੇਚਣ ਨਹੀਂ ਆਉਂਦਾ।”

ਇਹ ਕਹਿ ਕੇ ਉਸਨੇ ਆਪਣੀ ਵੱਡੀ ਢਿੱਲੀ ਕਮੀਜ਼ ਵਿੱਚ ਹੱਥ ਪਾਇਆ ਅਤੇ ਸੀਨੇ ਦੇ ਕੋਲੋਂ ਇੱਕ ਮੁੜਿਆ ਤੁੜਿਆ ਕਾਗ਼ਜ਼ ਦਾ ਟੁਕੜਾ ਕੱਢਿਆ ਅਤੇ ਉਸਨੂੰ ਬੋਚ ਕੇ ਖੋਲ੍ਹਿਆ ਅਤੇ ਉਸਨੇ ਕਾਗ਼ਜ਼ ਮੇਜ਼ ਉੱਤੇ ਰੱਖ ਦਿੱਤਾ।

ਮੈਂ ਇਸ ਉੱਤੇ ਇੱਕ ਬਹੁਤ ਛੋਟੇ ਜਿਹੇ ਹੱਥ ਦਾ ਨਕਸ਼ ਬਣਿਆ ਵੇਖਿਆ। ਕੋਈ ਤਸਵੀਰ ਜਾਂ ਪੇਂਟਿੰਗ ਨਹੀਂ, ਸਗੋਂ ਕੋਇਲੇ ਨੂੰ ਹਥੇਲੀ ਉੱਤੇ ਮਲ਼ ਕੇ ਇੱਕ ਛੋਟੇ ਜਿਹੇ ਹੱਥ ਦਾ ਉਤਾਰਿਆ ਨਕਸ਼। ਹਰ ਸਾਲ ਰਹਿਮਤ ਆਪਣੀ ਧੀ ਦੀ ਇਸ ਨਿਸ਼ਾਨੀ ਨੂੰ ਹਿੱਕ ਨਾਲ ਲਾਈ ਕਲਕੱਤੇ ਦੀਆਂ ਗਲੀਆਂ ਵ ਆਪਣਾ ਮਾਲ ਵੇਚਣ ਲਈ ਆਉਂਦਾ।

ਜਿਵੇਂ ਇਸ ਛੋਟੇ ਜਿਹੇ ਹੱਥ ਦੀ ਛੋਹ, ਉਸ ਦੇ ਸੁੰਨੇ ਦਿਲ ਨੂੰ ਮੁਹੱਬਤ ਅਤੇ ਖੁਸ਼ੀਆਂ ਨਾਲ ਭਰ ਰਿਹਾ ਹੋਵੇ। ਕਾਗ਼ਜ਼ ਦੇ ਇਸ ਟੁਕੜੇ ਨੂੰ ਵੇਖਕੇ ਮੇਰੀਆਂ ਅੱਖਾਂ ਵਿੱਚ ਅੱਥਰੂ ਆ ਗਏ। ਹੁਣ ਮੈਨੂੰ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈ ਰਿਹਾ ਸੀ ਕਿ ਉਹ ਕਾਬਲ ਦਾ ਇੱਕ ਆਮ ਮੇਵੇਵਾਲਾ ਸੀ ਅਤੇ ਮੈਂ ਇੱਕ ਭੱਦਰ ਬੰਗਾਲੀ। ਇਸ ਪਲ ਮੈਨੂੰ ਅਹਿਸਾਸ ਹੋਇਆ ਕਿ ਸਾਡੇ ਦੋਨਾਂ ਵਿੱਚ ਕੋਈ ਫ਼ਰਕ ਨਹੀਂ। ਉਹ ਇੱਕ ਬਾਪ ਸੀ, ਅਤੇ ਮੈਂ ਵੀ ਇੱਕ ਬਾਪ। ਪਹਾੜਾਂ ਵਿੱਚ ਰਹਿੰਦੀ ਉਸ ਦੀ ਧੀ ਦੇ ਹੱਥ ਦੀ ਛਾਪ ਨੇ ਮੈਨੂੰ ਆਪਣੀ ਮਿਨੀ ਦੀ ਯਾਦ ਦਿਵਾ ਦਿੱਤੀ। ਮੈਂ ਮਿਨੀ ਨੂੰ ਫ਼ੌਰਨ ਮੇਰੀ ਸਟਡੀ ਵਿੱਚ ਆਉਣ ਲਈ ਸੁਨੇਹਾ ਭੇਜਿਆ। ਕਈ ਔਰਤਾਂ ਨੇ ਇਤਰਾਜ਼ ਵੀ ਕੀਤਾ, ਜਿਸ ਨੂੰ ਮੈਂ ਨਜ਼ਰਅੰਦਾਜ ਕਰ ਦਿੱਤਾ। ਆਪਣੇ ਵਿਆਹ ਦੇ ਜੋੜੇ ਵਿੱਚ ਲਿਪਟੀ, ਮਾਂਗ ਵਿੱਚ ਸੰਧੂਰ ਅਤੇ ਅਵਸਰ ਦੇ ਅਨੁਸਾਰ ਮੇਕਅੱਪ ਨਾਲ ਸਜੀ, ਮਿਨੀ ਸੰਗਦੀ ਸ਼ਰਮਾਉਂਦੀ ਅੰਦਰੋਂ ਆਈ ਅਤੇ ਮੇਰੇ ਕੋਲ ਖੜੀ ਹੋ ਗਈ।

ਕਾਬੁਲੀਵਾਲੇ ਨੇ ਮੁਨੀ ਨੂੰ ਵੇਖਿਆ ਤਾਂ ਕੁੱਝ ਘਬਰਾ ਜਿਹਾ ਗਿਆ, ਉਸ ਦਾ ਪੁਰਾਣਾ ਮਜ਼ਾਕ ਵੀ ਸੁਣਾਈ ਨਾ ਦਿੱਤਾ। ਆਖ਼ਰ ਉਸਨੇ ਮੁਸਕਰਾ ਕੇ ਪੁੱਛਿਆ, “ਕੁੜੀਏ, ਕੀ ਤੂੰ ਆਪਣੇ ਸਹੁਰਾ-ਘਰ ਜਾ ਰਹੀ ਹੈਂ?”

ਹੁਣ ਮਿਨੀ ਸਮਝ ਚੁੱਕੀ ਸੀ ਕਿ ਸਹੁਰਾ-ਘਰ ਕੀ ਹੁੰਦਾ ਹੈ, ਇਸ ਲਈ ਉਹ ਆਪਣਾ ਬੀਤੇ ਵਾਲਾ ਜਵਾਬ ਨਾ ਦੋਹਰਾ ਸਕੀ। ਸਗੋਂ ਰਹਿਮਤ ਦੇ ਮੂੰਹੋਂ ਇਹ ਸਵਾਲ ਸੁਣ ਕੇ ਉਸ ਦਾ ਚਿਹਰਾ ਸ਼ਰਮ ਨਾਲ ਲਾਲ ਹੋ ਗਿਆ, ਉਹ ਇੱਕਦਮ ਮੁੜੀ ਅਤੇ ਚਲੀ ਗਈ। ਮੈਨੂੰ ਉਨ੍ਹਾਂ ਦੀ ਪਹਿਲੀ ਮੁਲਾਕ਼ਾਤ ਯਾਦ ਆ ਗਈ ਅਤੇ ਮੇਰੇ ਦਿਲ ਵਿੱਚ ਇੱਕ ਕਸਕ ਜਿਹੀ ਉੱਠੀ।

ਮਿਨੀ ਦੇ ਜਾਂਦੇ ਹੀ ਰਹਿਮਤ ਇੱਕ ਆਹ ਭਰ ਕੇ ਉਥੇ ਹੀ ਫ਼ਰਸ਼ ਉੱਤੇ ਬੈਠ ਗਿਆ। ਉਹ ਸਮਝ ਗਿਆ ਸੀ ਕਿ ਹੁਣ ਉਸ ਦੀ ਆਪਣੀ ਧੀ ਵੀ ਓਨੀ ਹੀ ਵੱਡੀ ਹੋ ਗਈ ਹੋਵੇਗੀ, ਅਤੇ ਉਸਨੂੰ ਨਵੇਂ ਸਿਰੇ ਤੋਂ ਆਪਣੀ ਧੀ ਨਾਲ ਨੇੜਤਾ ਹਾਸਲ ਕਰਨੀ ਹੋਵੇਗੀ। ਹੁਣ ਉਹ ਕੁੜੀ ਨਹੀਂ ਮਿਲੇਗੀ ਜਿਸ ਨੂੰ ਉਹ ਪਿੱਛੇ ਛੱਡ ਆਇਆ ਸੀ। ਉਸਨੂੰ ਤਾਂ ਹੁਣ ਇਹ ਵੀ ਸਮਝ ਨਹੀਂ ਆ ਰਿਹਾ ਸੀ ਕਿ ਬੀਤੇ ਅੱਠ ਸਾਲਾਂ ਵਿੱਚ ਉਸ `ਤੇ ਕੀ ਬੀਤੀ ਹੋਵੇਗੀ। ਪਤਝੜ ਦੀ ਇਸ ਚਮਕੀਲੀ ਸਵੇਰ, ਸਹਿਨਾਈ ਦੀ ਮਿੱਠੀ ਅਵਾਜ਼ ਬਾਹਰ ਵਿਹੜੇ ਵਲੋਂ ਆਉਣ ਲੱਗ ਪਈ, ਅਤੇ ਉਥੇ ਹੀ ਕਲਕੱਤੇ ਦੀ ਇੱਕ ਗਲੀ ਵਿੱਚ ਮੇਰੇ ਘਰ ਦੇ ਫ਼ਰਸ਼ ਉੱਤੇ ਬੈਠਾ ਰਹਿਮਤ ਅਫ਼ਗਾਨਿਸਤਾਨ ਦੇ ਬੰਜਰ, ਪਹਾੜੀ ਦ੍ਰਿਸ਼ ਦੇਖਦਾ ਰਿਹਾ।

ਮੈਂ ਕੁੱਝ ਪੈਸੇ ਕੱਢ ਕਰ ਉਸਨੂੰ ਦਿੱਤੇ ਅਤੇ ਉਸ ਨੂੰ ਕਿਹਾ, “ਤੂੰ ਆਪਣੀ ਧੀ ਦੇ ਕੋਲ ਅਫ਼ਗਾਨਿਸਤਾਨ ਵਾਪਸ ਜਾ, ਰਹਿਮਤ। ਅਤੇ ਸ਼ਾਇਦ ਤੁਹਾਡੇ ਮਿਲਾਪ ਦੀ ਬਰਕਤ ਮੇਰੀ ਮਿਨੀ ਦੀ ਜ਼ਿੰਦਗੀ ਨੂੰ ਵੀ ਸੁੱਖਦਾਈ ਬਣਾਏਗੀ!”

ਉਸਨੂੰ ਪੈਸੇ ਦੇਣ ਕਰਕੇ ਮੈਨੂੰ ਵਿਆਹ ਦੀ ਰੌਣਕ ਵਿੱਚ ਕੁੱਝ ਕਮੀ ਕਰਨੀ ਪਈ। ਰੌਸ਼ਨੀਆਂ ਉਵੇਂ ਨਾ ਜਗਾਈਆਂ ਜਿਵੇਂ ਪਹਿਲਾਂ ਚਾਹਿਆ ਸੀ, ਅਤੇ ਫਿਰ ਸਾਨੂੰ ਫ਼ੌਜੀ ਬੈਂਡ ਵੀ ਕੈਂਸਲ ਕਰਨਾ ਪਿਆ। ਇਸ ਨਾਲ ਔਰਤਾਂ ਨਰਾਜ਼ ਜ਼ਰੂਰ ਹੋਈਆਂ। ਪਰ ਇਹ ਖੁਸ਼ੀਆਂ ਦਾ ਪੁਰਬ ਉਸ ਚਿਰਾਂ-ਵਿਛੜੇ ਬਾਪ-ਧੀ ਮਿਲਣੀ ਦੇ ਤੇਜ਼ ਨਾਲ ਅਤੇ ਜ਼ਿਆਦਾ ਰੌਸ਼ਨ ਹੋ ਗਿਆ।