ਅਨੁਵਾਦ:ਖੁਸ਼ਕਿਸਮਤੀ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਖੁਸ਼ਕਿਸਮਤੀ (ਕਹਾਣੀ)
ਮਾਰਕ ਟਵੇਨ, ਅਨੁਵਾਦਕ ਚਰਨ ਗਿੱਲ

[ਨੋਟ; ਇਹ ਕੋਈ ਖ਼ਿਆਲੀ ਖ਼ਾਕਾ ਨਹੀਂ ਹੈ। ਮੈਨੂੰ ਇਹ ਇੱਕ ਪਾਦਰੀ ਨੇ ਦੱਸਿਆ ਸੀ ਜੋ ਚਾਲੀ ਸਾਲ ਪਹਿਲਾਂ ਵੋਲਵਿਚ ਵਿੱਚ ਇੱਕ ਇੰਸਟਕਟਰ ਸੀ। ਉਸਨੇ ਇਸ ਦੇ ਸੱਚੇ ਹੋਣ ਦਾ ਦਾਅਵਾ ਵੀ ਕੀਤਾ ਸੀ~~ਐਮ ਟੀ]

ਇਹ ਲੰਡਨ ਵਿੱਚ ਇਕ ਦਾਅਵਤ ਸਮੇਂ ਹੋਈ ਗੱਲ ਸੀ ਜੋ ਸਾਡੀ ਪੀੜ੍ਹੀ ਦੇ ਦੋ ਜਾਂ ਤਿੰਨ ਨਾਮਵਰ ਅੰਗਰੇਜ਼ ਫ਼ੌਜੀ ਅਫ਼ਸਰਾਂ ਵਿੱਚੋਂ ਇੱਕ ਦੇ ਸਨਮਾਨ ਵਿੱਚ ਦਿੱਤੀ ਗਈ ਸੀ। ਉਨ੍ਹਾਂ ਕਾਰਨਾਂ ਕਰਕੇ ਜੋ ਅੱਗੇ ਆਉਣਗੇ, ਮੈਂ ਉਸ ਦਾ ਅਸਲੀ ਨਾਮ ਅਤੇ ਖ਼ਿਤਾਬ ਨਹੀਂ ਦੱਸਾਂਗਾ, ਆਪਣੇ ਤੱਕ ਹੀ ਮਹਿਦੂਦ ਰੱਖਾਂਗਾ ਅਤੇ ਉਸਨੂੰ ਲੈਫਟੀਨੈਂਟ ਜਨਰਲ ਲਾਰਡ ਆਰਥਰ ਸਕੋਰਸਬੀ, ਵੀ.ਸੀ., ਕੇ.ਸੀ.ਬੀ., ਆਦਿ., ਆਦਿ ਕਹਿ ਕੇ ਹੀ ਸੱਦਾਂਗਾ। ਇੱਕ ਨਾਮਵਰ ਨਾਮ ਖ਼ੁਦ ਹੀ ਕਿੰਨਾ ਦਿਲਕਸ਼ ਹੁੰਦਾ ਹੈ! ਉਹ ਬੰਦਾ ਜੀਂਦਾ ਜਾਗਦਾ ਉੱਥੇ ਬੈਠਾ ਸੀ, ਜਿਸਦਾ ਨਾਮ ਮੈਂ ਹਜ਼ਾਰਾਂ ਵਾਰ ਉਦੋਂ ਤੋਂ ਸੁਣਿਆ ਸੀ ਜਦੋਂ ਤੀਹ ਸਾਲ ਪਹਿਲਾਂ ਇਹ ਅਚਾਨਕ ਕਰੀਮੀਅਨ ਜੰਗ ਦੇ ਕਾਰਨ ਸ਼ੋਹਰਤ ਦੀਆਂ ਬੁਲੰਦੀਆਂ ਉੱਤੇ ਪੁੱਜ ਗਿਆ ਸੀ ਅਤੇ ਉਦੋਂ ਤੋਂ ਉਥੇ ਹੀ ਮੌਜੂਦ ਸੀ ਤਾਂਕਿ ਉਸ ਦਾ ਜਸ਼ਨ ਹਮੇਸ਼ਾ ਮਨਾਇਆ ਜਾ ਸਕੇ। ਮੇਰੇ ਲਈ ਉਸ ਦੇਵਤਾ-ਰੂਪ ਨੂੰ ਵੇਖਣਾ ਹੀ ਦਾਅਵਤੀ ਖਾਣ ਪੀਣ ਦੇ ਲੁਤਫ ਲੈਣ ਦੇ ਸਮਾਨ ਸੀ; ਮੇਰੀਆਂ ਨਿਗਾਹਾਂ ਉਸ ਦਾ ਬਾਰੀਕੀਆਂ ਤੱਕ ਜਾਇਜ਼ਾ ਲੈ ਰਹੀਆਂ ਸਨ, ਉਸ ਦੀ ਖ਼ਾਮੋਸ਼ੀ, ਉਸ ਦੇ ਚਿਹਰੇ ਦੀ ਨੇਕ ਗੰਭੀਰਤਾ ਨਾਲ ਗਦਗਦ ਹੋ ਰਹੀਆਂ ਸਨ; ਉਹ ਸਿਰ ਤੋਂ ਪੈਰਾਂ ਤੱਕ ਸਰਲ ਸਾਦਾ ਈਮਾਨਦਾਰੀ ਵਿੱਚ ਰੰਗਿਆ ਸੀ, ਉਹ ਆਪਣੀ ਵਡੱਤਣ ਦੇ ਮਿੱਠੇ ਅਹਿਸਾਸ ਤੋਂ ਬੇਖ਼ਬਰ ਸੀ। ਉਹ ਇਸ ਗੱਲੋਂ ਵੀ ਬੇਖ਼ਬਰ ਸੀ ਕਿ ਸੈਂਕੜੇ ਲੋਕਾਂ ਦੀਆਂ ਪ੍ਰਸ਼ੰਸਾ ਭਰੀਆਂ ਅੱਖਾਂ ਉਸ ਉੱਤੇ ਟਿਕੀਆਂ ਹੋਈਆਂ ਹਨ,ਤੇ ਉਨ੍ਹਾਂ ਦੇ ਸੀਨਿਆਂ ਵਿੱਚੋਂ ਉਸ ਲਈ ਸੱਚੀ ਸੁੱਚੀ ਮੁਹੱਬਤ ਭਰੀ ਅਕੀਦਤ ਫੁੱਟ ਫੁੱਟ ਕੇ ਉਸ ਦੀ ਤਰਫ਼ ਵਹਿ ਰਹੀ ਸੀ।

ਮੇਰੇ ਖੱਬੇ ਪਾਸੇ ਉਹ ਪਾਦਰੀ ਸੀ ਜਿਸ ਨੂੰ ਮੈਂ ਇੱਕ ਅਰਸੇ ਤੋਂ ਜਾਣਦਾ ਸੀ... ਪਾਦਰੀ ਤਾਂ ਉਹ ਹੁਣ ਸੀ ਲੇਕਿਨ ਉਸਨੇ ਆਪਣੀ ਅੱਧੀ ਜਿੰਦਗੀ ਜਾਂ ਤਾਂ ਕੈਂਪਾਂ ਅਤੇ ਖੁੱਲੇ ਮੈਦਾਨਾਂ ਵਿੱਚ ਗੁਜ਼ਾਰੀ ਸੀ ਜਾਂ ਫਿਰ ਵੋਲਵਿਚ ਦੇ ਫ਼ੌਜੀ ਸਕੂਲ ਵਿੱਚ ਇੰਸਟਕਟਰ ਵਜੋਂ ਪੜ੍ਹਾਇਆ ਸੀ। ਮੈਂ ਜਿਸ ਸਮੇਂ ਦੀ ਗੱਲ ਕਰ ਰਿਹਾ ਹਾਂ, ਉਸੇ ਸਮੇਂ ਉਸ ਦੀਆਂ ਅੱਖਾਂ ਵਿੱਚ ਢਕੀ ਲੁਕੀ ਪਈ ਇੱਕ ਚਮਕ ਲਿਸ਼ਕੀ ਅਤੇ ਉਹ ਮੇਰੀ ਤਰਫ਼ ਝੁੱਕਿਆ ਅਤੇ ਇਸ ਦਾਅਵਤ ਦੇ ਨਾਇਕ ਦੀ ਤਰਫ਼ ਇਸ਼ਾਰਾ ਕਰਦੇ ਹੋਏ ਰਾਜ਼ਦਾਰੀ ਨਾਲ ਬੋਲਿਆ:

“ਆਪਸ ਦੀ ਗੱਲ ਹੈ... ਇਹ ਨਿਰਾ ਝੁੱਡੂ ਹੀ ਨਹੀਂ ਪਰਲੇ ਦਰਜੇ ਦਾ ਬੁੱਧੂ ਵੀ ਹੈ।”

ਉਸ ਦਾ ਇਹ ਕਹਿਣਾ ਮੇਰੇ ਲਈ ਬਹੁਤ ਹੀ ਹੈਰਾਨਕੁਨ ਸੀ। ਉਸਨੇ ਜੇਕਰ ਇਹ ਗੱਲ ਨਪੋਲੀਅਨ ਜਾਂ ਸੁਕਰਾਤ ਜਾਂ ਸੁਲੇਮਾਨ ਦੇ ਬਾਰੇ ਵਿੱਚ ਕਹੀ ਹੁੰਦੀ ਤਾਂ ਮੈਂ ਸ਼ਾਇਦ ਘੱਟ ਹੈਰਾਨ ਹੁੰਦਾ। ਮੈਂ ਦੋ ਗੱਲਾਂ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ; ਇੱਕ ਤਾਂ ਇਹ ਕਿ ਪਾਦਰੀ ਸੱਚਾ ਬੰਦਾ ਸੀ ਅਤੇ ਦੂਜਾ ਇਹ ਕਿ ਲੋਕਾਂ ਬਾਰੇ ਉਸ ਦੀ ਸਮਝ ਬਹੁਤ ਚੰਗੀ ਸੀ। ਇਸਲਈ ਮੈਂ ਤੁਰਤ ਇਹ ਸਮਝ ਗਿਆ ਕਿ ਬਿਨਾਂ ਸ਼ੱਕ ਦੁਨੀਆ ਉਸ ਹੀਰੋ ਦੇ ਬਾਰੇ ਜੋ ਜਾਣਦੀ ਸੀ ਉਹ ਦਰੁਸਤ ਨਹੀਂ ਸੀ; ਉਹ ਇੱਕ ਬੁੱਧੂ ਸੀ। ਇਸਲਈ ਮੈਂ ਕਿਸੇ ਮੁਨਾਸਿਬ ਮੌਕੇ ਉੱਤੇ ਇਹ ਜਾਨਣਾ ਚਾਹੁੰਦਾ ਸੀ ਕਿ ਪਾਦਰੀ ਨੇ ਰਾਜ਼ਦਾਰੀ ਨਾਲ ਸਿਰਫ ਮੈਨੂੰ ਹੀ ਕਿਉਂ ਇਹ ਭੇਤ ਦੀ ਗੱਲ ਦੱਸੀ ਸੀ।

ਕੁੱਝ ਦਿਨ ਗੁਜ਼ਰੇ ਤਾਂ ਮੈਨੂੰ ਮੌਕ਼ਾ ਮਿਲ ਗਿਆ ਅਤੇ ਪਾਦਰੀ ਨੇ ਮੈਨੂੰ ਜੋ ਦੱਸਿਆ ਉਹ ਇਹ ਹੈ:

ਲਗਪਗ ਚਾਲੀ ਸਾਲ ਪਹਿਲਾਂ ਦੀ ਗੱਲ ਹੈ, ਮੈਂ ਵੋਲਵਿਚ ਦੀ ਫ਼ੌਜੀ ਅਕੈਡਮੀ ਵਿੱਚ ਇੰਸਟਕਟਰ ਸੀ। ਮੈਂ ਰੰਗਰੂਟਾਂ ਦੇ ਉਨ੍ਹਾਂ ਸੈਕਸ਼ਨਾਂ ਵਿੱਚੋਂ ਇੱਕ ਵਿੱਚ ਸੀ ਜਿਸ ਵਿੱਚ ਨੌਜਵਾਨ ਸਕੋਰਸਬੀ ਆਪਣੇ ਮੁਢਲੇ ਇਮਤਿਹਾਨ ਦੇ ਰਿਹਾ ਸੀ। ਛੇਤੀ ਹੀ ਮੈਨੂੰ ਇਸ ਉੱਤੇ ਤਰਸ ਆ ਗਿਆ; ਉਸ ਦੇ ਸੈਕਸ਼ਨ ਦੇ ਬਾਕ਼ੀ ਸਭ ਨੌਜਵਾਨ ਵਧੀਆ ਅਤੇ ਬੁਧੀਮਾਨੀ ਨਾਲ ਜਵਾਬ ਦੇ ਰਹੇ ਸਨ ਲੇਕਿਨ ਇਸ ਨੇ...ਪਤਾ ਨਹੀਂ ਕਿਉਂ, ਸੱਚ ਕਿਹਾ ਜਾਵੇ ਤਾਂ ਇਸਨੂੰ ਕੁੱਝ ਵੀ ਨਹੀਂ ਆਉਂਦਾ ਸੀ। ਇਹ ਦੇਖਣ ਵਿੱਚ ਭਲਾ ਚੰਗਾ ਸੀ, ਮਿੱਠਬੋਲੜਾ, ਮੁਹੱਬਤੀ ਅਤੇ ਭੋਲਾ ਭਾਲਾ ਸੀ; ਇਸਨੂੰ ਇਵੇਂ ਬੁੱਤ ਬਣਿਆ ਜਿਵੇਂ ਜ਼ਮੀਨ ਵਿੱਚ ਗੱਡਿਆ ਹੋਵੇ, ਵੇਖਣਾ ਅਤੇ ਇਸ ਦੇ ਜਵਾਬ, ਜੋ ਅਨਪੜ੍ਹਤਾ ਅਤੇ ਗੀਦੀਪਣੇ ਦੇ ਸ਼ਾਹਕਾਰ ਸਨ, ਸੁਣਨਾ ਖ਼ਾਸਾ ਤਕਲੀਫ-ਦੇਹ ਸੀ। ਮੇਰੇ ਦਿਲ ਵਿੱਚ ਇਸ ਲਈ ਹਮਦਰਦੀ ਦੇ ਹਾਵਭਾਵ ਪੈਦਾ ਹੋਏ। ਮੈਂ ਖ਼ੁਦ ਨੂੰ ਕਿਹਾ ਕਿ ਇਹ ਜਦੋਂ ਦੁਬਾਰਾ ਇਮਤਿਹਾਨ ਲਈ ਆਵੇਗਾ ਤਾਂ ਇਸਨੂੰ, ਯਕੀਨਨ, ਕੱਢ ਦਿੱਤਾ ਜਾਵੇਗਾ। ਇਸਲਈ ਮੈਂ ਇਸਨੂੰ ਤਰਸ ਖਾਂਦੇ ਹੋਏ ਅਤੇ ਹਮਦਰਦੀ ਦੇ ਤਹਿਤ ਕੁੱਝ ਨਾ ਕਿਹਾ ਅਤੇ ਇੱਕ ਤਰਫ਼ ਲੈ ਗਿਆ। ਇਸਨੂੰ ਸੀਜ਼ਰ ਦੇ ਇਤਿਹਾਸ ਬਾਰੇ ਥੋੜਾ ਬਹੁਤ ਇਲਮ ਸੀ। ਅਤੇ ਜਿਵੇਂ ਕਿ ਇਸਨੂੰ ਹੋਰ ਕੁਝ ਵੀ ਨਹੀਂ ਪਤਾ ਸੀ ਮੈਂ ਇਸ ਨੂੰ ਇੱਕ ਜਹਾਜ਼ੀ ਗ਼ੁਲਾਮ ਦੀ ਤਰ੍ਹਾਂ ਸੀਜ਼ਰ ਦੇ ਬਾਰੇ ਕੁਝ ਚੋਣਵੇਂ ਸਵਾਲ ਅਤੇ ਉਨ੍ਹਾਂ ਦੇ ਜਵਾਬ ਰਟਾ ਦਿੱਤੇ ਜੋ ਆਮ ਤੌਰ ਉੱਤੇ ਪੁੱਛੇ ਜਾਂਦੇ ਸਨ। ਅਤੇ ਤੁਸੀਂ ਯਕੀਨ ਨਹੀਂ ਮੰਨਣਾ ਕਿ ਇਮਤਿਹਾਨ ਵਾਲੇ ਦਿਨ ਇਸਨੇ ਧੂੜਾਂ ਪੁੱਟ ਦਿੱਤੀਆਂ ਅਤੇ ਜੋ ਕੁੱਝ ਮੈਂ ਇਸ ਦੇ ਦਿਮਾਗ਼ ਵਿੱਚ ਪਾਇਆ ਸੀ ਇਸਨੇ ਉਹੀ ਇੰਤਹਾਈ ਰੱਟੂ ਅੰਦਾਜ਼ ਵਿੱਚ ਕੱਢ ਬਾਹਰ ਕੀਤਾ ਅਤੇ ਸ਼ਾਬਾਸ਼ ਵੀ ਹਾਸਲ ਕੀਤੀ, ਜਦੋਂ ਕਿ ਦੂਸਰਿਆਂ, ਜਿਨ੍ਹਾਂ ਨੂੰ ਇਸ ਨਾਲੋਂ ਹਜ਼ਾਰ ਗੁਣਾ ਜ਼ਿਆਦਾ ਇਲਮ ਸੀ, ਦੇ ਪੈਰ ਉੱਖੜ ਗਏ। ਇੱਕ ਅਜੀਬ ਜਿਹਾ ਖੁਸ਼ਕਿਸਮਤ ਹਾਦਸਾ ਹੋਇਆ ਸੀ...ਅਜਿਹਾ ਹਾਦਸਾ ਸ਼ਾਇਦ ਇੱਕ ਸਦੀ ਵਿੱਚ ਦੁਬਾਰਾ ਨਾ ਹੋਵੇ... ਇਸ ਨੂੰ ਅਜਿਹੇ ਸਵਾਲ ਪੁੱਛੇ ਹੀ ਨਾ ਗਏ ਜੋ ਇਸ ਨੂੰ ਰਟਾਏ ਗਏ ਸਵਾਲਾਂ ਤੋਂ ਬਾਹਰ ਸਨ।

ਇਹ ਹੈਰਾਨੀ ਭਰੀ ਗੱਲ ਸੀ। ਖੈਰ, ਸਾਰੇ ਕੋਰਸ ਦੇ ਦੌਰਾਨ ਮੈਂ ਇਸ ਦੇ ਨਾਲ ਰਿਹਾ। ਇਹ ਉਸ ਮਾਂ ਵਰਗਾ ਵਲਵਲਾ ਜੀ ਜਿਸਦਾ ਬੱਚਾ ਅਪਾਹਜ ਹੋਵੇ... ਅਤੇ ਉਹ ਹਰ ਵਾਰ ਖ਼ੁਦ ਨੂੰ ਬਚਾ ਲੈਂਦਾ ਸੀ... ਇਸਨੂੰ ਚਮਤਕਾਰ ਹੀ ਕਿਹਾ ਜਾ ਸਕਦਾ ਹੈ।

ਹਾਂ, ਹੁਣ ਇੱਕ ਮਜ਼ਮੂਨ ਅਜਿਹਾ ਸੀ ਜਿਨ੍ਹੇ ਉਸ ਦਾ ਭਾਂਡਾ ਭੰਨ ਦੇਣਾ ਸੀ ਅਤੇ ਆਖ਼ਿਰ ਇਸਨੂੰ ਮਾਤ ਦੇ ਦੇਣੀ ਸੀ, ਇਹ ਹਿਸਾਬ ਦਾ ਮਜ਼ਮੂਨ ਸੀ। ਮੈਂ ਇੱਥੇ ਵੀ ਬਥੇਰੀ ਕੋਸ਼ਿਸ਼ ਕੀਤੀ ਕਿ ਇਸ ਦੀ ਮੌਤ ਨਾ ਹੋਵੇ; ਮੈਂ ਅਜਿਹੇ ਸਵਾਲਾਂ ਦੀ ਇਸ ਦੀ ਮਸ਼ਕ ਕਰਾਈ, ਇਸਨੂੰ ਰਟਾਏ...ਜੋ ਆਮ ਤੌਰ ਉੱਤੇ ਪੁੱਛੇ ਜਾ ਸਕਦੇ ਸਨ... ਅਤੇ ਫਿਰ ਮੈਂ ਇਸਨੂੰ ਇਸ ਦੀ ਕਿਸਮਤ ਦੇ ਹਵਾਲੇ ਕਰ ਦਿੱਤਾ। ਤਾਂ ਜਨਾਬ ਹੁਣ ਤੁਸੀਂ ਨਤੀਜੇ ਦਾ ਅੰਦਾਜ਼ਾ ਲਾਓ; ਮੇਰੀ ਹੈਰਤ ਦੀ ਕੋਈ ਇੰਤਹਾ ਨਾ ਰਹੀ ਜਦੋਂ ਇਸਨੇ ਪਹਿਲਾ ਇਨਾਮ ਹਾਸਲ ਕੀਤਾ ਅਤੇ ਇਸ ਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ ਗਏ, ਸ਼ਾਬਾਸ਼ੀਆਂ ਮਿਲੀਆਂ।

ਨੀਂਦ? ਅਗਲਾ ਪੂਰਾ ਪੂਰਾ ਹਫ਼ਤਾ ਮੈਂ ਸੌਂ ਨਾ ਸਕਿਆ। ਮੇਰੀ ਜ਼ਮੀਰ ਦਿਨ ਰਾਤ ਮੈਨੂੰ ਲਾਹਨਤਾਂ ਪਾਉਂਦੀ ਰਹੀ। ਮੈਂ ਜੋ ਕੁੱਝ ਵੀ ਕੀਤਾ ਸੀ ਨਿਰਾ ਤਰਸ ਖਾ ਕੇ ਭਲੇ ਦੀਆਂ ਬੁਨਿਆਦਾਂ ਉੱਤੇ ਕੀਤਾ ਸੀ ਤਾਂਕਿ ਇਸ ਬੇਚਾਰੇ ਨੌਜਵਾਨ ਨੂੰ ਡਿੱਗਣ ਤੋਂ ਬਚਾ ਸਕਾਂ... ਮੈਨੂੰ ਤਾਂ ਇਸ ਗੱਲ ਦਾ ਉੱਕਾ ਗੁਮਾਨ ਨਹੀਂ ਸੀ ਕਿ ਇਹੋ ਜਿਹੇ ਬੇਹੂਦਾ ਨਤੀਜੇ ਸਾਹਮਣੇ ਆਉਣਗੇ। ਮੈਂ ਖ਼ੁਦ ਨੂੰ ਇਸ ਤਰ੍ਹਾਂ ਦੁਖੀ ਅਤੇ ਮੁਜ਼ਰਿਮ ਸਮਝਣ ਲੱਗ ਪਿਆ ਜਿਵੇਂ ਮੈਂ ਫ਼ਰੇਂਕਨਸਟਾਇਨ ਦਾ ਸਿਰਜਨਹਾਰ ਹੋਵਾਂ। ਉਹ ਲੱਕੜ ਦਿਮਾਗ਼ ਸੀ ਜਿਸਨੂੰ ਮੈਂ ਤਰੱਕੀਆਂ ਅਤੇ ਅਜੀਬ ਜ਼ਿੰਮੇਵਾਰੀਆਂ ਦੇ ਰਾਹ ਪਾ ਦਿੱਤਾ ਸੀ; ਪਰ ਇੱਕ ਗੱਲ ਦਾ ਵਾਪਰਨਾ ਤਹਿ ਸੀ ਕਿ ਜਿਵੇਂ ਹੀ ਪਹਿਲਾ ਮੌਕਾ ਆਇਆ ਇਹ ਅਤੇ ਇਸ ਦੀਆਂ ਜ਼ਿੰਮੇਵਾਰੀਆਂ ਸਭ ਕੁੱਝ ਫ਼ਨਾ ਹੋ ਜਾਵੇਗਾ।

ਕਰੀਮੀਆਈ ਯੁੱਧ ਅਜੇ ਸ਼ੁਰੂ ਹੀ ਹੋਇਆ ਸੀ। ਯਕੀਨਨ ਇੱਕ ਜੰਗ ਤਾਂ ਹੋਣੀ ਹੀ ਚਾਹੀਦੀ ਸੀ, ਮੈਂ ਖ਼ੁਦ ਨੂੰ ਕਿਹਾ ਸੀ: ਇਹ ਨਹੀਂ ਹੋ ਸਕਦਾ ਕਿ ਅਮਨ ਸ਼ਾਂਤੀ ਰਹੇ ਅਤੇ ਹਕੀਕਤ ਸਾਹਮਣੇ ਆਉਣ ਤੋਂ ਪਹਿਲਾਂ ਇਸ ਭੜੂਏ ਨੂੰ ਮਰਨ ਦਾ ਮੌਕਾ ਮਿਲੇ। ਮੈਂ ਭੂਚਾਲ ਦੀ ਉਡੀਕ ਕਰ ਰਿਹਾ ਸੀ। ਅਤੇ ਇਹ ਆਇਆ ਵੀ। ਪਰ ਇਸਨੇ ਮੈਨੂੰ ਹਿਲਾ ਕੇ ਰੱਖ ਦਿੱਤਾ। ਪੈਦਲ ਫ਼ੌਜ ਦੀ ਇੱਕ ਰਜਮੈਂਟ ਵਿੱਚ ਇਸ ਦੀ ਕਪਤਾਨੀ ਦਾ ਹੁਕਮ ਜਾਰੀ ਹੋ ਗਿਆ। ਚੰਗੇ ਚੰਗੇ ਇਸ ਅਹੁਦੇ ਤੱਕ ਪੁੱਜਦੇ ਪੁੱਜਦੇ ਬੁੱਢੇ ਹੋ ਜਾਂਦੇ ਹਨ ਅਤੇ ਆਪਣੇ ਝਾਟੇ ਧੌਲੇ ਕਰ ਬੈਠਦੇ ਹਨ। ਅਤੇ ਇਹ ਭਲਾ ਪਹਿਲਾਂ ਕਿਸ ਨੇ ਸੋਚਿਆ ਸੀ ਕਿ ਉਹ ਅੱਲੜ੍ਹ ਮੋਢਿਆਂ ਉੱਤੇ ਇੰਨੀ ਵੱਡੀ ਜ਼ਿੰਮੇਵਾਰੀ ਪਾ ਦੇਣਗੇ? ਜੇਕਰ ਉਨ੍ਹਾਂ ਨੇ ਉਸਨੂੰ ਇੱਕ ਕੋਰਨੇਟ ਵੀ ਬਣਾਇਆ ਹੁੰਦਾ ਤਾਂ ਵੀ ਮੈਂ ਉਸਨੂੰ ਮੁਸ਼ਕਲ ਨਾਲ ਹਜ਼ਮ ਕਰ ਪਾਉਂਦਾ ਲੇਕਿਨ ਇੱਕ ਕਪਤਾਨ... ਜ਼ਰਾ ਸੋਚੋ ਮੈਨੂੰ ਲਗਾ ਸੀ ਜਿਵੇਂ ਮੇਰੇ ਵਾਲ ਚਿੱਟੇ ਹੋਣ ਲੱਗੇ ਹਨ।

ਜ਼ਰਾ ਗੌਰ ਕਰੋ ਕਿ ਮੈਂ ਕੀ ਕੀਤਾ—ਮੈਂ ਜੋ ਸੌਖ ਅਤੇ ਆਲਸ ਪਸੰਦ ਸੀ ਅਤੇ ਜੋ ਕਦੇ ਜੋਸ਼ ਵਿੱਚ ਨਹੀਂ ਆਉਂਦਾ ਸੀ, ਮੈਂ ਖ਼ੁਦ ਨੂੰ ਕਿਹਾ; ਮੈਂ ਇਸ ਸਭ ਲਈ ਜ਼ਿੰਮੇਵਾਰ ਹਾਂ ਅਤੇ ਆਪਣੇ ਵਤਨ ਨੂੰ ਜਵਾਬਦੇਹ ਹਾਂ। ਮੈਨੂੰ ਉਸ ਦੇ ਨਾਲ ਜਾਣਾ ਚਾਹੀਦਾ ਹੈ ਤਾਂਕਿ ਜਿੱਥੇ ਤੱਕ ਮੁਮਕਿਨ ਹੋ ਸਕੇ ਇਸ ਕੋਲੋਂ ਦੇਸ ਨੂੰ ਮਹਿਫ਼ੂਜ਼ ਰੱਖ ਸਕਾਂ। ਇਸਲਈ ਮੈਂ ਵਰ੍ਹਿਆਂ ਦੀ ਆਪਣੀ ਮਿਹਨਤ ਅਤੇ ਵੱਡੀਆਂ ਕੰਜੂਸੀਆਂ ਕਰ ਕਰ ਕੇ ਜੋੜੀ ਆਪਣੀ ਨਿਰਮਾਣ ਜਿਹੀ ਪੂੰਜੀ ਲਈ ਅਤੇ ਇਸ ਦੀ ਰਜਮੈਂਟ ਵਿੱਚ ਕੋਰਨੇਟ ਦੀ ਨੌਕਰੀ ਕਰ ਲਈ... ਅਤੇ... ਅਤੇ ਫਿਰ ਅਸੀਂ ਜੰਗ ਦੇ ਮੈਦਾਨ ਵਿੱਚ ਚਲੇ ਗਏ ਅਤੇ ਉੱਥੇ... ਓਹੋ ਜੋ ਡਰ ਸੀ, ਸਭ ਬਹੁਤ ਹੀ ਭਿਆਨਕ ਸੀ। ਘੋਰ ਗ਼ਲਤੀਆਂ? ਕਿਉਂਕਿ ਇਸਨੇ ਹੋਰ ਕੁੱਝ ਕੀਤਾ ਹੀ ਨਹੀਂ ਬਸ ਗ਼ਲਤੀ ਉੱਤੇ ਗ਼ਲਤੀ ਕਰਦਾ ਚਲਾ ਗਿਆ। ਲੇਕਿਨ ਕੋਈ ਵੀ ਅਜਿਹਾ ਨਹੀਂ ਸੀ ਕਿ ਇਸ ਬੰਦੇ ਦਾ ਭੇਤ ਜਾਣ ਸਕਦਾ... ਹਰ ਬੰਦਾ ਉਸਨੂੰ ਹੋਰ ਤਰ੍ਹਾਂ ਨਾਲ ਵੇਖਦਾ ਰਿਹਾ ਅਤੇ ਹਰ ਵਾਰ ਉਸ ਦੀ ਕਾਰਕਰਦਗੀ ਦਾ ਗ਼ਲਤ ਅੰਦਾਜ਼ਾ ਲਗਾਉਂਦਾ ਰਿਹਾ... ਇਸਲਈ ਉਹ ਇਸ ਦੀਆਂ ਅਹਿਮਕਾਨਾ ਗ਼ਲਤੀਆਂ ਨੂੰ ਬੁਧੀਮਾਨੀ ਨਾਲ ਜੋੜਨ ਲੱਗੇ... ਅਤੇ ਉਹ ਈਮਾਨਦਾਰੀ ਨਾਲ ਇਸ ਗੱਲ ਤੇ ਯਕੀਨ ਕਰਦੇ ਸਨ। ਇਸ ਦੀਆਂ ਛੋਟੀਆਂ ਛੋਟੀਆਂ ਗ਼ਲਤੀਆਂ ਵੀ ਇੱਕ ਠੀਕ ਦਿਮਾਗ਼ ਵਾਲੇ ਬੰਦੇ ਨੂੰ ਰੋਣ ਉੱਤੇ ਮਜਬੂਰ ਕਰ ਸਕਦੀਆਂ ਸਨ; ਅਤੇ ਉਨ੍ਹਾਂ ਨੇ ਮੈਨੂੰ ਇਕੱਲ ਵਿੱਚ ਰੁਲਾਇਆ ਵੀ... ਅਤੇ ਮੈਨੂੰ ਗੁੱਸਾ ਵੀ ਆਉਂਦਾ ਅਤੇ ਮੈਂ ਬੁੜਬੁੜਾਉਂਦਾ ਵੀ ਰਹਿੰਦਾ। ਲੇਕਿਨ ਇਹ ਵੀ ਹਕੀਕਤ ਸੀ ਕਿ ਮੈਂ ਹਰ ਵਕਤ ਖ਼ਦਸ਼ੇ ਵਿੱਚ ਘਿਰਿਆ ਰਹਿੰਦਾ ਕਿ ਉਹ ਕੋਈ ਨਵੀਂ ਗ਼ਲਤੀ ਨਾ ਕਰ ਬੈਠੇ ਲੇਕਿਨ ਇਸ ਦੀ ਹਰ ਨਵੀਂ ਬੇਵਕੂਫ਼ੀ ਇਸ ਦੀ ਸਾਖ ਦੀ ਚਮਕ ਵਿੱਚ ਵਾਧਾ ਕਰ ਦਿੰਦੀ ਮੈਂ ਖ਼ੁਦ ਨੂੰ ਇਹ ਕਹਿੰਦਾ ਰਹਿੰਦਾ ਕਿ ਇਹ ਤਰੱਕੀ ਤਾਂ ਬਹੁਤ ਕਰੇਗਾ ਅਤੇ ਜਦੋਂ ਆਖ਼ਰ ਵਿੱਚ ਲੋਕਾਂ ਨੂੰ ਹਕੀਕਤ ਦਾ ਪਤਾ ਚੱਲੇਗਾ ਤਾਂ ਕੁੱਝ ਅਜਿਹਾ ਹੋਵੇਗਾ ਜਿਵੇਂ ਸੂਰਜ ਅਸਮਾਨ ਤੋਂ ਜ਼ਮੀਨ ਉੱਤੇ ਆ ਡਿਗਿਆ ਹੋਵੇ।

ਉਹ ਆਪਣੇ ਵੱਡੇ ਅਫ਼ਸਰਾਂ ਦੀਆਂ ਲਾਸ਼ਾਂ ਨੂੰ ਪੁਲੰਘਦਾ, ਡੰਡਾ ਡੰਡਾ ਉੱਪਰ ਚੜ੍ਹਦਾ ਗਿਆ, ਇੱਥੇ ਤੱਕ ਕਿ ਜੰਗ... ਦਾ ਉਹ ਗਰਮ ਲਮ੍ਹਾਂ ਆ ਪੁੱਜਾ ਜਦੋਂ ਸਾਡਾ ਕਰਨਲ ਮਾਰਿਆ ਗਿਆ ਅਤੇ ਮੇਰਾ ਕਲੇਜਾ ਮੂੰਹ ਨੂੰ ਆ ਗਿਆ ਕਿਉਂਕਿ ਇਹ ਪਦ ਹੁਣ ਸਕੋਰਸਬੀ ਨੂੰ ਹੀ ਮਿਲਣ ਵਾਲਾ ਸੀ। ਤੱਦ ਮੈਂ ਖ਼ੁਦ ਨੂੰ ਕਿਹਾ ਸੀ ਕਿ ਅਸੀਂ ਅਗਲੇ ਦਸ ਮਿੰਟਾਂ ਵਿੱਚ ਯਕੀਨਨ ਬਜਰਖ ਵਿੱਚ ਜਾਣ ਵਾਲੇ ਸਾਂ।

ਜੰਗ ਬਹੁਤ ਹੀ ਭਿਆਨਕ ਅੰਦਾਜ਼ ਵਿੱਚ ਜੋਰਾਂ ਉੱਤੇ ਸੀ; ਇੱਤਹਾਦੀ ਹਰ ਜਗ੍ਹਾ ਮੈਦਾਨ ਛੱਡਕੇ ਭੱਜ ਰਹੇ ਸਨ। ਸਾਡੀ ਰਜਮੈਂਟ ਇੱਕ ਅਹਿਮ ਜਗ੍ਹਾ ਉੱਤੇ ਮੋਰਚੇ ਸੰਭਾਲੇ ਹੋਏ ਸੀ ਅਤੇ ਜ਼ਰਾ ਜਿੰਨੀ ਗ਼ਲਤੀ ਤਬਾਹੀ ਦਾ ਸਬੱਬ ਬਣ ਸਕਦੀ ਸੀ। ਇਸ ਨਿਰਣਾਇਕ ਵਕਤ ਇਸ ਸਦੀਵੀ ਬੇਵਕੂਫ਼ ਨੇ ਕੀਤਾ ਕੀ, ਇਸਨੇ ਰਜਮੈਂਟ ਨੂੰ ਜਗ੍ਹਾ ਛੱਡਣ ਦਾ ਹੁਕਮ ਦਿੱਤਾ ਅਤੇ ਕੋਲ ਵਾਲੀ ਪਹਾੜੀ ਉੱਤੇ ਮੋਰਚੇ ਸੰਭਾਲਣ ਨੂੰ ਕਿਹਾ, ਜਿੱਥੇ ਦੁਸ਼ਮਨ ਦਾ ਨਾਮੋ ਨਿਸ਼ਾਨ ਵੀ ਨਹੀਂ ਸੀ। “ਲਓ ਜੀ, ਹੋ ਗਿਆ ਕੰਮ ਤਮਾਮ!” ਮੈਂ ਆਪਣੇ ਆਪ ਨੂੰ ਕਿਹਾ, ਆਖ਼ਰ ਅੰਤ ਆ ਪਹੁੰਚਿਆ। ਅਸੀਂ ਜਿਵੇਂ ਹੀ ਇਸ ਪਹਾੜੀ ਉੱਤੇ ਪੁੱਜੇ ਅਤੇ ਅਸੀਂ ਆਪਣੀ ਪਾਗਲਾਨਾ ਪੇਸ਼ਕਦਮੀ ਰੋਕੀ ਤਾਂ ਅਸੀਂ ਕੀ ਵੇਖਿਆ? ਰੂਸੀਆਂ ਦੀ ਇੱਕ ਵੱਡੀ ਫ਼ੌਜ ਜਿਸਨੂੰ ਉਨ੍ਹਾਂ ਨੇ ਬਾਅਦ ਵਿੱਚ ਇਸਤੇਮਾਲ ਲਈ ਮਹਿਫ਼ੂਜ਼ ਰੱਖਿਆ ਹੋਇਆ ਸੀ, ਉੱਥੇ ਮੌਜੂਦ ਸੀ। ਤੱਦ ਕੀ ਹੋਇਆ ਫਿਰ? ਕੀ ਸਾਡਾ ਕੰਮ ਤਮਾਮ ਹੋਇਆ? ਅਜਿਹਾ ਹੋਣਾ ਜਰੂਰੀ ਸੀ ਕਿਉਂਕਿ ਸੌ ਵਿੱਚੋਂ ਨੜ੍ਹਿਨਵੇਂ ਮਾਮਲਿਆਂ ਵਿੱਚ ਅਜਿਹਾ ਹੀ ਹੁੰਦਾ ਹੈ। ਲੇਕਿਨ ਨਹੀਂ, ਉਹ ਰੂਸੀ ਇਸ ਬਹਿਸ ਵਿੱਚ ਪੈ ਗਏ ਕਿ ਸਿਰਫ ਇੱਕ ਰਜਮੈਂਟ ਇਵੇਂ ਦਨਦਨਾਦੀ ਹੋਈ ਉੱਥੇ ਨਹੀਂ ਪਹੁੰਚ ਸਕਦੀ ਸੀ ਜਦੋਂ ਕਿ ਜੰਗ ਪੂਰੀ ਭਖੀ ਹੋਈ ਸੀ। ਇਹ ਯਕੀਨਨ ਪੂਰੀ ਬਰਤਾਨਵੀ ਫ਼ੌਜ ਸੀ ਜਿਸਨੂੰ ਰੂਸੀਆਂ ਦੀ ਹੁਸ਼ਿਆਰੀ ਦਾ ਪਤਾ ਚੱਲ ਗਿਆ ਸੀ ਅਤੇ ਉਸਨੇ ਉਨ੍ਹਾਂ ਨੂੰ ਉਥੇ ਹੀ ਪਾਬੰਦ ਕਰ ਦਿੱਤਾ ਸੀ। ਇਸਲਈ ਉਹ ਘਬਰਾ ਕੇ ਉਲਟੇ ਕਦਮੀਂ ਪਲਟੇ ਅਤੇ ਭਗਦੜ ਵਿੱਚ ਹੇਠਾਂ ਮੈਦਾਨ ਵੱਲ ਭੱਜਣ ਲੱਗੇ ਜਦੋਂ ਕਿ ਅਸੀ ਉਨ੍ਹਾਂ ਦੇ ਪਿੱਛੇ ਪਿੱਛੇ ਸਾਂ। ਇਵੇਂ ਰੂਸੀਆਂ ਨੇ ਜੰਗ ਦੇ ਮੈਦਾਨ ਵਿੱਚ ਆਪਣਾ ਮਜ਼ਬੂਤ ਗੜ੍ਹ ਖ਼ੁਦ ਹੀ ਗਵਾ ਲਿਆ; ਅਸੀਂ ਅਜਿਹੀ ਭਗਦੜ ਪਈ ਜੋ ਪਹਿਲਾਂ ਕਦੇ ਨਾ ਵੇਖੀ ਸੀ; ਇਵੇਂ ਇੱਤਹਾਦੀਆਂ ਦੀ ਹਾਰ ਇੱਕ ਹੂੰਝਾ-ਫੇਰੂ ਸ਼ਾਨਦਾਰ ਫਤਹਿ ਵਿੱਚ ਬਦਲ ਗਈ। ਮਾਰਸ਼ਲ ਕੈਨ ਰਾਬਰਟ ਨੇ ਵੇਖਿਆ, ਤੇ ਉਹ ਹੈਰਾਨਗੀ, ਪ੍ਰਸ਼ੰਸਾ ਅਤੇ ਖੁਸ਼ੀ ਨਾਲ ਚੁੰਧਿਆ ਗਿਆ; ਅਤੇ ਉਸੇ ਵੇਲੇ ਉਸਨੂੰ ਸਕੋਰਸਬੀ ਨੂੰ ਬੁਲਾ ਲਿਆ, ਅਤੇ ਉਸ ਨੂੰ ਜੱਫੀ ਪਾ ਲਈ, ਅਤੇ ਮੈਦਾਨ ਵਿੱਚ, ਸਾਰੀਆਂ ਫ਼ੌਜਾਂ ਦੀ ਹਾਜ਼ਰੀ ਵਿੱਚ ਉਸਦੇ ਤਮਗੇ ਸਜਾ ਦਿੱਤੇ!

ਅਤੇ ਇਸ ਵਕਤ ਸਕੋਰਸਬੀ ਦੀ ਅਹਿਮਕਾਨਾ ਹਰਕਤ ਕੀ ਸੀ? ਉਸਨੇ ਬਸ... ਖੱਬੇ ਹੱਥ ਦੀ ਬਜਾਏ ਸੱਜਾ ਸਮਝ ਲਿਆ ਸੀ... ਉਸ ਦੇ ਕੋਲ ਇੱਕ ਹੁਕਮ ਆਇਆ ਸੀ ਕਿ ਪਿੱਛੇ ਹਟੋ ਅਤੇ ਸੱਜੇ ਤਰਫ਼ ਦੀ ਫ਼ੌਜ ਦੀ ਮਦਦ ਕਰੋ; ਜਦੋਂ ਕਿ ਉਹ ਪਿੱਛੇ ਹੱਟਣ ਦੀ ਬਜਾਏ ਅੱਗੇ ਅਤੇ ਖੱਬੇ ਤਰਫ਼ ਪਹਾੜੀ ਉੱਤੇ ਚਲਾ ਗਿਆ। ਅਤੇ ਇਸ ਦਿਨ ਉਸਨੇ ਇੱਕ ਜ਼ਬਰਦਸਤ ਜੰਗੀ ਸਮਝ ਦਾ ਨਾਮਣਾ ਖੱਟਿਆ ਸੀ ਅਤੇ ਸਾਰੀ ਦੁਨੀਆ ਵਿੱਚ ਉਸ ਦੀ ਬੱਲੇ ਬੱਲੇ ਹੋ ਗਈ ਸੀ ਅਤੇ ਜਦੋਂ ਤੱਕ ਇਤਿਹਾਸ ਦੀਆਂ ਕਿਤਾਬਾਂ ਰਹਿਣਗੀਆਂ, ਉਸ ਦੀ ਇਹ ਬੱਲੇ ਬੱਲੇ ਹਮੇਸ਼ਾ ਕਾਇਮ ਰਹੇਗੀ।

ਉਹ ਉਨਾ ਹੀ ਚੰਗਾ ਅਤੇ ਮਿੱਠਾ, ਪਿਆਰਾ ਅਤੇ ਦੰਭ-ਰਹਿਤ ਖਰਾ ਸ਼ਖਸ ਹੈ ਜਿੰਨਾ ਕੋਈ ਬੰਦਾ ਹੋ ਸਕਦਾ ਹੈ, ਲੇਕਿਨ ਉਸਨੂੰ ਇੰਨਾ ਵੀ ਨਹੀਂ ਪਤਾ ਕਿ ਜਦੋਂ ਮੀਂਹ ਪੈ ਰਿਹਾ ਹੋਵੇ ਤਾਂ ਬੰਦੇ ਨੂੰ ਛੱਤ ਥੱਲੇ ਆ ਜਾਣਾ ਚਾਹੀਦਾ ਹੈ। ਮੈਂ ਜੋ ਕੁੱਝ ਕਿਹਾ ਹੈ ਸਭ ਸੱਚ ਹੈ। ਉਹ ਇਸ ਕਾਇਨਾਤ ਦਾ ਸਭ ਤੋਂ ਵੱਡਾ ਗਧਾ ਹੈ ਅਤੇ ਹੁਣ ਤੋਂ ਅੱਧਾ ਘੰਟਾ ਪਹਿਲਾਂ ਤੱਕ ਇਹ ਗੱਲ ਸਿਵਾਏ ਮੇਰੇ ਅਤੇ ਇਸ ਦੇ ਕਿਸੇ ਨੂੰ ਪਤਾ ਨਹੀਂ ਸੀ। ਇੱਕ ਵੱਡੀ ਅਤੇ ਹੈਰਾਨ ਕਰ ਦੇਣ ਵਾਲੀ ਖੁਸ਼ਕਿਸਮਤੀ ਹਰ ਦਿਨ ਹਰ ਸਾਲ ਉਸ ਦੇ ਨਾਲ ਰਹੀ ਹੈ। ਉਹ ਸਾਡੀ ਪੀੜ੍ਹੀ ਦੀਆਂ ਸਾਰੀਆਂ ਜੰਗਾਂ ਵਿੱਚ ਸਭ ਤੋਂ ਉਘਾ ਫ਼ੌਜੀ ਰਿਹਾ ਹੈ ਜਿਸ ਨੇ ਆਪਣੀ ਸਾਰੀ ਫ਼ੌਜੀ ਜ਼ਿੰਦਗੀ ਵਿੱਚ ਅਹਿਮਕਾਨਾ ਗ਼ਲਤੀਆਂ ਦੇ ਸਿਵਾ ਹੋਰ ਕੁੱਝ ਨਹੀਂ ਕੀਤਾ, ਅਤੇ ਹਮੇਸ਼ਾ ਜੋ ਵੀ ਕੀਤਾ ਉਸ ਨੇ ਉਸਨੂੰ ਨਾਈਟ, ਬੇਰੋਨੇਟ ਜਾਂ ਲਾਰਡ ਜਾਂ ਇਸੇ ਤਰ੍ਹਾਂ ਦਾ ਕੁੱਝ ਨਾ ਬਣਵਾਇਆ ਹੋਵੇ। ਉਸ ਦੀ ਛਾਤੀ ਉੱਤੇ ਗ਼ੌਰ ਨਾਲ ਦੇਖੋ, ਇਹ ਵਤਨੀ ਅਤੇ ਗ਼ੈਰ ਵਤਨੀ ਤਮਗ਼ਿਆਂ ਨਾਲ ਲੱਦੀ ਹੋਈ ਹੈ। ਤਾਂ ਜਨਾਬ, ਉਨ੍ਹਾਂ ਵਿਚੋਂ ਹਰ ਇੱਕ ਤਮਗ਼ਾ ਕਿਸੇ ਨਾ ਕਿਸੇ ਅਹਿਮਕਾਨਾ ਗ਼ਲਤੀ ਦਾ ਰਿਕਾਰਡ ਹੈ; ਅਤੇ ਸਾਰਿਆ ਨੂੰ ਮਿਲਾ ਕੇ ਵੇਖਿਆ ਜਾਵੇ ਤਾਂ ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਇਸ ਦੁਨੀਆ ਵਿੱਚ ਸਭ ਤੋਂ ਵਧੀਆ ਚੀਜ਼ ਜੋ ਕਿਸੇ ਬੰਦੇ ਨੂੰ ਮਿਲ ਸਕਦੀ ਹੈ ਉਹ ਹੈ ਉਸਦਾ ਖ਼ੁਸ਼-ਕ਼ਿਸਮਤ ਜੰਮ ਪੈਣਾ। ਮੈਂ ਫਿਰ ਕਹਿੰਦਾ ਹਾਂ, ਜਿਵੇਂ ਕਿ ਮੈਂ ਦਾਅਵਤ ਵਿੱਚ ਵੀ ਕਿਹਾ ਸੀ ਕਿ ਸਕੋਰਸਬੀ ਨਿਰਾ ਇਹ ਨਿਰਾ ਝੁੱਡੂ ਹੀ ਨਹੀਂ ਪਰਲੇ ਦਰਜੇ ਦਾ ਬੁੱਧੂ ਵੀ ਹੈ।