ਅਨੁਵਾਦ:ਗਿਰਝ
ਇੱਕ ਗਿਰਝ ਮੇਰੇ ਪੈਰਾਂ `ਤੇ ਆਪਣੀ ਚੁੰਜ ਨਾਲ਼ੋਂ ਤਾਬੜਤੋੜ ਹਮਲੇ ਕਰ ਰਹੀ ਸੀ। ਮੇਰੇ ਬੂਟ ਅਤੇ ਜੁਰਾਬਾਂ ਉਹ ਫਾੜ ਚੁੱਕੀਸੀ। ਹੁਣ ਉਸ ਦੇ ਹਮਲਿਆਂ ਦਾ ਕੇਂਦਰ ਮੇਰੇ ਪੈਰ ਸਨ। ਉਹ ਵਾਰ ਵਾਰ ਮੇਰੇ ਪੈਰਾਂ ਤੇ ਠੁੰਗਾਂ ਮਾਰਦੀ ਤੇ ਮਾਸ ਨੋਚਣ ਦੀ ਕੋਸ਼ਿਸ਼ ਕਰਦੀ, ਫਿਰ ਉਹ ਵੱਡੀ ਬੇਚੈਨੀ ਨਾਲ਼ ਮੇਰੇ ਇਰਦ-ਗਿਰਦ ਕਈ ਚੱਕਰ ਲਾਉਂਦੀ ਅਤੇ ਫਿਰ ਆਪਣੇ ਕੰਮ ਵਿੱਚ ਮਸਰੂਫ ਹੋ ਜਾਂਦੀ। ਇੱਕ ਸ਼ਖਸ ਉੱਥੋਂ ਲੰਘ ਰਿਹਾ ਸੀ, ਤਾਂ ਪਹਿਲਾਂ ਉਸਨੇ ਕੁੱਝ ਦੇਰ ਲਈ ਇਹ ਸਾਰਾ ਦ੍ਰਿਸ਼ ਵੇਖਿਆ, ਫਿਰ ਮੈਨੂੰ ਪੁੱਛਣ ਲੱਗਿਆ ਕਿ ਮੈਂ ਇਸ ਗਿਰਝ ਨੂੰ ਕਿਉਂ ਬਰਦਾਸ਼ਤ ਕਰ ਰਿਹਾ ਸੀ। "ਮੈਂ ਤਾਂ ਕਿਸੇ ਤਰ੍ਹਾਂ ਆਪਣਾ ਬਚਾਓ ਕਰ ਹੀ ਨਹੀਂ ਸਕਦਾ, ਮੈਂ ਕਿਹਾ, "ਜਦੋਂ ਇਹ ਆਇਆ ਅਤੇ ਇਸਨੇ ਮੇਰੇ ’ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ, ਮੈਂ ਸਾਫ਼ ਹੈ ਇਸ ਨੂੰ ਭਜਾ ਦੇਣਾ ਚਾਹੁੰਦਾ ਸੀ। ਮੈਂ ਤਾਂ ਇਸ ਦਾ ਗਲਾ ਘੁੱਟ ਦੇਣ ਦੀ ਵੀ ਕੋਸ਼ਿਸ਼ ਕੀਤੀ। ਪਰ ਇਹੋ ਜਿਹੇ ਕਿਸੇ ਜਾਨਵਰ ਵਿੱਚ ਬੜੀ ਤਾਕਤ ਹੁੰਦੀ ਹੈ। ਇਹ ਤਾਂ ਟਪੋਸੀ ਮਾਰ ਕੇ ਮੇਰੇ ਚਿਹਰੇ ਤੱਕ ਆ ਜਾਣਾ ਚਾਹੁੰਦਾ ਸੀ। ਤੱਦ ਮੈਂ ਆਪਣੇ ਪੈਰ ਦੀ ਕੁਰਬਾਨੀ ਦੇਣਾ ਹੀ ਬਿਹਤਰ ਸਮਝਿਆ। ਹੁਣ ਤਾਂ ਇਹ ਵੀ ਚੀਥੜੇ ਬਣ ਚੁੱਕੇ ਹਨ।
’’ਤੁਸੀਂ ਇਜਾਜ਼ਤ ਹੀ ਕਿਉਂ ਦਿੱਤੀ ਕਿ ਤੁਹਾਨੂੰ ਇਸ ਤਰ੍ਹਾਂ ਤਸੀਹੇ ਦਿੱਤੇ ਜਾਣ", ਉਸ ਸ਼ਖਸ ਨੇ ਕਿਹਾ। "ਇੱਕ ਗੋਲੀ ਤੇ ਗਿਰਝ ਦਾ ਕੰਮ ਤਮਾਮ।" ’’ਸੱਚ?" ਮੈਂ ਪੁੱਛਿਆ। ਕੀ ਤੁਸੀਂ ਅਜਿਹਾ ਕਰਨਾ ਚਾਹੋਗੇ?" ’’ਵੱਡੀ ਖੁਸ਼ੀ ਨਾਲ਼", ਉਸ ਸ਼ਖਸ ਨੇ ਕਿਹਾ, "ਮੈਨੂੰ ਸਿਰਫ ਘਰ ਜਾ ਕੇ ਆਪਣੀ ਬੰਦੂਕ ਲਿਆਉਣੀ ਹੋਵੋਗੀ। ਕੀ ਤੁਸੀਂ ਸਿਰਫ ਅੱਧ ਘੰਟਾ ਇੰਤਜ਼ਾਰ ਕਰ ਸਕਦੇ ਹੋ?"
’’ਇਹ ਮੈਂ ਨਹੀਂ ਜਾਣਦਾ", ਮੈਂ ਕਿਹਾ ਅਤੇ ਕੁੱਝ ਦੇਰ ਲਈ ਖੜਾ ਹੋ ਗਿਆ, ਜਿਵੇਂ ਮੈਂ ਦਰਦ ਨਾਲ਼ ਪਥਰਾ ਗਿਆ ਸੀ। ਫਿਰ ਮੈਂ ਕਿਹਾ, "ਮਿਹਰਬਾਨੀ ਕਰਕੇ, ਤੁਸੀਂ ਇਹ ਕੋਸ਼ਿਸ਼ ਜ਼ਰੂਰ ਕਰੋ।" ’’ਅੱਛਾ," ਉਸਨੇ ਕਿਹਾ, " ਮੈਂ ਬਸ ਗਿਆ ਅਤੇ ਆਇਆ।"
ਗਿਰਝ ਇਹ ਸਾਰੀ ਗੱਲਬਾਤ ਆਰਾਮ ਨਾਲ਼ ਸੁਣਦੀ ਰਹੀ ਅਤੇ ਇਸ ਦੌਰਾਨ ਉਸ ਦੀਆਂ ਨਜ਼ਰਾਂ ਵਾਰ-ਵਾਰ ਮੇਰੇ ਅਤੇ ਉਸ ਸ਼ਖਸ ਦੇ ਵਿੱਚਕਾਰ ਹਰਕਤ ਕਰਦੀਆਂ ਰਹੀਆਂ। ਇਸ ਪਲ ਮੈਨੂੰ ਸਮਝ ਪਈ ਕਿ ਉਹ ਸਭ ਕੁੱਝ ਸਮਝ ਗਈ ਸੀ।
ਉਹ ਉੱਡੀ, ਵੇਗ ਫੜਨ ਲਈ ਕਾਫ਼ੀ ਪਿੱਛੇ ਹਟ ਗਈ ਅਤੇ ਫਿਰ ਨੇਜ਼ਾ ਸੁੱਟਣ ਵਾਲੇ ਕਿਸੇ ਖਿਡਾਰੀ ਦੀ ਤਰ੍ਹਾਂ ਉਸਦੀ ਚੁੰਜ ਮੇਰੇ ਮੂੰਹ ਦੇ ਰਸਤੇ ਮੇਰੇ ਅੰਦਰ ਡੂੰਘੀ ਉੱਤਰ ਗਈ।
ਪਿੱਛੇ ਡਿੱਗਦੇ ਡਿੱਗਦੇ ਮੈਨੂੰ ਰਿਹਾਈ ਦਾ ਅਹਿਸਾਸ ਹੋਇਆ ਕਿ ਉਹ ਮੇਰੇ ਅੰਦਰ ਦੀਆਂ ਕੁੱਲ ਗਹਿਰਾਈਆਂ ਨੂੰ ਭਰ ਦੇਣ ਅਤੇ ਕੁੱਲ ਕਿਨਾਰਿਆਂ ਤੋਂ ਡੁੱਲ੍ਹਦੇ ਗਹਿਗੱਚ ਖ਼ੂਨ ਵਿੱਚ ਹਮੇਸ਼ਾ ਹਮੇਸ਼ਾ ਵਾਸਤੇ ਡੁੱਬ ਗਈ ਸੀ।