ਅਨੁਵਾਦ:ਦੁਸ਼ਮਣ

ਵਿਕੀਸਰੋਤ ਤੋਂ

ਸਤੰਬਰ ਦੀ ਹਨੇਰੀ ਰਾਤ ਸੀ। ਡਾਕਟਰ ਕਿਰੀਲੋਵ ਦੇ ਇਕਲੌਤੇ ਛੇ ਸਾਲ ਦੇ ਪੁੱਤਰ ਆਂਦਰੇਈ ਦੀ ਨੌਂ ਦਸ ਵਜੇ ਦੇ ਦਰਮਿਆਨ ਡਿਪਥੀਰੀਆ ਨਾਲ ਮੌਤ ਹੋ ਗਈ। ਜਿਸ ਵਕਤ ਡਾਕਟਰ ਦੀ ਪਤਨੀ ਬੱਚੇ ਦੇ ਬੈੱਡ ਦੇ ਕੋਲ ਡੂੰਘੇ ਸੋਗ ਅਤੇ ਨਿਰਾਸ਼ਾ ਵਿੱਚ ਡੁੱਬੀ ਗੋਡਿਆਂ ਦੇ ਭਾਰ ਬੈਠੀ ਹੋਈ ਸੀ, ਉਸ ਨੂੰ ਗਸ਼ ਪੈ ਗਈ ਸੀ, ਉਦੋਂ ਦਰਵਾਜ਼ੇ ਦੀ ਘੰਟੀ ਤਿੱਖੀ ਅਵਾਜ਼਼ ਵਿੱਚ ਵੱਜੀ।

ਘਰ ਦੇ ਨੌਕਰ ਸਵੇਰੇ ਹੀ ਘਰ ਤੋਂ ਬਾਹਰ ਭੇਜ ਦਿੱਤੇ ਗਏ ਸਨ, ਕਿਉਂਜੋ ਡਿਪਥੀਰੀਆ ਛੂਤ ਨਾਲ ਫੈਲਣ ਵਾਲਾ ਰੋਗ ਸੀ। ਕਿਰੀਲੋਵ ਨੇ ਕਮੀਜ਼ ਪਹਿਨੀ ਹੋਈ ਸੀ। ਉਸਦੀ ਵਾਸਕਟ ਦੇ ਬਟਨ ਖੁੱਲ੍ਹੇ ਸਨ। ਉਸਦਾ ਚਿਹਰਾ ਗਿੱਲਾ ਸੀ, ਅਤੇ ਉਸਦੇ ਹੱਥ ਕਾਰਬੋਲਿਕ ਨਾਲ ਲਿੱਬੜੇ ਹੋਏ ਸਨ। ਉਹ ਉਸੇ ਤਰ੍ਹਾਂ ਹੀ ਦਰਵਾਜ਼ਾ ਖੋਲ੍ਹਣ ਚੱਲ ਪਿਆ। ਡਿਓਢੀ ਦੇ ਹਨੇਰੇ ਵਿੱਚ ਡਾਕਟਰ ਨੂੰ ਆਉਣ ਵਾਲੇ ਦੀ ਜੋ ਸ਼ਕਲ ਵਿਖਾਈ ਦਿੱਤੀ, ਉਹਦਾ ਦਰਮਿਆਨਾ ਕੱਦ, ਚਿੱਟਾ ਗੁਲੂਬੰਦ ਅਤੇ ਚਿਹਰਾ ਵੱਡਾ ਅਤੇ ਇੰਨਾ ਪੀਲਾ ਪਿਆ ਹੋਇਆ ਸੀ ਕਿ ਲੱਗਦਾ ਸੀ ਜਿਵੇਂ ਡਿਓਢੀ ਵਿੱਚ ਉਸ ਦੇ ਆਉਣ ਨਾਲ ਰੌਸ਼ਨੀ ਵਧ ਗਈ ਹੋਵੇ।

"ਕੀ ਡਾਕਟਰ ਸਾਹਿਬ ਘਰ ਹਨ?" ਆਉਣ ਵਾਲੇ ਦੀ ਆਵਾਜ਼ ਵਿੱਚ ਕਾਹਲ ਸੀ।

"ਹਾਂ! ਦੱਸੋ ਕੀ ਗੱਲ ਹੈ?" ਕਿਰੀਲੋਵ ਨੇ ਜਵਾਬ ਦਿੱਤਾ।

"ਓਹ! ਤੁਹਾਨੂੰ ਮਿਲ ਕੇ ਖ਼ੁਸ਼ੀ ਹੋਈ।" ਆਉਣ ਵਾਲੇ ਨੇ ਖੁਸ਼ ਹੋ ਕੇ ਹਨ੍ਹੇਰੇ ਵਿੱਚ ਡਾਕਟਰ ਦਾ ਹੱਥ ਟਟੋਲਿਆ ਅਤੇ ਉਸਨੂੰ ਆਪਣੇ ਦੋਨ੍ਹੋਂ ਹੱਥਾਂ ਨਾਲ ਜ਼ੋਰ ਨਾਲ ਦਬਾ ਕੇ ਕਿਹਾ, "ਬੇਹੱਦ ਖ਼ੁਸ਼ੀ ਹੋਈ। ਆਪਾਂ ਪਹਿਲਾਂ ਮਿਲ ਚੁੱਕੇ ਹਾਂ। ਮੇਰਾ ਨਾਮ ਐਬੋਗਿਨ ਹੈ...ਗਰਮੀਆਂ ਵਿੱਚ ਗਚੂਨੇਵ ਪਰਵਾਰ ਵਿੱਚ ਤੁਹਾਨੂੰ ਮਿਲਣ ਦਾ ਮੁਬਾਰਕ ਮੌਕਾ ਮਿਲਿਆ ਸੀ। ਬਹੁਤ ਖ਼ੁਸ਼ੀ ਹੋਈ ਕਿ ਤੁਸੀਂ ਘਰ ਮਿਲ ਗਏ...ਰੱਬ ਦਾ ਵਾਸਤਾ ਮੇਰੇ ਤੇ ਰਹਿਮ ਕਰੋ ਅਤੇ ਝੱਟਪੱਟ ਮੇਰੇ ਨਾਲ ਚੱਲੋ। ਮੈਂ ਤੁਹਾਡੀ ਮਿੰਨਤ ਕਰਦਾ ਹਾਂ...ਮੇਰੀ ਪਤਨੀ ਬੇਹੱਦ ਬੀਮਾਰ ਹੈ...ਮੈਂ ਘੋੜਾਗੱਡੀ ਲਿਆਇਆ ਹਾਂ।"

ਆਉਣ ਵਾਲੇ ਦੀ ਅਵਾਜ਼਼ ਅਤੇ ਉਸਦੇ ਹਾਵ-ਭਾਵ ਤੋਂ ਲੱਗ ਰਿਹਾ ਸੀ ਕਿ ਉਹ ਬੇਹੱਦ ਘਬਰਾਇਆ ਹੋਇਆ ਸੀ। ਉਸਦਾ ਸਾਹ ਬਹੁਤ ਤੇਜ਼ ਚੱਲ ਰਿਹਾ ਸੀ ਅਤੇ ਉਹ ਕੰਬਦੀ ਅਵਾਜ਼਼ ਵਿੱਚ ਤੇਜ਼ ਤੇਜ਼ ਬੋਲ ਰਿਹਾ ਸੀ ਜਿਵੇਂ ਉਹ ਕਿਸੇ ਅਗਨੀਕਾਂਡ ਜਾਂ ਹਲ਼ਕੇ ਕੁੱਤੇ ਕੋਲੋਂ ਬਚ ਕੇ ਭੱਜਿਆ ਆ ਰਿਹਾ ਹੋਵੇ। ਉਸਦੀ ਗੱਲ ਵਿੱਚ ਸਾਫ਼ਦਿਲੀ ਝਲਕ ਰਹੀ ਸੀ ਅਤੇ ਉਹ ਕਿਸੇ ਸਹਿਮੇ ਹੋਏ ਬੱਚੇ ਵਰਗਾ ਲੱਗ ਰਿਹਾ ਸੀ। ਉਹ ਛੋਟੇ ਛੋਟੇ ਅਧੂਰੇ ਵਾਕ ਬੋਲ ਰਿਹਾ ਸੀ ਅਤੇ ਬਹੁਤ ਸਾਰੀਆਂ ਅਜਿਹੀਆਂ ਫਾਲਤੂ ਗੱਲਾਂ ਕਰ ਰਿਹਾ ਸੀ ਜਿਨ੍ਹਾਂ ਦਾ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਸੀ।

"ਮੈਨੂੰ ਡਰ ਸੀ ਕਿ ਕਿਤੇ ਤੁਸੀਂ ਘਰ ਹੀ ਨਾ ਹੋਵੋ।" ਆਉਣ ਵਾਲੇ ਨੇ ਕਹਿਣਾ ਜਾਰੀ ਰੱਖਿਆ, "ਰੱਬ ਦੇ ਵਾਸਤੇ, ਤੁਸੀਂ ਆਪਣਾ ਕੋਟ ਪਾਓ ਅਤੇ ਚੱਲੋ...ਦਰਅਸਲ ਹੋਇਆ ਇਹ ਕਿ ਪਾਪਚਿੰਸਕੀ...ਤੁਸੀਂ ਉਸਨੂੰ ਜਾਣਦੇ ਹੋ, ਅਲੈਗਜ਼ੈਂਡਰ ਸੇਮਿਓਨੋਵਿਚ ਪਾਪਚਿੰਸਕੀ ਮੈਨੂੰ ਮਿਲਣ ਆਇਆ। ਥੋੜ੍ਹੀ ਦੇਰ ਅਸੀਂ ਲੋਕ ਬੈਠੇ ਗੱਲਾਂ ਕਰਦੇ ਰਹੇ। ਫਿਰ ਅਸੀਂ ਚਾਹ ਪੀਤੀ। ਅਚਾਨਕ ਮੇਰੀ ਪਤਨੀ ਦੀ ਚੀਕ ਨਿੱਕਲੀ ਅਤੇ ਉਹ ਆਪਣੀ ਹਿੱਕ ਉੱਤੇ ਹੱਥ ਰੱਖ ਕੇ ਕੁਰਸੀ `ਤੇ ਢੇਰੀ ਹੋ ਗਈ। ਉਸਨੂੰ ਚੁੱਕ ਕੇ ਅਸੀਂ ਲੋਕ ਬੈੱਡ ਤੇ ਲੈ ਗਏ। ਮੈਂ ਅਮੋਨੀਆ ਲੈ ਕੇ ਉਸਦੀਆਂ ਕਨਪਟੀਆਂ ਉੱਤੇ ਮਾਲ੍ਸ ਕੀਤੀ ਅਤੇ ਉਸਦੇ ਮੂੰਹ ਉੱਤੇ ਪਾਣੀ ਦੇ ਛਿੱਟੇ ਮਾਰੇ, ਪਰ ਉਹ ਬਿਲਕੁੱਲ ਬੇਜਾਨ ਜਿਹੀ ਪਈ ਰਹੀ। ਮੈਨੂੰ ਡਰ ਹੈ, ਉਸਨੂੰ ਕਿਤੇ ਦਿਲ ਦਾ ਦੌਰਾ ਨਾ ਪਿਆ ਹੋਵੇ...ਤੁਸੀਂ ਚੱਲੋ...ਉਸਦੇ ਪਿਤਾ ਦੀ ਮੌਤ ਵੀ ਦਿਲ ਦਾ ਦੌਰਾ ਪੈਣ ਨਾਲ਼ ਹੋਈ ਸੀ...। ਕਿਰੀਲੋਵ ਚੁਪਚਾਪ ਇਸ ਤਰ੍ਹਾਂ ਸੁਣਦਾ ਰਿਹਾ, ਜਿਵੇਂ ਉਹ ਰੂਸੀ ਭਾਸ਼ਾ ਸਮਝਦਾ ਹੀ ਨਾ ਹੋਵੇ।

ਜਦੋਂ ਆਉਣ ਵਾਲੇ ਐਬੋਗਿਨ ਨੇ ਫਿਰ ਪਾਪਚਿੰਸਕੀ ਅਤੇ ਆਪਣੀ ਪਤਨੀ ਦੇ ਪਿਤਾ ਦਾ ਜ਼ਿਕਰ ਕੀਤਾ ਅਤੇ ਹਨੇਰੇ ਵਿੱਚ ਦੁਬਾਰਾ ਉਸਦਾ ਹੱਥ ਟਟੋਲਣਾ ਸ਼ੁਰੂ ਕੀਤਾ ਤੱਦ ਉਸਨੇ ਸਿਰ ਚੁੱਕਿਆ ਅਤੇ ਉਦਾਸੀਨਤਾ ਨਾਲ ਹੌਲੀ ਹੌਲੀ ਹਰ ਸ਼ਬਦ ਜ਼ਬਾਨ `ਤੇ ਲਿਆਉਂਦੇ ਹੋਏ ਕਿਹਾ, "ਮੈਨੂੰ ਦੁੱਖ ਹੈ ਕਿ ਮੈਂ ਤੁਹਾਡੇ ਨਾਲ਼ ਨਹੀਂ ਜਾ ਸਕੂੰਗਾ...ਪੰਜ ਮਿੰਟ ਪਹਿਲਾਂ ਮੇਰੇ ਬੇਟੇ ਦੀ...ਮੌਤ ਹੋ ਗਈ ਹੈ।"

"ਓ ਨਹੀਂ!" ਪਿੱਛੇ ਹਟਦੇ ਹੋਏ ਐਬੋਗਿਨ ਫੁਸਫੁਸਾਇਆ, "ਹੇ ਭਗਵਾਨ! ਮੈਂ ਕਿੰਨੇ ਗ਼ਲਤ ਮੌਕੇ ਤੇ ਆਇਆ ਹਾਂ। ਕਿੰਨਾ ਮੰਦਭਾਗਾ ਦਿਨ ਹੈ ਇਹ...ਇਹ ਕਿੰਨੀ ਅਜੀਬ ਗੱਲ ਹੈ। ਕੈਸਾ ਸੰਜੋਗ ਹੈ ਇਹ...ਕੌਣ ਸੋਚ ਸਕਦਾ ਸੀ!"

ਉਸਨੇ ਦਰਵਾਜ਼ੇ ਦਾ ਮੁੱਠਾ ਫੜ ਲਿਆ। ਉਸ ਨੂੰ ਸਮਝ ਨਹੀਂ ਪੈ ਰਹੀ ਸੀ ਕਿ ਉਹ ਡਾਕਟਰ ਦੀ ਮਿੰਨਤ ਕਰਦਾ ਰਹੇ ਜਾਂ ਪਰਤ ਜਾਵੇ। ਫਿਰ ਉਹ ਕਿਰੀਲੋਵ ਦੇ ਕਮੀਜ਼ ਦੀ ਬਾਂਹ ਫੜ ਕੇ ਬੋਲਿਆ, “ਮੈਂ ਤੁਹਾਡੀ ਹਾਲਤ ਬਖ਼ੂਬੀ ਸਮਝਦਾ ਹਾਂ। ਰੱਬ ਜਾਣਦਾ ਹੈ ਕਿ ਅਜਿਹੇ ਭੈੜੇ ਵਕਤ ਮੈਂ ਤੁਹਾਨੂੰ ਤਕਲੀਫ਼ ਦੇਣ ਲਈ ਮੈਂ ਸ਼ਰਮਿੰਦਾ ਹਾਂ। ਲੇਕਿਨ ਮੈਂ ਕੀ ਕਰਾਂ? ਤੁਸੀਂ ਹੀ ਦੱਸੋ, ਮੈਂ ਕਿੱਥੇ ਜਾਵਾਂ? ਇਥੇ ਤੁਹਾਡੇ ਇਲਾਵਾ ਕੋਈ ਡਾਕਟਰ ਨਹੀਂ ਹੈ। ਰੱਬ ਦੇ ਵਾਸਤੇ ਤੁਸੀਂ ਮੇਰੇ ਨਾਲ ਚੱਲੋ!"

ਉੱਥੇ ਚੁੱਪੀ ਛਾ ਗਈ। ਕਿਰੀਲੋਵ ਐਬੋਗਿਨ ਦੇ ਵੱਲ ਪਿੱਠ ਫੇਰ ਕੇ ਝੱਟ ਕੁ ਚੁਪਚਾਪ ਖੜ੍ਹਾ ਰਿਹਾ। ਫਿਰ ਉਹ ਹੌਲੀ ਹੌਲੀ ਡਿਓਢੀ ਵਿੱਚੋਂ ਬੈਠਕ ਵਿੱਚ ਚਲਾ ਗਿਆ। ਉਸਦੀ ਚਾਲ ਮਸ਼ੀਨੀ ਜਿਹੀ ਅਤੇ ਡਾਵਾਂਡੋਲ ਸੀ। ਬੈਠਕ ਵਿੱਚ ਬੁਝੇ ਲੈਂਪ ਸ਼ੇਡ ਦੀ ਝਾਲਰ ਸਿੱਧੀ ਕਰਨ ਅਤੇ ਮੇਜ਼ ਉੱਤੇ ਪਈ ਇੱਕ ਮੋਟੀ ਕਿਤਾਬ ਦੇ ਪੰਨੇ ਉਲਟਣ ਦੇ ਉਸਦੇ ਖੋਏ ਖੋਏ ਅੰਦਾਜ਼ ਤੋਂ ਲੱਗ ਰਿਹਾ ਸੀ ਕਿ ਉਸ ਸਮੇਂ ਉਸਦੀ ਨਾ ਕੋਈ ਮਨਸ਼ਾ ਸੀ, ਨਾ ਉਸਦੀ ਕੋਈ ਇੱਛਾ ਸੀ ਅਤੇ ਨਾ ਹੀ ਉਹ ਕੁੱਝ ਸੋਚ ਪਾ ਰਿਹਾ ਸੀ। ਉਹ ਸ਼ਾਇਦ ਇਹ ਵੀ ਭੁੱਲ ਗਿਆ ਸੀ ਕਿ ਬਾਹਰ ਡਿਓਢੀ ਵਿੱਚ ਕੋਈ ਅਜਨਬੀ ਵੀ ਖੜ੍ਹਾ ਹੈ। ਕਮਰੇ ਦੇ ਸੰਨਾਟੇ ਅਤੇ ਧੁੰਦਲਕੇ ਨੇ ਉਸਦਾ ਸੁੰਨਪੁਣਾ ਜਿਵੇਂ ਹੋਰ ਤੀਖਣ ਕਰ ਦਿੱਤਾ ਸੀ। ਬੈਠਕ ਤੋਂ ਪੜ੍ਹਨ-ਕਮਰੇ ਦੇ ਵੱਲ ਵੱਧਦੇ ਹੋਏ ਉਸਨੇ ਆਪਣਾ ਸੱਜਾ ਪੈਰ ਜ਼ਰੂਰਤ ਨਾਲੋਂ ਜ਼ਿਆਦਾ ਉੱਚਾ ਉਠਾ ਲਿਆ ਅਤੇ ਫਿਰ ਦਰਵਾਜ਼ੇ ਦੀ ਚੁਗਾਠ ਟਟੋਲਣ ਲੱਗਿਆ। ਉਸਦੀ ਪੂਰੀ ਹਸਤੀ ਵਿੱਚੋਂ ਇੱਕ ਤਰ੍ਹਾਂ ਦੀ ਪਰੇਸ਼ਾਨੀ ਝਲਕ ਰਹੀ ਸੀ, ਜਿਵੇਂ ਉਹ ਕਿਸੇ ਬਗਾਨੇ ਘਰ ਵਿੱਚ ਆ ਵੜਿਆ ਹੋਵੇ ਜਾਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਸ਼ਰਾਬ ਪੀਤੀ ਹੋਵੇ ਅਤੇ ਹੁਣ, ਘਬਰਾ ਕੇ ਆਪਣੀ ਨਵੀਂ ਖ਼ੁਮਾਰੀ ਅੱਗੇ ਸਮਰਪਣ ਕਰ ਦਿੱਤਾ ਹੋਵੇ। ਰੌਸ਼ਨੀ ਦੀ ਇੱਕ ਚੌੜੀ ਪੱਟੀ ਕਮਰੇ ਦੀ ਇੱਕ ਦੀਵਾਰ ਅਤੇ ਕਿਤਾਬਾਂ ਦੀਆਂ ਅਲਮਾਰੀਆਂ ਉੱਤੇ ਪੈ ਰਹੀ ਸੀ। ਉਹ ਰੌਸ਼ਨੀ ਈਥਰ ਅਤੇ ਕਾਰਬੋਲਿਕ ਦੀ ਤਿੱਖੀ ਅਤੇ ਭਾਰੀ ਗੰਧ ਦੇ ਨਾਲ ਸੌਣ ਵਾਲੇ ਉਸ ਕਮਰੇ ਵਲੋਂ ਆ ਰਹੀ ਸੀ ਜਿਸਦਾ ਦਰਵਾਜ਼ਾ ਥੋੜ੍ਹਾ ਜਿਹਾ ਖੁੱਲ੍ਹਿਆ ਹੋਇਆ ਸੀ...ਡਾਕਟਰ ਮੇਜ਼ ਦੇ ਕੋਲ਼ ਪਈ ਕੁਰਸੀ ਵਿੱਚ ਜਾ ਗਿਰਿਆ। ਥੋੜ੍ਹੀ ਦੇਰ ਤੱਕ ਉਹ ਰੌਸ਼ਨੀ ਵਿੱਚ ਚਮਕ ਰਹੀਆਂ ਕਿਤਾਬਾਂ ਨੂੰ ਆਪਣੀਆਂ ਉਨੀਂਦਰੀਆਂ ਨਜ਼ਰਾਂ ਨਾਲ਼ ਘੂਰਦਾ ਰਿਹਾ, ਫਿਰ ਉੱਠਕੇ ਬੈੱਡਰੂਮ ਵਿੱਚ ਚਲਾ ਗਿਆ।

ਬੈੱਡਰੂਮ ਵਿੱਚ ਮੌਤ ਵਰਗਾ ਸੰਨਾਟਾ ਸੀ। ਇੱਥੇ ਦੀ ਹਰ ਛੋਟੀ ਚੀਜ਼ ਉਸ ਤੂਫ਼ਾਨ ਦੀ. ਜੋ ਹਾਲ ਵਿੱਚ ਹੀ ਇੱਥੋਂ ਲੰਘ ਕੇ ਗਿਆ ਸੀ, ਥਕੇਵੇਂ ਦੀ ਭਿਣਕ ਦੇ ਰਹੀ ਸੀ। ਇੱਥੇ ਸਭ ਕੁਝ ਅਹਿੱਲ ਪਿਆ ਸੀ। ਬਕਸੇ, ਬੋਤਲਾਂ ਅਤੇ ਮਰਤਬਾਨਾਂ ਨਾਲ ਭਰੇ ਸਟੂਲ ਉੱਤੇ ਇੱਕ ਮੋਮਬੱਤੀ ਬਲ਼ ਰਹੀ ਸੀ, ਅਤੇ ਅਲਮਾਰੀ ਉੱਤੇ ਇੱਕ ਵੱਡਾ ਲੈਂਪ ਅਤੇ ਇਨ੍ਹਾਂ ਨੇ ਪੂਰੇ ਕਮਰਾ ਰੁਸ਼ਨਾਇਆ ਹੋਇਆ ਸੀ।

ਬਾਰੀ ਦੇ ਕੋਲ ਪਏ ਬੈੱਡ ਉੱਤੇ ਇੱਕ ਬੱਚਾ ਲਿਟਿਆ ਸੀ ਜਿਸਦੀਆਂ ਅੱਖਾਂ ਖੁੱਲ੍ਹੀਆਂ ਸਨ ਅਤੇ ਚਿਹਰੇ ਉੱਤੇ ਅਚਰਜਤਾ ਦਾ ਭਾਵ ਸੀ। ਉਹ ਮੂਲੋਂ ਹਿੱਲ ਨਹੀਂ ਰਿਹਾ ਸੀ, ਪਰ ਉਸਦੀਆਂ ਖੁੱਲ੍ਹੀਆਂ ਅੱਖਾਂ ਹਰ ਪਲ ਕਾਲੀਆਂ ਪੈ ਰਹੀਆਂ ਤੇ ਉਸਦੇ ਮੱਥੇ ਵਿੱਚ ਹੀ ਡੂੰਘੀਆਂ ਧਸਦੀਆਂ ਜਾ ਰਹੀਆਂ ਲੱਗਦੀਆਂ ਸਨ। ਉਸਦੀ ਮਾਂ ਉਸਦੀ ਦੇਹ ਉੱਤੇ ਹੱਥ ਰੱਖ, ਬਿਸਤਰੇ ਵਿੱਚ ਮੂੰਹ ਲੁਕਾਈ, ਬੈੱਡ ਦੇ ਕੋਲ ਝੁਕੀ ਬੈਠੀ ਸੀ। ਬੱਚੇ ਦੀ ਤਰ੍ਹਾਂ, ਉਹ ਵੀ ਅਹਿੱਲ ਸੀ; ਪਰ ਉਸ ਦੀਆਂ ਬਾਹਾਂ ਅਤੇ ਸਰੀਰ ਦੀਆਂ ਗੋਲਾਈਆਂ ਵਿੱਚ ਜ਼ਿੰਦਗੀ ਦੀ ਕਿੰਨੀ ਕੁ ਧੜਕਣ ਸੀ! ਉਹ ਆਪਣੀ ਸਾਰੀ ਸ਼ਕਤੀ ਨਾਲ ਬੈੱਡ ਉੱਤੇ ਝੁਕੀ ਹੋਈ ਸੀ, ਬੈੱਡ ਨਾਲ ਪੂਰੀ ਤਰ੍ਹਾਂ ਚਿਪਕੀ ਹੋਈ ਸੀ, ਜਿਵੇਂ ਉਹ ਆਖ਼ਰ ਆਪਣੇ ਥੱਕੇ ਹੋਏ ਸਰੀਰ ਲਈ ਮਿਲ਼ੇ ਸ਼ਾਂਤ ਅਤੇ ਅਰਾਮਦੇਹ ਸਹਾਰੇ ਦੇ ਖੁੱਸਣ ਤੋਂ ਡਰਦੀ ਹੋਵੇ। ਕੰਬਲ, ਕੱਪੜੇ ਅਤੇ ਬੇਸਿਨ, ਪਾਣੀ ਦੀਆਂ ਛੱਪੜੀਆਂ, ਇਧਰ ਉਧਰ ਡਿਗੇ ਕੁਝ ਪੇਂਟ-ਬਰੱਸ਼ ਅਤੇ ਚਮਚੇ, ਚੂਨੇ ਪਾਣੀ ਦੀ ਚਿੱਟੀ ਬੋਤਲ, ਭਾਰੀ ਅਤੇ ਦਮਘੋਟੂ ਹਵਾ ਤੱਕ - ਸਭ ਸ਼ਾਂਤ ਸੀ ਅਤੇ ਜਾਪਦਾ ਸੀ ਜਿਵੇਂ ਇਹ ਸਭ ਆਰਾਮ ਫਰਮਾ ਰਹੇ ਹੋਣ।

ਡਾਕਟਰ ਸੋਗ ਵਿੱਚ ਡੁੱਬੀ ਆਪਣੀ ਪਤਨੀ ਦੇ ਕੋਲ਼ ਆ ਖੜ੍ਹਾ ਹੋਇਆ। ਪਤਲੂਨ ਦੀਆਂ ਜੇਬਾਂ ਵਿੱਚ ਹੱਥ ਪਾਕੇ ਅਤੇ ਆਪਣਾ ਸਿਰ ਇੱਕ ਤਰਫ ਝੁਕਾ ਕੇ ਉਹ ਆਪਣੇ ਬੇਟੇ ਵੱਲ ਤੱਕਣ ਲਗਾ। ਉਸਦਾ ਚਿਹਰਾ ਨਿਰਭਾਵ ਸੀ। ਕੇਵਲ ਉਸਦੀ ਦਾੜ੍ਹੀ ਤੇ ਚਮਕ ਰਹੀਆਂ ਬੂੰਦਾਂ ਹੀ ਇਸ ਗੱਲ ਦੀ ਗਵਾਹੀ ਦੇ ਰਹੀਆਂ ਸਨ ਕਿ ਉਹ ਹੁਣੇ ਰੋ ਕੇ ਹੱਟਿਆ ਸੀ।

ਜਦੋਂ ਵੀ ਅਸੀਂ ਮੌਤ ਬਾਰੇ ਗੱਲ ਕਰਦੇ ਹਾਂ, ਤਾਂ ਜਿਸ ਘਿਣਾਉਣੀ ਦਹਿਸ਼ਤ ਦਾ ਖ਼ਿਆਲ ਆਉਂਦਾ ਹੈ, ਉਹ ਕਮਰੇ ਵਿੱਚੋਂ ਗ਼ੈਰ ਹਾਜ਼ਰ ਸੀ। ਹਰ ਚੀਜ਼ ਦੇ ਸੁੰਨ ਵਿਚ, ਮਾਂ ਦੇ ਰਵੱਈਏ ਵਿਚ, ਡਾਕਟਰ ਦੇ ਚਿਹਰੇ ਉੱਪਰ ਪਸਰੀ ਉਦਾਸੀਨਤਾ ਵਿਚ ਕੁਝ ਅਜਿਹਾ ਸੀ ਜੋ ਦਿਲ ਨੂੰ ਧੂ ਪਾਉਂਦਾ ਅਤੇ ਛੂੰਹਦਾ ਸੀ, ਉਹ ਸੂਖਮ, ਮਨੁੱਖੀ ਸੋਗ ਦੀ ਲਗਭਗ ਭਰਮ ਮਾਤਰ ਜਿਹੀ ਸੁੰਦਰਤਾ, ਜਿਸ ਨੂੰ ਲੋਕ ਅਜੇ ਬੜੀ ਦੇਰ ਤੱਕ ਸਮਝ ਅਤੇ ਬਿਆਨ ਨਹੀਂ ਕਰ ਸਕਣਗੇ, ਅਤੇ ਲੱਗਦਾ ਹੈ ਉਸ ਨੂੰ ਕੇਵਲ ਸੰਗੀਤ ਹੀ ਵਿਅਕਤ ਕਰ ਸਕਦਾ ਹੈ। ਕਿਰੀਲੋਵ ਅਤੇ ਉਸ ਦੀ ਪਤਨੀ ਚੁੱਪ ਸਨ। ਉਹ ਰੋਏ ਨਹੀਂ। ਇਸ ਬੱਚੇ ਦੇ ਚਲੇ ਜਾਣ ਦੇ ਨਾਲ ਉਨ੍ਹਾਂ ਦਾ ਔਲਾਦ ਪਾਉਣ ਦਾ ਹੱਕ ਵੀ ਉਂਜ ਹੀ ਵਿਦਾ ਹੋ ਚੁੱਕਿਆ ਸੀ ਜਿਵੇਂ ਆਪਣੇ ਸਮੇਂ ਨਾਲ ਉਨ੍ਹਾਂ ਦੀ ਜਵਾਨੀ ਵਿਦਾ ਹੋ ਗਈ ਸੀ। ਡਾਕਟਰ ਦੀ ਉਮਰ ਚੁਤਾਲੀ ਸਾਲ ਦੀ ਸੀ। ਉਸ ਦੇ ਵਾਲ਼ ਹੁਣੇ ਪੱਕ ਗਏ ਸਨ ਅਤੇ ਉਹ ਬੁੱਢਾ ਲੱਗਦਾ ਸੀ। ਉਸਦੀ ਕੁਮਲਾਈ ਹੋਈ ਅਤੇ ਕਮਜ਼ੋਰ ਜਿਹੀ ਪਤਨੀ ਪੈਂਤੀ ਸਾਲ ਦੀ ਸੀ। ਆਂਦਰੇਈ ਉਨ੍ਹਾਂ ਦੀ ਇੱਕਮਾਤਰ ਔਲਾਦ ਹੀ ਨਹੀਂ ਸਗੋਂ ਆਖ਼ਰੀ ਵੀ ਸੀ।

ਆਪਣੀ ਪਤਨੀ ਦੇ ਉਲਟ, ਡਾਕਟਰ ਇੱਕ ਅਜਿਹਾ ਵਿਅਕਤੀ ਸੀ ਜੋ ਮਾਨਸਿਕ ਕਸ਼ਟ ਦੇ ਸਮੇਂ ਕੁੱਝ ਕਰਨ ਦੀ ਜ਼ਰੂਰਤ ਮਹਿਸੂਸ ਕਰਦਾ ਸੀ। ਪੰਜ ਕੁ ਮਿੰਟ ਆਪਣੀ ਪਤਨੀ ਕੋਲ਼ ਖੜੇ ਰਹਿਣ ਦੇ ਬਾਅਦ ਉਹ ਬੈੱਡਰੂਮ ਵਿੱਚੋਂ ਬਾਹਰ ਆ ਗਿਆ। ਆਪਣਾ ਸੱਜਾ ਪੈਰ ਪਹਿਲਾਂ ਵਾਂਗ ਜ਼ਰੂਰਤ ਨਾਲੋਂ ਜ਼ਿਆਦਾ ਚੁੱਕਦੇ ਹੋਏ ਉਹ ਇੱਕ ਛੋਟੇ ਕਮਰੇ ਵਿੱਚ ਗਿਆ, ਜਿੱਥੇ ਇੱਕ ਵੱਡਾ ਦਿਵਾਨ ਪਿਆ ਸੀ। ਉੱਥੋਂ ਹੁੰਦਾ ਹੋਇਆ ਉਹ ਰਸੋਈ ਵਿੱਚ ਗਿਆ। ਚੁੱਲ੍ਹੇ ਅਤੇ ਕੁੱਕ ਦੇ ਮੰਜੇ ਦੇ ਕੋਲ਼ ਟਹਿਲਦੇ ਹੋਏ ਉਹ ਝੁਕ ਕੇ ਇੱਕ ਛੋਟੇ ਜਿਹੇ ਦਰਵਾਜ਼ੇ ਵਿੱਚ ਘੁਸਿਆ ਅਤੇ ਡਿਓਢੀ ਵੱਲ ਨਿਕਲ ਆਇਆ।

ਇੱਥੇ ਉਸਦੀ ਟੱਕਰ ਚਿੱਟੇ ਗੁਲੂਬੰਦ ਵਾਲੇ ਅਤੇ ਫੱਕ ਹੋਏ ਚਿਹਰੇ ਵਾਲੇ ਵਿਅਕਤੀ ਨਾਲ ਦੁਬਾਰਾ ਹੋ ਗਈ।

"ਆਖ਼ਰ ਤੁਸੀਂ ਆ ਗਏ!" ਦਰਵਾਜ਼ੇ ਦੇ ਮੁੱਠੇ ਉੱਤੇ ਹੱਥ ਰੱਖਦੇ ਹੋਏ ਐਬੋਗਿਨ ਨੇ ਲੰਬਾ ਸਾਹ ਲੈਂਦਿਆਂ ਕਿਹਾ, "ਰੱਬ ਦੇ ਵਾਸਤੇ, ਚੱਲੋ।"

ਡਾਕਟਰ ਚੌਂਕ ਗਿਆ। ਉਸਨੇ ਐਬੋਗਿਨ ਦੇ ਵੱਲ ਵੇਖਿਆ ਅਤੇ ਉਸਨੂੰ ਯਾਦ ਆ ਗਿਆ...ਫਿਰ ਜਿਵੇਂ ਇਸ ਦੁਨੀਆ ਵਿੱਚ ਪਰਤਦੇ ਹੋਏ ਉਸਨੇ ਕਿਹਾ, "ਅਜੀਬ ਗੱਲ ਹੈ!"

ਆਪਣੇ ਗੁਲੂਬੰਦ ਉੱਤੇ ਹੱਥ ਰੱਖ ਕੇ ਮਿੰਨਤ ਭਰੀ ਅਵਾਜ਼ ਵਿੱਚ ਐਬੋਗਿਨ ਬੋਲਿਆ, "ਡਾਕਟਰ ਸਾਹਿਬ! ਮੈਂ ਤੁਹਾਡੀ ਹਾਲਤ ਚੰਗੀ ਤਰ੍ਹਾਂ ਸਮਝ ਰਿਹਾ ਹਾਂ। ਮੈਂ ਪੱਥਰ-ਦਿਲ ਇਨਸਾਨ ਨਹੀਂ ਹਾਂ। ਮੈਨੂੰ ਤੁਹਾਡੇ ਨਾਲ ਪੂਰੀ ਹਮਦਰਦੀ ਹੈ। ਪਰ ਮੈਂ ਤੁਹਾਨੂੰ ਆਪਣੇ ਵਾਸਤੇ ਅਪੀਲ ਨਹੀਂ ਕਰ ਰਿਹਾ। ਮੇਰੀ ਪਤਨੀ ਮਰ ਰਹੀ ਹੈ। ਜੇਕਰ ਤੁਸੀਂ ਉਸਦੀ ਉਹ ਹਿਰਦਾ ਚੀਰ ਦੇਣ ਵਾਲੀ ਚੀਕ ਸੁਣੀ ਹੁੰਦੀ, ਉਸਦਾ ਉਹ ਜ਼ਰਦ ਚਿਹਰਾ ਵੇਖਿਆ ਹੁੰਦਾ, ਤਾਂ ਤੁਸੀਂ ਮੇਰੀ ਇਸ ਬੇਨਤੀ ਨੂੰ ਸਮਝ ਸਕਦੇ। ਹੇ ਭਗਵਾਨ! ….ਮੈਨੂੰ ਲੱਗਿਆ ਕਿ ਤੁਸੀਂ ਕੱਪੜੇ ਪਾਉਣ ਗਏ ਹੋ। ਡਾਕਟਰ ਸਾਹਿਬ, ਸਮਾਂ ਬਹੁਤ ਕੀਮਤੀ ਹੈ। ਮੈਂ ਹੱਥ ਜੋੜਦਾ ਹਾਂ, ਤੁਸੀਂ ਮੇਰੇ ਨਾਲ ਚੱਲੋ।"

ਪਰ ਬੈਠਕ ਦੇ ਵੱਲ ਵੱਧਦੇ ਹੋਏ ਡਾਕਟਰ ਨੇ ਇੱਕ ਇੱਕ ਸ਼ਬਦ ਉੱਤੇ ਜ਼ੋਰ ਦਿੰਦੇ ਹੋਏ ਦੁਬਾਰਾ ਕਿਹਾ, "ਮੈਂ ਤੁਹਾਡੇ ਨਾਲ ਨਹੀਂ ਜਾ ਸਕਦਾ।"

ਐਬੋਗਿਨ ਉਸਦੇ ਪਿੱਛੇ ਪਿੱਛੇ ਗਿਆ ਅਤੇ ਉਸਨੇ ਡਾਕਟਰ ਦੀ ਬਾਂਹ ਫੜ ਲਈ, "ਮੈਂ ਸਮਝ ਰਿਹਾ ਹਾਂ ਕਿ ਤੁਸੀਂ ਸਚਮੁੱਚ ਬਹੁਤ ਦੁਖੀ ਹੋ। ਪਰ ਮੈਂ ਮਾਮੂਲੀ ਦੰਦ-ਦਰਦ ਦੇ ਇਲਾਜ ਜਾਂ ਮਾਤਰ ਕਿਸੇ ਰੋਗ ਦੇ ਲੱਛਣ ਪੁੱਛਣ ਲਈ ਤਾਂ ਤੁਹਾਨੂੰ ਚੱਲਣ ਦੀ ਜਿੱਦ ਨਹੀਂ ਕਰ ਰਿਹਾ!" ਉਹ ਮਿੰਨਤ ਭਰੀ ਅਵਾਜ਼ ਵਿੱਚ ਬੋਲਿਆ, "ਮੈਂ ਤੁਹਾਨੂੰ ਇੱਕ ਇਨਸਾਨ ਦਾ ਜੀਵਨ ਬਚਾਉਣ ਲਈ ਕਹਿ ਰਿਹਾ ਹਾਂ। ਇਹ ਜੀਵਨ ਵਿਅਕਤੀਗਤ ਸੋਗ ਦੇ ਉੱਪਰ ਹੈ, ਡਾਕਟਰ ਸਾਹਿਬ। ਹੁਣ ਤੁਸੀਂ ਮੇਰੇ ਨਾਲ ਚੱਲੋ। ਮਨੁੱਖਤਾ ਦੇ ਨਾਮ ਤੇ ਮੈਂ ਤੁਹਾਨੂੰ ਬਹਾਦਰੀ ਅਤੇ ਹਿੰਮਤ ਵਿਖਾਉਣ ਦੀ ਅਪੀਲ ਕਰ ਰਿਹਾ ਹਾਂ।"

"ਮਨੁੱਖਤਾ!...ਇਹ ਇੱਕ ਦੋਧਾਰੀ ਤਲਵਾਰ ਹੈ!" ਕਿਰੀਲੋਵ ਨੇ ਝੁੰਜਲਾ ਕੇ ਕਿਹਾ। "ਇਸੇ ਮਨੁੱਖਤਾ ਦੇ ਨਾਮ ਉੱਤੇ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਤੁਸੀਂ ਮੈਨੂੰ ਜਾਣ ਲਈ ਨਾ ਕਹੋ। ਓ ਮੇਰੇ ਰੱਬਾ! ਅਜੀਬ ਗੱਲ ਹੈ...ਮੇਰੇ ਲਈ ਤਾਂ ਖੜ੍ਹਾ ਹੋਣਾ ਵੀ ਮੁਸ਼ਕਲ ਹੋ ਰਿਹਾ ਹੈ ਅਤੇ ਤੁਸੀਂ ਹੋ ਕਿ ਮੈਨੂੰ ਮਨੁੱਖਤਾ ਸ਼ਬਦ ਨਾਲ ਧਮਕਾ ਰਹੇ ਹੋ। ਇਸ ਸਮੇਂ ਮੈਂ ਕੋਈ ਵੀ ਕੰਮ ਕਰਨ ਦੇ ਕਾਬਲ ਨਹੀਂ ਹਾਂ। ਮੈਂ ਕਿਸੇ ਵੀ ਤਰ੍ਹਾਂ ਤੁਹਾਡੇ ਨਾਲ ਚਲਣ ਲਈ ਰਾਜੀ ਨਹੀਂ ਹੋ ਸਕਦਾ। ਦੂਜੀ ਗੱਲ, ਇੱਥੇ ਹੋਰ ਕੋਈ ਨਹੀਂ ਹੈ ਜਿਸਨੂੰ ਮੈਂ ਆਪਣੀ ਪਤਨੀ ਦੇ ਕੋਲ ਛੱਡ ਕੇ ਜਾ ਸਕਾਂ। ਨਹੀਂ, ਨਹੀਂ।" ਕਿਰੀਲੋਵ ਇੱਕ ਕਦਮ ਪਿੱਛੇ ਹੱਟ ਗਿਆ ਅਤੇ ਅਤੇ ਹੱਥ ਹਿਲਾਂਦੇ ਹੋਏ ਇਨਕਾਰ ਕਰਨ ਲੱਗਿਆ, "ਤੁਸੀਂ ਮੈਨੂੰ ਜਾਣ ਨੂੰ ਨਾ ਕਹੋ!" ਫਿਰ ਅਚਾਨਕ ਉਹ ਘਬਰਾ ਕੇ ਬੋਲਿਆ, "ਮੈਨੂੰ ਮਾਫ਼ ਕਰੋ, ਕਾਨੂੰਨ ਦੀ ਤੇਰਹਵੀਂ ਜਿਲਦ ਦੇ ਮੁਤਾਬਕ ਮੈਂ ਤੁਹਾਡੇ ਨਾਲ ਜਾਣ ਦਾ ਪਾਬੰਦ ਹਾਂ। ਤੁਹਾਨੂੰ ਹੱਕ ਹੈ ਕਿ ਤੁਸੀਂ ਮੇਰੇ ਕੋਟ ਦਾ ਕਾਲਰ ਫੜਕੇ ਮੈਨੂੰ ਘਸੀਟਕੇ ਲੈ ਜਾਓ। ਚੰਗੀ ਗੱਲ ਹੈ। ਤੁਸੀਂ ਬੇਸ਼ੱਕ ਇਹੀ ਕਰੋ। ਐਪਰ ਹੁਣ ਮੈਂ ਕੋਈ ਵੀ ਕੰਮ ਕਰਨ ਦੇ ਕਾਬਲ ਨਹੀਂ ਹਾਂ। ਮੈਥੋਂ ਹੁਣ ਬੋਲਿਆ ਵੀ ਨਹੀਂ ਜਾ ਰਿਹਾ...ਮੈਨੂੰ ਮਾਫ਼ ਕਰੋ।" "ਡਾਕਟਰ ਸਾਹਿਬ, ਤੁਸੀਂ ਅਜਿਹਾ ਨਾ ਕਹੋ। ਉਸਦੀ ਬਾਂਹ ਨਾ ਛੱਡਦੇ ਹੋਏ ਐਬੋਗਿਨ ਨੇ ਕਿਹਾ, "ਮੈਨੂੰ ਤੁਹਾਡੀ ਤੇਰਹਵੀਂ ਜਿਲਦ ਨਾਲ ਕੀ ਮਤਲਬ? ਤੁਹਾਡੀ ਇੱਛਾ ਦੇ ਖਿਲਾਫ਼ ਆਪਣੇ ਨਾਲ ਚੱਲਣ ਲਈ ਤੁਹਾਨੂੰ ਮਜਬੂਰ ਕਰਨ ਦਾ ਮੈਨੂੰ ਕੋਈ ਹੱਕ ਨਹੀਂ। ਜੇਕਰ ਤੁਸੀਂ ਚਲਣ ਨੂੰ ਰਾਜੀ ਹੋ ਤਾਂ ਠੀਕ, ਜੇਕਰ ਨਹੀਂ ਤਾਂ ਰੱਬ ਤੁਹਾਡਾ ਭਲਾ ਕਰੇ। ਮੈਂ ਤੁਹਾਡੀ ਮਰਜ਼ੀ ਨੂੰ ਨਹੀਂ ਤੁਹਾਡੀਆਂ ਭਾਵਨਾਵਾਂ ਨੂੰ ਅਪੀਲ ਕਰਦਾ ਹਾਂ। ਇੱਕ ਜਵਾਨ ਔਰਤ ਮਰ ਰਹੀ ਹੈ। ਤੁਸੀਂ ਕਹਿੰਦੇ ਹੋ ਕਿ ਤੁਹਾਡੇ ਬੇਟੇ ਦੀ ਹੁਣੇ ਹੁਣੇ ਮੌਤ ਹੋਈ ਹੈ। ਅਜਿਹੀ ਹਾਲਤ ਵਿੱਚ ਤਾਂ ਤੁਹਾਨੂੰ ਮੇਰੀ ਤਕਲੀਫ ਹੋਰਾਂ ਨਾਲੋਂ ਜ਼ਿਆਦਾ ਸਮਝਣੀ ਚਾਹੀਦੀ ਹੈ।"

ਐਬੋਗਿਨ ਦੀ ਆਵਾਜ਼ ਭਾਵਨਾਵਾਂ ਦੇ ਜ਼ੋਰ ਨਾਲ਼ ਕੰਬ ਰਹੀ ਸੀ; ਇਹ ਕੰਬਣੀ ਅਤੇ ਉਸ ਦੀ ਆਵਾਜ਼ ਦਾ ਲਹਿਜਾ ਉਸ ਦੇ ਸ਼ਬਦਾਂ ਨਾਲੋਂ ਕਿਤੇ ਜ਼ਿਆਦਾ ਅਸਰਦਾਰ ਸੀ। ਐਬੋਗਿਨ ਸੁਹਿਰਦ ਸੀ, ਪਰ ਇਹ ਕਮਾਲ ਦੀ ਗੱਲ ਸੀ ਕਿ ਜੋ ਕੁਝ ਉਸ ਨੇ ਕਿਹਾ ਉਹ ਜੋ ਕੁਝ ਬੋਲਦਾ ਸੀ, ਉਸਦੀ ਲੱਫ਼ਾਜ਼ੀ ਬਣਾਉਟੀ, ਆਤਮਾ ਤੋਂ ਸੱਖਣੀ ਅਤੇ ਬੇਲੋੜੇ ਤੌਰ ਤੇ ਸਿੰਗਾਰੀ ਹੋਈ ਲੱਗਦੀ ਸੀ, ਇਥੋਂ ਤੱਕ ਵੀ ਕਿ ਇਹ ਡਾਕਟਰ ਦੇ ਘਰ ਦੇ ਮਾਹੌਲ ਨੂੰ ਅਤੇ ਉਸ ਔਰਤ ਲਈ ਜੋ ਕਿਤੇ ਮਰ ਰਹੀ ਸੀ ਠੇਸ ਪਹੁੰਚਾਉਣ ਵਾਲੀ ਸੀ। ਉਹ ਖ਼ੁਦ ਆਪ ਵੀ ਇਸ ਨੂੰ ਮਹਿਸੂਸ ਕਰਦਾ ਸੀ, ਅਤੇ ਇਸ ਲਈ ਉਸਨੇ ਗ਼ਲਤ ਸਮਝ ਲਏ ਜਾਣ ਤੋਂ ਡਰਦੇ ਹੋਏ, ਉਸ ਨੇ ਆਪਣੀ ਆਵਾਜ਼ ਨੂੰ ਕੋਮਲ ਅਤੇ ਨਰਮ ਬਣਾਉਣ ਲਈ ਆਪਣਾ ਪੂਰਾ ਟਿੱਲ ਲਾ ਦਿੱਤਾ, ਤਾਂ ਕਿ ਜੇ ਉਸ ਦੇ ਸ਼ਬਦ ਕੰਮ ਨਾ ਆਏ ਤਾਂ ਉਸ ਦੀ ਅਵਾਜ਼਼ ਦੀ ਸੁਹਿਰਦਤਾ ਦਾ ਜਾਦੂ ਚੱਲ ਸਕੇ। ਆਮ ਤੌਰ ਤੇ, ਲੱਫ਼ਾਜ਼ੀ ਭਾਵੇਂ ਕਿੰਨਾ ਵੀ ਵਧੀਆ ਅਤੇ ਗਹਿਰੀ ਹੋਵੇ, ਇਹ ਸਿਰਫ਼ ਮਸਤ ਵਿਅਕਤੀ ਨੂੰ ਹੀ ਪ੍ਰਭਾਵਿਤ ਕਰਦੀ ਹੈ, ਅਤੇ ਜੋ ਖੁਸ਼ ਜਾਂ ਨਾਖੁਸ਼ ਹੁੰਦੇ ਹਨ ਉਹਨਾਂ ਨੂੰ ਕਦੇ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਕਰ ਸਕਦੀ; ਇਸੇ ਕਰਕੇ ਗੁੰਗਾਪਣ ਅਕਸਰ ਖ਼ੁਸ਼ੀ ਜਾਂ ਨਾਖ਼ੁਸ਼ੀ ਦਾ ਉੱਤਮ ਪ੍ਰਗਟਾ ਹੁੰਦਾ ਹੈ; ਪ੍ਰੇਮੀ ਇਕ ਦੂਜੇ ਨੂੰ ਉਦੋਂ ਬਿਹਤਰੀਨ ਤੌਰ ਤੇ ਸਮਝਦੇ ਹਨ ਜਦੋਂ ਜਦੋਂ ਉਹ ਚੁੱਪ ਹੁੰਦੇ ਹਨ। ਅਤੇ ਅੰਤਿਮ ਸਸਕਾਰ ਦੇ ਸਮੇਂ ਦਿੱਤੀ ਜ਼ਬਰਦਸਤ ਭਾਵਨਾਤਮਕ ਤਕਰੀਰ ਬਾਹਰੀ ਲੋਕਾਂ ਨੂੰ ਛੂੰਹਦੀ ਹੈ, ਜਦੋਂ ਕਿ ਵਿਧਵਾ ਅਤੇ ਮ੍ਰਿਤ ਵਿਅਕਤੀ ਦੇ ਬੱਚਿਆਂ ਨੂੰ ਇਹ ਠੰਡੀ ਅਤੇ ਥੋਥੀ ਲੱਗਦੀ ਹੈ।

ਕਿਰੀਲੋਵ ਚੁੱਪਚਾਪ ਖੜ੍ਹਾ ਰਿਹਾ। ਉੱਧਰ ਐਬੋਗਿਨ ਡਾਕਟਰੀ ਦੇ ਮਹਾਨ ਪੇਸ਼ੇ ਅਤੇ ਉਸ ਨਾਲ ਜੁੜੇ ਤਿਆਗ ਅਤੇ ਤਪਸਿਆ ਆਦਿ ਦੇ ਬਾਰੇ ਵਿੱਚ ਬੋਲਦਾ ਰਿਹਾ। ਆਖ਼ਰ ਡਾਕਟਰ ਨੇ ਰੁੱਖੇ ਜਿਹੇ ਲਹਿਜੇ ਨਾਲ਼ ਪੁੱਛਿਆ, "ਕੀ ਜ਼ਿਆਦਾ ਦੂਰ ਜਾਣਾ ਹੋਵੇਗਾ?"

"ਬਸ, ਆਹੀ ਅੱਠ ਨੌਂ ਮੀਲ। ਮੇਰੇ ਘੋੜੇ ਬਹੁਤ ਵਧੀਆ ਹਨ। ਡਾਕਟਰ ਸਾਹਿਬ, ਰੱਬ ਦੀ ਸਹੁੰ, ਇਹ ਕੇਵਲ ਇੱਕ ਘੰਟੇ ਵਿੱਚ ਤੁਹਾਨੂੰ ਵਾਪਸ ਪਹੁੰਚਾ ਦੇਣਗੇ, ਬਸ ਘੰਟੇ ਭਰ ਵਿੱਚ।" ਡਾਕਟਰ ਉੱਤੇ ਡਾਕਟਰੀ ਦੇ ਪੇਸ਼ੇ ਅਤੇ ਮਨੁੱਖਤਾ ਦੇ ਸੰਬੰਧ ਵਿੱਚ ਕਹੀਆਂ ਗਈਆਂ ਗੱਲਾਂ ਨਾਲੋਂ ਜ਼ਿਆਦਾ ਅਸਰ ਇਨ੍ਹਾਂ ਆਖ਼ਰੀ ਸ਼ਬਦਾਂ ਦਾ ਹੋਇਆ। ਇੱਕ ਪਲ ਸੋਚਣ ਦੇ ਬਾਅਦ ਉਸਨੇ ਹੌਕਾ ਭਰ ਕੇ ਬੋਲਿਆ, "ਠੀਕ ਹੈ, ਚਲੋ...ਚੱਲੀਏ।"

ਫਿਰ ਉਹ ਤੇਜ਼ੀ ਨਾਲ ਆਪਣੇ ਪੜ੍ਹਨ ਲਿਖਣ ਵਾਲ਼ੇ ਕਮਰੇ ਵਿੱਚ ਗਿਆ। ਹੁਣ ਉਸਦੀ ਚਾਲ ਅਡੋਲ ਸੀ। ਕੁਝ ਪਲਾਂ ਦੇ ਬਾਅਦ ਉਹ ਆਪਣਾ ਡਾਕਟਰੀ ਪੇਸ਼ੇ ਵਾਲ਼ਾ ਲੰਮਾ ਕੋਟ ਪਹਿਨ ਕੇ ਵਾਪਸ ਆਇਆ। ਖ਼ੁਸ਼ ਹੋ ਗਿਆ ਐਬੋਗਿਨ ਛੋਟੇ ਛੋਟੇ ਕਦਮ ਭਰਦਾ ਹੋਇਆ ਉਸਦੇ ਨਾਲ਼ ਹੋ ਲਿਆ ਅਤੇ ਕੋਟ ਪਹਿਨਣ ਵਿੱਚ ਉਸਦੀ ਮਦਦ ਕਰਨ ਲੱਗਿਆ। ਫਿਰ ਦੋਨੋਂ ਘਰੋਂ ਬਾਹਰ ਆ ਗਏ।

ਬਾਹਰ ਵੀ ਹਨੇਰਾ ਸੀ ਪਰ ਓਨਾ ਗਹਿਰਾ ਨਹੀਂ ਜਿੰਨਾ ਡਿਓਢੀ ਵਿੱਚ ਸੀ। ਲੰਬੀ, ਪਤਲੀ ਨੁਕੀਲੀ ਦਾੜ੍ਹੀ ਅਤੇ ਤੋਤਾ-ਚੁੰਝੀ ਨੱਕ ਵਾਲਾ, ਡਾਕਟਰ ਦਾ ਲੰਬਾ ਝੂਲਦਾ ਆਕਾਰ ਹਨੇਰੇ ਵਿਚ ਬਾਹਰ ਖੜ੍ਹਾ ਸੀ। ਐਬੋਗਿਨ ਦਾ ਵੱਡਾ ਸਿਰ ਅਤੇ ਨਿੱਕੀ ਜਿਹੀ ਵਿਦਿਆਰਥੀਆਂ ਵਾਲੀ ਟੋਪੀ ਜੋ ਸਿਰ ਨੂੰ ਮਸਾਂ ਹੀ ਢਕਦੀ ਸੀ, ਨਾਲ ਹੀ ਉਸ ਦਾ ਫਿੱਕਾ ਜਿਹਾ ਚਿਹਰਾ ਵੇਖਿਆ ਜਾ ਸਕਦਾ ਸੀ। ਗੁਲੂਬੰਦ ਸਿਰਫ ਸਾਹਮਣੇ ਤੋਂ ਹੀ ਚਿੱਟਾ ਦਿਖਾਈ ਦਿੰਦਾ ਸੀ, ਮਗਰਲਾ ਪਾਸਾ ਉਸਦੇ ਲੰਬੇ ਵਾਲਾਂ ਨੇ ਲੁਕਾਇਆ ਹੋਇਆ ਸੀ।

"ਤੁਸੀਂ ਯਕੀਨ ਜਾਣੋ, ਤੁਹਾਡੀ ਫ਼ਰਾਖ਼ਦਿਲੀ ਦੀ ਕਦਰ ਕਰਨਾ ਮੈਂ ਜਾਣਦਾ ਹਾਂ।" ਗੱਡੀ ਵਿੱਚ ਡਾਕਟਰ ਨੂੰ ਬੈਠਾਉਂਦੇ ਹੋਏ ਉਹ ਬੋਲਿਆ, "ਆਪਾਂ ਨ੍ਹੇਰੀ ਬਣ ਜਾਵਾਂਗੇ। ਲੂਕਾ ਭਰਾਵਾ, ਤੂੰ ਜਿੰਨੀ ਤੇਜ਼ੀ ਨਾਲ ਘੋੜੇ ਹੱਕ ਸਕਦਾ ਹੈਂ, ਹੱਕ। ਰੱਬ ਦੇ ਵਾਸਤੇ ਜਲਦੀ ਕਰ!"

ਕੋਚਵਾਨ ਨੇ ਘੋੜੇ ਸਰਪਟ ਦੌੜਾ ਦਿੱਤੇ। ਪਹਿਲਾਂ ਪਹਿਲਾਂ ਹਸਪਤਾਲ ਦੀਆਂ ਇਮਾਰਤਾਂ ਦੇ ਨਾਲ-ਨਾਲ ਇੱਕੋ ਜਿਹੀਆਂ ਇਮਾਰਤਾਂ ਬਣੀਆਂ ਹੋਈਆਂ ਸਨ; ਹਰ ਜਗ੍ਹਾ ਹਨੇਰਾ ਸੀ, ਕੇਵਲ ਇਕ ਬਾਰੀ ਵਿੱਚੋਂ ਰੌਸ਼ਨੀ ਆ ਰਹੀ ਸੀ, ਜੋ ਕਿ ਬਾਗ਼ ਦੀ ਵਾੜ ਦੇ ਪਾਰ ਵਿਹੜੇ ਦੇ ਦੂਰ ਵਾਲੇ ਕੋਨੇ ਵਿੱਚ ਚਮਕਦੀ ਸੀ, ਜਦੋਂ ਕਿ ਹਸਪਤਾਲ ਦੀ ਉਪਰਲੀ ਮੰਜ਼ਲ ਦੀਆਂ ਤਿੰਨ ਬਾਰੀਆਂ ਆਲ਼ੇ-ਦੁਆਲ਼ੇ ਦੀ ਹਵਾ ਨਾਲੋਂ ਵੱਧ ਪੀਲੀਆਂ ਦਿਖਦੀਆਂ ਸਨ। ਫਿਰ ਗੱਡੀ ਸੰਘਣੀ ਛਾਂ ਵਿੱਚ ਚਲੀ ਗਈ; ਇੱਥੇ ਸਿੱਲ੍ਹ ਅਤੇ ਖੁੰਭਾਂ ਦੀ ਗੰਧ ਸੀ, ਅਤੇ ਸਰਸਰਾਉਂਦੇ ਰੁੱਖਾਂ ਦੀ ਆਵਾਜ਼; ਪਹੀਆਂ ਦੇ ਸ਼ੋਰ ਨਾਲ ਜਾਗੇ ਕਾਂ ਪੱਤਿਆਂ ਦੇ ਵਿੱਚ ਫੜਫੜਾਏ ਅਤੇ ਲੰਬੇ ਸਮੇਂ ਤਕ ਸੋਗੀ ਚੀਕ-ਚਿਹਾੜਾ ਪਾਉਂਦੇ ਰਹੇ ਜਿਵੇਂ ਕਿ ਉਹ ਜਾਣਦੇ ਹੋਣ ਕਿ ਡਾਕਟਰ ਦਾ ਪੁੱਤਰ ਮਰ ਗਿਆ ਸੀ ਅਤੇ ਐਬੋਗਿਨ ਦੀ ਪਤਨੀ ਬੀਮਾਰ ਸੀ। ਫਿਰ ਵੱਖ-ਵੱਖ ਰੁੱਖਾਂ, ਝੀਲਾਂ ਦੀ ਝਲਕ ਦਿਖਾਈ ਦਿੱਤੀ; ਇੱਕ ਟੋਭਾ, ਜਿਸ ਤੇ ਬਹੁਤ ਹੀ ਵੱਡੇ ਕਾਲੇ ਪਰਛਾਵੇਂ ਇੱਕ ਬੁਝੀ ਜਿਹੀ ਰੌਸ਼ਨੀ ਨਾਲ਼ ਚਮਕਦੇ ਹੋਏ ਸੁੱਤੇ ਸਨ। ਤੇ ਗੱਡੀ ਇੱਕ ਰਵਾਂ ਪੱਧਰੇ ਮੈਦਾਨ ਤੇ ਰਿੜ੍ਹਦੀ ਜਾਂਦੀ ਸੀ ਅਤੇ ਕਾਵਾਂ ਦੀ ਆਵਾਜ਼ ਬੜੀ ਦੂਰ ਪਿੱਛੇ ਛੁੱਟਦੀ ਗਈ ਅਤੇ ਛੇਤੀ ਹੀ ਪੂਰੀ ਤਰ੍ਹਾਂ ਬੰਦ ਹੋ ਗਈ।

ਪੂਰੇ ਰਾਹ ਕਿਰੀਲੋਵ ਅਤੇ ਐਬੋਗਿਨ ਚੁੱਪ ਰਹੇ। ਐਬੋਗਿਨ ਕੇਵਲ ਇੱਕ ਵਾਰ ਡੂੰਘਾ ਸਾਹ ਲੈ ਕੇ ਬੁਦਬੁਦਾਇਆ, "ਕਿੰਨੀ ਦੁਖਦਾਈ ਗੱਲ ਹੈ! ਕਦੇ ਵੀ ਬੰਦਾ ਕਿਸੇ ਨੂੰ ਓਨਾ ਪਿਆਰ ਨਹੀਂ ਕਰਦਾ ਜਿੰਨਾ ਉਦੋਂ ਜਦੋਂ ਉਹਦਾ ਉਸ ਕੋਲੋਂ ਖੁੱਸ ਜਾਣ ਖ਼ਤਰਾ ਹੁੰਦਾ ਹੈ!"

ਜਦੋਂ ਨਦੀ ਪਾਰ ਕਰਨ ਲਈ ਗੱਡੀ ਹੌਲੀ ਹੋਈ, ਕਿਰੀਲੋਵ ਅਚਾਨਕ ਚੌਂਕ ਪਿਆ, ਜਿਵੇਂ ਪਾਣੀ ਦੀ ਛਪ-ਛਪ ਦੀ ਅਵਾਜ਼਼ ਸੁਣਕੇ ਉਹ ਡਰ ਗਿਆ ਹੋਵੇ। ਉਹ ਆਪਣੀ ਜਗ੍ਹਾ ਬੇਕਰਾਰ ਹਿਲ-ਜੁਲ ਕਰਨ ਲਗਾ। ਫਿਰ ਉਹ ਪੀੜ-ਪਰੁੰਨੀ ਆਵਾਜ਼ ਵਿੱਚ ਬੋਲਿਆ, "ਵੇਖੋ, ਮੈਨੂੰ ਜਾਣ ਦੇਵੋ। ਮੈਂ ਬਾਅਦ ਵਿੱਚ ਆ ਜਾਵਾਂਗਾ। ਮੈਂ ਕੇਵਲ ਆਪਣੇ ਸਹਾਇਕ ਨੂੰ ਆਪਣੀ ਪਤਨੀ ਦੇ ਕੋਲ ਭੇਜਣਾ ਚਾਹੁੰਦਾ ਹਾਂ। ਉਹ ਇਸ ਸਮੇਂ ਬਿਲਕੁਲ ਇਕੱਲੀ ਰਹਿ ਗਈ ਹੈ।"

ਐਬੋਗਿਨ ਬੋਲਿਆ ਨਹੀਂ। ਗੱਡੀ ਸੜਕ ਤੇ ਝੋਲੇ ਖਾਂਦੀ ਅਤੇ ਪੱਥਰਾਂ ਤੇ ਕਿਰਚ ਕਿਰਚ ਕਰਦੀ ਰੇਤਲੇ ਕੰਢੇ ਤੇ ਚੜ੍ਹ ਗਈ ਅਤੇ ਆਪਣੇ ਰਾਹ ਪੈ ਗਈ। ਕਿਰੀਲੋਵ ਨੇ ਪੀੜ ਨਾਲ਼ ਪਰੇਸ਼ਾਨ ਹਿੱਲ-ਜੁੱਲ ਕੀਤੀ ਅਤੇ ਉਸ ਨੇ ਆਲ਼ੇ-ਦੁਆਲ਼ੇ ਦੇਖਿਆ। ਉਨ੍ਹਾਂ ਦੇ ਪਿੱਛੇ ਤਾਰਿਆਂ ਦੀ ਧੁੰਦਲੀ ਰੌਸ਼ਨੀ ਵਿਚ ਸੜਕ ਅਤੇ ਦਰਿਆ ਦੇ ਕੰਢੇ ਰੁੱਖ ਹਨੇਰੇ ਵਿਚ ਗੁੰਮ ਹੁੰਦੇ ਦੇਖੇ ਜਾ ਸਕਦੇ ਸਨ। ਸੱਜੇ ਪਾਸੇ ਇਕ ਮੈਦਾਨ ਪਸਰਿਆ ਸੀ, ਅਸਮਾਨ ਵਾਂਗ ਇੱਕਸਾਰ ਅਤੇ ਅੰਤਹੀਣ; ਦੂਰ ਕਿਤੇ ਕਿਤੇ ਸ਼ਾਇਦ ਦਲਦਲਾਂ ਦੇ ਉੱਤੇ ਧੁੰਦਲੀ ਜਿਹੀ ਰੌਸ਼ਨੀ ਚਮਕਦੀ ਸੀ। ਖੱਬੇ ਪਾਸੇ, ਸੜਕ ਦੇ ਸਮਾਂਤਰ, ਛੋਟੇ ਛੋਟੇ ਰੁੱਖਾਂ ਦੇ ਨਾਲ ਇੱਕ ਪਰਬਤੀ ਲੜੀ ਸੀ ਜਿਸ ਦੇ ਉੱਪਰ ਝਾੜੀਆਂ ਦੇ ਫੂੰਦੇ ਜਿਹੇ ਸੀ, ਅਤੇ ਪਹਾੜੀ ਦੇ ਉੱਪਰ ਇੱਕ ਵੱਡਾ, ਲਾਲ ਅੱਧਾ ਚੰਨ ਅਹਿੱਲ ਖੜ੍ਹਾ ਸੀ, ਜੋ ਥੋੜਾ ਜਿਹਾ ਧੁੰਦ ਨਾਲ ਢੱਕਿਆ ਹੋਇਆ ਸੀ ਅਤੇ ਛੋਟੇ ਛੋਟੇ ਬੱਦਲਾਂ ਵਿੱਚ ਘਿਰਿਆ ਹੋਇਆ ਸੀ, ਜਿਨ੍ਹਾਂ ਨੇ ਇਸਨੂੰ ਸਾਰੇ ਪਾਸਿਉਂ ਇਵੇਂ ਘੇਰਿਆ ਲੱਗਦਾ ਸੀ ਜਿਵੇਂ ਇਸਤੇ ਪਹਿਰਾ ਦੇ ਰਹੇ ਹੋਣ ਕਿ ਇਹ ਕਿਤੇ ਭੱਜ ਨਾ ਜਾਵੇ।

ਸਾਰੀ ਕੁਦਰਤ ਵਿੱਚ ਨਿਰਾਸ਼ਾ ਅਤੇ ਦਰਦ ਦੀ ਭਾਵਨਾ ਪਸਰੀ ਲੱਗਦੀ ਸੀ। ਧਰਤੀ, ਇਕ ਹਨੇਰੇ ਕਮਰੇ ਵਿਚ ਬੈਠੀ ਬਰਬਾਦ ਔਰਤ ਵਰਗੀ ਲੱਗਦੀ ਸੀ, ਜੋ ਅਤੀਤ ਬਾਰੇ ਨਾ ਸੋਚਣ ਦੀ ਕੋਸ਼ਿਸ਼ ਕਰਦੀ ਹੋਈ, ਬਸੰਤ ਅਤੇ ਗਰਮੀਆਂ ਦੀਆਂ ਯਾਦਾਂ ਤੇ ਝੂਰ ਰਹੀ ਸੀ ਅਤੇ ਅਟੱਲ ਸਰਦੀਆਂ ਦੀ ਬੇਪਰਵਾਹ ਉਡੀਕ ਕਰ ਰਹੀ ਸੀ। ਜਿਧਰ ਕਿਤੇ ਵੀ ਨਿਗਾਹ ਜਾਂਦੀ, ਹਰ ਪਾਸੇ, ਕੁਦਰਤ ਇਕ ਹਨੇਰਾ, ਬੇਅੰਤ ਡੂੰਘਾ, ਠੰਢਾ ਜਿਹਾ ਟੋਆ ਜਾਪਦੀ ਸੀ ਜਿਸ ਵਿਚੋਂ ਨਾ ਕਿਰੀਲੋਵ, ਨਾ ਹੀ ਐਬੋਗਿਨ ਅਤੇ ਨਾ ਹੀ ਲਾਲ ਅੱਧਾ ਚੰਨ ਬਚ ਕੇ ਨਿਕਲ ਸਕਦੇ ਸਨ।

ਦੂਜੇ ਪਾਸੇ, ਗੱਡੀ ਜਿਵੇਂ ਜਿਵੇਂ ਆਪਣੇ ਮੁਕਾਮ ਦੇ ਨੇੜੇ ਪਹੁੰਚ ਰਹੀ ਸੀ, ਐਬੋਗਿਨ ਵਧੇਰੇ ਹੀ ਵਧੇਰੇ ਧੀਰਜ ਦਾ ਲੜ ਛਡਦਾ ਜਾ ਰਿਹਾ ਸੀ। ਕਦੇ ਉਹ ਉਠ ਖੜਦਾ, ਕਦੇ ਬੈਠ ਜਾਂਦਾ, ਕਦੇ ਚੌਂਕ ਕੇ ਉਛਲ ਪੈਂਦਾ ਅਤੇ ਕਦੇ ਕੋਚਵਾਨ ਦੇ ਮੋਢਿਆਂ ਦੇ ਉੱਤੋਂ ਦੀ ਅੱਗੇ ਦੇਖਦਾ। ਅੰਤ ਨੂੰ ਗੱਡੀ ਜਦੋਂ ਧਾਰੀਦਾਰ ਕਿਰਮਿਚ ਦੇ ਪਰਦਿਆਂ ਨਾਲ ਦਿਲਕਸ਼ ਢੰਗ ਨਾਲ ਸਜਾਏ ਦਲਾਨ ਵਿੱਚ ਜਾ ਰੁਕੀ, ਤੇ ਜਦੋਂ ਉਸਨੇ ਦੂਜੀ ਮੰਜ਼ਿਲ ਦੀਆਂ ਬਾਰੀਆਂ ਦੇ ਵੱਲ ਵੇਖਿਆ, ਜਿਨ੍ਹਾਂ ਤੋਂ ਰੌਸ਼ਨੀ ਆ ਰਹੀ ਸੀ, ਉਸ ਦੇ ਕੰਬ ਰਹੇ ਸਾਹ ਸੁਣੇ ਜਾ ਸਕਦੇ ਸੀ।

“ਜੇਕਰ ਕੁੱਝ ਹੋ ਗਿਆ ਤਾਂ...ਮੈਂ ਬਚ ਨਹੀਂ ਸਕਾਂਗਾ।” ਐਬੋਗਿਨ ਨੇ ਡਾਕਟਰ ਦੇ ਨਾਲ ਡਿਓਢੀ ਦੇ ਵੱਲ ਵੱਧਦੇ ਹੋਏ ਬੇਚੈਨੀ ਵਿੱਚ ਹੱਥ ਮਲ਼ਦੇ ਹੋਏ ਕਿਹਾ। "ਪਰ ਕੋਈ ਅਵਾਜ਼਼ ਨਹੀਂ ਆ ਰਹੀ, ਇਸਲਈ ਹੁਣ ਤੱਕ ਸਭ ਠੀਕ ਹੀ ਹੋਵੇਗਾ।" ਸੰਨਾਟੇ ਵਿੱਚ ਕੁੱਝ ਸੁਣ ਪਾਉਣ ਲਈ ਕੰਨ ਲਗਾਈਂ ਉਹ ਬੋਲਿਆ।

ਡਿਓਢੀ ਵਿੱਚ ਵੀ ਬੋਲਣ ਦੀ ਕੋਈ ਅਵਾਜ਼਼ ਸੁਣਾਈ ਨਹੀਂ ਦੇ ਰਹੀ ਸੀ ਅਤੇ ਸਮੁੱਚਾ ਘਰ ਤੇਜ਼ ਰੌਸ਼ਨੀ ਦੇ ਬਾਵਜੂਦ ਸੁੱਤਾ ਪਿਆ ਲੱਗ ਰਿਹਾ ਸੀ। ਹੁਣ ਡਾਕਟਰ ਅਤੇ ਐਬੋਗਿਨ, ਜੋ ਪਹਿਲਾਂ ਹਨੇਰੇ ਵਿਚ ਸਨ, ਇਕ ਦੂਜੇ ਨੂੰ ਸਪਸ਼ਟ ਤੌਰ ਤੇ ਦੇਖ ਸਕਦੇ ਸਨ। ਡਾਕਟਰ ਦਾ ਕੱਦ ਲੰਬਾ ਅਤੇ ਅੱਗੇ ਨੂੰ ਢਿਲਕਿਆ ਜਿਹਾ ਸੀ, ਉਸਨੇ ਬੇਧਿਆਨੀ ਨਾਲ ਕੱਪੜੇ ਪਹਿਨੇ ਹੋਏ ਸਨ ਅਤੇ ਇਹ ਸੁਹਣੇ ਨਹੀਂ ਸਨ ਲੱਗਦੇ। ਉਸਦਾ ਚਿਹਰਾ ਵੀ ਰੁੱਖਾ ਜਿਹਾ ਸੀ। ਉਸ ਦੇ ਨੀਗਰੋ ਨੁਮਾ ਮੋਟੇ ਬੁੱਲ੍ਹਾਂ ਦੇ ਦੁਆਲੇ ਇੱਕ ਬੇਢਬੀ, ਕਠੋਰ, ਨਿਰਲੇਪ, ਅਤੇ ਗੈਰ-ਦੋਸਤਾਨਾ ਜਿਹੀ ਝਲਕ ਸੀ, ਉਸ ਦਾ ਤੋਤੇਚੁੰਝੀ ਨੱਕ ਅਤੇ ਉਦਾਸੀਨ, ਨਿਰਜੀਵ ਜਿਹੀਆਂ ਅੱਖਾਂ ਸਨ। ਉਸ ਦੇ ਅਣਵਾਹੇ ਵਾਲ਼ ਅਤੇ ਧਸੀਆਂ ਹੋਈਆਂ ਪੁੜਪੁੜੀਆਂ, ਉਸ ਦੀ ਲੰਬੀ ਅਤੇ ਵਿਰਲੀ ਦਾੜ੍ਹੀ ਸਮੇਂ ਤੋਂ ਪਹਿਲਾਂ ਧੌਲੀ ਹੋ ਚੁੱਕੀ ਸੀ, ਜਿਸਦੇ ਵਿੱਚ ਦੀ ਠੋਡੀ ਦਿਖਾਈ ਦੇ ਰਹੀ ਸੀ, ਉਸ ਦੀ ਚਮੜੀ ਦਾ ਹਲਕਾ ਸਲੇਟੀ ਰੰਗ ਅਤੇ ਉਸ ਦਾ ਲਾਪਰਵਾਹ, ਕੁਰੱਖਤ ਵਿਵਹਾਰ - ਇਸ ਸਭ ਦੀ ਕਠੋਰਤਾ, ਹੰਢਾਈ ਗਰੀਬੀ ਦੀ, ਮੰਦੀ ਕਿਸਮਤ ਦੇ ਸਾਲਾਂ ਦੀ, ਜੀਵਨ ਦੇ ਅਤੇ ਮਨੁੱਖਾਂ ਨਾਲ਼ ਉਸ ਦੇ ਤਲਖ਼ ਅਨੁਭਵਾਂ ਦੀ ਖ਼ਬਰ ਦਿੰਦੀ ਸੀ। ਉਸਦੀ ਤੁੱਛ ਜਿਹੀ ਸੂਰਤ ਨੂੰ ਵੇਖ ਕੇ ਕੋਈ ਇਹ ਵਿਸ਼ਵਾਸ ਨਹੀਂ ਸੀ ਕਰਦਾ ਕਿ ਇਸ ਆਦਮੀ ਦੀ ਪਤਨੀ ਵੀ ਸੀ, ਕਿ ਉਹ ਆਪਣੇ ਮੋਏ ਬੱਚੇ ਨੂੰ ਰੋ ਵੀ ਸਕਦਾ ਸੀ। ਐਬੋਗਿਨ ਦੀ ਚਲ-ਢਾਲ ਬਹੁਤ ਹੀ ਵੱਖਰੀ ਸੀ। ਉਹ ਇੱਕ ਹੱਟਾ-ਕੱਟਾ, ਸੁਹਣਾ ਸੁਨੱਖਾ ਵਿਅਕਤੀ ਸੀ ਜਿਸਦਾ ਵੱਡਾ ਸਿਰ ਅਤੇ ਵੱਡੇ ਵੱਡੇ ਪਰ ਕੋਮਲ ਨੈਣ ਨਕਸ਼ ਸਨ; ਉਸ ਨੇ ਨਵੀਨਤਮ ਫੈਸ਼ਨ ਦੇ ਠੁੱਕਦਾਰ ਕੱਪੜੇ ਪਾਏ ਹੋਏ ਸਨ। ਉਸ ਦੀ ਗੱਡੀ, ਉਸ ਦਾ ਬਟਨਬੰਦ ਕੋਟ, ਉਸ ਦੇ ਲੰਬੇ ਵਾਲ਼ ਅਤੇ ਉਸ ਦਾ ਚਿਹਰਾ, ਸਭਨਾਂ ਤੋਂ ਪਤਵੰਤੇ, ਬੱਬਰ ਸ਼ੇਰ ਵਰਗੇ ਬੰਦੇ ਦਾ ਪ੍ਰਭਾਵ ਪੈਂਦਾ ਸੀ। ਉਹ ਆਪਣਾ ਸਿਰ ਉੱਪਰ ਚੁੱਕ ਕੇ ਅਤੇ ਆਪਣੀ ਛਾਤੀ ਫੁਲਾ ਕੇ ਤੁਰਦਾ ਸੀ। ਉਹਦੀ ਆਵਾਜ਼ ਮਨਮੋਹਕ ਮਰਦਾਨਾ ਸੀ ਅਤੇ ਜਿਸ ਤਰੀਕੇ ਨਾਲ ਉਸ ਨੇ ਆਪਣਾ ਗੁਲੂਬੰਦ ਨੂੰ ਲਾਹਿਆ ਅਤੇ ਆਪਣੇ ਮੱਥੇ ਦੇ ਵਾਲ਼ਾਂ ਨੂੰ ਸੰਵਾਰਿਆ ਉਸ ਵਿੱਚ ਕਰੀਬ ਕਰੀਬ ਔਰਤਾਂ ਵਾਲੀ ਮਟਕ ਸੀ। ਉਸ ਦਾ ਪੀਲਾਪਣ ਅਤੇ ਉਸ ਦਾ ਬੱਚਿਆਂ ਵਾਲ਼ਾ ਖੌਫ਼, ਜਿਸ ਨਾਲ ਉਸਨੇ ਆਪਣਾ ਕੋਟ ਲਾਹੁੰਦੇ ਹੋਏ ਉੱਪਰ ਪੌੜੀਆਂ ਵੱਲ ਨਜ਼ਰ ਮਾਰੀ ਸੀ, ਉਸ ਨੇ ਵੀ ਉਸਦੀ ਸ਼ਾਨੋ-ਸ਼ੌਕਤ ਨੂੰ ਭੋਰਾ ਠੇਸ ਨਹੀਂ ਸੀ ਪਹੁੰਚਾਈ ਅਤੇ ਨਾ ਹੀ ਉਸ ਦੀ ਸਮੁੱਚੀ ਦਿੱਖ ਨੂੰ ਪਰਿਭਾਸ਼ਿਤ ਕਰਦੀ ਚਮਕ, ਸਿਹਤ ਅਤੇ ਸਵੈਮਾਣ ਦੀ ਹਵਾ ਨੂੰ ਜ਼ਰਾ ਘੱਟ ਕੀਤਾ ਸੀ।

ਪੌੜੀਆਂ ਚੜ੍ਹਦੇ ਹੋਏ ਉਸਨੇ ਕਿਹਾ, "ਨਾ ਤਾਂ ਕੋਈ ਅਵਾਜ਼ ਆ ਰਹੀ ਹੈ, ਨਾ ਹੀ ਕੋਈ ਵਿਖਾਈ ਪੈ ਰਿਹਾ ਹੈ। ਕਿਤੇ ਕੋਈ ਖਲਬਲੀ ਜਾਂ ਹਲਚਲ ਵੀ ਨਹੀਂ ਹੈ। ਰੱਬ ਮਿਹਰ ਕਰੇ...!"

ਉਹ ਦੋਨੋਂ ਡਿਓਢੀ ਵੱਲ ਦੀ ਹੁੰਦੇ ਹੋਏ ਇੱਕ ਹਾਲ ਕਮਰੇ ਵਿੱਚ ਪਹੁੰਚੇ, ਜਿੱਥੇ ਇੱਕ ਵੱਡਾ ਕਾਲ਼ਾ ਪਿਆਨੋ ਟੰਗਿਆ ਹੋਇਆ ਸੀ ਅਤੇ ਛੱਤ ਤੋਂ ਸਫ਼ੈਦ ਝਾਲਰ ਵਾਲ਼ਾ ਫ਼ਾਨੂਸ ਲਟਕ ਰਿਹਾ ਸੀ। ਇੱਥੋਂ ਅੱਗੇ ਐਬੋਗਿਨ ਡਾਕਟਰ ਨੂੰ ਇੱਕ ਛੋਟੇ ਦੀਵਾਨਖਾਨੇ ਵਿੱਚ ਲੈ ਗਿਆ, ਜੋ ਆਰਾਮਦਾਇਕ ਸੀ ਅਤੇ ਉਸ ਵਿੱਚ ਮਨਮੋਹਕ ਗੁਲਾਬੀ ਨੀਮ-ਰੌਸ਼ਨੀ ਝਿਲਮਿਲਾ ਰਹੀ ਸੀ।

"ਡਾਕਟਰ ਸਾਹਿਬ, ਤੁਸੀਂ ਇੱਥੇ ਬੈਠੋ ਅਤੇ ਇੰਤਜਾਰ ਕਰੋ।" ਐਬੋਗਿਨ ਨੇ ਕਿਹਾ, "ਮੈਂ ਹੁਣੇ ਆਉਂਦਾ ਹਾਂ। ਜ਼ਰਾ ਜਾ ਕੇ ਵੇਖ ਲਾਂ ਅਤੇ ਦੱਸ ਦੇਵਾਂ ਕਿ ਤੁਸੀਂ ਆ ਗਏ ਹੋ।"

ਕਿਰੀਲੋਵ ਇਕੱਲਾ ਰਹਿ ਗਿਆ ਸੀ। ਡਰਾਇੰਗ-ਰੂਮ ਵਿੱਚ ਅਮੀਰੀ ਦੀਆਂ ਝਲਕਾਂ, ਪ੍ਰਭਾਵਸ਼ਾਲੀ ਮੰਦ ਮੰਦ ਰੌਸ਼ਨੀ ਅਤੇ ਕਿਸੇ ਅਜਨਬੀ ਦੇ ਅਣਪਛਾਤੇ ਘਰ ਵਿਚ ਉਸ ਦੀ ਆਪਣੀ ਮੌਜੂਦਗੀ, ਸਭ ਅਲੋਕਾਰ ਜਿਹਾ ਸੀ, ਪਰ ਸਪਸ਼ਟ ਤੌਰ ਤੇ ਉਹ ਇਸ ਤੋਂ ਨਿਰਲੇਪ ਸੀ। ਉਹ ਇੱਕ ਆਰਾਮ ਕੁਰਸੀ ਤੇ ਬੈਠਾ ਆਪਣੇ ਕਾਰਬੋਲਿਕ ਨਾਲ਼ ਧੁਆਂਖੇ ਹੱਥਾਂ ਨੂੰ ਦੇਖੀ ਜਾ ਰਿਹਾ ਸੀ। ਉਸ ਨੇ ਸਿਰਫ ਚਮਕਦਾਰ ਲਾਲ ਸ਼ੇਡ ਅਤੇ ਵਾਇਲਨ-ਸੇਲੋ ਕੇਸ ਦੀ ਝਲਕ ਜਿਹੀ ਦੇਖੀ, ਅਤੇ ਜਦ ਉਸ ਦੇ ਨਜ਼ਰ ਉਸ ਦਿਸ਼ਾ ਵਿੱਚ ਗਈ ਜਿਥੇ ਘੜੀ ਟਿੱਕ ਟਿੱਕ ਕਰ ਰਹੀ ਸੀ, ਉਸ ਨੇ ਇੱਕ ਤੂੜੀ-ਭਰਿਆ-ਬਘਿਆੜ ਦੇਖਿਆ ਜਿਸ ਵਿਚ ਉਸ ਨੂੰ ਖ਼ੁਦ ਐਬੋਗਿਨ ਦਾ ਚੰਗਾ ਚੋਖਾ ਚਮਕ ਦਮਕ ਵਾਲਾ ਰੂਪ ਦਿਖਾਈ ਦਿੱਤਾ।

ਚਾਰੇ ਪਾਸੇ ਸ਼ਾਂਤੀ ਸੀ। ਦੂਰ, ਕਿਸੇ ਕਮਰੇ ਵਿੱਚ ਕਿਸੇ ਨੇ ਆਹ ਭਰੀ, ਕਿਸੇ ਅਲਮਾਰੀ ਦਾ ਸ਼ੀਸ਼ੇ ਦਾ ਦਰਵਾਜ਼ਾ ਖੜਕਿਆ ਅਤੇ ਫਿਰ ਸੰਨਾਟਾ ਛਾ ਗਿਆ। ਲੱਗਭਗ ਪੰਜ ਮਿੰਟ ਦੇ ਬਾਅਦ ਕਿਰੀਲੋਵ ਨੇ ਹੱਥਾਂ ਦੇ ਵੱਲ ਨਿਹਾਰਨਾ ਛੱਡਕੇ ਉਸ ਦਵਾਰ ਵੱਲ ਵੇਖਿਆ ਜਿਸਦੇ ਰਾਹੀਂ ਐਬੋਗਿਨ ਅੰਦਰ ਗਿਆ ਸੀ।

ਐਬੋਗਿਨ ਦਹਿਲੀਜ਼ `ਤੇ ਖੜ੍ਹਾ ਸੀ, ਪਰ ਉਹ ਹੁਣ ਉਹੀ ਐਬੋਗਿਨ ਨਹੀਂ ਲੱਗ ਰਿਹਾ ਸੀ ਜੋ ਕਮਰੇ ਦੇ ਅੰਦਰ ਗਿਆ ਸੀ। ਉਸਦੇ ਚਿਹਰੇ ਉੱਤੇ ਸਿਆਹ ਪਰਛਾਈਆਂ ਤੈਰ ਰਹੀਆਂ ਸਨ। ਹੁਣ ਉਸਦੀ ਸੂਰਤ ਪਹਿਲਾਂ ਵਰਗੀ ਸਵੈਮਾਣ ਅਤੇ ਸੁਹੱਪਣ ਨਾਲ਼ ਲਿਸ਼ਕਦੀ ਨਹੀਂ ਲੱਗ ਰਹੀ ਸੀ। ਉਸਦੇ ਚਿਹਰੇ ਉੱਤੇ ਵੈਰਾਗ ਦੇ ਭਾਵ ਵਰਗਾ ਕੁੱਝ ਆ ਗਿਆ ਸੀ। ਪਤਾ ਨਹੀਂ, ਇਹ ਡਰ ਸੀ ਜਾਂ ਸਰੀਰਕ ਕਸ਼ਟ। ਉਸਦਾ ਨੱਕ, ਮੁੱਛਾਂ ਅਤੇ ਉਸਦਾ ਸਾਰਾ ਚਿਹਰਾ ਫੜਫੜਾ ਰਿਹਾ ਸੀ, ਜਿਵੇਂ ਇਹ ਸਾਰੀਆਂ ਚੀਜ਼ਾਂ ਉਸਦੇ ਚਿਹਰੇ ਨਾਲੋਂ ਟੁੱਟ ਕੇ ਵੱਖ ਹੋ ਜਾਣਾ ਚਾਹੁੰਦੀਆਂ ਹੋਣ। ਉਸਦੀਆਂ ਅੱਖਾਂ ਵਿੱਚ ਪੀੜ-ਪਰੁੰਨੀ ਹਾਸੀ ਝਲਕ ਰਹੀ ਜਾਪਦੀ ਸੀ ….ਲੰਬੇ ਅਤੇ ਭਾਰੀ ਕਦਮ ਪੁੱਟਦਾ ਹੋਇਆ ਉਹ ਦੀਵਾਨਖ਼ਾਨੇ ਦੇ ਵਿੱਚਕਾਰ ਆ ਖੜ੍ਹਾ ਹੋਇਆ। ਫਿਰ ਉਹ ਅੱਗੇ ਝੁਕਿਆ, ਹਟਕੋਰਾ ਲਿਆ ਅਤੇ ਮੁੱਕੀਆਂ ਵੱਟ ਕੇ ਹਿਲਾਈਆਂ।

"ਉਹ ਮੈਨੂੰ ਦਗ਼ਾ ਦੇ ਗਈ, ਡਾਕਟਰ ਸਾਹਿਬ।" ਫਿਰ ਦਗ਼ਾ ਸ਼ਬਦ ਉੱਤੇ ਬਲ ਦਿੰਦੇ ਹੋਏ ਉਹ ਚੀਕਿਆ, "ਦਗ਼ੇਬਾਜ਼ ਮੈਨੂੰ ਛੱਡ ਗਈ। ਉਸ ਨੇ ਬੀਮਾਰ ਹੋਣ ਦਾ ਨਾਟਕ ਕੀਤਾ ਅਤੇ ਮੈਨੂੰ ਡਾਕਟਰ ਲੈਣ ਭੇਜਿਆ ਤਾਂ ਕਿ ਉਸ ਭੌਂਦੂ ਪਾਪਚਿੰਸਕੀ ਨਾਲ ਭੱਜ ਜਾਵੇ। ਹਾਏ! ਮੇਰੇ ਰੱਬਾ!"

ਐਬੋਗਿਨ ਨੇ ਡਾਕਟਰ ਵੱਲ ਇੱਕ ਭਾਰੀ ਕਦਮ ਪੁੱਟਿਆ, ਆਪਣੀਆਂ ਚਿੱਟੀਆਂ ਮੁਲਾਇਮ ਮੁੱਠੀਆਂ ਆਪਣੇ ਚਿਹਰੇ ਅੱਗੇ ਕੀਤੀਆਂ, ਅਤੇ ਉਹਨਾਂ ਨੂੰ ਹਿਲਾਉਂਦੇ ਹੋਏ ਚੀਕਣਾ ਜਾਰੀ ਰੱਖਿਆ:

“ਚਲੀ ਗਈ !! ਦਗ਼ੇਬਾਜ਼! ਪਰ ਇਹ ਝੂਠ ਕਿਉਂ?! ਮੇਰੇ ਰੱਬਾ! ਮੇਰੇ ਰੱਬਾ! ਇਹ ਗੰਦੀ, ਧੋਖਾਧੜੀ, ਇਹ ਸ਼ੈਤਾਨੀ ਖੇਡ ਕਿਉਂ? ਮੈਂ ਉਸ ਦਾ ਕੀ ਵਿਗਾੜਿਆ ਸੀ? ਚਲੀ ਗਈ!” ਉਸ ਦੀਆਂ ਅੱਖਾਂ ਭਰ ਆਈਆਂ। ਉਹ ਇਕ ਪੈਰ ਤੇ ਘੁੰਮਿਆ ਅਤੇ ਡਰਾਇੰਗ-ਰੂਮ ਵਿੱਚ ਟਹਿਲਣ ਲੱਗ ਪਿਆ। ਹੁਣ ਆਪਣੇ ਛੋਟੇ ਕੋਟ ਵਿਚ, ਆਪਣੀ ਫੈਸ਼ਨੇਬਲ ਤੰਗ ਪਜਾਮੀ ਵਿੱਚ ਉਸ ਦੀਆਂ ਲੱਤਾਂ ਕੁਝ ਜ਼ਿਆਦਾ ਹੀ ਪਤਲੀਆਂ ਲੱਗਦੀਆਂ ਸਨ, ਆਪਣੇ ਵੱਡੇ ਸਿਰ ਅਤੇ ਲੰਬੇ ਵਾਲ਼ਾਂ ਨਾਲ਼ ਉਹ ਹੋਰ ਵੀ ਵਧੇਰੇ ਬੱਬਰ ਸ਼ੇਰ ਦੀ ਤਰ੍ਹਾਂ ਲੱਗਦਾ ਸੀ। ਡਾਕਟਰ ਦੇ ਉਦਾਸੀਨ ਚਿਹਰੇ ਉੱਤੇ ਜਿਗਿਆਸਾ ਦੀ ਝਲਕ ਉੱਭਰ ਆਈ। ਉਹ ਉਠ ਖੜ੍ਹਾ ਹੋਇਆ। ਅਤੇ ਉਸਨੇ ਐਬੋਗਿਨ ਨੂੰ ਪੁੱਛਿਆ, "ਪਰ ਮਰੀਜ਼ ਕਿੱਥੇ ਹੈ?"

"ਮਰੀਜ਼! ਮਰੀਜ਼!" ਹੱਸਦਾ, ਰੋਂਦਾ ਅਤੇ ਮੁੱਕੀਆਂ ਉਲਾਰਦਾ ਹੋਇਆ ਐਬੋਗਿਨ ਚੀਕਿਆ, "ਉਹ ਮਰੀਜ਼ ਨਹੀਂ, ਪਾਪਣ ਹੈ! ਏਨੀ ਕਮੀਨਗੀ! ਏਨਾ ਹੋਛਾਪਣ! ਸ਼ੈਤਾਨ ਵੀ ਅਜਿਹੀ ਘਿਨਾਉਣੀ ਹਰਕਤ ਨਹੀਂ ਕਰਦਾ। ਉਸਨੇ ਮੈਨੂੰ ਭੇਜ ਦਿੱਤਾ। ਕਿਉਂ? ਤਾਂਕਿ ਉਹ ਉਸ ਭੌਂਦੂ, ਉਸ ਕਮੀਨੇ ਭੰਡ ਦੇ ਨਾਲ ਭੱਜ ਜਾਵੇ! ਹਾਏ ਰੱਬਾ! ਇਸਤੋਂ ਤਾਂ ਅੱਛਾ ਸੀ, ਉਹ ਮਰ ਜਾਂਦੀ। ਇਹ ਬੇਵਫ਼ਾਈ ਮੈਂ ਬਰਦਾਸ਼ਤ ਨਹੀਂ ਕਰ ਸਕਾਂਗਾ, ਨਹੀਂ ਕਰ ਸਕਾਂਗਾ।" ਇਹ ਸੁਣਦੇ ਹੀ ਡਾਕਟਰ ਤਣ ਕੇ ਖੜ੍ਹਾ ਹੋ ਗਿਆ। ਉਸਦੀਆਂ ਹੰਝੂਆਂ ਨਾਲ਼ ਭਰੀਆਂ ਅੱਖਾਂ ਝਪਕਣ ਲੱਗੀਆਂ। ਉਸਦੀ ਵਿਰਲੀ ਦਾੜ੍ਹੀ ਵੀ ਜਬਾੜਿਆਂ ਦੇ ਨਾਲ ਨਾਲ ਸੱਜੇ ਖੱਬੇ ਹਿੱਲ ਰਹੀ ਸੀ।

ਉਹ ਉਤਸੁਕਤਾ ਨਾਲ਼ ਆਲ਼ੇ-ਦੁਆਲ਼ੇ ਦੇਖਦਾ ਹੋਏ ਬੋਲਿਆ, "ਮਾਫ਼ ਕਰਨਾ, ਇਸਦਾ ਕੀ ਮਤਲਬ ਹੈ? ਮੇਰਾ ਬੱਚਾ ਕੁੱਝ ਦੇਰ ਪਹਿਲਾਂ ਮਰ ਗਿਆ ਹੈ। ਮੇਰੀ ਪਤਨੀ ਸ਼ੋਕ-ਗਰਸਤ ਹੈ ਅਤੇ ਦੁੱਖ ਨਾਲ ਮਰੀ ਜਾ ਰਹੀ ਹੈ। ਇਸ ਸਮੇਂ ਉਹ ਘਰ ਵਿੱਚ ਇਕੱਲੀ ਹੈ। ਮੈਂ ਆਪ ਵੀ ਬੜੀ ਮੁਸ਼ਕਲ ਖੜ੍ਹਾ ਹਾਂ। ਤਿੰਨ ਰਾਤਾਂ ਤੋਂ ਮੈਂ ਸੁੱਤਾ ਨਹੀਂ ਹਾਂ...? ਕੀ ਮੈਨੂੰ ਇੱਕ ਘਟੀਆ ਨੌਟੰਕੀ ਵਿੱਚ ਵਰਤਣ ਲਈ ਇੱਥੇ ਬੁਲਾਇਆ ਗਿਆ, ਕਿਸੇ ਸਟੇਜੀ ਚੀਜ਼ ਦਾ ਕੰਮ ਲੈਣ ਲਈ? ਮੈਂ...ਮੇਰੀ ਤਾਂ ਕੁੱਝ ਸਮਝ ਵਿੱਚ ਨਹੀਂ ਆ ਰਿਹਾ।"

ਐਬੋਗਿਨ ਨੇ ਇੱਕ ਮੁੱਠੀ ਖੋਲ੍ਹੀ ਅਤੇ ਇੱਕ ਮੁੜਿਆ ਤੁੜਿਆ ਜਿਹਾ ਕਾਗਜ਼ ਦਾ ਪੁਰਜਾ ਫਰਸ਼ ਤੇ ਸੁੱਟ ਕੇ ਉਸਨੂੰ ਕੁਚਲ ਦਿੱਤਾ, ਜਿਵੇਂ ਇਹ ਕੋਈ ਕੀੜਾ ਮਕੌੜਾ ਹੋਵੇ, ਜਿਸਨੂੰ ਉਹ ਨਸ਼ਟ ਕਰ ਦੇਣਾ ਚਾਹੁੰਦਾ ਹੋਵੇ। "ਤੇ ਮੈਂ ਕੁੱਝ ਸਮਝਿਆ ਹੀ ਨਹੀਂ, ਕੁੱਝ ਧਿਆਨ ਹੀ ਨਹੀਂ ਦਿੱਤਾ।” ਆਪਣੇ ਸਿਰ ਦੁਆਲ਼ੇ ਇੱਕ ਮੁੱਠੀ ਘੁਮਾਉਂਦੇ ਹੋਏ ਦੰਦ ਕਰੀਚ ਕੇ ਉਹ ਬੋਲਿਆ। ਉਸਦੇ ਚਿਹਰੇ ਦੇ ਹਾਵਭਾਵ ਤੋਂ ਲੱਗ ਰਿਹਾ ਸੀ ਜਿਵੇਂ ਉਸਦਾ ਪੈਰ ਛੱਲੀ ਤੇ ਧਰਿਆ ਗਿਆ ਹੋਵੇ। “ਉਹ ਨਿੱਤ ਮੇਰੇ ਘਰ ਆਉਂਦਾ ਸੀ, ਇਸ ਗੱਲ ਉੱਤੇ ਗ਼ੌਰ ਹੀ ਨਹੀਂ ਕੀਤਾ। ਇਹ ਵੀ ਨਹੀਂ ਸੋਚਿਆ ਕਿ ਅੱਜ ਉਹ ਮੇਰੇ ਘਰ ਬੱਘੀ ਵਿੱਚ ਕਿਉਂ ਆਇਆ ਸੀ, ਬਈ ਬੱਘੀ ਕੀ ਕਰਨੀ ਸੀ? ਮੈਂ ਅੰਨ੍ਹਾ ਅਤੇ ਮੂਰਖ ਸੀ ਜਿਸਨੇ ਇਸਦੇ ਬਾਰੇ ਵਿੱਚ ਸੋਚਿਆ ਹੀ ਨਹੀਂ, ਅੰਨ੍ਹਾ ਅਤੇ ਮੂਰਖ।"

ਡਾਕਟਰ ਫਿਰ ਬੜਬੜਾਇਆ, "ਮੈਂ...ਮੇਰੀ ਸਮਝ ਵਿੱਚ ਨਹੀਂ ਆਉਂਦਾ ਕਿ ਇਸ ਸਭ ਦਾ ਮਤਲਬ ਕੀ ਹੈ? ਇਹ ਤਾਂ ਕਿਸੇ ਇਨਸਾਨ ਦਾ ਅਪਮਾਨ ਕਰਨਾ ਹੋਇਆ, ਇਨਸਾਨ ਦੇ ਦੁੱਖ ਅਤੇ ਵੇਦਨਾ ਦਾ ਮਜ਼ਾਕ ਉਡਾਉਣਾ। ਇਹ ਬਿਲਕੁਲ ਨਾਮੁਮਕਿਨ ਗੱਲ ਹੈ, ਇਹ ਭੱਦਾ ਮਜ਼ਾਕ ਹੈ। ਮੈਂ ਆਪਣੀ ਜ਼ਿੰਦਗੀ ਵਿੱਚ ਅਜਿਹੀ ਗੱਲ ਕਦੇ ਨਹੀਂ ਸੁਣੀ।"

ਉਸ ਵਿਅਕਤੀ ਦੀ ਤਰ੍ਹਾਂ ਜਿਸ ਨੂੰ ਹੁਣੇ ਸਮਝ ਆਉਣ ਲੱਗਿਆ ਹੋਵੇ ਕਿ ਉਸਦਾ ਘੋਰ ਅਪਮਾਨ ਕੀਤਾ ਗਿਆ ਸੀ, ਡਾਕਟਰ ਨੇ ਆਪਣੇ ਮੋਢੇ ਉਚਕਾਏ ਅਤੇ ਬੇਬਸੀ ਵਿੱਚ ਹੱਥ ਫੈਲਾ ਦਿੱਤੇ। ਬੋਲਣ ਜਾਂ ਕੁੱਝ ਵੀ ਕਰ ਸਕਣ ਦੇ ਅਸਮਰਥ ਉਹ ਥੱਕਿਆ ਹਾਰਿਆ ਕੁਰਸੀ ਵਿੱਚ ਢੇਰੀ ਹੋ ਗਿਆ।

"ਤਾਂ ਤੂੰ ਹੁਣ ਮੈਨੂੰ ਪ੍ਰੇਮ ਨਹੀਂ ਸੀ ਕਰਦੀ, ਕਿਸੇ ਦੂਜੇ ਨੂੰ ਪਿਆਰ ਕਰਨ ਲੱਗ ਪਈ ਸੀ...ਠੀਕ ਹੈ, ਪਰ ਇਹ ਦਗ਼ਾ ਕਿਉਂ, ਇਹ ਹੋਛਾ ਛਲ ਕਿਉਂ?” ਐਬੋਗਿਨ ਰੁਆਂਸੀ ਜਿਹੀ ਆਵਾਜ਼ ਵਿੱਚ ਬੋਲਿਆ, "ਇਸ ਨਾਲ ਕਿਸਦਾ ਭਲਾ ਹੋਵੇਗਾ? ਮੈਂ ਤੇਰਾ ਕੀ ਵਿਗਾੜਿਆ ਸੀ? ਤੂੰ ਇਹ ਘਟੀਆ ਹਰਕਤ ਕਿਉਂ ਕੀਤੀ? ਡਾਕਟਰ ਸਾਹਿਬ! ਸੁਣੋ, " ਉਹ ਉਬਾਲ ਵਿੱਚ ਚੀਕਦਾ ਹੋਇਆ ਕਿਰੀਲੋਵ ਦੇ ਕੋਲ ਪਹੁੰਚ ਗਿਆ, "ਤੁਸੀਂ ਅਨਭੋਲ ਹੀ ਮੇਰੇ ਬਦਕਿਸਮਤੀ ਦੇ ਗਵਾਹ ਬਣ ਗਏ ਹੋ...ਅਤੇ ਮੈਂ ਤੁਹਾਥੋਂ ਸੱਚੀ ਗੱਲ ਨਹੀਂ ਛਿਪਾਊਂਗਾ। ਮੈਂ ਸਹੁੰ ਖਾ ਕੇ ਕਹਿੰਦਾ ਹਾਂ ਕਿ ਮੈਂ ਉਸ ਔਰਤ ਨਾਲ ਮੁਹੱਬਤ ਕਰਦਾ ਸੀ। ਮੈਂ ਉਸਦਾ ਗ਼ੁਲਾਮ ਸੀ। ਮੈਂ ਉਸਦੀ ਪੂਜਾ ਕਰਦਾ ਸੀ। ਮੈਂ ਉਸਦੇ ਲਈ ਹਰ ਚੀਜ਼ ਕੁਰਬਾਨ ਕਰ ਦਿੱਤੀ। ਆਪਣੇ ਸਕੇ-ਸੰਬੰਧੀਆਂ ਨਾਲ ਲੜਾਈ ਕਰ ਲਈ। ਨੌਕਰੀ ਛੱਡ ਦਿੱਤੀ। ਸੰਗੀਤ ਦਾ ਆਪਣਾ ਸ਼ੌਕ ਛੱਡ ਦਿੱਤਾ। ਉਨ੍ਹਾਂ ਗੱਲਾਂ ਲਈ ਵੀ ਉਸਨੂੰ ਮਾਫ਼ ਕਰ ਦਿੱਤਾ ਜਿਨ੍ਹਾਂ ਦੇ ਲਈ ਮੈਂ ਆਪਣੀ ਭੈਣ ਜਾਂ ਮਾਂ ਨੂੰ ਵੀ ਕਦੇ ਮਾਫ਼ ਨਾ ਕਰਦਾ...ਮੈਂ ਉਸਨੂੰ ਕਦੇ ਘੂਰੀ ਵੱਟ ਕੇ ਨਹੀਂ ਸੀ ਵੇਖਿਆ। ਮੈਂ ਉਸਨੂੰ ਕਦੇ ਬੁਰਾ ਮਨਾਉਣ ਦਾ ਭੋਰਾ ਜਿੰਨਾ ਵੀ ਮੌਕਾ ਨਹੀਂ ਸੀ ਦਿੱਤਾ। ਇਹ ਸਭ ਝੂਠ ਅਤੇ ਫਰੇਬ ਹੈ...ਕਿਉਂ? ਜੇਕਰ ਤੂੰ ਹੁਣ ਮੈਨੂੰ ਪਿਆਰ ਨਹੀਂ ਕਰਦੀ ਸੀ ਤਾਂ ਇਹ ਸਾਫ਼ ਸਾਫ਼ ਕਹਿ ਕਿਉਂ ਨਹੀਂ ਦਿੱਤਾ...ਜਦ ਇਨ੍ਹਾਂ ਸਭ ਮਾਮਲਿਆਂ ਵਿੱਚ ਤੈਨੂੰ ਮੇਰੇ ਖ਼ਿਆਲਾਂ ਬਾਰੇ ਪਤਾ ਸੀ!"

ਅੱਖਾਂ ਵਿੱਚ ਅੱਥਰੂ ਡੱਕੀਂ, ਕੰਬਦੇ ਹੋਏ ਐਬੋਗਿਨ ਨੇ ਈਮਾਨਦਾਰੀ ਨਾਲ ਆਪਣਾ ਦਿਲ ਡਾਕਟਰ ਦੇ ਸਾਹਮਣੇ ਖੋਲ੍ਹ ਕੇ ਰੱਖ ਦਿੱਤਾ। ਉਹ ਭਾਵੁਕ ਉਬਾਲ ਵਿੱਚ ਬੋਲ ਰਿਹਾ ਸੀ। ਸੀਨੇ ਤੇ ਹੱਥ ਰੱਖ, ਉਹ ਬਿਨਾਂ ਕਿਸੇ ਝਿਜਕ ਦੇ ਉਹ ਗੁਪਤ ਘਰੇਲੂ ਗੱਲਾਂ ਦੱਸ ਰਿਹਾ ਸੀ। ਅਸਲ ਵਿੱਚ, ਇੱਕ ਤਰ੍ਹਾਂ ਨਾਲ ਪ੍ਰਸ਼ੰਨਤਾ ਜਿਹੀ ਮਹਿਸੂਸ ਕਰਦਾ ਹੋਇਆ ਕਿ ਆਖ਼ਰਕਾਰ ਇਹ ਗੁਪਤ ਗੱਲਾਂ ਹੁਣ ਸੀਨੇ ਵਿੱਚ ਦਫ਼ਨ ਨਹੀਂ ਸੀ ਰਹਿ ਗਈਆਂ। ਜੇਕਰ ਇਸੇ ਤਰ੍ਹਾਂ ਉਹ ਘੰਟਾ ਦੋ ਘੰਟੇ ਹੋਰ ਬੋਲ ਲੈਂਦਾ, ਆਪਣੇ ਦਿਲ ਦੀ ਗੱਲ ਕਹਿ ਲੈਂਦਾ, ਗੁਬਾਰ ਕੱਢ ਲੈਂਦਾ ਤਾਂ ਯਕੀਨਨ ਉਹ ਬਿਹਤਰ ਮਹਿਸੂਸ ਕਰਨ ਲੱਗਦਾ। ਕੌਣ ਜਾਣੇ, ਜੇਕਰ ਡਾਕਟਰ ਦੋਸਤਾਨਾ ਹਮਦਰਦੀ ਨਾਲ ਉਸਦੀ ਗੱਲ ਸੁਣ ਲੈਂਦਾ, ਸ਼ਾਇਦ ਜਿਵੇਂ ਕਿਾ ਅਕਸਰ ਹੁੰਦਾ ਹੈ, ਉਹ ਬਿਨਾਂ ਕਿਸੇ ਰੰਜਸ਼ ਦੇ ਅਤੇ ਬੇਲੋੜੀਆਂ ਗ਼ਲਤੀਆਂ ਕੀਤੇ ਬਿਨਾਂ ਹੀ ਆਪਣੀ ਕਿਸਮਤ ਤੇ ਸਬਰ ਕਰ ਲੈਂਦਾ...ਪਰ ਹੋਇਆ ਕੁੱਝ ਹੋਰ ਹੀ। ਉੱਧਰ ਐਬੋਗਿਨ ਬੋਲਦਾ ਜਾ ਰਿਹਾ ਸੀ, ਏਧਰ ਅਪਮਾਨਿਤ ਡਾਕਟਰ ਦੇ ਚਿਹਰੇ ਉੱਤੇ ਬਦਲਦੇ ਰੰਗ ਸਾਫ਼ ਵਿਖਾਈ ਦੇ ਰਹੇ ਸੀ। ਉਸਦੇ ਚਿਹਰੇ ਤੇ ਜੋ ਜੜਤਾ ਅਤੇ ਉਦਾਸੀਨਤਾ ਦਾ ਭਾਵ ਸੀ ਉਹ ਮਿਟ ਗਿਆ ਅਤੇ ਉਸਦੀ ਥਾਂ ਹਿਕਾਰਤ, ਕਰੋਧ ਅਤੇ ਨਾਰਾਜ਼ਗੀ ਨੇ ਲੈ ਲਈ। ਉਸਦਾ ਚਿਹਰਾ ਹੋਰ ਵੀ ਖਰਵ੍ਹਾ, ਸਖ਼ਤ ਅਤੇ ਰੁੱਖਾ ਹੋ ਗਿਆ। ਅਜਿਹੀ ਹਾਲਤ ਵਿੱਚ ਜਦੋਂ ਐਬੋਗਿਨ ਨੇ ਉਸਨੂੰ ਕਿਸੇ ਨੰਨ ਵਰਗੇ ਭਾਵਹੀਣ ਅਤੇ ਰੁੱਖੇ ਚਿਹਰੇ ਵਾਲੀ ਇੱਕ ਸੁੰਦਰ ਯੁਵਤੀ ਦੀ ਫੋਟੋ ਦਿਖਾਉਂਦੇ ਹੋਏ ਪੁੱਛਿਆ ਕਿ ਕੀ ਕੋਈ ਭਰੋਸਾ ਕਰ ਸਕਦਾ ਹੈ ਕਿ ਅਜਿਹੇ ਚਿਹਰੇ ਵਾਲੀ ਇਸਤਰੀ ਝੂਠ ਬੋਲ ਸਕਦੀ ਹੈ, ਛਲ ਕਰ ਸਕਦੀ ਹੈ, ਤਾਂ ਡਾਕਟਰ ਐਬੋਗਿਨ ਦੇ ਕੋਲੋਂ ਇੱਕਦਮ ਛਿੜ ਪਿਆ ਅਤੇ ਉਸਦੀਆਂ ਅੱਖਾਂ ਚਮਕ ਉੱਠੀਆਂ ਅਤੇ ਉਹ ਇੱਕ ਇੱਕ ਸ਼ਬਦ ਘੋਟ ਘੋਟ ਕੇ ਕਹਿਣ ਲੱਗਾ: "ਤੁਸੀਂ ਮੈਨੂੰ ਇਹ ਸਭ ਕਿਸ ਲਈ ਦੱਸ ਰਹੇ ਹੋ? ਇਹ ਸਭ ਸੁਣਨ ਦੀ ਮੇਰੀ ਕੋਈ ਇੱਛਾ ਨਹੀਂ ਹੈ! ਮੈਂ ਸੁਣਨਾ ਨਹੀਂ ਚਾਹੁੰਦਾ!" ਉਹ ਚੀਕਿਆ ਅਤੇ ਮੇਜ਼ `ਤੇ ਜ਼ੋਰ ਨਾਲ਼ ਮੁੱਕਾ ਮਾਰਿਆ, "ਮੈਂ ਤੇਰੇ ਬਦਮਜ਼ਾ ਰਹੱਸ ਨਹੀਂ ਜਾਨਣਾ ਚਾਹੁੰਦਾ! ਲਾਅਨਤ ਇਸ ਸਭ ਬਕੜਵਾਹ ਨੂੰ! ਅਜਿਹੀਆਂ ਬੇਗੈਰਤ ਕਰਤੂਤਾਂ ਬਾਰੇ ਮੈਨੂੰ ਦੱਸਣ ਦੀ ਲੋੜ ਨਹੀਂ! ਕੀ ਤੁਹਾਡੇ ਖ਼ਿਆਲ ਵਿੱਚ ਪਹਿਲਾਂ ਹੀ ਮੇਰੇ ਅਪਮਾਨ ਦੀ ਕੋਈ ਕਸਰ ਰਹਿ ਗਈ ਸੀ? ਕੀ ਮੈਂ ਤੁਹਾਡਾ ਜੀ-ਹਜ਼ੂਰੀਆ ਹਾਂ ਜਿਸਦਾ ਜਿੰਨਾ ਚਾਹੋ ਅਪਮਾਨ ਕੀਤਾ ਜਾ ਸਕਦਾ ਹੋਵੇ? ਕੀ ਇਹੀ ਗੱਲ ਹੈ?" ਐਬੋਗਿਨ ਕਿਰੀਲੋਵ ਤੋਂ ਪਿੱਛੇ ਹਟ ਗਿਆ ਅਤੇ ਹੈਰਾਨੀ ਨਾਲ ਉਸ ਵੱਲ ਦੇਖਣ ਲੱਗਾ।

"ਤੁਸੀਂ ਮੈਨੂੰ ਇੱਥੇ ਲਿਆਏ ਹੀ ਕਿਉਂ?" ਡਾਕਟਰ ਕਹਿੰਦਾ ਗਿਆ। ਉਸਦੀ ਦਾੜ੍ਹੀ ਹਿੱਲ ਰਹੀ ਸੀ, "ਤੁਸੀਂ ਵਿਆਹ ਕੀਤਾ, ਕਿਉਂਕਿ ਤੁਹਾਡੇ ਕੋਲ ਇਸ ਤੋਂ ਅੱਛਾ ਹੋਰ ਕੋਈ ਕੰਮ ਨਹੀਂ ਸੀ ...ਅਤੇ ਇਸਲਈ ਤੁਸੀਂ ਆਪਣਾ ਇਹ ਘਟੀਆ ਡਰਾਮਾ ਮਨਮਾਨੇ ਢੰਗ ਨਾਲ ਖੇਡਦੇ ਰਹੇ, ਪਰ ਮੈਨੂੰ ਇਸ ਨਾਲ ਕੀ? ਮੈਨੂੰ ਤੁਹਾਡੇ ਇਸ ਇਸ਼ਕ-ਮੁਸ਼ਕ ਨਾਲ ਕੀ ਸਰੋਕਾਰ? ਮੈਨੂੰ ਤਾਂ ਚੈਨ ਨਾਲ ਜੀਣ ਦਿਓ। ਤੁਸੀਂ ਆਪਣੇ ਖ਼ਾਨਦਾਨੀ ਸਾਮੰਤੀ ਢੰਗ ਨਾਲ ਗ਼ਰੀਬਾਂ ਤੋਂ ਪੈਸਾ ਕਮਾਓ। ਆਪਣੇ ਮਾਨਵੀ ਵਿਚਾਰਾਂ ਦੀਆਂ ਡੀਗਾਂ ਮਾਰੋ, (ਪਾਸੇ ਵਾਇਲਨ ਕੇਸ ਤੇ ਨਿਗਾਹ ਮਾਰਦਿਆਂ), ਅਲਗੋਜ਼ੇ ਬਜਾਓ, ਬਾਜੇ ਬਜਾਓ। ਖੱਸੀ ਕੀਤੇ ਮੁਰਗ਼ੇ ਦੀ ਤਰ੍ਹਾਂ ਪਲ਼ਦੇ ਜਾਓ, ਪਰ ਕਿਸੇ ਨੂੰ ਜ਼ਲੀਲ ਕਰਨ ਦੀ ਹਿਮਾਕਤ ਨਾ ਕਰੋ। ਜੇਕਰ ਤੁਸੀਂ ਕਿਸੇ ਦੀ ਅਣਖ ਦਾ ਸਨਮਾਨ ਨਹੀਂ ਕਰ ਸਕਦੇ ਤਾਂ ਤਾਂ ਕ੍ਰਿਪਾ ਕਰਕੇ ਉਸ ਤੋਂ ਦੂਰ ਹੀ ਰਹੋ।"

ਐਬੋਗਿਨ ਦਾ ਚਿਹਰਾ ਲਾਲ ਹੋ ਗਿਆ। ਉਸਨੇ ਪੁੱਛਿਆ, "ਇਸਦਾ ਮਤਲਬ ਕੀ ਹੈ?"

"ਇਸਦਾ ਮਤਲਬ ਹੈ ਕਿ ਲੋਕਾਂ ਦੇ ਨਾਲ ਇਹ ਕਮੀਨਾ ਅਤੇ ਘਿਣਾਉਣਾ ਖਿਲਵਾੜ ਹੈ। ਮੈਂ ਡਾਕਟਰ ਹਾਂ। ਤੁਸੀਂ ਡਾਕਟਰਾਂ ਨੂੰ, ਸਗੋਂ ਹਰ ਅਜਿਹਾ ਕੰਮ ਕਰਨ ਵਾਲ਼ੇ ਨੂੰ, ਜਿਨ੍ਹਾਂ ਵਿਚੋਂ ਇਤਰ ਅਤੇ ਵੇਸ਼ਵਾਬਿਰਤੀ ਦੀ ਗੰਧ ਨਹੀਂ ਆਉਂਦੀ, ਨੌਕਰ ਅਤੇ ਅਰਦਲੀ ਕਿਸਮ ਦੇ ਆਦਮੀ ਸਮਝਦੇ ਹੋ। ਤੁਸੀਂ ਜ਼ਰੂਰ ਸਮਝੋ। ਪਰ ਦੁਖੀ ਵਿਅਕਤੀ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦਾ, ਉਸਨੂੰ ਨਾਟਕੀ ਸਾਮਾਨ ਸਮਝਣ ਦਾ ਤੁਹਾਨੂੰ ਕੋਈ ਹੱਕ ਨਹੀਂ।" ਐਬੋਗਿਨ ਦਾ ਚਿਹਰਾ ਗੁੱਸੇ ਨਾਲ ਭਖ ਰਿਹਾ ਸੀ। ਉਸਨੇ ਲਲਕਾਰ ਕੇ ਪੁੱਛਿਆ, "ਮੇਰੇ ਨਾਲ ਅਜਿਹੀ ਗੱਲ ਕਰਨ ਦੀ ਤੁਹਾਡੀ ਹਿੰਮਤ ਕਿਵੇਂ ਹੋਈ?"

“ਤੁਹਾਡੀ ਇਹ ਕਹਿਣ ਦੀ ਹਿੰਮਤ ਕਿਵੇਂ ਹੋਈ?" ਐਬੋਗਿਨ ਨੇ ਹੌਲੇ ਜਿਹੇ ਪੁੱਛਿਆ। ਉਸ ਦਾ ਚਿਹਰਾ ਫਿਰ ਲਾਲ ਹੋਣ ਲੱਗ ਪਿਆ, ਪਰ ਇਸ ਵਾਰ ਕਰੋਧ ਪ੍ਰਤੱਖ ਸੀ।

"ਮੇਰਾ ਦੁੱਖ ਜਾਣਦੇ ਹੋਏ ਵੀ ਆਪਣੀਆਂ ਅਨਾਪ-ਸ਼ਨਾਪ ਗੱਲਾਂ ਸੁਨਾਣ ਲਈ ਮੈਨੂੰ ਇੱਥੇ ਲਿਆਉਣ ਦੀ ਤੁਹਾਡੀ ਹਿੰਮਤ ਕਿਵੇਂ ਹੋਈ?” ਮੇਜ਼ ਉੱਤੇ ਮੁੱਕੇ ਮਾਰਦੇ ਹੋਏ ਡਾਕਟਰ ਚੀਕਿਆ, “ਦੂਜੇ ਦੇ ਦੁੱਖ ਦਾ ਮਖ਼ੌਲ ਉਡਾਉਣ ਦਾ ਹੱਕ ਤੁਹਾਨੂੰ ਕਿਸ ਨੇ ਦਿੱਤਾ?"

"ਤੁਸੀਂ ਜਰੂਰ ਪਾਗਲ ਹੋ।” ਐਬੋਗਿਨ ਨੇ ਚੀਕ ਕੇ ਕਿਹਾ। “ਕਿੰਨੇ ਬੇਰਹਿਮ ਹੋ ਤੁਸੀਂ। ਮੈਂ ਖ਼ੁਦ ਕਿੰਨਾ ਦੁਖੀ ਹਾਂ...ਅਤੇ...ਅਤੇ...!"

ਨਫ਼ਰਤ ਨਾਲ ਮੁਸਕਰਾ ਕੇ ਡਾਕਟਰ ਨੇ ਕਿਹਾ, "ਦੁਖੀ! ਤੁਸੀਂ ਇਸ ਸ਼ਬਦ ਦਾ ਇਸਤੇਮਾਲ ਨਾ ਹੀ ਕਰੋ। ਇਸਦਾ ਤੁਹਾਡੇ ਨਾਲ ਕੋਈ ਸੰਬੰਧ ਨਹੀਂ। ਅਵਾਰਾ ਨਿਕੰਮੇ ਜਿਨ੍ਹਾਂ ਨੂੰ ਉਧਾਰ ਨਹੀਂ ਦਿੰਦਾ, ਉਹ ਵੀ ਆਪਣੇ ਨੂੰ ਦੁਖੀ ਕਹਿੰਦੇ ਨੇ। ਮੋਟਾਪੇ ਤੋਂ ਪਰੇਸ਼ਾਨ ਖੱਸੀ ਮੁਰਗਾ ਵੀ ਦੁਖੀ ਹੁੰਦਾ ਹੈ। ਘਟੀਆ..ਕਮੀਨੇ ਲੋਕ!"

ਗੁੱਸੇ ਨਾਲ ਤਮਤਮਾਉਂਦੇ ਹੋਏ ਐਬੋਗਿਨ ਨੇ ਕਿਹਾ, "ਜਨਾਬ, ਤੁਸੀਂ ਆਪਣੀ ਔਕਾਤ ਭੁੱਲ ਰਹੇ ਹੋ! ਅਜਿਹੀਆਂ ਗੱਲਾਂ ਦਾ ਜਵਾਬ ਲੱਤਾਂ ਨਾਲ ਦਿੱਤਾ ਜਾਂਦਾ ਹੈ, ਆਈ ਸਮਝ!"

ਐਬੋਗਿਨ ਨੇ ਜਲਦੀ ਨਾਲ ਅੰਦਰ ਦੀ ਜੇਬ ਟਟੋਲ ਕੇ ਉਸ ਵਿੱਚੋਂ ਨੋਟਾਂ ਦੀ ਇੱਕ ਦੱਥੀ ਕੱਢੀ ਅਤੇ ਉਸ ਵਿੱਚੋਂ ਦੋ ਨੋਟ ਕੱਢਕੇ ਮੇਜ਼ ਉੱਤੇ ਪਟਕ ਦਿੱਤੇ। ਨਾਸ੍ਹਾਂ ਫਰਕਾਉਂਦੇ ਹੋਏ ਉਸਨੇ ਹਿਕਾਰਤ ਨਾਲ ਕਿਹਾ, "ਇਹ ਰਹੀ ਤੁਹਾਡੀ ਫੀਸ। ਤੁਹਾਡੀ ਕੀਮਤ ਅਦਾ ਹੋ ਗਈ।"

ਨੋਟ ਜ਼ਮੀਨ ਉੱਤੇ ਸੁੱਟਦੇ ਹੋਏ ਡਾਕਟਰ ਬੋਲਿਆ, "ਤੁਸੀਂ ਰੁਪਏ ਦੇਣ ਦੀ ਹਿਮਾਕਤ ਕਿਵੇਂ ਕੀਤੀ। ਅਪਮਾਨ ਦੀ ਕੀਮਤ ਪੈਸੇ ਨਾਲ ਨਹੀਂ ਤਾਰੀ ਜਾ ਸਕਦੀ।"

ਐਬੋਗਿਨ ਅਤੇ ਡਾਕਟਰ ਇੱਕ ਦੂਜੇ ਨੂੰ ਅਪਮਾਨਜਨਕ ਅਤੇ ਭੱਦੀਆਂ ਭੱਦੀਆਂ ਗੱਲਾਂ ਕਹਿਣ ਲੱਗੇ। ਉਨ੍ਹਾਂ ਦੋਨਾਂ ਨੇ ਜੀਵਨ ਭਰ ਸ਼ਾਇਦ ਅੰਤਾਂ ਦੇ ਕਰੋਧ ਵਿੱਚ ਵੀ ਕਦੇ ਇੰਨੀਆਂ ਭੈੜੀਆਂ, ਬੇਰਹਿਮ ਅਤੇ ਬੇਹੂਦੀਆਂ ਗੱਲਾਂ ਨਹੀਂ ਬੋਲੀਆਂ ਸਨ। ਦੋਨਾਂ ਵਿੱਚ ਜਿਵੇਂ ਵੇਦਨਾ ਦੀ ਵਲੂੰਧਰੀ ਹਊਮੈ ਭੜਕ ਪਈ ਸੀ। ਜੋ ਦੁਖੀ ਹੁੰਦੇ ਹਨ ਉਨ੍ਹਾਂ ਦੀ ਹਊਮੈ ਵੱਧ ਜਾਂਦੀ ਹੈ। ਉਹ ਕਰੋਧੀ, ਹੰਕਾਰੀ ਅਤੇ ਦੁਰਾਚਾਰੀ ਹੋ ਜਾਂਦੇ ਹਨ। ਉਹ ਇੱਕ ਦੂਜੇ ਨੂੰ ਸਮਝਣ ਵਿੱਚ ਮੂਰਖਾਂ ਨਾਲੋਂ ਵੀ ਜ਼ਿਆਦਾ ਅਸਮਰਥ ਹੁੰਦੇ ਹਨ। ਦੁੱਖ ਲੋਕਾਂ ਨੂੰ ਮਿਲਾਉਣ ਦੀ ਥਾਂ ਅੱਡ ਅੱਡ ਕਰ ਦਿੰਦਾ ਹੈ। ਅਕਸਰ ਇਹ ਸਮਝਿਆ ਜਾਂਦਾ ਹੈ ਕਿ ਇੱਕ ਹੀ ਤਰ੍ਹਾਂ ਦਾ ਦੁੱਖ ਪੈਣ ਉੱਤੇ ਲੋਕ ਇੱਕ ਦੂਜੇ ਦੇ ਨੇੜੇ ਆ ਜਾਂਦੇ ਹੋਣਗੇ, ਪਰ ਹਕੀਕਤ ਇਹ ਹੈ ਕਿ ਅਜਿਹੇ ਲੋਕ ਸੰਤੁਸ਼ਟ ਲੋਕਾਂ ਦੇ ਟਾਕਰੇ ਕਿਤੇ ਜ਼ਿਆਦਾ ਬੇਇਨਸਾਫ਼ੀ ਪਸੰਦ ਅਤੇ ਜਾਲਮ ਸਾਬਤ ਹੁੰਦੇ ਹਨ।

ਡਾਕਟਰ ਬੋਲਿਆ, “ਮਿਹਰਬਾਨੀ ਕਰਕੇ ਮੈਨੂੰ ਮੇਰੇ ਘਰ ਭੇਜ ਦਿਓ।” ਗੁੱਸੇ ਨਾਲ ਉਹ ਹੌਂਕ ਰਿਹਾ ਸੀ।

ਐਬੋਗਿਨ ਨੇ ਜ਼ੋਰ ਨਾਲ ਘੰਟੀ ਵਜਾਈ। ਜਦੋਂ ਉਸਦੀ ਪੁਕਾਰ ਉੱਤੇ ਵੀ ਕੋਈ ਨਾ ਆਇਆ। ਇੱਕ ਵਾਰ ਫੇਰ ਵਜਾਈ ਤੇ ਗੁੱਸੇ ਵਿੱਚ ਘੰਟੀ ਫਰਸ਼ ਉੱਤੇ ਵਗਾਹ ਦਿੱਤੀ। ਕਾਲੀਨ ਉੱਤੇ ਇੱਕ ਦੱਬੀ ਜਿਹੀ ਅਵਾਜ਼ ਕਰਕੇ, ਮਰ ਰਹੇ ਪ੍ਰਾਣੀ ਵਰਗੀ ਆਹ ਜਿਹੀ ਭਰਦੀ ਹੋਈ ਘੰਟੀ ਖ਼ਾਮੋਸ਼ ਹੋ ਗਈ। ਤੱਦ ਇੱਕ ਨੌਕਰ ਆਇਆ।

ਘਸੁੰਨ ਜੜਦੇ ਹੋਇਆ ਐਬੋਗਿਨ ਉਸ ਨੂੰ ਟੁੱਟ ਕੇ ਪਿਆ, "ਕਿੱਥੇ ਮਰ ਗਿਆ ਸੀ ਤੂੰ? ਤੇਰਾ ਬੇੜਾ ਗਰਕ! ਤੂੰ ਹੁਣ ਸੀ ਕਿੱਥੇ? ਜਾ ਇਸ ਭੱਦਰਪੁਰਸ਼ ਲਈ ਗੱਡੀ ਲਿਆਉਣ ਨੂੰ ਕਹਿ ਅਤੇ ਮੇਰੇ ਲਈ ਬੰਦ-ਘੋੜਾਗੱਡੀ ਤਿਆਰ ਕਰਵਾ!" ਜਿਵੇਂ ਹੀ ਨੌਕਰ ਜਾਣ ਲਈ ਮੁੜਿਆ, ਐਬੋਗਿਨ ਫਿਰ ਬੋਲਿਆ, "ਰੁੱਕ ਜ਼ਰਾ! ਕੱਲ੍ਹ ਤੋਂ ਇਸ ਘਰ ਵਿੱਚ ਇੱਕ ਵੀ ਗੱਦਾਰ, ਧੋਖੇਬਾਜ਼ ਨਹੀਂ ਰਹਿਣਾ ਚਾਹੀਦਾ। ਸਭ ਨਿਕਲ ਜਾਓ...ਦਫਾ ਹੋ ਜਾਓ ਇੱਥੋਂ...ਮੈਂ ਨਵੇਂ ਨੌਕਰ ਰੱਖ ਲਵਾਂਗਾ। ਸਪੋਲੀਏ ਕਿਤੋਂ ਦੇ!" ਗੱਡੀਆਂ ਦੀ ਉਡੀਕ ਕਰਦੇ ਸਮੇਂ ਡਾਕਟਰ ਅਤੇ ਐਬੋਗਿਨ ਚੁੱਪ ਰਹੇ। ਜਾਹੋ ਜਲਾਲ ਐਬੋਗਿਨ ਦੇ ਚਿਹਰੇ ਉੱਤੇ ਫਿਰ ਪਰਤ ਆਇਆ ਸੀ। ਬੜੇ ਸੰਸਕਾਰੀ ਤਰੀਕੇ ਨਾਲ ਉਹ ਆਪਣਾ ਸਿਰ ਹਿਲਾਂਦਾ ਹੋਇਆ, ਕੁੱਝ ਵਿਉਂਤ ਜਿਹੀ ਬਣਾਉਂਦਾ ਹੋਇਆ ਕਮਰੇ ਵਿੱਚ ਟਹਿਲਦਾ ਰਿਹਾ। ਉਸਦਾ ਗੁੱਸਾ ਅਜੇ ਸ਼ਾਂਤ ਨਹੀਂ ਹੋਇਆ ਸੀ, ਪਰ ਉਹ ਅਜਿਹਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਵੇਂ ਕਮਰੇ ਵਿੱਚ ਦੁਸ਼ਮਣ ਦੀ ਹਾਜ਼ਰੀ ਵੱਲ ਉਸਦਾ ਧਿਆਨ ਵੀ ਨਾ ਗਿਆ ਹੋਵੇ। ਉੱਧਰ ਡਾਕਟਰ ਇੱਕ ਹੱਥ ਨਾਲ ਮੇਜ਼ ਫੜੀ ਅਹਿੱਲ ਖੜ੍ਹਾ ਐਬੋਗਿਨ ਦੇ ਵੱਲ ਅਜਿਹੀ ਸਨਕੀ, ਡੂੰਘੀ ਹਿਕਾਰਤ ਨਾਲ ਵੇਖ ਰਿਹਾ ਸੀ, ਜਿਹੜੀ ਸਿਰਫ ਦੁੱਖ ਅਤੇ ਘੋਰ ਕੰਗਾਲੀ ਦੀਆਂ ਅੱਖਾਂ ਵਿੱਚ ਨਜ਼ਰ ਆਉਂਦੀ ਹੈ ਜਦੋਂ ਇਨ੍ਹਾਂ ਦਾ ਟਾਕਰਾ ਅਮੀਰੀ ਅਤੇ ਸ਼ਾਨ-ਸ਼ੌਕਤ ਨਾਲ ਹੋਵੇ।

ਕੁੱਝ ਦੇਰ ਬਾਅਦ ਜਦੋਂ ਡਾਕਟਰ ਗੱਡੀ ਵਿੱਚ ਬੈਠਾ ਆਪਣੇ ਘਰ ਜਾ ਰਿਹਾ ਸੀ, ਉਸਦੀਆਂ ਅੱਖਾਂ ਵਿੱਚ ਉਸ ਵੇਲ਼ੇ ਵੀ ਨਫ਼ਰਤ ਦੀ ਉਹੀ ਭਾਵਨਾ ਕਾਇਮ ਸੀ। ਘੰਟਾ ਕੁ ਪਹਿਲਾਂ ਜਿੰਨਾ ਹਨੇਰਾ ਸੀ, ਹੁਣ ਉਸ ਨਾਲ਼ੋਂ ਕਿਤੇ ਜ਼ਿਆਦਾ ਹੋ ਗਿਆ ਸੀ। ਦੂਜ ਦਾ ਲਾਲ ਚੰਨ ਪਹਾੜੀ ਦੇ ਪਿੱਛੇ ਲੁੱਕ ਗਿਆ ਸੀ ਅਤੇ ਉਸਦੀ ਰਾਖੀ ਕਰਨ ਵਾਲੇ ਬੱਦਲ ਤਾਰਿਆਂ ਦੇ ਆਲ਼ੇ-ਦੁਆਲ਼ੇ ਕਾਲ਼ੇ ਧੱਬਿਆਂ ਦੀ ਤਰ੍ਹਾਂ ਪਏ ਸਨ। ਪਿੱਛੇ ਸੜਕ ਉੱਤੇ ਪਹੀਆਂ ਦੀ ਅਵਾਜ਼ ਸੁਣਾਈ ਦਿੱਤੀ ਅਤੇ ਬੰਦ-ਗੱਡੀ ਦੀਆਂ ਲਾਲ ਰੰਗ ਦੀਆਂ ਲਾਲਟੈਣਾਂ ਦੀ ਰੌਸ਼ਨੀ ਡਾਕਟਰ ਦੀ ਗੱਡੀ ਦੇ ਅੱਗੇ ਆ ਗਈ। ਉਹ ਐਬੋਗਿਨ ਸੀ ਜੋ ਗੁੱਸਾ ਕੱਢਣ ਜਾ ਰਿਹਾ ਸੀ, ਹਰ ਤਰ੍ਹਾਂ ਦੀਆਂ ਬੇਹੂਦਗੀਆਂ ਕਰਨ ਉੱਤੇ ਉਤਾਰੂ ਹੋ ਗਿਆ ਸੀ।

ਪੂਰੇ ਰਸਤੇ ਡਾਕਟਰ ਆਪਣੀ ਪਤਨੀ ਜਾਂ ਆਪਣੇ ਮੋਏ ਪੁੱਤਰ, ਆਂਦਰੇਈ ਬਾਰੇ ਨਹੀਂ ਸਗੋਂ ਐਬੋਗਿਨ ਅਤੇ ਉਸ ਘਰ ਵਿੱਚ ਰਹਿਣ ਵਾਲਿਆਂ ਬਾਰੇ ਸੋਚਦਾ ਰਿਹਾ, ਜਿਨ੍ਹਾਂ ਕੋਲ਼ੋਂ ਉਹ ਹੁਣੇ ਆਇਆ ਸੀ। ਉਸਦੇ ਵਿਚਾਰ ਨਿਰਦਈ ਅਤੇ ਜ਼ਾਲਮ ਸਨ। ਉਹ ਮਨ ਹੀ ਮਨ ਐਬੋਗਿਨ, ਉਸਦੀ ਪਤਨੀ, ਪਾਪਚਿੰਸਕੀ ਅਤੇ ਗੁਲਾਬੀ ਨੀਮ ਰੌਸ਼ਨੀਆਂ ਤੇ ਖੁਸ਼ਬੂਆਂ ਵਿੱਚ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਦੇ ਖਿਲਾਫ ਗੁੱਭ-ਗੁੱਭਾਹਟ ਕਢਦਾ ਰਿਹਾ ਅਤੇ ਸਾਰੇ ਰਾਹ ਉਹ ਇਨ੍ਹਾਂ ਲੋਕਾਂ ਲਈ ਨਫ਼ਰਤ ਅਤੇ ਹਿਕਾਰਤ ਦੀਆਂ ਗੱਲਾਂ ਸੋਚਦਾ ਰਿਹਾ, ਜਿਸ ਦੀ ਇੰਤਹਾ ਨਾਲ਼ ਉਸਦਾ ਦਿਲ ਦੁਖੀ ਹੋਣ ਲੱਗ ਪਿਆ। ਅਤੇ ਉਨ੍ਹਾਂ ਲੋਕਾਂ ਦੇ ਪ੍ਰਤੀ ਅਜਿਹਾ ਹੀ ਜ਼ਾਲਮ ਵਿਚਾਰ ਉਸਦੇ ਮਨ ਵਿੱਚ ਹਮੇਸ਼ਾ ਲਈ ਵਸ ਗਿਆ।

ਵਕਤ ਬੀਤੇਗਾ ਅਤੇ ਕਿਰੀਲੋਵ ਦਾ ਦੁੱਖ ਵੀ ਬੀਤ ਜਾਵੇਗਾ। ਪਰ ਇਨਸਾਨੀ ਦਿਲ ਲਈ ਨਾਲਾਇਕ ਇਹ ਜ਼ਾਲਮ ਵਿਚਾਰ ਡਾਕਟਰ ਦੇ ਨਾਲ ਹਮੇਸ਼ਾ ਰਹੇਗਾ...ਜੀਵਨ ਭਰ, ਉਸਦੀ ਮੌਤ ਦੇ ਦਿਨ ਤੱਕ।