ਅਨੁਵਾਦ:ਪਹਾੜੀ ਉੱਤੇ ਬਲ਼ਦੀ ਅੱਗ (ਅਫ਼ਰੀਕੀ ਲੋਕ ਕਹਾਣੀ)
ਪਹਾੜੀ ਉੱਤੇ ਬਲ਼ਦੀ ਅੱਗ (ਅਫ਼ਰੀਕੀ ਲੋਕ ਕਹਾਣੀ)
ਕਹਿੰਦੇ ਹਨ ਕਿ ਪੁਰਾਣੇ ਜ਼ਮਾਨੇ ਵਿੱਚ ਅਦੀਸ ਅਬਾਬਾ ਦੇ ਸ਼ਹਿਰ ਵਿੱਚ ਅਰਹਾ ਨਾਮੀ ਇੱਕ ਨੌਜਵਾਨ ਰਿਹਾ ਕਰਦਾ ਸੀ। ਉਹ ਬਾਲਪਣ ਵਿੱਚ ਪਿੰਡ ਛੱਡ ਕੇ ਸ਼ਹਿਰ ਚਲਾ ਆਇਆ ਸੀ ਅਤੇ ਇੱਕ ਮਾਲਦਾਰ ਵਪਾਰੀ ਹਸਪਟਮ ਹਸਿਆਈ ਕੋਲ ਨੌਕਰ ਹੋ ਗਿਆ ਸੀ।
ਹਸਪਟਮ ਹਸਿਆਈ ਇੰਨਾ ਮਾਲਦਾਰ ਸੀ ਕਿ ਉਸਨੇ ਉਹ ਸਾਰੀਆਂ ਚੀਜਾਂ ਖ਼ਰੀਦ ਲਈਆਂ ਸਨ ਜੋ ਦੌਲਤ ਖ਼ਰੀਦ ਸਕਦੀ ਸੀ। ਉਸ ਦਾ ਦਿਲ ਜ਼ਿੰਦਗੀ ਦੀਆਂ ਅਯਾਸ਼ੀਆਂ ਨਾਲ ਭਰ ਚੁੱਕਿਆ ਸੀ ਇਸ ਲਈ ਕਦੇ-ਕਦਾਈ ਉਹ ਆਪਣੀ ਜਿੰਦਗੀ ਵਿੱਚ ਬੋਰੀਅਤ ਮਹਿਸੂਸ ਕਰਨ ਲੱਗਦਾ।
ਸਿਆਲ ਦੀ ਇੱਕ ਰਾਤ ਜਦੋਂ ਠੰਡੀ ਹਵਾ ਚੱਲ ਰਹੀ ਸੀ ਹਸਪਟਮ ਨੇ ਅਰਹਾ ਨੂੰ ਹੁਕਮ ਦਿੱਤਾ ਕਿ ਉਹ ਅੱਗ ਜਲਾਣ ਲਈ ਲਕੜੀਆਂ ਚੁਗ ਕੇ ਲਿਆਏ। ਜਦੋਂ ਅਰਹਾ ਅੱਗ ਬਾਲ ਚੁੱਕਿਆ ਤਾਂ ਹਸਪਟਮ ਕਹਿਣ ਲੱਗਾ, "ਇਨਸਾਨ ਕਿੰਨੀ ਸਰਦੀ ਬਰਦਾਸ਼ਤ ਕਰ ਸਕਦਾ ਹੈ?"
ਉਹ ਆਪਣੇ ਆਪ ਨਾਲ ਗੱਲਾਂ ਕਰ ਰਿਹਾ ਸੀ। "ਕੀ ਇਹ ਮੁਮਕਿਨ ਹੈ ਕਿ ਇੱਕ ਇਨਸਾਨ ਇੰਟੋਟੋ ਦੀ ਪਹਾੜੀ ਦੀ ਟੀਸੀ ਉੱਤੇ ਸਾਰੀ ਰਾਤ ਬਿਨਾਂ ਕੰਬਲ, ਕੱਪੜਿਆਂ ਅਤੇ ਅੱਗ ਦੇ ਗੁਜ਼ਾਰੇ ਅਤੇ ਨਾ ਮਰੇ?"
"ਮੈਨੂੰ ਪਤਾ ਨਹੀਂ," ਅਰਹਾ ਬੋਲਿਆ, "ਪਰ ਕੀ ਇਹ ਬੇਵਕੂਫ਼ੀ ਵਾਲੀ ਗੱਲ ਨਹੀਂ ਹੋਵੇਗੀ। ਸ਼ਾਇਦ ਜੇਕਰ ਇਨਸਾਨ ਨੂੰ ਇਸ ਦਾ ਸਵਾਬ ਨਾ ਮਿਲੇ। ਲੇਕਿਨ ਮੈਂ ਸ਼ਰਤ ਲਗਾਉਣ ਲਈ ਤਿਆਰ ਹਾਂ। ਮੈਨੂੰ ਯਕੀਨ ਹੈ ਕਿ ਇੱਕ ਹਿੰਮਤ ਵਾਲਾ ਇਨਸਾਨ ਪਹਾੜੀ ਦੀ ਟੀਸੀ ਉੱਤੇ ਰਾਤ ਭਰ ਖੜਾ ਰਹਿ ਸਕਦਾ ਹੈ ਪਰ ਜਿੱਥੋਂ ਤੱਕ ਮੇਰੀ ਗੱਲ ਹੈ ਮੇਰੇ ਕੋਲ ਸ਼ਰਤ ਲਗਾਉਣ ਨੂੰ ਕੁੱਝ ਨਹੀਂ।"
ਹਸਪਟਮ ਬੋਲਿਆ, "ਜੇਕਰ ਤੈਨੂੰ ਯਕੀਨ ਹੈ ਕਿ ਇਨਸਾਨ ਅਜਿਹਾ ਕਰ ਸਕਦਾ ਹੈ ਤਾਂ ਮੈਂ ਤੇਰੇ ਨਾਲ ਸ਼ਰਤ ਲਗਾਉਣ ਨੂੰ ਤਿਆਰ ਹਾਂ। ਜੇਕਰ ਤੂੰ ਸਾਰੀ ਰਾਤ ਇੰਟੋਟੋ ਦੀ ਟੀਸੀ ਉੱਤੇ ਬਿਨਾਂ ਕੱਪੜਿਆਂ ਅਤੇ ਅੱਗ ਦੇ ਗੁਜ਼ਾਰ ਦੇਵੇਂ ਤਾਂ ਮੈਂ ਤੈਨੂੰ ਦਸ ਏਕੜ ਜ਼ਮੀਨ, ਇੱਕ ਘਰ ਅਤੇ ਮਾਲ ਡੰਗਰ ਇਨਾਮ ਦੇ ਤੌਰ ਉੱਤੇ ਦੇਵਾਂਗਾ।"
"ਕੀ ਤੁਸੀਂ ਮਜ਼ਾਕ ਕਰ ਰਹੇ ਹੋ ਜਾਂ ਗੰਭੀਰ ਹੋ?" ਅਰਹਾ ਨੂੰ ਆਪਣੇ ਕੰਨਾਂ ਉੱਤੇ ਯਕੀਨ ਨਹੀਂ ਆ ਰਿਹਾ ਸੀ।
"ਮੈਂ ਜੋ ਵਾਅਦਾ ਕਰਦਾ ਹਾਂ ਉਸਨੂੰ ਪੂਰਾ ਵੀ ਕਰਦਾ ਹਾਂ," ਹਸਪਟਮ ਬੋਲਿਆ।
"ਜੇ ਇਹ ਗੱਲ ਹੈ ਤਾਂ ਮੈਂ ਕੱਲ ਰਾਤ ਕਿਸਮਤ ਅਜਮਾਊਂਗਾ ਅਤੇ ਫਿਰ ਸਾਰੀ ਉਮਰ ਆਰਾਮ ਨਾਲ ਰਹਾਂਗਾ।" ਅਰਹਾ ਵਾਅਦਾ ਤਾਂ ਕਰ ਬੈਠਾ ਸੀ ਪਰ ਬਹੁਤ ਚਿੰਤਾਤੁਰ ਸੀ। ਉਸਨੂੰ ਆਪਣੀ ਜਾਨ ਦੇ ਲਾਲ੍ਹੇ ਪੈ ਗਏ ਸਨ। ਉਹ ਜਾਣਦਾ ਸੀ ਕਿ ਪਹਾੜੀ ਦੀ ਟੀਸੀ ਉੱਤੇ ਰਾਤ ਗੁਜ਼ਾਰਨਾ ਬੱਚਿਆਂ ਦਾ ਖੇਲ੍ਹ ਨਹੀਂ ਸੀ ਅਤੇ ਇਸ ਸਰਦੀ ਵਿੱਚ ਜ਼ਿੰਦਾ ਰਹਿਣਾ ਕਰਾਮਾਤ ਨਾਲੋਂ ਘੱਟ ਨਹੀਂ ਸੀ। ਅਰਹਾ ਇਸ ਸ਼ਹਿਰ ਵਿੱਚ ਇੱਕ ਬਜ਼ੁਰਗ ਨੂੰ ਜਾਣਦਾ ਸੀ, ਜਿਸਨੇ ਦੁਨੀਆਂ ਦੇਖੀ ਹੋਈ ਸੀ ਅਤੇ ਬਹੁਤ ਸਿਆਣਾ ਸੀ। ਉਹ ਉਸ ਨੂੰ ਮਿਲਣ ਗਿਆ।
ਬਜ਼ੁਰਗ ਨੇ ਅਰਹਾ ਦੀਆਂ ਗੱਲਾਂ ਅਤੇ ਸ਼ਰਤ ਸੁਣੀ ਅਤੇ ਕਹਿਣ ਲਗਾ, "ਮੈਂ ਤੇਰੀ ਮਦਦ ਕਰਾਂਗਾ। ਇੰਟੋਟੋ ਦੀ ਪਹਾੜੀ ਤੋਂ ਕੁਝ ਮੀਲ ਦੂਰ ਇੱਕ ਉੱਚੀ ਚੱਟਾਨ ਹੈ ਜੋ ਇੰਟੋਟੋ ਦੀ ਪਹਾੜੀ ਦੀ ਟੀਸੀ ਤੋਂ ਨਜ਼ਰ ਆਉਂਦੀ ਹੈ। ਕੱਲ ਸ਼ਾਮ ਜਦੋਂ ਸੂਰਜ ਛਿਪੇਗਾ ਤਾਂ ਮੈਂ ਇਸ ਚੱਟਾਨ ਉੱਤੇ ਅੱਗ ਜਲਾਊਂਗਾ ਤਾਂ ਕਿ ਤੈਨੂੰ ਉਹ ਇੰਟੋਟੋ ਦੀ ਟੀਸੀ ਤੋਂ ਨਜ਼ਰ ਆਏ। ਤੂੰ ਸਾਰੀ ਰਾਤ ਇਸ ਅੱਗ ਨੂੰ ਵੇਖਦੇ ਰਹਿਣਾ ਅਤੇ ਇਸ ਦੀ ਗਰਮੀ, ਹਰਾਰਤ ਅਤੇ ਮੇਰੇ ਬਾਰੇ, ਜੋ ਤੁਹਾਡਾ ਦੋਸਤ ਹੈ, ਸੋਚਦੇ ਰਹਿਣਾ। ਮੈਂ ਤੇਰੀ ਖ਼ਾਤਰ ਸਾਰੀ ਰਾਤ ਅੱਗ ਕੋਲ ਬੈਠਾ ਰਹਾਗਾਂ। ਜੇਕਰ ਤੂੰ ਸਰਦੀ ਅਤੇ ਹਨੇਰੇ ਦੇ ਬਾਵਜੂਦ ਇਹ ਕੰਮ ਕਰ ਸਕਿਆ ਤਾਂ ਸਵੇਰੇ ਵੀ ਜ਼ਿੰਦਾ ਮਿਲੇਂਗਾ।"
ਅਰਹਾ ਨੇ ਤਹਿਦਿਲੋਂ ਉਸ ਬਜ਼ੁਰਗ ਦਾ ਧੰਨਵਾਦ ਕੀਤਾ ਅਤੇ ਹਲਕੇ ਦਿਲ ਘਰ ਆ ਗਿਆ। ਅਗਲੇ ਦਿਨ ਹਸਪਟਮ ਨੇ ਤੀਜੇ ਪਹਿਰ ਅਰਹਾ ਨੂੰ ਆਪਣੇ ਨੌਕਰਾਂ ਦੇ ਨਾਲ ਇੰਟੋਟੋ ਦੀ ਟੀਸੀ ਉੱਤੇ ਭੇਜ ਦਿੱਤਾ। ਰਾਤ ਹੋਈ ਤਾਂ ਅਰਹਾ ਨੇ ਕੱਪੜੇ ਉਤਾਰ ਦਿੱਤੇ ਅਤੇ ਪਹਾੜੀ ਦੀ ਟੀਸੀ ਉੱਤੇ ਠੰਡੀ ਹਵਾ ਵਿੱਚ ਨੰਗਾ ਖੜਾ ਹੋ ਗਿਆ। ਵਾਦੀ ਦੇ ਦੂਜੇ ਪਾਸੇ ਤੋਂ ਅਰਹਾ ਨੂੰ ਉਹ ਅੱਗ ਨਜ਼ਰ ਆਈ ਜੋ ਉਸ ਦੇ ਬਜ਼ੁਰਗ ਦੋਸਤ ਨੇ ਉਸ ਖ਼ਾਤਰ ਜਲਾ ਰੱਖੀ ਸੀ। ਉਹ ਅੱਗ ਹਨੇਰੇ ਵਿੱਚ ਇੱਕ ਸਿਤਾਰੇ ਦੀ ਤਰ੍ਹਾਂ ਚਮਕ ਰਹੀ ਸੀ।
ਜਿਉਂ ਜਿਉਂ ਰਾਤ ਗਹਿਰੀ ਹੁੰਦੀ ਗਈ ਠੰਢਕ ਅਰਹਾ ਦੇ ਮਾਸ ਵਿੱਚੀਂ ਉਸ ਦੀਆਂ ਹੱਡੀਆਂ ਤੱਕ ਪਹੁੰਚ ਗਈ। ਪਹਾੜ ਦੀ ਟੀਸੀ ਬਰਫ਼ ਦੀ ਤਰ੍ਹਾਂ ਠੰਡੀ ਹੋ ਗਈ। ਹਰ ਪਲ ਉਹ ਸੁੰਨ ਹੁੰਦਾ ਗਿਆ। ਇੱਕ ਅਜਿਹਾ ਵਕਤ ਵੀ ਆਇਆ ਕਿ ਉਸਨੂੰ ਡਰ ਲੱਗਣ ਲਗਾ ਕਿ ਉਹ ਠੰਡ ਨਾਲ ਮਰ ਜਾਵੇਗਾ ਪਰ ਉਸਨੇ ਅੱਗ ਵਲੋਂ ਆਪਣਾ ਧਿਆਨ ਨਾ ਹਟਾਇਆ ਅਤੇ ਸੋਚਦਾ ਰਿਹਾ ਕਿ ਉਸ ਦਾ ਬਜ਼ੁਰਗ ਦੋਸਤ ਉਸ ਦੀ ਹਿੰਮਤ ਬੰਨ੍ਹਾ ਰਿਹਾ ਹੈ।
ਕਦੇ ਕਦੇ ਧੁੰਦ ਕੁਝ ਮਿੰਟਾਂ ਲਈ ਅੱਗ ਦੀਆਂ ਲਪਟਾਂ ਦੇ ਅੱਗੇ ਆ ਜਾਂਦੀ ਪਰ ਉਹ ਉਦੋਂ ਤੱਕ ਘੂਰਦਾ ਰਹਿੰਦਾ ਜਦੋਂ ਤੱਕ ਧੁੰਦ ਛਟ ਨਾ ਜਾਂਦੀ ਅਤੇ ਉਸਨੂੰ ਅੱਗ ਦੁਬਾਰਾ ਨਜ਼ਰ ਨਾ ਆਉਣ ਲੱਗ ਪੈਂਦੀ। ਸਾਰੀ ਰਾਤ ਉਹ ਕੰਬਦਾ, ਖੰਘਦਾ ਅਤੇ ਠੁਰ ਠੁਰ ਕਰਦਾ ਰਿਹਾ ਪਰ ਆਪਣੀ ਜਗ੍ਹਾ ਉੱਤੇ ਡੱਟਿਆ ਰਿਹਾ। ਜਦੋਂ ਸਵੇਰੇ ਪਹੁ ਫੁੱਟੀ ਤਾਂ ਉਹ ਕੱਪੜੇ ਪਹਿਨ ਕੇ ਪਹਾੜੀ ਦੀ ਟੀਸੀ ਤੋਂ ਹੇਠਾਂ ਉਤਰਿਆ।
ਹਸਪਟਮ ਅਰਹਾ ਨੂੰ ਜ਼ਿੰਦਾ ਵੇਖਕੇ ਬਹੁਤ ਹੈਰਾਨ ਹੋਇਆ। ਉਸਨੇ ਨੌਕਰਾਂ ਨੂੰ ਸਵਾਲ ਕੀਤਾ, "ਕੀ ਅਰਹਾ ਸਾਰੀ ਰਾਤ ਕੱਪੜਿਆਂ ਅਤੇ ਅੱਗ ਦੇ ਬਿਨਾਂ ਖੜਾ ਰਿਹਾ?"
"ਹਾਂ," ਸਭ ਨੌਕਰਾਂ ਨੇ ਮਿਲਕੇ ਜਵਾਬ ਦਿੱਤਾ।
"ਤੂੰ ਬਹੁਤ ਦਲੇਰ ਆਦਮੀ ਹੈਂ," ਹਸਪਟਮ ਨੇ ਅਰਹਾ ਦੀ ਵਡਿਆਈ ਦਾ ਇਕਰਾਰ ਕੀਤਾ।
"ਪਰ ਇਹ ਦੱਸ ਕਿ ਤੂੰ ਇਹ ਸਭ ਕੁੱਝ ਕੀਤਾ ਕਿਵੇਂ?"
"ਮੈਂ ਸਾਰੀ ਰਾਤ ਇੱਕ ਚੱਟਾਨ ਉੱਤੇ ਬੱਲਦੀ ਅੱਗ ਉੱਤੇ ਆਪਣਾ ਧਿਆਨ ਇਕਾਗਰ ਕਰੀ ਰੱਖਿਆ।"
"ਕੀ ਕਿਹਾ ਤੂੰ। ਤੂੰ ਅੱਗ ਨੂੰ ਵੇਖਦਾ ਰਿਹਾ। ਤੂੰ ਸ਼ਰਤ ਹਾਰ ਗਿਆ। ਤੂੰ ਹੁਣ ਮੇਰਾ ਨੌਕਰ ਹੀ ਰਹੇਂਗਾ। ਤੈਨੂੰ ਕੋਈ ਇਨਾਮ ਨਹੀਂ ਮਿਲੇਗਾ।"
"ਪਰ ਉਹ ਅੱਗ ਤਾਂ ਬਹੁਤ ਦੂਰ ਸੀ। ਉਹ ਵਾਦੀ ਦੇ ਦੂਜੇ ਪਾਸੇ ਸੀ। ਮੇਰੇ ਤੱਕ ਉਸ ਦਾ ਸੇਕ ਬਿਲਕੁਲ ਨਹੀਂ ਆਇਆ।"
"ਨਹੀਂ ਮੈਂ ਕੁੱਝ ਨਹੀਂ ਮੰਨਦਾ, ਤੂੰ ਸ਼ਰਤ ਹਾਰ ਗਿਆ। ਤੈਨੂੰ ਉਸ ਅੱਗ ਨੇ ਜ਼ਿੰਦਾ ਰੱਖਿਆ।"
ਅਰਹਾ ਬਹੁਤ ਦੁਖੀ ਹੋਇਆ। ਉਹ ਆਪਣੇ ਬੁੱਢੇ ਦੋਸਤ ਦੇ ਕੋਲ ਗਿਆ ਅਤੇ ਉਸਨੂੰ ਸਾਰੀ ਕਹਾਣੀ ਸੁਣਾਈ।
"ਤੂੰ ਇਹ ਮਾਮਲਾ ਸ਼ਹਿਰ ਦੇ ਕਾਜ਼ੀ ਦੇ ਕੋਲ ਲੈ ਜਾ," ਬਜ਼ੁਰਗ ਨੇ ਮਸ਼ਵਰਾ ਦਿੱਤਾ।
ਅਰਹਾ ਸ਼ਹਿਰ ਦੇ ਕਾਜ਼ੀ ਦੇ ਕੋਲ ਗਿਆ ਅਤੇ ਸ਼ਿਕਾਇਤ ਕੀਤੀ। ਕਾਜ਼ੀ ਨੇ ਹਸਪਟਮ ਅਤੇ ਇਸ ਦੇ ਨੌਕਰਾਂ ਨੂੰ ਅਦਾਲਤ ਵਿੱਚ ਤਲਬ ਕੀਤਾ। ਜਦੋਂ ਹਸਪਟਮ ਨੇ ਆਪਣੀ ਕਹਾਣੀ ਸੁਣਾਈ ਅਤੇ ਨੌਕਰਾਂ ਨੇ ਕਿਹਾ ਕਿ ਅਰਹਾ ਦੂਰ ਚੱਟਾਨ ਉੱਤੇ ਬਲਦੀ ਅੱਗ ਨੂੰ ਸਾਰੀ ਰਾਤ ਵੇਖਦਾ ਰਿਹਾ ਤਾਂ ਕਾਜ਼ੀ ਬੋਲਿਆ: "ਅਰਹਾ ਤੂੰ ਸ਼ਰਤ ਹਾਰ ਗਿਆ। ਹਸਪਟਮ ਨੇ ਇਹ ਸ਼ਰਤ ਲਗਾਈ ਸੀ ਕਿ ਤੂੰ ਅੱਗ ਦੇ ਬਿਨਾਂ ਰਾਤ ਗੁਜ਼ਾਰੇਂਗਾ।"
ਅਰਹਾ ਇੱਕ ਵਾਰ ਫਿਰ ਮਾਯੂਸ ਹੋਇਆ ਅਤੇ ਆਪਣੇ ਬੁੱਢੇ ਦੋਸਤ ਦੇ ਕੋਲ ਮਸ਼ਵਰਾ ਲੈਣ ਗਿਆ ਅਤੇ ਕਹਿਣ ਲਗਾ ਕਿ ਉਸ ਦੀ ਸਾਰੀ ਮਿਹਨਤ ਅਕਾਰਥ ਗਈ। ਉਸ ਦੀ ਕਿਸਮਤ ਵਿੱਚ ਹੀ ਨੌਕਰਾਂ ਦੀ ਜ਼ਿੰਦਗੀ ਗੁਜ਼ਾਰਨਾ ਹੈ।
"ਉਮੀਦ ਦਾ ਸਹਾਰਾ ਨਾ ਛੱਡ," ਬਜ਼ੁਰਗ ਦੋਸਤ ਨੇ ਕਿਹਾ, ਸ਼ਹਿਰ ਦੀਆਂ ਅਦਾਲਤਾਂ ਨਾਲੋਂ ਜ਼ਿਆਦਾ ਤਾਂ ਜੰਗਲਾਂ ਵਿੱਚ ਇਨਸਾਫ਼ ਮਿਲ ਜਾਂਦਾ ਹੈ।"
ਬੁੱਢਾ ਸ਼ਖਸ ਉਠਿਆ ਅਤੇ ਹਾਇਲੋ ਨਾਮੀ ਸ਼ਖਸ ਦੇ ਕੋਲ ਪਹੁੰਚ ਗਿਆ। ਇਹ ਉਹ ਆਦਮੀ ਸੀ ਜਿਸਦੇ ਘਰ ਵਿੱਚ ਉਹ ਬਾਲਪਣ ਵਿੱਚ ਨੌਕਰ ਵਜੋਂ ਕੰਮ ਕਰਦਾ ਸੀ। ਉਸਨੇ ਹਾਇਲੋ ਨੂੰ ਅਰਹਾ ਦੀ ਦਰਦ-ਭਰੀ ਕਹਾਣੀ ਸੁਣਾਈ ਅਤੇ ਮਦਦ ਚਾਹੀ।
ਹਾਇਲੋ ਵੀ ਬੜਾ ਸਿਆਣਾ ਬੰਦਾ ਸੀ। ਉਸਨੇ ਕੁੱਝ ਦੇਰ ਸੋਚਣ ਦੇ ਬਾਅਦ ਕਿਹਾ: "ਤੁਸੀਂ ਫ਼ਿਕਰ ਨਾ ਕਰੋ। ਮੈਂ ਇਸ ਮਸਲੇ ਦਾ ਹੱਲ ਲਭਾਂਗਾ।"
ਕੁਝ ਦਿਨ ਦੇ ਬਾਅਦ ਹਾਇਲੋ ਨੇ ਇੱਕ ਸ਼ਾਨਦਾਰ ਦਾਅਵਤ ਦਾ ਇੰਤਜ਼ਾਮ ਕੀਤਾ ਅਤੇ ਸ਼ਹਿਰ ਦੇ ਸਭ ਪਤਵੰਤਿਆਂ ਨੂੰ ਸੱਦਾ ਦਿੱਤਾ। ਇਸ ਦਾਅਵਤ ਵਿੱਚ ਹਸਪਟਮ ਅਤੇ ਕਾਜ਼ੀ ਵੀ ਮਹਿਮਾਨ ਸਨ।
ਦਾਅਵਤ ਦੇ ਦਿਨ ਸਭ ਪਤਵੰਤੇ ਸਜਧਜ ਕੇ ਆਪਣੇ ਘੋੜਿਆਂ ਅਤੇ ਖੱਚਰਾਂ ਉੱਤੇ ਸਵਾਰ ਹੋ ਕੇ ਆਏ ਜਦੋਂ ਕਿ ਉਨ੍ਹਾਂ ਦੇ ਨੌਕਰ ਉਨ੍ਹਾਂ ਦੇ ਪਿੱਛੇ ਪਿੱਛੇ ਪੈਦਲ ਚੱਲ ਰਹੇ ਸਨ। ਹਸਪਟਮ ਵੀ ਵੀਹ ਨੌਕਰਾਂ ਦੇ ਨਾਲ ਆਇਆ। ਉਨ੍ਹਾਂ ਨੇ ਹਸਪਟਮ ਦੇ ਸਿਰ ਉੱਪਰ ਰੇਸ਼ਮੀ ਛਤਰੀ ਤਾਣੀ ਹੋਈ ਸੀ ਤਾਂ ਕਿ ਉਸਨੂੰ ਧੁੱਪ ਦੀ ਸ਼ਿੱਦਤ ਦਾ ਅਹਿਸਾਸ ਨਾ ਹੋਵੇ। ਉਸ ਦੀ ਸਵਾਰੀ ਦੇ ਅੱਗੇ ਚਾਰ ਨੌਕਰ ਢੋਲ ਵਜਾਉਂਦੇ ਉਸ ਦੀ ਆਮਦ ਦੀ ਖ਼ਬਰ ਦੇ ਰਹੇ ਸਨ।
ਸਭ ਮਹਿਮਾਨ ਰੇਸ਼ਮੀ ਕਾਲੀਨਾਂ ਉੱਤੇ ਬੈਠ ਕੇ ਗੱਲਾਂ ਕਰਨ ਲੱਗੇ। ਬਾਵਰਚੀਖ਼ਾਨੇ ਵਲੋਂ ਸੁਆਦੀ ਪਕਵਾਨਾਂ ਦੀਆਂ ਖ਼ੁਸ਼ਬੂਆਂ ਆਉਣ ਲੱਗੀਆਂ। ਇਨ੍ਹਾਂ ਖ਼ੁਸ਼ਬੂਆਂ ਨੇ ਮਹਿਮਾਨਾਂ ਦੀ ਭੁੱਖ ਨੂੰ ਹੋਰ ਤੇਜ਼ ਕਰ ਦਿੱਤੀ। ਵਕਤ ਬੀਤਦਾ ਗਿਆ ਪਰ ਖਾਣਾ ਨਾ ਆਉਣਾ ਸੀ ਨਾ ਆਇਆ। ਸਿਰਫ ਪਕਵਾਨਾਂ ਦੀਆਂ ਖ਼ੁਸ਼ਬੂਆਂ ਆਉਂਦੀਆਂ ਰਹੀ। ਜਦੋਂ ਸ਼ਾਮ ਹੋ ਗਈ ਤਾਂ ਮਹਿਮਾਨਾਂ ਵਿੱਚ ਆਪਸ ਵਿੱਚ ਘੁਸਰ ਮੁਸਰ ਹੋਣ ਲੱਗੀ। ਉਹ ਹੈਰਾਨ ਸਨ ਕਿ ਉਨ੍ਹਾਂ ਦਾ ਮੁਅੱਜ਼ਿਜ਼ ਮੇਜ਼ਬਾਨ ਇੰਨੀ ਦੇਰ ਕਿਉਂ ਕਰ ਰਿਹਾ ਸੀ।
ਆਖ਼ਰ ਇੱਕ ਮਹਿਮਾਨ ਨੇ ਸਭਨਾਂ ਦੇ ਨੁਮਾਇੰਦੇ ਵਜੋਂ ਹਾਇਲੋ ਨੂੰ ਪੁੱਛਿਆ: "ਐ ਮੇਜ਼ਬਾਨ ਤੁਸੀਂ ਇਹ ਕਿਉਂ ਕਰ ਰਹੇ ਹੋ। ਸਾਨੂੰ ਘਰ ਸੱਦ ਕੇ ਭੁੱਖਾ ਰੱਖ ਰਹੇ ਹੋ?"
"ਕੀ ਤੁਹਾਨੂੰ ਪਕਵਾਨਾਂ ਦੀਆਂ ਖ਼ੁਸ਼ਬੂਆਂ ਨਹੀਂ ਆ ਰਹੀਆਂ?" ਹਾਇਲੋ ਨੇ ਹੈਰਾਨੀ ਨਾਲ ਪੁੱਛਿਆ।
"ਐਪਰ ਖ਼ੁਸ਼ਬੂਆਂ ਦਾ ਖਾਣ ਨਾਲ ਕੀ ਸੰਬੰਧ। ਖ਼ੁਸ਼ਬੂਆਂ ਨਾਲ ਭੁੱਖ ਤਾਂ ਤ੍ਰਿਪਤ ਨਹੀਂ ਹੁੰਦੀ।"
"ਤਾਂ ਕੀ ਅਜਿਹੀ ਅੱਗ ਵਿੱਚ ਤਪਿਸ਼ ਹੁੰਦੀ ਹੈ ਜੋ ਮੀਲਾਂ ਦੂਰ ਬਲ ਰਹੀ ਹੋਵੇ। ਜੇਕਰ ਅਰਹਾ ਦੂਰੋਂ ਅੱਗ ਨੂੰ ਵੇਖਕੇ ਗਰਮ ਰਹਿ ਸਕਦਾ ਹੈ ਤਾਂ ਤੁਸੀਂਲੋਕ ਵੀ ਬਾਵਰਚੀਖ਼ਾਨੇ ਵਲੋਂ ਆਉਣ ਵਾਲੀਆਂ ਖ਼ੁਸ਼ਬੂਆਂ ਨਾਲ ਭੁੱਖ ਤ੍ਰਿਪਤ ਕਰ ਸਕਦੇ ਹੋ।"
ਲੋਕਾਂ ਨੂੰ ਹਾਇਲੋ ਦਾ ਇਸ਼ਾਰਾ ਸਮਝ ਵਿੱਚ ਆ ਗਿਆ। ਕਾਜ਼ੀ ਨੂੰ ਆਪਣੇ ਫੈਸਲੇ ਉੱਤੇ ਸ਼ਰਮਿੰਦਗੀ ਹੋਈ ਅਤੇ ਹਸਪਟਮ ਵੀ ਆਪਣੇ ਕੀਤੇ ਉੱਤੇ ਸ਼ਰਮਸਾਰ ਹੋਇਆ। ਉਸਨੇ ਹਾਇਲੋ ਦਾ ਧੰਨਵਾਦ ਅਦਾ ਕੀਤਾ ਅਤੇ ਐਲਾਨ ਕੀਤਾ ਕਿ ਅਰਹਾ ਨੂੰ ਜ਼ਮੀਨ, ਘਰ ਅਤੇ ਮਾਲ-ਡੰਗਰ ਮਿਲ ਜਾਣਗੇ।"
ਇਸ ਫੈਸਲੇ ਦੇ ਬਾਅਦ ਹਾਇਲੋ ਨੇ ਨੌਕਰਾਂ ਨੂੰ ਹੁਕਮ ਦਿੱਤਾ ਅਤੇ ਮਹਿਮਾਨਾਂ ਦੇ ਅੱਗੇ ਲਜੀਜ ਖਾਣਾ ਪੇਸ਼ ਕੀਤਾ ਗਿਆ।
ਅਨੁਵਾਦ; ਚਰਨ ਗਿੱਲ