ਅਨੁਵਾਦ:ਬਘਿਆੜ ਤੇ ਬਗਲਾ

ਵਿਕੀਸਰੋਤ ਤੋਂ

ਬਘਿਆੜ ਤੇ ਬਗਲਾ

ਜੋਸਫ ਜੈਕਬ (ਈਸਪ ਦੀ ਕਹਾਣੀ)

ਬਘਿਆੜ ਉਸ ਜਾਨਵਰ ਨੂੰ ਛਕ ਰਿਹਾ ਸੀ ਜਿਸਨੇ ਉਸਨੂੰ ਮਾਰਿਆ ਸੀ, ਜਦੋਂ ਅਚਾਨਕ ਉਸ ਦੇ ਗਲ਼ੇ ਵਿੱਚ ਇੱਕ ਛੋਟੀ ਹੱਡੀ ਫਸ ਗਈ। ਉਹ ਇਸ ਨੂੰ ਨਿਗਲ਼ ਨਹੀਂ ਸਕਦਾ ਸੀ। ਜਲਦ ਹੀ ਉਸਦੇ ਗਲ਼ ਵਿੱਚ ਭਿਆਨਕ ਦਰਦ ਹੋਣ ਲੱਗ ਪਿਆ, ਅਤੇ ਉਹ ਚੀਕਾਂ ਮਾਰਦਾ ਇਧਰ ਉਧਰ ਭੱਜਿਆ ਅਤੇ ਦਰਦ ਨੂੰ ਦੂਰ ਕਰਨ ਲਈ ਕੁਝ ਭਾਲਣ ਲੱਗਾ। ਉਸਨੇ ਹੱਡੀ ਕਢਾਉਣ ਲਈ ਹਰ ਇੱਕ ਦੀਆਂ ਮਿਨਤਾਂ ਕੀਤੀਆਂ ਅਤੇ ਹਰ ਲਾਲਚ ਦੇਣ ਦੀ ਕੋਸ਼ਿਸ਼ ਕੀਤੀ । "ਮੈਂ ਕੁਝ ਵੀ ਦੇਣ ਨੂੰ ਤਿਆਰ ਹਾਂ," ਉਸਨੇ ਕਿਹਾ, "ਜੇ ਤੁਸੀਂ ਇਸ ਨੂੰ ਬਾਹਰ ਕੱਢ ਦਿਓ।"

ਅਖ਼ੀਰ ਇੱਕ ਬਗਲਾ ਕੋਸ਼ਿਸ਼ ਕਰਨ ਲਈ ਸਹਿਮਤ ਹੋ ਗਿਆ, ਅਤੇ ਉਸਨੇ ਬਘਿਆੜ ਨੂੰ ਕਿਹਾ ਕਿ ਉਹ ਪਾਸੇ ਪਰਨੇ ਲੇਟ ਜਾਵੇ ਅਤੇ ਆਪਣੇ ਜਬਾੜੇ ਜਿੰਨੇ ਚੌੜੇ ਹੋ ਸਕਣ ਖੋਲ੍ਹ ਲਵੇ। ਫਿਰ ਬਗਲੇ ਨੇ ਆਪਣੀ ਲੰਬੀ ਗਰਦਨ ਬਘਿਆੜ ਦੇ ਗਲ਼ੇ ਵਿੱਚ ਪਾਈ, ਅਤੇ ਆਪਣੀ ਚੁੰਝ ਨਾਲ ਹੱਡੀ ਨੂੰ ਢਿੱਲਾ ਕਰ ਲਿਆ, ਅਖ਼ੀਰ ਇਸ ਨੂੰ ਬਾਹਰ ਕੱਢ ਲਿਆ।

"ਕੀ ਤੁਸੀਂ ਕਿਰਪਾ ਕਰਕੇ ਮੈਨੂੰ ਉਹ ਇਨਾਮ ਦੇਣ ਦੀ ਖੇਚਲ ਕਰੋਗੇ ਜਿਸਦਾ ਤੁਸੀਂ ਵਾਅਦਾ ਕੀਤਾ ਸੀ?" ਬਗਲੇ ਨੇ ਕਿਹਾ।

ਬਘਿਆੜ ਮੁਸਕਰਾਇਆ ਅਤੇ ਆਪਣੇ ਦੰਦ ਦਿਖਾ ਕੇ ਕਹਿਣ ਲੱਗਾ: "ਸ਼ੁਕਰ ਕਰੋ। ਤੁਸੀਂ ਆਪਣਾ ਸਿਰ ਇਕ ਬਘਿਆੜ ਦੇ ਮੂੰਹ ਦੇ ਅੰਦਰ ਪਾਇਆ ਅਤੇ ਸਹੀ ਸਲਾਮਤ ਮੁੜ ਬਾਹਰ ਕੱਢ ਲਿਆ ਹੈ; ਇਹੀ ਇਨਾਮ ਤੁਹਾਡੇ ਲਈ ਵਾਧੂ ਹੋਣਾ ਚਾਹੀਦਾ ਹੈ।"

ਸ਼ੁਕਰਗੁਜ਼ਾਰੀ ਅਤੇ ਲਾਲਚ ਨਾਲੋ ਨਾਲ ਨਹੀਂ ਚੱਲਦੇ।

ਅਨੁਵਾਦ: ਚਰਨ ਗਿੱਲ