ਅਨੁਵਾਦ:ਬਦਨਾਮੀ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਸੁਲੇਖ ਦੇ ਅਧਿਆਪਕ ਸਰਗੇਈ ਕਪੀਤੋਨਿਚ ਅਹਿਨੀਵ ਦੀ ਧੀ ਨਤਾਲੀਆ ਦਾ ਵਿਆਹ ਇਤਿਹਾਸ ਅਤੇ ਭੂਗੋਲ ਦੇ ਅਧਿਆਪਕ ਇਵਾਨ ਪੇਤਰੋਵਿਚ ਲੋਸ਼ਾਦਨਿਖ ਦੇ ਨਾਲ ਹੋ ਰਿਹਾ ਸੀ। ਵਿਆਹ ਦੀ ਪਾਰਟੀ ਬੇਹੱਦ ਕਾਮਯਾਬੀ ਨਾਲ਼ ਚੱਲ ਰਹੀ ਸੀ। ਮਹਿਮਾਨ ਡਰਾਇੰਗ ਰੂਮ ਵਿੱਚ ਨੱਚ-ਗਾ ਰਹੇ ਸਨ। ਇਸ ਮੌਕੇ ਲਈ ਕਲੱਬ ਤੋਂ ਕਿਰਾਏ `ਤੇ ਕੀਤੇ ਬੈਰੇ ਕਾਲ਼ੇ ਕੋਟ ਅਤੇ ਮੈਲੀਆਂ ਚਿੱਟੀਆਂ ਟਾਈਆਂ ਲਾਈ ਪਾਗਲਾਂ ਦੀ ਤਰ੍ਹਾਂ ਏਧਰ-ਉੱਧਰ ਆ-ਜਾ ਰਹੇ ਸਨ। ਗੱਲਾਂ ਚੱਲ ਰਹੀਆਂ ਸਨ ਅਤੇ ਰਲ਼ੀਆਂ-ਮਿਲ਼ੀਆਂ ਅਵਾਜ਼ਾਂ ਦਾ ਖ਼ੂਬ ਸ਼ੋਰ-ਸ਼ਰਾਬਾ ਸੀ। ਸੋਫੇ ਤੇ ਨਾਲ ਨਾਲ ਬੈਠੇ, ਗਣਿਤ ਦਾ ਅਧਿਆਪਕ ਤਰਨਤੁਲੋਵ, ਫਰਾਂਸੀਸੀ ਪਾਦੇਕੁਆ, ਅਤੇ ਕੰਟਰੋਲ ਚੈਂਬਰ ਦੇ ਜੂਨੀਅਰ ਆਡੀਟਰ, ਯੇਗੋਰ ਵੇਨੇਦਿਕਟਿਚ ਮਜ਼ਦਾ ਇਕ ਦੂਜੇ ਨਾਲ ਕਾਹਲੀ ਕਾਹਲੀ ਗੱਲਾਂ ਕਰ ਰਹੇ ਸਨ ਅਤੇ ਇੱਕ ਦੂਜੇ ਦੀ ਟੋਕਾ ਟਾਕੀ ਕਰ ਰਹੇ ਸਨ। ਉਹ ਮਹਿਮਾਨਾਂ ਨੂੰ ਜ਼ਿੰਦਾ ਦਫ਼ਨਾ ਦਿੱਤੇ ਗਏ ਵਿਅਕਤੀਆਂ ਦੇ ਕਿੱਸੇ ਸੁਣਾ ਰਹੇ ਸਨ ਅਤੇ ਰੂਹਾਨੀਅਤ ਬਾਰੇ ਆਪਣੀਆਂ ਰਾਵਾਂ ਦੇ ਰਹੇ ਸਨ। ਇਹਨਾਂ ਵਿਚੋਂ ਕਿਸੇ ਨੂੰ ਰੂਹਾਨੀਅਤ ਵਿਚ ਵਿਸ਼ਵਾਸ਼ ਨਹੀਂ ਸੀ, ਪਰ ਸਾਰੇ ਮੰਨਦੇ ਸਨ ਕਿ ਇਸ ਸੰਸਾਰ ਵਿਚ ਬਹੁਤ ਸਾਰੀਆਂ ਚੀਜ਼ਾਂ ਸਨ ਜੋ ਹਮੇਸ਼ਾ ਮਨੁੱਖ ਦੇ ਜ਼ਿਹਨ ਤੋਂ ਪਰੇ ਰਹਿਣਗੀਆਂ। ਅਗਲੇ ਕਮਰੇ ਵਿੱਚ ਸਾਹਿਤ ਦਾ ਅਧਿਆਪਕ ਮਹਿਮਾਨਾਂ ਨੂੰ ਅਜਿਹੇ ਕੇਸ ਸਮਝਾ ਰਿਹਾ ਸੀ, ਜਿਨ੍ਹਾਂ ਵਿੱਚ ਇੱਕ ਸੰਤਰੀ ਨੂੰ ਰਾਹੀਆਂ ਤੇ ਗੋਲੀ ਚਲਾਉਣ ਦਾ ਹੱਕ ਹੁੰਦਾ ਹੈ। ਵਿਸ਼ੇ, ਤੁਸੀਂ ਵੇਖਦੇ ਹੀ ਹੋ, ਚਿੰਤਾਜਨਕ, ਪਰ ਬਹੁਤ ਰੌਚਿਕ ਸਨ। ਸਮਾਜ ਦੇ ਹੇਠਲੇ ਵਰਗ ਦੇ ਲੋਕ ਸਨ ਜਿਨ੍ਹਾਂ ਨੂੰ ਪਾਰਟੀ ਵਿੱਚ ਅੰਦਰ ਆਉਣ ਦੀ ਇਜਾਜ਼ਤ ਨਹੀਂ ਸੀ ਵਿਹੜੇ ਦੀਆਂ ਬਾਰੀਆਂ ਵਿੱਚ ਦੀ ਵੇਖ ਰਹੇ ਸਨ।


ਅੱਧੀ-ਰਾਤ ਦੇ ਸਮੇਂ ਮੇਜਬਾਨ ਅਹਿਨੀਵ ਇਹ ਦੇਖਣ ਲਈ ਰਸੋਈ ਵਿੱਚ ਗਿਆ ਕਿ ਰਾਤ ਦੇ ਖਾਣੇ ਲਈ ਸਭ ਕੁਝ ਤਿਆਰ ਹੈ ਜਾਂ ਨਹੀਂ। ਰਸੋਈ ਉੱਪਰ ਤੋਂ ਹੇਠਾਂ ਤੱਕ ਧੂਏਂ ਨਾਲ ਭਰੀ ਸੀ। ਹੰਸਾਂ ਅਤੇ ਬੱਤਖਾਂ ਦੇ ਭੁੰਨੇ ਹੋਏ ਮਾਸ ਦੀ ਅਤੇ ਹੋਰ ਅਨੇਕ ਤਰ੍ਹਾਂ ਦੀ ਗੰਧ ਧੂਏਂ ਵਿੱਚ ਮਿਲੀ ਹੋਈ ਸੀ। ਦੋ ਮੇਜਾਂ ਉੱਤੇ ਸ਼ਰਾਬ ਅਤੇ ਹੋਰ ਖਾਣ-ਪੀਣ ਦਾ ਸਾਮਾਨ ਕਲਾਤਮਕ ਬੇਤਰਤੀਬੀ ਨਾਲ ਟਿਕਾਇਆ ਹੋਇਆ ਸੀ। ਮੋਟੀ ਜਿਹੀ ਬੈਰਲ ਤੇ ਬੰਨ੍ਹੀ ਬੈਲਟ ਵਰਗੀ ਲੱਗਦੀ ਲਾਲ ਚਿਹਰੇ ਵਾਲੀ ਬਾਵਰਚਣ, ਮਾਰਫਾ ਉਨ੍ਹਾਂ ਮੇਜਾਂ ਦੇ ਕੋਲ ਭੱਜ-ਨੱਠ ਕਰਦੀ ਵਿਖ ਰਹੀ ਸੀ।


“ਮੈਨੂੰ ਸਟਰਜਨ ਮੱਛੀ ਵਿਖਾ, ਮਾਰਫਾ,” ਆਪਣੇ ਹੱਥਾਂ ਨੂੰ ਆਪਸ ਵਿੱਚ ਮਲ਼ਦੇ ਅਤੇ ਬੁੱਲ੍ਹਾਂ `ਤੇ ਜੀਭ ਫੇਰਦੇ ਹੋਏ ਅਹਿਨੀਵ ਨੇ ਕਿਹਾ। “ਕੈਸੀ ਵਧੀਆ ਖੁਸ਼ਬੂ ਹੈ! ਮੈਂ ਤਾਂ ਰਸੋਈ ਵਿੱਚ ਰੱਖਿਆ ਸਾਰਾ ਖਾਣਾ ਖਾ ਸਕਦਾ ਹਾਂ! ਜ਼ਰਾ ਮੈਨੂੰ ਸਟਰਜਨ ਮੱਛੀ ਤਾਂ ਵਿਖਾ।”


ਮਾਰਫਾ ਇੱਕ ਬੈਂਚ ਦੇ ਕੋਲ ਗਈ ਅਤੇ ਉਸਨੇ ਧਿਆਨ ਨਾਲ ਇੱਕ ਥਿੰਦੇ ਅਖ਼ਬਾਰ ਦਾ ਟੁਕੜਾ ਚੁੱਕਿਆ। ਉਸਦੇ ਹੇਠਾਂ ਇੱਕ ਵੱਡੀ ਪਰਾਤ ਵਿੱਚ ਪੱਕੀ ਹੋਈ ਵੱਡੀ ਸਟਰਜਨ ਮੱਛੀ ਰੱਖੀ ਹੋਈ ਸੀ, ਜਿਸ ਨੂੰ ਜੈਲੀ ਦਾ ਲੇਪ ਕਰਕੇ ਡੇਲੇ, ਜੈਤੂਨ ਅਤੇ ਗਾਜਰ ਦੇ ਟੁਕੜਿਆਂ ਛਿੜਕ ਕੇ ਸਜਾਇਆ ਹੋਇਆ ਸੀ। ਅਹਿਨੀਵ ਨੇ ਸਟਰਜਨ ਮੱਛੀ ਉੱਤੇ ਨਜ਼ਰ ਸੁੱਟੀ ਅਤੇ ਮੂੰਹ ਖੋਲ੍ਹ ਕੇ ਸਾਹ ਲਿਆ। ਉਸਦਾ ਚਿਹਰਾ ਖਿੜ ਗਿਆ ਅਤੇ ਉਸਦੀ ਅੱਖਾਂ ਉੱਪਰ ਵੱਲ ਕੀਤੀਆਂ। ਉਹ ਝੁੱਕਿਆ ਅਤੇ ਉਸਨੇ ਆਪਣੇ ਮੂੰਹ ਵਿੱਚੋਂ ਗੱਡੇ ਦੇ ਸੁੱਕੇ ਪਹੀਏ ਦੇ ਚਰਮਰਾਉਣ ਵਰਗੀ ਅਵਾਜ਼ ਕੱਢੀ। ਉਹ ਥੋੜ੍ਹੀ ਦੇਰ ਉਥੇ ਹੀ ਖੜ੍ਹਾ ਰਿਹਾ। ਫਿਰ ਖੁਸ਼ ਹੋ ਕੇ ਉਸਨੇ ਆਪਣੀਆਂ ਉਂਗਲਾਂ ਮੜੱਕੀਆਂ ਅਤੇ ਇੱਕ ਵਾਰ ਫੇਰ ਆਪਣੇ ਬੁੱਲ੍ਹਾਂ ਨਾਲ਼ ਚਟਖਾਰੇ ਦੀ ਅਵਾਜ਼਼ ਕੱਢੀ।


“ਆਹਾ! ਤੱਤੇ-ਤੱਤੇ ਚੁੰਮਣ ਦੀ ਅਵਾਜ਼਼। ਮਾਰਫਾ, ਤੂੰ ਕਿਸ ਨੂੰ ਚੁੰਮਿਆ ਹੈ?” ਨਾਲ਼ ਵਾਲੇ ਕਮਰੇ ਵਿੱਚੋਂ ਕਿਸੇ ਦੀ ਅਵਾਜ਼ ਆਈ, ਅਤੇ ਜਲਦੀ ਹੀ ਦਰਵਾਜ਼ੇ ਉੱਤੇ ਸਹਾਇਕ ਅਧਿਆਪਕਾਂ ਦੇ ਮੁਖੀ, ਵੈਨਕਿਨ ਦਾ ਤਾਜ਼ਾ ਤਾਜ਼ਾ ਮੁੰਨਿਆ ਹੋਇਆ ਟੋਟਣ ਨਜ਼ਰ ਆਇਆ। “ਏਧਰ ਕਿਸ ਨੂੰ ਚੁੰਮਿਆ ਸੀ? ਅਹਾ! ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ! ਸਰਗੇਈ ਕਪੀਤੋਨਿਚ! ਬਹੁਤ ਅੱਛਾ! ਸ਼ਾਨਦਾਰ ਨਾਨਾ ਜੀ! ਕਿਆ ਕਹਿਣੇ! ਗੁਪਤ ਰੰਗਰਲੀਆਂ!”


“ਮੈਂ ਕਿਸੇ ਨੂੰ ਨਹੀਂ ਚੁੰਮਿਆ,” ਖੱਜਲ ਹੋਏ ਅਹਿਨੀਵ ਨੇ ਕਿਹਾ, “ਮੂਰਖ ਆਦਮੀ, ਤੈਨੂੰ ਕਿਸਨੇ ਕਿਹਾ? ਮੈਂ ਤਾਂ ਕੇਵਲ ਆਪਣੇ ਬੁੱਲ੍ਹਾਂ ਨਾਲ਼ ਚਟਖਾਰੇ ਦੀ ਅਵਾਜ਼਼ ਕੱਢ ਰਿਹਾ ਸੀ...ਵਧੀਆ ਪੱਕੀ ਹੋਈ ਮੱਛੀ ਵੇਖਣ ਦੀ ਖ਼ੁਸ਼ੀ ਚੜ੍ਹਨ ਕਰਕੇ...ਚਟਖਾਰਾ ਲੈਣ ਦੀ ਅਵਾਜ਼਼। “ “ਇਹ ਸਫ਼ਾਈਆਂ ਮੈਨੂੰ ਨਹੀਂ, ਕਿਸੇ ਹੋਰ ਨੂੰ ਦੇਣਾ,” ਵੈਨਕਿਨ ਚਹਿਕਿਆ। ਇੱਕ ਭਰਵੀਂ ਮੁਸਕਾਨ ਬਖੇਰਦਾ ਘੁਸਪੈਠੀਆ ਟੋਟਣ ਗ਼ਾਇਬ ਹੋ ਗਿਆ।


ਅਹਿਨੀਵ ਸ਼ਰਮ ਨਾਲ਼ ਸੁਰਖ਼ ਹੋ ਗਿਆ।


“ਖੌਰੇ ਉਸਨੇ ਕੀ ਸਮਝ ਲਿਆ।” ਅਹਿਨੀਵ ਨੇ ਸੋਚਿਆ। ”ਹੁਣ ਦੂਸਰਿਆਂ ਕੋਲ ਮੇਰੀ ਬਦਨਾਮੀ ਕਰਦਾ ਫਿਰੇਗਾ। ਬਦਮਾਸ਼ ਕਿਤੇ ਦਾ! ਉੱਫ! ਇਹ ਦਰਿੰਦਾ ਪੂਰੇ ਸ਼ਹਿਰ ਵਿੱਚ ਮੇਰੀ ਇੱਜਤ ਰੋਲ਼ ਦੇਵੇਗਾ !”


ਅਹਿਨੀਵ ਸਹਿਮਿਆ ਸਹਿਮਿਆ ਬੈਠਕ ਵਿੱਚ ਦਾਖ਼ਲ ਹੋਇਆ। ਉਹ ਚੋਰ-ਨਿਗਾਹਾਂ ਨਾਲ ਵੇਖ ਰਿਹਾ ਸੀ ਕਿ ਵੈਨਕਿਨ ਕੀ ਕਰ ਰਿਹਾ ਹੈ। ਵੈਨਕਿਨ ਪਿਆਨੋ ਦੇ ਕੋਲ ਖੜ੍ਹਾ ਸੀ। ਉਸਦਾ ਸਿਰ ਝੁਕਿਆ ਹੋਇਆ ਸੀ ਅਤੇ ਉਹ ਇੰਸਪੈਕਟਰ ਦੀ ਸਾਲੀ ਦੇ ਕੰਨ ਵਿੱਚ ਕੁੱਝ ਕਹਿ ਰਿਹਾ ਸੀ। ਗੱਲ ਸੁਣ ਕੇ ਕੁੜੀ ਹੱਸ ਰਹੀ ਸੀ।


“ਜ਼ਰੂਰ ਇਹ ਮੇਰੀ ਹੀ ਗੱਲ ਕਰ ਰਿਹਾ ਹੈ!" ਅਹਿਨੀਵ ਨੇ ਸੋਚਿਆ। “ਸ਼ੈਤਾਨ ਇਸਦਾ ਬੇੜਾ ਗ਼ਰਕ ਕਰੇ ! ਤੇ ਕੁੜੀ ਨੇ ਵੈਨਕਿਨ ਦੀਆਂ ਗੱਲਾਂ ਨੂੰ ਸੱਚ ਮੰਨ ਲਿਆ ਹੈ, ਤਾਂ ਹੀ ਹੱਸ ਰਹੀ ਹੈ। ਹੇ ਰੱਬਾ ! ਨਹੀਂ, ਮੈਂ ਇਸ ਗੱਲ ਨੂੰ ਇੰਜ ਹੀ ਨਹੀਂ ਛੱਡ ਸਕਦਾ। ਮੈਨੂੰ ਲੋਕਾਂ ਨੂੰ ਸੱਚਾਈ ਦੱਸਣੀ ਹੀ ਪਵੇਗੀ ਤਾਂਕਿ ਕੋਈ ਵੀ ਵੈਨਕਿਨ ਦੀਆਂ ਗੱਲਾਂ ਉੱਤੇ ਯਕੀਨ ਨਾ ਕਰੇ। ਮੈਂ ਖ਼ੁਦ ਇਸ ਬਾਰੇ ਸਾਰਿਆਂ ਨੂੰ ਦੱਸਾਂਗਾ ਤਾਂ ਕਿ ਪਤਾ ਚੱਲ ਜਾਵੇ ਵੈਨਕਿਨ ਮੂਰਖ ਅਤੇ ਗੱਪੀ ਹੈ।”


ਅਹਿਨੀਵ ਨੇ ਆਪਣਾ ਸਿਰ ਖੁਰਕਿਆ, ਅਤੇ ਫਿਰ ਸ਼ਰਮਿੰਦਗੀ ਨਾਲ਼ ਝੂਰਦਾ ਹੋਇਆ ਉਹ ਫਰਾਂਸੀਸੀ ਪਾਦੇਕੁਆ ਕੋਲ ਗਿਆ।


“ਹੁਣੇ ਥੋੜ੍ਹੀ ਦੇਰ ਪਹਿਲਾਂ ਮੈਂ ਖਾਣੇ ਦੀ ਤਿਆਰੀ ਦੇਖਣ ਲਈ ਰਸੋਈ ਵਿੱਚ ਗਿਆ ਸੀ,” ਉਸਨੇ ਫਰਾਂਸੀਸੀ ਨੂੰ ਕਿਹਾ। “ਮੈਨੂੰ ਪਤਾ ਹੈ, ਤੁਹਾਨੂੰ ਮੱਛੀ ਪਸੰਦ ਹੈ। ਇਸਲਈ ਮੈਂ ਇੱਕ ਖ਼ਾਸ ਵੱਡੀ ਸਟਰਜਨ ਮੱਛੀ ਦਾ ਇੰਤਜ਼ਾਮ ਕੀਤਾ ਹੈ। ਤਕਰੀਬਨ ਡੇਢ ਗਜ਼ ਲੰਬੀ ਮੱਛੀ ! ਹਾ, ਹਾ ਹਾ ! ਓ ਇਹ ਗੱਲ ਤੁਹਾਨੂੰ ਦੱਸਣਾ ਤਾਂ ਮੈਂ ਭੁੱਲ ਹੀ ਗਿਆ। ਰਸੋਈ ਵਿੱਚ ਉਸ ਸਟਰਜਨ ਮੱਛੀ ਨਾਲ ਜੁੜਿਆ ਇੱਕ ਕਿੱਸਾ ਮੈਂ ਤੁਹਾਨੂੰ ਦੱਸਦਾ ਹਾਂ। ਥੋੜ੍ਹੀ ਦੇਰ ਪਹਿਲਾਂ ਮੈਂ ਖਾਣੇ ਦੀ ਤਿਆਰੀ ਦੇਖਣ ਰਸੋਈ ਵਿੱਚ ਗਿਆ। ਚੰਗੀ ਤਰ੍ਹਾਂ ਪੱਕੀ ਸਟਰਜਨ ਮੱਛੀ ਨੂੰ ਵੇਖਕੇ ਮੈਂ ਬੁੱਲ੍ਹਾਂ ਨਾਲ਼ ਚਟਖਾਰੇ ਦੀ ਅਵਾਜ਼਼ ਕੱਢੀ। ਉਹ ਬੜੀ ਸੁਆਦੀ ਲੱਗ ਰਹੀ ਸੀ। ਉਦੋਂ ਹੀ ਉਹ ਮੂਰਖ ਵੈਨਕਿਨ ਰਸੋਈ ਦੇ ਬੂਹੇ ਵਿੱਚ ਆਇਆ ਅਤੇ ਕਹਿਣ ਲੱਗਾ: ….’ਹਾ, ਹਾ, ਹਾ ! ...ਆਹਾ ! ਤਾਂ ਤੁਸੀਂ ਇੱਥੇ ਮਾਰਫਾ ਨੂੰ ਚੁੰਮ-ਚੱਟ ਰਹੇ ਹੋ!’ ਤੁਸੀਂ ਹੀ ਸੋਚੋ...ਮਾਰਫ਼ਾ ਦਾ ਚੁੰਮਣ-ਚੱਟਣ, ਬਾਵਰਚਣ ਦਾ! ਉਸਦੀ ਮਨੋ-ਘੜਤ ਦੇਖੋ! ਮਹਾਮੂਰਖ ਵਿਅਕਤੀ! ਉਹ ਔਰਤ ਉਂਜ ਹੀ ਵੇਖਣ ਨੂੰ ਬਦਸ਼ਕਲ ਹੈ। ਡੰਗਰਾਂ ਦੀ ਡੰਗਰ ! ਤੇ ਉਹ ਮੂਰਖ ਆਦਮੀ ਕਹਿੰਦਾ ਚੁੰਮ-ਚੱਟ ਰਹੇ ਸੀ! ਕਿੰਨਾ ਅਜੀਬ ਆਦਮੀ ਹੈ!”


“ਕੌਣ ਅਜੀਬ ਆਦਮੀ ਹੈ?” ਉਨ੍ਹਾਂ ਕੋਲ ਆ ਰਹੇ ਤਰਨਤੁਲੋਵ ਨੇ ਪੁੱਛਿਆ।


“ਓ, ਮੈਂ ਵੈਨਕਿਨ ਦੀ ਗੱਲ ਕਰ ਰਿਹਾ ਹਾਂ। ਹੁਣੇ ਥੋੜ੍ਹੀ ਦੇਰ ਪਹਿਲਾਂ ਮੈਂ ਰਸੋਈ ਵਿੱਚ ਗਿਆ..” ਮਾਰਫਾ ਅਤੇ ਸਟਰਜਨ ਮੱਛੀ ਦੀ ਕਹਾਣੀ ਦੋਹਰਾਈ ਗਈ। “ਉਸਦੀ ਗੱਲ ਸੁਣਕੇ ਮੈਨੂੰ ਹਾਸੀ ਆ ਰਹੀ ਹੈ। ਕਿੰਨਾ ਅਜੀਬ ਆਦਮੀ ਹੈ ! ਮਾਰਫਾ ਨੂੰ ਚੁੰਮਣ ਦੀ ਬਜਾਏ ਬੰਦਾ ਬੱਤਖ਼ ਨੂੰ ਚੁੰਮ ਲਵੇ,” ਅਹਿਨੀਵ ਨੇ ਕਿਹਾ ਅਤੇ ਮੁੜਕੇ ਵੇਖਿਆ ਕਿ ਉਸਦੇ ਪਿੱਛੇ ਮਜ਼ਦਾ ਖੜਾ ਸੀ।


“ਅਸੀਂ ਵੈਨਕਿਨ ਬਾਰੇ ਗੱਲ ਕਰ ਰਹੇ ਸੀ,” ਉਸਨੂੰ ਕਿਹਾ, “ਕਿੰਨਾ ਅਜੀਬ ਆਦਮੀ ਹੈ ! ਉਹ ਰਸੋਈ ਵਿੱਚ ਘੁਸਿਆ ਅਤੇ ਉਸਨੇ ਮੈਨੂੰ ਮਾਰਫਾ ਦੇ ਕੋਲ਼ ਖੜ੍ਹਾ ਦੇਖਿਆ। ਬਸ, ਫਿਰ ਕੀ ਸੀ ! ਉਹ ਉਸੇ ਵਕਤ ਸਾਡੇ ਦੋਨਾਂ ਦੇ ਬਾਰੇ ਬੇਹੂਦਾ ਕਹਾਣੀਆਂ ਘੜਨ ਲਗਾ। ‘ਤੁਸੀਂ ਚੁੰਮ-ਚੱਟ ਰਹੇ ਸੀ?’ ਜ਼ਿਆਦਾ ਪੀ ਗਿਆ ਹੋਣਾ। ਉਸਨੂੰ ਚੜ੍ਹ ਗਈ ਲੱਗਦੀ ਸੀ। ਕੋਲ਼ੋਂ ਹੀ ਗੱਲਾਂ ਘੜਨ ਲੱਗ ਪਿਆ। ਆਖੇ ਮਾਰਫ਼ਾ ਨੂੰ ਚੁੰਮ ਰਿਹਾ ਸੀ। ਮੈਂ ਕਿਹਾ ...‘ਮਾਰਫ਼ਾ ਨੂੰ ਚੁੰਮਣ ਦੀ ਬਜਾਏ ਮੈਂ ਕਿਸੇ ਬੱਤਖ਼ ਨੂੰ ਚੁੰਮਣਾ ਪਸੰਦ ਕਰਦਾ। ਅਤੇ ਫਿਰ ਮੈਂ ਸ਼ਾਦੀ- ਸ਼ੁਦਾ ਹਾਂ, ਮਹਾਮੂਰਖ।’ ਮੈਂ ਕਿਹਾ। ਹਾਸੋਹੀਣੀ ਹਰਕਤ।’


“ਕਿਸਦੀ ਹਾਸੋਹੀਣੀ ਹਰਕਤ?” ਧਰਮ-ਸ਼ਾਸਤਰ ਪੜ੍ਹਾਉਣ ਵਾਲੇ ਪਾਦਰੀ ਨੇ ਅਹਿਨੀਵ ਕੋਲ਼ ਹੁੰਦੇ ਪੁੱਛਿਆ।


“ਵੈਨਕਿਨ ਦੀ। ਮੈਂ ਰਸੋਈ ਵਿੱਚ ਖੜ੍ਹਾ ਸਟਰਜਨ ਮੱਛੀ ਦੇ ਬਾਰੇ ਪਤਾ ਕਰ ਰਿਹਾ ਸੀ …”


ਤੇ ਗੱਲ ਤੁਰਦੀ ਰਹੀ। ਅੱਧੇ ਘੰਟੇ ਦੇ ਅੰਦਰ ਹੀ ਸਾਰੇ ਮਹਿਮਾਨਾਂ ਨੂੰ ਵੈਨਕਿਨ ਅਤੇ ਸਟਰਜਨ ਮੱਛੀ ਵਾਲ਼ੀ ਕਹਾਣੀ ਪਤਾ ਚੱਲ ਗਈ।


“ਹੁਣ ਦੱਸ ਲਵੇ,” ਅਹਿਨੀਵ ਨੇ ਆਪਣੇ ਹੱਥ ਆਪਸ ਵਿੱਚ ਮਲ਼ਦੇ ਹੋਏ ਸੋਚਿਆ। “ਹੁਣ ਕਰ ਲਵੇ ਮੇਰੀ ਬਦਨਾਮੀ। ਉਹ ਜਿਵੇਂ ਹੀ ਲੋਕਾਂ ਨੂੰ ਇਹ ਕਹਾਣੀ ਦੱਸਣਾ ਸ਼ੁਰੂ ਕਰੇਗਾ, ਉਹ ਉਸਨੂੰ ਟੋਕ ਦੇਣਗੇ : ‘ਬਕਵਾਸ ਮਤ ਕਰ, ਮੂਰਖ ਆਦਮੀ! ਸਾਨੂੰ ਇਸ ਬਾਰੇ ਸਭ ਪਤਾ ਹੈ।’”


ਅਤੇ ਇਹ ਸੋਚ ਕੇ ਅਹਿਨੀਵ ਇੰਨਾ ਬੇਫ਼ਿਕਰ ਹੋ ਗਿਆ ਕਿ ਉਸਨੇ ਚਾਰ ਗਲਾਸੀਆਂ ਹੋਰ ਚਾੜ੍ਹ ਲਈਆਂ। ਨੌਜਵਾਨ ਲੋਕਾਂ ਨੂੰ ਉਨ੍ਹਾਂ ਦੇ ਕਮਰੇ ਵਿੱਚ ਛੱਡ ਕੇ ਉਹ ਆਪਣੇ ਕਮਰੇ ਵਿੱਚ ਗਿਆ ਅਤੇ ਇੱਕ ਮਾਸੂਮ ਬੱਚੇ ਵਾਂਗ ਡੂੰਘੀ ਨੀਂਦ ਵਿੱਚ ਗੁੰਮ ਗਿਆ। ਅਗਲੇ ਦਿਨ ਉੱਠਣ `ਤੇ ਉਸਨੂੰ ਸਟਰਜਨ ਵਾਲ਼ੀ ਕਹਾਣੀ ਦਾ ਕੋਈ ਅੰਸ਼ ਯਾਦ ਨਾ ਆਇਆ।


ਪਰ, ਅਫਸੋਸ! ਬੰਦਾ ਜੋੜੇ ਪਲ਼ੀ ਪਲ਼ੀ, ਰੱਬ ਰੁੜ੍ਹਾਵੇ ਕੁੱਪਾ। ਕਾਲ਼ੀ ਜਬਾਨ ਆਪਣਾ ਸ਼ੈਤਾਨੀ ਕੰਮ ਕਰ ਜਾਂਦੀ ਹੈ। ਇਸਲਈ ਅਹਿਨੀਵ ਦੀ ਰਣਨੀਤੀ ਉਸਦੇ ਕਿਸੇ ਕੰਮ ਨਹੀਂ ਆਈ। ਇੱਕ ਹਫ਼ਤੇ ਬਾਅਦ, ਬੁੱਧਵਾਰ ਦੇ ਦਿਨ, ਤੀਜੀ ਘੰਟੀ ਦੇ ਬਾਅਦ ਜਦੋਂ ਅਹਿਨੀਵ ਸਟਾਫ਼ ਕਮਰੇ ਵਿੱਚ ਖੜ੍ਹਾ ਇੱਕ ਵਿਦਿਆਰਥੀ ਵਿਸੇਕਿਨ ਦੀਆਂ ਮਾੜੀਆਂ ਪ੍ਰਵਿਰਤੀਆਂ ਬਾਰੇ ਚਰਚਾ ਕਰ ਰਿਹਾ ਸੀ, ਤੱਦ ਹੈੱਡਮਾਸਟਰ ਨੇ ਉਸਨੂੰ ਇਸ਼ਾਰੇ ਨਾਲ ਬਾਹਰ ਬੁਲਾਇਆ।


“ਵੇਖੋ, ਸਰਗੇਈ ਕਪੀਤੋਨਿਚ," ਹੈੱਡਮਾਸਟਰ ਨੇ ਕਿਹਾ, “ਮਾਫ਼ ਕਰਨਾ… ਮੇਰਾ ਇਸ ਨਾਲ਼ ਕੋਈ ਲੈਣਾ ਦੇਣਾ ਨਹੀਂ, ਪਰ ਕੁੱਝ ਵੀ ਹੋਵੇ, ਮੈਨੂੰ ਇਸ ਬਾਰੇ ਤੁਹਾਡੇ ਨਾਲ ਦੋ ਟੁੱਕ ਗੱਲ ਕਰਨੀ ਚਾਹੀਦੀ ਹੈ।... ਇਹ ਮੇਰਾ ਫ਼ਰਜ਼ ਹੈ... ਵੇਖੋ, ਅਫ਼ਵਾਹਾਂ ਦਾ ਬਾਜ਼ਾਰ ਗਰਮ ਹੈ ਕਿ ਉਸ ਤੀਵੀਂ ਨਾਲ - - ਉਹ ਜੋ ਸ਼ਾਇਦ ਤੁਹਾਡੀ ਬਾਵਰਚਣ ਹੈ…ਉਸ ਨਾਲ ਤੁਹਾਡੇ ਕਰੀਬੀ ਸੰਬੰਧ ਹਨ! ਵੇਖੋ, ਇਹਦੇ ਨਾਲ ਮੈਨੂੰ ਕੋਈ ਮਤਲਬ ਨਹੀਂ, ਪਰ...ਚਾਹੇ ਤੁਹਾਡੇ ਉਸ ਨਾਲ ਕਰੀਬੀ ਸੰਬੰਧ ਹੋਣ, ਚਾਹੇ ਤੁਸੀਂ ਉਸਦੇ ਚੁੰਮਣ ਲਓ ... ਤੁਸੀਂ ਉਸਦੇ ਨਾਲ ਜੋ ਤੁਹਾਡੀ ਇੱਛਾ ਹੋਵੇ, ਕਰੋ, ਮਗਰ ਇੰਨਾ ਖੁੱਲ੍ਹੇਆਮ ਨਹੀਂ! ਵੇਖੋ, ਇਹ ਮੇਰੀ ਸਨਿਮਰ ਬੇਨਤੀ ਹੈ। ਇਹ ਮਤ ਭੁੱਲੋ ਕਿ ਤੁਸੀਂ ਇੱਕ ਅਧਿਆਪਕ ਹੋ।”


ਇਹ ਸੁਣ ਕੇ ਅਹਿਨੀਵ ਜਿਵੇਂ ਸੁੰਨ ਰਹਿ ਗਿਆ। ਉਸਨੂੰ ਅਜਿਹਾ ਲੱਗ ਰਿਹਾ ਸੀ ਜਿਵੇਂ ਸਾਰੇ ਮੱਖ਼ਿਆਲ ਨੇ ਉਸਨੂੰ ਡੰਗ ਲਿਆ ਹੋਵੇ, ਜਿਵੇਂ ਉੱਬਲ਼ਦਾ ਪਾਣੀ ਨਾਲ਼ ਉਸਦਾ ਪਿੰਡਾ ਝੁਲਸ ਗਿਆ ਹੋਵੇ। ਅਜਿਹੀ ਭਿਆਨਕ ਹਾਲਤ ਵਿੱਚ ਉਹ ਘਰ ਪਹੁੰਚਿਆ। ਅਤੇ ਉਸ ਨੂੰ ਇੰਝ ਜਾਪਦਾ ਸੀ ਕਿ ਸਾਰਾ ਸ਼ਹਿਰ ਉਸ ਵੱਲ ਇਸ ਤਰ੍ਹਾਂ ਦੇਖ ਰਿਹਾ ਸੀ ਜਿਵੇਂ ਉਸ ਤੇ ਲੁੱਕ ਮਲ਼ੀ ਹੋਵੇ ... ਅੱਗੇ ਘਰ ਵਿੱਚ ਇਕ ਨਵੀਂ ਬਦਕਿਸਮਤੀ ਉਸ ਦੀ ਉਡੀਕ ਕਰ ਰਹੀ ਸੀ। “ਤੁਸੀਂ ਕੁੱਝ ਖਾਂਦੇ ਕਿਉਂ ਨਹੀਂ?” ਰਾਤ ਦੇ ਖਾਣੇ ਦੇ ਸਮੇਂ ਉਸਦੀ ਪਤਨੀ ਨੇ ਉਸ ਕੋਲੋਂ ਪੁੱਛਿਆ। “ਤੁਸੀਂ ਕਿਹੜੀਆਂ ਸੋਚਾਂ ਵਿੱਚ ਡੁੱਬੇ ਹੋ? ਤੁਹਾਨੂੰ ਆਪਣੀਆਂ ਆਸ਼ਕੀਆਂ ਯਾਦ ਆ ਰਹੀਆਂ ਨੇ? ਕੀ ਮਾਰਫ਼ਾ ਦੀ ਯਾਦ ਸਤਾ ਰਹੀ ਹੈ? ਮੈਨੂੰ ਸਭ ਪਤਾ ਚੱਲ ਗਿਆ ਹੈ, ਬੇਵਫ਼ਾ! ਮਿਹਰਬਾਨ ਸਹੇਲੀਆਂ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ,...ਵਹਿਸ਼ੀ ਬੰਦੇ!”


ਅਤੇ ਉਸਨੇ ਅਹਿਨੀਵ ਦੀ ਗੱਲ੍ਹ ਉੱਤੇ ਖਿੱਚ ਕੇ ਥੱਪੜ ਜੜ ਦਿੱਤਾ। ਉਹ ਖਾਣੇ ਦੀ ਮੇਜ ਤੋਂ ਉਠਿਆ। ਲੱਗਦਾ ਸੀ ਜਿਵੇਂ ਉਸਦੇ ਪੈਰਾਂ ਹੇਠ ਜਮੀਨ ਨਾ ਹੋਵੇ। ਅਤੇ ਬਿਨਾਂ ਆਪਣੀ ਟੋਪੀ ਜਾਂ ਕੋਟ ਪਾਏ ਸਿੱਧਾ ਵੈਨਕਿਨ ਦੇ ਘਰ ਵੱਲ ਚੱਲ ਪਿਆ। ਵੈਨਕਿਨ ਘਰ ਹੀ ਸੀ।


“ਬਦਮਾਸ਼ ਕਿਤੋਂ ਦੇ!” ਉਸਨੇ ਵੈਨਕਿਨ ਨੂੰ ਕਿਹਾ। “ਤੂੰ ਪੂਰੇ ਜੱਗ ਦੇ ਸਾਹਮਣੇ ਮੇਰਾ ਮੂੰਹ ਕਾਲ਼ਾ ਕਿਉਂ ਕੀਤਾ? ਤੂੰ ਸਭ ਕੋਲ ਮੇਰੀ ਬਦਨਾਮੀ ਕਿਉਂ ਕੀਤੀ?”


“ਕੀ ਕਿਹਾ ? ਬਦਨਾਮੀ ..ਕਿਹੜੀ ਬਦਨਾਮੀ? ਇਹ ਤੁਸੀਂ ਮੇਰੇ `ਤੇ ਕੀ ਇਲਜ਼ਾਮ ਮੜ੍ਹ ਰਹੇ ਹੋ?”


“ਤਾਂ ਫਿਰ ਸਾਰਿਆਂ ਨੂੰ ਇਹ ਅਫ਼ਵਾਹ ਕਿਸਨੇ ਫੈਲਾਈ ਕਿ ਮੈਂ ਮਾਰਫਾ ਨੂੰ ਚੁੰਮ ਰਿਹਾ ਸੀ? ਤੂੰ ਨਹੀਂ ਫੈਲਾਈ ਬੋਲ! ਕੀ ਤੂੰ ਨਹੀਂ , ਜਿਸਨੇ ਮੇਰੀ ਇੱਜਤ ਰੋਲ਼ੀ, ਬਦਮਾਸ਼?”


ਵੈਨਕਿਨ ਨੇ ਆਪਣੀਆਂ ਪਲਕਾਂ ਝਪਕੀਆਂ। ਉਸ ਦੇ ਪਸਤ ਚਿਹਰੇ ਦੇ ਰੋਮ ਰੋਮ ਵਿੱਚ ਕੰਬਣੀ ਛਿੜ ਗਈ ਸੀ। ਉਸਨੇ ਆਪਣੀਆਂ ਪਲਕਾਂ ਉਠਾ ਕੇ ਪ੍ਰਭੂ ਦੀ ਮੂਰਤੀ ਵੱਲ ਦੇਖਿਆ ਤੇ ਕਿਹਾ, “... ਜੇਕਰ ਮੈਂ ਤੁਹਾਡੇ ਬਾਰੇ ਇੱਕ ਸ਼ਬਦ ਵੀ ਕਿਸੇ ਨੂੰ ਕਿਹਾ ਹੋਵੇ ਤਾਂ ਮੈਨੂੰ ਰੱਬ ਦੀ ਮਾਰ ਵੱਗੇ। ਮੇਰੀਆਂ ਅੱਖਾਂ ਫੁੱਟ ਜਾਣ ਅਤੇ ਮੇਰਾ ਕੱਖ ਨਾ ਰਵੇ। ਘਰ ਮਕਾਨ ਕੁਝ ਨਾ ਰਹੇ, ਪਲੇਗ ਪਵੇ ਮੈਨੂੰ!”


ਵੈਨਕਿਨ ਦੀ ਸੱਚਾਈ ਤੇ ਸ਼ੱਕ ਨਹੀਂ ਸੀ ਕੀਤਾ ਜਾ ਸਕਦਾ। ਸਪੱਸ਼ਟ ਸੀ ਕਿ ਅਹਿਨੀਵ ਦੀ ਬਦਨਾਮੀ ਉਸਨੇ ਨਹੀਂ ਕੀਤੀ ਸੀ।


“ਪਰ ਫਿਰ ਉਹ ਕੌਣ ਸੀ? ਕੌਣ ?” ਅਹਿਨੀਵ ਨੇ ਖ਼ੁਦ ਨੂੰ ਪੁੱਛਿਆ। ਉਸਦੇ ਦਿਮਾਗ਼ ਵਿੱਚ ਸਾਰੇ ਜਾਣਕਾਰਾਂ ਦੇ ਨਾਮ ਆ ਜਾ ਰਹੇ ਸਨ। ਆਪਣੀ ਛਾਤੀ ਉੱਤੇ ਦੁਹੱਥੜ ਮਾਰਦੇ ਹੋਏ ਉਹ ਫਿਰ ਬੋਲਿਆ, “ਆਖ਼ਰ ਕੌਣ ਸੀ ਉਹ?”


“ਕੌਣ, ਸੀ?” ਅਸੀਂ ਪਾਠਕ ਨੂੰ ਵੀ ਪੁੱਛਦੇ ਹਾਂ।