ਅਨੁਵਾਦ:ਬਿੱਲੀ ਅਤੇ ਚੂਹਾ

ਵਿਕੀਸਰੋਤ ਤੋਂ
Jump to navigation Jump to search

ਬਿੱਲੀ ਅਤੇ ਚੂਹਾ - ਅਫ਼ਰੀਕੀ ਜਨੌਰ ਕਹਾਣੀ

ਇੱਕ ਦਿਨ ਇੱਕ ਬਿੱਲੀ ਅਤੇ ਇੱਕ ਚੂਹੇ ਦਾ ਇੱਕ ਨਦੀ ਪਾਰ ਕਰਨ ਨੂੰ ਮਨ ਕੀਤਾ, ਪਰ ਨਦੀ ਦੀ ਚੌੜਾਈ ਅਤੇ ਵਹਾਓ ਦੇ ਵੇਗ ਦੀ ਤਾਕਤ ਤੋਂ ਉਨ੍ਹਾਂ ਨੂੰ ਡਰ ਲੱਗਦਾ ਸੀ। ਚੂਹਾ ਤੈਰਨਾ ਤਾਂ ਜਾਣਦਾ ਸੀ, ਪਰ ਮਗਰਮੱਛਾਂ ਤੋਂ ਦੋਨੋਂ ਡਰਦੇ ਸਨ। ਕਿਸ਼ਤੀ ਕਿਰਾਏ 'ਤੇ ਲੈਣ ਬਾਰੇ ਉਹ ਸੋਚ ਵੀ ਨਹੀਂ ਸਕਦੇ ਸਨ, ਕਿਉਂਕਿ ਉਨ੍ਹਾਂ ਨੂੰ ਕਿਸੇ ਆਦਮੀ ਤੋਂ ਕਿਸ਼ਤੀ ਕਿਰਾਏ' ਤੇ ਲੈਣੀ ਪਣੀ ਸੀ, ਅਤੇ ਆਦਮੀ ਤੋਂ ਉਹ ਬਹੁਤਾ ਹੀ ਡਰਦੇ ਸਨ। ਅੰਤ ਵਿੱਚ ਉਨ੍ਹਾਂ ਨੇ ਇੱਕ ਵੱਡਾ ਆਲੂ ਕੱਟ ਕੇ ਇੱਕ ਕਿਸ਼ਤੀ ਬਣਾਉਣ ਦਾ ਫੈਸਲਾ ਕੀਤਾ। ਬਿੱਲੀ ਨੇ ਆਲੂ ਨੂੰ ਆਪਣੇ ਪੰਜਿਆਂ ਨਾਲ ਫੜਿਆ ਅਤੇ ਚੂਹੇ ਨੇ ਆਪਣੇ ਤਿੱਖੇ ਦੰਦਾਂ ਨਾਲ ਕੁਤਰ ਕੇ ਉਸ ਨੂੰ ਖੋਖਲਾ ਕਰ ਦਿੱਤਾ। ਜਦੋਂ ਕਿਸ਼ਤੀ ਤਿਆਰ ਹੋ ਗਈ ਤਾਂ ਉਨ੍ਹਾਂ ਨੇ ਇਸ ਨੂੰ ਪਾਣੀ ਵਿੱਚ ਠੇਲ੍ਹ ਦਿੱਤਾ ਅਤੇ ਦੋਨੋਂ ਇਸ ਤੇ ਸਵਾਰ ਹੋ ਗਏ। ਚੱਪੂ ਚੂਹਾ ਵਾਹ ਰਿਹਾ ਸੀ ਕਿਉਂਕਿ ਉਹ ਛੋਟਾ ਸੀ। ਪਰ ਕੁਝ ਸਮੇਂ ਬਾਅਦ ਉਹ ਥੱਕ ਗਿਆ ਅਤੇ ਉਸ ਨੇ ਚੱਪੂ ਵਗਾਹ ਮਾਰੇ; ਕਿਉਂਕਿ ਉਸ ਨੂੰ ਜਾਪਣ ਲੱਗ ਪਿਆ ਸੀ ਕਿ ਨਦੀਓਂ ਪਾਰ ਜਾਣ ਲਈ ਅਜੇ ਇੱਕ ਦਿਨ ਹੋਰ ਲੱਗ ਜਾਣਾ ਸੀ।

"ਮੈਂ ਬਹੁਤ ਭੁੱਖਾ ਹਾਂ," ਚੂਹੇ ਨੇ ਕਿਹਾ।

"ਭੁੱਖਾ ਹੈਂ? ਤਾਂ ਕਿ ਮੈਂ ਵੀ ਤਾਂ ਭੁੱਖੀ ਹਾਂ," ਬਿੱਲੀ ਨੇ ਕਿਹਾ।

"ਮੈਂ ਆਪਣੀ ਕਿਸ਼ਤੀ ਨੂੰ ਥੋੜਾ ਜਿਹਾ ਕੁਤਰਨ ਲੱਗਿਆ ਹਾਂ," ਚੂਹੇ ਨੇ ਕਿਹਾ। "ਇਹ ਮੇਰਾ ਕੁਦਰਤੀ ਭੋਜਨ ਹੈ। ਜਦੋਂ ਪਹੁੰਚ ਵਿੱਚ ਭੋਜਨ ਹੋਵੇ ਤਾਂ ਮੈਨੂੰ ਭੁੱਖਾ ਨਹੀਂ ਰਹਿਣਾ ਚਾਹੀਦਾ?" ਅਤੇ ਉਹ ਆਲੂ ਨੂੰ ਕੁਤਰ ਕੁਤਰ ਖਾਣ ਲੱਗਾ।

"ਬਿੱਲੀ ਨੇ ਕਿਹਾ, "ਖ਼ਿਆਲ ਰੱਖ, ਜੇ ਤੂੰ ਜ਼ਿਆਦਾ ਕੁਤਰ ਦਿੱਤੀ ਤਾਂ ਸਾਡੀ ਬੇੜੀ ਡੁੱਬ ਸਕਦੀ ਹੈ, ਫਿਰ ਤੂੰ ਵੀ ਮੇਰੇ ਨਾਲ ਮਰੇਂਗਾ।"

ਚੂਹੇ ਨੇ ਵਾਅਦਾ ਕੀਤਾ ਕਿ ਉਹ ਆਲੂ ਨੂੰ ਹੁਣ ਹੋਰ ਨਹੀਂ ਕੁਤਰੇਗਾ। ਪਰ ਹੁਣ ਉਸਨੇ ਚੁੱਪਚਾਪ ਉਸੇ ਅਮਲ ਦੀ ਸ਼ੁਰੂਆਤ ਕੀਤੀ, ਅਤੇ ਜਦੋਂ ਵੀ ਬਿੱਲੀ ਆਸੇ ਪਾਸੇ ਦੇਖਦੀ ਹੁੰਦੀ, ਤਾਂ ਉਹ ਥੋੜਾ ਜਿਹਾ ਝੁਕਦਾ ਅਤੇ ਆਲੂ ਖਾਣ ਦੀ ਝੱਟ ਲਾ ਲੈਂਦਾ; ਅਤੇ ਜਦੋਂ ਵੀ ਬਿੱਲੀ ਉਧਰ ਵੇਖਦੀ ਤਾਂ ਉਹ ਆਪਣੇ ਸਰੀਰ ਨਾਲ ਉਹ ਕੁਤਰ ਕੇ ਕੀਤੀ ਮੋਰੀ ਨੂੰ ਲੁਕਾ ਲੈਂਦਾ ਸੀ। ਅੰਤ ਕਿਸ਼ਤੀ ਦਾ ਥੱਲਾ ਇੰਨਾ ਪਤਲਾ ਹੋ ਗਿਆ ਕਿ ਪਾਣੀ ਨੂੰ ਰਾਹ ਮਿਲ ਗਿਆ ਅਤੇ ਕਿਸ਼ਤੀ ਵਿੱਚ ਪਾਣੀ ਭਰਨ ਲੱਗ ਪਿਆ। ਚੂਹਾ ਤਾਂ ਤੁਰੰਤ ਨਦੀ ਵਿੱਚ ਛਾਲ ਮਾਰ ਗਿਆ ਅਤੇ ਮਗਰਮੱਛਾਂ ਤੋਂ ਬਚਦਾ ਬਚਾਉਂਦਾ ਤੈਰ ਕੇ ਕੰਢੇ ਤੱਕ ਪਹੁੰਚ ਗਿਆ। ਜਦੋਂ ਉਹ ਜ਼ਮੀਨ 'ਤੇ ਸੁਰੱਖਿਅਤ ਹੋ ਗਿਆ ਤਾਂ ਉਹ ਬਿੱਲੀ ਦੀ ਖਿੱਲੀ ਉਡਾਉਣ ਲੱਗ ਪਿਆ। ਉਹ ਸੰਘਰਸ਼ ਕਰ ਰਹੀ ਸੀ ਅਤੇ ਨਾਸਾਂ ਵਿੱਚੋਂ ਪਾਣੀ ਕੱਢ ਰਹੀ ਸੀ।

"ਬਿੱਲੀ, ਬਿੱਲੀ ਜੇ ਤੂੰ ਥੱਲੇ ਪਹੁੰਚ ਗਈ ਨਾ " ਉਹ ਕਹਿਣ ਲੱਗਾ, "ਮੱਛੀਆਂ ਨੂੰ ਮੇਰੀ ਸਲਾਮ ਕਹਿਣਾ!"

ਬਿੱਲੀ ਇੰਨੀ ਗੁੱਸੇ ਵਿੱਚ ਸੀ ਕਿ ਉਸਨੂੰ ਲੱਗਿਆ ਕਿ ਚੂਹੇ ਦੀ ਹਾਸੀ ਦਾ ਪਾਤਰ ਬਣਨ ਲਈ ਜ਼ਿੰਦਾ ਰਹਿਣ ਨਾਲੋਂ ਤਾਂ ਡੁੱਬ ਜਾਣਾ ਹੀ ਚੰਗਾ ਸੀ। ਉਸ ਨੇ ਨਿਡਰ ਹੁੰਦਿਆਂ ਗੁੱਸੇ ਵਿੱਚ ਏਨਾ ਜ਼ੋਰ ਲਾਇਆ ਕਿ ਕੰਢੇ ਤੇ ਪਹੁੰਚਣ ਵਿੱਚ ਕਾਮਯਾਬ ਹੋ ਗਈ, ਅਤੇ ਚੂਹੇ ਨੂੰ ਬਚਣ ਦਾ ਕੋਈ ਮੌਕਾ ਮਿਲਣ ਤੋਂ ਪਹਿਲਾਂ, ਝਪਟ ਮਾਰ ਕੇ ਉਸਨੂੰ ਦਬੋਚ ਲਿਆ।

"ਰਹਿਮ, ਰਹਿਮ ਕਰ!" ਚੂਹਾ ਮਿੰਨਤ ਕਰਨ ਲੱਗਿਆ! "ਜੇ ਤੂੰ ਮੈਨੂੰ ਖਾਣਾ ਹੀ ਹੈ, ਮੇਰੀ ਪੂਛ ਤੋਂ ਸ਼ੁਰੂ ਕਰ," ਕਿਉਂਕਿ ਉਹ ਦਿਨ ਦੀ ਰੌਸ਼ਨੀ ਨੂੰ ਜਿੰਨਾ ਵੱਧ ਤੋਂ ਵੱਧ ਸਮਾਂ ਸੰਭਵ ਹੋ ਸਕੇ, ਦੇਖਣਾ ਚਾਹੁੰਦਾ ਸੀ।

"ਮੇਰੀ ਚਿੰਤਾ ਨਾ ਕਰ," ਬਿੱਲੀ ਨੇ ਕਿਹਾ, ਅਤੇ ਉਸਨੇ ਤੁਰੰਤ ਉਸ ਨੂੰ ਨਿਗਲ ਲਿਆ।

ਅਤੇ ਅੱਜ ਤੱਕ ਇਹ ਮੈਡਾਗਾਸਕਰ ਵਿਚ ਕਹਾਵਤ ਪ੍ਰਚਲਿਤ ਹੈ: "'ਮੇਰੀ ਚਿੰਤਾ ਨਾ ਕਰ', ਬਿੱਲੀ ਨੇ ਕਿਹਾ।"

ਪੰਜਾਬੀ ਰੂਪ: ਚਰਨ ਗਿੱਲ