ਅਨੁਵਾਦ:ਬਿੱਲੀ ਤੇ ਚੂਹਿਆਂ ਦੀ ਕਹਾਣੀ

ਵਿਕੀਸਰੋਤ ਤੋਂ
Jump to navigation Jump to search

ਬਿੱਲੀ ਤੇ ਚੂਹਿਆਂ ਦੀ ਕਹਾਣੀ - ਤਿੱਬਤੀ ਲੋਕ-ਕਥਾ

ਇੱਕ ਬਿੱਲੀ ਸੀ। ਉਹ ਇੱਕ ਵੱਡੇ ਫਾਰਮ ਹਾਊਸ ਵਿੱਚ ਰਹਿੰਦੀ ਸੀ। ਉਥੇ ਚੂਹਿਆਂ ਦੀ ਭਰਮਾਰ ਸੀ। ਬਹੁਤ ਸਾਲਾਂ ਤੋਂ ਬਿੱਲੀ ਨੂੰ ਚੂਹੇ ਫੜਨ ਵਿੱਚ ਕੋਈ ਮੁਸ਼ਕਲ ਨਹੀਂ ਸੀ ਆਈ। ਉਹ ਰੱਜ ਕੇ ਚੂਹੇ ਖਾਂਦੀ ਅਤੇ ਬੜਾ ਸ਼ਾਂਤ ਤੇ ਸੁਹਣਾ ਜੀਵਨ ਬਤੀਤ ਕਰਦੀ। ਸਮਾਂ ਬੀਤਦਾ ਗਿਆ। ਫਿਰ ਉਸਨੂੰ ਪਤਾ ਚਲਿਆ ਕਿ ਉਹ ਬੁੱਢੀ ਅਤੇ ਕਮਜ਼ੋਰ ਹੋ ਰਹੀ ਸੀ, ਤੇ ਇਸ ਲਈ ਪਹਿਲਾਂ ਵਾਂਗ ਚੂਹੇ ਫੜਨਾ ਮੁਸ਼ਕਲ ਹੁੰਦਾ ਜਾ ਰਿਹਾ ਸੀ। ਇਸ ਨਵੀਂ ਸਥਿਤੀ ਨਾਲ਼ ਸਿਝਣ ਲਈ ਬਹੁਤ ਸੋਚਣ ਤੋਂ ਬਾਅਦ ਉਸ ਨੇ ਇੱਕ ਸਕੀਮ ਬਣਾਈ। ਉਸਨੇ ਇਕ ਦਿਨ ਸਾਰੇ ਚੂਹੇ ਇਕੱਠੇ ਬੁਲਾਏ, ਅਤੇ ਉਨ੍ਹਾਂ ਨੂੰ ਮੁੜ ਕਦੇ ਹੱਥ ਨਾ ਲਾਉਣ ਦਾ ਵਾਅਦਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਕਹਿਣ ਲੱਗੀ: “ਐ ਚੂਹਿਓ,” ਉਸਨੇ ਕਿਹਾ, “ਮੈਂ ਤੁਹਾਨੂੰ ਕੁਝ ਸ਼ੁਭ ਕਹਿਣ ਲਈ ਬੁਲਾਇਆ ਹੈ। ਸੱਚ ਇਹ ਹੈ ਕਿ ਮੈਂ ਬਹੁਤ ਭੈੜੀ ਜ਼ਿੰਦਗੀ ਬਤੀਤ ਕੀਤੀ ਹੈ, ਅਤੇ ਹੁਣ ਬੁਢਾਪੇ ਵਿੱਚ, ਮੈਂ ਤੁਹਾਡੇ ਨਾਲ਼ ਕੀਤੀਆਂ ਜ਼ਿਆਦਤੀਆਂ ਤੇ ਦਿੱਤੇ ਦੁੱਖਾਂ ਕਾਰਨ ਪਛਤਾਉਂਦੀ ਹਾਂ। ਇਸ ਲਈ ਮੈਂ ਭਵਿੱਖ ਲਈ ਨਵੇਂ ਸਿਰਿਓਂ ਰੂਹਾਨੀ ਜੀਵਨ ਸ਼ੁਰੂ ਕਰਨਾ ਚਾਹੁੰਦੀ ਹਾਂ। ਹੁਣ ਮੇਰਾ ਇਰਾਦਾ ਹੈ ਕਿ ਮੈਂ ਆਪਣਾ ਜੀਵਨ ਪੂਰੀ ਤਰ੍ਹਾਂ ਧਾਰਮਿਕ ਚਿੰਤਨ ਦੇ ਲੇਖੇ ਲਾ ਦਵਾਂ ਅਤੇ ਤੁਹਾਨੂੰ ਤੰਗ ਕਰਨ ਦੀ ਹੁਣ ਮੈਨੂੰ ਕੋਈ ਲੋੜ ਨਹੀਂ। ਇਸ ਲਈ ਹੁਣ ਤੁਸੀਂ ਅਜ਼ਾਦੀ ਨਾਲ਼ ਬੇਖ਼ੌਫ਼ ਵਿਚਰੋ। ਮੈਂ ਤੁਹਾਥੋਂ ਸਿਰਫ ਇਹ ਚਾਹੁੰਦੀ ਹਾਂ ਕਿ ਹਰ ਰੋਜ਼ ਦੋ ਵਾਰ ਤੁਸੀਂ ਸਾਰੇ ਮੇਰੇ ਅੱਗੋਂ ਜਲੂਸ ਦੀ ਸ਼ਕਲ ਵਿੱਚ, ਮੈਨੂੰ ਸਲਾਮ ਕਰਦੇ ਗੁਜ਼ਰ ਜਾਇਆ ਕਰੋਂ।" ਜਦੋਂ ਚੂਹਿਆਂ ਨੇ ਇਹ ਸੁਣਿਆ ਤਾਂ ਬਹੁਤ ਖੁਸ਼ ਹੋਏ, ਕਿਉਂਕਿ ਉਨ੍ਹਾਂ ਨੇ ਸੋਚਿਆ ਕਿ ਹੁਣ, ਆਖ਼ਰਕਾਰ, ਉਹ ਆਪਣੇ ਵੱਡੇ ਦੁਸ਼ਮਣ ਤੋਂ ਨਿਸਚਿੰਤ ਹੋ ਜਾਣਗੇ। ਇਸ ਲਈ ਉਨ੍ਹਾਂ ਨੇ ਬੜੀ ਸ਼ੁਕਰਗੁਜ਼ਾਰੀ ਨਾਲ ਬਿੱਲੀ ਦੀਆਂ ਸ਼ਰਤਾਂ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ, ਅਤੇ ਸਹਿਮਤ ਹੋਏ ਕਿ ਉਹ ਉਸ ਕੋਲ਼ੋਂ ਸਲਾਮ ਕਰ ਕੇ ਲੰਘ ਜਾਇਆ ਕਰਨਗੇ। ਜਦੋਂ ਸ਼ਾਮ ਹੋਈ ਤਾਂ ਬਿੱਲੀ ਕਮਰੇ ਦੇ ਇੱਕ ਸਿਰੇ 'ਤੇ ਇੱਕ ਗੱਦੀ ਉੱਪਰ ਆ ਬੈਠੀ ਅਤੇ ਚੂਹੇ ਸਾਰੇ ਇੱਕ ਕਤਾਰ ਬਣਾ ਕੇ ਲੰਘਣ ਲੱਗੇ, ਤੇ ਹਰ ਕੋਈ ਲੰਘਦਾ ਹੋਇਆ ਸਲਾਮ ਕਰਦਾ ਜਾਂਦਾ ਸੀ।

ਹੁਣ ਚਲਾਕ ਬੁੱਢੀ ਬਿੱਲੀ ਨੇ ਆਪਣੀ ਗੁਪਤ ਯੋਜਨਾ ਨੂੰ ਬਹੁਤ ਸਾਵਧਾਨੀ ਨਾਲ ਲਾਗੂ ਕਰਨਾ ਸ਼ੁਰੂ ਕਰ ਦਿੱਤਾ। ਜਿਵੇਂ ਹੀ ਇੱਕ ਛੋਟੇ ਚੂਹੇ ਨੂੰ ਛੱਡ ਕੇ ਸਾਰਾ ਜਲੂਸ ਉਸ ਕੋਲ਼ੋਂ ਲੰਘ ਗਿਆ, ਉਸਨੇ ਚੁੱਪ ਚੁਪੀਤੇ ਆਖ਼ਰੀ ਚੂਹੇ ਨੂੰ ਫੜ ਲਿਆ ਅਤੇ ਬੜੇ ਮਜ਼ੇ ਨਾਲ਼ ਖਾਧਾ। ਕਿਸੇ ਨੂੰ ਭੋਰਾ ਪਤਾ ਨਾ ਲੱਗਿਆ। ਅਤੇ ਇਸ ਤਰ੍ਹਾਂ ਉਹ ਨਿੱਤ ਦੋ ਵਾਰ ਕਤਾਰ ਦੇ ਆਖ਼ਰੀ ਚੂਹੇ ਨੂੰ ਦਬੋਚ ਲੈਂਦੀ, ਤੇ ਇੱਕ ਅਰਸੇ ਤੱਕ ਉਸ ਦੀ ਇਹ ਯੋਜਨਾ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਚੱਲਦੀ ਰਹੀ।

ਫਿਰ ਹੋਇਆ ਇਹ ਕਿ ਉਨ੍ਹਾਂ ਚੂਹਿਆਂ ਵਿੱਚ ਦੋ ਗੂੜ੍ਹੇ ਦੋਸਤ ਸਨ, ਜਿਨ੍ਹਾਂ ਦੇ ਨਾਮ ਰੰਬੀ ਅਤੇ ਅੰਬੀ ਸਨ। ਉਹ ਇੱਕ ਦੂਜੇ ਨਾਲ ਅੰਤਾਂ ਦਾ ਮੋਹ ਕਰਦੇ ਸਨ ਅਤੇ ਦੋਵੇਂ ਦੂਸਰਿਆਂ ਨਾਲੋਂ ਵਧੇਰੇ ਚਲਾਕ ਸਨ। ਕੁਝ ਸਮੇਂ ਬਾਅਦ ਉਨ੍ਹਾਂ ਨੇ ਦੇਖਿਆ ਕਿ ਘਰ ਵਿੱਚ ਇਸ ਤੱਥ ਦੇ ਬਾਵਜੂਦ ਕਿ ਬਿੱਲੀ ਨੇ ਉਨ੍ਹਾਂ ਨੂੰ ਨਾ ਮਾਰਨ ਦਾ ਵਾਅਦਾ ਕੀਤਾ ਸੀ, ਚੂਹਿਆਂ ਦੀ ਗਿਣਤੀ ਘੱਟਦੀ ਜਾ ਰਹੀ ਸੀ। ਇਸ ਲਈ ਉਨ੍ਹਾਂ ਨੇ ਆਪਣੇ ਸਿਰ ਜੋੜੇ ਅਤੇ ਅੱਗੇ ਵਾਸਤੇ ਥੋੜ੍ਹੀ ਜਿਹੀ ਵਿਉਂਤਬੰਦੀ ਕਰ ਲਈ। ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਰੰਬੀ ਹਮੇਸ਼ਾ ਚੂਹਿਆਂ ਦੇ ਜਲੂਸ ਦੇ ਅੱਗੇ ਅੱਗੇ ਚੱਲੇਗਾ, ਅਤੇ ਅੰਬੀ ਪਿੱਛੇ ਪਿੱਛੇ, ਅਤੇ ਜਦੋਂ ਜਲੂਸ ਲੰਘ ਰਿਹਾ ਹੋਵੇ, ਰੰਬੀ ਅੰਬੀ ਨੂੰ ਬੁਲਾਏਗਾ, ਅਤੇ ਅੰਬੀ ਹੁੰਗਾਰਾ ਦੇਵੇਗਾ।

ਅਗਲੀ ਸ਼ਾਮ, ਜਦੋਂ ਜਲੂਸ ਆਮ ਵਾਂਗ ਚੱਲਣ ਲੱਗਾ ਤਾਂ ਰੰਬੀ ਅੱਗੇ ਲੱਗ ਗਿਆ, ਅਤੇ ਅੰਬੀ ਨੇ ਜਲੂਸ ਦੇ ਅੰਤ ਵਿੱਚ ਆਪਣੀ ਥਾਂ ਮੱਲ ਲਈ। ਜਿਵੇਂ ਹੀ ਰੰਬੀ ਨੇ ਗੱਦੀ, ਜਿੱਥੇ ਬਿੱਲੀ ਬੈਠੀ ਸੀ, ਪਾਰ ਕੀਤੀ ਅਤੇ ਸਲਾਮ ਕੀਤੀ, ਉਸਨੇ ਚੀਕਨੁਮਾ ਆਵਾਜ਼ ਵਿੱਚ ਪੁਕਾਰਿਆ:

"ਕਿਥੇ ਹੋ ਭਾਈ ਅੰਬੀ?"

“ਮੈਂ ਪਿੱਛੇ ਹਾਂ, ਭਾਈ ਰੰਬੀ,” ਅੰਬੀ ਜਲੂਸ ਦੇ ਪਿਛਲੇ ਹਿੱਸੇ ਤੋਂ ਬੋਲਿਆ।

ਤੇ ਇਸ ਤਰ੍ਹਾਂ ਉਹ ਇੱਕ ਦੂਜੇ ਨੂੰ ਬੁਲਾਉਂਦੇ ਅਤੇ ਜਵਾਬ ਦਿੰਦੇ ਰਹੇ ਜਦੋਂ ਤੱਕ ਕਿ ਉਨ੍ਹਾਂ ਸਾਰਿਆਂ ਨੇ ਬਿੱਲੀ ਨੂੰ ਪਾਰ ਨਾ ਕਰ ਲਿਆ। ਬਿੱਲੀ ਦੀ ਅੰਬੀ ਨੂੰ ਛੂਹਣ ਦੀ ਹਿੰਮਤ ਨਾ ਪਈ ਕਿਉਂਕਿ ਉਸਦਾ ਯਾਰ ਉਸਨੂੰ ਬੁਲਾਉਂਦਾ ਰਿਹਾ। .

ਉਸ ਸ਼ਾਮ ਭੁੱਖੀ ਰਹਿਣ ਕਾਰਨ ਬਿੱਲੀ ਕੁਦਰਤੀ ਤੌਰ' ਤੇ ਬਹੁਤ ਨਾਰਾਜ਼ ਸੀ, ਅਤੇ ਉਸ ਦੀ ਰਾਤ ਬੜੀ ਔਖੀ ਲੰਘੀ, ਪਰ ਉਸਨੇ ਸੋਚਿਆ ਕਿ ਇਹ ਮਾਤਰ ਸਬੱਬ ਹੀ ਸੀ ਕਿ ਦੋ ਦੋਸਤ, ਇੱਕ ਜਲੂਸ ਦੇ ਅੱਗੇ ਅਤੇ ਇੱਕ ਪਿੱਛੇ ਲੱਗ ਗਿਆ ਸੀ, ਤੇ ਉਸਨੇ ਉਮੀਦ ਸੀ ਕਿ ਅਗਲੀ ਸਵੇਰ ਜਲੂਸ ਦੇ ਅੰਤ ਵਿੱਚ ਇੱਕ ਖਾਸੀ ਚਰਬੀ ਵਾਲ਼ਾ ਮੋਟਾ ਚੂਹਾ ਉਸ ਨੂੰ ਮਿਲ਼ ਜਾਵੇਗਾ ਤੇ ਮਜਬੂਰੀ ਦੇ ਪਰਹੇਜ ਦੀ ਕਸਰ ਪੂਰੀ ਹੋ ਜਾਵੇਗੀ। ਪਰ ਸਵੇਰੇ ਉਸਦੀ ਹੈਰਾਨੀ ਦਾ ਕੋਈ ਅੰਤ ਨਹੀਂ ਸੀ ਜਦੋਂ ਉਸ ਨੇ ਦੇਖਿਆ ਕਿ ਉਹੀ ਵਿਉਂਤਬੰਦੀ ਬਰਕਰਾਰ ਸੀ, ਅਤੇ ਰੰਬੀ ਉਦੋਂ ਤੱਕ ਅੰਬੀ ਨੂੰ ਬੁਲਾਉਂਦਾ ਰਿਹਾ ਅਤੇ ਅੰਬੀ ਹੁੰਗਾਰਾ ਦਿੰਦਾ ਰਿਹਾ ਜਦ ਤਕ ਸਾਰੇ ਚੂਹੇ ਉਸ ਦੇ ਅੱਗਿਓਂ ਨਹੀਂ ਲੰਘ ਗਏ, ਅਤੇ ਇਸ ਤਰ੍ਹਾਂ ਉਸਦਾ ਦੂਜਾ ਡੰਗ ਵੀ ਖਾਣੇ ਤੋਂ ਖ਼ਾਲੀ ਰਿਹਾ। ਫਿਰ ਵੀ, ਉਸਨੇ ਆਪਣਾ ਗੁੱਸਾ ਪ੍ਰਗਟ ਨਾ ਹੋਣ ਦਿੱਤਾ ਅਤੇ ਚੂਹਿਆਂ ਨੂੰ ਇੱਕ ਹੋਰ ਮੌਕਾ ਦੇਣ ਦਾ ਫੈਸਲਾ ਕੀਤਾ। ਸ਼ਾਮ ਨੂੰ ਉਹ ਆਮ ਵਾਂਗ ਆਪਣੀ ਗੱਦੀ ਤੇ ਬੈਠ ਗਈ ਅਤੇ ਚੂਹਿਆਂ ਦੇ ਪ੍ਰਗਟ ਹੋਣ ਦਾ ਇੰਤਜ਼ਾਰ ਕਰਨ ਲੱਗੀ।

ਇਸ ਦੌਰਾਨ, ਰੰਬੀ ਅਤੇ ਅੰਬੀ ਨੇ ਦੂਜੇ ਚੂਹਿਆਂ ਨੂੰ ਚੌਕੰਨੇ ਰਹਿਣ ਦੀ ਚੇਤਾਵਨੀ ਦੇ ਦਿੱਤੀ ਸੀ, ਅਤੇ ਬਿੱਲੀ ਦੇ ਗੁੱਸੇ ਦੀ ਜ਼ਰਾ ਜਿੰਨੀ ਵੀ ਝਲਕ ਦਿਖਾਈ ਦੇਣ `ਤੇ ਉਡੰਤਰ ਹੋ ਜਾਣ ਲਈ ਤਿਆਰ ਰਹਿਣ ਦੀ ਤਾਕੀਦ ਕਰ ਦਿੱਤੀ ਸੀ। ਨਿਸ਼ਚਤ ਸਮੇਂ ਤੇ ਜਲੂਸ ਆਮ ਵਾਂਗ ਸ਼ੁਰੂ ਹੋਇਆ, ਅਤੇ ਜਿਵੇਂ ਹੀ ਰੰਬੀ ਬਿੱਲੀ ਕੋਲ਼ੋਂ ਲੰਘਿਆ ਤਾਂ ਉਸਨੇ ਅਵਾਜ਼ ਦਿੱਤੀ:

"ਕਿਥੇ ਹੋ ਭਾਈ ਅੰਬੀ?"

“ਮੈਂ ਪਿੱਛੇ ਹਾਂ, ਭਾਈ ਰੰਬੀ,” ਹੁੰਗਾਰਾ ਆਇਆ।

ਇਹ ਬਿੱਲੀ ਦੀ ਬਰਦਾਸ਼ਤ ਤੋਂ ਬਾਹਰ ਸੀ। ਉਸਨੇ ਚੂਹਿਆਂ ਦੇ ਐਨ ਵਿਚਕਾਰ ਜ਼ਬਰਦਸਤ ਛਲਾਂਗ ਲਗਾ ਦਿੱਤੀ। ਚੂਹੇ ਇਸ ਹੋਣੀ ਲਈ ਚੰਗੀ ਤਰ੍ਹਾਂ ਤਿਆਰ ਸਨ, ਤੇ ਅੱਖ ਪਲਕਾਰੇ ਵਿੱਚ ਉਹ ਹਰ ਦਿਸ਼ਾ ਵਿੱਚ ਦੌੜ ਪਏ ਤੇ ਆਪਣੀਆਂ ਖੁੱਡਾਂ ਵਿੱਚ ਵੜ ਗਏ। ਤੇ ਇਸ ਤੋਂ ਪਹਿਲਾਂ ਕਿ ਬਿੱਲੀ ਨੂੰ ਇੱਕ ਵੀ ਚੂਹਾ ਫੜਨ ਦਾ ਸਮਾਂ ਮਿਲ਼ਦਾ ਕਮਰਾ ਖ਼ਾਲੀ ਸੀ ਅਤੇ ਚੂਹਿਆਂ ਦਾ ਕਿਧਰੇ ਵੀ ਨਾਮ ਨਿਸ਼ਾਨ ਨਹੀਂ ਸੀ।

ਇਸ ਤੋਂ ਬਾਅਦ ਚੂਹੇ ਬਹੁਤ ਸਾਵਧਾਨ ਹੋ ਗਏ ਅਤੇ ਧੋਖੇਬਾਜ਼ ਬਿੱਲੀ ਤੋਂ ਉਨ੍ਹਾਂ ਦਾ ਭਰੋਸਾ ਪੂਰਨ ਭਾਂਤ ਉਠ ਗਿਆ। ਬਿੱਲੀ ਦੀ ਬਹੁਤ ਜਲਦੀ ਭੁੱਖ ਕਾਰਨ ਮੌਤ ਹੋ ਗਈ, ਕਿਉਂਕਿ ਉਹ ਆਪਣਾ ਹੋਰ ਕੋਈ ਰਵਾਇਤੀ ਭੋਜਨ ਪੈਦਾ ਨਾ ਕਰ ਸਕੀ; ਜਦੋਂ ਕਿ ਰੰਬੀ ਅਤੇ ਅੰਬੀ ਮੁੱਦਤਾਂ ਤੱਕ ਜੀਉਂਦੇ ਰਹੇ, ਅਤੇ ਭਾਈਚਾਰੇ ਦੇ ਹੋਰ ਸਾਰੇ ਚੂਹਿਆਂ ਵਿੱਚ ਉਨ੍ਹਾਂ ਦਾ ਵੱਡਾ ਮਾਣ-ਸਨਮਾਨ ਰਿਹਾ।

ਅਨੁਵਾਦ: ਚਰਨ ਗਿੱਲ