ਸਮੱਗਰੀ 'ਤੇ ਜਾਓ

ਅਨੁਵਾਦ:ਬੇਹੀਆਂ ਰੋਟੀਆਂ

ਵਿਕੀਸਰੋਤ ਤੋਂ
ਅੰਗਰੇਜ਼ੀ ਕਹਾਣੀ Witches' Loaves
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਮਿਸ ਮਾਰਥਾ ਮੈਖਮ ਗਲੀ ਦੀ ਨੁੱਕੜ ਤੇ (ਉਹ ਥਾਂ ਜਿੱਥੇ ਤੁਸੀਂ ਤਿੰਨ ਕਦਮ ਉੱਪਰ ਚੜ੍ਹ ਜਾਂਦੇ ਹੋ, ਅਤੇ ਜਦੋਂ ਤੁਸੀਂ ਦਰਵਾਜ਼ਾ ਖੋਲ੍ਹਦੇ ਹੋ ਤਾਂ ਟੱਲੀ ਟੁਣਕਦੀ ਹੈ) ਇੱਕ ਛੋਟੀ ਜਹੀ ਬੇਕਰੀ ਚਲਾਂਦੀ ਸੀ।

ਮਿਸ ਮਾਰਥਾ ਚਾਲੀ ਸਾਲ ਦੀ ਸੀ। ਉਹਦੀ ਬੈਂਕ ਦੀ ਕਾਪੀ ਉਹਦਾ ਦੋ ਹਜ਼ਾਰ ਡਾਲਰ ਬੈਂਕ ਬੈਲੈਂਸ ਦੱਸਦੀ ਸੀ, ਉਹ ਦੋ ਨਕਲੀ ਦੰਦਾਂ ਦੀ ਅਤੇ ਇੱਕ ਦਿਆਲੂ ਦਿਲ ਦੀ ਮਾਲਿਕ ਸੀ। ਬਹੁਤ ਸਾਰੇ ਅਜਿਹੇ ਲੋਕ ਜਿਨ੍ਹਾਂ ਦੀਆਂ ਸ਼ਾਦੀ ਦੀਆਂ ਸੰਭਾਵਨਾਵਾਂ ਮਿਸ ਮਾਰਥਾ ਨਾਲੋਂ ਵੀ ਘੱਟ ਸਨ ਹੁਣ ਤਾਂ ਉਹ ਵੀ ਸ਼ਾਦੀਸ਼ੁਦਾ ਹੋ ਚੁੱਕੇ ਸਨ।

ਹਫਤੇ ਵਿੱਚ ਦੋ ਤਿੰਨ ਵਾਰ ਇੱਕ ਗਾਹਕ ਬੇਕਰੀ ਉੱਤੇ ਆਉਂਦਾ ਸੀ ਜਿਸ ਵਿੱਚ ਮਿਸ ਮਾਰਥਾ ਦਿਲਚਸਪੀ ਲੈਣ ਲੱਗੀ। ਉਹ ਇੱਕ ਦਰਮਿਆਨੀ ਉਮਰ ਦਾ ਬੰਦਾ ਸੀ ਜੋ ਐਨਕ ਲਗਾਉਂਦਾ ਸੀ। ਉਸ ਦੀ ਭੂਰੀ ਦਾੜ੍ਹੀ ਸਾਵਧਾਨੀ ਨਾਲ ਕੁਤਰੀ ਹੁੰਦੀ ਸੀ।

ਉਹ ਠੇਠ ਜਰਮਨ ਲਹਿਜੇ ਵਿੱਚ ਅੰਗਰੇਜ਼ੀ ਬੋਲਦਾ ਸੀ। ਉਸ ਦਾ ਲਿਬਾਸ ਪੁਰਾਣਾ ਅਤੇ ਜਗ੍ਹਾ ਜਗ੍ਹਾ ਤੋਂ ਰਫੂ ਕੀਤਾ ਜਾਂ ਫਿਰ ਢਿਲਮੁਲ ਅਤੇ ਵੱਟ ਪਿਆ ਹੁੰਦਾ ਸੀ। ਲੇਕਿਨ ਉਹ ਇੱਕ ਸਾਫ਼ ਸੁਥਰਾ ਅਤੇ ਸੁਹਣੇ ਸਲੀਕੇ ਵਾਲਾ ਵਿਅਕਤੀ ਨਜ਼ਰ ਆਉਂਦਾ ਸੀ।

ਉਹ ਹਮੇਸ਼ਾ ਦੋ ਬਾਸੀ ਡਬਲ ਰੋਟੀਆਂ ਖ਼ਰੀਦਦਾ। ਤਾਜ਼ਾ ਰੋਟੀ ਪੰਜ ਸੇਂਟ ਦੀ ਇੱਕ ਸੀ ਜਦੋਂ ਕਿ ਬਾਸੀ ਰੋਟੀਆਂ ਪੰਜ ਸੇਂਟ ਦੀਆਂ ਦੋ ਮਿਲ ਜਾਂਦੀਆਂ ਸਨ। ਉਸਨੇ ਬਾਸੀ ਰੋਟੀ ਦੇ ਇਲਾਵਾ ਕਦੇ ਕੁੱਝ ਨਹੀਂ ਖ਼ਰੀਦਿਆ ਸੀ।

ਇੱਕ ਦਫਾ ਮਿਸ ਮਾਰਥਾ ਨੇ ਉਸ ਦੀਆਂ ਉਂਗਲੀਆਂ ਉੱਤੇ ਲਾਲ ਅਤੇ ਭੂਰੇ ਰੰਗ ਦੇ ਧੱਬੇ ਲੱਗੇ ਵੇਖੇ। ਤੱਦ ਉਸਨੂੰ ਭਰੋਸਾ ਹੋ ਗਿਆ ਕਿ ਉਹ ਕੋਈ ਚਿੱਤਰਕਾਰ ਹੈ ਅਤੇ ਬੇਹੱਦ ਗਰੀਬ ਹੈ। ਇਸ ਵਿੱਚ ਕੋਈ ਸ਼ਕ ਨਹੀਂ ਕਿ ਉਹ ਇੱਕ ਚੁਬਾਰੇ ਵਿੱਚ ਰਹਿੰਦਾ ਸੀ; ਜਿੱਥੇ ਉਹ ਚਿੱਤਰਕਾਰੀ ਕਰਦਾ ਹੈ ਅਤੇ ਬਾਸੀ ਰੋਟੀ ਖਾਂਦਾ ਹੈ। ਮਿਸ ਮਾਰਥਾ ਦੀ ਬੇਕਰੀ ਉੱਤੇ ਮੌਜੂਦ ਹੋਰ ਚੀਜ਼ਾਂ ਨੂੰ ਖਾਣ ਦੀ ਤਾਂ ਉਹ ਬੱਸ ਕਲਪਨਾ ਹੀ ਕਰ ਸਕਦਾ ਸੀ।

ਅਕਸਰ ਜਦੋਂ ਮਿਸ ਮਾਰਥਾ ਆਪਣੀਆਂ ਮਨਪਸੰਦ ਚੀਜ਼ਾਂ ਲੈ ਕੇ ਖਾਣ ਪੀਣ ਲਈ ਬੈਠਦੀ ਤਾਂ ਆਹ ਭਰਦੀ ਅਤੇ ਖਾਹਿਸ਼ ਕਰਦੀ ਕਿ ਕਾਸ਼ ਉਹ ਸ਼ਰੀਫ ਚਿੱਤਰਕਾਰ ਕਿਸੇ ਠੰਡੀ ਅਤੇ ਹਵਾਦਾਰ ਬਾਲਕੋਨੀ ਵਿੱਚ ਬਾਸੀ ਰੋਟੀ ਖਾਣ ਦੀ ਬਜਾਏ ਉਸ ਦੀਆਂ ਸੁਆਦੀ ਚੀਜ਼ਾਂ ਦੇ ਅਨੰਦ ਲੈਣ ਵਿੱਚ ਸ਼ਰੀਕ ਹੋ ਸਕਦਾ। ਮਿਸ ਮਾਰਥਾ ਦੇ ਦਿਲ ਵਿੱਚ ਜਿਵੇਂ ਕ‌ਿ ਤੁਹਾਨੂੰ ਪਹਿਲਾਂ ਦੱਸਿਆ ਗਿਆ ਹੈ ਹਮਦਰਦੀ ਕੁੱਟ ਕੁੱਟ ਕੇ ਭਰੀ ਹੋਈ ਸੀ। ਇਸ ਸ਼ਖਸ ਦੇ ਪੇਸ਼ੇ ਦੇ ਸੰਬੰਧ ਵਿੱਚ ਆਪਣੇ ਨਜ਼ਰੀਏ ਦੀ ਤਸਦੀਕ ਲਈ ਇੱਕ ਦਿਨ ਮਿਸ ਮਾਰਥਾ ਆਪਣੇ ਕਮਰੇ ਵਿੱਚੋਂ ਉਹ ਪੇਂਟਿੰਗ ਚੁੱਕ ਲਿਆਈ ਜੋ ਇਸ ਨੇ ਸੇਲ ਵਿੱਚ ਖ਼ਰੀਦੀ ਸੀ ਅਤੇ ਕਾਊਂਟਰ ਦੇ ਪਿੱਛੇ ਅਲਮਾਰੀ ਤੇ ਟੰਗ ਦਿੱਤੀ।

ਇਹ ਵੀਨਸ ਦਾ ਇੱਕ ਦ੍ਰਿਸ਼ ਸੀ। ਪਾਣੀ ਵਿੱਚ ਮੂਹਰੇ ਸੰਗਮਰਮਰ ਦਾ ਬਣਿਆ ਇੱਕ ਸ਼ਾਨਦਾਰ ਮਹਿਲ ਸੀ ਜਿਸਦੇ ਪਿਛੋਕੜ ਵਿੱਚ ਪਾਣੀ ਵਿੱਚ ਕਿਸ਼ਤੀਆਂ ਤੈਰ ਰਹੀਆਂ ਸੀ। ਇੱਕ ਵਿੱਚ ਬੈਠੀ ਔਰਤ ਪਾਣੀ ਵਿੱਚ ਹੱਥ ਨਾਲ ਇੱਕ ਲਕੀਰ ਵਾਹੁੰਦੀ ਜਾ ਰਹੀ ਸੀ। ਇਸ ਦੇ ਇਲਾਵਾ ਬੱਦਲ, ਆਸਮਾਨ ਅਤੇ ਧੁੱਪ ਤੇ ਪਰਛਾਵਿਆਂ ਦਾ ਖੇਲ ਸੀ। ਗੱਲ ਕੀ ਅਜਿਹੀ ਪੇਂਟਿੰਗ ਸੀ ਕਿ ਕੋਈ ਵੀ ਕਲਾਕਾਰ ਇਸ ਵੱਲ ਧਿਆਨ ਦਿੱਤੇ ਬਿਨਾਂ ਨਹੀਂ ਰਹਿ ਸਕਦਾ ਸੀ। ਦੋ ਦਿਨ ਦੇ ਬਾਅਦ ਗਾਹਕ ਆਇਆ।

"ਮਿਹਰਬਾਨੀ ਕਰਕੇ ਦੋ ਬਾਸੀਆਂ ਰੋਟੀਆਂ ਦੇ ਦਿਓ।"

"ਮੈਡਮ ਤੁਸੀਂ ਬੜੀ ਵਧੀਆ ਪੇਂਟਿੰਗ ਲਗਾਈ ਹੈ।" ਮਿਸ ਮਾਰਥਾ ਲਿਫਾਫੇ ਵਿੱਚ ਰੋਟੀ ਲਪੇਟ ਰਹੀ ਸੀ।

"ਜੀ ਹਾਂ?" ਮਿਸ ਮਾਰਥਾ ਨੇ ਆਪਣੀ ਤੇਜ਼ ਦ੍ਰਿਸ਼ਟੀ ਉੱਤੇ ਗਦਗਦ ਹੁੰਦੇ ਹੋਏ ਕਿਹਾ, "ਮੈਂ ਕਲਾ ਨੂੰ ਅਤੇ (‘ਕਲਾਕਾਰਾਂ ਨੂੰ’ ਨਹੀਂ, ਏਨੀ ਜਲਦੀ ਨਹੀਂ ਕਹਿਣਾ ਚਾਹੀਦਾ) ਅਤੇ ਕਲਾਕ੍ਰਿਤੀਆਂ ਨੂੰ ਪਸੰਦ ਕਰਦੀ ਹਾਂ। ਉਸ ਨੇ ਗੱਲ ਬਦਲ ਦਿੱਤੀ ਸੀ। ਤੁਹਾਡਾ ਕੀ ਖਿਆਲ ਹੈ ਕਿ ਇਹ ਵਧੀਆ ਪੇਂਟਿੰਗ ਹੈ?"

"ਇਸ ਵਿੱਚ ਤਵਾਜ਼ੁਨ ਠੀਕ ਨਹੀਂ, ਪਰਸਪੈਕਟਿਵ ਵੀ ਅਸਲੀ ਨਹੀਂ ਹੈ। ਇਹ ਬਹੁਤ ਵਧੀਆ ਤਸਵੀਰ ਨਹੀਂ। ਸ਼ੁਭ ਸਵੇਰ, ਮੈਡਮ!" ਉਸ ਨੇ ਆਪਣੀ ਰੋਟੀ ਫੜੀ ਅਤੇ ਤੇਜ਼ੀ ਨਾਲ ਬਾਹਰ ਨਿਕਲ ਗਿਆ।

ਯਕੀਨਨ ਉਹ ਇੱਕ ਕਲਾਕਾਰ ਹੀ ਹੈ, ਮਿਸ ਮਾਰਥਾ ਤਸਵੀਰ ਨੂੰ ਵਾਪਸ ਘਰ ਲੈ ਗਈ। ਉਸ ਦੀਆਂ ਅੱਖਾਂ ਚਸ਼ਮੇ ਦੇ ਪਿੱਛੇ ਕਿਵੇਂ ਰਹਿਮਦਿਲੀ ਅਤੇ ਸ਼ਰਾਫਤ ਨਾਲ ਚਮਕਦੀਆਂ ਸਨ। ਉਸ ਦਾ ਮੱਥਾ ਕਿੰਨੀ ਚੌੜਾ ਸੀ। ਉਸਨੇ ਕਿਵੇਂ ਇੱਕ ਝਾਤ ਵਿੱਚ ਹੀ ਪਰਸਪੈਕਟਿਵ ਨੂੰ ਜਾਂਚ ਲਿਆ। ਅਤੇ ਅਜਿਹੇ ਸ਼ਖਸ ਨੂੰ ਬਾਸੀ ਰੋਟੀ ਖਾਣੀ ਪੈਂਦੀ ਹੈ ... ਪਰ ਜ਼ਹੀਨ ਲੋਕਾਂ ਨੂੰ ਅਕਸਰ ਆਪਣੀ ਪਹਿਚਾਣ ਬਣਾਉਣ ਲਈ ਸੰਘਰਸ਼ ਕਰਨਾ ਹੀ ਪੈਂਦਾ ਹੈ।

ਕਲਾ ਅਤੇ ਇਸ ਪਰਸਪੈਕਟਿਵ ਵਿੱਚ ਕਿਸੇ ਜ਼ਹੀਨ ਕਲਾਕਾਰ ਨੂੰ ਸਹਾਰਾ ਦੇਣ ਲਈ ਬੈਂਕ ਵਿੱਚ ਪਏ ਦੋ ਹਜ਼ਾਰ ਡਾਲਰ, ਇੱਕ ਬੇਕਰੀ ਅਤੇ ਇੱਕ ਹਮਦਰਦ ਦਿਲ…ਕਮਾਲ ਹੀ ਹੋ ਜਾਏ। ਮਗਰ ਇਹ ਮਿਸ ਮਾਰਥਾ ਦੀਆਂ ਜਾਗਦੀਆਂ ਅੱਖਾਂ ਦੇ ਸੁਪਨੇ ਸਨ। ਹੁਣ ਜਦੋਂ ਉਹ ਆਉਂਦਾ ਤਾਂ ਅਕਸਰ ਕਾਊਂਟਰ ਉੱਤੇ ਥੋੜ੍ਹੀ ਬਹੁਤ ਗੱਲਬਾਤ ਕਰ ਲੈਂਦਾ। ਮਿਸ ਮਾਰਥਾ ਨੂੰ ਲੱਗਦਾ ਕਿ ਸ਼ਾਇਦ ਉਸ ਨੂੰ ਖ਼ੁਸ਼ ਗਵਾਰ ਸ਼ਬਦ ਦਰਕਾਰ ਸਨ।

ਗਾਹਕ ਨੇ ਬਾਸੀ ਰੋਟੀਆਂ ਖ਼ਰੀਦਣਾ ਜਾਰੀ ਰੱਖਿਆ। ਉਸਨੇ ਕਦੇ ਕੋਈ ਕੇਕ, ਸਮੋਸਾ ਜਾਂ ਮਾਰਥਾ ਦੇ ਲਜ਼ੀਜ਼ ਸੈਲੀ ਬੰਨ ਨਹੀਂ ਖ਼ਰੀਦੇ ਸਨ।

ਮਿਸ ਮਾਰਥਾ ਦਾ ਖ਼ਿਆਲ ਸੀ ਕਿ ਉਹ ਪਹਿਲਾਂ ਨਾਲੋਂ ਪਤਲਾ ਹੋ ਗਿਆ ਸੀ, ਨਿਰਾਸ ਵੀ ਲੱਗਦਾ ਸੀ।

ਮਾਰਥਾ ਦਾ ਦਿਲ ਦੁਖਦਾ ਸੀ ਕਿ ਕਾਸ਼ ਉਹ ਉਸ ਦੀ ਮਾਮੂਲੀ ਖ਼ਰੀਦਾਰੀ ਵਿੱਚ ਕਿਸੇ ਚੰਗੀ ਚੀਜ਼ ਦਾ ਵਾਧਾ ਕਰ ਸਕਦੀ, ਮਗਰ ਅਜਿਹੀ ਕੋਈ ਕੋਸ਼ਿਸ਼ ਕਰਦੇ ਹੋਏ ਉਸ ਦੀ ਹਿੰਮਤ ਜਵਾਬ ਦੇ ਜਾਂਦੀ। ਮਾਰਥਾ ਵਿੱਚ ਉਸ ਦੀ ਤੌਹੀਨ ਕਰਨ ਦਾ ਜੇਰਾ ਨਹੀਂ ਸੀ। ਉਹ ਕਲਾਕਾਰਾਂ ਦੀ ਅਣਖ ਤੋਂ ਖ਼ੂਬ ਵਾਕਿਫ ਸੀ।

ਮਿਸ ਮਾਰਥਾ ਕਾਊਂਟਰ ਦੇ ਪਿਛੇ ਆਪਣੀ ਨੀਲੀਆਂ ਟਿੱਕੀਆਂ ਵਾਲਾ ਲਹਿੰਗਾ ਪਹਿਨਦੀ ਹੁੰਦੀ ਸੀ। ਮਗਰਲੇ ਕਮਰੇ ਵਿੱਚ ਉਹ ਸੁਹਾਗੇ ਅਤੇ ਬਹੀ ਦਾਨਾ ਨੂੰ ਮਿਲਾ ਕੇ ਕੋਈ ਰਹੱਸਮਈ ਮਿਸ਼ਰਣ ਤਿਆਰ ਕਰ ਲਿਆ ਕਰਦੀ ਸੀ। ਬਹੁਤ ਸਾਰੇ ਲੋਕ ਇਸ ਨੂੰ ਚਿਹਰੇ ਦੇ ਨਿਖਾਰ ਲਈ ਵਰਤਦੇ ਸਨ।

ਇੱਕ ਦਿਨ ਆਮ ਵਾਂਗ ਗਾਹਕ ਆਇਆ, ਉਸਨੇ ਧਾਤ ਦਾ ਸਿੱਕਾ ਕਾਊਂਟਰ ਉੱਤੇ ਰੱਖਿਆ ਅਤੇ ਆਪਣੀ ਬਾਸੀ ਰੋਟੀਆਂ ਦੀ ਮੰਗ ਕੀਤੀ। ਮਿਸ ਮਾਰਥਾ ਦੇਣ ਲਈ ਆ ਹੀ ਰਹੀ ਸੀ ਕਿ ਇਸ ਦੌਰਾਨ ਬਾਹਰ ਰੌਲੇ ਰੱਪੇ ਦੀਆਂ ਆਵਾਜ਼ਾਂ ਉਭਰੀਆਂ। ਕੋਈ ਫਾਇਰ ਟਰੱਕ ਸਾਇਰਨ ਵਜਾਉਂਦਾ ਹੋਇਆ ਗੁਜਰਿਆ ਸੀ। ਗਾਹਕ ਸੁਭਾਵਕ ਤੌਰ ਤੇ ਮਾਮਲਾ ਜਾਣਨ ਲਈ ਤੇਜ਼ੀ ਨਾਲ ਦਰਵਾਜੇ ਵੱਲ ਨੂੰ ਔਹਲਿਆ। ਮਿਸ ਮਾਰਥਾ ਨੇ ਇਸ ਅਚਾਨਕ ਮੌਕੇ ਦਾ ਫਾਇਦਾ ਉਠਾਉਣ ਦੀ ਸੋਚੀ। ਨੁਮਾਇਸ਼ੀ ਵਸਤਾਂ ਵਾਲੀ ਸ਼ੀਸ਼ੇ ਦੀ ਅਲਮਾਰੀ ਦੇ ਹੇਠਲੇ ਖਾਨੇ ਵਿੱਚ ਤਾਜ਼ਾ ਮੱਖਣ ਦੀ ਟਿੱਕੀ ਪਈ ਸੀ, ਜੋ ਦਸ ਮਿੰਟ ਪਹਿਲਾਂ ਹੀ ਗਵਾਲਾ ਦੇਕੇ ਗਿਆ ਸੀ। ਇੱਕ ਚਾਕੂ ਨਾਲ ਡਬਲ ਰੋਟੀਆਂ ਨੂੰ ਡੂੰਘੇ ਚੀਰ ਲਗਾ ਕੇ ਮਿਸ ਮਾਰਥਾ ਨੇ ਮੱਖਣ ਦੀ ਚੰਗੀ ਖ਼ਾਸੀ ਮਾਤਰਾ ਰੋਟੀਆਂ ਵਿੱਚ ਭਰ ਕੇ ਉਸਨੂੰ ਦੁਬਾਰਾ ਚੰਗੀ ਤਰ੍ਹਾਂ ਨਾਲ ਦਬਾ ਦਿੱਤਾ।

ਜਦੋਂ ਗਾਹਕ ਮੁੜ ਕੇ ਆਇਆ ਤਾਂ ਉਹ ਰੋਟੀਆਂ ਲਿਫਾਫੇ ਵਿੱਚ ਲਪੇਟ ਰਹੀ ਸੀ। ਜਦੋਂ ਉਹ ਆਮ ਦੇ ਉਲਟ ਚੰਗੀ ਖਾਸੀ ਖ਼ੁਸ਼ਗਵਾਰ ਗੱਲਬਾਤ ਦੇ ਬਾਅਦ ਚਲਾ ਗਿਆ ਤਾਂ ਮਿਸ ਮਾਰਥਾ ਆਪਣੇ ਆਪ ਉੱਤੇ ਮੁਸਕੁਰਾਈ, ਇਹ ਭਲਾ ਕਿਵੇਂ ਸੰਭਵ ਸੀ ਕਿ ਉਸ ਦੀਆਂ ਧੜਕਣਾਂ ਥੋੜੀਆਂ ਉਖੜੀਆਂ ਨਾ ਹੋਣ!

ਕੀ ਉਹ ਜ਼ਿਆਦਾ ਹੀ ਨਿਡਰ ਹੋ ਰਹੀ ਸੀ? ਕੀ ਉਹ ਬੁਰਾ ਮਨਾਏਗਾ? ਨਿਰਸੰਦੇਹ ਅਜਿਹਾ ਨਹੀਂ ਹੋਵੇਗਾ, ਖਾਣ ਵਾਲੀਆਂ ਵਸਤਾਂ ਦੀ ਕਿਹੜਾ ਕੋਈ ਜ਼ਬਾਨ ਹੁੰਦੀ ਹੈ। ਮੱਖਣ ਕਿਸੇ ਦੀ ਬੇਸ਼ਰਮ ਪੇਸ਼ਕਦਮੀ ਦਾ ਲੱਛਣ ਥੋੜ੍ਹੀ ਹੈ। ਸਾਰਾ ਦਿਨ ਉਸ ਦੇ ਖ਼ਿਆਲਾਂ ਦਾ ਧੁਰਾ ਇਹੀ ਵਿਸ਼ਾ ਬਣਿਆ ਰਿਹਾ। ਉਸ ਨੇ ਉਸ ਦ੍ਰਿਸ਼ ਦੀ ਕਲਪਨਾ ਕੀਤੀ ਜਦੋਂ ਉਸਨੂੰ ਉਸਦੀ ਛੋਟੀ ਜਿਹੀ ਸ਼ਰਾਰਤ ਦਾ ਪਤਾ ਲੱਗੇਗਾ।

ਉਸ ਨੇ ਬੁਰਸ਼ ਅਤੇ ਰੰਗਾਂ ਦੀ ਤਖ਼ਤੀ ਰੱਖ ਦਿੱਤੀ ਹੋਵੇਗੀ, ਕੋਲ ਹੀ ਉਸ ਦਾ ਈਜ਼ਲ ਖੜਾ ਹੋਵੇਗਾ ਜਿਸ ਉੱਤੇ ਉਹ ਤਸਵੀਰ ਲੱਗੀ ਹੋਵੇਗੀ ਜਿਸ ਦਾ ਦ੍ਰਿਸ਼-ਬੋਧ ਅਲੋਚਨਾ ਤੋਂ ਪਰੇ ਹੋਵੇਗਾ। ਹੁਣ ਉਹ ਖਾਣ ਦੀ ਤਿਆਰੀ ਕਰ ਰਿਹਾ ਹੋਵੇਗਾ... ਪਾਣੀ ਅਤੇ ਖੁਸ਼ਕ ਰੋਟੀਆਂ... ਉਹ ਰੋਟੀ ਦੀ ਬੁਰਕੀ ਤੋੜੇਗਾ….ਆਹ…...ਮਿਸ ਮਾਰਥਾ ਦੀਆਂ ਗੱਲ੍ਹਾਂ ਸ਼ਰਮ ਨਾਲ ਸੂਹੀਆਂ ਹੋ ਗਈਆਂ। ਖਾਂਦੇ ਹੋਏ ਕੀ ਉਹ ਇਨ੍ਹਾਂ ਹੱਥਾਂ ਦੇ ਬਾਰੇ ਸੋਚੇਗਾ ਜਿਨ੍ਹਾਂ ਨੇ ਮੱਖਣ ਰੋਟੀਆਂ ਵਿੱਚ ਲਾਇਆ…..ਸੋਚੇਗਾ ਵੀ ਜਾਂ ਨਹੀਂ।….

ਮੁੱਖ ਦਰਵਾਜੇ ਦੀ ਘੰਟੀ ਜ਼ੋਰ ਜ਼ੋਰ ਨਾਲ ਵੱਜਣ ਲੱਗੀ। ਕੋਈ ਰੌਲਾ ਮਚਾਉਂਦਾ ਹੋਇਆ ਅੰਦਰ ਆ ਰਿਹਾ ਸੀ। ਮਿਸ ਮਾਰਥਾ ਤੇਜ਼ੀ ਨਾਲ ਅੱਗੇ ਵੱਲ ਨੂੰ ਆਈ। ਉੱਥੇ ਦੋ ਆਦਮੀ ਖੜੇ ਸਨ। ਇੱਕ ਨੌਜਵਾਨ ਸੀ ਜੋ ਪਾਈਪ ਪੀ ਰਿਹਾ ਸੀ ਇਸ ਨੂੰ ਮਾਰਥਾ ਨੇ ਪਹਿਲਾਂ ਕਦੇ ਨਹੀਂ ਵੇਖਿਆ ਸੀ …. ਦੂਜਾ ਉਸ ਦਾ ਕਲਾਕਾਰ ਸੀ, ਉਸ ਦਾ ਚਿਹਰਾ ਲਾਲ ਤਪ ਰਿਹਾ ਸੀ, ਹੈਟ ਸਿਰ ਦੇ ਪਿਛੇ ਨੂੰ ਡਿਗਿਆ ਹੋਇਆ ਸੀ। ਉਸਦੇ ਵਾਲ਼ ਬੇਹੱਦ ਉਘੜ-ਦੁਗੜੇ ਸਨ। ਉਸਨੇ ਆਪਣੀਆਂ ਮੁੱਠੀਆਂ ਮੀਚੀਆਂ ਅਤੇ ਵਹਿਸ਼ੀ ਅੰਦਾਜ਼ ਵਿੱਚ ਮਿਸ ਮਾਰਥਾ ਦੇ ਚਿਹਰੇ ਤੇ ਲਹਿਰਾਈਆਂ, "ਅਹਿਮਕ, ਬੇਵਕੂਫ਼. ਬੁੱਧੂ... ਜਰਮਨ ਭਾਸ਼ਾ ਵਿੱਚ ਇਹੋ ਜਿਹੇ ਅਰਥਾਂ ਵਾਲੇ ਉਹ ਕੁਝ ਹੋਰ ਸ਼ਬਦ ਉਹ ਬਹੁਤ ਹੀ ਉਚੀ ਆਵਾਜ਼ ਚਿਲਾਇਆ।

ਨੌਜਵਾਨ ਨੇ ਉਸਨੂੰ ਖਿੱਚ ਕੇ ਬਾਹਰ ਲੈ ਜਾਣ ਦੀ ਕੋਸ਼ਿਸ਼ ਕੀਤੀ।

"ਮੈਂ ਨਹੀਂ ਜਾਵਾਂਗਾ," ਉਹ ਗੁੱਸੇ ਨਾਲ ਬੋਲਿਆ, "ਮੈਂ ਉਸਨੂੰ ਦੱਸਾਂਗਾ।" ਗਾਹਕ ਮਿਸ ਮਾਰਥਾ ਦੇ ਕਾਊਂਟਰ ਤੇ ਮੁੱਕੇ ਮਾਰਦਿਆਂ ਚੀਖਿਆ, "ਤੂੰ ਮੈਨੂੰ ਬਰਬਾਦ ਕਰ ਦਿੱਤਾ।" ਉਸ ਦੀਆਂ ਨੀਲੀਆਂ ਅੱਖਾਂ ਐਨਕ ਦੇ ਸ਼ੀਸ਼ਿਆਂ ਦੇ ਪਿੱਛੇ ਦਗ ਰਹੀਆਂ ਸਨ। ਮੈਂ ਤੈਨੂੰ ਦੱਸ ਦਿਆਂਗਾ। ਤੂੰ ਘੁਸਪੈਠੀਆ ਬੁਢੀ ਬਿੱਲੀਏ!"

ਮਿਸ ਮਾਰਥਾ ਨੂੰ ਦੌਰਾ ਜਿਹਾ ਪਿਆ ਤੇ ਉਹ ਅਲਮਾਰੀਆਂ ਉੱਤੇ ਝੁਕ ਗਈ ਅਤੇ ਉਸਨੇ ਇੱਕ ਹੱਥ ਨਾਲ ਨੀਲੇ ਟਿੱਕੀਆਂ ਵਾਲੇ ਲਹਿੰਗੇ ਨੂੰ ਫੜਿਆ ਹੋਇਆ ਸੀ। ਨੌਜਵਾਨ ਨੇ ਦੂਜੇ ਨੂੰ ਕਾਲਰ ਤੋਂ ਫੜ ਕੇ ਕਿਹਾ, "ਹੁਣ ਆ ਵੀ ਜਾਓ, ਤੁਸੀਂ ਬਹੁਤ ਕੁੱਝ ਕਹਿ ਚੁੱਕੇ ਹੋ" ਅਤੇ ਗੁੱਸੇ ਨਾਲ ਤਮਤਮਾਉਂਦੇ ਆਦਮੀ ਨੂੰ ਖਿੱਚਦਾ ਹੋਇਆ ਦਰਵਾਜੇ ਤੋਂ ਬਾਹਰ ਗਲੀ ਵਿੱਚ ਲੈ ਗਿਆ। ਕੁੱਝ ਦੇਰ ਬਾਅਦ ਨੌਜਵਾਨ ਵਾਪਸ ਆਇਆ, "ਮੈਡਮ ਜਰਾ ਅੰਦਾਜ਼ਾ ਲਾਓ... ਮੈਂ ਤੁਹਾਨੂੰ ਕੀ ਦੱਸਣ ਵਾਲਾ ਹਾਂ …. ਅਸਲ ਕਹਾਣੀ ਕੀ ਹੈ….ਇਹ ਸਾਰੀ ਝੱਖਮਾਰੀ ਕੀ ਹੈ …..ਇਹ ਬਲੰਮਬਰਗਰ ਇੱਕ ਮਾਹਰ ਇਮਾਰਤੀ ਨਕਸ਼ਾਨਵੀਸ ਹੈ। ਮੈਂ ਇਸ ਦੇ ਨਾਲ ਉਸੇ ਹੀ ਦਫਤਰ ਵਿੱਚ ਕੰਮ ਕਰਦਾ ਹਾਂ। ਇਹ ਇੱਕ ਨਵੇਂ ਸਿਟੀ ਹਾਲ ਦਾ ਨਕਸ਼ਾ ਬਣਾਉਣ ਦੀ ਯੋਜਨਾ ਉੱਤੇ ਤਿੰਨ ਮਹੀਨੇ ਤੋਂ ਸਖ਼ਤ ਮਿਹਨਤ ਕਰ ਰਿਹਾ ਸੀ। ਇਹ ਇੱਕ ਇਨਾਮੀ ਮੁਕਾਬਲਾ ਸੀ। ਉਸਨੇ ਕੱਲ ਆਖ਼ਰਕਾਰ ਸਿਆਹੀ ਨਾਲ ਖ਼ਾਕਾ ਮੁਕੰਮਲ ਕਰ ਦਿੱਤਾ ਸੀ। ਤੁਹਾਨੂੰ ਪਤਾ ਹੈ ਨਾ ਕਿ ਖ਼ਾਕਾ ਹਮੇਸ਼ਾ ਪਹਿਲਾਂ ਕੱਚੀ ਪੈਨਸਿਲ ਨਾਲ ਬਣਾਇਆ ਜਾਂਦਾ ਹੈ। ਫਿਰ ਨਕਸ਼ਾ-ਨਵੀਸ਼ ਬਾਸੀ ਬੇਹੀ ਰੋਟੀ ਦੇ ਚੂਰੇ ਨਾਲ ਪੈਨਸਿਲ ਦੀਆਂ ਲਕੀਰਾਂ ਮਿਟਾ ਦਿੰਦਾ ਹੈ; ਕਿਉਂਕਿ ਇਹ ਇੰਡੀਅਨ ਰਬੜ ਨਾਲੋਂ ਵੀ ਬਿਹਤਰ ਸਫਾਈ ਕਰਦਾ ਹੈ। ਬਲੰਮਬਰਗਰ ਇੱਥੋਂ ਬਾਸੀ ਰੋਟੀਆਂ ਖ਼ਰੀਦਿਆ ਕਰਦਾ ਸੀ। ਅਤੇ ਤੁਹਾਨੂੰ ਪਤਾ ਹੀ ਹੋਣਾ ਹੈ ਨਾ ਕਿ ਉਹ ਮੱਖਣ ਇਸ ਕੰਮ ਲਈ ਠੀਕ ਨਹੀਂ ਸੀ। ਬਲੰਮਬਰਗਰ ਦਾ ਨਕਸ਼ਾ ਹੁਣ ਕਿਸੇ ਕੰਮ ਦਾ ਨਹੀਂ ਰਿਹਾ ਸਿਵਾਏ ਸੈਂਡਵਿਚ ਲਪੇਟਣ ਵਾਲੇ ਕਾਗ਼ਜ਼ ਦੇ।

ਮਿਸ ਮਾਰਥਾ ਮਗਰਲੇ ਕਮਰੇ ਵਿੱਚ ਗਈ... ਨੀਲੀਆਂ ਟਿੱਕੀਆਂ ਵਾਲਾ ਲਹਿੰਗਾ ਉਤਾਰਿਆ ਅਤੇ ਪਹਿਲਾਂ ਵਾਲੀ ਭੂਰੀ ਊਨੀ ਕੋਟੀ ਜੋ ਉਹ ਅਕਸਰ ਪਹਿਨਦੀ ਸੀ ਪਹਿਨ ਲਈ। ਫਿਰ ਉਸਨੇ ਬਹੀ ਦਾਣੇ ਅਤੇ ਸੁਹਾਗੇ ਦਾ ਕੜਾਹ ਖਿੜਕੀ ਵਿੱਚੀਂ ਬਾਹਰ ਕੂੜੇ ਦੇ ਡਰਮ ਵਿੱਚ ਸੁੱਟ ਦਿੱਤਾ।