ਸਮੱਗਰੀ 'ਤੇ ਜਾਓ

ਅਨੁਵਾਦ:ਮਾਚਿਸਾਂ ਵੇਚਣ ਵਾਲੀ ਨਿੱਕੀ ਕੁੜੀ

ਵਿਕੀਸਰੋਤ ਤੋਂ
ਮਾਚਿਸਾਂ ਵੇਚਣ ਵਾਲੀ ਨਿੱਕੀ
 ਹਾਂਸ ਕ੍ਰਿਸਚਨ ਆਂਡਰਸਨ
8149ਮਾਚਿਸਾਂ ਵੇਚਣ ਵਾਲੀ ਨਿੱਕੀਹਾਂਸ ਕ੍ਰਿਸਚਨ ਆਂਡਰਸਨ

ਬਰਫ਼ਬਾਰੀ ਨਾਲ ਅੱਟੀ ਇਹ ਸਾਲ ਦੀ ਆਖ਼ਰੀ ਤਾਰੀਖ਼ ਦੀ ਕਾਫ਼ੀ ਹਨੇਰੀ ਸ਼ਾਮ ਸੀ। ਇਸ ਠੰਡੀ ਅਤੇ ਹਨੇਰੀ ਸ਼ਾਮ ਵਿੱਚ ਇੱਕ ਛੋਟੀ ਬੱਚੀ ਨੰਗੇ ਸਿਰ ਅਤੇ ਨੰਗੇ ਪੈਰ ਗਲੀ ਵਿੱਚ ਚਲੀ ਜਾ ਰਹੀ ਸੀ। ਇਹ ਸਹੀ ਹੈ ਕਿ ਜਦੋਂ ਉਹ ਘਰੋਂ ਨਿਕਲੀ ਸੀ ਤਾਂ ਉਸ ਦੇ ਪੈਰਾਂ ਵਿੱਚ ਚੱਪਲਾਂ ਸੀ। ਮਗਰ ਉਹ ਚੱਪਲਾਂ ਉਸਦੀ ਮਾਂ ਦੀਆਂ ਸੀ ਜੋ ਉਹ ਹੁਣ ਤੱਕ ਪਹਿਨਦੀ ਆਈ ਸੀ। ਉਹ ਪੁਰਾਣੀਆਂ ਹੋ ਚੁੱਕੀਆਂ ਸਨ ਅਤੇ ਬੱਚੀ ਦੇ ਪੈਰਾਂ ਵਿੱਚ ਕਾਫ਼ੀ ਮੋਕਲੀਆਂ ਹੋ ਗਈਆਂ ਸੀ। ਉਨ੍ਹਾਂ ਨੂੰ ਵੀ ਉਸਨੇ ਸੜਕ ਉੱਤੇ ਚੱਲਦੀਆਂ ਹੋਈਆਂ ਦੋ ਤੇਜ਼-ਰਫਤਾਰ ਬੱਘੀਆਂ ਕੋਲੋਂ ਡਰ ਕੇ ਗੁਆ ਲਿਆ ਸੀ। ਇੱਕ ਚੱਪਲ ਦੀ ਤਾਂ ਕੋਈ ਖ਼ਬਰ ਨਹੀਂ ਮਿਲੀ। ਦੂਜੀ ਇੱਕ ਗੰਦੇ ਜਿਹੇ ਲੀੜਿਆਂ ਵਾਲਾ ਬੱਚਾ ਉਠਾ ਕੇ ਭੱਜ ਗਿਆ। ਉਸਦਾ ਖਿਆਲ ਨਾਲ ਕਿ ਜਦੋਂ ਕਦੇ ਉਸਦੇ ਆਪਣੇ ਬੱਚੇ ਹੋਣਗੇ ਤਾਂ ਇਹ ਝੂਲੇ ਵਜੋਂ ਕੰਮ ਆਵੇਗੀ।

ਇਸ ਲਈ ਛੋਟੀ ਬੱਚੀ ਨੰਗੇ ਪੈਰ ਹੀ ਚੱਲੀ ਜਾ ਰਹੀ ਸੀ। ਠੰਡ ਨਾਲ ਉਸ ਦੇ ਗੁਲਾਬੀ ਪੈਰ ਨੀਲੇ ਪੈ ਗਏ ਸਨ। ਉਸਨੇ ਇੱਕ ਪੁਰਾਣੀ ਪੋਟਲੀ ਵਿੱਚ ਬਹੁਤ ਸਾਰੀਆਂ ਮਾਚਿਸਾਂ ਦੇ ਡੱਬੇ ਬੰਨ੍ਹੇ ਹੋਏ ਸਨ ਅਤੇ ਇੱਕ ਡੱਬੀ ਹੱਥ ਵਿੱਚ ਚੁੱਕੀ ਹੋਈ ਸੀ। ਦਿਨ ਭਰ ਕਿਸੇ ਨੇ ਵੀ ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ਸੀ ਖ਼ਰੀਦੀ। ਉਸਨੇ ਇੱਕ ਧੇਲਾ ਤੱਕ ਨਹੀਂ ਕਮਾਇਆ।

ਬੇਚਾਰੀ ਛੋਟੀ ਬੱਚੀ ਗ਼ਮਾਂ ਦੀ ਗੁਥਲੀ ਬਣੀ ਸਰਦੀ ਅਤੇ ਭੁੱਖ ਨਾਲ ਕੰਬ ਰਹੀ ਸੀ। ਬਰਫ ਦੇ ਫੰਭਿਆਂ ਨੇ ਉਸਦੇ ਖ਼ੂਬਸੂਰਤ ਲੰਬੇ ਵਾਲਾਂ ਨੂੰ ਜੋ ਕਿ ਲੱਛੇ ਬਣ ਕੇ ਉਸ ਦੀ ਗਰਦਨ ਦੇ ਦੁਆਲੇ ਲਿਪਟੇ ਹੋਏ ਸਨ ਢੱਕਿਆ ਹੋਇਆ ਸੀ। ਉਸਨੇ ਕਦੇ ਆਪਣੀ ਇਸ ਖ਼ੂਬਸੂਰਤੀ ਤੇ ਧਿਆਨ ਨਹੀਂ ਦਿੱਤਾ ਹੋਣਾ। ਸਭਨਾਂ ਘਰਾਂ ਦੀਆਂ ਬਾਰੀਆਂ ਵਿੱਚੋਂ ਰੋਸ਼ਨੀ ਦੀਆਂ ਕਿਰਨਾਂ ਛਣ ਛਣ ਆ ਰਹੀਆਂ ਸਨ। ਅਤੇ ਹਰ ਪਾਸੇ ਭੁੰਨੀ ਹੋਈ ਮੁਰਗਾਬੀ ਦੀਆਂ ਬੇਹੱਦ ਸੁਆਦਲੀਆਂ ਖੂਸ਼ਬੂਆਂ ਆ ਰਹੀਆਂ ਸਨ, ਕਿਉਂਜੇ ਇਹ ਨਵੇਂ ਸਾਲ ਦੀ ਪੂਰਬਲੀ ਸੰਧਿਆ ਸੀ। ਇਹ ਗੱਲ ਉਸ ਦੇ ਧਿਆਨ ਵਿੱਚ ਸੀ।

ਇੱਕ ਤੋਂ ਵਧਕੇ ਇੱਕ ਆਧੁਨਿਕ ਨੁਹਾਰ ਦੇ ਦੋ ਖ਼ੂਬਸੂਰਤ ਘਰਾਂ ਦੇ ਦਰਮਿਆਨ ਇੱਕ ਨੁੱਕੜ ਤੇ ਉਹ ਹੇਠਾਂ ਚੱਪ ਮਾਰ ਕੇ ਬੈਠ ਗਈ। ਨਿੱਕੇ ਨਿੱਕੇ ਪੈਰ ਉਸਨੇ ਪੱਟਾਂ ਦੇ ਹੇਠਾਂ ਕਰ ਲਏ। ਪਰ ਉਹ ਠੰਡ ਨਾਲ ਠਰਦੀ ਜਾ ਰਹੀ ਸੀ। ਘਰ ਜਾਣ ਦੀ ਤਾਂ ਉਹ ਜੁਰਅਤ ਵੀ ਨਹੀਂ ਕਰ ਸਕਦੀ ਸੀ। ਕਿਉਂਕਿ ਅੱਜ ਉਸ ਦੀ ਕੋਈ ਤੀਲਾਂ ਦੀ ਡੱਬੀ ਨਹੀਂ ਵਿਕੀ ਸੀ ਅਤੇ ਬਿਲਕੁਲ ਵੀ ਵਿਕਰੀ ਨਹੀਂ ਹੋਈ ਸੀ। ਉਸਨੂੰ ਪੂਰਾ ਭਰੋਸਾ ਸੀ ਕਿ ਘਰ ਜਾਣ ਤੇ ਉਸਨੂੰ ਬਾਪ ਵਲੋਂ ਝਿੜਕਾਂ ਪੈਣਗੀਆਂ। ਸਰਦੀ ਤਾਂ ਉੱਥੇ ਵੀ ਇੰਜ ਹੀ ਸੀ। ਬਸ ਫ਼ਰਕ ਇਹ ਸੀ ਕਿ ਉੱਥੇ ਉਨ੍ਹਾਂ ਦੇ ਉੱਪਰ ਛੱਤ ਸੀ, ਪਰ ਅਜਿਹੀ ਛੱਤ ਜਿਸ ਵਿਚੋਂ ਬਰਫ਼ੀਲੀਆਂ ਹਵਾਵਾਂ ਦਨਦਨਾਉਂਦੀਆਂ ਹੋਈਆਂ ਆਉਂਦੀਆਂ ਸਨ, ਹਾਲਾਂਕਿ ਜ਼ਿਆਦਾ ਵੱਡੀਆਂ ਦਰਾੜਾਂ ਨੂੰ ਫੂਸ ਅਤੇ ਚੀਥੜਿਆਂ ਨਾਲ ਭਰ ਦਿੱਤਾ ਗਿਆ ਸੀ। ਉਸ ਦੇ ਨਿੱਕੇ ਨਿੱਕੇ ਹੱਥ ਸਰਦੀ ਨਾਲ ਸੁੰਨ ਹੋ ਗਏ ਸਨ। ਜੇਕਰ ਉਹ ਡੱਬੀ ਵਿੱਚੋਂ ਇੱਕ ਤੀਲੀ ਕੱਢਣ ਦੀ ਹਿੰਮਤ ਕਰ ਲਵੇ ਤਾਂ ਇੱਕ ਤੀਲੀ ਦਾ ਸੇਕ ਉਸਨੂੰ ਕੁੱਝ ਨਿਘ ਦੇ ਸਕਦਾ ਸੀ। ਇਹ ਸੋਚ ਕੇ ਉਸਨੇ ਇੱਕ ਤੀਲੀ ਕੱਢੀ। ਉਸਨੂੰ ਕੰਧ ਨਾਲ ਰਗੜਿਆ ਅਤੇ ਇਹ ਭਰੜਾ ਕੇ ਭੜਕ ਪਈ ਅਤੇ ਇਸਨੇ ਇੱਕ ਬਲਦੀ ਮੋਮਬੱਤੀ ਵਾਂਗ ਆਪਣੀਆਂ ਠਰਦੀਆਂ ਉਂਗਲੀਆਂ ਨੂੰ ਇਸ ਤੇ ਸੇਕਿਆ। ਛੋਟੀ ਕੁੜੀ ਨੂੰ ਅਸਲ ਵਿੱਚ ਇਉਂ ਜਾਪਦਾ ਸੀ ਜਿਵੇਂ ਕਿ ਉਹ ਵੱਡੇ ਲੋਹੇ ਦੇ ਸਟੋਵ ਮੂਹਰੇ ਬੈਠੀ ਸੀ ਜਿਸ ਦੇ ਚਮਕੀਲੇ ਪੌਡ ਸਨ ਅਤੇ ਕਾਂਸੀ ਦਾ ਢੱਕਣ ਸੀ। ਕਿੰਨੀ ਸ਼ਾਨਦਾਰ ਸੀ ਅੱਗ ਬਲ਼ਦੀ ਹੋਈ! ਇਹ ਕਿੰਨੀ ਸੁਖਦਾਈ ਸੀ! ਕੁੜੀ ਨੇ ਨਿੱਘਾ ਕਰਨ ਲਈ ਆਪਣੇ ਪੈਰ ਵੀ ਨਿਸਾਲ ਲਏ; ਫਿਰ ਛੋਟੀ ਜਿਹੀ ਲਾਟ ਬੁਝ ਗਈ, ਸਟੋਵ ਗਾਇਬ ਹੋ ਗਿਆ, ਅਤੇ ਉਸ ਕੋਲ ਸਿਰਫ ਹੱਥ ਵਿੱਚ ਬੁਝੀ ਹੋਈ ਤੀਲੀ ਰਹਿ ਗਈ ਸੀ।

ਉਸਨੇ ਇੱਕ ਹੋਰ ਤੀਲੀ ਕੱਢੀ, ਕੰਧ ਨਾਲ ਘਸਾਈ। ਇਹ ਬੜੀ ਸ਼ਾਨ ਨਾਲ ਚਮਕੀ ਅਤੇ ਜਦੋਂ ਚਾਨਣ ਕੰਧ ਤੇ ਪਿਆ ਤਾਂ ਇਹ ਇਕ ਪਤਲੇ ਪਰਦੇ ਵਾਂਗ ਪਾਰਦਰਸ਼ੀ ਬਣ ਗਈ ਅਤੇ ਉਹ ਕਮਰੇ ਦੇ ਅੰਦਰ ਦੇਖ ਸਕਦੀ ਸੀ। ਮੇਜ਼ ਉੱਤੇ ਬਰਫ ਦੀ ਤਰ੍ਹਾਂ ਚਿੱਟਾ ਮੇਜ਼ਪੋਸ਼ ਵਿਛਿਆ ਸੀ। ਇਸ ਉੱਤੇ ਚੀਨੀ ਦੀਆਂ ਰਕਾਬੀਆਂ ਸਜੀਆਂ ਸਨ ਅਤੇ ਕਟੋਰਿਆਂ ਵਿੱਚ ਭੁੰਨੀ ਹੋਈ ਮੁਰਗਾਬੀ, ਖੁਸ਼ਕ ਮੇਵੇ ਅਤੇ ਸੇਬ ਦਾ ਮੁਰੱਬਾ ਪਰੋਸਿਆ ਹੋਇਆ ਸੀ। ਤੇ ਜੋ ਬੜੀ ਅਨੋਖੀ ਗੱਲ ਹੋਈ ਉਹ ਇਹ ਕਿ ਮੁਰਗਾਬੀ ਫੁੜਕ ਕੇ ਕਟੋਰੇ ਵਿੱਚੋਂ ਬਾਹਰ ਆ ਗਈ। ਉਸ ਦੇ ਸੀਨੇ ਵਿੱਚ ਕਾਂਟਾ ਅਤੇ ਚਾਕੂ ਖੁਭੇ ਹੋਏ ਸਨ। ਉਹ ਫ਼ਰਸ਼ ਉੱਤੇ ਫਿਸਲਦੀ ਹੋਈ ਛੋਟੀ ਕੁੜੀ ਦੇ ਕੋਲ ਆ ਗਈ। ਜਦੋਂ ਤੀਲੀ ਦੀ ਰੋਸ਼ਨੀ ਚਲੀ ਗਈ ਤਾਂ ਉੱਥੇ ਮੋਟੀ ਕੰਧ, ਘੁੱਪ-ਹਨੇਰੇ ਅਤੇ ਅੰਤਾਂ ਦੀ ਸਰਦੀ ਦੇ ਸਿਵਾ ਕੁੱਝ ਵੀ ਨਹੀਂ ਸੀ। ਉਸਨੇ ਇੱਕ ਹੋਰ ਤੀਲੀ ਬਾਲ਼ੀ। ਹੁਣ ਉਸਨੇ ਖ਼ੁਦ ਨੂੰ ਇੱਕ ਸ਼ਾਨਦਾਰ ਕਰਿਸਮਿਸ ਟਰੀ ਦੇ ਹੇਠਾਂ ਬੈਠੇ ਦੇਖਿਆ। ਇਹ ਉਸ ਟਰੀ ਨਾਲੋਂ ਕਿਤੇ ਜ਼ਿਆਦਾ ਸ਼ਾਨਾਮੱਤਾ ਅਤੇ ਖੂਬਸੂਰਤ ਸੀ ਜੋ ਉਸਨੇ ਸ਼ੀਸ਼ੇ ਦੇ ਦਰਵਾਜੇ ਵਿੱਚੋਂ ਅਮੀਰ ਸੌਦਾਗਰ ਦੇ ਘਰ ਵਿੱਚ ਵੇਖਿਆ ਸੀ। ਹਰੀਆਂ ਭਰੀਆਂ ਟਾਹਣੀਆਂ ਤੇ ਹਜਾਰਾਂ ਮੋਮਬੱਤੀਆਂ ਜਗਮਗਾ ਰਹੀਆਂ ਸਨ ਅਤੇ ਰੰਗੀਨ ਤਸਵੀਰਾਂ ਸਜੀਆਂ ਸਨ। ਇਹ ਬਿਲਕੁਲ ਉਵੇਂ ਹੀ ਸਨ ਜਿਹੋ ਜਿਹੀਆਂ ਉਸਨੇ ਪ੍ਰਿੰਟਿੰਗ ਦੀਆਂ ਦੁਕਾਨਾਂ ਵਿੱਚ ਵੇਖੀਆਂ ਸਨ। ਛੋਟੀ ਕੁੜੀ ਨੇ ਉਨ੍ਹਾਂ ਵੱਲ ਹੱਥ ਵਧਾਇਆ। ਉਦੋਂ ਤੀਲੀ ਬੁਝ ਗਈ। ਪਰ ਕਰਿਸਮਿਸ ਟਰੀ ਦੀਆਂ ਰੋਸ਼ਨੀਆਂ ਤੇਜ਼, ਹੋਰ ਤੇਜ਼ ਹੁੰਦੀਆਂ ਗਈਆਂ। ਹੁਣ ਉਸਨੂੰ ਇਵੇਂ ਵਿਖਾਈ ਦਿੰਦਾ ਸੀ ਜਿਵੇਂ ਅਸਮਾਨ ਉੱਤੇ ਤਾਰੇ ਜਗਮਗਾ ਰਹੇ ਹੋਣ। ਉਨ੍ਹਾਂ ਵਿਚੋਂ ਇੱਕ ਤਾਰਾ ਟੁੱਟ ਗਿਆ ਅਤੇ ਰੋਸ਼ਨੀ ਦੀ ਇੱਕ ਲੰਮੀ ਲਕੀਰ ਬਣਾਉਂਦਾ ਚਲਾ ਗਿਆ।

‘ਹੁਣ ਕੋਈ ਮਰ ਰਿਹਾ ਹੈ’ ਛੋਟੀ ਕੁੜੀ ਨੇ ਸੋਚਿਆ। ਉਸ ਦੀ ਦਾਦੀ ਹੀ ਉਹ ਇੱਕੋ ਇੱਕ ਵਿਅਕਤੀ ਸੀ ਜੋ ਉਸ ਨੂੰ ਮੁਹੱਬਤ ਕਰਦੀ ਸੀ। ਅਤੇ ਉਹ ਅੱਜ ਦੁਨੀਆ ਵਿੱਚ ਨਹੀਂ ਰਹੀ ਸੀ। ਉਸ ਨੇ ਦੱਸਿਆ ਸੀ ਕਿ ਜਦੋਂ ਕੋਈ ਤਾਰਾ ਟੁੱਟਦਾ ਹੈ ਤਾਂ ਇੱਕ ਰੂਹ ਰੱਬ ਦੇ ਕੋਲ ਚਲੀ ਜਾਂਦੀ ਹੈ।

ਉਸਨੇ ਇੱਕ ਹੋਰ ਤੀਲੀ ਕੱਢੀ, ਕੰਧ ਨਾਲ ਰਗੜੀ। ਰੋਸ਼ਨੀ ਮੁੜ ਚਮਕੀ ਅਤੇ ਇਸ ਦੀ ਚਮਕ ਵਿੱਚ ਬੁਢੀ ਦਾਦੀ ਮਾਂ ਨਿਹਾਇਤ ਹਲੀਮ, ਉਜਲੀ ਅਤੇ ਮੁਹੱਬਤ ਦੀ ਮੂਰਤ ਬਣੀ ਖੜੀ ਸੀ।

“ਦਾਦੀ ਮਾਂ!” ਛੋਟੀ ਕੁੜੀ ਰੋਣਹਾਕੀ ਜਿਹੀ ਹੋ ਕੇ ਬੋਲੀ। “ਮੈਨੂੰ ਵੀ ਆਪਣੇ ਕੋਲ ਹੀ ਲੈ ਜਾਓ। ਮੈਨੂੰ ਪਤਾ ਹੈ ਕਿ ਜਦੋਂ ਤੀਲੀ ਬੁਝ ਗਈ ਤਾਂ ਤੁਸੀ ਵੀ ਚਲੇ ਜਾਓਗੇ। ਤੁਸੀ ਵੀ ਗਰਮ ਸਟੋਵ, ਮਜ਼ੇਦਾਰ ਭੁੰਨੀ ਹੋਈ ਮੁਰਗਾਬੀ ਅਤੇ ਸ਼ਾਨਦਾਰ ਕਰਿਸਮਿਸ ਟਰੀ ਦੀ ਤਰ੍ਹਾਂ ਗਾਇਬ ਹੋ ਜਾਓਗੇ।”

ਅਤੇ ਉਸਨੇ ਤੇਜ਼ੀ ਨਾਲ ਇੱਕੋ ਦਮ ਤੀਲੀਆਂ ਦਾ ਸਾਰਾ ਬੰਡਲ ਕੰਧ ਨਾਲ ਰਗੜ ਦਿੱਤਾ, ਕਿਉਂਕਿ ਉਹ ਦਾਦੀ ਮਾਂ ਦੀ ਨੇੜਤਾ ਨੂੰ ਯਕੀਨੀ ਬਣਾਉਣਾ ਚਾਹੁੰਦੀ ਸੀ। ਤੀਲੀਆਂ ਵਿੱਚੋਂ ਅਜਿਹੀ ਰੋਸ਼ਨੀ ਫੁੱਟੀ ਕਿ ਉਸਨੇ ਦਿਨ ਦੇ ਉਜਾਲੇ ਨੂੰ ਮਾਤ ਪਾ ਦਿੱਤਾ। ਦਾਦੀ ਮਾਂ ਅਜਿਹੀ ਹੁਸੀਨ ਅਤੇ ਸ਼ਾਨਾਮੱਤੀ ਕਦੇ ਨਹੀਂ ਸੀ ਜਿਹੋ ਜਿਹੀ ਹੁਣ ਦਿਖ ਰਹੀ ਸੀ। ਉਸਨੇ ਛੋਟੀ ਬੱਚੀ ਨੂੰ ਆਪਣੀਆਂ ਬਾਹਾਂ ਵਿੱਚ ਭਰ ਲਿਆ। ਅਤੇ ਉਹ ਦੋਨੋਂ ਬੁਲੰਦ ਅਸਮਾਨ ਦੀ ਨੀਲੱਤਣ ਅਤੇ ਅਨੰਦ ਵਿੱਚ ਉਡਾਰੀ ਮਾਰ ਗਈਆਂ। ਬਹੁਤ ਬਹੁਤ ਉੱਚੀਆਂ ਚਲੀਆਂ ਗਈਆਂ। ਉੱਥੇ ਨਾ ਸਰਦੀ ਸੀ ਅਤੇ ਨਾ ਭੁੱਖ ਅਤੇ ਨਾ ਹੀ ਕੋਈ ਡਰ ਭੈ। ਉਹ ਰੱਬ ਦੇ ਕੋਲ ਪੁੱਜ ਗਈਆਂ ਸਨ।

ਸਵੇਰ ਦੇ ਠੰਡੇ ਠਾਰ ਪਲਾਂ ਵਿੱਚ ਉਸ ਨੁੱਕੜ ਤੇ ਨਿੱਕੀ ਜਿਹੀ ਕੁੜੀ ਬੈਠੀ ਸੀ। ਕੰਧ ਦੇ ਨਾਲ ਉਸਦੀ ਢੋਹ ਲੱਗੀ ਹੋਈ ਸੀ। ਉਸ ਦੀਆਂ ਗੱਲ੍ਹਾਂ ਗੁਲਾਬੀ ਸਨ ਅਤੇ ਚਿਹਰੇ ਉੱਤੇ ਮੁਸਕਾਨ ਬਿਖਰੀ ਹੋਈ ਸੀ। ਉਹ ਬੀਤੇ ਸਾਲ ਦੀ ਆਖ਼ਿਰੀ ਸ਼ਾਮ ਨੂੰ ਸਰਦੀ ਨਾਲ ਜੁੜ ਕੇ ਮਰ ਗਈ ਸੀ। ਨਵੇਂ ਸਾਲ ਦੇ ਸੂਰਜ ਦੀ ਇੱਕ ਨਿੱਕੀ ਜਿਹੀ ਤਰਸ ਦੀ ਮੂਰਤੀ ਤੇ ਚਮਕ ਪਈ। ਬੱਚੀ ਉਥੇ ਬੈਠੀ ਸੀ ਮਾਚਿਸਾਂ ਦੇ ਬੰਡਲ ਫੜੀਂ। ਉਸ ਦੇ ਠਰੇ ਅਤੇ ਆਕੜੇ ਹੋਏ ਜਿਸਮ ਦੇ ਚੁਫੇਰੇ ਇੱਕ ਬੰਡਲ ਤੀਲੀਆਂ ਦੀ ਰਾਖ ਬਿਖਰੀ ਹੋਈ ਸੀ।

“ਬੇਚਾਰੀ ਨੇ ਖ਼ੁਦ ਨੂੰ ਗਰਮ ਰੱਖਣ ਲਈ ਜਲਾਈਆਂ ਹੋਣਗੀਆਂ,” ਲੋਕਾਂ ਨੇ ਅਫ਼ਸੋਸ ਜ਼ਾਹਰ ਕੀਤਾ। ਕਿਸੇ ਨੂੰ ਕੋਈ ਖ਼ਿਆਲ ਤੱਕ ਨਾ ਆਇਆ ਕਿ ਉਸਨੇ ਕਿੰਨੇ ਖ਼ੂਬਸੂਰਤ ਨਜ਼ਾਰੇ ਵੇਖੇ ਸਨ ਅਤੇ ਕਿਸ ਸ਼ਾਨ-ਸ਼ੌਕਤ ਨਾਲ ਉਹ ਅਤੇ ਦਾਦੀ ਮਾਂ ਨਵੇਂ ਸਾਲ ਦੀਆਂ ਖ਼ੁਸ਼ੀਆਂ ਵਿੱਚ ਸ਼ਾਮਿਲ ਹੋਈਆਂ ਸਨ।