ਅਨੁਵਾਦ:ਮੁਖੌਟਾ

ਵਿਕੀਸਰੋਤ ਤੋਂ

ਕੱਕਾ ਸੋਸ਼ਲ ਕਲਬ ਵਿੱਚ ਚੈਰਿਟੀ ਕੰਮਾਂ ਲਈ ਫੈਂਸੀ ਡਰੈਸ ਨਾਚ ਜਾਂ ਜਿਵੇਂ ਕਿ ਉੱਚੇ ਘਰਾਣਿਆਂ ਦੀਆਂ ਨੌਜਵਾਨ ਔਰਤਾਂ ਇਸਨੂੰ ਕਹਿਣਾ ਪਸੰਦ ਕਰਦੀਆਂ ਸਨ, ਬਾਲ-ਪਾਰੇ ਹੋ ਰਿਹਾ ਸੀ।

ਅੱਧੀ ਰਾਤ ਗੁਜ਼ਰ ਚੁੱਕੀ ਸੀ। ਡਾਂਸ ਵਿੱਚ ਦਿਲਚਸਪੀ ਨਾ ਰੱਖਣ ਵਾਲੇ ਦਾਨਿਸ਼ਵਰ, ਜਿਨ੍ਹਾਂ ਨੇ ਮੁਖੌਟੇ ਨਹੀਂ ਲਗਾ ਰੱਖੇ ਸਨ, ਪੰਜ ਜਣੇ, ਰੀਡਿੰਗ ਰੂਮ ਵਿੱਚ ਵੱਡੀ ਸਾਰੀ ਮੇਜ਼ ਦੇ ਦੁਆਲੇ ਬੈਠੇ ਆਪਣੇ ਨੱਕ ਅਤੇ ਦਾੜ੍ਹੀਆਂ ਅਖ਼ਬਾਰਾਂ ਦੇ ਵਰਕਿਆਂ ਵਿੱਚ ਘਸੋੜੀ ਪੜ੍ਹ ਰਹੇ ਸਨ, ਊਂਘ ਰਹੇ ਸਨ ਅਤੇ ਮਾਸਕੋ ਅਤੇ ਪੀਟਰਸਬਰਗ ਦੇ ਅਖ਼ਬਾਰਾਂ ਦੇ ਸਥਾਨਿਕ ਪੱਤਰਕਾਰਾਂ ਦੇ ਲਫ਼ਜ਼ਾਂ ਵਿੱਚ ਨਿਹਾਇਤ ਹੀ ਆਜ਼ਾਦ ਖਿਆਲੀ ਵਿੱਚ ਮਗਨ ਸਨ।

ਹਾਲ ਕਮਰੇ ਵਲੋਂ ਚਾਰ ਚਾਰ ਜੋੜਿਆਂ ਦੇ ਇਕ ਵਕਤ ਨਾਚ ਵਾਲੇ ਸੰਗੀਤ ਦੀਆਂ ਲਹਿਰਾਂ ਅੰਦਰ ਆ ਰਹੀਆਂ ਸਨ। ਦਰਵਾਜ਼ੇ ਦੇ ਸਾਹਮਣੇ ਤੋਂ ਵੇਟਰ ਪਲੇਟਾਂ ਖੜਖੜਾਉਂਦੇ ਹੋਏ ਵਾਰ ਵਾਰ ਤੇਜ਼ੀ ਨਾਲ ਲੰਘ ਰਹੇ ਸਨ। ਲੇਕਿਨ ਰੀਡਿੰਗ ਰੂਮ ਦੇ ਅੰਦਰ ਗਹਿਰੀ ਖ਼ਾਮੋਸ਼ੀ ਛਾਈ ਹੋਈ ਸੀ।

ਇੱਕ ਹੌਲੀ, ਦੱਬੀ ਦੱਬੀ ਜਿਹੀ ਆਵਾਜ਼ ਨੇ, ਜੋ ਸਟੋਵ ਵਿੱਚੋਂ ਨਿਕਲਦੀ ਹੋਈ ਲੱਗਦੀ ਸੀ ਇਸ ਖ਼ਾਮੋਸ਼ੀ ਨੂੰ ਤੋੜ ਦਿੱਤਾ।

ਮੇਰਾ ਖਿਆਲ ਹੈ ਕਿ ਇਹ ਜਗ੍ਹਾ ਸਾਨੂੰ ਜ਼ਿਆਦਾ ਚੰਗਾ ਰਹੇਗੀ ਆਓ ਇੱਥੇ ਆਓ ਸਾਰੇ ਜਣੇ!

ਦਰਵਾਜ਼ਾ ਖੁੱਲ੍ਹਿਆ ਅਤੇ ਮੋਰ ਦੇ ਖੰਭਾਂ ਨਾਲ ਜੜੇ ਹੈਟ ਅਤੇ ਕੋਚਵਾਨ ਦੀ ਵਰਦੀ ਵਿੱਚ ਚੌੜੇ ਮੋਢਿਆਂ ਅਤੇ ਗਠੇ ਹੋਏ ਜਿਸਮ ਵਾਲਾ ਇੱਕ ਆਦਮੀ, ਜਿਸਨੇ ਮੁਖੌਟਾ ਪਹਿਨ ਰੱਖਿਆ ਸੀ, ਰੀਡਿੰਗ ਰੂਮ ਵਿੱਚ ਦਾਖ਼ਲ ਹੋਇਆ। ਮੁਖੌਟਾਧਾਰੀ ਦੋ ਔਰਤਾਂ ਅਤੇ ਟਰੇ ਸੰਭਾਲੀਂ ਇੱਕ ਵੇਟਰ ਉਸ ਦੇ ਪਿੱਛੇ ਪਿੱਛੇ ਅੰਦਰ ਆਏ। ਟਰੇ ਵਿੱਚ ਇੱਕ ਛੋਟੀ ਲੇਕਿਨ ਕਾਫ਼ੀ ਮੋਟੀ ਢਿੱਡਲ ਜਿਹੀ ਬੋਤਲ ਤੇਜ਼ ਸ਼ਰਾਬ ਦੀ, ਤਿੰਨ ਬੋਤਲਾਂ ਲਾਲ ਹਲਕੀ ਸ਼ਰਾਬ ਦੀਆਂ ਅਤੇ ਕਈ ਗਲਾਸ ਰੱਖੇ ਹੋਏ ਸਨ।

ਹਾਂ, ਇੱਥੇ ਜਰਾ ਠੰਢਕ ਰਹੇਗੀ,” ਆਦਮੀ ਨੇ ਕਿਹਾ। ਟਰੇ ਨੂੰ ਮੇਜ਼ ਉੱਤੇ ਰੱਖ ਦੇ …ਤੂੰ ਕੁੜੀਏ, ਬੈਠ ਜਾ ਮੇਰੇ ਕੋਲ ਮਿਹਰਬਾਨੀ ਕਰਕੇ ਅਤੇ ਤੁਸੀਂ ਭਲਿਓ ਲੋਕੋ, ਜਗ੍ਹਾ ਖ਼ਾਲੀ ਕਰੋ …ਐਥੇ ਕੁਛ ਨਹੀਂ ਰੱਖਿਆ!

ਉਹ ਕੁੱਝ ਲੜਖੜਾਇਆ ਅਤੇ ਹੱਥ ਮਾਰ ਕੇ ਮੇਜ਼ ਤੇ ਪਏ ਕਈ ਰਸਾਲੇ ਹੇਠਾਂ ਵਗਾਹ ਮਾਰੇ।

ਇੱਥੇ ਉੱਪਰ ਰੱਖ ਦੇ। ਅਤੇ ਤੁਸੀਂ ਪੜ੍ਹਨ ਦੇ ਸ਼ੌਕੀਨ ਸਾਹਿਬਾਨੋ, ਇੱਥੋਂ ਚਲਦੇ ਫਿਰਦੇ ਨਜ਼ਰ ਆਓ। ਇਹ ਅਖ਼ਬਾਰ-ਪੜ੍ਹਨ ਅਤੇ ਸਿਆਸਤ ਲੜਾਉਣ ਦਾ ਵਕਤ ਥੋੜ੍ਹੀ ਹੈ… ਸੁੱਟੋ ਵੀ ਇਨ੍ਹਾਂ ਨੂੰ!

ਮੈਂ ਤੁਹਾਨੂੰ ਚੁੱਪ ਰਹਿਣ ਲਈ ਕਹਾਂਗਾ,” ਦਾਨਿਸ਼ਵਰਾਂ ਵਿੱਚੋਂ ਇੱਕ ਨੇ ਆਪਣੀ ਐਨਕ ਦੇ ਵਿੱਚੀਂ ਮੁਖੌਟੇ ਵਾਲੇ ਆਦਮੀ ਦਾ ਜਾਇਜ਼ਾ ਲੈਂਦੇ ਹੋਏ ਕਿਹਾ। ਇਹ ਰੀਡਿੰਗ ਰੂਮ ਹੈ, ਅਹਾਤਾ ਨਹੀਂ …ਇਹ ਦਾਰੂ ਪੀਣ ਦੀ ਜਗ੍ਹਾ ਨਹੀਂ ਹੈ।

ਕਿਉਂ ਨਹੀਂ ਹੈ? ਕੀ ਇਹ ਮੇਜ਼ ਮਜ਼ਬੂਤ ਨਹੀਂ ਹੈ ਜਾਂ ਇਹ ਕਿ ਸਾਡੇ ਉੱਤੇ ਛੱਤ ਢਹਿ ਪਵੇਗੀ? ਅਜੀਬ ਗੱਲ ਹੈ ਖੈਰ…ਮੇਰੇ ਕੋਲ ਬਹਿਸ ਕਰਨ ਦਾ ਵਕਤ ਨਹੀਂ। ਅਖ਼ਬਾਰ ਰੱਖ ਦਿਓ …ਰੱਜ ਕੇ ਪੜ੍ਹ ਚੁੱਕੇ ਹੋ ਅਤੇ ਤੁਸੀਂ ਲੋਕਾਂ ਨੂੰ ਏਨੇ ਤੇ ਹੀ ਸਬਰ ਕਰਨਾ ਹੋਵੋਗਾ। ਉਂਜ ਵੀ ਤੁਹਾਡੀ ਸਾਹਿਬ ਲੋਕਾਂ ਦੀ ਕਾਬਲੀਅਤ ਦੀ ਕੋਈ ਥਾਹ ਨਹੀਂ, ਜ਼ਿਆਦਾ ਪੜ੍ਹ ਕੇ ਅੱਖਾਂ ਵੀ ਚੌਪਟ ਕਰ ਲਵੋਗੇ ਅਤੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਮੈਂ ਇਸ ਸਭ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਇਹ ਹੈ ਸਾਰਾ ਕਿੱਸਾ।

ਵੇਟਰ ਨੇ ਟਰੇ ਮੇਜ਼ ਉੱਤੇ ਰੱਖ ਦਿੱਤੀ ਅਤੇ ਬਾਂਹ ਤੇ ਨੈਪਕਿਨ ਰੱਖ ਦਰਵਾਜ਼ੇ ਦੇ ਕੋਲ ਖੜਾ ਹੋ ਗਿਆ। ਨੌਜਵਾਨ ਔਰਤਾਂ ਫ਼ੌਰਨ ਸੁਰਖ਼ ਸ਼ਰਾਬ ਉੱਤੇ ਟੁੱਟ ਪਈਆਂ।

ਸੋਚਣ ਦੀ ਗੱਲ ਹੈ, ਅਜਿਹੇ ਵੀ ਕਾਬਲ ਲੋਕ ਮਿਲਦੇ ਹਨ ਜੋ ਅਖ਼ਬਾਰਾਂ ਨੂੰ ਇਸ ਕਿਸਮ ਦੀਆਂ ਸ਼ਰਾਬਾਂ ਨਾਲੋਂ ਤਰਜੀਹ ਦਿੰਦੇ ਹਨ। ਮੋਰ ਦੇ ਖੰਭਾਂ ਵਾਲੇ ਆਦਮੀ ਨੇ ਆਪਣੇ ਲਈ ਗਲਾਸ ਵਿੱਚ ਤੇਜ਼ ਸ਼ਰਾਬ ਪਾਉਂਦੇ ਹੋਏ ਕਿਹਾ, ਮੈਨੂੰ ਭਰੋਸਾ ਹੈ, ਮਾਣਯੋਗ ਮਿੱਤਰੋ ਕਿ ਤੁਹਾਨੂੰ ਅਖ਼ਬਾਰਾਂ ਨਾਲ ਇਹ ਜੋ ਇਸ਼ਕ ਹੈ ਨਾ, ਇਸ ਦਾ ਕਾਰਨ ਇਹ ਹੈ ਕਿ ਪੀਣ ਲਈ ਤੁਹਾਡੀ ਜੇਬ ਵਿੱਚ ਪੈਸੇ ਨਹੀਂ। ਮੈਂ ਠੀਕ ਕਹਿ ਰਿਹਾ ਹਾਂ ਨਾ? ਹਾ… ਹਾ ਜਰਾ ਉਨ੍ਹਾਂ ਲੋਕਾਂ ਨੂੰ ਪੜ੍ਹਦੇ ਹੋਏ ਤਾਂ ਵੇਖੋ! …ਅਤੇ ਤੁਹਾਡੇ ਇਨ੍ਹਾਂ ਅਖ਼ਬਾਰਾਂ ਵਿੱਚ ਭਲਾ ਲਿਖਿਆ ਕੀ ਹੈ? ਓਏ ਐਨਕੂ, ਮੈਂ ਤੈਨੂੰ ਮੁਖ਼ਾਤਬ ਹਾਂ। ਸਾਨੂੰ ਵੀ ਕੁੱਝ ਦੱਸ ਨਾ। ਹੁਣ ਖ਼ਤਮ ਵੀ ਕਰੋ ਇਹ ਸਿਲਸਿਲਾ। ਇਹ ਝੂਠ-ਮੂਠ ਦੀ ਸ਼ਾਨ ਕਿਸੇ ਹੋਰ ਨੂੰ ਦਿਖਾਉਣਾ। ਲਓ, ਇਸ ਨਾਲੋਂ ਤਾਂ ਬਿਹਤਰ ਹੈ ਕਿ ਜਾਮ ਉੱਠਾਓ!

ਇਹ ਕਹਿ ਕੇ ਮੋਰ ਦੇ ਖੰਭਾਂ ਵਾਲੇ ਨੇ ਐਨਕ ਵਾਲੇ ਦਾਨਿਸ਼ਵਰ ਦੇ ਹੱਥਾਂ ਵਿੱਚੋਂ ਅਖ਼ਬਾਰ ਖੋਹ ਲਿਆ। ਮਗਰਲੇ ਦੇ ਚਿਹਰੇ ਉੱਤੇ ਲਾਲੀ ਅਤੇ ਫਿਰ ਪੀਲੱਤਣ ਛਾ ਗਈ ਅਤੇ ਉਸਨੇ ਸਖ਼ਤ ਹੈਰਤ ਨਾਲ ਦੂਜੇ ਦਾਨਿਸ਼ਵਰਾਂ ਦੀ ਤਰਫ਼ ਵੇਖਿਆ ਜੋ ਅੱਗੋਂ ਉਸ ਦੀ ਤਰਫ਼ ਦੇਖਣ ਲੱਗੇ।

ਤੁਸੀਂ ਆਪੇ ਤੋਂ ਬਾਹਰ ਹੁੰਦੇ ਜਾ ਰਹੇ ਹੋ, ਜਨਾਬ,” ਉਹ ਚੀਖ਼ ਉੱਠਿਆ। “ਤੁਸੀਂ ਰੀਡਿੰਗ ਰੂਮ ਨੂੰ ਘਟੀਆ ਸ਼ਰਾਬ-ਖ਼ਾਨੇ ਵਿੱਚ ਤਬਦੀਲ ਕਰ ਰਹੇ ਹੋ। ਤੁਸੀਂ ਹੁੱਲੜ ਹੰਗਾਮੇ ਨੂੰ, ਲੋਕਾਂ ਦੇ ਹੱਥਾਂ ਵਿੱਚੋਂ ਅਖ਼ਬਾਰਾਂ ਖੋਹ ਲੈਣ ਨੂੰ ਸਭਿਅਕ ਹਰਕਤ ਸਮਝ ਰਹੇ ਹੋ। ਮੈਂ ਇਸਨੂੰ ਬਰਦਾਸ਼ਤ ਨਹੀਂ ਕਰ ਸਕਦਾ। ਤੁਸੀਂ ਨਹੀਂ ਜਾਣਦੇ ਕਿ ਤੁਸੀਂ ਕਿਸ ਨੂੰ ਮੁਖ਼ਾਤਬ ਹੋ, ਜਨਾਬ, ਮੈਂ ਬੈਂਕ ਮੈਨੇਜਰ ਹਾਂ! ਜ਼ੇਸਤੀਆਕੋਵ ….”

ਮੈਨੂੰ ਖ਼ਾਕ ਵੀ ਪਰਵਾਹ ਨਹੀਂ ਕਿ ਤੂੰ ਜ਼ੇਸਤੀਆਕੋਵ ਹੈਂ ਅਤੇ ਜਿੱਥੇ ਤੱਕ ਤੁਹਾਡੇ ਅਖ਼ਬਾਰਾਂ ਦਾ ਸੰਬੰਧ ਹੈ ਉਨ੍ਹਾਂ ਦੀ ਮੇਰੀ ਨਜ਼ਰ ਵਿੱਚ ਕਿੰਨੀ ਵੁੱਕਤ ਹੈ ਇਸ ਦਾ ਅੰਦਾਜ਼ਾ ਤੁਹਾਨੂੰ ਇਸ ਤੋਂ ਹੋ ਜਾਵੇਗਾ,” ਇਹ ਕਹਿ ਕੇ ਉਸਨੇ ਅਖ਼ਬਾਰ ਦੇ ਟੁਕੜੇ ਟੁਕੜੇ ਕਰ ਦਿੱਤੇ।

ਆਖ਼ਰ ਇਸ ਸਭ ਦਾ ਮਤਲਬ ਕੀ ਹੈ, ਸ਼ਰੀਫ ਲੋਕੋ? ਜ਼ੇਸਤੀਆਕੋਵ ਤੀਖਣ ਗੁੱਸੇ ਨਾਲ ਤਕਰੀਬਨ ਬਦਹਵਾਸ ਹੋ ਕੇ ਬੜਬੜਾਇਆ। ”ਇਹ ਬੇਹੱਦ ਅਜੀਬ ਗੱਲ ਹੈ, ਇਹ …ਇਹ ਤਾਂ ਹੱਦ ਹੀ ਹੋ ਗਈ ਹੈ! … ”

ਉਸ ਨੂੰ ਗੁੱਸਾ ਆ ਗਿਆ! ਉਹ ਸ਼ਖ਼ਸ ਹਸ ਪਿਆ। ਹਾਏ ਹਾਏ, ਖੌਫ ਨਾਲ ਮੇਰੀ ਜਾਨ ਹੀ ਤਾਂ ਨਿਕਲ ਗਈ। ਵੇਖੋ ਨਾ, ਮੇਰੇ ਗੋਡੇ ਕਿਵੇਂ ਥਰਥਰ ਕੰਬ ਰਹੇ ਹਨ। ਖੈਰ, ਮਾਣਯੋਗ ਮਿੱਤਰੋ, ਜਰਾ ਮੇਰੀ ਗੱਲ ਸੁਣੋ। ਮੇਰਾ ਤੁਹਾਡੇ ਨਾਲ ਗੱਲਾਂ ਕਰਨ ਨੂੰ ਬਿਲਕੁਲ ਜੀ ਨਹੀਂ ਕਰ ਰਿਹਾ…ਮੈਂ ਇਨ੍ਹਾਂ ਕੁੜੀਆਂ ਦੇ ਨਾਲ ਇਕੱਲਾ ਰਹਿਣਾ ਚਾਹੁੰਦਾ ਹਾਂ, ਲੁਤਫ ਲੈਣਾ ਚਾਹੁੰਦਾ ਹਾਂ। ਇਸਲਈ ਮਿਹਰਬਾਨੀ ਕਰਕੇ ਕੋਈ ਬਖੇੜਾ ਨਾ ਖੜਾ ਕਰੋ, ਸ਼ਰਾਫਤ ਨਾਲ ਚਲੇ ਜਾਓ … ਔਹ ਰਿਹਾ ਦਰਵਾਜ਼ਾ। ਓਏ ਬੇਲੇਬੋਖ਼ੀਨ ਬਾਹਰ ਨਿਕਲ ਜਾ! ਆਖ਼ਰ ਇਹ ਤਿਊੜੀਆਂ ਕਿਉਂ? ਮੈਂ ਕਹਿ ਰਿਹਾ ਹਾਂ ਕਿ ਜਾਓ ਤਾਂ ਚਲੇ ਜਾਓ! ਤੇਜ਼ੀ ਨਾਲ ਖਿਸਕ ਲਓ ਵਰਨਾ ਉਠਾ ਕੇ ਬਾਹਰ ਸੁੱਟ ਦਿੱਤੇ ਜਾਉਗੇ!

ਕੀ ਕਿਹਾ? ਯਤੀਮਾਂ ਦੀ ਅਦਾਲਤ ਦੇ ਖ਼ਜ਼ਾਨਚੀ ਬੇਲੇਬੋਖ਼ੀਨ ਨੇ ਜਿਸਦਾ ਚਿਹਰਾ ਤਮਤਮਾ ਉਠਿਆ ਸੀ, ਮੋਢੇ ਉਚਕਾਉਂਦੇ ਹੋਏ ਪੁੱਛਿਆ। ”ਮੈਂਨੂੰ ਸਮਝ ਨਹੀਂ ਆ ਰਹੀ। ਇੱਕ ਬਦਤਮੀਜ਼ ਸ਼ਖਸ ਕਮਰੇ ਵਿੱਚ ਵੜ ਆਉਂਦਾ ਹੈ ਅਤੇ ਅਚਾਨਕ ਜੋ ਉਸ ਦੇ ਮੂੰਹ ਵਿੱਚ ਆਉਂਦਾ ਹੈ, ਬਕਣਾ ਸ਼ੁਰੂ ਕਰ ਦਿੰਦਾ ਹੈ।

ਕੀ ਕਿਹਾ ਤੂੰ, ਬਦਤਮੀਜ਼ ਸ਼ਖਸ?ਮੋਰ ਦੇ ਖੰਭਾਂ ਵਾਲਾ ਆਦਮੀ ਅੱਗ ਬਬੂਲਾ ਹੋ ਕੇ ਕੂਕਿਆ ਅਤੇ ਉਸਨੇ ਮੇਜ਼ ਉੱਤੇ ਇੰਨੇ ਜ਼ੋਰ ਨਾਲ ਮੁੱਕਾ ਮਾਰਿਆ ਕਿ ਟਰੇ ਵਿੱਚ ਰੱਖੇ ਹੋਏ ਗਲਾਸ ਬੁੜ੍ਹਕ ਪਏ। ਕੁੱਝ ਖ਼ਬਰ ਹੈ ਕਿ ਤੂੰ ਕਿਸ ਨਾਲ ਗੱਲ ਕਰ ਰਿਹਾ ਹੈਂ? ਸਮਝਦਾ ਹੈਂ ਕਿ ਮਹਿਜ਼ ਇਸ ਕਰਕੇ ਕਿ ਮੈਂ ਮੁਖੌਟਾ ਲਗਾ ਰੱਖਿਆ ਹੈ, ਤੂੰ ਮੈਨੂੰ ਜੋ ਕੁੱਝ ਵੀ ਚਾਹੇ ਕਹਿ ਸਕਦਾ ਹੈਂ? ਕਿੰਨਾ ਤੇਜ਼ ਤਰਾਰ ਹੈਂ ਤੂੰ ਵੀ! ਮੈਂ ਤੈਨੂੰ ਕਹਿ ਰਿਹਾ ਹਾਂ ਤਾਂ ਇਸ ਦਾ ਮਤਲਬ ਹੈ ਕਿ ਬਾਹਰ ਨਿਕਲ ਜਾਓ! ਤੇ ਇਹ ਜੋ ਬੈਂਕ ਮੈਨੇਜਰ ਹੈ ਨਾ ਇਹ ਵੀ ਦਫ਼ਾ ਹੋ ਜਾਵੇ। ਤੁਸੀਂ ਸਭ ਦੇ ਸਭ ਬਾਹਰ ਨਿਕਲ ਜਾਓ। ਮੈਂ ਨਹੀਂ ਚਾਹੁੰਦਾ ਕਿ ਇੱਕ ਵੀ ਬਦਮਾਸ਼ ਕਮਰੇ ਵਿੱਚ ਬਾਕੀ ਰਹਿ ਜਾਵੇ, ਦਫ਼ਾ ਹੋ ਜਾਓ!

ਉਹ ਤਾਂ ਅਸੀ ਹੁਣੇ ਵੇਖਾਂਗੇ” ਜ਼ੇਸਤੀਆਕੋਵ ਨੇ ਕਿਹਾ ਜਿਸਦੀ ਐਨਕ ਤੋਂ ਲੱਗਦਾ ਸੀ ਕਿ ਬੇਚੈਨੀ ਨਾਲ ਮੁੜ੍ਹਕਾ ਮੁੜ੍ਹਕਾ ਹੋਈ ਜਾ ਰਿਹਾ ਹੈ। ਮੈਂ ਤੁਹਾਨੂੰ ਮਜ਼ਾ ਚਖਾ ਦੇਵਾਂਗਾ। ਓਏ ਸੁਣ, ਜਰਾ ਮੁਖੀ ਸਾਰਜੈਂਟ ਨੂੰ ਤਾਂ ਬੁਲਾਉਣਾ!

ਕੁਝ ਹੀ ਪਲਾਂ ਵਿੱਚ ਸੁਰਖ਼ ਵਾਲਾਂ ਵਾਲਾ ਇੱਕ ਮਧਰੇ ਕੱਦ ਦਾ ਸਾਰਜੈਂਟ ਜਿਸਦੇ ਕੋਟ ਦੇ ਗਲਾਮੇਂ ਦੀ ਗੋਟ ਉੱਤੇ ਨੀਲੇ ਰਿਬਨ ਦਾ ਇੱਕ ਟੁਕੜਾ ਲੱਗਿਆ ਹੋਇਆ ਸੀ, ਨੱਚਦੇ ਨੱਚਦੇ ਥੱਕ ਜਾਣ ਨਾਲ ਹਫ਼ਦਾ ਹੋਇਆ ਰੀਡਿੰਗ ਰੂਮ ਵਿੱਚ ਦਾਖਿਲ ਹੋਇਆ।

ਕਿਰਪਾ ਕਰਕੇ, ਇਸ ਕਮਰੇ ਵਿੱਚੋਂ ਚਲੇ ਜਾਓ,” ਉਸਨੇ ਕਹਿਣਾ ਸ਼ੁਰੂ ਕੀਤਾ। ਇਹ ਪੀਣ ਦੀ ਜਗ੍ਹਾ ਨਹੀਂ ਹੈ। ਕਿਰਪਾ ਕਰਕੇ ਮੈੱਸ ਵਿੱਚ ਚਲੇ ਜਾਓ।

ਤੇ ਇਹ ਤੂੰ ਕਿੱਥੋਂ ਆ ਟਪਕਿਆ?ਮੁਖੌਟੇ ਵਾਲੇ ਨੇ ਪੁੱਛਿਆ। ਮੈਂ ਤਾਂ ਤੈਨੂੰ ਨਹੀਂ ਬੁਲਾਇਆ ਸੀ। ਬੁਲਾਇਆ ਸੀ ਕੀ?

ਕਿਰਪਾ ਕਰਕੇ ਬਦਤਮੀਜ਼ੀ ਨਾ ਕਰੋ ਅਤੇ ਇੱਥੋਂ ਚਲੇ ਜਾਓ।

ਤਾਂ ਸੁਣ ਭਲੇ ਆਦਮੀ …ਮੈਂ ਤੈਨੂੰ ਸਿਰਫ ਇੱਕ ਮਿੰਟ ਦਾ ਵਕਤ ਦੇ ਰਿਹਾ ਹਾਂ …ਤੂੰ ਮੁੱਖ ਸਾਰਜੈਂਟ ਹੈਂ, ਇੱਥੇ ਚੰਗੀ ਖ਼ਾਸੀ ਅਹਮੀਅਤ ਰੱਖਦਾ ਹੈਂ। ਇਸ ਲਈ ਇਨ੍ਹਾਂ ਮਸਖ਼ਰਿਆਂ ਨੂੰ ਕੱਢ ਬਾਹਰ ਕਰ। ਇਹ ਮੇਰੇ ਨਾਲ ਜੋ ਸਖੀਆਂ ਹਨ ਨਾ ਇਨ੍ਹਾਂ ਨੂੰ ਐਰਿਆਂ ਗੈਰਿਆਂ ਦੀ ਹਾਜ਼ਰੀ ਬਹੁਤ ਰੜਕਦੀ ਹੈ …ਬੇਚਾਰੀਆਂ ਬਹੁਤ ਸ਼ਰਮੀਲੀਆਂ ਹਨ ਅਤੇ ਮੈਨੂੰ ਓਨਾ ਹਾਸਲ ਕਰਨ ਦੀ ਪਈ ਹੈ ਜਿੰਨਾ ਇਨ੍ਹਾਂ ਤੇ ਖ਼ਰਚ ਕੀਤਾ ਹੈ, ਇਨ੍ਹਾਂ ਨੂੰ ਮੈਂ ਇਨ੍ਹਾਂ ਦੀ ਪੈਦਾਇਸ਼ੀ ਹਾਲਤ ਵਿੱਚ ਵੇਖਣਾ ਚਾਹੁੰਦਾ ਹਾਂ।

ਲੱਗਦਾ ਹੈ ਇਹ ਉਜੱਡ ਇੰਨਾ ਵੀ ਨਹੀਂ ਸਮਝ ਪਾ ਰਿਹਾ ਕਿ ਉਹ ਕਿਸੇ ਅਹਾਤੇ ਵਿੱਚ ਨਹੀਂ ਹੈ,” ਜ਼ੇਸਤੀਆਕੋਵ ਗੁੱਸੇ ਨਾਲ ਚੀਖ਼ ਕੇ ਬੋਲਿਆ, ”ਯੇਵਸਰਾਤ ਸਪਿਰੀਦੋਨਿਚ ਨੂੰ ਸੱਦੋ!

ਯੇਵਸਰਾਤ ਸਪਿਰੀਦੋਨਿਚ! ਸਾਰੇ ਕਲਬ ਵਿੱਚ ਆਵਾਜ਼ਾਂ ਗੂੰਜ ਉਠੀਆਂ।

ਯੇਵਸਰਾਤ ਸਪਿਰੀਦੋਨਿਚ ਕਿੱਥੇ ਹੈ? ਪੁਲਿਸ ਯੂਨੀਫਾਰਮ ਵਿੱਚ ਫੱਬੇ ਬੁਢੇ ਯੇਵਸਰਾਤ ਸਪਿਰੀਦੋਨਿਚ ਨੇ ਉੱਥੇ ਪੁੱਜਣ ਵਿੱਚ ਦੇਰੀ ਨਹੀਂ ਕੀਤੀ।

ਕਿਰਪਾ ਕਰਕੇ ਇਸ ਕਮਰੇ ਵਿੱਚੋਂ ਚਲੇ ਜਾਓ,” ਉਸਨੇ ਤੁਰਸ਼ ਲਹਿਜੇ ਵਿੱਚ ਕਿਹਾ। ਉਸ ਦੀਆਂ ਵੱਡੀਆਂ ਵੱਡੀਆਂ ਡਰਾਉਣੀਆਂ ਅੱਖਾਂ ਬਾਹਰ ਆ ਰਹੀਆਂ ਸਨ ਅਤੇ ਖ਼ਿਜ਼ਾਬ ਲੱਗੀਆਂ ਮੁੱਛਾਂ ਦੀਆਂ ਨੋਕਾਂ ਫਰਕ ਰਹੀਆਂ ਸਨ।

ਓਏ ਤੂੰ ਤਾਂ ਮੈਨੂੰ ਡਰਾ ਦਿੱਤਾ! ਇਸ ਆਦਮੀ ਨੇ ਖੁਸ਼ੀ ਨਾਲ ਹੱਸਦੇ ਹੋਏ ਕਿਹਾ। ਖ਼ੁਦਾ ਦੀ ਕਸਮ ਤੂੰ ਮੈਨੂੰ ਬੁਰੀ ਤਰ੍ਹਾਂ ਡਰਾ ਦਿੱਤਾ। ਕਿਹੋ ਜਿਹੀ ਹਾਸੋਹੀਣੀ ਸੂਰਤ ਹੈ, ਰੱਬ ਮੈਨੂੰ ਚੁੱਕ ਲਵੇ! ਬਿੱਲੇ ਵਰਗੀਆਂ ਮੁੱਛਾਂ, ਅੱਖਾਂ ਹਨ ਕਿ ਬਾਹਰ ਡਿਗੂੰ ਡਿਗੂੰ ਕਰ ਰਹੀਆਂ ਹਨ …ਹਾਅ… ਹਾਅ… ਹਾ!

ਬਹਿਸ ਕਰਨ ਦੀ ਜ਼ਰੂਰਤ ਨਹੀਂ!” ਯੇਵਸਰਾਤ ਸਪਿਰੀਦੋਨਿਚ ਗੁੱਸੇ ਦੀ ਸ਼ਿੱਦਤ ਨਾਲ ਕੰਬਦੇ ਹੋਏ ਦਹਾੜਿਆ। “ਚਲੇ ਜਾ ਵਰਨਾ ਧੱਕੇ ਦੇ ਕੇ ਬਾਹਰ ਕੱਢ ਦਿੱਤਾ ਜਾਊਗਾ!

ਰੀਡਿੰਗ ਰੂਮ ਵਿੱਚ ਭਿਅੰਕਰ ਰੌਲਾ ਗੂੰਜ ਉੱਠਿਆ। ਯੇਵਸਰਾਤ ਸਪਿਰੀਦੋਨਿਚ ਆਪਣੇ ਲਾਲ ਭਬੂਕਾ ਚਿਹਰੇ ਦੇ ਨਾਲ ਚੀਖ਼ ਚੀਖ਼ ਕੇ ਜ਼ਮੀਨ ਉੱਤੇ ਪੈਰ ਪਟਕ ਰਿਹਾ ਸੀ। ਜ਼ੇਸਤੀਆਕੋਵ ਚਿਲਾ ਰਿਹਾ ਸੀ। ਬੇਲੇਬੋਖ਼ੀਨ ਚਿਲਾ ਰਿਹਾ ਸੀ। ਸਾਰੇ ਦਾਨਿਸ਼ਵਰ ਚੀਖ਼ ਚਿਲਾ ਰਹੇ ਸਨ ਲੇਕਿਨ ਇਨ੍ਹਾਂ ਸਭ ਦੀਆਂ ਆਵਾਜ਼ਾਂ ਮਖੌਟੇ ਵਾਲੇ ਦੀ ਦੱਬੀ ਦੱਬੀ, ਹਲਕ ਵਿੱਚੋਂ ਨਿਕਲਦੀ ਹੋਈ ਗਹਿਰੀ ਆਵਾਜ਼ ਵਿੱਚ ਡੁੱਬੀਆਂ ਜਾ ਰਹੀਆਂ ਸਨ। ਇਸ ਆਮ ਅਫਰਾਤਫਰੀ ਦੇ ਮਾਹੌਲ ਵਿੱਚ ਨਾਚ ਬੰਦ ਹੋ ਗਿਆ ਅਤੇ ਮਹਿਮਾਨ ਬਾਲ ਰੂਮ ਤੋਂ ਨਿਕਲ ਕੇ ਰੀਡਿੰਗ ਰੂਮ ਵਿੱਚ ਆ ਗਏ।

ਯੇਵਸਰਾਤ ਸਪਿਰੀਦੋਨਿਚ ਨੇ ਜਰਾ ਰੋਹਬ ਜਮਾਉਣ ਲਈ ਕਲਬ ਵਿੱਚ ਇਸ ਵਕਤ ਮੌਜੂਦ ਦੂਜੇ ਪੁਲਿਸ ਵਾਲਿਆਂ ਨੂੰ ਵੀ ਉਥੇ ਹੀ ਬੁਲਾ ਲਿਆ ਅਤੇ ਖ਼ੁਦ ਰਿਪੋਰਟ ਲਿਖਣ ਲਈ ਬੈਠ ਗਿਆ।

ਲਿੱਖੋ, ਜਰੂਰ ਲਿੱਖੋ! ਮੁਖੌਟੇ ਵਾਲੇ ਨੇ ਆਪਣੀ ਉਂਗਲ ਕਲਮ ਦੇ ਹੇਠਾਂ ਰੱਖਦੇ ਹੋਏ ਕਿਹਾ। “ਹੁਣ ਮੇਰਾ ਮਾੜੀ ਕਿਸਮਤ ਵਾਲੇ ਦਾ ਅੰਜਾਮ ਕੀ ਹੋਵੇਗਾ? ਹਾਏ ਹਾਏ, ਕੀ ਬਣੂ ਮੇਰਾ ਗ਼ਰੀਬ ਦਾ… ਤੁਸੀਂ ਇਸ ਬੇਸਹਾਰਾ ਯਤੀਮ ਨੂੰ ਬਰਬਾਦ ਕਰਨ ਉੱਤੇ ਕਿਉਂ ਤੁਲੇ ਹੋਏ ਹੋ? ਹਾਅ.. ਹਾ! ਚੰਗੀ ਗੱਲ ਹੈ, ਲਿਖੋ ਰਿਪੋਰਟ.. ਤਿਆਰ ਹੋ ਗਈ? ਸਭ ਨੇ ਦਸਤਖ਼ਤ ਕਰ ਦਿੱਤੇ? ਹੁਣ ਦੇਖੋ ਇਧਰ… ਇੱਕ, ਦੋ, ਤਿੰਨ!

ਉਹ ਉਠ ਕੇ ਸਿੱਧਾ ਖੜਾ ਹੋਇਆ ਅਤੇ ਆਪਣੇ ਮਖੌਟੇ ਨੂੰ ਪਾੜ ਕੇ ਵਗਾਹ ਮਾਰਿਆ। ਉਸਨੇ ਆਪਣੇ ਨਸ਼ੇ ਵਿੱਚ ਧੁਤ ਚਿਹਰੇ ਨੂੰ ਬੇਨਕਾਬ ਕਰਨ ਅਤੇ ਇਸ ਤਰ੍ਹਾਂ ਪੈਦਾ ਹੋਣ ਵਾਲੇ ਅਸਰ ਦਾ ਮਜ਼ਾ ਲੈਣ ਲਈ ਲੋਕਾਂ ਦੇ ਚੇਹਰਿਆਂ ਉੱਤੇ ਨਜਰਾਂ ਦੌੜਾਈਆਂ ਅਤੇ ਫਿਰ ਆਪਣੀ ਕੁਰਸੀ ਉੱਤੇ ਤਕਰੀਬਨ ਡਿੱਗਦੇ ਹੋਏ ਜੋਰਦਾਰ ਕਹਿਕਹਾ ਛੱਡਿਆ ਅਤੇ ਅਸਰ ਸਚੀਂ ਦੇਖਣ ਲਾਇਕ ਸੀ। ਦਾਨਿਸ਼ਵਰਾਂ ਨੇ ਇੰਤਹਾ ਬਦਹਵਾਸੀ ਦੇ ਨਾਲ ਇੱਕ ਦੂਜੇ ਵੱਲ ਵੇਖਿਆ, ਉਨ੍ਹਾਂ ਦੇ ਚੇਹਰਿਆਂ ਤੇ ਹਵਾਈਆਂ ਉੱਡਣ ਲੱਗੀਆਂ ਅਤੇ ਉਨ੍ਹਾਂ ਵਿਚੋਂ ਕਈ ਆਪਣੇ ਸਿਰ ਖੁਰਕਦੇ ਨਜ਼ਰ ਆਏ। ਯੇਵਸਰਾਤ ਸਪਿਰੀਦੋਨਿਚ ਨੇ ਖੰਗਾਰ ਕੇ ਕਿਸੇ ਅਜਿਹੇ ਸ਼ਖਸ ਦੀ ਤਰ੍ਹਾਂ ਆਪਣਾ ਗਲ਼ਾ ਸਾਫ਼ ਕੀਤਾ ਜਿਸਦੇ ਨਾਲ ਅਨਜਾਣੇ ਵਿੱਚ ਕੋਈ ਨਿਹਾਇਤ ਹੀ ਭਿਆਨਕ ਗੱਲ ਵਾਪਰ ਹੋ ਗਈ ਹੋਵੇ।

ਇਸ ਸਾਰੇ ਹੰਗਾਮੇ ਵਿੱਚ, ਖ਼ਾਨਦਾਨੀ ਰਈਸ, ਮੁਕਾਮੀ ਕਰੋੜਪਤੀ ਅਤੇ ਉਦਯੋਗਪਤੀ ਪਿਆਤੀਗੋਰੋਵ ਨੂੰ ਸਾਰਿਆਂ ਨੇ ਪਛਾਣ ਲਿਆ ਸੀ…ਪਿਆਤੀਗੋਰੋਵ ਜੋ ਆਪਣੇ ਘੁਟਾਲਿਆਂ, ਇਨਸਾਨੀ ਹਮਦਰਦੀ ਅਤੇ ਜਿਵੇਂ ਕਿ ਮੁਕਾਮੀ ਅਖ਼ਬਾਰ ਮਸੈਂਜ਼ਰ ਨਿੱਤ ਢੰਡੋਰਾ ਪਿੱਟਦਾ ਸੀ, ਗਿਆਨ ਨਾਲ ਆਪਣੇ ਪ੍ਰੇਮ ਕਰਕੇ ਮਸ਼ਹੂਰ ਸੀ।

ਅੱਛਾ ਤਾਂ ਹੁਣ ਤੁਸੀਂ ਲੋਕ ਜਾ ਰਹੇ ਹੋ ਕਿ ਨਹੀਂ? ਪਿਆਤੀਗੋਰੋਵ ਨੇ ਪਲ ਭਰ ਦੀ ਖ਼ਾਮੋਸ਼ੀ ਦੇ ਬਾਅਦ ਪੁੱਛਿਆ।

ਦਾਨਿਸ਼ਵਰ ਮੂੰਹੋਂ ਇੱਕ ਲਫਜ ਵੀ ਕੱਢੇ ਬਿਨਾਂ ਪੰਜਿਆਂ ਦੇ ਭਾਰ ਚਲਦੇ ਹੋਏ ਰੀਡਿੰਗ ਰੂਮ ਵਿੱਚੋਂ ਨਿਕਲ ਗਏ ਅਤੇ ਪਿਆਤੀਗੋਰੋਵ ਨੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ।

ਤੈਨੂੰ ਪਤਾ ਸੀ ਕਿ ਇਹ ਪਿਆਤੀਗੋਰੋਵ ਹਨ! ਕੁੱਝ ਦੇਰ ਦੇ ਬਾਅਦ ਯੇਵਸਰਾਤ ਸਪਿਰੀਦੋਨਿਚ ਨੇ ਰੀਡਿੰਗ ਰੂਮ ਵਿੱਚ ਸ਼ਰਾਬ ਲੈ ਜਾਣ ਵਾਲੇ ਵੇਟਰ ਦਾ ਮੋਢਾ ਫੜ ਕੇ ਉਸਨੂੰ ਝੰਜੋੜਦੇ ਹੋਏ ਦੱਬੀ ਦੱਬੀ ਤੁਰਸ਼ ਆਵਾਜ਼ ਵਿੱਚ ਕਿਹਾ। ਤੂੰ ਕੁੱਝ ਦੱਸਿਆ ਕਿਉਂ ਨਹੀਂ ਸੀ?”

ਮੈਨੂੰ ਨਾ ਦੱਸਣ ਨੂੰ ਕਿਹਾ ਗਿਆ ਸੀ!

ਨਾ ਦੱਸਣ ਨੂੰ ਕਿਹਾ ਗਿਆ ਸੀ! …ਖੜ ਜਾ, ਬਦਮਾਸ਼, ਤੈਨੂੰ ਮਹੀਨੇ ਭਰ ਲਈ ਜੇਲ੍ਹ ਭੇਜ ਦੇਵਾਂਗਾ ਤੇ ਫਿਰ ਇਸ 'ਨਾ ਦੱਸਣ ਨੂੰ ਕਿਹਾ ਗਿਆ ਸੀ' ਦਾ ਮਤਲਬ ਤੇਰੀ ਸਮਝ ਵਿੱਚ ਆ ਜਾਵੇਗਾ। ਬਾਹਰ ਨਿਕਲ ਜਾ, ਤੁਸੀਂ ਲੋਕਾਂ ਦਾ ਵੀ ਕੋਈ ਜਵਾਬ ਨਹੀਂ ਹੈ। ਸਾਹਿਬਾਨ,” ਉਸ ਨੇ ਦਾਨਿਸ਼ਵਰਾਂ ਵੱਲ ਮੁੜਦੇ ਹੋਏ ਆਪਣੀ ਗੱਲ ਜਾਰੀ ਰੱਖੀ। ਖ਼ਾਹਮਖ਼ਾਹ ਹੰਗਾਮਾ ਖੜਾ ਕਰ ਦਿੱਤਾ। ਭਾਵ ਕਿ ਤੁਸੀਂ ਲੋਕ ਰੀਡਿੰਗ ਰੂਮ ਤੋਂ ਦਸ ਮਿੰਟ ਲਈ ਵੀ ਨਹੀਂ ਹਟ ਸਕਦੇ ਸੀ। ਇਹ ਗੜਬੜੀ ਤੁਹਾਡੀ ਪੈਦਾ ਕੀਤੀ ਹੋਈ ਹੈ ਅਤੇ ਇਸ ਤੋਂ ਖ਼ੁਦ ਹੀ ਜਾਨ ਛੁਡਾਓ। ਓ ਸਾਹਿਬਾਨ, ਸਾਹਿਬਾਨ …ਤੁਹਾਡੇ ਤੌਰ-ਤਰੀਕੇ ਮੈਨੂੰ ਫੁੱਟੀ ਅੱਖ ਵੀ ਨਹੀਂ ਭਾਉਂਦੇ, ਰੱਬ ਦੀ ਸਹੁੰ ਜਰਾ ਵੀ ਪਸੰਦ ਨਹੀਂ!

ਦਾਨਿਸ਼ਵਰ ਉਦਾਸ, ਸੁਸਤ ਅਤੇ ਅਪਰਾਧੀ ਜਿਹੇ ਹੋ ਕੇ ਕਲੱਬ ਵਿੱਚ ਏਧਰ ਉੱਧਰ ਟਹਿਲਣ ਲੱਗੇ ਅਤੇ ਉਨ੍ਹਾਂ ਲੋਕਾਂ ਦੀ ਤਰ੍ਹਾਂ ਆਪਸ ਵਿੱਚ ਸਰਗੋਸ਼ੀਆਂ ਕਰਨ ਲੱਗੇ ਜਿਨ੍ਹਾਂ ਨੂੰ ਅਹਿਸਾਸ ਹੋਵੇ ਕਿ ਬਲਾ ਸਿਰ ਤੇ ਮੰਡਲਾ ਰਹੀ ਹੈ …ਉਨ੍ਹਾਂ ਦੀਆਂ ਬੀਵੀਆਂ ਅਤੇ ਬੇਟੀਆਂ ਇਹ ਸੁਣਕੇ ਕਿ ਪਿਆਤੀਗੋਰੋਵ ਦੀ ਤੌਹੀਨ ਕੀਤੀ ਗਈ ਹੈ ਅਤੇ ਉਹ ਬੁਰਾ ਮੰਨ ਗਿਆ ਹੈ, ਚੁੱਪ ਹੋ ਗਈਆਂ ਅਤੇ ਆਪਣੇ ਆਪਣੇ ਘਰਾਂ ਨੂੰ ਰਵਾਨਾ ਹੋਣ ਲੱਗੀਆਂ। ਨਾਚ ਰੁਕ ਗਿਆ।

ਦੋ ਵਜੇ ਰਾਤ ਨੂੰ ਪਿਆਤੀਗੋਰੋਵ ਰੀਡਿੰਗ ਰੂਮ ਵਿੱਚੋਂ ਨਸ਼ੇ ਵਿੱਚ ਝੂਮਦਾ, ਲੜਖੜਾਉਂਦਾ ਬਾਹਰ ਨਿਕਲਿਆ। ਬਾਲ ਰੂਮ ਵਿੱਚ ਪਹੁੰਚ ਕੇ ਉਹ ਬੈਂਡ ਦੇ ਕੋਲ ਬੈਠ ਗਿਆ, ਸੰਗੀਤ ਦੀ ਆਵਾਜ਼ ਤੇ ਊਂਘਣ ਲੱਗਾ ਅਤੇ ਕੁੱਝ ਹੀ ਦੇਰ ਬਾਅਦ ਉਸਦਾ ਸਿਰ ਲਮਕ ਗਿਆ ਅਤੇ ਉਹ ਘੁਰਾੜੇ ਮਾਰਨ ਲੱਗਿਆ।

ਬੰਦ ਕਰੋ, ਬੰਦ ਕਰੋ! ਮੁੱਖ ਸਾਰਜੈਂਟ ਨੇ ਸੰਗੀਤਕਾਰਾਂ ਦੀ ਤਰਫ਼ ਹੱਥ ਲਹਿਰਾਉਂਦੇ ਹੋਏ ਕਿਹਾ। ਖ਼ਾਮੋਸ਼ …. ਯੇਗੋਰ ਨਿਲਿਚ ਦੀ ਅੱਖ ਲੱਗ ਗਈ ਹੈ ….”

ਯੇਗੋਰ ਨਿਲਿਚ, ਕੀ ਤੁਹਾਨੂੰ ਤੁਹਾਡਾ ਇਹ ਖ਼ਾਦਿਮ ਤੁਹਾਡੇ ਦੌਲਤਖ਼ਾਨੇ ਤੱਕ ਛੱਡ ਆਏ? ਬੇਲੇਬੋਖ਼ੀਨ ਨੇ ਕਰੋੜਪਤੀ ਦੇ ਕੰਨ ਦੇ ਨੇੜੇ ਝੁਕ ਕੇ ਪੁਛਿਆ।

ਪਿਆਤੀਗੋਰੋਵ ਨੇ ਆਪਣੇ ਬੁੱਲ੍ਹ ਇਵੇਂ ਫਰਕਾਏ ਜਿਵੇਂ ਗੱਲ੍ਹ ਤੋਂ ਕਿਸੇ ਮੱਖੀ ਨੂੰ ਉਡਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ।

ਕੀ ਤੁਹਾਨੂੰ ਤੁਹਾਡਾ ਇਹ ਖ਼ਾਦਿਮ ਤੁਹਾਡੇ ਦੌਲਤਖ਼ਾਨੇ ਤੱਕ ਛੱਡ ਆਏ? ਬੇਲੇਬੋਖ਼ੀਨ ਨੇ ਇੱਕ ਵਾਰ ਫਿਰ ਪੁੱਛਿਆ।

ਕੀ ਮੈਂ ਨੌਕਰਾਂ ਨੂੰ ਤੁਹਾਡੀ ਬੱਘੀ ਲਿਆਉਣ ਲਈ ਕਹਿ ਦੇਵਾਂ?”

ਪਰ ਕੌਣ.. ਕੀ? ਹਾਂ ਤਾਂ ਇਹ ਤੂੰ ਹੈਂ …ਕੀ ਗੱਲ ਹੈ?”

ਤੁਹਾਨੂੰ ਘਰ ਪੰਹੁਚਾਉਣਾ ਚਾਹੁੰਦਾ ਹਾਂ …ਤੁਹਾਡੇ ਆਰਾਮ ਦਾ ਵਕਤ ਹੋ ਰਿਹਾ ਹੈ ਨਾ …।”

ਘਰ.. ਹਾਂ, ਮੈਂ ਘਰ ਜਾਣਾ ਚਾਹੁੰਦਾ ਹਾਂ …ਮੈਨੂੰ ਘਰ ਲੈ ਚਲੋ!

ਬੇਲੇਬੋਖ਼ੀਨ ਦਾ ਚਿਹਰਾ ਚਮਕ ਉਠਿਆ ਅਤੇ ਉਹ ਸਹਾਰਾ ਦੇਕੇ ਪਿਆਤੀਗੋਰੋਵ ਨੂੰ ਖੜਾ ਕਰਨ ਲੱਗਿਆ। ਦੂਜੇ ਦਾਨਿਸ਼ਵਰ ਵੀ ਆਪਣੇ ਚੇਹਰਿਆਂ ਉੱਤੇ ਮੁਸਕੁਰਾਹਟਾਂ ਪਹਿਨਦੇ ਹੋਏ ਭੱਜੇ ਭੱਜੇ ਆਏ। ਸਭਨਾਂ ਨੇ ਮਿਲਕੇ ਉਸ ਖ਼ਾਨਦਾਨੀ ਰਈਸ ਨੂੰ ਮਸਾਂ ਖੜਾ ਕੀਤਾ ਅਤੇ ਅਤਿਅੰਤ ਸਾਵਧਾਨੀ ਨਾਲ ਸੰਭਾਲਦੇ ਹੋਏ ਉਸ ਨੂੰ ਬੱਘੀ ਦੇ ਕੋਲ ਲਿਆਏ।

ਸਿਰਫ ਕੋਈ ਕਲਾਕਾਰ, ਕੋਈ ਬਹੁਤ ਹੀ ਪ੍ਰਤਿਭਾਵਾਨ ਸ਼ਖਸ ਹੀ ਭਰੀ ਮਹਿਫ਼ਲ ਨੂੰ ਇਸ ਤਰ੍ਹਾਂ ਚਕਮਾ ਦੇ ਸਕਦਾ ਸੀ। ਜ਼ੇਸਤੀਆਕੋਵ ਨੇ ਕਰੋੜਪਤੀ ਨੂੰ ਬੱਘੀ ਉੱਤੇ ਚੜ੍ਹਾਉਂਦੇ ਹੋਏ ਬੜੇ ਖਿੜੇ ਹੋਏ ਲਹਿਜੇ ਵਿੱਚ ਕਿਹਾ। “ਮੇਰੀ ਹੈਰਾਨੀ ਦਾ ਆਲਮ ਨਾ ਪੁੱਛੋ, ਯੇਗੋਰ ਨਿਲਿਚ ਮੈਥੋਂ ਤਾਂ ਹੁਣ ਤੱਕ ਹਾਸੀ ਕਾਬੂ ਨਹੀਂ ਹੋ ਰਹੀ ਹੈ …ਹਾ …ਹਾ …ਅਤੇ ਅਸੀਂ ਸਭ ਦੇ ਸਭ ਕਿੰਨਾ ਭੜਕ ਉੱਠੇ ਸੀ, ਗੱਲ ਦਾ ਕਿਵੇਂ ਬਤੰਗੜ ਬਣਾਇਆ ਯਕੀਨ ਜਾਣੋ, ਮੈਂ ਤਾਂ ਕਦੇ ਥੀਏਟਰ ਵਿੱਚ ਵੀ ਇਵੇਂ ਜੀ ਖੋਲ੍ਹ ਕੇ ਨਹੀਂ ਹੱਸਿਆ ਸੀ। … ਹਾਸਰਸ ਦਾ ਅਥਾਹ ਸਾਗਰ। ਇਹ ਨਾਭੁੱਲਣਯੋਗ ਸ਼ਾਮ ਮੈਨੂੰ ਜ਼ਿੰਦਗੀ ਭਰ ਯਾਦ ਰਹੇਗੀ।”

ਪਿਆਤੀਗੋਰੋਵ ਨੂੰ ਭੇਜ ਦੇਣ ਦੇ ਬਾਅਦ ਦਾਨਿਸ਼ਵਰਾਂ ਨੇ ਸੁੱਖ ਦਾ ਸਾਹ ਲਿਆ ਅਤੇ ਪ੍ਰਸ਼ੰਨ ਹੋ ਗਏ।

ਓ ਜਨਾਬ, ਉਸ ਨੇ ਚਲਦੇ ਚਲਦੇ ਮੇਰੇ ਨਾਲ ਹਥ ਵੀ ਮਿਲਾਇਆ” ਜ਼ੇਸਤੀਆਕੋਵ ਨੇ ਬੜੇ ਫ਼ਖ਼ਰ ਨਾਲ ਕਿਹਾ। ”ਇਸ ਦਾ ਮਤਲਬ ਹੈ ਕਿ ਸਭ ਕੁੱਝ ਠੀਕ ਹੈ, ਉਹ ਨਾਰਾਜ਼ ਨਹੀਂ ਹੈ।”

ਸਾਨੂੰ ਉਮੀਦ ਤਾਂ ਇਹੀ ਕਰਨੀ ਚਾਹੀਦੀ ਹੈ! ਯੇਵਸਰਾਤ ਸਪਿਰੀਦੋਨਿਚ ਨੇ ਠੰਡੀ ਸਾਹ ਭਰੀ। ਉਹ ਤਾਂ ਬਦਮਾਸ਼ ਅਤੇ ਘਟੀਆ ਆਦਮੀ ਹੈ ਪਰ ਕੀਤਾ ਕੀ ਜਾਵੇ.. ਆਖ਼ਰ ਉਹ ਸਾਡਾ ਖ਼ੈਰ ਖ਼ਵਾਹ ਹੈ! …ਤੁਸੀਂ ਕੁਛ ਨਹੀਂ ਕਰ ਸਕਦੇ!