ਸਮੱਗਰੀ 'ਤੇ ਜਾਓ

ਅਨੁਵਾਦ:ਸ਼ੈਤਾਨ ਅਤੇ ਬਰੈੱਡ ਦਾ ਸੁੱਕਾ ਟੁਕੜਾ

ਵਿਕੀਸਰੋਤ ਤੋਂ
ਸ਼ੈਤਾਨ ਅਤੇ ਬਰੈੱਡ ਦਾ ਸੁੱਕਾ ਟੁਕੜਾ (1886)
 ਲਿਉ ਤਾਲਸਤਾਏ, translated by ਬਲਰਾਜ ‘ਧਾਰੀਵਾਲ’
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
44482ਸ਼ੈਤਾਨ ਅਤੇ ਬਰੈੱਡ ਦਾ ਸੁੱਕਾ ਟੁਕੜਾਬਲਰਾਜ ‘ਧਾਰੀਵਾਲ’ਲਿਉ ਤਾਲਸਤਾਏ

ਇਕ ਸਵੇਰ ਨੂੰ ਇਕ ਗਰੀਬ ਕਿਸਾਨ, ਬਰੈੱਡ ਦਾ ਇਕ ਸੁੱਕਾ ਜਿਹਾ ਟੁੱਕੜਾ ਨਾਸ਼ਤੇ ਵਾਸਤੇ ਆਪਣੇ ਨਾਲ ਲੈ ਕੇ ਖੇਤਾਂ ’ਚ ਕੰਮ ਕਰਨ ਲਈ ਚਲਾ ਗਿਆ। ਉਸ ਨੇ ਆਪਣਾ ਹਲ ਤਿਆਰ ਕੀਤਾ, ਬਰੈੱਡ ਦਾ ਟੁਕੜਾ ਆਪਣੇ ਕੋਟ ’ਚ ਲਪੇਟ ਕੇ ਝਾੜੀ ਦੇ ਥੱਲੇ ਰੱਖ ਦਿੱਤਾ ਤੇ ਆਪਣੇ ਕੰਮ ’ਤੇ ਲੱਗ ਪਿਆ। ਕੁਝ ਚਿਰ ਬਾਅਦ, ਜਦੋਂ ਉਸ ਦਾ ਘੋੜਾ ਥੱਕ ਗਿਆ ਤੇ ਉਸ ਨੂੰ ਆਪ ਨੂੰ ਵੀ ਭੁੱਖ ਲੱਗੀ ਤਾਂ ਉਸ ਨੇ ਆਪਣਾ ਹਲ ਰੋਕਿਆ, ਘੋੜੇ ਨੂੰ ਘਾਹ ਚਰਨ ਲਈ ਛੱਡ ਦਿੱਤਾ ਤੇ ਆਪ ਨਾਸ਼ਤੇ ਵਾਸਤੇ ਆਪਣੇ ਕੋਟ ਵੱਲ ਗਿਆ।

ਉਸ ਨੇ ਕੋਟ ਉਤਾਂਹ ਕੀਤਾ, ਪਰ ਉਸ ਵਿਚ ਬਰੈੱਡ ਦਾ ਟੁੱਕੜਾ ਨਹੀਂ ਸੀ। ਉਸ ਨੇ ਵਾਰ-ਵਾਰ ਦੇਖਿਆ, ਕੋਟ ਨੂੰ ਹੇਠਾਂ ਉੱਪਰ ਕੀਤਾ, ਹਿਲਾਇਆ ਜੁਲਾਇਆ, ਪਰ ਬਰੈੱਡ ਦਾ ਟੁੱਕੜਾ ਨਾ ਮਿਲਿਆ। ਇਸ ਗੱਲ ਦੀ ਸਮਝ ਕਿਸਾਨ ਨੂੰ ਉੱਕਾ ਹੀ ਨਾ ਲੱਗੀ ਕਿ ਉਸ ਦਾ ਬਰੈੱਡ ਦਾ ਟੁੱਕੜਾ ਕਿੱਧਰ ਚਲਾ ਗਿਆ।

ਉਹ ਸੋਚਣ ਲੱਗਾ, ‘ਕਿੰਨੀ ਅਜੀਬ ਗੱਲ ਹੈ, ਮੈਂ ਇੱਥੇ ਕਿਸੇ ਨੂੰ ਨਹੀਂ ਦੇਖਿਆ, ਪਰ ਤਾਂ ਵੀ ਇੱਥੇ ਕੋਈ ਆਇਆ ਹੈ, ਮੇਰਾ ਬਰੈੱਡ ਦਾ ਟੁੱਕੜਾ ਚੁਰਾ ਲੈ ਕੇ ਗਿਆ ਹੈ।’

ਦਰਅਸਲ ਜਦੋਂ ਕਿਸਾਨ ਹਲ ਚਲਾ ਰਿਹਾ ਸੀ ਤਾਂ ਉਸ ਪਲ ਉੱਥੇ ਇਕ ਸ਼ੈਤਾਨ (ਦੁਸ਼ਟ ਆਤਮਾ) ਝਾੜੀ ਦੇ ਓਹਲੇ ਬੈਠਾ ਹੋਇਆ ਸੀ ਅਤੇ ਉਸ ਨੇ ਹੀ ਉਸ ਦਾ ਬਰੈੱਡ ਦਾ ਟੁੱਕੜਾ ਚੁਰਾਇਆ ਸੀ ਅਤੇ ਹੁਣ ਸ਼ੈਤਾਨ ਇਸ ਗੱਲ ਦੀ ਉਡੀਕ ਕਰ ਰਿਹਾ ਸੀ ਕਿ ਕਿਸਾਨ ਇਸ ਚੋਰੀ ਕਰਨ ਵਾਲੇ ਨੂੰ ਗਾਲ੍ਹਾਂ ਕੱਢੇ ਤੇ ਮੁਖੀਏ ਨੂੰ ਇਸ ਗੱਲ ਦੀ ਸ਼ਿਕਾਇਤ ਕਰੇ।

ਕਿਸਾਨ ਨੂੰ ਆਪਣਾ ਨਾਸ਼ਤਾ ਗੁਆਉਣ ਦਾ ਬੜਾ ਦੁੱਖ ਸੀ ਪਰ ਉਸ ਨੇ ਕਿਹਾ, ‘‘ਹੁਣ ਕੁਝ ਨਹੀਂ ਹੋ ਸਕਦਾ। ਮੈਂ ਕਿਤੇ ਭੁੱਖ ਨਾਲ ਮਰ ਤਾਂ ਨਹੀਂ ਜਾਵਾਂਗਾ। ਇਸ ’ਚ ਕੋਈ ਸ਼ੱਕ ਨਹੀਂ ਕਿ ਜਿਸ ਨੇ ਵੀ ਇਹ ਬਰੈੱਡ ਦਾ ਟੁਕੜਾ ਚੁਰਾਇਆ ਹੈ, ਉਸ ਨੂੰ ਇਸ ਦੀ ਜ਼ਰੂਰਤ ਸੀ, ਰੱਬ ਉਸ ਦਾ ਭਲਾ ਕਰੇ।’’

ਅਤੇ ਉਸ ਨੇ ਖੂਹ ’ਤੇ ਜਾ ਕੇ ਪਾਣੀ ਪੀਤਾ ਤੇ ਕੁਝ ਚਿਰ ਆਰਾਮ ਕੀਤਾ। ਫੇਰ ਉਸ ਨੇ ਆਪਣੇ ਘੋੜੇ ਨੂੰ ਫੜਿਆ, ਉਸ ਨੂੰ ਖੇਤ ਵਾਹੁਣ ਲਈ ਤਿਆਰ ਕੀਤਾ ਤੇ ਫੇਰ ਖੇਤ ਵਾਹੁਣਾ ਸ਼ੁਰੂ ਕਰ ਦਿੱਤਾ। ਸ਼ੈਤਾਨ ਨੂੰ ਇਸ ਗੱਲ ’ਚ ਬੜੀ ਬੇਇੱਜ਼ਤੀ ਮਹਿਸੂਸ ਹੋਈ ਕਿ ਉਹ ਕਿਸਾਨ ਕੋਲੋਂ ਕੋਈ ਵੀ ਮਾੜਾ ਕੰਮ ਨਹੀਂ ਕਰਵਾ ਸਕਿਆ ਅਤੇ ਇਸ ਸਭ ਕੁਝ ਬਾਰੇ ਦੱਸਣ ਲਈ, ਉਹ ਆਪਣੇ ਮਾਲਕ, ਸ਼ੈਤਾਨਾਂ ਦੇ ਮੁਖੀਏ ਕੋਲ ਪਹੁੰਚ ਗਿਆ। ਉਹ ਮੁਖੀਏ ਕੋਲ ਆਇਆ ਅਤੇ ਉਸ ਨੂੰ ਦੇਖਿਆ ਕਿ ਕਿਵੇਂ ਉਸ ਨੇ ਕਿਸਾਨ ਦਾ ਬਰੈੱਡ ਦਾ ਟੁੱਕੜਾ ਲੈ ਲਿਆ ਸੀ ਤੇ ਕਿਸਾਨ ਉਸ ਨੂੰ (ਬਰੈੱਡ ਦਾ ਟੁੱਕੜਾ ਲੈਣ ਵਾਲੇ ਨੂੰ) ਕੋਈ ਸਰਾਪ ਦੇਣ ਦੀ ਬਜਾਏ ਉਸ ਦਾ ਭਲਾ ਸੋਚ ਰਿਹਾ ਸੀ।

ਮੁਖੀਏ ਨੂੰ ਬੜਾ ਗੁੱਸਾ ਚੜ੍ਹਿਆ ਤੇ ਉਸ ਨੇ ਜਵਾਬ ਦਿੱਤਾ, ‘‘ਜੇ ਕਿਸਾਨ ’ਤੇ ਤੇਰੇ ਇਸ ਕਾਰਨਾਮੇ ਦਾ ਕੋਈ ਅਸਰ ਨਹੀਂ ਹੋਇਆ ਤਾਂ ਇਹ ਤੇਰਾ ਹੀ ਕਸੂਰ ਹੈ-ਤੈਨੂੰ ਹੀ ਆਪਣਾ ਕੰਮ ਕਰਨ ਦੀ ਸਮਝ ਨਹੀਂ ਹੈ। ਜੇ ਕਿਸਾਨ ਤੇ ਉਨ੍ਹਾਂ ਦੇ ਟੱਬਰ ਇੰਜ ਕਰਨ ਲੱਗ ਪਏ ਤਾਂ ਇਹ ਸਾਨੂੰ ਕੁਝ ਨਹੀਂ ਸਮਝਣਗੇ। ਇਸ ਗੱਲ ਨੂੰ ਏਦਾਂ ਹੀ ਨਹੀਂ ਛੱਡਿਆ ਜਾ ਸਕਦਾ। ਜਲਦੀ ਨਾਲ ਵਾਪਸ ਜਾਹ ਤੇ ਸਭ ਕੁਝ ਚੱਜ ਨਾਲ ਕਰ। ਜੇ ਤਿੰਨ ਸਾਲਾਂ ਵਿਚ ਤੂੰ ਉਸ ਆਦਮੀ ਨੂੰ ਆਪਣੇ ਕਾਬੂ ’ਚ ਨਾ ਕਰ ਸਕਿਆ ਤਾਂ ਮੈਂ ਤੈਨੂੰ ਪਵਿੱਤਰ ਪਾਣੀ ’ਚ ਧੱਕਾ ਦੇ ਦਿਆਂਗਾ।’’

ਸ਼ੈਤਾਨ ਡਰ ਗਿਆ। ਉਹ ਤ੍ਰਹਿ ਕੇ ਜਲਦੀ ਨਾਲ ਧਰਤੀ ’ਤੇ ਵਾਪਸ ਆ ਗਿਆ ਤੇ ਆਪਣੀ ਗਲਤੀ ਨੂੰ ਸੁਧਾਰਨ ਬਾਰੇ ਸੋਚਣ ਲੱਗਾ। ਸੋਚਦਿਆਂ-ਸੋਚਦਿਆਂ ਉਸ ਨੂੰ ਇਕ ਤਰਕੀਬ ਸੁੱਝੀ।

ਉਸ ਨੇ ਕਾਮੇ ਦਾ ਰੂਪ ਧਾਰ ਲਿਆ ਤੇ ਗਰੀਬ ਕਿਸਾਨ ਦੇ ਨਾਲ ਕੰਮ ਕਰਾਉਣ ਲੱਗ ਪਿਆ। ਪਹਿਲੇ ਸਾਲ, ਉਸ ਨੇ ਕਿਸਾਨ ਨੂੰ ਸਿੱਲੀ ਥਾਂ ’ਤੇ ਫਸਲ ਬੀਜਣ ਲਈ ਕਿਹਾ। ਕਿਸਾਨ ਨੇ ਉਸ ਦੀ ਗੱਲ ਮੰਨੀ ਤੇ ਸਿੱਲੀ ਥਾਂ ’ਤੇ ਫਸਲ ਬੀਜ ਦਿੱਤੀ। ਸਾਰਾ ਸਾਲ ਮੀਂਹ ਨਾ ਪਿਆ ਤੇ ਸਾਰੇ ਕਿਸਾਨਾਂ ਦੀਆਂ ਫਸਲਾਂ ਸੂਰਜ ਦੀ ਗਰਮੀ ਨਾਲ ਸੜ ਗਈਆਂ ਪਰ ਗਰੀਬ ਕਿਸਾਨ ਦੀ ਕਣਕ ਦੀ ਫਸਲ ਬੜੀ ਸੰਘਣੀ, ਲੰਮੀ ਤੇ ਦਾਣਿਆਂ ਨਾਲ ਭਰੇ ਹੋਏ ਸਿੱਟਿਆਂ ਵਾਲੀ ਹੋਈ।

ਸਾਰਾ ਸਾਲ ਵਰਤ ਕੇ ਵੀ ਉਨ੍ਹਾਂ ਦੀ ਫਸਲ ਦੇ ਦਾਣੇ ਉਨ੍ਹਾਂ ਲਈ ਵਾਧੂ ਸਨ। ਅਗਲੇ ਸਾਲ, ਸ਼ੈਤਾਨ ਨੇ ਕਿਸਾਨ ਨੂੰ ਪਹਾੜੀ ਉੱਪਰ ਫਸਲ ਬੀਜਣ ਦੀ ਸਲਾਹ ਦਿੱਤੀ ਅਤੇ ਉਦੋਂ ਸਾਰੀਆਂ ਗਰਮੀਆਂ ਮੀਂਹ ਪੈਂਦਾ ਰਿਹਾ। ਹੋਰ ਲੋਕਾਂ ਦੀ ਫਸਲ ਥੱਲੇ ਵਿੱਛ ਗਈ ਅਤੇ ਖਰਾਬ ਹੋ ਗਈ ਤੇ ਸਿੱਟੇ ਵੀ ਦਾਣਿਆਂ ਤੋਂ ਖਾਲੀ ਰਹੇ ਪਰ ਕਿਸਾਨ ਦੀ ਫਸਲ ਜੋ ਕਿ ਪਹਾੜੀ ’ਤੇ ਉੱਗੀ ਸੀ, ਉਹ ਭਰਵੀਂ ਹੋਈ। ਉਸ ਕੋਲ ਪਿਛਲੇ ਸਾਲ ਨਾਲੋਂ ਵੀ ਜ਼ਿਆਦਾ ਦਾਣੇ ਹੋ ਗਏ, ਇਸ ਲਈ ਉਸ ਨੂੰ ਪਤਾ ਨਹੀਂ ਸੀ ਲੱਗਦਾ ਕਿ ਉਹ ਵਾਧੂ ਦਾਣਿਆਂ ਦਾ ਕੀ ਕਰੇ।

ਫੇਰ ਸ਼ੈਤਾਨ ਨੇ ਕਿਸਾਨ ਨੂੰ ਦਾਣਿਆਂ ਨੂੰ ਫੇਹ ਕੇ, ਉਸ ਤੋਂ ਸ਼ਰਾਬ ਬਣਾਉਣ ਦਾ ਤਰੀਕਾ ਦੱਸਿਆ। ਕਿਸਾਨ ਨੇ ਬੜੀ ਤੇਜ਼ ਸ਼ਰਾਬ ਬਣਾਈ ਤੇ ਆਪ ਵੀ ਪੀਣੀ ਸ਼ੁਰੂ ਕਰ ਦਿੱਤੀ ਤੇ ਆਪਣੀ ਦੋਸਤਾਂ ਨੂੰ ਵੀ ਪਿਆਉਣ ਲੱਗਾ। ਸੋ, ਸ਼ੈਤਾਨ, ਆਪਣੇ ਮਾਲਕ, ਭਾਵ ਸ਼ੈਤਾਨਾਂ ਦੇ ਮੁਖੀਏ ਕੋਲ ਗਿਆ ਤੇ ਬੜੇ ਮਾਣ ਨਾਲ ਉਸ ਨੂੰ ਦੱਸਿਆ ਕਿ ਉਸ ਨੇ ਆਪਣੀ ਹਾਰ ਦਾ ਬਦਲਾ ਲੈ ਲਿਆ ਹੈ। ਮੁਖੀਏ ਨੇ ਕਿਹਾ ਕਿ ਉਹ ਆਪ ਆ ਕੇ ਆਪਣੀ ਅੱਖੀਂ ਸਾਰਾ ਮਾਮਲਾ ਦੇਖੇਗਾ।

ਉਹ (ਮੁਖੀਆ) ਸ਼ੈਤਾਨ ਦੇ ਘਰ ਆਇਆ ਤੇ ਦੇਖਿਆ ਕਿ ਕਿਸਾਨ ਨੇ ਆਪਣੇ ਅਮੀਰ ਗੁਆਂਢੀਆਂ ਨੂੰ ਆਪਣੇ ਘਰ ਬੁਲਾਇਆ ਹੋਇਆ ਸੀ ਤੇ ਉਨ੍ਹਾਂ ਨੂੰ ਸ਼ਰਾਬ ਪਿਲਾ ਰਿਹਾ ਸੀ। ਉਸ ਦੀ ਪਤਨੀ ਜੋ ਕਿ ਪ੍ਰਾਹੁਣਿਆਂ ਨੂੰ ਸ਼ਰਾਬ ਵਰਤਾ ਰਹੀ ਸੀ, ਉਸ ਨੂੰ ਮੇਜ਼ ਨਾਲ ਠੇਢਾ ਲੱਗਣ ਕਾਰਨ ਸ਼ਰਾਬ ਦਾ ਇਕ ਗਿਲਾਸ ਡੁੱਲ੍ਹ ਗਿਆ।

ਕਿਸਾਨ ਗੁੱਸੇ ’ਚ ਆ ਕੇ ਆਪਣੀ ਪਤਨੀ ਨੂੰ ਝਿੜਕਣ ਲੱਗਾ, ‘‘ਤੂੰ ਆਪਣੇ ਆਪ ਨੂੰ ਕੀ ਸਮਝਦੀ ਏਂ? ਕੀ ਤੂੰ ਲੰਗੜੀ ਲੂਲ੍ਹੀ ਔਰਤ ਏਂ? ਕੀ ਤੂੰ ਸਮਝਦੀ ਏਂ ਕਿ ਇਹ ਮਾਮੂਲੀ ਪਾਣੀ ਏ, ਜੋ ਤੂੰ ਇਸ ਏਡੀ ਵਧੀਆ ਚੀਜ਼ ਨੂੰ ਫਰਸ਼ ਉਪਰ ਡੋਲ੍ਹੀ ਜਾ ਰਹੀ ਏਂ?

ਸ਼ੈਤਾਨ ਨੇ ਆਪਣੇ ਮਾਲਕ, ਸ਼ੈਤਾਨਾਂ ਦੇ ਮੁਖੀਏ ਨੂੰ ਆਪਣੀ ਕੂਹਣੀ ਨਾਲ ਹਿਲਾਇਆ ਤੇ ਕਿਹਾ, ‘‘ਦੇਖੋ, ਇਹ ਉਹੋ ਆਦਮੀ ਜੇ, ਜਿਸ ਨੂੰ ਆਪਣੀ ਬਰੈੱਡ ਦਾ ਇਕ ਸੁੱਕਾ ਹੋਇਆ ਟੁੱਕੜਾ ਗੁਆਚਣ ’ਤੇ ਕੋਈ ਗੁੱਸਾ ਨਹੀਂ ਸੀ ਆਇਆ।’’

ਕਿਸਾਨ, ਜੋ ਕਿ ਹਾਲੀਂ ਵੀ ਆਪਣੀ ਪਤਨੀ ਨੂੰ ਗੁੱਸੇ ਹੋ ਰਿਹਾ ਸੀ, ਉਸ ਨੇ ਆਪ ਹੀ ਸ਼ਰਾਬ ਵਰਤਾਉਣੀ ਸ਼ੁਰੂ ਕਰ ਦਿੱਤੀ। ਏਨੇ ਨੂੰ ਇਕ ਗਰੀਬ ਕਿਸਾਨ, ਜੋ ਆਪਣੇ ਕੰਮ ਤੋਂ ਵਾਪਸ ਮੁੜ ਰਿਹਾ ਸੀ, ਬਿਨਾਂ ਸੱਦੇ ਤੋਂ ਹੀ ਅੰਦਰ ਆ ਗਿਆ। ਉਸ ਨੇ ਸਾਰਿਆਂ ਨੂੰ ਦੁਆ ਸਲਾਮ ਕੀਤੀ, ਉੱਥੇ ਬੈਠ ਗਿਆ ਤੇ ਦੇਖਿਆ ਕਿ ਉਹ ਸਾਰੇ ਪੀ ਰਹੇ ਸਨ। ਉਹ ਦਿਨ ਭਰ ਦੇ ਕੰਮਾਂ ਨਾਲ ਥੱਕਿਆ ਹੋਇਆ ਸੀ ਤੇ ਉਸ ਦਾ ਜੀਅ ਵੀ ਘੁੱਟ ਪੀਣ ਨੂੰ ਕਰ ਆਇਆ। ਉਹ ਬੈਠਾ ਰਿਹਾ ਤੇ ਉਸ ਦੇ ਮੂੰਹ ’ਚ ਪਾਣੀ ਆ ਗਿਆ। ਪਰ ਮੇਜ਼ਬਾਨ ਨੇ ਉਸ ਨੂੰ ਪੀਣ ਨੂੰ ਤਾਂ ਕੀ ਦੇਣੀ ਸੀ, ਸਗੋਂ ਬੁੜਬੁੜਾਇਆ, ‘‘ਮੈਂ ਇੱਥੇ ਹਰ ਐਰੇ-ਗੈਰੇ ਲਈ ਸ਼ਰਾਬ ਦਾ ਪ੍ਰਬੰਧ ਨਹੀਂ ਕਰ ਸਕਦਾ।’’

ਇਸ ’ਤੇ ਮੁਖੀਆ ਬੜਾ ਖੁਸ਼ ਹੋਇਆ, ਪਰ ਸ਼ੈਤਾਨ ਹੌਲੀ ਜਿਹੀ ਹੱਸਿਆ ਤੇ ਕਹਿਣ ਲੱਗਾ, ‘‘ਥੋੜ੍ਹੀ ਦੇਰ ਰੁਕੋ, ਹਾਲੀਂ ਹੋਰ ਬਹੁਤ ਕੁਝ ਦੇਖੋਗੇ।’’

ਅਮੀਰ ਕਿਸਾਨਾਂ ਨੇ ਵੀ ਤੇ ਮੇਜ਼ਬਾਨ ਨੇ ਵੀ ਪੀ ਲਈ ਸੀ ਅਤੇ ਫਿਰ ਉਨ੍ਹਾਂ ਨੇ ਝੂਠੀਆਂ ਤੇ ਇਕ ਦੂਜੇ ਨੂੰ ਫੂਕ ਛਕਾਉਣ ਵਾਲੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ।

ਮੁਖੀਆ ਸੁਣਦਾ ਗਿਆ ਤੇ ਸ਼ੈਤਾਨ ਦੀ ਪ੍ਰਸੰਸਾ ਕਰਨ ਲੱਗਾ। ਉਹ ਕਹਿਣ ਲੱਗਾ, ‘‘ਜੇ ਸ਼ਰਾਬ, ਇਨ੍ਹਾਂ ਨੂੰ ਏਨੇ ਖਚਰੇ ਬਣਾ ਦਿੰਦੀ ਹੈ ਕਿ ਉਹ ਇਕ-ਦੂਜੇ ਨੂੰ ਧੋਖਾ ਦੇਣ ਲੱਗ ਪੈਂਦੇ ਹਨ, ਤਾਂ ਛੇਤੀ ਹੀ ਅਸੀਂ ਸਫਲ ਹੋ ਜਾਵਾਂਗੇ।’’ ਸ਼ੈਤਾਨ ਨੇ ਕਿਹਾ, ‘‘ਹੁਣੇ ਦੇਖਿਓ, ਕੀ ਹੋਵੇਗਾ। ਉਨ੍ਹਾਂ ਨੂੰ ਸ਼ਰਾਬ ਦਾ ਇਕ ਦੌਰ ਹੋਰ ਲਾ ਲੈਣ ਦਿਓ। ਹੁਣ ਉਹ ਲੂੰਬੜ ਚਾਲਾਂ ਨਾਲ ਇਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਹੁਣੇ ਤੁਸੀਂ ਦੇਖੋਗੇ ਕਿ ਇਨ੍ਹਾਂ ਦਾ ਵਰਤਾਰਾ ਜ਼ਾਲਮ ਬਘਿਆੜਾਂ ਵਰਗਾ ਹੋ ਜਾਵੇਗਾ।’’

ਕਿਸਾਨਾਂ ਨੇ ਇਕ-ਇਕ ਗਲਾਸ ਹੋਰ ਪੀਤਾ ਤੇ ਉਨ੍ਹਾਂ ਦਾ ਵਤੀਰਾ ਹੋਰ ਵੀ ਜੰਗਲੀ ਤੇ ਮਾੜਾ ਹੋ ਗਿਆ। ਹੁਣ ਉਹ ਇਕ-ਦੂਜੇ ਦੀ ਝੂਠੀ ਤਾਰੀਫ ਕਰਨ ਦੀ ਬਜਾਏ, ਇਕ-ਦੂਜੇ ਨੂੰ ਗਾਲ੍ਹਾਂ ਕੱਢਣ ਲੱਗ ਪਏ ਤੇ ਧਮਕਾਉਣ ਲੱਗ ਪਏ। ਛੇਤੀ ਹੀ ਉਹ ਲੜਨ ਲੱਗ ਪਏ ਤੇ ਹੱਥੋਪਾਈ ਹੋ ਪਏ। ਮੇਜ਼ਬਾਨ ਵੀ ਲੜਾਈ ’ਚ ਸ਼ਾਮਲ ਹੋ ਗਿਆ ਤੇ ਉਸ ਨੂੰ ਵੀ ਖੂਬ ਕੁਟਾਪਾ ਚਾੜ੍ਹਿਆ ਗਿਆ।

ਮੁਖੀਆ ਇਹ ਸਭ ਦੇਖ ਕੇ ਬਹੁਤ ਖੁਸ਼ ਹੋਇਆ। ਉਸ ਨੇ ਕਿਹਾ, ‘‘ਇਹ ਬੜੀ ਵਧੀਆ ਗੱਲ ਏ।’’ ਪਰ ਸ਼ੈਤਾਨ ਨੇ ਜਵਾਬ ’ਚ ਕਿਹਾ, ‘‘ਹਾਲੀਂ ਕੁਝ ਚਿਰ ਉਡੀਕੋ ਸਭ ਤੋਂ ਵਧੀਆ ਗੱਲ ਤਾਂ ਹਾਲੀਂ ਹੋਣੀ ਹੈ। ਇਨ੍ਹਾਂ ਨੂੰ ਤੀਸਰਾ ਗਿਲਾਸ ਵੀ ਪੀ ਲੈਣ ਦਿਉ। ਹਾਲੀਂ ਤਾਂ ਇਹ ਬਘਿਆੜਾਂ ਵਾਂਗ ਲੜ ਰਹੇ ਹਨ, ਪਰ ਇਕ ਇਕ ਗਿਲਾਸ ਹੋਰ ਪੀਣ ਤੋਂ ਬਾਅਦ ਇਹ ਜੰਗਲੀ ਸੂਰਾਂ ਵਾਂਗ ਲੜਨਗੇ।’’

ਕਿਸਾਨਾਂ ਨੇ ਤੀਸਰਾ ਗਿਲਾਸ ਵੀ ਪੀ ਲਿਆ ਤੇ ਬਿਲਕੁਲ ਨਿਰਦਈ ਬਣ ਗਏ। ਉਹ ਬਿਨਾਂ ਕਿਸੇ ਦੀ ਕੋਈ ਗੱਲ ਸੁਣਨ ਤੋਂ ਬੁੜਬੁੜਾਉਣ ਲੱਗੇ ਤੇ ਇਕ-ਦੂਜੇ ’ਤੇ ਚੀਕਣ ਲੱਗੇ। ਫੇਰ ਪਾਰਟੀ ਖਿੰਡ-ਪੁੰਡ ਗਈ ਤੇ ਕਈ ਜਣੇ ਇਕੱਲੇ-ਇਕੱਲੇ, ਕਈ ਦੋ-ਦੋ ਤੇ ਕਈ ਤਿੰਨ-ਤਿੰਨ ਦੇ ਗੁੱਟਾਂ ਵਿਚ ਗਲੀ ਵਿਚ ਡਗਮਗਾਉਣ ਲੱਗੇ।

ਮੇਜ਼ਬਾਨ ਵੀ ਆਪਣੇ ਪ੍ਰਾਹੁਣਿਆਂ ਨੂੰ ਛੱਡਣ ਲਈ ਤੇਜ਼ੀ ਨਾਲ ਬਾਹਰ ਆਇਆ ਪਰ ਉਹ ਮੂੰਹ ਪਰਨੇ ਗੰਦੇ ਪਾਣੀ ਵਾਲੇ ਟੋਏ ’ਚ ਡਿੱਗ ਪਿਆ ਤੇ ਸਿਰ ਤੋਂ ਮੂੰਹ ਤਕ ਲਿਬੜ ਗਿਆ ਤੇ ਉੱਥੇ ਹੀ ਸੂਰ ਵਾਂਗ ਘੁਰ-ਘੁਰ ਕਰਦਿਆਂ ਡਿੱਗ ਪਿਆ।

ਇਹ ਦੇਖ ਕੇ ਸ਼ੈਤਾਨਾਂ ਦਾ ਮੁਖੀ ਹੋਰ ਵੀ ਖੁਸ਼ ਹੋਇਆ। ਉਹ ਕਹਿਣ ਲੱਗਾ, ‘‘ਠੀਕ ਹੈ, ਤੂੰ ਉੱਤਮ ਦਰਜੇ ਦੀ ਸ਼ਰਾਬ ਬਣਵਾਉਣ ’ਚ ਸਫਲ ਰਿਹਾ ਹੈ ਅਤੇ ਆਪਣੀ ਬਰੈੱਡ ਵਾਲੀ ਗਲਤੀ ਦਾ ਬਦਲਾ ਲੈ ਲਿਆ ਹੈ। ਪਰ ਹੁਣ ਤੂੰ ਮੈਨੂੰ ਇਹ ਦੱਸ ਕੇ ਇਹ ਸ਼ਰਾਬ ਤੂੰ ਬਣਾਈ ਕਿਵੇਂ? ਤੂੰ ਜ਼ਰੂਰ ਹੀ ਪਹਿਲਾਂ ਲੂੰਬੜ ਦਾ ਲਹੂ ਲਿਆ ਹੋਵੇਗਾ ਤੇ ਇਸ ਨੇ ਕਿਸਾਨਾਂ ਨੂੰ ਲੂੰਬੜਾਂ ਵਾਂਗ ਹੀ ਚਾਲਬਾਜ਼ ਬਣਾ ਦਿੱਤਾ ਹੋਵੇਗਾ। ਫੇਰ, ਮੇਰਾ ਖਿਆਲ ਹੈ ਕਿ ਤੂੰ ਇਸ ’ਚ ਬਘਿਆੜਾਂ ਦਾ ਲਹੂ ਮਿਲਾਇਆ ਹੋਵੇਗਾ, ਜਿਸ ਨੇ ਇਨ੍ਹਾਂ ਨੂੰ ਬਘਿਆੜਾਂ ਵਰਗੇ ਭਿਅੰਕਰ ਬਣਾ ਦਿੱਤਾ ਹੋਵੇਗਾ। ਅੰਤ ਵਿਚ ਤੂੰ ਜੰਗਲੀ ਸੂਰਾਂ ਦਾ ਖੂਨ ਇਸ ’ਚ ਮਿਲਾਇਆ ਹੋਵੇਗਾ, ਜਿਸ ਕਾਰਨ ਇਨ੍ਹਾਂ ਦਾ ਵਤੀਰਾ ਉਨ੍ਹਾਂ ਜੰਗਲੀ ਸੂਰਾਂ ਵਰਗਾ ਹੋ ਗਿਆ ਹੋਵੇਗਾ।’’

ਸ਼ੈਤਾਨ ਕਹਿਣ ਲੱਗਾ, ‘‘ਨਹੀਂ, ਏਸ ਤਰ੍ਹਾਂ ਦਾ ਮੈਂ ਕੁਝ ਵੀ ਨਹੀਂ ਕੀਤਾ। ਮੈਂ ਤਾਂ ਇਹ ਦੇਖਿਆ ਕਿ ਕਿਸਾਨ ਕੋਲ ਦਾਣੇ ਉਸ ਦੀ ਜ਼ਰੂਰਤ ਤੋਂ ਵੱਧ ਹੋ ਗਏ ਸਨ। ਆਦਮੀ ਵਿਚ ਹਮੇਸ਼ਾ ਹੀ ਜੰਗਲੀ ਜਾਨਵਰਾਂ ਵਾਲਾ ਖੂਨ ਦੌੜਦਾ ਹੈ ਪਰ ਜਿੰਨਾ ਚਿਰ ਤਕ ਉਸ ਕੋਲ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਦਾਣੇ ਹੁੰਦੇ ਹਨ, ਇਹ ਖੂਨ ਆਪਣੀਆਂ ਹੱਦਾਂ ਵਿਚ ਹੀ ਰਹਿੰਦਾ ਹੈ। ਜਦੋਂ ਤਕ ਕਿਸਾਨ ਕੋਲ ਵੀ ਗੁਜ਼ਾਰੇ ਜੋਗੇ ਦਾਣੇ ਸਨ, ਉਸ ਨੇ ਬਰੈੱਡ ਦਾ ਟੁਕੜਾ ਗੁਆਚਣ ’ਤੇ ਵੀ ਕੋਈ ਗੁੱਸਾ ਨਹੀਂ ਸੀ ਕੀਤਾ। ਪਰ ਜਦੋਂ ਉਸ ਕੋਲ ਦਾਣੇ ਵਾਧੂ ਬਚ ਗਏ ਉਹ ਇਨ੍ਹਾਂ ਤੋਂ ਆਨੰਦ ਲੈਣ ਲਈ ਤਰੀਕੇ ਲੱਭਣ ਲੱਗਾ ਤੇ ਮੈਂ ਉਸ ਨੂੰ ਪੀਣ ਦਾ ਆਨੰਦ ਦਿਖਾਇਆ ਅਤੇ ਜਦੋਂ ਉਸ ਨੇ ਆਪਣੇ ਆਨੰਦ ਲਈ ਪਰਮਾਤਮਾ ਦੇ ਦਿੱਤੇ ਹੋਏ ਤੋਹਫਿਆਂ ਤੋਂ ਸ਼ਰਾਬ ਬਣਾਉਣੀ ਸ਼ੁਰੂ ਕਰ ਦਿੱਤੀ ਤਾਂ ਉਸ ਦੇ ਧੁਰ ਅੰਦਰੋਂ, ਲੂੰਬੜ ਦਾ, ਬਘਿਆੜ ਦਾ ਤੇ ਜੰਗਲੀ ਸੂਰ ਦਾ ਲਹੂ ਬਾਹਰ ਆ ਗਿਆ। ਜੇ ਹੁਣ ਇਵੇਂ ਸ਼ਰਾਬ ਪੀਂਦਾ ਗਿਆ ਤਾਂ ਉਹ ਹਮੇਸ਼ਾ ਜੰਗਲੀ ਜਾਨਵਰ ਹੀ ਬਣਿਆ ਰਹੇਗਾ।’’

ਸ਼ੈਤਾਨਾਂ ਦੇ ਮੁਖੀਏ ਨੇ ਸ਼ੈਤਾਨ ਦੀ ਪ੍ਰਸੰਸਾ ਕੀਤੀ, ਉਸ ਦੀ ਪੁਰਾਣੀ ਬੱਜਰ ਗਲਤੀ ਲਈ ਉਸ ਨੂੰ ਮੁਆਫ ਕਰ ਦਿੱਤਾ ਤੇ ਉਸ ਨੂੰ ਹੋਰ ਉੱਚਾ ਅਹੁਦਾ ਦੇ ਦਿੱਤਾ।