ਅਨੁਵਾਦ:ਸੁਖਾਂਤ

ਵਿਕੀਸਰੋਤ ਤੋਂ

ਹੈੱਡ ਗਾਰਡ ਨਿਕੋਲਾਈ ਨਿਕੋਲਾਏਵਿਚ ਸਟਿਚਕਿਨ ਨੇ ਛੁੱਟੀ ਵਾਲੇ ਇੱਕ ਦਿਨ ਲਿਊਬੋਵ ਗਰਿਗੋਰੀਏਵਨਾ ਨਾਮ ਦੀ ਖ਼ਾਸ ਔਰਤ ਨੂੰ ਇੱਕ ਜ਼ਰੂਰੀ ਗੱਲ ਕਰਨ ਲਈ ਆਪਣੇ ਘਰ ਬੁਲਾਇਆ। ਲਿਊਬੋਵ ਗਰਿਗੋਰੀਏਵਨਾ ਚਾਲ੍ਹੀਆਂ ਦੇ ਨੇੜੇ ਤੇੜੇ ਪ੍ਰਭਾਵਸ਼ਾਲੀ ਅਤੇ ਦਲੇਰ ਔਰਤ ਸੀ, ਜੋ ਲੋਕਾਂ ਦੀ ਸ਼ਾਦੀਆਂ ਦੇ ਇਲਾਵਾ ਅਜਿਹੇ ਸਾਰੇ ਜ਼ਰੂਰੀ ਬੰਦੋਬਸਤ ਕਰਾਉਣ ਵਿੱਚ ਵਿਚੋਲਗਿਰੀ ਕਰਦੀ ਸੀ, ਜਿਨ੍ਹਾਂ ਦੀ ਚਰਚਾ ਸੰਸਕਾਰੀ ਸਮਾਜ ਵਿੱਚ ਸਿਰਫ਼ ਘੁਸਰ ਮੁਸਰ ਵਿੱਚ ਕੀਤੀ ਜਾਂਦੀ ਹੈ। ਹਮੇਸ਼ਾ ਵਿਚਾਰਾਂ ਵਿੱਚ ਗੁੰਮ, ਗੰਭੀਰ ਅਤੇ ਹਾਸੇ ਠੱਠੇ ਤੋਂ ਕੋਹਾਂ ਦੂਰ ਰਹਿਣ ਵਾਲਾ ਸਟਿਚਕਿਨ, ਕੁੱਝ ਕੁੱਝ ਸ਼ਰਮਾਉਂਦਾ ਜਿਹਾ, ਆਪਣਾ ਸਿਗਾਰ ਜਲਾਉਂਦੇ ਹੋਏ ਕਹਿਣ ਲਗਾ:

"ਤੁਹਾਨੂੰ ਮਿਲਕੇ ਮੈਨੂੰ ਖੁਸ਼ੀ ਹੋਈ। ਸਿਮੋਨ ਇਵਾਨੋਵਿਚ ਨੇ ਮੈਨੂੰ ਦੱਸਿਆ ਸੀ ਕਿ ਤੁਸੀਂ ਕੁੱਝ ਅਜਿਹੇ ਵਿਸ਼ੇਸ਼ ਅਤੇ ਅਹਿਮ ਮਸਲਿਆਂ ਸੰਬੰਧੀ ਮੇਰੀ ਮਦਦ ਕਰ ਸਕਦੇ ਹੋ, ਜਿਨ੍ਹਾਂ ਦਾ ਸਿੱਧਾ ਸੰਬੰਧ ਮੇਰੀ ਜ਼ਿੰਦਗੀ ਦੀਆਂ ਨਿਜੀ ਸੁਖ ਸਹੂਲਤਾਂ ਨਾਲ ਹੈ। ਲਿਊਬੋਵ ਗਰਿਗੋਰੀਏਵਨਾ, ਤੁਸੀਂ ਵੇਖ ਹੀ ਰਹੇ ਹੋ ਕਿ ਮੈਂ ਪਹਿਲਾਂ ਹੀ ਬਵੰਜਾ ਦੀ ਉਮਰ ਪਾਰ ਕਰ ਚੁੱਕਿਆ ਹਾਂ, ਇੱਕ ਅਜਿਹੀ ਉਮਰ ਜਿਸ ਵਿੱਚ ਬਹੁਤਿਆਂ ਦੀ ਔਲਾਦ ਵੀ ਭਰ ਜਵਾਨ ਹੋ ਚੁੱਕੀ ਹੁੰਦੀ ਹੈ। ਮੈਂ ਇੱਕ ਚੰਗੇ ਅਹੁਦੇ ਉੱਤੇ ਕੰਮ ਕਰਦਾ ਹਾਂ। ਹਾਲਾਂਕਿ ਮੇਰੇ ਕੋਲ ਬਹੁਤ ਜ਼ਿਆਦਾ ਜਾਇਦਾਦ ਨਹੀਂ ਹੈ, ਲੇਕਿਨ ਫਿਰ ਵੀ ਮੈਂ ਇੱਕ ਪ੍ਰੇਮਿਕਾ, ਪਤਨੀ ਜਾਂ ਬੱਚਿਆਂ ਦੀ ਪਰਵਰਿਸ਼ ਕਰ ਸਕਦਾ ਹਾਂ। ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਤਨਖ਼ਾਹ ਦੇ ਇਲਾਵਾ ਮੇਰੇ ਕੁੱਝ ਪੈਸੇ ਬੈਂਕ ਵਿੱਚ ਵੀ ਹਨ, ਜਿਨ੍ਹਾਂ ਨੂੰ ਮੈਂ ਆਪਣੀ ਸਿੱਧੀ ਸਾਦੀ ਅਤੇ ਈਮਾਨਦਾਰ ਜ਼ਿੰਦਗੀ ਜੀਂਦੇ ਹੋਏ ਬਚਾ ਰੱਖਿਆ ਸੀ। ਮੈਂ ਇੱਕ ਗੰਭੀਰ ਅਤੇ ਸੰਜਮੀ ਇਨਸਾਨ ਹਾਂ, ਅਤੇ ਇੱਕ ਸਨਮਾਨਜਨਕ ਅਤੇ ਜਬਤ ਵਾਲੀ ਜ਼ਿੰਦਗੀ ਜੀ ਰਿਹਾ ਹਾਂ, ਜੋ ਕਿ ਹੋਰਾਂ ਲਈ ਇੱਕ ਮਿਸਾਲ ਵੀ ਹੋ ਸਕਦੀ ਹੈ। ਅੱਜ ਜੋ ਚੀਜ਼ ਮੇਰੇ ਕੋਲ ਨਹੀਂ ਹੈ, ਉਹ ਹੈ ਇੱਕ ਘਰੇਲੂ ਜੀਵਨ ਦਾ ਨਿੱਘ ਅਤੇ ਆਪਣੀ ਪਤਨੀ। ਮੇਰੀ ਹਾਲਤ ਦਰ ਦਰ ਭਟਕਦੇ ਮੇਗਿਆਰਾਂ (ਹੰਗਰੀ ਵਾਸੀ ਇੱਕ ਕਬੀਲੇ ਦੇ ਲੋਕ) ਵਰਗੀ ਹੈ, ਜਾਂ ਫਿਰ ਐਸੇ ਕਿਸੇ ਇਨਸਾਨ ਵਰਗੀ, ਜੋ ਬਿਨਾਂ ਕਿਸੇ ਸੁਖ ਦੇ ਜੀਵਨ ਕੱਟਦਾ ਹੋਇਆ, ਕਿਸੇ ਵੀ ਅਜਿਹੇ ਸ਼ਖਸ ਕੋਲੋਂ ਦੂਰ ਰਹਿੰਦਾ ਹੈ ਜਿਸਦੇ ਨਾਲ ਉਹ ਆਪਣਾ ਦੁੱਖ ਵੰਡਾ ਸਕੇ; ਬੀਮਾਰ ਹੋਣ ਉੱਤੇ ਇੱਕ ਗਲਾਸ ਪਾਣੀ ਮੰਗ ਸਕੇ। ਇਸ ਤੋਂ ਵੀ ਅਗਲੀ ਗੱਲ, ਲਿਊਬੋਵ ਗਰਿਗੋਰੀਏਵਨਾ, ਮੇਰੀ ਇਸ ਤਰ੍ਹਾਂ ਦੀ ਤਾਂਘ ਦੀ ਇੱਕ ਹੋਰ ਵਜ੍ਹਾ ਇਹ ਹੈ ਕਿ ਸ਼ਾਦੀਸ਼ੁਦਾ ਇਨਸਾਨ ਕਿਸੇ ਗੈਰ ਸ਼ਾਦੀਸ਼ੁਦਾ ਦੇ ਮੁਕਾਬਲੇ ਸਮਾਜ ਵਿੱਚ ਜ਼ਿਆਦਾ ਕਦਰ ਦਾ ਹੱਕਦਾਰ ਹੁੰਦਾ ਹੈ। ਮੈਂ ਪੜ੍ਹੇ ਲਿਖੇ ਤਬਕੇ ਨਾਲ ਬਾਵਸਤਾ ਹਾਂ, ਮੇਰੇ ਕੋਲ ਪੈਸੇ ਹਨ, ਲੇਕਿਨ ਜੇਕਰ ਤੁਸੀਂ ਦੂਜੇ ਨਜ਼ਰੀਏ ਤੋਂ ਵੇਖੋ, ਤਾਂ ਇਸ ਸਭ ਦੇ ਬਾਵਜੂਦ, ਮੈਂ ਹਾਂ ਹੀ ਕੀ? ਜਿਸਦਾ ਕੋਈ ਆਪਣਾ ਨਹੀਂ, ਛੜਾ ਛੜਾਂਗ, ਕੋਈ ਘਰਬਾਰ ਨਹੀਂ, ਸਨਿਆਸੀ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਮੈਂ ਕਿਸੇ ਲਾਇਕ ਔਰਤ ਨਾਲ ਸ਼ਾਦੀ ਰਚਾਉਣ ਦੀ ਆਪਣੀ ਦਿਲੀ ਖਾਹਸ਼ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ।"

"ਵਧੀਆ ਗੱਲ ਹੈ।" ਵਿਚੋਲਗੀਰ ਲਿਊਬੋਵ ਨੇ ਹੌਕਾ ਜਿਹਾ ਭਰਦਿਆਂ ਕਿਹਾ।

"ਮੈਂ ਹੁਣ ਇਕੱਲਾ ਹਾਂ, ਅਤੇ ਇਸ ਸ਼ਹਿਰ ਵਿੱਚ ਕਿਸੇ ਨਾਲ ਮੇਰੀ ਜਾਣ ਪਛਾਣ ਵੀ ਨਹੀਂ ਹੈ। ਸਾਰੇ ਅਜਨਬੀ ਹੀ ਨੇ, ਮੈਂ ਜਾ ਆ ਵੀ ਕਿੱਥੇ ਸਕਦਾ ਹਾਂ। ਤੇ ਕੁੱਝ ਕਹਿ-ਸੁਣ ਵੀ ਕਿਸ ਨਾਲ ਸਕਦਾ ਹਾਂ? ਇਸ ਲਈ ਸਿਮੋਨ ਇਵਾਨੋਵਿਚ ਨੇ ਮੈਨੂੰ ਕਿਸੇ ਐਸੇ ਸ਼ਖਸ ਦੇ ਕੋਲ ਜਾਣ ਦੀ ਸਲਾਹ ਦਿੱਤੀ ਜੋ ਇਸ ਕੰਮ ਵਿੱਚ ਮਾਹਰ ਹੋਵੇ ਅਤੇ ਲੋਕਾਂ ਦੇ ਜੀਵਨ ਵਿੱਚ ਖੁਸ਼ੀਆਂ ਭਰਨਾ ਹੀ ਉਸਦਾ ਪੇਸ਼ਾ ਹੋਵੇ। ਤੇ ਮੈਂ ਤੁਹਾਨੂੰ ਇਹ ਗੁਜਾਰਿਸ਼ ਕਰਦਾ ਹਾਂ ਕਿ ਤੁਸੀਂ ਮੇਰੇ ਆਉਣ ਵਾਲੇ ਕੱਲ੍ਹ ਨੂੰ ਸੰਵਾਰਨ ਵਿੱਚ ਮੇਰੀ ਮਦਦ ਕਰੋ। ਤੁਹਾਡੇ ਕੋਲ ਸ਼ਹਿਰ ਦੀਆਂ ਸਾਰੀਆਂ ਲਾਇਕ ਲੜਕੀਆਂ ਦੀ ਜਾਣਕਾਰੀ ਹੈ, ਤੇ ਤੁਸੀਂ ਸੌਖਿਆਂ ਹੀ ਮੇਰੀ ਗੱਲ ਬਣਾ ਸਕਦੇ ਹੋ.... "

"ਹਾਂ, ਬਿਲਕੁਲ।"

"ਇੱਕ ਪੈੱਗ, ਕ੍ਰਿਪਾ ਕਰਕੇ, ਲਉ...."

ਆਪਣੇ ਆਦਤਨ ਅੰਦਾਜ਼ ਨਾਲ ਲਿਊਬੋਵ ਨੇ ਗਲਾਸ ਆਪਣੇ ਬੁੱਲ੍ਹਾਂ ਨੂੰ ਲਗਾਇਆ ਅਤੇ ਬਿਨਾਂ ਪਲਕ ਝਪਕਾਏ ਖਾਲੀ ਕਰ ਦਿੱਤਾ।

"ਜ਼ਰੂਰ ਹੋ ਸਕਦਾ ਹੈ," ਉਸਨੇ ਜਵਾਬ ਦਿੱਤਾ, "ਤੇ ਵਹੁਟੀ.... ਤੁਸੀਂ ਕਿਸ ਤਰ੍ਹਾਂ ਦੀ ਵਹੁਟੀ ਪਸੰਦ ਕਰੋਗੇ, ਮਿ. ਨਿਕੋਲਾਈ ਨਿਕੋਲਾਏਵਿਚ?"

"ਮੈਂ, ਜੋ ਵੀ ਮੇਰੀ ਕਿਸਮਤ ਨੂੰ ਮਨਜ਼ੂਰ ਹੋਵੇ।"

"ਬਿਲਕੁਲ ਠੀਕ ਫਰਮਾਇਆ, ਸਹੀ ਹੈ, ਇਹ ਕਿਸਮਤ ਦਾ ਹੀ ਸੌਦਾ ਹੁੰਦਾ ਹੈ। ਲੇਕਿਨ ਫਿਰ ਵੀ, ਹਰ ਆਦਮੀ ਦੀ ਆਪਣੀ ਪਸੰਦ ਨਾਪਸੰਦ ਹੁੰਦੀ ਹੈ। ਕਿਸੇ ਨੂੰ ਕਾਲੇ ਵਾਲਾਂ ਵਾਲੀ ਔਰਤ ਭਾਉਂਦੀ ਹੈ, ਤਾਂ ਕਿਸੇ ਨੂੰ ਭੂਰੇ.... "

ਇੱਕ ਡੂੰਘਾ ਸਾਹ ਲੈਂਦੇ ਹੋਏ ਸਟਿਚਕਿਨ ਨੇ ਕਿਹਾ "ਲਿਊਬੋਵ ਗਰਿਗੋਰੀਏਵਨਾ, ਮੈਂ ਇੱਕ ਗੰਭੀਰ ਅਤੇ ਚਰਿੱਤਰਵਾਨ ਆਦਮੀ ਹਾਂ। ਮੇਰੇ ਲਈ ਖ਼ੂਬਸੂਰਤੀ ਅਤੇ ਰੂਪ ਰੰਗ ਵਰਗੀਆਂ ਬਾਹਰੀ ਚੀਜ਼ਾਂ ਕਦਾਚਿਤ ਪ੍ਰਮੁੱਖਤਾ ਨਹੀਂ ਰੱਖਦੀਆਂ, ਕਿਉਂਕਿ, ਜਿਵੇਂ ਤੁਹਾਨੂੰ ਪਤਾ ਵੀ ਹੈ, ਕਿ ਚਿਹਰਾ ਆਖ਼ਰਕਾਰ ਕੇਵਲ ਚਿਹਰਾ ਮਾਤਰ ਹੁੰਦਾ ਹੈ, ਅਤੇ ਇੱਕ ਖ਼ੂਬਸੂਰਤ ਪਤਨੀ ਹੋਣ ਦਾ ਮਤਲਬ ਬਹੁਤ ਸਾਰੀਆਂ ਉਲਝਣਾਂ ਅਤੇ ਪਰੇਸ਼ਾਨੀਆਂ ਦੇ ਵੱਸ ਪੈਣਾ ਵੀ ਹੁੰਦਾ ਹੈ। ਮੇਰੇ ਹਿਸਾਬ, ਇੱਕ ਔਰਤ ਦਾ ਸੁਹੱਪਣ ਉਹ ਨਹੀਂ ਹੁੰਦਾ ਜੋ ਸਾਨੂੰ ਬਾਹਰੋਂ ਦਿਸਦਾ ਹੈ, ਸਗੋਂ ਉਹ ਕਿਤੇ ਉਸਦੇ ਅੰਦਰ ਛੁਪਿਆ ਹੁੰਦਾ ਹੈ। ਮੇਰਾ ਭਾਵ ਹੈ ਕਿ ਉਸਦਾ ਦਿਲ ਸਾਫ਼ ਹੋਣਾ ਚਾਹੀਦਾ ਹੈ ਅਤੇ ਇੰਜ ਹੀ ਕੁੱਝ ਹੋਰ ਗੁਣ ਹੋਣੇ ਚਾਹੀਦੇ ਹਨ ਉਸ ਵਿੱਚ। ਲਉ …ਇੱਕ ਹੋਰ ਪੈੱਗ ਲਓ, ਮਿਹਰਬਾਨੀ ਕਰਕੇ, ਇੱਕ ਹੋਰ....। ਠੀਕ ਤਾਂ ਇਹ ਵੀ ਹੋਵੇਗਾ ਜੇਕਰ ਇੱਕ ਤੰਦਰੁਸਤ ਪਤਨੀ ਮਿਲੇ, ਲੇਕਿਨ ਪਰਸਪਰ ਖ਼ੁਸ਼ੀ ਦੇ ਸਾਹਮਣੇ ਇਹ ਵੀ ਕੋਈ ਓਨੀ ਜ਼ਰੂਰੀ ਚੀਜ਼ ਨਹੀਂ ਹੋਵੇਗੀ: ਸਭ ਤੋਂ ਅਹਿਮ ਹੈ ਸਮਝ। ਲੇਕਿਨ ਨਾਲ ਹੀ ਦੂਜੀ ਤਰਫ਼, ਇਸਦੇ ਵੀ ਕੁੱਝ ਖਾਸ ਮਾਅਨੇ ਨਹੀਂ, ਕਿਉਂਕਿ ਜੇਕਰ ਉਹ ਜ਼ਿਆਦਾ ਸਮਝ ਵਾਲੀ ਨਿਕਲੀ ਤਾਂ ਦਿਮਾਗ਼ ਕੁੱਝ ਜ਼ਿਆਦਾ ਹੀ ਚਲਾਵੇਗੀ, ਆਪਣੇ ਬਾਰੇ ਹੀ ਸੋਚਦੀ ਰਹੇਗੀ ਅਤੇ ਉਸਦੇ ਦਿਮਾਗ਼ ਵਿੱਚ ਊਲ-ਜਲੂਲ ਖ਼ਿਆਲ ਆਉਂਦੇ ਹੀ ਰਹਿਣਗੇ। ਇਹ ਕੋਈ ਕਹਿਣ ਦੀ ਗੱਲ ਤਾਂ ਨਹੀਂ ਹੈ, ਲੇਕਿਨ ਅੱਜਕੱਲ੍ਹ ਦੇ ਇਸ ਦੌਰ ਵਿੱਚ ਚੰਗੀ ਸਿੱਖਿਆ ਦੇ ਬਿਨਾਂ ਵੀ ਗੱਲ ਨਹੀਂ ਬਣੇਗੀ, ਲੇਕਿਨ ਇਸ ਮਾਮਲੇ ਵਿੱਚ ਵੀ ਤਰ੍ਹਾਂ ਤਰ੍ਹਾਂ ਦੀਆਂ 'ਪੜ੍ਹਾਈਆਂ' ਹਨ। ਇਹ ਤਾਂ ਅਤਿ ਉੱਤਮ ਹੋਵੇਗਾ ਕਿ ਤੁਹਾਡੀ ਪਤਨੀ ਫਰੈਂਚ, ਜਰਮਨ ਅਤੇ ਅਜਿਹੀਆਂ ਹੋਰ ਵੀ ਕਈ ਭਾਸ਼ਾਵਾਂ ਵਿੱਚ ਬੋਲ ਸਕਦੀ ਹੋਵੇ, ਲੇਕਿਨ ਇਸ ਸਭ ਦਾ ਕੀ ਫ਼ਾਇਦਾ, ਜੇਕਰ ਉਸਨੂੰ ਬਟਨ ਟਾਂਕਣਾ ਵੀ ਨਾ ਆਉਂਦਾ ਹੋਵੇ? ਮੈਂ ਇੱਕ ਪੜ੍ਹੇ ਲਿਖੇ ਤਬਕੇ ਨਾਲ ਬਾਵਸਤਾ ਹਾਂ, ਮੈਂ ਕਹਿ ਸਕਦਾ ਹਾਂ ਕਿ ਪ੍ਰਿੰਸ ਕੇਨੀਤੇਲਿਨ ਨਾਲ ਮੈਂ ਉਵੇਂ ਹੀ ਸਹਿਜ ਮਹਿਸੂਸ ਕਰਦਾ ਹਾਂ, ਜਿਵੇਂ ਹੁਣ ਤੁਹਾਡੇ ਨਾਲ, ਲੇਕਿਨ ਮੈਂ ਆਪਣੇ ਤਰੀਕੇ ਦਾ ਸਧਾਰਣ ਇਨਸਾਨ ਹਾਂ। ਮੈਨੂੰ ਇੱਕ ਸਿੱਧੀ ਸਾਦੀ ਕੁੜੀ ਚਾਹੀਦੀ ਹੈ। ਜ਼ਰੂਰੀ ਗੱਲ ਸਿਰਫ ਇਹ ਹੈ ਕਿ ਉਹ ਮੇਰਾ ਸਤਿਕਾਰ ਕਰੇ, ਅਤੇ ਆਪਣੀਆਂ ਖੁਸ਼ੀਆਂ ਲਈ ਮੇਰੀ ਸ਼ੁਕਰਗੁਜ਼ਾਰ ਹੋਵੇ।“

"ਬਿਲਕੁੱਲ, ਸਪਸ਼ਟ ਗੱਲ ਹੈ।" "ਠੀਕ ਹੈ ਫਿਰ, ਤਾਂ ਹੁਣ ਆਪਾਂ ਸਭ ਤੋਂ ਜ਼ਰੂਰੀ ਮਸਲੇ ਉੱਤੇ ਆਉਂਦੇ ਹਾਂ.... ਮੈਨੂੰ ਕੋਈ ਅਮੀਰ ਕੁੜੀ ਨਹੀਂ ਚਾਹੀਦੀ। ਮੈਂ ਅਜਿਹੀ ਕਿਸੇ ਵੀ ਚੀਜ਼ ਦੇ ਸਾਹਮਣੇ ਨਹੀਂ ਝੁਕ ਸਕਾਂਗਾ ਜੋ ਮੈਨੂੰ ਅਹਿਸਾਸ ਕਰਾਏ ਕਿ ਮੈਂ ਪੈਸੇ ਦੀ ਵਜ੍ਹਾ ਨਾਲ ਵਿਆਹ ਕਰਾ ਰਿਹਾ ਹਾਂ। ਮੈਂ ਆਪਣੀ ਪਤਨੀ ਦੀ ਕਮਾਈ ਰੋਟੀ ਨਹੀਂ ਖਾਣਾ ਚਾਹੁੰਦਾ, ਮੈਂ ਚਾਹੁੰਦਾ ਹਾਂ ਕਿ ਉਹ ਮੇਰਾ ਕਮਾਇਆ ਖਾਵੇ, ਅਤੇ ਇਸਨੂੰ ਮਹਿਸੂਸ ਵੀ ਕਰੇ। ਲੇਕਿਨ ਹਾਂ, ਮੈਨੂੰ ਕਿਸੇ ਗ਼ਰੀਬ ਕੁੜੀ ਤੋਂ ਵੀ ਗੁਰੇਜ਼ ਹੈ। ਹਾਲਾਂਕਿ ਮੈਂ ਇੱਕ ਅਸੂਲੀ ਆਦਮੀ ਹਾਂ, ਅਤੇ ਮੈਂ ਪੈਸੇ ਲਈ ਨਹੀਂ, ਸਗੋਂ ਪਿਆਰ ਲਈ ਵਿਆਹ ਕਰਨਾ ਚਾਹੁੰਦਾ ਹਾਂ, ਲੇਕਿਨ ਇਸਦੇ ਲਈ ਇੱਕ ਗ਼ਰੀਬ ਕੁੜੀ ਵੀ ਨਹੀਂ ਚੱਲੇਗੀ, ਕਿਉਂਕਿ, ਤੁਹਾਨੂੰ ਤਾਂ ਪਤਾ ਹੀ ਹੈ ਕਿ ਕੀਮਤਾਂ ਕਿਸ ਤਰ੍ਹਾਂ ਅਸਮਾਨ ਛੂਹਣ ਲੱਗੀਆਂ ਹਨ, ਅਤੇ ਫਿਰ ਅੱਗੇ ਬੱਚੇ ਵੀ ਹੋਣਗੇ ਹੀ।"

"ਮੈਂ ਦਹੇਜ ਵਾਲੀ ਕੁੜੀ ਵੀ ਖੋਜ ਸਕਦੀ ਹਾਂ," ਲਿਊਬੋਵ ਗਰਿਗੋਰੀਏਵਨਾ ਨੇ ਕਿਹਾ।

"ਪਲੀਜ, ਇੱਕ ਪੈੱਗ ਹੋਰ ...ਲਓ...।"

ਦੋਨਾਂ ਦੇ ਵਿੱਚ ਲੱਗਪੱਗ ਪੰਜ ਮਿੰਟ ਚੁੱਪ ਛਾਈ ਰਹੀ। ਫਿਰ ਵਿਚੋਲਗੀਰ ਲਿਊਬੋਵ ਨੇ ਇੱਕ ਉਬਾਸੀ ਲਈ, ਅਤੇ ਗਾਰਡ ਉੱਤੇ ਤਿਰਛੀ ਨਜ਼ਰ ਸੁੱਟਦੇ ਹੋਏ ਬੋਲੀ, "ਠੀਕ ਹੈ ਸਰ। ਇਹ ਦੱਸੋ ਭਲਾ ਕੁੰਵਾਰੀ ਕਿਵੇਂ ਦੀ ਰਹੇਗੀ? ਮੇਰੇ ਕੋਲ ਕੁੱਝ ਅਜਿਹੇ ਸੌਦੇ ਵੀ ਹਨ। ਇੱਕ ਫਰੈਂਚ ਅਤੇ ਦੂਜੀ ਗਰੀਕ, ਦੋਨੋਂ ਹੀ ਠੀਕ ਠਾਕ।"

ਸਟਿਚਕਿਨ ਨੇ ਇਸ ਉੱਤੇ ਵਿਚਾਰ ਕੀਤਾ, ਬੋਲਿਆ:

"ਜੀ ਨਹੀਂ, ਧੰਨਵਾਦ। ਹੁਣ, ਇਹ ਦੇਖਣ ਲਈ ਕਿ ਇੱਕ ਅਸਾਮੀ ਦੇ ਨਾਲ ਤੁਹਾਡੀ ਡੀਲ ਕਿਸ ਤਰ੍ਹਾਂ ਨਾਲ ਪੂਰੀ ਹੁੰਦੀ ਹੈ, ਕੀ ਮੈਂ ਪੁਛ ਸਕਦਾ ਹਾਂ: 'ਤੁਸੀਂ ਇਸਦਾ ਸੇਵਾਫਲ ਕੀ ਲਵੋਗੇ?' "

"ਮੈਂ ਜ਼ਿਆਦਾ ਦੀ ਆਸ ਨਹੀਂ ਕਰਦੀ। ਮੈਨੂੰ ਬਸ ਇੱਕ ਪੰਝੀ ਰੂਬਲ ਦਾ ਨੋਟ, ਅਤੇ ਕੰਮ ਹੋ ਜਾਣ ਉੱਤੇ ਇੱਕ ਸੂਟ ਲੈ ਦਿਓ, ਮੈਂ ਸ਼ੁਕਰਗੁਜਾਰ ਹੋਵਾਂਗੀ ਤੁਹਾਡੀ... ਅਤੇ ਜੇਕਰ ਦਹੇਜ ਵਾਲੀ ਗੱਲ ਹੋਈ, ਤਾਂ ਮਾਮਲਾ ਥੋੜ੍ਹਾ ਵੱਖ ਹੋਵੇਗਾ ਅਤੇ ਤੁਹਾਨੂੰ ਇਸ ਤੋਂ ਇਲਾਵਾ ਹੋਰ ਵੀ ਕੁੱਝ ਦੇਣਾ ਪਵੇਗਾ।"

ਸਟਿਚਕਿਨ ਨੇ ਦੋਨੋਂ ਹੱਥ ਮਰੋੜੇ, ਅਤੇ ਉਨ੍ਹਾਂ ਨੂੰ ਸੀਨੇ ਨਾਲ ਲਾਉਂਦੇ ਹੋਏ ਸ਼ਰਤ ਉੱਤੇ ਗੌਰ ਕਰਨ ਲਗਾ। ਫਿਰ ਇੱਕ ਸਾਹ ਭਰਦੇ ਹੋਏ ਬੋਲਿਆ:

"ਇੰਨੀ ਫ਼ੀਸ ਤਾਂ ਬਹੁਤ ਜ਼ਿਆਦਾ ਹੋਵੇਗੀ।" "ਕੀ ਕਿਹਾ? ਇਹ ਕਿਸੇ ਵੀ ਲਿਹਾਜ਼ ਨਾਲ ਜ਼ਿਆਦਾ ਨਹੀਂ ਹੈ। ਪਹਿਲੇ ਜ਼ਮਾਨੇ ਵਿੱਚ, ਜਦੋਂ ਇਸ ਤਰ੍ਹਾਂ ਬਹੁਤ ਸਾਰੀਆਂ ਸ਼ਾਦੀਆਂ ਹੁੰਦੀਆਂ ਸਨ, ਤਦ ਅਸੀਂ ਘੱਟ ਰਕਮ ਲੈਂਦੇ ਸਾਂ। ਲੇਕਿਨ ਹੁਣ ਦਾ ਜਿਹੋ ਜਿਹਾ ਰਵਾਜ ਹੈ, ਉਸ ਵਿੱਚ ਸਾਨੂੰ ਮਿਹਨਤਾਨੇ ਦੇ ਨਾਮ ਉੱਤੇ ਮਿਲਦਾ ਹੀ ਕੀ ਹੈ? ਜੇਕਰ ਮੈਨੂੰ ਮਹੀਨੇ ਭਰ ਵਿੱਚ, ਬਿਨਾਂ ਉਧਾਰ ਦੇ ਵਾਅਦੇ ਦੇ ਪੰਝੀ ਰੂਬਲ ਦੇ ਦੋ ਨੋਟ ਮਿਲ ਜਾਣ ਤਾਂ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝੂੰਗੀ। ਅਤੇ ਤੁਹਾਨੂੰ ਤਾਂ ਪਤਾ ਹੀ ਹੈ। ਆਮ ਸ਼ਾਦੀਆਂ ਵਿੱਚ ਤਾਂ ਸਾਨੂੰ ਕੁੱਝ ਵੀ ਨਹੀਂ ਮਿਲਦਾ।"

ਸਟਿਚਕਿਨ ਨੇ ਔਰਤ ਵੱਲ ਵੇਖਿਆ ਅਤੇ ਅਚਾਨਕ ਮੋਢੇ ਛੰਡੇ। "ਤੁਹਾਡਾ ਭਾਵ ਹੈ ਕਿ ਇੱਕ ਮਹੀਨੇ ਵਿੱਚ ਪੰਝੀ ਰੂਬਲ ਦੇ ਦੋ ਨੋਟ ਪਾ ਲੈਣਾ ਛੋਟੀ ਕਮਾਈ ਹੈ?"

"ਬਹੁਤ ਹੀ ਛੋਟੀ। ਪਹਿਲਾਂ ਦੇ ਜ਼ਮਾਨੇ ਵਿੱਚ ਤਾਂ ਅਸੀਂ ਕਦੇ ਕਦੇ ਸੌ ਰੂਬਲ ਤੋਂ ਵਧ ਵੀ ਬਣਾ ਲੈਂਦੇ ਸਾਂ।"

"ਮੈਨੂੰ ਤਾਂ ਅਹਿਸਾਸ ਹੀ ਨਹੀਂ ਸੀ ਕਿ ਤੁਹਾਡੇ ਵਾਲੇ ਕੰਮ ਵਿੱਚ ਇੱਕ ਔਰਤ ਇੰਨਾ ਅੱਛਾ ਕਮਾ ਸਕਦੀ ਹੈ। ਪੰਜਾਹ ਰੂਬਲ! ਹਰ ਕਿਸੇ ਦੀ ਕਮਾਈ ਇੰਨੀ ਨਹੀਂ ਹੁੰਦੀ। ਥੋੜ੍ਹੀ ਜਿਹੀ ਹੋਰ ਲਓ, ਥੋੜ੍ਹੀ.... "

ਲਿਊਬੋਵ ਨੇ ਗਲਾਸ ਨੂੰ ਪਲਕ ਝਪਕਣ ਤੋਂ ਪਹਿਲਾਂ ਖ਼ਾਲੀ ਕਰ ਦਿੱਤਾ। ਸਟਿਚਕਿਨ ਉਸਨੂੰ ਸਿਰ ਤੋਂ ਪੈਰਾਂ ਤੱਕ ਵੇਖਦਾ ਰਿਹਾ। ਫਿਰ ਬੋਲਿਆ:

"ਪੰਜਾਹ ਰੂਬਲ.... ਮਤਲਬ ਇੱਕ ਸਾਲ ਦੇ ਛੇ ਸੌ ਰੂਬਲ...ਪੈੱਗ ਬਣਾ ਲਓ... ਤੁਹਾਡੀ ਤਰ੍ਹਾਂ ਦੀ ਕਮਾਈ ਨਾਲ ਤਾਂ....ਲਿਊਬੋਵ ਗਰਿਗੋਰੀਏਵਨਾ, ਤੁਸੀਂ ਸੌਖ ਨਾਲ ਆਪਣੇ ਲਈ ਕਿਸੇ ਨੂੰ ਚੁਣ ਸਕਦੀ ਹੋ।"

"ਮੇਰੇ ਲਈ?", ਲਿਊਬੋਵ ਗਰਿਗੋਰੀਏਵਨਾ ਹੱਸਣ ਲੱਗੀ, "ਮੈਂ ਤਾਂ ਬੁਢੀ ਹੋ ਚੁੱਕੀ ਹਾਂ।"

"ਬਿਲਕੁਲ ਨਹੀਂ,.... ਤੁਸੀਂ ਹੁਣ ਵੀ ਕਾਫ਼ੀ ਖ਼ੂਬਸੂਰਤ ਹੋ, ਚਿਹਰਾ ਵੀ ਭਰਵਾਂ ਹੈ, ਅਤੇ ਦੂਜੀਆਂ ਸਾਰੀਆਂ ਖੂਬੀਆਂ ਵੀ ਨੇ....?"

ਲਿਊਬੋਵ ਸਵੈਮਾਣ ਨਾਲ ਫੁੱਲਦੀ ਹੋਈ ਸ਼ਰਮਾਉਣ ਲੱਗੀ। ਸਟਿਚਕਿਨ ਵੀ ਸ਼ਰਮ ਜਿਹੀ ਮਹਿਸੂਸ ਕਰਦੇ ਹੋਏ ਉਸਦੇ ਨਾਲ ਹੋ ਕੇ ਬੈਠ ਗਿਆ।

"ਸੱਚ ਦੱਸਾਂ, ਤੁਸੀਂ ਬਹੁਤ ਹੀ ਦਿਲਕਸ਼ ਹੋ। ਜੇਕਰ ਤੁਸੀਂ ਕਿਸੇ ਅਜਿਹੇ ਸ਼ਖਸ ਨਾਲ ਵਿਆਹ ਰਚਾਓ, ਜੋ ਧੀਰ-ਗੰਭੀਰ ਹੋਣ ਦੇ ਨਾਲ ਸੋਚ ਸਮਝ ਕੇ ਖਰਚ ਕਰਨ ਵਾਲਾ ਹੋਵੇ, ਤਾਂ ਉਸਦੀ ਤਨਖਾਹ ਅਤੇ ਤੁਹਾਡੀ ਕਮਾਈ ਦੇ ਮਿਲੇ ਜੁਲੇ ਸਹਿਯੋਗ ਨਾਲ ਤੁਸੀਂ ਇੱਕ ਬਹੁਤ ਹੀ ਸੁਖੀ ਜ਼ਿੰਦਗੀ ਜੀ ਸਕੋਗੇ...।"

"ਓਹ ਨਿਕੋਲਾਈ ਨਿਕੋਲਾਏਵਿਚ, ਤੁਸੀਂ ਕਿਸ ਤਰ੍ਹਾਂ ਦੇ ਵਹਿਣ ਵਿੱਚ ਵਹਿੰਦੇ ਜਾ ਰਹੇ ਹੋ...।"

"ਕਿਉਂ, ਮੈਂ ਤਾਂ ਬਸ ਕਹਿ ਹੀ ਰਿਹਾ ਸੀ...।"

ਇੱਕ ਖਾਮੋਸ਼ੀ ਪਸਰ ਗਈ, ਸਟਿਚਕਿਨ ਨੇ ਤੇਜ਼ ਆਵਾਜ਼ ਨਾਲ ਆਪਣੀ ਨੱਕ ਛਿਣਕੀ, ਅਤੇ ਲਿਊਬੋਵ ਆਪਣੇ ਲਾਲ ਹੋ ਗਏ ਚਿਹਰੇ ਤੋਂ ਲੱਜਾ ਨਾਲ ਉਸ ਵਲ ਦੇਖਦਿਆਂ ਪੁੱਛਣ ਲੱਗੀ:

"ਮਹੀਨੇ ਦਾ ਤੁਹਾਨੂੰ ਕਿੰਨਾ ਮਿਲਦਾ ਹੈ, ਨਿਕੋਲਾਈ ਨਿਕੋਲਾਏਵਿਚ?"

"ਕਿਸ ਨੂੰ, ਮੈਨੂੰ? ਪੰਝੱਤਰ ਰੂਬਲ, ਟਿਪਸ ਨੂੰ ਨਾ ਜੋੜਾਂ ਤਾਂ... ਇਸ ਤੋਂ ਇਲਾਵਾ, ਥੋੜ੍ਹਾ ਬਹੁਤ ਅਸੀਂ ਮੋਮਬੱਤੀਆਂ ਅਤੇ 'ਖਰਗੋਸ਼ਾਂ' ਦੇ ਜਰੀਏ ਵੀ ਕਮਾ ਲੈਂਦੇ ਹਾਂ।"

"ਤੁਹਾਡਾ ਭਾਵ, ਸ਼ਿਕਾਰ ਕਰਕੇ?"

"ਓ ਨਹੀਂ, 'ਖਰਗੋਸ਼' ਅਸੀਂ ਬਿਨਾਂ ਟਿਕਟ ਯਾਤਰਾ ਕਰਨ ਵਾਲੇ ਮੁਸਾਫਰਾਂ ਨੂੰ ਕਹਿੰਦੇ ਹਾਂ।"

ਕੁਝ ਹੋਰ ਸਮਾਂ ਖ਼ਾਮੋਸ਼ੀ ਦੇ ਨਾਲ ਗੁਜ਼ਰ ਗਿਆ। ਸਟਿਚਕਿਨ ਨੇ ਆਪਣਾ ਪੈਰ ਉੱਪਰ ਚੁੱਕ ਲਿਆ ਅਤੇ, ਜਿਵੇਂ ਕਿ ਸਾਫ਼ ਸੀ, ਘਬਰਾਹਟ ਵਿੱਚ ਫਰਸ਼ ਉੱਤੇ ਚਲਾਉਣ ਲਗਾ। "ਮੈਂ ਪਤਨੀ ਦੇ ਰੂਪ ਵਿੱਚ ਕੋਈ ਨੌਜਵਾਨ ਕੁੜੀ ਨਹੀਂ ਚਾਹੁੰਦਾ," ਉਸਨੇ ਕਿਹਾ, "ਮੈਂ ਅਧਖੜ ਉਮਰ ਦਾ ਆਦਮੀ ਹਾਂ, ਅਤੇ ਮੈਨੂੰ ਕਿਸੇ ਅਜਿਹੀ ਔਰਤ ਦੀ ਤਲਾਸ਼ ਹੈ, ਜੋ ਕਾਫ਼ੀ ਹੱਦ ਤੱਕ ....ਤੁਹਾਡੀ ਤਰ੍ਹਾਂ ਦੀ ਹੋਵੇ....ਗੰਭੀਰ ਅਤੇ ਆਤਮ ਸਨਮਾਨ ਵਾਲੀ....ਅਤੇ ਜੁੱਸੇ ਤੋਂ ਭਰਵੀਂ, ਤੁਹਾਡੇ ਵਰਗੀ...।"

"ਰਹਿਮ ਕਰੋ, ਤੁਸੀਂ ਕਿਵੇਂ ਬੋਲੀ ਜਾ ਰਹੇ ਹੋ," ਲਿਊਬੋਵ ਗਰਿਗੋਰੀਏਵਨਾ ਆਪਣੇ ਕਿਰਮਚੀ ਹੋ ਗਏ ਚਿਹਰੇ ਨੂੰ ਰੁਮਾਲ ਨਾਲ ਢਕਦੀ ਹੋਈ ਖਿੜ ਖਿੜ ਹੱਸਣ ਲੱਗੀ।

"ਇਸ ਵਿੱਚ ਇੰਨਾ ਸੋਚਣ ਵਾਲੀ ਕਿਹੜੀ ਗੱਲ ਹੈ? ਤੇਰੇ ਅੰਦਰ ਇੱਕ ਅਜਿਹੀ ਔਰਤ ਹੈ ਜੋ ਮੇਰੇ ਦਿਲ ਨੂੰ ਭਾ ਸਕੇ, ਉਹ ਸਾਰੇ ਗੁਣ ਹਨ ਜੋ ਮੇਰੇ ਲਈ ਸਟੀਕ ਹੋਣ। ਮੈਂ ਇੱਕ ਇਮਾਨਦਾਰ ਅਤੇ ਸੰਜਮੀ ਆਦਮੀ ਹਾਂ, ਅਤੇ ਜੇਕਰ ਤੁਹਾਨੂੰ ਵੀ ਪਸੰਦ ਹਾਂ, ਤਾਂ ਇਸ ਤੋਂ ਬਿਹਤਰ ਹੋਰ ਕੀ ਹੋ ਸਕਦਾ ਹੈ? ਮੈਨੂੰ ਆਗਿਆ ਦਿਉ ਤੁਹਾਨੂੰ ਆਪਣਾ ਹੱਥ ਸੌਂਪਣ ਦੀ!"

ਲਿਊਬੋਵ ਗਰਿਗੋਰੀਏਵਨਾ ਦੀ ਅੱਖ ਵਿੱਚੋਂ ਖੁਸ਼ੀ ਦਾ ਇੱਕ ਅੱਥਰੂ ਤਿਲਕ ਗਿਆ, ਹਲਕੇ ਜਿਹੇ ਹੱਸੀ, ਅਤੇ ਪ੍ਰਸਤਾਵ ਸਵੀਕਾਰ ਕਰਨ ਵਜੋਂ ਗਲਾਸ ਨਾਲ ਗਲਾਸ ਟਕਰਾਇਆ।

"ਤਾਂ ਹੁਣ," ਹੋਣ ਵਾਲੇ ਖੁਸ਼ ਪਤੀ ਨੇ ਕਿਹਾ, "ਮੈਨੂੰ ਦੱਸਣ ਦਿਉ ਕਿ ਮੈਂ ਤੁਹਾਡੇ ਨਾਲ ਕਿਸ ਤਰ੍ਹਾਂ ਦੇ ਜੀਵਨ ਦੀ ਉਮੀਦ ਕਰਦਾ ਹਾਂ,.... ਮੈਂ ਇੱਕ ਸਖ਼ਤ ਇਨਸਾਨ ਹਾਂ, ਈਮਾਨਦਾਰ ਅਤੇ ਪ੍ਰੈਕਟੀਕਲ। ਮੇਰੇ ਕੋਲ ਚੀਜ਼ਾਂ ਦੀ ਇੱਕ ਨਿਪੁੰਨ ਸਮਝ ਹੈ, ਭੱਦਰ ਲੋਕਾਂ ਵਾਲੀ। ਮੈਂ ਆਪਣੀ ਹੋਣ ਵਾਲੀ ਪਤਨੀ ਤੋਂ ਵੀ ਉਵੇਂ ਹੀ ਸਖ਼ਤ ਹੋਣ ਦੀ ਆਸ ਕਰਦਾ ਹਾਂ, ਅਤੇ ਇਸਦੀ ਵੀ ਕਿ ਉਹ ਸਮਝੇ ਕਿ ਮੈਂ ਉਸ ਦਾ ਖ਼ੈਰਖ਼ਵਾਹ ਹਾਂ ਅਤੇ ਉਸਦੇ ਲਈ ਦੁਨੀਆਂ ਦਾ ਅਹਿਮਤਰੀਨ ਸ਼ਖ਼ਸ ਹਾਂ।"


ਸਟਿਚਕਿਨ ਇੱਕ ਡੂੰਘਾ ਸਾਹ ਲੈਂਦੇ ਹੋਏ ਬੈਠ ਗਿਆ, ਅਤੇ ਆਪਣੀ ਸ਼ਾਦੀਸ਼ੁਦਾ ਜ਼ਿੰਦਗੀ ਅਤੇ ਇੱਕ ਪਤਨੀ ਦੇ ਫ਼ਰਜ਼ਾਂ ਬਾਰੇ ਲੰਮੀ ਚੌੜੀ ਵਿਆਖਿਆ ਕਰਨ ਲੱਗ ਪਿਆ।