ਅਨੰਦਪੁਰੀ ਦੀ ਕਹਾਣੀ/ਮੁਖ ਬੰਦ

ਵਿਕੀਸਰੋਤ ਤੋਂ

੧ਓ ਸਤਿਗੁਰ ਪ੍ਰਸਾਦਿ॥
ਅਨੰਦਪੁਰੀ ਦੀ ਕਹਾਣੀ

ਧੰਨਯ ਅਨੰਦਪੁਰ ਨਗਰ ਹੈ ਜਹਿ ਵਿਚਰੇ ਦਸਮੇਸ਼,
ਧੰਨਯ ਸਿੰਘ ਜੋ ਪ੍ਰੇਮ ਕਰ ਹਾਜ਼ਰ ਰਹੇ ਹਮੇਸ਼।

ਮੁਖ-ਬੰਦ

ਅਨੰਦਪੁਰੀ, ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੀ ਅਨੰਦਪੁਰੀ, ਕਿਹਾ ਸੁਹਣਾ ਨਾਮ ਏ। ਕਿਹੜਾ ਸਿਖ ਹਿਰਦਾ ਏ ਜੋ ਇਹ ਨਾਮ ਸੁਣ ਕੇ ਖਿੜ ਨਹੀਂ ਪੈਂਦਾ? ਕਿਹੜਾ ਸਿਖ ਸਿਰ ਏ, ਜਿਹੜਾ ਇਹ ਪਵਿਤ੍ਰ ਨਾਂ ਸੁਣ ਕੇ ਸਤਿਕਾਰ ਨਾਲ ਝੁਕ ਨਹੀਂ ਜਾਂਦਾ? ਕਿਹੜਾ ਦਿਲ ਏ, ਜਿਸ ਅੰਦਰ ਇਹ ਮਨਮੋਹਣਾ ਨਾਂ ਮਿੱਠੀ ਮਿੱਠੀ ਝਰਨਾਟ ਨਹੀਂ ਛੇੜ ਦਿੰਦਾ? ਕਿਹੜਾ ਕਾਲਜਾ ਏ, ਜੋ ਇਸ ਪਿਆਰੇ ਦੀ ਪਿਆਰੀ ਪੁਰੀ ਦਾ ਨਾਂ ਸੁਣਕੇ ਇਸ ਦੇ ਦਰਸ਼ਨਾਂ ਦੇ ਚਾਓ ਵਿਚ ਉਛਲ ਉਛਲ ਨਹੀਂ ਪੈਂਦਾ? ਇਹ ਹੋਵੇ ਭੀ ਕਿਉਂ ਨਾ? ਇਸ ਪੁਰੀ ਨੂੰ ਮਾਣ ਏ ਜੋ ਸ੍ਰੀ ਦਸਮੇਸ਼ ਜੀ ਨੇ ਆਪਣੀ ਬੈਤਾਲੀ ਸਾਲ ਦੀ ਆਯੂ ਵਿਚੋਂ ਲਗ ਭਗ ਤੇਤੀ ਸਾਲ (ਸਾਰੀ ਆਯੂ ਦਾ ੩ ਬਟਾ ੪ ਹਿਸਾ) ਇਸ ਨੂੰ ਆਪਣੀ ਅਸਚਰਜ ਲੀਲਾ ਦੀ ਰੰਗਭੂਮੀ ਬਣਾਇਆ। ਸੰਸਾਰ ਅਤੇ ਖਾਸ ਤੌਰ ਤੇ ਭਾਰਤਵਰਸ਼ ਦੇ ਦੁਖ ਤੇ ਕਲੇਸ਼ ਹਰਨ ਲਈ ਇਥੇ ਹੀ ਖਾਲਸਾ ਪੰਥ ਸਾਜ ਕੇ ਇਸ ਨਗਰੀ ਨੂੰ 'ਖਾਲਸੇ ਦੀ ਵਾਸੀ' ਹੋਣ ਦਾ ਮਾਨ ਬਖਸ਼ਿਆ ਸੀ। ਭਲਾ ਜਿਸ ਧਰਤੀ ਦੇ ਟੁਕੜੇ ਨੂੰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪਵਿਤ੍ਰ ਚਰਨ ਪਾ ਕੇ, ਭਜਨ ਤੇ ਤਪੱਸਿਆ ਕਰਕੇ ਪੁਨੀਤ ਕੀਤਾ ਹੋਵੇ, ਜਿਸ ਭੂਮੀ ਨੂੰ ਚਹੁੰਆਂ ਸਾਹਿਬਜ਼ਾਦਿਆਂ ਦੀ ਜਨਮਭੂਮੀ ਹੋਣ ਦਾ ਮਾਨ ਪ੍ਰਾਪਤ ਹੋਵੇ; ਜਿਸ ਚੋਣਵੀਂ ਧਰਤੀ ਉਤੇ ਅਕਾਲ ਪੁਰਖ ਵਲੋਂ ਅਰਸ਼ਾਂ ਤੋਂ ਉਹ ਅੰਮ੍ਰਿਤ ਉਤਰਿਆ ਹੋਵੇ, ਜਿਸ ਨੂੰ "ਸੁਰ ਨਰ ਮੁਨਿ ਜਨ ਖੋਜਦੇ" ਹਨ ਤੇ ਜਿਸ ਨਗਰੀ ਦੇ ਚੱਪੇ ਚੱਪੇ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਪਿਤ੍ਰ ਸੀਸ ਦੇ ਖੂਨ ਤੋਂ ਲੈ ਕੇ ਅਨੇਕਾਂ ਹੀ ਬਹਾਦਰ ਤੇ ਸਿਦਕੀ ਸਿੰਘਾਂ ਦੇ ਸ਼ਹੀਦੀ ਖੂਨ ਨੇ ਰੰਗਿਆ ਹੋਵੇ ਤੇ ਜਿਸ ਨਗਰੀ ਦਾ ਸੁਹਣਾ ਜਿਹਾ ਨਾਂ "ਅਨੰਦਪੁਰ" ਸੁਹਣੇ ਜਿਹੇ ਪ੍ਰੀਤਮ ਨੇ ਆਪ ਰਖਿਆ ਹੋਵੇ, ਅਜਿਹੀ ਨਗਰੀ ਫੇਰ ਖਾਲਸਾ ਪੰਥ ਦੀ ਨਜ਼ਰਾਂ ਵਿਚ ਕਿਉਂ ਨਾ ਸਭ ਤੋਂ ਵਧੀਕ ਪਿਆਰੀ ਹੋਵੇ?

ਗੁਰਸਿਖ ਨੂੰ ਅੰਮ੍ਰਿਤ ਛਕਣ ਵੇਲੇ-ਗੁਰੂ ਕਲਗੀਆਂ ਵਾਲੇ ਦੇ ਘਰ ਜਨਮ ਲੈਣ ਵੇਲੇ- ਇਹ ਸਿਖਿਆ ਮਿਲਦੀ ਏ, ਹੇ ਗੁਰੂ ਕੇ ਸਿਖ! ਅਜ ਤੋਂ ਤੇਰਾ ਪਿਛਲਾ ਜਨਮ ਖਤਮ, ਨਵਾਂ ਜਨਮ ਸ਼ੁਰੂ! ਹੁਣ ਤੇਰੇ 'ਪਿਤਾ', ਸ੍ਰੀ ਗੁਰੂ ਗੋਬਿੰਦ ਸਿੰਘ ਜੀ, 'ਮਾਤਾ', ਸ੍ਰੀ ਸਾਹਿਬ ਕੌਰ ਜੀ ਅਤੇ ਤੇਰੀ 'ਵਾਸੀ' ਅਨੰਦਪੁਰ ਸਾਹਿਬ ਹੋਈ। ਹਜ਼ਾਰਾਂ ਹੀ ਸਰਧਾਲੂ ਤੇ ਸਿਦਕੀ ਸਿਖ ਹਰ ਸਾਲ ਰਸਤੇ ਦੀਆਂ ਤਕਲੀਫਾਂ ਝਾਗ ਕੇ ਇੱਥੇ ਪੁਜਦੇ ਹਨ ਪਰ ਇਸ ਨਗਰੀ ਦੇ ਇਤਿਹਾਸ ਤੋਂ ਅਨਜਾਣ ਹੋਣ ਕਰਕੇ ਆਪਣੀ ਯਾਤਰਾ ਦਾ ਪੂਰਾ ਲਾਭ ਨਹੀਂ ਉਠਾ ਸਕਦੇ। ਜਿਸ ਨੂੰ ਆਪਣੀ "ਜਨਮ-ਭੂਮੀ" ਅਥਵਾ ਆਪਣੀ 'ਵਾਸੀ' ਦਾ ਪੂਰਾ ਪੂਰਾ ਹਾਲ ਨਾ ਪਤਾ ਹੋਵੇ, ਉਹ ਭੀ ਚੰਗਾ ਸ਼ਹਿਰੀ ਕਹਿਲਾਣ ਦਾ ਹੱਕਦਾਰ ਨਹੀਂ ਹੋ ਸਕਦਾ। ਇਸੇ ਤਰਾਂ ਖਾਲਸਾ ਜੀ ਲਈ ਭੀ ਜ਼ਰੂਰੀ ਹੈ ਕਿ ਉਹ ਆਪਣੀ ਜਨਮਭੂਮੀ ਅਤੇ ਵਾਸੀ ਦੇ ਇਤਿਹਾਸ ਤੋਂ ਜਾਣੂ ਹੋਣ। ਇਸ ਲੋੜ ਨੂੰ ਮਹਿਸੂਸ ਕਰਕੇ ੧੫ ਸਾਲ (੧੯੨੯-੧੯੪੫) ਦੇ ਤਜਰਬੇ ਤੇ ਖੋਜ ਮਗਰੋਂ ਇਹ ਆਨੰਦਪੁਰੀ ਦੀ ਕਹਾਣੀ ਗੁਰੂ ਸੰਗਤਾਂ ਦੀ ਭੇਟ ਹੈ।