ਅੱਖਰਾਂ ਦੀ ਸੱਥ/ਘੁਮੰਡੀ ਖਰਗੋਸ਼

ਵਿਕੀਸਰੋਤ ਤੋਂ

ਘੁਮੰਡੀ ਖਰਗੋਸ਼

ਖਰਗੋਸ਼ ਇਕ ਦਿਨ ਜੰਗਲ ਵਿੱਚੋਂ ਲੰਘ ਰਿਹਾ ਸੀ। ਉਸਦੇ ਨਾਲ ਕਛੂਕੁੰਮਾ ਵੀ ਸੀ। ਖਰਗੋਸ਼ ਦੀ ਨਿਗ੍ਹਾ ਜੰਗਲ ਵਿਚ ਬਣੇ ਖੇਡ ਮੈਦਾਨ’ਤੇ ਪੈ ਗਈ। ਖੇਡ ਮੈਦਾਨ ਵਿਚ ਵਾਹਵਾ ਰੌਣਕ ਸੀ। ਉਥੇ ਵੱਖ-ਵੱਖ ਖੇਡਾਂ ਹੋ ਰਹੀਆਂ ਸਨ। ਖੇਡ ਮੈਦਾਨ ਵਿਚ ਜਾਨਵਰਾਂ ਨੂੰ ਖੇਡਦੇ ਵੇਖਕੇ ਖਰਗੋਸ਼ ਦੁਬਾਰਾ ਘੁਮੰਡ ਵਿਚ ਆਕੇ ਕਛੂਕੁੰਮੇ ਨੂੰ ਮਜਾਕ ਕਰਨ ਲੱਗ ਪਿਆ।

"ਕਛੂਕੁੰਮੇ ਭਰਾ! ਚੱਲ ਫਿਰ ਆਪਾਂ ਵੀ ਦੌੜ੍ਹ ਲਾਉਂਦੇ ਹਾਂ।" ਖਰਗੋਸ਼ ਨੇ ਆਖਿਆ।

"ਭਰਾਵਾ! ਤੂੰ ਮੈਨੂੰ ਮਜ਼ਾਕ ਨਾ ਕਰ। ਮੇਰੀ ਚਾਲ ਬਹੁਤ ਧੀਮੀ ਹੈ। ਮੈਂ, ਕਿਸੇ ਵੀ ਤਰ੍ਹਾਂ ਤੈਨੂੰ ਹਰਾ ਨਹੀਂ ਸਕਦਾ।" ਕਛੂਕੁੰਮੇ ਨੇ ਖਰਗੋਸ਼ ਨੂੰ ਸਮਝਾਇਆ। ਪਰ ਖਰਗੋਸ਼ ਵੇਲਾ ਖੁਝਾਉਣਾ ਨਹੀਂ ਚਾਹੁੰਦਾ ਸੀ।

"ਕਛੂਕੁੰਮੇ ਭਰਾ! ਦੌੜ ਲਾਉਣ ਨਾਲ ਸਰੀਰ ਫੁਰਤੀਲਾ ਬਣਦਾ ਤੇ ਨਿਰੋਗ ਰਹਿੰਦਾ। ਚੱਲ ਆਪਾਂ ਵੀ ਦੌੜਦੇ ਹਾਂ।" ਖਰਗੋਸ਼ ਨੇ ਫਿਰ ਆਖਿਆ।

ਇਕ ਵਾਰ ਪਹਿਲਾਂ ਖਰਗੋਸ਼ ਅਤੇ ਕਛੂਕੁੰਮੇ ਨੇ ਦੌੜ ਲਗਾਈ ਸੀ। ਉਦੋਂ ਖਰਗੋਸ਼ ਰਾਹ ਵਿਚ ਜਾਕੇ ਸੌਂ ਗਿਆ ਸੀ। ਕਛੂਕੁੰਮਾ ਹੌਲ਼ੀ-ਹੌਲ਼ੀ ਤੁਰਦਾ ਹੋਇਆ ਵੀ ਅੱਗੇ ਲੰਘ ਗਿਆ ਸੀ ਤੇ ਜਿੱਤ ਗਿਆ ਸੀ। ਖਰਗੋਸ਼ ਹੁਣ ਦੁਬਾਰਾ ਕਛੂਕੁੰਮੇ ਨਾਲ ਦੌੜ ਲਗਾ ਕੇ ਉਸ ਕੋਲੋਂ ਜੇਤੂ ਵਾਲਾ ਖਿਤਾਬ ਖੋਹਣਾ ਚਾਹੁੰਦਾ ਸੀ।

ਕਛੂਕੁੰਮਾ ਜਾਣਦਾ ਸੀ ਕਿ ਇਸ ਵਾਰ ਖਰਗੋਸ਼ ਨੇ ਸੌਣਾ ਨਹੀਂ ਹੈ ਤੇ ਉਹ ਦੌੜਦਾ ਹੋਇਆ ਖਰਗੋਸ਼ ਨੂੰ ਕਿਸੇ ਤਰ੍ਹਾਂ ਵੀ ਹਰਾ ਨਹੀਂ ਸਕਦਾ। ਫਿਰ ਵੀ ਕਛੂਕੁੰਮੇ ਨੇ ਦੌੜਨ ਲਈ ਹਾਂ ਕਰ ਦਿੱਤੀ।

"ਜਿਤ-ਹਾਰ ਤਾਂ ਹੁੰਦੀ ਹੀ ਰਹਿੰਦੀ ਹੈ। ਜਿਤਣਾ ਇਕ ਨੇ ਹੀ ਹੁੰਦਾ ਹੈ।" ਕਛੂਕੁੰਮੇ ਨੇ ਸੋਚਿਆ ਸੀ। ਫਿਰ ਖਰਗੋਸ਼ ਅਤੇ ਕਛੂਕੁੰਮਾ ਦੌੜਨ ਲਈ ਖੇਡ ਮੈਦਾਨ ਵਿਚ ਪਹੁੰਚ ਗਏ।

ਖਰਗੋਸ਼ ਅਤੇ ਕਛੂਕੁੰਮੇ ਨੂੰ ਆਉਂਦੇ ਵੇਖਕੇ ਮੈਦਾਨ ਵਿਚ ਜੁੜੇ ਜਾਨਵਰਾਂ ਨੇ ਫਟਾਫਟ ਟਰੈਕ ਖਾਲੀ ਕਰ ਦਿੱਤਾ। ਖਰਗੋਸ਼ ਅਤੇ ਕਛੂਕੁੰਮੇ ਦੀ ਦੌੜ ਵੇਖਣ ਲਈ ਸਾਰੇ ਜਾਨਵਰ ਘੇਰਾ ਬਣਾ ਕੇ ਖੜ੍ਹੇ ਹੋ ਗਏ ਸਨ। ਸਾਰੇ ਜਾਨਵਰ, ਖਰਗੋਸ਼ ਅਤੇ ਕਛੂਕੁੰਮੇ ਦੀ ਦੌੜ ਵੇਖਣ ਲਈ ਉਤਾਵਲੇ ਸਨ। ਖਰਗੋਸ਼ ਅਤੇ ਕਛੂਕੁੰਮੇ ਦੀ ਦੌੜ ਨਾਲ ਉਨ੍ਹਾਂ ਦਾ ਵਧੇਰੇ ਮਨੋਰੰਜਨ ਹੋਣਾ ਸੀ। ਜਾਨਵਰ, ਬਹੁਤ ਹੌਲ਼ੀ ਤੁਰਨ ਵਾਲੇ ਕਛੂਕੁੰਮੇ ਦੀ ਆਸ਼ਾਵਾਦੀ ਸੋਚ ਨੂੰ ਵੇਖਕੇ ਰੋਮਾਂਚਿਤ ਹੋ ਰਹੇ ਸਨ।

ਰਿੱਛ ਰੈਫਰੀ ਦੇ ਸੀਟੀ ਮਾਰਨ ਨਾਲ ਖਰਗੋਸ਼ ਤੇ ਕਛੂਕੁੰਮੇ ਦੀ ਦੌੜ ਸੁਰੂ ਹੋ ਗਈ।

ਖਰਗੋਸ਼ ਚੰਗਾ ਦੌੜਾਕ ਸੀ। ਉਹ ਬਹੁਤ ਤੇਜੀ ਨਾਲ ਭੱਜਾ ਤੇ ਕਛੂਕੁੰਮੇ ਨੂੰ ਪਿੱਛੇ ਛੱਡ ਗਿਆ। ਜਿੰਨੀ ਦੇਰ ਖਰਗੋਸ਼ ਤੇ ਕਛੂਕੁੰਮਾ ਭੱਜਦੇ ਰਹੇ, ਜਾਨਵਰ ਓਨੀ ਦੇਰ ਤਾੜੀਆਂ ਮਾਰਦੇ ਰਹੇ।

ਖਰਗੋਸ਼ ਨੇ ਕਛੂਕੁੰਮੇ ਨੂੰ ਬਹੁਤ ਪਿੱਛੇ ਛੱਡ ਦਿੱਤਾ ਸੀ। ਖਰਗੋਸ਼, ਕਛੂਕੁੰਮੇ ਤੋਂ ਵਾਹਵਾ ਚਿਰ ਪਹਿਲਾਂ ਸਿਰੇ ਲੱਗ ਗਿਆ। ਪਰ ਰਿੱਛ ਰੈਫਰੀ ਨੇ ਫਿਰ ਕਛੂਕੁੰਮੇ ਨੂੰ ਹੀ ਜੇਤੂ ਐਲਾਨਿਆ।

ਖਰਗੋਸ਼ ਚੰਗਾ ਦੌੜਾਕ ਜ਼ਰੂਰ ਸੀ ਪਰ ਉਹ ਨਿਯਮਾਂ ਦਾ ਪਾਬੰਦ ਨਹੀਂ ਸੀ। ਖੇਡ ਮੈਦਾਨ ਵਿਚਲੇ ਪ੍ਰਬੰਧਕ ਜਾਨਵਰਾਂ ਨੇ ਖਰਗੋਸ਼ ਤੇ ਕਛੂਕੁੰਮੇ ਨੂੰ ਵਾਰ ਵਾਰ ਦੌੜ ਦੇ ਨਿਯਮ ਸਮਝਾਏ ਸਨ। ਪਰ ਖਰਗੋਸ਼ ਨੇ ਨਿਯਮਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਸੀ। ਉਹ ਸਰਪਟ ਦੌੜਦਾ ਹੋਇਆ ਟਰੈਕ ਤੋਂ ਬਾਹਰ ਨਿਕਲ ਗਿਆ ਸੀ। ਇਸ ਕਰਕੇ ਖਰਗੋਸ਼ ਨੂੰ ਦੌੜ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ। ਕਛੂਕੁੰਮਾ ਫਿਰ ਜਿੱਤ ਗਿਆ ਸੀ। ਜਾਨਵਰ ਬੇਹਦ ਖੁਸ਼ ਸਨ। ਜਾਨਵਰਾਂ ਨੇ ਖਰਗੋਸ਼ ਦੇ ਹਾਰਨ ਦੀ ਕਹਾਣੀ ਪਹਿਲਾਂ ਸੁਣੀ ਹੀ ਸੀ, ਹੁਣ ਉਨ੍ਹਾਂ ਨੇ ਆਪਣੀ ਅੱਖੀ ਵੀ ਵੇਖ ਲਈ ਸੀ।