ਅੱਖਰਾਂ ਦੀ ਸੱਥ/ਸੰਦੀਪ ਨੂੰ ਮਿਲਿਆ ਸਬਕ

ਵਿਕੀਸਰੋਤ ਤੋਂ

ਸੰਦੀਪ ਨੂੰ ਮਿਲਿਆ ਸਬਕ

ਅੱਜ ਗੇਟ ਉੱਪਰ ਖੜ੍ਹੇ ਹੋਣ ਦੀ ਸੰਦੀਪ ਦੀ ਵਾਰੀ ਸੀ। ਕੁਝ ਦਿਨਾਂ ਤੋਂ ਸਕੂਲ ਦਾ ਗੇਟਕੀਪਰ ਛੁੱਟੀ ਉੱਪਰ ਸੀ। ਇਸ ਕਰਕੇ ਰੋਜ਼ਾਨਾ ਅੱਧੀ ਛੁੱਟੀ ਵੇਲੇ ਇਕ ਬੱਚੇ ਨੂੰ ਗੇਟ ਉੱਪਰ ਖੜ੍ਹਾ ਕੀਤਾ ਜਾਂਦਾ ਸੀ।

ਸੰਦੀਪ ਸਕੂਲ ਦੇ ਗੇਟ ਉੱਪਰ ਖੜ੍ਹਾ ਸੀ। ਅਧਿਆਪਕਾਂ ਨੇ ਸੰਦੀਪ ਨੂੰ ਗੇਟ ਉੱਪਰ ਖੜ੍ਹਾ ਕੀਤਾ ਸੀ ਕਿ ਅੱਧੀ ਛੁੱਟੀ ਵੇਲੇ ਕੋਈ ਬੱਚਾ ਬਾਹਰ ਨਾ ਜਾਵੇ। ਪਰ ਅਮਿਤ ਤੇ ਸੁਰਜੀਤ, ਸੰਦੀਪ ਦੇ ਕੋਲੋਂ ਹੀ ਬਾਹਰ ਨਿਕਲ ਗਏ। ਹੋਰ ਵੀ ਕੁਝ ਬੱਚੇ ਬਾਹਰ ਚਲੇ ਗਏ ਸਨ। ਸੰਦੀਪ ਨੂੰ ਭਾਵੇਂ ਬੱਚਿਆਂ ਨੂੰ ਬਾਹਰ ਜਾਣੋਂ ਰੋਕਣ ਲਈ ਖੜ੍ਹਾ ਕੀਤਾ ਸੀ, ਪਰ ਉਹ ਆਪਣੀ ਡਿਊਟੀ ਇਮਾਨਦਾਰੀ ਨਾਲ ਨਹੀਂ ਨਿਭਾਉਂਦਾ ਸੀ।

ਅੱਧੀ ਛੁੱਟੀ ਬੰਦ ਹੋ ਗਈ ਸੀ। ਬਾਹਰ ਗਏ ਸਾਰੇ ਬੱਚੇ ਵਾਪਸ ਆ ਗਏ ਸਨ। ਬਾਹਰ ਗਏ ਬੱਚੇ ਖਰੀਦ ਕੇ ਲਿਆਂਦੀ ਚੀਜ਼ ਵਿੱਚੋਂ ਸੰਦੀਪ ਨੂੰ ਹਿੱਸਾ ਦੇਕੇ ਆਪੋ-ਆਪਣੀਆਂ ਜਮਾਤਾਂ ਵਿਚ ਜਾ ਬੈਠੇ ਸਨ। ਪਰ ਅਮਿਤ ਤੇ ਸੁਰਜੀਤ ਵਾਪਸ ਨਾ ਆਏ।

ਸੰਦੀਪ, ਅਮਿਤ ਤੇ ਸੁਰਜੀਤ ਦੀ ਉਡੀਕ ਕਰਨ ਲੱਗਾ। ਸੰਦੀਪ ਕਿੰਨੀ ਦੇਰ ਹੋਰ ਅਮਿਤ ਤੇ ਸੁਰਜੀਤ ਦੀ ਉਡੀਕ ਕਰਦਾ ਰਿਹਾ। ਉਹ ਦੋਵੇਂ ਜਣੇ ਨਾ ਹੀ ਮੁੜੇ। ਹੁਣ ਸੰਦੀਪ ਚਿੰਤਾ ਵਿਚ ਡੁੱਬ ਗਿਆ। ਹੁਣ ਉਸਨੂੰ ਆਪਣੇ ਅਧਿਆਪਕਾਂ ਨੂੰ ਜਵਾਬ ਦੇਣਾ ਪੈਣਾ ਸੀ। ਉਸਦੀ ਬੇਈਮਾਨੀ ਫੜੀ ਜਾਣੀ ਸੀ।

"ਜੇ ਅਮਿਤ ਤੇ ਸੁਰਜੀਤ ਕਿਧਰੇ ਹੋਰ ਚਲੇ ਗਏ ਤਾਂ......।" ਇਹ ਸੋਚ ਕੇ ਸੰਦੀਪ ਡਰ ਗਿਆ।

"ਸਰ! ਅਮਿਤ ਤੇ ਸੁਰਜੀਤ ਅੱਧੀ ਛੁੱਟੀ ਬਾਹਰ ਗਏ ਸਨ। ਉਹ ਅਜੇ ਤਕ ਵਾਪਸ ਨਹੀਂ ਆਏ।" ਸੰਦੀਪ ਨੇ ਡਰਦੇ-ਡਰਦੇ ਆਪਣੇ ਪੰਜਾਬੀ ਵਾਲੇ ਅਧਿਆਪਕ ਗੁਰਮੁਖ ਸਿੰਘ ਨੂੰ ਦੱਸਿਆ। ਸੰਦੀਪ ਜਾਣਦਾ ਸੀ ਕਿ ਗੁਰਮੁਖ ਸਿੰਘ ਕੁਝ ਨਰਮ ਸੁਭਾਅ ਦੇ ਹਨ। ਉਨ੍ਹਾਂ ਕੋਲੋਂ ਘੱਟ ਝਿੜਕਾਂ ਪੈਣਗੀਆਂ।

ਗੁਰਮੁਖ ਸਿੰਘ ਨਰਮ ਸੁਭਾਅ ਦੇ ਹੀ ਨਹੀਂ, ਬੇਹਦ ਸਿਆਣੇ ਵੀ ਸਨ। ਗੁਰਮੁਖ ਸਿੰਘ ਨੇ ਸੰਦੀਪ ਨੂੰ ਕੁਝ ਕਹਿਣ ਦੀ ਥਾਂ ਪਹਿਲਾਂ ਅਮਿਤ ਤੇ ਸੁਰਜੀਤ ਨੂੰ ਲੱਭਣ ਬਾਰੇ ਸੋਚਿਆ। ਉਸਨੇ ਸੰਦੀਪ ਨੂੰ ਵੀ ਨਾਲ ਲੈ ਲਿਆ।

ਸਕੂਲ ਤੋਂ ਥੋੜੀ ਦੂਰ ਸਕੂਲ ਦਾ ਹੀ ਖੇਡ ਮੈਦਾਨ ਸੀ। ਉਹ ਸਭ ਤੋਂ ਪਹਿਲਾਂ ਅਮਿਤ ਤੇ ਸੁਰਜੀਤ ਨੂੰ ਲੱਭਣ ਲਈ ਖੇਡ ਮੈਦਾਨ ਵੱਲ ਚਲੇ ਗਏ। ਅਮਿਤ ਤੇ ਸੁਰਜੀਤ ਖੇਡ ਮੈਦਾਨ ਵਿਚ ਹੀ ਇਕ ਨੁੱਕਰੇ ਬੈਠੇ ਸਨ।

"ਸਰ! ਅਮਿਤ ਤੇ ਸੁਰਜੀਤ ਓਹ ਬੈਠੇ ਹਨ।" ਸੰਦੀਪ ਨੇ ਗੁਰਮੁਖ ਸਿੰਘ ਨੂੰ ਦੱਸਿਆ। ਅਮਿਤ ਤੇ ਸੁਰਜੀਤ ਨੂੰ ਵੇਖਕੇ ਸੰਦੀਪ ਕੁਝ ਹੌਸਲੇ ਵਿਚ ਹੋ ਗਿਆ ਸੀ।

"ਹੁਣ ਮੇਰੀ ਥਾਂ ਅਮਿਤ ਤੇ ਸੁਰਜੀਤ ਨੂੰ ਝਿੜਕਾਂ ਪੈਣਗੀਆਂ।" ਸੰਦੀਪ ਨੇ ਸੋਚਿਆ ਸੀ। ਪਰ ਝਿੜਕਾਂ ਸੰਦੀਪ ਨੂੰ ਹੀ ਪਈਆਂ। ਅਮਿਤ ਅਤੇ ਸੁਰਜੀਤ ਨੂੰ ਤਾਂ ਸ਼ਾਬਾਸ਼ੀ ਮਿਲੀ।

"ਸਰ! ਜਿਸ ਦਿਨ ਵੀ ਸੰਦੀਪ ਦੀ ਗੇਟ ਉੱਪਰ ਖੜ੍ਹੇ ਹੋਣ ਦੀ ਵਾਰੀ ਆਉਂਦੀ ਸੀ, ਇਹ ਬੱਚਿਆਂ ਨੂੰ ਬਾਹਰ ਜਾਣੋਂ ਰੋਕਦਾ ਨਹੀਂ ਸੀ। ਬੱਚੇ ਸਕੂਲ ਦੇ ਬਾਹਰ ਵਾਲੀ ਦੁਕਾਨ ਤੋਂ ਚੀਜ਼ ਲੈਣ ਜਾਂਦੇ ਸਨ। ਬੱਚੇ ਬਾਹਰੋਂ ਟੌਫੀਆਂ ਤੇ ਬਬਲਗਮ ਵਰਗੀਆਂ ਉਹ ਚੀਜਾਂ ਲੈ ਕੇ ਆਉਂਦੇ ਸਨ, ਜਿਨ੍ਹਾਂ ਤੋਂ ਉਨ੍ਹਾਂ ਨੂੰ ਅਧਿਆਪਕ ਰੋਕਦੇ ਸਨ। ਬੱਚੇ ਵਾਪਸ ਆਉਂਦੇ ਹੋਏ ਕੁਝ ਚੀਜ਼ ਸੰਦੀਪ ਨੂੰ ਦੇ ਦਿੰਦੇ ਸਨ ਤੇ ਜੀਭ ਦੇ ਸੁਆਦ ਕਾਰਨ ਸੰਦੀਪ, ਬੱਚਿਆਂ ਨੂੰ ਬਾਹਰ ਜਾਣੋਂ ਰੋਕਦਾ ਨਹੀਂ ਸੀ। ਸੰਦੀਪ ਹੋਰਨਾਂ ਬੱਚਿਆਂ ਦੇ ਨਾਲ- ਨਾਲ ਆਪਣੀ ਸਿਹਤ ਨਾਲ ਵੀ ਖਿਲਵਾੜ ਕਰ ਰਿਹਾ ਸੀ। ਅਸੀਂ ਸੰਦੀਪ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨ ਲਈ ਕਈ ਵਾਰ ਕਿਹਾ ਵੀ ਸੀ, ਪਰ ਇਸ ਨੇ ਸਾਡੀ ਗੱਲ ਮੰਨੀ ਨਹੀਂ ਸੀ। ਅਸੀਂ ਸੰਦੀਪ ਨੂੰ ਸਬਕ ਸਿਖਾਉਣ ਦੇ ਇਰਾਦੇ ਨਾਲ ਅੱਜ ਬਾਹਰ ਗਏ ਸਾਂ। ਅਸੀਂ ਜਾਣਬੁਝ ਕੇ ਵਾਪਸ ਨਹੀਂ ਮੁੜੇ ਸਾਂ।" ਸੁਰਜੀਤ ਦੱਸ ਰਿਹਾ ਸੀ। "ਅਸੀਂ ਖੇਡ ਮੈਦਾਨ ਵਿਚ ਜਾਕੇ ਵੀ ਆਪਣਾ ਸਮਾਂ ਗਵਾਇਆ ਨਹੀਂ ਹੈ। ਅਸੀਂ ਆਪਣੀ ਆਪਣੀ ਕਿਤਾਬ ਨਾਲ ਲੈ ਕੇ ਗਏ ਸਾਂ। ਅਸੀਂ ਹਿੰਦੀ ਵਾਲੇ ਅਧਿਆਪਕ ਨੂੰ ਦੱਸ ਕੇ ਵੀ ਗਏ ਸਾਂ।" ਅਮਿਤ ਨੇ ਕਿਤਾਬ ਵਿਖਾਉਂਦੇ ਹੋਏ ਦੱਸਿਆ।

ਸੁਰਜੀਤ ਤੇ ਅਮਿਤ ਦੀਆਂ ਗੱਲਾਂ ਸੁਣ ਕੇ ਸੰਦੀਪ ਸ਼ਰਮਿੰਦਾ ਜਿਹਾ ਹੋ ਗਿਆ। ਅਧਿਆਪਕ ਗੁਰਮੁਖ ਸਿੰਘ ਨੇ ਅਜੇ ਕੁਝ ਬੋਲਣਾ ਸੀ। ਸੰਦੀਪ ਪਹਿਲਾਂ ਹੀ ਮਾਫ਼ੀ ਮੰਗਣ ਲੱਗ ਪਿਆ। ਸੰਦੀਪ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ। ਸੰਦੀਪ ਨੇ ਵੀ ਅੱਗੇ ਤੋਂ ਹਰ ਕੰਮ ਇਮਾਨਦਾਰੀ ਨਾਲ ਕਰਨ ਦਾ ਵਾਅਦਾ ਕੀਤਾ। ਪਰ ਅਧਿਆਪਕ ਗੁਰਮੁਖ ਸਿੰਘ ਨੇ ਸੰਦੀਪ ਦੀ ਅਜੇ ਹੋਰ ਪ੍ਰੀਖਿਆ ਲੈਣੀ ਸੀ।

ਗੁਰਮੁਖ ਸਿੰਘ ਨੇ ਇਕ ਦਿਨ ਦੁਬਾਰਾ ਗੇਟ ਉੱਪਰ ਖੜ੍ਹੇ ਹੋਣ ਦੀ ਸੰਦੀਪ ਦੀ ਡਿਊਟੀ ਲਗਾ ਦਿੱਤੀ ਸੀ। ਫਿਰ ਉਸਨੇ ਇਕ ਬੱਚੇ ਨੂੰ ਉਂਜ ਹੀ ਬਾਹਰ ਜਾਣ ਲਈ ਆਖ ਦਿੱਤਾ ਸੀ।

ਐਤਕੀ ਸੰਦੀਪ ਨੇ ਬੱਚੇ ਨੂੰ ਬਾਹਰ ਨਹੀਂ ਜਾਣ ਦਿੱਤਾ ਸੀ।

"ਮੈਂ ਪੰਜਾਬੀ ਵਾਲੇ ਅਧਿਆਪਕ ਤੋਂ ਪੁੱਛ ਕੇ ਆਇਆ ਹਾਂ।" ਬੱਚੇ ਦੇ ਇਹ ਕਹਿਣ 'ਤੇ ਵੀ ਸੰਦੀਪ ਨੇ ਉਸਨੂੰ ਗੇਟ ਨਹੀਂ ਲੰਘਣ ਦਿੱਤਾ ਸੀ।

"ਸਰ! ਸੰਦੀਪ ਗੇਟ ਤੋਂ ਲੰਘਣ ਨਹੀਂ ਦਿੰਦਾ। ਉਹ ਗੇਟ ਪਾਸ ਮੰਗਦਾ ਹੈ।" ਬੱਚੇ ਨੇ ਵਾਪਸ ਆ ਕੇ ਗੁਰਮੁਖ ਸਿੰਘ ਨੂੰ ਦੱਸਿਆ ਸੀ। ਹੁਣ ਗੁਰਮੁਖ ਸਿੰਘ ਨੂੰ ਤਸੱਲੀ ਹੋ ਗਈ ਸੀ ਕਿ ਸੰਦੀਪ ਆਪਣੇ ਵਾਅਦੇ 'ਤੇ ਖਰਾ ਉਤਰੇਗਾ।