ਅੱਧੀ ਚੁੰਝ ਵਾਲੀ ਚਿੜੀ/ਰਾਜੇ ਦੀ ਪਰਜਾ

ਵਿਕੀਸਰੋਤ ਤੋਂ

ਕਬੂਤਰ ਕਬੂਤਰ ਕਬੂਤਰ। ਜਿਧਰ ਦੇਖੋ ਓਹੀ ਨਜ਼ਰ ਆ ਰਹੇ ਹਨ।

ਇਕ ਵੱਡਾ ਸਾਰਾ ਥੜ੍ਹਾ। ਥੜ੍ਹੇ ਦੇ ਨਾਲ ਹੀ ਪਾਣੀ ਦਾ ਤਲਾਅ ਜਿਸ ਵਿਚ ਵਿਚਾਲੇ ਇਕ ਉੱਚਾ ਚਬੂਤਰਾ ਸੀ। ਚਬੂਤਰੇ ਉੱਪਰ ਘੋੜਾ ਅਤੇ ਘੋੜੇ ਉੱਪਰ ਰਾਜਾ। ਉਸ ਦੇ ਸਿਰ ਲੱਗੀ ਕਲਗੀ ਹਵਾ ਦੇ ਬੁੱਲ੍ਹੇ ਨਾਲ ਹਿੱਲਦੀ ਲਗਦੀ। ਰਾਜੇ ਦੇ ਖੱਬੇ ਹੱਥ ਘੋੜੇ ਦੀ ਲਗਾਮ ਸੀ ਤਾਂ ਸੱਜੇ ਹੱਥ ਵਿਚ ਨੰਗੀ ਤਲਵਾਰ।

ਦੂਰੋਂ ਦੇਖਿਆਂ ਘੋੜਾ ਹਵਾ ਉੱਪਰ ਤੁਰਦਾ ਹੋਇਆ ਲਗਦਾ।

ਜੇ ਰਾਜਾ ਹਵਾ ਵਿਚ ਸੀ ਤਾਂ ਉਸ ਦੀਆਂ ਨਜ਼ਰਾਂ ਥੱਲੇ ਕਬੂਤਰ ਸਨ। ਲੱਗਦਾ ਸੀ ਜਿਵੇਂ ਉਸ ਦੇ ਰਾਜ ਦੀ ਪਰਜਾ ਉਸ ਦੇ ਸਾਹਮਣੇ ਜੀ-ਵਸ ਰਹੀ ਹੈ।

ਅਨੇਕ ਚੁੰਝਾਂ ਪੱਥਰ ਦੇ ਫਰਸ਼ ਉੱਪਰ ਪਏ ਦਾਣਿਆਂ ਵਲ ਜਦ ਵੱਧਦੀਆਂ ਤਾਂ ਪੱਥਰ ਅਤੇ ਚੁੰਝ ਵਿਚਾਲੇ ਟੱਕਰ ਦੀ ਆਵਾਜ਼ ਲਹਿਰ ਫ਼ੈਲ ਜਾਂਦੀ।

ਕਿਸੇ ਦਾਣੇ ਤਕ ਪਹੁੰਚਣ ਲਈ ਭਰੀ ਉਡਾਨ ਵਾਸਤੇ ਉਹਨਾਂ ਦੇ ਪਰ ਨਿਰੰਤਰ ਖੁੱਲ੍ਹਦੇ ਅਤੇ ਬੰਦ ਹੁੰਦੇ ਰਹਿੰਦੇ। ਇਕ ਦੂਜੇ ਨਾਲ ਖਹਿ ਕੇ ਅੱਗੇ ਵਧਣ ਦੇ ਮੁਕਾਬਲੇ ਦਾ ਕਦੇ ਅੰਤ ਨਾ ਹੁੰਦਾ। ਮਿਲੇ ਜੁਲੇ ਇਹਨਾਂ ਕਾਰਜਾਂ ਦੀ ਲੈਆਤਮਕ ਆਵਾਜ਼ ਵੀ ਦੂਰ ਤਕ ਸੁਣੀ ਜਾ ਸਕਦੀ ਸੀ।

ਝੁੰਡ ਵਿਚ ਕਿੰਨੇ ਕਬੂਤਰ ਹਨ, ਕਿਸੇ ਰਾਜ ਵਿਚ ਕਿੰਨੇ ਲੋਕ ਰਹਿੰਦੇ ਹਨ, ਕਦੋਂ ਗਿਣ ਹੋਏ ਹਨ।

ਜੇ ਕੁਝ ਆਪਣੀ ਚੁੰਝ ਡੋਬ ਪਾਣੀ ਪੀ ਰਹੇ ਸਨ ਤਾਂ ਕੁਝ ਪਾਣੀ ਵਿਚ ਨਹਾ ਰਹੇ ਸਨ। ਕੁਝ ਆਸ-ਪਾਸ ਦੀਆਂ ਇਮਾਰਤਾਂ ਦੇ ਛੋਟੇ-ਵੱਡੇ ਵਾਧਰਿਆਂ 'ਤੇ ਬੈਠੇ ਉਂਘਲਾਉਣ ਜਾਂ ਨਿੱਕੇ-ਨਿੱਕੇ ਚੁਹਲ ਕਰਨ ਵਿਚ ਲੀਨ ਸਨ।

ਗੰਜਾ ਕਬੂਤਰ ਜ਼ਿਆਦਾ ਆਵਾਜ਼ ਕਰ-ਕਰ ਦੂਜਿਆਂ ਨੂੰ ਆਪਣੀ ਹਾਜ਼ਰੀ ਬਾਰੇ ਦੱਸ ਰਿਹਾ ਸੀ, "ਚੁੱਪ ਰਹੋ... ਕਿਉਂ ਉੱਚੀ-ਉੱਚੀ ਗੁਟਰ ਗੂੰ ਲਾਈ ਹੋਈ ਏ..."
ਉਸ ਦੇ ਬੋਲਾਂ ਦਾ ਕਿਸੇ ਉੱਪਰ ਕੋਈ ਅਸਰ ਨਾ ਹੋਇਆ। ਹਰੇਕ ਨੂੰ ਅੱਗੇ ਵਧ ਕੇ ਦਾਣਾ ਚੁਗਣ ਦੀ ਕਾਹਲ ਸੀ।

ਰੀਜੇ ਕਬੂਤਰ ਵਾਂਗ ਕੋਈ ਦੂਜਾ ਵੀ ਬੋਲ ਪੈਂਦਾ। ਉਹ ਵੀ ਚੁੱਪ ਰਹਿਣ ਦੀ ਹਦਾਇਤ ਕਰਦਿਆਂ ਦੋ-ਚਾਰ ਸ਼ਬਦ ਆਪਣੇ ਵਲੋਂ ਵੱਖਰੇ ਜੋੜ ਦਿੰਦਾ।

ਭੀੜ ਤਾਂ ਆਪਣੀ ਮਰਜ਼ੀ ਕਰਦੀ ਹੈ। ਉਹ ਕਿਸੇ ਦੀ ਗੱਲ ਨਹੀਂ ਸੁਣਦੀ।

ਦਾਣਾ ਚੁਗਦਿਆਂ-ਚੁਗਦਿਆਂ ਦਲ ਵਿਚ ਜਦ ਕੋਈ ਲੋਰ ਉਠਦੀ ਤਾਂ ਇਕ ਬੁੱਲ੍ਹੇ ਵਾਂਗ ਇਕ ਬਾਅਦ ਦੂਜਾ ਕਬੂਤਰ ਉੱਡਦਾ। ਪਲ-ਛਿਣ ਵਿਚ ਅਣਗਿਣਤ ਕਬੂਤਰਾਂ ਦਾ ਝੁੰਡ ਆਕਾਸ਼ ਵਿਚ ਘੁਮੇਰ ਲੈਣ ਲਗਦਾ।

ਇਹ ਪਰਿੰਦਿਆਂ ਦੀ ਉੱਡਦੀ ਬੱਦਲੀ ਜਿਹੀ ਲੱਗਦੀ। ਹਲਕੀ-ਮਿੱਠੀ ਧੁੱਪ ਵਿਚ ਉੱਡਦੇ ਕਬੂਤਰਾਂ ਦਾ ਪਰਛਾਵਾਂ ਇੰਜ ਲੱਗਦਾ ਜਿਵੇਂ ਧਰਤੀ 'ਤੇ ਕੋਈ ਅੱਖਰ ਲਿਖ ਰਿਹਾ ਹੋਵੇ।

ਕੁਝ ਸਮੇਂ ਬਾਅਦ ਜਦ ਕੋਈ ਪਹਿਲ ਕਰ ਕੇ ਥੱਲੇ ਉੱਤਰਦਾ ਤਾਂ ਸਾਰਾ ਝੁੰਡ ਉਸ ਦੀ ਨਕਲ ਕਰਦਾ ਹੋਇਆ ਜ਼ਮੀਨ 'ਤੇ ਆ ਟਿਕਦਾ ਅਤੇ ਚੋਗ ਚੁਗਣ ਵਿਚ ਰੁੱਝ ਜਾਂਦਾ।

ਬਜ਼ੁਰਗ ਕਬੂਤਰ ਨੇ ਇਕ ਵਾਰ ਜੋ ਕਿਹਾ ਉਹਦੇ ਵੱਲ ਤਾਂ ਕਿਸੇ ਦਾ ਕਦੇ ਧਿਆਨ ਗਿਆ ਹੀ ਨਹੀਂ ਸੀ। ਉਹਦੀ ਆਵਾਜ਼ ਵਿਚ ਗੁੱਸਾ ਸੀ, ਹਦਾਇਤ ਸੀ, ਤਰਲਾ ਸੀ, "ਤੁਸੀਂ ਕਿਸੇ ਦੀ ਨਹੀਂ ਸੁਣਦੇ। ਤੁਸੀਂ ਜੋ ਕਰ ਰਹੇ ਹੋ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ...."

ਗੱਲ ਨੂੰ ਵਿਚੋਂ ਟੋਕਦਿਆਂ ਕੋਈ ਬੋਲਿਆ, "ਅਸੀਂ ਕੀ ਕੀਤਾ.... ?"

ਇਕ ਹੋਰ ਜਣਾ ਬੋਲਿਆ, "ਸਾਨੂੰ ਖਾਣ, ਖੇਡਣ, ਉੱਡਣ ਤੋਂ ਹੀ ਵਿਹਲ ਨਹੀਂ ਮਿਲਦੀ। ਕੁਝ ਹੋਰ ਕਰਨ ਦਾ ਸਾਡੇ ਕੋਲ ਸਮਾਂ ਕਿੱਥੇ ਬਚਦਾ ਹੈ..."

ਆਪਣੀ ਗਰਦਨ ਨੂੰ ਕੋਸੀ ਧੁੱਪ ਵਿਚ ਲਿਸ਼ਕਾਉਂਦਾ ਕੋਈ ਪੇਟੂ ਕਹਿੰਦਾ, "ਖਾਣ ਨੂੰ ਦਾਣੇ ਨਹੀਂ ਲੱਭਦੇ ਇਸ ਭੀੜ ਵਿਚ। ਇਸ ਬੁੱਢੇ ਨੂੰ ਗੱਲਾਂ ਸੁੱਝ ਰਹੀਆਂ ਹਨ।"

ਜਦ ਇਹ ਪੇਟੂ ਬੋਲ ਰਿਹਾ ਸੀ ਤਾਂ ਕਿਸੇ ਨੇ ਉਸ ਦੀਆਂ ਲੱਤਾਂ ਵਿਚੋਂ ਦੀ ਆਪਣਾ ਸਿਰ ਲੰਘਾ ਉਸ ਕੋਲ ਪਏ ਬਾਜਰੇ ਦੇ ਦਾਣੇ ਨੂੰ ਆਪਣੀ ਚੁੰਝ ਵਿਚ ਅੜਾ ਲਿਆ।

ਪੇਟੂ ਨੇ ਮਨ ਹੀ ਮਨ ਸੋਚਿਆ ਕਿ ਦੂਸਰੇ ਦੀ ਗੱਲ ਵੱਲ ਧਿਆਨ ਦੇਣ ਨਾਲ ਮੂੰਹ ਪੈਂਦਾ-ਪੈਂਦਾ ਦਾਣਾ ਵੀ ਗਿਆ।

ਇਹ ਘੁਸਰ-ਮੁਸਰ ਇਕ ਪਾਸਿਓਂ ਸ਼ੁਰੂ ਹੋ ਕੇ ਦੂਜੇ ਪਾਸੇ ਵਲ ਵਧੀ ਜਾ ਰਹੀ ਸੀ। ਆਪਣੇ ਵਕਤ ਤੋਂ ਪਹਿਲਾਂ ਹੀ ਹਰ ਕੋਈ ਕੁਝ ਨਾ ਕੁਝ ਬੋਲਣਾ ਚਾਹੁੰਦਾ ਸੀ।

ਕਿਸੇ ਦੀ ਪਰਵਾਹ ਕੀਤੇ ਬਿਨਾਂ ਬੁੱਢਾ ਕਬੂਤਰ ਮੁੜ ਬੋਲਿਆ, 'ਦੇਖੋ, ਉਸ ਰਾਜੇ ਵੱਲ। ਉਹ ਕੁਛ ਕਹਿਣਾ ਚਾਹੁੰਦਾ ਹੈ...."

"ਕੀ ਕਹਿ ਰਿਹਾ ਏ... ਸਾਨੂੰ ਤਾਂ ਨਹੀਂ ਸੁਣਿਆ, "ਕੋਲੋਂ ਹੀ ਕਿਸੇ ਕਬੂਤਰ ਦੇ ਬੋਲ ਸਨ।

"ਉਹ ਨਹੀਂ ਚਾਹੁੰਦਾ ਅਸੀਂ ਉਸ ਸਾਹਮਣੇ ਖਰੂਦ ਕਰੀਏ।"

"ਖਰੂਦ, ਅਸੀਂ ਉਹਦੇ ਵੱਲ ਤਾਂ ਅੱਖ ਚੁੱਕ ਕੇ ਵੇਖਿਆ ਤਕ ਨਹੀਂ..."

"ਉਹ ਵੀ ਕਰ ਲਓ। ਫੇਰ ਦੇਖਿਉ ਆਪਣੀ ਹਾਲਤ। ਮੈਂ ਰਾਜੇ ਦੀਆਂ ਹਰਕਤਾਂ ਨੂੰ ਚਿਰ ਤੋਂ ਦੇਖ ਰਿਹਾ ਹਾਂ। ਉਹਦੇ ਵਿਚ ਬਦਲਾਅ ਆ ਰਿਹਾ ਹੈ...।"

"ਫੇਰ ਅਸੀਂ ਕੀ ਕਰੀਏ!"

"ਰਾਜੇ ਦਾ ਚਿਹਰਾ ਗੁੱਸੇ ਨਾਲ ਭਰਦਾ ਜਾ ਰਿਹਾ ਏ। ਉਹ ਦੇਖੋ। ਉਹ ਕਿਸੇ ਵੇਲੇ ਵੀ ਆਪਣੀ ਤਲਵਾਰ ਮਿਆਨੋਂ ਕੱਢ ਸਾਡੇ 'ਤੇ ਵਾਰ ਕਰ ਸਕਦਾ ਹੈ..…", ਬੁੱਢਾ ਪੂਰੇ ਜ਼ੋਰ ਨਾਲ ਬੋਲ ਰਿਹਾ ਸੀ। ਉਹਦੇ ਬੋਲਾਂ 'ਚੋਂ ਤਰਫ਼ਦਾਰੀ ਦੀ ਬੋ ਆ ਰਹੀ ਸੀ।

"ਵਾਰ ਕਰ ਦੇਵੇਗਾ। ਕਿਉਂ? ਅਸੀਂ ਕੀ ਵਿਗਾੜਿਆ ਉਹਦਾ?", ਨੌਜਵਾਨ ਕਬੂਤਰ ਨੇ ਆਪਣੇ ਪਰਾਂ ਨੂੰ ਫ਼ੈਲਾਉਂਦਿਆਂ ਕਿਹਾ।

"ਰਾਜੇ ਨੂੰ ਤੁਹਾਡੀਆਂ ਹਰਕਤਾਂ ਪਸੰਦ ਨਹੀਂ। ਲਗਦੈ ਉਸ ਦੇ ਸਬਰ ਦਾ ਪਿਆਰਾ ਭਰ ਗਿਆ ਹੈ। ਨਿੱਤ ਉਸ ਦੀ ਤਲਵਾਰ ਮਿਆਨੋਂ ਬਾਹਰ ਆ ਰਹੀ ਹੈ..."

ਨੌਜਵਾਨ ਨੇ ਆਪਣੇ ਪੈਰਾਂ ਨੂੰ ਜ਼ਮੀਨ 'ਤੇ ਚੰਗੀ ਤਰ੍ਹਾਂ ਟਿਕਾਉਂਦਿਆਂ ਅਤੇ ਧੌਣ ਨੂੰ ਉੱਚਾ ਕਰਦਿਆਂ ਕਿਹਾ, "ਹਰਕਤਾਂ? ਅਸੀਂ ਆਪਣੇ ਢੰਗ ਨਾਲ ਜੀਅ ਰਹੇ ਹਾਂ। ਅਸੀਂ ਫੇਰ ਵੀ ਉਸ ਦੀਆਂ ਅੱਖਾਂ ਦੀ ਰੜਕ ਬਣੇ ਹੋਏ ਹਾਂ...। ਕਿਉਂ?"

"ਕਿਉਂਕਿ ਤੁਸੀਂ ਉਸ ਦੀ ਇੱਜ਼ਤ ਨਹੀਂ ਕਰਦੇ। ਕੋਈ ਉਸ ਦੇ ਸਿੰਘਾਸਨ 'ਤੇ ਜਾ ਬੈਠਦਾ ਹੈ। ਕੋਈ ਮੋਢੇ ਚੜ੍ਹ ਬੈਠਦਾ ਹੈ ਤੇ ਕੋਈ ਸਿਰ ਤੇ..."

ਇਹਦੇ ਨਾਲ ਕੀ ਹੋ ਜਾਂਦਾ ਹੈ? ਜੇ ਉਹ ਸਾਡਾ ਹੈ ਤਾਂ ਅਸੀਂ ਵੀ ਤਾਂ ਉਸ ਦੇ ਕੁਛ ਹਾਂ", ਨੌਜਵਾਨ ਦੀਆਂ ਗੱਲਾਂ ਨੇ ਕਬੂਤਰਾਂ ਦੀ ਤਦਾਦ ਨੂੰ ਦੋ ਧਿਰਾਂ ਵਿਚ ਵੰਡਣਾ ਸ਼ੁਰੂ ਕਰ ਦਿੱਤਾ। ਕਈ ਬੁੱਢੇ ਕਬੂਤਰ ਦੇ ਹੱਥ ਵਿਚ ਖੜ੍ਹ ਗਏ ਅਤੇ ਕਈ ਨੌਜਵਾਨ ਕਬੂਤਰ ਦੀ ਗੱਲ ਨੂੰ ਸਹੀ ਮੰਨਣ ਲੱਗੇ। ਹਰ ਪਾਸਾ ਆਪਣੇ ਵੱਲ ਵੱਧ ਕਬੂਤਰ ਹੋਣ ਦਾ ਭਰਮ ਪਾਲ ਰਿਹਾ ਸੀ ਅਤੇ ਇਸੇ ਆਧਾਰ 'ਤੇ ਉਹ ਖੁਦ ਨੂੰ ਤਾਕਤਵਰ ਮੰਨ ਰਿਹਾ ਸੀ।

ਤਾਕਤ ਦੇ ਵਿਖਾਵੇ ਨੂੰ ਘੋੜੇ ਚੜ੍ਹਿਆ ਰਾਜਾ ਵੀ ਦੇਖ ਰਿਹਾ ਹੈ। ਇਹ ਉਹਨਾਂ ਦੀ ਸੋਚ ਸੀ।

ਦੋਹਾਂ ਵਿਚਾਲੇ ਬੋਲ-ਬੁਲਾਰਾ ਗਰਮ ਤੋਂ ਗੁਰਮਤਰ ਹੁੰਦਾ ਜਾ ਰਿਹਾ ਸੀ।

ਇਸ ਤਕਰਾਰ ਨੇ ਕਈਆਂ ਦਾ ਧਿਆਨ ਦਾਣਿਆਂ ਤੋਂ ਹਟਾ ਲਿਆ ਸੀ। ਦਾਣੇ ਉਹਨਾਂ ਦੇ ਪੈਰਾਂ ਥੱਲੇ ਆ ਕੇ ਇਧਰ-ਉਧਰ ਖਿਲਰਨ ਲੱਗੇ।

ਦਾਣੇ ਅਤੇ ਚੁੰਝ ਵਿਚਾਲੇ ਫਾਸਲਾ ਕਦੇ ਵੀ ਇਸ ਹੱਦ ਤਕ ਨਹੀਂ ਸੀ ਵਧਿਆ।

ਬੋਲ-ਬਾਣੀ ਦੇ ਨਾਲ-ਨਾਲ ਦੋਹਾਂ ਗੁੱਟਾਂ ਦੇ ਮੋਹਰੀਆਂ ਅਤੇ ਉਹਨਾਂ ਦੇ ਹਮਾਇਤੀਆਂ ਦੀਆਂ ਸਰੀਰਕ ਹਰਕਤਾਂ ਵੀ ਬਦਲਦੀਆਂ ਜਾ ਰਹੀਆਂ ਸਨ।

ਉੱਚੀ ਆਵਾਜ਼ ਦੀ ਜਗ੍ਹਾ ਚੁੰਝਾਂ, ਨਹੁੰਦਰਾਂ ਲੈ ਸਕਦੀਆਂ ਸਨ। ਇਸ ਨਾਲ ਦਾਣਿਆਂ ਉੱਪਰ ਲਹੂ ਦੀ ਪਰਤ ਚੜ੍ਹ ਜਾਣੀ ਸੀ।

ਅਤੇ ਘੋੜੇ ਚੜ੍ਹੇ ਰਾਜੇ ਨੇ ਓਥੇ ਹੀ ਟਿਕੇ ਰਹਿਣਾ ਸੀ। ਵਿਚ ਪੈ ਕੇ ਉਹਨਾਂ ਨੂੰ ਸ਼ਾਂਤ ਨਹੀਂ ਕਰਨਾ ਸੀ।

ਉਸ ਦੇ ਦਖ਼ਲ ਦੇ ਬਿਨਾਂ ਇਕ ਹੋਰ ਖ਼ੂਨੀ ਸਾਕਾ ਵਾਪਰ ਜਾਣਾ ਸੀ।

ਨੌਜਵਾਨ ਕਬੂਤਰ ਦੇ ਫੁੱਲੇ ਫੰਘ ਮੱਠੀ-ਮਿੱਠੀ ਹਵਾ ਨਾਲ ਹਿੱਲ ਰਹੇ ਸਨ। ਉਸ ਦੇ ਸਿਰ ਵਾਲੇ ਫੰਘ ਸਿੱਧੇ ਹੋ ਕੇ ਨਿੱਕੀ ਕਲਗੀ ਦਾ ਭਰਮ ਪਾ ਰਹੇ ਸਨ।

ਇਸ ਕਬੂਤਰ ਨੇ ਆਪਣਾ ਸਿਰ ਨੀਵਾਂ ਕੀਤਾ। ਕੁਛ ਸੋਚਿਆ। ਪਲਾਂ ਵਿਚ ਆਪਣੇ ਪਰਾਂ ਆਸਰੇ ਉਹ ਅਸਮਾਨ ਵਿਚ ਸੀ। ਉਸ ਦੇ ਪਿੱਛੇ ਉਸ ਦੇ ਹਮਦਰਦ ਸਾਥੀ ਵੀ ਵਾਰੋ ਵਾਰੀ ਉਡਾਨ ਭਰਨ ਲੱਗੇ।

ਦੇਖਦਿਆਂ-ਦੇਖਦਿਆਂ ਕਬੂਤਰਾਂ ਦੀ ਬੱਦਲੀ ਅਸਮਾਨ ਵਿਚ ਚੱਕਰ ਕੱਟਣ ਲੱਗੀ। ਇਹ ਪਹਿਲਾਂ ਵਾਂਗ ਸੰਘਣਾ ਨਹੀਂ ਸੀ ਕਿਉਂਕਿ ਕਈ ਕਬੂਤਰ ਥੱਲੇ ਹੀ ਬੈਠੇ ਰਹੇ। ਉਹ ਇਸ ਨੌਜਵਾਨ ਦਾ ਸਾਥ ਨਹੀਂ ਦੇ ਰਹੇ।

ਲਗਦਾ ਸੀ ਜਿਵੇਂ ਉੱਡਦੇ ਕਬੂਤਰ ਖਲਾਅ ਨੂੰ ਮੱਥ ਰਹੇ ਹੋਣ। ਥੱਲੇ ਰਹਿ ਗਏ ਕਬੂਤਰਾਂ ਦੀਆਂ ਧੌਣਾਂ ਪਰਵਾਜ਼ ਦਾ ਪਿੱਛਾ ਕਰ ਰਹੀਆਂ ਸਨ ਅਤੇ ਉਹਨਾਂ ਦੇ ਸੀਨੇ ਧੌਂਕਣੀ ਵਾਂਗ ਉੱਚੇ-ਨੀਵੇਂ ਹੋ ਰਹੇ ਸਨ। ਉਡਾਨ ਦੀ ਵੱਧਦੀ ਗਤੀ ਅਤੇ ਬੀਤਦੇ ਸਮੇਂ ਨੇ ਸਭ ਨੂੰ ਦੋਚਿੱਤੀ ਵਿਚ ਪਾ ਦਿੱਤਾ।

ਗਤੀ ਨੇ ਮੋਹਰੀ ਨੂੰ ਲੁਕਾਅ ਲਿਆ ਸੀ। ਹੁਣ ਹਰ ਕੋਈ ਆਗੂ ਦਿਸ ਰਿਹਾ ਸੀ।

ਤਦੇ ਉਸ ਝੁੰਡ ਵਿਚੋਂ ਮੋਹਰੀ ਕਬੂਤਰ ਰਾਜੇ ਦੇ ਸਿਰ ਪਾਏ ਤਾਜ ਉੱਪਰ ਜਾ ਬੈਠਾ। ਤੇਜ਼ ਗਤੀ ਵਿਚ ਉੱਡਦੇ ਰਹਿਣ ਕਾਰਨ ਉਸ ਦੀ ਛਾਤੀ ਜਲਦੀ-ਜਲਦੀ ਉੱਤੇ-ਥੈੱਲੇ ਹੋ ਰਹੀ ਸੀ। ਉਸ ਨੇ ਪੈਰਾਂ ਭਾਰ ਆਪਣੀ ਦੇਹ ਨੂੰ ਸਹੀ ਤਰ੍ਹਾਂ ਟਿਕਾਇਆ ਅਤੇ ਗਰਦਨ ਨੂੰ ਘੁੰਮਾ ਕੇ ਚੁਫ਼ੇਰੇ ਦੇਖਿਆ।

ਉਥੇ ਬੈਠਾ-ਬੈਠਾ ਉਹ ਥੋੜ੍ਹਾ ਚਿਰ ਗੁਟਕਿਆ। ਫੇਰ ਆਪਣਾ ਪਿਛਲਾ ਹਿੱਸਾ ਨੀਵਾਂ ਕਰ ਕੇ ਰਾਜੇ ਦਾ ਸਿਰ ਬਿੱਠ ਨਾਲ ਭਰ ਦਿੱਤਾ।

ਉਸ ਦੇ ਸਾਥੀ ਕਬੂਤਰ ਉਸੇ ਗਤੀ ਵਿਚ ਅਸਮਾਨ ਵਿਚ ਉੱਡਦੇ ਰਹੇ। ਉਹ ਆਪਣੇ ਸਾਥੀ ਕਬੂਤਰ ਦੀ ਹਿੰਮਤ ਦੀ ਖੁਸ਼ੀ ਵਿਚ ਏਦਾਂ ਕਰ ਰਹੇ ਸਨ ਜਾਂ ਸੁਭਾਅ ਕਾਰਨ, ਕੁਝ ਕਿਹਾ ਨਹੀਂ ਜਾ ਸਕਦਾ।

ਕਬੂਤਰ ਦੀ ਇਸ ਹਰਕਤ ਨੂੰ ਥੱਲੇ ਬੈਠੇ ਕਈ ਕਬੂਤਰਾਂ ਨੇ ਦੇਖਿਆ। ਗਿਣਤੀ ਵਿਚ ਜ਼ਿਆਦਾ ਹੋਣ ਦੇ ਬਾਵਜੂਦ ਉਹ ਉਸਦਾ ਕੁਝ ਨਾ ਵਿਗਾੜ ਸਕੇ।

ਰਾਜੇ ਦੇ ਸਿਰੋਂ ਉੱਡ ਉਹ ਕਬੂਤਰ ਆਪਣੇ ਉਡਦੇ ਸਾਥੀਆਂ ਨਾਲ ਮੁੜ ਜਾ ਰਲਿਆ।

ਝੁੰਡ ਹੁਣ ਹੋਰ ਤੇਜ਼ੀ ਨਾਲ ਚੱਕਰ ਕੱਟ ਰਿਹਾ ਸੀ।

ਚੱਕਰ ਕੱਟਦੇ ਕਬੂਤਰਾਂ ਵਿਚੋਂ ਇਕ ਕਬੂਤਰ ਅਲੱਗ ਹੋ ਕੇ ਜਦ ਜ਼ਮੀਨ ਵੱਲ ਵਧਿਆ ਤਾਂ ਦੂਜਿਆਂ ਨੇ ਵੀ ਉਹਦੀ ਰੀਸ ਕੀਤੀ। ਜਿਸ ਨੂੰ ਜਿੱਥੇ ਥਾਂ ਮਿਲੀ ਉਹ ਉਥੇ ਜਾ ਬੈਠਾ।

ਪੂਰਾ ਕਬੂਤਰ ਸਮੂਹ ਦੋ ਗੁੱਟਾਂ ਵਿਚ ਵੰਡਿਆ ਗਿਆ।

ਦੋਹਾਂ ਧਿਰਾਂ ਦੇ ਕਬੂਤਰ ਹੁਣ ਆਮ੍ਹਣੇ-ਸਾਹਮਣੇ ਸਨ। ਹਰ ਕੋਈ ਇਕ ਦੂਜੇ ਦੇ ਚਿਹਰੇ ਦੀ ਨਿਸ਼ਾਨਦੇਈ ਕਰ ਰਿਹਾ ਸੀ।

ਦੇਖਣ ਵਾਲੇ ਨੂੰ ਲੱਗ ਰਿਹਾ ਸੀ ਜਿਵੇਂ ਘੋੜ ਸਵਾਰ ਰਾਜਾ ਅੰਦਰੋ-ਐਦਰ ਮੁਸਕਰਾ ਰਿਹਾ ਹੈ।