ਕਾਫ਼ੀਆਂ ਪੀਰ ਗ਼ੁਲਾਮ ਜੀਲਾਨੀ

ਵਿਕੀਸਰੋਤ ਤੋਂ
Jump to navigation Jump to search


ਪੰਜਾਬੀ ਕਾਫ਼ੀਆਂ ਪੀਰ ਗ਼ੁਲਾਮ ਜੀਲਾਨੀ
1. ਜੋ ਕਲ ਕਰਨਾ ਕਰ ਅਜ ਕੁੜੇ

ਜੋ ਕਲ ਕਰਨਾ ਕਰ ਅਜ ਕੁੜੇ,
ਹੋਰ ਛਡ ਦੇ ਸਾਰੇ ਪੱਜ ਕੁੜੇ ।

ਸੁੱਮਨ ਬੁਕਮਨ ਉਮੱਯਨ ਰਹੀਏ,
ਦਿਲ ਆਪਣੇ ਵਲ ਮੂੰਹ ਕਰ ਬਹੀਏ,
ਫ਼ੈਦਾ ਕੀ ਹੈ ਪਾਹਿਆ ਗੱਜ ਕੁੜੇ,
ਹੋਰ ਛਡ ਦੇ ਸਾਰੇ ਪੱਜ ਕੁੜੇ ।

ਤੇਰੀ ਉਮਰ ਮੁਸਾਫ਼ਰਾਂ ਰੈਨ ਕੁੜੇ,
ਤੂੰ ਕਿਉਂ ਬੈਠੀ ਕਰਕੇ ਚੈਨ ਕੁੜੇ,
ਕੁਝ ਕਰ ਤਾਹੀ ਰਹਿਸੀ ਲਜ ਕੁੜੇ,
ਹੋਰ ਛਡ ਦੇ ਸਾਰੇ ਪੱਜ ਕੁੜੇ ।

ਘਰ ਵਿਚ ਵੇਖ ਪਿਆਰੇ ਤਾਈਂ,
ਜ਼ਾਹਰ ਬਾਤਨ ਜਿਹੜਾ ਸਾਈਂ,
ਕਰ ਕਰ ਦਰਸ਼ਨ ਰੱਜ ਕੁੜੇ,
ਹੋਰ ਛਡ ਦੇ ਸਾਰੇ ਪੱਜ ਕੁੜੇ ।

ਵਾਫ਼ੀਅਨਸੁਕੁਮ ਹੁਕਮ ਖ਼ੁਦਾ,
ਓਹ ਪਿਆਰਾ ਨ ਇਕ ਦਮ ਹੋਵੇ ਜੁਦਾ,
ਤੂੰ ਰਾਹ ਅਵੱਲੇ ਨਾ ਭੱਜ ਕੁੜੇ,
ਹੋਰ ਛਡ ਦੇ ਸਾਰੇ ਪੱਜ ਕੁੜੇ ।

ਲੈ ਗ਼ੁਲਾਮ ਜੀਲਾਨੀ ਤੋਂ ਮਤ ਕੁੜੇ,
ਨੀ ਤੂੰ ਘਰ ਬਹਿ ਆਪ ਕਤ ਕੁੜੇ,
ਤੇਰਾ ਦਮ ਦਮ ਹੋਵੇ ਹੱਜ ਕੁੜੇ,
ਹੋਰ ਛਡ ਦੇ ਸਾਰੇ ਪੱਜ ਕੁੜੇ ।

(ਸੁੱਮਨ ਬੁਕਮਨ ਉਮੱਯਨ=ਦੁਨੀਆਂ
ਤੋਂ ਬੋਲੇ ਗੁੰਗੇ ਤੇ ਅੰਨ੍ਹੇ ਰਹਿਣਾ,
ਜ਼ਾਹਰ ਬਾਤਨ=ਬਾਹਰੋਂ-ਅੰਦਰੋਂ,
ਵਾਫ਼ੀਅਨਸੁਕੁਮ=ਵ ਅਫ਼ੀ ਅਨਫਸ
ਕੁਮ,ਅਤੇ ਤੁਹਾਡੇ ਸ਼ਰੀਰਾਂ ਤੇ ਪ੍ਰਾਣਾਂ
ਵਿਚ)
2. ਵਾਹਵਾ ਦਿਲਬਰ ਨਖ਼ਰੇ ਬਾਜਾ

ਵਾਹਵਾ ਦਿਲਬਰ ਨਖ਼ਰੇ ਬਾਜਾ ਕਰ ਕਰ ਨਾਜ਼ ਪ੍ਰਸਤੀ ।
ਇਸ਼ਕ ਤੇਰੇ ਨੇ ਦਿਲ ਮੇਰੇ ਨੂੰ ਜ਼ੌਕ ਚੜ੍ਹਾਇਆ ਮਸਤੀ ।

ਮੋਹ ਲਏ ਆਸ਼ਕ ਬੇਕਸ ਆਜ਼ਜ਼, ਕਰ ਕਰ ਨਾਜ਼ ਨਿਹੋਰੇ ।
ਕਾਲੂ ਬਲਾ ਕਹਿ ਲਈ ਬਲਾ ਸਿਰ, ਮਨ ਫ਼ਰਮਾਨ ਅਲਸਤੀ ।

ਹਟ ਬੈਠੇ ਤਾਂ ਝਿੜਕਾਂ ਦੇਵੇਂ, ਦਰ ਆਇਆਂ ਰੁਸ ਜਾਵੇਂ ।
ਅਜਬ ਹਰਾਨੀ ਤੇਰੀ ਯਾਰੀ, ਜਾਨ ਪਈ ਵਿੱਚ ਫਸਤੀ ।

ਗ਼ੁਲਾਮ ਜੀਲਾਨੀ ਦਰ ਤੇਰੇ ਦਾ, ਆਦ ਕਦੀਮੀ ਬਰਦਾ ।
ਨਾ ਦੇ ਝਿੜਕਾਂ ਆਜ਼ਜ਼ ਤਾਈਂ, ਆ ਡਿਗਿਆ ਵਿੱਚ ਬਸਤੀ ।

(ਬੇਕਸ=ਬੇਬਸ, ਬਰਦਾ=ਗ਼ੁਲਾਮ)