ਕਾਫ਼ੀਆਂ ਬਖ਼ਤ ਗ਼ੁਲਾਮ
1. ਸਜਣਾ ਅਵੇਹਾ ਇਸ਼ਕ ਰੰਗੀਲਾ
ਸਜਣਾ ਅਵੇਹਾ ਇਸ਼ਕ ਰੰਗੀਲਾ,
ਜਿਤਵਲ ਦੇਖਾਂ ਤਿਤਵਲ ਦਿਸਦਾ,
ਇਕੋ ਛੈਲ ਛਬੀਲਾ ।੧।ਰਹਾਉ।
ਆਪੇ ਸ਼ਾਮੁ ਸੇਤ ਫੁਨ ਆਪੇ,
ਆਪੇ ਸਾਵਾ ਪੀਲਾ ।੧।
ਬਖ਼ਤ ਗ਼ੁਲਾਮਾਂ ਹਾਲ ਕੈਨੂੰ ਆਖਾਂ,
ਆਪਨੇ ਮਨ ਦਾ ਹੀਲਾ ।੨।
(ਰਾਗ ਦੇਵਗੰਧਾਰੀ)
2. ਸਜਣਾ ਅਵੇਹਾ ਇਸ਼ਕ ਨਿਮਾਣਾ
ਸਜਣਾ ਅਵੇਹਾ ਇਸ਼ਕ ਨਿਮਾਣਾ,
ਚੁਖੁਕ ਜਿਨ੍ਹਾਂ ਦੇ ਅੰਦਰ ਲਗਾ,
ਲੂੰ ਲੂੰ ਅੰਦਰ ਧਾਣਾ ।੧।ਰਹਾਉ।
ਸਹੀ ਨਾ ਕੀਤਾ, ਕਿਥੋਂ ਆਇਆ,
ਕੀਤੋ ਸੁ ਆਇ ਪਇਆਣਾ ।੧।
ਕੀ ਆਖੈ ਕੀ ਆਖ ਵਖਾਣੈ,
ਬਖ਼ਤ ਗ਼ੁਲਾਮ ਨਿਮਾਣਾ ।੨।
(ਰਾਗ ਦੇਵਗੰਧਾਰੀ)
3. ਸਜਣਾ ਗੱਲ ਆਖਣ ਦੀ ਨਾਹੀਂ
ਸਜਣਾ ਗੱਲ ਆਖਣ ਦੀ ਨਾਹੀਂ,
ਇਹ ਸੁਖ ਦੇਖੇ ਹੀ ਬਣ ਆਵੈ
ਜੋ ਬੀਤੇ ਦੁਇ ਮਾਹੀਂ ।੧।ਰਹਾਉ।
ਦੋਹਾਂ ਦੇ ਵਿਚਿ ਦੋਹਾਂ ਥੀਂ ਨਿਆਰਾ,
ਆਇ ਨ ਜਾਹਿ ਕਦਾਹੀਂ ।੧।
ਬਖ਼ਤ ਗ਼ੁਲਾਮ ਬੰਦ ਵਿਚ ਦਰਿਆ,
ਢੂੰਢਿਆਂ ਲਭਦੀ ਨਾਹੀਂ ।੨।
(ਰਾਗ ਦੇਵਗੰਧਾਰੀ)
4. ਸਜਣਾ ਜਿਉਂ ਬੀਤੀ ਤਿਉਂ ਬੀਤੀ
ਸਜਣਾ ਜਿਉਂ ਬੀਤੀ ਤਿਉਂ ਬੀਤੀ,
ਹੈ ਗੁਜ਼ਰਾਨ ਜਹਾਨ ਨ ਜਾਣੈ,
ਅਸਾਂ ਇਹ ਮਾਲਮ ਕੀਤੀ ।੧।ਰਹਾਉ।
ਸੁਰਤ ਦੀ ਸੂਈ ਪ੍ਰੇਮ ਦੇ ਧਾਗੇ,
ਅਸਾਂ ਖਿਮਾ ਗੋਦੜੀ ਸੀਤੀ,
ਗਇਆ ਸੀਤ ਭਰਮ ਸਭ ਮਨ ਕਾ,
ਅਸਾਂ ਓਢ ਸਿਰੇ ਪਰ ਲੀਤੀ ।੧।
ਦੂਰ ਭਈ ਮੇਰੇ ਮਨ ਕੀ ਚਿੰਤਾ,
ਅਸਾਂ ਪ੍ਰੇਮ ਪਿਆਲੜੀ ਪੀਤੀ ।
ਬਖ਼ਤ ਗ਼ੁਲਾਮ ਸਾਧ ਕੀ ਸੰਗਤ,
ਅਸਾਂ ਹਾਰੀ ਬਾਜੀ ਜੀਤੀ ।੨।
(ਰਾਗ ਦੇਵਗੰਧਾਰੀ)