ਕਾਫ਼ੀਆਂ ਸ਼ਾਹ ਹੁਸੈਨ

ਵਿਕੀਸਰੋਤ ਤੋਂ
ਕਾਫ਼ੀਆਂ ਸ਼ਾਹ ਹੁਸੈਨ
ਸ਼ਾਹ ਹੁਸੈਨ


1. ਆਗੇ ਨੈਂ ਡੂੰਘੀ, ਮੈਂ ਕਿਤ ਗੁਣ ਲੰਘਸਾਂ ਪਾਰਿ

ਆਗੇ ਨੈਂ ਡੂੰਘੀ, ਮੈਂ ਕਿਤ ਗੁਣ ਲੰਘਸਾਂ ਪਾਰਿ।ਰਹਾਉ।

ਰਾਤਿ ਅੰਨੇਰੀ ਪੰਧਿ ਦੁਰਾਡਾ,
ਸਾਥੀ ਨਹੀਓਂ ਨਾਲਿ।1।

ਨਾਲਿ ਮਲਾਹ ਦੇ ਅਣਬਣਿ ਹੋਈ,
ਉਹ ਸਚੇ ਮੈਂ ਕੂੜਿ ਵਿਗੋਈ,
ਕੈ ਦਰਿ ਕਰੀਂ ਪੁਕਾਰ।2।

ਸਭਨਾ ਸਈਆਂ ਸਹੁ ਰਾਵਿਆ,
ਮੈਂ ਰਹਿ ਗਈ ਬੇ ਤਕਰਾਰਿ।3।

ਕਹੈ ਹੁਸੈਨ ਫ਼ਕੀਰ ਨਿਮਾਣਾ,
ਮੈਂ ਰੋਨੀਆਂ ਵਖਤਿ ਗੁਜਾਰਿ।4।

2.ਆਖਰ ਦਾ ਦਮ ਬੁਝਿ, ਵੇ ਅੜਿਆ

ਆਖਰ ਦਾ ਦਮ ਬੁਝਿ, ਵੇ ਅੜਿਆ।ਰਹਾਉ।

ਸਾਰੀ ਉਮਰ ਵੰਞਾਇਆ ਏਵੇਂ,
ਬਾਕੀ ਰਹੀਆ ਨਾ ਕੁਝ ਵੇ ਅੜਿਆ।1।

ਦਰਿ ਤੇ ਆਇ ਲਥੇ ਵਾਪਾਰੀ,
ਜੈਥੋਂ ਲੀਤੀਆ ਵਸਤ ਉਧਾਰੀ,
ਜਾਂ ਤਰਿ ਥੀਂਦਾ ਹੀ ਗੁਝਿ ਵੇ ਅੜਿਆ।2॥

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਲੁਝ ਕੁਲੁਝਿ ਨ ਲੁਝਿ ਵੇ ਅੜਿਆ।3।

3. ਆਖ਼ਰ ਪਛੋਤਾਵੇਂਗੀ ਕੁੜੀਏ

ਆਖ਼ਰ ਪਛੋਤਾਵੇਂਗੀ ਕੁੜੀਏ,
ਉਠਿ ਹੁਣ ਢੋਲ ਮਨਾਇ ਲੈ ਨੀਂ।1।ਰਹਾਉ।

ਸੂਹੇ ਸਾਵੇ ਲਾਲ ਬਾਣੇ,
ਕਰਿ ਲੈ ਕੁੜੀਏ ਮਨ ਦੇ ਭਾਣੇ,
ਇਕੁ ਘੜੀ ਸ਼ਹੁ ਮੂਲ ਨ ਭਾਣੇ,
ਜਾਸਨਿ ਰੰਗ ਵਟਾਇ।1।

ਕਿਥੇ ਨੀ ਤੇਰੇ ਨਾਲਿ ਦੇ ਹਾਣੀ,
ਕੱਲਰ ਵਿਚਿ ਸਭ ਜਾਇ ਸਮਾਣੀ,
ਕਿਥੇ ਹੀ ਤੇਰੀ ਉਹ ਜਵਾਨੀ,
ਕਿਥੇ ਤੇਰੇ ਹੁਸਨ ਹਵਾਇ।2।

ਕਿਥੇ ਨੀ ਤੇਰੇ ਤੁਰਕੀ ਤਾਜ਼ੀ,
ਸਾਂਈਂ ਬਿਨੁ ਸਭ ਕੂੜੀ ਬਾਜ਼ੀ,
ਕਿਥੇ ਨੀ ਤੇਰਾ ਸੁਇਨਾ ਰੁਪਾ,
ਹੋਏ ਖ਼ਾਕ ਸੁਆਹਿ।3।

ਕਿਥੇ ਨੀ ਤੇਰੇ ਮਾਣਿਕ ਮੋਤੀ,
ਅਹੁ ਜੰਜ ਤੇਰੀ ਆਇ ਖਲੋਤੀ,
ਕਹੈ ਹੁਸੈਨ ਫ਼ਕੀਰ ਨਿਮਾਣਾ,
ਪਉ ਸਾਂਈਂ ਦੇ ਰਾਹਿ।4।

4. ਆਖ ਨੀਂ ਮਾਏ ਆਖ ਨੀਂ

ਆਖ ਨੀਂ ਮਾਏ ਆਖ ਨੀਂ,
ਮੇਰਾ ਹਾਲ ਸਾਈਂ ਅੱਗੇ ਆਖੁ ਨੀਂ।1।ਰਹਾਉ।

ਪ੍ਰੇਮ ਦੇ ਧਾਗੇ ਅੰਤਰਿ ਲਾਗੇ,
ਸੂਲਾਂ ਸੇਤੀ ਮਾਸ ਨੀਂ।1।

ਨਿਜੁ ਜਣੇਦੀਏ ਭੋਲੀਏ ਮਾਏ,
ਜਣ ਕਰਿ ਲਾਇਓ ਪਾਪੁ ਨੀਂ।2।

ਕਹੈ ਹੁਸੈਨ ਫ਼ਕੀਰ ਨਿਮਾਣਾ,
ਜਾਣਦਾ ਮਉਲਾ ਆਪ ਨੀਂ।3।

5. ਆਉ ਕੁੜੇ ਰਲਿ ਝੂੰਮਰ ਪਾਉ ਨੀਂ

ਆਉ ਕੁੜੇ ਰਲਿ ਝੂੰਮਰ ਪਾਉ ਨੀਂ,
ਆਉ ਕੁੜੇ ਰਲਿ ਰਾਮੁ ਧਿਆਉ ਨੀਂ।
ਮਾਣ ਲੈ ਗਲੀਆਂ ਬਾਬਲੁ ਵਾਲੀਆਂ,
ਵਤਿ ਨ ਖੇਡਣਿ ਦੇਸੀਆ ਮਾਉ ਨੀਂ।ਰਹਾਉ।

ਸਾਡਾ ਜੀਉ ਮਿਲਣੁ ਨੂੰ ਕਰਦਾ,
ਸੁੰਞਾ ਲੋਕ ਬਖ਼ੀਲੀ ਕਰਦਾ।
ਸਾਨੂੰ ਮਿਲਣ ਦਾ ਪਹਿਲੜਾ ਚਾਉ ਨੀਂ।1।

ਸਈਆਂ ਵਸਨਿ ਰੰਗਿ ਮਹਲੀਂ,
ਚਾਉ ਜਿਨਾਂ ਦੇ ਖੇਡਣਿ ਚੱਲੀ।
ਹਥਿ ਅਟੇਰਨ ਰਹਿ ਗਈ ਛੱਲੀ,
ਦਰਿ ਮੁਕਲਾਊ ਬੈਠੇ ਆਉ ਨੀਂ।2।

ਉੱਚੇ ਪਿੱਪਲ ਪੀਂਘਾਂ ਪਈਆਂ,
ਸਭ ਸਈਆਂ ਮਿਲ ਝੂਟਣਿ ਗਈਆਂ।
ਆਪੋ ਆਪਣੀ ਗਈ ਲੰਘਾਉ ਨੀਂ।3।

ਕਹੈ ਹੁਸੈਨ ਫ਼ਕੀਰ ਨਿਮਾਣਾ,
ਦੁਨੀਆਂ ਛੋਡਿ ਆਖ਼ਰ ਮਰਿ ਜਾਣਾ।
ਕਦੀ ਤਾਂ ਅੰਦਰਿ ਝਾਤੀ ਪਾਉ ਨੀਂ।4।

6. ਆਪ ਨੂੰ ਪਛਾਣ ਬੰਦੇ

ਆਪ ਨੂੰ ਪਛਾਣ ਬੰਦੇ।
ਜੇ ਤੁਧ ਆਪਣਾ ਆਪ ਪਛਾਤਾ,
ਸਾਹਿਬ ਨੂੰ ਮਿਲਣ ਆਸਾਨ ਬੰਦੇ।ਰਹਾਉ।

ਉਚੜੀ ਮਾੜੀ ਸੁਇਨੇ ਦੀ ਸੇਜਾ,
ਹਰ ਬਿਨ ਜਾਣ ਮਸਾਣ ਬੰਦੇ।1।

ਇੱਥੇ ਰਹਿਣ ਕਿਸੇ ਦਾ ਨਾਹੀਂ,
ਕਾਹੇ ਕੂੰ ਤਾਣਹਿ ਤਾਣ ਬੰਦੇ।2।

ਕਹੈ ਹੁਸੈਨ ਫ਼ਕੀਰ ਰੱਬਾਣਾ,
ਫ਼ਾਨੀ ਸਭ ਜਹਾਨ ਬੰਦੇ।3।

7. ਆਸ਼ਕ ਹੋਵੈਂ ਤਾਂ ਇਸ਼ਕ ਕਮਾਵੈਂ

ਆਸ਼ਕ ਹੋਵੈਂ ਤਾਂ ਇਸ਼ਕ ਕਮਾਵੈਂ।ਰਹਾਉ।

ਰਾਹ ਇਸ਼ਕ ਦਾ ਸੂਈ ਦਾ ਨੱਕਾ,
ਤਾਗਾ ਹੋਵੇ ਤਾਂ ਜਾਵੈਂ।1।

ਬਾਹਿਰ ਪਾਕ ਅੰਦਰ ਆਲੂਦਾ,
ਕਿਆ ਤੂੰ ਸ਼ੇਖ ਕਹਾਵੈਂ।2।

ਕਹੈ ਹੁਸੈਨ ਜੇ ਫਾਰਗ ਥੀਵੈਂ,
ਤਾਂ ਖਾਸ ਮੁਰਾਤਬਾ ਪਾਵੈਂ।3।

8. ਅਹਿਨਿਸਿ ਵਸਿ ਰਹੀ ਦਿਲ ਮੇਰੇ

ਅਹਿਨਿਸਿ ਵਸਿ ਰਹੀ ਦਿਲ ਮੇਰੇ,
ਸੂਰਤਿ ਯਾਰੁ ਪਿਆਰੇ ਦੀ।

ਬਾਗ਼ ਤੇਰਾ ਬਗੀਚਾ ਤੇਰਾ,
ਮੈਂ ਬੁਲਿਬੁਲਿ ਬਾਗ਼ ਤਿਹਾਰੇ ਦੀ।ਰਹਾਉ।

ਆਪਣੇ ਸ਼ਹੁ ਨੂੰ ਆਪ ਰੀਝਾਵਾਂ,
ਹਾਜਤਿ ਨਹੀਂ ਪਸਾਰੇ ਦੀ।1।

ਕਹੈ ਹੁਸੈਨ ਫ਼ਕੀਰ ਨਿਮਾਣਾ,
ਥੀਵਾਂ ਖਾਕਿ ਦੁਆਰੇ ਦੀ।2।

9. ਅਮਲਾਂ ਦੇ ਉਪਰਿ ਹੋਗ ਨਬੇੜਾ

ਅਮਲਾਂ ਦੇ ਉਪਰਿ ਹੋਗ ਨਬੇੜਾ,
ਕਿਆ ਸੂਫੀ ਕਿਆ ਭੰਗੀ।ਰਹਾਉ।

ਜੋ ਰੱਬ ਭਾਵੈ ਸੋਈ ਥੀਸੀ,
ਸਾਈ ਬਾਤ ਹੈ ਚੰਗੀ।1।

ਆਪੈ ਏਕ ਅਨੇਕ ਕਹਾਵੈ,
ਸਾਹਿਬ ਹੈ ਬਹੁਰੰਗੀ।2।

ਕਹੈ ਹੁਸੈਨ ਸੁਹਾਗਨਿ ਸੋਈ,
ਜੇ ਸਹੁ ਦੇ ਰੰਗ ਰੰਗੀ।3।

10. ਅਨੀ ਜਿੰਦੇ ਮੈਂਡੜੀਏ

ਅਨੀ ਜਿੰਦੇ ਮੈਂਡੜੀਏ,
ਤੇਰਾ ਨਲੀਆਂ ਦਾ ਵਖਤੁ ਵਿਹਾਣਾ।1।ਰਹਾਉ।

ਰਾਤੀਂ ਕੱਤੇਂ ਦਿਹੀਂ ਅਟੇਰੇਂ,
ਗੋਡੇ ਲਾਇਓ ਤਾਣਾ।1।

ਕੋਈ ਜੋ ਤੰਦ ਪਈ ਅਵਲੀ,
ਸਾਹਿਬ ਮੂਲ ਨ ਭਾਣਾ।2।

ਚੀਰੀ ਆਈ ਢਿਲ ਨ ਕਾਈ,
ਕਿਆ ਰਾਜਾ ਕਿਆ ਰਾਣਾ।3।

ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਡਾਢੇ ਦਾ ਰਾਹੁ ਨਿਮਾਣਾ।4।

11. ਅਨੀ ਸਈਓ ਨੀਂ

ਅਨੀ ਸਈਓ ਨੀਂ,
ਮੈਂ ਕੱਤਦੀ ਕੱਤਦੀ ਹੁੱਟੀ,
ਅੱਤਣ ਦੇ ਵਿਚ ਗੋੜੇ ਰੁਲਦੇ,
ਹਥਿ ਵਿਚ ਰਹਿ ਗਈ ਜੁਟੀ।1।ਰਹਾਉ।

ਸਾਰੇ ਵਰ੍ਹੇ ਵਿਚ ਛੱਲੀ ਇਕ ਕੱਤੀ,
ਕਾਗ ਮਰੇਂਦਾ ਝੁੱਟੀ।1।

ਸੇਜੇ ਆਵਾਂ ਕੰਤ ਨ ਭਾਵਾਂ,
ਕਾਈ ਵੱਗ ਗਈ ਕਲਮੁ ਅਪੁਠੀ।2।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਸਭ ਦੁਨੀਆਂ ਜਾਂਦੀ ਡਿੱਠੀ।4।

12. ਅਸਾਂ ਬਹੁੜਿ ਨਾ ਦੁਨੀਆਂ ਆਵਣਾ

ਅਸਾਂ ਬਹੁੜਿ ਨਾ ਦੁਨੀਆਂ ਆਵਣਾ।ਰਹਾਉ।

ਸਦਾ ਨਾ ਫਲਨਿ ਤੋਰੀਆਂ
ਸਦਾ ਨਾ ਲਗਿਦੇ ਨੀ ਸਾਵਣਾ।1।

ਸੋਈ ਕੰਮੁ ਵਿਚਾਰਿ ਕੇ ਕੀਜੀਐ ਜੀ,
ਜਾਂ ਤੇ ਅੰਤੁ ਨਹੀਂ ਪਛੁਤਾਵਣਾ।2।

ਕਹੈ ਸ਼ਾਹ ਹੁਸੈਨ ਸੁਣਾਇ ਕੈ,
ਅਸਾਂ ਖ਼ਾਕ ਦੇ ਨਾਲ ਸਮਾਵਣਾ।3।

13. ਅਸਾਂ ਕਿਤਕੂੰ ਸ਼ੇਖ਼ ਸਦਾਵਣਾ

ਅਸਾਂ ਕਿਤਕੂੰ ਸ਼ੇਖ਼ ਸਦਾਵਣਾ,
ਘਰਿ ਬੈਠਿਆਂ ਮੰਗਲ ਗਾਵਣਾ,
ਅਸਾਂ ਟੁਕਰ ਮੰਗਿ ਮੰਗਿ ਖਾਵਣਾ,
ਅਸਾਂ ਏਹੋ ਕੰਮ ਕਮਾਵਣਾ।1।ਰਹਾਉ।

ਇਸ਼ਕ ਫ਼ਕੀਰਾਂ ਦੀ ਟੋਹਣੀ,
ਇਹ ਵਸਤ ਅਗੋਚਰ ਜੋਹਣੀ,
ਅਸਾਂ ਤਲਬ ਤੇਰੀ ਹੈ ਸੋਹਣੀ,
ਅਸਾਂ ਹਰ ਦੰਮ ਰੱਬ ਧਿਆਵਣਾ।1।

ਅਸਾਂ ਹੋਰਿ ਨ ਕਿਸੇ ਆਖਣਾ,
ਅਸਾਂ ਨਾਮ ਸਾਂਈਂ ਭਾਖਣਾ,
ਇਕ ਤਕੀਆ ਤੇਰਾ ਰਾਖਣਾ,
ਅਸਾਂ ਮਨ ਅਪੁਨਾ ਸਮਝਾਵਣਾ।2।

ਅਸਾਂ ਅੰਦਰ ਬਾਹਿਰ ਲਾਲ ਹੈ,
ਅਸਾਂ ਮੁਰਸ਼ਦਿ ਨਾਲ ਪਿਆਰ ਹੈ,
ਅਸਾਂ ਏਹੋ ਵਣਜ ਵਪਾਰ ਹੈ,
ਅਸਾਂ ਜੀਵੰਦਿਆਂ ਮਰਿ ਜਾਵਣਾ।3।

ਕੋਈ ਮੁਰੀਦੁ ਕੋਈ ਪੀਰ ਹੈ,
ਏਹੁ ਦੁਨੀਆਂ ਸਭ ਜ਼ਹੀਰ ਹੈ।
ਇਕ ਸ਼ਾਹੁ ਹੁਸੈਨ ਫ਼ਕੀਰ ਹੈ,
ਅਸਾਂ ਰਲਮਿਲਿ ਝੁਰਮਟਿ ਪਾਵਣਾ।4।

14. ਚੋਰ ਕਰਨ ਨਿੱਤ ਚੋਰੀਆਂ

ਚੋਰ ਕਰਨ ਨਿੱਤ ਚੋਰੀਆਂ,
ਅਮਲੀ ਨੂੰ ਅਮਲਾਂ ਦੀਆਂ ਘੋੜੀਆਂ,
ਕਾਮੀ ਨੂੰ ਚਿੰਤਾ ਕਾਮ ਦੀ,
ਅਸਾਂ ਤਲਬ ਸਾਂਈਂ ਦੇ ਨਾਮੁ ਦੀ।1।ਰਹਾਉ।

ਪਾਤਿਸ਼ਾਹਾਂ ਨੂੰ ਪਾਤਿਸ਼ਾਹੀਆਂ,
ਸ਼ਾਹਾਂ ਨੂੰ ਉਗਰਾਹੀਆਂ,
ਮਿਹਰਾਂ ਨੂੰ ਪਿੰਡ ਗਰਾਂਵ ਦੀ।1।

ਇਕੁ ਬਾਜੀ ਪਾਈ ਸਾਈਆਂ,
ਇਕ ਅਚਰਜ ਖੇਲ ਬਣਾਈਆਂ,
ਸਭਿ ਖੇਡ ਖੇਡ ਘਰਿ ਆਂਵਦੀ।2।

ਲੋਕ ਕਰਨ ਲੜਾਈਆਂ,
ਸਰਮੁ ਰਖੀਂ ਤੂੰ ਸਾਈਆਂ,
ਸਭ ਮਰਿ ਮਰਿ ਖ਼ਾਕ ਸਮਾਂਵਦੀ।3।

ਇਕ ਸ਼ਾਹੁ ਹੁਸੈਨ ਫ਼ਕੀਰ ਹੈ,
ਤੁਸੀਂ ਨ ਕੋਈ ਆਖੋ ਪੀਰ ਹੈ,
ਅਸਾਂ ਕੂੜੀ ਗੱਲ ਨ ਭਾਂਵਦੀ।4।

15. ਅੱਤਣ ਮੈਂ ਕਿਉਂ ਆਈ ਸਾਂ

ਅੱਤਣ ਮੈਂ ਕਿਉਂ ਆਈ ਸਾਂ,
ਮੇਰੀ ਤੰਦ ਨ ਪਈਆ ਕਾਇ।

ਆਉਂਦਿਆਂ ਉਠਿ ਖੇਡਣਿ ਲਗੀ,
ਚਰਖਾ ਛਡਿਆ ਚਾਇ।ਰਹਾਉ।

ਕੱਤਣ ਕਾਰਣ ਗੋੜ੍ਹੇ ਆਂਦੇ,
ਗਇਆ ਬਲੇਦਾ ਖਾਇ।1।

ਹੋਰਨਾਂ ਦੀਆਂ ਅੜੀ ਅੱਟੀਆਂ,
ਨਿਮਾਣੀ ਦੀ ਅੜੀ ਕਪਾਹਿ।2।

ਹੋਰਨਾਂ ਕੱਤੀਆਂ ਪੰਜ ਸਤ ਪੂਣੀਆਂ,
ਮੈਂ ਕੀ ਆਖਾਂਗੀ ਜਾਇ।3।

ਕਹੈ ਹੁਸੈਨ ਸੁਚਜੀਆਂ ਨਾਰੀ,
ਲੈਸਨ ਸਹੁ ਗਲ ਲਾਇ।4।

16. ਬਾਬਲ ਗੰਢੀਂ ਪਾਈਆਂ

ਬਾਬਲ ਗੰਢੀਂ ਪਾਈਆਂ,
ਦਿਨ ਥੋੜੇ, ਪਾਏ,
ਦਾਜ ਵਿਹੂਨੀ ਮੈਂ ਚਲੀ,
ਮੁਕਲਾਊੜੇ ਆਏ।1।

ਯਾ ਮਉਲਾ ਯਾ ਮਉਲਾ,
ਫਿਰ ਹੈ ਭੀ ਮਉਲਾ।1।ਰਹਾਉ।

ਗੰਢਾਂ ਖੁਲਣਿ ਤੇਰੀਆਂ,
ਤੈਨੂੰ ਖ਼ਬਰ ਨ ਕਾਈ,
ਇਸ ਵਿਛੋੜੇ ਮਉਤ ਦੇ,
ਕੋਈ ਭੈਣ ਨ ਭਾਈ।2।

ਆਵਹੁ ਮਿਲਹੁ ਸਹੇਲੜੀਓ,
ਮੈਂ ਚੜਨੀ ਹਾਂ ਖਾਰੇ,
ਵੱਤ ਨ ਮੇਲਾ ਹੋਸੀਆਂ,
ਹੁਣ ਏਹੋ ਵਾਰੇ।3।

ਮਾਂ ਰੋਵੰਦੀ ਜ਼ਾਰ ਜ਼ਾਰ,
ਭੈਣ ਖਰੀ ਪੁਕਾਰੇ,
ਅਜ਼ਰਾਈਲ ਫ਼ਰੇਸ਼ਤਾ
ਲੈ ਚਲਿਆ ਵਿਚਾਰੇ।4।

ਇਕ ਅਨ੍ਹੇਰੀ ਕੋਠੜੀ
ਦੂਜਾ ਦੀਵਾ ਨ ਬਾਤੀ,
ਬਾਹੋਂ ਪਕੜ ਜਮ ਲੈ ਚਲੇ,
ਕੋਈ ਸੰਗ ਨ ਸਾਥੀ।5।

ਖੁਦੀ ਤਕੱਬਰੀ ਬੰਦਿਆ ਛੋਡਿ ਦੇ,
ਤੂੰ ਪਕੜ ਹਲੀਮੀ,
ਗੋਰ ਨਿਮਾਣੀ ਨੂੰ ਤੂੰ ਯਾਦਿ ਕਰਿ,
ਤੇਰਾ ਵਤਨ ਕਦੀਮੀ।6।

ਹੱਥ ਮਰੋੜੇਂ ਸਿਰ ਧੁਣੇ,
ਵੇਲਾ ਛਲਿ ਜਾਸੀ,
ਕਹੈ ਹੁਸੈਨ ਫ਼ਕੀਰ ਨਿਮਾਣਾ,
ਮਿਤ੍ਰ ਹੋਇ ਉਦਾਸੀ 7।

17. ਬਾਝੂੰ ਸੱਜਣੁ ਮੈਨੂੰ ਹੋਰੁ ਨਹੀਂ ਸੁਝਦਾ

ਬਾਝੂੰ ਸੱਜਣੁ ਮੈਨੂੰ ਹੋਰੁ ਨਹੀਂ ਸੁਝਦਾ।
ਬਾਝੂੰ ਸੱਜਣੁ ਮੈਨੂੰ ਹੋਰੁ ਨਹੀਂ ਸੁਝਦਾ।ਰਹਾਉ।

ਮਨ ਤਨੂਰ ਆਂਹੀ ਦੇ ਅਲੰਬੇ,
ਸੇਜ ਚੜ੍ਹੀਦਾ ਮੈਂਡਾ ਤਨ ਮਨ ਭੁਜਦਾ।1।

ਤਨ ਦੀਆਂ ਤਨ ਜਾਣੇ,
ਮਨ ਦੀਆਂ ਮਨ ਜਾਣੇ,
ਮਹਰਮੀ ਹੋਇ ਸੁ ਦਿਲ ਦੀਆਂ ਬੁਝਦਾ।2।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਲੋਕ ਬਖੀਲਾ ਪਚਿ ਪਚਿ ਲੁਝਦਾ।3।

18. ਬਾਲਪਣ ਖੇਡ ਲੈ ਕੁੜੀਏ ਨੀਂ

ਬਾਲਪਣ ਖੇਡ ਲੈ ਕੁੜੀਏ ਨੀਂ,
ਤੇਰਾ ਅੱਜ ਕਿ ਕਲ੍ਹ ਮੁਕਲਾਵਾ।ਰਹਾਉ।

ਖੇਨੂੜਾ ਖਿਡੰਦੀਏ ਕੁੜੀਏ,
ਕੰਨੁ ਸੁਇਨੇ ਦਾ ਵਾਲਾ,
ਸਾਹੁਰੜੇ ਘਰਿ ਅਲਬਤ ਜਾਣਾ,
ਪੇਈਏ ਕੂੜਾ ਦਾਵਾ।1।

ਸਾਵਣੁ ਮਾਂਹ ਸਰੰਗੜਾ ਆਇਆ,
ਦਿੱਸਨ ਸਾਵੇਂ ਤੱਲੇ,
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਅਜੁ ਆਏ ਕਲ੍ਹ ਚੱਲੇ।2।

19. ਬੰਦੇ ਆਪ ਨੂੰ ਪਛਾਣ

ਬੰਦੇ ਆਪ ਨੂੰ ਪਛਾਣ।
ਜੇ ਤੈਂ ਆਪਦਾ ਆਪੁ ਪਛਾਤਾ,
ਸਾਈਂ ਦਾ ਮਿਲਣ ਅਸਾਨੁ।ਰਹਾਉ।

ਸੋਇਨੇ ਦੇ ਕੋਟੁ ਰੁਪਹਿਰੀ ਛੱਜੇ,
ਹਰਿ ਬਿਨੁ ਜਾਣਿ ਮਸਾਣੁ।1।

ਤੇਰੇ ਸਿਰ ਤੇ ਜਮੁ ਸਾਜਸ਼ ਕਰਦਾ,
ਭਾਵੇਂ ਤੂੰ ਜਾਣ ਨ ਜਾਣ।2।

ਸਾਢੇ ਤਿਨ ਹਥਿ ਮਿਲਖ ਤੁਸਾਡੀ,
ਏਡੇ ਤੂੰ ਤਾਣੇ ਨਾ ਤਾਣੁ।3।

ਸੁਇਨਾ ਰੁਪਾ ਤੇ ਮਾਲੁ ਖ਼ਜ਼ੀਨਾ,
ਹੋਇ ਰਹਿਆ ਮਹਿਮਾਨੁ।4।

ਕਹੈ ਹੁਸੈਨ ਫ਼ਕੀਰ ਨਿਮਾਣਾ,
ਛੱਡਿ ਦੇ ਖ਼ੁਦੀ ਗੁਮਾਨੁ।5।

20. ਬੁਰੀਆਂ ਬੁਰੀਆਂ ਬੁਰੀਆਂ ਵੇ

ਬੁਰੀਆਂ ਬੁਰੀਆਂ ਬੁਰੀਆਂ ਵੇ,
ਅਸੀਂ ਬੁਰੀਆਂ ਵੇ ਲੋਕਾ।

ਬੁਰੀਆਂ ਕੋਲ ਨ ਬਹੁ ਵੇ।
ਤੀਰਾਂ ਤੇ ਤਲਵਾਰਾਂ ਕੋਲੋਂ,
ਤਿੱਖੀਆਂ ਬਿਰਹੁੰ ਦੀਆਂ ਛੁਰੀਆਂ ਵੇ ਲੋਕਾ।1।ਰਹਾਉ।

ਲਡਿ ਸੱਜਣ ਪਰਦੇਸ ਸਿਧਾਣੇ,
ਅਸੀਂ ਵਿਦਿਆ ਕਰ ਕੇ ਮੁੜੀਆਂ ਵੇ ਲੋਕਾ।1।

ਜੇ ਤੂੰ ਤਖ਼ਤ ਹਜ਼ਾਰੇ ਦਾ ਸਾਂਈਂ,
ਅਸੀਂ ਸਿਆਲਾਂ ਦੀਆਂ ਕੁੜੀਆਂ ਵੇ ਲੋਕਾ।2।

ਸਾਝ ਪਾਤਿ ਕਾਹੂੰ ਸੋਂ ਨਾਹੀਂ,
ਸਾਂਈਂ ਖੋਜਨਿ ਅਸੀਂ ਟੁਰੀਆਂ ਵੇ ਲੋਕਾ।3।

ਜਿਨ੍ਹਾਂ ਸਾਂਈਂ ਦਾ ਨਾਉਂ ਨ ਲੀਤਾ,
ਓੜਕ ਨੂੰ ਉਹ ਝੁਰੀਆਂ ਵੇ ਲੋਕਾ।4।

ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਸਾਹਿਬੁ ਸਿਉਂ ਅਸੀਂ ਜੁੜੀਆਂ ਵੇ ਲੋਕਾ।5।

(ਪਾਠ ਭੇਦ)

ਅਸੀਂ ਬੁਰੀਆਂ ਵੇ ਲੋਕਾ ਬੁਰੀਆਂ।
ਕੋਲ ਨ ਬਹੁ ਵੇ ਅਸੀਂ ਬੁਰੀਆਂ।ਰਹਾਉ।

ਤੀਰਾਂ ਤੇ ਤਲਵਾਰਾਂ ਕੋਲੋਂ,
ਤਿੱਖੀਆਂ ਨੈਣਾਂ ਦੀਆਂ ਛੁਰੀਆਂ।

ਸੱਜਣ ਅਸਾਡੇ ਪਰਦੇਸ ਸਿਧਾਣੇ,
ਅਸੀਂ ਵਿਦਿਆ ਕਰ ਕੇ ਮੁੜੀਆਂ।

ਜੇ ਤੂੰ ਤਖ਼ਤ ਹਜ਼ਾਰੇ ਦਾ ਸਾਂਈਂ,
ਅਸੀਂ ਸਿਆਲਾਂ ਦੀਆਂ ਕੁੜੀਆਂ।

ਕਹੈ ਹੁਸੈਨ ਫ਼ਕੀਰ ਰਬਾਣਾ,
ਲਗੀਆਂ ਮੂਲ ਨ ਮੁੜੀਆਂ।

21. ਚਾਰੇ ਪਲੂ ਚੋਲਣੀ, ਨੈਣ ਰੋਂਦੀ ਦੇ ਭਿੰਨੇ

ਚਾਰੇ ਪਲੂ ਚੋਲਣੀ,
ਨੈਣ ਰੋਂਦੀ ਦੇ ਭਿੰਨੇ।ਰਹਾਉ।

ਕਤਿ ਨ ਜਾਣਾ ਪੂਣੀਆਂ,
ਦੋਸ਼ ਦੇਨੀਆਂ ਮੁੰਨੇ।1।

ਆਵਣੁ ਆਵਣੁ ਕਹਿ ਗਏ,
ਮਾਹਿ ਬਾਰਾਂ ਪੁੰਨੇ।2।

ਇਕ ਅੰਨ੍ਹੇਰੀ ਕੋਠੜੀ,
ਦੂਜੇ ਮਿੱਤਰ ਵਿਛੁੰਨੇ।3।

ਕਾਲੇ ਹਰਨਾ ਚਰ ਗਿਉਂ
ਸ਼ਾਹ ਹੁਸੈਨ ਦੇ ਬੰਨੇ।4।

22. ਚੰਦੀਂ ਹਜਾਰ ਆਲਮੁ ਤੂੰ ਕੇਹੜੀਆਂ ਕੁੜੇ

ਚੰਦੀਂ ਹਜਾਰ ਆਲਮੁ ਤੂੰ ਕੇਹੜੀਆਂ ਕੁੜੇ।
ਚਰੇਂਦੀ ਆਈ ਲੇਲੜੇ,
ਤੁਮੇਂਦੀ ਉੱਨ ਕੁੜੇ।ਰਹਾਉ।

ਉੱਚੀ ਘਾਟੀ ਚੜ੍ਹਦਿਆਂ,
ਤੇਰੇ ਕੰਡੇ ਪੈਰ ਪੁੜੇ।
ਤੈਂ ਜੇਹਾ ਮੈਂ ਕੋਈ ਨ ਡਿੱਠਾ,
ਅੱਗੇ ਹੋਇ ਮੁੜੇ।1।

ਬਿਨਾਂ ਅਮਲਾਂ ਆਦਮੀ,
ਵੈਂਦੇ ਕੱਖੁ ਲੁੜੇ।
ਪੀਰ ਪੈਕੰਬਰ ਅਉਲੀਏ,
ਦਰਗਹ ਜਾਇ ਵੜੇ।2।

ਸਭੇ ਪਾਣੀ ਹਾਰੀਆਂ,
ਰੰਗਾ ਰੰਗ ਘੜੇ।
ਸ਼ਾਹ ਹੁਸੈਨ ਫ਼ਕੀਰ ਸਾਈਂ ਦਾ,
ਦਰਗਹ ਵੰਜ ਖੜੇ।3।

23. ਚਾਰੇ ਪੱਲੇ ਚੂਨੜੀ ਨੈਣ ਰੋਂਦੀ ਦੇ ਭਿੰਨੇ

ਚਾਰੇ ਪੱਲੇ ਚੂਨੜੀ ਨੈਣ ਰੋਂਦੀ ਦੇ ਭਿੰਨੇ।
ਆਵਣ ਆਵਣ ਕਹਿ ਗਏ ਜਾਹੁ ਬਾਗਾਂ ਪੁੰਨੇ।
ਕੱਤ ਨ ਜਾਣਾਂ ਪੂਣੀਆਂ ਦੋਸ਼ ਦੇਦੀ ਹਾਂ ਮੁੰਨੇ।
ਲਿਖਣ ਹਾਰਾ ਲਿਖ ਗਇਆ ਕੀ ਹੋਂਦਾ ਰੁੰਨੇ।
ਇਕ ਹਨੇਰੀ ਕੋਠੜੀ ਦੂਜਾ ਮਿੱਤਰ ਵਿਛੁੰਨੇ।
ਕਾਲਿਆ ਹਰਨਾ ਚਰ ਗਇਓਂ, ਸ਼ਾਹ ਹੁਸੈਨ ਦੇ ਬੰਨੇ।
24. ਚਰਖਾ ਮੇਰਾ ਰੰਗਲੜਾ ਰੰਗ ਲਾਲ

ਚਰਖਾ ਮੇਰਾ ਰੰਗਲੜਾ ਰੰਗ ਲਾਲੁ।ਰਹਾਉ।

ਜੇਵਡੁ ਚਰਖਾ ਤੇਵਡੁ ਮੁੰਨੇ,
ਹੁਣ ਕਹਿ ਗਇਆ, ਬਾਰਾਂ ਪੁੰਨੇ,
ਸਾਈਂ ਕਾਰਨ ਲੋਇਨ ਰੁੰਨੇ,
ਰੋਇ ਵੰਞਾਇਆ ਹਾਲੁ।1।

ਜੇਵਡੁ ਚਰਖਾ ਤੇਵਡੁ ਘੁਮਾਇਣ,
ਸਭੇ ਆਈਆਂ ਸੀਸ ਗੁੰਦਾਇਣ,
ਕਾਈ ਨ ਆਈਆ ਹਾਲ ਵੰਡਾਇਣ,
ਹੁਣ ਕਾਈ ਨ ਚਲਦੀ ਨਾਲੁ।2।

ਵੱਛੇ ਖਾਧਾ ਗੋੜ੍ਹਾ ਵਾੜਾ,
ਸਭੋ ਲੜਦਾ ਵੇੜਾ ਪਾੜਾ,
ਮੈਂ ਕੀ ਫੇੜਿਆ ਵੇਹੜੇ ਦਾ ਨੀਂ,
ਸਭ ਪਈਆਂ ਮੇਰੇ ਖਿਆਲੁ 3।

ਜੇਵਡੁ ਚਰਖਾ ਤੇਵਡੁ ਪੱਛੀ,
ਮਾਪਿਆਂ ਮੇਰਿਆਂ ਸਿਰ ਤੇ ਰੱਖੀ,
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਹਰ ਦਮ ਨਾਮ ਸਮਾਲੁ।4।

25. ਚੂਹੜੀ ਹਾਂ ਦਰਬਾਰ ਦੀ

ਚੂਹੜੀ ਹਾਂ ਦਰਬਾਰ ਦੀ।ਰਹਾਉ।

ਧਿਆਨ ਦੀ ਛੱਜਲੀ ਗਿਆਨ ਦਾ ਝਾੜੂ,
ਕਾਮ ਕਰੋਧ ਨਿੱਤ ਝਾੜਦੀ।
ਕਾਜ਼ੀ ਜਾਣੇ ਸਾਨੂੰ ਹਾਕਮ,
ਜਾਣੇ, ਸਾਥੇ ਫਾਰਖਤੀ ਵੇਗਾਰ ਦੀ।1।

ਮੱਲ ਜਾਣੇ ਅਰ ਮਹਿਤਾ ਜਾਣੈ,
ਮੈਂ ਟਹਲ ਕਰਾਂ ਸਰਕਾਰ ਦੀ।
ਕਹੈ ਹੁਸੈਨ ਫ਼ਕੀਰ ਨਿਮਾਣਾ,
ਤਲਬ ਤੇਰੇ ਦੀਦਾਰ ਦੀ।2।

26. ਡਾਢਾ ਬੇਪਰਵਾਹ

ਡਾਢਾ ਬੇਪਰਵਾਹ,
ਮੈੱਡੀ ਲਾਜ ਤੈਂ ਪਰ ਆਹੀ।

ਹੱਥੀ ਮਹਿੰਦੀ ਪੈਰੀਂ ਮਹਿੰਦੀ,
ਖਾਰੇ ਚਾਇ ਬਹਾਈ।
ਸੱਸ ਨਿਨਾਣਾਂ ਦੇਂਦੀਆਂ ਤਾਹਨੇ,
ਦਾਜ ਵਿਹੂਣੀ ਆਈ।

ਸੁੰਨੇ ਮੁੰਨੇ ਦਾਇਮ ਰੁੰਨੇ,
ਚਰਖੈ ਜੀਉ ਖਪਾਇਆ।
ਬੀਬੀ ਪੱਛੀ ਦਾਇਮ ਪੱਛੀ,
ਕਤਿ ਤੁੰਬ ਜਿਸ ਵਿਚ ਪਾਇਆ।

ਭਉਂਦਿਆਂ ਚੌਂਦਿਆਂ ਛੱਲੀ ਕੀਤੀ,
ਕਾਜ ਪਾਇਆ ਲੈ ਜਾਇਆ।

ਰਾਤ ਅੰਧੇਰੀ ਗਲੀਂਏਂ ਚਿੱਕੜ,
ਮਿਲਿਆ ਯਾਰ ਸਿਪਾਹੀ।
ਸ਼ਾਹ ਹੁਸੈਨ ਫ਼ਕੀਰ ਸਾਂਈਂ ਦਾ,
ਇਹ ਗੱਲ ਸੁਝਦੀ ਆਹੀ।

27. ਦਰਦ ਵਿਛੋੜੇ ਦਾ ਹਾਲ

ਦਰਦ ਵਿਛੋੜੇ ਦਾ ਹਾਲ,
ਨੀ ਮੈਂ ਕੈਨੂੰ ਆਖਾਂ।

ਸੂਲਾਂ ਮਾਰ ਦੀਵਾਨੀ ਕੀਤੀ,
ਬਿਰਹੁੰ ਪਇਆ ਸਾਡੇ ਖ਼ਿਆਲ,
ਨੀ ਮੈਂ ਕੈਨੂੰ ਆਖਾਂ।

ਸੂਲਾਂ ਦੀ ਰੋਟੀ ਦੁਖਾਂ ਦਾ ਲਾਵਣ,
ਹੱਡਾਂ ਦਾ ਬਾਲਣ ਬਾਲ,
ਨੀ ਮੈਂ ਕੈਨੂੰ ਆਖਾਂ।

ਜੰਗਲ ਜੰਗਲ ਫਿਰਾਂ ਢੂੰਢੇਂਦੀ,
ਅਜੇ ਨ ਮਿਲਿਆ ਮਹੀਂਵਾਲ,
ਨੀ ਮੈਂ ਕੈਨੂੰ ਆਖਾਂ।

ਰਾਂਝਣ ਰਾਂਝਣ ਫਿਰਾਂ ਢੂੰਢੇਂਦੀ,
ਰਾਂਝਣ ਮੇਰੇ ਨਾਲ,
ਨੀ ਮੈਂ ਕੈਨੂੰ ਆਖਾਂ।

ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਵੇਖ ਨਿਮਾਣਿਆਂ ਦਾ ਹਾਲ,
ਨੀ ਮੈਂ ਕੈਨੂੰ ਆਖਾਂ।

28. ਡੇਖ ਨ ਮੈਂਡੇ ਅਵਗੁਣ ਡਾਹੂੰ

ਡੇਖ ਨ ਮੈਂਡੇ ਅਵਗੁਣ ਡਾਹੂੰ,
ਤੇਰਾ ਨਾਮੁ ਸੱਤਾਰੀ ਦਾ।ਰਹਾਉ।

ਤੂੰ ਸੁਲਤਾਨ ਸਭੋ ਕਿਛੁ ਸਰਦਾ,
ਮਾਲਮ ਹੈ ਤੈਨੂੰ ਹਾਲ ਜਿਗਰ ਦਾ,
ਤਉ ਕੋਲੋਂ ਕਛੁ ਨਾਹੀਂ ਪੜਦਾ,
ਫੋਲਿ ਨ ਐਬ ਵਿਚਾਰੀ ਦਾ।1।

ਤੂੰ ਹੀ ਆਕਲ ਤੂੰ ਹੀ ਦਾਨਾ,
ਤੂੰ ਹੀ ਮੇਰਾ ਕਰਿ ਖਸਮਾਨਾ,
ਜੋ ਕਿਛੁ ਦਿਲ ਮੇਰੇ ਵਿਚ ਗੁਜ਼ਰੇ,
ਤੂੰ ਮਹਰਮ ਗੱਲ ਸਾਰੀ ਦਾ।2।

ਤੂੰਹੇ ਦਾਤਾ ਤੂੰਹੇ ਭੁਗਤਾ,
ਸਭ ਕਿਛੁ ਦੇਂਦਾ ਮੂਲ ਨ ਚੁੱਕਦਾ,
ਤੂੰ ਦਰਿਆਉ ਮਿਹਰ ਦਾ ਵਹਿੰਦਾ,
ਮਾਂਗਨਿ ਕੁਰਬ ਭਿਖਾਰੀ ਦਾ।3।

ਏਹੁ ਅਰਜ ਹੁਸੈਨ ਸੁਣਾਵੈ,
ਤੇਰਾ ਕੀਤਾ ਮੈਂ ਮਨ ਭਾਵੈ,
ਦੂਖ ਦਰਦ ਕਿਛੁ ਨੇੜਿ ਨ ਆਵੈ,
ਹਰ ਦਮ ਸ਼ੁਕਰ ਗੁਜ਼ਾਰੀ ਦਾ।4।

29. ਦਿਲ ਦਰਦਾਂ ਕੀਤੀ ਪੂਰੀ

ਦਿਲ ਦਰਦਾਂ ਕੀਤੀ ਪੂਰੀ,
ਦਿਲ ਦਰਦਾਂ ਕੀਤੀ ਪੂਰੀ।ਰਹਾਉ।

ਲਖਿ ਕਰੋੜ ਜਿਹਨਾਂ ਦੇ ਜੜਿਆ,
ਸੋ ਭੀ ਝੂਰੀ ਝੂਰੀ।1।

ਭੱਠਿ ਪਈ ਤੇਰੀ ਚਿੱਟੀ ਚਾਦਰ,
ਚੰਗੀ ਫ਼ਕੀਰਾਂ ਦੀ ਭੂਰੀ।2।

ਸਾਧਿ ਸੰਗਤਿ ਦੇ ਓਲ੍ਹੇ ਰਹਿੰਦੇ,
ਬੁੱਧ ਤਿਨਾਂ ਦੀ ਸੂਰੀ।3।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਖ਼ਲਕਤ ਗਈ ਅਧੂਰੀ।4।

30. ਦਿਨ ਚਾਰਿ ਚਉਗਾਨ ਮੈਂ ਖੇਲ, ਖੜੀ

ਦਿਨ ਚਾਰਿ ਚਉਗਾਨ ਮੈਂ ਖੇਲ, ਖੜੀ,
ਦੇਖਾਂ ਕਉਣ ਜੀਤੈ ਬਾਜੀ ਕਉਣ ਹਾਰੈ।

ਘੋੜਾ ਕਉਣ ਕਾ ਚਾਕਿ ਚਾਲਾਕਿ ਚਾਲੇ,
ਦੇਖਾਂ ਹਾਥਿ ਹਿੰਮਤਿ ਕਰਿ ਕਉਣ ਡਾਰੈ।ਰਹਾਉ।

ਇਸੁ ਜੀਉ ਪਰਿ ਬਾਜੀਆ ਆਨ ਪੜੀ,
ਦੇਖਾਂ ਗੋਇ ਮੈਦਾਨ ਮੈਂ ਕਉਣ ਮਾਰੈ।1।

ਹਾਇ ਹਾਇ ਜਹਾਨਿ ਪੁਕਾਰਤਾ ਹੈ,
ਸਮਝਿ ਖੇਲ ਬਾਜੀ ਸ਼ਾਹੁ ਹੁਸੈਨ ਪਿਆਰੇ।2।

31. ਦਿਹੁੰ ਲਥਾ ਹੀ ਹਰਟ ਨ ਗੇੜ ਨੀਂ

ਦਿਹੁੰ ਲਥਾ ਹੀ ਹਰਟ ਨ ਗੇੜ ਨੀਂ।1।ਰਹਾਉ।

ਸਈਆਂ ਨਾਲਿ ਘਰਿ ਵੰਞ ਸਵੇਰੇ,
ਕੂੜੇ ਝੇੜੁ ਨ ਝੇੜਿ ਨੀਂ।1।

ਇਕਨਾ ਭਰਿਆ ਇਕ ਭਰ ਗਈਆਂ,
ਇਕਨਾ ਨੂੰ ਭਈ ਅਵੇਰ ਨੀਂ।2।

ਪਿਛੋਂ ਦੀ ਪਛੁਤਾਸੇਂ ਕੁੜੀਏ,
ਜਦੂੰ ਪਉਸੀਆ ਘੁੰਮਣ ਘੇਰ ਨੀਂ।3।

ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਇਥੇ ਵਤਿ ਨਹੀਂ ਆਵਣਾ ਫੇਰਿ ਨੀਂ।4।

32. ਦਿਨ ਲਥੜਾ ਹਰਟ ਨ ਗੇੜ ਮੁਈਏ

ਦਿਨ ਲਥੜਾ ਹਰਟ ਨ ਗੇੜ ਮੁਈਏ।

ਇਕ ਭਰ ਆਈਆਂ ਇਕ ਭਰ ਚਲੀਆਂ।
ਇਕਨਾ ਲਾਈ ਡੇਰ ਮੁਈਏ।

ਤੁਝੇ ਬਿਗਾਨੀ ਕਿਆ ਪੜੀ,
ਤੂੰ ਆਪਣੀ ਆਪ ਨਿਬੇੜ ਮੁਈਏ।

ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਆਵਣ ਨ ਦੂਜੀ ਵੇਰ ਮੁਈਏ।

33. ਦੁਨੀਆਂ ਜੀਵਣ ਚਾਰ ਦਿਹਾੜੇ

ਦੁਨੀਆਂ ਜੀਵਣ ਚਾਰ ਦਿਹਾੜੇ,
ਕਉਣ ਕਿਸ ਨਾਲ ਰੁੱਸੇ।ਰਹਾਉ।

ਜਿਹ ਵੱਲ ਵੰਜਾਂ ਮਉਤ ਤਿਤੇ ਵੱਲ,
ਜੀਵਨ ਕੋਈ ਨ ਦੱਸੇ।1।

ਸਰ ਪਰ ਲੱਦਣਾ ਏਸ ਜਹਾਨੋਂ,
ਰਹਿਣਾ ਨਾਹੀਂ ਕਿੱਸੇ।2।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਮਉਤ ਵਟੈਂਦੜੀ ਰੱਸੇ।3।

34. ਦੁਨੀਆਂ ਤਾਲਬ ਮਤਲਬ ਦੀ ਵੋ

ਦੁਨੀਆਂ ਤਾਲਬ ਮਤਲਬ ਦੀ ਵੋ,
ਸਚੁ ਸੁਣ ਵੋ ਫ਼ਕੀਰਾ।ਰਹਾਉ।

ਮਤਲਬ ਆਵੈ ਮਤਲਬ ਜਾਵੈ,
ਮਤਲਬ ਪੂਜੇ ਗੁਰ ਪੀਰਾ।1।

ਮਤਲਬ ਪਹਨਾਵੈ, ਮਤਲਬ ਖਿਲਾਵੈ,
ਮਤਲਬ ਪਿਲਾਵੈ ਨੀਰਾ।2।

ਕਹੈ ਹੁਸੈਨ ਜਿਨ ਮਤਲਬ ਛੋਡਿਆ,
ਸੋ ਮੀਰਨ ਸਿਰ ਮੀਰਾ।3।

35. ਦੁਨੀਆਂ ਤੋਂ ਮਰ ਜਾਵਣਾ, ਵਤ ਨ ਆਵਣਾ

ਦੁਨੀਆਂ ਤੋਂ ਮਰ ਜਾਵਣਾ, ਵਤ ਨ ਆਵਣਾ,
ਜੋ ਕਿਛੁ ਕੀਤੋ ਬੁਰਾ ਭਲਾ ਵੋ,
ਕੀਤਾ ਆਪਣਾ ਪਾਵਣਾ।ਰਹਾਉ।

ਆਦਮੀਓਂ ਫਿਰ ਮੁਰਦਾ ਕੀਤਾ,
ਮਿਤਰ ਪਿਆਰਿਆ ਤੇਰਾ ਚੋਲਾ ਸੀਤਾ,
ਗੋਰ ਮੰਜ਼ਲ ਪਹੁੰਚਾਵਣਾ।1।

ਚਾਰ ਦਿਹਾੜੇ ਗੋਇਲ ਵਾਸਾ,
ਕਿਆ ਜਾਣਾ ਕਿਤ ਢੁਲਸੀ ਵੋ ਪਾਸਾ,
ਬਾਲਕ ਮਨ ਪਰਚਾਵਣਾ।2।

ਚਹੁੰ ਜਣਿਆਂ ਮਿਲ ਝੋਲਮ ਝੋਲੀ,
ਕੰਧੇ ਉਠਾਇ ਲੀਤਾ ਡੰਡਾ ਡੋਲੀ,
ਜੰਗਲ ਜਾਇ ਵਸਾਵਣਾ।3।

ਕਹੈ ਹੁਸੈਨ ਫ਼ਕੀਰ ਰਬਾਣਾ,
ਕੂੜ ਕੜਾਵਾ ਕਰਦਾ ਈ ਮਾਣਾ,
ਖਾਕੂ ਦੇ ਵਿਚ ਸਮਾਵਣਾ।4।

36. ਗਾਹਕੁ ਵੈਂਦਾ ਹੀ ਕੁਝਿ ਵਟਿ ਲੈ

ਗਾਹਕੁ ਵੈਂਦਾ ਹੀ ਕੁਝਿ ਵਟਿ ਲੈ।
ਆਇਆ ਗਾਹਕੁ ਮੂਲ ਨ ਮੋੜੇਂ,
ਟਕਾ ਪੰਜਾਹਾ ਘੱਟ ਲੈ।ਰਹਾਉ।

ਪੇਈਅੜੇ ਦਿਨਿ ਚਾਰ ਦਿਹਾੜੇ,
ਹਰਿ ਵਲਿ ਝਾਤੀ ਘਤਿ ਲੈ।1।

ਬਾਬਲਿ ਦੇ ਘਰਿ ਦਾਜ ਵਿਹੂਣੀ,
ਦੜਿ ਬੜਿ ਪੂੰਣੀ ਕਤਿ ਲੈ।2।

ਹੋਰਨਾ ਨਾਲ ਉਧਾਰ ਕਰੇਂਦੀ,
ਸਾਥਹੁ ਭੀ ਕੁਝ ਹਥਿ ਲੈ।3।

ਕਹੈ ਹੁਸੈਨ ਫ਼ਕੀਰ ਨਿਮਾਣਾ,
ਇਹਿ ਸ਼ਾਹਾਂ ਦੀ ਮਤਿ ਲੈ।4।

37. ਗਲਿ ਵੋ ਕੀਤੀ ਸਾਡੇ ਖ਼ਿਆਲੁ ਪਈ

ਗਲਿ ਵੋ ਕੀਤੀ ਸਾਡੇ ਖ਼ਿਆਲੁ ਪਈ,
ਗਲ ਪਈ ਵੋ ਨਿਬਾਹੀ ਲੋੜੀਏ।ਰਹਾਉ।

ਸ਼ਮ੍ਹਾਂ ਦੇ ਪਰਵਾਨੇ ਵਾਂਗੂੰ,
ਜਲਦਿਆਂ ਅੰਗਿ ਨ ਮੋੜੀਏ।1।

ਹਾਥੀ ਇਸ਼ਕ ਮਹਾਵਤ ਰਾਂਝਾ,
ਅੰਕਸੁ ਦੇ ਦੇ ਹੋੜੀਏ।2।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਲੱਗੀ ਪ੍ਰੀਤ ਨ ਤੋੜੀਏ।3।

38. ਘੜੀ ਇਕੁ ਦੇ ਮਿਜਮਾਨੁ ਮੁਸਾਫਰ

ਘੜੀ ਇਕੁ ਦੇ ਮਿਜਮਾਨੁ ਮੁਸਾਫਰ,
ਪਈਆਂ ਤਾਂ ਰਹਿਣ ਸਰਾਈਂ।

ਕੋਟਾਂ ਦੇ ਸਿਕਦਾਰ ਸੁਣੀਦੇ,
ਅੱਖੀ ਦਿਸਦੇ ਨਾਹੀਂ।ਰਹਾਉ।

ਛੋਡਿ ਤਕੱਬਰੀ ਪਕੜਿ ਹਲੀਮੀ,
ਕੋਈ ਕਹੀਂ ਦਾ ਨਾਹੀਂ।1।

ਕਹੈ ਹੁਸੈਨ ਫ਼ਕੀਰ ਨਿਮਾਣਾ,
ਹਰਿ ਦਮ ਸਾਈਂ ਸਾਈਂ।2।

39. ਘਰਿ ਸੋਹਣਿ ਸਹੀਆਂ ਏਤੜੀਆਂ

ਘਰਿ ਸੋਹਣਿ ਸਹੀਆਂ ਏਤੜੀਆਂ,
ਹੋੜੀਆਂ ਹਟਕੀਆਂ ਰਹਿਣ ਨ ਮੂਲੇ,
ਡੂੰਘੇ ਚਿੱਕੜ ਲੇਟੜੀਆਂ।ਰਹਾਉ।

ਕਾਈਆਂ ਭੁੱਖੀਆਂ ਕਾਈ ਤਿਹਾਈ,
ਕਾਇ ਜਗੰਦੀਆਂ ਕਾਇ ਨਿੰਦਰਾਈ,
ਕਈਆਂ ਸਖੀਆਂ ਚੁੰਦ ਮਚਾਈ,
ਪੰਜਾਂ ਬੇੜੀ ਵਹਿਣ ਲੁੜ੍ਹਾਈ,
ਸਭਿ ਘਰਿ ਦੀਆਂ ਮੰਝ ਭੇਤੜੀਆਂ।1।

ਪੰਜੇ ਸਖੀਆਂ ਇਕੋ ਜੇਹੀਆਂ,
ਹੁਕਮ ਸੰਜੋਗ ਇਕੱਠੀਆਂ ਹੋਈਆਂ,
ਜੋ ਪੰਜਾਂ ਨੂੰ ਧਾਗਾ ਪਾਏ,
ਸਾ ਸਭਰਾਈ ਕੰਤੁ ਰੀਝਾਏ,
ਕਹੈ ਹੁਸੈਨ ਬਿਸ਼ਰਮੀਂ ਸਈਂਆਂ,
ਆਇ ਪਵਨਿ ਅਚੇਤੜੀਆਂ।2।

40. ਘੋਲੀ ਵੰਞਾਂ ਸਾਂਈਂ ਤੈਥੋਂ

ਘੋਲੀ ਵੰਞਾਂ ਸਾਂਈਂ ਤੈਥੋਂ,
ਹਾਲੁ ਅਸਾਡੇ ਦੇ ਮਹਿਰਮ ਸੱਜਣਾ।

ਕਦੀ ਤਾਂ ਦਰਸ ਦਿਖਾਲਿ ਪਿਆਰਿਆ,
ਸਦਾ ਸੁਹਾਰਾ ਪੜਦੇ ਕੱਜਣਾ।ਰਹਾਉ।

ਏਹੋ ਮੰਗਿ ਲੀਤੀ ਤਉ ਕੋਲੋਂ,
ਪਲਿ ਪਲਿ ਬਢੇ ਤੁਸਾਂ ਵਲਿ ਲੱਗਣਾ।1।

ਕਹੈ ਹੁਸੈਨ ਫ਼ਕੀਰ ਨਿਮਾਣਾ,
ਹਰ ਦਮ ਨਾਮ ਤੁਸਾਡੇ ਰੱਜਣਾ।2।

41. ਘੁੰਮ ਚਰਖੜਿਆ ਘੁੰਮ (ਵੇ)

ਘੁੰਮ ਚਰਖੜਿਆ ਘੁੰਮ (ਵੇ),
ਤੇਰੀ ਕੱਤਣ ਵਾਲੀ ਜੀਵੇ,
ਨਲੀਆਂ ਵੱਟਣਿ ਵਾਲੀ ਜੀਵੇ।ਰਹਾਉ।

ਬੁੱਢਾ ਹੋਇਓਂ ਸ਼ਾਹ ਹੁਸੈਨਾ,
ਦੰਦੀਂ ਝੇਰਾਂ ਪਈਆਂ,
ਉਠਿ ਸਵੇਰੇ ਢੂੰਡਣਿ ਲਗੋਂ,
ਸੰਝਿ ਦੀਆਂ ਜੋ ਗਈਆਂ।1।

ਹਰ ਦਮ ਨਾਮ ਸਮਾਲ ਸਾਈਂ ਦਾ,
ਤਾਂ ਤੂੰ ਇਸਥਿਰ ਥੀਵੇਂ,
ਪੰਜਾਂ ਨਦੀਆਂ ਦੇ ਮੂੰਹ ਆਇਆ,
ਕਿਤ ਗੁਣ ਚਾਇਆ ਜੀਵੇਂ।2।

ਚਰਖਾ ਬੋਲੇ ਸਾਈਂ ਸਾਈਂ,
ਬਾਇੜ ਬੋਲੇ ਤੂੰ,
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਮੈਂ ਨਾਹੀਂ ਸਭ ਤੂੰ।3।

42. ਗੋਇਲੜਾ ਦਿਨ ਚਾਰਿ

ਗੋਇਲੜਾ ਦਿਨ ਚਾਰਿ,
ਕੁੜੇ ਸਈਆਂ ਖੇਡਣਿ ਆਈਆਂ ਨੀ।ਰਹਾਉ।

ਭੋਲੀ ਮਾਉ ਨ ਖੇਡਣਿ ਦੇਈ,
ਹੰਝੂ ਦਰਦ ਰੁਆਈਆਂ ਨੀ।
ਚੰਦ ਕੇ ਚਾਂਦਨ ਸਈਆਂ ਖੇਡਣਿ,
ਗਾਫ਼ਲ ਤਿਮਰ ਰਹਾਈਆਂ ਨੀ।1।

ਸਾਹੁਰੜੇ ਘਰ ਅਲਬਿਤ ਜਾਣਾ,
ਜਾਣਨ ਸੇ ਸਭਰਾਈਆਂ ਨੀ।
ਕਹੈ ਹੁਸੈਨ ਫ਼ਕੀਰ ਨਿਮਾਣਾ,
ਜਿਨਾਂ ਚਾਈਆਂ ਸੋ ਤੋੜ ਨਿਭਾਈਆਂ ਨੀ।2।

43. ਹੱਸਣ ਖੇਡਣੁ ਭਾਇ ਅਸਾਡੇ

ਹੱਸਣ ਖੇਡਣੁ ਭਾਇ ਅਸਾਡੇ,
ਦਿੱਤਾ ਜੀ ਰੱਬ ਆਪਿ ਅਸਾਨੋਂ।

ਇਕ ਰੋਂਦੇ ਰੋਂਦੇ ਰੋਇ ਗਏ,
ਇਕ ਹਸਿ ਰਸਿ ਲੈ ਗਏ ਗੋਇ ਮੈਦਾਨੋਂ।ਰਹਾਉ।

ਛੋਡਿ ਤਕੱਬਰੀ ਪਕੜਿ ਹਲੀਮੀ,
ਕੀ ਵਟਿਓ ਇਸ ਖ਼ੁਦੀ ਗੁਮਾਨੋਂ।1।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਸਹੀ ਸਲਾਮਤਿ ਚਲੇ ਜਹਾਨੋਂ।2।

44. ਹਉਂ ਮਤੀਂ ਦੇਂਦੀ ਹਾਂ ਬਾਲ ਇਆਣੇ ਨੂੰ

ਹਉਂ ਮਤੀਂ ਦੇਂਦੀ ਹਾਂ ਬਾਲ ਇਆਣੇ ਨੂੰ।
ਦਾਰੂ ਲਾਇਆ ਲਗਦਾ ਨਾਹੀਂ,
ਪੁਛ ਪੁਛ ਰਹੀ ਸਿਆਣੇ ਨੂੰ।ਰਹਾਉ।

ਸਿਆਹੀ ਗਈ ਸਪੇਦੀ ਆਈ,
ਰੋਨੀਂ ਹਾਂ ਵਖਤ ਵਿਹਾਣੇ ਨੂੰ।

ਪੰਜਾਂ ਨਦੀਆਂ ਦੇ ਮੂੰਹ ਆਈ,
ਕੇਹਾ ਦੋਸ ਮੁਹਾਣੇ ਨੂੰ।

ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਕੀ ਕਰੀਏ ਰਬ ਦੇ ਭਾਣੇ ਨੂੰ।

45. ਹੁਣਿ ਤਣਿ ਦੇਸਾਂ ਤੇਰਾ ਤਾਣਾ

ਹੁਣਿ ਤਣਿ ਦੇਸਾਂ ਤੇਰਾ ਤਾਣਾ,
ਮੇਰੀ ਜਿੰਦੁੜੀਏ ਨੀਂ।
ਸਾਹਿਬ ਜਾਦੜੀਏ ਨੀਂ।
ਸਰਪਰ ਜਾਵਣੀਏਂ ਨੀਂ।
ਘੁੰਮ ਨ ਆਵਣੀਏਂ ਨੀਂ।
ਹੁਣਿ ਤਣਿ ਦੇਸਾਂ ਤੇਰਾ ਤਾਣਾ।

ਕੱਤਦਿਆਂ ਕੱਤਦਿਆਂ ਉਮਰਿ ਵਿਹਾਈ,
ਨਿਕਲਿਆ ਸੂਤ ਪੁਰਾਣਾ।
ਖੱਡੀ ਦੇ ਵਿਚ ਜਲਾਹੀ ਫਾਥੀ,
ਨਲੀਆਂ ਦਾ ਵਖਤੁ ਵਿਹਾਣਾ।ਰਹਾਉ।

ਤਾਣੇ ਪੇਟੇ ਇਕੋ ਸੂਤਰਿ,
ਦੁਤੀਆ ਭਾਉ ਨ ਜਾਣਾ।
ਚਉਂਸੀ ਪੈਂਸੀ ਛਡਿ ਕਰਾਹੀ,
ਹਜ਼ਾਰੀਂ ਰੱਛ ਪਛਾਣਾ।1।

ਤਾਣਾ ਆਂਦਾ ਬਾਣਾ ਆਂਦਾ,
ਆਂਦਾ ਚਰਖਾ ਪੁਰਾਣਾ।
ਆਖਣ ਦੀ ਕਿਛੁ ਹਾਜਤਿ ਨਾਹੀਂ,
ਜੋ ਜਾਣੇ ਸੋ ਜਾਣਾ।2।

ਧਰਨਿ ਅਕਾਸ਼ ਵਿਚਿ ਵਿਥੁ ਚੱਪੇ ਦੀ,
ਤਹਾਂ ਸ਼ਾਹਾਂ ਦਾ ਤਾਣਾ।
ਸਭ ਦੀਸੇ ਸ਼ੀਸ਼ੇ ਦਾ ਮੰਦਰਿ,
ਵਿਚਿ ਸ਼ਾਹ ਹੁਸੈਨ ਨਿਮਾਣਾ।3।

46. ਹੁਸੈਨੂੰ ਕਿਸ ਬਾਗ਼ੇ ਦੀ ਮੂਲੀ

ਹੁਸੈਨੂੰ ਕਿਸ ਬਾਗ਼ੇ ਦੀ ਮੂਲੀ।

ਬਾਗਾਂ ਦੇ ਵਿਚਿ ਚੰਬਾ ਮਰੂਆ,
ਮੈਂ ਭਿ ਵਿਚਿ ਗੰਧੂਲੀ।

ਕੂੜੀ ਦੁਨੀਆਂ ਕੂੜਾ ਮਾਣਾ,
ਦੁਨੀਆਂ ਫਿਰਦੀ ਫੁਲੀ।

ਛੋਡ ਤਕੱਬਰ ਪਕੜ ਹਲੀਮੀ,
ਸ਼ਾਹ ਹੁਸੈਨ ਪਾਇ ਸਮਝੂਲੀ।

47. ਇਕੁ ਅਰਜ਼ ਨਿਮਾਣਿਆਂ ਦੀ

ਇਕੁ ਅਰਜ਼ ਨਿਮਾਣਿਆਂ ਦੀ,
ਸੁਣਿ ਜਿੰਦੂ ਨੀਂ।

ਸੁਰਤਿ ਦਾ ਤਾਣਾ,
ਨਿਰਤਿ ਦਾ ਬਾਣਾ,
ਹਰਿ ਹਰਿ ਪੇਟਾ
ਵੁਣਿ ਜਿੰਦੂ ਨੀਂ।ਰਹਾਉ।

ਕਾਹੇ ਕੋ ਝੁਰੈਂ ਤੇ ਝਖਿ ਮਾਰੈਂ,
ਰਾਮ ਭਜਨੁ ਬਿਨੁ ਬਾਜੀ ਹਾਰੈਂ,
ਬੀਜਿਆ ਹੀ ਸੋ ਲੁਣਿ ਜਿੰਦੂ ਨੀਂ।1।

ਕਾਹੇ ਗਰਬਹਿੰ ਦੇਖ ਜੁਆਨੀ,
ਤੈਂ ਜੇਹੀਆਂ ਕਈਆਂ ਖਾਨ ਖਵਾਨੀ,
ਕਾਲਿ ਲਈਆਂ ਸਭੁ ਚੁਣਿ ਜਿੰਦੂ ਨੀਂ।2।

ਕਹੈ ਹੁਸੈਨ ਫ਼ਕੀਰ ਗਦਾਈ,
ਪੱਛੀ ਪੂਣੀ ਦੇਹਿ ਲੁਟਾਈ,
ਸ਼ਹੁ ਨੂੰ ਮਿਲਨੀ ਹੈਂ ਹੁਣ ਜਿੰਦੂ ਨੀਂ।3।

48. ਇਕ ਦਿਨ ਤੈਨੂੰ ਸੁਪਨਾ ਭੀ ਹੋਸਨ

ਇਕ ਦਿਨ ਤੈਨੂੰ ਸੁਪਨਾ ਭੀ ਹੋਸਨ
ਗਲੀਆਂ ਬਾਬਲ ਵਾਲੀਆਂ।

ਉੱਡ ਗਏ ਭੌਰ ਫੁੱਲਾਂ ਦੇ ਕੋਲੋਂ,
ਸਣ ਪੱਤਰਾਂ ਸਣ ਡਾਲੀਆਂ।

ਜੰਗਲ ਢੂੰਡਿਆ ਮੈਂ ਬੇਲਾ ਢੂੰਡਿਆ,
ਬੂਟਾ ਬੂਟਾ ਕਰ ਭਾਲੀਆਂ।

ਕੱਤਣ ਬੈਠੀਆਂ ਵਤਿ ਵਤਿ ਗਈਆਂ,
ਜਿਉਂ ਜਿਉਂ ਖਸਮ ਸਮਾਲੀਆਂ।

ਸੇਈ ਰਾਤੀਂ ਲੇਖੈ ਪਈਆਂ,
ਜਿਕੇ ਨਾਲ ਮਿੱਤਰਾਂ ਦੇ ਜਾਲੀਆਂ।

ਜਿਤ ਤਨ ਲੱਗੀ ਸੋਈ ਤਨ ਜਾਣੈ,
ਹੋਰ ਗੱਲਾਂ ਕਰਨ ਸੁਖਾਲੀਆਂ।

ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਬਿਰਹੋਂ ਤੁਸਾਡੇ ਜਾਲੀਆਂ।

49. ਇਕ ਦਿਨ ਤੈਨੂੰ ਸੁਪਨਾ ਥੀਸਨਿ

ਇਕ ਦਿਨ ਤੈਨੂੰ ਸੁਪਨਾ ਥੀਸਨਿ,
ਗਲੀਆਂ ਬਾਬਲ ਵਾਲੀਆਂ ਵੋ।ਰਹਾਉ।

ਉਡਿ ਗਏ ਭਉਰ ਫੁੱਲਾਂ ਦੇ ਕੋਲੋਂ,
ਸਣ ਪੱਤਰਾਂ ਸਣ ਡਾਲੀਆਂ।1।

ਜਿਤੁ ਤਨਿ ਲੱਗੀ ਸੋਈ ਤਨਿ ਜਾਣੇ,
ਹੋਰ ਗੱਲਾਂ ਕਰਨ ਸੁਖਾਲੀਆਂ।2।

ਰਹੁ ਵੇ ਕਾਜੀ ਦਿਲ ਨਹੀਓਂ ਰਾਜੀ,
ਗੱਲਾਂ ਹੋਈਆਂ ਤਾਂ ਹੋਵਣ ਵਾਲੀਆਂ।3।

ਸੇਈ ਰਾਤੀਂ ਲੇਖੇ ਪਉਸਨਿ,
ਜੋ ਨਾਲ ਸਾਹਿਬ ਦੇ ਜਾਲੀਆਂ।4।

ਨਾਉਂ ਹੁਸੈਨਾ ਤੇ ਜਾਤ ਜੁਲਾਹਾ,
ਗਾਲੀਆਂ ਦੇਂਦੀਆਂ ਤਾਣੀਆਂ ਵਾਲੀਆਂ।5।

50. ਇਕਿ ਦੁਇ ਤਿਨ ਚਾਰਿ ਪੰਜ

ਇਕਿ ਦੁਇ ਤਿਨ ਚਾਰਿ ਪੰਜ,
ਛਿਇ ਸਤਿ ਅਸੀਂ ਅਠਿ ਨਉਂ।ਰਹਾਉ।

ਚਰਖਾ ਚਾਇ ਸਭੇ ਘਰ ਗਈਆਂ,
ਰਹੀ ਇਕੇਲੀ ਇਕਿ ਹਉਂ।1।

ਜੇਹਾ ਰੇਜਾ ਠੋਕਿ ਵੁਣਾਇਓ,
ਤੇਹੀ ਚਾਦਰ ਤਾਣਿ ਸਉਂ।2।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਆਇ ਲੱਗੀ ਹੁਣ ਛਕਿ ਪਉਂ।3।

51. ਇਸ਼ਕ ਫ਼ਕੀਰਾਂ ਦਾ ਕਾਇਮ ਦਾਇਮ

ਇਸ਼ਕ ਫ਼ਕੀਰਾਂ ਦਾ ਕਾਇਮ ਦਾਇਮ,
ਕਬਹੂੰ ਨ ਥੀਵੈ ਬੇਹਾ।
ਤੈਨੂੰ ਰੱਬ ਨਾ ਭੁੱਲੀ ਦੁਆਇ ਫ਼ਕੀਰਾਂ ਦੀ ਏਹਾ।1।ਰਹਾਉ।

ਹੋਰਨਾਂ ਨਾਲ ਹਸੰਦੀ ਖਿਡੰਦੀ,
ਸਾਹਾਂ ਥੋਂ ਘੁੰਗਟ ਕੇਹਾ।1।

ਸ਼ਹੁ ਨਾਲ ਤੂੰ ਮੂਲ ਨ ਬੋਲੈਂ,
ਏਹ ਗੁਮਾਨ ਕਿਵੇਹਾ।2।

ਚਾਰੇ ਨੈਣ ਗਡਾਵਡ ਹੋਏ,
ਵਿੱਚ ਵਿਚੋਲਾ ਕੇਹਾ।3।

ਉੱਛਲ ਨਦੀਆਂ ਤਾਰੂ ਹੋਈਆਂ,
ਵਿਚ ਬਰੇਤਾ ਕੇਹਾ।4।

ਆਪ ਖਾਨੀਂ ਹੈਂ ਦੁੱਧ ਮਲੀਦਾ,
ਸ਼ਾਹਾਂ ਨੂੰ ਟੁੱਕਰ ਬੇਹਾ।5।

ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਮਰ ਜਾਣਾ ਤੇ ਮਾਣਾ ਕੇਹਾ।6।

52. ਇਥੇ ਰਹਿਣਾ ਨਾਹੀਂ

ਇਥੇ ਰਹਿਣਾ ਨਾਹੀਂ,
ਕੋਈ ਬਾਤ ਚਲਣੁ ਦੀ ਕਰੁ ਵੋ।ਰਹਾਉ।

ਵਡੇ ਉੱਚੇ ਮਹਿਲ ਉਸਾਰਿਓ,
ਗੋਰ ਨਿਮਾਣੀ ਘਰੁ ਵੋ।1।

ਜਿਸ ਦੇਹੀ ਦਾ ਤੂੰ ਮਾਣ ਕਰੇਨੈਂ,
ਜਿਉਂ ਪਰਛਾਵੈ ਢਰੁ ਵੋ।2।

ਛੋੜ ਤ੍ਰਿਖਾਈ ਪਕੜਿ ਹਲੀਮੀ,
ਭੈ ਸਾਹਿਬ ਥੀਂ ਡਰੁ ਵੋ।3।

ਕਹੈ ਹੁਸੈਨ ਹਯਾਤੀ ਲੋੜੇਂ
ਤਾਂ ਮਰਨ ਥੀਂ ਅਗੇ ਮਰ ਵੋ।4।

53. ਈਵੈਂ ਗਈ ਵਿਹਾਇ

ਈਵੈਂ ਗਈ ਵਿਹਾਇ,
ਕੋਈ ਦਮ ਯਾਦੁ ਨ ਕੀਤਾ।ਰਹਾਉ।

ਰਹੀ ਵੁਣਾਇ ਤਣਾਇ,
ਕੋਈ ਗਜ਼ ਪਾੜ ਨ ਲੀਤਾ।1।

ਕੋਰਾ ਗਈ ਹੰਢਾਇ,
ਕੋਈ ਰੰਗਦਾਰ ਨ ਲੀਤਾ।2।

ਭਰਿਆ ਸਰ ਲੀਲਾਇ,
ਕੋਈ ਬੁਕ ਝੋਲ ਨ ਪੀਤਾ।3।

ਕਹੈ ਹੁਸੈਨ ਗਦਾਇ,
ਚਲਦਿਆਂ ਵਿਦਾ ਨ ਕੀਤਾ।4।

54. ਈਵੈਂ ਗੁਜਰੀ ਰਾਤਿ

ਈਵੈਂ ਗੁਜਰੀ ਰਾਤਿ,
ਖੇਡਣਿ ਨਾ ਥੀਆ।ਰਹਾਉ।

ਸਭੇ ਜਾਤੀ ਵੱਡੀਆਂ,
ਨਿਮਾਣੀ ਫ਼ਕੀਰਾਂ ਦੀ ਜਾਤਿ।1।

ਖੇਡਿ ਘਿੰਨੋ ਖਿਡਾਇ ਘਿੰਨੋ,
ਥੀ ਗਈ ਪਰਭਾਤਿ।2।

ਖੜਾ ਪੁਕਾਰੇ ਪਾਤਣੀ
ਬੇੜਾ ਕਵਾਤ।3।

ਸ਼ਾਹ ਹੁਸੈਨ ਦੀ ਆਜਜ਼ੀ,
ਕਾਛ (ਕਾਫ਼) ਕੁਹਾੜੇ ਵਾਤਿ।4।

55. ਈਵੇਂ ਗੁਜਰੀ ਗਾਲੀਂ ਕਰਦਿਆਂ

ਈਵੇਂ ਗੁਜਰੀ ਗਾਲੀਂ ਕਰਦਿਆਂ,
ਕੁਛੁ ਕੀਤੋ ਨਾਹੀਂ ਸਰਦਿਆਂ।1।ਰਹਾਉ।

ਤੂੰ ਸੁਤੋਂ ਚਾਦਰ ਤਣਿ ਕੈ,
ਤੈਂ ਅਮਲਿ ਨ ਕੀਤਿਆਂ ਜਾਣਿ ਕੈ,
ਰਸ ਰੋਸੀਂ ਲੇਖਾ ਭਰਦਿਆਂ।1।

ਜਾਇ ਪੁਛੋ ਇਨਾ ਵਾਂਢੀਆਂ,
ਜਿਨ੍ਹਾਂ ਅੰਦਰ ਬਲਦੀ ਡਾਢੀਆਂ,
ਉਨ੍ਹਾਂ ਅਰਜ ਨ ਕੀਤੀ ਡਰਦਿਆਂ।2।

ਕਹੈ ਹੁਸੈਨ ਸੁਣਾਇ ਕੈ,
ਪਛੁਤਾਸੀਂ ਇਥੋਂ ਜਾਇ ਕੈ,
ਕੋਈ ਸੰਗ ਨ ਸਾਥੀ ਮਰਦਿਆਂ।3।

56. ਜਾਗ ਨ ਲਧੀਆ ਸੁਣ ਜਿੰਦੂ

ਜਾਗ ਨ ਲਧੀਆ ਸੁਣ ਜਿੰਦੂ,
ਹਭੋ ਵਿਹਾਣੀ ਰਾਤ।ਰਹਾਉ।

ਇਸ ਦਮ ਦਾ ਵੋ ਕੀ ਭਰਵਾਸਾ,
ਰਹਿਨ ਸਰਾਂਈਂ ਰਾਤ।1।

ਵਿਛੁੜੇ ਤਨ ਮਨ ਬਹੁੜ ਨ ਮੇਲਾ,
ਜਿਉਂ ਤਰਵਰ ਤੁੱਟੈ ਪਾਤ।2।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਹੋਇ ਗਈ ਪਰਭਾਤ।3।

57. ਜਾਂ ਜੀਵੈਂ ਤਾਂ ਡਰਦਾ ਰਹੁ ਵੋ

ਜਾਂ ਜੀਵੈਂ ਤਾਂ ਡਰਦਾ ਰਹੁ ਵੋ।ਰਹਾਉ।

ਬਾਂਦਰ ਬਾਜੀ ਕਰੈ ਬਜਾਰੀ,
ਸਹਿਲ ਨਹੀਂ ਉਥੈ ਲਾਵਨ ਯਾਰੀ,
ਰਹੁ ਵੋ ਅਡਕ ਵਛੇੜ ਅਨਾੜੀ,
ਕਢਿ ਨ ਗਰਦਨ ਸਿਧਾ ਵਹੁ ਵੋ।1।

ਨੇਹੀ ਸਿਰ ਤੇ ਨਾਉਂ ਧਰਾਵਨ,
ਬਲਦੀ ਆਤਸ਼ ਨੂੰ ਹਥਿ ਪਾਵਨ,
ਆਹੀਂ ਕੱਢਣ ਤੇ ਕੂਕ ਸੁਣਾਵਨ,
ਗਲਿ ਨ ਤੈਨੂੰ ਬਣਦੀ ਓਹੁ ਵੋ।2।

ਦਰ ਮੈਦਾਨ ਮੁਹੱਬਤ ਜਾਤੀ,
ਸਹਿਲ ਨਹੀਂ ਉਥੇ ਪਾਵਨ ਝਾਤੀ,
ਜੈਂ ਤੇ ਬਿਰਹੁ ਵਗਾਵੈ ਕਾਤੀ,
ਮੁਢਿ ਕਲੇਜੇ ਦੇ ਅੰਦਰ ਡਹੁ ਵੋ।3।

ਅਸਲੀ ਇਸ਼ਕ ਮਿੱਤਰਾਂ ਦਾ ਏਹਾ,
ਪਹਲੇ ਮਾਰ ਸੁਕਾਵਨ ਦੇਹਾ,
ਸਹਲ ਨਹੀਂ ਉਥੈ ਲਾਵਨ ਨੇਹਾ,
ਜੇ ਲਾਇਓ ਤਾਂ ਕਿਸੇ ਨ ਕਹੁ ਵੋ।4।

ਤਉ ਬਾਝੂ ਸਭ ਝੂਠੀ ਬਾਜੀ,
ਕੂੜੀ ਦੁਨੀਆਂ ਫਿਰੈ ਗਮਾਜ਼ੀ,
ਨਹੂੰ ਹਕੀਕਤ ਘਿੰਨ ਮਿਜਾਜ਼ੀ,
ਦੋਵੇਂ ਗੱਲਾਂ ਸੁਟਿ ਨ ਬਹੁ ਵੋ।5।

ਕਹੈ ਹੁਸੈਨ ਫ਼ਕੀਰ ਗਦਾਈ,
ਦਮ ਨ ਮਾਰੇ ਬੇ ਪਰਵਾਹੀ,
ਸੋ ਜਾਣੈ ਜਿਨਿ ਆਪੇ ਲਾਈ,
ਅਹੁ ਵੇਖ ਜਾਂਞੀ ਆਏ ਅਹੁ ਵੋ।6।

58. ਜਗਿ ਮੈਂ ਜੀਵਨ ਥੋਹੜਾ ਕਉਣ ਕਰੇ ਜੰਜਾਲ

ਜਗਿ ਮੈਂ ਜੀਵਨ ਥੋਹੜਾ ਕਉਣ ਕਰੇ ਜੰਜਾਲ।ਰਹਾਉ।

ਕੈਂਦੇ ਘੋੜੇ ਹਸਤੀ ਮੰਦਰ,
ਕੈਂਦਾ ਹੈ ਧਨ ਮਾਲ।1।

ਕਹਾਂ ਗਏ ਮੁਲਾਂ ਕਹਾਂ ਗਏ ਕਾਜ਼ੀ,
ਕਹਾਂ ਗਏ ਕਟਕ ਹਜ਼ਾਰ।2।

ਇਹ ਦੁਨੀਆਂ ਦਿਨ ਦੋਇ ਪਿਆਰੇ,
ਹਰ ਦਮ ਨਾਮ ਸਮਾਲ।3।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਝੂਠਾ ਸਭ ਬਿਉਪਾਰ।4।

59. ਜਹਾਂ ਦੇਖੋ ਤਹਾਂ ਕਪਟ ਹੈ

ਜਹਾਂ ਦੇਖੋ ਤਹਾਂ ਕਪਟ ਹੈ,
ਕਹੂੰ ਨ ਪਇਓ ਚੈਨ।

ਦਗ਼ਾਬਾਜ਼ ਸੰਸਾਰ ਤੇ,
ਗੋਸ਼ਾ ਪਕੜਿ ਹੁਸੈਨ।ਰਹਾਉ।

ਮਨ ਚਾਹੇ ਮਹਿਬੂਬ ਕੋ,
ਤਨ ਚਾਹੇ ਸੁਖ ਚੈਨ।1।

ਦੋਇ ਰਾਜੇ ਕੀ ਸੀਂਧ ਮੈਂ
ਕੈਸੇ ਬਣੇ ਹੁਸੈਨ।2।

60. ਜੇਤੀ ਜੇਤੀ ਦੁਨੀਆਂ ਰਾਮ ਜੀ

ਜੇਤੀ ਜੇਤੀ ਦੁਨੀਆਂ ਰਾਮ ਜੀ,
- ਤੇਰੇ ਕੋਲੋਂ ਮੰਗਦੀ।ਰਹਾਉ।

ਕੂੰਡਾ ਦੇਈਂ ਸੋਟਾ ਦੇਈਂ,
ਕੋਠੀ ਦੇਈਂ ਭੰਗ ਦੀ।

ਸਾਫ਼ੀ ਦੇਈਂ ਮਿਰਚਾਂ ਦੇਈਂ,
ਬੇ-ਮਿਨਤੀ ਦੇਈਂ ਰੰਗ ਦੀ।

ਪੋਸਤ ਦੇਈਂ ਬਾਟੀ ਦੇਈਂ,
ਚਾਟੀ ਦੇਈਂ ਖੰਡ ਦੀ।

ਗਿਆਨ ਦੇਈਂ ਧਿਆਨ ਦੇਈਂ,
ਮਹਿਮਾ ਸਾਧੂ ਸੰਗ ਦੀ।

ਸ਼ਾਹ ਹੁਸੈਨ ਫ਼ਕੀਰ ਸਾਂਈਂ ਦਾ,
ਇਹ ਦੁਆਇ ਮਲੰਗ ਦੀ।

61. ਝੁਮੇ ਝੁਮ ਖੇਲਿ ਲੈ ਮੰਝ ਵੇਹੜੇ

ਝੁਮੇ ਝੁਮ ਖੇਲਿ ਲੈ ਮੰਝ ਵੇਹੜੇ,
ਜਪਦਿਆਂ ਨੂੰ ਹਰਿ ਨੇੜੇ।1।ਰਹਾਉ।

ਵੇਹੜੇ ਦੇ ਵਿਚ ਨਦੀਆਂ ਵਗਣਿ,
ਬੇੜੇ ਲੱਖ ਹਜ਼ਾਰ,
ਕੇਤੀ ਇਸ ਵਿਚ ਡੁੱਬਦੀ ਡਿੱਠੀ,
ਕੇਤੀ ਲੰਘੀ ਪਾਰਿ।1।

ਇਸ ਵੇਹੜੇ ਦੇ ਨੌਂ ਦਰਵਾਜ਼ੇ,
ਦਸਵੇਂ ਕੁਲਫ਼ ਚੜ੍ਹਾਈ,
ਤਿਸੁ ਦਰਵਾਜ਼ੇ ਦੀ ਮਹਿਰਮੁ ਨਾਹੀਂ,
ਜਿਤੁ ਸਹੁ ਆਵਹਿ ਜਾਈ।2।

ਵੇਹੜੇ ਦੇ ਵਿਚਿ ਆਲਾ ਸੋਹੇ,
ਆਲੇ ਦੇ ਵਿਚ ਤਾਕੀ,
ਤਾਕੀ ਦੇ ਵਿਚਿ ਸੇਜ ਵਿਛਾਵਾਂ,
ਅਪਣੇ ਪੀਆ ਸੰਗਿ ਰਾਤੀ।3।

ਇਸ ਵੇਹੜੇ ਵਿਚ ਮਕਨਾਂ ਹਾਥੀ,
ਸੰਗਲ ਨਾਲ ਖਹੇੜੇ,
ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਜਾਗਦਿਆਂ ਕਉਣ ਛੇੜੇ।4।

62. ਜਿੰਦੂ ਮੈਂਡੜੀਏ

ਜਿੰਦੂ ਮੈਂਡੜੀਏ,
ਤੇਰਾ ਨਲੀਆਂ ਦਾ ਵਖਤ ਵਿਹਾਣਾ।ਰਹਾਉ।

ਰਾਤੀਂ ਕਤੈਂ ਰਾਤੀਂ ਅਟੇਰੈਂ,
ਗੋਸ਼ੇ ਲਾਇਓ ਤਾਣਾ।

ਇਕ ਜੁ ਤੰਦ ਅਵੱਲਾ ਪੈ ਗਇਆ,
ਸਾਹਿਬ ਮੂਲ ਨ ਭਾਣਾ।

ਚਾਰ ਦਿਹਾੜੇ ਗੋਇਲ ਵਾਸਾ,
ਉਠ ਚੜਦਾ ਪਛੋਤਾਣਾ।

ਚੀਰੀ ਆਈ ਢਿੱਲ ਨ ਕਰਸੀ,
ਕੀ ਰਾਜਾ ਕੀ ਰਾਣਾ।

ਕਿਸੇ ਨਵਾਂ ਕਿਸੇ ਪੁਰਾਣਾ,
ਕਿਸੇ ਅੱਧੋਰਾਣਾ।

ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਬਿਨ ਮਸਲਤ ਉੱਠ ਜਾਣਾ।

63. ਜਿਨ੍ਹਾਂ ਖੜੀ ਨ ਕੀਤੀ ਮੇਰੀ ਡੋਲੜੀ

ਜਿਨ੍ਹਾਂ ਖੜੀ ਨ ਕੀਤੀ ਮੇਰੀ ਡੋਲੜੀ,
ਅਨੀ ਹੋ ਮਾਂ ਦੋਸ ਕਹਾਰਾਂ ਨੂੰ।ਰਹਾਉ।

ਕੋਲੋਂ ਤੈਂਡੇ ਵਾਹੀ ਲਡਿ ਲਡਿ ਚਲੇ,
ਤੈਂ ਅਜੇ ਨ ਬੱਧਾ ਭਾਰਾਂ ਨੂੰ।1।

ਇਕ ਲਡਿ ਚਲੇ ਇਕ ਬੰਨ੍ਹ ਬੈਠੇ,
ਕਉਣ ਉਠਾਇ ਸਾਡਿਆਂ ਭਾਰਾਂ ਨੂੰ।2।

ਸਿਰ ਤੇ ਮਉਤ ਖੜੀ ਪੁਕਾਰੇ,
ਮਨ ਲੋਚੇ ਬਾਗ਼ੁ ਬਹਾਰਾਂ ਨੂੰ।3।

ਕਹੈ ਹੁਸੈਨ ਫ਼ਕੀਰ ਨਿਮਾਣਾ,
ਕੋਈ ਮੁੜਿ ਸਮਝਾਵੇ ਇਨ੍ਹਾਂ ਯਾਰਾਂ ਨੂੰ।4।

64. ਜਿਸ ਨਗਰੀ ਠਾਕੁਰ ਜਸੁ ਨਾਹੀਂ

ਜਿਸ ਨਗਰੀ ਠਾਕੁਰ ਜਸੁ ਨਾਹੀਂ,
ਸੋ ਕਾਕਰ ਕੂਕਰ ਬਸਤੀ ਹੈ।

ਅਗਰ ਚੰਦਨ ਕੀ ਸਾਰੁ ਨ ਜਾਣੈ,
ਪਾਥਰ ਸੇਤੀ ਘਸਤੀ ਹੈ।

ਛੈਲਾਂ ਸੇਤੀ ਘੁੰਘਟ ਕਾਢੇ,
ਬੈਲਾਂ ਸੇਤੀ ਹਸਤੀ ਹੈ।

ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਸਵਾ ਸੇਰ ਕੀ ਮਸਤੀ ਹੈ।

65. ਜਿਤੁ ਵਲਿ ਮੈਂਡਾ ਮਿੱਤਰ ਪਿਆਰਾ

ਜਿਤੁ ਵਲਿ ਮੈਂਡਾ ਮਿੱਤਰ ਪਿਆਰਾ,
ਉਥੇ ਵੰਝ ਆਖੀਂ ਮੈਂਡੀ ਆਜਜ਼ੀ ਵੋ।ਰਹਾਉ।

ਜੋਗਣਿ ਹੋਵਾਂ ਧੂੰਹਾਂ ਪਾਂਵਾਂ,
ਤੇਰੇ ਕਾਰਣਿ ਮੈਂ ਮਰਿ ਜਾਵਾਂ,
ਤੈਂ ਮਿਲਿਆਂ ਮੇਰੀ ਤਾਜ਼ਗੀ ਵੋ।1।

ਰਾਤੀਂ ਦਰਦੁ ਦਿਹੈਂ ਦਰਮਾਂਦੀ,
ਮਰਨ ਅਸਾਡਾ ਵਾਜਬੀ ਵੋ।2।

ਲਿਟਾਂ ਖੋਲਿ ਗਲੇ ਵਿਚ ਪਾਈਆਂ,
ਮੈਂ ਬੈਰਾਗਣਿ ਆਦਿ ਦੀ ਵੋ।3।

ਜੰਗਲ ਬੇਲੇ ਫਿਰਾਂ ਢੁੰਢੇਦੀ,
ਕੂਕ ਨ ਸਕਾਂ ਮਾਰੀ ਲਾਜ ਦੀ ਵੋ।4।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਰਾਤੀਂ ਦਿਹੇਂ ਮੈਂ ਜਾਗਦੀ ਵੋ।5।

66. ਜੋਬਨ ਗਇਆ ਤਾਂ ਘਲਿਆ

ਜੋਬਨ ਗਇਆ ਤਾਂ ਘਲਿਆ,
ਰੱਬਾ ਤੇਰੀ ਮਿਹਰ ਨ ਜਾਵੇ।

ਆਇਆ ਸਾਵਣਿ ਮਨ ਪਰਚਾਵਣ,
ਸਈਆਂ ਖੇਡਣਿ ਸਾਵੇਂ।ਰਹਾਉ।

ਨੈਂ ਭੀ ਡੂੰਘੀ ਤੁਲਾ ਪੁਰਾਣਾ,
ਮਉਲਾ ਪਾਰ ਲੰਘਾਵੇ।1।

ਇਕਨਾਂ ਵਟੀਆਂ ਪੂਣੀਆਂ,
ਇਕ ਸੂਤ ਵੁਣਾਵੇ।2।

ਇਕ ਕੰਤਾਂ ਬਾਝ ਵਿਚਾਰੀਆਂ,
ਇਕਨਾਂ ਢੋਲ ਕਲਾਵੇ।3।

ਕਹੈ ਹੁਸੈਨ ਫ਼ਕੀਰ ਨਿਮਾਣਾ,
ਝੂਠੇ ਬੰਨ੍ਹਦੇ ਨੀ ਦ੍ਹਾਵੇ।4।

67. ਕਾਈ ਬਾਤ ਚਲਣ ਦੀ ਤੂੰ ਕਰ ਵੋਏ

ਕਾਈ ਬਾਤ ਚਲਣ ਦੀ ਤੂੰ ਕਰ ਵੋਏ,
ਇਤੈ ਰਹਿਨਾ ਨਾਹੀਂ।

ਸਾਢੇ ਤਰੈ ਹੱਥ ਮਿਲਖ ਬੰਦੇ ਦੀ,
ਗੋਰ ਨਿਮਾਣੀ ਘਰ ਵੋਏ।ਰਹਾਉ।

ਉਚੇ ਮੰਦਰ ਸੁਨਹਿਰੀ ਛੱਜੇ,
ਵਿਚ ਰਖਾਇਆ ਦਰ ਵੋਏ।

ਜਿਸ ਮਾਇਆ ਦਾ ਮਾਣ ਕਰੇਂਦਾ,
ਸੋ ਦੂਤਾਂ ਦਾ ਘਰ ਵੋਏ।

ਲਿਖ ਲਿਖਿ ਪੜ੍ਹਨਾ ਮੂਲ ਨ ਗੁੜ੍ਹਨਾ,
ਭੈ ਸਾਈਂ ਦਾ ਕਰ ਵੋਏ।

ਜਾਂ ਆਈ ਆਗਿਆ ਪ੍ਰਭੁ ਬੁਲਾਇਆ,
ਹੋਇ ਨਿਮਾਣਾ ਤੂੰ ਚਲ ਵੋਏ।

ਆਗੈ ਸਾਹਿਬ ਲੇਖਾ ਮਾਂਗੈ,
ਤਾਂ ਤੂੰ ਭੀ ਕੁਛ ਕਰ ਵੋਏ।

ਕਹੈ ਹੁਸੈਨ ਫ਼ਕੀਰ ਰਬਾਣਾ,
ਦੁਨੀਆਂ ਛੋਡ ਜ਼ਰੂਰਤ ਜਾਣਾ,
ਮਰਣ ਤੇ ਅੱਗੇ ਮਰ ਵੋਏ।

68. ਕਦੀ ਸਮਝ ਮੀਆਂ ਮਰਿ ਜਾਣਾ ਹੀ

ਕਦੀ ਸਮਝ ਮੀਆਂ ਮਰਿ ਜਾਣਾ ਹੀ।
ਕੂੜੀ ਸੇਜ ਸਵੇਂ ਦਿਨ ਰਾਤੀਂ,
ਕੂੜਾ ਤੂਲ ਵਿਹਾਣਾ ਹੀ।ਰਹਾਉ।

ਹੱਡਾਂ ਦਾ ਕਲਬੂਤ ਬਣਾਇਆ,
ਵਿਚ ਰਖਿਆ ਭੌਰ ਰਬਾਣਾ ਹੀ।1।

ਚਾਰ ਦਿਹਾੜੇ ਗੋਇਲ ਵਾਸਾ,
ਲਦ ਚਲਿਓ ਲਬਾਣਾ ਹੀ।2।

ਕਹੈ ਹੁਸੈਨ ਫ਼ਕੀਰ ਮਉਲੇ ਦਾ,
ਸਾਈਂ ਦਾ ਰਾਹਿ ਨਿਮਾਣਾ ਹੀ।3।

69. ਕਦੀ ਸਮਝ ਨਿਦਾਨਾ

ਕਦੀ ਸਮਝ ਨਿਦਾਨਾ,
ਘਰਿ ਕਿੱਥੇ ਈ ਸਮਝ ਨਿਦਾਨਾ।ਰਹਾਉ।

ਆਪਿ ਕਮੀਨਾ ਤੇਰੀ ਅਕਲ ਕਮੀਨੀ,
ਕਉਣ ਕਹੈ ਤੂੰ ਦਾਨਾ।1।

ਇਨ੍ਹੀਂ ਰਾਹੀਂ ਜਾਂਦੇ ਡਿੱਠੜੇ,
ਮੀਰ, ਮਲਕ, ਸੁਲਤਾਨਾ।2।

ਆਪੇ ਮਾਰੇ ਤੇ ਆਪ ਜੀਵਾਲੇ,
ਅਜ਼ਰਾਈਲ ਬਹਾਨਾ।2।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਬਿਨ ਮਸਲਤਿ ਉਠ ਜਾਣਾ।4।

70. ਕੈ ਬਾਗੈ ਦੀ ਮੂਲੀ ਹੁਸੈਨ

ਕੈ ਬਾਗੈ ਦੀ ਮੂਲੀ ਹੁਸੈਨ,
ਤੂੰ ਕੈ ਬਾਗੈ ਦੀ ਮੂਲੀ।ਰਹਾਉ।

ਬਾਗਾਂ ਦੇ ਵਿਚਿ ਫੁਲਿ ਅਜਾਇਬ,
ਤੂੰ ਬੀ ਇਕ ਗੰਧੂਲੀ।1।

ਆਪਣਾ ਆਪਿ ਪਛਾਣੇ ਨਾਹੀਂ,
ਅਵਰਾ ਦੇਖਿ ਕਿਉਂ ਭੂਲੀ।2।

ਇਸ਼ਕੇ ਦੇ ਦਰਿਆਉ ਕਰਾਹੀ,
ਮਨਸੂਰ ਕਬੂਲੀ ਸੂਲੀ।3।

ਸ਼ਾਹ ਹੁਸੈਨ ਪਇਆ ਦਰ ਉਤੇ,
ਜੇ ਕਰਿ ਪਵੈ ਕਬੂਲੀ।4।
71. ਕਉਣ ਕਿਸੇ ਨਾਲ ਰੁੱਸੇ

ਕਉਣ ਕਿਸੇ ਨਾਲ ਰੁੱਸੇ।ਰਹਾਉ।

ਜਿਹ ਵੱਲ ਵੰਜਾਂ ਮਉਤ ਤਿਤੇ ਵੱਲ,
ਜੀਵਣ ਕੋਈ ਨ ਦੱਸੇ।1।

ਸਰ ਪਰਿ ਲੱਦਣਾ ਏਸ ਜਹਾਨੋਂ,
ਰਹਿਣਾ ਨਾਹੀਂ ਕਿੱਸੇ।2।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਮਉਤ ਵਟੇਂਦੜੀ ਰੱਸੇ।3।

72. ਕੇੜ੍ਹੇ ਦੇਸੋਂ ਆਈਓਂ ਨੀਂ ਕੁੜੀਏ

ਕੇੜ੍ਹੇ ਦੇਸੋਂ ਆਈਓਂ ਨੀਂ ਕੁੜੀਏ,
ਤੈਂ ਕੇਹਾ ਕੇਹਾ ਸ਼ੋਰ ਮਚਾਇਓ ਕਿਉਂ।

ਅਪੁਨਾ ਸੂਤ ਤੈਂ ਆਪੁ ਵੰਝਾਇਆ,
ਦੋਸੁ ਜੁਲਾਹੇ ਨੂੰ ਲਾਇਓ ਕਿਉਂ।ਰਹਾਉ।

ਤੇਰੇ ਅੱਗੇ ਅੱਗੇ ਚਰਖਾ,
ਪਿੱਛੇ ਪਿੱਛੇ ਪੀਹੜਾ,
ਕਤਨੀ ਹੈਂ ਹਾਲੁ ਭਲੇਰੇ ਕਿਉਂ।1।

ਛੱਲੜੀਆਂ ਪੰਜ ਪਾਇ ਪਛੋਟੇ,
ਜਾਇ ਬਜਾਰ ਖਲੋਵੇਂ ਕਿਉਂ।2।

ਨਾਲਿ ਸਰਾਫ਼ਾਂ ਦੇ ਝੇੜਾ ਤੇਰਾ,
ਲੇਖਾ ਦੇਂਦੀ ਤੂੰ ਰੋਵੇਂ ਕਿਉਂ।3।

ਸਈਆਂ ਵਿਚ ਖਿਡੰਦੀਏ ਕੁੜੀਏ,
ਸਹੁ ਮਨਹੁ ਭੁਲਾਇਓ ਕਿਉਂ।4।

ਰਾਹਾਂ ਦੇ ਵਿਚਿ ਅਉਖੀ ਹੋਸੇਂ,
ਇਤਨਾ ਭਾਰ ਉਠਾਇਓ ਕਿਉਂ।5।

ਕਹੈ ਹੁਸੈਨ ਫ਼ਕੀਰ ਨਿਮਾਣਾ,
ਮਰਨਾ ਚਿਤਿ ਨ ਆਇਓ ਕਿਉਂ।6।

73. ਕਿਆ ਕਰਸੀ ਬਾਬ ਨਿਮਾਣੀ ਦੇ

ਕਿਆ ਕਰਸੀ ਬਾਬ ਨਿਮਾਣੀ ਦੇ।
ਨ ਅਸਾਂ ਕੱਤਿਆ ਨ ਅਸਾਂ ਤੁੰਬਿਆ,
ਕੇਹਾ ਬਖਰਾ ਤਾਣੀ ਦੇ।ਰਹਾਉ।

ਜੰਮਦਿਆਂ ਤਿਲ ਰੋਵਣ ਲੱਗੇ,
ਯਾਦ ਪਇਓ ਨੇ ਦਿਨ ਘਾਣੀ ਦੇ।1।

ਗੋਰ ਨਿਮਾਣੀ ਵਿਚ ਪਉਂਦੀਆਂ ਕਹੀਆਂ,
ਹੂ ਹਵਾਈਂ ਤੇਰੀਆਂ ਇਥੇ ਰਹੀਆਂ,
ਵਾਸੁ ਆਇਆ ਵਿਚ ਵਾਣੀ ਦੇ।2।

ਕਹੈ ਹੁਸੈਨ ਫ਼ਕੀਰ ਮਉਲੇ ਦਾ,
ਆਖੇ ਸੁਖਨ ਹੱਕਾਨੀ ਦੇ।3।

74. ਕਿਆ ਕੀਤੋ ਏਥੈ ਆਇ ਕੈ

ਕਿਆ ਕੀਤੋ ਏਥੈ ਆਇ ਕੈ,
ਕਿਆ ਕਰਸੈਂ ਉਥੇ ਜਾਇ ਕੈ।1।ਰਹਾਉ।

ਨਾ ਤੈਂ ਤੁੰਬਣ ਤੁੰਬਿਆ,
ਨਾ ਤੈਂ ਪਿੰਞਣ ਪਿੰਞਿਆ,
ਨਾ ਲੀਤੋ ਸੂਤ ਕਤਾਇ ਕੈ।1।

ਨਾ ਤੈਂ ਚਰਖਾ ਫੇਰਿਆ,
ਨਾ ਤੈਂ ਸੂਤੁ ਅਟੇਰਿਆ,
ਨਾ ਲੀਤੋ ਤਾਣੀ ਤਣਾਇ ਕੈ।2।

ਨਾ ਤੈਂ ਵੇਲ ਪਿੰਜਾਇਆ,
ਨਾ ਤੈਂ ਪੱਛੀ ਪਾਇਆ,
ਨਾ ਲੀਤੋ ਦਾਜ ਰੰਗਾਇ ਕੈ।3।

ਸ਼ਾਹ ਹੁਸੈਨ ਮੈਂ ਦਾਜ ਵਿਹੂਣੀਆਂ,
ਅਮਲਾਂ ਬਾਝਹੁ ਗੱਲਾਂ ਕੂੜੀਆਂ,
ਨਾ ਲੀਤੋ ਸ਼ਹੁ ਰੀਝਾਇ ਕੈ।4।

75. ਕਿਤ ਗੁਣ ਲਗੇਂਗੀ ਸਹੁ ਨੂੰ ਪਿਆਰੀ

ਕਿਤ ਗੁਣ ਲਗੇਂਗੀ ਸਹੁ ਨੂੰ ਪਿਆਰੀ।ਰਹਾਉ।

ਅੰਦਰਿ ਤੇਰੇ ਕੂੜਾ ਵਤਿ ਗਇਓ ਹੀ,
ਮੂਲ ਨ ਦਿਤਓ ਬੁਹਾਰੀ।1।

ਕੱਤਣੁ ਸਿੱਖ ਨੀ ਵਲੱਲੀਏ ਕੁੜੀਏ,
ਚੜ੍ਹਿਆ ਲੋੜੇਂ ਖਾਰੀ।2।

ਤੰਦੂ ਟੁਟੀ ਅਟੇਰਨ ਭੰਨਾ,
ਚਰਖੇ ਦੀ ਕਰ ਕਾਰੀ।3।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਅਮਲਾਂ ਬਾਝੁ ਖੁਆਰੀ।4।

76. ਕਿਉਂ ਗੁਮਾਨ ਜਿੰਦੂ ਨੀ

ਕਿਉਂ ਗੁਮਾਨ ਜਿੰਦੂ ਨੀ,
ਆਖਰ ਮਾਟੀ ਸਿਉਂ ਰਲ ਜਾਣਾ।
ਮਾਟੀ ਸਿਉਂ ਰਲਿ ਜਾਣਾ ਹੈ ਤਾਂ,
ਸਰਪਰ ਦੁਨੀਆਂ ਜਾਣਾ।ਰਹਾਉ।

ਮੀਰ ਮਲਕੁ ਪਾਤਿਸ਼ਾਹੁ ਸ਼ਹਿਜ਼ਾਦੇ,
ਚੋਆ ਚੰਦਨ ਲਾਂਦੇ।
ਖ਼ੁਸ਼ੀਆਂ ਵਿਚ ਰਹਿਣ ਮਤਵਾਲੇ,
ਨੰਗੀਂ ਪੈਰੀਂ ਜਾਂਦੇ।1।

ਲਉ ਬਾਲੀ ਦਰਗਾਹ ਸਾਹਿਬ ਦੀ,
ਕਹੀ ਨ ਚਲਦਾ ਮਾਣਾ।
ਆਪੋ ਆਪਿ ਜਬਾਬ ਪੁਛੀਸੀ,
ਕਹੈ ਹੁਸੈਨ ਫ਼ਕੀਰ ਨਿਮਾਣਾ।2।

77. ਕੋਈ ਦਮ ਜੀਂਵਦਿਆਂ ਰੁਸ਼ਨਾਈ

ਕੋਈ ਦਮ ਜੀਂਵਦਿਆਂ ਰੁਸ਼ਨਾਈ,
ਮੁਇਆਂ ਦੀ ਖ਼ਬਰ ਨ ਕਾਈ।ਰਹਾਉ।

ਚਹੁੰ ਜਣਿਆਂ ਰਲਿ ਡੋਲੀ ਚਾਈ,
ਸਾਹੁਰੜੈ ਪਹੁੰਚਾਈ।

ਸੱਸ ਨਿਨਾਣਾਂ ਦੇਂਦੀਆਂ ਤਾਹਨੇ,
ਦਾਜ ਵਿਹੂਣੀ ਆਈ।

ਕਬਰ ਨਿਮਾਣੀ ਵਿਚ ਵੱਗਣ ਕਹੀਆਂ,
ਬੰਨ੍ਹ ਚਲਾਈਆਂ ਡਾਢੇ ਦੀਆਂ ਵਹੀਆਂ,
ਰਹੀਆਂ ਹੂਲ ਹਵਾਈ।

ਕਹੈ ਹੁਸੈਨ ਫ਼ਕੀਰ ਰਬਾਣਾ,
ਦੁਨੀਆਂ ਛੋਡ ਜ਼ਰੂਰਤ ਜਾਣਾ,
ਰੱਬ ਡਾਹਢੇ ਕਲਮ ਵਗਾਈ।

78. ਕੋਈ ਦਮ ਮਾਣ ਲੈ ਰੰਗ ਰਲੀਆਂ

ਕੋਈ ਦਮ ਮਾਣ ਲੈ ਰੰਗ ਰਲੀਆਂ,
ਧਨ ਜੋਬਨ ਦਾ ਮਾਣ ਨ ਕਰੀਐ,
ਬਹੁਤ ਸਿਆਣੀਆਂ ਛਲੀਆਂ।ਰਹਾਉ।

ਜਿਨ੍ਹਾਂ ਨਾਲ ਬਾਲਪਣ ਖੇਡਿਆ,
ਸੇ ਸਈਆਂ ਉੱਠ ਚਲੀਆਂ।1।

ਬਾਬਲ ਅੱਤਣ ਛੱਡ ਛੱਡ ਗਈਆਂ,
ਸਾਹੁਰੜੈ ਘਰ ਚਲੀਆਂ।2।

ਇਹ ਗਲੀਆਂ ਭੀ ਸੁਪਨਾ ਥੀਸਨ,
ਬਾਬਲ ਵਾਲੀਆਂ ਗਲੀਆਂ।3।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਕਰ ਲੈ ਗਾਲੀਂ ਭਲੀਆਂ।4।

79. ਕੁੜੇ ਜਾਂਦੀਏ ਨੀ ਤੇਰਾ ਜੋਬਨ ਕੂੜਾ

ਕੁੜੇ ਜਾਂਦੀਏ ਨੀ ਤੇਰਾ ਜੋਬਨ ਕੂੜਾ,
ਫੇਰ ਨ ਹੋਸੀਆ ਰੰਗਲਾ ਚੂੜਾ।ਰਹਾਉ।

ਵਤਿ ਨ ਹੋਸੀਆ ਅਹਿਲ ਜਵਾਨੀ,
ਹੱਸ ਲੈ ਖੇਡ ਲੈ ਨਾਲ ਦਿਲ ਜਾਨੀ,
ਮੁਹਿ ਤੇ ਪਉਸੀਆ ਖਾਕ ਦਾ ਧੂੜਾ।1।

ਕਹੈ ਹੁਸੈਨ ਫ਼ਕੀਰ ਨਿਮਾਣਾ,
ਜੋ ਥੀਸੀ ਰੱਬ ਡਾਢੇ ਦਾ ਭਾਣਾ,
ਚਲਣਾ ਹੀ ਤਾਂ ਬੰਨ ਲੈ ਮੂੜ੍ਹਾ।2।

80. ਲਟਕਦੀ ਲਟਕਦੀ ਨੀਂ ਮਾਏ

ਲਟਕਦੀ ਲਟਕਦੀ ਨੀਂ ਮਾਏ,
ਹਰਿ ਬੋਲੋ ਰਾਮੁ ਲਟਕਦੀ ਸਾਹੁਰੇ ਚੱਲੀ।

ਸੱਸੁ ਨਿਣਾਣਾਂ ਦੇਵਨਿ ਤਾਅਨੇ,
ਫਿਰਦੀ ਹੈਂ ਘੁੰਘਟ ਖੁੱਲ੍ਹੀ।

ਭੋਲੜੀ ਮਾਇ ਕਸੀਦੜੇ ਪਾਇਆ,
ਮੈਂ ਕੱਢਿ ਨ ਜਾਣਦੀ ਝੱਲੀ।

ਬਾਬਲੁ ਦੇ ਘਰਿ ਕੁਝ ਨ ਵੱਟਿਆ,
ਤੇ ਕੁਝਿ ਨ ਖੱਟਿਆ,
ਮੇਰੇ ਹਥਿ ਨੀਂ ਅਟੇਰਨ ਛੱਲੀ।ਰਹਾਉ।

ਨਾਲ ਜਿਨ੍ਹਾਂ ਦੇ ਅਤਣਿ ਬਹਿੰਦੀ,
ਵੇਖਦੀ ਸੁਣਦੀ ਵਾਰਤਾ ਕਹਿੰਦੀ ,
ਹੁਣਿ ਪਕੜਿ ਤਿਨਾਹਾਂ ਘੱਲੀ।1।

ਡਾਢੇ ਦੇ ਪਿਆਦੜੇ ਨੀਂ ਆਏ,
ਆਨਿ ਕੇ ਹੱਥਿ ਉਨ੍ਹਾਂ ਤਕੜੇ ਨੀਂ ਪਾਏ,
ਮੇਰਾ ਚਾਰਾ ਕੁਝ ਨ ਚੱਲੀ।2।

ਲਟਕਦੀ ਲਟਕਦੀ ਮੈਂ ਸੇਜਿ ਤੇ ਨੀਂ ਆਈ,
ਛੋਡਿ ਚੱਲੇ ਮੈਨੂੰ ਸੱਕੜੇ ਨੀਂ ਭਾਈ,
ਫੁੱਲ ਪਾਨ ਬੀੜਾ ਮੈਨੂੰ ਅਹਲ ਦਿਖਲਾਈ,
ਮੈਂ ਸੇਜ ਇਕੱਲੜੀ ਮੱਲੀ।3।

ਕਹੈ ਹੁਸੈਨ ਫ਼ਕੀਰ ਨਿਮਾਣਾ,
ਜੋ ਥੀਸੀ ਰੱਬੁ ਡਾਢੇ ਦਾ ਭਾਣਾ,
ਮੈਂ ਆਈ ਹਾਂ ਅੱਲ ਵਲੱਲੀ।4।

81. ਲਿਖੀ ਲੌਹ ਕਲਮ ਦੀ ਕਾਦਰ

ਲਿਖੀ ਲੌਹ ਕਲਮ ਦੀ ਕਾਦਰ,
ਨੀਂ ਮਾਏ, ਮੋੜੁ ਜੇ ਸਕਨੀ ਹੇਂ ਮੋੜ।ਰਹਾਉ।

ਡੋਲੀ ਪਾਇ ਲੈ ਚੱਲੇ ਖੇੜੇ,
ਨਾ ਮੈਂ ਥੇ ਉਜਰ ਨਾ ਜ਼ੋਰੁ।
ਰਾਂਝਣ ਸਾਨੂੰ ਕੁੰਡੀਆਂ ਪਾਈਆਂ,
ਦਿਲ ਵਿਚ ਲੱਗੀਆਂ ਜ਼ੋਰੁ।1।

ਮੱਛੀ ਵਾਂਗੂੰ ਪਈ ਤੜਫਾਂ,
ਕਾਦਰ ਦੇ ਹਥਿ ਡੋਰ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਖੇੜਿਆਂ ਦਾ ਕੂੜਾ ਸ਼ੋਰੁ।2।

82. ਮਾਏਂ ਨੀਂ ਮੈਂ ਭਈ ਦਿਵਾਨੀ

ਮਾਏਂ ਨੀਂ ਮੈਂ ਭਈ ਦਿਵਾਨੀ,
ਦੇਖ ਜਗਤ ਮੈ ਸ਼ੋਰੁ।
ਇਕਨਾ ਡੋਲੀ ਇਕਨਾ ਘੋੜੀ,
ਇਕੁ ਸਿਵੇ ਇਕੁ ਗੋਰ।1।ਰਹਾਉ।

ਨੰਗੀਂ ਪੈਰੀਂ ਜਾਂਦੜੇ ਡਿਠੜੇ,
ਜਿਨ ਕੇ ਲਾਖ ਕਰੋੜ।1।

ਇਕੁ ਸ਼ਾਹੁ ਇਕ ਦਾਲਿਦਰੀ,
ਇਕ ਸਾਧੂ ਇਕ ਚੋਰ।2।

ਕਹੈ ਹੁਸੈਨ ਫ਼ਕੀਰ ਨਿਮਾਣਾ,
ਭਲੇ ਅਸਾਥੋਂ ਢੋਰੁ।3।

83. ਮਾਏਂ ਨੀਂ ਮੈਂ ਕੈਨੂੰ ਆਖਾਂ

ਮਾਏਂ ਨੀਂ ਮੈਂ ਕੈਨੂੰ ਆਖਾਂ,
ਦਰਦੁ ਵਿਛੋੜੇ ਦਾ ਹਾਲਿ।1।ਰਹਾਉ।

ਧੂੰਆਂ ਧੁਖੇ ਮੇਰੇ ਮੁਰਸ਼ਦਿ ਵਾਲਾ,
ਜਾਂ ਫੋਲਾਂ ਤਾਂ ਲਾਲ।1।

ਸੂਲਾਂ ਮਾਰ ਦਿਵਾਨੀ ਕੀਤੀ,
ਬਿਰਹੁੰ ਪਇਆ ਸਾਡੇ ਖ਼ਿਆਲ।2।

ਦੁਖਾਂ ਦੀ ਰੋਟੀ ਸੂਲਾਂ ਦਾ ਸਾਲਣੁ,
ਆਹੀਂ ਦਾ ਬਾਲਣੁ ਬਾਲਿ।3।

ਜੰਗਲਿ ਬੇਲੇ ਫਿਰਾਂ ਢੂੰਢੇਂਦੀ,
ਅਜੇ ਨ ਪਾਇਓ ਲਾਲ।4।

ਕਹੈ ਹੁਸੈਨ ਫ਼ਕੀਰ ਨਿਮਾਣਾ,
ਸ਼ਹੁ ਮਿਲੇ ਤਾਂ ਥੀਵਾਂ ਨਿਹਾਲਿ।5।

84. ਮਾਹੀ ਮਾਹੀ ਕੂਕਦੀ

ਮਾਹੀ ਮਾਹੀ ਕੂਕਦੀ,
ਮੈਂ ਆਪੇ ਰਾਂਝਣ ਹੋਈ।1।ਰਹਾਉ।

ਰਾਂਝਣੁ ਰਾਂਝਣੁ ਮੈਨੂੰ ਸਭ ਕੋਈ ਆਖੋ,
ਹੀਰ ਨ ਆਖੋ ਕੋਈ।1।

ਜਿਸੁ ਸ਼ਹੁ ਨੂੰ ਮੈਂ ਢੂੰਢਦੀ ਵੱਤਾਂ,
ਢੂੰਢ ਲਧਾ ਸ਼ਹੁ ਸੋਈ।2।

ਕਹੈ ਹੁਸੈਨ ਸਾਧਾਂ ਦੇ ਮਿਲਿਆ,
ਨਿਕਲ ਭੋਲ ਗਇਓਈ।3।

85. ਮੈਂ ਭੀ ਝੋਕ ਰਾਂਝਣ ਦੀ ਜਾਣਾ

ਮੈਂ ਭੀ ਝੋਕ ਰਾਂਝਣ ਦੀ ਜਾਣਾ,
ਨਾਲਿ ਮੇਰੇ ਕੋਈ ਚੱਲੇ।ਰਹਾਉ।

ਪੈਰੀਆਂ ਪਉਂਦੀ ਮਿਨਤਾਂ ਕਰਦੀ,
ਜਾਣਾ ਤਾਂ ਪਇਆ ਇਕੱਲੇ।1।

ਨੈਂ ਭੀ ਡੂੰਘੀ ਤੁਲ੍ਹਾ ਪੁਰਾਣਾ,
ਸ਼ੀਹਾਂ ਤਾਂ ਪੱਤਣ ਮੱਲੇ।2।

ਜੇ ਕੋਈ ਖ਼ਬਰ ਮਿਤਰਾਂ ਦੀ ਲਿਆਵੇ,
ਮੈਂ ਹਥਿ ਦੇ ਦੇਨੀਆਂ ਛੱਲੇ।3।

ਰਾਤੀਂ ਦਰਦ ਦਿਹੇਂ ਦਰਮਾਂਦੀ,
ਘਾਉ ਮਿਤਰਾਂ ਦੇ ਅੱਲੇ।4।

ਰਾਂਝਾ ਯਾਰ ਤਬੀਬ ਸੁਣੀਂਦਾ,
ਮੈਂ ਤਨ ਦਰਦ ਅਵੱਲੇ।5।

ਕਹੈ ਹੁਸੈਨ ਫ਼ਕੀਰ ਨਿਮਾਣਾ,
ਸਾਈਂ ਸੁਨੇਹੜੇ ਘੱਲੇ।6।

86. ਮੈਂਡੇ ਸਜਣਾ ਵੇ ਮਉਲੇ ਨਾਲ ਬਣੀ

ਮੈਂਡੇ ਸਜਣਾ ਵੇ ਮਉਲੇ ਨਾਲ ਬਣੀ,
ਦੁਨੀਆਂ ਵਾਲੇ ਨੂੰ ਦੁਨੀਆਂ ਦਾ ਮਾਣਾ,
ਨੰਗਾਂ ਨੂੰ ਨੰਗ ਮਣੀ।1।ਰਹਾਉ।

ਨ ਅਸੀਂ ਨੰਗ ਨ ਦੁਨੀਆਂ ਵਾਲੇ,
ਹਸਦੀ ਜਣੀ ਖਣੀ।1।

ਦੁਨੀਆਂ ਛੋਡਿ ਫ਼ਕੀਰ ਥੀਆਸੇ,
ਜਾਗੀ ਪ੍ਰੇਮ ਕਣੀ।2।

ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਜਾਣੈ ਆਪ ਧਣੀ।3।

87. ਮੈਂਡੀ ਦਿਲ ਰਾਂਝਨ ਰਾਵਨ ਮੰਗੇ

ਮੈਂਡੀ ਦਿਲ ਰਾਂਝਨ ਰਾਵਨ ਮੰਗੇ।1।ਰਹਾਉ।

ਜੰਗਲ ਬੇਲੇ ਫਿਰਾਂ ਢੂੰਢੇਂਦੀ,
ਰਾਂਝਣ ਮੇਰੇ ਸੰਗੇ।1।

ਮੇਹੀਂ ਆਈਆਂ,
ਮੇਰਾ ਢੋਲ ਨ ਆਇਆ,
ਹੀਰਾਂ ਕੂਕੇ ਵਿਚ ਝੰਗੇ।2।

ਰਾਤੀਂ ਦਿਹੇਂ ਫਿਰਾਂ ਵਿਚਿ ਝਲ ਦੇ,
ਪੁੜਨਿ ਬੰਬੂਲਾਂ ਦੇ ਕੰਡੇ।3।

ਕਹੈ ਹੁਸੈਨ ਫ਼ਕੀਰ ਨਿਮਾਣਾ,
ਰਾਂਝਣ ਮਿਲੇ ਕਿਤੇ ਢੰਗੇ।4।

88. ਮੈਂਡੀ ਦਿਲ ਤੈਂਡੇ ਨਾਲ ਲੱਗੀ

ਮੈਂਡੀ ਦਿਲ ਤੈਂਡੇ ਨਾਲ ਲੱਗੀ।
ਤੋੜੀ ਨਹੀਂ ਤੁਟਦੀ ਛੋੜੀ ਨਹੀਂ ਛੁਟਦੀ,
ਕਲਮ ਰਬਾਨੀ ਵੱਗੀ।ਰਹਾਉ।

ਸਾਈਂ ਦੇ ਖਜ਼ਾਨੇ ਖੁਲ੍ਹੇ,
ਅਸੀਂ ਭੀ ਝੋਲੜੀ ਅੱਡੀ।1।

ਕਿਚਰ ਕੁ ਬਾਲੀਂ ਮੈਂ ਅਕਲ ਦਾ ਦੀਵਾ,
ਬਿਰਹੁ ਅੰਧੇਰੜੀ ਵੱਗੀ।2।

ਕੋਈ ਮੀਰੀ ਕੋਈ ਦੋਲੀ,
ਸ਼ਾਹ ਹੁਸੈਨ ਫੱਡੀ।3।

89. ਮੈਂਹਡੀ ਜਾਨ ਜੋ ਰੰਗੇ ਸੋ ਰੰਗੇ

ਮੈਂਹਡੀ ਜਾਨ ਜੋ ਰੰਗੇ ਸੋ ਰੰਗੇ।ਰਹਾਉ।

ਮਸਤਕਿ ਜਿਨ੍ਹਾਂ ਦੇ ਪਈ ਫ਼ਕੀਰੀ,
ਭਾਗ ਤਿਨਾਂ ਦੇ ਚੰਗੇ।1।

ਸੁਰਤਿ ਦੀ ਸੂਈ ਪ੍ਰੇਮ ਦੇ ਧਾਗੇ,
ਪੇਂਵਦੁ ਲੱਗੇ ਸੱਤ ਸੰਗੇ।2।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਤਖ਼ਤ ਨ ਮਿਲਦੇ ਮੰਗੇ।3।

90. ਮੈਨੂੰ ਅੰਬੜਿ ਜੋ ਆਖਦੀ ਕਤਿ ਨੀ

ਮੈਨੂੰ ਅੰਬੜਿ ਜੋ ਆਖਦੀ ਕਤਿ ਨੀ,
ਮੈਨੂੰ ਭੋਲੀ ਜੋ ਆਖਦੀ ਕਤਿ ਨੀ।ਰਹਾਉ।

ਮੈਂ ਨਿਜਿ ਕਤਣਿ ਨੂੰ ਸਿਖੀਆਂ,
ਮੈਨੂੰ ਲੱਗੀਆਂ ਸਾਂਗਾਂ ਤਿੱਖੀਆਂ,
ਮੈਂ ਪੱਛੀ ਨੂੰ ਮਾਰਾਂ ਲਤਿ ਨੀ।1।

ਹੰਝੂ ਰੋਂਦਾ ਸਭ ਕੋਈ,
ਆਸ਼ਕ ਰੋਂਦੇ ਰਤਿ ਨੀ।2।

ਕਹੈ ਸ਼ਾਹ ਹੁਸੈਨ ਸੁਣਾਇ ਕੈ,
ਇਥੇ ਫੇਰਿ ਨ ਆਵਣਾ ਵਤਿ ਨੀ।3।

91. ਮਨ ਅਟਕਿਆ ਬੇ-ਪਰਵਾਹਿ ਨਾਲਿ

ਮਨ ਅਟਕਿਆ ਬੇ-ਪਰਵਾਹਿ ਨਾਲਿ।
ਉਸ ਦੀਨ ਦੁਨੀ ਦੇ ਸ਼ਾਹਿ ਨਾਲਿ।1।ਰਹਾਉ।

ਕਾਜ਼ੀ ਮੁੱਲਾਂ ਮੱਤੀ ਦੇਂਦੇ,
ਖਰੇ ਸਿਆਣੇ ਰਾਹਿ ਦਸੇਂਦੇ,
ਇਸ਼ਕ ਕੀ ਲੱਗੇ ਰਾਹਿ ਨਾਲ।1।

ਨਦੀਓਂ ਪਾਰ ਰਾਂਝਣ ਦਾ ਠਾਣਾ,
ਕੀਤਾ ਕਉਲ ਜ਼ਰੂਰੀ ਜਾਣਾ,
ਮਿੰਨਤਾਂ ਕਰਾਂ ਮਲਾਹਿ ਨਾਲ।2।

ਕਹੈ ਹੁਸੈਨ ਫ਼ਕੀਰ ਨਿਮਾਣਾ,
ਦੁਨੀਆਂ ਛੋਡਿ ਆਖ਼ਰ ਮਰ ਜਾਣਾ,
ਓੜਕਿ ਕੰਮ ਅਲਾਹਿ ਨਾਲ।3।

92. ਮੰਦੀ ਹਾਂ ਕਿ ਚੰਗੀ ਹਾਂ

ਮੰਦੀ ਹਾਂ ਕਿ ਚੰਗੀ ਹਾਂ,
ਭੀ ਸਾਹਿਬ ਤੇਰੀ ਬੰਦੀ ਹਾਂ।ਰਹਾਉ।

ਗਹਿਲਾ ਲੋਕੁ ਜਾਣੈ ਦੇਵਾਨੀ,
ਮੈਂ ਰੰਗ ਸਾਹਿਬ ਦੇ ਰੰਗੀ ਹਾਂ।1।

ਸਾਜਨੁ ਮੇਰਾ ਅਖੀਂ ਵਿਚਿ ਵਸਦਾ,
ਮੈਂ ਗਲੀਏਂ ਫਿਰਾਂ ਨਿਸ਼ੰਗੀ ਹਾਂ।2।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਮੈਂ ਵਰ ਚੰਗੇ ਨਾਲ ਮੰਗੀ ਹਾਂ।3।

93. ਮਨ ਵਾਰਨੇ ਤਉ ਪਰ ਜਾਂਵਦਾ

ਮਨ ਵਾਰਨੇ ਤਉ ਪਰ ਜਾਂਵਦਾ।ਰਹਾਉ।

ਘੋਲ ਘੁਮਾਈ ਸਦਕੇ ਕੀਤੀ,
ਸਾਨੂੰ ਜੇ ਕੋਈ ਮਿਲੇ ਵੋ ਗਰਾਂਵ ਦਾ।1।

ਜੈ ਘਰਿ ਆਇ ਵਸਿਆ ਮੇਰਾ ਪਿਆਰਾ,
ਓਥੈ ਦੂਜਾ ਨਹੀਂ ਸਮਾਂਵਦਾ।2।

ਸਭ ਜਗ ਢੂੰਢਿ ਬਹੁਤੇਰਾ ਮੈਨੂੰ,
ਤੁਧ ਬਿਨੁ ਹੋਰ ਨ ਭਾਂਵਦਾ।3।

ਕਹੈ ਹੁਸੈਨ ਪਇਆ ਦਰਿ ਤੇਰੇ,
ਸਾਈਂ ਤਾਲਬ ਤੇਰੜੇ ਨਾਂਵ ਦਾ।4।

94. ਮਤੀਂ ਦੇਨੀ ਹਾਂ ਬਾਲਿ ਇਆਣੇ ਨੂੰ

ਮਤੀਂ ਦੇਨੀ ਹਾਂ ਬਾਲਿ ਇਆਣੇ ਨੂੰ।ਰਹਾਉ।

ਪੰਜਾਂ ਨਦੀਆਂ ਦੇ ਮੁੰਹੁ ਆਇਓ,
ਕੇਹਾ ਦੋਸੁ ਮੁਹਾਣੇ ਨੂੰ।1।

ਦਾਰੂ ਲਾਇਆ ਲਗਦਾ ਨਾਹੀਂ,
ਪੁਛਨੀ ਹਾਂ ਵੈਦ ਸਿਆਣੇ ਨੂੰ।2।

ਸਿਆਹੀ ਗਈ ਸਫ਼ੈਦੀ ਆਈਆ,
ਕੀ ਰੋਂਦਾ ਵਖਤਿ ਵਿਹਾਣੇ ਨੂੰ।3।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਕੀ ਝੁਰਨਾਂ ਹੈਂ ਰੱਬ ਦੇ ਭਾਣੇ ਨੂੰ।4।

95. ਮਹਿਬੂਬਾਂ ਫ਼ਕੀਰਾਂ ਦਾ

ਮਹਿਬੂਬਾਂ ਫ਼ਕੀਰਾਂ ਦਾ
ਸਾਂਈਂ ਨਿਗਹਵਾਨ,
ਜਾਹਰ ਬਾਤਨ ਇਕ ਕਰਿ ਜਾਣਨਿ,
ਸਭ ਮੁਸ਼ਕਲ ਥੀਆ ਅਸਾਨ।1।ਰਹਾਉ।

ਸ਼ਾਦੀ ਗ਼ਮੀ ਨ ਦਿਲ ਤੇ ਆਨਣਿ,
ਸਦਾ ਰਹਿਣ ਮਸਤਾਨ।1।

ਕਹੈ ਹੁਸੈਨ ਥਿਰ ਸਚੇ ਸੇਈ,
ਹੋਰ ਫ਼ਾਨੀ ਕੁਲ ਜਹਾਨ।2।

96. ਮੇਰੇ ਸਾਹਿਬਾ ਮੈਂ ਤੇਰੀ ਹੋ ਮੁਕੀ ਆਂ

ਮੇਰੇ ਸਾਹਿਬਾ ਮੈਂ ਤੇਰੀ ਹੋ ਮੁਕੀ ਆਂ।ਰਹਾਉ।

ਮਨਹੁ ਨਾ ਵਿਸਾਰੀਂ ਤੂੰ ਮੈਨੂੰ ਮੇਰੇ ਸਾਹਿਬਾ,
ਹਰਿ ਗਲੋਂ ਮੈਂ ਚੁਕੀ ਆਂ।1।

ਅਉਗੁਣਿਆਰੀ ਨੂੰ ਕੋ ਗੁਣੁ ਨਾਹੀਂ,
ਬਖਸਿ ਕਰੇਂ ਤਾਂ ਮੈਂ ਛੁਟੀ ਆਂ।2।

ਜਿਉਂ ਭਾਵੇ ਤਿਉਂ ਰਾਖ ਪਿਆਰਿਆ,
ਦਾਵਣ ਤੇਰੇ ਮੈਂ ਲੁਕੀ ਆਂ।3।

ਜੇ ਤੂੰ ਨਜ਼ਰ ਮਿਹਰ ਦੀ ਪਾਵੇਂ,
ਚੜ੍ਹਿ ਚਉਬਾਰੇ ਮੈਂ ਸੁੱਤੀ ਆਂ।4।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਦਰ ਤੇਰੇ ਦੀ ਮੈਂ ਕੁੱਤੀ ਆਂ।5।

97. ਮੀਆਂ ਗਲ ਸੁਣੀ ਨਾ ਜਾਂਦੀ ਸੱਚੀ

ਮੀਆਂ ਗਲ ਸੁਣੀ ਨਾ ਜਾਂਦੀ ਸੱਚੀ।
ਸੱਚੀ ਗਲਿ ਸੁਣੀਵੇ ਕਿਉਂਕਰਿ
ਕੱਚੀ ਹੱਡਾਂ ਵਿਚਿ ਰੱਚੀ।1।ਰਹਾਉ।

ਸੱਚੀ ਗਲਿ ਸੁਣੀ ਤਿਨਾਹਾਂ,
ਚਿਣਗ ਜਿਨ੍ਹਾਂ ਤਨਿ ਮੱਚੀ।
ਪੜਦਾ ਪਾੜ ਡਿਠੋਨੇ ਪ੍ਰੀਤਮੁ,
ਦੂਤ ਮੁਏ ਸਭੁ ਪੱਚੀ।1।

ਜ਼ਹਰੀ ਨਾਗ ਫਿਰਨਿ ਵਿਚ ਗਲੀਏਂ,
ਜੇਹੜੀ ਸਹੁ ਲੜਿ ਲੱਗੀ ਸੋ ਬੱਚੀ।
ਕਹੈ ਹੁਸੈਨ ਸੁਹਾਗਨਿ ਸਾਈ,
ਜੋ ਗਲ ਥੀਂ ਵਾਂਦੀ ਨੱਚੀ।2।

98. ਮਿਤਰਾਂ ਦੀ ਮਿਜਮਾਨੀ ਕਾਰਨ

ਮਿਤਰਾਂ ਦੀ ਮਿਜਮਾਨੀ ਕਾਰਨ,
ਦਿਲ ਦਾ ਲੋਹੂ ਛਾਣੀਦਾ।ਰਹਾਉ।

ਕਾਢ ਕਲੇਜਾ ਕੀਤਾ ਬੇਰੇ,
ਸੋ ਭੀ ਨਾਹੀਂ ਲਾਇਕ ਤੇਰੇ,
ਹੋਰ ਤੁਫ਼ੀਕ ਨਹੀਂ ਕੁਛ ਮੇਰੇ,
ਇਕ ਕਟੋਰਾ ਪਾਣੀ ਦਾ।1।

ਸੇਜ ਸੁਤੀ ਨੈਣੀਂ ਨੀਂਦ ਨ ਆਵੈ,
ਜ਼ਾਲਮ ਬਿਰਹੋਂ ਆਣ ਸਤਾਵੈ,
ਲਿਖਾਂ ਕਿਤਾਬ ਭੇਜਾਂ ਦਰ ਤੇਰੈ,
ਦਿਲ ਦਾ ਹਰਫ ਪਛਾਣੀਦਾ।2।

ਰਾਤੀਂ ਦਰਦ ਦਿਹੈਂ ਦਰਮਾਤੀ,
ਹੁਣ ਨੈਣਾਂ ਦੀ ਲਾਈਆ ਕਾਤੀ,
ਕਦੀਂ ਤੇ ਮੁੜ ਕੇ ਪਾਵਹੁ ਝਾਤੀ,
ਦੇਖੋ ਹਾਲ ਨਿਮਾਣੀ ਦਾ।3।

ਜਿਉਂ ਭਾਵੈ ਤਿਉਂ ਕਰੈ ਪਿਆਰਾ,
ਇਨ੍ਹਾਂ ਲਗਆਂ ਦਾ ਪੰਥ ਨਿਆਰਾ,
ਰਾਤੀਂ ਦਿਹੈ ਧਿਆਨ ਤੁਹਾਰਾ,
ਜਿਉਂ ਭਾਵੈ ਤਿਉਂ ਤਾਰੀਦਾ।4।

ਤੇਰੇ ਕਾਰਣ ਮੈਂ ਫਿਰਾਂ ਅਜ਼ਾਦੀ,
ਜੰਗਲ ਢੂੰਡਿਆ ਮੈਂ ਪੈਰ ਪਿਆਦੀ,
ਰੋ ਰੋ ਨੈਣ ਕਰਨ ਫਰਯਾਦੀ,
ਕੇਹਾ ਦੋਸ਼ ਨਿਮਾਣੀ ਦਾ।5।

ਦੁਖਾਂ ਸੂਲਾਂ ਰਲ ਕੀਤਾ ਏਕਾ,
ਨ ਕੋਈ ਸਹੁਰਾ ਨ ਕੋਈ ਪੇਕਾ,
ਆਸ ਰਹੀ ਹੁਣ ਤੇਰੀ ਏਕਾ,
ਪੱਲਾ ਪਕੜ ਇਆਣੀ ਦਾ।6।

ਕਹੈ ਹੁਸੈਨ ਫ਼ਕੀਰ ਕਰਾਰੀ,
ਦਰਦਵੰਦਾਂ ਦੀ ਰੀਤ ਨਿਆਰੀ,
ਏਹਾ ਵੇਦਨ ਮੈਂ ਤਨ ਭਾਰੀ,
ਅੱਗੈ ਸੱਚ ਪਛਾਣੀਦਾ।7।

99. ਮਿੱਤਰਾਂ ਦੀ ਮਿਜਮਾਨੀਂ ਖ਼ਾਤਰ

ਮਿੱਤਰਾਂ ਦੀ ਮਿਜਮਾਨੀਂ ਖ਼ਾਤਰ,
ਦਿਲ ਦਾ ਲਹੂ ਛਾਣੀਦਾ।1।ਰਹਾਉ।

ਕੱਢਿ ਕਲੇਜਾ ਕੀਤਮ ਬੇਰੇ,
ਸੋ ਭੀ ਲਾਇਕ ਨਾਹੀਂ ਤੇਰੇ,
ਹੋਰ ਤਉਫ਼ੀਕੁ ਨਹੀਂ ਕਿਛੁ ਮੇਰੇ,
ਪੀਉ ਕਟੋਰਾ ਪਾਣੀ ਦਾ।1।

ਮਿੱਤਰਾਂ ਲਿਖ ਕਿਤਾਬਤ ਭੇਜੀ,
ਲੱਗਾ ਬਾਣ ਫਿਰਾਂ ਤੜਫੇਂਦੀ,
ਤਨ ਵਿਚਿ ਤਾਕਤ ਰਹੀ ਨ ਮੂਲੇ,
ਰੋ ਰੋ ਹਰਫ਼ ਪਛਾਣੀਦਾ।2।

ਤਨ ਮਨ ਅਪੁਣਾ ਪੁਰਜ਼ੇ ਕੀਤਾ,
ਤੈਨੂੰ ਮਿਹਰ ਨ ਆਈਆ ਮੀਤਾ,
ਅਸਾਨੂੰ ਹੋਰ ਉਜ਼ਰ ਨ ਕੋਈ,
ਚਾਰਾ ਕਿਆ ਨਿਮਾਣੀ ਦਾ।3।

ਕਹੈ ਹੁਸੈਨ ਫ਼ਕੀਰ ਨਿਮਾਣਾ,
ਤੈ ਬਾਝਹੁ ਕੋਈ ਹੋਰ ਨ ਜਾਣਾ,
ਤੂੰ ਹੀ ਦਾਨਾ ਤੂੰ ਹੀ ਬੀਨਾ,
ਤੂੰਹੇਂ ਤਾਣਿ ਨਿਤਾਣੀ ਦਾ।4।

100. ਮੁਸ਼ਕਲ ਘਾਟ ਫ਼ਕੀਰੀ ਦਾ ਵੋ

ਮੁਸ਼ਕਲ ਘਾਟ ਫ਼ਕੀਰੀ ਦਾ ਵੋ,
ਪਾਇ ਕੁਠਾਲੀ ਦੁਰਮਤਿ ਗਾਲੀ,
ਕਰਮ ਜਗਾਇ ਸ਼ਰੀਰੀ ਦਾ ਵੋ।ਰਹਾਉ।

ਛੋਡਿ ਤਕੱਬਰੀ ਪਕੜਿ ਹਲੀਮੀ,
ਰਾਹਿ ਪਕੜੋ ਸ਼ੀਰੀਂ ਦਾ ਵੋ।1।

ਕਹੈ ਹੁਸੈਨ ਫ਼ਕੀਰ ਨਿਮਾਣਾ,
ਦਫ਼ਤਰ ਪਾੜੋ ਮੀਰੀ ਦਾ ਵੋ।2।
  
101. ਨਾਲ ਸਜਣ ਦੇ ਰਹੀਏ

ਨਾਲ ਸਜਣ ਦੇ ਰਹੀਏ।

ਝਿੜਕਾਂ ਝੰਬਾਂ ਤੇ ਤਕਸੀਰਾਂ,
ਸੋ ਭੀ ਸਿਰ ਤੇ ਸਹੀਏ।

ਜੇ ਸਿਰ ਕੱਟ ਲੈਣ ਧੜ ਨਾਲੋਂ,
ਤਾਂ ਭੀ ਆਹ ਨ ਕਹੀਏ।

ਚੰਦਨ ਰੁੱਖ ਲਗਾ ਵਿਚ ਵੇਹੜੇ,
ਜ਼ੋਰ ਧਿਙਾਣੇ ਖਹੀਏ।

ਮਰਣ ਮੂਲ ਤੇ ਜੀਵਣ ਲਾਹਾ,
ਦਿਲਗੀਰੀ ਕਿਉਂ ਰਹੀਏ।

ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਰੱਬ ਦਾ ਦਿੱਤਾ ਸਹੀਏ।

102. ਨੀ ਅਸੀਂ ਆਉ ਖਿਡਾਹਾਂ ਲੁੱਡੀ

ਨੀ ਅਸੀਂ ਆਉ ਖਿਡਾਹਾਂ ਲੁੱਡੀ।ਰਹਾਉ।

ਨਉ ਤਾਰੁ ਡੋਰੁ ਗੁੱਡੀ ਦੀ,
ਅਸੀਂ ਲੈ ਕਰ ਹਾਂ ਉੱਡੀ।1।

ਸਾਜਨ ਦੇ ਹੱਥ ਡੋਰ ਅਸਾਡੀ,
ਮੈਂ ਸਾਜਨ ਦੀ ਗੁੱਡੀ।2।

ਇਸੁ ਵੇਲੇ ਨੂੰ ਪਛੋਤਾਸੇਂ,
ਜਾਇ ਪਉਸੇਂ ਵਿਚ ਖੁੱਡੀ।3।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਸਭੁ ਦੁਨੀਆਂ ਜਾਂਦੀ ਬੁੱਡੀ।4।

103. ਨੀਂ ਗੇੜਿ ਗਿੜੰਦੀਏ

ਨੀਂ ਗੇੜਿ ਗਿੜੰਦੀਏ,
ਗੜੀਦਾ ਗਿੜਦਾ ਗੁੰਮਾ।ਰਹਾਉ।

ਪੰਜਾਂ ਨੂੰ ਕਿਉਂ ਝੁਰਦਾ ਭੰਉਦੂ,
ਇਕਸੇ ਪਾਈਆਂ ਧੁੰਮਾ।
ਜੋ ਫ਼ਲ ਮੀਠੇ ਚਿਣ ਚੁਣਿ ਖਾਧਿਓ,
ਆਹਿਓ ਕਉੜਾ ਤੁੰਮਾ।1।

ਅਉਖੀ ਘਾਟੀ ਬਿਖੜਾ ਪੈਂਡਾ,
ਰਾਹਿ ਫ਼ਕੀਰਾਂ ਦਾ ਲੰਮਾ।
ਸਾਰੀ ਉਮਰਿ ਵੰਞਾਈਆ ਈਂਵੈ,
ਕਰਿ ਕਰਿ ਕੂੜੇ ਕੰਮਾਂ।2।

ਜਿਸੁ ਧਨੁ ਤੂੰ ਗਰਬ ਕਰੇਨੈਂ,
ਸੋ ਨਾਲਿ ਨ ਚਲਸਨ ਦੰਮਾਂ।
ਲੱਖ਼ਾਂ ਤੇ ਕਰੋੜਾਂ ਵਾਲੇ,
ਸੇ ਪਉਸਣ ਵਸਿ ਜੰਮਾਂ 3।

ਆਉਂਦਿਆਂ ਥੋਂ ਸਦਿ ਬਲਿਹਾਰੀ,
ਜਾਉਂਦਿਆਂ ਥੋਂ ਘੁੰਮਾਂ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਪੈਰ ਸਾਹਾਂ ਦੇ ਚੁੰਮਾਂ।4।

104. ਨੀ ਮਾਏ ਸਾਨੂੰ ਖੇਡਣੁ ਦੇਇ

ਨੀ ਮਾਏ ਸਾਨੂੰ ਖੇਡਣੁ ਦੇਇ,
ਮੇਰਾ ਵਤਿ ਖੇਡਣਿ ਕਉਣ ਆਸੀ।ਰਹਾਉ।

ਇਕੁ ਕੀੜੀ ਬਿਆ ਦਰਸ ਭਲੇਰਾ,
ਥਰ ਹਰਿ ਕੰਪੇ ਕੋਈ ਇਹ ਜੀਆ ਮੇਰਾ,
ਸਹੁ ਗੁਣਵੰਤਾ ਬਿਆ ਰੂਪ ਚੰਗੇਰਾ,
ਅੰਗਿ ਲਾਵੈ ਕਿ ਮੂਲ ਨ ਲਾਸੀ।1।

ਇਹ ਜਗ ਝੂਠਾ ਦੁਨੀਆਂ ਫ਼ਾਨੀ,
ਈਵੈਂ ਗਈ ਮੇਰੀ ਅਹਿਲ ਜੁਆਨੀ,
ਗਫ਼ਲਤਿ ਨਾਲਿ ਮੇਰੀ ਉਮਰ ਵਿਹਾਨੀ,
ਜੋ ਲਿਖਿਆ ਸੋਈ ਹੋਸੀ।2।

ਸ਼ਾਹ ਹੁਸੈਨ ਫ਼ਕੀਰ ਰੱਬਾਣਾ,
ਸੋ ਹੋਸੀ ਜੋ ਰੱਬ ਦਾ ਭਾਣਾ,
ਓੜਕ ਇਥੋਂ ਉਥੇ ਜਾਣਾ,
ਇਸ ਵੇਲੇ ਨੂੰ ਪਛੋਤਾਸੀ।3।

105. ਨੀਂ ਮਾਏ, ਮੈਨੂੰ ਖੇੜਿਆਂ ਦੀ ਗੱਲਿ ਨ ਆਖਿ

ਨੀਂ ਮਾਏ, ਮੈਨੂੰ ਖੇੜਿਆਂ ਦੀ
ਗੱਲਿ ਨ ਆਖਿ।ਰਹਾਉ।

ਰਾਂਝਣ ਮੈਂਹਡਾ ਮੈਂ ਰਾਂਝਣ ਦੀ,
ਖੇੜਿਆਂ ਨੂੰ ਕੂੜੀ ਝਾਕੁ।1।

ਲੋਕੁ ਜਾਣੈ ਹੀਰ ਕਮਲੀ ਹੋਈ,
ਹੀਰੇ ਦਾ ਵਰ ਚਾਕੁ।2।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਜਾਣਦਾ ਮਉਲਾ ਆਪੁ।3।

106. ਨਿਮਾਣਿਆਂ ਦੀ ਰੱਬਾ ਰੱਬਾ ਹੋਈ

ਨਿਮਾਣਿਆਂ ਦੀ ਰੱਬਾ ਰੱਬਾ ਹੋਈ।1।ਰਹਾਉ।

ਭਠਿ ਪਈ ਤੇਰੀ ਚਿੱਟੀ ਚਾਦਰ,
ਚੰਗੀ ਫ਼ਕੀਰਾਂ ਦੀ ਲੋਈ।1।

ਦਰਗਾਹਿ ਵਿਚ ਸੁਹਾਗਣ ਸੋਈ,
ਜੋ ਜੋ ਖੁਲਿ ਖੁਲਿ ਨੱਚ ਖਲੋਈ।2।

ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਤਾਂ ਦਰਿ ਲਹਸੇਂ ਢੋਈ।3।

107. ਨੀ ਸਈਓ ਅਸੀਂ ਨੈਣਾਂ ਦੇ ਆਖੇ ਲੱਗੇ

ਨੀ ਸਈਓ ਅਸੀਂ ਨੈਣਾਂ ਦੇ ਆਖੇ ਲੱਗੇ।
ਜਿਨ੍ਹਾਂ ਪਾਕ ਨਿਗਾਹਾਂ ਹੋਈਆਂ,
ਸੇ ਕਹੀਂ ਨ ਜਾਂਦੇ ਠੱਗੇ।ਰਹਾਉ।

ਕਾਲੇ ਪਟ ਨ ਚੜ੍ਹੈ ਸਫੈਦੀ,
ਕਾਗੁ ਨ ਥੀਂਦੇ ਬੱਗੇ।1।

ਸ਼ਾਹ ਹੁਸੈਨ ਸ਼ਹਾਦਤ ਪਾਇਨ,
ਜੋ ਮਰਨ ਮਿੱਤਰਾਂ ਦੇ ਅੱਗੇ।2।

108. ਨੀ ਸਈਓ ਮੈਨੂੰ ਢੋਲ ਮਿਲੇ ਤਾਂ ਜਾਪੈ

ਨੀ ਸਈਓ ਮੈਨੂੰ ਢੋਲ ਮਿਲੇ ਤਾਂ ਜਾਪੈ।
ਬਿਰਹੁ ਬਲਾਇ ਘੱਤੀ ਤਨ ਅੰਦਰ,
ਮੈਂ ਆਪੇ ਹੋਈ ਆਪੈ।ਰਹਾਉ।

ਬਾਲਪਣਾ ਮੈਂ ਖੇਲ ਗਵਾਇਆ,
ਜੋਬਨ ਮਾਣ ਬਿਆਪੈ।
ਸਹੁ ਰਾਵਣ ਦੀ ਰੀਤ ਨ ਜਾਣੀ,
ਇਸ ਸੁੰਞੇ ਤਰਨਾਪੈ।1।

ਇਸ਼ਕ ਵਿਛੋੜੇ ਦੀ ਬਾਲੀ ਢਾਢੀ,
ਹਰ ਦਮ ਮੈਨੂੰ ਤਾਪੈ।
ਹਿਕਸ ਕਹੀਂ ਨਾਲ ਦਾਦ ਨ ਦਿੱਤੀ,
ਇਕ ਸੁੰਞੇ ਤਰਨਾਪੈ।2।

ਸਿਕਣ ਦੂਰ ਨ ਥੀਵੇ ਦਿਲ ਤੋਂ,
ਵੇਖਣ ਨੂੰ ਮਨ ਤਾਪੈ।
ਕਹੈ ਹੁਸੈਨ ਸੁਹਾਗਣਿ ਸਾਈ,
ਜਾਂ ਸਹੁ ਆਪ ਸਿੰਞਾਪੈ।3।

109. ਨੀ ਤੈਨੂੰ ਰੱਬ ਨ ਭੁੱਲੀ

ਨੀ ਤੈਨੂੰ ਰੱਬ ਨ ਭੁੱਲੀ,
ਦੁਆਇ ਫ਼ਕੀਰਾਂ ਦੀ ਏਹਾ।

ਰੱਬ ਨ ਭੁੱਲੀ ਹੋਰ ਸਭ ਭੁੱਲੀ,
ਰੱਬ ਨ ਭੁੱਲਨਿ ਜੇਹਾ।ਰਹਾਉ।

ਆਇਆਂ ਕੁੜਮਾਂ ਨੂੰ ਕੁੱਟੇਂ ਮਲੀਦਾ,
ਫ਼ਕਰਾਂ ਨੂੰ ਟੁੱਕਰ ਬੇਹਾ।1।

ਸੁਇਨਾ ਰੁਪਾ ਸਭੁ ਛਲ ਵੈਸੀ,
ਇਸ਼ਕ ਨ ਲਗਦਾ ਲੇਹਾ।2।

ਹੋਰਨਾਂ ਨਾਲ ਹਸੰਦੀ ਖਿਡੰਦੀ,
ਤੈਨੂੰ ਸਹੁ ਨਾਲ ਘੁੰਘਟਿ ਕੇਹਾ।3।

ਚਾਰੇ ਨੈਣ ਗਡਾ ਵਡ ਹੋਇ,
ਵਿਚ ਵਚੋਲਾ ਕੇਹਾ।4।

ਇਸ਼ਕ ਚਉਬਾਰੇ ਪਾਈਓ ਝਾਤੀ,
ਹੁਣ ਤੈਨੂੰ ਗ਼ਮ ਕੇਹਾ।5।

ਆਈਏ ਦੀ ਸਹੁੰ ਬਾਬਲੇ ਦੀ ਸਹੁੰ,
ਗਲ ਚੰਗੇਰੜੀ ਏਹਾ।6।

ਜਿਸ ਜੋਬਨ ਦਾ ਤੂੰ ਮਾਣ ਕਰੇਂਦੀ,
ਸੋ ਜਲਿ ਬਲਿ ਥੀਸੀ ਖੇਹਾ।7।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਮਰਣਾ ਤਾਂ ਮਾਣਾ ਕੇਹਾ।8।

110. ਓਥੇ ਹੋਰ ਨ ਕਾਇ ਕਬੂਲ ਮੀਆਂ

ਓਥੇ ਹੋਰ ਨ ਕਾਇ ਕਬੂਲ ਮੀਆਂ,
ਗਲਿ ਨੇਂਹੁ ਦੀ।1।ਰਹਾਉ।

ਇਕ ਲਾਇ ਬਿਭੂਤ ਬਹਿਨ ਲਾਇ ਤਾੜੀ,
ਇਕ ਨੰਗੇ ਫਿਰਦੇ ਵਿਚ ਉਜਾੜੀਂ,
ਕੋਈ ਦਰਦ ਨ ਛਾਤੀ ਤੇਂਹ ਦੀ।1।

ਇਕ ਰਾਤੀਂ ਜਾਗਿਨ ਜ਼ਿਕਰ ਕਰੇਂਦੇ,
ਇਕ ਸਰਦੇ ਫ਼ਿਰਦੇ ਭੁਖ ਮਰੇਂਦੇ,
ਜਾਇ ਨਹੀਂ ਉਥੇ ਕੇਂਹ ਦੀ।2।

ਇਕ ਪੜ੍ਹਦੇ ਨੀ ਹਰਫ਼ ਕੁਰਾਨਾਂ,
ਇਕ ਮਸਲੇ ਕਰਦੇ ਨਾਲ ਜ਼ਬਾਨਾਂ,
ਇਹ ਗਲਿ ਨ ਹਾਸੀ ਹੇਂਹ ਦੀ।3।

ਕਾਮਲ ਦੇ ਦਰਵਾਜ਼ੇ ਜਾਵੈਂ,
ਖ਼ੈਰੁ ਨੇਹੁੰ ਦਾ ਮੰਗਿ ਲਿਆਵੈਂ,
ਤਾਂ ਖ਼ਬਰ ਪਵੀ ਤਿਸ ਥੇਂਹ ਦੀ।4।

ਕਹੈ ਹੁਸੈਨ ਫ਼ਕੀਰ ਗਦਾਈ,
ਲੱਖਾਂ ਦੀ ਗਲਿ ਏਹਾ ਆਹੀ,
ਤਲਬੁ ਨੇਹੀਂ ਨੂੰ ਨੇਂਹ ਦੀ।5।

111. ਪਾਂਧੀਆ ਵੋ ਗੰਢ ਸੁੰਞੜੀ

ਪਾਂਧੀਆ ਵੋ ਗੰਢ ਸੁੰਞੜੀ,
ਛਡਿ ਕੇ ਨ ਸਉਂ।1।ਰਹਾਉ।

ਪਿੰਡ ਸਭੋਈ ਚੋਰੀਂ ਭਰਿਆ,
ਛੁਟੇ ਚੀਰ ਨ ਚੁੰਨੜੀ।1।

ਧੁਰ ਝਗੜੇਂਦਿਆਂ ਲਾਜ਼ਮ ਥੀਸੇਂ,
ਫਿਰ ਕਰਿ ਸਮਝ ਇਥੁੰਨੜੀ।2।

ਸਭਨੀਂ ਛੇਰੀਂ ਪਾਣੀ ਵਹਿੰਦਾ,
ਅਜ ਕਲ ਭਜੇ ਤੇਰੀ ਕੁੰਨੜੀ।3।

ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਤੇਰੀ ਵਹਿੰਦੀ ਉਮਰ ਵਿਹੂੰਨੜੀ।4।

112. ਪਾਵੇਂਗਾ ਦੀਦਾਰੁ ਸਾਹਬੁ ਦਾ

ਪਾਵੇਂਗਾ ਦੀਦਾਰੁ ਸਾਹਬੁ ਦਾ,
ਫ਼ਕੀਰਾ ਹੋਰ ਭੀ ਨੀਵਾਂ ਹੋਇ।1।ਰਹਾਉ।

ਟੋਪੀ ਮੈਲੀ ਸਾਬਣੁ ਥੋੜਾ,
ਬਹਿ ਕਿਨਾਰੇ ਧੋਇ।1।

ਮੀਣੀ ਢੱਗੀ ਨਾਮ ਸਾਂਈਂ ਦਾ,
ਅੰਦਰਿ ਬਹਿ ਕਰਿ ਚੋਇ।2।

ਉਛਲ ਨਦੀਆਂ ਤਾਰੂ ਹੋਈਆਂ,
ਮੈਂ ਕੰਢੇ ਰਹੀ ਖਲੋਇ।4।

ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਹੋਣੀ ਹੋਇ ਸੋ ਹੋਇ।5।

113. ਪਿਆਰੇ ਬਿਨ ਰਾਤੀਂ ਹੋਈਆਂ ਵੱਡੀਆਂ

ਪਿਆਰੇ ਬਿਨ ਰਾਤੀਂ ਹੋਈਆਂ ਵੱਡੀਆਂ।
ਰਾਂਝਾ ਜੋਗ਼ੀ ਮੈਂ ਜੁਗਿਆਣੀ,
ਕਮਲੀ ਕਰਿ ਕਰਿ ਸੱਡੀਆਂ।ਰਹਾਉ।

ਮਾਸ ਝਰੇ ਝਰਿ ਪਿੰਜਰੁ ਹੋਇਆ,
ਕਰਕਨ ਲਗੀਆਂ ਹੱਡੀਆਂ।1।

ਮੈਂ ਇਆਣੀ ਨੇਹੁੰ ਕੀ ਜਾਣਾ,
ਬਿਰਹੁ ਤਨਾਵਾਂ ਗੱਡੀਆਂ।2।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਦਾਵਣੁ ਤੇਰੇ ਮੈਂ ਲੱਗੀਆਂ।3।

114. ਪਿਆਰੇ ਲਾਲ ਕਿਆ ਭਰਵਾਸਾ ਦਮ ਦਾ

ਪਿਆਰੇ ਲਾਲ ਕਿਆ ਭਰਵਾਸਾ ਦਮ ਦਾ।ਰਹਾਉ।

ਉਡਿਆ ਭੌਰ ਥੀਆ ਪਰਦੇਸੀ
ਅੱਗੇ ਰਾਹ ਅਗੰਮ ਦਾ।
ਕੂੜੀ ਦੁਨੀਆਂ ਕੂੜ ਪਸਾਰਾ
ਜਿਉਂ ਮੋਤੀ ਸ਼ਬਨਮ ਦਾ।1।

ਜਿਨ੍ਹਾਂ ਮੇਰਾ ਸਹੁ ਰੀਝਾਇਆ
ਤਿਨ੍ਹਾਂ ਨਹੀਂ ਭਉ ਜੰਮ ਦਾ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਛੱਡ ਸਰੀਰ ਭਸਮ ਦਾ।2।

115. ਪੋਥੀ ਖੋਲ੍ਹਿ ਦਿਖਾ ਭਾਈ ਬਾਮਣਾ

ਪੋਥੀ ਖੋਲ੍ਹਿ ਦਿਖਾ ਭਾਈ ਬਾਮਣਾ,
ਪਿਆਰਾ ਕਦ ਵੋ ਮਿਲਸੀ ਸਾਮਣਾ।1।ਰਹਾਉ।

ਬਣ ਕਾਹੇ ਬੇਲਾ ਸਭ ਫੁਲਿਆ,
ਦਰਦ ਮਾਹੀ ਦਾ ਦਰਿ ਦਰਿ ਹੁਲਿਆ,
ਝੁਕਿ ਰਹੀਆਂ ਨੀ ਇਸ਼ਕ ਪਲਾਮਣਾ।1।

ਦੇਖੋ ਕੇਡੇ ਮੈਂ ਪੈੜੇ ਪਾੜਦੀ,
ਮੈਂ ਲੰਘਦੀ ਤੇ ਨਾਗ ਲਤਾੜਦੀ।
ਸੁੱਤਿਆਂ ਸ਼ੀਹਾਂ ਨੂੰ ਨਿੱਤ ਉਲਾਂਘਣਾ।2।

ਮੇਰੀ ਜਿੰਦ ਉਤੇ ਵਲਿ ਹੋ ਰਹੀ,
ਮੈਨੂੰ ਰੋਗ ਨਾ ਹੁੰਦਾ ਕੋ ਸਹੀ,
ਨਿਤਿ ਉਠ ਬੇਲੇ ਵਲਿ ਤਰਾਂਘਣਾ।3।

ਨਿੱਤ ਸ਼ਾਹ ਹੁਸੈਨ ਪੁਕਾਰਿਦਾ,
ਸਾਂਈਂ ਤਲਬ ਤੇਰੇ ਦਰਬਾਰ ਦਾ,
ਇਕੁ ਟੁਕ ਅਸਾਂ ਵਲਿ ਝਾਕਣਾ।4।

116. ਰਾਤੀਂ ਸਵੇਂ ਦਿਹੇਂ ਫਿਰਦੀ ਤੂੰ ਵੱਤੇ

ਰਾਤੀਂ ਸਵੇਂ ਦਿਹੇਂ ਫਿਰਦੀ ਤੂੰ ਵੱਤੇ,
ਤੇਰਾ ਖੇਡਣਿ ਨਾਲ ਬਪਾਰ, ਜਿੰਦੂ,
ਕਦੀ ਉਠ ਰਾਮ ਰਾਮ ਸਮਾਰ, ਜਿੰਦੂ।ਰਹਾਉ।

ਸਾਹੁਰੜੇ ਘਰ ਅਲਬਿਤ ਜਾਣਾ,
ਪੇਈਅੜੇ ਦਿਨ ਚਾਰ, ਜਿੰਦੂ।1।

ਅਜਿ ਤੇਰੇ ਮੁਕਲਾਊ ਆਇ,
ਰਹੀਏ ਨ ਕੋਇ ਬਿਚਾਰ, ਜਿੰਦੂ।2।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਆਵਣ ਏਹੀ ਵਾਰ, ਜਿੰਦੂ।3।

117. ਰੱਬਾ ਮੇਰੇ ਅਉਗੁਣ ਚਿਤਿ ਨ ਧਰੀਂ

ਰੱਬਾ ਮੇਰੇ ਅਉਗੁਣ ਚਿਤਿ ਨ ਧਰੀਂ।ਰਹਾਉ।

ਅਉਗੁਣਿਆਰੀ ਨੂੰ ਕੋ ਗੁਣ ਨਾਹੀਂ,
ਲੂੰ ਲੂੰ ਐਬ ਭਰੀ।1।

ਜਿਉਂ ਭਾਵੈ ਤਿਉਂ ਰਾਖਿ ਪਿਆਰਿਆ,
ਮੈਂ ਤੇਰੇ ਦੁਆਰੈ ਪਰੀ।2।

ਕਹੈ ਹੁਸੈਨ ਫ਼ਕੀਰ ਨਿਮਾਣਾ,
ਅਦਲੋਂ ਫ਼ਜਲੁ ਕਰੀਂ।3।

118. ਰੱਬਾ ਮੇਰੇ ਗੋਡੇ ਦੇ ਹੇਠਿ ਪਿਰੋਟੜਾ

ਰੱਬਾ ਮੇਰੇ ਗੋਡੇ ਦੇ ਹੇਠਿ ਪਿਰੋਟੜਾ,
ਮੈਂ ਕੱਤਨੀ ਹਾਂ ਚਾਈਂ ਚਾਈਂ।ਰਹਾਉ।

ਤਨ ਤੰਬੂਰ ਰਗਾਂ ਦੀਆਂ ਤਾਰਾਂ,
ਮੈਂ ਜਪਨੀ ਹਾਂ ਸਾਂਈਂ ਸਾਂਈਂ।1।

ਦਿਲ ਮੇਰੇ ਵਿਚਿ ਏਹੋ ਗੁਜਰੀ,
ਮੈਂ ਸਚੇ ਸੋਂ ਨੇਹੁੰ ਲਾਈਂ।2।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਮੇਰੀ ਲਗੜੀ ਤੋੜੁ ਨਿਬਾਹੀਂ।3।

119. ਰੱਬਾ ਮੇਰੇ ਹਾਲ ਦਾ ਮਹਿਰਮੁ ਤੂੰ

ਰੱਬਾ ਮੇਰੇ ਹਾਲ ਦਾ ਮਹਿਰਮੁ ਤੂੰ।ਰਹਾਉ।

ਅੰਦਰਿ ਤੂੰ ਹੈਂ ਬਾਹਰ ਤੂੰ ਹੈਂ,
ਰੋਮਿ ਰੋਮਿ ਵਿਚਿ ਤੂੰ।1।

ਤੂੰ ਹੈਂ ਤੂੰ ਹੈਂ ਬਾਣਾ,
ਸਭ ਕਿਛ ਮੇਰਾ ਤੂੰ।2।

ਕਹੈ ਹੁਸੈਨ ਫ਼ਕੀਰ ਨਿਮਾਣਾ,
ਮੈਂ ਨਾਹੀਂ ਸਭ ਤੂੰ।3।

120. ਰੱਬਾ ਵੇ ਮੈਂ ਨਲੀ ਛਿਪਾਈ

ਰੱਬਾ ਵੇ ਮੈਂ ਨਲੀ ਛਿਪਾਈ,
ਤੂੰ ਬਖਸਣਿ ਹਾਰਾ ਸਾਂਈਂ।ਰਹਾਉ।

ਹੱਥੀਂ ਮੇਰੇ ਮੁੰਦਰੀ,
ਮੈਂ ਕੰਮ ਕਿਉਂ ਕਰਿ ਕਰੀਂ।
ਪੈਰੀਂ ਮੇਰੇ ਲਾਲ ਜੁੱਤੀ,
ਮੈਂ ਤਾਣਾ ਕਿਉਂ ਕਰਿ ਤਣੀ,
ਚੁੱਲ੍ਹੇ ਪਿਛੇ ਪੰਜ ਕਸੋਰੇ,
ਮਾਲੁ ਕਿਉਂ ਕਰਿ ਭਰੀਂ।1।

ਅੰਦਰਿ ਬੋਲਣਿ ਮੁਰਗ਼ੀਆਂ,
ਤੇ ਬਾਹਰ ਬੋਲਨਿ ਮੋਰੁ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਤਾਣੀ ਨੂੰ ਲੈ ਗਏ ਚੋਰੁ, ਜੋਰਾ ਜੋਰੁ।2।

121. ਰਹੀਏ ਵੋ ਨਾਲ ਸਜਨ ਦੇ, ਰਹੀਏ ਵੋ

ਰਹੀਏ ਵੋ ਨਾਲ ਸਜਨ ਦੇ, ਰਹੀਏ ਵੋ।ਰਹਾਉ।

ਲੱਖ ਲੱਖ ਬਦੀਆਂ ਤੇ ਸਉ ਤਾਹਨੇ,
ਸਭੋ ਸਿਰ ਤੇ ਸਹੀਏ ਵੋ।1।

ਤੋੜੇ ਸਿਰ ਵੰਞੇ ਧੜ ਨਾਲੋਂ,
ਤਾਂ ਭੀ ਹਾਲ ਨ ਕਹੀਏ ਵੋ।2।

ਸੁਖ਼ਨ ਜਿਨ੍ਹਾਂ ਦਾ ਹੋਵੈ ਦਾਰੂ,
ਹਾਲ ਉਥਾਈਂ ਕਹੀਏ ਵੋ।3।

ਚੰਦਨ ਰੁਖ ਲਗਾ ਵਿਚ ਵੇਹੜੇ,
ਜੋਰ ਧਿਙਾਣੇ ਖਹੀਏ ਵੋ।4।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਜੀਵੰਦਿਆਂ ਮਰ ਰਹੀਏ ਵੋ।5।

122. ਰੋਂਦਾ ਮੂਲ ਨ ਸੌਂਦਾ ਹੀ

ਰੋਂਦਾ ਮੂਲ ਨ ਸੌਂਦਾ ਹੀ।
ਜਿਸ ਤਨ ਦਰਦਾਂ ਦੀ ਆਹ,
ਸੋਈ ਤਨ ਰੋਂਦਾ ਹੀ।

ਕਨਿਆਰੀ ਦੀ ਸੇਜੈ ਉੱਪਰ,
ਸੁਖੀਆ ਕੋਈ ਨ ਸੌਂਦਾ ਹੀ।

ਚਾਰੇ ਪੱਲੇ ਮੇਰੇ ਚਿੱਕੜ ਬੁਡੇ,
ਕੇਹੜਾ ਮਲ ਮਲ ਧੋਂਦਾ ਹੀ।

ਦਰਦਾਂ ਦਾ ਦਾਰੂ ਤੇਰੇ ਅੰਦਰ ਵਸਦਾ,
ਕੋਈ ਸੰਤ ਤਬੀਬ ਮਿਲੌਂਦਾ ਹੀ।

ਕਹੈ ਹੁਸੈਨ ਫ਼ਕੀਰ ਰਬਾਣਾ,
ਜੋ ਲਿਖਿਆ ਸੋਈ ਹੋਂਦਾ ਹੀ।

123. ਸਾਜਨ ਰੁਠੜਾ ਜਾਂਦਾ ਵੇ

ਸਾਜਨ ਰੁਠੜਾ ਜਾਂਦਾ ਵੇ,
ਮੈਂ ਭੁਲੀਆਂ ਵੇ ਲੋਕਾ।

ਸਾਜਨ ਮੈਂਡਾ ਵੇ,
ਮੈਂ ਸਾਜਨਿ ਦੀ,
ਸਾਜਨ ਕਾਰਨ ਮੈਂ ਜੁਲੀਆਂ ਵੇ ਲੋਕਾ।1।ਰਹਾਉ।

ਜੇ ਕੋਈ ਸਾਜਨ ਆਣਿ ਮਿਲਾਵੇ,
ਬੰਦੀ ਤਿਸ ਦੀ ਅਨਮੁਲੀਆਂ ਵੇ ਲੋਕਾ।1।

ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਸਾਂਈਂ ਮਿਲੇ ਤਾਂ ਮੈਂ ਫੁੱਲੀਆਂ ਵੇ ਲੋਕਾ।2।

124. ਸਾਜਨ ਤੁਮਰੇ ਰੋਸੜੇ

ਸਾਜਨ ਤੁਮਰੇ ਰੋਸੜੇ,
ਮੋਹੁ ਆਦਰੁ ਕਰੈ ਨ ਕੋਇ।
ਦੁਰਿ ਦੁਰਿ ਕਰਨਿ ਸਹੇਲੀਆਂ,
ਮੈਂ ਤੁਰ ਤੁਰ ਤਾਕਉ ਤੋਹਿ।1।ਰਹਾਉ।

125. ਸਾਲੂ ਸਹਿਜ ਹੰਢਾਇ ਲੈ ਨੀਂ

ਸਾਲੂ ਸਹਿਜ ਹੰਢਾਇ ਲੈ ਨੀਂ,
ਤੂੰ ਸਾਲੂ ਸਹਿਜ ਹੰਢਾਇ ਲੈ ਨੀਂ।ਰਹਾਉ।

ਸਾਲੂ ਮੇਰਾ ਕੀਮਤੀ,
ਕੋਈ ਦੇਖਣ ਆਈਆਂ ਤਰੀਮਤੀਂ,
ਗਈਂ ਸਭ ਸਲਾਹਿ।1।

ਸਾਲੂ ਪਾਇਆ ਟੰਙਣੇ,
ਗਵਾਂਢਣ ਆਈ ਮੰਗਣੇ,
ਦਿੱਤਾ ਕਹੀ ਨ ਜਾਹਿ।2।

ਸਾਲੂ ਧੁਰ ਕਸ਼ਮੀਰ ਦਾ,
ਕੋਈ ਆਇਆ ਬਰਫ਼ਾਂ ਚੀਰਦਾ,
ਜਾਣਾ ਕਰ ਕੇ ਰਾਹਿ।3।

ਸਾਲੂ ਧੁਰ ਗੁਜਰਾਤ ਦਾ ,
ਕੋਈ ਮੈਂ ਭਉ ਪਹਿਲੀ ਰਾਤ ਦਾ,
ਕਿਤੇ ਢੰਗ ਬਿਹਾਇ।4।

ਸਾਲੂ ਧੁਰ ਮੁਲਤਾਨ ਦਾ,
ਕੋਈ ਰੱਬ ਦਿਲਾਂ ਦੀਆਂ ਜਾਣਦਾ,
ਸੁਤੀ ਸਹੁ ਗਲ ਲਾਇ।5।

ਸਾਲੂ ਮੇਰਾ ਆਲ ਦਾ,
ਕੋਈ ਮਹਿਰਮੁ ਨਾਹੀਂ ਹਾਲ ਦਾ,
ਕਿਸ ਪੈ ਆਖਾਂ ਜਾਇ।6।

ਸਾਲੂ ਭੋਛਣ ਜੋੜਿਆ,
ਕੋਈ ਥੀਸੀ ਰੱਬ ਦਾ ਲੋੜਿਆ,
ਹੋਰ ਨ ਕੀਤਾ ਜਾਇ।7।

ਸਭੇ ਸਾਲੂ ਵਾਲੀਆਂ,
ਕੋਈ ਇਕ ਬਿਰਖ ਦੀਆਂ ਡਾਲੀਆਂ,
ਤੇਰੇ ਤੁਲ ਨ ਕਾਇ।8।

ਸਾਲੂ ਦਾ ਰੰਗ ਜਾਵਣਾ,
ਕੋਈ ਫੇਰ ਨਾ ਇਸ ਜੱਗ ਆਵਣਾ,
ਚਲੇ ਘੁੰਮ ਘੁੰਮਾਇ।9।

ਸਾਲੂ ਮੇਰਾ ਉਣੀਦਾ,
ਕੋਈ ਸ਼ਾਮੁ ਬਿੰਦ੍ਰਾਬਨ ਸੁਣੀਦਾ,
ਜਾਣਾ ਬਿਖੜੇ ਰਾਹਿ।10।

ਕਹੈ ਹੁਸੈਨ ਗਦਾਈਆ,
ਕੋਈ ਰਾਤ ਜੰਗਲ ਵਿਚ ਆਈਆ,
ਰੱਬ ਡਾਢਾ ਬੇਪਰਵਾਹਿ।11।

126. ਸਭ ਸਖੀਆਂ ਗੁਣਵੰਤੀਆਂ

ਸਭ ਸਖੀਆਂ ਗੁਣਵੰਤੀਆਂ,
ਵੇ ਮੈਂ ਅਵਗੁਣਿਆਰੀ।ਰਹਾਉ।

ਭੈ ਸਾਹਿਬ ਦੇ ਪਰਬਤ ਡਰਦੇ,
ਵੇ ਮੈਂ ਕੌਣ ਵਿਚਾਰੀ।1।

ਜਿਸ ਗਲ ਨੂੰ ਸਹੁ ਭਜਿਆ ਈ ਵੋ,
ਸੋ ਮੈਂ ਬਾਤ ਬਿਸਾਰੀ।2।

ਕਹੈ ਹੁਸੈਨ ਫ਼ਕੀਰ ਨਿਮਾਣਾ,
ਛੁੱਟਾ ਜੇ ਮਿਹਰ ਕਰੇ ਸੱਤਾਰੀ।3।

127. ਸਭ ਵਲ ਛਡ ਕੇ ਤੂੰ ਇਕੋ ਵਲ ਹੋਇ

ਸਭ ਵਲ ਛਡ ਕੇ ਤੂੰ ਇਕੋ ਵਲ ਹੋਇ।

ਵਲ ਵਲ ਦੇ ਵਿਚ ਕਈ ਵਲ ਪੈਂਦੇ,
ਇਕ ਦਿਨ ਦੇਸੀਂ ਰੋਇ।ਰਹਾਉ।

ਔਖੀ ਘਾਟੀ ਬਿਖੜਾ ਪੈਂਡਾ,
ਹੁਣ ਹੀ ਸਮਝਿ ਖਲੋਇ।

ਛੋੜਿ ਤਕਬਰ ਪਕੜ ਹਲੀਮੀ,
ਪਵੀ ਤਡਾਹੀਂ ਸੋਇ।

ਕੜਕਿਨ ਕਪੜ ਸਹੁ ਦਰਿਆਵਾਂ,
ਥੀਉ ਮੁਹਾਣਾ ਬੇੜੀ ਢੋਇ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਜੋ ਹੋਣੀ ਸੋ ਹੋਇ।

128. ਸਾਧਾਂ ਦੀ ਮੈਂ ਗੋਲੀ ਹੋਸਾਂ

ਸਾਧਾਂ ਦੀ ਮੈਂ ਗੋਲੀ ਹੋਸਾਂ,
ਗੋਲੀਆਂ ਦੇ ਕਰਮ ਕਰੇਸਾਂ।
ਚਉਂਕਾ ਫੇਰੀਂ ਮੈਂ ਦੇਈਂ ਬੁਹਾਰੀ,
ਜੂਠੇ ਬਾਸਨ ਧੋਸਾਂ।ਰਹਾਉ।

ਪਿੱਪਲ ਪਤਿ ਚੁਣੇਂਦੀ ਵੱਤਾ,
ਲੋਕ ਜਾਣੇ ਦੇਵਾਨੀ।
ਗਹਿਲਾ ਲੋਕ ਨ ਹਾਲ ਦਾ ਮਹਰਮੁ,
ਮੈਨੂੰ ਬਿਰਹੁੰ ਲਗਾਈ ਕਾਨੀਂ।1।

ਲੋਕਾਂ ਸੁਣਿਆ ਦੇਸਾਂ ਸੁਣਿਆ,
ਹੀਰ ਬੈਰਾਗਨਿ ਹੋਈ।
ਇਕੁ ਸੁਣੇਂਦਾ ਲੱਖ ਸੁਣੇ,
ਮੇਰਾ ਕਹਾਂ ਕਰੈਗਾ ਕੋਈ।2।

ਸਾਵਲ ਦੀ ਮੈਂ ਬਾਂਦੀ ਬਰਦੀ,
ਸਾਵਲ ਮੈਂਹਡਾ ਸਾਂਈਂ।
ਕਹੈ ਹੁਸੈਨ ਫ਼ਕੀਰ ਨਿਮਾਣਾ,
ਸਾਂਈਂ ਸਿੱਕਦੀ ਨੂੰ ਦਰਸੁ ਦਿਖਾਈਂ।3।

129. ਸਦਕੇ ਮੈਂ ਵੰਞਾ ਉਨ੍ਹਾਂ ਰਾਹਾਂ ਤੋਂ

ਸਦਕੇ ਮੈਂ ਵੰਞਾ ਉਨ੍ਹਾਂ ਰਾਹਾਂ ਤੋਂ,
ਜਿਨਿ ਰਾਹੀਂ ਸੋ ਸਹੁ ਆਇਆ ਹੀ।1।ਰਹਾਉ।

ਪੱਛੀ ਸਟ ਸੱਤਾਂ ਭਰੜਾਂਦੀ,
ਕੱਤਣਿ ਤੋਂ ਚਿਤਿ ਚਾਇਆ ਹੀ।1।

ਦਿਲਿ ਵਿਚਿ ਚਿਣਗ ਉਠੀ ਹੀਰੇ ਦੀ,
ਰਾਂਝਣ ਤਖ਼ਤਿ ਹਜ਼ਾਰਿਓਂ ਪਾਇਆ ਹੀ।2।

ਕਹੈ ਹੁਸੈਨ ਫ਼ਕੀਰ ਨਿਮਾਣਾ,
ਮਉਲੇ ਦੋਸਤਿ ਮਿਲਾਇਆ ਹੀ।3।

130. ਸਾਂਈਂ ਬੇਪਰਵਾਹਿ ਮੈਂਡੀ

ਸਾਂਈਂ ਬੇਪਰਵਾਹਿ ਮੈਂਡੀ,
ਲਾਜ ਤੌ ਪਰਿ ਆਈ,
ਚਹੁੰ ਜਣਿਆਂ ਮੇਰੀ ਡੋਲੀ ਚੁੱਕੀ,
ਸਾਹੁਰੜੇ ਪਹੁੰਚਾਈ।1।ਰਹਾਉ।

ਤੰਦੁ ਤੁਟੀ ਅਟੇਰਨੁ ਭੰਨਾ,
ਤਕੁਲੜੇ ਵਲ ਪਾਇਆ,
ਭਉਂਦਿਆਂ ਝਉਂਦਿਆਂ ਛੱਲੀ ਕੱਤੀ,
ਕਾਗੁ ਪਇਆ ਲੈ ਜਾਇਆ।1।

ਰਾਤਿ ਅੰਧੇਰੀ ਗਲੀਏਂ ਚਿੱਕੜੁ,
ਮਿਲਿਆ ਯਾਰ ਸਿਪਾਹੀ,
ਕਹੈ ਹੁਸੈਨ ਫ਼ਕੀਰ ਨਿਮਾਣਾ,
ਇਹ ਗੱਲ ਸੁਝਦੀ ਆਹੀ।2।

131. ਸਾਈਂ ਜਿਨਾਂਦੜੇ ਵੱਲ, ਤਿਨਾਂ ਨੂੰ ਗ਼ਮ ਕੈਂਦਾ, ਵੇ ਲੋਕਾ

ਸਾਈਂ ਜਿਨਾਂਦੜੇ ਵੱਲ,
ਤਿਨਾਂ ਨੂੰ ਗ਼ਮ ਕੈਂਦਾ, ਵੇ ਲੋਕਾ।ਰਹਾਉ।

ਸੇਈ ਭਲੀਆਂ ਜੋ ਰੱਬੁ ਵੱਲ ਆਈਆਂ,
ਜਿਨ੍ਹਾਂ ਨੂੰ ਇਸ਼ਕ ਚਰੋਕਾ, ਵੇ ਲੋਕਾ।1।

ਇਸ਼ਕੇ ਦੀ ਸਿਰ ਖਾਰੀ ਚਾਈਆ,
ਦਰ ਦਰ ਦੇਨੀਆਂ ਹੋਕਾ, ਵੇ ਲੋਕਾ।2।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਲੱਧਾ ਹੀ ਪ੍ਰੇਮ ਝਰੋਖਾ, ਵੇ ਲੋਕਾ।3।

ਸਾਈਂ ਜਿਨਾਂਦੜੇ ਵੱਲ,
ਤਿਨਾਂ ਨੂੰ ਗ਼ਮ ਕੈਂਦਾ, ਵੇ ਲੋਕਾ,
ਹੋ ਮੈਂ ਵਾਰੀ ਗ਼ਮ ਕੈਂਦਾ, ਵੇ ਲੋਕਾ।4।

132. ਸਾਈਂ ਸਾਈਂ ਕਰੇਂਦਿਆਂ ਮਾਂ ਪਿਓ ਹੁੜੇਂਦਿਆਂ

ਸਾਈਂ ਸਾਈਂ ਕਰੇਂਦਿਆਂ ਮਾਂ ਪਿਓ ਹੁੜੇਂਦਿਆਂ,
ਕੋਈ ਨੇਹੁੜਾ ਲਾਇਓ।
ਵਲ ਘਰਿ ਵੰਞਣ ਕੇਹਾ ਵੇ ਮਾਹੀਆ।ਰਹਾਉ।

ਹੀਰੇ ਨੂੰ ਇਸ਼ਕ ਚਰੋਕਾ ਆਹਾ,
ਜਾਂ ਆਹੀ ਦੁਧਿ ਵਾਤੀ।

ਵਿਚਿ ਪੰਘੂੜੇ ਦੇ ਪਈ ਤੜੱਫੇ,
ਵੇਦਨ ਰਤੀ ਨ ਜਾਤੀ।

ਬਿਰਹੁ ਕਸਾਈ ਤਨ ਅੰਤਰਿ ਵੜਿਆ,
ਘਿੰਨ ਕੁਹਾਵੀ ਕਾਤੀ।

ਸੈਆਂ ਵਰ੍ਹਿਆਂ ਦੀ ਜਹਮਤਿ ਜਾਵੈ,
ਜੇ ਰਾਂਝਣ ਪਾਵੈ ਝਾਤੀ।1।

ਛਿਲਤ ਪੁੜੀ ਤਨ ਰਾਂਝਣ ਵਾਲੀ,
ਮਹਰਮ ਹੋਇ ਸੋਈ ਪੁੱਟੇ।

ਲਖ ਲਖ ਸੂਈਆਂ ਤੇ ਲਖ ਨਹੇਰਨੁ,
ਲਖ ਜੰਬੂਰਾਂ ਦੇ ਤੁੱਟੇ।

ਲਖ ਲਖ ਮੁੱਲਾਂ ਤੇ ਲਖ ਕਾਜੀ,
ਲਖਿ ਇਲਮ ਪੜਿ ਪੜਿ ਹੁਟੇ।

ਜੇ ਟੁਕ ਰਾਂਝਣ ਦਰਸ ਦਿਖਾਵੈ,
ਤਾਂ ਹੀਰ ਅਜ਼ਾਬੋਂ ਛੁਟੇ।2।

ਸ਼ਾਹ ਹੁਸੈਨ ਫ਼ਕੀਰ ਸੁਣਾਵੈ,
ਰਾਂਝੇ ਬਾਝੋਂ ਬਿਰਹੁੰ ਸਤਾਵੈ,
ਜੇ ਮਿਲਸਾਂ ਤਾਂ ਸਾਂਤ ਆਵੈ।3।

133. ਸਾਈਂ ਤੋਂ ਮੈਂ ਵਾਰੀਆਂ ਵੋ

ਸਾਈਂ ਤੋਂ ਮੈਂ ਵਾਰੀਆਂ ਵੋ,
ਵਾਰੀਆਂ ਵੋ, ਵਾਰ ਡਾਰੀਆਂ ਵੋ।
ਚੁੱਪ ਕਰਾਂ ਤਾਂ ਦੇਵਨਿ ਤਾਅਨੇ,
ਜਾਂ ਬੋਲਾਂ ਤਾਂ ਮਾਰੀਆਂ ਵੋ।ਰਹਾਉ।

ਇਕਨਾ ਖੰਨੀ ਨੂੰ ਤਰਸਾਵੇਂ,
ਇੱਕ ਵੰਡਿ ਵੰਡਿ ਦੇਂਦੇ ਨੇ ਸਾਰੀਆਂ ਵੋ।1।

ਇਕਨਾ ਢੋਲਿ ਕਲਾਵੇ ਨੀ ਸਈਓ,
ਇਕ ਕੰਤਾਂ ਦੇ ਬਾਝ ਬਿਚਾਰੀਆਂ ਵੋ।2।

ਅਉਗੁਣਿਆਰੀ ਨੂੰ ਕੋ ਗੁਣਿ ਨਾਹੀਂ,
ਨਿਤਿ ਉਠਿ ਕਰਦੀ ਜ਼ਾਰੀਆਂ ਵੋ।3।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਫਜ਼ਲ ਕਰੈਂ ਤਾਂ ਤਾਰੀਆਂ ਵੋ।4।

134. ਸਈਓ ਮੇਰਾ ਮਾਹੀ ਤਾਂ ਆਣਿ ਮਿਲਾਵੋ

ਸਈਓ ਮੇਰਾ ਮਾਹੀ ਤਾਂ ਆਣਿ ਮਿਲਾਵੋ,
ਕਾਹਲਿ ਹੋਈਆਂ ਘਣੀ।1।ਰਹਾਉ।

ਬਾਬਲ ਕੋਲੋਂ ਦਾਜ ਨਾ ਮੰਗਦੀ,
ਮਾਉਂ ਨ ਮੰਗਦੀ ਮਾਲੋਂ।
ਇਕੋ ਰਾਂਝਣਿ ਪਲਿ ਪਲਿ ਮੰਗਦੀ,
ਛੁੱਟੇ ਹੀਰ ਜੰਜਾਲੋਂ।1।

ਰੋਂਦੀ ਪਕੜ ਬੈਠਾਈ ਖਾਰੇ,
ਜ਼ੋਰੀ ਦਿਤੀਓ ਲਾਵਾਂ।
ਖੂੰਨੀ ਖੇੜੇ ਦੇ ਗਲਿ ਬੱਧੀ,
ਕੂਕਾਂ ਤੇ ਕੁਰਲਾਵਾਂ।2।

ਕਰੰਗ ਸਬਰ ਰਾਂਝਣ ਦੀ ਸੇਵਾ,
ਹੀਰ ਸੁਪਨੇ ਮਿਲਿ ਮਿਲਿ ਆਵੇ 3।

ਰਾਤੀਂ ਭੀ ਕਾਲੀਂ ਤੇ ਮੇਹੀਂ ਭੀ ਕਾਲੀਆਂ,
ਚਰਿਆ ਲੋੜਨਿ ਬੇਲੇ।
ਕਹੈ ਹੁਸੈਨ ਫ਼ਕੀਰ ਨਿਮਾਣਾ,
ਵਿਛੁੜਿਆਂ ਰੱਬ ਮੇਲੇ 4।

135. ਸਜਣ ਬਿਨ ਰਾਤੀਂ ਹੋਈਆਂ ਵੱਡੀਆਂ

ਸਜਣ ਬਿਨ ਰਾਤੀਂ ਹੋਈਆਂ ਵੱਡੀਆਂ।

ਮਾਸ ਝੜੇ ਝੜ ਪਿੰਜਰ ਹੋਇਆ,
ਕਣ ਕਣ ਹੋਈਆਂ ਹੱਡੀਆਂ।

ਇਸ਼ਕ ਛਪਾਇਆ ਛਪਦਾ ਨਾਹੀਂ,
ਬਿਰਹੋਂ ਤਣਾਵਾਂ ਗੱਡੀਆਂ।

ਰਾਂਝਾ ਜੋਗੀ ਮੈਂ ਜੁਗਿਆਣੀ,
ਕਮਲੀ ਕਰ ਕਰ ਸੱਦੀਆਂ।

ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਦਾਮਨ ਤੇਰੇ ਲੱਗੀਆਂ।

136. ਸੱਜਣ ਦੇ ਗਲ ਬਾਂਹ ਅਸਾਡੀ

ਸੱਜਣ ਦੇ ਗਲ ਬਾਂਹ ਅਸਾਡੀ,
ਕਿਉਂ ਕਰ ਆਖਾਂ ਛੱਡ ਵੇ ਅੜਿਆ।

ਪੋਸਤੀਆਂ ਦੇ ਪੋਸਤ ਵਾਂਗੂੰ,
ਅਮਲ ਪਇਆ ਅਸਾਡੇ ਹੱਡ ਵੇ ਅੜਿਆ।

ਰਾਮ ਨਾਮ ਦੇ ਸਿਮਰਨ ਬਾਝੋਂ,
ਜੀਵਣ ਦਾ ਕੀ ਹੱਜ ਵੇ ਅੜਿਆ।

ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਸਾਹਿਬ ਦੇ ਲੜ ਲੱਗ ਵੇ ਅੜਿਆ।

137. ਸਜਣ ਦੇ ਹਥਿ ਬਾਂਹ ਅਸਾਡੀ, ਕਿਉਂ ਕਰਿ ਆਖਾਂ ਛਡਿ ਵੇ ਅੜਿਆ

ਸਜਣ ਦੇ ਹਥਿ ਬਾਂਹ ਅਸਾਡੀ,
ਕਿਉਂ ਕਰਿ ਆਖਾਂ ਛਡਿ ਵੇ ਅੜਿਆ।ਰਹਾਉ।

ਰਾਤ ਅੰਧੇਰੀ ਬੱਦਲ ਕਣੀਆਂ,
ਬਾਝ ਵਕੀਲਾਂ ਮੁਸ਼ਕਲ ਬਣੀਆਂ,
ਡਾਢੇ ਕੀਤਾ ਸਡਿ ਵੇ ਅੜਿਆ।1।

ਇਸ਼ਕ ਮੁਹੱਬਤ ਸੇਈ ਜਾਣਨਿ,
ਪਈ ਜਿਨਾਂ ਦੇ ਹੱਡ ਵੇ ਅੜਿਆ।2।

ਕੱਲਰਿ ਖੱਟ ਨ ਖੂਹੜੀ,
ਚੀਨਾ ਰੇਤਿ ਨਾ ਗੱਡਿ ਵੇ ਅੜਿਆ।3।

ਨਿਤਿ ਭਰੇਨਾ ਏਂ ਛਟੀਆਂ,
ਇਕ ਦਿਨ ਜਾਸੇਂ ਛਡਿ ਵੇ ਅੜਿਆ।4।

ਕਹੈ ਹੁਸੈਨ ਫ਼ਕੀਰ ਨਿਮਾਣਾ,
ਨੈਣ ਨੈਣਾਂ ਨਾਲਿ ਗਡਿ ਵੇ ਅੜਿਆ।5।

138. ਸੱਜਣਾ, ਅਸੀਂ ਮੋਰੀਓਂ ਲੰਘ ਪਇਆਸੇ

ਸੱਜਣਾ, ਅਸੀਂ ਮੋਰੀਓਂ ਲੰਘ ਪਇਆਸੇ।
ਭਲਾ ਹੋਇਆ ਗੁੜ ਮੱਖੀਆਂ ਖਾਧਾ,
ਅਸੀਂ ਭਿਣ ਭਿਣਾਟੋਂ ਛੁਟਿਆਸੇ।ਰਹਾਉ।

ਢੰਡ ਪੁਰਾਣੀ ਕੁੱਤਿਆਂ ਲੱਕੀ,
ਅਸੀਂ ਸਰਵਰ ਮਾਹਿ ਧੋਤਿਆਸੇ।1।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਅਸੀਂ ਟੱਪਣ ਟੱਪ ਨਿਕਲਿਆਸੇ।2।

139. ਸੱਜਣਾ ਬੋਲਣ ਦੀ ਜਾਇ ਨਾਹੀਂ

ਸੱਜਣਾ ਬੋਲਣ ਦੀ ਜਾਇ ਨਾਹੀਂ।
ਅੰਦਰ ਬਾਹਰ ਇੱਕਾ ਸਾਂਈਂ,
ਕਿਸ ਨੂੰ ਆਖ ਸੁਣਾਈਂ।

ਇੱਕੋ ਦਿਲਬਰ ਸਭ ਘਟਿ ਰਵਿਆ,
ਦੂਜਾ ਨਹੀਂ ਕਦਾਈਂ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਸਤਿਗੁਰ ਤੋਂ ਬਲਿ ਜਾਈਂ।

140. ਸਮਝ ਨਿਦਾਨੜੀਏ, ਤੇਰਾ ਵੈਂਦਾ ਵਖਤ ਵਿਹਾਂਦਾ

ਸਮਝ ਨਿਦਾਨੜੀਏ, ਤੇਰਾ ਵੈਂਦਾ ਵਖਤ ਵਿਹਾਂਦਾ।ਰਹਾਉ।

ਇਹਿ ਦੁਨੀਆਂ ਦੂਹਿ ਚਾਰਿ ਦਿਹਾੜੇ,
ਦੇਖਦਿਆਂ ਲਦ ਜਾਂਦਾ।1।

ਦਉਲਤਿ ਦੁਨੀਆਂ ਮਾਲੁ ਖਜ਼ੀਨਾ,
ਸੰਿਗ ਨ ਕੋਈ ਲੈ ਜਾਂਦਾ।2।

ਮਾਤ ਪਿਤਾ ਭਾਈ ਸੁਤ ਬਨਿਤਾ,
ਨਾਲਿ ਨ ਕੋਈ ਜਾਂਦਾ।3।

ਕਹੈ ਹੁਸੈਨ ਫ਼ਕੀਰ ਨਿਮਾਣਾ,
ਬਾਕੀ ਨਾਮ ਸਾਈਂ ਦਾ ਰਹਿੰਦਾ।4।

141. ਸਾਰਾ ਜਗਿ ਜਾਣਦਾ

ਸਾਰਾ ਜਗਿ ਜਾਣਦਾ,
ਸਾਈਂ ਤੇਰੇ ਮਿਲਣ ਦੀ ਆਸ ਵੋ।
ਮੇਰੇ ਮਨੁ ਮੁਰਾਦਿ ਏਹੋ ਸਾਈਆਂ,
ਸਦਾ ਰਹਾਂ ਤੇਰੇ ਪਾਸਿ ਵੋ।ਰਹਾਉ।

ਦਰਸ਼ਨ ਦੇਹੁ ਦਇਆ ਕਰਿ ਮੋ ਕਉਂ,
ਸਿਮਰਾਂ ਮੈਂ ਸਾਸ ਗਿਰਾਸ ਵੋ।1।

ਕਹੈ ਹੁਸੈਨ ਫ਼ਕੀਰ ਨਿਮਾਣਾ,
ਤੂੰ ਸਾਹਿਬ ਮੈਂ ਦਾਸ ਵੋ।2।

142. ਸੁਣ ਤੋ ਨੀਂ ਕਾਲ ਮਰੇਂਦਾ ਈ

ਸੁਣ ਤੋ ਨੀਂ ਕਾਲ ਮਰੇਂਦਾ ਈ,
ਹਰਿ ਭਜਿ ਲੈ ਗਾਹਕ ਵੈਂਦਾ ਈ।ਰਹਾਉ।

ਡੂੰਘੇ ਜਲ ਵਿਚਿ ਮਛੁਲੀ ਵੱਸਦੀ,
ਭੈ ਸਾਹਿਬ ਦਾ ਮਨ ਨਹੀਂ ਰੱਖਦੀ,
ਉਸ ਮੱਛਲੀ ਨੂੰ ਜਾਲ ਢੂੰਢੇਂਦਾ ਈ।1।

ਮੀਰ ਮਲਕੁ ਪਾਤਿਸ਼ਾਹੁ ਸ਼ਾਹਜ਼ਾਦੇ,
ਝੁਲਦੇ ਨੇਜ਼ੇ ਵੱਜਦੇ ਵਾਜੇ,
ਵਿਚ ਘੜੀ ਫਨਾਹਿ ਕਰੇਂਦਾ ਈ।2।

ਕੋਠੇ ਮਮਟੁ ਤੇ ਚਉਬਾਰੇ,
ਵਸਿ ਵਸਿ ਗਏ ਕਈ ਲੋਕੁ ਵਿਚਾਰੇ,
ਇਕ ਪਲਕੁ ਨ ਰਹਿਣੇ ਦੇਂਦਾ ਈ।3।

ਚਿੜੀ ਜਿੰਦੜੀ ਕਾਲਿ ਸਿਚਾਣਾ,
ਨਿਸਦਿਨ ਬੈਠਾ ਲਾਇ ਧਿਆਨਾ,
ਉਹ ਅਜਿ ਕਲਿ ਤੈਨੂੰ ਫਸੇਂਦਾ ਈ।4।

ਕਹੈ ਹੁਸੈਨ ਫ਼ਕੀਰ ਨਿਮਾਣਾ,
ਦੁਨੀਆਂ ਛੋਡਿ ਆਖ਼ਿਰ ਮਰ ਜਾਣਾ,
ਨਰੁ ਕੂੜਾ ਮਾਨ ਕਰੇਂਦਾ ਈ।5।

143. ਸੁਰਤਿ ਕਾ ਤਾਣਾ ਨਿਰਤ ਕਾ ਬਾਣਾ

ਸੁਰਤਿ ਕਾ ਤਾਣਾ ਨਿਰਤ ਕਾ ਬਾਣਾ,
ਸੱਚ ਕਾ ਕੱਪੜਾ ਵੁਣ ਜਿੰਦੇ ਨੀ।

ਕਾਹੇ ਕੂੰ ਝੁਰੇਂ ਤੇ ਝਖ ਮਾਰੇਂ,
ਰਾਮ ਨਾਮ ਬਿਨ ਬਾਜੀ ਹਾਰੇਂ,
ਜੋ ਬੀਜਿਆ ਸੋ ਲੁਣ ਜਿੰਦੇ ਨੀ।

ਖ਼ਾਨ ਖ਼ਵੀਨੀ ਤੇ ਸੁਲਤਾਨੀ,
ਕਾਲ ਲਈਆਂ ਸਭ ਚੁਣ ਜਿੰਦੇ ਨੀ।

ਸ਼ਾਹ ਹੁਸੈਨ ਫ਼ਕੀਰ ਗਦਾਈ,
ਪੱਛੀ ਪੂਣੀ ਸਭ ਲੁਟਾਈ,
ਸ਼ਾਹੁ ਨੂੰ ਮਿਲਿਆ ਲੋੜੇਂ ਹੁਣ ਜਿੰਦੇ ਨੀ।

144. ਤਾਰੀਂ ਸਾਈਂ ਰੱਬਾ ਵੇ ਮੈਂ ਔਗੁਣਿਆਰੀ

ਤਾਰੀਂ ਸਾਈਂ ਰੱਬਾ ਵੇ ਮੈਂ ਔਗੁਣਿਆਰੀ।
ਸਭ ਸਈਆਂ ਗੁਣਵੰਤੀਆਂ
ਤਾਰੀਂ ਸਾਈਂ ਰੱਬਾ ਵੇ ਮੈਂ ਔਗੁਣਿਆਰੀ।

ਭੇਜੀ ਸੀ ਜਿਸ ਬਾਤ ਨੋ ਪਿਆਰੀ ਰੀ,
ਸਾਈ ਬਾਤ ਵਿਸਾਰੀ।

ਸਲ ਮਿਲ ਸਈਆਂ ਦਾਜ ਰੰਗਾਇਆ ਪਿਆਰੀ ਰੀ,
ਮੈਂ ਰਹੀ ਕੁਆਰੀ।

ਅੰਗਣ ਕੂੜਾ ਵਤ ਗਇਆ,
ਮੁੜ ਦੇਹਿ ਬਹਾਰੀ।

ਭੈ ਸਾਈਂ ਦੇ ਪਰਬਤ ਡਰਦੇ,
ਮੈਂ ਕਵਣ ਵਿਚਾਰੀ।

ਕਹੈ ਹੁਸੈਨ ਸਹੇਲੀਓ,
ਅਮਲਾਂ ਬਾਝ ਖ਼ੁਆਰੀ।

145. ਤੇਰੇ ਸਹੁ ਰਾਵਣ ਦੀ ਵੇਰਾ

ਤੇਰੇ ਸਹੁ ਰਾਵਣ ਦੀ ਵੇਰਾ,
ਸੁਤੀ ਹੈਂ ਤਾਂ ਜਾਗ,
ਮੋਢੇ ਤੇਰੇ ਦੋਇ ਜਣੇ,
ਲਿਖਦੇ ਨੀ ਆਬ ਸਵਾਬ।1।ਰਹਾਉ।

ਇਹ ਵੇਲਾ ਨ ਲਹਿਸੇਂ ਕੁੜੀਏ,
ਥੀਸੇਂ ਤੂੰ ਬਹੁਤ ਖ਼ਰਾਬ।1।

ਕਹੈ ਹੁਸੈਨ ਸ਼ਹੁ ਲੇਖਾ ਪੁੱਛਸੀ,
ਦੇਸੇਂ ਤੂੰ ਕਵਣੁ ਜਬਾਬ।2।

146. ਥੋਹੜੀ ਰਹਿ ਗਈਓ ਰਾਤੜੀ

ਥੋਹੜੀ ਰਹਿ ਗਈਓ ਰਾਤੜੀ,
ਸਹੁ ਰਾਵਿਓ ਨਾਹੀਂ।
ਧੰਨ ਸੋਈ ਸੁਹਾਗਣੀ,
ਜਿਨ ਪੀਆ ਗਲਿ ਬਾਹੀਂ।ਰਹਾਉ।

ਇਕ ਅੰਨ੍ਹੇਰੀ ਕੋਠੜੀ,
ਦੂਜਾ ਦੀਵਾ ਨ ਬਾਤੀ।
ਬਾਂਹੁ ਪਕੜਿ ਜਮੁ ਲੈ ਚਲੇ,
ਕੋਈ ਸੰਗਿ ਨ ਸਾਥੀ।1।

ਸੁਤੀ ਰਹੀ ਕੁਲਖਣੀ,
ਜਾਗੀ ਵਡਿ ਭਾਗੀ।
ਜਾਗਨਿ ਕੀ ਬਿਧਿ ਸੋ ਲਹੈ,
ਜਿਸ ਅੰਤਰ ਲਾਗੀ।2।

ਕਹੈ ਹੁਸੈਨ ਸਹੇਲੀਓ,
ਸਹੁ ਕਿਤ ਬਿਧਿ ਪਈਐ।
ਕਰ ਸਾਹਿਬ ਦੀ ਬੰਦਗੀ,
ਰੈਣ ਜਾਗ੍ਰਤਿ ਰਹੀਐ।3।

147. ਤਿਨਾ ਗ਼ਮ ਕੇਹਾ ਸਾਈਂ ਜਿਨ੍ਹਾਂ ਦੇ ਵੱਲਿ

ਤਿਨਾ ਗ਼ਮ ਕੇਹਾ ਸਾਈਂ ਜਿਨ੍ਹਾਂ ਦੇ ਵੱਲਿ।ਰਹਾਉ।

ਸੋਹਣੀ ਸੂਰਤਿ ਦਿਲਬਰ ਵਾਲੀ,
ਰਹੀ ਅੱਖੀਂ ਵਿਚਿ ਗੱਲਿ।1।

ਇਕੁ ਪਲ ਸਜਣ ਜੁਦਾ ਨ ਥੀਵੈ,
ਬੈਠਾ ਅੰਦਰ ਮਲਿ।2।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਚਲਣਾ ਅੱਜੁ ਕਿ ਕੱਲ।3।

148. ਤੂੰ ਆਹੋ ਕੱਤ ਵਲੱਲੀ

ਤੂੰ ਆਹੋ ਕੱਤ ਵਲੱਲੀ,
ਨੀ ਕੁੜੀਏ ਤੂੰ ਆਹੋ ਕੱਤ ਵਲੱਲੀ।ਰਹਾਉ।

ਸਾਰੀ ਉਮਰ ਗਵਾਈਆ ਈਵੈਂ,
ਪੱਛੀ ਨ ਘੱਤੀਆ ਛੱਲੀ।1।

ਗਲੀਆਂ ਵਿਚ ਫਿਰੇ ਲਟਕੰਦੀ,
ਇਹ ਗਲਿ ਨਾਹੀਉਂ ਭੱਲੀ।2।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਦਾਜ ਵਿਹੂਣੀ ਚੱਲੀ।3।

149. ਤੁਝੈ ਗੋਰਿ ਬੁਲਾਵੈ ਘਰਿ ਆਉ ਰੇ

ਤੁਝੈ ਗੋਰਿ ਬੁਲਾਵੈ ਘਰਿ ਆਉ ਰੇ।
ਜੋ ਆਵੈ ਸੋ ਰਹਣ ਨ ਪਾਵੈ,
ਕਿਆ ਮੀਰ ਮਲਕੁ ਉਮਰਾਉ ਰੇ।ਰਹਾਉ।

ਹਰ ਦਮ ਨਾਮੁ ਸਮਾਲਿ ਸਾਈਂ ਦਾ,
ਇਹ ਅਉਸਰ ਇਹ ਦਾਉ ਰੇ।1।

ਕਹੈ ਹੁਸੈਨ ਫ਼ਕੀਰ ਨਿਮਾਣਾ,
ਆਖ਼ਰ ਖ਼ਾਕ ਸਮਾਉ ਰੇ।2।

150. ਟੁਕ ਬੂਝ ਮਨ ਮੇਂ ਕਉਣ ਹੈ

ਟੁਕ ਬੂਝ ਮਨ ਮੇਂ ਕਉਣ ਹੈ,
ਸਭ ਦੇਖੁ ਆਵਾਗਉਣ ਹੈ।

ਮਨ ਅਉਰ ਹੈ ਤਨ ਅਉਰ ਹੈ,
ਮਨ ਕਾ ਵਸੀਲਾ ਪਉਣ ਹੈ।ਰਹਾਉ।

ਬੰਦਾ ਬਣਾਇਆ ਜਾਪ ਕੋ,
ਤੂੰ ਕੇਹਾ ਲੁਭਾਣਾ ਪਾਪ ਕੋ,
ਤੈਂ ਸਹੀ ਕੀ ਕੀਆ ਆਪ ਕੋ।1।

ਇਕ ਸ਼ਾਹ ਹੁਸੈਨ ਫ਼ਕੀਰ ਹੈ,
ਤੁਸੀਂ ਨ ਆਖੋ ਪੀਰ ਹੈ,
ਜਗ ਚਲਤਾ ਦੇਖਿ ਵਹੀਰ ਹੈ।2।

151. ਟੁਕ ਬੂਝ ਸਮਝ ਦਿਲ ਕੌਨ ਹੈ

ਟੁਕ ਬੂਝ ਸਮਝ ਦਿਲ ਕੌਨ ਹੈ।
ਮਨ ਕਾ ਵਸੀਲਾ ਪੌਨ ਹੈ।

ਬੰਦਾ ਬਨਾਇਆ ਜਾਪ ਕੋ।
ਤੂੰ ਕਿਆ ਭੁਲਾਵੈਂ ਪਾਪ ਕੋ।

ਮਨ ਔਰ ਹੈ ਮੁਖ ਔਰ ਹੈ।
ਦੁਨੀਆਂ ਆਵਾਗਉਨ ਹੈ।

ਸ਼ਾਹੁ ਹੁਸੈਨ ਫ਼ਕੀਰ ਹੈ।
ਜਗ ਚਲਤਾ ਦੇਖ ਵਹੀਰ ਹੈ।

152. ਤੁਸੀਂ ਬਈ ਨ ਭੁੱਲੋ

ਤੁਸੀਂ ਬਈ ਨ ਭੁੱਲੋ,
ਕਾਇ ਜੇ ਮੈਂ ਭੁਲੀਆਂ।

ਪ੍ਰੇਮ ਪਿਆਲਾ ਸਤਿਗੁਰ ਵਾਲਾ,
ਪੀਵਤਿ ਹੀ ਮੈਂ ਝੁਲੀਆਂ।1।ਰਹਾਉ।

ਲੋਕ ਲਾਜਿ ਕੁਲ ਕੀ ਮਿਰਜਾਦਾ,
ਡਾਲਿ ਸੱਜਣ ਵਲਿ ਚੁਲੀਆਂ।1।

ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਨਾਮੁ ਤੇਰੇ ਮੈਂ ਹੁਲੀਆਂ।2।

153. ਤੁਸੀਂ ਮਤਿ ਕੋਈ ਕਰੋ ਗੁਮਾਨ

ਤੁਸੀਂ ਮਤਿ ਕੋਈ ਕਰੋ ਗੁਮਾਨ,
ਜੋਬਨ ਧਨ ਠੱਗੁ ਹੈ।1।ਰਹਾਉ।

ਹੰਸਾਂ ਦੇ ਭੁਲਾਵੇ ਭੁਲੀ,
ਝੋਲੀ ਲੀਤਾ ਬੱਗ ਹੈ।1।

ਪੱਬਣ ਪੱਤ੍ਰ ਉਪਰਿ ਮੌਤ,
ਤਿਵਹੀਂ ਸਾਰਾ ਜੱਗ ਹੈ।2।

ਨਿੰਦਿਆ ਧ੍ਰੋਹ ਬਖੀਲੀ ਚੁਗਲੀ,
ਨਿੱਤ ਕਰਦਾ ਫਿਰਦਾ ਠੱਗ ਹੈ।3।

ਕਹੈ ਹੁਸੈਨ ਸੇਈ ਜੱਗ ਆਏ,
ਜਿਨ੍ਹਾਂ ਪਛਾਤਾ ਰੱਬ ਹੈ।4।

154. ਤੁਸੀਂ ਰਲ ਮਿਲਿ ਦੇਹੁ ਮੁਮਾਰਖਾਂ

ਤੁਸੀਂ ਰਲ ਮਿਲਿ ਦੇਹੁ ਮੁਮਾਰਖਾਂ,
ਮੇਰਾ ਸੋਹਣਾ ਸਜਣ ਘਰਿ ਆਇਆ ਹੀ।1।ਰਹਾਉ।

ਜਿਸ ਸਜਣ ਨੂੰ ਮੈਂ ਢੂੰਢੇਦੀ ਵਤਾਂ,
ਸੋ ਸਜਣ ਮੈਂ ਪਾਇਆ ਹੀ।1।

ਵੇਹੜਾ ਤਾਂ ਅੰਙਣੁ ਮੇਰਾ,
ਭਇਆ ਸੁਹਾਵਣਾ,
ਮਾਥੇ ਨੂਰ ਸੁਹਾਇਆ ਹੀ।2।

ਕਹੈ ਹੁਸੈਨ ਫ਼ਕੀਰ ਨਿਮਾਣਾ,
ਮੁਰਸ਼ਦ ਦੋਸਤ ਮਿਲਾਇਆ ਹੀ।3।

155. ਵਾਹੋ ਬਣਦੀ ਹੈ ਗਲ

ਵਾਹੋ ਬਣਦੀ ਹੈ ਗਲ,
ਸਜਣ ਨਾਲਿ ਮੇਲਾ ਕਰੀਐ।
ਪਾਰਿ ਖੜਾ ਮਿਤਰ ਰਾਂਝਣ,
ਸਾਰੇ ਬਾਹਲੀਐ ਨੈਂ ਤਰੀਐ।ਰਹਾਉ।

ਭਉ ਸਾਗਰੁ ਬਿਖ਼ੜਾ ਅਤਿ ਭਾਰੀ,
ਸਾਧਾਂ ਦੇ ਲੇੜੇ ਚੜੀਐ।1।

ਸਾਈਂ ਕਾਰਨਿ ਜੋਗਨਿ ਹੋਵਾਂ,
ਕਰੀਐ ਜੋ ਕਿਛੁ ਸਰੀਐ।2।

ਲੱਖ ਟੱਕਾ ਮੈਂ ਸਰੀਨੀ ਦੇਵਾਂ,
ਜੇ ਸਹੁ ਪਿਆਰਾ ਵਰੀਐ।3।

ਮਿਲਿਆ ਯਾਰ ਹੋਈ ਰੁਸਨਾਈ,
ਦਮ ਸੁਕਰਾਨੇ ਦਾ ਭਰੀਐ।4।

ਕਹੈ ਹੁਸੈਨ ਹਯਾਤੀ ਲੋੜੈਂ,
ਤਾਂ ਜੀਂਵਦਿਆਂ ਹੀ ਮਰੀਐ।5।

156. ਵਾਰੇ ਵਾਰੇ ਜਾਨੀ ਹਾਂ ਘੋਲੀਆਂ(ਘੋਲੀ ਆਹੀ) ਨੀਂ

ਵਾਰੇ ਵਾਰੇ ਜਾਨੀ ਹਾਂ ਘੋਲੀਆਂ(ਘੋਲੀ ਆਹੀ) ਨੀਂ।ਰਹਾਉ।

ਜਿਸ ਸਾਜਨ ਦਾ ਦੇਵਉ ਤੁਸੀਂ ਮੇਹਣਾ,
ਤਿਸ ਸਾਜਨ ਦੀ ਮੈਂ ਗੋਲੀ ਆਹੀ ਨੀਂ।1।

ਅਚਾਚੇਤੀ ਭੋਲਿ ਭੁਲਾਵੇ,
ਬਾਬਲ ਦੇ ਘਰ ਭੋਲੀ ਆਹੀ ਨੀਂ।2।

ਕਹੈ ਹੁਸੈਨ ਫ਼ਕੀਰ ਨਿਮਾਣਾ,
ਤੁਧੁ ਬਾਝਉ ਕੋਈ ਹੋਰ ਨ ਜਾਣਾ,
ਖ਼ਾਕ ਪੈਰਾਂ ਦੀ ਮੈਂ ਰੋਲੀ ਆਹੀ ਨੀਂ।3।

157. ਵਾਰੀ ਵੋ ਦੇਖ ਨਿਮਾਣਿਆਂ ਦਾ ਹਾਲੁ

ਵਾਰੀ ਵੋ ਦੇਖ ਨਿਮਾਣਿਆਂ ਦਾ ਹਾਲੁ,
ਕਦਾਵੀ ਵੋ ਮਿਹਰ ਪਵੀ।ਰਹਾਉ।

ਰਾਤੀਂ ਦਰਦ ਦਿਹੇਂ ਦਰਮਾਂਦੀ,
ਬਿਰਹੁ ਭਛਾਇਅੜ ਸੀਂਹ।1।

ਰੋ ਰੋ ਨੈਣ ਭਰੇਨੀ ਹਾਂ ਝੋਲੀ,
ਜਿਉਂ ਸਾਵਣਦੜੋ ਮੀਂਹੁ।2।

ਗਲ ਵਿਚ ਪੱਲੂ ਮੈਂਡਾ ਦਸਤ ਪੈਰਾਂ ਤੇ,
ਕਦੀ ਤਾਂ ਅਸਾਡੜਾ ਥੀਉ।3।

ਸਿਰ ਸਦਕੇ ਕੁਰਬਾਨੀ ਕੀਤੀ,
ਘੋਲ ਘੁਮਾਂਦੀ ਹਾਂ ਜੀਉ।4।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਹੋਰ ਭਰੋਸਾ ਨਹੀਂ ਕਹੀ ਦਾ,
ਆਨ ਮਿਲਾਅੜੋ ਪੀਉ।5।

158. ਵੋ ਗੁਮਾਨੀਆਂ, ਦਮ ਗਨੀਮਤ ਜਾਣ

ਵੋ ਗੁਮਾਨੀਆਂ, ਦਮ ਗਨੀਮਤ ਜਾਣ।ਰਹਾਉ।

ਕਿਆ ਲੈ ਆਇਆ ਕਿਆ ਲੈ ਜਾਸੈਂ,
ਫਾਨੀ ਕੁਲ ਜਹਾਨ।1।

ਚਾਰ ਦਿਹਾੜੈ ਗੋਇਲ ਵਾਸਾ,
ਇਸ ਜੀਵਨ ਦਾ ਕੀ ਭਰਵਾਸਾ,
ਨਾ ਕਰਿ ਇਤਨਾ ਮਾਣ।2।

ਕਹੈ ਹੁਸੈਨ ਫ਼ਕੀਰ ਨਿਮਾਣਾ,
ਆਖ਼ਰ ਖ਼ਾਕ ਸਮਾਣ।3।

159. ਵੋ ਕੀ ਆਕੜਿ ਆਕੜਿ ਚਲਣਾ

ਵੋ ਕੀ ਆਕੜਿ ਆਕੜਿ ਚਲਣਾ।ਰਹਾਉ।

ਖਾਇ ਖੁਰਾਕਾਂ ਤੇ ਪਹਿਣ ਪੁਸ਼ਾਕਾਂ,
ਕੀ ਜਮ ਦਾ ਬਕਰਾ ਪਲਣਾ।2।

ਸਾਢੇ ਤਿੰਨ ਹਥਿ ਮਿਲਕੁ ਤੁਸਾਡਾ,
ਕਿਉਂ ਜੂਹ ਪਰਾਈ ਮੱਲਣਾ।2।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਅੰਤ ਖਾਕ ਵਿਚ ਰਲਣਾ।3।

160. ਵੋ ਯਾਰੁ ਜਿਨ੍ਹਾਂ ਨੂੰ ਇਸ਼ਕ ਤਿਨਾਂ ਕੱਤਣ ਕੇਹਾ

ਵੋ ਯਾਰੁ ਜਿਨ੍ਹਾਂ ਨੂੰ ਇਸ਼ਕ ਤਿਨਾਂ ਕੱਤਣ ਕੇਹਾ,
ਅਲਬੇਲੀ ਕਿਉਂ ਕੱਤੇ।ਰਹਾਉ।

ਲੱਗਾ ਇਸ਼ਕ ਚੁੱਕੀ ਮਸਲਾਹਤ,
ਬਿਸਰੀਆਂ ਪੰਜੇ ਸੱਤੇ।1।

ਘਾਇਲੁ ਮਾਇਲੁ ਫਿਰੈ ਦਿਵਾਨੀ,
ਚਰਖੇ ਤੰਦ ਨ ਘੱਤੇ।2।

ਮੇਰੀ ਤੇ ਮਾਹੀ ਦੀ ਪਰੀਤਿ ਚਰੋਕੀ,
ਜਾਂ ਸਿਰੀ ਆਹੇ ਨ ਛੱਤੇ।3।

ਕਹੈ ਹੁਸੈਨ ਫ਼ਕੀਰ ਨਿਮਾਣਾ,
ਨੈਨ ਸਾਈਂ ਨਾਲਿ ਰੱਤੇ।4।

161. ਵੱਤ ਨ ਆਵਣਾ ਭੋਲੜੀ ਮਾਉ

ਵੱਤ ਨ ਆਵਣਾ ਭੋਲੜੀ ਮਾਉ,
ਏਹੋ ਵਾਰੀ ਤੇ ਏਹੋ ਦਾਉ।
ਭਲਾ ਕਰੈਂ ਤਾਂ ਭਜਿ ਲੈ ਨਾਉਂ।ਰਹਾਉ।

ਜਾਂ ਕੁਆਰੀ ਤਾਂ ਚਾਉ ਘਣਾ,
ਪੁਤ ਪਰਾਏ ਦੇ ਵਸਿ ਪਵਾਂ,
ਕਿਆ ਜਾਣਾ ਕੇਹੀ ਘੁੱਲੇ ਵਾਉ।1।

ਸੋ ਖੇਡਣੁ ਜਿਨ੍ਹਾਂ ਭਾਗੁ ਮਥੂਰੇ,
ਖੇਡਦਿਆਂ ਲਹਿ ਜਾਨ ਵਿਸੂਰੇ,
ਖੇਡ ਖਿਡੰਦੜੀ ਦਾ ਲਥਾ ਚਾਉ।2।

ਚਉਪੜਿ ਦੇ ਖਾਨੇ ਚਉਰਾਸੀ,
ਜੋ ਪੁੱਗੇ ਸੇ ਚੋਟ ਨ ਖਾਸੀ,
ਕਿਆ ਜਾਣਾ ਕਿਆ ਪਉਸੀ ਦਾਉ।3।

ਸਾਚੀ ਸਾਖੀ ਕਹੈ ਹੁਸੈਨਾ,
ਜਾਂ ਜੀਵੇਂ ਤਾਹੀਂ ਸੁਖ ਚੈਨਾ,
ਫੇਰ ਨ ਲਹਿਸੀਆ ਪਛੋਤਾਉ।4।

162. ਵੱਤ ਨ ਦੁਨੀਆਂ ਆਵਣ

ਵੱਤ ਨ ਦੁਨੀਆਂ ਆਵਣ।
ਸਦਾ ਨ ਫੁਲੇ ਤੋਰੀਆ,
ਸਦਾ ਨ ਲੱਗੇ ਸਾਵਣ।ਰਹਾਉ।

ਏਹ ਜੋਬਨ ਤੇਰਾ ਚਾਰ ਦਿਹਾੜੇ,
ਕਾਹੇ ਕੂੰ ਝੂਠ ਕਮਾਵਣ।

ਪੇਵਕੜੈ ਦਿਨ ਚਾਰ ਦਿਹਾੜੇ,
ਅਲਬਤ ਸਹੁਰੇ ਜਾਵਣ।

ਸ਼ਾਹ ਹੁਸੈਨ ਫ਼ਕੀਰ ਸਾਂਈਂ ਦਾ,
ਜੰਗਲ ਜਾਇ ਸਮਾਵਣ।

163. ਵੇਲਾ ਸਿਮਰਣ ਦਾ ਨੀ, ਉੱਠੀ ਰਾਮੁ ਧਿਆਇ

ਵੇਲਾ ਸਿਮਰਣ ਦਾ ਨੀ,
ਉੱਠੀ ਰਾਮੁ ਧਿਆਇ।ਰਹਾਉ।

ਹੱਥ ਮਲੇ ਮਲ ਪਛੋਤਾਸੀਂ,
ਜਦੁ ਵੈਸੀਆ ਵਖਤ ਵਿਹਾਇ।੧।

ਇਸ ਤਿੜੇ ਤੋਂ ਭਰ ਭਰ ਗਈਆਂ,
ਤੂੰ ਆਪਣੀ ਵਾਰ ਲੰਘਾਇ।੨।

ਇਕਨਾ ਭਰਿਆ ਇਕ ਭਰ ਗਈਆਂ,
ਇਕ ਘਰੇ ਇਕ ਰਾਹਿ।੩।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਆਤਣ ਫੇਰਾ ਪਾਇ।੪।

164. ਯਾ ਦਿਲਬਰ ਯਾ ਸਿਰ ਕਰ ਪਿਆਰਾ

ਯਾ ਦਿਲਬਰ ਯਾ ਸਿਰ ਕਰ ਪਿਆਰਾ।

ਜੇ ਤੂੰ ਹੈਂ ਮੁਸ਼ਤਾਕ ਯਗਾਨਾ।
ਸਿਰ ਦੇਵਣ ਦਾ ਛੋਡ ਬਹਾਨਾ।

ਦੇ ਦੇ ਲਾਲ ਲਬਾਂ ਦੇ ਲਾਰੇ।
ਸੂਲੀ ਉਪਰ ਚੜ੍ਹ ਲੈ ਹੁਲਾਰੇ।

ਜਿਨ੍ਹਾਂ ਸਚ ਤਿਨ੍ਹਾਂ ਲਬ ਨਹੀਂ ਪਿਆਰੇ।
ਸਚੋ ਸਚ ਫਿਰ ਸਾਚ ਨਿਹਾਰੇ।

ਸ਼ਾਹ ਹੁਸੈਨ ਜਿਨ੍ਹਾਂ ਸੱਚ ਪਛਾਤਾ।
ਕਾਮਲ ਇਸ਼ਕ ਤਿਨ੍ਹਾਂ ਦਾ ਜਾਤਾ।

ਆਇ ਮਿਲਿਆ ਤਿਨ੍ਹਾਂ ਪਿਆਰਾ।