ਸਮੱਗਰੀ 'ਤੇ ਜਾਓ

ਕਾਫ਼ੀਆਂ ਸ਼ਾਹ ਹੁਸੈਨ (ਚਰਨ ਪਪਰਾਲਵੀ)

ਵਿਕੀਸਰੋਤ ਤੋਂ
ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ (2009)
 ਚਰਨ ਪਪਰਾਲਵੀ
57291ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ2009ਚਰਨ ਪਪਰਾਲਵੀ

ਕਾਫੀਆਂ ਸ਼ਾਹ ਹੁਸੈਨ


ਕਾਫ਼ੀਆਂ ਸ਼ਾਹ ਹੁਸੈਨ

ਸ਼ਾਹ ਹੁਸੈਨ

ਸੰ: ਚਰਨ ਪਪਰਾਲਵੀ

ਸੰਗਮ ਪਬਲੀਕੇਸ਼ਨਜ਼, ਸਮਾਣਾ

ਕਾਫ਼ੀਆਂ ਸ਼ਾਹ ਹੁਸੈਨ
(kafian Shah Hussain)
By
Shah Hussain
Edited by
Charan Papralvi

© ਪ੍ਰਕਾਸ਼ਕ

2009

ਪ੍ਰਕਾਸ਼ਕਅਸ਼ੋਕ ਕੁਮਾਰ ਗਰਗ
ਸੰਗਮ ਪਬਲੀਕੇਸ਼ਨਜ਼,
502/9, ਸੇਖੋਂ ਕਲੋਨੀ, ਪਿੱਛੇ ਬੱਸ ਸਟੈਂਡ,
ਸਮਾਣਾ-147101 , ਜ਼ਿਲ੍ਹਾ: ਪਟਿਆਲਾ
ਫੋਨ: 01764-223047, 222347

ਪ੍ਰਿੰਟਰਜ਼ਬਰਾਈਟ ਪ੍ਰਿੰਟਰਜ਼, ਜਲੰਧਰ

ਟਾਈਪਚਰਨਜੀਤ ਸਿੰਘ

ਮੁੱਲ40/- ਰੁਪੈ

ਪਾਠਕਾਂ ਦੀ ਸਹੂਲਤ ਲਈ ਸ਼ਾਹ ਹੁਸੈਨ ਦੁਆਰਾ ਰਚਿਤ ਅਮਰ ਕ੍ਰਿਤ 'ਕਾਫ਼ੀਆਂ ਸ਼ਾਹ ਹੁਸੈਨ' ਦਾ ਸਸਤਾ ਪੇਪਰ ਬੈਕ ਐਡੀਸ਼ਨ ਛਾਪ ਕੇ ਸਾਨੂੰ ਬਹੁਤ ਪ੍ਰਸੰਨਤਾ ਮਹਿਸੂਸ ਹੋ ਰਹੀ ਹੈ। ਇਸ ਦਰਵੇਸ਼ ਕਵੀ ਨੇ ਸੰਸਾਰ ਦੇ ਜੀਵਾਂ ਨੂੰ ਮੰਦੇ ਕੰਮਾਂ ਵੱਲੋਂ ਧਿਆਨ ਹਟਾ ਕੇ ਸਦਮਾਰਗ ਉੱਤੇ ਚੱਲਣ ਅਤੇ ਉਸ ਪ੍ਰਮਾਤਮਾ ਨੂੰ ਹਰ ਪਲ ਯਾਦ ਰੱਖਣ ਲਈ ਅਤੇ ਉਸਦੀ ਬੰਦਗੀ ਕਰਨ ਲਈ ਵਾਰ ਵਾਰ ਚਿਤਾਵਨੀ ਦਿੱਤੀ ਹੈ। ਸੋ ਇਸ ਪੁਸਤਕ ਨੂੰ ਪੜ੍ਹ ਕੇ ਕਵੀ ਦੇ ਉਪਦੇਸ਼ਾਂ ਉੱਤੇ ਅਮਲ ਕਰਨ ਨਾਲ ਅਸੀਂ ਜੀਵਨ ਵਿੱਚ ਕੁੱਝ ਸਾਕਾਰਾਤਮਕ ਸੇਧ ਲੈ ਸਕਦੇ ਹਾਂ।

ਸ਼ਾਹ ਹੁਸੈਨ: ਜੀਵਨ ਤੇ ਰਚਨਾ

ਸ਼ਾਹ ਹੁਸੈਨ (1538-1599) ਉਨ੍ਹਾਂ ਮਹਾਨ ਮਹਾਂ ਕਵੀਆਂ ਵਿੱਚੋਂ ਇੱਕ ਹੈ ਜਿਸਨੇ ਇਸ਼ਕ ਹਕੀਕੀ ਦੇ ਬਿਆਨ ਵਿੱਚ ਬਿਰਹਾ ਦੀਆਂ ਸਿਖਰਾਂ ਨੂੰ ਛੂਹਿਆ ਹੈ। ਉਸਨੇ ਨਿਰੋਲ ਰੱਬੀ ਮੁਹੱਬਤ ਦੇ ਰੰਗ ਵਾਲਾ ਕਲਾਮ ਰਚਿਆ ਹੈ। ਸ਼ੁਰ੍ਹਾ ਦੀ ਪਾਬੰਦੀ ਨੂੰ ਤਿਆਗ ਕੇ ਉਸਨੇ ਆਪਣੇ ਪਾਕ ਕਲਾਮ ਵਿੱਚ ਧਾਰਮਿਕ ਕੱਟੜਤਾ ਨੂੰ ਨੇੜੇ ਵੀ ਫਟਕਣ ਨਹੀਂ ਦਿੱਤਾ।

ਉਸਨੇ ਬਹੁਤ ਸੌਖੀ ਅਤੇ ਸਰਲ ਭਾਸ਼ਾ ਵਿੱਚ ਕਾਫੀਆਂ ਰਚੀਆਂ ਹਨ। ਸ਼ਬਦ ਚੋਣ ਬਹੁਤ ਕਮਾਲ ਦੀ ਹੈ। ਕਾਫੀਆਂ ਨੂੰ ਪੜ੍ਹਦੇ ਹੋਏ ਇਉਂ ਜਾਪਦਾ ਹੈ ਜਿਵੇਂ ਸ਼ਬਦ ਭਾਵਾਂ ਦੀ ਸਾਕਾਰ ਮੂਰਤ ਬਣ ਕੇ ਖੜ੍ਹੇ ਹੋ ਜਾਂਦੇ ਹੋਣ। ਅਰਬੀ-ਫਾਰਸੀ ਤੇ ਲਹਿੰਦੀ ਦੇ ਸ਼ਬਦ ਪ੍ਰਯੋਗ ਨੇ ਇਸ ਕਲਾਮ ਨੂੰ ਹੋਰ ਵੀ ਮਿੱਠਾ ਤੇ ਭਾਵ ਪੂਰਤ ਬਣਾ ਦਿੱਤਾ ਹੈ।

ਕਵੀ ਦਾ ਕਲਾਮ ਪੜ੍ਹ ਕੇ ਇਹ ਸਿੱਟਾ ਨਿੱਕਲਦਾ ਹੈ ਕਿ ਉਹ ਬੰਦਗੀ ਨੂੰ ਸਾਰੇ ਦੁੱਖਾਂ, ਕਲੇਸ਼ਾਂ ਦਾ ਨਾਸ਼ ਕਰਨ ਵਾਲੀ ਮੰਨਦਾ ਹੈ। ਇਸ ਲਈ ਉਸਦਾ ਨਿਰਾਸ਼ਾਵਾਦ ਵੀ ਆਸ਼ਾਵਾਦ ਦਾ ਸੁਨੇਹਾ ਦਿੰਦਾ ਹੈ।

ਉਸਨੇ ਆਪਣੇ ਭਾਵ ਪ੍ਰਗਟਾਉਣ ਲਈ ਦੁਨਿਆਵੀ ਕਾਰ ਵਿਹਾਰ ਵਿੱਚੋਂ ਆਮ ਵਰਤੋਂ ਦੇ ਪ੍ਰਤੀਕਾਂ ਦੀ ਚੋਣ ਕੀਤੀ ਹੈ ਜਿਵੇਂ ਸੁਹਾਗਾਣ, ਚਰਖਾ ਦਾਜ, ਡੋਲੀ ਆਦਿ।

ਇਸ ਫ਼ਕੀਰ ਦਾ ਪੰਜਾਬ ਦੇ ਹਿੰਦੂ ਸਾਧੂ-ਸੰਤਾਂ ਨਾਲ

ਮੇਲ ਮਿਲਾਪ ਸੀ। ਜਿਸ ਕਾਰਣ ਉਸਦੇ ਕਲਾਮ ਵਿੱਚੋਂ ਏਕਤਾ ਅਤੇ ਸਾਂਝੀ ਰੂਹਾਨੀਅਤ ਦਾ ਪ੍ਰਭਾਵ ਸਪਸ਼ਟ ਦ੍ਰਿਸ਼ਟੀਗੋਚਰ ਹੁੰਦਾ ਹੈ। ਭਾਰਤੀ ਚਿੰਤਨਧਾਰਾ ਦੇ ਪ੍ਰਭਾਵ ਕਾਰਣ ਸ਼ਾਹ ਹੁਸੈਨ ਨੇ ਇਸ ਸੰਸਾਰ ਦੀ ਨਾਸ਼ਮਾਨਤਾ ਦਾ ਬੜੀ ਉੱਚੀ ਸੁਰ ਵਿੱਚ ਜ਼ਿਕਰ ਕੀਤਾ ਹੈ। ਉਸਨੇ ਇਸ ਸਚਾਈ (ਜੀਵਨ ਦੀ ਨਾਸ਼ਮਾਨਤਾ) ਨੂੰ ਬੜੇ ਕਾਵਿਕ ਢੰਗ ਨਾਲ ਪੇਸ਼ ਕੀਤਾ ਹੈ।

ਉਸਦੀ ਇਹ ਰਚਨਾ ਪ੍ਰਮਾਤਮਾ ਦੀ ਬੰਦਗੀ ਉੱਤੇ ਵਾਰ ਵਾਰ ਜ਼ੋਰ ਪਾਉਂਦੀ ਹੈ ਤਾਂ ਜੋ ਮਨੁੱਖ ਆਪਣੇ ਦੁਨਿਆਵੀ ਕਾਰ ਵਿਹਾਰਾਂ ਵਿੱਚੋਂ ਕੁੱਝ ਸਮਾਂ ਕੱਢ ਕੇ ਆਪਣਾ ਅਗਲਾ ਸਫਰ (ਮਰਨ ਤੋਂ ਬਾਦ ਦਾ) ਸੁਖਾਲਾ ਬਣਾ ਸਕੇ।

(1)


ਓਥੇ ਹੋਰ ਨ ਕਾਇ ਕਬੂਲ ਮੀਆਂ,
ਗਲਿ ਨੇਹੁੰ ਦੀ।

ਇੱਕ ਲਾਇ ਬਿਭੂਤ ਬਹਿਣ ਲਾਇ ਤਾੜੀ,
ਇੱਕ ਨੰਗੇ ਫਿਰਦੇ ਵਿੱਚ ਉਜਾੜੀਂ।
ਕੋਈ ਦਰਦੁ ਨ ਛਾਤੀ ਤੇਂਹ ਦੀ।

ਇਕ ਰਾਤੀ ਜਾਗਣ ਜ਼ਿਕਰ ਕਰੇਂਦੇ,
ਇਕ ਸਰਦੇ ਫਿਰਦੇ ਭੁੱਖ ਮਰੇਂਦੇ,
ਜਾਇ ਨਹੀਂ ਉਥੇ ਕੇਂਹ ਦੀ।

ਇਕ ਪੜ੍ਹਦੇ ਨੀ ਹਰਫ ਕੁਰਾਨਾਂ
ਇਕ ਮਸਲੇ ਕਰਦੇ ਨਾਲ ਜ਼ਬਾਨਾਂ,
ਇਹ ਗਲਿ ਨ ਹਾਸੀ ਹੇਂਹ ਦੀ।

ਕਾਮਲ ਦੇ ਦਰਵਾਜੇ ਜਾਵੇਂ,
ਖੈਰ ਨੇਹੁੰ ਦਾ ਮੰਗ ਲਿਆਵੇਂ,
ਤਾਂ ਖਬਰ ਪਈ ਤਿਸ ਥੇਂਹ ਦੀ।

ਕਹੈ ਹੁਸੈਨ ਫ਼ਕੀਰ ਗਦਾਈ,
ਲੱਖਾਂ ਦੀ ਗਲ ਏਹਾ ਆਹੀ,
ਤਲਬ ਨੇਹੀਂ ਨੂੰ ਨੇਹ ਦੀ।

(2)


ਅਸਾਂ ਕਿਤ ਕੂੰ ਸ਼ੇਖ ਸਦਾਵਣਾ,
ਘਰਿ ਬੈਠਿਆਂ ਮੰਗਲ ਗਾਵਣਾ,
ਅਸਾਂ ਟੁਕਰ ਮੰਗਿ ਮੰਗਿ ਖਾਵਣਾ,
ਅਸਾਂ ਏਹੋ ਕੰਮ ਕਮਾਵਣਾ

ਇਸ਼ਕ ਫ਼ਕੀਰਾਂ ਦੀ ਟੋਹਣੀ
ਇਹ ਵਸਤ ਅਗੋਚਰ ਜੋਹਣੀ,
ਅਸਾਂ ਤਲਬ ਤੇਰੀ ਹੈ ਸੋਹਣੀ,
ਅਸਾਂ ਹਰ ਦੰਮ ਰੱਬ ਧਿਆਵਣਾ।

ਅਸਾਂ ਹੋਰਿ ਨਾ ਕਿਸੇ ਆਖਣਾ,
ਅਸਾਂ ਨਾਮ ਸਾਈਂ ਦਾ ਭਾਖਣਾ,
ਇੱਕ ਤਕੀਆ ਤੇਰਾ ਰਾਖਣਾ,
ਅਸਾਂ ਮਨ ਅਪੁਨਾ ਸਮਝਾਵਣਾ।

ਅਸਾਂ ਅੰਦਰ ਬਾਹਿਰ ਲਾਲੁ ਹੈ,
ਅਸਾਂ ਮੁਰਸ਼ਿਦ ਨਾਲ ਪਿਆਰ ਹੈ,
ਅਸਾਂ ਏਹੋ ਵਣਜ ਵਪਾਰ ਹੈ,
ਅਸਾਂ ਜੀਵੰਦਿਆਂ ਮਰਿ ਜਾਵਣਾ।

ਕੋਈ ਮੁਰੀਦੁ ਕੋਈ ਪੀਰ ਹੈ,
ਏਹ ਦੁਨੀਆਂ ਸਭ ਜ਼ਹੀਰ ਹੈ।
ਇਕ ਸ਼ਾਹੁ ਹੁਸੈਨ ਫ਼ਕੀਰ ਹੈ,
ਅਸਾਂ ਰਲਿ ਮਿਲਿ ਝੁਰਮਟਿ ਪਾਵਣਾ।

(3)


ਅਸਾਂ ਬਹੁੜਿ ਨਾ ਦੁਨਿਆਂ ਆਵਣਾ
ਸਦਾ ਨਾ ਫੁਲਨਿ ਤੋਰੀਆਂ,
ਸਦਾ ਨਾ ਲਗਦੇ ਨੀ ਸਾਵਣਾ।

ਸੋਈ ਕੰਮੁ ਵਿਚਾਰਿ ਕੇ ਕੀਜੀਐ ਜੀ,
ਜਾਂ ਤੇ ਅੰਤੁ ਨਹੀਂ ਪਛੁਤਾਵਣਾ

ਕਹੈ ਸ਼ਾਹ ਹੁਸੈਨ ਸੁਣਾਇ ਕੈ,
ਅਸਾਂ ਖ਼ਾਕ ਦੇ ਨਾਲ ਸਮਾਵਣਾ।

(4)


ਅਸੀਂ ਬੁਰੀਆਂ ਵੇ ਲੋਕਾ ਬੁਰੀਆਂ,
ਕੋਲ ਨ ਬਹੁ ਵੇ ਅਸੀਂ ਬੁਰੀਆਂ।

ਤੀਰਾਂ ਤੇ ਤਲਵਾਰਾਂ ਕੋਲੋਂ,
ਤਿੱਖੀਆਂ ਨੈਣਾਂ ਦੀਆਂ ਛੁਰੀਆਂ।

ਸੱਜਣ ਅਸਾਡੇ ਪਰਦੇਸ ਸਿਧਾਣੇ,
ਅਸੀਂ ਵਿਦਿਆ ਕਰਕੇ ਮੁੜੀਆਂ।

ਜੇ ਤੂੰ ਤਖ਼ਤ ਹਜ਼ਾਰੇ ਦਾ ਸਾਈਂ,
ਅਸੀਂ ਸਿਆਲਾਂ ਦੀਆਂ ਕੁੜੀਆਂ।

ਕਹੈ ਹੁਸੈਨ ਫ਼ਕੀਰ ਰਬਾਣਾ,
ਲੱਗੀਆਂ ਮੂਲ ਨ ਮੁੜੀਆਂ।

(5)


ਅਹਿਨਿਸਿ ਵਸਿ ਰਹੀ ਦਿਲ ਮੇਰੇ,
ਸੂਰਤਿ ਯਾਰੁ ਪਿਆਰੇ ਦੀ।

ਬਾਗ ਤੇਰਾ ਬਗੀਚਾ ਤੇਰਾ,
ਮੈਂ ਬੁਲਿ ਬੁਲਿ ਬਾਗ ਤਿਹਾਰੇ ਦੀ
ਆਪਣੇ ਸ਼ਹੁ ਨੂੰ ਆਪ ਰੀਝਾਵਾਂ,
ਹਾਜਤਿ ਨਹੀਂ ਪਸਾਰੇ ਦੀ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਥੀਵਾਂ ਖ਼ਾਕੁ ਦੁਆਰੇ ਦੀ।

(6)


ਅਤਣ ਮੈਂ ਕਿਉਂ ਆਈ ਸਾਂ,
ਮੇਰੀ ਤੰਦੁ ਨਾ ਪਈਆ ਕਾਇ।

ਆਉਂਦਿਆਂ ਉਠਿ ਖੇਡਿਣ ਲੱਗੀ,
ਚਰਖਾ ਛਡਿਆ ਚਾਇ।

ਕਤਣ ਕਾਰਣ ਗੋਹੜੇ ਆਂਦੇ,
ਗਇਆ ਬਲੇਦਾ ਖਾਇ।

ਹੋਰਨਾਂ ਦੀਆਂ ਅੜੀ ਅੱਟੀਆਂ,
ਨਿਮਾਣੀ ਦੀ ਅੜੀ ਕਪਾਹਿ।

ਹੋਰਨਾ ਕੱਤੀਆਂ ਪੰਜ ਸੱਤ ਪੂਣੀਆਂ,
ਮੈਂ ਕੀ ਆਖਾਂਗੀ ਜਾਇ।

ਕਹੈ ਹੁਸੈਨ ਸੁਚਜੀਆਂ ਨਾਰੀਂ,
ਲੈਸਨ ਸ਼ਹੁ ਗਲ ਲਾਇ।

(7)


ਅਨੀ ਸਈਓ ਨੀਂ,
ਮੈਂ ਕੱਤਿਦੀ ਕੱਤਿਦੀ ਹੁੱਟੀ।

ਅੱਤਣ ਦੇ ਵਿੱਚ ਗੋੜ੍ਹੇ ਰੁਲਦੇ,
ਹਥਿ ਵਿੱਚ ਰਹਿ ਗਈ ਜੁੱਟੀ

ਸਾਰੇ ਵਰ੍ਹੇ ਵਿੱਚ ਛੱਲੀ ਇੱਕ ਕੱਤੀ,
ਕਾਮ ਮਰੇਂਦਾ ਝੁੱਟੀ

ਸੇਜੇ ਆਵਾਂ ਕੰਤ ਨ ਭਾਵਾਂ,
ਕਾਈ ਵੱਗ ਗਈ ਕਲਮੁ ਅਪੁੱਠੀ।

ਭਲਾ ਭਇਆ ਮੇਰਾ ਚਰਖਾ ਭੰਨਾ,
ਮੇਰੀ ਜਿੰਦ ਅਜਾਬੋਂ ਛੁੱਟੀ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਸਭ ਦੁਨੀਆਂ ਜਾਂਦੀ ਡਿੱਠੀ।

(8)


ਅਨੀ ਜਿੰਦੇ ਮੈਡੜੀਏ,
ਤੇਰਾ ਨਲੀਆਂ ਦਾ ਵਖਤੁ ਵਿਹਾਣਾ

ਰਾਤੀਂ ਕੱਤੇ, ਦਿਹੀਂ ਅਟੇਰੇਂ,
ਗੋਸ਼ੇ ਲਾਇਓ ਤਾਣਾ।

ਕੋਈ ਜੋ ਤੰਦ ਪਈ ਅਵੱਲੀ,
ਸਾਹਿਬ ਮੂਲ ਨਾ ਭਾਣਾ

ਚੀਰੀ ਆਈ ਢਿਲ ਨਾ ਕਾਈ
ਕਿਆ ਰਾਜਾ ਕਿਆ ਰਾਣਾ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਡਾਢੇ ਦਾ ਰਾਹੁ ਨਿਮਾਣਾ।

(9)


ਅਮਲਾਂ ਦੇ ਉਪਰਿ ਹੋਗ ਨਿਬੇੜਾ
ਕਿਆ ਸੂਫੀ ਕਿਆ ਭੰਗੀ।

ਜੋ ਰੱਬ ਭਾਵੇ ਸੋਈ ਬੀਸੀ,
ਸਾਈ ਬਾਤ ਹੈ ਚੰਗੀ।

ਆਪੇ ਏਕ ਅਨੇਕ ਕਹਾਵੈ,
ਸਾਹਿਬੁ ਹੈ ਬਹੁ ਰੰਗੀ।

ਕਹੈ ਹੁਸੈਨ ਸੁਹਾਗਨਿ ਸੋਈ,
ਜੋ ਸ਼ਹੁ ਦੇ ਰੰਗ ਰੰਗੀ।

(10)


ਆਉ ਕੁੜੇ ਰਲਿ ਝੂੰਮਰ ਪਾਉ ਨੀਂ,
ਆਉ ਕੁੜੇ ਰਲਿ ਰਾਮ ਧਿਆਉ ਨੀਂ।

ਮਾਣ ਲੈ ਗਲੀਆਂ ਬਾਬਲੁ ਵਾਲੀਆਂ,
ਵਤਿ ਨਾ ਖੇਡਣਿ ਦੇਸੀਆ ਮਾਉ ਨੀਂ।

ਸਾਡਾ ਜੀਉ ਮਿਲਣੁ ਨੂੰ ਕਰਦਾ,
ਸੁੰਞਾ ਲੋਕ ਬਖੀਲੀ ਮਰਦਾ।
ਸਾਨੂੰ ਮਿਲਣ ਦਾ ਪਹਿਲੜਾ ਚਾਉ ਨੀਂ।

ਸਈਆਂ ਵਸਨਿ ਰੰਗ ਮਹੱਲੀ।
ਚਾਉ ਜਿਨ੍ਹਾਂ ਦੇ ਖੇਡਣ ਚੱਲੀ।
ਹਥਿ ਅਟੇਰਨ ਰਹਿ ਗਈ ਛੱਲੀ।
ਦਰਿ ਮੁਕਲਾਊ ਬੈਠੇ ਆਉ ਨੀਂ।

ਉੱਚੇ ਪਿਪਲ ਪੀਂਘਾਂ ਪਈਆਂ,
ਸਭ ਸਈਆਂ ਮਿਲ ਝੂਟਨਿ ਗਈਆਂ,
ਆਪੋ ਆਪਣੀ ਗਈ ਲੰਘਾਉ ਨੀਂ।

ਕਹੈ ਹੁਸੈਨ ਫ਼ਕੀਰ ਨਿਮਾਣਾ।

ਦੁਨੀਆਂ ਛੋਡਿ ਆਖਰ ਮਰਿ ਜਾਣਾ।
ਕਦੀ ਤਾਂ ਅੰਦਰਿ ਝਾਤਿ ਪਾਉ ਨੀਂ।

(11)


ਆਖ ਨੀ ਮਾਏ ਆਖ ਨੀਂ,
ਮੇਰਾ ਹਾਲ ਸਾਈਂ ਅੱਗੇ ਆਖੁ ਨੀਂ।

ਪ੍ਰੇਮ ਦੇ ਧਾਗੇ ਅੰਤਰਿ ਲਾਗੈ,
ਸੂਲਾਂ ਸੀਤਾ ਮਾਸ ਨੀ।

ਨਿਤ ਜਣੇਦੀਏ ਭੋਲੀਏ ਮਾਏ,
ਜਣ ਕਰਿ ਲਾਇਓ ਪਾਪੁ ਨੀ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਜਾਣਦਾ ਮਉਲਾ ਆਪ ਨੀਂ।

(12)


ਆਗੈ ਨੈਂ ਡੂੰਘੀ ਮੈਂ ਕਿਤ ਗੁਣ ਲੰਘਸਾਂ ਪਾਰਿ।

ਰਾਤ ਅੰਨੇਰੀ ਪੰਧਿ ਦੁਰਾਡਾ,
ਸਾਥੀ ਨਹੀਓਂ ਨਾਲਿ।

ਨਾਲਿ ਮਲਾਹ ਦੇ ਅਣ ਬਣ ਹੋਈ,
ਉਹ ਸਚੇ, ਮੈਂ ਕੂੜਿ ਵਿਗੋਈ।
ਕੈ ਦਰਿ ਕਰੀਂ ਪੁਕਾਰ।

ਸਭਨਾਂ ਸਈਆਂ ਸਹੁ ਰਾਵਿਆ,
ਮੈਂ ਰਹਿ ਗਈ ਬੇ ਤਕਰਾਰਿ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਮੈਂ ਰੋਨੀਆਂ ਵਖਤਿ ਗੁਜਾਰਿ।

(13)


ਆਪ ਨੂੰ ਪਛਾਣ ਬੰਦੇ,
ਜੇ ਤੁਧ ਆਪਣਾ ਆਪ ਪਛਾਤਾ।
ਸਾਹਿਬ ਨੂੰ ਮਿਲਣ ਆਸਾਨ ਬੰਦੇ,
ਉੱਚੜੀ ਮਾੜੀ ਸੁਇਨੇ ਦੀ ਸੇਜਾ।
ਹਰ ਬਿਨ ਜਾਣ ਮਸਾਣ ਬੰਦੇ,
ਇਥੇ ਰਹਿਣ ਕਿਸੇ ਦਾ ਨਾਹੀਂ।
ਕਾਹੇ ਕੂੰ ਤਾਣਹਿ ਤਾਣ ਬੰਦੇ।
ਕਹੈ ਹੁਸੈਨ ਫ਼ਕੀਰ ਰੱਬਾਣਾ।
ਫ਼ਾਨੀ ਸਭ ਜਹਾਨ ਬੰਦੇ।

(14)


ਆਸ਼ਕ ਹੋਵੈ ਤਾਂ ਇਸ਼ਕ ਕਮਾਵੈਂ ,
ਰਾਹ ਇਸ਼ਕ ਦਾ ਸੂਈ ਦਾ ਨੱਕਾ,
ਤਾਗਾ ਹੋਵੈਂ ਤਾਂ ਜਾਵੈਂ।

ਬਾਹਿਰ ਪਾਕ ਅੰਦਰ ਆਲੂਦਾ,
ਕਿਆ ਤੂੰ ਸ਼ੇਖ ਕਹਾਵੈਂ।

ਕਹੈ ਹੁਸੈਨ ਜੇ ਫਾਰਗ ਥੀਵੈਂ,
ਤਾਂ ਖ਼ਾਸ ਮਰਾਤਬਾ ਪਾਵੈਂ।

(15)



ਆਖ਼ਰ ਦਾ ਦਮ ਬੁਝ, ਵੇ ਅੜਿਆ।
ਸਾਰੀ ਉਮਰ ਵੰਞਾਈਆ ਏਂਵੇ,
ਬਾਕੀ ਰਹੀਆ ਨਾ ਕੁਝ ਵੇ ਅੜਿਆ।

ਦਰਿ ਤੇ ਆਇ ਲੱਥੇ ਵਾਪਾਰੀ,
ਜੈਥੋਂ ਲੀਤੀਆ ਵਸਤੁ ਉਧਾਰੀ।
ਜਾਂ ਤਰਿ ਥੀਂਦਾ ਹੀ ਗੁਝਿ ਵੇ ਅੜਿਆ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਲੁਝ ਕੁਲਝਿ ਨਾ ਲੁੱਝਿ ਵੇ ਅੜਿਆ।

(16)



ਆਖਰ ਪਛੋਤਾਵੇਂਗੀ ਕੁੜੀਏ,
ਉਠਿ ਹੁਣ ਢੋਲ ਮਨਾਇ ਲੈ ਨੀਂ।

ਸੂਹੇ ਸਾਵੇ ਲਾਲ ਬਾਣੇ
ਕਰਿ ਲੈ ਕੁੜੀਏ ਮਨ ਦੇ ਭਾਣੇ।
ਇਕੁ ਘੜੀ ਸ਼ਹੁ ਮੂਲ ਨਾ ਭਾਣੇ,
ਜਾਸਣਿ ਰੰਗ ਵਟਾਇ।

ਕਿੱਥੇ ਨੀ ਤੇਰੇ ਨਾਲਿ ਦੇ ਹਾਣੀ,
ਕੱਲਰ ਵਿਚਿ ਸਭ ਜਾਇ ਸਮਾਣੀ।
ਕਿਥੇ ਹੀ ਤੇਰੀ ਉਹ ਜਵਾਨੀ,
ਕਿਥੇ ਤੇਰੇ ਹੁਸਨ ਹਵਾਇ।

ਕਿੱਥੇ ਨੀਂ ਤੇਰੇ ਤੁਰਕੀ ਤਾਜ਼ੀ,
ਸਾਈਂ ਬਿਨੁ ਸਭ ਕੂੜੀ ਬਾਜ਼ੀ।

ਕਿਥੇ ਨੀਂ ਤੇਰਾ ਸੁਇਨਾ ਰੁਪਾ,
ਹੋਏ ਖਾਕ ਸੁਆਹਿ।

ਕਿਥੇ ਨੀ ਤੇਰੇ ਮਾਣਕ ਮੋਤੀ,
ਅਹੁ ਦੇਖ ਜੰਜ ਤੇਰੀ ਆਇ ਖਲੋਤੀ।
ਕਹੈ ਹੁਸੈਨ ਫ਼ਕੀਰ ਨਿਮਾਣਾ,
ਪਉ ਸਾਈਂ ਦੇ ਰਾਹਿ।

(17)



ਇੱਕ ਦਿਨ ਤੈਨੂੰ ਸੁਪਨਾ ਥੀਸਨਿ,
ਗਲੀਆਂ ਬਾਬਲ ਵਾਲੀਆਂ ਵੋ।
ਉਡਿ ਗਏ ਭਉਰ ਫੁੱਲਾਂ ਦੀ ਕੋਲੋਂ,
ਸਣ ਪਤਰ ਸਣ ਡਾਲੀਆਂ।

ਜਿਤੁ ਤਨਿ ਲੱਗੀ ਸੋਈ ਤਨਿ ਜਾਣੇ
ਹੋਰ ਗੱਲਾਂ ਕਰਨ ਸੁਖਾਲੀਆਂ।

ਰਹੁ ਵੇ ਕਾਜ਼ੀ ਦਿਲ ਨਹੀਂਓ ਰਾਜੀ,
ਗੱਲਾਂ ਹੋਈਆਂ ਤਾਂ ਹੋਵਣਿ ਵਾਲੀਆਂ।

ਸੇਤੀ ਰਾਤੀ ਲੇਖੈ ਪਉਸਨਿ,
ਜੋ ਨਾਲ ਸਾਹਿਬ ਦੇ ਜਾਲੀਆਂ।

ਨਾਉ ਹੁਸੈਨ ਤੇ ਜਾਤ ਜੁਲਾਹਾ,
ਗਾਲੀਆਂ ਦੇਂਦੀਆਂ ਤਾਣੀਆਂ ਵਾਲੀਆਂ।

ਪਠਾਂਤਰ (17)



ਇਕ ਦਿਨ ਤੈਨੂੰ ਸੁਪਨਾ ਭੀ ਹੋਸਨ,
ਗਲੀਆਂ ਬਾਬਲ ਵਾਲੀਆਂ।
ਉਡਿ ਗਏ ਭੌਰ ਫੁੱਲਾਂ ਦੇ ਕੋਲੋਂ,
ਸਣ ਪੱਤਰਾਂ ਸਣ ਡਾਲੀਆਂ
ਜੰਗਲ ਢੂੰਡਿਆ ਮੈਂ ਬੇਲਾ ਢੂੰਡਿਆ,
ਬੂਟਾ ਬੂਟਾ ਕਰ ਡਾਲੀਆਂ।
ਕੱਤਣ ਬੈਠੀਆਂ ਵਤਿ ਵਤਿ ਗਈਆਂ,
ਜਿਉਂ ਜਿਉਂ ਖ਼ਸਮ ਸਮਾਲੀਆਂ।

ਸੇਈ ਰਾਤੀਂ ਲੇਖੇ ਪਈਆਂ,
ਜਿਕੇ ਨਾਲ ਮਿਤਰਾਂ ਦੇ ਜਾਲੀਆਂ।
ਜਿਸ ਤਨ ਲੱਗੀ ਸੋਈ ਤਨ ਜਾਣੈ,
ਹੋਰ ਗੱਲਾਂ ਕਰਨ ਸੁਖਾਲੀਆਂ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਬਿਰਹੋਂ ਤੁਸਾਡੇ ਜਾਲੀਆਂ।

(18)



ਇਕਿ ਦੁਇ ਤਿਨ ਚਾਰਿ ਪੰਜ,
ਛਿਇ ਸਤਿ ਅਸੀਂ ਅਠਿ ਨਉਂ।
ਚਰਖਾ ਚਾਇ ਸੱਭੇ ਘਰਿ ਗਈਆਂ,
ਰਹੀ ਇਕੇਲੀ ਇਕਿ ਹਉਂ।

ਜੇਹਾ ਰੇਜਾ ਠੋਕਿ ਵਣਾਇਓ,
ਤੇਹੀ ਚਾਦਰ ਤਾਣਿ ਸਉਂ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਆਇ ਲਗੀ ਹੁਣਿ ਛਕਿ ਪਉਂ।

(19)



ਇਕੁ ਅਰਜ਼ ਨਿਮਾਣਿਆਂ ਦੀ,
ਸੁਣ ਜਿੰਦੂ ਨੀ।
ਸੁਰਤਿ ਦਾ ਤਾਣਾ, ਨਿਰਤਿ ਦਾ ਬਾਣਾ,
ਹਰਿ ਹਰਿ ਪੇਟਾ ਵੁਣਿ ਜਿੰਦੂ ਨੀ।

ਕਾਹੇ ਕੋ ਝੂਰੇਂ ਤੇ ਝਖਿ ਮਾਰੈਂ,
ਰਾਮੁ ਭਜਨੁ ਬਿਨੁ ਬਾਜ਼ੀ ਹਾਰੈ,
ਬੀਜਿਆ ਹੀ ਸੋ ਲੁਣਿ ਜਿੰਦੂ ਨੀ।

ਕਾਹੇ ਗਰਬਹਿੰ ਦੇਖ ਜੁਆਨੀ,
ਤੈਂ ਜੇਹੀਆਂ ਕਈਆਂ ਖਾਨ-ਖਵਾਨੀ,
ਕਾਲਿ ਲਈਆਂ ਸਭੁ ਚੁਣਿ ਜਿੰਦੂ ਨੀ।

ਕਹੈ ਹੁਸੈਨ ਫ਼ਕੀਰ ਗਦਾਈ,
ਪੱਛੀ ਪੂਣੀ ਦੇਹਿ ਲੁਟਾਈ,
ਸ਼ਹੁ ਨੂੰ ਮਿਲਣੀ ਹੈਂ ਹੁਣ ਜਿੰਦੂ ਨੀ।

(20)


ਇੱਥੇ ਰਹਿਣਾ ਨਾਹੀਂ,
ਕੋਈ ਬਾਤ ਚਲਣੁ ਦੀ ਕਰੁ ਵੋ।
ਵੱਡੇ ਉਚੇ ਮਹਲ ਉਸਾਰਿਓ,
ਗੋਰ ਨਿਮਾਣੀ ਘਰੁ ਵੋ।

ਜਿਸ ਦੇਹੀ ਦਾ ਤੂੰ ਮਾਣ ਕਰੇਨੈ,
ਜਿਉਂ ਪਰਛਾਵੇ-ਢਰੁ ਵੋ।

ਛੋਡ ਤ੍ਰਿਖਾਈ ਪਕੜਿ ਹਲੀਮੀ
ਭੈ ਸਾਹਿਬ ਥੀਂ ਡਰੁ ਵੋ।

ਕਹੈ ਹੁਸੈਨ ਹਯਾਤੀ ਲੋੜੇਂ,
ਤਾਂ ਮਰਨ ਥੀਂ ਅਗੇ ਮਰ ਵੋ।

(21)



ਇਸ਼ਕ ਫ਼ਕੀਰਾਂ ਦਾ ਕਾਇਮ ਦਾਇਮ,
ਕਬਹੂੰ ਨਾ ਥੀਵੇ ਬੇਹਾ।
ਤੈਨੂੰ ਰੱਬ ਨ ਭੁੱਲੀ, ਦੁਆਇ ਫ਼ਕੀਰਾਂ ਦੀ ਏਹਾ।

ਹੋਰਨਾਂ ਨਾਲ ਹਸੰਦੀ ਖਿਡੰਦੀ,
ਸ਼ਾਹਾਂ ਥੋਂ ਘੁੰਦਗਟ ਕੇਹਾ।
ਸ਼ਹੁ ਨਾਲ ਤੂੰ ਮੂਲ ਨਾ ਬੋਲੈਂ,
ਏਹ ਗੁਮਾਨ ਕਿਵੇਹਾ।

ਚਾਰੇ ਨੈਣ ਗਡਾਵਡ ਹੋਏ,
ਵਿਚ ਵਿਚੋਲਾ ਕੇਹਾ।
ਉੱਛਲ ਨਦੀਆਂ ਤਾਰੂ ਹੋਈਆਂ,
ਵਿਚ ਬਰੇਤਾ ਕੇਹਾ।

ਆਪ ਖਾਨੀ ਹੈਂ ਦੁੱਧ ਮਲੀਦਾ,
ਸ਼ਾਹਾਂ ਨੂੰ ਟੁੱਕਰ ਬੇਹਾ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਮਰ ਜਾਣਾ ਤੇ ਮਾਣਾ ਕੇਹਾ।

(22)


ਈਵੈ ਗਈ ਵਿਹਾਇ,
ਕੋਈ ਦਮ ਯਾਦੁ ਨ ਕੀਤਾ
ਰਹੀ ਵੁਣਾਇ ਤਣਾਇ,
ਕੋਈ ਗਜ਼ ਪਾੜ ਨਾ ਲੀਤਾ।

ਕੋਰਾ ਗਈ ਹੰਢਾਇ,
ਕੋਈ ਰੰਗਦਾਰ ਨਾ ਲੀਤਾ।

ਭਰਿਆ ਸਰੁ ਲੀਲਾਇ,
ਕੋਈ ਬੁਕ ਝੋਲ ਨ ਪੀਤਾ।

ਕਹੈ ਹੁਸੈਨ ਗਦਾਇ,
ਚਲਦਿਆਂ ਵਿਦਾ ਨਾ ਕੀਤਾ।

(23)


ਈਵੇਂ ਗੁਜ਼ਰੀ ਗਾਲੀ ਕਰਦਿਆਂ,
ਕੁਛ ਕੀਤੇ ਨਾਹੀਂ ਸਰਦਿਆਂ।

ਤੂੰ ਸੁਤੋਂ ਚਾਦਰਿ ਤਾਣਿ ਕੇ,
ਤੈਂ ਅਮਲਿ ਨ ਕੀਤਿਆ ਜਾਣਿ ਕੈ,
ਰੱਤ ਰੋਸੀਂ ਲੇਖਾ ਭਰਦਿਆਂ।

ਜਾਇ ਪੁਛੋ ਇਨ੍ਹਾਂ ਵਾਢੀਆਂ,
ਜਿਨ੍ਹਾਂ ਅੰਦਰ ਬਲਦੀ ਡਾਢੀਆਂ,
ਉਨ੍ਹਾਂ ਅਰਜ਼ ਨ ਕੀਤੀ ਡਰਦਿਆਂ।

ਕਹੈ ਹੁਸੈਨ ਸੁਣਾਇ ਕੈ,
ਪਛੁਤਾਸੀਂ ਇੱਥੋਂ ਜਾਇ ਕੇ,
ਕੋਈ ਸੰਗਿ ਨਾ ਸਾਥੀ ਮਰਦਿਆਂ।

(24)


ਈਵੈਂ ਗੁਜਾਰੀ ਰਾਤ,
ਖੇਡਣਿ ਨਾ ਥੀਆ।
ਸਭੇ ਜਾਤੀ ਵੱਡੀਆਂ,
ਨਿਮਾਣੀ ਫ਼ਕੀਰਾਂ ਦੀ ਜਾਤਿ।

ਖੇਡਿ ਘਿੰਨੋ ਖਿਡਾਇ ਘਿੰਨੋ,
ਥੀ ਗਈ ਪਰਭਾਤਿ।

ਖੜਾ ਪੁਕਾਰੇ ਪਾਤਣੀ,
ਬੇੜਾ ਕਵਾਤ।

ਸ਼ਾਹ ਹੁਸੈਨ ਦੀ ਆਜਜ਼ੀ
ਕਾਛ (ਕਾਫ਼) ਕੁਹਾੜੇ ਵਾਤਿ।

(25)


ਸਈਓ ਮੇਰਾ ਮਾਹੀ ਤਾਂ ਆਣਿ ਮਿਲਾਵੋ,
ਕਾਹਲਿ ਹੋਈਆਂ ਘਣੀ।

ਬਾਬਲ ਕੋਲੋਂ ਦਾਜ ਨਾ ਮੰਗਦੀ,
ਮਾਉਂ ਨਾ ਮੰਗਦੀ ਮਾਲੋਂ।
ਇਕੋ ਰਾਂਝਣ ਪਲਿ ਪਲਿ ਮੰਗਦੀ,
ਛੁੱਟੇ ਹੀਰ ਜੰਜਾਲੋਂ।

ਰੋਂਦੀ ਪਕੜ ਬੈਠਾਈ ਖਾਰੇ,
ਜੋਰੀ ਦਿੱਤੀਓ ਲਾਵਾਂ।
ਖੂਨੀ ਖੇੜੇ ਦੇ ਲੜ ਬਾਧੀ,
ਕੂਕਾਂ ਤੇ ਕੁਰਲਾਵਾਂ।

ਕਰੰਗ ਸਬਰ ਰਾਂਝਣ ਦੀ ਸੇਵਾ,
ਹੀਰ ਸੁਪਨੇ ਮਿਲ ਮਿਲ ਆਵੇ।

ਰਾਤੀਂ ਭੀ ਕਾਲੀਂ ਤੇ ਮੇਹੀ ਭੀ ਕਾਲੀਆਂ,
ਚਰਿਆ ਲੋੜਨਿ ਬੇਲੇ।
ਕਹੈ ਹੁਸੈਨ ਫ਼ਕੀਰ ਨਿਮਾਣਾ,
ਵਿਛੜਿਆਂ ਰੱਬ ਮੇਲੇ।

(26)


ਸੱਜਣ ਦੇ ਗਲ ਬਾਂਹ ਅਸਾਡੀ,
ਕਿਉਂ ਕਰ ਆਖਾਂ ਛੱਡ ਵੇ ਅੜਿਆ।
ਪੋਸਤੀਆਂ ਦੇ ਪੋਸਤ ਵਾਗੂੰ,
ਅਮਲ ਪਇਆ ਅਸਾਡੇ ਹੱਡ ਵੇ ਅੜਿਆ।
ਰਾਮ ਨਾਮ ਦੇ ਸਿਮਰਨ ਬਾਝੋਂ,
ਜੀਵਨ ਦਾ ਕੀ ਹੱਜ ਵੇ ਅੜਿਆ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਸਾਹਿਬ ਦੇ ਲੜ ਲਗ ਵੇ ਅੜਿਆ।

(27)


ਸੱਜਣ ਦੇ ਹੱਥਿ ਬਾਂਹ ਅਸਾਡੀ,
ਕਿਉ ਕਰ ਆਖਾਂ ਛਡਿ ਵੇ ਅੜਿਆ।
ਰਾਤਿ ਅੰਧੇਰੀ ਬੱਦਲ ਕਣੀਆਂ,
ਬਾਝ ਵਕੀਲਾਂ ਮੁਸ਼ਕਲ ਬਣੀਆਂ,
ਡਾਢੇ ਕੀਤਾ ਸਡਿ ਵੇ ਅੜਿਆ।

ਇਸ਼ਕ ਮੁਹੱਬਤ ਸੇਈ ਜਾਣਨਿ,
ਪਈ ਜਿਨਾ ਦੇ ਹਡਿ ਵੇ ਅੜਿਆ।

ਕਲਰਿ ਖਟ ਨਾ ਖੂਹੜੀ,
ਚੀਣਾ ਰੇਤਿ ਨ ਗੱਡਿ ਵੇ ਅੜਿਆ।

ਨਿਤਿ ਭਰੇਨਾਂ ਏਂ ਛੱਟੀਆਂ,
ਇਕ ਦਿਨ ਜਾਸੋਂ ਛਡਿ ਵੇ ਅੜਿਆ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਨੈਣ ਨੈਣਾਂ ਨਾਲਿ ਗੱਡਿ ਵੇ ਅੜਿਆ।

(28)


ਪਿਆਰੇ ਬਿਨ ਰਾਤੀਂ ਹੋਈਆਂ ਵਡੀਆਂ।
ਰਾਂਝਾ ਜੋਗੀ ਮੈਂ ਜੁਗਿਆਣੀ,
ਕਮਲੀ ਕਰਿ ਕਰਿ ਛਡੀਆਂ।
ਮਾਸ ਝਰੇ ਝਰਿ ਪਿੰਜਰ ਹੋਇਆ
ਕਰਕਨ ਲਗੀਆਂ ਹੱਡੀਆਂ।

ਮੈਂ ਇਆਣੀ ਨੇਹੁੰ ਕੀ ਜਾਣਾ,
ਬਿਰਹੁ ਤਨਾਵਾਂ ਗੱਡੀਆਂ।

ਕਹੈ ਹੁਸੈਨ ਫ਼ਕੀਰ ਸਾਈਂ ਦਾ
ਦਾਵਣੁ ਤੇਰੇ ਮੈਂ ਲੱਗੀਆਂ।

ਪਾਠਾਂਤਰ (28)



ਸੱਜਣ ਬਿਨ ਰਾਤੀ ਹੋਈਆਂ ਵੱਡੀਆਂ।
ਮਾਸ ਝੜੇ ਝੜ ਪਿੰਜਰ ਹੋਇਆ,
ਕਣ-ਕਣ ਹੋਈਆਂ ਹੱਡੀਆਂ।
ਇਸ਼ਕ ਛੁਪਾਇਆ ਛੁਪਦਾ ਨਾਹੀਂ,
ਬਿਰਹੋਂ ਤਾਣਾਵਾਂ ਗੱਡੀਆਂ।
ਰਾਂਝਾ ਜੋਗੀ ਮੈਂ ਜੁਗਿਆਣੀ,
ਕਮਲੀ ਕਰ ਕਰ ਸੱਦੀਆਂ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਦਾਮਨ ਤੇਰੇ ਲੱਗੀਆਂ।

(29)


ਸਜਣਾਂ, ਅਸੀਂ ਮੋਰੀਓਂ ਲੰਘ ਪਇਆਸੇ।
ਭਲਾ ਹੋਇਆ ਗੁੜ ਮੱਖੀਆਂ ਖਾਧਾ,
ਅਸੀਂ ਭਿਣ ਭਿਣਾਟੋਂ ਛੁਟਿਆਸੇ।

ਢੰਡ ਪੁਰਾਣੀ ਕੁੱਤਿਆਂ ਲੱਕੀ,
ਅਸੀਂ ਸਰਵਰ ਮਾਹਿ ਧੋਤਿਆਸੇ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਅਸੀਂ ਟਪਣ ਟਪ ਨਿਕਲਿਆਸੇ।

(30)


ਸੱਜਣਾ ਬੋਲਣ ਦੀ ਜਾਇ ਨਾਹੀਂ,
ਅੰਦਰ ਬਾਹਰ ਇੱਕਾ ਸਾਈਂ,
ਕਿਸਨੂੰ ਆਖ ਸੁਣਾਈਂ।
ਇੱਕੋ ਦਿਲਬਰ ਸਭ ਘਟਿ ਰਵਿਆ,
ਦੁਜਾ ਨਹੀਂ ਕਦਾਈਂ।
ਕਹੈ ਹੁਸੈਨ ਫ਼ਕੀਰ ਨਿਮਾਣਾ,
ਸਤਿਗੁਰੂ ਤੋਂ ਬਲਿ ਜਾਈਂ।

(31)


ਸਦਕੇ ਮੈਂ ਞੰਞਾ ਉਨ੍ਹਾਂ ਰਾਹਾਂ ਤੋਂ,
ਜਿਨਿ ਰਾਹੀਂ ਸੋ ਸ਼ਹੁ ਆਇਆ ਹੀ।

ਪੱਛੀ ਸਟ ਘੱਤਾਂ ਭਰੜਾਂਦੀ,
ਕੱਤਣਿ ਤੋਂ ਚਿਤਿ ਚਾਇਆ ਹੀ।

ਦਿਲ ਚਿਣਗ ਉੱਠੀ ਹੀਰੇ ਦੀ,
ਰਾਂਝਣ ਤਖਤਿ ਹਜ਼ਾਰਿਓਂ ਧਾਇਆ ਹੀ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਮਉਲੇ ਦੋਸਤਿ ਮਿਲਾਇਆ ਹੀ।

(32)


ਸਭ ਸਖੀਆਂ ਗੁਣਵੰਤੀਆਂ,
ਵੇ ਮੈਂ ਅਵਗੁਣਿਆਰੀ।

ਭੈ ਸਾਹਿਬ ਦੇ ਪਰਬਤ ਡਰਦੇ,
ਵੇ ਮੈਂ ਕਉਣ ਵਿਚਾਰੀ।

ਜਿਸ ਗੱਲ ਨੂੰ ਸਹੁ ਭੇਜਿਆ ਈ ਵੋ,
ਸੋ ਮੈਂ ਬਾਤ ਵਿਸਾਰੀ।

ਕਹੇ ਹੁਸੈਨ ਫ਼ਕੀਰ ਨਿਮਾਣਾ,
ਛੁੱਟਾਂ ਕਰੇ ਸੱਤਾਰੀ।

(33)


ਸਭ ਵਲ ਛਾਡ ਕੇ ਤੂੰ ਇੱਕੋ ਵਲ ਹੋਇ।
ਵਲ ਵਲ ਦੇ ਵਿੱਚ ਕਈ ਵਲ ਪੈਂਦੇ,
ਇੱਕ ਦਿਨ ਦੇਸੀਂ ਰੋਇ।
ਔਖੀ ਘਾਟੀ, ਬਿਖੜਾ ਪੈਂਡਾ,
ਹੁਣ ਹੀ ਸਮਝਿ ਖਲੋਇ।
ਛੋੜ ਤਕੱਬਰ ਪਕੜਿ ਹਲੀਮੀ,
ਪਵੀਂ ਤਡਾਹੀਂ ਸੋਇ।
ਕੜਕਿਨ ਕਪੜ ਸਹੁ ਦਰਿਆਵਾਂ,
ਥੀਉ ਮੁਹਾਣਾ ਬੇੜੀ ਢੋਇ।
ਕਹੇ ਹੁਸੈਨ ਫ਼ਕੀਰ ਨਿਮਾਣਾ,
ਜੋ ਹੋਣੀ ਸੋ ਹੋਇ।

(34)


ਸਮਝ ਨਿਦਾਨੜੀਏ,
ਤੇਰਾ ਵੈਂਦਾ ਵਖਤੁ ਵਿਹਾਂਦਾ।

ਇਹਿ ਦੁਨੀਆਂ ਦੁਇ ਚਾਰਿ ਦਿਹਾੜਿ,
ਦੇਖਦਿਆਂ ਲਦ ਜਾਂਦਾ।

ਦਉਲਤਿ ਦੁਨੀਆਂ ਮਾਲੁ ਖਜ਼ੀਨਾ,
ਸੰਗਿ ਨਾ ਕੋਈ ਲੈ ਜਾਂਦਾ।

ਮਾਤ ਪਿਤਾ ਭਾਈ ਸੁਤ ਬਨਿਤਾ,
ਨਾਲ ਨਾ ਕੋਈ ਜਾਂਦਾ।

ਕਹੇ ਹੁਸੈਨ ਫ਼ਕੀਰ ਨਿਮਾਣਾ,
ਬਾਕੀ ਨਾਮੁ ਸਾਈਂ ਦਾ ਰਹੰਦਾ।

(35)


ਸਾਈਂ ਸਾਈਂ ਕਰੇਂਦਿਆਂ ਮਾਂ ਪਿਓ ਹੁੜੇਂਦਿਆਂ,
ਕੋਈ ਨੇਹੁੜਾ ਲਾਇਓ।
ਵਲ ਘਰਿ ਵੰਞਣ ਕੇਹਾ ਵੇ ਮਾਹੀਆ।

ਹੀਰੇ ਨੂੰ ਇਸ਼ਕ ਚਿਰੋਕਾ ਆਹਾ ਜਾਂ ਆਈ ਦੁਂਧਿ ਵਾਤੀ।
ਵਿਚਿ ਪੰਘੂੜੇ ਦੇ ਪਈ ਤੜੱਫੇ, ਵੇਦਨ ਰਤੀ ਨਾ ਜਾਤੀ।
ਬਿਰਹੁ ਕਸਾਈ ਤਨ ਅੰਤਰਿ ਵੜਿਆ, ਘਿੰਨ ਕੁਹਾਵੀ ਕਾਤੀ।
ਸੈਆਂ ਵਰ੍ਹਿਆਂ ਦੀ ਜਹਿਮਤ ਜਾਵੈ,
ਜੇ ਰਾਂਝਣ ਪਾਵੈ ਝਾਤੀ।

ਛਿਲਤ ਪੁੜੀ ਤਨ ਰਾਂਝਣ ਵਾਲੀ, ਮਹਰਮ ਹੋਇ ਸੋਈ ਪੁਟੇ।
ਲਖ ਲਖ ਸੂਈਆਂ ਤੇ ਲੱਖ ਨਰੇਰਨੁ, ਲੱਖ ਜੰਬੂਰਾਂ ਦੇ ਤੁੱਟੇ।
ਲਖ ਲਖ ਮੁੱਲਾਂ ਤੇ ਲਖ ਲਖ ਕਾਜ਼ੀ ਲਖਿ ਇਲਮ ਪੜਿ ਪੜਿ ਹੁੱਟੇ।
ਜੇ ਟੁਕ ਰਾਂਝਣ ਦਰਸ ਦਿਖਾਵੇ,
ਤਾਂ ਹੀਰ ਅਜ਼ਾਬੋ ਛੁਟੇ।

ਸ਼ਾਹ ਹੁਸੈਨ ਫ਼ਕੀਰ ਸੁਣਾਵੈ,
ਰਾਂਝੇ ਬਾਝੋਂ ਬਿਰਹੁੰ ਸਤਾਵੈ,
ਜੇ ਮਿਲਸਾਂ ਤਾਂ ਸਾਂਤ ਆਵੇ।

(36)


ਸਾਈਂ ਜਿਨਾਂਦੜੇ ਵੱਲ ਤਿਨਾਂ ਨੂੰ
ਗਮ ਕੈਂਦਾ ਵੇ ਲੋਕਾ।
ਸੋਈ ਭਲੀਆਂ ਜੋ ਰਬੁ ਵੱਲ ਆਈਆਂ
ਜਿਨ੍ਹਾਂ ਨੂੰ ਇਸ਼ਕ ਚਿਰੋਕਾ ਵੇ ਲੋਕਾ।

ਇਸ਼ਕੇ ਦੇ ਸਿਰ ਖਾਰੀ ਚਾਈਆ,
ਦਰ ਦਰ ਦੇਨੀਆਂ ਹੋਕਾ, ਵੇ ਲੋਕਾ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਲਧਾ ਹੀ ਪ੍ਰੇਮ ਝਰੋਖਾ, ਵੇ ਲੋਕਾ।

ਸਾਈਂ ਜਿਨਾਂਦੜੇ ਵੱਲ,
ਤਿਨਾਂ ਨੂੰ ਗਮ ਕੈਂਦਾ ਵੇ ਲੋਕਾ।
ਹੋ ਮੈਂ ਵਾਰੀ, ਗਮ ਕੈਂਦਾ, ਵੇ ਲੋਕਾ,

(37)



ਸਾਈਂ ਤੋਂ ਮੈਂ ਵਾਰੀਆਂ ਵੋ,
ਵਾਰੀਆਂ ਵੇ ਵਾਰ ਡਾਰੀਆਂ ਵੋ।
ਚੁਪ ਕਰਾਂ ਤਾਂ ਦੇਵਨਿ ਤਾਅਨੇ,
ਜਾਂ ਬੋਲਾਂ ਤਾਂ ਮਾਰੀਆਂ ਵੋ।

ਇਕਨਾਂ ਖੰਨੀ ਨੂੰ ਤਰਸਾਵੇਂ,
ਇਕੁ ਵੰਡਿ ਵੰਡਿ ਦੇਂਦੇ ਨੀ ਸਾਰੀਆਂ ਵੋ।

ਇਕਨਾ ਢੋਲ ਕਲਾਵੇ ਨੀ ਸਈਓ,
ਇਕ ਕੰਤਾਂ ਦੇ ਬਾਝ ਬਿਚਾਰੀਆਂ ਵੋ।
ਅਉਗੁਣਿਆਰੀ ਨੂੰ ਕੋ ਗੁਣਿ ਨਾਹੀਂ,
ਨਿਤ ਉਠ ਕਰਦੀ ਜਾਰੀਆਂ ਵੋ।

ਕਹੇ ਹੁਸੈਨ ਫ਼ਕੀਰ ਸਾਈਂ ਦਾ,
ਫ਼ਜ਼ਲ ਕਰੇ ਤਾਂ ਮੈਂ ਤਾਰੀਆਂ ਵੋ।

(38)



ਸਾਈਂ ਬੇਪਰਵਾਹਿ,
ਮੈਂਡੀ ਲਾਜ ਤੌ ਪਰਿ ਆਈ।
ਚਹੁੰ ਜਣਿਆਂ ਤੇਰੀ ਡੋਲੀ ਚੁੱਕੀ,
ਸਾਹੁਰੜੇ ਪਹੁੰਚਾਈ।

ਤੰਦੁ ਤੁੱਟੀ ਅਟੇਰਨ ਭੰਨਾ,
ਤਕੁਲੜੇ ਵਲ ਪਾਇਆ।
ਭਉਂਦਿਆਂ ਝਉਂਦਿਆਂ ਛੱਲੀ ਕੱਤੀ,
ਕਾਗੁ ਪਇਆ ਲੈ ਜਾਇਆ।

ਰਾਤਿ ਅੰਧੇਰੀ ਗਲੀਏ ਚਿੱਕੜ,
ਮਿਲਿਆ ਯਾਰ ਸਿਪਾਹੀ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਇਹ ਗੱਲ ਸੁਝਦੀ ਆਹੀ।

(39)



ਸਾਜਨ ਤੁਮਰੇ ਰੋਸੜੇ,
ਮੋਹਿ ਆਦਰੁ ਕਰੇ ਨਾ ਕੋਇ।
ਦੁਰਿ ਦੁਰਿ ਕਰਨ ਸਹੇਲੀਆਂ,
ਮੈਂ ਤੁਰ ਤੁਰ ਤਾਕਉ ਤੋਹਿ।

(40)



ਸਾਜਨ ਰੁਠੜਾ ਜਾਂਦਾ ਵੇ,
ਮੈਂ ਭੁੱਲਿਆ ਵੇ ਲੋਕਾ।
ਸਾਜਨ ਮੈਂਡਾ ਵੇ,
ਮੈਂ ਸਾਜਣ ਦੀ,
ਸਾਜਣ ਕਾਰਨ ਮੈਂ ਜੁਲਿਆਂ ਵੇ ਲੋਕਾ।

ਜੇ ਕੋਈ ਸਾਜਣ ਆਣਿ ਮਿਲਾਵੇ,
ਬੰਦੀ ਤਿਸ ਦੀ ਅਨੁਮੁੱਨਲੀਆਂ ਵੇ ਲੋਕਾ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਸਾਈਂ ਮਿਲੇ ਤਾਂ ਮੈਂ ਫੁੱਲੀਆਂ ਵੇ ਲੋਕਾ।

(41)



ਸਾਧਾਂ ਦੀ ਮੈਂ ਗੋਲੀ ਹੋਸਾਂ,
ਗੋਲੀਆਂ ਦੇ ਕਰਮ ਕਰੇਸਾਂ।
ਚਉਂਕਾ ਫੇਰੀ ਮੈਂ ਦੇਈਂ ਬੁਹਾਰੀ,
ਜੂਠੇ ਬਾਸਨ ਧੋਸਾਂ।

ਪਿੱਪਲ ਪਤੁ ਚੁਣੇਂਦੀ ਵੱਤਾਂ,
ਲੋਕ ਜਾਣੇ ਦੇਵਾਨੀ।
ਗਹਲਾ ਲੋਕ ਨਾ ਹਾਲ ਦਾ ਮਹਿਰਮ,
ਮੈਨੂੰ ਬਿਰਹੁੰ ਲਗਾਈ ਕਾਨੀ।

ਲੋਕਾਂ ਸੁਣਿਆਂ, ਦੇਸਾਂ ਸੁਣਿਆਂ,
ਹੀਰ ਬੈਰਾਗਿਨ ਹੋਈ।
ਇਕੁ ਸੁਣੇਂਦਾ ਲੱਖ ਸੁਣੇ,
ਮੇਰਾ ਕਹਾਂ ਕਰੇਗਾ ਕੋਈ।

ਸਾਂਵਲ ਦੀ ਮੈਂ ਬਾਂਦੀ-ਬਰਦੀ,
ਸਾਂਵਲ ਮੈਂਹਡਾ ਸਾਈਂ।
ਕਹੈ ਹੁਸੈਨ ਫ਼ਕੀਰ ਨਿਮਾਣਾ,
ਸਾਈਂ ਸਿਕਦੀ ਨੂੰ ਦਰਸੁ ਦਿਖਾਈਂ।

(42)



ਸਾਰਾ ਜਗਿ ਜਾਣਦਾ,
ਸਾਈਂ ਤੇਰੇ ਮਿਲਣ ਦੀ ਆਸ ਵੋ।
ਮੇਰੇ ਮਨੁ ਮੁਰਾਦਿ ਏਹੋ ਸਾਈਆਂ,
ਸਦਾ ਰਹਾਂ ਤੇਰੇ ਪਾਸਿ ਵੋ।

ਦਰਸ਼ਨ ਦੇਹੁ ਦਇਆ ਕਰਿ ਮੋ-ਕਉ,
ਸਿਮਰਾਂ ਮੈਂ ਸਾਸ-ਗਰਾਸ ਵੋ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਤੂੰ ਸਾਹਿਬ ਮੈਂ ਦਾਸ ਵੋ।

(43)



ਸਾਲੂ ਸਹਿਜ ਹੰਢਾਇ ਲੈ ਨੀਂ,
ਤੂੰ ਸਾਲੂ ਸਹਿਜ ਹੰਢਾਇ ਲੈ ਨੀਂ।
ਸਾਲੂ ਮੇਰਾ ਕੀਮਤੀ,
ਕੋਈ ਦੇਖਣ ਆਈਆਂ ਤਰੀਮਤੀਂ,

ਗਈਆਂ ਸਭ ਸਲਾਹਿ।

ਸਾਲੂ ਪਾਇਆ ਟੰਙਣੇ,
ਗਵਾਂਢਣ ਆਈ ਮੰਗਣੇ,
ਦਿਤਾ ਕਹੀ ਨਾ ਜਾਹਿ।

ਸਾਲੂ ਧੁਰ ਕਸ਼ਮੀਰ ਦਾ,
ਕੋਈ ਆਇਆ ਬਰਫਾਂ ਚੀਰ ਦਾ,
ਜਾਣਾ ਕਰ ਕੇ ਰਾਹਿ।

ਸਾਲੂ ਧੁਰ ਗੁਜਰਾਤ ਦਾ,
ਕੋਈ ਮੈਂ ਭਉ ਪਹਿਲੀ ਰਾਤ ਦਾ,
ਕਿਤ ਢੰਗ ਬਿਹਾਇ।

ਸਾਲੂ ਧੁਰ ਮੁਲਤਾਨ ਦਾ,
ਕੋਈ ਰੱਬ ਦਿਲਾਂ ਦੀਆਂ ਜਾਣਦਾ,
ਸੁਤੀ ਸਹੂ ਗਲ ਲਾਇ।

ਸਾਲੂ ਮੇਰਾ ਆਲ ਦਾ,
ਕੋਈ ਮਹਿਰਮ ਨਹੀਂ ਹਾਲ ਦਾ,
ਕਿਸ ਪੈ ਆਖਾਂ ਜਾਇ।

ਸਾਲੂ ਭੋਛਣ ਜੋੜਿਆ,
ਕੋਈ ਥੀਸੀ ਰੱਬ ਦਾ ਲੋੜਿਆ,
ਹੋਰ ਨਾ ਕੀਤਾ ਜਾਇ।

ਸਭੇ ਸਾਲੂ ਵਾਲੀਆਂ,
ਕੋਈ ਇਕ ਬਿਰਖ ਦੀਆਂ ਡਾਲੀਆਂ,
ਤੇਰੇ ਤੁਲ ਨਾ ਕਾਇ।

ਸਾਲੂ ਦਾ ਰੰਗ ਜਾਣਦਾ,
ਕੋਈ ਫੇਰ ਨ ਇਸ ਜਗ ਆਵਣਾ,
ਚੱਲੇ ਘੁਮ ਘੁਮਾਇ।

ਸਾਲੂ ਮੇਰਾ ਉਣੀਦਾ,
ਕੋਈ ਸ਼ਾਮ ਬਿੰਦ੍ਰਾਬਨ ਸੁਣੀਂਦਾ,
ਜਾਣਾ ਬਿਖੇੜੇ ਰਾਹਿ।,

ਕਹੈ ਹੁਸੈਨ ਗਦਾਈਆ,
ਕੋਈ ਰਾਤ ਜੰਗਲ ਵਿੱਚ ਆਈਆਂ,
ਰਬ ਡਾਢਾ ਬੇ ਪਰਵਾਹਿ।

(44)

ਸੁਣ ਤੇ ਨੀਂ ਕਾਲ ਮਰੇਂਦਾ ਈ,
ਹਰਿ ਭਜਿ ਲੇ ਗਾਹਕ ਵੈਂਦਾ ਈ।

ਡੂੰਘੇ ਜਲ ਵਿਚ ਮਛੁਲੀ ਵਸਦੀ,
ਭੈ ਸਾਹਿਬ ਦਾ ਮਨ ਨਹੀਂ ਰੱਖਦੀ,
ਉਸ ਮੱਛਲੀ ਨੂੰ ਜਾਲ ਢੂੰਢੇਦਾ ਈ।

ਮੀਰ ਮਲਕੁ ਪਾਤਿਸ਼ਾਹ ਸ਼ਾਹਜ਼ਾਦੇ,
ਝੁਲਦੇ ਨੇਜ਼ੇ ਵਜਦੇ ਵਾਜੇ,
ਵਿੱਚ ਘੜੀ ਫ਼ਨਾਹਿ ਕਰੇਂਦਾ ਈ।

ਕੋਠੇ ਮਮਟੁ ਤੇ ਚਉਬਾਰੇ,
ਵਸਿ ਵਸਿ ਗਏ ਕਈ ਲੋਕੁ ਵਿਚਾਰੇ,
ਇਹ ਪਲਕੁ ਨ ਰਹਿਣੇ ਦੇਂਦਾ ਈ।

ਚਿੜੀ ਜਿੰਦੜੀ, ਕਾਲਿ ਸਿਚਾਣਾ,
ਨਿਸ ਦਿਨ ਬੈਠਾ ਲਾਇ ਧਿਆਨਾ,
ਉਹ ਅਜਿ ਕਲਿ ਤੈਨੂੰ ਫਸੇਂਦਾ ਈ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਦੁਨੀਆਂ ਛੋਡਿ ਆਖਿਰ ਮਰ ਜਾਣਾ,
ਨਰੁ ਕੂੜਾ ਮਾਨ ਕਰੇਂਦਾ ਈ।

(45)



ਸੁਰਿਤ ਕਾ ਤਾਣਾ ਨਿਰਤ ਕਾ ਬਾਣਾ,
ਸਚ ਕਾ ਕਪੜਾ ਵੁਣ ਜਿੰਦੇ ਨੀ।
ਕਾਹੇ ਕੂੰ ਝੂਰੇ ਤੇ ਝਖ ਮਾਰੇਂ,
ਰਾਮ ਨਾਮ ਬਿਨ ਬਾਜ਼ੀ ਹਾਰੇਂ,
ਜੋ ਬੀਜਿਆ ਸੋ ਲੁਣ ਜਿੰਦੇ ਨੀ।
ਖਾਨ-ਖਵੀਨੀ ਤੇ ਸੁਲਤਾਨੀ,
ਕਾਲ ਲਈਆ ਸਭ ਚੁਣ ਜਿੰਦੇ ਨੀ।
ਸ਼ਾਹ ਹੁਸੈਨ ਫ਼ਕੀਰ ਗਦਾਈ,

ਪੱਛੀ ਪੂਣੀ ਸਭ ਲੁਟਾਈ,
ਸ਼ਹੁ ਨੂੰ ਮਿਲਿਆ ਲੋੜੇਂ ਹੁਣ ਜਿੰਦੇ ਨੀ।

(46)



ਮਤੀਂ ਦੇਨੀ ਹਾਂ ਬਾਲਿ ਇਆਣੇ ਨੂੰ।
ਪੰਜਾਂ ਨਦੀਆਂ ਦੇ ਮੁੰਹੁ ਆਇਓਂ
ਕੇਹਾ ਦੋਸ ਮੁਹਾਣੇ ਨੂੰ।

ਦਾਰੂ ਲਾਇਆ ਲਗਦਾ ਨਾਹੀ,
ਪੁਛਨੀ ਹਾਂ ਵੈਦ ਸਿਆਣੇ ਨੂੰ।

ਸਿਆਹੀ ਗਈ ਸੁਫੈਦੀ ਆਇਆ
ਕੀ ਹੋਂਦਾ ਵਖਤਿ ਵਿਹਾਣੇ ਨੂੰ।

ਕਹੈ ਹੁਸੈਨ ਫ਼ਕੀਰ ਸਾਂਈਂ ਦਾ
ਕੀ ਝੁਰਨਾ ਹੈ ਰਬ ਦੇ ਭਾਣੇ ਨੂੰ॥

ਪਾਠਾਂਤਰ (46)



ਹਉਂ ਮੱਤੀ ਦੇਂਦੀ ਹਾਂ ਬਾਲ ਇਆਣੇ ਨੂੰ
ਦਾਰੂ ਲਾਇਆ ਲੱਗਦਾ ਨਾਹੀਂ,
ਪੁੱਛ ਪੁੱਛ ਰਹੀ ਸਿਆਣੇ ਨੂੰ।
ਸਿਆਹੀ ਗਈ ਸਪੇਦੀ ਆਈ,
ਰੋਨੀ ਹਾਂ ਵਖਤ ਵਿਹਾਣੇ ਨੂੰ।

ਪੰਜ-ਨਦੀਆਂ ਦੇ ਮੂੰਹ ਆਈ,
ਕੇਹਾ ਦੋਸ ਮੁਹਾਣੇ ਨੂੰ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਕੀ ਕਰੀਏ ਰੱਬ ਦੇ ਭਾਣੇ ਨੂੰ।

(47)



ਹਸਣ ਖੇਡਣੁ ਭਾਇ ਅਸਾਡੇ,
ਦਿੱਤਾ ਜੀ ਰੱਬ ਆਪਿ ਅਸਾਨੋਂ।

ਇੱਕ ਰੋਂਦੇ ਰੋਂਦੇ ਰੋਇ ਗਏ,
ਇੱਕ ਹਸਿ ਹਸਿ ਲੈ ਗਏ ਗੋਇ ਮੈਦਾਨੋਂ।

ਛੋਡਿ ਤਕੱਬਰੀ ਪਕੜਿ ਹਲੀਮੀ,
ਕੀ ਵਟਿਓ ਇਸ ਖੁਦੀ ਗੁਮਾਨੋਂ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਸਹੀ ਸਲਾਮਤਿ ਚਲੇ ਜਹਾਨੋਂ।

(48)



ਕੈ ਬਾਗ਼ੇ ਦੀ ਮੂਲੀ ਹੁਸੈਨਾ,
ਤੂੰ ਕੈ ਬਾਗ਼ੈ ਦੀ ਮੂਲੀ।
ਬਾਗਾਂ ਦੇ ਵਿਚਿ ਫੁਲਿ ਅਜਾਇਬ
ਤੂੰ ਬੀ ਇੱਕ ਗੰਧੂਲੀ।
 
ਆਪਣਾ ਆਪਿ ਪਛਾਣੇ ਨਾਹੀਂ,
ਅਵਰਾਂ ਦੇਖਿ ਕਿਉਂ ਭੂਲੀ।

ਇਸ਼ਕੇ ਦੇ ਦਰਿਆਉ ਕਰਾਹੀ,
ਮਨਸੂਰ ਕਬੂਲੀ ਸੂਲੀ।

ਸ਼ਾਹ ਹੁਸੈਨ ਪਇਆ ਦਰਿ ਉਤੇ,
ਜੇਕਿਰ ਪਵੈ ਕਬੂਲੀ।

ਪਾਠਾਂਤਰ (48)



ਹੁਸੈਨੂੰ ਕਿਸੇ ਬਾਗੇ ਦੀ ਮੂਲੀ,
ਬਾਗਾਂ ਦੇ ਵਿਚਿ ਚੰਬਾ ਮਰੂਆ,
ਮੈਂ ਭਿ ਵਿਚਿ ਗੰਧੂਲੀ।
ਕੂੜੀ ਦੁਨੀਆਂ ਕੂੜਾ ਮਾਣਾ,
ਦੁਨੀਆਂ ਫਿਰਦੀ ਭੂਲੀ।
ਛੋਡ ਤਕੱਬਰ ਪਕੜ ਹਲੀਮੀ,
ਸ਼ਾਹ ਹੁਸੈਨ ਪਾਇ ਸਮਝੂਲੀ।

(49)

ਹੁਣ, ਤਣਿ ਦੇਸਾਂ ਤੱਰਾ ਤਾਣਾ,
ਮੇਰੀ ਜਿੰਦੁੜੀਏ ਨੀਂ।
ਸਹਿਬਜਾਦੜੀਏ ਨੀਂ।
ਸਰਪਰ ਜਾਵਣੀਏਂ ਨੀਂ।
ਘੁੰਮ ਨਾ ਆਵਣੀਏਂ ਨੀ।
ਹੁਣ ਤਣਿ ਦੇਸਾਂ ਤੇਰਾ ਤਾਣਾ।
ਕਤਦਿਆਂ ਕਤਦਿਆਂ ਉਮਰ ਵਿਹਾਈ,
ਨਿਕਲਿਆ ਸੂਤ ਪੁਰਾਣਾ।
ਖੱਡੀ ਦੇ ਵਿੱਚ ਜੁਲਾਹੀ ਫਾਥੀ,
ਨਲੀਆਂ ਦਾ ਵਖਤ ਵਿਹਾਣਾ।

ਤਾਣੇ ਪੇਟੇ ਇਕੋ ਸੂਤਰਿ,
ਦੁਤੀਆ ਭਾਉ ਨ ਜਾਣਾ।
ਚਉਂਸੀ ਪੈਂਸੀ ਛਡਿ ਕਰਾਹੀ,
ਹਜ਼ਾਰੀਂ ਰੱਛ ਪਛਾਣਾ।
ਤਾਣਾ ਆਂਦਾ ਬਾਣਾ ਆਂਦਾ,
ਆਂਦਾ ਚਰਖਾ ਪੁਰਾਣਾ।
ਆਖਣ ਦੀ ਕਿਛੁ ਹਾਜਤਿ ਨਾਹੀਂ
ਜੋ ਜਾਣੇ ਸੋ ਜਾਣਾ।

ਧਰਨਿ ਅਕਾਸ ਵਿਚ ਵਿਥੁ ਚੱਪੇ ਦੀ,
ਤਹਾਂ ਸ਼ਾਹਾਂ ਦਾ ਤਾਣਾ ਠਾਣਾਂ।

ਸਭ ਦੀਸੇ ਸ਼ੀਸ਼ੇ ਦਾ ਮੰਦਰਿ,
ਵਿਚਿ ਸ਼ਾਹੁ ਹੁਸੈਨ ਨਿਮਾਣਾ।

(50)



ਕਦੀ ਸਮਝ ਨਿਦਾਨਾਂ,
ਘਰਿ ਕਿੱਥੇ ਈ ਸਮਝ ਨਿਦਾਨਾ।
ਆਪਿ ਕਮੀਨਾ ਤੇਰੀ ਅਕਲ ਕਮੀਨੀ,
ਕਉਣ ਕਹੇ ਤੂੰ ਦਾਨਾ।

ਇਨ੍ਹੀਂ ਰਾਹੀਂ ਜਾਂਦੇ ਡਿਠੜੇ,
ਮੀਰ ਮਲਕੁ ਸੁਲਤਾਨਾ।

ਆਪੇ ਮਾਰੇ ਤੇ ਆਪ ਜੀਵਾਲੇ,
ਅਜ਼ਰਾਈਲ ਬਹਾਨਾ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਬਿਨ ਮਸਲਤਿ ਉਠ ਜਾਣਾਂ।

(51)



ਕਦੀ ਸਮਝ ਮੀਆਂ ਮਰਿ ਜਾਣਾ ਹੀ।
ਕੂੜੀ ਸੇਜ ਸਵੇਂ ਦਿਨ ਰਾਤੀਂ,
ਕੂੜਾ ਤੂਲ ਵਿਹਾਣਾ ਹੀ।

ਹੱਡਾਂ ਦਾ ਕਲਬੂਤ ਬਣਾਇਆ,
ਵਿੱਚ ਰਖਿਆ ਭੌਰ ਰਬਾਣਾ ਹੀ।

ਚਾਰ ਦਿਹਾੜੇ ਗੋਇਲ ਵਾਸਾ,
ਲਦ ਚਲਿਓ ਲਬਾਣਾ ਹੀ।

ਕਹੈ ਹੁਸੈਨ ਫ਼ਕੀਰ ਮਉਲੇ ਦਾ,
ਸਾਈਂ ਦਾ ਰਾਹਿ ਨਿਮਾਣਾ ਹੀ।

(52)



ਕਾਈ ਬਾਤ ਚੱਲਣ ਦੀ ਤੂੰ ਕਰ ਵੋਏ,
ਇਤੈ ਰਹਿਣਾ ਨਾਹੀਂ।
ਸਾਢੇ ਤ੍ਰੈ ਹੱਥ ਮਿਲਖ ਬੰਦੇ ਦੀ,
ਗੋਰ ਨਿਮਾਣੀ ਘਰ ਵੋਏ।
ਉਚੇ ਮੰਦਰ ਸੁਨਹਿਰੀ ਛੱਜੇ,
ਵਿੱਚ ਰਖਾਇਆ ਦਰ ਵੋਏ।
ਜਿਸ ਮਾਇਆ ਦਾ ਮਾਣ ਕਰੇਂਦਾ,
ਸੋ ਦੂਤਾਂ ਦਾ ਘਰ ਵੋਏ।

ਲਿਖਿ ਲਿਖ ਪੜ੍ਹਨਾ ਮੂਲ ਨਾ ਗੁੜ੍ਹਨਾ,
ਭੈ ਸਾਈਂ ਦਾ ਕਰ ਵੋਏ।
ਜਾਂ ਆਈ ਆਗਿਆ ਪ੍ਰਭੂ ਬੁਲਾਇਆ,
ਹੋਇ ਨਿਮਾਣਾ ਤੂੰ ਚੱਲ ਵੋਏ।
ਆਗੈ ਸਾਹਿਬ ਲੇਖਾ ਮਾਂਗੇ,
ਤਾਂ ਤੂੰ ਭੀ ਕੁਛ ਕਰ ਵੋਏ।
ਕਹੈ ਹੁਸੈਨ ਫ਼ਕੀਰ ਰਬਾਣਾ,
ਦੁਨੀਆਂ ਛੋਡ ਜ਼ਰੂਰਤ ਜਾਣਾ,
ਮਰਨ ਤੋਂ ਅੱਗੇ ਮਰ ਵੇ।

(53)



ਕਿਉਂ ਗੁਮਾਨ ਜਿੰਦੂ ਨੀ,
ਆਖਰ ਮਾਟੀ ਸਿਉਂ ਰਲ ਜਾਣਾ,
ਮਾਟੀ ਸਿਉਂ ਰਲਿ ਜਾਣਾ ਹੈ ਤਾਂ,
ਸਰਪਰ ਦੁਨੀਆਂ ਜਾਣਾਂ।

ਮੀਰ ਮਲਕੁ ਪਾਤਿਸ਼ਾਹੁ ਸ਼ਹਿਜ਼ਾਦੇ,
ਚੋਅ-ਚੰਦਨ ਲਾਂਦੇ।
ਖੁਸ਼ੀਆਂ ਵਿੱਚ ਰਹਿਣ ਮਤਵਾਲੇ,
ਨੰਗੀਂ ਪੈਰੀਂ ਜਾਂਦੇ।

ਲਉਬਾਲੀ ਦਰਗਾਹ ਸਾਹਿਬ ਦੀ
ਕਹੀ ਨਾ ਚਲਦਾ ਮਾਣਾ,
ਆਪੋ ਆਪਿ ਜਬਾਬ ਪੁਛੀਸੀ,
ਕਹੈ ਹੁਸੈਨ ਫ਼ਕੀਰ ਨਿਮਾਣਾ

(54)



ਕਿਆ ਕਰਸੀ ਬਾਬ ਨਿਮਾਣੀ ਦੇ।
ਨਾ ਅਸਾਂ ਕੱਤਿਆ ਨਾ ਅਸਾਂ ਤੁੰਬਿਆ,
ਕੇਹਾ ਬਖਰਾ ਤਾਣੀ ਦੇ।

ਜੰਮਦਿਆਂ ਤਿਲ ਰੋਵਣ ਲੱਗੇ,
ਯਾਦ ਪਇਓ ਨੇ ਦਿਨ ਘਾਣੀ ਦੇ।

ਗੋਰ ਨਿਮਾਣੀ ਵਿੱਚ ਪਉਂਦੀਆਂ ਕਹੀਆਂ,
ਹੂੰ-ਹਵਾਈ ਤੇਰੀਆਂ ਏਥੇ ਰਹੀਆਂ,
ਵਾਸ ਆਇਆ ਵਿੱਚ ਵਾਣੀ ਦੇ।

ਕਹੈ ਹੁਸੈਨ ਫ਼ਕੀਰ ਮਉਲੇ ਦਾ,
ਆਖੇ ਸੁਖਨ-ਹੱਕਾਨੀ ਦੇ।

(55)



ਕਿਆ ਕੀਤੋ ਏਥੇ ਆਇ ਕੇ,
ਕਿਆ ਕਰਸੇਂ ਉੱਥੇ ਜਾਇ ਕੇ।

ਨਾ ਤੈਂ ਤੂੰਬਣ ਤੂੰਬਿਆ,
ਨਾ ਤੈਂ ਪਿੰਙਣ ਪਿੰਜਿਆ,
ਨਾ ਲੀਤੋ ਸੂਤ ਕਤਾਇ ਕੇ।

ਨਾ ਤੈਂ ਚਰਖਾ ਫੇਰਿਆ,
ਨਾ ਤੈਂ ਸੂਤ ਅਟੇਰਿਆ,
ਨਾ ਤੂੰ ਵੇਲ ਪਿੰਜਾਇਆ,
ਨਾ ਤੈਂ ਪੱਛੀ ਪਾਇਆ,
ਨਾ ਲੀਤੋ ਦਾਜ ਰੰਗਾਇ ਕੇ।

ਸ਼ਾਹ ਹੁਸੈਨ ਮੈਂ ਦਾਜ ਵਿਹੂਣੀਆਂ,
ਅਮਲਾ ਬਾਝਹੁ ਗੱਲਾਂ ਕੂੜੀਆਂ,
ਨਾ ਲੀਤੋ ਸ਼ਹੁ ਰੀਝਾਇ ਕੇ।

(56)



ਕਿਤੁ ਗੁਣ ਲੱਗੇਂਗੀ ਸ਼ਹੁ ਨੂੰ ਪਿਆਰੀ।
ਅੰਦਰ ਤੇਰੇ ਕੂੜਾ ਵਤਿ ਗਇਓਹੀ,
ਮੂਲ ਨਾ ਦਿਤੀਓ ਬਹਾਰੀ।

ਕੱਤਣੁ ਸਿੱਖ ਨੀ ਵਲੱਲੀਏ ਕੁੜੀਏ,
ਚੜ੍ਹਿਆ ਲੋੜੇ ਖਾਰੀ।

ਤੰਦ ਟੁੱਟੀ ਅਟੇਰਨ ਭੰਨਾ,
ਚਰਖੇ ਦੀ ਕਰ ਕਾਰੀ।

ਕਹੇ ਹੁਸੈਨ ਫ਼ਕੀਰੁ ਸਾਈਂ ਦਾ,
ਅਮਲਾਂ ਬਾਝੁ ਖ਼ੁਆਰੀ।

(57)



ਕੁੜੇ ਜਾਂਦੀਏ ਨੀ ਤੇਰਾ ਜੋਬਨ ਕੂੜਾ,
ਫੇਰ ਨਾ ਹੋਸੀਆ ਰੰਗੁਲਾ ਚੂੜਾ,
ਵਤਿ ਨ ਹੋਸੀਆ ਅਹਿਲ ਜੁਆਨੀ,
ਹੱਸ ਲੈ ਖੇਡ ਲੈ ਨਾਲ ਦਿਲ-ਜਾਨੀ,
ਮੂੰਹਿ ਤੇ ਪਉਸੀਆ ਖ਼ਾਕ ਦਾ ਧੂੜਾ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਜੋ ਥੀਸੀ ਰੱਬ ਡਾਢੇ ਦਾ ਭਾਣਾ,
ਚੱਲਣਾ ਹੀ ਤਾਂ ਬੰਨ ਲੈ ਮੂੜ੍ਹਾ।

(58)



ਕੇੜ੍ਹੇ ਦੇਸੋਂ ਆਈਓਂ ਨੀ ਕੁੜੀਏ,
ਤੈਂ ਕੇਹਾ ਸ਼ੋਰ ਮਚਾਇਓਂ ਕਿਉਂ?

ਅਪੁਨਾ ਸੂਤ ਤੈਂ ਆਪੁ ਵੰਝਾਇਆ,
ਦੋਸੁ ਜੁਲਾਹੇ ਨੂੰ ਲਾਇਓ ਕਿਉਂ?

ਤੇਰੇ ਅੱਗੇ ਅੱਗੇ ਚਰਖਾ,
ਪਿੱਛੇ ਪਿੱਛੇ ਪੀਹੜਾ
ਕੱਤਨੀ ਹੈਂ ਹਾਲ ਭਲੇਰੇ ਕਿਉਂ?

ਛੱਲੜੀਆਂ ਪੰਜ ਪਾਇ ਪਛੋਟੇ,
ਜਾਇ ਬਜ਼ਾਰ ਖਲੋਵੇਂ ਕਿਉਂ?

ਨਾਲ ਸਰਾਫਾਂ ਦੇ ਝੇੜਾ ਤੇਰਾ,
ਲੇਖਾ ਦੇਂਦੀ ਤੂੰ ਰੋਵੇਂ ਕਿਉਂ?

ਸਈਆਂ ਵਿੱਚ ਖਿਡੰਦੀਏ ਕੁੜੀਏ,
ਸ਼ਹੁ ਮਨਹੁ ਭੁਲਾਇਓ ਕਿਉਂ?

ਰਾਹਾਂ ਦੇ ਵਿਚਿ ਅਉਖੀ ਹੋਸੇਂ,
ਹਿਤਨਾ ਭਾਰ ਉਠਾਇਓ ਕਿਉਂ?

ਕਹੈ ਹੁਸੈਨ ਫ਼ਕੀਰ ਨਿਮਾਣਾ,
ਮਰਨਾ ਚਿਤਿ ਨ ਆਇਓ ਕਿਉਂ?

(59)



ਕੋਈ ਦਮ ਜੀਂਵਦਿਆਂ ਰੁਸ਼ਨਾਈ,
ਮੁਇਆਂ ਦੀ ਖ਼ਬਰ ਨ ਕਾਈ।
ਚਹੁੰ ਜਣਿਆਂ ਰਲਿ ਡੋਲੀ ਚਾਈ,
ਸਾਹੁਰੜੈ ਪਹੁੰਚਾਈ।
ਸੱਸ ਨਿਨਾਣਾਂ ਦੇਂਦੀਆਂ ਤਾਹਨੇ,
ਦਾਜ ਵਿਹੂਣੀ ਆਈ।
ਕਬਰ ਨਿਮਾਣੀ ਵਿੱਚ ਵੱਗਣ ਕਹੀਆਂ,
ਬੰਨ੍ਹ ਚਲਾਇਆ ਡਾਢੇ ਦੀਆਂ ਵਹੀਆਂ।
ਰਹੀਆਂ ਹੂਲ-ਹਵਾਈ,
ਕਹੇ ਹੁਸੈਨ ਫ਼ਕੀਰ ਰਬਾਣਾ।
ਦੁਨੀਆਂ ਛੱਡ ਜ਼ਰੂਰਤ ਜਾਣਾ,
ਰੱਬ ਡਾਹਢੇ ਕਲਮ ਵਗਾਈ।

(60)



ਕੋਈ ਦਮ ਮਾਣ ਲੈ ਰੰਗ ਰਲੀਆਂ ,
ਧੰਨ ਜੋਬਨ ਦਾ ਮਾਣ ਨਾ ਕਰੀਐ,
ਬਹੁਤ ਸਿਆਣੀਆਂ ਛਲੀਆਂ।
ਜਿਨ੍ਹਾਂ ਨਾਲ ਬਾਲਪਣ ਖੇਡਿਆ,
ਸੋ ਸਈਆਂ ਉੱਠ ਚਲੀਆਂ।

ਬਾਬਲ ਆਤਣ ਛੱਡ ਛਡ ਗਈਆਂ,
ਸਾਹੁਰੜੈ ਘਰ ਚਲੀਆਂ

ਇਹ ਗਲੀਆਂ ਸੁਪਨਾ ਭੀ ਥੀਸਨ,
ਬਾਬਲ ਵਾਲੀਆਂ ਗਲੀਆਂ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਕਰ ਲੈ ਗਾਲੀਂ ਭਲੀਆ।

(61)



ਗਲਿ ਵੋ ਕੀਤੀ ਸਾਡੇ ਖਿਆਲੁ ਪਈ,
ਗਲ ਪਈ ਵੋ ਨਿਬਾਹੀ ਲੋੜੀਏ।

ਸ਼ਮ੍ਹਾਂ ਦੇ ਪਰਵਾਨੇ ਵਾਂਗੂੰ,
ਜਲਦਿਆਂ ਅੰਗਿ ਨ ਮੋੜੀਏ।

ਹਾਥੀ ਇਸ਼ਕ ਮਹਾਵਤ ਰਾਂਝਾ,
ਅੰਕਸੁ ਦੇ ਦੇ ਹੋੜੀਏ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਲਗੀ ਪ੍ਰੀਤਿ ਨ ਤੋੜੀਏ।

(62)



ਗਾਹਕੁ ਵੈਂਦਾ ਈ ਕੁਝਿ ਵੱਟਿ ਲੈ।
ਆਇਆ ਗਾਹਕ ਮੂਲ ਨਾ ਮੋੜੇਂ,

ਟਕਾ ਪੰਜਾਹਾ ਘੱਟ ਲੈ।
ਪੇਈਅੜੈ ਦਿਨਿ ਚਾਰ ਦਿਹਾੜੇ,
ਹਰਿ ਵਲਿ ਝਾਤੀ ਘੱਤ ਲੈ।
ਬਾਬਲਿ ਦੇ ਘਰਿ ਦਾਜ ਵਿਹੂਣੀ,
ਦੜਿ-ਬੜਿ ਪੂਣੀ ਕੱਤਿ ਲੈ।
ਹੋਰਨਾਂ ਨਾਲ ਉਧਾਰ ਕਰੇਂਦੀ,
ਸਾਥਹੁ ਭੀ ਕੁਝ ਹੱਥਿ ਲੈ।
ਕਹੈ ਹੁਸੈਨ ਫ਼ਕੀਰ ਨਿਮਾਣਾ
ਇਹਿ ਸ਼ਾਹਾਂ ਦੀ ਮਤਿ ਲੈ।

(63)

ਗੋਇਲੜਾ ਦਿਨ ਚਾਰਿ ਕੁੜੈ,
ਸਈਆਂ ਖੇਡਿਣ ਆਈਆਂ ਨੀਂ।
ਭੋਲੀ ਮਾਉ ਨ ਖੇਡਣਿ ਦੇਈ,
ਹੰਝੂ ਦਰਦ ਰੁਆਈਆਂ ਨੀਂ।
ਚੰਦ ਕੇ ਚਾਂਦਨ ਸਈਆਂ ਖੇਡਣਿ,
ਗਾਫਲ ਤਿਮਰੁ ਰਹਾਈਆਂ ਨੀ।

ਸਾਹੁਰੜੈ ਘਰ ਅਲਬਤਿ ਜਾਣਾ,
ਜਾਣਨ ਸੇ ਸਭਰਾਈਆਂ ਨੀਂ।
ਕਹੈ ਹੁਸੈਨ ਫ਼ਕੀਰ ਨਿਮਾਣਾ,
ਜਿਨ੍ਹਾਂ ਚਾਈਆਂ ਸੋ ਤੋੜਿ ਨਿਬਾਹੀਆਂ ਨੀ।

(64)


ਘਰਿ ਸੋਹਣਿ ਸਹੀਆਂ ਏਤੜੀਆਂ।
ਹੋੜੀਆਂ-ਹਟਕੀਆਂ ਰਹਿਣ ਨ ਮੂਲੇ,
ਡੂੰਘੇ ਚਿਕੜ ਲੇਟੜੀਆਂ।
ਕਾਈਆਂ ਭੁੱਖੀਆਂ ਕਾਈ ਤਿਹਾਈ,
ਕਾਇ ਜਰੀਦੀਆਂ ਕਾਇ ਨਿੰਦਰਾਈ,
ਕਈਆਂ ਸਖੀਆਂ ਦੁੰਦ ਮਚਾਈ,
ਪੰਜਾਂ ਬੇੜੀ ਵਹਿਣ ਲੁੜ੍ਹਾਈ,
ਸਭ ਘਰਿ ਦੀਆਂ ਮੰਝ ਭੇਤੜੀਆਂ।

ਪੰਜੇ ਸਹੀਆਂ ਇੱਕੋ ਜੇਹੀਆਂ,
ਹੁਕਮ ਸੰਜੋਗ ਇਕੱਠੀਆਂ ਹੋਈਆਂ
ਜੋ ਪੰਜਾਂ ਨੂੰ ਧਾਗਾ ਪਾਏ,
ਸਾ ਸਭਰਾਈ ਕੰਤ ਰੀਝਾਏ,
ਕਹੈ ਹੁਸੈਨ ਬਿਸ਼ਰਮੀ ਸਈਆਂ,
ਆਇ ਪਵਨ ਅਚੇਤੜੀਆਂ।

(65)


ਘੜੀ ਇਕੁ ਦੇ ਮਿਜਮਾਨੁ ਮੁਸਾਫਰ,
ਪਈਆਂ ਤਾਂ ਰਹਿਣ ਸਰਾਈਂ।
ਕੋਟਾਂ ਦੇ ਸਿਕਦਾਰ ਸੁਣੀਂਦੇ,

ਅੱਖੀਂ ਦਿਸਦੇ ਨਾਹੀਂ।

ਛੋਡਿ ਤਕੱਬਰੀ ਪਕੜਿ ਹਲੀਮੀ,
ਕੋਈ ਕਹੀ ਦਾ ਨਾਹੀਂ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਹਰਿ ਦਮ ਸਾਈਂ ਸਾਈਂ।

(65)



ਘੋਲੀ ਵੰਞਾ ਸਾਈਂ ਤੈਥੋਂ,
ਹਾਲੁ ਅਸਾਡੇ ਦੇ ਮਹਿਰਮ ਸੱਜਣਾ।
ਕਦੀ ਤਾਂ ਦਰਸ ਦਿਖਾਲਿ ਪਿਆਰਿਆਂ,
ਸਦਾ ਸੁਹਾਗ ਪੜਦੇ ਕੱਜਣਾ।

ਏਹੋ ਮੰਗਿ ਲੀਤੀ ਤਉ ਕੋਲੋਂ,
ਪਲਿ ਪਲਿ ਬਢੇਂ ਤੁਸਾਂ ਵਲਿ ਲੱਗਣਾ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਹਰਦਮ ਨਾਮ ਤੁਸਾਡੇ ਰੱਜਣਾ।

(67)



ਘੁੰਮ ਚਰਖੜਿਆ ਵੇ,
ਤੇਰੀ ਕੱਤਣ ਵਾਲੀ ਜੀਵੇ,
ਨਲੀਆਂ ਵੱਟਣਿ ਵਾਲੀ ਜੀਵੇ।
ਬੁੱਢਾ ਹੋਇਓਂ ਸ਼ਾਹ ਹੁਸੈਨਾ,
ਦੰਦੀਂ ਝੇਰਾਂ ਪਈਆਂ।
ਉਠਿ ਸਵੇਰੇ ਢੂੰਡਣਿ ਲੱਗੋਂ,
ਸੰਝਿ ਦੀਆਂ ਜੋ ਗਈਆਂ।

ਹਰ ਦਮ ਨਾਮੁ ਸਮਾਲ ਸਾਈਂ ਦਾ,
ਤਾਂ ਤੂੰ ਇਸਥਿਰ ਥੀਵੇਂ।

ਚਰਖਾ ਬੋਲੇ ਸਾਈਂ ਸਾਈਂ,
ਬਇੜ ਬੋਲੇ ਤੂੰ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਮੈਂ ਨਾਹੀਂ ਸਭ ਤੂੰ।

(68)



ਚਰਖਾ ਮੇਰਾ ਰੰਗਲੜਾ ਰੰਗ ਲਾਲੁ।
ਜੇਵਡੁ ਚਰਖਾ ਤੇਵਡੁ ਮੁੰਨੇ,
ਹੁਣ ਕਹਿ ਗਇਆ, ਬਾਰਾਂ ਪੁੰਨੇ,
ਸਾਈਂ ਕਾਰਨ ਲੋਇਨ ਰੁੰਨੇ,
ਰੋਇ ਵੰਞਾਇਆਂ ਹਾਲੁ।

ਜੇਵਡ ਚਰਖਾ ਤੇਵਡੁ ਘੁਮਾਇਣ,
ਸੱਭੇ ਆਈਆਂ ਸੀਸ ਗੁੰਦਾਇਣ,
ਕਾਈ ਨ ਆਈਆਂ ਹਾਲ ਵੰਡਾਇਣ,
ਹੁਣ ਕਾਈ ਨੇ ਚਲਦੀ ਨਾਲੁ।

ਵੱਛੇ ਖਾਧਾ ਗੋੜ੍ਹਾ ਵਾੜਾ,
ਸੱਭੇ ਲੜਦਾ ਵੇੜ੍ਹਾ ਪਾੜਾ।
ਮੈਂ ਕੀ ਫੇੜਿਆ ਵੇਹੜੇ ਦਾ ਨੀਂ,
ਸਭ ਪਈਆਂ ਮੇਰੇ ਖਿਆਲੂ।

ਜੇਵਡੁ ਚਰਖਾ ਤੇਵਡੁ ਪੱਛੀ,
ਮਾਪਿਆਂ ਮੇਰਿਆਂ ਸਿਰ ਤੇ ਰੱਖੀ,
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਹਰਿ ਦਮ ਨਾਮੁ ਸਮਾਲੁ।

(69)



ਚਾਰੇ ਪੱਲੂ ਚੋਲੜੀ,
ਨੈਣ ਰੋਂਦੀ ਦੇ ਭਿੰਨੇ।
ਕੱਤਿ ਨ ਜਾਣਾਂ ਪੂਣੀਆਂ,
ਦੋਸ ਦੇਨੀਆਂ ਮੁੰਨੇ।

ਆਵਣੁ ਆਵਣੁ ਕਹਿ ਗਏ,
ਮਾਹਿ ਬਾਰਾਂ ਪੁੰਨੇ।

ਇੱਕ ਅਨ੍ਹੇਰੀ ਕੋਠੜੀ,
ਦੂਜੇ ਮਿੱਤਰ ਵਿਛੁੰਨੇ।

ਕਾਲੇ ਹਰਨਾਂ ਚਰ ਗਇਓਂ।
ਸ਼ਾਹ ਹੁਸੈਨ ਦੇ ਬੰਨੇ।

ਪਾਠਾਂਤਾਰ ਕਾਫੀ (69)



ਚਾਰੇ ਪੱਲੇ ਚੂਨੜੀ, ਨੈਣ ਰੋਂਦੀ ਦੇ ਭਿੰਨੇ,
ਆਵਣ ਆਵਣ ਕਹਿ ਗਏ,
ਮਾਹੁ ਬਾਰਾਂ ਪੁੰਨੇ।
ਕੱਤ ਨਾ ਜਾਣਾ ਪੂਣੀਆਂ,
ਦੋਸ਼ ਦੇਂਦੀ ਹਾਂ ਮੁੰਨੇ।
ਲਿਖਣਹਾਰਾ ਲਿਖ ਗਇਆ,
ਕੀ ਹੋਂਦਾ ਰੁੰਨੇ।
ਇੱਕ ਹਨੇਰੀ ਕੋਠੜੀ,
ਦੂਜਾ ਮਿੱਤਰ ਵਿਛੁੰਨੇ।
ਕਾਲਿਆ ਹਰਨਾ ਚਰ ਗਇਓਂ
ਸ਼ਾਹ ਹੁਸੈਨ ਦੇ ਬੰਨੇ।

(70)



ਚੂਹੜੀ ਹਾਂ ਦਰਬਾਰ ਦੀ।

ਧਿਆਨੁ ਦੀ ਛਜੁਲੀ ਗਿਆਨ ਦਾ ਝਾੜੂ,
ਕਾਮ ਕਰੋਧ ਨਿਤ ਝਾੜਦੀ।

ਕਾਜ਼ੀ ਜਾਣੇ ਸਾਨੂੰ ਹਾਕਮ ਜਾਣੇ,
ਸਾਥੇ ਫ਼ਾਰਖਤੀ ਵੈਗਾਰ ਦੀ।

ਮੱਲ ਜਾਣੇ ਘਰ ਮਹਿਤਾ ਜਾਣੈ,
ਮੈਂ ਟਹਿਲ ਕਰਾਂ ਸਰਕਾਰ ਦੀ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਤਲਬ ਤੇਰੇ ਦੀਦਾਰ ਦੀ।

(71)



ਚੋਰ ਕਰਨ ਨਿਤ ਚੋਰੀਆਂ
ਅਮਲੀ ਨੂੰ ਅਮਲਾਂ ਦੀਆਂ ਘੋੜੀਆਂ
ਕਾਮੀ ਨੂੰ ਚਿੰਤਾ ਕਾਮ ਦੀ,
ਅਸਾਂ ਤਲਬ ਸਾਈਂ ਦੇ ਨਾਮ ਦੀ।

ਪਾਤਿਸ਼ਾਹਾਂ ਨੂੰ ਪਾਤਿਸ਼ਾਹੀਆਂ,
ਸ਼ਾਹਾਂ ਨੂੰ ਉਗਰਾਹੀਆਂ
ਮਿਹਰਾਂ ਨੂੰ ਪਿੰਡ ਗਰਾਂਵ ਦੀ।

ਇੱਕ ਬਾਜ਼ੀ ਪਾਈ ਆ ਸਾਈਆਂ,
ਇਕ ਅਚਰਜ ਖੇਲ ਬਣਾਈਆਂ,
ਸਭਿ ਖੇਡਿ ਖੇਡਿ ਘਰ ਆਂਵਦੀ।

ਲੋਕ ਕਰਨ ਲੜਾਈਆਂ,
ਸ਼ਰਮੁ ਰਖੀਂ ਤੂੰ ਸਾਈਆਂ,
ਸਭ ਮਰਿ ਮਰਿ ਖਾਕ ਸਮਾਂਵਦੀ।

ਇਕ ਸ਼ਾਹੁ ਹੁਸੈਨ ਫ਼ਕੀਰ ਹੈ,
ਤੁਸੀਂ ਨ ਕੋਈ ਆਖੋ ਪੀਰ ਹੈ,
ਅਸਾਂ ਕੂੜੀ ਗੱਲ ਨਾ ਭਾਂਵਦੀ।

(72)



ਚੰਦੀਂ ਹਜ਼ਾਰ ਆਲਮੁ ਤੂੰ ਕੇਹੜੀਆਂ ਕੁੜੇ
ਚਰੇਂਦੀ ਆਈ ਲੇਲੜੇ,
ਤੁਮੇਂਦੀ ਉੱਨ ਕੁੜੇ।

ਉੱਚੀ ਘਾਟੀ ਚੜ੍ਹਦਿਆਂ,
ਤੇਰੇ ਕੰਢੇ ਪੈਰ ਮੜੇ।

ਤੈਂ ਜੇਹਾ ਮੈਂ ਕੋਈ ਨਾ ਡਿੱਠਾ,
ਅੱਗੇ ਹੋਇ ਮੁੜੇ।

ਬਿਨਾਂ ਅਮਲਾਂ ਆਦਮੀ,
ਵੈਂਦੇ ਕੱਖੁ ਲੁੜੇ

ਪੀਰ ਪੈਗੰਬਰ ਅਉਲੀਏ,
ਦਰਗਹਿ ਜਾਇ ਵੜੇ।

ਸਭੇ ਪਾਣੀ ਹਾਰੀਆਂ,
ਰੰਗਾ ਰੰਗ ਘੜੇ।

ਸ਼ਾਹ ਹੁਸੈਨ ਫ਼ਕੀਰ ਸਾਈਂ ਦਾ,
ਦਰਗਹਿ ਵੰਜ ਖੜੇ।

(73)



ਜਹਾਂ ਦੇਖੋ ਤਹਾਂ ਕਪਟ ਹੈ, ਕਹੂੰ ਨ ਪਇਓ ਚੈਨ।
ਦਗਾਬਾਜ਼ ਸੰਸਾਰ ਤੇ ਗੋਸ਼ਾ ਪਕੜਿ ਹੁਸੈਨ।

ਮਨ ਚਾਹੇ ਮਹਿਬੂਬ ਕੋ, ਤਨ ਚਾਹੇ ਸੁਖ ਚੈਨ,
ਦੋਇ ਰਾਜੇ ਕੀ ਸੀਧ ਮੈਂ, ਕੈਸੇ ਬਣੇ ਹੁਸੈਨ।

(74)



ਜਗਿ ਮੈਂ ਜੀਵਨ ਥੋਹੜਾ,
ਕਉਣ ਕਰੈ ਜੰਜਾਲ
ਕੈਂਦੇ ਘੋੜੇ ਹਸਤੀ ਮੰਦਰ
ਕੈਂਦਾ ਹੈ ਧਨ ਮਾਲ।

ਕਹਾਂ ਗਏ ਮੁੱਲਾਂ, ਕਹਾਂ ਗਏ ਕਾਜ਼ੀ,
ਕਹਾਂ ਗਏ ਕਟਕ ਹਜ਼ਾਰ।

ਇਹ ਦੁਨੀਆਂ ਦਿਨ ਦੋਇ ਪਿਆਰੇ,
ਹਰਦਮ ਨਾਮੁ ਸਮਾਲੁ

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਝੂਠਾ ਸਭ ਬਿਉਹਾਰ।

(75)



ਜਾਗ ਨਾ ਲਧੀਆ ਸੁਣ ਜਿੰਦੂ,
ਹੱਭੋ ਵਿਹਾਣੀ ਰਾਤ।
ਇਸ ਦਮ ਦਾ ਵੋ ਕੀ ਭਰਵਾਸਾ,
ਰਹਿਨ ਸਰਾਈਂ ਰਾਤ।

ਵਿਛੁੜੇ ਤਨ ਮਨੁ ਬਹੁੜ ਨ ਮੇਲਾ,
ਜਿਉਂ ਤਰਵਰ ਤੁੱਟੇ ਪਾਤ॥

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਹੋਇ ਗਈ ਪਰਭਾਤ।

(76)



ਜਾ ਜੀਵੈਂ ਤਾਂ ਡਰਦਾ ਰਹੁ ਵੋ।
ਬਾਂਦਰ ਬਾਜ਼ੀ ਕਰੈ ਬਜ਼ਾਰੀ,
ਸਹਿਲ ਨਹੀਂ ਉਥੇ ਲਾਵਨ ਯਾਰੀ,

ਰਹੁ ਵੇ ਅਡਕ ਵਛੇੜਾ ਅਨਾੜੀ,
ਕੱਢ ਨਾ ਗਰਦਨ ਸਿੱਧਾ ਵਹੁ ਵੋ।

ਨੇਹੀ ਸਿਰ ਤੇ ਨਾਉਂ ਧਰਾਵਨ
ਬਲਦੀ ਆਤਸ਼ ਨੂੰ ਹਥਿ ਪਾਵਨ,
ਆਹੀਂ ਕੱਢਣ ਤੇ ਕੂਕ ਸੁਣਾਵਣ,
ਗੱਲ੍ਹਿ ਨਾ ਤੈਨੂੰ ਬਣਦੀ ਓਹੁ ਵੋ।

ਦਰ ਮੈਦਾਨ ਮੁਹੱਬਤ ਜਾਤੀ,
ਸਹਿਲ ਨਹੀਂ ਉੱਥੇ ਪਾਵਨ ਝਾਤੀ,
ਜੈਂ ਤੇ ਬਿਰਹੁ ਵਗਾਵੇ ਕਾਤੀ,
ਮੁਢ ਕਲੇਜੇ ਦੇ ਅੰਦਰਿ ਡਹੁ ਵੋ।

ਅਸਲੀ ਇਸ਼ਕ ਮਿੱਤਰਾਂ ਦਾ ਏਹਾ,
ਪਹਲੇ ਮਾਰ ਮੁਕਾਵਨ ਦੇਹਾ,
ਸਹਲ ਨਹੀਂ ਉੱਥੇ ਲਾਵਨ ਨੇਹਾ,
ਜੇ ਲਇਓ ਤਾਂ ਕਿਸੇ ਨਾ ਕਹੁ ਵੋ।

ਤਉ ਬਾਝੁ ਸਭ ਝੂਠੀ ਬਾਜ਼ੀ,
ਕੂੜੀ ਦੁਨੀਆਂ ਫਿਰੇ ਗਮਾਜ਼ੀ,
ਨੇਹੁੰ ਹਕੀਕਤ ਘਿੰਨ ਮਿਜਾਜ਼ੀ,
ਦੋਵੇਂ ਗੱਲਾਂ ਸੁਟਿ ਨ ਬਹੁ ਵੋ।

ਕਹੈ ਹੁਸੈਨ ਫ਼ਕੀਰ ਗਦਾਈ,
ਦਮ ਨਾ ਮਾਰੇ ਬੇ ਪਰਵਾਹੀ,
ਸੋ ਜਾਣੈ ਜਿਨਿ ਆਪੇ ਲਾਈ,
ਅਹੁ ਵੇਖ ਜਾਂਵੀ ਆਏ ਅਹੁ ਵੋ।

(77)



ਜਿਸ ਨਗਰੀ ਠਾਕੁਰ ਜਸੁ ਨਾਹੀਂ,
ਸੋ ਕਾਕੁਰ ਕੂਕਰ ਬਸਤੀ ਹੈ।
ਅੱਗਰ-ਚੰਦਨ ਕੀ ਸਾਰੁ ਨਾ ਜਾਣੇ,
ਪਾਥਰ ਸੇਤੀ ਘਸਤੀ ਹੈ।

ਛੈਲਾਂ ਸੇਤੀ ਘੁੰਘਟ ਕਾਢੇ,
ਬੈਲਾਂ ਸੇਤੀ ਹਸਤੀ ਹੈ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਸਵਾ ਸੇਰ ਕੀ ਮਸਤੀ ਹੈ।

(78)



ਜਿਤੁ ਵਲਿ ਮੈਂਡਾ ਮਿੱਤਰ ਪਿਆਰਾ।
ਉਥੇ ਵੰਝ ਆਖੀ ਮੈਂਡੀ ਆਜਜ਼ੀ ਵੋ।

ਜੋਗਣਿ ਹੋਵਾਂ ਧੂਹਾਂ ਪਾਵਾਂ

ਤੇਰੇ ਕਾਰਣਿ ਮੈਂ ਮਰ ਜਾਵਾਂ,
ਤੈਂ ਮਿਲਿਆ ਮੇਰੀ ਤਾਜ਼ਗੀ ਵੋ।

ਰਾਤੀ ਦਰਦੁ ਦਿਹੈਂ ਦਰਮਾਂਦੀ,
ਮਰਨ ਅਸਾਡਾ ਵਾਜਬੀ ਵੋ।

ਲਿਟਾਂ ਖੋਲਿ ਗਲੇ ਵਿੱਚ ਪਾਈਆਂ,
ਮੈਂ ਬੈਰਾਗਣਿ ਆਦਿ ਦੀ ਵੋ।

ਜੰਗਲ ਬੇਲੇ ਫਿਰਾਂ ਢੂੰਢੇਦੀ,
ਕੂਕ ਨਾ ਸਕਾਂ ਮਾਰੀ ਲਾਜ ਦੀ ਵੋ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਰਾਤੀਂ ਦਿਹੇਂ ਮੈਂ ਜਾਗਦੀ ਵੋ।

(79)



ਜਿਨ੍ਹਾਂ ਖੜੀ ਨ ਕੀਤੀ ਮੇਰੀ ਡੋਲੜੀ,
ਅਨੀ ਹੋ ਮਾਂ ਦੋਸ਼ ਕਹਾਰਾਂ ਨੂੰ।

ਕੋਲੋਂ ਤੈਂਡੇ ਵਾਹੀ ਲਡਿ ਲਡਿ ਚਲੇ,
ਤੈਂ ਅਜੇ ਨਾ ਬੱਧਾ ਭਾਰਾਂ ਨੂੰ।

ਇੱਕ ਲਡਿ ਚਲੇ ਇੱਕ ਬੰਨ੍ਹ ਬੈਠੇ,
ਕਉਣ ਉਠਾਇ ਸਾਡਿਆਂ ਭਾਰਾਂ ਨੂੰ।

ਸਿਰ ਤੇ ਮਾਉਤ ਖੜੀ ਪੁਕਾਰੇ,
ਮਨ ਲੋਚੇ ਬਾਗੁ ਬਹਾਰਾਂ ਨੂੰ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਕੋਈ ਮੁੜਿ ਸਮਝਾਵੇ ਇਨ੍ਹਾਂ ਯਾਰਾਂ ਨੂੰ।

(80)



ਅਨੀ ਜਿੰਦੇ ਮੈਂਡੜੀਏ
ਤੇਰੇ ਨਲੀਆਂ ਦਾ ਵਖਤੁ ਵਿਹਾਣਾ।

ਰਾਤੀਂ ਕੱਤੈਂ ਦਿਨੀਂ ਅਟੇਰੈਂ
ਗੋਸ਼ੇ ਲਾਇਓ ਤਾਣਾ।

ਕੋਈ ਜੋ ਤੰਦ ਪਈ ਅਵੱਲੀ,
ਸਾਹਿਬ ਮੂਲ ਨ ਭਾਣਾ।

ਚੀਰੀ ਆਈ ਢਿਲ ਨ ਕਾਈ,
ਕਿਆ ਰਾਜਾ ਕਿਆ ਰਾਣਾ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਡਾਢੇ ਦਾ ਰਾਹੁ ਨਿਮਾਣਾ।

ਪਾਠਾਂਤਰ ਕਾਫੀ (80)



ਜਿੰਦੇ ਮੈਂਡਰੀਏ,
ਤੇਰਾ ਨਲੀਆਂ ਦਾ ਵਖਤੁ ਵਿਹਾਣਾ।
ਰਾਤੀਂ ਕੱਤੇਂ ਰਾਤੀਂ ਅਟੇਰੈਂ,
ਗੋਸ਼ੇ ਲਾਇਓ ਤਾਣਾ।
ਕੋਈ ਜੁ ਤੰਦ ਅਵੱਲਾ ਪੈ ਗਇਆ,
ਸਾਹਿਬ ਮੂਲ ਨਾ ਭਾਣਾ।
ਚਾਰ ਦਿਹਾੜੇ ਗੋਇਲ ਵਾਸਾ,
ਉੱਠ ਚੜ੍ਹਦਾ ਪੱਛੋਤਾਣਾ।
ਚੀਰੀ ਆਈ ਢਿੱਲ ਨ ਕਰਸੀ,
ਕੀ ਰਾਜਾ ਕੀ ਰਾਣਾ।

ਕਿਸੇ ਨਵਾਂ ਕਿਸੇ ਪੁਰਾਣਾ,
ਕਿਸੇ ਅੱਧੋ ਰਾਣਾ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਬਿਨ ਮਸਲਤ ਉਠ ਜਾਣਾ।

(81)



ਜੈਤੀ ਜੇਤੀ ਦੁਨੀਆਂ ਰਾਮ ਜੀ,
ਤੇਰੇ ਕੋਲੋਂ ਮੰਗਦੀ।

ਕੂੰਡਾ ਦੇਈਂ ਸੋਟਾ ਦੇਈਂ,
ਕੋਠੀ ਦੇਈਂ ਭੰਗ ਦੀ।
ਸਾਫ਼ੀ ਦੇਈਂ ਮਿਰਚਾਂ ਦੇਈਂ,
ਬੇਮਿਣਤੀ ਦੇਈਂ ਰੰਗ ਦੀ।
ਪੋਸਤ ਦੇਈਂ ਬਾਟੀ ਦੇਈਂ,
ਚਾਟੀ ਦੇਈਂ ਖੰਡ ਦੀ।
ਗਿਆਨ ਦੇਈਂ ਧਿਆਨ ਦੇਈਂ,
ਮਹਿਮਾ ਸਾਧੂ ਸੰਗ ਦੀ,
ਸ਼ਾਹ ਹੁਸੈਨ ਫ਼ਕੀਰ ਸਾਈਂ ਦਾ,
ਇਹ ਦੁਆਇ ਮਲੰਗ ਦੀ।

(82)



ਜੋਬਨ ਗਇਆ ਤਾਂ ਘੋਲਿਆ,
ਰੱਬਾ ਤੇਰੀ ਮਿਹਰ ਨਾ ਜਾਵੇ।
ਆਇਆ ਸਾਵਣਿ ਮਨ ਪਰਚਾਵਣੁ,
ਸਈਆਂ ਖੇਡਣ ਸਾਵੇਂ।
ਨੈਂ ਭੀ ਡੂੰਘੀ ਤੁਲਾ ਪੁਰਾਣਾ,
ਮਉਲਾ ਪਾਰ ਲੰਘਾਵੇ।

ਇਕਨਾਂ ਵੱਟੀਆਂ ਪੂਣੀਆਂ,
ਇੱਕ ਸੂਤ ਵਣਾਵੇ।

ਇੱਕ ਕੰਤਾਂ ਬਾਝ ਵਿਚਾਰੀਆਂ,
ਇਕਨਾ ਢੋਲ ਕਲਾਵੇ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਝੂਠੇ ਬੰਨ੍ਹਦੇ ਨੀਂ ਦਾਵੇ।

(83)



ਝੂਮੇ ਝੂਮ ਖੇਲਿ ਲੈ ਮੰਝ ਵੇਹੜੇ,
ਜਪਦਿਆਂ ਨੂੰ ਹਰਿ ਨੇੜੇ।
ਵੇਹੜੇ ਦੇ ਵਿਚ ਨਦੀਆਂ ਵਗਣਿ,

ਬੇੜੇ ਲੱਖ ਹਜ਼ਾਰ।
ਕੇਤੀ ਇਸ ਵਿੱਚ ਡੁਬਦੀ ਡਿਠੀ,
ਕੇਤੀ ਲੰਘੀ ਪਾਰਿ।

ਇਸ ਵੇਹੜੇ ਦੇ ਨੌਂ ਦਰਵਾਜੇ,
ਦਸਵੇਂ ਕੁਫਲ ਚੜ੍ਹਾਈ।
ਤਿਸੁ ਦਰਵਾਜ਼ੇ ਦੀ ਮਹਿਰੁਮ ਨਾਹੀਂ,
ਜਿਤੁ ਸ਼ਹੁ ਆਵਹਿ ਜਾਈ।

ਵੇਹੜੇ ਦੇ ਵਿਚਿ ਆਲਾ ਸੋਹੇ,
ਆਲੇ ਦੇ ਵਿਚਿ ਤਾਕੀ।
ਤਾਕੀ ਦੇ ਵਿੱਚ ਸੇਜ ਵਿਛਾਵਾਂ,
ਆਪਣੇ ਪੀਆ ਸੰਗਿ ਰਾਤੀ।

ਇਸ ਵੇਹੜੇ ਵਿੱਚ ਮਕਨਾ ਹਾਥੀ,
ਸੰਗਲ ਨਾਲ ਖਹੇੜੇ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਜਾਗਦਿਆਂ ਕਉਣ ਛੇੜੇ।

(84)



ਟੁਕ ਬੂਝ ਮਨ ਮੈ ਕਉਣ ਹੈ,
ਸਭ ਦੇਖੁ ਆਵਾਗਉਣ ਹੈ।
ਮਨ ਅਉਰ ਹੈ ਤਨ ਅਉਰ ਹੈ,
ਮਨ ਕਾ ਵਸੀਲਾ ਪਉਣ ਹੈ।
ਤੂੰ ਕੇਹਾ ਲੁਭਾਣਾ ਪਾਪ ਕੋ,
ਤੈਂ ਸਹੀ ਕੀ ਕੀਆ ਆਪ ਕੋ।

ਇਕ ਸ਼ਾਹ ਹੁਸੈਨ ਫ਼ਕੀਰ ਹੈ,
ਤੁਸੀਂ ਨ ਆਖੋ ਪੀਰ ਹੈ।
ਜਗ ਚਲਦਾ ਦੇਖ ਵਹੀਰ ਹੈ।

ਪਾਠਾਂਤਰ (84)



ਟੁਕ ਬੂਝ ਸਮਝ ਦਿਲ ਕੌਣ ਹੈ।
ਮਨ ਕਾ ਵਸੀਲਾ ਪੌਣ ਹੈ।
ਬੰਦਾ ਬਣਾਇਆ ਜਾਪ ਕੋ,
ਤੂੰ ਕਿਆ ਭੁਲਾਵੇਂ ਪਾਪ ਕੋ।
ਮਨ ਔਰ ਹੈ ਮੁਖ ਔਰ ਹੈ,
ਦੁਨੀਆਂ ਆਵਾਗੌਨ ਹੈ।
ਸ਼ਾਹੋ ਹੁਸੈਨ ਫ਼ਕੀਰ ਹੈ,
ਜਗ ਚੱਲਤਾ ਦੇਖ ਵਹੀਰ ਹੈ।
ਟੁਕ ਬੂਝ ਮਨ ਮੈਂ ਕਉਣ ਹੈ,
ਸਭ ਦੇਖੁ ਆਵਾਗਉਣ ਹੈ।
ਮਨ ਅਉਰ ਹੈ ਤਨ ਅਉਰ ਹੈ,
ਮਨ ਕਾ ਵਸੀਲਾ ਪਾਉਣ ਹੈ।
ਬੰਦਾ ਬਣਾਇਆ ਜਾਪ ਕੋ,
ਤੂੰ ਕੇਹਾ ਲੁਭਾਣਾ ਪਾਪ ਕੋ,
ਤੈਂ ਸਹੀ ਕੀ ਕੀਆ ਆਪ ਕੋ।

ਇੱਕ ਸ਼ਾਹ ਹੁਸੈਨ ਫ਼ਕੀਰ ਹੈ,
ਤੁਸੀਂ ਨਾ ਆਖੋ ਪੀਰ ਹੈ,
ਜਗ ਚਲਤਾ ਦੇਖਿ ਵਹੀਰ ਹੈ।

(85)



ਡਾਢਾ ਬੇ ਪਰਵਾਹ
ਮੈਂਡੀ ਲਾਜ ਹੈਂ ਪਰ ਆਹੀ।
ਹੱਥੀਂ ਮਹਿੰਦੀ ਪੈਰੀਂ ਮਹਿੰਦੀ,
ਖਾਰੇ ਚਾਇ ਬਹਾਈ।
ਸੱਸ ਨਿਨਾਣਾਂ ਦੇਂਦੀਆਂ ਤਾਹਨੇ,
ਦਾਜ ਵਿਹੁਣੀ ਆਈ।
ਸੁੰਨੇ ਮੁੰਨੇ ਦਾਇਮ ਰੁੰਨੇ,
ਚਰਖੇ ਜੀਉ ਖਪਾਇਆ।
ਬੀਬੀ ਪੱਛੀ ਦਾਇਮ ਹੱਛੀ,
ਕੱਤਿ ਤੂੰਬ ਜਿਸ ਵਿੱਚ ਪਾਇਆ।

ਭਉਂਦਿਆਂ ਚੌਂਦਿਆ ਛੱਲੀ ਕੱਤੀ,
ਕਾਰ ਪਇਆ ਲੈ ਜਾਇਆ।
ਰਾਤ ਅੰਧੇਰੀ ਗਲੀਏਂ ਚਿੱਕੜ,
ਮਿਲਿਆ ਯਾਰ ਸਿਪਾਹੀ।
ਸ਼ਾਹ ਹੁਸੈਨ ਫ਼ਕੀਰ ਸਾਈਂ ਦਾ,
ਇਹ ਗੱਲ ਸੁਝਦੀ ਆਹੀ।

(86)



ਡੇਖ ਨਾ ਮੈਂਡੇ ਅਵਗੁਣ ਡਾਹੂੰ,
ਤੇਰਾ ਨਾਮੁ ਸੱਤਾਰੀ ਦਾ।
ਤੂੰ ਸੁਲਤਾਨ ਸਭੋ ਕਿਛੁ ਸਰਦਾ,
ਮਾਲਮ ਹੈ ਤੈਨੂੰ ਹਾਲ ਜਿਗਰ ਦਾ,
ਤਉ ਕੋਲੋਂ ਕਛੁ ਨਾਹੀਂ ਪੜਦਾ,
ਫੋਲ ਨਾ ਐਬ ਵਿਚਾਰੀ ਦਾ।

ਤੂੰ ਹੀ ਆਕਲ ਤੂੰ ਹੀ ਦਾਨਾ,
ਤੂੰ ਹੀ ਮੇਰਾ ਕਰਿ ਖਸਮਾਨਾ।
ਜੋ ਕਿਛੁ ਦਿਲ ਮੇਰੇ ਵਿੱਚ ਗੁਜ਼ਰੇ,
ਤੂੰ ਮਹਰਮ ਗੱਲ ਸਾਰੀ ਦਾ।

ਤੂੰ ਹੈਂ ਦਾਤਾ ਤੂੰ ਹੈਂ ਭੁਗਤਾ,
ਸਭ ਕਿਛੁ ਦੇਂਦਾ ਮੂਲ ਨਾ ਚੁਕਦਾ।
ਤੂੰ ਦਰੀਆਉ ਮਿਹਰ ਦਾ ਵਹਿੰਦਾ,
ਮਾਂਗਨਿ ਕੁਰਬ ਭਿਖਾਰੀ ਦਾ।

ਏਹੁ ਅਰਜ਼ ਹੁਸੈਨ ਸੁਣਾਵੈ,
ਤੇਰਾ ਕੀਤਾ ਮੈਂ ਮਨ ਭਾਵੈ।
ਦੁਖ ਦਰਦ ਕਿਛੁ ਨੇੜਿ ਨਾ ਆਵੇ,
ਹਰਦਮ ਸ਼ੁਕਰ ਗੁਜ਼ਾਰੀ ਦਾ।

(87)



ਤਾਰੀ ਸਾਈਂ ਰੱਬਾ ਵੇ ਮੈਂ ਔਗੁਣਿਆਰੀ।

ਸਭ ਸਈਆਂ ਗੁਣਵੰਤੀਆਂ,
ਤਾਰੀਂ ਰੱਬਾ ਵੇ ਮੈਂ ਔਗਣਿਆਰੀ।
ਭੇਜੀ ਸੀ ਜਿਸ ਬਾਤ ਨੋ ਪਿਆਰੀ ਰੀ,
ਸਾਈ ਬਾਤ ਵਿਸਾਰੀ।
ਰਲ ਮਿਲ ਸਈਆਂ ਦਾਜ ਰੰਗਾਇਆ ਪਿਆਰੀ ਰੀ,
ਮੈਂ ਰਹੀ ਕੁਆਰੀ।
ਅੰਗਣ ਕੂੜਾ ਵੱਤ ਗਇਆ,
ਮੁੜ ਦੇਹਿ ਬੁਹਾਰੀ।
ਭੈ ਸਾਈਂ ਦੇ ਪਰਬਤ ਡਰਦੇ,
ਮੈਂ ਕਵਣ ਵਿਚਾਰੀ।
ਕਹੈ ਹੁਸੈਨ ਸਹੇਲੀਓ,
ਅਮਲਾਂ ਬਾਝਿ ਖੁਆਰੀ।

(88)



ਤਿਨ੍ਹਾਂ ਗ਼ਮ ਕੇਹਾ ਸਾਈਂ ਜਿਨ੍ਹਾਂ ਦੇ ਵੱਲ।
ਸੋਹਣੀ ਸੂਰਤਿ ਦਿਲਬਰ ਵਾਲੀ,
ਰਹੀ ਅੱਖੀਂ ਵਿਚਿ ਗੱਲਿ।

ਇਕੁ ਪਲ ਸੱਜਣ ਜੁਦਾ ਨਾ ਥੀਵੇ,
ਬੈਠਾ ਅੰਦਰਿ ਮੱਲਿ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਚਲਣਾ ਅਜੁ ਕਿ ਕੱਲ।

(89)



ਤੇਰੀ ਸ਼ਹੁ ਰਾਵਣ ਦੀ ਵੇਰਾ,
ਸੁਤੀ ਹੈਂ ਤਾਂ ਜਾਗ,
ਮੋਢੇ ਤੇਰੇ ਦੋਇ ਜਣੇਂ,
ਲਿਖਦੇ ਨੀ ਐਬ ਸਵਾਬ।

ਇਹ ਵੇਲਾ ਨ ਲਹਿਸੇਂਂ ਕੁੜੀਏ,
ਥੀਸੇਂ ਤੂੰ ਬਹੁਤ ਖਰਾਬ।

ਕਹੈ ਹੁਸੈਨ ਸ਼ਹੁ ਲੇਖਾ ਪੁੱਛਸੀ,
ਦੇਸੋਂ ਤੂੰ ਕਵਣੁ ਜਵਾਬ।

(90)



ਤੁਸੀਂ ਬਈ ਨ ਭੁਲੋ,
ਕਾਇ ਜੇ ਮੈਂ ਭੁੱਲੀਆਂ।
ਪ੍ਰੇਮ ਪਿਆਲਾ ਸਤਿਗੁਰ ਵਾਲਾ,
ਪੀਵਤਿ ਹੀ ਮੈਂ ਝੁੱਲੀਆਂ।

ਲੋਕ ਲਾਜਿ ਕੁਲ ਕੀ ਮਿਰਜਾਦਾ,
ਡਾਲਿ ਸਜਣ ਵਲਿ ਚੁੱਲੀਆਂ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਨਾਮ ਤੇਰੇ ਮੈਂ ਹੁੱਲੀਆਂ।

(91)



ਤੁਸੀਂ ਮਤਿ ਕੋਈ ਕਰੋ ਗੁਮਾਨ,
ਜੋਬਨ ਧਨ ਠੱਗੁ ਹੈ।

ਹੰਸਾਂ ਦੇ ਭੁਲਾਵੇ ਭੁਲੀ,
ਝੋਲੀ ਲੀਤਾ ਬੱਗ ਹੈ।

ਪੱਬਣ-ਪੱਤ੍ਰ ਉਪਰਿ ਮੋਤੀ,
ਤਿਵਹੀਂ ਸਾਰਾ ਜੱਗ ਹੈ।

ਨਿੰਦਿਆ, ਧ੍ਰੋਹ, ਬਖੀਲੀ, ਚੁਗਲੀ,
ਨਿੱਤ ਕਰਦਾ ਫਿਰਦਾ ਠੱਗ ਹੈ।

ਕਹੈ ਹੁਸੈਨ ਸੇਈ ਜੱਗ ਆਏ,
ਜਿਨ੍ਹਾਂ ਪਛਾਤਾ ਰੱਬ ਹੈ।

(92)



ਤੁਸੀਂ ਰਲ ਮਿਲਿ ਦੇਹੁ ਮੁਮਾਰਖਾਂ,
ਮੇਰਾ ਸੋਹਣਾ ਸਜਣ ਘਰਿ ਆਇਆ ਹੀ।

ਜਿਸ ਸੱਜਣ ਨੂੰ ਮੈਂ ਢੂੰਢੇਂਦੀ ਵੱਤਾਂ,
ਸੋ ਸਜਣ ਮੈਂ ਪਾਇਆ ਹੈ।

ਵੇਹੜਾ ਤਾਂ ਅੰਝਣੁ ਮੇਰਾ ਭਇਆ ਸੁਹਾਵਣਾਂ,
ਮਾਥੇ ਨੂਰ ਸੁਹਾਇਆ ਹੀ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਮੁਰਸ਼ਦ ਦੋਸਤ ਮਿਲਾਇਆ ਹੀ।

(93)



ਤੁਝੈ ਗੋਰਿ ਬੁਲਾਵੇ ਘਰਿ ਆਉ ਰੇ।
ਜੋ ਆਵੈ ਸੋ ਰਹਣ ਨ ਪਾਵੈ,
ਕਿਆ ਮੀਰ ਮੁਲਕ ਉਮਰਾਉ ਰੇ।

ਹਰ ਦਮ ਨਾਮੁ ਸਮਾਲਿ ਸਾਈਂ ਦਾ,
ਇਹ ਅਉਸਰ ਇਹ ਦਾਉ ਰੇ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਆਖ਼ਰ ਖ਼ਾਕ ਸਮਾਉ ਰੇ।

(94)



ਤੂੰ ਆਹੇ ਕੱਤ ਵਲੱਲੀ,
ਨੀ ਕੁੜੀਏ, ਤੂੰ ਆਹੇ ਕੱਤ ਵਲੱਲੀ।

ਸਾਰੀ ਉਮਰ ਗਵਾਈਆ ਈਵੈਂ,
ਪੱਛੀ ਨਾ ਘੱਤੀਆ ਛੱਲੀ।

ਗਲੀਆਂ ਵਿੱਚ ਫਿਰੇ ਲਟਕੰਦੀ,
ਇਹ ਗੱਲ ਨਾਹੀਓਂ ਭੱਲੀ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਦਾਜ ਵਿਹੂਣੀ ਚੱਲੀ।

(95)



ਤੇਰੇ ਕਾਰਣ ਮੈਂ ਫਿਰਾਂ ਅਜ਼ਾਦੀ,
ਜੰਗਲ ਢੂੰਡਿਆਂ ਮੈਂ ਪੈਰ ਪਿਆਦੀ।
ਰੋ ਰੋ ਨੈਣ ਕਰਨ ਫ਼ਰਿਆਦੀ,
ਕੇਹਾ ਦੋਸ਼ ਨਿਮਾਣੀ ਦਾ।
ਦੁਖਾਂ ਸੂਲਾਂ ਰਲ ਕੀਤਾ ਏਕਾ,
ਨਾ ਕੋਈ ਸਹੁਰਾ ਨਾ ਕੋਈ ਪੇਕਾ।
ਆਸ ਰਹੀ ਹੁਣ ਤੇਰੀ ਏਕਾ,
ਪੱਲਾ ਪਕੜ ਇਆਣੀ ਦਾ।
ਕਹੈ ਹੁਸੈਨ ਫ਼ਕੀਰ ਕਰਾਰੀ,
ਦਰਦਵੰਦਾਂ ਦੀ ਰੀਤ ਨਿਆਰੀ।
ਏਹਾ ਵੇਦਨ ਮੈਂ ਤਨ ਭਾਰੀ,
ਅੱਗੇ ਸੱਚ ਪਛਾਣੀ ਦਾ।

(96)



ਥੋਹੜੀ ਰਹਿ ਗਈਓ ਰਾਤੜੀ,
ਸਹੁ ਰਾਵਿਓ ਨਾਹੀਂ।
ਧੰਨ ਸੋਈ ਸੁਹਾਗਣੀ,
ਜਿਨ ਕੀਆ ਗਲਿ ਬਾਹੀਂ।
ਇੱਕ ਅੰਨ੍ਹੇਰੀ ਕੋਠੜੀ,
ਦੂਆ ਦੀਵਾ ਨਾ ਬਾਤੀ।
ਬਾਹੁੰ ਪਕੜਿ ਜਮੁ ਲੈ ਚਲੇ,
ਕੋਈ ਸੰਗਿ ਨਾ ਸਾਥੀ।

ਸੁੱਤੀ ਰਹੀ ਕੁਲੱਖਣੀ,
ਜਾਗੀ ਵਡਭਾਗੀ।

ਜਾਗਨਿ ਕੀ ਬਿਧਿ ਸੋ ਲਹੈ,
ਜਿਸ ਅੰਤਰ ਲਾਗੀ।

ਕਹੈ ਹੁਸੈਨ ਸਹੇਲੀਓ,
ਸਹੁ ਕਿਤ ਬਿਧਿ ਪਈਐ।
ਕਰਿ ਸਾਹਿਬ ਦੀ ਬੰਦਗੀ,
ਰੈਣਿ ਜਾਗ੍ਰਿਤ ਰਹੀਐ।

(97)



ਦਰਦ ਵਿਛੋੜੇ ਦਾ ਹਾਲ, ਨੀ ਮੈਂ ਕੈਨੂੰ ਆਖਾਂ
ਸੂਲਾਂ ਮਾਰ ਦੀਵਾਨੀ ਕੀਤੀ,
ਬਿਰਹੁੰ ਪਇਆ ਸਾਡੇ ਖਿਆਲ
ਨੀ ਮੈਂ ਕੈਨੂੰ ਆਖਾਂ।
ਸੂਲਾਂ ਦੀ ਰੋਟੀ, ਦੁੱਖਾਂ ਦਾ ਲਾਵਣ,
ਹੱਡਾਂ ਦਾ ਬਾਲਣ ਬਾਲ ਨੀ,
ਮੈਂ ਕੈਨੂੰ ਆਖਾਂ।
ਜੰਗਲ ਜੰਗਲ ਫਿਰਾਂ ਢੂੰਡੇਂਦੀ,
ਅਜੇ ਨਾ ਆਇਆ ਮਹੀਂਵਾਲ ਨੀ,
ਮੈਂ ਕੈਨੂੰ ਆਖਾਂ।
ਰਾਂਝਣ ਰਾਂਝਣ ਫਿਰਾਂ ਢੂੰਡੇਂਦੀ,
ਰਾਂਝਣ ਮੇਰੇ ਨਾਲ
ਨੀ ਮੈਂ ਕੈਨੂੰ ਆਖਾਂ।
ਕਹੇ ਹੁਸੈਨ ਫ਼ਕੀਰ ਸਾਈਂ ਦਾ,
ਵੇਖ ਨਿਮਾਣਿਆਂ ਦਾ ਹਾਲ
ਨੀ ਮੈਂ ਕੈਨੂੰ ਆਖਾਂ।

(98)



ਦਿਹੁੰ ਲੱਥਾਂ ਹੀ ਹਰਟ ਨ ਗੇੜ ਨੀਂ।
ਸਈਆਂ ਨਾਲ ਘਰਿ ਵੰਞ ਸਵੇਰੇ,
ਕੂੜੇ ਝੇੜੁ ਨਾ ਝੇੜਿ ਨੀਂ।

ਇਕਨਾਂ ਭਰਿਆ ਇੱਕ ਭਰ ਗਈਆਂ
ਇਕਨਾਂ ਨੂੰ ਭਈ ਅਵੇਰ ਨੀਂ

ਪਿੱਛੋਂ ਦੀ ਪਛਤਾਸੇਂ ਕੁੜੀਏ,
ਜਦੂੰ ਪਉਸੀਆ ਘੁੰਮਣ ਘੇਰ ਨੀ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਇੱਥੇ ਵਤਿ ਨਹੀਂ ਆਵਣਾ ਫੇਰਿ ਨੀਂ।

(99)



ਦੁਨੀਆਂ ਜੀਵਣ ਚਾਰ ਦਿਹਾੜੇ,
ਕਉਣ ਕਿਸੇ ਨਾਲ ਰੁੱਸੇ।
ਜਿਹ ਵੱਲ ਵੰਜਾਂ ਮਉਤ ਤਿਤੈ ਵਲੂ,
ਜੀਵਣ ਕੋਈ ਨਾ ਦੱਸੇ।

ਸਰਪਰਿ ਲੱਦਣਾ ਏਸ ਜਹਾਨੋ,
ਰਹਿਣਾ ਨਾਹੀਂ ਕਿਸੇ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਮਉਤ ਵਟੇਂਦੜੀ ਰੱਸੇ।

(100)



ਦੁਨੀਆਂ ਤਾਲਬ ਮਤਲਬ ਦੀ ਵੋ,
ਸੱਚ ਸੁਣ ਵੋ ਫ਼ਕੀਰਾ।

ਮਤਲਬ ਆਵੇ ਮਤਲਬ ਜਾਵੇ,
ਮਤਲਬ ਪੂਜੇ ਗੁਰ ਪੀਰਾ।
ਮਤਲਬ ਪਹਨਾਵੈ, ਮਤਲਬ ਖਿਲਾਵੈ,
ਮਤਲਬ ਪਿਲਾਵੈ ਨੀਰਾ।

ਕਹੈ ਹੁਸੈਨ ਜਿਨ ਮਤਬਲ ਛੋਡਿਆ,
ਸੋ ਮੀਰਨ ਸਿਰ ਮੀਰਾ।

(101)



ਦੁਨੀਆਂ ਤੋਂ ਮਰ ਜਾਵਣ,
ਵਤ ਨਾ ਆਵਣਾ।

ਜੋ ਕਿਛੁ ਕੀਤਾ ਬੁਰਾ ਭਲਾ ਵੋ,
ਕੀਤਾ ਆਪਣਾ ਪਾਵਣਾ।

ਆਦਮੀਓਂ ਫਿਰ ਮੁਰਦਾ ਕੀਤਾ,
ਮਿੱਤਰ ਪਿਆਰਿਆਂ ਤੇਰਾ ਚੋਲਾ ਸੀਤਾ,
ਗੋਰ ਮੰਨਜ਼ਲ ਪਹੁੰਚਾਵਣਾ।

ਚਾਰ ਦਿਹਾੜੇ ਗੋਇਲ ਵਾਸਾ,
ਕਿਆ ਜਾਣਾ ਕਿਤ ਢੁਲਸੀ ਵੋ ਪਾਸਾ,
ਬਾਲਕ ਮਨ ਪਰਚਾਵਣਾ।
ਚਹੁੰ ਜਣਿਆਂ ਮਿਲ ਝੁਲਮ ਝੋਲੀ,
ਕੰਧੇ ਉਠਾਇ ਲੀਤਾ ਡੰਡਾ ਡੋਲੀ,
ਜੰਗਲ ਜਾਇ ਵਸਾਵਣਾ।

ਕਹੈ ਹੁਸੈਨ ਫ਼ਕੀਰ ਰੱਬਾਣਾ,
ਕੂੜ ਕੂੜਾਵਾ ਕਰਦਾ ਈ ਮਾਣਾ,
ਖਾਕੂ ਦੇ ਵਿੱਚ ਸਮਾਵਣਾ।

(102)



ਰਹੀਏ ਵੇ ਨਾਲ ਸਜਣ ਦੇ ਰਹੀਏ ਹੋ।
ਲਖ ਲਖ ਬਦੀਆਂ ਤੇ ਸਉ ਤਾਹਨੇ
ਸਭੋ ਸਿਰ ਤੇ ਸਹੀਏ ਵੋ।

ਤੋੜੇ ਸਿਰ ਵੰਞੇ ਧੜ ਨਾਲੋਂ,
ਤਾਂ ਭੀ ਹਾਲ ਨਾ ਕਹੀਏ ਵੋ।
ਸੁਖਨ ਜਿਨਾ ਦਾ ਹੋਵੈ ਦਾਰੂ,
ਹਾਲ ਉਥਾਈ ਕਹੀਏ ਵੋ।

ਚੰਦਨ ਰੁਖ ਲਗਾ ਵਿੱਚ ਵਿਹੜੇ,
ਜ਼ੋਰ ਧਿਙਾਂਣੇ ਖਹੀਏ ਵੋ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਜੀਵੰਦਿਆਂ ਮਰ ਰਹੀਏ ਵੋ।

ਪਾਠਾਂਤਾਰ(102)

ਨਾਲ ਸੱਜਣ ਦੇ ਰਹੀਏ,
ਝਿੜਕਾਂ ਝੰਬਾਂ ਤੇ ਤਕਸੀਰਾਂ
ਸੋ ਭੀ ਸਿਰ ਤੇ ਸਹੀਏ।
ਜੇ ਸਿਰ ਕੱਟ ਲੈਣ ਧੜ ਨਾਲੋਂ,
ਤਾਂ ਭੀ ਆਹ ਨ ਕਹੀਏ।
ਚੰਦਨ ਰੁੱਖ ਲੱਗਾ ਵਿੱਚ ਵਿਹੜੇ,
ਜ਼ੋਰ ਧਿਙਾਂਣੇ ਖਹੀਏ।
ਮਰਣ ਮੂਲ ਤੇ ਜੀਵਣ ਲਾਹਾ,
ਦਿਲਗੀਰੀ ਕਿਉਂ ਰਹੀਏ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਰੱਬ ਦਾ ਦਿੱਤਾ ਸਹੀਏ।

(103)


ਨਿਮਾਣਿਆਂ ਦੀ ਰੱਬਾ ਰੱਬਾ ਹੋਈ।

ਭਠਿ ਪਈ ਤੇਰੀ ਚਿੱਟੀ ਚਾਦਰ,
ਚੰਗੀ ਫ਼ਕੀਰਾਂ ਦੀ ਲੋਈ।

ਦਰਗਹਿ ਵਿੱਚ ਸੁਹਾਗਣਿ ਸਾਈ,
ਜੋ ਖੁਲਿ ਖੁਲਿ ਨਚ ਖਲੋਈ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਤਾਂ ਦਰ ਲਹਸੇ ਢੋਈ।

(104)



ਨੀ ਅਸੀਂ ਆਉ ਖਿਡਾਹਾਂ ਲੁਡੀ।
ਨਉ ਤਾਰੁ ਡੋਰ ਗੁੱਡੀ ਦੀ,
ਅਸੀਂ ਲੈ ਕਰ ਹਾਂ ਉੱਡੀ।

ਸਾਜਨ ਦੇ ਹੱਥ ਡੋਰ ਅਸਾਡੀ
ਮੈਂ ਸਾਜਨ ਦੀ ਗੁੱਡੀ।

ਇਸ ਵੇਲੇ ਨੂੰ ਪਛੋਤਾਸੇਂ,
ਜਾਇ ਪਉਸੇਂ ਵਿਚ ਖੁੱਡੀ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਸਭੁ ਦੁਨੀਆਂ ਜਾਂਦੀ ਬੁਡੀ।

(105)


ਨੀ ਸਈਓ ਅਸੀਂ ਨੈਣਾਂ ਦੇ ਆਖੇ ਲਗੇ।
ਜਿਨ੍ਹਾਂ ਪਾਕ ਨਿਗਾਹਾਂ ਹੋਈਆਂ,
ਸੋ ਕਹੀ ਨਾ ਜਾਂਦੇ ਠੱਗੇ।

ਕਾਲੇ ਪੱਟ ਨਾ ਚੜ੍ਹੇ ਸਫੈਦੀ,
ਕਾਗੁ ਨ ਥੀਦੇ ਬੱਗੇ,
ਸ਼ਾਹ ਹੁਸੈਨ ਸ਼ਹਾਦਤ ਪਾਇਨ
ਜੋ ਮਰਨ ਮਿੱਤਰਾਂ ਦੇ ਅੱਗੇ।

(106)


ਨੀ ਸਈਓ, ਮੈਨੂੰ ਢੋਲ ਮਿਲੈ ਤਾਂ ਜਾਪੈ
ਬਿਰਹੁ ਬਲਾਇ ਘੱਤੀ ਤਨ ਅੰਦਰ,
ਮੈਂ ਆਪੇ ਹੋਈ ਆਪੈ।
ਬਾਲਪਣਾ ਮੈਂ ਖੇਲ ਗਵਾਇਆ,
ਜੋਬਨ ਮਾਣ ਬਿਆਪੈ।
ਸਹੁ ਰਾਵਣ ਦੀ ਰੀਤ ਨਾ ਜਾਣੀ,
ਇਸ ਸੁੰਞੇ ਤਰਣਾਪੈ।

ਇਸ਼ਕ ਵਿਛੋੜੇ ਦੀ ਬਾਲੀ ਢਾਂਢੀ,
ਹਰ ਦਮ ਮੈਨੂੰ ਤਾਪੈ।
ਹਿਕਸ ਕਹੀਂ ਨਾਲ ਦਾਦ ਨਾ ਦਿੱਤੀ,
ਇਸ ਸੁੰਞੇ ਤਰਨਾਪੇ।
ਸਿਕਣ ਦੂਰ ਨਾ ਥੀਵੇ ਦਿਲ ਤੋਂ,
ਵੇਖਣ ਨੂੰ ਮਨ ਤਾਪੈ।
ਕਹੈ ਹੁਸੈਨ ਸੁਹਾਗਣ ਸਾਈ,
ਜਾਂ ਸਹੁ ਆਪ ਸਿੰਞੇਪੈ।

(107)

ਨੀ ਗੇੜਿ ਗਿੜੰਦੀਏ,
ਗੜੀਦਾ ਗੜੀਦਾ ਗੁੰਮਾ।
ਪੰਜਾਂ ਨੂੰ ਕਿਉਂ ਝੁਰਦਾ ਭੰਉਂਦੂ,
ਇਕਸੇ ਪਾਈਆਂ ਧੁੰਮਾਂ।

ਜੋ ਫਲ ਮਿਠੇ ਚੁਣਿ ਚੁਣਿ ਖਾਧਿਓ,
ਆਹਿਓ ਕਉੜਾ ਤੁੰਮਾ।
ਅਉਖੀ ਘਾਟੀ ਬਿਖੜਾ ਪੈਂਡਾ,
ਰਾਹ ਫ਼ਕੀਰਾਂ ਦਾ ਲੰਮਾ।
ਸਾਰੀ ਉਮਰਿ ਵੰਞਾਈਆ ਈਵੈਂ,
ਕਰਿ ਕਰਿ ਕੂੜੇ ਕੰਮਾਂ।

ਜਿਸ ਧਨ ਦਾ ਤੂੰ ਗਰਬ ਕਰੇਨੈਂ,
ਸੋ ਨਾਲਿ ਨਾ ਚਲਸਨ ਦੰਮਾਂ।

ਲੱਖਾ ਤੇ ਕਰੋੜਾਂ ਵਾਲੇ,
ਸੇ ਪਉਸਣ ਵਸਿ ਜੰਮਾਂ।

ਆਉਂਦਿਆਂ ਥੋਂ ਸਦਿ ਬਲਿਹਾਰੀ,
ਜਾਉਂਦਿਆਂ ਥੋਂ ਘੁੰਆਂ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਪੈਰ ਸ਼ਾਹਾਂ ਦੇ ਚੁੰਮਾਂ।

(108)


ਨੀ ਤੈਨੂੰ ਰੱਬ ਨਾ ਭੁੱਲੀ
ਦੁਆਇ ਫ਼ਕੀਰਾਂ ਦੀ ਏਹਾ।

ਰੱਬ ਨਾ ਭੁੱਲੀ, ਹੋਰ ਸਭ ਕੁੱਝ ਭੁੱਲੀ,
ਰੱਬ ਨਾ ਭੁਲਨਿ ਜੇਹਾ।
ਆਇਆ ਕੁੜਮਾਂ ਤੂੰ ਕੁਟੇਂ ਮਲੀਦਾ,
ਫੱਕਰਾਂ ਨੂੰ ਟੁਕ ਬੇਹਾ।

ਸੁਇਨਾ ਰੁਪਾ ਸਭ ਛਲ ਵੈਸੀ,
ਇਸ਼ਕ ਨਾ ਲਗਦਾ ਲੇਹਾ।

ਹੋਰਨਾਂ ਨਾਲ ਹਸੰਦੀ ਖੇਡੰਦੀ,
ਤੈਨੂੰ ਸ਼ਹੁ ਨਾਲ ਘੁੰਘਟ ਕੇਹਾ।

ਚਾਰੇ ਨੈਣ ਗਡਾਵਡ ਹੋਇ,
ਵਿੱਚ ਵਿਚੋਲਾ ਕੇਹਾ।

ਇਸ਼ਕ ਚਾਉਬਾਰੇ ਪਾਈ ਝਾਤੀ,
ਹੁਣਿ ਤੈਨੂੰ ਗ਼ਮ ਕੇਹਾ।

ਆਈਏ ਦੀ ਸਹੁੰ ਬਾਬਲ ਦੀ ਸਹੁੰ,
ਗਲਿ ਚੰਗੇਰੜੀ ਏਹਾ।

ਜਿਸ ਜੋਬਨ ਦਾ ਤੂੰ ਮਾਣ ਕਰੇਂਦੀ,
ਸੋ ਜਲਿ ਬਲਿ ਥੀਸੀ ਖੇਹਾ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਮਰਣਾ ਤਾਂ ਮਾਣਾ ਕੇਹਾ।

(109)



ਨੀ ਮਾਏ ਸਾਨੂੰ ਖੇਡਣੁ ਦੇਇ
ਮੇਰਾ ਵਤਿ ਖੇਡਣਿ ਕਉਣੁ ਆਸੀ।
ਇਕੁ ਕੀੜੀ ਬਿਆ ਦਰਸ ਭਲੇਰਾ,
ਥਰ ਹਰਿ ਕੰਪੇ ਕੋਈ ਇਹ ਜੀਅ ਮੇਰਾ,
ਸਹੁ ਗੁਣਵੰਤਾ ਬਿਆ ਰੂਪ ਚੰਗੇਰਾ।
ਅੰਗ ਲਾਵੈ ਕਿ ਮੂਲਿ ਨਾ ਲਾਸੀ।

ਇਹ ਜਗ ਝੂਠਾ, ਦੁਨੀਆਂ ਫਾਨੀ,
ਈਵੈਂ ਗਈ ਮੇਰੀ ਅਹਿਲ ਜੁਆਨੀ,
ਗਫਲਤਿ ਨਾਲਿ ਮੇਰੀ ਉਮਰ ਵਿਹਾਨੀ,
ਜੋ ਲਿਖਿਆ ਸੋਈ ਹੋਸੀ।

ਸ਼ਾਹ ਹੁਸੈਨ ਫ਼ਕੀਰ ਰੱਬਾਣਾ,
ਸੋ ਹੋਸੀ ਜੋ ਰੱਬ ਦਾ ਭਾਣਾ,
ਓੜਕ ਇਥੋਂ ਉਥੇ ਪੁਜ ਜਾਣਾ,
ਇਸ ਵੇਲੇ ਨੂੰ ਪੱਛੋਤਾਸੀ।

(110)



ਨੀ ਮਾਏ, ਮੈਨੂੰ ਖੇੜਿਆਂ ਦੀ,
ਗਲਿ ਨਾ ਆਖਿ।

ਰਾਂਝਣ ਮੈਂਹਡਾਂ, ਮੈਂ ਰਾਂਝਣ ਦੀ,
ਖੇੜਿਆਂ ਨੂੰ ਕੂੜੀ ਝਾਕੁ।

ਲੋਕੁ ਜਾਣੈ ਹੀਰ ਕਮਲੀ ਹੋਈ,
ਹੀਰੇ ਦਾ ਵਰ ਚਾਕੁ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਜਾਣਦਾ ਮਉਲਾ ਆਪ।

(111)



ਪਾਵੇਂਗਾ ਦੀਦਾਰੁ ਸਾਹਿਬ ਦਾ,
ਫ਼ਕੀਰਾ ਹੋਰ ਭੀ ਨੀਵਾਂ ਹੋਇ।

ਟੋਪੀ ਮੈਲੀ ਸਾਬਣ ਥੋੜਾ,
ਬਹਿ ਕਿਨਾਰੇ ਧੋਇ।

ਮੀਣੀ ਢੱਗੀ ਨਾਮ ਸਾਈਂ ਦਾ,
ਅੰਦਰਿ ਬਹਿ ਕਰਿ ਚੋਇ।

ਉੱਛਲ ਨਦੀਆਂ ਤਾਰੂ ਹੋਈਆਂ,
ਮੈਂ ਕੰਢੇ ਰਹੀ ਖਲੋਇ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਹੋਣੀ ਹੋਇ ਸੋ ਹੋਇ।

(112)

ਪਾਂਧੀਆਂ ਵੇ ਗੰਢ ਸੁੰਞੜੀ,
ਛਡਿ ਕੇ ਨਾ ਸਉਂ।

ਪਿੰਡ ਸੱਭੋਈ ਚੋਰੀ ਭਰਿਆ,
ਛੁਟੇ ਚੀਰ ਨਾ ਚੁੰਨੜੀ।

ਧੁਰ ਝਗੜੇਂਦਿਆ ਲਾਜ਼ਮ ਥੀਸੇਂ,
ਫਿਰ ਕਰਿ ਸਮਝ ਇਥੁੰਨੜੀ।

ਸਭਨੀਂ ਛੇਵੀਂ ਪਾਣੀ ਵਹਿੰਦਾ,
ਅਜ ਕਲਿ ਭਜੇ ਤੇਰੀ ਕੁੰਨੜੀ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਤੇਰੀ ਵਹਿੰਦੀ ਉਮਰ ਵਿਹੂੰਨੜੀ।

(113)


ਪਿਆਰੇ ਬਿਨ ਰਾਤੀਂ ਹੋਈਆਂ ਵੱਡੀਆਂ,
ਰਾਂਝਾ ਜੋਗੀ ਮੈਂ ਜੁਗਿਆਣੀ,
ਕਮਲੀ ਕਰਿ ਕਰਿ ਛੱਡੀਆਂ।

ਮਾਸ ਝਰੇ-ਝਰਿ ਪਿੰਜਰੁ ਹੋਇਆ,
ਕਰਕਨ ਲੱਗੀਆਂ ਹੱਡੀਆਂ।

ਮੈਂ ਇਆਣੀ ਨੇਹੁੰ ਕੀ ਜਾਣਾ,
ਬਿਰਹੁੰ ਤਨਾਵਾਂ ਗੱਡੀਆਂ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਦਾਵਣੁ ਤੇਰੇ ਮੈਂ ਲੱਗੀਆਂ।

(114)


ਪਿਆਰੇ ਲਾਲ ਕਿਆ ਭਰਵਾਸਾ ਦਮ ਦਾ
ਉਡਿਆ ਭੌਰ ਥੀਆ ਪਰਦੇਸੀ,

ਅੱਗੇ ਰਾਹ ਅਗੰਮ ਦਾ।

ਕੂੜੀ ਦੁਨੀਆਂ ਕੂੜ ਪਸਾਰਾ,
ਜਿਉਂ ਮੋਤੀ-ਸ਼ਬਨਮ ਦਾ।

ਜਿਨ੍ਹਾਂ ਮੇਰਾ ਸਹੁ ਰੀਝਾਇਆ,
ਤਿਨਾਂ ਨਹੀਂ ਭਉ ਜੰਮੁ ਦਾ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਛੋਡ ਸਰੀਰ ਭਸਮ ਦਾ।

(115)


ਪੋਥੀ ਖੋਲ੍ਹਿ ਦਿਖਾ ਭਾਈ ਬਾਮ੍ਹਣਾ,
ਪਿਆਰਾ ਕਦ ਵੋ ਮਿਲਸੀ ਸਾਮਣਾ।

ਬਣ ਕਾਹੇ ਬੇਲਾ ਸਭ ਫੁੱਲਿਆ,
ਦਰਦ ਮਾਹੀ ਦਾ ਦਰਿ ਦਰਿ ਹੁਲਿਆ,
ਝੁਕ ਰਹੀਆਂ ਨੀਂ ਇਸ਼ਕ ਪਲਾਮਣਾ।

ਦੇਖੋ ਕੇਡੇ ਮੈਂ ਪਾੜੇ ਪਾੜਦੀ,
ਨੈਂ ਲੰਘਦੀ ਤੇ ਨਾ ਲਤਾੜਦੀ,
ਸੁਤਿਆਂ ਸ਼ੀਹਾਂ ਨੂੰ ਨਿੱਤ ਉਲਾਂਘਣਾਂ।

ਮੇਰੀ ਜਿੰਦ ਉਤੇ ਵਲਿ ਹੋ ਰਹੀ,
ਮੈਨੂੰ ਰੋਗ ਨ ਹੁੰਦਾ ਕੋ ਸਹੀ,
ਨਿਤ ਉਠਿ ਬੋਲੇ ਵਲਿ ਤਰਾਂਘਣਾ।

ਨਿਤੁ ਸ਼ਾਹ ਹੁਸੈਨ ਪੁਕਾਰਿਦਾ,
ਸਾਈਂ ਤਾਲਬ ਤੇਰੇ ਦੀਦਾਰ ਦਾ,
ਇਕੁ ਟੁਕ ਅਸਾਂ ਵੱਲਿ ਝਾਕਣਾ।

(116)


ਬਾਝੂੰ ਸੱਜਣ ਮੈਨੂੰ ਹੋਰੁ ਨਹੀਂ ਸੁਝਦਾ।
ਮਨ ਤਨੂਰ ਆਹੀਂ ਦੇ ਅਲੰਬੇ,
ਸੇਜ ਚੜ੍ਹੀਦਾ ਮੈਂਡਾ ਤਨ ਮਨ ਭੁਜਦਾ।

ਤਨ ਦੀਆਂ ਤਨ ਜਾਣੇ,
ਮਨ ਦੀਆਂ ਮਨ ਜਾਣੇ,
ਮਹਰਮੀਂ ਹੋਇ ਸੁ ਦਿਲ ਦੀਆਂ ਬੁਝਦਾ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਲੋਕ ਬਖੀਲਾ ਪਚਿ ਪਚਿ ਲੁਝਦਾ।

(117)


ਬਾਬਲ ਗੰਢਾਂ ਪਾਈਆਂ,
ਦਿਨ ਥੋੜ੍ਹੇ ਪਾਏ।
ਦਾਜ ਵਿਹੂਣੀ ਮੈਂ ਚੱਲੀ,
ਮੁਕਲਾਉੜੇ ਆਏ।

ਗੰਢਾਂ ਖੁਲ੍ਹਣਿ ਤੇਰੀਆਂ, ਤੈਨੂੰ ਖਬਰ ਨ ਕਾਈ।
ਇਸ ਵਿਛੋੜੇ ਮਉਤ ਦੇ, ਕੋਈ ਭੈਣਿ ਨ ਭਾਈ।

ਆਵਹੁ ਮਿਲਹੁ ਸਹੇਲੜੀਓ, ਮੈਂ ਚੜ੍ਹਨੀ ਹਾਂ ਖਾਰੇ।
ਵੱਤ ਨਾ ਮੇਲਾ ਹੋਸੀਆ, ਹੁਣ ਏਹੋ ਵਾਰੇ।

ਮਾਂ ਰੋਵੰਦੀ ਜ਼ਾਰ ਜ਼ਾਰ, ਭੈਣ ਖੜੀ ਪੁਕਾਰੇ।
ਅਜ਼ਰਾਈਲ ਫ਼ਰਿਸ਼ਤਾ ਲੈ ਚਲਿਆ ਵਿਚਾਰੇ।

ਇਕ ਅੰਨ੍ਹੇਰੀ ਕੋਠੜੀ, ਦੁਜਾ ਦੀਵਾ ਨਾ ਬਾਤੀ।
ਬਾਹੋਂ ਪਕੜ ਜਮ ਲੈ ਚਲੇ, ਕੋਈ ਸੰਗ ਨਾ ਸਾਥੀ।

ਖੁਦੀ ਤੱਕਬਰੀ ਬੰਦਿਆ ਛੋਡਿ ਦੇ, ਤੂੰ ਪਕੜ ਹਲੀਮੀ।
ਗੋਰ ਨਿਮਾਣੀ ਨੂੰ ਤੂੰ ਯਾਦਿ ਕਰਿ, ਤੇਰਾ ਵਤਨੁ ਕਦੀਮੀ।
                   

ਹੱਥ ਮਰੋੜੇਂ ਸਿਰ ਧੁਣੇ, ਵੇਲਾ ਛਲਿ ਜਾਸੀ।
ਕਹੈ ਹੁਸੈਨ ਫ਼ਕੀਰ ਨਿਮਾਣਾ, ਮਿੱਤਰ ਹੋਇ ਉਦਾਸੀ।

(118)


ਬਾਲਪਣ ਖੇਡ ਲੈ ਕੁੜੀਏ ਨੀ,
ਤੇਰਾ ਅੱਜ ਕਿ ਕੱਲ ਮੁਕਲਾਵਾ।

ਖੇਨੂੜਾ ਖਿਡੰਦੀਏ ਕੁੜੀਏ,
ਕੰਨੁ ਸੋਇਨੇ ਦਾ ਵਾਲਾ।

ਸਾਹੁਰੜੇ ਘਰਿ ਅਲਬਤ ਜਾਣਾ।
ਪੇਈਏ ਕੂੜਾ ਦਾਵਾ।

ਸਾਵਣ ਮਾਂਹ ਸੁਰੰਗੜਾ ਆਇਆ।
ਦਿੱਸਣ ਸਾਵੇਂ ਤੱਲੇ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਅੱਜ ਆਏ ਕੱਲ ਚੱਲੇ।

(119)


ਬੁਰੀਆਂ, ਬੁਰੀਆਂ, ਬੁਰੀਆਂ ਵੇ, ਅਸੀਂ ਬੁਰੀਆਂ ਵੇ ਲੋਕਾ।
ਬੁਰੀਆਂ ਕੋਲ ਨਾ ਬਹਾਵੇ,
ਤੀਰਾਂ ਤੇ ਤਲਵਾਰਾਂ ਕੋਲੋਂ,
ਤਿੱਖੀਆਂ ਬਿਰਹੁੰ ਦੀਆਂ ਛੁਰੀਆਂ ਵੇ ਲੋਕਾ।

ਲਡਿ ਸਜਣ ਪਰਦੇਸ ਸਿਧਾਣੇ,
ਅਸੀਂ ਵਿਦਿਆ ਕਰਕੇ ਮੁੜੀਆਂ ਵੇ ਲੋਕਾ।

ਜੇ ਤੂੰ ਤਖਤ ਹਜ਼ਾਰੇ ਦਾ ਸਾਈਂ,
ਅਸੀਂ ਸਿਆਲਾਂ ਦੀ ਕੁੜੀਆਂ ਵੇ ਲੋਕਾ।

ਸਾਂਝ-ਪਾਤਿ ਕਾਹੂੰ ਸੋ ਨਾਹੀਂ।
ਸਾਈਂ ਖੋਜਨਿ ਅਸੀਂ ਟੁਰੀਆਂ ਵੇ ਲੋਕਾ।
                     

ਜਿਨ੍ਹਾਂ ਸਾਈਂ ਦਾ ਨਾਉਂ ਨ ਲੀਤਾ,
ਓੜਕ ਨੂੰ ਉਹ ਝੁਰੀਆਂ ਵੇ ਲੋਕਾ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਸਾਹਿਬ ਸਿਉ ਅਸੀਂ ਜੁੜੀਆਂ ਵੇ ਲੋਕਾ।

(120)


ਬੰਦੇ ਆਪੁ ਨੂੰ ਪਛਾਣਿ,
ਜੇ ਤੈਂ ਆਪਣਾ ਆਪ ਪਛਾਤਾ,
ਸਾਈਂ ਦਾ ਮਿਲਣ ਆਸਾਨੁ।
ਸੁਇਨੇ ਦੇ ਕੋਟੁ ਰੁਪਹਿਰੀ ਛੱਜੇ
ਹਰਿ ਬਿਨ ਜਾਣਿ ਮਸਾਣਿ।

ਤੇਰੇ ਸਿਰ ਤੇ ਜਮ ਸਾਜਸ਼ ਕਰਦਾ,
ਭਾਵੇਂ ਤੂੰ ਜਾਣ ਨਾ ਜਾਣ।

ਸਾਢੇ ਤਿੰਨ ਹਥਿ ਮਿਲਖ ਤੁਸਾਡੀ,
ਏਡੇ ਤੂੰ ਤਾਣੇ ਨਾ ਤਾਣੁ।
ਸੁਇਨਾ ਰੁਪਾ ਤੇ ਮਾਲੁ ਖਜ਼ੀਨਾ,
ਹੋਇ ਰਹਿਆ ਮਹਿਮਾਨੁ।
ਕਹੈ ਹੁਸੈਨ ਫ਼ਕੀਰ ਨਿਮਾਣਾ,
ਛਡਿ ਦੇ ਖੁਦੀ ਤੇ ਗੁਮਾਨ।

(121)


ਮਹਿਬੂਬਾ ਫ਼ਕੀਰਾਂ ਦਾ, ਸਾਈਂ ਨਿਗਾਹਵਾਨ,
ਜ਼ਾਹਿਰ ਬਾਤਨ ਇਕ ਕਰਿ ਜਾਣਨਿ,
ਸਭ ਮੁਸ਼ਕਲ ਥੀਆ ਅਸਾਨਿ।

ਸ਼ਾਦੀ ਗਮੀ ਨ ਦਿਲ ਤੇ ਆਨਣਿ,
ਸਦਾ ਰਹਿਣ ਮਸਤਾਨ।

ਕਹੈ ਹੁਸੈਨ ਥਿਰ ਸਚੇ ਸੇਈ,
ਹੋਰ ਫ਼ਾਨੀ ਕੁਲ ਜਹਾਨ।
                  

(122)

ਮੱਤੀਂ ਦੇਨੀ ਹਾਂ ਬਾਲਿ ਇਆਣੇ ਨੂੰ।

ਪੰਜਾਂ ਨਦੀਆਂ ਦੇ ਮੁੰਹੁ ਆਇਓਂ
ਕੇਹਾ ਦੋਸ਼ੁ ਮੁਹਾਣੇ ਨੂੰ।

ਦਾਰੂ ਲਾਇਆ ਲਗਦਾ ਨਾਹੀਂ,
ਪੁਛਨੀ ਹਾਂ ਵੈਦ ਸਿਆਣੇ ਨੂੰ।

ਸਿਆਹੀ ਗਈ ਸੁਫੈਦੀ ਆਈਆ,
ਕੀ ਹੋਂਦਾ ਵੇਖਤਿ ਵਿਹਾਣੇ ਨੂੰ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਕੀ ਝਰਨਾ ਹੈ ਰੱਬ ਦੇ ਭਾਣੇ ਨੂੰ।

(123)


ਮਨ ਅਟਕਿਆ ਬੇਪ੍ਰਵਾਹਿ ਨਾਲ,
ਉਹ ਦੀਨ ਦੁਨੀ ਦੇ ਸ਼ਾਹ ਨਾਲਿ।

ਕਾਜ਼ੀ ਮੁੱਲਾਂ ਮੱਤੀਂ ਦੇਂਦੇ,
ਖਰੇ ਸਿਆਣੇ ਰਾਹਿ ਦਸੇਂਦੇ,
ਇਸ਼ਕ ਕੀ ਲੱਗੇ ਰਾਹਿ ਨਾਲ।

ਨਦੀਉਂ ਪਾਰ ਰਾਂਝਣ ਦਾ ਠਾਣਾ,
ਕੀਤਾ ਕਉਲ ਜ਼ਰੂਰਤ ਜਾਣਾ,
ਮਿੰਨਤਾਂ ਕਰਾਂ ਮਲਾਹਿ ਨਾਲਿ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਦੁਨੀਆਂ ਛੋਡਿ ਆਖਰ ਮਰ ਜਾਣਾ,
ਓੜਕਿ ਕੰਮ ਅਲਾਹਿ ਦੇ ਨਾਲ।

(124)


ਮਨ ਵਾਰਨੇ ਤਉ ਪਰ ਜਾਂਵਦਾ।
ਘੋਲ ਘੁਮਾਈ ਸਦਕੇ ਕੀਤੀ।



ਸਾਨੂੰ ਜੇ ਕੋਈ ਮਿਲੇ ਵੋ ਗਰਾਂਵ ਦਾ,
ਜੈ-ਘਟਿ ਆਇ ਵਸਿਆ ਮੇਰਾ ਪਿਆਰਾ,
ਉਥੈ ਦੂਜਾ ਨਹੀਂ ਸਮਾਂਵਦਾ।

ਸਭ ਜਗ ਢੂੰਢਿ ਬਹੁਤੇਰਾ ਮੈਨੂੰ,
ਤੁਧ ਬਿਨੁ ਹੋਰ ਨਾ ਭਾਂਵਦਾ,
ਸ਼ਾਹ ਹੁਸੈਨ ਪਇਆ ਦਰ ਤੇਰੇ,
ਸਾਈਂ ਤਾਲਬ, ਤੇਰੜੇ ਨਾਂਵ ਦਾ।

(125)


ਮਾਏ ਨੀ ਕੈਨੂੰ ਆਖਾਂ,
ਦਰਦੁ ਵਿਛੋੜੇ ਦਾ ਹਾਲਿ।

ਧੂੰਆਂ ਧੁਖੇ ਮੇਰੇ ਮੁਰਸ਼ਦਿ ਵਾਲਾ,
ਜਾਂ ਫੋਲਾਂ ਤਾਂ ਲਾਲ।

ਸੂਲਾਂ ਮਾਰ ਦਿਵਾਨੀ ਕੀਤੀ,
ਬਿਰਹੁੰ ਪਇਆ ਸਾਡੇ ਖ਼ਿਆਲ।

ਦੁੱਖਾਂ ਦੀ ਰੋਟੀ ਸੂਲਾਂ ਦਾ ਸਾਲਣ,
ਆਹੀਂ ਦਾ ਬਾਲਣੁ ਬਾਲਿ।

ਜੰਗਲ ਬੇਲੇ ਫਿਰਾਂ ਢੂੰਢੇਂਦੀ,
ਅਜੇ ਨਾ ਪਾਇਓ ਲਾਲ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਸ਼ਹੁ ਮਿਲੇ ਤਾਂ ਥੀਵਾਂ ਨਿਹਾਲਿ।

ਪਾਠਾਂਤਰ (125)


ਦਰਦ ਵਿਛੋੜੇ ਦਾ ਹਾਲ ਨੀ ਮੈਂ ਕੈਨੂੰ ਆਖਾਂ।
ਸੂਲਾਂ ਮਾਰ ਦੀਵਾਨੀ ਕੀਤੀ ਬਿਰਹੁੰ ਪਇਆ ਸਾਡੇ ਖਿਆਲ
ਨੀ ਮੈਂ ਕੈਨੂੰ ਆਖਾਂ।

ਸੂਲਾਂ ਦੀ ਰੋਟੀ ਦੁਖਾਂ ਦਾ ਲਾਵਣ,
ਹੱਡਾਂ ਦਾ ਬਾਲਣ ਬਾਲ, ਨੀ ਮੈਂ ਕੈਨੂੰ ਆਖਾਂ।
ਜੰਗਲ ਜੰਗਲ ਫਿਰਾਂ ਢੁੰਢੇਂਦੀ,
ਅਜੇ ਨ ਮਿਲਿਆ ਮਹੀਵਾਲ, ਨੀ ਮੈਂ ਕੈਨੂੰ ਆਖਾਂ।
ਰਾਂਝਣ ਰਾਂਝਣ ਫਿਰਾਂ ਢੁੰਡੇਂਦੀ,
ਰਾਂਝਣ ਮੇਰੇ ਨਾਲ, ਨੀ ਮੈਂ ਕੈਨੂੰ ਆਖਾਂ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਵੇਖ ਨਿਮਾਣਿਆਂ ਦਾ ਹਾਲ,
ਨੀ ਮੈਂ ਕੈਨੂੰ ਆਖਾਂ।

(126)


ਮਾਏ ਨੀ ਮੈਂ ਭਈ ਦਿਵਾਨੀ
ਦੇਖ ਜਗਤ ਮੈਂ ਸ਼ੋਰੁ।
ਇਕਨਾ ਡੋਲੀ ਇਕਨਾ ਘੋੜੀ,
ਇਕੁ ਸਿਵੇ ਇਕੁ ਗੋਰ।

ਨੰਗੀ ਪੈਰੀਂ ਜਾਂਦੇ ਡਿੱਠੜੇ,
ਜਿਨ ਕੇ ਲਾਖ ਕਰੋੜ।

ਇਕੁ ਸ਼ਹੁ ਇਕ ਦਾਲਿਦਰੀ,
ਇਕ ਸਾਧੂ ਇਕ ਚੋਰ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਭਲੇ ਅਸਥੋਂ ਢੋਰੁ।

(127)


ਮਾਹੀ ਮਾਹੀ ਕੂਕਦੀ,ਮੈਂ ਆਪੇ ਰਾਂਝਣ ਹੋਈ।

ਰਾਂਝਣ ਰਾਂਝਣ ਮੈਨੂੰ ਸਭ ਕੋਈ ਆਖੋ,
ਹੀਰ ਨਾ ਆਖੋ ਕੋਈ।

ਜਿਸ ਸ਼ਹੁ ਨੂੰ ਮੈਂ ਢੂੰਢਦੀ ਵਤਾਂ,
ਢੂੰਡ ਲੱਧਾ ਸ਼ਹੁ ਸੋਈ।

ਕਹੈ ਹੁਸੈਨ ਸਾਧਾਂ ਦੇ ਮਿਲਿਆਂ,
ਨਿਕਲ ਡੋਲ ਗਇਓਈ।

(128)


ਮਿੱਤਰਾਂ ਦੀ ਮਿਜ਼ਮਾਨੀ ਖਾਤਰ,
ਦਿਲ ਦਾ ਲਹੂ ਛਾਣੀਂਦਾ।
ਕਢਿ ਕਲੇਜਾ ਕੀਤਮ ਬੇਰੇ
ਸੋ ਭੀ ਲਾਇਕ ਨਾਹੀਂ ਤੇਰੇ,
ਹੋਰੁ ਤਉਫੀਕ ਨਾਹੀਂ ਕਿਛੁ ਮੇਰੇ,
ਪੀਉ ਕਟੋਰਾ ਪਾਣੀ ਦਾ।

ਮਿੱਤਰਾਂ ਲਿਖ ਕਿਤਾਬਤ ਭੇਜੀ
ਲੱਗਾ ਬਾਣ ਫਿਰਾਂ ਤੜਫੇਂਦੀ,
ਤਨ ਵਿਚਿ ਤਾਕਤ ਰਹੀ ਨਾ ਮੂਲੇ,
ਰੋ ਰੋ ਹਰਫ ਪਛਾਣੀਂ ਦਾ।

ਤਨ ਮਨ ਆਪਣਾ ਪੁਰਜ਼ੇ ਕੀਤਾ,
ਤੈਨੂੰ ਮਿਹਰ ਨਾ ਆਈਆਂ ਮੀਤਾ,
ਅਸਾਨੂੰ ਹੋਰ ਉਜ਼ਰ ਨ ਕੋਈ,
ਚਾਰਾ ਕਿਆ ਨਿਮਾਣੀ ਦਾ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਤੋਂ ਬਾਝਹੁ ਕੋਈ ਹੋਰ ਨਾ ਜਾਣਾ,
ਤੂੰ ਹੀ ਦਾਨਾ ਤੂੰ ਹੀ ਬੀਨਾ,
ਤੂੰਹੈਂ ਤਾਣਿ ਨਿਤਾਣੀ ਦਾ।

(129)


ਮੀਆਂ ਗੱਲ ਸੁਣੀ ਨ ਜਾਂਦੀ ਸੱਚੀ,
ਸੱਚੀ ਗੱਲ ਸੁਣੀਵੇ ਕਿਉਂ ਕਰਿ,
ਕੱਚੀ ਹੱਡਾਂ ਵਿਚਿ ਰੱਚੀ।

ਸੱਚੀ ਗਲਿ ਸੁਣੀ ਤਿਨਾਹਾਂ,
ਚਿਣਗ ਜਿਨ੍ਹਾਂ ਤਨਿ ਮੱਚੀ।

ਪੜਦਾ ਪਾੜ ਡਿੱਠੋ ਨੇ ਪ੍ਰੀਤਮੁ,
ਦੂਤ ਮੁਏ ਸਭੁ ਪੱਚੀ।

ਜ਼ਹਿਰੀ ਨਾਗ ਫਿਰਨਿ ਵਿਚ ਗਲੀਏਂ,
ਜਿਹੜੀ ਸ਼ਹੁ ਲੜ ਲੱਗੀ ਸੋ ਬਚੀ।
ਕਹੈ ਹੁਸੈਨ ਸੁਹਾਗਨਿ ਸਾਈ,
ਜੋ ਗਿਲ ਥੀਂ ਵਾਦੀ ਨੱਚੀ।

(130)


ਮੁਸ਼ਕਲ ਘਾਟ ਫ਼ਕੀਰੀ ਦਾ ਵੋ,
ਪਾਈ ਕੁਠਾਲੀ ਦੁਰਮਤਿ ਗਾਲੀ,
ਕਰਮ ਜਗਾਇ ਸ਼ਰੀਰੀ ਦਾ ਵੋ।

ਛੋਡਿ ਤਕੱਬਰੀ ਪਕੜਿ ਹਲੀਮੀ,
ਰਾਹਿ ਪਕੜੋ ਸ਼ੀਰੀ ਦਾ ਵੋ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਦਫ਼ਤਰ ਪਾੜੋ ਮੀਰੀ ਦਾ ਵੋ।

(131)


ਮੇਰੇ ਸਾਹਿਬਾ ਮੈਂ ਤੇਰੀ ਹੋ ਮੁੱਕੀਆਂ।
ਮਨਹੁ ਨਾ ਵਿਸਾਰੀਂ ਤੂੰ ਮੈਨੂੰ ਮੇਰੇ ਸਾਹਿਬਾ,
ਹਰਿ ਗੱਲੋਂ ਮੈਂ ਚੁਕੀ ਆਂ।

ਅਉਗੁਣਿਆਰੀ ਨੂੰ ਕੋ ਗੁਣੁ ਨਾਹੀਂ,
ਬਖਸਿ ਕਰੈਂ ਤਾਂ ਮੈਂ ਛੁਟੀਆਂ।

ਜਿਉਂ ਭਾਵੈ ਤਿਉਂ ਰਾਖ ਪਿਆਰਿਆ,
ਦਾਵਣ ਤੇਰੇ ਮੈਂ ਲੁੱਕੀਆਂ।

ਜੇ ਤੂੰ ਨਜ਼ਰ ਮਿਹਰ ਦੀ ਪਾਵੇਂ,
ਚੜਿ ਚਉਬਾਰੇ ਮੈਂ ਸੁੱਤੀ ਆਂ।
              

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਦਰ ਤੇਰੇ ਦੀ ਮੈਂ ਕੁੱਤੀ ਆਂ।

(132)


ਮੈਨੂੰ ਅੰਬੜ ਜੋ ਆਖਦੀ ਕੱਤਿ ਨੀ
ਮੈਨੂੰ ਭੋਲੀ ਜੋ ਆਖਦੀ ਕੱਤਿ ਨੀ।
ਮੈਂ ਨਿਜਿ ਕੱਤਣਿ ਨੂੰ ਸਿੱਖੀਆਂ,
ਮੈਨੂੰ ਲੱਗੀਆਂ ਸਾਂਗਾਂ ਤਿੱਖੀਆਂ,
ਮੈਂ ਪੱਛੀ ਨੂੰ ਮਾਂਰਾ ਲੱਤਿ ਨੀਂ।

ਹੰਝੂ ਰੋਂਦਾ ਸਭ ਕੋਈ,
ਆਸ਼ਕ ਰੋਇ ਰਤਿ ਨੀਂ।
ਕਹੇ ਹੁਸੈਨ ਸੁਣਾਇ ਕੈ,
ਇੱਥੇ ਫੇਰਿ ਨਾ ਆਵਣਾ ਵਤਿ ਨੀ।

(133)


ਮੈਂਹਡੀ ਜਾਨ ਜੋ ਰੰਗੇ ਸੋ ਰੰਗੇ।
ਮਸਤਕਿ ਜਿਨ੍ਹਾਂ ਦੇ ਪਈ ਫ਼ਕੀਰੀ,
ਭਾਗ ਤਿਨਾਂ ਦੇ ਚੰਗੇ।

ਸੁਰਤਿ ਦੀ ਸੂਈ ਪ੍ਰੇਮ ਦੇ ਧਾਗੇ
ਪੇਂਵਦੁ ਲੱਗੇ ਸੱਤਸੰਗੇ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਤਖਤ ਨਾ ਮਿਲਦੇ ਮੰਗੇ।

(134)


ਮੈਂਡਾ ਦਿਲ ਰਾਂਝਣ ਰਾਵਲ ਮੰਗੇ।

ਜੰਗਲ ਬੇਲੇ ਫਿਰਾਂ ਢੂੰਢੇਂਦੀ
ਰਾਂਝਣ ਮੇਰੇ ਸੰਗੇ।
               



ਮੇਹੀਂ ਆਇਆ ਮੇਰਾ ਢੋਲ ਨ ਆਇਆ,
ਹੀਰ ਕੂਕੇ ਵਿੱਚ ਝੰਗੇ।

ਰਾਤੀਂ ਦਿਹੈਂ ਫਿਰਾਂ ਵਿਚ ਝਲ ਦੇ,
ਪੁੜਨਿ ਬੰਬੂਲਾਂ ਦੇ ਕੰਡੇ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਰਾਂਝਣ ਮਿਲੇ ਕਿਤੇ ਢੰਗੇ।

(135)


ਮੈਡੀਂ ਦਿਲ ਤੈਂਡੇ ਨਾਲ ਲੱਗੀ।
ਤੋੜੀ ਨਹੀਂ ਤੁਟਦੀ ਛੋੜੀ ਨਹੀਂ ਛੁਟਦੀ
ਕਲਮ ਰਬਾਨੀ ਵੱਗੀ।
ਸਾਈਂ ਦੇ ਖਜ਼ਾਨੇ ਖੁੱਲ੍ਹੇ,
ਅਸਾਂ ਭੀ ਝੋਲੜੀ ਅੱਡੀ।

ਕਿਚਰ ਕੁ ਬਾਲੀ ਮੈਂ ਅਕਲ ਦਾ ਦੀਵਾ,
ਬਿਰਹੁ ਅੰਧੇਰੜੀ ਵੱਗੀ।

ਕੋਈ ਮੀਰੀ ਕੋਈ ਦੋਲੀ
ਸ਼ਾਹ ਹੁਸੈਨ ਫੱਡੀ।

(136)


ਮੈਂਡੇ ਸਜਨਾ ਵੇ ਮਉਲੇ ਨਾਲਿ ਬਣੀ।
ਦੁਨੀਆਂ ਵਾਲੇ ਨੂੰ ਦੁਨੀਆਂ ਦਾ ਮਾਣਾ,
ਨੰਗਾਂ ਨੂੰ ਨੰਗ ਮਣੀ!

ਨ ਅਸੀਂ ਨੰਗ ਦੁਨੀਆਂ ਵਾਲੇ,
ਹੱਸਦੀ ਜਣੀ ਖਣੀ।

ਦੁਨੀਆਂ ਛੋਡਿ ਫ਼ਕੀਰ ਥੀਆ ਸੇ,
ਜਾਗੀ ਪ੍ਰੇਮ ਕਣੀ।



ਕਹੈ ਹੁਸੈਨ ਫ਼ਕੀਰ ਸਾਈਂ ਦਾ,
ਜਾਣੇ ਆਪ ਧਣੀ।

(137)


ਮੈਂ ਭੀ ਝੋਕ ਰਾਂਝਣ ਦੀ ਜਾਣਾ,
ਨਾਲਿ ਮੇਰੇ ਕੋਈ ਚੱਲੇ।
ਪੈਰੀਂ ਪਉਂਦੀ ਮਿੰਨਤਾਂ ਕਰਦੀ,
ਜਾਣਾ ਤਾਂ ਪਇਆ ਇਕੱਲੇ।

ਨੈਂ ਭੀ ਡੂੰਘੀ ਤੁਲਾ ਪੁਰਾਣਾ,
ਸ਼ੀਹਾਂ ਤਾਂ ਪੱਤਣ ਮੱਲੇ।

ਜੇ ਕੋਈ ਖਬਰ ਮਿੱਤਰਾਂ ਦੀ ਲਿਆਵੇ,
ਮੈਂ ਹਥਿ ਦੇ ਦੇਨੀਆਂ ਛੱਲੇ।

ਰਾਤੀ ਦਰਦੁ ਦਿਹੇਂ ਦਰਾਮਾਂਦੀ,
ਘਾਉ ਮਿੱਤਰਾਂ ਦੇ ਅੱਲੇ।

ਰਾਂਝਾ ਯਾਰ ਤਬੀਬ ਸੁਣੀਦਾ,
ਮੈਂ ਤਨ ਦਰਦ ਅਵੱਲੇ।

ਕਹੈ ਹੁਸੈਨ ਫ਼ਕੀਰ ਨਿਮਾਣਾ
ਸਾਈਂ ਸੁਨੇਹੜੇ ਘੱਲੇ।

(138)


ਮੰਦੀ ਹਾਂ ਕਿ ਚੰਗੀ ਹਾਂ,
ਭੀ ਸਾਹਿਬ ਤੇਰੀ ਬੰਦੀ ਹਾਂ।
ਗਹਿਲਾ ਲੋਕੁ ਜਾਣੇ ਦੇਵਾਨੀ,
ਮੈਂ ਰੰਗ ਸਾਹਿਬੁ ਦੇ ਰੰਗੀ ਹਾਂ।

ਸਾਜਨ ਮੇਰਾ ਅੱਖੀਂ ਵਿਚਿ ਵਸਦਾ,
ਮੈਂ ਗਲੀਏਂ ਫਿਰਾਂ ਨਿਸੰਗੀ ਹਾਂ।



ਕਹੈ ਹੁਸੈਨ ਫ਼ਕੀਰ ਸਾਈਂ ਦਾ,
ਮੈਂ ਵਰ ਚੰਗੇ ਨਾਲਿ ਮੰਗੀ ਹਾਂ।

(139)


ਯਾ ਦਿਲਬਰ ਯਾ ਸਿਰ ਕਰ ਪਿਆਰਾ।
ਜੋ ਤੂੰ ਹੈਂ ਮੁਸ਼ਤਾਕ ਯਗਾਨਾ।
ਸਿਰ ਦੇਵਣ ਦਾ ਛੋਡ ਬਹਾਨਾ।
ਦੇ ਦੇ ਲਾਲ ਲਬਾਂ ਦੇ ਲਾਰੇ।
ਸੂਲੀ ਉਪਰ ਚੜ੍ਹ ਲੈ ਹੁਲਾਰੇ।
ਜਿਨ੍ਹਾਂ ਸਚ ਤਿਨ੍ਹਾਂ ਲਬ ਨਹੀਂ ਪਿਆਰੇ।
ਸਚੋਂ ਸਚ ਫਿਰ ਸਾਚ ਨਿਹਾਰੇ।
ਸ਼ਾਹ ਹੁਸੈਨ ਜਿਨ੍ਹਾਂ ਸੱਚ ਪਛਾਤਾ।
ਕਾਮਲ ਇਸ਼ਕ ਤਿਨ੍ਹਾਂ ਦਾ ਜਾਤਾ।
ਆਇ ਮਿਲਿਆ ਤਿਨ੍ਹਾਂ ਪਿਆਰਾ।
ਰਹੀਏ ਵੋ ਨਾਲ ਸਜਨ ਦੇ ਰਹੀਏ ਵੋ।
ਲੱਖ ਲੱਖ ਬਦੀਆਂ ਤੇ ਸਉ ਤਾਹਨੇ,
ਸੱਭੇ ਸਿਰ ਤੇ ਸਹੀਏ ਵੋ।

ਤੋੜੇ ਸਿਰ ਵੰਞੇ ਧੜ ਨਾਲੋਂ,
ਤਾਂ ਭੀ ਹਾਲ ਨਾ ਕਹੀਏ ਵੋ।

ਸੁਖਨ ਜਿਨ੍ਹਾਂ ਦਾ ਹੋਵੈ ਦਾਰੂ,
ਹਾਲ ਉਥਾਈ ਕਹੀਏ ਵੇ।

ਚੰਦਨ ਰੁੱਖ ਲਗਾ ਵਿਚ ਵੇਹੜੇ,
ਜ਼ੋਰ ਧਿਙਾਣੇ ਖਹੀਏ ਵੋ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਜੀਵੰਦਿਆਂ ਮਰ ਰਹੀਏ ਵੋ।

(140)


ਰੱਬਾ ਮੇਰੇ ਅਉਗਣੁ ਚਿਤਿ ਨ ਧਰੀ।
ਅਉਗੁਣਿਆਰੀ ਨੂੰ ਕੋ ਗੁਣ ਨਾਹੀ,
ਲੂੰ ਲੂੰ ਐਬ ਭਰੀ।

ਜਿਉਂ ਭਾਵੈ ਤਿਉਂ ਰਾਖਿ ਪਿਆਰਿਆ,
ਮੈਂ ਤੇਰੇ ਦੁਆਰੈ ਪਰੀ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਅਦਲੋਂ ਫ਼ਜ਼ਲੁ ਕਰੀਂ।

(141)


ਰੱਬਾ ਮੇਰੇ ਹਾਲ ਦਾ ਮਹਿਰਮ ਤੂੰ।
ਅੰਦਰਿ ਤੂੰ ਹੈਂ ਬਾਹਿਰ ਤੂੰ ਹੈਂ,
ਰੋਮਿ ਰੋਮ ਵਿਚਿ ਤੂੰ।

ਤੂੰ ਹੈਂ ਤਾਣਾ ਤੂੰ ਹੈਂ ਬਾਣਾ,
ਸਭਿ ਕਿਛੁ ਮੇਰਾ ਤੂੰ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਮੈਂ ਨਾਹੀਂ ਸਭੁ ਤੂੰ।

(142)



ਰੱਬਾ ਮੇਰੇ ਗੋਡੇ ਦੇ ਹੇਠਿ ਪਿਰੋਟੜਾ,
ਮੈਂ ਕਤਨੀ ਹਾਂ ਚਾਈਂ ਚਾਈਂ

ਤਨ ਤੰਬੂਰ ਰਗਾਂ ਦੀਆਂ ਤਾਰਾਂ,
ਮੈਂ ਜਪਨੀ ਹਾਂ ਸਾਈਂ ਸਾਈਂ।

ਦਿਲ ਮੇਰੇ ਵਿਚਿ ਏਹੋ ਗੁਜ਼ਰੀ,
ਮੈਂ ਸੱਚੇ ਸੋਂ ਨੇਹੁੰ ਲਾਈਂ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਮੇਰੀ ਲੱਗੜੀ ਤੋੜ ਨਿਬਾਹੀਂ।

(143)


ਰੱਬਾ ਵੇ ਮੈਂ ਨਲੀ ਛਿਪਾਈ,
ਤੂੰ ਬਖ਼ਸਣਿ ਹਾਰਾ ਸਾਈਂ।
ਹੱਥੀਂ ਮੇਰੇ ਮੁੰਦਰੀ,



ਮੈਂ ਕੰਮ ਕਿਉਂ ਕਰਿ ਕਰੀਂ।
ਪੈਰੀਂ ਮੇਰੇ ਲਾਲ ਜੁੱਤੀ,
ਤੈਂ ਤਾਣਾ ਕਿਉਂ ਕਰਿ ਤਣੀ।
ਚੁੱਲ੍ਹੇ ਪਿਛੇ ਪੰਜ ਕਸੋਰੇ,
ਮਾਲੁ ਕਿਉਂ ਕਰਿ ਭਰੀ।

ਅੰਦਰ ਬੋਲਣਿ ਮੁਰਗੀਆਂ,
ਤੇ ਬਾਹਰ ਬੋਲਣਿ ਮੋਰੁ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਤਾਣੀ ਨੂੰ ਲੈ ਗਏ ਚੋਰ, ਜ਼ੋਰਾ ਜ਼ੋਰ।

(144)


ਰਾਤੀਂ ਸਵੇਂ ਦਿਹੇਂ ਫਿਰਦੀ ਵੱਤੇਂ
ਤੇਰਾ ਖੇਡਣਿ ਨਾਲਿ ਬਾਪਾਰ ਜਿੰਦੂ।
ਕਦੀ ਉਠ ਰਾਮ ਸਮਾਰ ਜਿੰਦੂ।
ਸਾਹੁਰੜੇ ਘਰਿ ਅਲਬਤਿ ਜਾਣਾ,
ਪੇਈਅੜੈ ਦਿਨ ਚਾਰ ਜਿੰਦੁ।

ਅਜ ਤੇਰੇ ਮੁਕਲਾਊ ਆਇ,
ਰਹੀਏ ਨ ਕੋਇ ਬਿਚਾਰ ਜਿੰਦੂ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਆਵਣ ਏਹੀ ਵਾਰ ਜਿੰਦੂ।

(145)


ਰੋਂਦਾ ਮੂਲ ਨਾ ਸੌਂਦਾ ਹੈ,
ਜਿਸ ਤਨ ਦਰਦਾਂ ਦੀ ਆਹ, ਸੋਈ ਤਨ ਰੋਂਦਾ ਹੀ।
ਕਨਿਆਰੀ ਦੀ ਸੇਜੈ ਉਪਰ,
ਸੁਖੀਆ ਕੋਈ ਨਾ ਸੌਂਦਾ ਹੈ।
ਚਾਰੇ ਪੱਲੇ ਮੇਰੇ ਚਿੱਕੜ ਬੂਡੇ,
ਕੋਹੜਾ ਮਲ ਮਲ ਧੋਂਦਾ ਹੀ।
ਦਰਦਾਂ ਦਾ ਦਾਰੂ ਤੇਰੇ ਅੰਦਰ ਵਸਦਾ,



ਕੋਈ ਸੰਤ ਤਬੀਬ ਮਿਲਾਉਂਦਾ ਹੈ।
ਕਹੈ ਹੁਸੈਨ ਫ਼ਕੀਰ ਰਬਾਣਾ,
ਜੋ ਲਿਖਿਆ ਸੋਈ ਹੋਂਦਾ ਹੀ।

(146)


ਲਟਕਦੀ ਲਟਕਦੀ ਨੀ ਮਾਏ,
ਹਰਿ ਬੋਲੈ ਰਾਮੁ ਲਟਕਦੀ ਸਾਹੁਰੇ ਚੱਲੀ।
ਸੱਸ ਨਿਣਾਨਾਂ ਦੇਵਣਿ ਤਾਅਨੇ,
ਫਿਰਦੀ ਹੈਂ ਘੁੰਘਟ ਖੁੱਲੀ।
ਭੋਲੜੀ ਮਾਏ ਕਸੀਦੜੇ ਪਾਇਆ,
ਮੈਂ ਕਢਿ ਨਾ ਜਾਣਦੀ ਝੁਲੀ।
ਬਾਬਲੂ ਦੇ ਘਰਿ ਕੁੱਝ ਨਾ ਵੱਟਿਆ,
ਤੇ ਕੁੱਝ ਨਾ ਖੱਟਿਆ,
ਮੇਰੇ ਹੱਥਿ ਨੀ ਅਟੇਰਨੁ ਛੱਲੀ।
ਨਾਲ ਜਿਨ੍ਹਾਂ ਦੇ ਅਤਣਿ ਬਹਿੰਦੀ,
ਦੇਖਦੀ ਸੁਣਦੀ ਵਾਰਤਾ ਕਹਿੰਦੀ,
ਹੁਣਿ ਪਕੜਿ ਤਿਨਾਹਾਂ ਘੱਲੀ।

ਡਾਢੇ ਦੇ ਪਿਆਦੜੇ ਨੀ ਆਏ,
ਆਨਿ ਕੇ ਹੱਥਿ ਉਨ੍ਹਾਂ ਤਕੜੇ ਨੀ ਪਾਏ,
ਮੇਰਾ ਚਾਰਾ ਕੁਝ ਨਾ ਚੱਲੀ।

ਲਟਕਦੀ ਲਟਕਦੀ,
ਮੈਂ ਸੇਜ ਤੇ ਨੀ ਆਈ।
ਛੋਡਿ ਚੱਲੇ ਮੈਨੂੰ
ਸੱਕੜੇ ਨੀ ਭਾਈ।
ਫੁਲ ਪਾਨ ਬੀੜਾ ਮੈਨੂੰ,
ਅਹਲ ਦਿਖਲਾਈ,
ਮੈਂ ਸੇਜ ਇਕੱਲੜੀ ਮੱਲੀ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਜੋ ਥੀਸੀ ਰੱਬੁ ਡਾਢੇ ਦਾ ਭਾਣਾ,
ਮੈਂ ਆਈ ਹਾਂ ਅੱਲ-ਵਲੱਲੀ।



(147)


ਲਿਖੀ ਲੌਹ-ਕਲਮ ਦੀ ਕਾਦਰ,
ਨੀ ਮਾਏ ਮੋੜੁ ਜੋ ਸਕਨੀ ਹੈਂ ਮੋੜੁ।
ਡੋਲੀ ਪਾਇ ਲੈ ਚੱਲੇ ਖੇੜੇ,
ਨਾ ਮੈਂ ਥੇ ਉਜ਼ਰ ਨਾ ਜ਼ੋਰੁ।
ਰਾਂਝਣ ਸਾਨੂੰ ਕੁੰਡੀਆਂ ਪਾਈਆਂ,
ਦਿਲ ਵਿਚ ਲੱਗੀਆਂ ਜ਼ੋਰੁ।

ਮੱਛੀ ਵਾਗੂੰ ਤੜਫਾਂ,
ਕਾਦਰ ਦੇ ਹੱਥਿ ਡੋਰ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਖੇੜਿਆਂ ਦਾ ਕੂੜਾ ਸ਼ੋਰ।

(148)


ਵੱਤ ਨਾ ਆਵਣਾ ਭੋਲੜੀ ਮਾਉ,
ਏਹੋ ਵਾਰੀ ਤੇ ਏਹੇ ਦਾਉ,
ਭਲਾ ਕਰੈਂ ਤਾਂ ਭਜਿ ਲੈ ਨਾਉਂ।
ਜਾਂ ਕੁਆਰੀ ਤਾਂ ਚਾਉ ਘਣਾ,
ਪੁੱਤ ਪਰਾਏ ਦੇ ਵਸਿ ਪਵਾਂ,
ਕਿਆ ਜਾਣਾ ਕੇਹੀ ਘੁੱਲੇ ਵਾਉ।

ਸੋ ਖੇਡਣੁ ਜਿਨ੍ਹਾਂ ਭਾਗੁ ਮਥੂਰੇ,
ਖੇਡਦਿਆਂ ਲਹਿ ਜਾਣ ਵਿਸੂਰੇ,
ਖੇਡ ਖਿਡੰਦੜੀ ਦਾ ਲੱਥਾ ਚਾਉ।
ਚਉਪੜਿ ਦੇ ਖਾਨੇ ਚਉਰਾਸੀ,
ਜੋ ਪੁੱਗੇ ਸੋ ਚੋਟਿ ਨਾ ਖਾਸੀ,
ਕਿਆ ਜਾਣਾ ਕਿਆ ਪਓਸੀ ਦਾਉ।

ਸਾਚੀ ਸਾਖੀ ਕਹੈ ਹੁਸੈਨਾ,
ਜਾਂ ਜੀਵੇਂ ਤਾਹੀਂ ਸੁਖ ਚੈਨਾ,
ਫੇਰ ਨਾ ਲਹਿਸੀਆ ਪੱਛੋਤਾਉ।

(149)

ਵੱਤ ਨਾ ਦੁਨੀਆਂ ਆਵਣ।
ਸਦਾ ਨ ਫੁੱਲੇ ਤੋਰੀਆਂ,
ਸਦਾ ਨ ਲੱਗੇ ਸਾਵਣ।
ਏਹ ਜੋਬਨ ਤੇਰਾ ਚਾਰ ਦਿਹਾੜੇ,
ਕਾਹੇ ਕੂੰ ਝੂਠ ਕਮਾਵਣ।
ਪੇਵਕੜੈ ਦਿਨ ਚਾਰ ਦਿਹਾੜੇ,
ਅਲਬਤ ਸਹੁਰੇ ਜਾਵਣ।
ਸ਼ਾਹ ਹੁਸੈਨ ਫ਼ਕੀਰ ਸਾਈਂ ਦਾ,
ਜੰਗਲ ਜਾਇ ਸਮਾਵਣ।

(150)


ਵਾਹੋ ਬਣਦੀ ਹੈ ਗੱਲ,
ਸਜਣ ਨਾਲ ਮੇਲਾ ਕਰੀਐ,
ਪਾਰਿ ਖੜਾ ਮਿਤਰ ਰਾਂਝਣ,
ਸਾਰੇ ਬਾਹਲੀਐ ਨੈਂ ਤਰੀਐ।

ਭਉ ਸਾਗਰੁ ਬਿਖੜਾ ਅਤਿ ਭਾਰੀ,
ਸਾਧਾਂ ਦੇ ਬੇੜੇ ਚੜ੍ਹੀਐ।

ਸਾਈਂ ਕਾਰਨਿ ਜੋਗਨਿ ਹੋਵਾਂ,
ਕਰੀਐ ਜੋ ਕਿਛੁ ਸਰੀਐ।

ਲੱਖ ਟਕਾ ਮੈਂ ਸੀਰਨੀ ਦੇਵਾਂ,
ਜੇ ਸਹੁ ਪਿਆਰਾ ਵਰੀਐ।

ਮਿਲਿਆ ਯਾਰ ਹੋਈ ਰੁਸ਼ਨਾਈ,
ਦਮ ਸ਼ੁਕਰਾਨੇ ਦਾ ਭਰੀਐ।

ਕਹੈ ਹੁਸੈਨ ਹਯਾਤੀ ਲੋੜੈਂ,
ਤਾਂ ਜੀਵੰਦਿਆਂ ਹੀ ਮਰੀਐ।

(151)

ਵਾਰੀ ਵੋ ਨਿਮਾਣਿਆਂ ਦਾ ਹਾਲੁ
ਕਦਾਵੀ ਵੋ ਮਿਹਰ ਪਵੀ।
ਰਾਤੀਂ ਦਰਦ ਦਿਹੇਂ ਦਰਮਾਂਦੀ,
ਬਿਰਹੂ ਭਛਾਇਅੜ ਸ਼ੀਂਹੁ।

ਰੋ ਰੋ ਨੈਣ ਭਰੇਨੀ ਹਾਂ ਝੋਲੀ,
ਜੀਉਂ ਸਾਵਣਦੜੋ ਮੀਂਹੁ।

ਗਲ ਵਿੱਚ ਪੱਲੂ, ਮੈਂਡਾ ਦਸਤ ਪੈਰਾਂ ਤੇ,
ਕਦੀ ਤਾਂ ਅਸਾਡੜਾ ਥੀਉਂ।

ਸਿਰ ਸਦਕੇ ਕੁਰਬਾਨੀ ਕੀਤੀ,
ਘੋਲ ਘੁਮਾਂਦੀ ਹਾਂ ਜੀਉ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਹੋਰ ਭਰੋਸਾ ਨਹੀਂ ਕਹੀ ਦਾ,
ਆਨ ਮਿਲਾਅੜੋ ਪੀਉ।

(152)


ਵਾਰੇ-ਵਾਰੇ ਜਾਨੀਆਂ ਘੋਲੀਆਂ ਨੀ।
ਜਿਸ ਸਾਜਨ ਦਾ ਦੇਵਉ ਤੁਸੀਂ ਮੇਹਣਾ,
ਤਿਸ ਸਾਜਣ ਦੀ ਮੈਂ ਗੋਲੀ ਆਹੀ ਨੀ।

ਅਚਾਚੇਤੀ ਭੋਲ ਭੁਲਾਵੈ,
ਬਾਬਲ ਦੇ ਘਰਿ ਭੋਲੀ ਆਹੀਂ ਨੀ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਤੁਧੁ ਬਾਝਉ ਹੋਰ ਨ ਜਾਣਾ,
ਖਾਕ ਪੈਰਾਂ ਦੀ ਮੈਂ ਰੋਲੀ ਆਹੀ ਨੀਂ।

(153)


ਵੇਲਾ ਸਿਮਰਣ ਦਾ ਨੀ ਉਠੀ ਰਾਮੁ ਧਿਆਇ।
ਹੱਥ ਮਲੇ ਮਲ ਪੱਛੋਤਾਮੀ,
ਜਦੁ ਵੈਸੀਆ ਵਖਤ ਵਿਹਾਇ।

ਇਸ ਤਿੜੇ ਤੋਂ ਭਰ ਭਰ ਗਈਆਂ,
ਤੂੰ ਆਪਣੀ ਵਾਰ ਲੰਘਾਇ।

ਇਕਨਾਂ ਭਰਿਆ ਇਕ ਭਰ ਗਈਆਂ,
ਇਕ ਘਰੇ ਇਕ ਰਾਹਿ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਆਤਣ ਫੇਰਾ ਪਾਇ।

(154)


ਵੋ ਕੀ ਅਕੜਿ ਆਕੜਿ ਚਲਣਾ।
ਖਾਇ ਖੁਰਾਕਾਂ ਤੇ ਪਹਿਨ ਪੁਸ਼ਾਕਾਂ,
ਕੀ ਜਮ ਦਾ ਬੱਕਰਾ ਪਲਣਾ।

ਸਾਢੇ ਤਿੰਨ ਹਥਿ ਮਿਲਕ ਤੁਸਾਡਾ,
ਕਿਉਂ ਜੂਹ ਪਰਾਈ ਮੱਲਣਾ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਅੰਤ ਖਾਕ ਵਿਚ ਰਲਣਾ।

(155)


ਵੋ ਗੁਮਾਨੀਆਂ ਦਮ ਗਨੀਮਤ ਜਾਨ।
ਕਿਆ ਲੈ ਆਇਓ ਕਿਆ ਲੈ ਜਾਸੈਂ,
ਫਾਨੀ ਕੁਲ ਜਹਾਨ।

ਚਾਰ ਦਿਹਾੜੇ ਗੋਇਲ ਵਾਸਾ,

ਇਸ ਜੀਵਨ ਦਾ ਕਿਆ ਭਰਵਾਸਾ।
ਨਾ ਕਰਿ ਇਤਨਾ ਮਾਣ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਆਖਰ ਖਾਕ ਸਮਾਣ

(156)



ਵੇ ਯਾਰ ਜਿਨ੍ਹਾਂ ਨੂੰ ਇਸ਼ਕ, ਤਿਨ੍ਹਾਂ ਨੂੰ ਕਤਣ ਕੇਹਾ,
ਅਲਬੇਲੀ ਕਿਉਂ ਕੱਤੇ।

ਲੱਗਾ ਇਸ਼ਕ ਚੁੱਕੀ ਮਸਲਾਹਤ,
ਬਿਸਰੀਆਂ ਪੰਜੇ ਸੱਤੇ।

ਘਾਇਲੁ ਮਾਇਲੁ ਫਿਰੇ ਦਿਵਾਨੀ,
ਚਰਖੇ ਤੰਦ ਨਾ ਘੱਤੇ।

ਮੇਰੀ ਤੇ ਮਾਹੀ ਦੀ ਪਰੀਤਿ ਚਰੋਕੀ,
ਜਾਂ ਸਿਰਿ ਆਹੇ ਨਾ ਛੱਤੇ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਨੈਨ ਸਾਈਂ ਨਾਲਿ ਰੱਤੇ।

*