ਕਾਫ਼ੀਆਂ ਸੱਚਲ ਸਰਮਸਤ

ਵਿਕੀਸਰੋਤ ਤੋਂ
Jump to navigation Jump to search
ਕਾਫ਼ੀਆਂ
ਸੱਚਲ ਸਰਮਸਤ

1. ਨੰਗੜਾ ਨਿਮਾਣੀ ਦਾ

ਨੰਗੜਾ ਨਿਮਾਣੀ ਦਾ ਜਿਵੇਂ ਤਿਵੇਂ ਪਾਲਣਾ
ਮੈਲੀ ਹਾਂ ਮੰਦੀ ਹਾਂ, ਬੇਸ਼ੱਕ ਤੇਡੀ ਬੰਦੀ ਹਾਂ
ਢੱਕੀ ਮੈਂਡਾ ਢੋਲਣਾ, ਮੇਡੇ ਐਬ ਨਾ ਫੋਲਣਾ
ਪਈ ਹਾਂ ਪਨਾਰੇ ਤੇਡੇ ਲੱਗੀ ਹਾਂ ਲਾਰੇ ਤੇਡੇ
ਤੇਡੀ ਜ਼ਾਤ ਸਤਾਰੀ, ਡੋਹ ਨ ਮੇਡੇ ਗੋਲਣਾ
ਨਾਲ ਕੋਝੀ ਦੇ ਜਾਲਣਾ, ਅਸਾਂ ਕਨੇ ਵਲ ਆਵਣਾ
(ਜੋਗੀ ਨਾਲ ਜਾਲਣਾ ਵਲ ਨਹੀਂ ਆਵਣਾ)
ਯਾਰ ਸਚਲ ਤੂੰ (ਕੂੰ) ਲਹਿਨ ਕਸ਼ਾਲੇ
ਘੂੰਘਟ ਖੋਲਣਾ ਬਾਹ ਬਾਹ ਬੋਲਣਾ
(ਨੰਗੜਾ=ਨੰਗ-ਨਮੂਜ਼,ਇੱਜਤ,ਸ਼ਰਮ,
ਪਨਾਰੇ=ਪਨਾਹ,ਪੈਰੀਂ, ਸਤਾਰੀ=ਬਖ਼ਸ਼ਿੰਦ,
ਡੋਹ=ਦੋਸ਼, ਗੋਲਣਾ=ਗੌਲਣਾ,ਧਿਆਨ ਵਿਚ
ਲਿਆਉਣਾ, ਜਾਲਣਾ=ਨਿਭਾਉਣਾ, ਕਸ਼ਾਲੇ=ਦੁੱਖ)

2. ਕੇਹਾ ਸ਼ਕ ਗੁਮਾਨ ਦਾਨਿਯਾਂ ਵੇ

ਕੇਹਾ ਸ਼ਕ ਗੁਮਾਨ ਦਾਨਿਯਾਂ ਵੇ, ਸਭ ਕਹੀਂ ਸੂਰਤ ਸੈਰ ਤੁਸਾਡਾ ।
ਲੱਖ ਪੋਸ਼ਾਕਾਂ ਕਰਕੇ ਆਸ਼ਿਕ, ਕੀਤੋਈ ਹਮ ਹੈਰਾਨ ।
ਸ਼ਾਹ ਮਨਸੂਰ ਦਾ ਸਿਰ ਕਪਾਯੋਈ, ਮਲ੍ਹ ਖੜਾ ਮੈਦਾਨ ।
ਓ ਭੀ ਤੂੰ ਹੈਂ, ਐ ਭੀ ਤੂੰ ਹੈਂ, ਆਪ ਕਰੀਂ ਅਰਮਾਨ ।
ਮੁੱਲਾਂ ਥੀ ਕਰ ਡੇਵੇਂ ਫ਼ਤਵਾ, ਆਪ ਥੀਵੇਂ ਕੁਰਬਾਨ ।
'ਸਚੂ' ਹੋਯਾ ਨਾਮ ਤੁਸਾਡਾ, ਕਰੇਂ ਦੇਏਂ ਆਪ ਬਯਾਨ ।

(ਦਾਨਿਯਾਂ=ਦਾਨੀਆਂ, ਕਪਾਯੋਈ=ਕਟਵਾ ਦਿੱਸਾ)

3. ਦਿਲਬਰ ਸਾਨੂੰ ਐਵੇਂ ਆਖਿਯਾ

ਦਿਲਬਰ ਸਾਨੂੰ ਐਵੇਂ ਆਖਿਯਾ, ਨ ਛੋੜ ਖ਼ਲਕ ਦੀ ਖ਼ੁਵਾਰੇਂ ।
ਹਿਕ ਨਾਮ ਅਸਾਡਾ ਯਾਦ ਕਰੀਂ, ਬਿਏ ਡੂੰਹੇਂ ਜਹਾਨ ਵਿਸਾਰੇਂ ।
ਵਿਚ ਦੁਨੀਯਾ ਦੇ ਜੋ ਦਮ ਜੀਵੇਂ, ਨਾਲ ਤੋਹੀਦ ਗੁਜ਼ਾਰੇਂ ।

(ਐਵੇਂ=ਇਵੇਂ, ਖ਼ਲਕ ਦੀ ਖ਼ੁਵਾਰੇਂ=ਲੋਕਾਂ ਦਾ ਭੰਡੀ ਪਰਚਾਰ,
ਬਿਏ=ਦੂਜੇ, ਡੂੰਹੇਂ=ਦੋਵੇਂ, ਤੋਹੀਦ=ਰੱਬ ਇਕ ਹੈ)

4. ਬੇਖ਼ੁਦੀ ਵਿਚ ਵਹਦਤ ਵਾਲੀ

ਬੇਖ਼ੁਦੀ ਵਿਚ ਵਹਦਤ ਵਾਲੀ, ਜਦਾਂ ਅਚਾਨਕ ਆਂਦੇ ।
ਆਵ ਦਰਿਯਾਏ ਹੈਰਤ ਦੇ ਅੰਦਰ, ਟੁਪ ਟੁਪ ਗੋਤੇ ਖਾਂਦੇ ।
'ਸੁਬਹਾਨੀ ਮਾ ਆਇਜ਼ਮੁ ਸ਼ਾਨੀ', ਸੱਚਲ ਇਹੋ ਹਰਫ਼ ਅਲਾਂਦੇ ।

(ਵਹਦਤ=ਰੱਬ ਇਕ ਹੈ, ਆਵ=ਪਾਣੀ, ਸੁਬਹਾਨੀ ਮਾ ਆਇਜ਼ਮੁ
ਸ਼ਾਨੀ=ਵਾਹ ! ਵਾਹ ! ਰੱਬ ਦੀ ਵਡਿਆਈ,ਪ੍ਰਤਾਪ, ਅਲਾਂਦੇ=ਬੋਲਦੇ)

5. ਖ਼ੁਦ ਹੀ ਇਹੋਈ ਖ਼ੁਦ ਹੀ

ਖ਼ੁਦ ਹੀ ਇਹੋਈ ਖ਼ੁਦ ਹੀ, ਨਹੀਂ ਔਰ ਕੋਈ ਅਲੀਂਦਾ ।
ਮੰਸੂਰ ਹੋਕੇ ਵੇਖੋ, ਸੂਲੀ ਊਪਰ ਚੜ੍ਹੀਂਦਾ ।
ਤਰਹੂੰ ਤਰਹ ਤਮਾਸ਼ਾ, ਆਪ ਆਪਣਾ ਸੁਣੀਂਦਾ ।

(ਅਲੀਂਦਾ=ਬੋਲਦਾ, ਤਰਹੂੰ ਤਰਹ=ਤਰ੍ਹਾਂ ਤਰ੍ਹਾਂ ਦਾ)

6. ਸੋਈ ਕਮੁ ਕਰੀਜੇ

ਸੋਈ ਕਮੁ ਕਰੀਜੇ, ਜੰਹਿੰ ਵਿਚ ਅੱਲਾਹ ਆਪ ਬਣੀਜੇ ।
ਵਿਚ ਮੈਦਾਨ ਮੁਹੱਬਤ ਵਾਲੇ, ਦਮ ਕਦਮ ਧਰੀਜੇ ।
ਇਹਾ ਤਕਬੀਰ 'ਫ਼ਨਾਫ਼ੀ' ਵਾਲੀ, ਪਹਲੇ ਪਹਰ ਪੜ੍ਹੀਜੇ ।
ਮਾਰ ਨਗ਼ਾਰਾ 'ਅਨਲਹਕ' ਦਾ, ਸੂਲੀ ਸਿਰ ਚੜ੍ਹੀਜੇ ।
ਅੰਦਰ ਬਾਹਰ ਹਿਕੋ ਹੋਯੋਂ, 'ਮੂਤੂ ਕਬਲ' ਮਰੀਜੇ ।
ਵਿਚ ਕੁਫ਼ਰ ਇਸਲਾਮ ਕਡਾਹਾਂ, ਆਸ਼ਿਕ ਤਾ ਨ ਅੜੀਜੇ ।
'ਸੁਬਹਾਨੀ ਮਾ ਆਇਜ਼ਮੁ ਸ਼ਾਨੀ', ਸੱਚਲ ਸੁਰ ਸੁਣੀਜੇ ।

(ਦਮ=ਹਿੰਮਤ, ਤਕਬੀਰ=ਜੁਗਤ,ਢੰਗ, ਫ਼ਨਾਫ਼ੀ=ਸਮਾ ਜਾਣਾ,
ਅਭੇਦ ਹੋ ਜਾਣਾ, ਅਨਲਹਕ=ਮੈਂ ਰੱਬ ਹਾਂ, ਮੂਤੂ ਕਬਲ=ਮੌਤੋਂ
ਪਹਿਲਾਂ ਮਰਨਾ,ਜਿਉਂਦੇ ਜੀਅ ਮਰਨਾ, ਅੜੀਜੇ=ਫਸੇ, ਸੁਬਹਾਨੀ
ਮਾ ਆਇਜ਼ਮੁ ਸ਼ਾਨੀ=ਰੱਬ ਦੀ ਸ਼ਾਨ ਨਿਰਾਲੀ)

7. ਇਸ਼ਕੁ ਥੀ ਇਨਸਾਨੁ

ਇਸ਼ਕੁ ਥੀ ਇਨਸਾਨੁ, ਆਯੋ ਸੈਲਾਨੀ ਸੈਰ ਤੇ ।
ਸੂਰਤ ਮੇਂ ਆਦਮ ਜੇ, ਆਦਮ ਦਮੁ ਮਹਮਾਨੁ ।
ਸਚਾ ਤੂੰ ਸੁਲਤਾਨੁ, ਸਤਗੁਰ ਸਚੁ ਸੁਣਾਯੋ ।

(ਥੀ=ਖ਼ਾਤਿਰ, ਸੈਲਾਨੀ=ਸੈਰ ਕਰਨ ਵਾਲਾ,
ਸੂਰਤ ਮੇਂ ਆਦਮ ਜੇ=ਬੰਦੇ ਦੀ ਸ਼ਕਲ ਬਣਾ ਕੇ)

8. ਓਡੂੰ ਰਹਬਰ ਆਏ

ਓਡੂੰ ਰਹਬਰ ਆਏ, ਯਾਰ ਤੁਸਾਂ ਕੂੰ ਬਹੂੰ ਪੁੱਛਦਾ ।
ਸੁਣਣ ਨਾਲਿ ਵਿਸਰ ਗਯੋਸੇ, ਮੁੱਲਾ ਜੋ ਸਬਕ ਪੜ੍ਹਾਏ ।
ਸਬ ਕੰਹਿੰ ਵੇਲੇ ਸ਼ੌਕ ਸਜਣ ਦੇ, ਦਿਲ ਤੇ ਸ਼ੋਰ ਮਚਾਏ ।
ਆਪੇ ਜਾਣੀਂ ਯਾਦ ਕਿਤੋਨੇ, ਸੱਚਲ ਬਖ਼ਤ ਸਵਾਏ ।

(ਓਡੂੰ=ਅਸਮਾਨੋਂ, ਸੁਣਣ ਨਾਲਿ=ਸੁਣਦੇਸਾਰ, ਜਾਣੀਂ=
ਜਾਨੀ ਨੇ,ਪਿਆਰੇ ਨੇ, ਬਖ਼ਤ ਸਵਾਏ=ਚੰਗੇ ਭਾਗੀਂ)

9. ਕਯੋਂ ਦਰਵੇਸ਼ ਸਡਾਈਂ ਸੱਚਲ

ਕਯੋਂ ਦਰਵੇਸ਼ ਸਡਾਈਂ ਸੱਚਲ ? ਤੂੰ ਕਯੋਂ ਦਰਵੇਸ਼ ਸਡਾਈਂ ?
ਵਿਚ ਇਬਾਦਤ ਨਾ ਵਿਚ ਤਾਅਤ, ਕਹੇਂ ਸੋ ਵੇਲ ਆਈਂ ?
ਕੋਝੇ ਤੇਡੇ ਕਮ ਸਭੋਈ, ਤਾਜਾਂ ਸਿਰ ਵਿਚ ਪਾਈਂ !
ਆਪਣੀ ਰਾਹ ਵੀ ਗੁਮ ਕੀਤੋਈ, ਬੰਹਾਂ ਨੂੰ ਵਾਟ ਵਿਖਾਈਂ ।
ਹਾਦੀ ਮੁਰਸ਼ਿਦ ਮੇਹਰ ਕਰੇਸੀ, ਪਾਂਦ ਤਿਨ੍ਹੀਂ ਦਰ ਪਾਈਂ ।
(ਸਡਾਈਂ=ਸਦਾਵੇਂ, ਕਹੇਂ ਸੋ ਵੇਲ=ਕਿਹੜੇ ਵੇਲੇ, ਕੋਝੇ=ਭੈੜੇ,
ਤੇਡੇ=ਤੈਂਡੇ,ਤੇਰੇ, ਕਮ=ਕੰਮ, ਤਾਜਾਂ=ਤਾਜ ਨੂੰ, ਵਿਚ=ਉੱਤੇ,
ਬੰਹਾਂ=ਹੋਰਾਂ ਨੂੰ, ਵਾਟ=ਰਾਹ, ਪਾਂਦ=ਪੱਲਾ ਪਸਾਰ)

10. ਸੁਹਣੀ ਸੂਰਤ ਯਾਰ ਸੁਹਣੇ ਦੀ

ਸੁਹਣੀ ਸੂਰਤ ਯਾਰ ਸੁਹਣੇ ਦੀ, ਡਿਠਮ ਜੋ ਹਿਕ ਡਿਹਾੜੇ ।
ਦਸਤ ਕੀਤੁਸ ਤਲਵਾਰ ਬਿਰਹ ਦੀ, ਮਾਰੇ ਵਤ ਉਲਾਰੇ ।
ਖੜੇ ਰਹਨਿ ਬਧ ਬਾਂਹਾਂ ਅਗੂੰ, ਆਸ਼ਿਕ ਵਿਚ ਨਜ਼ਾਰੇ ।
ਰੂਬਰੂ ਮਾਸ਼ੂਕਾਂ ਸੱਚਲ, ਡੇਂਦੇ ਸਿਰ ਬੇਚਾਰੇ !

(ਡਿਹਾੜੇ=ਦਿਹਾੜੇ,ਦਿਨ, ਦਸਤ=ਹੱਥ, ਬਧ ਬਾਂਹਾਂ=ਹੱਥ ਬੰਨ੍ਹ,
ਰੂਬਰੂ=ਅੱਗੇ, ਡੇਂਦੇ=ਭੇਟ ਕਰ ਦਿੰਦੇ ਹਨ)

11. ਸੁਹਣੇ ਦੇ ਸ਼ਾਲਾ ਬਾਗ਼ ਹੁਸੁਨ ਕੂੰ

ਸੁਹਣੇ ਦੇ ਸ਼ਾਲਾ ਬਾਗ਼ ਹੁਸੁਨ ਕੂੰ, ਕੋਸਾ ਵਾਉ ਨਾ ਲੱਗੇ !
ਹੁਣ ਦੇ ਆਸ਼ਿਕ ਅਸਾਂ ਭੀ ਨਿਸੇ, ਇਸ਼ਕ ਲਾਤੋਸੇ ਅੱਗੇ ।
ਸੂਰਤ ਸੁਹਣੀ ਵੇਖਣ ਨਾਲੇ, ਤਨ ਸੱਚਲ ਦਾ ਤਗੇ !

(ਸ਼ਾਲਾ=ਰੱਬ ਕਰੇ, ਕੂੰ=ਨੂੰ, ਕੋਸਾ=ਤੱਤੀ, ਵਾਉ=ਹਵਾ,
ਹੁਣ=ਨਵਾਂ ਨਵਾਂ, ਨਿਸੇ=ਨਹੀਂ ਹਾਂ)


12. ਗ਼ਾਜ਼ੀਯਾਂ ਨੂੰ ਗ਼ਮ ਕੇਹਾ ਯਾਰੋ

ਗ਼ਾਜ਼ੀਯਾਂ ਨੂੰ ਗ਼ਮ ਕੇਹਾ ਯਾਰੋ, ਸਿਰ ਦਾ ਸਾਂਗ ਨ ਕਰਦੇ ।
ਵਿਚ ਮੈਦਾਨ ਮੁਹੱਬਤ ਵਾਲੇ, ਮਰਦਾਨੇ ਥੀ ਮਰਦੇ ।
ਨਾਲਿ ਉਨ੍ਹਾਂ ਦੇ ਥੀਵੇ ਨ ਪਾੜਾ, ਜੋ ਹੋਵਨਿ ਬੇਦਰਦੇ ।
ਸੱਚਲ ਆਸ਼ਕ ਈਵੇਂ ਸੁਞਾਪਿਨ, ਰੂਇ ਜਿਨ੍ਹਾਂ ਦੇ ਜ਼ਰਦੇ ।

(ਗ਼ਾਜ਼ੀ=ਸੂਰਮੇ, ਸਾਂਗ=ਪਰਵਾਹ, ਪਾੜਾ=ਫ਼ਰਕ,
ਸੁਞਾਪਿਨ=ਪਛਾਣ ਹੋਣਾ, ਰੂਇ=ਚਿਹਰੇ, ਜ਼ਰਦੇ=ਪੀਲਾ)

13. ਇਸ਼ਕ ਕੇਹਾ ਕੇਹਾ ਆਂਦਾ

ਇਸ਼ਕ ਕੇਹਾ ਕੇਹਾ ਆਂਦਾ ! ਸੁਣੋ ਅੜੀ ਮਾਯੋ, ਮੈਂ ਕਯਾ ਜਾਣਾਂ ?
ਇਸ਼ਕ ਅਹੀਂ ਕੂੰ ਆਖਨਿ ਸਾਰੇ, ਰਾਤੀਯਾਂ ਡੀਂਹਾਂ ਜੋ ਰੋਵਾਂਦਾ ।
ਇਸ਼ਕ ਸਰਾਸਰ ਜਾਣ ਮਲਾਮਤ, ਲੋਕਾਂ ਨੂੰ ਨਹੀਂ ਭਾਂਦਾ ।
ਅਕਲ ਸ਼ਰਮ ਸਭ ਦੂਰ ਸਟੀਂਦਾ, ਇਸ਼ਕ ਜਹੇਂ ਡਹੂੰ ਆਂਦਾ ।
ਸਾਹ ਸੱਚਲ ਦਾ ਰੋਜ਼ ਅਜ਼ਲ ਦੇ, ਵਿਰਹ ਕਨੂੰ ਨਹੀਂ ਵਾਂਦਾ ।

(ਕੇਹਾ=ਕਿਵੇਂ, ਅਹੀਂ=ਉਸਨੂੰ, ਡੀਂਹਾਂ=ਦਿਨ, ਮਲਾਮਤ=ਬਦਨਾਮੀ,
ਜਹੇਂ ਡਹੂੰ=ਜਿਹੜੇ ਪਾਸਿਉਂ)

14. ਇਸ਼ਕ ਦੀ ਖ਼ਬਰ, ਨ ਤੇਕੂੰ ਹੈ

ਇਸ਼ਕ ਦੀ ਖ਼ਬਰ, ਨ ਤੇਕੂੰ ਹੈ ਬਿਰਹ ਦੀ ਖ਼ਬਰ ।
ਜੇ ਪੁਛੀਂ ਅਸਾਂ ਕਨੂੰ, ਹੇ ਬੇ ਜ਼ਿਯਾਨ ਜ਼ਹਰ ।
ਤੇਕੂੰ ਨਹੀਂ ਕੀਤਾ ਹੇ, ਅਞਾ ਬਿਰਹ ਬੇ-ਖ਼ਬਰ ।
ਸਿਰ ਜਾਨ ਦਿਲ ਸਭਾਈ, ਅਗੂੰ ਦੋਸਤ ਧਰ, ਨ ਡਰ ।
ਨਹੀਂ ਖ਼ਵਾਬ ਨਹੀਂ ਆਰਾਮ, ਇਹੋ ਇਸ਼ਕ ਦਾ ਅਸਰ ।
ਡੇਂਦਾ ਅੱਵਲ ਨਿਕਾਲੀ, ਤੇਕੂੰ ਸਾਰਾ ਸ਼ਹਰ ।
ਸੱਚਲ ਅਸਾਂਡੇ ਕੀਤੇ, ਹੋਵੇਂ ਰੋਜ਼ ਮੁੰਤਜ਼ਰ ।

(ਤੇਕੂੰ=ਤੈਨੂੰ, ਅਞਾ=ਅਜੇ ਤੱਕ, ਮੁੰਤਜ਼ਰ=ਇੰਤਜ਼ਾਰ)

15. ਜਾਨੀ ਸੋ ਤੇਡਾ ਜਮਾਲ

ਜਾਨੀ ਸੋ ਤੇਡਾ ਜਮਾਲ, ਕੇਹਾ ਕੇਹਾ ਹੋਂਦਾ ।
ਜ਼ਰੇ ਹੋਂਦਾ ਸ਼ਕਰ ਸ਼ੀਰੀਂ, ਜ਼ਰੇ ਜ਼ਹਰ ਜ਼ਵਾਲ ।
ਜ਼ਰੇ ਆਂਦਾ ਖ਼ੁਸ਼ ਅਸਾਂਨੂੰ, ਜ਼ਰੇ ਜੀਉ ਦਾ ਜੰਜਾਲ ।
ਡੇਖਣ ਦੇ ਵਿਚ ਜੋਈ ਆਂਦਾ, ਹੇਈ ਸੋ ਖ਼ਾਸ ਖ਼ਯਾਲ ।
ਸੁਣ ਸੱਚਲ ਯਾਰ ਮੈਨੂੰ ਜੋ ਕੀਤਾ, ਅਹੀਂ ਦੇ ਨੀਂਹੁੰ ਨਿਹਾਲ ।

(ਜਮਾਲ=ਸੁਹੱਪਣ, ਕੇਹਾ=ਕਿਵੇਂ, ਜ਼ਰੇ=ਪਲ, ਸ਼ੀਰੀਂ=
ਮਿੱਠਾ, ਹੇਈ=ਉਹੋ ਜਿਹਾ, ਅਹੀਂ=ਉਸਦੇ, ਨੀਂਹੁੰ=ਪਿਆਰ)

16. ਰੋਜ਼ ਅਜ਼ਲ ਉਸਤਾਦ ਅਸਾਨੂੰ

ਰੋਜ਼ ਅਜ਼ਲ ਉਸਤਾਦ ਅਸਾਨੂੰ, ਹਿਕ ਸਤਰ ਪ੍ਰੀਤਿ ਦੀ ਪਾੜ੍ਹੀ ।
ਸਾ ਮੈਂ ਦਿਲ ਦੀ ਤਖ਼ਤੀ ਉਤੇ, ਚਾਹ ਵਿਚੂੰ ਲਿਖ ਚਾੜ੍ਹੀ ।
ਸੱਚਲ ਇਸ਼ਕ ਬੁਢਾ ਨਾ ਥੀਵੇ, ਕਯਾ ਜੋ ਚਿਟੀ ਡਾੜ੍ਹੀ ।

(ਰੋਜ਼ ਅਜ਼ਲ=ਪਹਿਲੇ ਦਿਨ ਤੋਂ ਹੀ, ਪਾੜ੍ਹੀ=ਪੜ੍ਹਾਈ, ਸਾ=ਉਹ,
ਡਾੜ੍ਹੀ=ਦਾੜ੍ਹੀ)

17. ਮੈਂ ਤਾਲਿਬ ਜ਼ੁਹਦ ਨ ਤਕਵਾ ਦਾ

ਮੈਂ ਤਾਲਿਬ ਜ਼ੁਹਦ ਨ ਤਕਵਾ ਦਾ, ਹਿਕ ਮੰਗਾਂ ਮੁਹੱਬਤ ਮਸਤੀ ।
ਡਿਤੀ ਹੁਣ ਉਸਤਾਦ ਅਜ਼ਲ ਦੇ, ਹਥ ਤਲਬ ਦੀ ਤਖ਼ਤੀ ।
ਸੱਚਲ ਮਸਤੀ ਮੂਲ ਨ ਥੀਵੇ, ਜਾਂ ਜਾਂ ਹੋਵੇ ਹਸਤੀ ।

(ਤਾਲਿਬ=ਚਾਹਵਾਨ, ਜ਼ੁਹਦ=ਤਪ, ਤਲਬ=ਬੁਲਾਉਣਾ,
ਹਸਤੀ=ਮੈਂ ਦੀ ਹਸਤੀ,ਮੈਂ ਹਾਂ)

18. ਆ ਪਾਂਧੀ ਕਰ ਨਾਲ ਅਸਾਡੇ

ਆ ਪਾਂਧੀ ਕਰ ਨਾਲ ਅਸਾਡੇ, ਕਾਈ ਗਾਲ੍ਹਿ ਸਜਣ ਦੇ ਆਵਣ ਦੀ ।
ਹਿਜਰ ਤੇਡੇ ਮੇਡਾ ਹਾਲ ਵਿਞਾਯਾ, ਇਥਾਂ ਰੁਤ ਆਈ ਹੈ ਸਾਵਣ ਦੀ ।
ਖ਼ੂਬ ਬਸੰਤ ਬਹਾਰ ਜੋ ਖੁਲਯਾ, ਹੁਣ ਆਈ ਮੁੰਦ ਮਿਲਾਵਣ ਦੀ ।
ਮੈਂ ਗ਼ਰੀਬ ਨਿਮਾਣੀ ਨੂੰ ਨਾਹੀਂ, ਕੂਤ ਹਰਫ਼ ਅਲਾਵਣ ਦੀ ।
ਨਾਲਿ ਸਚੂ ਦੇ, ਸੁਹਿਣਾ ਸਾਈਂ, ਕਰ ਕਾਈ ਨੀਂਹੁੰ ਨਿਭਾਵਣ ਦੀ ।

(ਪਾਂਧੀ=ਰਾਹੀ, ਗਾਲ੍ਹਿ=ਗੱਲ, ਹਾਲ ਵਿਞਾਯਾ=ਬੇਹਾਲ ਕਰ ਦਿੱਤਾ,
ਮੁੰਦ=ਮੌਸਮ, ਕੂਤ=ਕੁੱਵਤ,ਤਾਕਤ, ਅਲਾਵਣ=ਬੋਲਣਾ)

19. ਅਖੀਯਾਂ ਯਾਰ ਸੁਹਣੇ ਦੀਆਂ

ਅਖੀਯਾਂ ਯਾਰ ਸੁਹਣੇ ਦੀਆਂ ਸੁਹਣਯਾਂ, ਖ਼ੂਨੀ ਜ਼ੁਲਮ ਕਰੇਂਦਯਾਂ ।
ਬਾਜ਼ਾਂ ਵਾਂਗੁਣ ਕਰਨ ਸਤੂਨੇ, ਦਮ ਨ ਹਿਕ ਧੇਰੇਂਦਯਾਂ ।
ਖਾਵਨ ਮਾਸ ਤੇ ਰਤ ਭੀ ਪੀਵਨ, ਚੰਗੁਲ ਨਾਲ ਮਰੇਂਦਯਾਂ ।
ਅਞਾ ਭੀ ਸੱਚਲ ਢਾਪਨ ਨਾਹੀਂ, ਕਾਰਣ ਖ਼ੂਨ ਖੜੇਂਦਯਾਂ ।

(ਸਤੂਨੇ=ਝਪਟ ਮਾਰਨਾ, ਦਮ=ਪਲ, ਧੇਰੇਂਦਯਾਂ=ਧੀਰਜ ਕਰਨਾ,
ਸਬਰ ਕਰਨਾ, ਚੰਗੁਲ=ਪੰਜਾ, ਢਾਪਨ ਨਾਹੀਂ=ਮਨ ਨਹੀਂ ਭਰਦਾ)

20. ਅਖੀਯਾਂ ਬਾਜ਼ ਅਕਾਬ ਸੁਹਣੇ ਦੀਆਂ

ਅਖੀਯਾਂ ਬਾਜ਼ ਅਕਾਬ ਸੁਹਣੇ ਦੀਆਂ, ਕਰਨ ਪਖਨ ਪਰਵਾਜ਼ ਵਡੇ ।
ਅਗੂੰ ਉਨ੍ਹਾਂ, ਮੁਸ਼ਤਾਕਾਂ ਦੇ, ਹੋਂਦੇ ਸੌ ਨਯਾਜ਼ ਵਡੇ ।
ਬਾਂਹਾਂ ਬਧ, ਘਤ ਗਲ ਵਿਚ ਗਾਰੀ, ਕਰਦੇ ਖੜ ਐਲਾਜ ਵਡੇ ।
ਤਾਂ ਭੀ ਸੱਚਲ ਮਾਸ਼ੂਕਾਂ ਦੇ, ਹੋਸਨਿ ਗ਼ਮਜ਼ੇ ਨਾਜ਼ ਵਡੇ ।

(ਬਾਜ਼ ਅਕਾਬ=ਬਾਜ਼ ਵਾਂਗ ਪਿੱਛਾ ਕਰ ਦੀਆਂ, ਪਰਵਾਜ਼=ਉਡਾਣ,
ਮੁਸ਼ਤਾਕ=ਚਾਹਵਾਨ, ਨਯਾਜ਼=ਲੋੜ,ਇੱਛਾ, ਐਲਾਜ=ਅਰਜ਼, ਗ਼ਮਜ਼ੇ=
ਨਖ਼ਰੇ)

21. ਸੁਹਣਾ ਯਾਰ ਹਮੇਸ਼ ਸਾਡੇ ਨਾਲ ਭੀ

ਸੁਹਣਾ ਯਾਰ ਹਮੇਸ਼ ਸਾਡੇ ਨਾਲ ਭੀ, ਖਿਲਦਾ ਹਸਦਾ ।
ਹਿਕ ਦਮ ਦੂਰ ਨ ਥੀਵੇ ਸਾਥੂੰ, ਵਿਚ ਅਖੀਂ ਦੇ ਵਸਦਾ ।
ਬਿਯਾ ਕੋਈ ਕਮ ਨਾ ਜਾਣੇ ਹਰਗਿਜ਼, ਖਿਲ ਖਿਲ ਦਿਲੜੀ ਖਸਦਾ ।
ਨੀਂਹੁੰ ਨਿਬਾਹ ਅਸਾਂ ਨਾਲ ਸੱਚਲ, ਗਾਲ੍ਹਿ ਇਹਾਈ ਡਸਦਾ ।

(ਬਿਯਾ=ਦੂਜਾ,ਕੋਈ ਹੋਰ, ਗਾਲ੍ਹਿ=ਗੱਲ, ਡਸਦਾ=ਦਸਦਾ)

22. ਇਸ਼ਕ ਲਗਾ ਘਰ ਵਿਸਰ ਗਿਯੋਸੇ

ਇਸ਼ਕ ਲਗਾ ਘਰ ਵਿਸਰ ਗਿਯੋਸੇ, ਮਤਲਬ ਸੁਧ ਥਯੋਸੇ ।
ਹਾਸਿਲ ਆ ਥਿਯੋਸੇ ਸਾਰਾ, ਜੋ ਕੁਝ ਆਪ ਮੰਗਿਯੋਸੇ ।
ਸੂਦ ਜ਼ਿਯਾਨ ਕਨੂੰ ਮੀਯਾਂ, ਸੱਚਲ ਹੁਣ ਤਾ ਛੁਟ ਪਯੋਸੇ ।

(ਸੁਧ ਥਯੋਸੇ=ਪੂਰਾ ਹੋ ਗਿਆ, ਸੂਦ=ਨਫ਼ਾ,ਵਿਆਜ਼, ਜ਼ਿਯਾਨ=
ਘਾਟਾ)

23. ਸੁਹਣਿਯਾਂ ਨਾਲ ਨ ਹੁਜਤ ਕਾਈ

ਸੁਹਣਿਯਾਂ ਨਾਲ ਨ ਹੁਜਤ ਕਾਈ, ਪਾ ਪਲਉ ਕਰ ਜ਼ਾਰੀ ।
ਰੂਬਰੂ ਖੜ ਬਾਂਹਾਂ ਬਧ ਕੇ, ਘਤ ਗਿਚੀ ਵਿਚ ਗਾਰੀ ।
ਸੱਚਲ ਸ਼ਾਲ ਨਿਬਾਹ ਨਿਵੀਜੇ, ਨਾਲ ਯਾਰਾਂ ਦੀ ਯਾਰੀ ।

(ਪਲਉ=ਪੱਲਾ, ਜ਼ਾਰੀ=ਅਰਜ਼, ਸ਼ਾਲ=ਸ਼ਾਲਾ,ਰੱਬ ਕਰੇ)

24. ਮੁੱਲਾ, ਛੋੜ ਕਿਤਾਬਾਂ

ਮੁੱਲਾ, ਛੋੜ ਕਿਤਾਬਾਂ, ਪੀਵੇਂ ਮਇ ਦੀ ਹਿਕ ਪਯਾਲੀ ।
ਪਲਕ ਤਹੇਂ ਵਿਚ ਕਾਜ਼ੀ, ਥੀਵੇਂ ਮਸਤਾਨ ਮਸਤ ਮੱਵਾਲੀ ।
ਸੱਚਲ ਸਬਕ ਵਿਸਾਰ ਕਰਾਹੁਣ, ਹੋਵੇਂ ਮੁਹੱਬਤ ਵਾਲੀ ।

(ਪਲਕ ਤਹੇਂ=ਉਸੇ ਵੇਲੇ, ਮੱਵਾਲੀ=ਖ਼ੁਸ਼ ਤਬੀਅਤ ਵਾਲਾ,
ਆਜ਼ਾਦ, ਕਰਾਹੁਣ=ਨਫ਼ਰਤ)

25. ਮੁਖ ਮਹਤਾਬ ਸਜਣ ਦਾ ਸੁਨਿਯਾਂ

ਮੁਖ ਮਹਤਾਬ ਸਜਣ ਦਾ ਸੁਨਿਯਾਂ, ਘੂੰਘਟ ਵਿਚ ਲੁਕਾਯੁਸਿ ।
ਡੂੰਹੇ ਨੂਰ ਤਿਜਲੇ ਡੀਂਦੇ, ਕਯੋਂ ਵਤ ਆਪ ਛੁਪਾਯੁਸਿ ।
ਜ਼ਾਹਿਰ ਬਾਤਿਨ ਸੋਈ ਆਹਾ, ਬਾਜ਼ੀ ਭੇਦ ਬਨਾਯੁਸਿ ।
ਚਸ਼ਮਾਂ ਦੇ ਚਮਕਾਰੇ ਲੁਕਦੇ, ਲਾਸ਼ਕ ਬਿਰਹਾ ਲਾਯੁਸਿ ।
ਸੂਰਤ ਵਿਚੂੰ ਮੂਰਤ ਬਣ ਕੇ, ਸੱਚਲ ਨਾਮ ਸਦਾਯੁਸਿ ।

(ਮਹਤਾਬ=ਚੰਨ, ਡੂੰਹੇ ਨੂਰ=ਦੋਵੇਂ ਅੱਖਾਂ, ਤਿਜਲੇ=
ਚਮਕੀਲੇ, ਡੀਂਦੇ=ਦਿਸਦੇ, ਵਤ=ਫਿਰ, ਜ਼ਾਹਿਰ=
ਸਾਹਮਣੇ, ਬਾਤਿਨ=ਛੁਪਿਆ, ਬਾਜ਼ੀ=ਖੇਡ, ਚਸ਼ਮਾਂ=
ਅੱਖਾਂ, ਲਾਸ਼ਕ=ਇਸ ਲਈ,ਤਾਂ ਹੀ)

26. ਕਾਜ਼ੀਯਾ, ਕੇਹੇ ਮਸਇਲੇ ਕਰੀਂਦਏਂ

ਕਾਜ਼ੀਯਾ, ਕੇਹੇ ਮਸਇਲੇ ਕਰੀਂਦਏਂ ? ਇਸ਼ਕ ਸ਼ਰਅ ਕਯਾ ਲਗੇ ਲਗੇ ।
ਦੋਜ਼ਖ਼ ਬਹਿਸ਼ਤ ਦੇ ਡੇ ਨ ਦੜਕੇ, ਭਵ ਅਸਾਂ ਕਨੂੰ ਭਗੇ ਭਗੇ ।
ਬਾਬ ਬਿਰਹ ਦਾ ਕੋਈ ਨ ਪੜ੍ਹਦਏਂ, ਕਾਗ਼ਜ਼ ਲਿਖਦਏਂ ਬਗੇ ਬਗੇ ।
ਮੁੱਲਾਂ ਦੀ ਦੌੜ ਮਸੀਤੇ ਤਾਈਂ, ਇਸ਼ਕ ਦੀ ਮੰਜ਼ਿਲ ਅਗੇ ਅਗੇ ।
ਸਚੂ ਹੈ ਮਿਸਕੀਨ ਨਿਮਾਣਾ, ਤੋਹ ਤੇਡੇ ਨਾਲ ਤਗੇ ਤਗੇ ।

(ਮਸਇਲੇ=ਮਸਲੇ,ਉਲਝਣਾਂ, ਕਯਾ ਲਗੇ=ਕੀ ਕੰਮ ਹੈ,
ਦੋਜ਼ਖ਼ ਬਹਿਸ਼ਤ=ਨਰਕ ਸੁਰਗ, ਦੜਕੇ=ਡਰਾਬੇ, ਭਵ=
ਡਰ, ਬਾਬ=ਸਬਕ, ਮਿਸਕੀਨ=ਆਜਜ਼,ਗ਼ਰੀਬ, ਤੋਹ=
ਤਿਹੁ,ਪਿਆਰ, ਤਗੇ=ਪੁੱਗੇ)

27. ਹਰਫ਼ੁ ਹਲਾਲੁ ਹੇਕਿੜੋ

ਹਰਫ਼ੁ ਹਲਾਲੁ ਹੇਕਿੜੋ, ਬਿਯਾ ਸਭੁ ਹਰਫ਼ ਹਰਾਮੁ ।
ਆਸ਼ਿਕਨਿ ਅੰਜ਼ਾਮੁ, ਇਹੋ ਆਇ ਅਜੀਬ ਸਾਂ ।

(ਹਲਾਲ=ਸ਼ੁਧ, ਹਰਾਮੁ=ਨਾਪਾਕ,ਅਪਵਿਤਰ,
ਅੰਜਾਮੁ=ਨਤੀਜਾ, ਇਹੋ ਆਇ=ਇਹੋ ਗੱਲ ਹੈ)

28. ਘੁੰਡ ਖੋਲ੍ਹ ਦੀਦਾਰ ਵਿਖਾਉ

ਘੁੰਡ ਖੋਲ੍ਹ ਦੀਦਾਰ ਵਿਖਾਉ, ਮੈਂ ਆਇਆ ਮੁੱਖ ਵੇਖਣ ਨੂੰ ।
ਪਾ ਪਾਜੇਬ ਪੈਰਾਂ ਵਿਚ ਕਰੀਆਂ, ਪਾਯਲ ਕੂੰ ਛਿਮਕਾਉ ।
ਪਹਿਰ ਪੁਸਾਕਾਂ ਵੇਸ ਗੁਲਾਬੀ, ਕੋਟਾ ਚੰਦਨ ਚਖਾਉ ।
ਹਾਲ ਸੱਚਲ ਦਾ ਮਾਲੂਮ ਤੈਕੂੰ, ਸਾਯਲ ਕੂੰ ਨ ਸਿਕਾਉ ।

(ਸਾਯਲ=ਸਵਾਲੀ, ਸਿਕਾਉ=ਤਰਸਾਉ)

29. ਤੇਡਾ ਦਰਸਨ ਪਾਵਣਾ ਵੇ

ਤੇਡਾ ਦਰਸਨ ਪਾਵਣਾ ਵੇ, ਹੁਣ ਨਿਮਾਣੀ ਨੂੰ ਮੀਯਾਂ !
ਜੋ ਕਰੀਸਾਂ, ਹੁਣ ਕਰੀਸਾਂ, ਵਲ ਇਥਾਂ ਨਹੀਂ ਆਵਣਾਵੇ !
ਬਾਰ ਬਿਰਹੋਂ ਦਾ ਬਾਰੀ ਆਹਾ, ਸਿਰ ਅਸਾਂ ਤਾਂ ਚਾਵਣਾਵੇ !
ਸਵਾਲ ਸਚੂ ਦਾ ਅਗੂੰ ਸਾਈਯਾਂ ਦੇ, ਸਾਰਾ ਅਰਜ਼ ਸੁਣਾਵਣਾਵੇ !

(ਬਾਰ=ਭਾਰ, ਬਾਰੀ=ਭਾਰੀ)

30. ਜਾਨੀ ਜਵਾਬ ਨ ਡੇਂਦਾ

ਜਾਨੀ ਜਵਾਬ ਨ ਡੇਂਦਾ, ਅਰਜ਼ ਅਸਾਂਡੇ ਦਾ ਸਾਈਂ ।
ਜੇ ਮੈਂ ਆਖਾਂ ਹਾਲ ਹਿਜਰ ਦਾ, ਤਾ ਭੀ ਓ ਨ ਅਲੇਂਦਾ ।
ਪਾਂਦ ਗਿਚੀਅ ਵਿਚ ਜੇ ਮੈਂ ਪਾਵਾਂ, ਝਿੜਕਾਂ ਦੇ ਝਲੇਂਦਾ ।
ਹਥ ਭੀ ਬਧਾਂ ਪੈਰੰ ਭੀ ਪਵਾਂ, ਤਡਾਂ ਭੀ ਨਾਲ ਨ ਨੇਂਦਾ ।
ਸੁਨੋ ਸੁਨਯਾਂ ਗਾਲਹੀ ਮੁਹਬ ਦੀਯਾਂ, ਮਾਰੀ ਬੇਚਾਰੀ ਨੂੰ ਵੇਂਦਾ ।

(ਅਲੇਂਦਾ=ਬੋਲਦਾ, ਪਾਂਦ ਗਿਚੀਅ=ਗਲ ਵਿਚ ਪੱਲਾ,
ਝਲੇਂਦਾ=ਮਨ੍ਹਾਂ ਕਰ ਦਿੰਦਾ ਹੈ, ਨੇਂਦਾ=ਲੈਕੇ ਜਾਂਦਾ,
ਗਾਲਹੀ=ਗੱਲਾਂ, ਮੁਹਬ=ਮਹਿਬੂਬ,ਪਿਆਰਾ, ਵੇਂਦਾ=
ਚਲਿਆ ਜਾਂਦਾ)

31. ਨਾਲ ਡਾਢੇ ਦੇ ਯਾਰੀ

ਨਾਲ ਡਾਢੇ ਦੇ ਯਾਰੀ, ਲਗੜੀ ਅਜ਼ਲ ਕਨੂੰ ।
ਬਾਂਹਾਂ ਬਧ ਕੇ ਪੇਸ਼ ਪੋਵਾਂ ਮੈਂ, ਨਾਲ ਸਾਈਯਾਂ ਦੇ ਜ਼ਾਰੀ ।
ਇਲਮੁ ਅਕੁਲ ਤੇ ਸ਼ਰਮ ਹਯਾ ਕਨੂੰ, ਇਸ਼ਕ ਕੀਤੀ ਬੇਜ਼ਾਰੀ ।
ਅਪਣੀ ਮਰਜ਼ੀ ਨਾਲ ਅਸਾਂ ਖ਼ੁਦ, ਬਿਰਹ ਚਾਤੋਸੇ ਬਾਰੀ ।
ਅਙਣ ਅਸਾਂਡੇ ਨਾਲ ਕਰਮ ਦੇ, ਆ ਤੂੰ ਸਜਣ ਹਿਕਵਾਰੀ ।
ਇਸ਼ਕ ਤੇਡੇ ਦੀ ਦਿਲ ਮੇਡੇ ਤੇ, ਅਸਲ ਕਨੂੰ ਮੁਖ਼ਤਾਰੀ ।
ਤੇਕੂੰ ਹੇ ਮਾਲੂਮ, ਐ ਪਿਯਾਰਾ, ਗਾਲਹ ਸੱਚਲ ਦੀ ਸਾਰੀ ।

(ਅਜ਼ਲ ਕਨੂੰ=ਸ਼ੁਰੂ ਤੋਂ ਹੀ, ਜ਼ਾਰੀ=ਅਰਜ਼, ਚਾਤੋਸੇ=ਚੁਕ
ਲਿਆ ਹੈ, ਬਾਰੀ=ਭਾਰੀ, ਮੁਖ਼ਤਾਰੀ=ਕਬਜ਼ਾ,ਸਰਦਾਰੀ)

32. ਤੇਡੇ ਦਰ ਮੇਡੀ ਜ਼ਾਰੀ ਜ਼ਾਰੀ

ਤੇਡੇ ਦਰ ਮੇਡੀ ਜ਼ਾਰੀ ਜ਼ਾਰੀ, ਅਲਾ ਅਲਾ ਲਖ ਵਾਰੀ ਵਾਰੀ ।
ਮੈਂ ਨਿਮਾਣੀ ਐਬੇਂ ਹਾਣੀ, ਤਾਰ ਤੁਸ਼ਾਡੇ ਤਾਰੀ ਤਾਰੀ ।
ਨਾਲ ਤੁਸਾਂਦੇ ਰੋਜ਼ ਅਜ਼ਲ ਕਨੂੰ, ਯਾਰ ਅਸਾਂਡੀ ਯਾਰੀ ਯਾਰੀ ।
ਹਾਲ ਅਸਾਂਡੇ ਦੀ ਦਿਲਬਰ ਸਾਈਂ, ਸੁਧ ਤੁਸਾਂਕੂੰ ਸਾਰੀ ਸਾਰੀ ।
ਮੁਖੜਾ ਵਖਾਲੀਂ ਤੂੰ ਹਿਕਵਾਰੀ, ਮੈਂ ਹਿਜਰਾਂ ਦੀ ਮਾਰੀ ਮਾਰੀ ।
ਸਗ ਸੱਚਲ ਹੈ ਦਰ ਤੇਡੇ ਦਾ, ਗਲ ਤਹੀਂ ਕੂੰ ਗਾਰਟੀ ਗਾਰੀ ।

(ਜ਼ਾਰੀ=ਅਰਜ਼, ਐਬ=ਦੋਸ਼, ਸੁਧ=ਖ਼ਬਰ, ਸਗ=ਕੁੱਤਾ, ਤਹੀਂ ਕੂੰ=
ਉਸਨੂੰ)

33. ਸੁਹਣਾ ਸਾਈਂ ਬਖ਼ਸ਼ ਅਸਾਂਨੂੰ

ਸੁਹਣਾ ਸਾਈਂ ਬਖ਼ਸ਼ ਅਸਾਂਨੂੰ, ਜੋ ਕੋਇ ਡੋਹ ਕੀਤੋਸੇ ।
ਨਾਮ ਖ਼ੁਦਾ ਦੇ ਅਫ਼ੋਂ ਕਰੀਂ, ਜੋ ਤੇਡੇ ਨੀਂਹੰ ਨੀਤੋਸੇ ।
ਪਲਉ ਤੁਸਾਂਡਾ ਰੋਜ਼ ਅਜ਼ਲ ਕਨੂੰ, ਦਿਲਬਰ ਦਸਤ ਲੀਤੋਸੇ ।
ਅਪਣਾ ਜਾਣ ਸੱਚਲ ਕੂੰ ਸੁਹਣਾ, ਤੇਕੂੰ ਪਲਉ ਘਤਯੋਸੇ ।

(ਡੋਹ=ਗੁਨਾਹ, ਅਫ਼ੋਂ=ਮੁਆਫ਼, ਦਸਤ=ਹੱਥ, ਪਲਉ=ਝੋਲੀ)

34. ਪਲਵ ਤੁਸਾਂਡੇ ਪਯਾਂ ਮੈਂ

ਪਲਵ ਤੁਸਾਂਡੇ ਪਯਾਂ ਮੈਂ ਪਲਵ ਤੁਸਾਂਡੇ ਪਿਯਾਂ ।
ਅਵਗੁਣ ਡਹੂੰ ਡੇਖ ਨ ਮੇਡੇ, ਹਾਲ ਕਨੂੰ ਹੁਣ ਗਿਯਾਂ ।
ਇਸ਼ਕ ਦਾ ਪਯਾਲਾ ਪੀ ਕਰਾਹੁਣ, ਐਵੇਂ ਦੀਵਾਨੀ ਥੀਯਾਂ ।
ਤਾਨੇ ਤੁਹਮਤ ਡੇਵਨ ਮੈਨੂੰ, ਰਲ ਮਿਲ ਸਿਯਾਲੇਂ ਸੁਨਿਯਾਂ ।
ਅਙਣ ਸਚੂ ਦੇ ਆਵ ਪਯਾਰਾ, ਬਿਰਹ ਤੁਸਾਂਡੜੇ ਲੇਇਆਂ ।

(ਪਲਵ=ਪੱਲਾ, ਡਹੂੰ=ਦੋਸ਼,ਪਾਪ, ਕਰਾਹੁਣ=ਤੜਫਣ,
ਆਵ=ਆਓ, ਲੇਇਆਂ=ਸਤਾਇਆ ਹੋਇਆ)

35. ਮੈਂ ਮੰਦੀ, ਮੈਂ ਮੰਦੀ

ਮੈਂ ਮੰਦੀ, ਮੈਂ ਮੰਦੀ, ਕੀਵੇਂ ਸਡਾਵਾਂ ਹੁਣ ਬੰਦੀ ।
ਤੌਬਾ ਤੌਬਾ ਤੇ ਇਸਤਗ਼ਫ਼ਾਰ, ਗਿਚੀ ਪਾਤੋਸੇ ਗੰਦੀ ।
ਇਹੀਂ ਗਾਲਹੂੰ ਕਾਈ ਮੁਦਤ ਦਿਲ ਤੇ, ਰਹੀ ਹੇ ਦਰਦਮੰਦੀ ।
ਬਾਝੂੰ ਸਾਇਯਾਂ ਦੇ ਹੁਣ ਸਚੂ ਵੇ, ਕਾਰ ਨ ਬੀ ਕਾਈ ਕੰਦੀ ।

(ਸਡਾਵਾਂ=ਸਦਾਵਾਂ, ਬੰਦੀ=ਗੋਲੀ, ਇਸਤਗ਼ਫ਼ਾਰ=ਪਾਪਾਂ ਤੋਂ
ਮਾਫ਼ੀ ਮੰਗਣਾ, ਬੀ=ਦੂਜੀ)

36. ਰੋਜ਼ ਅਜ਼ਲ ਖਾਂ ਅਬਦ ਤਾਈਂ

ਰੋਜ਼ ਅਜ਼ਲ ਖਾਂ ਅਬਦ ਤਾਈਂ, ਅਥਮ ਗਿਚੀਅ ਗਲ ਗਾਨੀ ।
ਡੋਹ ਡਿੰਗਾਯੂੰ ਡਿਸੁ ਨ ਮੁੰਹਿੰਜਿਯੂੰ, ਮੁਹਬ ਕਰਿਯੋ ਮਹਰਬਾਨੀ ।
ਕੀਅੰ ਸਚੂਅ ਜੀ ਦਿਲੜੀ ਦਿਲਬਰ, ਦੋਸਤ ਕਯਵ ਦੀਵਾਨੀ ।

(ਡੋਹ ਡਿੰਗਾਯੂੰ=ਦੋਸ਼ ਤੇ ਪਾਪ, ਡਿਸੁ=ਦੇਖ, ਮੁੰਹਿੰਜਿਯੂੰ=ਮੇਰੇ,
ਮੁਹਬ=ਪਿਆਰਾ, ਕੀਅੰ=ਕਰ ਦਿੱਤਾ ਹੈ)

37. ਅਮਨ ਦੇ ਵਿਚ ਰਖ ਯਾਰ ਸੁਹਣੇ ਦੀ

ਅਮਨ ਦੇ ਵਿਚ ਰਖ ਯਾਰ ਸੁਹਣੇ ਦੀ, ਅੱਲਾਹ ਸੰਗਤ ਸਾਰੀ ।
ਤੰਹਿੰ ਦੇ ਨਾਲ ਅਸਾਂ ਡੀ ਆਹੇ, ਯਕਦਲ ਯਾ ਰਬ ਯਾਰੀ ।
ਦੋਸਤੀ ਦੇ ਵਿਚ ਪੁਛੀਂ ਜੇ ਮੈਂ ਕੂੰ, ਸੱਚਲ ਰਖਣ ਸਚਾਰੀ ।

(ਤੰਹਿੰ=ਤੇਰੇ ਨਾਲ, ਯਕਦਲ=ਇਸ ਦਿਲ ਦੀ, ਸਚਾਰੀ=
ਸੱਚੀ ਦੋਸਤੀ)

38. ਜ਼ਾਰੀ, ਸਜਣ, ਲਖ ਜ਼ਾਰੀ

ਜ਼ਾਰੀ, ਸਜਣ, ਲਖ ਜ਼ਾਰੀ, ਮੇਡੀ ਤੇਡੇ ਨਾਲ ।
ਨਾਲ ਤੁਸਾ ਡੇ ਮੇਡੀ ਯਾਰੀ, ਜੀਵੇਂ ਵਣੇਈ ਤੀਵੇਂ ਪਾਲ ।
ਆਖਾਂ ਯਾਰ ਤੇਨੂੰ ਹਿਕਵਾਰੀ, ਤੇਡੀ ਗੁਝੜੀ ਗਾਲ ।
ਮੇਡੀ ਤੇਕੂੰ ਹੇ ਸੁਧ ਸਾਰੀ, ਵਰਕ ਹਿਜਰ ਦਾ ਵਾਲ ।
ਅਜ਼ਲ ਕਨੂੰ ਮੇਡੇ ਗਲ ਵਿਚ ਗਾਰੀ, ਆਵ ਸਾਡੇ ਗਲੇ ਜਾਲ ।
ਸੱਚਲ ਹੈ ਸਗ ਦਰ ਤੇਡੇ ਦਾ, ਦੋਸਤ ਸਿਘਾ ਗ਼ਮ ਟਾਲ ।

(ਜ਼ਾਰੀ=ਅਰਦਾਸ, ਵਣੇਈਂ=ਚਾਹੇਂ, ਸੁਧ=ਖ਼ਬਰ,
ਵਾਲ=ਉਲਟਾ ਦੇ, ਗਾਰੀ=ਫਾਹੀ, ਸਗ=ਕੁੱਤਾ,
ਸਿਘਾ=ਛੇਤੀ)

39. ਦੇਸ ਅਸਾਂਡੇ ਆਵੇਂ

ਦੇਸ ਅਸਾਂਡੇ ਆਵੇਂ, ਯਾਰ ਪਿਯਾਰਲ ਵੇ ਮਿਯਾਂ ।
ਰਹੀਂ ਅਸਾਂਡੇ ਦਿਲਬਰ ਨੇੜੇ, ਦੂਰ ਨ ਸਾਥੂੰ ਜਾਵੀਂ ।
ਅਙਣ ਨਿਮਾਣੀ ਦੇ, ਸੁਹਣਾ ਸਾਈਂ, ਪੇਰ ਸਘੇਰਾ ਪਾਵੀਂ ।
ਤੁਸਾਂ ਬਾਝੂੰ ਨਿਤ ਫਿਰਾਂ ਬੇਰਾਗਣ, ਚਿਰ ਤਾ ਵਤ ਕਯੋਂ ਲਾਵੀਂ ।
ਨਾਂਉ ਅੱਲਾਹ ਦੇ ਥੀਵਾਂ ਐਲਾਜ਼ਣ, ਚਿਤ ਸੱਚਲ ਤੂੰ ਨ ਚਾਵੀਂ ।

(ਪੇਰ=ਪੈਰ, ਸਘੇਰਾ=ਜਲਦੀ, ਵਤ=ਫਿਰ)

40. ਅਸਾਂ ਗ਼ਰੀਬਾਂ ਦੇ ਨਾਲ ਦਿਲਬਰ

ਅਸਾਂ ਗ਼ਰੀਬਾਂ ਦੇ ਨਾਲ ਦਿਲਬਰ ਚਙੜੀ ਕੀਤੋਈ ।
ਅਗੇ ਪਿਛੇ ਹੇ ਗਲ ਤੁਸਾਂਡੇ, ਜੀਵੇਂ ਵਣੇਈ ਤੀਵੇਂ ਪਾਲ ।
'ਨੰਹਨੁ ਅਕਰਬੁ' ਇਹਾ ਇਸ਼ਾਰਤ, ਵਰਕ ਹਿਜਰ ਦਾ ਵਾਲ ।
ਸੱਚਲ ਕੌਨ ਹੈ ਉਮ੍ਰ ਸਭਾਈ, ਜੋ ਸ਼ਾਨ ਦੇ ਵਿਚ ਜਾਲ ।

(ਵਣੇਈ=ਹੋ ਸਕਦਾ ਹੈ, ਨੰਹਨੁ ਅਕਰਬ=ਉਹ ਬਹੁਤ
ਨੇੜੇ ਹੈ, ਇਸ਼ਾਰਤ=ਇਸ਼ਾਰਾ, ਵਾਲ=ਉਲਟਾ, ਸ਼ਾਨ=
ਫੋਕੀ ਆਕੜ, ਜਾਲ=ਲੰਘਾਉਣਾ)

41. ਬਾਤ ਬਿਰਹਾ ਦੀ ਏਹੀ ਏਹੀ ਅਜਬ ਜੇਹੀ

ਕਾਫ਼ੀ

ਬਾਤ ਬਿਰਹਾ ਦੀ ਏਹੀ ਏਹੀ ਅਜਬ ਜੇਹੀ ।

ਮਿਲ ਮਾਸ਼ੂਕਾਂ ਮਸਲਹਤ ਕੀਤੀ, ਆਸ਼ਿਕ ਕਤਲ ਕਰਸਿਯੂੰ ।
ਕਤਲ ਕਨੂੰ ਜੋ ਪਿਛੇ ਤਹੰ ਕੂੰ, ਸ਼ਹਰ ਢਿੰਢੋਰੇ ਡੇਸੂੰ ।
ਕਨੂੰ ਢਿੰਢੋਰੇ ਪਿਛੇ ਤਹੰ ਕੂੰ, ਲਹਰੇਂ ਵਿਚ ਲੁੜਸਿਯੂੰ ।
ਲਹਰ ਕਨੂੰ ਜੋ ਬਾਹਰ ਆਯਾ, ਰਮਜ਼ ਇਹੇਂ ਦੀ ਜ਼ੇਹੀ ਏਹੀ ਅਜਬ ਜੇਹੀ ।

ਲਹਰ ਕਨੂੰ ਪਿਛੇ ਤਹੰ ਕੂੰ, ਆਤਿਸ਼ ਵਿਚ ਸਟੇਸੂੰ ।
ਆਤਿਸ਼ ਵਿਚ ਜੋ ਸਟ ਤਹੇਂ ਕੂੰ, ਫੂਕ ਅੜਾਹ ਮਚਸਿਯੂੰ ।
ਫੂਕ ਅੜਾਹ ਮਚਾ ਤਹੇਂ ਦੀ ਵਾਈਂ ਖ਼ਾਕ ਉਡੇਸੂੰ ।
ਖ਼ਾਕ ਆਸ਼ਿਕ ਦੀ ਅਖੀਯਾਂ ਦੇ ਵਿਚ, ਸੁਰਮਾ ਜੋੜ ਕੇ ਪਸਿਯੂੰ ।
ਆਸ਼ਿਕ ਸੋ ਜੋ ਸੁਰਮਾ ਥੀਵੇ, ਗਾਲ੍ਹਿ ਉਂਨ੍ਹੀ ਦੀ ਕੇਹੀ, ਏਹੀ ਅਜਬ ਜੇਹੀ ।

ਸੁਨਿਯਾਂ ਸੁਬਹ ਦੇ ਵੇਲੇ, ਆਸ਼ਿਕ ਪਕੜ ਕੇ ਤੈਯਾਰ ਕਰੇਸੂੰ ।
ਸ਼ਬਾਸ਼ਬ ਤਹੀਂ ਦੇ ਪਿਛੂੰ, ਫ਼ੌਜਾਂ ਹਸਨ ਚੜ੍ਹਸਿਯੂੰ ।
ਵਿਚ ਲਤਾਂ ਦੇ ਆਸ਼ਿਕ ਸ਼ੋਦਾ, ਕਾਬੂ ਕੈਦ ਕਰੇਸੂੰ ।
ਅੱਵਲ ਹੁਸ਼ਿਯਾਂ ਡੇਕਰ ਪਿਛੇ, ਐ ਮਨਸੂਬਾ ਚਲੇਸੂੰ ।
ਨਾਲ ਤਹੀਂ ਦੇ ਜੇਹੀ ਵਣੀ, ਆਪੇ ਕਰਸੂੰ ਏਹੀ, ਏਹੀ ਅਜਬ ਜੇਹੀ ।

ਚਲੋ ਵੇ ਸੁਨਿਯਾਂ ਆਸ਼ਿਕ ਕੀਤੇ, ਸੁਰਹਾ ਮੇਟ ਮਲੇਸੂੰ ।
ਵਿਚ ਦਰਿਯਾ ਲੋਹੂ ਦੇ ਤਹੇਂ ਕੂੰ, ਧੁਪਾਂ ਨਾਲ ਧੋਸਿਯੂੰ ।
ਧੋਪੇਂ ਨਾਲ ਧੁਵਾ ਤਹੀਂ ਕੂੰ, ਗ਼ੋਤੇ ਖ਼ੂਬ ਡਿਵੇਸੂੰ ।
ਗ਼ੋਤੇ ਕਨੂੰ ਜੋ ਪੁਛੇ ਤਹੰ ਕੂੰ, ਡੇਕਰ ਲਤ ਬੁੜੇਸੂੰ ।
ਬੁਡਨ ਕਨੂੰ ਜੋ ਬਾਹਰ ਆਯਾ, ਗਾਲ੍ਹਿ ਕਰੀਜੇ ਕੇਹੀ, ਏਹੀ ਅਜਬ ਜੇਹੀ ।

ਰੰਗਾ ਰੰਗ ਨਕਾਸ਼ੀ ਵਾਲਾ, ਮਹਲਾ ਏਕ ਬਨੇਸੂੰ ।
ਹਡੇ ਗਡੇ ਤਹਿੰ ਆਸ਼ਿਕ ਦੇ, ਵਤ ਥੰਭੇ ਕਾਮ ਕਰੇਸੂੰ ।
ਚਾਰ ਈ ਬਾਜੂ ਕਰਕੇ ਡਾਕੇ, ਪੂੜੀ ਜੋੜ ਜੁੜੇਸੂੰ ।
ਸਿਰ ਆਸ਼ਿਕ ਦਾ ਤਹਿੰ ਦੇ ਉਤੂੰ, ਦਿਕੇ ਦਰਸ ਧਰੇਸੂੰ ।
ਖ਼ੂਨ ਦੀ ਕੀਮਤ ਅਸਾਂ ਥਿਯੋਸੇ, ਕਤਲ ਥੀਯਾ ਪਰਡੇਹੀ, ਏਹੀ ਅਜਬ ਜੇਹੀ ।

ਆਸ਼ਿਕ ਆਹੋ ਮਾਸ਼ੂਕ ਸ਼ਿਕਾਰੀ, ਇਹੋ ਸ਼ਿਕਾਰ ਕਰੇਸੂੰ ।
ਰਮਜ਼ਾਂ ਗ਼ਮਜ਼ਾਂ ਮਜ਼ਗ਼ਾਂ ਵਾਲੇ, ਤਿੰਨ੍ਹੀ ਕੂੰ ਤੀਰ ਮਰੇਸੂੰ ।
ਨਾਮ ਅੱਲਹ ਦੇ ਨਾਲ ਆਸ਼ਿਕ ਕੂੰ, ਚਾ ਤਕਬੀਰ ਘਤੇਸੂੰ ।
ਹੱਥੇਂ ਅਪਨੇ ਘਨ ਆਸ਼ਿਕ ਦੇ, ਚਾ ਵਤ ਖਲ ਖਲੇਸੂੰ ।
ਬੋਟੀਯਾਂ ਕਰਕੇ ਆਤਿਸ਼ ਦੇ ਵਿਚ, ਸੀਖੇਂ ਸਿਰ ਚੜ੍ਹੇਸੂੰ ।
ਸੀਖੇਂ ਉਤੂੰ ਲਾਹ ਕਰਾਹਨ, ਤਲ ਫਲ ਕਰ ਵੰਡੇਸੂੰ ।
ਤਲ ਫਲ ਦਾ ਗਯਾ ਜ਼ਰਾ ਪੁਰਜ਼ਾ, ਜਾਨ ਜਿਗਰ ਵਿਚ ਪੇਹੀ, ਏਹੀ ਅਜਬ ਜੇਹੀ ।

ਅਸਲ ਕਨੂੰ ਜੋ ਸਾਡਾ ਆਹਾ, ਸੱਚਲ ਯਾਰ ਪੁਛੇਸੂੰ ।
ਵਿਚ ਦਰਾਜ਼ੇਂ ਜਾਇ ਤਹੀਂ ਦੇ, ਸਾਰਾ ਵਿਰਹ ਵੰਡੇਸੂੰ ।
ਉਹੋ ਅਸਾਂਡਾ ਅਸਾਂ ਉਹੇਂ ਦੇ, ਇਸ਼ਕ ਕੀਤੋਸੇ ਨੇਹੀ, ਏਹੀ ਅਜਬ ਜੇਹੀ ।

(ਮਸਲਹਤ=ਮਤਾ ਪਕਾਇਆ, ਕਰਸਿਯੂੰ=ਕਰਾਂਗੇ, ਲੁੜਸਿਯੂੰ=
ਰੁੜ੍ਹਾ ਦੇਵਾਂਗੇ, ਆਤਿਸ਼=ਅੱਗ, ਅੜਾਹ=ਭੜਕਾਉਣਾ, ਵਾਈਂ=
ਹਵਾ ਵਿਚ, ਸ਼ਬਾਸ਼ਬ=ਰਾਤੋਰਾਤ, ਹੁਸ਼ਿਯਾਂ=ਜੋਸ਼, ਸੁਰਹਾ ਮੇਟ=
ਖ਼ੁਸ਼ਬੂਦਾਰ ਮਿੱਟੀ, ਧੁਪਾਂ=ਥਾਪੀ, ਡੇਕਰ=ਮਾਰਕੇ, ਬੁੜੇਸੂੰ=
ਡੁਬੋ ਦੇਵਾਂਗੇ, ਮਹਲਾ=ਮਹਿਲ, ਪੂੜੀ=ਪਉੜੀ, ਦਰਸ ਧਰੇਸੂੰ=
ਧੱਕਾ ਮਾਰਕੇ ਸੁੱਟ ਦਿਆਂਗੇ, ਪਰਡੇਹੀ=ਪਰਦੇਸੀ, ਰਮਜ਼ਾਂ=ਭੇਦ
ਭਰੇ, ਗ਼ਮਜ਼ਾਂ=ਨਾਜ਼ ਨਖਰੇ ਵਾਲੇ, ਮਜ਼ਗ਼ਾਂ=ਪਲਕਾਂ, ਘਨ=ਹਥੌੜਾ,
ਖਲ ਖਲੇਸੂੰ=ਖੱਲ ਲਾਹ ਲਵਾਂਗੇ, ਪੇਹੀ=ਪੈ ਜਾਵੇਗੀ)

42. ਲੋਕਾਂ ਨੂੰ ਖ਼ਬਰ ਕੇਹੀ

ਲੋਕਾਂ ਨੂੰ ਖ਼ਬਰ ਕੇਹੀ ਤਾਹਨੇ ਦੇਵੇ ਜਣੀ ਜਣੀ
ਅਸਲੋਂ ਆਹੀ ਨਾਲ ਰਾਂਝਣ ਦੇ ਪਿਰਤ ਮੈਂਡੀ ਘਣੀ ਘਣੀ
ਮੈਂ ਤੇ ਰਾਂਝਣ ਘਟ ਪੀਤਾਸੇ ਖੀਰ ਮੱਖਣ ਝਣੀ ਝਣੀ
ਬੋਲੀ ਜੋਗੀ ਦੀ ਦਿਲ ਮੈਂਡੇ ਕੂੰ ਬਾਹੁੰ ਬਾਹੁੰ ਵਣੀ ਵਣੀ
ਇਸ਼ਕੇ ਦੀ ਮਸਲਤ ਮੈਂ ਤੇ ਮਾਹੀ ਗੂੜ੍ਹੀ ਏਹਾ ਗਣੀ ਗਣੀ
ਸੁਣੋ ਰੀ ਸਈਆਂ ਪਿਰਤ ਅਸਾਡੀ ਨਾਲ ਸੱਚੂ ਦੇ ਬਣੀ ਬਣੀ

(ਪਿਰਤ=ਪ੍ਰੀਤ, ਜਣੀ ਜਣੀ=ਹਰ ਕੋਈ, ਘਣੀ=ਬਹੁਤ
ਜਿਆਦਾ)

43. ਆਦਮ ਥੀ ਕਰ ਆਇਆ

ਆਵਣ ਜਾਵਣ ਦੀ ਸੁਧਤਾ ਨਾਹੀਂ ਆਦਮ ਥੀ ਕਰ ਆਇਆ
ਜ਼ਾਹਿਰ ਜੋਈ ਬਾਤਿਨ ਸੋਈ ਮੁਰਸ਼ਿਦ ਇਵ ਸਮਝਾਇਆ
ਤੇਹੀ ਮਕਾਣੀ ਨਾਂ ਬਤਾਓਸੁ ਕਦਮ ਡਹੀਰਾ ਚਾਇਆ
ਚੌਥਾ ਮਕਾਣ ਸੇਈ ਕਰ ਜਾਣੇ ਹਿਕ ਘਰ ਰੰਗ ਜੋ ਲਾਇਆ
ਜਿਨ੍ਹਾਂ ਖਾਨਿਆਂ ਕਨੂੰ ਗੁਜ਼ਰ ਗਿਆ ਹਿਕ ਸੋ ਵਲ ਊਥਾਂ ਜਾਇਆ
ਸੱਚੂ ਵਿਚ ਸਿਫ਼ਾਤ ਬਣਾਕਰ ਸਾਰਾ ਸੀਰ ਛਿਪਾਇਆ

(ਜ਼ਾਹਿਰ=ਪਰਤੱਖ,ਦਿਖਦਾ, ਬਾਤਿਨ=ਲੁਕਿਆ, ਖਾਨਿਆਂ=
ਘਰਾਂ)

44. ਅੱਖੀਆਂ ਬਾਜ਼ ਉਕਾਬ ਸੋਹਣੇ ਦੀਆਂ

ਅੱਖੀਆਂ ਬਾਜ਼ ਉਕਾਬ ਸੋਹਣੇ ਦੀਆਂ ਸ਼ੋਰ ਘਤਣ ਸ਼ਹਿਜੋਰੀਆਂ
ਮਸਤ ਹੋਵਣ ਮਸਤਾਨੀਆਂ ਦੁਹੀਂ ਡਾਢੇ ਕੈਫ਼ ਲਗੋਰੀਆਂ
ਮੂੰਹ ਵਿਚ ਡੁਹ ਮਹਤਾਬ ਨੀ ਰੋਸ਼ਨ ਯਾ ਵਤ ਨੂਰ ਕਟੋਰੀਆਂ
ਖ਼ੂਨੀ ਖ਼ੂਨ ਕਰੇਂਦੀਆਂ ਸੱਚਲ ਤਾਂਵੀ ਸਦਾ ਸਗੋਰੀਆਂ

(ਉਕਾਬ=ਬਾਜ਼ ਦੀ ਨਸਲ ਦਾ ਸ਼ਿਕਾਰੀ ਪੰਛੀ, ਕੈਫ਼=
ਨਸ਼ਾ,ਮਸਤੀ)

45. ਸੋਹਣੇ ਦੀਆਂ ਸ਼ਹਬਾਜ਼ ਅੱਖੀਂ

ਸੋਹਣੇ ਦੀਆਂ ਸ਼ਹਬਾਜ਼ ਅੱਖੀਂ ਹੁਣ ਯਾ ਵਤ ਜ਼ਾਲਿਮ ਜ਼ੁਰੇ
ਮਿਜ਼ਗ਼ਾਂ ਦੇਵਣ ਤਾਜ਼ੀਰ ਉਸ਼ਾਕਾਂ ਦੇਣ ਵਾਲੇ ਜਿਨ ਦੁਰੇ
ਕਦਰ ਉਨ੍ਹਾਂ ਦਾ ਉਨ੍ਹਾਂ ਕੋਂ ਜਿਨ੍ਹਾਂ ਪੀਤੇ ਤਾਜ਼ੇ ਤੁਰੇ
ਮਸਤ ਮਵਾਲੀ ਤਿਥਾਂ ਆਕਰ ਸੁਟਣ ਸਿਰ ਹਿਕ ਜੁਰੇ
ਖ਼ਬਰ ਜਿਨ੍ਹਾਂ ਨੂੰ ਇਹੈ ਨਾ ਸੱਚਲ ਹਾਲ ਤਿਨ੍ਹਾਂ ਦੇ ਬੁਰੇ

(ਵਤ=ਵਾਂਗ, ਜ਼ੁਰੇ=ਸ਼ਿਕਾਰੀ ਪੰਛੀ, ਮਿਜ਼ਗ਼ਾਂ=ਪਲਕਾਂ,
ਝਿੰਮਣੀਆਂ, ਤਾਜ਼ੀਰ=ਚੁਕੰਨਾ ਕਰਨਾ,ਸਜ਼ਾ ਦੇਣਾ, ਉਸ਼ਾਕਾਂ=
ਆਸ਼ਕਾਂ ਨੂੰ, ਮਵਾਲੀ=ਲੁਟੇਰੇ)

46. ਸ਼ੇਰ ਅੱਖੀਂ ਸ਼ਹਿਜ਼ੋਰ ਸੋਹਣੇ ਦੀਆਂ

ਸ਼ੇਰ ਅੱਖੀਂ ਸ਼ਹਿਜ਼ੋਰ ਸੋਹਣੇ ਦੀਆਂ ਬਰਛਾ ਜਾਂ ਤਲਵਾਰੀਆਂ
ਹਾਕਮ ਸਖ਼ਤ ਹਕੂਮਤ ਵਾਲੀਆਂ ਸਾਂਈਂ ਆਪ ਸਵਾਰੀਆਂ
ਮਾਰਿਨ ਮੁਲਕ ਦਿਲੀਂ ਦਾ ਯਾਰੋ ਕਾਬਿਜ਼ ਰਹਿਣ ਕਰਾਰੀਆਂ
ਕਿੰਨੀਆਂ ਮੈਂ ਬਾਦਸ਼ਾਹੀਆਂ ਡਿੱਠੀਆਂ ਸੱਚਲ ਉਨ੍ਹਾਂ ਉਡਾਰੀਆਂ
47. ਲਾ ਨਫ਼ੀ ਦਾ ਕਲਮਾਂ ਸਾਨੂੰ

ਲਾ ਨਫ਼ੀ ਦਾ ਕਲਮਾਂ ਸਾਨੂੰ ਮੁਰਸ਼ਦ ਆਪ ਪੜ੍ਹਾਇਆ
ਹੱਥਿਯਾਂ ਦਿਤੋਸੁ ਹਿੰਮਤ ਜਿਨ੍ਹੀ ਸਾਰਾ ਹੋਸ਼ ਗਵਾਇਆ
ਅਸਾਂ ਵੀ ਤਿਨ੍ਹਾਂ ਦੇ ਕੀਤੇ ਯਾਰੋ ਮਿਹਣਾ ਸਿਰ ਤੇ ਚਾਇਆ
ਸੱਚਲ ਥੀ ਕੁਰਬਾਨ ਉਨ੍ਹਾਂ ਤੋਂ ਜਿਨ੍ਹਾਂ ਆ ਕੇ ਜੋਸ਼ ਜਗਾਇਆ
48. ਇਸ਼ਕ ਦੇ ਅਸਰਾਰ ਦੀ ਯਾਰੋ

ਇਸ਼ਕ ਦੇ ਅਸਰਾਰ ਦੀ ਯਾਰੋ ਅੱਗ ਸਰਮਸਤਾਂ ਨੂੰ
ਜ਼ਾਹਿਦ ਆਬਿਦ ਮੁੱਲਾਂ ਕਾਜ਼ੀ ਕਰਦੇ ਯਾਦ ਗੁਜਸ਼ਤਾਂ ਨੂੰ
ਇਸਤਕਬਾਲ ਤੇ ਮਾਜ਼ੀ ਕਯਾ ਹੈ ਹਾਲ ਦਿਤੋਸੁ ਦਿਲਖ਼ਸਤਾਂ ਨੂੰ
ਨਸ਼ੇ ਇਸ਼ਕ ਦੇ ਆਸ਼ਕ ਜਾਨਣ ਕਲ ਕੈਸੇ ਕੰਬਖ਼ਤਾਂ ਨੂੰ
ਤਕਵਾ ਜ਼ੁਹਦ ਤੇ ਦੀਨ ਕੁਫ਼ਰ ਭੱਠ ਘੱਤੀਂ ਸਰਬਸਤਾਂ ਨੂੰ
ਇਸ਼ਕ ਹਾਦੀ ਦਾ ਗ਼ਾਲਿਬ ਹੋਇਆ ਸੱਚਲ ਨੇਸਤ ਕਰੇਂਦਾ ਬਸਤਾਂ ਨੂੰ

(ਅਸਰਾਰ=ਭੇਦ, ਜ਼ਾਹਿਦ=ਤਪੱਸਵੀ,ਧਾਰਮਿਕ ਲੋਕ, ਆਬਿਦ=
ਗਿਆਨੀ,ਪੜ੍ਹੇ ਲਿਖੇ, ਨੇਸਤ=ਖ਼ਤਮ ਕਰਨਾ,ਮਾਰਨਾ)

49. ਇਹ ਸਭ ਸੈਲ ਬਹਿਰ ਦਾ ਹੈ

ਇਹ ਸਭ ਸੈਲ ਬਹਿਰ ਦਾ ਹੈ ਈ ਨਾ ਕਾਈ ਭਰਨਾ ਕਸ਼ਤੀ
ਵਿਚ ਦਰਿਆਉ ਵਹਦਤ ਵਾਲੇ ਸੁਟ ਛੋੜੀਂ ਇਹਾ ਹਸਤੀ
ਘਿਨਸੀਂ ਖ਼ਾਲ ਵਿਸਾਰ ਸਭਾਈ ਜਿਹੜੀ ਗਾਲ੍ਹਿ ਗੁਜਸ਼ਤੀ
ਇਸਤਕਬਾਲ ਭੱਠੀ ਛੋੜ ਮਾਜ਼ੀ ਕੂੰ ਸੱਚਲ ਮੰਗ ਸਰਮਸਤੀ
50. ਕਿਤ ਬਾਬਲ ਤੇ ਕਿਤ ਮਾਹੀ

ਕਿਤ ਬਾਬਲ ਤੇ ਕਿਤ ਮਾਹੀ
ਸਈਉ ਨੀ ਮੈਂ ਤਾਂ ਰਾਂਝਣ ਦੇ ਲੜ ਲੱਗੀਆਂ
ਮੈਂ ਤੇ ਰਾਂਝਣ ਹਿਕ ਥੀਉਸੇ ਖੇੜਿਆਂ ਨਾਲ ਜੁਦਾਈ
ਬੇਲੇ ਬਹਿਸਾਂ ਰਾਂਝੂ ਵਾਲੇ ਛੋੜ ਬਬਾਣੀ ਸ਼ਾਹੀ
ਬਈ ਹਰਕਾਈ ਮਾਂ-ਪਿਉ ਜਾਈ ਹੀਰ ਇਸ਼ਕ ਦੀ ਜਾਈ
ਸੱਚੂ ਆਖੇ ਸੋਜ਼ ਮਾਹੀ ਦਾ ਦੇਂਦਾ ਇਸ਼ਕ ਗਵਾਹੀ
51. ਇਸ਼ਕ ਦੇ ਬਾਝੋਂ ਬਿਯਾ ਸਭ ਕੂੜ

ਇਸ਼ਕ ਦੇ ਬਾਝੋਂ ਬਿਯਾ ਸਭ ਕੂੜ ਸੂਲੀ ਤੇ ਮਨਸੂਰ
ਨਾ ਕੋਈ ਦੋਜ਼ਕ ਨਾ ਕੋਈ ਜੰਨਤ ਨਾ ਕੋਈ ਹੂਰ ਕਸੂਰ
ਨਾ ਸਾਡਾ ਮਨ ਮਨੇਂਦਾ ਮੁੱਲਿਆਂ ਦਾ ਮਜ਼ਕੂਰ
ਦੁਈਂ ਜਵਾਨੀ ਲੰਘ ਗਿਉਸੇ ਤਨ ਥਿਉਸੇ ਝੂਰ
ਜ਼ਾਹਿਰ ਦੇਖਿਉਨ ਯਾਰ ਸਜਣ ਦਾ ਨੈਣੀ ਵਾਲਾ ਨੂਰ
ਬਿਯਾ ਸਭ ਬਾਹੀਂ ਫਿਰਤੀਆਂ ਫਾਹੀਆਂ ਛੋੜਨ ਹੈਨੀ ਜ਼ਰੂਰ
ਸੱਚਲ ਸੱਚ ਸੇਈ ਕਰ ਜਾਣੇ ਹੈ ਤੂੰ ਆਪ ਹਜ਼ੂਰ

(ਬਿਯਾ=ਹੋਰ, ਦੋਜ਼ਕ=ਨਰਕ, ਜੰਨਤ=ਸੁਰਗ)

52. ਅਸਾਡੀ ਜਾਨ ਕੂੰ ਲਗੜੀ ਹਵਾਏ ਸ਼ਮਸ ਤਬਰੇਜ਼ੀ

ਅਸਾਡੀ ਜਾਨ ਕੂੰ ਲਗੜੀ ਹਵਾਏ ਸ਼ਮਸ ਤਬਰੇਜ਼ੀ
ਮੈਂ ਓਹੀ ਜਾ ਤੇ ਆਇਆ ਹਾਂ ਜਿਥਾਂ ਖ਼ਾਸਾਂ ਦੀ ਖ਼ੂੰਚੇਜ਼ੀ
ਵੇਖੋ ਮਨਸੂਰ ਕੂੰ ਇਸ਼ਕੇ ਕੀਤਾ ਸਰਦਾਰ ਆਵੇਜ਼ੀ
ਉਥਾਂ ਮੈਂ ਰਹਿ ਗਈ ਮੁੱਦਤ ਅਖਿਯਾ ਬਿਰਹਾ ਕੇ ਪਰਖ਼ੇਜ਼ੀ
ਵੇਖੋ ਯਾਰੋ ਉਸ਼ਾਕਾਂ ਤੇ ਕੀਤੀ ਹੈ ਇਸ਼ਕੇ ਚੰਗੇਜ਼ੀ
ਅਸਲ ਮਹਿਬੂਬ ਦੀ ਏਹਾ ਸੱਚਲ ਹੈ ਖ਼ੂਬ ਪਰਵੇਜ਼ੀ

(ਉਸ਼ਾਕਾਂ=ਆਸ਼ਕਾਂ, ਚੰਗੇਜ਼ੀ=ਚੰਗੇਜ਼ ਵਾਗ ਜ਼ੁਲਮ)

53. ਅੱਖੀਆਂ ਇਸ਼ਕ ਤੇ ਇਸ਼ਕ ਨੀ ਅਬਰੂ

ਅੱਖੀਆਂ ਇਸ਼ਕ ਤੇ ਇਸ਼ਕ ਨੀ ਅਬਰੂ ਮਿਜ਼ਗਾਂ ਇਸ਼ਕ ਸਭੋ ਈ
ਜਾਦੂਗਰ ਦਾ ਜਾਦੂ ਡਾਢਾ ਸਭ ਨੂੰ ਹੈਰਤ ਹੋਈ
ਆਸ਼ਿਕ ਦੇਖ ਹੁਸਨ ਦੇ ਮੁਰਚੇ ਹਾਲ ਵਜੇਂਦਿਆਂ ਰੋਈ
ਸੱਚਲ ਤੀਰ ਕਮਾਨਾਂ ਬਾਜ਼ਾਂ ਭੱਜ ਨਾ ਵੈਂਦਾ ਕੋਈ
54. ਹੁਸਨ ਵਾਲਿਆਂ ਦੀਆਂ ਕਲਮਾਂ ਚੜ੍ਹੀਆਂ

ਹੁਸਨ ਵਾਲਿਆਂ ਦੀਆਂ ਕਲਮਾਂ ਚੜ੍ਹੀਆਂ ਕਹੀਂ ਨਾ ਝੱਲੀਆਂ ਪਲੀਆਂ
ਮੁਸ਼ਤਾਕਾਂ ਦੇ ਮਾਰਨ ਕੀਤੇ ਘੋਰ ਕਰੇਂਦੀਆਂ ਘਲੀਆਂ
ਦਰਦਮੰਦਾਂ ਦੇ ਦਿਲੀਆਂ ਉਤੇ ਚੋਟ ਚਲਾਵਣ ਚਲੀਆਂ
ਮੁਸ਼ਤਾਕਾਂ ਕੂੰ ਇਹਨਾਂ ਅੱਖੀਆਂ ਦੀਆਂ ਵਤ ਮਾਰਕੇ ਫ਼ੌਜਾਂ ਵਲੀਆਂ
ਦਹਸ਼ਤ ਝਲਕੇ ਸੱਚਲ ਸਾਈਂ ਰੰਗਭਰੀਆਂ ਨਾਲ ਰਲੀਆਂ
55. ਸੋਹਣਾ ਯਾਰ ਖ਼ਿਰਾਮਾਂ ਆਇਆ

ਸੋਹਣਾ ਯਾਰ ਖ਼ਿਰਾਮਾਂ ਆਇਆ ਨਾਜ਼ ਗ਼ਰੂਰ ਗ਼ਮਾਜ਼ ਕਨੂੰ
ਲੁਕ ਖੜੇ ਸ਼ਹਬਾਜ਼ ਤੇ ਸ਼ਿਕਰੇ ਚਸ਼ਮਾਂ ਦੇ ਪਰਵਾਜ਼ ਕਨੂੰ
ਦਹਸ਼ਤ ਝੱਲ ਨਾ ਸਕੀ ਬਾਜ਼ਾਂ ਛੁਪ ਖੜੇ ਆਵਾਜ਼ ਕਨੂੰ
ਇਸ਼ਕ ਦੀ ਆਇਤ ਪੜ੍ਹੀ ਉਸ਼ਾਕਾਂ ਹੁਸਨ ਵਾਲੇ ਅਬਯਾਜ਼ ਕਨੂੰ
ਸੱਚਲ ਕੂੰ ਇਹੇ ਸੁਧਾਂ ਪਈਆਂ ਸਾਰੀਆਂ ਸ਼ਹਿਰ ਦਰਾਜ਼ ਕਨੂੰ
56. ਮੁਸ਼ਤਾਕਾਂ ਕੂੰ ਯਾਰ ਸੋਹਣੇ ਦੀਆਂ

ਮੁਸ਼ਤਾਕਾਂ ਕੂੰ ਯਾਰ ਸੋਹਣੇ ਦੀਆਂ ਛਕਣ ਕਰੇਂਦੀਆਂ ਛਮਾ
ਦੇਖ ਉਸ਼ਾਕ ਭੀ ਵਕਤ ਉਹੀਂ ਦਮ ਸਿਰ ਦੀ ਚਾਵਣ ਤਮਾ
ਹੁਸਨ ਦੀ ਹਾਕ ਪਈ ਵੰਜ ਹਰ ਜਾ ਕਯਾ ਉਭਾ ਤੇ ਕਯਾ ਲੰਮਾ
'ਸੱਚਲ' ਗ਼ਰੀਬ ਕੂੰ ਰਾਤੀਂ ਦਿਹਾਂ ਗ਼ਮਜ਼ਾ ਲਾਇਆ ਗ਼ਮਾ
57. ਕਰਨ ਸ਼ਹੀਦ ਮੁਸ਼ਤਾਕਾਂ ਨੂੰ

ਕਰਨ ਸ਼ਹੀਦ ਮੁਸ਼ਤਾਕਾਂ ਨੂੰ ਇਹ ਚਸ਼ਮਾਂ ਦੀਆਂ ਸ਼ਮਸ਼ੀਰੀਆਂ
ਸਿਰ ਤੇ ਦਰਦਮੰਦਾਂ ਦੇ ਯਾਰੋ ਵਾਹ ਬੜੀਆਂ ਸਰਸੀਰੀਆਂ
ਲਾਫ਼ ਗ਼ਜ਼ਾਫ਼ ਵਾਲੀਆਂ ਦੀਆਂ 'ਸੱਚਲ' ਤਿਨ੍ਹਾਂ ਤੇ ਫ਼ੌਜਾਂ ਫੀਰੀਆਂ
58. ਬਾਂਕੇ ਨੈਣ ਸਿਪਾਹੀ ਲੜਦੇ

ਬਾਂਕੇ ਨੈਣ ਸਿਪਾਹੀ ਲੜਦੇ ਜ਼ੋਰਾਂ ਜ਼ੋਰ ਨਾ ਟਲਦੇ
ਮੁਸ਼ਤਾਕਾਂ ਦੇ ਵਤ ਮਾਰਨ ਬਾਝੋਂ ਪਿਛੇ ਮੂਲ ਨਾ ਵਲਦੇ
ਖ਼ੁਸ਼ ਹੋਵਣ ਖ਼ੂੰਰੇਜ਼ੀ ਕੋਲੋਂ ਚਾਲ ਸਿਤਮ ਦੀ ਚਲਦੇ
ਨੂਰ ਭਰੀਆਂ ਡੋਹੇ ਸ਼ਮਾਂ ਵਾਂਗਣ ਲਾਲ ਯਾਕੂਤੀ ਬਲਦੇ
ਆਸ਼ਿਕ ਯਾਰ 'ਸੱਚਲ' ਨਹੀਂ ਖੜਦੇ ਅਗੂੰ ਅਖੀਂ ਦੇ ਜਲਦੇ
59. ਵਲ ਵਲ ਵਾਲ ਸੌ ਛੱਲੇ ਛੱਲੇ

ਵਲ ਵਲ ਵਾਲ ਸੌ ਛੱਲੇ ਛੱਲੇ ਫਾਹੀਆਂ ਜੋੜ ਖੜਾਉਸ
ਸਿਹਰ ਜਾਦੂ ਵੇਖ ਮੁੜ ਵੇਖ ਉਨ੍ਹਾਂ ਤੇ ਤਰਹੀਂ ਤਰਹ ਪੜ੍ਹਾਉਸ
ਉਸ਼ਾਕਾਂ ਦੀਆਂ ਕਰ ਦਿਲੀਂ ਦੀਵਾਨੀਆਂ ਹੁਕਮਾ ਹੁਕਮ ਫਸਾਉਸ
ਭੱਜੇ 'ਸੱਚਲ' ਉਹ ਆਸ਼ਿਕ ਕਿਵੇਂ ਹੁਸਨ ਦੀ ਫ਼ੌਜ ਚੜ੍ਹਾਉਸ
60. ਬਾਂਕੇ ਨੈਣ ਸੱਜਣ ਦੇ ਗ਼ਾਲਿਬ

ਬਾਂਕੇ ਨੈਣ ਸੱਜਣ ਦੇ ਗ਼ਾਲਿਬ ਮਾਰ ਦੇਂਦੇ ਮੁਸ਼ਤਾਕਾਂ
ਦਿਲੀਆਂ ਲੁਟ ਨਿਉਂ ਹਿਕ ਵਾਰੀ ਕਰਦੇ ਕੰਮ ਕਜ਼ਾਕਾਂ
ਬਾਹਾਂ ਬਧ ਖੜਦੇ ਅਗੂੰ ਸਿਫ਼ਾਂ ਸਿਫ਼ ਉਸ਼ਾਕਾਂ
ਇਸ਼ਕ ਵਾਲਿਆਂ ਦੀਆਂ ਹਰ ਦਮ 'ਸੱਚਲ' ਵੰਝ ਚੁੰਮੀਅਣ ਖ਼ਾਕਾਂ
61. ਵਕਤ ਨਮਾਜ਼ ਦਿਗਰ ਦੇ ਡਿਠਮ

ਵਕਤ ਨਮਾਜ਼ ਦਿਗਰ ਦੇ ਡਿਠਮ ਵਾਹ ਹੁਸਨ ਦੇ ਚਾਲੇ
ਪੇਚੋਂ ਪੇਚ ਲਟਕ ਪਏ ਗੁਲ ਤੇ ਕੇਸ ਬਿਸ਼ੀਅਰ ਕਾਲੇ
ਡੋਹੇ ਡੇਖ ਹਕੂਮਤ ਵਾਲੇ ਨੈਣ ਨਵਾਬ ਨਿਰਾਲੇ
ਮਿਜ਼ਗਾਂ ਤੀਰ ਕਮਾਨਾਂ ਅਬਰੂ ਮਾਰਨ ਕਰਨ ਨ ਟਾਲੇ
ਕਾਈ ਗਰਜ਼ ਨ ਰਖਦੇ ਕਹੀਂ ਦੀ ਮਸਤ ਫਿਰਨ ਮਤਵਾਲੇ
ਲਾਲ ਲਬਾਂ ਯਾਕੂਤ ਰਮਾਨੀ ਆਲੀ ਮਨਸਬ ਵਾਲੇ
'ਸੱਚਲ' ਡੇਖ ਉਨ੍ਹਾਂ ਦੇ ਅਗੂੰ ਕੀਤਾ "ਹਾਣ" ਹਵਾਲੇ
62. ਡਿਠਾ ਮੈਂ ਰੁਖ਼ਸਾਰ ਸੋਹਣੇ ਦਾ

ਡਿਠਾ ਮੈਂ ਰੁਖ਼ਸਾਰ ਸੋਹਣੇ ਦਾ ਖ਼ੁਸ਼ ਖੁਰਸ਼ੈਦੀ ਖ਼ੂਬੀ
ਅਖੀਆਂ ਕਾਤਿਲ ਥੀਵਣ ਕਹਾਰੀ ਮਸਅਲ ਮੂੰਹ ਮਹਿਬੂਬੀ
ਉਸ਼ਾਕਾਂ ਕੂੰ ਆ ਕਰੇ ਅਸੀਰੀ ਇਸ਼ਕ ਵਾਲੀ ਅਸਲੂਬੀ
ਨ ਮਖਲੂਕ ਅਖੀਜੇ 'ਸੱਚਲ' ਸਾਰਾ ਰੰਗ ਰਬੂਬੀ