ਸਮੱਗਰੀ 'ਤੇ ਜਾਓ

ਕਿੱਸਾ ਯੂਸੁਫ਼ ਜ਼ੁਲੈਖ਼ਾ

ਵਿਕੀਸਰੋਤ ਤੋਂ
ਕਿੱਸਾ ਯੂਸੁਫ਼ ਜ਼ੁਲੈਖ਼ਾ
ਗੁਲਾਮ ਰਸੂਲ ਆਲਮਪੁਰੀ


1. ਹਮਦਿ-ਜ਼ਾਤਿ ਬਾਰੀ ਤਆਲਾ
(ਰੱਬ ਦੀ ਉਸਤਤਿ)

ਇਸ਼ਕ ਭਿੰਨਾ ਇਖ਼ਲਾਸ ਨੁਹਲਾਇਆ, ਰੰਗਿਆ ਰੰਗ ਸ਼ਹੂਦੀ ।
ਸਿਦਕ ਸਫ਼ਾਓਂ ਆਬ ਹਵਾਓਂ, ਪਲਿਆ ਵਿੱਚ ਖ਼ੁਸ਼ਨੂਦੀ ।
ਬਰਗੋ ਬਰਗ ਇਰਾਦਤ-ਅਜ਼ਲੀ, ਨੂਰ ਰਚਾਇਆ ਹੋਇਆ ।
ਮਹਵਿਯੱਤ ਦੇ ਖ਼ਮਰ ਤਹੂਰੋਂ, ਨਸ਼ਾ ਚੜ੍ਹਾਇਆ ਹੋਇਆ ।
ਅਫ਼ਜ਼ਲ ਅਤਹਰ ਅਕਮਲ ਅਨਵਰ, ਜੈਂ ਵਿੱਚ ਸਭ ਵਡਿਆਈਆਂ ।
ਅਦਮਿ-ਤਕੱਲੁਫ਼, ਵਾਲੀਆਂ ਜਿਸ ਥੀਂ, ਵਹੰਦੀਆਂ ਨਦੀਆਂ ਆਈਆਂ ।
ਅਜ਼ਲਿ-ਅਜ਼ਲੀ ਅਬਦ-ਅਬਾਦੀ, ਹਮਦ ਦਵਾਮ ਮੁਦਾਮੀ ।
ਵਿੱਚ ਦਰਬਾਰ ਵਜੂਬਿ-ਗ਼ਿਨਾਂ ਦੇ, ਇਹ ਸਰ-ਸਬਜ਼ ਮੁਦਾਮੀ ।
ਕੁੱਲ ਮਰਾਤਿਬ ਹੱਕੀ ਖ਼ੁਲਕੀ, ਤਨਜ਼ੀਹੀ ਤਸ਼ਬੀਹੀ ।
ਮਸ਼ਹਰਿ-ਹਮਦ-ਹਮੀਦਿ-ਹਕੀਕੀ, ਇਹ ਮਕਸ਼ੂਫ ਬਦੀਹੀ ।

(ਇਖ਼ਲਾਸ=ਦੋਸਤੀ,ਪਿਆਰ, ਸ਼ਹੂਦੀ=ਹਰ ਸੈ ਵਿੱਚ ਰੱਬ ਵੇਖਣਾ,
ਸਫ਼ਾਓ=ਪਵਿਤ੍ਰਤਾ, ਖ਼ੁਸ਼ਨੂਦੀ=ਰਜ਼ਾ, ਬਰਗੋ ਬਰਗ=ਪੱਤੇ ਪੱਤੇ ਵਿਚ,
ਇਰਾਦਤ=ਇਰਾਦਾ, ਅਜ਼ਲੀ=ਸ਼ੁਰੂ ਦੀ, ਮਹਵਿਯੱਤ=ਮਸਤੀ, ਖ਼ਮਰ=
ਸ਼ਰਾਬ, ਤਹੂਰੋਂ=ਪਵਿੱਤਰ, ਅਫ਼ਜ਼ਲ=ਨੇਕੀ, ਅਤਹਰ=ਪਵਿਤਰ,
ਅਕਮਲ=ਪੂਰਾ, ਅਨਵਰ=ਨੂਰਾਨੀ, ਅਦਮਿ-ਤਕੱਲੁਫ਼=ਬਣਾਵਟ
ਜਾਂ ਵਿਖਾਵਾ ਨਾ ਹੋਣਾ, ਅਜ਼ਲਿ-ਅਜ਼ਲੀ=ਮੁੱਢ ਦਾ ਵੀ ਮੁੱਢ,
ਅਬਦ-ਅਬਾਦੀ=ਸੁੱਖ ਆਨੰਦ ਦੀ ਨਿੱਤਤਾ, ਮੁਦਾਮੀ=ਸਦਾ ਰਹਿਣ
ਵਾਲਾ, ਵਜੂਬਿ=ਸਰੀਰ, ਗ਼ਿਨਾਂ=ਬੇਨਿਆਜ਼ੀ, ਮਰਾਤਿਬ=ਦਰਜੇ,
ਹੱਕੀ=ਸੱਚ ਵਾਲੇ, ਖ਼ੁਲਕੀ=ਸੁਭਾਉ ਨਾਲ ਸੰਬੰਧਿਤ, ਤਨਜ਼ੀਹੀ=
ਪਵਿਤ੍ਰਤਾ ਵਾਲੇ, ਤਸ਼ਬੀਹੀ=ਉਪਮਾ ਵਾਲੇ, ਮਸ਼ਹਰਿ=ਪ੍ਰਗਟ ਹੋਣ
ਦੀ ਥਾਂ, ਹਮਦ=ਉਸਤਤੀ, ਹਮੀਦਿ=ਜਿਸ ਦੀ ਵਡਿਆਈ ਕੀਤੀ
ਜਾਵੇ, ਮਕਸ਼ੂਫ=ਖੋਲ੍ਹਿਆ ਗਿਆ ਭੇਦ, ਬਦੀਹੀ=ਅਦਭੁਤ)


ਕਦਰਿ-ਨਿਅਮ ਥੀਂ ਹਮਦ ਅਲਾਇਆ, ਹਰ ਹਾਮਿਦ ਮਹਮੂਦੋਂ ।
ਹਰ ਮਾਅਲੂਮੋਂ ਹਰ ਮੌਜੂਦੋਂ, ਹਰ ਸਾਜਿਦ ਮਸਜੂਦੋਂ ।
ਹਮਦ ਚਿਰਾਗ਼ ਦਿਲਾਨਿ-ਤਾਰੀਕਾ, ਮਸ਼ਅਲ ਸ਼ਬ-ਮਹਜੂਰਾਂ ।
ਹਰ ਹਰ ਜ਼ੱਰਾ ਜਿਸ ਥੀਂ ਚਮਕਿਆ, ਵਿੱਚ ਇਕਰਾਰ ਕਸੂਰਾਂ ।
ਅਜਜ਼ਿ-ਕਮਾਲਿ-ਖ਼ੁਦਾ ਦੀ ਹਮਦੋਂ, ਹਰ ਜ਼ੱਰਾ ਇਕਰਾਰੀ ।
ਦਮ ਦਮ ਲਖ ਲਖ ਲੂੰ ਲੂੰ ਹਮਦੋਂ, ਥੀਏ ਨਾ ਸ਼ੁਕਰ-ਗੁਜ਼ਾਰੀ ।
ਪਾਕ ਮੁਨੱਜ਼ਾ ਖ਼ਾਲਿਕਿ-ਆਲਮ, ਬਾਝ ਮਿਸਾਲ ਨਜ਼ੀਰੋਂ ।
ਉਸਦਾ ਸ਼ੁਕਰ ਨ ਕਦਰ ਬੰਦੇ ਦਾ, ਅਕਲਾਂ ਦੀ ਤਦਬੀਰੋਂ ।
ਜਿਸ ਦੇ ਲੁਤਫ਼ਿ-ਕਲਮ ਥੀਂ ਕਤਰਾ, ਯੂਸੁਫ਼ ਜੇਹੀਆਂ ਸ਼ਕਲਾਂ ।
ਉਸਦੇ ਹਮਦੋਂ ਵਾਂਗ ਜ਼ੁਲੈਖ਼ਾ, ਹਾਲ ਪਰੇਸ਼ਾਂ ਅਕਲਾਂ ।

(ਕਦਰਿ-ਨਿਅਮ=ਵਰਦਾਨ, ਹਾਮਿਦ=ਉਸਤਤੀ ਕਰਨ ਵਾਲਾ,
ਸਾਜਿਦ=ਸਜਦਾ ਕਰਨ ਵਾਲਾ, ਦਿਲਾਨਿ-ਤਾਰੀਕਾ=ਹਨੇਰੇ
ਦਿਲ ਵਾਲਾ, ਮਸ਼ਅਲ ਸ਼ਬ-ਮਹਜੂਰਾਂ=ਬਿਰਹੋਂ ਵਿਚ ਰਾਤ
ਬਿਤਾਉਣ ਵਾਲੇ, ਇਕਰਾਰ=ਮੰਨਣਾ, ਅਜਜ਼ਿ=ਆਜਜ਼ੀ,
ਆਤੁਰਤਾ, ਮੁਨੱਜ਼ਾ=ਪਵਿਤਰ, ਲੁਤਫ਼ਿ-ਕਲਮ=ਕਾਨੀ ਦੀ
ਬਰਕਤ, ਨਜ਼ੀਰ=ਮਿਸਾਲ)


ਹਾਦਿਸ ਕਿਆ ਕਦੀਮੋਂ ਜਾਣੇ, ਜੇ ਲਖ ਉੱਡੇ ਹਵਾਈਂ ।
ਵਿੱਚੇ ਡੁੱਬ ਮਰੇਂਦੀਆਂ ਅਕਲਾਂ, ਹੈਰਤ ਦੇ ਦਰਿਆਈਂ ।
ਪਰ ਜੇ ਸ਼ੋਅਲਾ ਜੋਸ਼ ਰੱਬੇ ਦਾ, ਸੁਫ਼ਨੇ ਨਜ਼ਰੀਂ ਆਵੇ ।
ਖ਼ੂਨ ਅਜ਼ੀਜ਼ੋਂ ਸਬਰ ਅਜ਼ੀਜ਼ਾਂ, ਚਸ਼ਮਾਂ ਥੀਂ ਬਹ ਜਾਵੇ ।
ਨੂਰ ਵਰ੍ਹੇ ਜੇ ਇਸ਼ਕੋਂ ਸੀਨੇ, ਹਾਲ ਕਹਾਂ ਕੀ ਗੁਜ਼ਰੇ ।
ਗੁਜ਼ਰ ਇਮਕਾਨੋਂ ਵਗਣ ਇਸ਼ਾਰੇ, ਮਾਜੂਰੋਂ ਵਿਚ ਉਜ਼ਰੇ ।
ਖੋਲ੍ਹ ਅੱਖੀਂ ਤੁਧ ਹਾਲ ਕਿਆ ਈ, ਵੇਖ ਜ਼ਰਾ ਕਿਤ ਆਇਓਂ ।
ਕਿਸ ਘੱਲਿਓਂ ਕਿਤ ਕਾਰੇ ਚਲਿਓਂ, ਤੇ ਕਿਸ ਪਾਸ ਲਿਆਇਓਂ ?
ਨਾਹੀਂ ਸ਼ੈ ਮਜ਼ਕੂਰ ਕਿਦਾਹੀਂ, ਅੰਦਰ ਵਕਤ ਵਿਹਾਵੇ ।
ਫ਼ੈਜ਼ ਵਜੂਦਿ ਅਦਮ ਤੇ ਚਮਕਿਆ, ਖੋਲ੍ਹੇ ਰਾਜ਼ ਛੁਪਾਇ ।

(ਹਾਦਿਸ=ਨਵਾਂ ਪੈਦਾ ਕੀਤਾ ਹੋਇਆ, ਇਮਕਾਨੋਂ=ਜੋ
ਕੁਝ ਸੰਭਵ ਹੈ, ਮਾਜੂਰੋਂ=ਉਜ਼ਰ ਕੀਤੀ ਗਈ ਵਸਤੂ)


ਚਾਏ ਭਾਰ ਬਿਰਹੋਂ ਦੇ ਭਾਰੇ, ਤੇ ਤੂੰ ਅਹਦ ਪਕਾਏ ।
ਬੋਲ 'ਬਲਾ' ਇਕਰਾਰੀ ਹੋਇਓਂ, ਆਣ ਗਜ਼ਬ ਸਿਰ ਚਾਏ ।
ਭਾਰ ਅਮਾਨਤ ਚਾ ਨ ਸਕੇ, ਜ਼ਿਮੀਂ ਫ਼ਲਕ ਵਿਚਾਰੇ ।
ਇਨਸ ਜ਼ਲੂਮ ਜਹੂਲ ਉਠਾਇਆ, ਹੁਣ ਕਿਉਂ ਅਹਦੋਂ ਹਾਰੇ ।
ਛੁੱਟੇ ਬਹਰ ਕਰਮ ਦੇ ਕਤਰਿਓਂ, ਦੋਵੇਂ ਆਲਮ ਤਾਰੇ ।
ਉਨਸ ਹਕੀਕਤ ਜਾਮਿਅ ਕਰਕੇ, ਵਿੱਚ ਇਸ ਦਾਰ ਉਤਾਰੇ ।
ਤੇ ਇਹ ਨੁਸਖ਼ਾ ਚੰਦ ਅਜਜ਼ਾਓਂ, ਵਿੱਚ ਅਨਾਸਰ ਚਾਰੇ ।
ਨਾਤਿਕਾ ਨਫ਼ਸ ਕਲਬ ਰੂਹ ਸਿੱਰੋਂ, ਖਫ਼ੀ ਜਲੀ ਇਹ ਸਾਰੇ ।
ਖ਼ਲਕ ਅਮਰ ਦੀਆਂ ਸ਼ਾਨਾਂ ਦੇ ਵਿੱਚ, ਤੈਨੂੰ ਮਿਲੀ ਅਮੀਰੀ ।
ਜਾਨ ਨ ਜਾਨ ਆਫ਼ਾਕੁ ਤੇ ਅਨਫ਼ਸ, ਤੈਂ ਵਿੱਚ ਹੈ ਤਕਦੀਰੀ ।

(ਬਲਾ=ਹਾਂ, ਕੁਰਾਨ ਸ਼ਰੀਫ਼ ਵਿੱਚ ਆਇਆ ਹੈ ਕਿ ਜਦੋਂ ਅੱਲ੍ਹਾ
ਨੇ ਕੁਦਰਤ ਦੀਆਂ ਸਭ ਚੀਜ਼ਾਂ ਬਣਾਈਆਂ ਤੇ ਉਨ੍ਹਾਂ ਦਾ ਭਾਰ
ਚੁਕਣ ਬਾਰੇ ਪੁੱਛਿਆ ਤਾਂ ਫ਼ਰਿਸ਼ਤਿਆਂ ਨੇ ਨਾਂਹ ਕਰ ਦਿੱਤੀ,
ਪਰ ਮਨੁੱਖ ਨੇ ਸਾਰਾ ਭਾਰ ਚੁੱਕਣ ਲਈ ਹਾਂ ਕਰ ਦਿੱਤੀ ਤਾਂ
ਅੱਲ੍ਹਾ ਨੇ ਮਨੁੱਖ ਨੂੰ ਕਿਹਾ ਕਿ ਤੂੰ ਬੜਾ ਜਾਹਿਲ ਤੇ ਜ਼ਾਲਿਮ
ਹੈਂ, ਇਨਸ=ਮਨੁੱਖ, ਜ਼ਲੂਮ=ਜ਼ਾਲਿਮ, ਜਹੂਲ=ਅਤਿ ਮੂਰਖ,
ਉਨਸ=ਪਿਆਰ, ਜਾਮਿਅ=ਇਕੱਠੇ, ਦਾਰ=ਘਰ, ਅਨਾਸਰ=
ਤੱਤ, ਨਾਤਿਕਾ=ਬੋਲਣ ਵਾਲੀ ਸ਼ਕਤੀ, ਨਫ਼ਸ=ਮਨ, ਕਲਬ=
ਦਿਲ, ਸਿੱਰੋਂ=ਭੇਦ, ਖਫ਼ੀ=ਲੁਕੇ ਹੋਏ, ਜਲੀ=ਉਜਾਗਰ,
ਆਫ਼ਾਕੁ=ਉੱਚੇ ਖੰਡ, ਅਨਫ਼ਸ-ਆਤਮਾਵਾਂ)


ਤੂੰ ਵਿੱਚ ਖ਼ੁਦੀ ਖ਼ੁਦੋਂ ਛੁਟ ਵਗਿਓਂ, ਖ਼ੁਦ ਥੀਂ ਖ਼ਬਰ ਨਾ ਪਾਈ ।
ਫਸੀਆਂ ਛੋੜ ਉਡੇਂਦੀਆਂ ਦੇ ਵੱਲ, ਝਾਕ ਇਆਣਿਆਂ ਲਾਈ ।
ਸਭ ਕੁਝ ਮਾਲਿਕ ਦਿੱਤਾ ਤੈਨੂੰ, ਤੇ ਤੂੰ ਸਭ ਕੁਝ ਪਾਇਆ ।
ਜੋ ਤੂੰ ਆਪਣਾ ਆਪ ਤੇ ਪਾਇਆ, ਵੇਖ ਕਿੱਥੋਂ ਹੱਥ ਆਇਆ ।
ਜਿਨ੍ਹਾਂ ਸ਼ੈਆਂ ਦੀ ਖ਼ਾਹਿਸ਼ ਤੈਨੂੰ, ਸਭ ਤੇਰੇ ਵਿੱਚ ਆਈਆਂ ।
ਫ਼ਕਰ ਗ਼ਿਨਾ ਤੇਰੇ ਵਿੱਚ ਵੱਸਦਾ, ਵਿੱਚੋਂ ਨੂਰ ਸਫ਼ਾਈਆਂ ।
ਪਾਏ ਨੂੰ ਅਪਣਾਇਆ ਜਾਂ ਤੂੰ, ਮੁੜ ਮੁੜ ਪਵੇਂ ਕੁਰਾਹੀਂ ।
ਹਰ ਪਾਇਆ ਅਪਣਾਇਆ ਤੇਰਾ, ਜੇ ਇੱਕ ਪਾਇਓ ਨਾਹੀਂ ।
ਐ ਗ਼ੱਦਾਰ ਨ ਹਾਰ ਕਰਾਰੋਂ, ਅੰਤ ਪਿੱਛੋਂ ਹੱਥ ਮਲਣਾ ।
ਕਿੱਤ ਵੱਲ ਚੱਲਿਓਂ ਕਿਧਰ ਚੱਲਣਾ, ਕਿਸ ਸੰਗਤ ਵਿੱਚ ਰਲਣਾ ।

(ਫ਼ਕਰ=ਫ਼ਕੀਰੀ, ਗ਼ਿਨਾ=ਅਮੀਰੀ)


ਸੁਣ ਕਿਸ ਛੋੜ ਕਿਸ ਗ਼ਮ ਰੁੱਝੋਂ, ਵਾਟ ਲੰਮੀ ਤੂੰ ਰਾਹੀ ।
ਮੀਟ ਅੱਖੀਂ ਕਿਤ ਹੱਥ ਵਗਾਇਓ, ਚਾ ਮੂੰਹ ਮਲੀ ਸਿਆਹੀ ।
ਤੂੰ ਪੁਰ ਸ਼ਾਨ ਦਿਲਾਵਰ ਜ਼ੈਗ਼ਮ, ਹੋਇਓਂ ਆਪ ਨਿਤਾਣਾ ।
ਖ਼ੁਦ ਨੂੰ ਜਾਣ ਸ਼ਗਾਲ ਕਮੀਨਾ, ਬੈਠੋਂ ਛੋੜ ਟਿਕਾਣਾ ।
ਮਤ ਵਸਵਾਸ ਜ਼ੁਲਮ ਤੇ ਜਿਹਲੌਂ, ਵਾਗ ਤੇਰੇ ਖਲਿਆਰੇ ।
ਜ਼ੁਲਮ ਕਮਾਵੇਂ ਜਿਹਲ ਹੰਢਾਵੇਂ, ਪਾਵੇਂ ਮਕਸਦ ਭਾਰੇ ।
ਜ਼ਾਲਿਮ ਜਾਹਿਲ ਜੇ ਨ ਹੋਂਦੋਂ, ਨ ਪੈਂਦੋਂ ਵਿੱਚ ਕਾਰੇ ।
ਇਹ ਹੈ ਮਦਹ ਮਜ਼ੱਮਤ ਨਾਹੀਂ, ਇਸ ਵਿੱਚ ਨਾਜ਼ ਇਸ਼ਾਰੇ ।
ਜ਼ੁਲਮ ਕਮਾਇਆ ਜਿੰਦਾਂ ਗਲੀਆਂ, ਗਲ ਗਰਦਾਂ ਵਿੱਚ ਰਲੀਆਂ ।
ਦਾਰੁੱਲ-ਜਿਹਲੋਂ ਲਾਟਾਂ ਬਲੀਆਂ, ਤਿਸ ਵਿੱਚ ਖ਼ੁਦੀਆਂ ਜਲੀਆਂ ।

(ਜ਼ੈਗਮ=ਸ਼ੇਰ, ਸ਼ਗਾਲ=ਗਿੱਦੜ, ਵਸਵਾਸ=ਭਰਮ, ਮਦਹ=
ਤਾਰੀਫ਼, ਮਜ਼ੱਮਤ=ਨਿੰਦਾ, ਦਾਰੁੱਲ-ਜਿਹਲੋਂ=ਜਹਾਲਤ ਦਾ ਘਰ)


ਜ਼ੁਲਮ ਕਮਾ ਸਰ ਨਫ਼ਸਿ-ਅੱਮਾਰਾ, ਨੌਮ ਨ ਰਹਿਸੀ ਮੂਲੇ ।
ਬਾਅਦ ਵਸੂਲ ਇਲਹਾਮ ਅਚਾਨਕ, ਇਤਮੀਨਾਨ ਕਬੂਲੇ ।
ਲਾਜ਼ਿਮ ਜਿਹਲ ਫ਼ਨਾਹ ਨੂੰ ਆਇਆ, ਜਾਂ ਇਹ ਪਾਵੇਂ ਨਾਹੀਂ ।
ਸਭ ਪਰਿਵਾਰ ਤੇਰਾ ਵਿੱਚ ਤੇਰੇ, ਖ਼ੁਦੀਓਂ ਜਾਵੇਂ ਨਾਹੀਂ ।
ਸੈਰ ਇਲਾ ਲਿੱਲਾ ਲਾ ਇਲਾ ਇਲਲਿੱਲਾ ਤੱਕ ਸਾਰਾ ।
ਓਹਾ ਮਾਅਨੀ ਜਲਵਾ ਕਰਦੇ, ਜੈਂ ਦਾ ਸਰਵਰ ਤਾਰਾ ।
ਤੈਹਤ ਨਫ਼ੀ ਧਰ ਗ਼ੈਰ ਉਡਾਰੀਆਂ, ਮਿਲੀ ਨਜਾਤ ਜੁਦਾਈਓਂ ।
ਨਾਲ ਅਸਬਾਤ ਸਬੂਤੀ ਪੜ੍ਹਦਿਆਂ, ਮਿਲੀ ਬਰਾਤ ਸਫ਼ਾਈਓਂ ।
ਇੱਕਾ ਨੂਰ ਜ਼ਿਮੀਂ ਅਸਮਾਨੀ, ਜਿਸਦੇ ਕਾਰੇ ਸਾਰੇ ।
ਜਿਸਦੇ ਫ਼ੈਜ਼ਿ-ਅਹਦੀਯਤ ਕੋਲੋਂ, ਨੂਰ ਖੁਲ੍ਹੇ ਚਮਕਾਰੇ ।

(ਨਫ਼ਸਿ-ਅੱਮਾਰਾ=ਵਿਸ਼ੇ-ਵਿਕਾਰਾਂ ਦਾ ਘਰ, ਨੌਮ=ਨੀਂਦਰ,
ਇਲਹਾਮ=ਰੱਬੀ ਗਿਆਨ, ਸੈਰ=ਪਾਕ ਕਲਮੇ ਦਾ ਅਧਿਐਨ,
ਇਲਾ ਲਿੱਲਾ ਲਾ ਇਲਾ ਇਲਲਿੱਲਾ=ਨਹੀਂ ਕੋਈ ਮਅਬੂਦ
ਸਿਵਾਇ ਇੱਕ ਅੱਲ੍ਹਾ ਦੇ, ਸਰਵਰ=ਸਰਦਾਰ,ਹਜ਼ਰਤ ਮੁਹੰਮਦ
ਸਾਹਿਬ)


ਇਹ ਮਿਸਬਾਹ ਸਿਫ਼ਾਤ ਜ਼ਜਾਜੋਂ, ਲਾਟ ਬਲੇ ਬਿਨ ਨਾਰੇ ।
ਵਿੱਚ ਮਿਸ਼ਕਾਤਿ-ਕਲੂਬਿ-ਉਸ਼ਾਕਾਂ, ਜਗਮਗ ਨੂਰ ਖਿਲਾਰੇ ।
ਨੂਰੋ ਨੂਰ ਹੋਇਆ ਨੂਰਾਨੀ, ਆਲਮ ਦੀ ਗੁਲਜ਼ਾਰੇ ।
ਚੰਗੇ ਥੀਂ ਚੰਗਿਆਈ ਆਵੇ, ਅਧਮੋਂ ਨੁਕਸ ਨਿਤਾਰੇ ।
ਲਿਖਿਆ ਨਜ਼ਰ ਪਵੇ ਤੁਧ ਸਫ਼ਾ, ਕਾਤਿਬ ਕਲਮ ਵਗਾਈ ।
ਸੋਹਣੇ ਹਰਫ਼ ਕਿਦਾਂ ਬਣ ਕਾਤਿਬ, ਦੇਣ ਜ਼ਹੂਰ ਸਫ਼ਾਈ ।
ਹਰ ਨੁਕਤਾ ਵਿੱਚ ਖਾਸ ਟਿਕਾਣੇ, ਝੜ ਵਗਿਆ ਕਿਤੇ ਨਾਹੀਂ ।
ਜ਼ੇਰ ਜ਼ਬਰ ਹਰ ਜ਼ਮ ਸਕੂਨੋਂ, ਖ਼ਤਾ ਨ ਪਇਆ ਕਿਦਾਹੀਂ ।
ਜੇ ਤੁਧ ਖ਼ਤਾ ਨਜ਼ਰ ਵਿੱਚ ਦਿੱਸੇ, ਜ਼ੁਹਫ਼ ਤੇਰੀ ਬੀਨਾਈ ।
ਆਪ ਕੁਰਾਹ ਪਵੇਂ ਨਾਬੀਨਾ, ਰਾਹੀਂ ਐਬ ਨ ਕਾਈ ।

(ਮਿਸਬਾਹ=ਦੀਵਾ, ਜ਼ਜਾਜੋਂ=ਸ਼ੀਸ਼ਾ, ਨਾਰੇ=ਅੱਗ,
ਮਿਸ਼ਕਾਤਿ-ਕਲੂਬਿ=ਦਿਲ ਰੂਪੀ ਕੰਦੀਲ (ਦੀਵਟ), ਉਸ਼ਾਕਾਂ=
ਆਸ਼ਕਾਂ, ਅਧਮੋਂ=ਨੀਚ, ਜ਼ੁਹਫ਼=ਕਮਜ਼ੋਰ, ਬੀਨਾਈ=ਨਜ਼ਰ)


ਲਿਖ ਫ਼ਹਰਿਸਤ ਸਹੀਫ਼ੋਂ ਸਾਰੀ, ਤੇਰੇ ਪਾਸ ਪਹੁੰਚਾਈ ।
ਖੋਲ੍ਹ ਨਜ਼ਰ ਪੜ੍ਹ ਜਿਸ ਤੇ ਕਾਤਿਬ, ਸਨਅਤ ਕਲਮ ਵਗਾਈ ।
ਵੇਖੀਂ ਨਕਸ਼ ਨਕਾਸੋਂ ਜਾਣੀ, ਤੇ ਸਾਨਿਆਂ ਮਸਨੂਓਂ ।
ਖ਼ੁਦ ਵਲ ਵੇਖ ਰਕਮ ਪੜ੍ਹ ਸਾਰੀ, ਆਖ਼ਿਰ ਤੀਕ ਸ਼ੁਰੂਓਂ ।
ਤੂੰ ਸ਼ੀਸ਼ੇ ਵਿੱਚ ਦਰਿਆ ਵੱਗੇਂ, ਜੌਹਰ ਹੈਂ ਓਹ ਕਾਰੀ ।
ਜੈਂ ਵਿੱਚ ਕੁਲ ਮਤਲੂਬ ਜਗਤ ਦੀਆਂ, ਨੂਰੀ ਲਹਰਾਂ ਜਾਰੀ ।
ਤੂੰ ਕਾਇਮ ਜਿਸ ਜਿੰਦੋਂ ਗ਼ਾਫ਼ਿਲ, ਸੂਰਤ ਤਿਸ ਨ ਕਾਈ ।
ਇਸ ਤਿਸੇ ਵਿੱਚ ਜਾਰੀ ਹਰ ਸ਼ੈ, ਤੂੰ ਅਪਣੇ ਵਿੱਚ ਪਾਈ ।
ਹੁਕਮੇ ਬਾਝ ਨ ਉਂਗਲ ਹਿੱਲੇ, ਰਾਜ਼ ਜ਼ਬਾਨ ਨ ਖੋਲ੍ਹੇ ।
ਹਰ ਹਰ ਵਾਲ ਅੰਦਰ ਪੁਰ ਮਾਅਨੀ, ਦੇਖ ਮਤਾਂ ਦਿਲ ਡੋਲੇ ।

(ਫ਼ਹਰਿਸਤ=ਸੂਚੀ, ਸਹੀਫ਼ੋਂ=ਕਿਤਾਬ ਵਿੱਚੋਂ, ਸਾਨਿਆਂ=
ਕਾਰੀਗਰ, ਮਸਨੂਓਂ=ਬਣੀ ਹੋਈ ਚੀਜ਼, ਸ਼ੀਸ਼ੇ=ਬੋਤਲ,
ਜੌਹਰ=ਅਸਲੀ ਵਸਤੂ)


ਜਿਸ ਵਲ ਪੈਰ ਧਰੇ ਰੁਖ ਤੇਰਾ, ਆਪਣੀ ਸਿਫ਼ਤ ਦਿਖਾਵੇ ।
ਜਾਂ ਤੂੰ ਖ਼ਾਮ ਜਮਾਲਿ-ਫ਼ਰੋਜ਼ਾਂ, ਤੈਨੂੰ ਨਜ਼ਰ ਨ ਆਵੇ ।
ਵਹਦਾਨੀਯਤਿ ਹੱਕ ਬਦੀਹੀ, ਮਿਲੇ ਸ਼ਹੂਦ ਕਮਾਲੋਂ ।
ਤੋੜ ਸੂਰਤ ਦੇ ਬੰਦ ਜੋ ਨਾਹੀਂ, ਹਾਜਤ ਇਸਤਿਦਲਾਲੋਂ ।
ਜਿਨ੍ਹਾਂ ਮਜ਼ਾਕ ਸਲੀਮ ਪਛਾਨਣ, ਖ਼ੁਦ ਸ਼ਰੀਨੀ ਕੰਦੋਂ ।
ਸਫ਼ਰਾਈਆਂ ਹਰ ਤਲਖ਼ੀ ਜਾਪੇ, ਹੋਣ ਖ਼ਲਾਸ ਨ ਬੰਦੋਂ ।
ਹਰ ਖੂਬੀ ਦਾ ਸਾਹਿਬ ਓਹਾ, ਜਿਸਦਾ ਆਲਮ ਸਾਰਾ ।
ਗ਼ੈਰ ਕਿਆ ਤੁਧ ਖੂਬੀ ਡਿੱਠੀ, ਕਸਦ ਜਿਦ੍ਹੇ ਦਿਲ ਭਾਰਾ ।
ਸ਼ੀਸ਼ਾ ਸ਼ਾਫ਼ ਸਿਆਹੀ ਮਲਿਓ, ਰਾਜ਼ ਨ ਚਮਕੇ ਕਾਈ ।
ਛੋੜ ਨਕਾਸ਼ ਹਜ਼ਾਰਾਂ ਨਕਸ਼ੋਂ, ਇਕ ਸੂਰਤ ਗਲ ਲਾਈ ।

(ਰੁਖ=ਚਿਹਰਾ, ਖ਼ਾਮ=ਕੱਚਾ, ਜਮਾਲਿ-ਫ਼ਰੋਜ਼ਾਂ=ਚਮਕਦਾ
ਹੋਇਆ ਨੂਰ, ਵਹਦਾਨੀਯਤਿ=ਇੱਕ ਹੋਣ ਦਾ ਗੁਣ, ਹੱਕ
ਬਦੀਹੀ=ਅਦਭੁਤ ਸੱਚਾਈ, ਸ਼ਹੂਦਗਵਾਹੀ, ਮਜ਼ਾਕ=ਸਾਦ,
ਸਲੀਮ=ਸਵਸਥ, ਸ਼ਰੀਨੀ ਕੰਦੋਂ=ਮਿੱਠੀ ਨੁਗਦੀ,
ਸਫ਼ਰਾਈਆਂ=ਗਰਮੀ ਦੇ ਮਾਰਿਆਂ, ਕਸਦ=ਇਰਾਦਾ)


ਢੂੰਡ ਸ਼ੈਆਂ ਥੀਂ ਇੱਕਾ ਸੂਰਤ, ਜਾ ਲੱਭੇਂ ਦੋ ਚਾਰੋਂ ।
ਆਖ਼ਿਰ ਛੋੜ ਚੱਲੇਂ ਹੱਥ ਮਲਦਾ, ਨਕਸ਼ ਲਿਖੇ ਦੀਵਾਰੋਂ ।
ਲਭ ਓਹਾ ਜੈਂ ਕੁਝ ਨ ਸੂਰਤ, ਨੁਕਸ਼ੋਂ ਨਾਮ ਨ ਐਬੋਂ ।
ਮੀਟ ਅੱਖੀਂ ਦਿਲ ਖੋਲ੍ਹ ਦੋ ਸਾਇਤ, ਰਾਜ਼ ਖੁਲ੍ਹੇ ਕੁਝ ਗ਼ੈਬੋਂ ।
ਹਰ ਮਹਸੂਸ ਤੇਰਾ ਤਕ ਦੇਖੇਂ, ਸਭ ਮਅਕੂਸ ਅਫ਼ਆਲੋਂ ।
ਤੇ ਅਫ਼ਆਲਿ-ਜ਼ਲਾਲ ਸਿਫ਼ਾਤੋਂ, ਸਿਫ਼ਤਾਂ ਜ਼ਾਤ ਕਮਾਲੋਂ ।
ਆਕਿਸ ਅਕਸੋਂ ਹਰ ਜਾ ਅਕਰਬ, ਉਸਦੀ ਜ਼ਾਤ ਅਹਵਾਲੋਂ ।
ਓਹ ਅਕਰਬ ਥੀਂ ਅਕਰਬ ਜਿਸ ਥੀਂ, ਸ਼ੋਰਿਸ਼ ਹੁਸਨ ਜਮਾਲੋਂ ।
ਅਸਰ ਹਲੂਲ ਇਤਿਹਾਦ ਨ ਸਮਝੇਂ, ਤੇ ਨ ਕੈਫ਼ ਬਿਆਨੋਂ ।
ਜੇ ਪਾਵੇਂ ਹਕ ਪਾਵੇਂ ਜਿਉਂ ਕਰ, ਹੈਂ ਮਨਸੂਸ ਕੁਰਾਨੋਂ ।

(ਮਅਕੂਸ=ਉਲਟੇ, ਅਫ਼ਆਲ=ਬੁਰੇ ਕੰਮ, ਆਕਿਸ=ਪਰਛਾਵਾਂ
ਪਾਣ ਵਾਲਾ, ਅਕਰਬ=ਨੇੜੇ, ਸ਼ੋਰਿਸ਼=ਫ਼ਸਾਦ, ਹਲੂਲ=ਕਿਸੇ
ਦੇ ਅੰਦਰ ਪ੍ਰਵੇਸ਼ ਕਰ ਜਾਣਾ, ਇਤਿਹਾਦ=ਇਕੱਠੇ ਹੋਣਾ, ਕੈਫ਼=
ਮਸਤੀ, ਮਨਸੂਸ=ਸਿੱਧ ਕੀਤਾ ਹੋਇਆ)


ਤੇ ਨ ਜ਼ੁਲਮ ਕਰੇਂ ਖ਼ੁਦਾ ਤੇ, ਮੁਨਾਫ਼ੀ ਦੇ ਸ਼ਾਨੋਂ ।
ਸ਼ਿਰਕ ਕੁਫ਼ਰ ਦਾ ਨਾਮ ਨ ਓਥੇ, ਜਿੱਥੇ ਨੂਰ ਈਮਾਨੋਂ ।
ਤੈਂ ਵਿੱਚ ਅਨਵਰ ਗੌਹਰ ਆਲੀ, ਨ ਕਰ ਗ਼ਰਦ-ਆਲੂਦਾ ।
ਚਾਹ ਤ੍ਰਕੀ ਛੋੜ ਰਜ਼ਾਲਤ, ਮਰੇਂ ਨਹੀਂ ਬੇਹੂਦਾ ।
ਦਾਗ਼ ਨ ਘੱਤ ਸਫ਼ੈਦੀ ਅੰਦਰ, ਰੰਗ ਚੜ੍ਹਾ ਕਾਫ਼ੂਰੀ ।
ਰੰਗ ਪਜ਼ੀਰ ਏਹੀ ਦਿਲ ਤੇਰਾ, ਅਸਲ ਜਿਦ੍ਹਾ ਕੁਲ ਨੂਰੀ ।
ਹਰ ਦਮ ਵਕਤ ਵਿਹਾਂਦਾ ਜਾਂਦਾ, ਏਹ ਮੁੜ ਹੱਥ ਨ ਆਵੇ ।
ਕੌਲ ਪੱਕਾ ਕੁਛ ਕਰ ਲੈ ਇਸ਼ਕੋਂ, ਜੋ ਤੈਂ ਨਾਲ ਸਿਧਾਵੇ ।
ਬਾਝੋਂ ਹਾਲ ਨ ਕਾਲ ਮੁਨਾਫ਼ਾ, ਕਾਲੀ ਦਾ ਹੱਥ ਖਾਲੀ ।
ਹੋ ਖਾਲੀ ਸਦਵਾਵੇਂ ਆਲੀ, ਇਹ ਹੈ ਤਬਾ ਰਜ਼ਾਲੀ ।

(ਮੁਨਾਫ਼ੀ=ਝੂਠਾ ਸਿੱਧ ਕਰਨਾ, ਸ਼ਿਰਕ=ਰੱਬ ਦਾ ਕੋਈ
ਸ਼ਰੀਕ ਮੰਨਣਾ, ਕੁਫ਼ਰ=ਇੱਕ ਤੋਂ ਵੱਧ ਰੱਬ ਮੰਨਣੇ,
ਨਾਸਤਿਕਤਾ, ਅਨਵਰ=ਚਮਕਦਾ, ਗੌਹਰ=ਮੋਤੀ (ਰੂਹ),
ਰਜ਼ਾਲਤ=ਕਮੀਨਾਪਣ, ਪਜ਼ੀਰ=ਕਬੂਲ ਕਰਨ ਵਾਲਾ,
ਹਾਲ=ਮਸਤੀ, ਕਾਲ=ਕੁਰਾਨ ਦਾ ਪਾਠ)


ਫ਼ੁਰਜ ਸ਼ਿਕਮ ਦਾ ਬੰਦਾ ਹੋ ਕੇ, ਲਾਫ਼ਾਂ ਮਾਰ ਨ ਮੂਲੇ ।
ਨਾਮ ਧਰੇਂ ਕਾਫ਼ੂਰ ਜੰਗੀ ਦਾ, ਪਰਖੋਂ ਕੌਣ ਕਬੂਲੇ ।
ਇਸ਼ਕ ਡਿੱਠੋ ਜੇ ਨਾਹਿੰ ਕਦਾਈਂ, ਵਸਲ ਫ਼ਿਰਾਕੋਂ ਖ਼ਾਲੀ ।
ਹਾਲ ਮਲਾਲੀ ਮਰਦਾਂ ਵਾਲੀ, ਜਲ ਬਲ ਰਹਣ ਵਿਚਾਲੀ ।
ਬਿਰੀਆਂ ਲਾਟ ਬਿਰਹੋਂ ਦੀ ਜਿਗਰੇ, ਦਰਦ ਫ਼ਿਰਾਕੀਂ ਜਾਲੀ ।
ਜਾਂਦੀ ਵਾਰੀ ਸ਼ੌਕ ਵਸਾਲੀ, ਜਾਣ ਨ ਜੋਸ਼ ਸੰਭਾਲੀ ।
ਤੁਧ ਇਹਸਾਨ ਕਰੇ ਕੋ ਜ਼ੱਰਾ, ਦਿਲੋਂ ਝੁਕੇਂ ਸੌ ਵਾਰੀ ।
ਕੁਲ ਇਹਸਾਨ ਤੇਰੇ ਸਿਰ ਜਿਸਦਾ, ਛੋੜ ਨਹੀਂ ਤਿਸ ਯਾਰੀ ।
ਲਾ ਯਾਰੀ ਪਰ ਪੂਰੀ ਸਾਰੀ, ਜਿਉਂ ਹੋਇਓਂ ਇਕਰਾਰੀ ।
ਜੇ ਇਕਰਾਰੋਂ ਹੈਂ ਇਨਕਾਰੀ, ਇਹ ਹੈ ਅੰਤ ਖ਼ੁਆਰੀ ।

(ਫ਼ੁਰਜ=ਭਗ,ਯੋਨੀ,ਕਾਮੀ, ਸ਼ਿਕਮ=ਪੇਟ, ਜੰਗੀ=ਕਾਲਾ
ਹਬਸ਼ੀ)


ਯਾਰ ਜੁਦਾ ਕਦ ਤੈਂ ਥੀਂ ਗ਼ਾਫ਼ਿਲ, ਲੱਭ ਦੁਰਾਡਾ ਨਾਹੀਂ ।
ਦਾਅਵਾ ਝੂਠ ਕਸਮ ਕਰ ਛੱਡੇ, ਝੂਰ ਮਰੇਂ ਮੱਤ ਆਹੀਂ ।
ਅੱਵਲ ਆਖ਼ਿਰ ਦੇਖ ਸਿਆਣੇ, ਨਾਲ ਕਿਦ੍ਹੇ ਵਰਤਾਰਾ ।
ਛੋੜ ਅਜ਼ੀਜ਼ ਜ਼ਲੀਲਾਂ ਤਾਈਂ, ਨ ਗੱਲ ਲਾਵੀਂ ਯਾਰਾ ।
ਪਾਵੇ ਕਦਮ ਜੋ ਤਲਬੋਂ ਖਾਰੀਂ, ਗੁਲਜ਼ਾਰਾਂ ਵਿੱਚ ਜਾਪੇ ।
ਖਾਰ ਖੁੱਟਣ ਗੁਲਜ਼ਾਰ ਨ ਦਿੱਸਣ, ਸ਼ੌਕ ਖੜੇ ਵਲ ਆਪੇ ।
ਦਾਗ਼ ਲਗਾ ਮਤ ਜਾਈਂ ਏਥੋਂ, ਮਰਦਾ ਮਰਦ ਸਦਾਈਂ ।
ਇਸ਼ਰਤ ਦੀਦ ਰਹੇ ਪਛਤਾਵਾ, ਮਤ ਹਸਰਤ ਲੈ ਜਾਈਂ ।
ਕਰੀਂ ਮਦਦ ਐ ਵਾਲੀ ਮੇਰੇ, ਦਖਲ ਮਿਲੇ ਦਰਬਾਰੇ ।
ਬਖ਼ਸ਼ੀ ਥਾਉਂ ਨਿਥਾਵਿਆਂ ਤਾਈਂ, ਫ਼ਜ਼ਲ ਤੇਰੇ ਨੇ ਭਾਰੇ ।

(ਤਲਬੋਂ=ਢੂੰਡ ਕੇ, ਖਾਰੀਂ=ਕੰਡਿਆਂ ਵਿੱਚ, ਇਸ਼ਰਤ=
ਆਨੰਦ)


ਦਾਅਵਾ ਹੱਕ ਈਮਾਨੋਂ ਪੱਕਾ, ਸੱਚਾ ਬਖ਼ਸ਼ ਖ਼ੁਦਾਇਆ ।
ਹੁਕਮ ਅਸ਼ੱਦੁ-ਹੁੱਬਨਲਿੱਲਾ, ਸ਼ਾਨ ਜਿਦ੍ਹੀ ਵਿਚ ਆਇਆ ।
ਦਾਇਮ ਨੂਰ ਤਲਬ ਦੀ ਮਸ਼ਅਲ, ਰਹੇ ਫਰੋਜ਼ਾਂ ਰਾਹੇ ।
ਮੈਂ ਕੁਰਬਾਨ ਲਤੀਫ਼ ਪਿਆਰਾ, ਤਾਰੇ ਨਾਲ ਨਿਗਾਹੇ ।
ਤੈਂ ਹੁੰਦੇ ਮੈਂ ਕਿਤ ਵੱਲ ਜਾਵਾਂ, ਨਾਹੀਂ ਹੋਰ ਟਿਕਾਣਾ ।
ਜੇ ਤਕਸੀਰੋਂ ਮੈਂ ਪੁਰ ਦਾਮਨ, ਗ਼ਾਲਿਬ ਫ਼ਜ਼ਲ ਰਬਾਨਾ ।
ਫ਼ਜ਼ਲ ਬੜਾ ਉਸ ਹਾਦੀ ਸੰਦਾ, ਖੁਦ ਦਿਲ ਸ਼ੌਕ ਲਗਾਏ ।
ਜੈਂ ਉਸ ਸ਼ੌਕੋਂ ਨਾਹਿ ਨਸੀਬਾ, ਗ਼ਾਫ਼ਿਲ ਅਵਗਤ ਜਾਏ ।
ਤੇ ਤਕਦੀਮ ਉਸੇ ਦਰਬਾਰੋਂ, ਭਰ ਹਰ ਖੁਦ ਨਿਤਾਣੇ ।
ਦੇਖ ਯੁਹੱਯੁਹੁਮ ਦੀ ਰਮਜ਼ੋਂ, ਦਿਲ ਵੱਲ ਖੜੇ ਧਿੰਙਾਣੇ ।

(ਅਸ਼ੱਦੁ-ਹੁੱਬਨਲਿੱਲਾ=(ਇਕ ਆਯਤ) ਬਹੁਤ ਜ਼ਿਆਦਾ
ਮੁਹੱਬਤ ਕਰਨ ਵਾਲੇ ਅੱਲ੍ਹਾ ਸੇ, ਲਤੀਫ਼=ਸੂਖ਼ਮ,ਪਾਕੀਜ਼ਾ,
ਰੱਬ, ਤਕਸੀਰ=ਦੋਸ਼, ਨਸੀਬਾ=ਕਿਸਮਤ ਵਿੱਚ ਲਿਖਿਆ,
ਹਿੱਸਾ, ਤਕਦੀਮ=ਵਡਿਆਈ ਮਿਲਣੀ, ਯੁਹੱਯੁਹੁਮ=ਜਿਹੜਾ
ਜਿੰਦਾ ਕਰਦਾ ਹੈ)


ਏਹ ਗਰਦਾਬ ਅੰਧੇਰ ਗ਼ਮਾਂ ਦਾ, ਦੁਨੀਆਂ ਨਾਮ ਸਦਾਵੇ ।
ਪੂਰ ਭਰੇ ਵਿੱਚ ਬੇੜੇ ਗਰਕਣ, ਜੇ ਨ ਬੰਨੇ ਲਾਵੇ ।
ਬਾਹੋਂ ਪਕੜ ਕੱਢੇ ਖੁਦ ਜਿਸਨੂੰ, ਨੂਰ ਕਰਮ ਵਲ ਧੱਕੇ ।
ਜਿਸਨੂੰ ਰੋਹੜ ਗਜ਼ਬ ਵਿੱਚ ਘੱਤੇ, ਕੋਈ ਕੱਢ ਨ ਸੱਕੇ ।
ਯਾ ਰੱਬ ਮੇਰੀ ਸਰਗਰਦਾਨੀ, ਮੇਰਿਉਂ ਗਈ ਸ਼ੁਮਾਰੋਂ ।
ਇੱਕ ਰਹਮਤ ਦਾ ਦਾਰੂ ਤੇਰਾ, ਰੋਗ ਕਟੇ ਬੀਮਾਰੋਂ ।
ਮੇਰਾ ਕਾਰ ਹਵਾਲੇ ਤੇਰੇ, ਯਾ ਸਿੱਤਾਰ ਗੁੱਫ਼ਾਰਾ ।
ਅਦਲ ਕਰੇਂ ਮੈਂ ਪਕੜਿਆ ਜਾਵਾਂ, ਫ਼ਜ਼ਲ ਕਰੇਂ ਛੁਟਕਾਰਾ ।
ਮੈਂ ਬੰਦਾ ਤੂੰ ਸਾਹਿਬ ਮੇਰਾ, ਅੰਤ ਨ ਤੈਂ ਵਡਿਆਈਓਂ ।
ਰਹਮਤ ਤੇਰੀ ਬਹੁਤ ਜ਼ਿਆਦਾ, ਬੰਦੇ ਦੀ ਬੁਰਿਆਈਓਂ ।

(ਗਰਦਾਬ=ਘੁੰਮਣਘੇਰ,ਗਜ਼ਬ=ਕਰੋਪੀ, ਸਰਗਰਦਾਨੀ=
ਪਰੇਸ਼ਾਨੀ, ਸਿੱਤਾਰ=ਪਰਦਾ ਢੱਕਣ ਵਾਲਾ, ਗੁੱਫ਼ਾਰਾ=
ਦਿਆਲੂ,ਬਖ਼ਸ਼ਣ ਵਾਲਾ, ਫ਼ਜ਼ਲ=ਦਇਆ)


ਸਿਫ਼ਤ ਤੇਰੀ ਕੀ ਕਦਰ ਬੰਦੇ ਦਾ, ਤੂੰ ਸਿਫ਼ਤਾਂ ਦਾ ਵਾਲੀ ।
ਆਖ਼ਿਰ ਚਾਰਾ ਆਜਿਜ਼ ਬੰਦੇ ਨੂੰ, ਤੇਰੀਆਂ ਸਿਫ਼ਤਾਂ ਆਲੀ ।
ਇਹ ਇਕਰਾਰ ਨਬੀਆਂ ਸੰਦਾ, ਲਾ ਉਹਸੀ ਵਿੱਚ ਆਇਆ ।
ਕੁੱਨ ਤੇਰੀ ਨੂੰ ਪਾ ਨ ਸੱਕੇ, ਤੂੰ ਬੇ-ਮਿਸਲ ਖੁਦਾਇਆ ।
ਅਕਲਾਂ ਦੀ ਉਤ ਪੇਸ਼ ਨ ਜਾਵੇ, ਜੋ ਲਾਵਣ ਲੱਖ ਵਾਹਾਂ ।
ਉਤੇ ਗਾਫ਼ਿਲ ਬੇ-ਅਕਲ ਤਮਾਮੀ, ਰਹਣ ਸੱਭੇ ਵਿੱਚ ਰਾਹਾਂ ।
ਆਦਤ ਅਕਲ ਦੁਰਾਡੀ ਦੁਗਣੀ, ਤੇ ਤੂੰ ਨੇੜਿਓਂ ਨੇੜੇ ।
ਖੁਦ ਥੀਂ ਨੇੜੇ ਅਕਲ ਨ ਪਾਵੇਂ, ਤੇ ਨ ਰਾਜ਼ ਨਖੇੜੇਂ ।
ਅਕਲ ਖ਼ਿਆਲੋਂ ਵਹਮ ਗੁਮਾਨੋਂ, ਤੇਰੀਆਂ ਸਿਫ਼ਤਾਂ ਆਲੀ ।
ਖ਼ਾਲਿਕ ਮਾਲਿਕ ਜਾਨ ਜਹਾਂ ਦਾ, ਤੂੰ ਆਲਮ ਦਾ ਵਾਲੀ ।

(ਕਦਰ=ਤਾਕਤ, ਤਮਾਮੀ=ਸਾਰੇ)


ਖ਼ਵਾਨਿ-ਕਰਮ ਦੇ ਬਖਸ਼ਿਸ਼-ਖਾਨਿਓਂ, ਆਲਮ ਕੁੱਲ ਸਵਾਲੀ ।
ਜਿਨ੍ਹਾਂ ਬੁਲਾਵੇਂ ਲੁਤਫ਼ ਕਰਮ ਥੀਂ, ਕਦੀ ਨ ਜਾਵਣ ਖ਼ਾਲੀ ।
ਤੋਬਾ ਦੀ ਤੌਫ਼ੀਕ ਅਸਾਨੂੰ, ਦੇਵੀਂ ਪਾਕ ਅੱਲਾਹਾ ।
ਦਰ ਅਪਣੇ ਦਾ ਰੱਖ ਸਵਾਲੀ, ਹਰਦਮ ਸ਼ਹਨਸ਼ਾਹਾ ।
ਕਦਮ ਨਬੀ ਦੇ ਪਿੱਛੇ ਸਾਨੂੰ, ਯਾ ਰੱਬ ਰਾਹ ਚਲਾਈਂ ।
ਅੰਦਰ ਕੌਮ ਨਬੀਆਂ ਕੀਤਾ, ਤੂੰ ਸਰਵਰ ਜਿਸ ਤਾਈਂ ।

(ਖ਼ਵਾਨਿ-ਕਰਮ=ਮਿਹਰ ਦੇ ਭੰਡਾਰ, ਸਰਵਰ=ਸਰਦਾਰ)


2. ਨਾਅਤਿ ਰਸੂਲਿ ਰੱਬੁਲ-ਆਲਮੀਨ
(ਹਜ਼ਰਤ ਮੁਹੰਮਦ ਸਾਹਿਬ ਦੀ ਉਸਤਤ)

ਜੌਹਰਿ-ਅਰਜ਼ ਵਜੂਦਿ-ਖ਼ਲਾਇਕ, ਅਸਲਿ-ਅਸੂਲਿ-ਕਮਾਲੀ ।
ਉੱਮਤ ਖ਼ੈਰ ਉਮਮ ਦਾ ਵਾਲੀ, ਨਾਮ ਮੁਹੰਮਦ ਆਲੀ ।
ਨਬੀ ਸਖ਼ੀ ਦਾ ਸੱਯਦ ਸਰਵਰ, ਤੇ ਕੌਸਰ ਦਾ ਸਾਕੀ ।
ਜੈਂ ਹੱਕ ਖ਼ਾਸ ਸ਼ਫਾਅਤਿ-ਕੁਬਰਾ, ਖ਼ਤਮ ਰਸੂਲਿ-ਇਤਫ਼ਾਕੀ ।
ਵਿੱਚ ਇਸ਼ਾਰੇ ਉਂਗਲ ਜਿਸਦੀ, ਸ਼ੱਕ ਕਮਰਿ-ਅਫ਼ਲਾਕੀ ।
ਖ਼ੈਰ ਉਨਨਾਸ ਅਰਬ ਦਾ ਅਫ਼ਸਰ, ਖ਼ਵਾਸ ਲਬੇ ਤਰਯਾਕੀ ।
ਮੁਹਰਿ-ਨਬੁੱਵਤ ਨਾਲ ਮੁਨੱਕਸ਼, ਅਜ਼ਮਤ ਸਿਫ਼ਤ ਅਖ਼ਲਾਕੀ ।
ਜਮ੍ਹਾ ਕਲਮ ਵਿੱਚ ਹਰਫ਼ ਜ਼ਬਾਨੀ, ਸ਼ਾਹ-ਸਵਾਰ ਬੁਰਾਕੀ ।
ਸਾਕਿਬ ਨਜਮ ਕਮਰ ਤੇ ਸ਼ਮਸ਼ੋਂ, ਅਨਵਰ ਗੌਹਰਿ-ਖ਼ਾਕੀ ।
ਜੈਂ ਤੇ ਪਾਕ ਕਦਮ ਦੀ ਬਰਕਤ, ਫਖ਼ਰ ਕਰੇ ਵਿੱਚ ਤਾਕੀ ।

(ਜੌਹਰਿ-ਅਰਜ਼=ਆਸ੍ਰਿਤ ਵਸਤਾਂ ਦਾ ਮੂਲਾਧਾਰ, ਵਜੂਦਿ=
ਹੋਂਦ,ਆਸਰਾ, ਅਸਲਿ-ਅਸੂਲਿ-ਕਮਾਲੀ=ਉਤਮ ਅਸੂਲਾਂ
ਦੀ ਜੜ੍ਹ, ਉੱਮਤ=ਨਾਮ ਲੇਵਾ, ਉਮਮ=ਉੱਮਤ ਦਾ ਬਹੁਵਚਨ,
ਨਬੀ ਸਖ਼ੀ=ਚੋਣਵੇਂ-ਬੰਦੇ, ਸਰਵਰ=ਸਰਦਾਰ, ਕੌਸਰ=ਨਹਿਰ,
ਸ਼ਫਾਅਤਿ-ਕੁਬਰਾ=ਵੱਡੀ ਸਿਫਾਰਸ਼, ਰਸੂਲ=ਪੈਗੰਬਰ,ਮਸੀਹਾ,
ਸ਼ੱਕ ਕਮਰਿ-ਅਫ਼ਲਾਕੀ=ਆਸਮਾਨੀ ਚੰਨ ਚਿਰ ਗਿਆ, ਖ਼ੈਰ
ਉਨਨਾਸ=ਮਨੁੱਖਾਂ ਦੀ ਨੇਕੀ, ਤਰਯਾਕੀ=ਜ਼ਹਿਰ ਦਾ ਅਸਰ
ਦੂਰ ਕਰਨ ਵਾਲੀ ਦਵਾਈ, ਮੁਹਰਿ-ਨਬੁੱਵਤ=ਪੈਗੰਬਰੀ ਦੀ
ਮੁਹਰ, ਬੁਰਾਕੀ=ਹਜ਼ਰਤ ਮੁਹੰਮਦ ਨੂੰ ਮਿਅਰਾਜ ਸਮੇਂ ਭੇਜਿਆ
ਗਿਆ ਘੋੜਾ, ਸਾਕਿਬ=ਟੁੱਟਦੇ ਤਾਰੇ, ਨਜਮ=ਸਿਤਾਰਾ, ਕਮਰ=
ਚੰਨ, ਸ਼ਮਸ਼=ਸੂਰਜ, ਗੌਹਰਿ-ਖ਼ਾਕੀ=ਮਿੱਟੀ ਦਾ ਮੋਤੀ)


ਮਜ਼ਹਰਿ-ਫ਼ੈਜ਼ ਅਤਮਿ-ਯਗਾਨਾ, ਮਤਲਾਏ ਸੁਬਹਿ ਜ਼ਹੂਰੀ ।
ਉਹ ਸ਼ਾਹ-ਬੈਤਿ-ਕਸਾਇਦ ਆਲਮ, ਜੈਂ ਵਿੱਚ ਖ਼ੂਬੀ ਨੂਰੀ ।
ਤੇ ਉਹ ਉਮਤਿ-ਮੁਜ਼ਨਿਬ ਕਾਰਣ, ਮੁਜੱਲਾ ਰਹਮਿ-ਗ਼ਫ਼ੂਰੀ ।
ਤੇ ਮਰਹੂਮ ਉੱਮਤ ਉਸਦੀ, ਗ਼ੈਰ-ਮੁਖ਼ੱਜ਼ਲ ਨੂਰੀ ।
ਰਹਮਤਿ-ਆਲਮ ਸਾਯਾ-ਇ-ਆਲੀ, ਕਾਮਤ ਸਾਯੋਂ ਖ਼ਾਲੀ ।
ਖੁਸ਼ਬੂ ਅਰਕ ਬੱਦਲ ਸਿਰ ਸਾਯਾ, ਪਾਕ ਲੁਆਬ ਜ਼ੁਲਾਲੀ ।
ਫ਼ਤਹ ਮਬੀਨ ਕਲਾਸ ਫ਼ਤਰਜ਼, ਸ਼ਾਨ ਨਬੀ ਦੀ ਆਲੀ ।
ਤੇ ਮਹਮੂਦ ਮਕਾਨ ਮੁਅੱਲਾ, ਖ਼ਾਸ ਅੱਤਾ ਨਿਰਾਲੀ ।
ਸੀਨਾ ਪਾਕ ਮੁਨੱਵਰ ਨਸ਼ਰਹ, ਨੂਰ ਅੱਖੀ ਮਾਜ਼ਾਗੋਂ ।
ਅਨਵਰ ਅੱਖੀਂ ਮੁਹਰ ਨਬੁਵੱਤ, ਰੋਸ਼ਨ ਨੂਰ ਚਿਰਾਗ਼ੋਂ ।

(ਮਜ਼ਹਰਿ-ਫ਼ੈਜ਼=ਰੱਬੀ ਬਰਕਤ ਦੇ ਪ੍ਰਗਟ ਹੋਣ ਦੀ ਥਾਂ,
ਅਤਮਿ-ਯਗਾਨਾ=ਅਦੁੱਤੀ ਤੌਰ ਤੇ ਸੰਪੂਰਣ, ਕਸਾਇਦ=
ਕਸੀਦੇ, ਉਮਤਿ-ਮੁਜ਼ਨਿਬ=ਪਾਪੀ, ਮੁਜੱਲਾ=ਜ਼ਾਹਿਰ ਕੀਤਾ
ਹੋਇਆ, ਰਹਮਿ-ਗ਼ਫ਼ੂਰੀ=ਬਖ਼ਸ਼ਿਸ਼ ਕਰਨ ਵਾਲਾ, ਮੁਬੀਨ=
ਖੁਲ੍ਹੀ, ਕਲਾਸ ਫ਼ਤਰਜ਼=ਮੈਂ ਰਾਜ਼ੀ ਹੋ ਗਿਆ ਉਸ ਨਾਲ,
ਮੁਅੱਲਾ=ਉੱਚਾ, ਅੱਤਾ=ਬਖ਼ਸ਼ਿਸ਼, ਸੀਨਾ ਪਾਕ ਮੁਨੱਵਰ
ਨਸ਼ਰਹ=ਅਸਾਂ ਤੇਰੇ ਸੀਨੇ ਨੂੰ ਖੋਲ੍ਹ ਦਿਤਾ)


ਸ਼ਾਹਿ-ਸਫ਼ੀਆਂ ਪੀਰਿ-ਵਲੀਆਂ ਖ਼ਾਸ ਅਮਾਮਿ-ਨਬੀਆਂ ।
ਫਾਤਹਿ-ਬਾਬਿ ਬਹਿਸ਼ਤਿ-ਮੁਅੱਲਾ, ਤਕੀ ਵਿੱਚ ਤਕੀਆਂ ।
ਜਬਰਾਈਲ ਮਲਾਇਕ ਨੂਰੀ, ਦਰਵਾਜ਼ੇ ਪੁਰ ਆਇਆ ।
ਚਾਹੜ ਬੁਰਾਕ ਰਕਾਬੇ ਚਲਿਆ, ਅਕਸਾ ਵਿੱਚ ਪਹੁੰਚਾਇਆ ।
ਇਹ ਅਮਾਮਤ ਬਾਅਦ ਨਬੀਆਂ, ਗੁਜ਼ਰ ਗਏ ਅਫ਼ਲਾਕੋਂ ।
ਜ਼ਿਮੀਓਂ ਸੁੰਭ ਫ਼ਲਕ ਤੇ ਵੱਜਾ, ਬੁਰਾਕੋਂ ਚਾਲਾਕੋਂ ।
ਫੌਜ ਫ਼ਰਿਸ਼ਤਿਆਂ ਨਾਲ ਸਿਧਾਈ, ਸ਼ੌਕਾਂ ਵਾਗ ਚਲਾਈ ।
ਜਬਰਾਈਲ ਨਕੀਬ ਪੁਕਾਰੇ, ਪਾਕ ਸਵਾਰੀ ਆਈ ।
ਖੁਲ੍ਹਦੇ ਗਏ ਸਭ ਦਰ ਅਫ਼ਲਾਕੋਂ, ਮਲਕ ਮੁਕਰੱਬ ਧਾਏ ।
ਸੁਣ ਸੁਣ ਕੇ ਪੈਗ਼ੰਬਰ ਖ਼ਬਰਾਂ, ਤਾਜ਼ੀਮਾਂ ਨੂੰ ਆਏ ।

(ਅਮਾਮ=ਆਗੂ, ਫਾਤਹਿ-ਬਾਬਿ ਬਹਿਸ਼ਤਿ-ਮੁਅੱਲਾ=
ਉੱਚੇ ਸਵਰਗ ਦਾ ਦਰਵਾਜ਼ਾ ਖੋਲ੍ਹਣ ਵਾਲਾ, ਤਕੀ=
ਪਰਹੇਜ਼ਗਾਰ, ਅਕਸਾ=ਸਵਰਗ ਦੀ ਮਸੀਤ, ਅਫ਼ਲਾਕ=
ਅਸਮਾਨ, ਸੁੰਭ=ਘੋੜੇ ਦਾ ਸੁੰਮ, ਨਕੀਬ=ਡੌਂਡੀ ਪਿੱਟਣ
ਵਾਲਾ, ਮਲਕ=ਫ਼ਰਿਸ਼ਤੇ, ਮੁਕਰੱਬ=ਨੇੜੇ, ਤਾਜ਼ੀਮ=
ਸਤਿਕਾਰ)


ਲਸ਼ਕਰੀਆਂ ਵਿੱਚ ਮੂਸਾ ਈਸਾ, ਕਰ ਕਰ ਫ਼ਖ਼ਰ ਸਿਧਾਏ ।
ਖੋਲ੍ਹ ਦਰੇ ਵਿੱਚ ਜੱਨਤ ਹੂਰਾਂ, ਸ਼ੌਕ-ਜ਼ਿਆਰਤ ਆਏ ।
ਜਬਰਾਈਲ ਰਹਿਆ ਵਿੱਚ ਸਿਦਰਹ, ਕੁੱਵਤ ਪਰੋਂ ਸਿਧਾਈ ।
ਤਨ ਤਨਹਾ ਚਲਣ ਦੀ ਸਰਵਰ, ਜਾਂ ਦਸਤੂਰੀ ਪਾਈ ।
ਕੁਰਸੀ ਅਰਸ਼ ਕਦਮ ਧਰ ਗੁਜ਼ਰੇ, ਮਿਲੇ ਕਰਾਰ ਆਰਾਮੋਂ ।
ਹੋ ਚੁਕੀਆਂ ਛੀ ਤਰਫ਼ਾਂ ਆਖ਼ਿਰ, ਜਾਗ੍ਹਾ ਪਾਕ ਮੁਕਾਮੋਂ ।
ਤੇਜ਼ ਕਦਮ ਧਰ ਕੁਰਬਤ ਚੱਲੇ, ਬੇ ਬਾਲਾਈਓਂ ਜ਼ੇਰੋਂ ।
ਪਵਣ ਨਿਦਾਈਂ ਵਧ ਮਹਬੂਬਾ, ਬੇ-ਤਰਫ਼ੋਂ ਚੌਫੇਰੋਂ ।
ਸੂਰਤ ਹਰਫ਼ੋਂ ਪਾਕ ਨਿਦਾਈਂ, ਕਲਮੋਂ ਪਾਕ ਜ਼ਬਾਨੋਂ ।
ਲੱਖ ਕਰੋੜਾਂ ਕੋਹਾਂ ਦੁਰਾਡੇ, ਪਹੁਤੇ ਵਹਮ ਬਿਆਨੋਂ ।

(ਬਾਲਾਈਓਂ=ਉੱਚਾਈ, ਜ਼ੇਰੋਂ=ਨਿਵਾਣ, ਨਿਦਾਈਂ=ਆਵਾਜ਼ਾਂ,
ਵਹਮ=ਕਲਪਨਾ)


ਜੋ ਡਿੱਠਾ ਸੋ ਡਿੱਠਾ ਆਖ਼ਿਰ, ਜੋ ਪਾਇਆ ਸੋ ਪਾਇਆ ।
ਹੋਰਾਂ ਨੂੰ ਇਤ ਦਖ਼ਲ ਨ ਮੂਲੇ, ਮੁੜ ਪੈਗ਼ੰਬਰ ਆਇਆ ।
ਰਹਮਤ ਨੂਰ ਜਹਾਨ ਖਿਲਾਰੇ, ਮਰਜ਼ਾਂ ਦਿਲਾਂ ਗਵਾਈਆਂ ।
ਡੁਬਦੀਆਂ ਜਾਂਦੀਆਂ ਕੱਢ ਕਰਮ ਥੀਂ, ਬੇੜੀਆਂ ਬੰਨੇ ਲਾਈਆਂ ।
ਗੁੰਮ ਗਇਆਂ ਨੂੰ ਰਾਹ ਦਿਖਾਏ, ਰੋਗ ਕੱਟੇ ਬੀਮਾਰਾਂ ।
ਤਾਰੀਕੀ ਵਿੱਚ ਚਲਦਿਆਂ ਤਾਈਂ, ਮਿਲੀਆਂ ਸ਼ਮ੍ਹਾਂ ਹਜ਼ਾਰਾਂ ।
ਮੰਜ਼ਿਲ ਮਕਸਦ ਛੋੜ ਵਗੇਂਦਿਆਂ, ਵਿੱਚ ਸ਼ਬਿ-ਨਾਦਾਨੀ ।
ਰੋਸ਼ਨ ਰਾਹ ਸਫ਼ਾ ਦਾ ਪਾਇਆ, ਪਾਈ ਦਿਲ ਨੂਰਾਨੀ ।
ਬੇ ਖ਼ਬਰਾਂ ਦੀਆਂ ਬੇਵਸ ਜਾਨਾਂ, ਫਸੀਆਂ ਵਿੱਚ ਹੈਰਾਨੀ ।
ਹੋ ਗ਼ਾਫ਼ਿਲ ਵਿੱਚ ਨਫ਼ਸਿ-ਅਮਾਰਾ, ਰਸਮਿਸ ਹੋਈਆਂ ਫ਼ਾਨੀ ।

(ਕਰਮ=ਬਖ਼ਸ਼ਿਸ਼,ਤਾਰੀਕੀ=ਹਨੇਰਾ)


ਅਸਲ ਭੁੱਲਾ ਗੁੰਮ ਗਈਆਂ ਖੁਦੀ ਥੀਂ, ਅੰਦਰ ਸਰ-ਗਰਦਾਨੀ ।
ਨਫ਼ਸੋਂ ਜਾਤ ਗਵਾਹੀ ਭਰਦੀਆਂ, ਗੌਹਰ ਤੋੜ ਇਨਸਾਨੀ ।
ਅਚਾਚੇਤ ਤਬੀਬਿ-ਹੱਕਾਨੀ, ਖੋਲ੍ਹੇ ਰਾਜ਼ ਨਿਹਾਨੀ ।
ਵੱਲ ਵੱਲ ਮੋੜ ਦਿਲੋਂ ਗੁਮਰਾਹੀ, ਨੂਰ ਦਿੱਤਾ ਇਰਫ਼ਾਨੀ ।
ਵਾਗਾਂ ਵੱਲ ਮਕਸੂਦ ਚਲਾਈਆਂ, ਮੋੜ ਕੁਰਾਹੋਂ ਓਵੇਂ ।
ਵਾਹ ਸੱਯਦਿ-ਸਿਕਲੈਨ ਮੁਹੰਦ, ਤਰ ਗਏ ਆਲਮ ਦੋਵੇਂ ।
ਸਭ ਜਹਾਨ ਇੱਕੋ ਦੀ ਬਰਕਤ, ਨੂਰੋ ਨੂਰ ਦਮਕਿਆ ।
ਫ਼ੈਜ਼ਮੰਦਾਂ ਦੇ ਦਿਲ ਦਾ ਆਈਨਾ, ਫ਼ਰਸ਼ੋਂ ਅਰਸ਼ ਚਮਕਿਆ ।
ਪੇਸ਼-ਕਦਮ ਵਿੱਚ ਆਲਮ ਹੋਇਆ, ਜਿਸ ਨੇ ਉਹ ਰੁਖ਼ ਤਕਿਆ ।
ਹੀਣੇ ਲੇਖ ਧੁਰੋਂ ਜਿਸ ਆਹੇ, ਓਹ ਖੁਦ ਦੇਖ ਨ ਸਕਿਆ ।

(ਤਬੀਬਿ-ਹੱਕਾਨੀ=ਸੱਚੇ ਵੈਦ, ਇਰਫ਼ਾਨੀ=ਬ੍ਰਹਮ ਗਿਆਨ)


ਪਾਵਣਹਾਰਿਆਂ ਸਭ ਕੁਝ ਪਾਇਆ, ਮੁਨਕਿਰ ਗਏ ਅਜ਼ਾਈਂ ।
ਅਹਮਦ ਬਾਝ ਨ ਹੋਂਦੇ ਪੈਦਾ, ਜੱਨਤ-ਜ਼ਾਰ ਕਦਾਹੀਂ ।
ਬਹੁਤ ਸਲਾਮ ਸਲਵਾਤ ਨਬੀ ਤੇ, ਆਲ ਸਣੇ ਅਸਹਾਬਾਂ ।
ਖ਼ਾਸ ਖ਼ਵਾਸ ਅਜ਼ੀਜ਼ਾਂ ਯਾਰਾਂ, ਯਾਰ ਕਬਾਰ ਅਹਬਾਬਾਂ ।
ਸਭ ਥੀਂ ਅੱਵਲ ਬਾਅਦ ਨਬੱਆਂ, ਸੱਦੀਕਾਂ ਵਿੱਚ ਅਕਬਰ ।
ਅਬੂ ਬਕਰ ਬਿਨ ਅਬੀ ਮੁਹਾਫਾ, ਨਾਇਬ ਜਾਇ ਪੈਗ਼ੰਬਰ ।
ਉਮਰ ਖਤਾਬ, ਖਲੀਫ਼ਾ ਸਾਨੀ, ਓਹ ਫ਼ਾਰੂਕ ਪਿਆਰਾ ।
ਜਿਸਦੀ ਤੇਗ਼ ਅਦਾਲਤ ਵਾਲੀ, ਕੀਤਾ ਕਤਲ ਕੁਫ਼ਾਰਾ ।
ਜ਼ੁਲ-ਨੂਰੈਨ ਕਰਨ ਦਾ ਪੂਰਾ, ਉਹ ਫ਼ਾਰੂਕ ਹੱਕਾਨੀ ।
ਹਿਲਮ ਹਯਾ ਗ਼ਿਨਾ ਸਖਾਓਂ, ਹੋਰ ਨ ਉਸਦਾ ਸਾਨੀ ।

(ਮੁਨਕਿਰ=ਮਨਮੁਖ, ਅਹਮਦ=ਹਜ਼ਰਤ ਮੁਹੰਮਦ, ਸਲਵਾਤ=
ਸਲਾਮ,ਅਸ਼ੀਰਵਾਦ, ਆਲ=ਔਲਾਦ,ਕਬੀਲਾ, ਅਸਹਾਬਾਂ=
ਦੋਸਤ, ਸੱਦੀਕਾਂ=ਸੱਚੇ,ਸਿਦਕੀ, ਜਾਇ=ਦੀ ਜਗ੍ਹਾ, ਕੁਫ਼ਾਰ=
ਕਾਫ਼ਿਰ,ਨਾਸਤਿਕ, ਜ਼ੁਲ-ਨੂਰੈਨ=ਹਜ਼ਰਤ ਉਸਮਾਨ, ਹਿਲਮ=
ਨਿਮਰਤਾ)


ਚੌਥਾ ਜ਼ੌਜ ਬਤੂਲ ਬਹਾਦਰ, ਬੂ ਤਾਲਿਬ ਘਰ ਜਾਇਆ ।
ਅਸਦੁੱਲਾ ਅਲ-ਗ਼ਾਲਿਬ ਗ਼ਾਜ਼ੀ, ਅਲੀ ਜੋ ਆਲੀ ਪਾਇਆ ।
ਹਸਨ ਹੁਸੈਨ ਦੋ ਸਾਹਿਬਜ਼ਾਦੇ, ਸ਼ਾਹ ਬਹਿਸ਼ਤ ਜਵਾਨਾਂ ।
ਜ਼ੁਹਰਾਂ ਬਿਨਤ ਨਬੀ ਦੇ ਜਾਏ, ਉਨ੍ਹਾਂ ਵਡੇਰੀਆਂ ਸ਼ਾਨਾਂ ।
ਰਿਜ਼ਵਾਨਿ-ਅੱਲਾ ਹੱਕ ਤਮਾਮਾਂ, ਆਖਾਂ ਲਖ ਲਖ ਵਾਰੀ ।
ਰਫ਼ਜ਼ ਖ਼ਵਾਰਿਜ ਦੋਹੀਂ ਜਹਾਨੀਂ, ਲੈਣ ਫ਼ਜ਼ੀਹਤ ਭਾਰੀ ।
ਹੁੱਬ ਨਬੀ ਦੀ ਆਲ ਅਸਹਾਬਾਂ, ਹੈ ਤਾਸੀਰ ਈਮਾਨੋਂ ।
ਮਨਕਰ ਮੁੱਲ ਗਇਆ ਲੈ ਦੋਜ਼ਖ਼, ਜਾਂਦੀ ਵਾਰ ਜਹਾਨੋਂ ।
ਜਿਨ੍ਹਾਂ ਦਿਲਾਂ ਵਿੱਚ ਗ਼ੀਜ਼ ਸੁਹਾਬਾ, ਹੈਫ਼ ਤਿਨ੍ਹਾਂ ਈਮਾਨੇ ।
ਉਹ ਮਿਸਦਾਕ ਯਗ਼ੀਜ਼ੋ ਬਿਹਮ ਦੇ, ਭਾਵੇਂ ਕਿਸੇ ਜ਼ਮਾਨੇ ।
ਯਾ ਰੱਬ ਨਾਲ ਤੁਫ਼ੈਲਿ-ਹਿਦਾਇਤ, ਬਖ਼ਸ਼ ਅਸਾਂ ਬੁਰਿਆਈਆਂ ।
ਅਫੂ ਕਰਮ ਦਿਆਂ ਵਿੱਚ ਦਰਿਆਵਾਂ, ਸਾਡੀਆਂ ਰੋਹੜ ਕਮਾਈਆਂ ।
ਨੂਰਿ-ਹਿਦਾਇਤ ਕਰੀਂ ਇਨਾਯਤ, ਖ਼ੌਫ਼ ਰਜ਼ਾ ਵਿੱਚ ਰੱਖੀਂ ।
ਇਸ਼ਕੋਂ ਕਰੀਂ ਮੁਨੱਵਰ ਸੀਨਾ, ਰੋਸ਼ਨ ਦਿਲ ਦੀਆਂ ਅੱਖੀਂ ।

(ਜ਼ੌਜ ਬਤੂਲ ਬਹਾਦਰ=ਬਤੂਲ ਦਾ ਪਤੀ,ਬੀਬੀ ਫ਼ਾਤਮਾ ਦਾ ਪਤੀ,
ਅਸਦੁੱਲਾ=ਰੱਬ ਦਾ ਸ਼ੇਰ, ਗ਼ਾਜ਼ੀ= ਸੂਰਮਾ,ਸ਼ਹੀਦ, ਬਿਨਤ=ਸਪੁੱਤ੍ਰੀ,
ਰਿਜ਼ਵਾਨ=ਖ਼ੁਸ਼ੀ, ਖ਼ਵਾਰਿਜ=ਕੱਢੇ ਹੋਏ, ਫ਼ਜ਼ੀਹਤ=ਸ਼ਰਮਿੰਦਗੀ,
ਹੁੱਬ=ਪਿਆਰ, ਗ਼ੀਜ਼=ਗ਼ੈਜ਼,ਗੁੱਸਾ, ਮਿਸਦਾਕ=ਕਹਿਣ ਮੁਤਾਬਿਕ,
ਅਫੂ=ਮਾਫ਼ ਕਰ ਦੇਣਾ, ਮੁਨੱਵਰ=ਰੌਸ਼ਨ)

3. ਇਸ਼ਕ ਦੇ ਬਿਆਨ ਵਿਚ

ਸਾਕੀ ਆਬਿ-ਤਹੂਰ ਤਲਬ ਦਾ, ਜਾਮ ਮਜ਼ੇ ਭਰ ਪਾਈਂ ।
ਦਰਿਆ ਜ਼ੌਕ ਮੁਹੱਬਤ ਵਾਲ, ਘਤ ਦਿਲਾਂ ਵਿਚ ਜਾਈਂ ।
ਚਾ ਹੱਥ ਤੇਗ਼ ਬਿਰਹੋਂ ਦੀ ਖ਼ੂਨੀ, ਚਸ਼ਮ ਉਘਾੜ ਹਜ਼ਾਬੋਂ ।
ਘੁੰਡ ਪਲਟ ਚਮਕ ਦੇ ਇਸ਼ਕਾ, ਮੁਹਰ ਉਤਾਰ ਗੁਲਾਬੋਂ ।
ਮਸਤੀ ਚਸ਼ਮ ਪਿਆਰੇ ਵਾਲੀ, ਜਾਨ ਜਿਗਰ ਖਾ ਜਾਏ ।
ਦਰਦਮੰਦਾਂ ਦੇ ਸੁਣ ਸੁਣ ਹਾਲੇ, ਹੋਵਣ ਦਰਦ ਸਵਾਏ ।
ਗ਼ਮ ਬਿਰਹੋਂ ਦੇ ਖ਼ੂਨੀ ਅਸ਼ਕੋਂ, ਨੈਣ ਰਹਣ ਗੁਲਨਾਰੀ ।
ਜਾਨ ਕਬਾਬ ਨਿਮਕ ਪਰ ਸ਼ੌਕੋਂ, ਦਿਲ ਨੂੰ ਰਹੇ ਖ਼ੁਮਾਰੀ ।
ਦਿਲਿ-ਬੇ-ਇਸ਼ਕ ਨਹੀਂ ਦਿਲ ਮੂਲੇ, ਬੇ ਖ਼ਬਰਾਂ ਵਿਚ ਖ਼ਵਾਬੇ ।
ਤਨ ਬੇ-ਦਰਦ ਦਿਲਾਂ ਦਾ ਮਿੱਟੀ, ਗੁੰਨ੍ਹ ਰਲਾਈਂ ਆਬੇ ।

(ਆਬਿ-ਤਹੂਰ=ਪਵਿੱਤਰ ਪਾਣੀ, ਤਲਬ=ਢੂੰਡ, ਹਜ਼ਾਬੋਂ=
ਪਰਦਾ,ਘੁੰਡ, ਗੁਲਨਾਰੀ=ਅਨਾਰ ਦੇ ਫੁੱਲ ਵਾਂਗ ਲਾਲ)


ਇਸ਼ਕ ਬਿਨਾਂ ਤਨ ਦੁਸ਼ਮਣ ਦਿਲ ਦਾ, ਤੇ ਦਿਲ ਦੁਸ਼ਮਣ ਤਨ ਦਾ ।
ਵੈਰੀ ਨਾਲ ਪਇਓਸ ਵੈਰੇ, ਵਾਸਾ ਖ਼ਾਰ ਚਮਨ ਦਾ ।
ਇਸ਼ਕ ਬਿਨਾ ਤਨ ਮੁਰਦਾ ਗ਼ਾਫ਼ਿਲ, ਕਿਸ ਗਿਣਤੀ ਵਿਚ ਆਵੇ ।
ਇਸ਼ਕ ਦਿਲਾਂ ਨੂੰ ਸਿਕਲ ਗ਼ਮਾਂ ਥੀਂ, ਕਰ ਸ਼ਮਸ਼ੇਰ ਦਿਖਾਵੇ ।
ਮਜ਼ਾ ਨਹੀਂ ਬਿਨ ਇਸ਼ਕੋਂ ਦਿਲ ਨੂੰ, ਨੂਰ ਨਹੀਂ ਰੁਸ਼ਨਾਈ ।
ਗ਼ਮ ਬਿਰਹੋਂ ਦੀ ਲਜ਼ਤ ਬਾਝੋਂ, ਦਿਲ ਨੂੰ ਜ਼ੌਕ ਨ ਕਾਈ ।
ਜ਼ੌਕ ਦਿਲੇ ਨੂੰ ਇਸ਼ਕ ਵਰਾਓਂ, ਸਾਬਿਤ ਕਰੇ ਜੇ ਕੋਈ ।
ਉਸ ਗ਼ਾਫ਼ਿਲ ਨੂੰ ਉਸ ਦਰਗਾਹੇ, ਹਰਗਿਜ਼ ਮਿਲੇ ਨ ਢੋਈ ।
ਵਿੱਚ ਹਜ਼ੂਰ ਦਵਾਮ ਨ ਵੱਸਿਆ, ਨ ਉਸ ਖ਼ਬਰਾਂ ਪਾਈਆਂ ।
ਤਾਂਘਾਂ ਹੋਰ ਵਰਾਹੇ ਵਰਾਹੋਂ, ਉਸ ਦੇ ਹੱਥ ਨ ਆਈਆਂ ।

(ਸਿਕਲ=ਪਾਲਿਸ਼,ਚਮਕ, ਵਰਾਓਂ=ਬਗ਼ੈਰ)


ਬੇ ਖ਼ਬਰਾਂ ਨੂੰ ਖ਼ਬਰ ਨ ਇਸ਼ਕੋਂ, ਕਰਦੇ ਕੂੜ ਦੁਹਾਈਆਂ ।
ਦਰਦਮੰਦਾਂ ਨੂੰ ਬੇ-ਦਰਦਾਂ ਦੀ, ਦਰਦ ਮਿਸਾਲ ਦਵਾਈਆਂ ।
ਦੀਦਾ ਹੋਰ ਸ਼ੁਨੀਦਾ ਦੇ ਵਿਚ, ਜੇਡਕ ਫ਼ਰਕ ਜੁਦਾਈਆਂ ।
ਕਾਲੀਆਂ ਹਾਲੀਆਂ ਦੇ ਵਿਚ ਏਵੇਂ, ਹੱਦਾਂ ਫ਼ਰਕ ਲਗਾਈਆਂ ।
ਬੇ ਦਰਦਾਂ ਦੇ ਦਰਦ ਮੁਸਾਇਬ, ਦਰਦਾਂ ਹੋਰ ਵਧਾਈਆਂ ।
ਓਹਾਂ ਦਰਦਾਂ ਦਰਦਮੰਦਾਂ ਦੇ, ਫੇਰਨ ਦਿਲੀਂ ਸਫ਼ਾਈਆਂ ।
ਨ ਚੀਜ਼ਾਂ ਦੀਆਂ ਚੰਗੀਆਂ ਚੀਜ਼ਾਂ, ਪਾਈਆਂ ਨੇ ਸਭ ਚੀਜ਼ਾਂ ।
ਨਜ਼ਰ ਬੁਲੰਦ ਜਿਨ੍ਹਾਂ ਦੀ ਧਾਈ, ਮਿਲੇ ਮੁਕਾਮ ਅਜ਼ੀਜ਼ਾਂ ।
ਇਸ਼ਕ ਮੁਕਾਮ ਜਮ੍ਹਾ ਦੇ ਸੁੱਟੀਆਂ, ਤਲਵਨੀਆਂ ਤਾਲਮੀਜ਼ਾਂ ।
ਗ਼ਮ ਖ਼ੁਸ਼ੀਆਂ ਇਸ ਦੁਨੀਆਂ ਵਾਲੇ, ਬਣੇ ਗ਼ੁਲਾਮ ਕਨੀਜ਼ਾਂ ।

(ਦੀਦਾ ਹੋਰ ਸ਼ੁਨੀਦਾ=ਅੱਖੀਂ ਡਿੱਠੀ ਚੀਜ਼, ਕਾਲੀਆਂ=ਗੱਲਾਂ
ਕਰਨ ਵਾਲੇ, ਹਾਲੀਆਂ=ਮਸਤੀ ਵਾਲੇ, ਜਮ੍ਹਾ=ਟਿਕਾਊ,
ਤਲਵਨੀਆਂ=ਪਰੇਸ਼ਾਨੀਆਂ)


ਝੱਲ ਅਵੱਲੇ ਰਾਹ ਚਲੇਂਦਿਆਂ, ਇਸ਼ਕੋਂ ਜ਼ਰਬਾਂ ਕਾਰੀ ।
ਹੋ ਤਾਲਿਬ ਲਾਹ ਵੇਖ ਨਕਾਬੋਂ, ਉਸਦੀ ਰਮਜ਼ ਨਿਆਰੀ ।
ਨਾਜ਼ ਨਿਆਜ਼ ਵਿਕੇ ਮੁੱਲ ਚੜ੍ਹ ਕੇ, ਬਿਰਹੋਂ ਦੇ ਬਾਜ਼ਾਰੇ ।
ਇਹ ਮੁਜ਼ਜਾਤ ਬਿਜ਼ਾਅਤ ਜਾਨਾਂ, ਰਹਣ ਪਈਆਂ ਵਿਚਕਾਰੇ ।
ਇਸ਼ਕ ਅੰਧੇਰੀ ਜਾਂ ਸਿਰ ਝੁੱਲੇ, ਖਾਵਣ ਜਿਗਰ ਹੁਲਾਰੇ ।
ਖੁਦੀ ਤਕੱਬੁਰ ਮਾਨ ਗ਼ਰੂਰਤ, ਜਾਣ ਪਲਕ ਵਿਚ ਮਾਰੇ ।
ਇਸ਼ਕ ਕਰਮ ਦਾ ਕਤਰਾ ਅਜ਼ਲੀ, ਤੈਂ ਮੈਂ ਦੇ ਵੱਸ ਨਾਹੀਂ ।
ਇਕਨਾਂ ਲਭਦਿਆਂ ਹੱਥ ਨ ਆਵੇ, ਇਕਨਾਂ ਦੇ ਵਿਚ ਰਾਹੀਂ ।
ਕਰੇਂ ਤਲਬ ਜੇ ਸਾਦਿਕ ਸਿਦਕੋਂ, ਤਾਂ ਭੀ ਰਹੇ ਨ ਹਾਵਾ ।
ਯਾਰੀਆਂ ਵਿਚ ਦੁਸ਼ਵਾਰੀਆਂ ਝਲਦਿਆਂ, ਰਹੇ ਨ ਦਿਲ ਪਛਤਾਵਾ ।

(ਜ਼ਰਬਾਂ=ਸੱਟਾਂ, ਮੁਜ਼ਜਾਤ=ਤੁੱਛ, ਬਿਜ਼ਾਅਤ=ਮਾਲ-ਮੱਤਾ,
ਤਕੱਬੁਰ=ਅਹੰਕਾਰ, ਅਜ਼ਲੀ=ਅਨਾਦੀ,ਸ਼ੁਰੂ ਤੋਂ, ਹਾਵਾ=
ਅਫ਼ਸੋਸ)


ਮੁਸ਼ਕਲ ਇਹ ਦੁੱਖਾਂ ਦੀ ਘਾਟੀ, ਔਖੀਆਂ ਇਸਦੀਆਂ ਵਾਟਾਂ ।
ਬਹਰਿ-ਇਸ਼ਕ ਇਹੀ ਬੇ-ਪਾਯਾ, ਠਾਠ ਚੜ੍ਹੰਦੀਆਂ ਲਾਟਾਂ ।
ਇਕਨਾਂ ਖਪਦਿਆਂ ਉਮਰ ਗਵਾਈ, ਪੱਲੇ ਪਇਆ ਨ ਕਾਈ ।
ਇਕਨਾਂ ਹੋਸ਼ ਜਦੋਕੀ ਆਈ, ਇਹ ਨਿਅਮਤ ਘਰ ਪਾਈ ।
ਬੇਦਰਦਾਂ ਦੀਆਂ ਇਸ਼ਰਤ ਖ਼ੁਸ਼ੀਆਂ, ਲੱਜ਼ਤ ਨਾਜ਼ ਅਦਾਈਆਂ ।
ਦਰਦਮੰਦਾਂ ਦੇ ਦਿਲੀਂ ਕਦਾਈਂ, ਵਿਚ ਸ਼ੁਮਾਰ ਨ ਆਈਆਂ ।
ਇਸ ਗਰਦਾਬ ਨ ਹਾਥ ਕਦਾਈਂ, ਗ਼ੁੰਮ ਗਈਆਂ ਵਿਚ ਜ਼ਾਤਾਂ ।
ਬਾਅਦ ਦੁੱਖਾਂ ਸੁੱਖ ਮਿਲਦੇ ਆਹੇ, ਦਿਨ ਰੋਸ਼ਨ ਵਿਚ ਰਾਤਾਂ ।
ਆਤਿਸ਼ ਇਸ਼ਕ ਦੁੱਖਾਂ ਦਾ ਦੋਜ਼ਖ਼, ਜਲ ਬਲ ਹੋ ਅੰਗਿਆਰਾ ।
ਹੋ ਕੇ ਅੱਗ ਸਮਾ ਵਿਚ ਆਤਿਸ਼, ਤਾਂ ਪਾਵੇਂ ਛੁਟਕਾਰਾ ।

(ਬਹਰਿ-ਇਸ਼ਕ=ਇਸ਼ਕ ਦਾ ਸਮੁੰਦਰ, ਬੇ-ਪਾਯਾ=ਅਥਾਹ,
ਗਰਦਾਬ=ਭੰਵਰ,ਘੁੰਮਣਘੇਰੀ)


ਬਲਦੀਆਂ ਰਹਣ ਜਿਗਰ ਵਿਚ ਲਾਟਾਂ, ਭਖ ਭਖ ਸ਼ੌਕ ਵਸਾਲੋਂ ।
ਸਿੱਰ ਰਹੇ ਇੱਕ ਸਭ ਕੁਝ ਜਾਵੇ, ਟੁੱਟ ਤਅਲੁਕ ਹਾਲੋਂ ।
ਇਸ ਦੁਨੀਆਂ ਦੀ ਗਰਦਨ ਉੱਤੇ, ਕਦਮ ਧਰੇ ਲੰਘ ਜਾਵੇ ।
ਬਹਰ-ਤਲਬ ਦੇ ਰੁੜ੍ਹਿਆ ਜਾਂਦਾ, ਲੋਕਾਂ ਨਜ਼ਰ ਨ ਆਵੇ ।
ਝਾਲ ਝੱਲੇ ਤਲਵਾਰ ਬਿਰਹੋਂ ਦੀ, ਕਦਮ ਨ ਮੋੜ ਹਟਾਵੇ ।
ਤੇਗ਼ ਵਗੇ ਪਰ ਪੈਰ ਅਗਾਂਹ ਹੀ, ਜ਼ਖ਼ਮੋਂ ਖ਼ਬਰ ਨ ਪਾਵੇ ।
ਗੁੱਝੀ ਰਮਜ਼ ਵਗੇ ਅਜ਼ਗੈਬੋਂ, ਲੁੱਟ ਜਿਗਰ ਲੈ ਜਾਵੇ ।
ਖੁੱਭਾ ਤੀਰ ਕਲੇਜੇ ਰੜਕੇ, ਖ਼ੂਨ ਵਗੇ ਦਰਿਆਵੇ ।
ਚਸ਼ਮ ਉਲਾਰੇ ਕਰੇ ਨਜ਼ਾਰੇ, ਸ਼ੌਂਕ ਰਹੇ ਤਨ ਮਾਰੇ ।
ਜੀਵੰਦਿਆਂ ਜੇ ਜ਼ਿੰਦਾ ਹੋਵੇ, ਜਲੇ ਬਿਰਹੋਂ ਦੀ ਨਾਰੇ ।

(ਵਸਾਲ=ਮੇਲ, ਸਿੱਰ=ਭੇਦ, ਅਜ਼ਗੈਬੋਂ=ਲੁਕੇ ਹੋਏ ਖੰਡਾਂ
ਤੋਂ, ਨਾਰੇ=ਅੱਗ)


ਅੱਗ ਵਰ੍ਹੇ ਸਿੱਰ ਨਜ਼ਰ ਨ ਪਾਵੇ, ਬੈਠ ਇਕੱਲਾ ਰੋਵੇ ।
ਨੈਣ ਵਗਣ ਦੋ ਨਹਰਾਂ ਵਾਂਗੂੰ, ਖ਼ੂਨ ਜਿਗਰ ਥੀਂ ਧੋਵੇ ।
ਵਿਚ ਉਡੀਕਾਂ ਵਕਤ ਵਿਹਾਵੇ, ਵਸਲ ਮਿਲਣ ਦੀ ਤਾਂਘੇ ।
ਗਰਦ-ਗ਼ੁਬਾਰ ਇਮਕਾਨੇ ਸਾਰਾ, ਗੁਜ਼ਰੇ ਇੱਕਤ ਉਲਾਂਘੇ ।
ਜਿਸਨੂੰ ਇਸ਼ਰਤ ਕਹੇ ਲੋਕਾਈ, ਇਹ ਉਸ ਥੀਂ ਮੂੰਹ ਮੋੜੇ ।
ਹਫ਼ਤ ਕਦਮ ਤੈਰਾਨ ਅੱਗੇ ਥੀਂ, ਜਜ਼ਬ ਪਵੇ ਨ ਛੋੜੇ ।
(ਹਿੱਮਤ ਕਦਮ ਹੈਰਾਨ ਨ ਹੋਵੇ, ਹਰਗਿਜ਼ ਕਲਬ ਨ ਛੋੜੇ)
ਕਲਬ ਨ ਛੋੜੇ ਕਾਲਿਬ ਤੋੜੇ, ਦੋ ਦਮ ਵਿਚ ਵਿਛੋੜੇ ।
ਦਾਇਮ ਅੰਤ ਮਿਲਣ ਸੁਖ ਸਾਰੇ, ਦਰਦ ਝੱਲੇ ਦਿਨ ਥੋੜ੍ਹੇ ।
ਪੀਵੇ ਘੋਲ ਪਿਆਲੇ ਜ਼ਹਰੋਂ, ਮਸਤੀ ਚੜ੍ਹੇ ਸਵਾਈ ।
ਵੱਜੇ ਤੇਗ਼ ਕਹੇ ਬਿਸਮਿੱਲਾ, ਇਹ ਮਹਬੂਬ ਲਗਾਈ ।

(ਇਮਕਾਨੇ=ਜੋ ਕੁਝ ਸੰਭਵ ਹੈ, ਕਲਬ=ਦਿਲ, ਕਾਲਿਬ=
ਸਰੀਰ, ਬਿਸਮਿੱਲਾ=ਅੱਲ੍ਹਾ ਦੇ ਨਾਂ,ਸ਼ੁਕਰ ਕਰਨਾ)


ਛੁੱਟੇ ਤੀਰ ਕਮਾਨ ਬਿਰਹੋਂ ਦਾ, ਹੋ ਕੇ ਪੇਸ਼ ਖਲੋਵੇ ।
ਜਿਉਂ ਜਿਉਂ ਜ਼ਖ਼ਮ ਵੱਜਣ ਵਿਚ ਸੀਨੇ, ਢੁੱਕ ਅਗਾੜੀ ਹੋਵੇ ।
ਮਰਹਮ ਜ਼ਖ਼ਮ ਦਿਲੇ ਦੀ ਲੱਭੇ, ਵਸਲੋਂ ਬਾਝ ਨ ਕਾਈ ।
ਕਾਲੀਆਂ ਰਾਤਾਂ ਬਹ ਬਹ ਕੱਟੇ, ਅੰਦਰ ਸੋਜ਼ ਜੁਦਾਈ ।
ਭਰ ਭਰ ਦੇਵੇ ਜ਼ੌਕ ਪਿਆਲੇ, ਸਾਕੀ ਨੂਰ ਕਦਮ ਦਾ ।
ਹਰ ਦਮ ਸ਼ੌਕ ਸ਼ਹੂਦ ਸੱਜਣ ਦਾ, ਤੋੜੇ ਨੁਕਸ ਅਦਮ ਦਾ ।
ਭਰਿਆ ਨੂਰ ਮੰਗੇ ਘਰ ਖ਼ਾਲੀ, ਰੈਣ ਕੱਟੇ ਬਹ ਕਾਲੀ ।
ਦਾਮ ਗਲੇ ਘਤ ਸ਼ੌਕੋਂ ਹੱਥੀਂ, ਵਿੰਗੀਆਂ ਜ਼ੁਲਫ਼ਾਂ ਵਾਲੀ ।
ਚਸ਼ਮ ਉਘਾੜ ਨਿਗਾਹ ਗੁਜ਼ਾਰੇ, ਨਜ਼ਰ ਪਵਣ ਆਈਨੇ ।
ਮਜ਼ਹਰ ਨੂਰ ਪਿਆਰੇ ਵਾਲਾ, ਠੰਢ ਘੱਤੇ ਵਿਚ ਸੀਨੇ ।

(ਸੋਜ਼=ਕਸਕ, ਸ਼ਹੂਦ=ਜਲਵਾ, ਦਾਮ=ਜਾਲ, ਆਈਨਾ=
ਸ਼ੀਸ਼ਾ, ਮਜ਼ਹਰ=ਪ੍ਰਗਟ ਹੋਣ ਦੀ ਜਗ੍ਹਾ)


ਰਹੇ ਉਦਾਸੀ ਵਿਚ ਜੁਦਾਈ, ਵਸਲ ਮੰਗੇ ਸੌ ਵਾਰੀ ।
ਜਾਂ ਪਯਾਮ ਮਿਲਣ ਦਾ ਪਾਵੇ, ਗ਼ਾਲਿਬ ਰਹੇ ਖ਼ੁਮਾਰੀ ।
ਵਿੱਚ ਖ਼ੁਮਾਰ ਸ਼ਰਾਬ ਵਸਲ ਦੇ, ਦੋ ਤਿੰਨ ਮਿਲਣ ਪਿਆਲੇ ।
ਸਿਰ ਦਰਦੀ ਛੱਡ ਹੋਸ਼ ਸੰਭਾਲੇ, ਪਾਵੇ ਜ਼ੌਕ ਵਸਾਲੇ ।
ਆਲਿਮਿ-ਇਸ਼ਕ ਅਜਬ ਮਨ ਭਾਂਦੀਆਂ, ਸਿਕਲ ਕਰੇ ਤਲਵਾਰਾਂ ।
ਬਿਨ ਇਸ਼ਕੋਂ ਮੈਂ ਸੁਣੀਆਂ ਕਿਤਨੀ, ਗਾਲ ਘੱਤੀ ਜ਼ੰਗਾਰਾਂ ।
ਇਸ਼ਕ ਚੰਗਾ ਪਰ ਔਖੇ ਪੈਂਡੇ, ਮਰਦ ਹੋਵੇ ਦੁੱਖ ਝੱਲੇ ।
ਵਾਟ ਚੱਲੇ ਦੁੱਖ ਪਾਵਣ ਵੇਲੇ, ਚੁੱਪ ਰਹੇ ਦਮ ਠੱਲੇ ।
ਇਸ਼ਕ ਕਟਾਰ ਅਜਬ ਹੈ ਖ਼ੂਨੀ, ਆਣ ਵੱਜੇ ਸਿਰ ਕਾਰੀ ।
ਦਾਗ਼ ਭਰੇ ਗੁਲ-ਲਾਲਿਆਂ ਵਾਲੇ, ਸ਼ਕਲ ਰਹੇ ਦਿਲ ਸਾਰੀ ।

(ਪਯਾਮ=ਸੁਨੇਹਾ, ਆਲਿਮਿ=ਜਾਣਨ ਵਾਲਾ, ਜ਼ੰਗਾਰ=ਜੰਗਾਲ,
ਗੁਲ-ਲਾਲਾ=ਲਾਲ ਰੰਗਾ ਪੋਸਤ ਦਾ ਫੁੱਲ)


ਇਸ਼ਕ ਬਹਾਰ ਕਦੀਮ ਅਜੇਹੀ, ਗੁਲੋਂ ਨ ਰੰਗਤ ਡੋਲੇ ।
ਬੇਇਸ਼ਕਾਂ ਦੀਆਂ ਵਿੱਚ ਗੁਲਜ਼ਾਰਾਂ, ਵਗਣ ਖਿਜ਼ਾਂ ਦੇ ਝੋਲੇ ।
ਬਾਝੋਂ ਇਸ਼ਕ ਹਯਾਤੀ ਨਾਹੀਂ, ਦਰਦ ਗ਼ਮਾਂ ਦੀ ਕਾਤੀ ।
ਏਦੋਂ ਭਲਾ ਏਹੀ ਲੱਖ ਵਾਰੀ, ਤੇਗ਼ ਵੱਜੇ ਵਿੱਚ ਛਾਤੀ ।
ਖਾ ਤਲਵਾਰ ਬਿਰਹੋਂ ਦੀ ਕਾਰੀ, ਤੇ ਉਹ ਛੁੱਟ ਨ ਜਾਵੇ ।
ਹੋ ਜ਼ਿਬਹ ਪਾ ਅੱਖੀਂ ਪਰਦਾ, ਤਾਂ ਦਿਲਬਰ ਹੱਥ ਆਵੇ ।
ਵਾਹਵਾ ਇਸ਼ਕ ਕਿਆ ਈ ਚੰਗਾ, ਜਿਸ ਵਿੱਚ ਕੁੱਲ ਅਜ਼ਾਦੀ ।
ਇਸ ਦੁਨੀਆਂ ਦੇ ਵਿੱਚ ਗ਼ਮਾਂ ਦੇ, ਝੱਲੇ ਮਤਾਂ ਬਰਬਾਦੀ ।
ਮਰਦਾ ਡਰਦਾ ਨੱਸ ਨ ਜਾਈਂ, ਦੇਖ ਚਮਕਦੀਆਂ ਤੇਗ਼ਾਂ ।
ਨੱਸੇ ਜਾਂਦੇ ਖ਼ੁਦ ਪਛਤਾਂਦੇ, ਮਰਦੇ ਨਾਲ ਦਰੇਗ਼ਾਂ ।

(ਹਯਾਤੀ=ਜ਼ਿੰਦਗੀ, ਕਾਤੀ=ਛੁਰੀ, ਜ਼ਿਬਹ=ਕਤਲ)


ਮਸ਼ਹਦਿ-ਇਸ਼ਕ ਸ਼ਹਾਦਤ ਅਕਬਰ, ਕਤਲ ਹੋਵੇਂ ਇਕ ਵਾਰੀ ।
ਕਸਮ ਦਿਲਾ ਧਰ ਪੈਰ ਨ ਪਿੱਛੇ, ਜ਼ਖ਼ਮ ਇਕਾ ਝਲਕਾਰੀ ।
ਆ ਇਸ਼ਕਾ ਹੁਣ ਤੇਰਾ ਵੇਲਾ, ਨੋਕ ਕਲਮ ਚੜ੍ਹ ਰਸਨਾ ।
ਪੈ ਚੱਲੀਆਂ ਜੱਗ ਤੇਰੀਆਂ ਵਾਰਾਂ, ਕਦ ਤੋੜੀ ਛੁਪ ਵੱਸਨਾ ।
ਚਾ ਤੂਫ਼ਾਨ ਕਲਮ ਦਾ ਕਾਈ, ਰੁੜ੍ਹਦਿਆਂ ਹੋਰ ਰੁੜ੍ਹਾਈਂ ।
ਰੋਂਵਦਿਆਂ ਦੀ ਅੱਖੀਂ ਵਿਚਦੀ, ਬੇੜੀਆਂ ਤਾਰ ਵਿਖਾਈਂ ।
ਧੀਰੀਆਂ ਧਾਰ ਧਰੀਂ ਤਲਵਾਰੇ, ਜੇ ਦਿਲ ਵਗਣ ਕਿਦਾਈਂ ।
ਮਹਬੂਬੇ ਦੇ ਨਾਜ਼ ਨਿਹੋਰੇ, ਤਾ ਨ ਜਾਣ ਅਜਾਈਂ ।
ਵਾਹ ਇਸ਼ਕਾ ਵਿੱਚ ਤੇਰੀਆਂ ਰਮਜ਼ਾਂ, ਜੋਸ਼ ਖੁੱਲ੍ਹਣ ਮਨ ਭਾਣੇ ।
ਗ਼ਮ ਖ਼ੁਸ਼ੀਆਂ ਪੁਰ ਵਾਰੇ ਜਾਵਣ, ਜਾਂ ਘਰ ਮਿਲਣ ਟਿਕਾਣੇ ।

(ਦਰੇਗ਼=ਅਫ਼ਸੋਸ, ਮਸ਼ਹਦਿ=ਸ਼ਹੀਦ ਹੋਣ ਦੀ ਜਗ੍ਹਾ,
ਧੀਰੀਆਂ=ਪਲਕਾਂ)


ਜ਼ੁਲਫ਼ ਸਿਆਹ ਦੀਆਂ ਕਾਲੀਆਂ ਰਾਤੀਂ, ਦਿਲਬਰ ਦੇ ਦਰਬਾਰੇ ।
ਦਾਇਮ ਬਕਾ ਦੇ ਖ਼ਲਵਤ ਖ਼ਾਨੇ, ਵਸਲੋਂ ਕਰਾਂ ਨਿਤਾਰੇ ।
ਤੇ ਆਸ਼ਕ ਦੀ ਜ਼ਾਤ ਸਿਫ਼ਾਤੋਂ, ਜ਼ਖ਼ਮ ਝਲਕਣ ਤਾਰੇ ।
ਗ਼ਮਜ਼ੇ ਤੇਜ਼ ਅਦਾਈਂ ਨਾਜ਼ਕ, ਤੀਰ ਛੁੱਟਣ ਵਿਚਕਾਰੇ ।
ਆ ਵਿੱਚ ਕੁਰਬ ਖ਼ੁਦੀ ਛੁੱਟ ਜਾਵੇ, ਗ਼ੈਰੋਂ ਵੱਸੇਂ ਕਿਨਾਰੇ ।
ਵਿੱਚ ਹਜ਼ੂਰ ਗ਼ੱਯੂਰ ਪਿਆਰੇ, ਗ਼ੈਰਤ ਗ਼ੈਰਾਂ ਮਾਰੇ ।
ਦਿਲ ਵਿੱਚ ਗ਼ੈਰ ਨ ਗੁਜ਼ਰੇ ਹਰਗਿਜ਼, ਜੇ ਲੱਖ ਸਾਲ ਗੁਜ਼ਾਰੇ ।
ਗ਼ੈਰਾਂ ਵਾਂਗ ਵਗੇ ਛੱਡ ਏਥੇ, ਹਸਨਾਤੁਲ ਅਬਰਾਰੇ ।
ਅੱਖੀਂ ਗੋਸ਼ ਜਵਾਹਰ ਵੱਲੋਂ, ਲਹਰ ਵਗੇ ਇਕ ਸਾਰੇ ।
ਗੋਸ਼ੋਂ ਧਰ ਆਗ਼ੋਸ਼ ਉਮੀਦਾਂ, ਸਾਰੇ ਭਾਰ ਉਤਾਰੇ ।
ਆਖ਼ਿਰ ਅੰਤ ਨਹੀਂ ਫਿਰ ਉਸਦਾ, ਮਿਲਦੇ ਰਹਣ ਹੁਲਾਰੇ ।
ਤੇ ਇਸ ਹਾਲ ਜ਼ਬਾਨ ਨ ਮਹਰਮ, ਦਿਲ ਦੇ ਰਾਜ਼ ਨਿਆਰੇ ।
ਵਿਚ ਚਮਕਾਂ ਮੈਂ ਵੈਰੀਆਂ ਤਾਈਂ, ਛੋੜ ਤੇਰੇ ਵਲ ਆਵਾਂ ।
ਜੇ ਨ ਨਜ਼ਰ ਕਰਮ ਦੀ ਬਦਲੇਂ, ਤਾਂ ਕਿਉਂ ਅਉਘਟ ਜਾਵਾਂ ।

(ਦਾਇਮ=ਹਮੇਸ਼ਾ, ਬਕਾ=ਬਾਕੀ ਰਹਿਣਾ, ਖ਼ਲਵਤ=ਇਕੱਲ,
ਗ਼ਮਜ਼ੇ=ਟੇਢੀ ਨਜ਼ਰ, ਕੁਰਬ=ਨੇੜੇ, ਗ਼ੱਯੂਰ=ਅਣਖ ਵਾਲਾ,
ਹਸਨਾਤੁਲ ਅਬਰਾਰੇ=ਨੇਕ ਲੋਕਾਂ ਵਾਲੀਆਂ ਖ਼ੂਬੀਆਂ, ਜਵਾਹਰ=
ਸਰੀਰ ਦੇ ਅੰਗ, ਆਗ਼ੋਸ਼=ਗੋਦ=ਕਲਾਵਾ, ਅਉਘਟ=ਔਖੀ
ਘੜੀ)


4. ਕਿਤਾਬ ਰਚਨ ਦਾ ਕਾਰਣ

ਮੈਂ ਪਰਵਰਦਾ ਇਸ਼ਕ ਸੁਖ਼ਨ ਦਾ, ਜਾਂ ਗ਼ਫ਼ਲਤ ਵਿੱਚ ਆਇਆ ।
ਮੁਦਤ ਵਿੱਚ ਹਿਜਾਬ ਗ਼ਮਾਂ ਦੇ, ਮੇਰਾ ਵਕਤ ਵਿਹਾਇਆ ।
ਡੂੰਘੇ ਜ਼ਖ਼ਮ ਜਿਗਰ ਵਿੱਚ ਰੜਕੇ, ਹੋ ਹੋ ਅੰਤ ਪੁਰਾਣੇ ।
ਚਾ ਹੱਥ ਤੇਗ਼ ਜਫ਼ਾਕਸ਼ ਬਿਰਹੋਂ, ਡਿੱਠਾ ਖੜ੍ਹਾ ਸਿਰਹਾਣੇ ।
ਦਰਿਆਵਾਂ ਦੀਆਂ ਲਹਰਾਂ ਵਾਂਗੂੰ, ਨੈਣ ਖੁਲ੍ਹੇ ਪਰਣਾਲੇ ।
ਡੁਬ ਡੁਬ ਗਏ ਗ਼ਮਾਂ ਦੇ ਬੇੜੇ, ਭਰੇ ਮੁਸੀਬਤ ਵਾਲੇ ।
ਗ਼ਰਕ ਗਏ ਦੀ ਗ਼ਫ਼ਲਤ ਖ਼ਵਾਬੇ, ਆਬ ਸਿਰੋਂ ਵਹ ਚੱਲਿਆ ।
ਜਾਗ ਪਿਆਰੇ ਕੇਡਕ ਸੁੱਤੋਂ, ਇਸ਼ਕ ਸੁਨੇਹਾ ਘੱਲਿਆ ।
ਤਪਦੀਆਂ ਅੱਖੀਂ ਜਿਗਰ ਤੜਪਦਾ, ਉੱਠਿਆ ਅੱਬੜ-ਵਾਹਿਆ ।
ਦਿਲ ਥੀਂ ਨੂਰ ਚਮਕਦਾ ਪਾਇਆ, ਯੂਸੁਫ਼ ਨਜ਼ਰੀਂ ਆਇਆ ।

(ਇਸ਼ਕ ਸੁਖ਼ਨ=ਸ਼ਿਅਰੋ ਸ਼ਾਇਰੀ, ਹਿਜਾਬ=ਪਰਦਾ,
ਜਫ਼ਾਕਸ਼=ਨਿਰਦਈ)


ਕਨਆਨੀ ਪੈਗ਼ੰਬਰਜ਼ਾਦਾ, ਤੇ ਖੁਦ ਨਬੀ ਖ਼ੁਦਾ ਦਾ ।
ਮਹਬੂਬਾਂ ਵਿਚ ਜਿਸਦਾ ਸਾਨੀ, ਨ ਕੋ ਸਰਵਿ-ਆਜ਼ਾਦਹ ।
ਨੂਰ ਫ਼ਸ਼ਾਂ ਪੇਸ਼ਾਨੀਓਂ ਦਮਕੇ, ਸਤਹ ਫ਼ਲਕ ਦਾ ਸਾਰਾ ।
ਨੂਰ ਰੁਖ਼ੋਂ ਜੈਂ ਖ਼ਲਕ ਪੁਕਾਰਾ, ਨਾਮ ਲਇਆਂ ਛੁਟਕਾਰਾ ।
ਹੋਸ਼ ਸੰਭਾਲ ਕਲਮ ਚਾ ਬੈਠੀ, ਕਸਦੋਂ ਵਾਗ ਚਲਾਈ ।
ਆਤਿਸ਼ ਦਿਲ ਦੀ ਚਾਹੜ ਅਲੰਬੇ, ਵਰਕਾਂ ਵਿੱਚ ਵਗਾਈ ।
ਕਸਦ ਮੇਰੇ ਨੂੰ ਪੂਰਾ ਕਰਸੀ, ਪੂਰਾ ਕਰਨੇਹਾਰਾ ।
ਮਦਦ ਮੰਗਾਂ ਮੈਂ ਅੱਲ੍ਹਾ ਕੋਲੋਂ, ਜੈਂ ਦਰ ਬਾਝ ਨ ਚਾਰਾ ।
ਨਜ਼ਮ ਲੜੀ ਵਿੱਚ ਲੁਗਤ ਪੰਜਾਬੀ, ਮੋਤੀ ਇਸ਼ਕ ਪਰੋਵਾਂ ।
ਦਿਨ ਕਾਈ ਵਿੱਚ ਬਹਰ ਬਿਰਹੋਂ ਦੇ, ਦਾਗ਼ ਦਿਲੇ ਦੇ ਧੋਵਾਂ ।

(ਸਰਵਿ-ਆਜ਼ਾਦਹ=ਸਰੂ ਦਾ ਲੰਮਾ ਉੱਚਾ ਬੁਟਾ, ਰੁਖ਼ੋਂ=
ਚਿਹਰੇ ਤੋਂ, ਸਤਹ=ਛੱਤ, ਫ਼ਲਕ=ਅਸਮਾਨ, ਖ਼ਲਕ=ਲੋਕਾਂ
ਨੇ, ਕਸਦ=ਇਰਾਦਾ, ਆਤਿਸ਼=ਅੱਗ, ਲੁਗਤ=ਸ਼ਬਦ,ਬੋਲੀ)

ਮਤ ਕੁਝ ਕਰੇਂ ਤਅੱਜੁਬ ਕਾਰੀ, ਵੇਖ ਅਜਾਇਬ ਹਾਲੇ ।
ਤੇ ਮਤ ਆਖੇਂ ਆਪ ਬਣਾਵਣ, ਸ਼ਿਅਰ ਬਣਾਵਣ ਵਾਲੇ ।
ਇਸ ਵਿੱਚ ਮਤਲਬ ਖ਼ਾਸ ਕੁਰਾਨੋਂ, ਸੂਰਤ ਯੂਸੁਫ਼ ਵਾਲੀ ।
ਸਭ ਤਫ਼ਸੀਰ ਹਦੀਸਿ ਨਬੀਓਂ, ਕਹੀ ਅਮਾਮ ਗ਼ਜ਼ਾਲੀ ।
ਦਿਲ ਵੱਚ ਸ਼ੱਕ ਕਰੇਂ ਮਤ ਇਸ ਥੀਂ, ਪਵੇ ਨ ਦੀਨ ਤਬਾਹੀ ।
ਉਸ ਦਿਆਂ ਹੱਕ ਬਿਆਨਾਂ ਉੱਤੇ, ਖ਼ਾਸ ਕੁਰਾਨ ਗਵਾਹੀ ।
ਵਿੱਚ ਕੁਰਾਨ ਖ਼ੁਦਾ ਇਹ ਕਿੱਸਾ, ਅਹਸਨ ਕਰ ਫ਼ਰਮਾਇਆ ।
ਜੈਂ ਖ਼ੁਦ ਆਪ ਸਰਾਹੇ ਖ਼ਾਲਿਕ, ਰਲੇ ਨ ਝੂਠ ਰਲਾਇਆ ।
ਅਹਸਨ ਥੀਂ ਕੀ ਹੋਰ ਬਣਾਵੇ, ਜੇ ਕੋ ਝੂਠ ਰਲਾਵੇ ।
ਏਥੇ ਅਹਸਨ ਅਕਜ਼ਬ ਹੋ ਕੇ, ਐਬ ਸੁਖ਼ਨ ਨੂੰ ਲਾਵੇ ।

(ਸੂਰਤ=ਕੁਰਾਨ ਦੀ ਆਇਤ, ਤਫ਼ਸੀਰ=ਵਿਆਖਿਆ,
ਹੱਕ=ਸੱਚੇ, ਅਹਸਨ=ਸਭ ਤੋਂ ਸੋਹਣਾ,ਸ੍ਰੇਸ਼ਟ, ਅਕਜ਼ਬ=
ਝੂਠਾ)


ਜੇਕਰ ਝੂਠ ਕਰੇ ਵਿੱਚ ਦਾਖ਼ਿਲ, ਰਾਹ ਚੱਲੇ ਗੁਮਰਾਹੀ ।
ਉਸਦੇ ਜੇਡ ਤਬਾਹੀ ਵਾਲਾ, ਕੇਡਕ ਹੋਰ ਗੁਨਾਹੀ ।
ਖ਼ਾਮ ਰਵਾਇਤ ਮੈਂ ਵਿੱਚ ਇਸਦੇ, ਦਾਖਿਲ ਕਰਾਂ ਨ ਮੂਲੇ ।
ਹੋਵੇ ਖ਼ਤਾ ਸਵਾਰਨਿ-ਸਾਲਿਹ, ਸਾਹਿਬ ਅਜਜ਼ ਕਬੂਲੇ ।
ਹੈ ਪਰ ਜਿਵੇਂ ਤਕਾਜ਼ਾ ਸ਼ਿਅਰੋਂ, ਨੁਗਜ਼ ਸੁਖ਼ਨ ਦਿਲ ਖਾਵੇ ।
ਬੇ-ਤਾਵੀਲ ਖ਼ਤਾ ਵਲ ਕੋਈ, ਮਤਾਂ ਕਲਮ ਲੈ ਜਾਵੇ ।
ਮਤਲਬ ਫੌਤ ਨ ਹੋਵੇ ਭਾਰਾ, ਤੇ ਕਮ ਬੇਸ਼ੋਂ ਖਾਲੀ ।
ਜ਼ਾਹਿਰ ਬਾਤਨ ਨਾਲ ਅਦਬ ਦੇ, ਸਮਝੇ ਰਮਜ਼ ਨਿਰਾਲੀ ।
ਜ਼ਿਕਰ ਕਰੇਂਦਿਆਂ ਹਾਲ ਨਬੀਆਂ, ਫ਼ਰਜ਼ ਅਦਬ ਦੀਆਂ ਜਾਈਂ ।
ਆਪਣੇ ਐਬ ਨ ਕੱਢ ਸਿਰ ਲਾਵਣ, ਪਾਕ ਸਫ਼ੀਆਂ ਤਾਈਂ ।

(ਖ਼ਾਮ=ਕੱਚੇ, ਸਵਾਰਨਿ-ਸਾਲਿਹ=ਨੇਕ ਸਵਾਰ, ਨੁਗਜ਼=
ਅਦਭੁਤ, ਬੇ-ਤਾਵੀਲ=ਬਿਨਾ ਗੁੱਝੇ ਅਰਥਾਂ ਵਲ ਜਾਣ ਦੇ,
ਰਮਜ਼=ਭੇਦ, ਜਾਈਂ=ਥਾਵਾਂ, ਸਫ਼ੀਆਂ=ਪਵਿੱਤਰ ਵਿਅਕਤੀ)


ਇਫ਼ਰਾਤੋਂ ਤਫ਼ਰੀਤੋਂ ਖ਼ਾਲੀ, ਤੁਹਮਤ ਜ਼ਿਕਰ ਨ ਕਾਈ ।
ਅਸਲ ਕਲਾਮ ਮੁਅੱਸਰ ਇਸ਼ਕੋਂ, ਖੋਲ੍ਹੇ ਨੂਰ ਸਫ਼ਾਈ ।
ਇਹ ਤਫ਼ਸੀਰਿ-ਗ਼ਜ਼ਾਲੀ ਵਿੱਚੋਂ, ਅਕਸਰ ਮਤਲਬ ਪਾਏ ।
ਹਾਲ ਜ਼ੁਲੈਖ਼ਾਂ ਜਾਮੀ ਕੋਲੋਂ, ਜਿਉਂ ਸੁਣਨੇ ਵਿੱਚ ਆਏ ।
ਮੂਸਾ ਦੀ ਤੌਰੇਤ ਜੋ ਅੱਜ ਕਲ, ਹੈ ਮਸ਼ਹੂਰ ਇਥਾਈਂ ।
ਬਾਅਜ਼ ਇਆਨਤ ਇਸ ਥੀਂ ਪਕੜੀ, ਦੇਖ ਮੁਤਾਬਿਕ ਜਾਈਂ ।
ਪਰ ਜੋ ਵਿੱਚ ਕੁਤਬ ਇਸਲਾਮੀ, ਕਾਮਿਲ ਪਤਾ ਨ ਪਾਇਆ ।
ਹਰਫ਼ ਅਜੇਹਾ ਵਿੱਚ ਬਿਆਨੇ, ਮੈਂ ਨ ਮੂਲ ਲਿਆਇਆ ।
ਦਰਦ ਦਿਲੇ ਦਾ ਉੱਖੜ ਵਗਿਆ, ਬਿਰਹੋਂ ਜਾਮ ਪਿਲਾਏ ।
ਰਹਣ ਕਬਾਬ ਬਿਰਹੋਂ ਦੀ ਲਾਟੇ, ਜਿਗਰ ਫ਼ਿਰਾਕ ਜਲਾਏ ।
ਯਾ ਰੱਬ ਸਿਦਕ ਸੱਜਣ ਦੀ ਲੱਜ਼ਤ, ਦਿਲ ਮੇਰੇ ਵਿੱਚ ਪਾਈਂ ।
ਸਾਫ਼ ਸੁਖ਼ਨ ਤੇ ਸ਼ਿਅਰ ਉਜਾਲਾ, ਰੋਸ਼ਨ ਆਖ਼ਿਰ ਤਾਈਂ ।

(ਇਫ਼ਰਾਤੋਂ=ਵਧਾ ਚੜ੍ਹਾ, ਤਫ਼ਰੀਤੋਂ=ਘਾਟਾ, ਮੁਅੱਸਰ=
ਅਸਰ ਕਰਨ ਵਾਲਾ, ਤਫ਼ਸੀਰਿ-ਗ਼ਜ਼ਾਲੀ=ਅਮਾਮ
ਗ਼ਜ਼ਾਲੀ ਦਾ ਲਿਖਿਆ ਕੁਰਾਨ ਦਾ ਟੀਕਾ, ਜਾਮੀ=ਇਕ
ਕਵੀ, ਬਾਅਜ਼=ਕੁਛ, ਇਆਨਤ=ਮੱਦਦ)

5. ਖ਼ਾਸ ਖ਼ਾਸ ਨਬੀਆਂ ਉੱਪਰ ਰੱਬ ਦੀ ਇਨਾਯਤ

ਅਕਲ ਫ਼ਿਰਾਸਤ ਦੇ ਦਸ ਹਿੱਸੇ, ਅੱਲ੍ਹਾ ਪਾਕ ਬਣਾਏ ।
ਨੌਂ ਇਦਰੀਸ ਨਬੀ ਨੂੰ ਬਖ਼ਸ਼ੇ, ਇਕ ਵਿੱਚ ਕੁਲ ਸਮਾਏ ।
ਹੁਕਮ ਕੀਤਾ ਦਸ ਹਿੱਸੇ ਖ਼ਾਲਿਕ, ਜੋ ਵਿੱਚ ਦੁਨੀਆਂ ਆਇਆ ।
ਤਨਹਾ ਨੌਂ ਸਭ ਨੂਹ ਨਬੀ ਨੂੰ, ਇਕ ਫ਼ਲਕੀਂ ਵਰਤਾਇਆ ।
ਸਿਫ਼ੂਤ ਦੇ ਭੀ ਅੱਲ੍ਹਾ ਸਾਹਿਬ, ਹਿੱਸੇ ਦਸ ਬਣਾਏ ।
ਇੱਕ ਹਿੱਸਾ ਵਿੱਚ ਸਾਰੇ ਆਲਮ, ਨੌਂ ਯਾਹਯਾ ਨੂੰ ਆਏ ।
ਏਵੇਂ ਸਬਰ ਕੀਤਾ ਦਸ ਹਿੱਸੇ, ਨੌਂ ਅਯੂਬ ਨਬੀ ਨੂੰ ।
ਬਾਕੀ ਇੱਕ ਰਿਹਾ ਸੋ ਏਹਾ, ਮਿਲਿਆ ਖ਼ਲਕ ਸਭੀ ਨੂੰ ।
ਖ਼ਾਲਿਕ ਪਾਕ ਸਲਾਬਤ ਹਿੱਸੇ, ਏਵੇਂ ਦਸ ਸਵਾਰੇ ।
ਤਨਹਾਂ ਨੌਂ ਮੂਸੇ ਨੂੰ ਬਖ਼ਸ਼ੇ, ਇੱਕ ਵਿੱਚ ਆਲਮ ਸਾਰੇ ।

(ਫ਼ਿਰਾਸਤ=ਸਿਆਣਪ, ਸਿਫ਼ੂਤ=ਗੁਣ, ਸਲਾਬਤ=
ਸਖ਼ਤੀ,ਦ੍ਰਿੜ੍ਹਤਾ)


ਖਤੋ-ਕਿਤਾਬਤ ਦੇ ਦਸ ਹਿੱਸੇ, ਨੌਂ ਈਸਾ ਨੂੰ ਆਏ ।
ਇੱਕ ਦੁਨੀਆਂ ਵਿੱਚ ਸਾਰੀ ਵਰਤਿਆ, ਰਾਵੀ ਲਿਖ ਸਿਧਾਏ ।
ਹੁਸਨ ਜਮਾਲ ਕੀਤਾ ਦਸ ਹਿੱਸੇ, ਜਿਸ ਵਿੱਚ ਕੁੱਲ ਸਮਾਏ ।
ਇੱਕ ਹਿੱਸਾ ਵਿੱਚ ਆਲਮ ਸਾਰੇ, ਨੌਂ ਯੂਸੁਫ਼ ਨੇ ਪਾਏ ।
ਹੋਰ ਫ਼ਸਾਹਤ ਖੁਲਕ ਬਲਾਗ਼ਤ, ਹਿੱਸੇ ਦਸ ਬਣਾਇਆ ।
ਖ਼ਤਮ-ਉਰੱਸੁਲ ਮੁਹੰਮਦ ਨੂੰ ਨੌਂ, ਇੱਕ ਦੁਨੀਆਂ ਵਿੱਚ ਆਇਆ ।
ਹੋਰ ਜੋ ਖ਼ੂਬੀ ਵਿੱਚ ਨਬੀਆਂ, ਸੋ ਅਹਮਦ ਵਿੱਚ ਸਾਰੀ ।
ਹਮਦ ਰੱਬਾਨੀ ਬਰਕਤ ਸਰਵਰ, ਆਸ ਨਜਾਤੋਂ ਭਾਰੀ ।
ਜਾਂ ਯੂਸੁਫ਼ ਦੀ ਰੂਹ ਮੁਬਾਰਿਕ, ਦੁਨੀਆਂ ਛੋੜ ਸਿਧਾਈ ।
ਨੂਰ ਫ਼ਲਕ ਪੁਰ ਯੂਸੁਫ਼ ਵਾਲਾ, ਕਰ ਕੰਦੀਲ ਟਿਕਾਈ ।

(ਜਮਾਲ=ਸੁਹੱਪਣ, ਫ਼ਸਾਹਤ=ਭਾਸ਼ਣਕਾਰੀ, ਖੁਲਕ=
ਚੰਗੀ ਆਦਤ, ਬਲਾਗ਼ਤ=ਰਸੀਲਾ ਬੋਲਣ ਦਾ ਗੁਣ,
ਖ਼ਤਮ-ਉਰੱਸੁਲ=ਪੈਗ਼ੰਬਰਾਂ ਦੀ ਮੁਹਰ,ਹਜ਼ਰਤ ਮੁਹੰਮਦ
ਸਾਹਿਬ, ਹਮਦ=ਉਸਤਤ, ਕੰਦੀਲ=ਦੀਵਾ)


ਰੂਹ ਮੁਹੰਮਦ ਸਰਵਰ ਵਾਲੇ, ਹੁਕਮ ਹੋਇਆ ਰਹਮਾਨੀ ।
ਯੂਸੁਫ਼ ਦਾ ਉਹ ਨੂਰ ਮੁਨੱਵਰ, ਖੁਦ ਵਿਚ ਕਰੇਂ ਨਿਹਾਨੀ ।
ਉਹਾ ਨੂਰ ਜੋ ਯੂਸੁਫ਼ ਵਾਲਾ, ਸਰਵਰ ਵਿਚ ਸਮਾਇਆ ।
ਮਹਬੂਬਾਂ ਦੇ ਦਿਲ ਦਾ ਮਕਸਦ, ਹੋ ਦੁਨੀਆਂ ਵਿਚ ਆਇਆ ।
ਨਾਲ ਤੁਫ਼ੈਲ ਰਸੂਲ ਅੱਲ੍ਹਾ ਦੀ, ਯਾ ਰੱਬ ਬਖ਼ਸ਼ ਅਸਾਹਾਂ ।
ਰਹਮਤ ਥੀਂ ਘੱਤ ਕਤਰਾ ਧੋਵੇਂ, ਦਫ਼ਤਰ ਭਰੇ ਗੁਨਾਹਾਂ ।
ਹੁਬ ਨਬੀ ਦੀ ਆਲ ਅਸਹਾਬਾਂ, ਮਕਸਦ ਕਰੇਂ ਹਮਾਰਾ ।
ਦਿਲ ਪੁਰ ਨੂਰ ਕਰੇਂ ਉਸ ਸ਼ੌਕੇਂ, ਜਿਸ ਬਿਨ ਅਸਾਂ ਨ ਚਾਰਾ ।

(ਨਿਹਾਨੀ=ਛੁਪਾਉਣਾ, ਮਕਸਦ=ਉਦੇਸ਼, ਤੁਫ਼ੈਲ=ਕ੍ਰਿਪਾ,
ਦਫ਼ਤਰ=ਲਿਖਿਆ ਹੋਇਆ)

6. ਯੂਸੁਫ਼ ਦੀ ਪੈਦਾਇਸ਼ ਅਤੇ ਪਰਵਰਿਸ਼

ਇਸ ਦੁਨੀਆਂ ਦੇ ਮਾਤਮ ਖ਼ਾਨੇ, ਕਿਤਨੇ ਹਾਕਮ ਆਏ ।
ਵਾਰੋ ਵਾਰ ਜ਼ਮਾਨੇ ਅਪਣੇ, ਜੱਗ ਵਿਚ ਹੁਕਮ ਚਲਾਏ ।
ਕਦਮ ਮੁਬਾਰਿਕ ਸਫ਼ੀ ਅੱਲ੍ਹਾ ਦਾ, ਇਸ ਦੁਨੀਆਂ ਵਿਚ ਆਇਆ ।
ਹੁਕਮ ਅੱਲਾਹੋਂ ਜਿਸਦੇ ਤਾਈਂ, ਮਲਕਾਂ ਸੀਸ ਨਿਵਾਇਆ ।
ਤਾਜ ਮੁਬਾਰਿਕ ਸਿਰ ਤੇ ਧਰਿਆ, ਸ਼ਰਫ਼ ਮਿਲੀ ਦਰਗਾਹੋਂ ।
ਫਰਜ਼ੰਦਾਂ ਨੂੰ ਰਾਹ ਦਿਖਾਏ, ਕੁਲ ਸਫ਼ੈਦ ਸਿਆਹੋਂ ।
ਦੁਨੀਆਂ ਫ਼ਾਨੀ ਛੋੜ ਚੱਲਣ ਦੀ, ਆਖ਼ਿਰ ਵਾਰੀ ਆਈ ।
ਸ਼ੇਸ਼ ਹੋਇਆ ਵਿਚ ਦੁਨੀਆਂ ਰਹਬਰ, ਸ਼ਰਫ਼ਿ-ਨਬੁੱਵਤ ਪਾਈ ।
ਛੋੜ ਕਬੂਤਰ-ਖ਼ਾਨਾ ਦੁਨੀਆਂ, ਸ਼ੇਸ਼ ਨਬੀ ਜਾਂ ਧਾਇਆ ।
ਹੁਕਮ ਰਸਾਲਤ ਪਾਕ ਜਨਾਬੋਂ, ਤਾਂ ਇਦਰੀਸ ਲਿਆਇਆ ।

(ਸਫ਼ੀ=ਚੋਣਵਾਂ ਵਿਅਕਤੀ,ਹਜ਼ਰਤ ਆਦਮ, ਮਲਕਾਂ=ਫਰਿਸ਼ਤੇ,
ਫਰਜ਼ੰਦਾਂ=ਬੇਟੇ,ਪੈਰੋਕਾਰ, ਰਸਾਲਤ=ਪੈਗ਼ੰਬਰੀ)


ਜਾਂ ਇਦਰੀਸ ਖ਼ੁਦਾ ਦੇ ਹੁਕਮੋਂ, ਛੋੜ ਜ਼ਮੀਨ ਸਿਧਾਇਆ ।
ਨੂਹ ਨਬੀ ਵਿਚ ਖ਼ਲਕਾਂ ਰਹਬਰ, ਹੋ ਦੁਨੀਆਂ ਵਿਚ ਆਇਆ ।
ਇਬਰਾਹੀਮ ਨਬੀ ਦੀ ਵਾਰੀ, ਮੁੱਦਤ ਪਿੱਛੇ ਆਈ ।
ਫਿਰ ਇਸਹਾਕ ਨਬੀ ਨੂੰ ਜਗ ਵਿਚ, ਸ਼ਰਫ਼ ਮਿਲੀ ਵਡਿਆਈ ।
ਲੱਗਾ ਵਿਚ ਕਨਆਨ ਵਲਾਇਤ, ਝੰਡਾ ਫੇਰ ਯਾਕੂਬੀ ।
ਮਾਲ ਕਸੀਰ ਫ਼ਰਾਂਗ ਇਬਾਦਤ, ਹਾਸਿਲ ਕੁਲ ਬਖ਼ੂਬੀ ।
ਹੋਰ ਆਰਾਮ ਕਬਾਇਲ ਇੱਜ਼ਤ, ਤਾਜ ਨਬੁੱਵਤ ਵਾਲਾ ।
ਅੱਲ੍ਹਾ ਨੇ ਫ਼ਰਜ਼ੰਦ ਦਿੱਤੇ ਤਿਸ, ਹਰ ਇਕ ਕਦਰ ਉਜਾਲਾ ।
ਅਰਜਵਾਂ ਨਾਮ ਨਬੀ ਦੀ ਜ਼ੌਜਾ, ਛੇ ਪੁੱਤ ਉਸਨੇ ਜਾਏ ।
ਨਾਮ ਯਹੂਦਾ ਸਭ ਥੀਂ ਵੱਡਾ, ਅੰਦਰ ਕਦਰ ਸਵਾਏ ।

(ਸ਼ਰਫ਼=ਬਜ਼ੁਰਗੀ, ਕਸੀਰ=ਬਹੁਤ ਜ਼ਿਆਦਾ, ਫ਼ਰਾਂਗ=ਬਹੁਤ,
ਕਬਾਇਲ=ਕਬੀਲੇ,ਪਰਵਾਰ, ਕਦਰ=ਮਾਣ, ਜ਼ੌਜਾ=ਪਤਨੀ)


ਮਾਰਵਾਂ ਨਾਮ ਹਰਮ ਦਾ ਬੇਟਾ, ਸੀ ਸ਼ਮਊਨ ਪਿਆਰਾ ।
ਦੂਜਾ ਵੀਰ ਛੁਟੇਰਾ ਇਸ ਥੀਂ, ਸੱਕੇ ਇਹ ਦੋ ਯਾਰਾ ।
ਮਾਲਿਯਾ ਹੋਰ ਹਰਮ ਦੇ ਬੇਟੇ, ਪੈਗ਼ੰਬਰ ਘਰ ਜਾਏ ।
ਬਿਨ ਰਾਹੀਲੇ ਜਾਇਆ ਦੋਹਾਂ, ਇਹ ਦਸ ਗਿਣਤੀ ਆਏ ।
ਤੇ ਰਾਹੀਲ ਪਿਆਰੀ ਜ਼ੌਜਾ, ਖਵਾਹਿਰ ਅਰਜਵਾਂ ਸੰਦੀ ।
ਇਹ ਮਾਮੇ ਦੀਆਂ ਧੀਆਂ ਦੋਵੇਂ, ਆਈਆਂ ਵਿਚ ਪੈਵੰਦੀ ।
ਆਪਸ ਵਿੱਚ ਦੋ ਸਕੀਆਂ ਭੈਣਾਂ, ਅੰਦਰ ਓਸ ਜ਼ਮਾਨੇ ।
ਜਮ੍ਹਾ ਰਵਾ ਵਿਚ ਇਕਤ ਨਿਕਾਹੇ, ਰੱਬ ਦੇ ਵਿਚ ਫ਼ਰਮਾਨੇ ।
ਦੋ ਧੀਆਂ ਰਾਹੀਲੇ ਜਾਈਆਂ, ਤੇ ਦੋ ਬੇਟੇ ਜਾਏ ।
ਯੂਸੁਫ਼ ਬਿਨ ਯਾਮੀਨ ਦੋਹਾਂ ਦੇ, ਪਿਉ ਨੇ ਨਾਮ ਰਖਾਏ ।

(ਪੈਵੰਦੀ=ਨਿਕਾਹ,ਜੁੜਨਾ, ਜਮ੍ਹਾ=ਇਕੱਠੀਆਂ, ਰਵਾ=
ਜਾਇਜ਼)


ਦੋ ਧੀਆਂ ਰਾਹੀਲੇ ਜਾਈਆਂ, ਤੇ ਦੋ ਬੇਟੇ ਜਾਏ ।
ਯੂਸੁਫ਼ ਬਿਨ ਯਾਮੀਨ ਦੋਹਾਂ ਦੇ, ਪਿਉ ਨੇ ਨਾਮ ਰਖਾਏ ।
ਸਭ ਯਾਕੂਬ ਨਬੀ ਦੇ ਬੇਟੇ, ਬਾਰਾਂ ਗਿਣਤੀ ਆਏ ।
ਸੂਰਜ ਚੰਦੋਂ ਦੂਣ ਸਵਾਏ, ਹੁਸਨ ਸਭਾਂ ਨੇ ਪਾਏ ।
ਕਿਆ ਕਹਾਂ ਵਿੱਚ ਸਭਨਾਂ ਯੂਸੁਫ਼, ਅਫ਼ਜ਼ਲ ਆਲੀ ਪਾਇਆ ।
ਦੋਹੀਂ ਜਹਾਨੀਂ ਰੋਸ਼ਨ ਹੋਇਆ, ਨੂਰ ਜਿਦ੍ਹੇ ਦਾ ਸਾਇਆ ।
ਜਾਂ ਦੁਨੀਆਂ ਵਿੱਚ ਯੂਸੁਫ਼ ਆਇਆ, ਖੋਹਲੀ ਚਸ਼ਮ ਨਿਕਾਬੋਂ ।
ਚਮਕੋ ਲਿਸ਼ਕ ਫ਼ਲਕ ਤਕ ਗਇਆ, ਖੁੱਲ੍ਹਾ ਨੂਰ ਹਿਜਾਬੋਂ ।
ਬਰਕ-ਦਰਖਸ਼ਾਂ ਲਾਲ ਲਬਾਂ ਵਿਚ, ਰਸ ਮਿਸ ਨੂਰ ਚਮਕਦਾ ।
ਜੇ ਸੌ ਆਕਿਲ ਲਿਖੇ ਮਿਸਾਲਾਂ, ਹਰਫ਼ ਨਹੀਂ ਲਿਖ ਸਕਦਾ ।

(ਬਰਕ=ਬਿਜਲੀ, ਦਰਖਸ਼ਾਂ=ਚਮਕਣ ਵਾਲੀ)

...........................................................

ਦਸ ਭਾਈ ਸਭ ਭੈਣਾਂ ਮਾਂ ਪਿਉ, ਵੇਖਦਿਆਂ ਨ ਰੱਜਦੇ ।
ਯੂਸੁਫ਼ ਗਿਰਦ ਰਹਣ ਸਭ ਭੌਂਦੇ, ਨਜ਼ਰ ਕਰਨ ਗ਼ਮ ਭੱਜਦੇ ।
ਐਡਕੁ ਸੂਰਤ ਰਸੀ ਨਜ਼ਰ ਵਿੱਚ, ਚਸ਼ਮੋਂ ਨਕਸ਼ ਨ ਜਾਵੇ ।
ਅੱਖੀਂ ਮੀਟ ਖ਼ਿਆਲੀਂ ਵੇਖਣ, ਯੂਸੁਫ਼ ਨਜ਼ਰੀ ਆਵੇ ।
............................................................
ਬਿਨਯਾਮੀਨ ਦੋ ਬਰਸਾਂ ਛੋਟਾ, ਸੀ ਯੂਸੁਫ਼ ਦਾ ਭਾਈ ।
ਬਿਨਯਾਮੀਨ ਹੋਇਆ ਜਾਂ ਪੈਦਾ, ਫ਼ੌਤ ਗਈ ਹੋ ਮਾਈ ।
ਕਾਰਣ ਬਿਨਯਾਮੀਨ ਪਿਸਰ ਦੇ, ਮੁੱਲ ਕਨੀਜ਼ ਮੰਗਾਈ ।
ਉਸਦੇ ਸ਼ੀਰੋਂ ਹੋ ਪਰਵਰਦਾ, ਉਸਨੇ ਤਾਕਤ ਪਾਈ ।
ਆਹਾ ਗੋਦ ਖੇਲੰਦਾ ਯੂਸੁਫ਼, ਨਾਜ਼ਿਕ ਪੁੱਤ ਪਿਆਰਾ ।
ਰੋਂਦਿਆਂ ਅੱਖੀਂ ਮਾਂ ਜਹਾਨੋਂ, ਗੁਜ਼ਰੀ ਛੋੜ ਕਿਨਾਰਾ ।
ਦਿਲ ਯਾਕੂਬ ਰਿਹਾ ਵਿੱਚ ਗ਼ਮ ਦੇ, ਤਿਫ਼ਲੀ ਦੇਖ ਪਿਸਰ ਦੀ ।
ਭੈਣ ਆਪਣੀ ਨੂੰ ਸੌਂਪ ਦਿੱਤੋਸੁ, ਉਹ ਤਿਸ ਪਰਵਰਿਸ਼ ਕਰਦੀ ।
ਹਜ਼ਰਤ ਯੂਸੁਫ਼ ਤਾਈਂ ਫੁੱਫੀ, ਲੈ ਅਪਣੇ ਘਰ ਆਈ ।
ਵਾਂਗੂੰ ਜਾਨ ਰੱਖੇ ਖ਼ੁਸ਼ ਵੱਸੇ, ਕਰੇ ਨ ਪਲਕ ਜੁਦਾਈ ।

(ਫ਼ੌਤ=ਮਰ ਗਈ, ਪਿਸਰ=ਪੁੱਤਰ, ਕਨੀਜ਼=ਲੌਂਡੀ,ਨੌਕਰਾਣੀ,
ਤਿਫ਼ਲੀ=ਬਚਪਨ)

.............................................................

ਦੁਨੀਆਂ ਛੋੜ ਸਿਧਾਈ ਫੁੱਫੀ, ਚੱਲੇ ਹੁਕਮ ਕਦਰ ਦੇ ।
ਤਾਂ ਯਾਕੂਬ ਨਬੀ ਨੇ ਯੂਸੁਫ਼, ਲੈ ਆਂਦਾ ਵਿੱਚ ਘਰ ਦੇ ।
ਰਹਿੰਦਾ ਬਹਿੰਦਾ ਸੌਂਦਾ ਯੂਸੁਫ਼, ਵਿਚ ਹਜ਼ੂਰ ਪਿਦਰ ਦੇ ।
ਦੌੜ ਗਏ ਇਕ ਲਹਜ਼ਾ ਡਿੱਠਿਆਂ, ਜ਼ਖ਼ਮ ਫ਼ਿਰਾਕ ਜਿਗਰ ਦੇ ।
.............................................................
ਜਿਉਂ ਜਿਉਂ ਯੂਸੁਫ਼ ਵੱਡਾ ਹੋਇਆ, ਹੁਸਨ ਪਈਆਂ ਜੱਗ ਵਾਰਾਂ ।
ਐਡ ਜਮਾਲ ਜੋ ਫ਼ਰਸ਼ ਜ਼ਮੀਨੋਂ, ਅਰਸ਼ ਗਈਆਂ ਲਿਸ਼ਕਾਰਾਂ ।
ਵਿਚ ਕਨਆਨ ਨਬੀ ਦਾ ਬੇਟਾ, ਕਰਦੇ ਲੋਕ ਪੁਕਾਰਾਂ ।
ਸ਼ਮੱਸਿ-ਫ਼ਲਕ ਥੀਂ ਅਨਵਰ ਸੂਰਤ, ਵਿਚ ਹਿਸਾਬ ਸ਼ੁਮਾਰਾਂ ।
ਭਾਈ ਉਲਫ਼ਤ ਕਰਨ ਬਹੁਤੇਰੀ, ਰੱਖਣ ਨਾਲ ਪਿਆਰਾਂ ।
ਕੀਨਾ ਹਸਦ ਨ ਆਹਾ ਅੱਵਲ, ਸ਼ਫ਼ਕਤ ਕਰਨ ਹਜ਼ਾਰਾਂ ।
ਆਹੀ ਜਾਂ ਯਾਕੂਬ ਨਬੀ ਦੇ, ਇਸ਼ਕ ਬਲੰਦੀ ਚਾਈ ।
ਯੂਸੁਫ਼ ਕਾਰਣ ਹੁਜਰੇ ਅੰਦਰ, ਜਾਗ੍ਹਾ ਪਾਸ ਬਣਾਈ ।
......................................................
ਸੂਰਜ ਚੰਦ ਕਦਾਂ ਤੱਕ ਸਕਦੇ, ਬਾਝੋਂ ਪਰਦੇ ਹਾਇਲ ।
ਕਰੇ ਹਲਾਲ ਕਮਾਲ ਤਮੱਨਾਂ, ਗਲ ਦੀ ਬਣੀ ਹਮਾਇਲ ।
ਇਸ ਖ਼ੂਬੀ ਦੀਆਂ ਆਲੀਸ਼ਾਨਾਂ, ਸਭ ਹੈਰਾਨ ਜ਼ਮਾਨਾ ।
ਯੂਸੁਫ਼ ਸ਼ਮ੍ਹਾ ਜਮਾਲ ਕਮਾਲੋਂ, ਤੇ ਸਭ ਜਗ ਪਰਵਾਨਾ ।

(ਕਦਰ=ਕਾਦਰ,ਰੱਬ, ਪਿਦਰ=ਪਿਤਾ, ਸ਼ਮੱਸਿ-ਫ਼ਲਕ=
ਅਸਮਾਨ ਦਾ ਸੂਰਜ, ਅਨਵਰ=ਰੋਸ਼ਨ, ਕੀਨਾ=ਦੁਸ਼ਮਣੀ,
ਸ਼ਫ਼ਕਤ=ਮਿਹਰਬਾਨੀ, ਬਲੰਦੀ=ਉਚਿਆਈ, ਹਾਇਲ=
ਰੋਕ ਬਣਿਆ ਹੋਇਆ, ਹਮਾਇਲ=ਕੰਠਾ)


ਯੂਸੁਫ਼ ਦਾ ਆਪਣੇ ਹੁਸਨ ਤੇ ਗ਼ਰੂਰ ਕਰਨਾ

ਇਕ ਦਿਨ ਯੂਸੁਫ਼ ਸ਼ੀਸ਼ਾ ਡਿੱਠਾ, ਡਿਠੋਸੁ ਰੁਖ਼ ਨੂਰਾਨੀ ।
ਦਿਲ ਵਿਚ ਖੁਫ਼ੀਆ ਗੁਜ਼ਰੀ ਉਸਦੇ, ਇਹ ਹਾਲਤ ਹੈਰਾਨੀ ।
ਇਹ ਸੂਰਤ ਨੂਰਾਨੀ ਮੇਰੀ, ਜੇ ਹੋਂਦਾ ਮੈਂ ਬਰਦਾ ।
ਸਾਹਿਬ ਮੈਨੂੰ ਵੇਖਣ ਲਗਦਾ, ਕੀਮਤ ਕਿਹੜਾ ਭਰਦਾ ।
ਗੁਜ਼ਰ ਗਇਆ ਇਹ ਖ਼ੁਫ਼ੀਆ ਹਾਲਾ, ਜਾਤਾ ਜਾਨਣ ਹਾਰੇ ।
ਉੱਘੜ ਵੈਸਣ ਇਕ ਦਿਨ ਜ਼ਾਹਿਰ, ਉਸਦੇ ਮਾਅਨੀ ਸਾਰੇ ।
ਤੇ ਯਾਕੂਬ ਨਬੀ ਦੇ ਦਿਲ ਨੂੰ, ਦਿੱਤੇ ਇਸ਼ਕ ਹੁਲਾਰੇ ।
ਯੂਸੁਫ਼ ਯੂਸੁਫ਼ ਯੂਸੁਫ਼ ਯੂਸੁਫ਼, ਲੂੰ ਲੂੰ ਹਾਲ ਪੁਕਾਰੇ ।
ਮਜ਼ਹਰ ਨੂਰ ਕਰਮ ਦਾ ਯੂਸੁਫ਼, ਨਜ਼ਰੋਂ ਨਕਸ਼ ਨ ਜਾਏ ।
ਜੇ ਦੋ ਨੈਣ ਨ ਤੱਕਣ ਸਾਇਤ, ਰਹਣ ਸ਼ਰੀਕ ਨੁਹਲਾਏ ।

ਤੇਜ਼ ਧਾਰ ਬਿਰਹੋਂ ਦੀ ਤੇਗ਼ੋਂ, ਗੁਜ਼ਰ ਵਗੇ ਜਿਤ ਧਾਵੇ ।
ਜਾਨਿ-ਤਵਾਂ ਦਿਲਾਂ ਟੁੱਟ ਜਾਵੇ, ਯਾ ਜੌਹਰ ਚਮਕਾਵੇ ।
ਇਸ਼ਕਾ ਚਮਕ ਤੇਰੀ ਥੀਂ ਵਾਰੀ, ਜਾਨ ਮੇਰੀ ਲੱਖ ਵਾਰੀ ।
ਵਾਹ ਤੇਰੀ ਸਰਦਾਰੀ ਇਸ਼ਕਾ, ਜ਼ਖ਼ਮ ਤੇਰੇ ਨੇ ਕਾਰੀ ।
ਤੂੰ ਹੈਂ ਜੌਹਰ ਤੇਗ਼ ਸੁਖ਼ਨ ਦਾ, ਬੇਪਰਾਂ ਤੱਯੂਰਾਂ ।
ਸੈ ਜਾਨਾ ਕੁਰਬਾਨੀ ਗਈਆਂ, ਤੇਰਿਆਂ ਵਿੱਚ ਹਜ਼ੂਰਾਂ ।
ਆਜ਼ਾਦਾਂ ਵਿੱਚ ਬੰਦੀ ਪਾਵੇਂ, ਕਰੇਂ ਖ਼ਲਾਸ ਅਸੀਰਾਂ ।
ਬੇਦਰਦਾਂ ਚਾ ਦਰਦੀਂ ਘੱਤੇਂ, ਕੱਟੇਂ ਰੋਗ ਜ਼ਹੀਰਾਂ ।
ਮੈਂ ਕੁਰਬਾਨ ਚਮਕ ਦੇ ਮੈਨੂੰ, ਦਰਦੋਂ ਚਾ ਲੈ ਜਾਈਂ ।
ਗ਼ਾਲਿਬ ਹਾਲ ਪ੍ਰੇਮ ਨਸ਼ੇ ਦਾ, ਮੈਂ ਪੁਰ ਰੋਹੜ ਵਗਾਈਂ ।
.....................................................
ਸੈਰੋਂ ਤੈਰ ਹਸੂਲਿ ਫ਼ਲਕ ਵਿੱਚ, ਤੇਰੀ ਤੇਜ਼ ਉਡਾਰੀ ।
ਮਿਲ ਮੈਨੂੰ ਮੈਂ ਬੇਪਰ ਤਾਇਰ, ਬਾਲ ਮਿਲਣ ਇਕ ਵਾਰੀ ।
ਛੋੜ ਦਿਲਾ ਇਹ ਲੰਮੀਆਂ ਵਾਟਾਂ, ਇਸ ਮੰਜ਼ਿਲ ਸਰ ਨਾਹੀਂ ।
ਬੈਠੋਂ ਘੱਤ ਸਮੁੰਦਰ ਮਧਾਣਾ, ਕਰ ਕੁਝ ਗੱਲ ਅਗਾਹੀਂ ।

(ਜਾਨਿ-ਤਵਾਂ=ਬਲਵਾਨਾਂ ਦੀ ਜਾਨ, ਤੱਯੂਰਾਂ=ਪੰਛੀਆਂ,
ਖ਼ਲਾਸ=ਕੈਦ ਮੁਕਤ, ਅਸੀਰਾਂ=ਕੈਦੀਆਂ ਨੂੰ, ਜ਼ਹੀਰਾਂ=
ਸਾਥੀਆਂ ਦੇ, ਤੈਰ=ਪੰਛੀ, ਹਸੂਲਿ=ਪੁੱਜਣਾ, ਤਾਇਰ=
ਪੰਛੀ, ਬਾਲ=ਖੰਭ)

ਯੂਸੁਫ਼ ਨੂੰ ਬਹਿਸ਼ਤੀ ਸੋਟਾ ਮਿਲਣਾ

ਸਾਕੀ ਆਬਿ-ਨਸ਼ਾ ਦੇਹ ਤਾਜ਼ਾ, ਦਿਲ ਦਾ ਰੋਗ ਗਵਾਵੇ ।
ਜੋਸ਼ ਉਠਾਵੇ ਜਾਨ ਮੇਰੀ ਨੂੰ, ਕੱਢ ਗ਼ਮੋਂ ਲੈ ਜਾਵੇ ।
ਨੁਕਲ ਕਬਾਬ ਜਿਗਰ ਦਾ ਕਾਫ਼ੀ, ਬਿਰਹੋਂ ਲੁੱਟੇ ਦਿਲ ਤਾਈਂ ।
ਜਾਂ ਜਾਂ ਜੋਸ਼ ਖ਼ੁਮਾਰ ਨ ਹੱਲੇ, ਲੈਣ ਹਸੂਦ ਸਜਾਈਂ ।
ਘਰ ਯਾਕੂਬ ਨਬੀ ਦੇ ਬੇਰੀ, ਤੂਬਾ ਦੀ ਮਾਨਿੰਦੋਂ ।
ਵਾਂਗ ਦਰਖ਼ਤਾਂ ਜੱਤਨ ਮੇਵੇ, ਫ਼ਾਇਕ ਖ਼ੁਰਮਾ ਕੰਦੋਂ ।
...................................................
ਘਰ ਨਬੀ ਦੇ ਬੇਟਾ, ਜਿਸ ਦਮ ਹੋਵੇ ਪੈਦਾ ।
ਸ਼ਾਖ ਅਜਬ ਇੱਕ ਏਸ ਦਰਖ਼ਤੋਂ, ਹੋਵੇ ਤੁਰਤ ਹੁਵੈਦਾ ।
ਸ਼ਾਖ ਵਧੇ ਜਿਉਂ ਬੇਟਾ ਵਧਦਾ, ਸਭ ਸ਼ਾਖਾਂ ਵਿੱਚ ਲਾਇਕ ।
ਤਿਸਦੀ ਹੋਸ਼ ਲਿਆਕਤ ਤਾਈਂ, ਹੋਂਦੇ ਆਸੇ ਫ਼ਾਇਕ ।
ਤਾਂ ਉਸ ਬੇਟੇ ਤਾਈਂ ਦੇਵੇ, ਕੱਟ ਨਬੀ ਇਹ ਆਸਾ ।
ਏਸ ਦਰਖ਼ਤੇ ਅੰਦਰ ਏਹਾ, ਜ਼ਾਹਿਰ ਜੌਹਰ ਖ਼ਾਸਾ ।
ਇਹ ਆਸਾ ਹੱਥ ਉਸ ਲੜਕੇ ਦੇ, ਦਾਇਮ ਹੋਸੀ ਕਾਰੀ ।
ਏਵੇਂ ਯਾਰਾਂ ਪਿਸਰਾਂ ਹੋਈ, ਇਹ ਇਨਾਇਤ ਸਾਰੀ ।

(ਨੁਕਲ=ਖਾਣਾ ਖਾਣ ਪਿੱਛੋਂ ਖਾਧੀ ਕੋਈ ਚੀਜ਼, ਹਸੂਦ=
ਈਰਖਾਲੂ, ਫ਼ਾਇਕ=ਵਧ ਚੜ੍ਹ ਕੇ, ਹੁਵੈਦਾ=ਪ੍ਰਗਟ)


ਪਰ ਯੂਸੁਫ਼ ਦੀ ਵਾਰੀ ਇਸ ਥੀਂ, ਸ਼ਾਖ ਨ ਜੰਮੀ ਮੂਲੇ ।
ਚੋਬ ਅਸਾ ਕਦ ਲਾਇਕ ਉਸਦੇ, ਤੇ ਉਹ ਕਦੋਂ ਕਬੂਲੇ ।
ਇੱਕ ਦਿਨ ਪਾਸ ਪਿਦਰ ਦੇ ਯੂਸੁਫ਼, ਅਜਜ਼ੋਂ ਅਰਜ਼ ਗੁਜ਼ਾਰੀ ।
ਭਾਈਆਂ ਨੂੰ ਤੈਂ ਆਸੇ ਦਿੱਤੇ, ਕਰ ਸ਼ਫ਼ਕਤ ਗ਼ਮਖ਼ਵਾਰੀ ।
ਕਰੋ ਦੁਆ ਜਨਾਬ ਅਲਾਹੋਂ, ਮੈਨੂੰ ਆਸਾ ਆਵੇ ।
ਜੱਨਤ ਵਿੱਚੋਂ ਅੱਲਾਹ ਸਾਹਿਬ, ਕਰਕੇ ਫ਼ਜ਼ਲ ਪਹੁੰਚਾਵੇ ।
ਹੱਥ ਉਠਾ ਯਾਕੂਬ ਨਬੀ ਨੇ, ਜਾਂ ਇਹ ਲਫ਼ਜ਼ ਅਲਾਇਆ ।
ਜੋ ਕੁਝ ਯੂਸੁਫ਼ ਮੰਗਦਾ ਫ਼ਜ਼ਲੋਂ, ਮਾਲਮ ਤੁਧ ਖ਼ੁਦਾਇਆ ।
ਲੈ ਜਬਰੀਲ ਜ਼ਮੁਰਦ ਆਸਾ, ਤੁਰਤ ਬਹਿਸ਼ਤੋਂ ਆਇਆ ।
ਅੱਲਾ ਪਾਕ ਪਹੁੰਚਾਇਆ ਉਸਨੂੰ, ਸਭਨਾਂ ਥੀਂ ਵਡਿਆਇਆ ।

(ਚੋਬ=ਲਕੜੀ ਦਾ, ਪਿਦਰ=ਬਾਪ)


ਖ਼ੂਬੀ ਹੱਦ ਸ਼ੁਮਾਰ ਨ ਕੋਈ, ਆਸਾ ਕਦਰੋਂ ਭਾਰਾ ।
ਸਾਫ਼ ਸ਼ਫ਼ਾਫ਼ ਹਰਾ ਖ਼ੁਦ ਰੰਗੋਂ, ਵਜ਼ਨ ਮਵਾਫ਼ਿਕ ਸਾਰਾ ।
ਯੂਸੁਫ਼ ਜੱਗ ਵਿੱਚ ਸਭ ਥੀਂ ਸੋਹਣਾ, ਜਿਸਦਾ ਕੋਈ ਨ ਸਾਨੀ ।
ਉਸਦੇ ਲਾਇਕ ਜੱਨਤ ਆਸਾ, ਸੋ ਹੋਇਆ ਅਰਜ਼ਾਨੀ ।
ਭਾਈਆਂ ਦੇ ਦਿਲ ਰਸ਼ਕਾਂ ਵਧੀਆਂ, ਯੂਸੁਫ਼ ਵਧਦਾ ਜਾਂਦਾ ।
ਆਸੇ ਕਾਰਣ ਘਰ ਦੀ ਬੇਰੀ, ਅਸਾਂ ਸਭਾਂ ਦਾ ਛਾਂਦਾ ।
ਯੂਸੁਫ਼ ਲਇਆ ਬਹਿਸ਼ਤੀ ਆਸਾ, ਸਾਥੀਂ ਕਦਰ ਵਧਾਇਆ ।
ਅਸੀਂ ਬੜੇ ਇਹ ਛੋਟਾ ਸਾਥੀਂ, ਵਡਿਆਈ ਵਿੱਚ ਆਇਆ ।
ਐਵੇਂ ਪਿਉ ਦੀਆਂ ਅੱਖੀਂ ਅੱਗੇ, ਇਸਦਾ ਕਦਰ ਵਡੇਰਾ ।
ਨੀਵੀਂ ਸ਼ਾਨ ਅਸਾਡੀ ਇਸ ਥੀਂ, ਤੇ ਇਹ ਬਹੁਤ ਉਚੇਰਾ ।
ਵਿਛੜਿਆਂ ਪਲ ਜਾਨ ਪਿਦਰ ਦੀ, ਹੋਵੇ ਬਾਝ ਕਰਾਰੋਂ ।
ਹਰ ਦਮ ਉਸਨੂੰ ਅੱਖੀਂ ਅੱਗੇ, ਰੱਖੇ ਲੁਤਫ਼ ਹਜ਼ਾਰੋਂ ।

(ਸ਼ਫ਼ਾਫ਼=ਪਾਰਦਰਸ਼ਕ, ਮਵਾਫ਼ਿਕ=ਮੁਕਾਬਲੇ ਦਾ,
ਅਰਜ਼ਾਨੀ=ਸਸਤਾ,ਪ੍ਰਾਪਤ ਹੋਇਆ, ਛਾਂਦਾ=ਹਿੱਸਾ, ਨਸੀਬ,
ਲੁਤਫ਼=ਮਿਹਰਬਾਨੀ)

ਯੂਸੁਫ਼ ਨੇ ਪਹਿਲੀ ਵਾਰ ਸੁਫ਼ਨਾ ਵੇਖਣਾ

ਸਤਵੇਂ ਸਾਲ ਉਮਰ ਦੇ ਯੂਸੁਫ਼, ਇਕ ਦਿਨ ਗੋਦ ਪਿਦਰ ਦੇ ।
ਨੀਂਦ ਮਿੱਠੀ ਵਿੱਚ ਸੁਫ਼ਨੇ ਡਿੱਠਾ, ਖੁੱਲ੍ਹੇ ਦਿਲ ਦੇ ਪੜਦੇ ।
ਨਾਲ ਭਰਾਵਾਂ ਜੰਗਲ ਅੰਦਰ, ਹੇਜ਼ਮ ਚੁਗਣ ਸਿਧਾਇਆ ।
ਹੇਜ਼ਮ ਭਾਰ ਜਮ੍ਹਾਂ ਕਰ ਸਭਨਾਂ, ਕਸਦ ਘਰਾਂ ਸਿਰ ਚਾਇਆ ।
ਆਂਵਦਿਆਂ ਵਿਚ ਰਾਹੇ ਇਕ ਜਾ, ਸਭਨਾਂ ਭਾਰ ਉਤਾਰੇ ।
ਇਸਦਾ ਭਾਰ ਹੋਇਆ ਸੋ ਹਰਿਆ, ਗੁਲ ਫਲ ਬਰਗ ਖਿਲਾਰੇ ।
ਜਿਉਂ ਗੁਲਜ਼ਾਰ ਚਮਨ ਵਿਚ ਤਾਜ਼ਾ, ਸ਼ਾਖ਼ਾਂ ਸਬਜ਼ ਸੁਹਾਈਆਂ ।
ਭਾਈਆਂ ਭਾਰ ਪਏ ਵਿਚ ਸਜਦੇ, ਕਰ ਆਦਾਬ ਅਦਾਈਆਂ ।
ਯੂਸੁਫ਼ ਦੇਖ ਅਵੇਹਾ ਹਾਲਾ, ਉੱਠਿਆ ਅੱਬੜਵਾਹਿਆ ।
ਸਿਰ ਮੂੰਹ ਅੱਖੀਂ ਚੁੰਮ ਪਿਦਰ ਨੇ, ਲੁਤਫ਼ੋਂ ਗੋਦ ਉਠਾਇਆ ।
ਫ਼ਰਜ਼ੰਦਾ ਕੀ ਡਿੱਠੋ ਖ਼ਾਬੇ, ਕੀ ਕੁਝ ਨਜ਼ਰੀਂ ਆਇਆ ।
ਉੱਠ ਖਲੋਇਓਂ ਕਿਉਂ ਬੇ ਸਬਰਾ, ਕੀ ਤੈਨੂੰ ਦਿਸ ਆਇਆ ।
ਜੋ ਕੁਝ ਖ਼ਵਾਬੇ ਨਜ਼ਰੀਂ ਆਇਆ, ਯੂਸੁਫ਼ ਹਾਲ ਸੁਣਾਇਆ ।
ਰੱਖ ਛੁਪਾ ਮਤ ਕਹੇਂ ਕਿਸੇ ਥੀਂ, ਪਿਉ ਨੇ ਸੁਣ ਫ਼ਰਮਾਇਆ ।
ਸਤ ਇਹ ਖ਼ਵਾਬ ਹੋਵੇ ਫ਼ਰਜ਼ੰਦਾ, ਤੈਂ ਹੱਕ ਆਫ਼ਤ ਭਾਰੀ ।
ਸੁਣ ਕੇ ਗ਼ੈਰਤ ਖਾਵਣ ਭਾਈ, ਤੈਂ ਪੁਰ ਕਰਨ ਕਹਾਰੀ ।
ਭਾਈਆਂ ਪਾਸ ਕਹਿਆ ਭੁੱਲ ਯੂਸੁਫ਼, ਇਸ ਸੁਫ਼ਨੇ ਦੇ ਹਾਲੋਂ ।
ਸੁਣ ਭਾਈਆਂ ਤਾਬੀਰ ਨ ਲੱਭੀ, ਜਾਤੋ ਨੇ ਵਹਮ ਖ਼ਿਆਲੋਂ ।

(ਹੇਜ਼ਮ=ਬਾਲਣ, ਕਸਦ=ਇਰਾਦਾ, ਫ਼ਰਜ਼ੰਦਾ=ਪੁੱਤਰਾ, ਗ਼ੈਰਤ=
ਈਰਖਾ, ਕਹਾਰੀ=ਕਰੋਪੀ)

ਯੂਸੁਫ਼ ਨੇ ਦੂਜੀ ਵੇਰ ਸੁਫ਼ਨਾ ਵੇਖਣਾ

ਅੱਠ ਬਰਸਾਂ ਦਾ ਹੋਇਆ ਯੂਸੁਫ਼, ਫਿਰ ਸੁਫ਼ਨਾ ਦਿਸ ਆਇਆ ।
ਹੱਥ ਅਪਣੇ ਵਿਚ ਆਸਾ ਡਿੱਠੋਸੁ, ਅੰਦਰ ਧਰਤ ਧਸਾਇਆ ।
ਚੱਲੀਆਂ ਜੜ੍ਹਾਂ ਤੇ ਨਿਕਲੀਆਂ ਸ਼ਾਖ਼ਾਂ, ਵਧੀਆਂ ਵਾਂਗ ਦਰਖ਼ਤਾਂ ।
ਗੁਜ਼ਰ ਗਈਆਂ ਵਿਚ ਸਭ ਜ਼ਿਮੀਂ ਦੇ, ਉਸਦੀਆਂ ਬੀਖਾਂ ਸਖ਼ਤਾਂ ।
ਵੱਡਾ ਰੁਖ ਹੋਇਆ ਪੁਰ ਸਾਇਆ, ਨਾਲ ਮੇਵੇ ਪੁਰ ਭਰਿਆ ।
ਬਰਗ ਅਜਬ ਤੇ ਸ਼ਾਖ਼ਾਂ ਨਾਜ਼ਿਕ, ਅਸਲ ਫਰੂਰੋਂ ਹਰਿਆ ।
ਈਸਾ ਮੂਸਾ ਪਾਕ ਮੁਹੰਮਦ, ਤੇ ਯਾਕੂਬ ਪਿਆਰਾ ।
ਏਸ ਦਰਖ਼ਤੋਂ ਮੇਵੇ ਖਾਂਦੇ, ਹਾਲ ਡਿੱਠਾ ਇਹ ਸਾਰਾ ।
ਹਰ ਹਰ ਭਾਈ ਆਸਾ ਅਪਣਾ, ਅੰਦਰ ਜ਼ਿਮੀਂ ਧਸਾਇਆ ।
ਲੱਕੜ ਖ਼ੁਸ਼ਕ ਰਹੀ ਉਹ ਓਵੇਂ, ਸ਼ਾਖ਼ ਨ ਪੱਤਰ ਆਇਆ ।
ਵਗੀ ਵਾਓ ਤੇ ਝੜੇ ਸਭ ਧਰਤੀ, ਰਹਿਆ ਨ ਨਾਮ ਨਿਸ਼ਾਨੋਂ ।
ਇਹ ਕੁਝ ਯੂਸੁਫ਼ ਸੁਫ਼ਨਾ ਡਿੱਠਾ, ਫ਼ਜ਼ਲ ਕਰਮ ਰਹਮਾਨੋਂ ।
ਇਹ ਵੀ ਯੂਸੁਫ਼ ਪਾਸ ਪਿਦਰ ਦੇ, ਸੁਫ਼ਨਾ ਆਖ ਸੁਣਾਇਆ ।
ਸੁਣ ਯਾਕੂਬ ਨਬੀ ਨੇ ਜਾਤਾ, ਉਸਦਾ ਆਲੀ ਪਾਇਆ ।
ਸ਼ੌਕ ਪਿਆਰ ਪਿਦਰ ਦੇ ਦਿਲ ਦਾ, ਵਧ ਗਇਆ ਦੋ ਚੰਦਾਂ ।
ਯੂਸੁਫ਼ ਦਿਲ ਦਾ ਮਕਸਦ ਜਾਤਾ, ਵਿਚ ਸਭਨਾਂ ਫ਼ਰਜ਼ੰਦਾਂ ।
ਯੂਸੁਫ਼ ਨੇ ਵਿਚ ਭਾਈਆਂ ਇਹ ਵੀ, ਖ਼ਵਾਬ ਸੁਣਾਈ ਜ਼ਾਹਿਰ ।
ਅੱਗ ਹਸਦ ਦੀ ਦਿਲੋਂ ਉਹਨਾਂ ਦੇ, ਲਾਟਾਂ ਆਈਆਂ ਬਾਹਿਰ ।
ਆਪਸ ਵਿਚ ਕਰੇਂਦੇ ਗੱਲਾਂ, ਅਸੀਂ ਨ ਹੋਏ ਕਾਈ ।
ਪਾਸ ਪਿਦਰ ਇਹ ਖ਼ੂਬੀ ਅਪਣੀ, ਝੂਠ ਕਰੇ ਵਡਿਆਈ ।
ਦੇਖੋ ਕੇਡ ਦਿਲਾਵਰ ਲੜਕਾ, ਦਿਨ ਦਿਨ ਵਧਿਆ ਜਾਵੇ ।
ਸਾਨੂੰ ਖ਼ੁਦ ਥੀਂ ਨੀਵਾਂ ਕਰਦਾ, ਤੇ ਬੇ-ਕਦਰ ਬਣਾਵੇ ।
ਬੇ ਕਦਰਾਂ ਵਿਚ ਨਾਮ ਅਸਾਡੇ, ਆਪਣਾ ਕਦਰ ਵਧਾਵੇ ।
ਪਾਸ ਪਿਦਰ ਦੇ ਝੂਠੀਆਂ ਖ਼ਵਾਬਾਂ, ਜੋੜ ਇਹ ਤਿਫ਼ਲ ਸੁਣਾਵੇ ।

(ਬੀਖਾਂ=ਜੜ੍ਹਾਂ, ਅਸਲ ਫਰੂਰੋਂ=ਜੜ੍ਹਾਂ ਤੇ ਟਹਿਣੀਆਂ ਤੋਂ,
ਪਾਇਆ=ਮਰਤਬਾ, ਜ਼ਾਹਿਰ=ਖੁਲ੍ਹੇ ਆਮ, ਤਿਫ਼ਲ=ਲੜਕਾ)

ਯੂਸੁਫ਼ ਨੇ ਤੀਜੀ ਵਾਰ ਸੁਫ਼ਨਾ ਵੇਖਣਾ

ਨਵੇਂ ਬਰਸ ਯੂਸੁਫ਼ ਦੇ ਤਾਈਂ, ਖ਼ਵਾਬ ਅਵੇਹੀ ਆਈ ।
ਦਸ ਬਘਿਆੜਾਂ ਘੇਰ ਲਇਆ ਉਸ, ਵਿੱਚ ਹਿੱਕੇ ਸਹਰਾਈ ।
ਹਰ ਇਕ ਦੰਦ ਚਲਾਵੇ ਮਾਰੇ, ਚਾਹੇ ਮਾਰ ਗਵਾਵੇ ।
ਯੂਸੁਫ਼ ਡਰਦਾ ਪਇਆ ਤੜਫਦਾ, ਕੁਝ ਸਿਰ ਪੈਰ ਨ ਆਵੇ ।
ਇਕ ਬਘਿਆੜ ਜੋ ਜ਼ੋਰਾ ਕੀਤਾ, ਚਾ ਦੰਦੀ ਲੈ ਧਾਇਆ ।
ਯੂਸੁਫ਼ ਤੜਫ ਛੁੱਟਾ ਤਿਸ ਮੂੰਹੋਂ, ਉਠਿਆ ਅੱਬੜ-ਵਾਹਿਆ ।
ਆ ਯਾਕੂਬ ਨਬੀ ਦੀ ਖ਼ਿਦਮਤ, ਇਹ ਭੀ ਹਾਲ ਸੁਣਾਇਆ ।
ਸੁਣ ਪੈਗ਼ੰਬਰ ਦਰਦ ਦਿਲਾਂ ਦੇ, ਦਿਲ ਥੀਂ ਜੋਸ਼ ਲਿਆਇਆ ।
ਸਮਝ ਹਕਕਿਤ ਯੂਸੁਫ਼ ਤਾਈਂ, ਜੁਦਾ ਨ ਕਰੇ ਕਦਾਈਂ ।
ਜਾਨ ਮੇਰੀ ਨਾ ਜਾ ਦੁਰਾਡਾ, ਸਬਰ ਦਿਲੇ ਨੂੰ ਨਾਹੀਂ ।
ਰੋਜ਼ ਗ਼ਮਾਂ ਦੇ ਆਵਣ ਲੱਗੇ, ਦਿਲ ਨੇ ਖ਼ਬਰਾਂ ਪਾਈਆਂ ।
ਤੇ ਉਹ ਵਕਤ ਫ਼ਿਰਾਕਾਂ ਵਾਲੇ, ਕਰਦੇ ਕੂਕ ਦੁਹਾਈਆਂ ।
ਯੂਸੁਫ਼ ਨੇ ਚੌਥੀ ਵਾਰ ਸੁਫ਼ਨਾ ਵੇਖਣਾ

ਦਸਵੇਂ ਸਾਲ ਸੁਬਹ ਦੇ ਵੇਲੇ, ਸਰਵਰ ਨਾਜ਼ਵਰਾਂ ਦਾ ।
ਆਹਾ ਗੋਦ ਪਿਦਰ ਦੀ ਅੰਦਰ, ਗ਼ਲਬਾ ਨੀਂਦ ਲਿਆਂਦਾ ।
ਸ਼ੀਰੀਂ ਖ਼ਵਾਬ ਖ਼ੁਸ਼ੀ ਦਾ ਵੇਲਾ, ਲਾਲ ਭਖੇ ਨੂਰਾਨੀ ।
ਤੇ ਯਾਕੂਬ ਚਿਹਰੇ ਵੱਲ ਦੇਖੇ, ਚਸ਼ਮ ਚੁੱਮੇ ਪੇਸ਼ਾਨੀ ।
ਚਿਹਰਾ ਦਮਕੇ ਨੂਰ ਚਮਕੇ, ਰਹੇ ਨਜ਼ਰ ਛੁਪ ਤੱਕੇ ।
ਕੇਡ ਦਿਲਾਵਰ ਕਰੇ ਨਜ਼ਾਰਾ, ਤਾਬਿਸ਼ ਝੱਲ ਨ ਸੱਕੇ ।
ਗੁਜ਼ਰੀ ਬਾਪ ਦਿਲੇ ਵਿੱਚ ਏਹਾ, ਸੂਰਤ ਵੇਖ ਮੁਸੱਵਰ ।
ਯੂਸੁਫ਼ ਹੈ ਯਾ ਮਾਹ ਫ਼ਲਕ ਹੈ, ਯਾ ਖ਼ੁਰਸ਼ੀਦ ਮੁਨੱਵਰ ।
ਯੂਸੁਫ਼ ਕੰਬ ਦੋ ਲਹਜ਼ੇ ਪਿੱਛੇ, ਖ਼ਵਾਬੋਂ ਉੱਠ ਖਲੋਇਆ ।
ਕੰਬਦਾ ਵੇਖ ਕਹੇ ਪੈਗ਼ੰਬਰ, ਤੂੰ ਕਿਉਂ ਬੇ-ਦਿਲ ਹੋਇਆ ।
ਕਹੋ ਫ਼ਰਜ਼ੰਦਾ ਕੀ ਕੁਝ ਡਿੱਠਾ, ਖ਼ਵਾਬ ਕਵੇਹੀ ਆਈ ।
ਕੀ ਹਾਲਾ ਦਿਸ ਆਇਆ ਤੈਨੂੰ, ਜਿਸਨੇ ਹੋਸ਼ ਗਵਾਈ ।
ਯੂਸੁਫ਼ ਕਹਿੰਦਾ ਡਿੱਠਾ ਸੁਫ਼ਨਾ, ਦਰ ਖੁੱਲ੍ਹੇ ਅਸਮਾਨੀ ।
ਛਨ ਛਨ ਨੂਰ ਜ਼ਿਮੀਂ ਤੇ ਵਰ੍ਹਿਆ, ਜਗ ਹੋਇਆ ਨੂਰਾਨੀ ।
ਵਿਚ ਜ਼ਿਮੀਂ ਦੇ ਹਰ ਜਾ ਨਹਰਾਂ, ਆਬਿ-ਸਫ਼ਾ ਸਭ ਜਾਰੀ ।
ਮੱਛੀਆਂ ਜ਼ੇਬਾ ਨਹਿਰਾਂ ਅੰਦਰ, ਹਮਦਾਂ ਪੜ੍ਹਨ ਗ਼ੁਫ਼ਾਰੀ ।
ਤਨ ਮੇਰੇ ਪੁਰ ਚਾਦਰ ਨੂਰੀ, ਮੈਂ ਵਾਂਗੂੰ ਸਰਦਾਰਾਂ ।
ਚਾਦਰ ਥੀਂ ਕੁਲ ਦੁਨੀਆਂ ਰੋਸ਼ਨ, ਚਰਖ਼ ਚੜ੍ਹਨ ਲਿਸ਼ਕਾਰਾਂ ।
ਹਰਦਮ ਨੂਰ ਤ੍ਰੱਕੀ ਅੰਦਰ, ਚਾਦਰ ਦੀ ਰੁਸ਼ਨਾਈ ।
ਕੁੰਜੀਆਂ ਜ਼ਿਮੀਂ ਸਭੇ ਹੱਥ ਮੇਰੇ, ਹਾਲਤ ਇਹ ਦਿਸ ਆਈ ।

(ਨਾਜ਼ਵਰਾਂ=ਨਖ਼ਰੇ ਵਾਲਿਆਂ ਦਾ, ਮੁਸੱਵਰ=ਚਿੱਤਰਕਾਰ,
ਮਾਹ-ਚੰਨ, ਖ਼ੁਰਸ਼ੀਦ=ਸੂਰਜ, ਮੁਨੱਵਰ=ਰੋਸ਼ਨ, ਆਬਿ-ਸਫ਼ਾ=
ਸਾਫ਼ ਪਾਣੀ, ਜ਼ੇਬਾ=ਸੁੰਦਰ, ਗ਼ੁਫ਼ਾਰੀ=ਬਖ਼ਸ਼ਿਸ਼ ਕਰਨ ਵਾਲੇ ਦਾ)


ਐ ਬਾਬਾ ਮੈਂ ਸੂਰਜ ਡਿੱਠਾ, ਚੰਦ ਸਿਤਾਰੇ ਯਾਰਾਂ ।
ਏਹ ਸਭ ਮੈਨੂੰ ਸਜਦਾ ਕਰਦੇ, ਕਰ ਕਰ ਅਜ਼ਜ਼ ਹਜ਼ਾਰਾਂ ।
ਵਾਂਗ ਜਮਾਦ ਖ਼ਾਮੋਸ਼ ਤਮਾਮੀ, ਅਕਲ ਕਿਆਸੋਂ ਖ਼ਾਲੀ ।
ਗੌਹਰਿ-ਨੁਤਕ ਮੇਰੇ ਵਿਚ ਨਾਲੇ, ਅਕਲ ਫ਼ਿਰਾਸਤ ਆਲੀ ।
ਸੂਰਜ ਚੰਦੋਂ ਸੂਰਤ ਮੇਰੀ, ਰੋਸ਼ਨ ਦੂਣ ਸਵਾਈ ।
ਮੇਰੇ ਅੱਗੇ ਉਹਨਾਂ ਸਭਾਂ ਦਾ, ਕਦਰ ਨਹੀਂ ਸੀ ਕਾਈ ।
ਸੁਣ ਯਾਕੂਬ ਨਬੀ ਗ਼ਸ਼ ਖਾਧਾ, ਰੋ ਧਰਤੀ ਤੇ ਝੜਿਆ ।
ਸਬਰ ਕਰਾਰ ਤਸੱਲੀ ਦਿਲ ਥੀਂ, ਗ਼ਮ ਦਰਦਾਂ ਕੱਢ ਖੜਿਆ ।
ਸਾਇਤ ਬਾਦ ਪੈਗ਼ੰਬਰ ਤਾਈਂ, ਹੋਸ਼ ਜ਼ਰਾ ਕੁਝ ਆਈ ।
ਯਾ ਹਜ਼ਰਤ ਇਹ ਹਾਲ ਕੁਵੇਹਾ, ਯੂਸੁਫ਼ ਅਰਜ਼ ਸੁਣਾਈ ।
ਪਕੜ ਪੈਗ਼ੰਬਰ ਯੂਸੁਫ਼ ਤਾਈਂ ਸੀਨੇ ਨਾਲ ਲਗਾਵੇ ।
ਕਰੇ ਪਿਆਰ ਚੁੰਮੇ ਸਿਰ ਅੱਖੀਂ, ਰੋ ਰੋ ਕੇ ਫ਼ਰਮਾਵੇ ।
ਤੂੰ ਜਾਤਾ ਫ਼ਰਜ਼ੰਦ ਪਿਆਰੇ, ਮੇਰਾ ਕਦਰ ਵਡੇਰਾ ।
ਸੂਰਜ ਚੰਦ ਕਰੇਂਦੇ ਸਜਦਾ, ਆਲੀ ਰੁਤਬਾ ਮੇਰਾ ।
ਇਹ ਵਡਿਆਈ ਅੱਲ੍ਹਾ ਬਾਝੋਂ, ਪਰੇ ਨ ਹੋਰਾਂ ਤਾਈਂ ।
ਨਾਲ ਖ਼ੁਦੀ ਦੇ ਵੈਰ ਖ਼ੁਦਾ ਨੂੰ, ਨਹੀਂ ਪਸੰਦ ਕਦਾਈਂ ।
ਝੱਲ ਪਿਆਰਿਆ ਸਿਰ ਤੇ ਆਈ, ਜਾਨ ਬਲਾ ਅਸਮਾਨੀ ।
ਸਖ਼ਤੀ ਪਵੇ ਮੁਸੀਬਤ ਕਾਈ, ਹੁਕਮ ਜਿਵੇਂ ਰਹਮਾਨੀ ।
ਇਹ ਸੁਫ਼ਨਾ ਤਾਬੀਰ ਉੱਚੇਰੀ, ਕਦਰ ਮਿਲੇ ਰਹਮਾਨੋਂ ।
ਹਾਲਾ ਚੰਦ ਸਿਤਾਰੇ ਭਾਈ, ਸੂਰਜ ਬਾਪ ਪਛਾਨੋਂ ।

(ਫ਼ਿਰਾਸਤ=ਦਾਨਾਈ, ਆਲੀ=ਉੱਚਾ, ਬਲਾ=ਮੁਸੀਬਤ,
ਤਾਬੀਰ=ਵਿਆਖਿਆ)


ਫ਼ਰਜ਼ੰਦਾ ਤੂੰ ਸਰਵਰ ਹੋਸੇਂ, ਅੰਦਰ ਦੋ ਜਹਾਨਾਂ ।
ਮਾਂ ਪਿਉ ਅਤੇ ਭਰਾਵਾਂ ਤੇਰਿਆਂ, ਹੋਣ ਵਡੇਰੀਆਂ ਸ਼ਾਨਾ ।
ਯੂਸੁਫ਼ ਕਹੰਦਾ ਜੇ ਹੈ ਹਜ਼ਰਤ, ਇਹ ਤਾਬੀਰ ਉੱਚੇਰੀ ।
ਵਿਚ ਬਦਨ ਕਿਉਂ ਗਈ ਕਰਾਰੋਂ, ਜਾਨ ਮੁਬਾਰਿਕ ਤੇਰੀ ।
ਫ਼ਰਮਾਇਆ ਹੋਣ ਖ਼ੁਸ਼ੀਆਂ ਜਿੱਥੇਂ, ਅੱਵਲ ਗ਼ਮੀ ਉਥਾਈਂ ।
ਖ਼ਾਰ ਗੁਲੀਂ ਸਿਰ ਨਾਗ਼ ਖ਼ਜ਼ਾਨੇ, ਬਹਿਰ ਨਿਹੰਗ ਬਲਾਈਂ ।
ਇਹ ਹੈ ਖ਼ਵਾਬ ਸੁਬਹ ਦੀ ਤੇਰੀ, ਝੂਠ ਨ ਹੋਗ ਕਦਾਈਂ ।
ਇਹ ਤਾਬੀਰ ਕਹੀ ਪੈਗ਼ੰਬਰ, ਹਜ਼ਰਤ ਯੂਸੁਫ਼ ਤਾਈਂ ।
ਤੇ ਕਹਿਆ ਇਹ ਸੁਫ਼ਨਾ ਯੂਸੁਫ਼, ਮੂਲ ਨ ਦੱਸੀਂ ਭਾਈਆਂ ।
ਖਾ ਗ਼ੈਰਤ ਕੁਛ ਮਕਰ ਕਰੇਸਣ, ਦੇਣ ਮਤਾਂ ਈਜ਼ਾਈਆਂ ।
ਅਗਲਿਆਂ ਖ਼ਵਾਬਾਂ ਵਾਂਗ ਨ ਦੱਸੇਂ, ਇਹ ਨਸੀਹਤ ਮੇਰੀ ।
ਭਾਈ ਤੇਰੇ ਮਾਰਨ ਕਾਰਣ, ਮਤ ਕੁਝ ਕਰਨ ਦਲੇਰੀ ।
ਯੂਸੁਫ਼ ਅਰਜ਼ ਕਰੇ ਯਾ ਹਜ਼ਰਤ. ਰੰਜ ਭਾਈ ਕਿਉਂ ਦੇਸਣ ।
ਆਖ਼ਿਰ ਉਹ ਪੈਗ਼ੰਬਰਜ਼ਾਦੇ, ਕਿਉਂ ਕਰ ਮਕਰ ਕਰੇਸਣ ।
ਫਿਰ ਯਾਕੂਬ ਕਹੇ ਫ਼ਰਜ਼ੰਦਾ, ਤੇਰੀ ਸਮਝ ਨ ਆਈ ।
ਹੈ ਸ਼ੈਤਾਨ ਬੰਦੇ ਦਾ ਦੁਸ਼ਮਣ, ਸਖ਼ਤ ਜਿਦ੍ਹੀ ਬੁਰਿਆਈ ।
ਫੇਰ ਦਿਲਾਂ ਵੱਲ ਬਦੀਆਂ ਖੜਦਾ, ਫ਼ਰਕ ਪਲਕ ਵਿੱਚ ਪਾਏ ।
ਯਾਰਾਂ ਕੋਲੋਂ ਯਾਰ ਪਿਆਰੇ, ਪਲ ਵਿੱਚ ਜੁਦਾ ਕਰਾਏ ।
ਯੂਸੁਫ਼ ਕੰਬ ਰਿਹਾ ਚੁੱਪ ਸੁਣਕੇ, ਹੋਰ ਨ ਉਜ਼ਰ ਲਿਆਇਆ ।
ਇਹ ਸੁਫ਼ਨਾ ਫਿਰ ਪਾਸ ਕਿਸੇ ਦੇ, ਮੂਲ ਨ ਆਖ ਸੁਣਾਇਆ ।

(ਸਰਵਰ=ਸਰਦਾਰ, ਕਰਾਰੋਂ=ਆਰਾਮ, ਨਾਗ਼=ਸੱਪ, ਨਿਹੰਗ=
ਮਗਰਮੱਛ, ਈਜ਼ਾਈਆਂ=ਤਕਲੀਫ਼ਾਂ, ਉਜ਼ਰ=ਬਹਾਨਾ)


ਸੁਣ ਯੂਸੁਫ਼ ਦੀ ਖ਼ਵਾਬ ਪੈਗ਼ੰਬਰ, ਸੀ ਜ਼ਾਹਿਰ ਫ਼ਰਮਾਇਆ ।
ਏਵੇਂ ਰੱਬ ਨਵਾਜ਼ਿਸ਼ ਕਰਸੀ, ਜਿਉਂ ਤੈਂ ਨਜ਼ਰੀਂ ਆਇਆ ।
ਤੇ ਤੈਨੂੰ ਤਾਵੀਲਿ-ਹਦੀਸਾਂ, ਅੱਲਾ ਪਾਕ ਸਿਖਾਵੇ ।
ਖ਼ਵਾਬਾਂ ਦੀ ਤਾਬੀਰਾਂ ਵਾਲਾ, ਇਲਮ ਤੇਰੇ ਹੱਥ ਆਵੇ ।
ਤੈਂ ਪੁਰ ਨਿਆਮਤ ਪੂਰੀ ਕਰਸੀ, ਤੇ ਆਲਿ-ਯਾਕੂਬੀ ।
ਜਿਉਂ ਇਸਹਾਕ ਖ਼ਲੀਲਅੱਲਾ ਨੂੰ, ਮਿਲੀ ਸ਼ਰਫ਼ ਤੇ ਖ਼ੂਬੀ ।
ਤੈਨੂੰ ਰੱਬ ਪੈਗ਼ੰਬਰ ਕਰਸੀ, ਪਾਵੇਂ ਰੁਤਬਾ ਭਾਰਾ ।
ਸਰਦਾਰਾਂ ਵਿੱਚ ਸਰਵਰ ਹੋਸੇਂ, ਅੰਦਰ ਦਿਲਾਂ ਪਿਆਰਾ ।
ਮਾਦਰ ਯੂਸੁਫ਼ ਦੀ ਮਤਰੇਈ, ਸ਼ਮਊਨੇ ਦੀ ਮਾਈ ।
ਇਹ ਗੱਲਾਂ ਸਭ ਉਸਨੇ ਸੁਣੀਆਂ, ਭਾਈਆਂ ਖ਼ਬਰ ਪੁਚਾਈ ।
ਸੁਣ ਭਾਈਆਂ ਦਿਲ ਹਸਦ ਤਪਾਏ, ਤੇ ਗਰਮੀ ਵਿੱਚ ਆਏ ।
ਇਸ ਲੜਕੇ ਨੇ ਮਕਰ ਬਣਾਏ, ਸਾਡੇ ਜਿਗਰ ਤਪਾਏ ।
ਝੂਠੇ ਸੁਫ਼ਨੇ ਜੋੜ ਸੁਣਾਏ, ਪਿਉ ਨੇ ਸੱਚ ਮਨਾਏ ।
ਅਸੀਂ ਬਹਾਦਰ ਦੂਰ ਹਟਾਏ, ਤੇ ਲੜਕੇ ਗਲ ਲਾਏ ।
ਬਿਨਯਾਮੀਨ ਸਣੇ ਖ਼ੁਦ ਪਿਉ ਨੂੰ, ਯੂਸੁਫ਼ ਬਹੁਤ ਪਿਆਰਾ ।
ਅਸੀਂ ਨ ਪੰਜਾਂ ਵਿੱਚ ਪੰਜਾਹਾਂ, ਕਦਰ ਗਇਆ ਉੱਠ ਸਾਰਾ ।
ਯੂਸੁਫ਼ ਉਸਨੂੰ ਬਹੁਤ ਪਿਆਰਾ, ਨਾਲ ਜਿਦ੍ਹੇ ਵਰਤਾਰਾ ।
ਤੇ ਇਸਦਾ ਦੀਦਾਰ ਗੁਜ਼ਾਰਾ, ਬਿਨ ਦੀਦਾਰ ਨ ਚਾਰਾ ।
(ਤਾਵੀਲਿ-ਹਦੀਸਾਂ=ਪੈਗ਼ੰਬਰ ਨਾਲ ਸੰਬੰਧਿਤ ਸਾਖੀਆਂ ਦੇ
ਗੁੱਝੇ ਭੇਦ ਖੋਲ੍ਹਣੇ, ਆਲਿ=ਔਲਾਦ, ਮਾਦਰ=ਮਾਂ)

7. ਯੂਸੁਫ਼ ਤੇ ਉਸ ਦੇ ਭਰਾ

ਕੀ ਜਾਣਾ ਇਸ ਦਾਰਿ-ਫ਼ਨਾਹ ਵਿੱਚ, ਕੇਡ ਪਈਆਂ ਘੁਲ ਜ਼ਹਰਾਂ ।
ਹਾਲ ਮਿਜ਼ਾਜਾਂ ਫ਼ਾਸਿਦ ਕਰਕੇ, ਖ਼ੂਨ ਵਗਾਵਣ ਨਹਰਾਂ ।
ਜਾਲੀਆਂ ਗਿਰਦ ਖਲਾਰ ਖਲੋਇਆ, ਇਹ ਸ਼ੈਤਾਨ ਸ਼ਿਕਾਰੀ ।
ਡਾਰੋਂ ਤੋੜ ਵਿਛੋੜ ਤੱਯੂਰਾਂ, ਫਾਹ ਗਲ ਧਰੇ ਕਟਾਰੀ ।
ਮਤ ਇਹ ਕੂੰਜ ਨ ਵਿੱਛੜ ਡਾਰੋਂ, ਛਲ ਵੇਲਾ ਪਛਤਾਵੇ ।
ਜਿਸ ਵੈਰੀ ਦਾ ਖ਼ੌਫ਼ ਦਿਲੇ ਨੂੰ, ਮਤ ਉਸਦੇ ਹੱਥ ਆਵੇ ।
ਜਾਂ ਯੂਸੁਫ਼ ਦੇ ਭਾਈਆਂ ਤਾਈਂ, ਰਸ਼ਕ ਦਿਲਾਂ ਵਿੱਚ ਧਾਣੀ ।
ਗ਼ਮ ਗੁੱਸੇ ਦੇ ਵਿੱਚ ਕਿਆਮਤ, ਇਕ ਇਕ ਘੜੀ ਵਿਹਾਣੀ ।
ਅੰਦਰ ਘਰ ਰੂਈਲ ਤਮਾਮਾਂ, ਬੈਠ ਸਲਾਹ ਪਕਾਈ ।
ਜੋਸ਼ ਖ਼ਰੋਸ਼ ਗ਼ਜ਼ਬ ਦਾ ਸਭਨਾਂ, ਦਿਲ ਦੀ ਖੋਲ੍ਹ ਸੁਣਾਈ ।
ਰਲ ਬੈਠੇ ਦਸ ਵੀਰ ਤਮਾਮੀ, ਰਲ ਮਿਲ ਕਰਨ ਸਲਾਹੀਂ ।
ਯੂਸੁਫ਼ ਬਿਨਯਾਮੀਨ ਬਗ਼ੈਰੋਂ, ਬਾਪ ਨ ਰਹੇ ਕਦਾਈਂ ।
ਯੂਸੁਫ਼ ਨੂੰ ਵਿੱਚ ਗੋਦ ਰਖੇਂਦਾ, ਘੜੀ ਨ ਮੂਲ ਵਿਸਾਰੇ ।
ਬਿਨਯਾਮੀਨ ਅੱਖੀਂ ਵਿੱਚ ਹਰ ਦਮ, ਦਿਨ ਤੇ ਰਾਤ ਗੁਜ਼ਾਰੇ ।
ਦੋਵੇਂ ਸਾਥੀਂ ਚੰਗੇ ਹੋਏ, ਇਹ ਰਾਹੀਲੇ ਜਾਏ ।
ਦਸ ਭਾਈ ਅਸੀਂ ਸ਼ੇਰ ਬਹਾਦਰ, ਗਿਣਤੀ ਵਿਚ ਨ ਆਏ ।
ਬਾਪ ਅਸਾਡਾ ਭੁੱਲਾ ਜਾਂਦਾ, ਸਾਨੂੰ ਮਨੋਂ ਵਿਸਾਰੇ ।
ਸੁਣ ਲੜਕੇ ਦੇ ਸੁਖ਼ਨ ਖ਼ਿਆਲੀ, ਜਾਨ ਜਿਗਰ ਚਾ ਵਾਰੇ ।
ਅਸੀਂ ਜਮ੍ਹਾਂ ਸਭ ਅਕਲਾਂ ਵਾਲੇ, ਗ਼ਾਲਿਬ ਜ਼ੋਰ ਅਸਾਹਾਂ ।
ਹਰ ਦਮ ਕਾਰ ਗੁਜ਼ਾਰੀਆਂ ਕਰਦੇ, ਤੇ ਖ਼ੈਰੀਅਤ ਖ਼ਵਾਹਾਂ ।

(ਦਾਰਿ-ਫ਼ਨਾਹ=ਨਾਸ਼ਵਾਨ ਦੁਨੀਆਂ, ਫ਼ਾਸਿਦ=ਵਿਗਾੜ ਕੇ,
ਤੱਯੂਰਾਂ=ਪੰਛੀਆਂ, ਰਸ਼ਕ=ਈਰਖਾ, ਖ਼ਵਾਹਾਂ=ਚਾਹਵਾਨ)


ਬਕਰੀਆਂ ਚਰਵਾਂਦੇ ਜੰਗਲ, ਸੌ ਸੌ ਕਾਰ ਬਣਾਂਦੇ ।
ਖ਼ਿਦਮਤ ਤੇ ਵਿਚ ਫ਼ਰਮਾਬਰਦਾਰੀਆਂ, ਸਾਡੇ ਵਕਤ ਵਿਹਾਂਦੇ ।
...............................................................
ਰਲ ਭਾਈਆਂ ਜਾਂ ਮਤਾ ਪਕਾਇਆ, ਯੂਸੁਫ਼ ਪਾਸ ਸਿਧਾਏ ।
ਕਰ ਕਰ ਮਿਹਰ ਮੁਹੱਬਤ ਜ਼ਾਹਿਰ, ਸ਼ੀਰੀਂ-ਸੁਖ਼ਨ ਸੁਣਾਏ ।
............................................................
ਸੁਣਿਆ ਅਸਾਂ ਜੋ ਇਕ ਅਜਾਇਬ, ਤੈਨੂੰ ਸੁਫ਼ਨਾ ਆਇਆ ।
ਜਿਸ ਥੀਂ ਜ਼ਾਹਿਰ ਮਾਲਮ ਹੁੰਦਾ, ਤੇਰਾ ਆਲੀ ਪਾਇਆ ।
ਸੁਣ ਯੂਸੁਫ਼ ਦਿਲ ਕਰੇ ਵਿਚਾਰਾਂ, ਸਿਰ ਨੀਵੇਂ ਚੁੱਪ ਰਹਿਆ ।
ਕਿਆ ਕਰਾਂ ਕੀ ਕਹਾਂ ਜ਼ਬਾਨੋਂ, ਮੁਸ਼ਕਿਲ ਵੇਲਾ ਏਹਾ ।
ਜੇ ਦੱਸਾਂ ਤੇ ਪਾਸ ਪਿਦਰ ਦੇ, ਕਿਆ ਜਵਾਬ ਸੁਣਾਵਾਂ ।
ਚੁੱਪ ਰਹਾਂ ਚੁੱਪ ਲਾਇਕ ਨਾਹੀਂ, ਕੀ ਤਦਬੀਰ ਬਣਾਵਾਂ ।
ਝੂਠ ਕਹਾਂ ਤੇ ਰੱਬ ਦਾ ਆਸੀ, ਸਭ ਥੀਂ ਝੂਠ ਮੰਦੇਰਾ ।
ਸੱਚ ਬਿਨਾਂ ਹੁਣ ਰਾਹ ਨ ਕਾਈ, ਜਿਵੇਂ ਕਰੇ ਰੱਬ ਮੇਰਾ ।
ਜੋ ਕੁਝ ਯੂਸੁਫ਼ ਸੁਫ਼ਨਾ ਡਿੱਠਾ, ਜ਼ਾਹਿਰ ਆਖ ਸੁਣਾਇਆ ।
ਸੁਣ ਭਾਈਆਂ ਦੇ ਤਪੇ ਕਲੇਜੇ, ਹਸਦ ਤਨੂਰ ਤਪਾਇਆ ।

(ਸ਼ੀਰੀਂ=ਮਿੱਠੇ, ਪਾਇਆ=ਮਰਤਬਾ, ਆਸੀ=ਗੁਨਾਹਗਾਰ,
ਤਨੂਰ=ਤੰਦੂਰ,ਭੱਠ)

ਭਾਈਆਂ ਦਾ ਗੋਂਦ ਗੁੰਦਣਾ

ਯੂਸੁਫ਼ ਵਲੋਂ ਇਕ ਵਲ ਹੋ ਕੇ, ਬੈਠ ਸਲਾਹ ਪਕਾਈ ।
ਯੂਸੁਫ਼ ਦਾ ਕੁਝ ਚਾਰਾ ਕਰਿਓ, ਦੇਰ ਨ ਕਰਿਓ ਕਾਈ ।
.........................................................
ਉਸਨੂੰ ਜਾਨੋਂ ਮਾਰ ਮੁਕਾਓ, ਜੇ ਹੋ ਰਾਜ਼ੀ ਸੱਭੇ ।
ਯਾ ਤੇ ਦੇਸ ਦੁਰਾਡੇ ਸੁੱਟੋ, ਜਿੱਥੋਂ ਖ਼ਬਰ ਨ ਲੱਭੇ ।
ਤਾਂ ਇਸ ਥੀਂ ਪਿਓ ਫ਼ਾਰਿਗ਼ ਹੋ ਕੇ, ਮੁੜ ਸਾਨੂੰ ਗਲ ਲਾਵੇ ।
ਤਾਂ ਇਹ ਫ਼ਿਕਰ ਅੰਦੇਸ਼ਾ ਦਿਲ ਦਾ, ਸਭ ਸਾਡਾ ਉਠ ਜਾਵੇ ।
............................................................
ਸੁਣ ਕੇ ਕੰਬ ਯਹੂਦਾ ਕਹੰਦਾ, ਸੁਣਿਓ, ਸਭ ਭਰਾਓ ।
ਜੇ ਕੁਝ ਕਰਨਾ ਡਰੋ ਖ਼ੁਦਾ ਥੀਂ, ਮੂਲ ਨ ਮਾਰ ਗਵਾਓ ।
ਸੁੱਟੋ ਵਿਚ ਹਨੇਰੇ ਖੂਹ ਦੇ, ਵਕਤ ਜਿਵੇਂ ਹੱਥ ਆਵੇ ।
ਸਾਦਰ ਵਾਹਰੂ ਮਰਦ ਮੁਸਾਫ਼ਿਰ, ਕੋਈ ਕੱਢ ਲੈ ਜਾਵੇ ।
ਵਿੱਚ ਵਤਨ ਖੜ ਪਾਲੇ ਉਸ ਨੂੰ, ਰੱਖੇ ਵਾਂਗ ਗ਼ੁਲਾਮਾਂ ।
ਇਹ ਤਦਬੀਰ ਯਹੂਦੇ ਵਾਲੀ, ਪਈ ਪਸੰਦ ਤਮਾਮਾਂ ।
ਰਲ ਮਿਲ ਸਾਰੇ ਆਣ ਪਿਦਰ ਦੇ, ਬੈਠੇ ਆਣ ਆਦਾਬੋਂ ।
ਸੁਖ਼ਨ ਕੀਤੇ ਕੁਝ ਨਰਮ ਮੁਲਾਇਮ, ਲਫ਼ਜ਼ ਸਵਾਲ ਜਵਾਬੋਂ ।
ਫਿਰ ਸਭਨਾਂ ਰਲ ਕਹਿਆ ਹਜ਼ਰਤ, ਯੂਸੁਫ਼ ਵੀਰ ਪਿਆਰਾ ।
ਘਰ ਵਿੱਚ ਬੈਠਾ ਸ਼ਾਦ ਨ ਹੁੰਦਾ, ਬੰਦ ਰਹੇ ਬੇਚਾਰਾ ।
ਰਲਕੇ ਜੰਗਲ ਨਾਲ ਅਸਾਡੇ, ਘੱਲ ਜੋ ਦਿਲ ਪਰਚਾਵੇ ।
ਹੱਸੇ ਖੇਡੇ ਨਾਲ ਅਸਾਡੇ, ਕੁਝ ਪੀਵੇ ਕੁਝ ਖਾਵੇ ।
ਬਾਪ ਦੀ ਪੁੱਤਰਾਂ ਨੂੰ ਤਾਕੀਦ

ਬਾਪ ਕਹੇ ਜੀ ਡਰਦਾ ਮੇਰਾ, ਜੇ ਤੁਸੀਂ ਨਾਲ ਲੈ ਜਾਓ ।
ਗੁਰਗ ਪਵੇ ਕੋ ਖਾਵੇ ਇਸਨੂੰ, ਤੁਸੀਂ ਨ ਖ਼ਬਰਾਂ ਪਾਓ ।
ਗ਼ਾਫ਼ਿਲ ਮਤ ਹੋ ਯੂਸੁਫ਼ ਵਲੋਂ, ਰਹਸੋ ਵਿੱਚ ਉਜਾੜਾਂ ।
ਹੱਥ ਆਵੇ ਮਤ ਯੂਸੁਫ਼ ਮੇਰਾ, ਜੰਗਲ ਦੇ ਬਘਿਆੜਾਂ ।
ਦੰਦੀਂ ਘਤ ਅੰਗੁਸ਼ਤਾਂ ਬੋਲੇ, ਕੀ ਹਜ਼ਰਤ ਫ਼ਰਮਾਇਆ ।
ਬਘਿਆੜਾਂ ਦਾ ਸਾਡੇ ਹੁੰਦਿਆਂ, ਕਹੋ ਬਾਬਾ ਕੀ ਪਾਯਾ ।
ਜੇ ਯੂਸੁਫ਼ ਬਘਿਆੜੇ ਖਾਧਾ, ਸਭ ਕੁਝ ਅਸਾਂ ਗਵਾਇਆ ।
ਅਸੀਂ ਜ਼ਿਆਨੀ ਜੇ ਉਸ ਵੇਲੇ, ਜ਼ੋਰਾ ਕੰਮ ਨ ਆਇਆ ।

(ਗੁਰਗ=ਬਘਿਆੜ, ਅੰਗੁਸ਼ਤਾਂ=ਉਂਗਲੀਆਂ, ਜ਼ਿਆਨੀ=
ਘਾਟੇ ਵਿਚ ਰਹਿਣ ਵਾਲੇ, ਜ਼ੋਰਾ=ਤਾਕਤ)

ਬਾਪ ਦਾ ਯੂਸੁਫ਼ ਨੂੰ ਇਜਾਜ਼ਤ ਦੇਣਾ

ਬਾਪ ਪੁੱਛੇ ਐ ਯੂਸੁਫ਼ ਪਿਆਰੇ, ਮਰਜ਼ੀ ਤੁਧ ਕਿਆ ਈ ।
ਤੂੰ ਹੈਂ ਮੇਰੇ ਦਿਲ ਦਾ ਪੁਰਜ਼ਾ, ਅੱਖਾਂ ਦੀ ਰੁਸ਼ਨਾਈ ।
ਯੂਸੁਫ਼ ਕਹੇ ਯਾ ਹਜ਼ਰਤ, ਦੇ ਰੁਖ਼ਸਤ ਹੋ ਰਾਜ਼ੀ ।
ਮੈਂ ਰਾਜ਼ੀ ਹਾਂ ਸੈਰ ਜੰਗਲ ਥੀਂ, ਭਾਈਆਂ ਦੇਖ ਫ਼ਿਆਜ਼ੀ ।
ਮੇਰੇ ਵੀਰ ਨ ਵੈਰੀ ਮੇਰੇ, ਕਰਦੇ ਅਰਜ਼ ਪਿਆਰੋਂ ।
ਖ਼ੁਸ਼ ਮੇਰਾ ਦਿਲ ਨਾਲ ਭਰਾਵਾਂ, ਸੈਰ ਕਰਾਂ ਗੁਲਜ਼ਾਰੋਂ ।
ਸੁਣ ਯਾਕੂਬ ਰੁੰਨਾਂ ਭਰ ਅੱਖੀਂ, ਫ਼ਰਜ਼ੰਦਾ ਤੂੰ ਜਾਵੇਂ ।
ਦਿਲ ਮੇਰੇ ਵਿੱਚ ਨਹੀਂ ਤਸੱਲੀ, ਖ਼ਬਰ ਨਹੀਂ ਕਦ ਆਵੇਂ ।
ਹਰ ਦਮ ਤੇਰੇ ਹਾਜ਼ਿਰ ਹੁੰਦਿਆਂ, ਦਿਲ ਨੂੰ ਸਬਰ ਨ ਆਵੇ ।
ਕਿਉਂਕਰ ਤੇਰੇ ਵਿੱਚ ਵਿਛੋੜੇ, ਸਾਰਾ ਰੋਜ਼ ਵਿਹਾਵੇ ।
..........................................................
ਜੇ ਨ ਤੇਰੀ ਮਰਜ਼ੀ ਹੋਂਦੀ, ਘਲਦਾ ਨ ਕਦਾਹੀਂ ।
ਅੱਜ ਜੁਦਾਈਆਂ ਸਿਰ ਤੇ ਆਈਆਂ, ਵਕਤ-ਮੁਕੱਦਰ ਤਾਈਂ ।
ਜਾਹ ਸਵੇਰੇ ਨਾਲ ਭਰਾਵਾਂ, ਇਜ਼ਨ ਦਿੱਤਾ ਮੈਂ ਤੈਨੂੰ ।
ਮੈਂ ਮੁਸ਼ਤਾਕ ਤੇਰਾ ਹਰ ਵੇਲੇ, ਨ ਵਿਸਾਰੀਂ ਮੈਨੂੰ ।
ਸੁਣ ਯੂਸੁਫ਼ ਵਿੱਚ ਦਿਲ ਦੇ ਰਾਜ਼ੀ, ਸ਼ੌਕ ਜੰਗਲ ਚਿੱਤ ਚਾਇਆ ।
ਭਾਈਆਂ ਦੇ ਦਿਲ ਖ਼ੁਸ਼ੀਆਂ ਹੋਈਆਂ, ਜੋ ਚਾਹਿਆ ਸੋ ਪਾਇਆ ।
.................................................................
ਵੱਲ ਜੰਗਲ ਪਿਉ ਨਾਲ ਪੁੱਤਾਂ ਦੇ, ਆਹਾ ਟੁਰਿਆ ਜਾਂਦਾ ।
ਜਿਤ ਵਲ ਉਸਦਾ ਯੂਸੁਫ਼ ਜਾਂਦਾ, ਉਤ ਵਲ ਕਦਮ ਉਠਾਂਦਾ ।
ਪਾਸ ਨਬੀ ਵਿਚ ਰਾਹੇ ਜਾਂਦਿਆਂ, ਅਰਜ਼ ਕੀਤੀ ਫ਼ਰਜ਼ੰਦਾਂ ।
ਕਿਉਂ ਬਾਬਾ ਤਕਲੀਫ਼ ਉਠਾਵੋ, ਵਾਟ ਪਵੇ ਦੋ ਚੰਦਾਂ ।
ਯੂਸੁਫ਼ ਸਾਡੇ ਦਿਲ ਦਾ ਟੁਕੜਾ, ਕਦ ਸਾਨੂੰ ਦੁਪਿਆਰਾ ।
ਹੁਣ ਘਰ ਨੂੰ ਤਸ਼ਰੀਫ਼ ਲੈ ਜਾਓ, ਕਸਦ ਨ ਕਰਿਓ ਭਾਰਾ ।
ਹੋ ਕੇ ਖੜਾ ਨਬੀ ਫ਼ਰਮਾਏ, ਫ਼ਰਜ਼ੰਦਾਂ ਨੂੰ ਰੋ ਕੇ ।
ਕੁਝ ਨਸੀਹਤ ਮੇਰੇ ਦਿਲ ਥੀਂ, ਹੁਣ ਸੁਣ ਲਵੋ ਖਲੋ ਕੇ ।
ਯੂਸੁਫ਼ ਨੂੰ ਲੈ ਝਬਦੇ ਮੁੜਿਓ, ਮੈਨੂੰ ਮੋੜ ਵਿਖਾਇਓ ।
ਭੁਖ ਲੱਗੇ ਤਾਂ ਕੱਢ ਜ਼ੰਬੀਲੋਂ, ਉਸਨੂੰ ਖੁਰਸ਼ ਖਵਾਇਓ ।
ਵਕਤ ਪਿਆਸ ਨਿਰਾਸ ਨ ਕਰਿਓ, ਸ਼ਰਬਤ ਤੁਰਤ ਪਿਲਾਇਓ ।
ਆਪ ਜੁਦਾ ਵਿਚ ਕਾਰਾਂ ਹੋਸੋ, ਮਤਾਂ ਕੱਲਾ ਛੱਡ ਜਾਇਓ ।
...........................................................
ਭਾਈਆਂ ਗੋਦ ਲਇਆ ਚਾ ਯੂਸੁਫ਼,ਹੋਏ ਵਿਦਾ ਪਿਦਰ ਥੀਂ ।
ਦਿਲ ਪੈਗ਼ੰਬਰ ਦਾ ਪੁਰ ਦਰਦੀਂ, ਹੋਇਆ ਜੁਦਾ ਪਿਸਰ ਥੀਂ ।

(ਫ਼ਿਆਜ਼ੀ=ਖੁਲ੍ਹ-ਦਿਲੀ, ਇਜ਼ਨ=ਇਜਾਜ਼ਤ, ਜ਼ੰਬੀਲ=ਟੋਕਰੀ,
ਖੁਰਸ਼=ਭੋਜਨ, ਕਾਰਾਂ=ਕੰਮਾਂ, ਪਿਦਰ=ਬਾਪ, ਪਿਸਰ=ਪੁੱਤਰ)

ਕਵੀਉ-ਵਾਚ

ਦੇਖ ਦਿਲਾ ਇਹ ਦੁਨੀਆਂ ਏਵੇਂ, ਮੋਹ ਰੰਗੋਂ ਤੁਧ ਖੱਸੇ ।
ਮਜ਼ਾ ਚਖੇ ਸੋ ਨ ਮੁੜ ਤੱਕੇ, ਛਡ ਤਅੱਲੁਕ ਨੱਸੇ ।
ਰੰਗੀ ਛੋੜ ਰੰਗੀਲਿਆ, ਰੰਗ ਰੰਗਤ ਵਿੱਚ ਵੱਸੇ ।
ਜੋ ਗ਼ਾਫ਼ਿਲ ਦਿਲ ਬਾਹਿਰ ਹੋਵੇ, ਬਹੁਤ ਰੋਵੇ ਕਮ ਹੱਸੇ ।
ਹੋ ਸਾਕੀ ਇਹ ਰਹਜ਼ਨ ਦੁਨੀਆਂ, ਸ਼ਕਲ ਜਿਦ੍ਹੀ ਜ਼ੁਲਮਾਨੀ ।
ਵਲਾਂ ਛਲਾਂ ਦਿਆਂ ਪੜਦਿਆਂ ਅੰਦਰ, ਚਮਕੇ ਹੋ ਨੂਰਾਨੀ ।
ਮੈ ਰੰਗੀਨ ਰੰਗਤ ਦੇ ਖ਼ਮ ਥੀਂ, ਹਰ ਰੰਗ ਨਾਲ ਪਿਲਾਵੇ ।
ਲੁੱਟ ਸਿਧਾਵੇ ਮਾਰ ਗੁਵਾਵੇ, ਤੁਧ ਅਜੇ ਸਮਝ ਨ ਆਵੇ ।
ਪੜਦਾ ਚਾ ਉਘਾੜ ਨ ਦੇਖੀਂ, ਡੋਲ ਰੰਗੀਂ ਦਮ ਧਾਰੇ ।
ਦੇਖ ਤਰਫ਼ ਦਿਲ ਕਿਸਦੇ ਉਲਟੀਂ, ਇਸ਼ਕੋਂ ਲਾਫ਼ਾਂ ਮਾਰੇ ।
ਬੇਰੰਗੀ ਵਿਚ ਰੰਗ ਸੋਹਾਂਦੇ, ਤੈਨੂੰ ਨਜ਼ਰ ਨ ਆਏ ।
ਛੋੜ ਰੰਗਾਂ ਦੀ ਯਾਰੀ ਯਾਰਾ, ਯਾਰ ਜਮਾਲ ਦਿਖਾਏ ।
ਵਾਂਗੁ ਪਤੰਗ ਸ਼ਮ੍ਹਾ ਦੇ ਸ਼ੋਅਲੇ, ਕਿਉਂ ਝੁਰ ਜਾਨ ਜਲਾਵੇਂ ।
ਦੂਰੋਂ ਸੇਕ ਲਗਣ ਦੇ ਵੇਲੇ, ਕਿਉਂ ਨ ਪੈਰ ਹਟਾਵੇਂ ।
ਰਹਮ ਨਹੀਂ ਵਿਚ ਜਿਸਦੀ ਯਾਰੀ, ਕਿਉਂ ਉਸਨੂੰ ਗਲ ਲਾਵੇਂ ।
ਝੂਰ ਮਰੇਂ ਮਤ ਔਘਟ ਜਾਵੇਂ, ਜੇ ਨ ਰਮਜ਼ੋਂ ਪਾਵੇਂ ।
ਮੋੜ ਕਲਮ ਵੱਲ ਕਿੱਧਰ ਵਗਿਓਂ, ਖੋਲ੍ਹ ਜ਼ਖ਼ਮ ਨਿਹਾਨੀ ।
ਬਿਰਹੋਂ ਵਹਨ ਝੁਲੇਂਦੀਆਂ ਠਾਠੀਂ, ਮੌਜ ਵਗੇ ਤੂਫ਼ਾਨੀ ।
ਸਹੁ ਸਿਰ ਤੇ ਤਕਦੀਰ ਅਜ਼ਲ ਦੀ, ਪੈਗ਼ੰਬਰ ਰਹਮਾਨੀ ।
ਹੱਥੀਂ ਟੋਰ ਪਿਸਰ ਨੂੰ ਘਰ ਥੀਂ, ਖੜਾ ਅੰਦਰ ਹੈਰਾਨੀ ।
ਵਲ ਫ਼ਰਜ਼ੰਦਾਂ ਜਾਂਦਿਆਂ ਦੇਖੇ, ਖੜਾ ਨਬੀ ਵਿਚ ਰਾਹੇ ।
ਦੇਖ ਦਿਲਾ ਮਹਬੂਬ ਮਿਲੈਸੀ, ਫੇਰ ਜਿੱਦਾਂ ਰੱਬ ਚਾਹੇ ।
ਵਿਚ ਨਿਗਾਹ ਪਿਦਰ ਫ਼ਰਜ਼ੰਦਾਂ, ਯੂਸੁਫ਼ ਗੋਦ ਉਠਾਇਆ ।
ਕਿਆ ਕਹਾਂ ਉਹ ਕੇਡ ਪਿਆਰੋਂ, ਉਹਨਾਂ ਸੀਨੇ ਲਾਇਆ ।
ਜਾਂਵਦਿਆਂ ਵਲ ਕਰੇ ਨਿਗਾਹਾਂ, ਬਾਪ ਨ ਮੁੜੇ ਪਿਛਾਹਾਂ ।
ਅੰਤ ਉਥਾਈਂ ਬੈਠ ਗਇਆਸੁ, ਕਦਮ ਨ ਵਗੇ ਅਗਾਹਾਂ ।
ਫ਼ਰਮਾਵੇ ਪੈਗ਼ੰਬਰ ਰੱਬ ਦਾ, ਵਿਚ ਫ਼ਿਰਾਕ ਪਿਸਰ ਦੇ ।
ਜਾਂ ਜੰਗਲ ਥੀਂ ਆਵੇ ਯੂਸੁਫ਼, ਲੈ ਮੁੜਸਾਂ ਵਲ ਘਰ ਦੇ ।
ਫ਼ਰਜ਼ੰਦਾਂ ਦੇ ਮੁੜਿਆਂ ਬਾਝੋਂ, ਏਥੋਂ ਮੂਲ ਨ ਜਾਵਾਂ ।
ਯੂਸੁਫ਼ ਬਾਝੋਂ ਕਿਆ ਘਰ ਦੇਖਾਂ, ਗਰਮ ਘਰਾਂ ਦੀਆਂ ਛਾਵਾਂ ।
ਠੰਢ ਅੱਖੀਂ ਤੇ ਮਕਸਦ ਦਿਲ ਦਾ, ਉਹ ਮਹਬੂਬ ਪਿਆਰਾ ।
ਜਾਂ ਹੁਜਰੇ ਵਿਚ ਨਜ਼ਰ ਨ ਆਵੇ, ਕਿਵੇਂ ਕੱਟਾਂ ਦਿਨ ਸਾਰਾ ।
ਵਿਚ ਉਡੀਕ ਦਰਖ਼ਤੇ ਛਾਵੇਂ, ਬੈਠ ਗਇਆ ਪੈਗ਼ੰਬਰ ।
ਯੂਸੁਫ਼ ਗਇਆ ਜਿਨ੍ਹਾਂ ਵਿਚ ਰਾਹਾਂ, ਉਹਾ ਜ਼ਿਮੀਂ ਮੁਅੰਬਰ ।

(ਲਾਫ਼ਾਂ=ਫੜਾਂ, ਪਤੰਗ=ਭੰਬਟ, ਔਘਟ=ਔਖੀ ਘੜੀ, ਨਿਹਾਨੀ=
ਲੁਕਿਆ ਹੋਇਆ, ਮੁਅੰਬਰ=ਅੰਬਰ ਦੀ ਸੁਗੰਧੀ ਦੇਣ ਵਾਲੀ)

ਭਰਾਵਾਂ ਹੱਥੋਂ ਯੂਸੁਫ਼ ਦੀ ਦੁਰਗੱਤ

ਗਏ ਪੁੱਤਰ ਪਿਉ ਦੇਖੇ ਦੂਰੋਂ, ਯੂਸੁਫ਼ ਕੰਧੇ ਚਾਇਆ ।
ਵਾਰੋ ਵਾਰ ਲਵਣ ਇਕ ਦੂਜਿਓਂ,ਸਭਨਾਂ ਗੋਦ ਉਠਾਇਆ ।
ਜਾਂ ਜਾਂ ਵਿੱਚ ਨਿਗਾਹ ਪਿਦਰ ਦੇ, ਬਹੁਤ ਮੁਹੱਬਤ ਕਰਦੇ ।
ਅੱਗੇ ਪਿੱਛੇ ਖ਼ਿਦਮਤ ਅੰਦਰ, ਜਾਣ ਸਭ ਜਿਉਂ ਬਰਦੇ ।
ਜਾਂ ਪੋਸ਼ੀਦਾ ਹੋਏ ਨਜ਼ਰੋਂ, ਸੁੱਟਿਆ ਯੂਸੁਫ਼ ਧਰਤੀ ।
ਤਨ ਨਾਜ਼ਿਕ ਜਾਂ ਡਿੱਗਾ ਦਰਦੋਂ, ਕਿਆ ਕਹਾਂ ਸਿਰ ਵਰਤੀ ।
ਪਕੜ ਭਰਾਵਾਂ ਮਾਰ ਚਪੇੜਾਂ, ਲਾਲ ਕੀਤੇ ਰੁਖ਼ਸਾਰੇ ।
ਚੁੱਕ ਚੁੱਕ ਮਾਰਿਆ ਧਰਤੀ ਉੱਤੇ, ਜ਼ਖ਼ਮ ਲੱਗੇ ਤਨ ਸਾਰੇ ।
...........................................................
ਗਰਦਨ ਮਾਰ ਕਰੀ ਉਸ ਨੀਲੀ, ਦਿੱਤੇ ਦੁੱਖ ਹਜ਼ਾਰਾਂ ।
ਕਿਆ ਗੁਨਾਹ ਤਕਸੀਰ ਮੇਰੇ ਸਿਰ, ਯੂਸੁਫ਼ ਕਰੇ ਪੁਕਾਰਾਂ ।
ਐ ਫ਼ਰਜ਼ੰਦੋ ਬਾਪ ਮੇਰੇ ਦਿਓ, ਮੈਨੂੰ ਮਾਰੋ ਨਾਹੀਂ ।
ਮੈਂ ਤਕਸੀਰ ਗੁਨਾਹ ਤੁਸਾਡਾ, ਕੀਤਾ ਨਾਹੀਂ ਕਦਾਈਂ ।
.......................................................
ਸੁਣ ਸੁਣ ਮਾਰਿਆ ਉਨ੍ਹਾਂ ਵਧੇਰਾ, ਕਹਰ ਕਮਾਇਆ ਭਾਰਾ ।
ਝੂਠੇ ਸੁਫ਼ਨੇ ਕਹ ਕਹ ਲੜਕਿਆ, ਕੀਤੋ ਬਾਪ ਪਿਆਰਾ ।
ਬਾਪ ਨ ਅਸਾਂ ਮੁਹੱਬਤ ਕਰਦਾ, ਤੂੰ ਵਿੱਚ ਗੋਦ ਮੁਦਾਮੀ ।
ਖਾਵਣ ਪੀਵਣ ਸੋਵਣ ਤੇਰਾ, ਉਸ ਦੀ ਖ਼ੁਸ਼ੀ ਤਮਾਮੀ ।
......................................................
ਗਏ ਅਗਾੜੀ ਪਾਸ ਪਹਾੜੀ, ਕਰਦੇ ਜ਼ੁਲਮ ਮਰੇਂਦੇ ।
ਯੂਸੁਫ਼ ਤਾਈਂ ਕਤਲ ਕਰਾਈਂ, ਬਹ ਤਦਬੀਰ ਕਰੇਂਦੇ ।
ਓਸ ਪਹਾੜੀ ਇਹ ਗੱਲ ਸੁਣ ਕੇ, ਅਚਾਚੇਤ ਪੁਕਾਰਾ ।
ਕਤਲ ਨਬੀ ਨਾ-ਹੱਕ ਨਾਜ਼ਾਇਜ਼, ਮਤ ਕਰੀਓ ਕੁਝ ਕਾਰਾ ।
ਪਾਸ ਮੇਰੇ ਮਤ ਤੇਗ਼ ਵਗਾਇਓ, ਮੈਂ ਇਹ ਦੇਖ ਨਾ ਸਕਦਾ ।
ਇਸਦੇ ਕਤਲ ਕਰਨ ਥੀਂ ਕੰਬੇ, ਤਨ ਅਜਰਾਮਿ-ਫ਼ਲਕ ਦਾ ।
ਇਹ ਗੱਲ ਸੁਣ ਹੋ ਗਏ ਅਗਾਹਾਂ, ਪਰ ਇਹ ਕਸਦ ਨਾ ਹਟਿਆ ।
ਕਹਰ ਗ਼ਜ਼ਬ ਦਾ ਜੋਸ਼ ਦਿਲਾਂ ਥੀਂ, ਸੁਣ ਆਵਾਜ਼ ਨਾ ਘਟਿਆ ।

(ਬਰਦੇ=ਗ਼ੁਲਾਮ, ਪੋਸ਼ੀਦਾ=ਓਹਲੇ, ਰੁਖ਼ਸਾਰੇ=ਗੱਲ੍ਹਾਂ, ਤਕਸੀਰ=
ਕਸੂਰ, ਮੁਦਾਮੀ=ਹਮੇਸ਼ਾ, ਅਜਰਾਮਿ-ਫ਼ਲਕ=ਅਸਮਾਨ ਦੇ ਤਾਰੇ,
ਗ੍ਰਹਿ ਆਦਿ)

ਇਕ ਦਰਿੰਦੇ ਵਲੋਂ ਚਿਤਾਵਨੀ

ਇਕ ਦਰਿੰਦੇ ਆਖ ਸੁਣਾਇਆ, ਫੇਰ ਮੁਕਾਬਿਲ ਹੋ ਕੇ ।
ਜੇ ਯੂਸੁਫ਼ ਨੂੰ ਕਤਲ ਕਰੋਸੇ, ਪਛਤਾਸੋ ਰੋ ਰੋ ਕੇ ।
ਜੰਗਲ ਦੇ ਖ਼ੂੰਖ਼ਾਰ ਦਰਿੰਦੇ, ਗੋਸਫ਼ੰਦਾਂ ਖਾ ਜਾਸਣ ।
ਰਲ ਬਘਿਆੜ ਤੁਸਾਡੇ ਇੱਜੜ, ਚੀਰ ਘੜੀ ਵਿਚ ਖਾਸਣ ।
ਕੌਣ ਹੁੰਦੇ ਤੁਸੀਂ ਜ਼ੁਲਮ ਕਮਾਂਦੇ, ਆਖ਼ਿਰ ਪਕੜੇ ਜਾਸੋ ।
ਦਹਸ਼ਤ ਦਾ ਦਿਨ ਸਿਰ ਪੁਰ ਨੇੜੇ, ਜੇ ਅੱਜ ਖ਼ੌਫ਼ ਨ ਖਾਸੋ ।

(ਗੋਸਫ਼ੰਦਾਂ=ਭੇਡਾਂ ਬਕਰੀਆਂ, ਦਹਸ਼ਤ=ਡਰ)

ਪ੍ਰਸੰਗ ਅਗੇ ਚਲਿਆ

ਇਹ ਗੱਲ ਸੁਣ ਕੇ ਗਏ ਅਗਾੜੀ, ਤੇ ਮਰੇਂਦੇ ਕੁਟਦੇ ।
ਮਾਰ ਚਪੇੜਾਂ ਕਰ ਤਨ ਰੰਗੀਂ, ਪਕੜ ਜ਼ਿਮੀਂ ਚਾ ਸੁਟਦੇ ।
ਵਿਚ ਚਰਾਗਹ ਆਣ ਵੜੇ ਸੋ, ਵੱਡੇ ਜ਼ੁਲਮ ਕਮਾਏ ।
ਯੂਸੁਫ਼ ਰੋ ਰੋ ਅਰਜ਼ ਗੁਜ਼ਾਰੇ, ਨ ਉਹ ਤਰਸ ਲਿਆਏ ।
......................................................
ਸਭਨਾਂ ਪਾਸ ਗਇਆ ਰੋ ਯੂਸੁਫ਼, ਉਨ੍ਹਾਂ ਤਮਾਚੇ ਲਾਏ ।
ਕਿਸੇ ਨ ਵਾਹਰੂ ਹੋ ਛੁਡਾਇਆ, ਵੀਰ ਸੱਭੇ ਅਜ਼ਮਾਏ ।
ਭਾਈਆਂ ਥੀਂ ਟੁਟ ਗਈਆਂ ਆਸਾਂ, ਜਾਂ ਯੂਸੁਫ਼ ਨੂੰ ਸੱਭੇ ।
ਬਾਝ ਖ਼ੁਦਾ ਹੱਸ ਦਿਲ ਵਿਚ ਕਹੰਦਾ, ਹੁਣ ਕੁਝ ਥਾਉਂ ਨ ਲੱਭੇ ।
ਕਹੇ ਯਹੂਦਾ ਯੂਸੁਫ਼ ਤੇਰਾ, ਰੋਵਣ ਵੇਲੇ ਹਾਸਾ ।
ਇਸ ਹਾਸੇ ਦਾ ਖੋਹਲ ਖ਼ੁਲਾਸਾ, ਭਾਈ ਯਾਰ ਖ਼ਲਾਸਾ ।
ਕਿਉਂ ਹੱਸਿਓਂ ਕਰ ਜ਼ਾਹਿਰ ਸਾਥੀਂ, ਇਹ ਕਵੇਹਾ ਹਾਸਾ ।
ਐ ਯੂਸੁਫ਼ ਇਹ ਰੋਣੇ ਵੇਲਾ, ਤੇਰਾ ਗ਼ਮ ਵਿਚ ਵਾਸਾ ।
ਯੂਸੁਫ਼ ਕਹਿੰਦਾ ਮੈਂ ਤੇ ਰੱਬ ਵਿਚ, ਹੈ ਇਕ ਭੇਦ ਉੱਚੇਰਾ ।
ਗੁਜ਼ਰ ਅਜਬ ਇਕ ਹਾਲ ਗਇਆ ਈ, ਖ਼ੌਫ਼ ਗਇਆ ਚੁੱਕ ਮੇਰਾ ।
ਜਾਂ ਮੈਂ ਨਾਲ ਤੁਸਾਡੇ ਟੁਰਿਆ, ਦਿਲ ਮੇਰੇ ਵਿਚ ਆਇਆ ।
ਕੌਣ ਬੰਦਾ ਜੋ ਮੇਰੇ ਤਾਈਂ, ਚਾਹੇ ਦੁੱਖ ਪੁਚਾਇਆ ।
ਵੀਰ ਮੇਰੇ ਦਸ ਜ਼ੋਰਾਂ ਵਾਲੇ, ਇਹ ਪਨਾਹ ਮੈਂ ਭਾਰੀ ।
ਜੇ ਕਾ ਮੁਸ਼ਕਲ ਆਣ ਪਵੇਸੀ, ਖ਼ੂਬ ਕਰੇਸਣ ਕਾਰੀ ।
...................................................
ਜਿਨ੍ਹਾਂ ਪਨਾਹ ਦਿਲੇ ਵਿਚ ਮੇਰੀ, ਦੁਸ਼ਮਣ ਬਣੇ ਮੁਕੱਰਰ ।
ਹੁਣ ਮੈਨੂੰ ਬਿਨ ਸਾਹਿਬ ਸੱਚੇ, ਰਹੀ ਪਨਾਹ ਨ ਜ਼ੱਰਰ ।
........................................................
ਇਹ ਗੱਲ ਸੁਣੀ ਯਹੂਦਾ ਰੋਇਆ, ਰਹਮ ਦਿਲੇ ਵਿਚ ਆਇਆ ।
ਪਕੜ ਕਲਾਵੇ ਯੂਸੁਫ਼ ਤਾਈਂ, ਦਾਮਨ ਹੇਠ ਛੁਪਾਇਆ ।
ਜਾਨ ਮੇਰੀ ਤੂੰ ਭਾਈ ਮੇਰਾ, ਬਾਪ ਮੇਰੇ ਦਾ ਪਿਆਰਾ ।
ਤੈਨੂੰ ਮਾਰਨ ਦਿਆਂ ਨ ਮੂਲੇ, ਜ਼ੋਰ ਕਰਨ ਜੇ ਸਾਰਾ ।
.......................................................
ਭਾਈ ਦੇਖ ਯਹੂਦੇ ਤਾਈਂ, ਕਹਣ ਕਰੇਂ ਕੀ ਭਾਈ ।
ਅਹਦ ਕਰਾਰੋਂ ਫਿਰਿਆ ਜਾਂਦੋਂ, ਕੀ ਤੇਰੇ ਦਿਲ ਆਈ ।
....................................................
ਕਹੇ ਯਹੂਦਾ ਐਸੇ ਅਹਦੋਂ, ਫਿਰਨਾ ਲਾਜ਼ਿਮ ਆਇਆ ।
ਨਾ ਚਾਹਾਂ ਮੈਂ ਬੇਤਕਸੀਰਾ, ਯੂਸੁਫ਼ ਜ਼ਿਬ੍ਹਾ ਕਰਾਇਆ ।
.......................................................
ਅਹਦੋਂ ਫਿਰਿਓਂ ਭਾਈ ਕਹੰਦੇ, ਕਹਰ ਗ਼ਜ਼ਬ ਵਿਚ ਸਾਰੇ ।
ਕਹੇ ਯਹੂਦਾ ਅਹਦ ਕਰਾਰੋਂ, ਤੁਸੀਂ ਤਮਾਮੀ ਹਾਰੇ ।
ਮਾਰਨ ਦਾ ਕਦ ਅਹਦ ਟਿਕਾਇਆ, ਕਿਉਂ ਹੁਣ ਮਾਰਨ ਲੱਗੇ ।
ਜੇ ਯੂਸੁਫ਼ ਨੂੰ ਮਾਰਿਆ ਚਾਹੋ, ਮੈਨੂੰ ਮਾਰੋ ਅੱਗੇ ।
.......................................................
ਓੜਕ ਹੋ ਲਚਾਰ ਤਮਾਮੀ, ਜ਼ਾਹਿਰ ਕਹਣ ਜ਼ਬਾਨੋਂ ।
ਦੋਵਾਂ ਤਾਈਂ ਪਕੜ ਲਓ, ਤੇ ਮਾਰ ਗਵਾਓ ਜਾਨੋਂ ।
ਇੱਕਾ ਤੇਗ਼ ਦੋਹਾਂ ਸਿਰ ਕਾਫ਼ੀ, ਮਾਰ ਦਫ਼ਨ ਕਰ ਚੱਲੋ ।
ਕੱਟ ਕੋਸ਼ਾਲਾ ਉਮਰਾਂ ਵਾਲਾ, ਦੋ ਘੜੀਆਂ ਦੁੱਖ ਝੱਲੋ ।
ਜਦੋਂ ਯਹੂਦੇ ਜਾਤਾ ਆਖ਼ਿਰ, ਵੀਰ ਨਹੀਂ ਹੁਣ ਟਲਦੇ ।
ਸੁਣ ਯੂਸੁਫ਼ ਹੁਣ ਮੇਰੇ ਤਾਈਂ, ਕਤਲ ਕਰਨ ਵਿਚ ਪਲ ਦੇ ।
ਤਾਂ ਕਹਿਆ ਮਤ ਮਾਰੋ ਜਾਨੋਂ, ਖ਼ੂਨ ਨ ਸਿਰ ਤੇ ਆਵੇ ।
ਉਸ ਨੂੰ ਵਿੱਚ ਹਨੇਰੇ ਖੂਹੇ, ਸੁੱਟੋ ਚੱਲੋ ਮਰ ਜਾਵੇ ।
..................................................
ਯੂਸੁਫ਼ ਡਰਿਆ ਜਾਂ ਸੱਚ ਜਾਤਾ, ਕਹਰ ਕਮਾਵਣ ਲੱਗੇ ।
ਖੂਹੇ ਦੇ ਵਿਚ ਮੇਰੇ ਤਾਈਂ, ਭਾਈ ਪਾਵਣ ਲੱਗੇ ।
..................................................
ਯੁਸੁਫ਼ ਦੌੜ ਯਹੂਦੇ ਦੇ ਵੱਲ, ਦਾਮਨ ਪਕੜ ਪੁਕਾਰੇ ।
ਖੂਹ ਵਿਚ ਮੈਨੂੰ ਸੁੱਟੋ ਨਾਹੀਂ, ਮੇਰੇ ਵੀਰ ਪਿਆਰੇ ।
ਮਾਰੋ ਤੇਗ਼ ਕਰੋ ਦੋ ਟੁਕੜੇ, ਇਕ ਵਾਰੀ ਮਰ ਜਾਵਾਂ ।
ਇਹ ਤਕਲੀਫ਼ ਜੋ ਖੂਹੇ ਵਾਲੀ, ਜ਼ਿੰਦਾ ਮੂਲ ਨ ਪਾਵਾਂ ।
....................................................
ਸੁਣ ਯੂਸੁਫ਼ ਥੀਂ ਗ਼ਮ ਦੀਆਂ ਆਹੀਂ, ਕਰੇ ਯਹੂਦਾ ਜ਼ਾਰੀ ।
ਨੌਂ ਭਾਈਆਂ ਨੇ ਗ਼ਲਬਾ ਕੀਤਾ, ਆਏ ਵਿੱਚ ਕਹਾਰੀ ।
ਰਲ ਮਿਲ ਉਹਨਾਂ ਯੂਸੁਫ਼ ਉਤੋਂ, ਜਾਮੇ ਪਕੜ ਉਤਾਰੇ ।
ਬਦਨ ਮੁਬਾਰਿਕ ਨੰਗਾ ਹੋਇਆ, ਚੜ੍ਹੇ ਫ਼ਲਕ ਲਿਸ਼ਕਾਰੇ ।
ਸਤਰ ਡਿੱਠਾ ਜਾਂ ਨੰਗਾ ਯੂਸੁਫ਼, ਆਹੀਂ ਕਰ ਕਰ ਰੋਇਆ ।
ਸ਼ਰਮਜ਼ਦਾ ਹੋ ਮਿੰਨਤ ਕਰਦਾ, ਕੁੜਤਾ ਪਕੜ ਖਲੋਇਆ ।
ਇਕ ਹੱਥ ਸਤਰੇ, ਦੂਜਾ ਕੁੜਤੇ, ਰਹਣ ਦਿਓ ਗਲ ਮੇਰੇ ।
ਨੰਗਾ ਕਰਕੇ ਸੁੱਟੋ ਨਾਹੀਂ, ਅੰਦਰ ਖੂਹ ਹਨੇਰੇ ।
ਹੁਣ ਇਹ ਪੜਦਾ ਪਾਸ ਤੁਸਾਂ ਮੈਂ, ਰਹੇ ਕਫ਼ਨ ਜਾਂ ਮੋਇਆ ।
ਮੈਂ ਵਿਚ ਸਾਰੀ ਉਮਰ ਭਰਾਓ, ਨੰਗਾ ਕਦੇ ਨ ਹੋਇਆ ।
ਭਾਈ ਕਹਿੰਦੇ ਛਡ ਦੇ ਯੂਸੁਫ਼, ਨ ਕਰ ਲੰਮਾ ਕਿੱਸਾ ।
ਕਫ਼ਨ ਤੇਰਾ ਤਾਰੀਕੀ ਖੂਹੇ, ਇਹ ਹੈ ਤੇਰਾ ਹਿੱਸਾ ।
ਇਹ ਥੀਂ ਹੋਰ ਜ਼ਿਆਦਾ ਲੋੜੇਂ, ਸੱਦ ਸਿਤਾਰੇ ਯਾਰਾਂ ।
ਸੂਰਜ ਚੰਦ ਜੋ ਸਜਦਾ ਕਰਦੇ, ਦੇਣ ਲਿਬਾਸ ਹਜ਼ਾਰਾਂ ।
ਸਜਦਾ ਕਰਨੇ ਵਾਲਿਆਂ ਕੋਲੋਂ, ਮੰਗ ਮਿਲੇ ਅੱਜ ਪਰਦਾ ।
ਕਿੱਧਰ ਗਏ ਸਿਤਾਰੇ ਯਾਰਾਂ, ਸੂਰਜ ਨੂਰ ਕਮਰ ਦਾ ।
ਵੀਰ ਛੁਡਾਵਣ ਉਹ ਨ ਛੱਡੇ, ਕਰਦਾ ਮਿੰਨਤ ਜ਼ਾਰੀ ।
ਦੌੜ ਪਇਆ ਸ਼ਮਊਨ ਗ਼ਜ਼ਬ ਥੀਂ, ਖੂਹ ਖੜਿਆ ਯਕ ਬਾਰੀ ।
ਚਾ ਯੂਸੁਫ਼ ਨੂੰ ਰੱਸਾ ਪਾਇਆ, ਖੂਹੇ ਵਿੱਚ ਵਹਾਇਆ ।
ਕੱਟ ਲਿਆ ਫਿਰ ਰੱਸੇ ਤਾਈਂ, ਜਾਂ ਅਧਵਾਟੇ ਆਇਆ ।

(ਵਾਹਰੂ=ਪਿਆਰਾ, ਖ਼ਲਾਸਾ=ਪਾਕ,ਸਾਫ਼, ਜ਼ਿਬ੍ਹਾ=ਕਤਲ,
ਕੋਸ਼ਾਲਾ=ਮੁਸੀਬਤ, ਗ਼ਲਬਾ=ਜ਼ੋਰ, ਕਹਾਰੀ=ਕਹਿਰ,
ਜਾਮੇ=ਕੱਪੜੇ, ਸਤਰ=ਸ਼ਰਮ ਵਾਲਾ ਹਿੱਸਾ, ਤਾਰੀਕੀ=
ਹਨੇਰੇ, ਕਮਰ=ਚੰਨ)

ਖੂਹ ਦੀ ਸਿਫ਼ਤ ਵਿਚ

ਕਿਆ ਕਹਾਂ ਉਸ ਖੂਹੇ ਹਾਲਾ, ਦੋਜ਼ਖ਼ ਦਾ ਦਿਖਲਾਵਾ ।
ਸੱਪ ਅਠੂਏਂ ਉਸ ਵਿੱਚ ਜ਼ਾਲਿਮ, ਹਰ ਇਕ ਜ਼ਹਰੋਂ ਸਾਵਾ ।
ਪੁਰ ਕਰ ਭਰਿਆ ਉਸਦੇ ਅੰਦਰ, ਗ਼ਮ ਦਿਲਗੀਰੀ ਹਾਵਾ ।
ਦਰਦ ਦਰੇਗ਼ ਫ਼ਿਰਾਕ ਅਜ਼ੀਜ਼ਾਂ, ਜ਼ਾਰ ਤਪਣ ਪਛਤਾਵਾ ।
...........................................................
ਪਾਣੀ ਉਸਦਾ ਏਡਕ ਕੌੜਾ, ਪੀਂਵਦਿਆਂ ਦਮ ਜਾਵੇ ।
ਤੇ ਬਦਬੂ ਅਜੇਹੀ ਮੰਦੀ, ਮਗ਼ਜ਼ ਦਿਮਾਗ਼ ਜਲਾਵੇ ।
....................................................
ਜਾਂ ਭਾਈਆਂ ਕਟ ਰੱਸੀ ਯੂਸੁਫ਼, ਉਸ ਖੂਹੇ ਵਿਚ ਵਗਾਇਆ ।
ਜਬਰਾਈਲ ਮੁਕੱਰਬ ਤਾਈਂ, ਹੁਕਮ ਇਲਾਹੀ ਆਇਆ ।
ਜਾ ਝਬ ਪਕੜ ਮੇਰਾ ਪੈਗ਼ੰਬਰ, ਪੈਗ਼ੰਬਰ ਦਾ ਪਿਆਰਾ ।
ਬੈਠ ਕੇ ਜਾ ਸਵਾਰ ਸ਼ਤਾਬੀ, ਸਾਫ਼ ਕਰੋ ਥਾਂ ਸਾਰਾ ।
ਸੁਣ ਕੇ ਹੁਕਮ ਫ਼ਰਿਸ਼ਤਾ ਨੱਸਿਆ, ਸਿੱਦਰਹ ਥੀਂ ਯਕਬਾਰੀ ।
ਅੱਖ ਝਮਕ ਥੀਂ ਅੱਗੇ ਪਹੁਤਾ, ਕਰ ਇਕ ਤੇਜ਼ ਉਡਾਰੀ ।
ਪਕੜ ਲਿਆ ਅਧਵਾਟੋਂ ਯੂਸੁਫ਼, ਜਿਉਂ ਨਾਜ਼ਿਕ ਗੁਲ ਚਾਇਆ ।
ਕਤਰਾ ਰਹਮਤ ਬਾਰਾਂ ਵਾਂਗੂੰ, ਪਕੜ ਥੱਲੇ ਵੱਲ ਆਇਆ ।
ਹਰ ਆਫ਼ਤ ਕਰ ਸਾਫ਼ ਸ਼ਤਾਬੀ, ਨਾਲ ਆਰਾਮ ਬੈਠਾਇਆ ।
ਪਾਣੀ ਚਾਹ ਕਰ ਜੋਸ਼ ਉੱਛਲਿਆ, ਲਬਾਂ ਬਰਾਬਰ ਆਇਆ ।
ਬਰਕਤ ਲਬ ਸਭ ਪਾਣੀ ਸ਼ੀਰੀਂ, ਹੋ ਗਇਆ ਵਿਚ ਦਮ ਦੇ ।
ਆਬ ਸਫ਼ਾ ਪੁਰ ਲੱਜ਼ਤ ਹੋਇਆ, ਬਰਕਤ ਨਾਲ ਕਦਮ ਦੇ ।
ਯੂਸੁਫ਼ ਦੀ ਖ਼ੁਸ਼ਬੂਓਂ ਉਸਦੀ, ਦੂਰ ਹੋਈ ਬਦਬੋਈ ।
ਵਾਂਗ ਚਿਰਾਗ਼ ਬਦਨ ਦੇ ਨੂਰੋਂ, ਜਗਾ ਰੋਸ਼ਨ ਹੋਈ ।
...................................................

(ਦੋਜ਼ਖ਼=ਨਰਕ, ਮੁਕੱਰਬ=ਫ਼ਰਿਸ਼ਤਾ, ਸਿੱਦਰਹ=ਬੇਰੀ ਦੇ ਰੁੱਖ
ਹੇਠੋਂ, ਬਾਰਾਂ=ਵਰਖਾ, ਸ਼ੀਰੀਂ=ਮਿੱਠਾ)

8. ਭਰਾਵਾਂ ਦੀ ਵਾਪਸੀ ਤੇ ਝੂਠ-ਬਿਆਨੀ

ਆਹਾ ਭਾਈਆਂ ਯੂਸੁਫ਼ ਤਾਈਂ, ਜਾਂ ਖੂਹੇ ਵਿੱਚ ਪਾਇਆ ।
ਕਰ ਬੱਕਰੀ ਇਕ ਜ਼ਿਬ੍ਹਾ ਉਥਾਈਂ, ਕੁੜਤਾ ਖ਼ੂਨ ਡੁਬਾਇਆ ।
ਰਾਤ ਪਈ ਸਭ ਰੋਂਦੇ ਪਿੱਟਦੇ, ਘਰ ਦੀ ਤਰਫ਼ ਸਿਧਾਏ ।
ਬੈਠਾ ਬਾਪ ਉਡੀਕੇ ਅੱਗੇ, ਅੰਦਰ ਸ਼ੌਕ ਸਵਾਏ ।
ਛਿਆਂ ਕੋਹਾਂ ਥੀਂ ਚੀਖ਼ਾਂ ਨਾਅਰੇ, ਗੋਸ਼ ਪਏ ਯਕ ਬਾਰੀ ।
ਸੁਣ ਯਾਕੂਬ ਕਰਾਰੋਂ ਚੱਲਿਆ, ਜ਼ਖ਼ਮ ਲੱਗਾ ਸੂ ਕਾਰੀ ।
ਮੈਂ ਜਾਣਾ ਅੱਜ ਸਿਰ ਤੇ ਆਈ, ਕੁਝ ਮੁਸੀਬਤ ਭਾਰੀ ।
ਯੂਸੁਫ਼ ਮੇਰਾ ਹੋਗ ਵਿਛੁੰਨਾ, ਪਿਸਰ ਕਰੇਂਦੇ ਜ਼ਾਰੀ ।
ਜਿਸ ਗ਼ਮ ਦਾ ਦਿਲ ਫ਼ਿਕਰ ਚਿਰੋਕਾ, ਤੇ ਸਾਰੀ ਗ਼ਮ ਖ਼ਵਾਰੀ ।
ਕੀ ਜਾਣਾ ਅਜ ਓਸੇ ਗ਼ਮ ਦੀ, ਆਣ ਢੁੱਕੀ ਸਰਦਾਰੀ ।
..........................................................
ਆਣ ਮਿਲੇ ਫ਼ਰਜ਼ੰਦ ਤਦਾਨੂੰ, ਕਰਦੇ ਗਿਰੀਆ-ਜ਼ਾਰੀ ।
ਬਾਪ ਪੁੱਛੇ ਉਹ ਸੂਰਤ ਕਿੱਥੇ, ਜੋ ਮੈਂ ਬਹੁਤ ਪਿਆਰੀ ।
.......................................................
ਕੀ ਹੋਇਆ ਕਿਉਂ ਰੋਂਦੇ ਆਏ, ਕਿਸ ਆਫ਼ਤ ਨੇ ਮਾਰੇ ।
ਯੂਸੁਫ਼ ਕਿਥੇ ਐ ਫ਼ਰਜ਼ੰਦੋ, ਮੁੜ ਮੁੜ ਬਾਪ ਪੁਕਾਰੇ ।
ਉਹ ਕਹੰਦੇ ਅਸੀਂ ਦੌੜਨ ਲੱਗੇ, ਪੇਸ਼ ਵਧਣ ਨੂੰ ਸਾਰੇ ।
ਯੂਸੁਫ਼ ਪਾਸ ਅਸਬਾਬ ਬਹਾਇਆ, ਖਾ ਲਇਆ ਬਘਿਆੜੇ ।
ਤਾਂ ਰੋਂਦੇ ਅਸੀਂ ਘਰ ਨੂੰ ਆਏ, ਪਈ ਮੁਸੀਬਤ ਭਾਰੀ ।
ਭਾਵੇਂ ਅਸੀਂ ਸੱਚੇ ਲੱਖ ਵਾਰੀ, ਤੈਂ ਦਿਲ ਨ ਇਤਬਾਰੀ ।
ਵਗੀ ਕਲਾਮ ਪੁੱਤਾਂ ਦੀ ਏਹਾ, ਹੋ ਕੇ ਤੇਜ਼ ਕਟਾਰੀ ।
ਸੁਣ ਪੈਗ਼ੰਬਰ ਗ਼ਮ ਖਾ ਧਰਤੀ, ਆਣ ਪਇਆ ਯਕ ਬਾਰੀ ।
.........................................................

(ਜ਼ਿਬ੍ਹਾ=ਕਤਲ, ਗੋਸ਼=ਕੰਨ, ਪਿਸਰ=ਪੁੱਤਰ, ਕਲਾਮ=ਬਚਨ)

ਪਿਉ ਦਾ ਸੱਚ ਨੂੰ ਨਿਤਾਰਨਾ

ਸੁਬਹ ਹੋਈ ਕੁਛ ਹੋਸ਼ ਪਇਆ ਸੂ, ਕਹੇ ਨਬੀ ਕਨਆਨੀ ।
ਜੇ ਯੂਸੁਫ਼ ਬਘਿਆੜੇ ਖਾਧਾ, ਉਸਦੀ ਕਿਆ ਨਿਸ਼ਾਨੀ ।
ਬੱਕਰੀ ਖ਼ੂਨ ਲੱਗਾ ਜੋ ਕੁੜਤਾ, ਜੰਗਲ ਥੀਂ ਲੈ ਆਏ ।
ਬਾਪ ਅੱਗੇ ਧਰ ਕਹੰਦੇ ਦੇਖੋ, ਰੋ ਰੋ ਸੀਸ ਨਿਵਾਏ ।
ਕੁੜਤਾ ਡਿੱਠਾ ਖ਼ੂਨ-ਆਲੂਦਾ, ਗਸ਼ੀ ਪਈ ਮੁੜ ਭਾਰੀ ।
ਯੂਸੁਫ਼ ਮੇਰੇ ਦੇ ਇਹ ਖ਼ੂਨੋਂ, ਜ਼ਖ਼ਮ ਖੁੱਲ੍ਹਾ ਗੁਲਨਾਰੀ ।
ਰੱਖ ਅੱਖੀਂ ਤੇ ਕੁੜਤੇ ਤਾਈਂ, ਨਬੀ ਗ਼ਮੀ ਵਿਚ ਆਇਆ ।
ਹੋਸ਼ ਪਈ ਮੁੜ ਚੁੰਮੇ ਕੁੜਤਾ, ਯੂਸੁਫ਼ ਛੋੜ ਸਿਧਾਇਆ ।
.........................................................
ਖ਼ੂਨ ਭਿੰਨਾ ਇਹ ਕੁੜਤਾ ਡਿੱਠਾ, ਖੋਲ੍ਹ ਨਬੀ ਰਹਮਾਨੀ ।
ਖ਼ਾਕ ਲਗੀ ਨਾ ਕੁੜਤਾ ਫਟਿਆ, ਜ਼ਖ਼ਮੋਂ ਨ ਨਿਸ਼ਾਨੀ ।
......................................................
ਖੋਲ੍ਹ ਕਮੀਜ਼ ਕਹੇ ਫ਼ਰਜ਼ੰਦਾਂ, ਪੈਗ਼ੰਬਰ ਕਨਿਆਨੀ ।
ਤੁਸੀਂ ਕਹੋ ਬਘਿਆੜੇ ਖਾਧਾ, ਪੁੱਤ ਮੇਰਾ ਨੂਰਾਨੀ ।
ਖੋਲ੍ਹ ਕਮੀਸ ਡਿੱਠਾ ਮੈਂ ਸਾਰਾ, ਮੇਰੇ ਦਿਲ ਹੈਰਾਨੀ ।
ਸੱਚ ਕਹੋ ਕੀ ਭੇਤ ਨਿਆਰਾ, ਇਸ ਵਿੱਚ ਨਹੀਂ ਨਿਸ਼ਾਨੀ ।
...................................................
ਸੁਣ ਫ਼ਰਜ਼ੰਦ ਪਏ ਵਿਚ ਹੈਰਤ, ਭੁੱਲ ਗਏ ਤਦਬੀਰੋਂ ।
ਕਹਣ ਸੱਭੇ ਅਸੀਂ ਗੁਰਗ ਲਿਆਈਏ, ਸੱਚੇ ਹਾਂ ਤਕਰੀਰੋਂ ।
ਜਾ ਜੰਗਲ ਥੀਂ ਗੁਰਗ ਦਿਲਾਵਰ, ਓਵੇਂ ਪਕੜ ਲਿਆਏ ।
ਲੈ ਕਰ ਕੈਦ ਜ਼ੰਜੀਰੀਂ ਉਸ ਨੂੰ, ਪਾਸ ਪਿਦਰ ਦੇ ਆਏ ।
ਲੈ ਬਾਬਾ ਇਹ ਗੁਰਗ ਸਿਤਮਗਰ, ਕਹਰ ਕਮਾਵਣਹਾਰਾ ।
ਯੂਸੁਫ਼ ਪਿਆਰਾ ਪਕੜ ਲਇਓ ਸੁ, ਕੀਤਾ ਪਾਰਾ ਪਾਰਾ ।

(ਆਲੂਦਾ=ਲਿਬੜਿਆ ਹੋਇਆ, ਗੁਲਨਾਰ=ਅਨਾਰ ਦਾ ਫੁੱਲ)

ਯਾਕੂਬ ਤੇ ਗੁਰਗ

ਕਰ ਯਾਕੂਬ ਫ਼ਲਕ ਵੱਲ, ਅੱਖੀਂ ਅਰਜ਼ ਕਰੇ ਯਾ ਬਾਰੀ ।
ਆਲਾ ਅਕਬਰ ਤੂੰ ਇੱਕ ਖ਼ਾਲਿਕ, ਜੈਂ ਇਹ ਛਤ ਸਵਾਰੀ ।
ਨਾਲ ਤੁਫ਼ੈਲ ਮੁਹੰਮਦ ਸਰਵਰ, ਜੋ ਸਰਦਾਰ ਨਬੀਆਂ ।
ਤੇ ਬਰਕਤ ਇਸਹਾਕ ਖ਼ਲੀਲੋਂ, ਆਲੀ ਸ਼ਾਨ ਸਫ਼ੀਆਂ ।
ਇਹ ਬਘਿਆੜ ਅਸਾਥੀਂ ਬੋਲੇ, ਸੱਚੀ ਬਾਤ ਸੁਣਾਵੇ ।
ਯੂਸੁਫ਼ ਮੇਰਾ ਕਿਉਂ ਕਰ ਖਾਧੋਸੁ, ਸੱਚ ਪਤਾ ਦੱਸ ਜਾਵੇ ।
ਹੱਥ ਉਠਾ ਪੈਗ਼ੰਬਰ ਜਿਸ ਦਮ, ਏਹਾ ਅਰਜ਼ ਗੁਜ਼ਾਰੀ ।
ਅਰਜ਼ ਕਬੂਲ ਹੋਈ ਦਰਗਾਹੇ, ਹੁਕਮ ਕਰੇ ਰੱਬ ਬਾਰੀ ।
ਧਰ ਹੱਥ ਤੂੰ ਸਿਰ ਗੁਰਗ ਨਬੀਆ, ਤੇ ਕਹ ਇਸ ਦੇ ਤਾਈਂ ।
ਬੋਲ ਖ਼ੁਦਾ ਦੇ ਹੁਕਮੋਂ ਗੁਰਗਾ, ਸੱਚੀ ਗੱਲ ਸੁਣਾਈਂ ।
ਸਿਰ ਉਸਦੇ ਹੱਥ ਪੈਗ਼ੰਬਰ, ਕਹੰਦਾ ਐ ਬਘਿਆੜਾ ।
ਸੱਚ ਸੁਣਾ ਕਹ ਹੁਕਮ ਅਲਾਹੋਂ, ਝੂਠ ਨ ਰਹੇ ਪਵਾੜਾ ।

(ਫ਼ਲਕ=ਅਸਮਾਨ, ਬਾਰੀ=ਰੱਬਾ)

ਬਘਿਆੜ ਦੀ ਗਵਾਹੀ

ਬੋਲਿਆ ਗੁਰਗ ਲੱਬੈਕ ਨਬੀਆ, ਤੁਧ ਦਰੂਦ ਸਲਾਮਾਂ ।
ਹੁਣ ਬਿਨ ਸੱਚ ਨਹੀਂ ਕੁਝ ਚਾਰਾ, ਸਾਹਿਬ ਪੇਸ਼ ਗ਼ੁਲਾਮਾਂ ।
............................................................
ਗੁਰਗ ਕਹੇ ਮੈਂ ਕਸਮ ਨਬੀਆਂ, ਤੋਬਾ ਲਖ ਲਖ ਵਾਰੀ ।
ਏਹ ਤੂਫ਼ਾਨ ਮੇਰੇ ਸਿਰ ਬੱਧਾ, ਫ਼ਿਤਨਾ ਤੁਹਮਤ ਭਾਰੀ ।
ਮੈਂ ਨ ਤੇਰਾ ਯੂਸੁਫ਼ ਖਾਧਾ, ਮੈਨੂੰ ਕਸਮ ਇਲਾਹੀ ।
ਮੈਨੂੰ ਬੇਤਕਸੀਰ ਇਹਨਾਂ ਨੇ, ਪਕੜ ਲਿਆ ਘੱਤ ਫਾਹੀ ।
ਆਤਿਸ਼ ਆਬ ਦਰਿੰਦਿਆਂ ਹਰ ਸ਼ੈ, ਮੁੱਢੋਂ ਹੁਕਮ ਰਬਾਨਾ ।
ਪੈਗ਼ੰਬਰ ਦਾ ਬਦਨ ਮੁਬਾਰਿਕ, ਰਵਾ ਨ ਆਇਆ ਖਾਣਾ ।

(ਲੱਬੈਕ=ਹਾਜ਼ਿਰ ਹਾਂ, ਦਰੂਦ=ਰਹਿਮਤ, ਫ਼ਿਤਨਾ=ਫ਼ਸਾਦ,
ਤੁਹਮਤ=ਇਲਜ਼ਾਮ, ਰਵਾ=ਜਾਇਜ਼)

9. ਕਰਵਾਨੀ ਤੇ ਯੂਸੁਫ਼
ਖੂਹ ਦੇ ਕੰਢੇ ਕਰਵਾਨੀਆਂ ਦਾ ਆਉਣਾ ਤੇ
ਮਾਲਿਕ ਕਰਵਾਨੀ ਦਾ ਸੁਫ਼ਨਾ

ਤਦ ਨੂੰ ਖੂਹੇ ਦੇ ਗਿਰਦੇ, ਆ ਉਤਰੇ ਕਰਵਾਨੀ ।
ਮਾਲਿਕ ਇਬਨ ਜ਼ਗਰ ਵਿਚ ਉਨ੍ਹਾਂ, ਸਾਹਿਬ ਬਾਜ਼ਰਗਾਨੀ ।
ਘਰ ਉਸਦਾ ਵਿੱਚ ਮਿਸਰ ਮੁਦਾਮੀ, ਉਸ ਉਹ ਹਾਲ ਬਿਆਨੀ ।
ਇਕ ਦਿਨ ਸੁੱਤਾ ਸੁਫ਼ਨਾ ਡਿੱਠਾ, ਅੰਦਰ ਅਹਦ ਜਵਾਨੀ ।
ਵਿਚ ਕਨਆਨ ਇਹਾ ਖ਼ੁਦ ਬੈਠਾ, ਖ਼ਵਾਬੇ ਨਜ਼ਰੀਂ ਆਇਆ ।
ਟੁੱਟ ਸੂਰਜ ਉਤ ਚਰਖ਼ੋਂ ਉਸਦੇ, ਵਿੱਚ ਅਸਤੀਨ ਸਮਾਇਆ ।
ਕੱਢ ਅਸਤੀਨੋਂ ਬਾਹਿਰ ਸੁੱਟਿਆ, ਖੜਾ ਰਹਿਆ ਉਸ ਅੱਗੇ ।
ਅਬਰ ਆਇਆ ਸਿਰ ਸੂਰਜ ਦੇ ਤੇ, ਮੋਤੀ ਬਰਸਣ ਲੱਗੇ ।
ਚੁਣ ਚੁਣ ਮਾਲਿਕ ਮੋਤੀਆਂ ਤਾਈਂ, ਭਾਰੇ ਢੇਰ ਲਗਾਏ ।
ਭਰ ਸੰਦੂਕ ਹੋਇਆ ਦਿਲ ਰਾਜ਼ੀ, ਚਸ਼ਮ ਖੁੱਲ੍ਹੀ ਪਛਤਾਏ ।
ਪਾਸ ਮੁਅੱਬਿਰ ਹਾਲ ਸੁਣਾਇਆ, ਉਸ ਤਾਬੀਰ ਸੁਣਾਈ ।
ਇਕ ਗ਼ੁਲਾਮ ਤੇਰੇ ਹੱਥ ਆਵੇ, ਕਨਆਨੋਂ ਐ ਭਾਈ ।
ਬਰਕਤ ਉਸਦੀ ਦੁਨੀਆਂ ਦੌਲਤ, ਸਭ ਤੇਰੇ ਹੱਥ ਆਵੇ ।
ਆਖ਼ਿਰ ਤੈਨੂੰ ਵਿੱਚ ਬਹਿਸ਼ਤਾਂ, ਅੱਲ੍ਹਾ ਪਾਕ ਪੁਚਾਵੇ ।
...................................................
ਮਾਲਿਕ ਨੂੰ ਸੁਣ ਖ਼ਵਾਬ ਹਕੀਕਤ, ਵੱਜੀ ਸ਼ੌਕ ਨਿਸ਼ਾਨੀ ।
ਹੋ ਅਸਵਾਰ ਮਿਸਰ ਥੀਂ ਚੱਲਿਆ, ਆ ਵੜਿਆ ਕਨਆਨੀ ।
ਢੂੰਡ ਕਰੇ ਵਿਚ ਖ਼ਾਨਿਆਂ ਗਲੀਆਂ, ਲੱਭੇ ਪਤਾ ਗ਼ੁਲਾਮੋਂ ।
ਸ਼ੌਕ ਤਲਬ ਵਿੱਚ ਬਾਝ ਕਰਾਰੋਂ, ਦਿਲ ਖ਼ਾਲੀ ਆਰਾਮੋਂ ।
ਤਾਂ ਆਵਾਜ਼ ਕਰੀ ਉਸ ਹਾਤਿਫ਼, ਡਿੱਠਾ ਸ਼ੌਕ ਜਦਾਹਾਂ ।
ਅਜੇ ਏਹੀ ਕਰ ਸਬਰ ਪਿਆਰੇ, ਬਰਸਾਂ ਤੀਕ ਪੰਜਾਹਾਂ ।
......................................................
ਹੁਣ ਏਹੀ ਲੈ ਮਾਲ ਤਜਾਰਤ, ਸ਼ਾਮੋਂ ਟੁਰਿਆ ਆਹਾ ।
ਤਰਫ਼ ਵਤਨ ਵਲ ਮਿਸਰ ਸਿਧਾਣਾ, ਭੁੱਲ ਗਇਓਸੁ ਰਾਹਾ ।

(ਕਰਵਾਨੀ=ਕਾਫ਼ਲੇ ਵਾਲੇ, ਬਾਜ਼ਰਗਾਨੀ=ਵਪਾਰੀ,
ਅਹਦ=ਸਮਾਂ, ਅਸਤੀਨ=ਬਾਂਹ, ਮੁਅੱਬਿਰ=ਵਿਆਖਿਆ
ਕਰਨ ਵਾਲਾ, ਹਾਤਿਫ਼=ਫ਼ਰਿਸ਼ਤਾ, ਤਜਾਰਤ=ਵਪਾਰ)

ਮਾਲਿਕ ਦਾ ਖੂਹ ਤੇ ਪਹੁੰਚਣਾ

ਵਿਚ ਜੰਗਲ ਉਸ ਖੂਹੇ ਗਿਰਦੇ, ਕੀਤੋਸੁ ਆਣ ਉਤਾਰਾ ।
ਇਹ ਖੂਹਾ ਨੌ ਕੋਹ ਕਨਆਨੋਂ, ਜਿਸ ਵਿਚ ਯੂਸੁਫ਼ ਆਹਾ ।
ਖੂਹੇ ਥੀਂ ਉਸ ਨੂਰੀ ਸ਼ੋਅਲੇ, ਡਿੱਠੇ ਜਾਂ ਰਵਾਨਾਂ ।
ਲਾਟਾਂ ਨੂਰ ਬਲੇ ਉਸ ਖੂਹੋਂ, ਜਾਵਣ ਵਲ ਅਸਮਾਨਾਂ ।
...................................................
ਮਾਲਿਕ ਇਬਨ ਜ਼ਗਰ ਦੇ ਆਹੇ, ਦੋ ਬਰਦੇ ਸੁਣ ਯਾਰਾ ।
ਬੁਸ਼ਰਾ ਮਾਮਿਲ ਨਾਮ ਦੋਹਾਂ ਦਾ, ਦੋਵੇਂ ਨੇਕ ਸਿਤਾਰਾ ।
ਪਾਣੀ ਲੈਣ ਘੱਲੇ ਇਹ ਦੋਵੇਂ, ਮਾਲਿਕ ਨੇਕ ਵਿਚਾਰੇ ।
ਮਾਮਿਲ ਡੋਲ ਵਗਾਇਆ ਖੂਹੇ, ਬੁਸ਼ਰਾ ਖੜਾ ਕਿਨਾਰੇ ।
ਯੂਸਫ਼ ਨੂੰ ਜਬਰਾਈਲ ਵਲੋਂ ਸੂਚਨਾ

ਜਬਰਾਈਲ ਖ਼ੁਦਾ ਦੇ ਹੁਕਮੋਂ, ਤਾਂ ਖੂਹੇ ਵਿਚ ਆਇਆ ।
ਬਹ ਵਿਚ ਡੋਲ ਚੰਦਾ ਹੁਣ ਵੇਲਾ, ਯੂਸੁਫ਼ ਨੂੰ ਫ਼ਰਮਾਇਆ ।
...........................................................
ਚੱਲ ਉਡੀਕਾਂ ਤੇਰੀਆਂ ਯੂਸੁਫ਼, ਦਾਗ਼ ਦਿਲਾਂ ਵਿਚ ਪਾਏ ।
ਜਿਨ੍ਹਾਂ ਦਿਲਾਂ ਨੂੰ ਤੇਰੀਆਂ ਤਾਂਘਾਂ, ਸ਼ੌਕ ਤੇਰੇ ਦੁਖ ਜਾਏ ।
ਮੁੰਤਜ਼ਿਰ ਵਿਚ ਨਿਤ ਉਡੀਕਾਂ, ਰੋਂਦਿਆਂ ਵਕਤ ਵਿਹਾਏ ।
ਘਾਹ ਚਿਰੋਕੇ ਰਿਸ ਰਿਸ ਵਹੰਦੇ, ਮਿਲ ਦੁਖ ਕੱਟਿਆ ਜਾਏ ।
............................................................
ਦੇਸ ਛੁੱਟੇ ਪਰਦੇਸੀਂ ਚਲਿਓਂ, ਸਫ਼ਰ ਦੁਰਾਡੇ ਆਏ ।
ਲੰਮੇ ਪੈਂਡੇ ਦੂਰ ਵਤਨ ਦੇ, ਤੈਂ ਵਲ ਕਸਦ ਲਿਆਏ ।
ਛੋੜ ਵਤਨ ਚਲ ਦੇਖ ਕਵੇਹੀਆਂ, ਪਰਦੇਸਾਂ ਦੀਆਂ ਵਾਵਾਂ ।
ਇਕਨਾਂ ਨੂੰ ਵਿਚ ਤੇਰਿਆਂ ਦਰਦਾਂ ਛੋਡ ਗਈਆਂ ਜਣ ਮਾਵਾਂ ।
..........................................................
ਜਿਨ੍ਹਾਂ ਪਿਆਰਿਆਂ ਦੇ ਤੈਂ ਬਾਝੋਂ, ਸਾਇਤ ਹਸ਼ਰੋਂ ਭਾਰੀ ।
ਗੁਜ਼ਰਨ ਚਾਲੀ ਸਾਲ ਇਹਨਾਂ ਦੇ, ਅੰਦਰ ਗਿਰੀਆਜ਼ਾਰੀ ।

(ਮੁੰਤਜ਼ਿਰ=ਉਡੀਕਵਾਨ, ਘਾਹ=ਜ਼ਖ਼ਮ, ਕਸਦ=ਇਰਾਦਾ,
ਸਾਇਤ=ਘੜੀ, ਹਸ਼ਰੋਂ=ਕਿਆਮਤ ਤੋਂ, ਗਿਰੀਆਜ਼ਾਰੀ=
ਵਿਰਲਾਪ)

ਪ੍ਰਸੰਗ ਚਲਿਆ

ਜਾਂ ਬਰਦੇ ਕਰਵਾਨ ਅਚਾਨਕ, ਖੂਹੇ ਡੋਲ ਵਹਾਇਆ ।
ਜਬਰਾਈਲ ਉਠਾ ਯੂਸੁਫ਼ ਨੂੰ, ਬੋਕੇ ਕੋਲ ਲਿਆਇਆ ।
ਯੂਸੁਫ਼ ਪੁੱਛੇ ਜਬਰਾਈਲਾ, ਕਿਤ ਮੈਨੂੰ ਲੈ ਚੱਲੇ ।
ਬਾਪ ਮੇਰਾ ਮੈਂ ਉਸ ਦਾ ਪਿਆਰਾ, ਕਿਵੇਂ ਵਿਛੋੜਾ ਝੱਲੇ ।
ਫ਼ਰਿਸ਼ਤੇ ਦਾ ਭੇਤ ਖੋਲ੍ਹਣਾ

ਵਹੀ ਕਹੇ ਤੂੰ ਸ਼ੀਸ਼ਾ ਡਿੱਠਾ, ਯਾਦ ਏਹੀ ਯਾ ਨਾਹੀਂ ।
ਯੂਸੁਫ਼ ਕਹੰਦਾ ਯਾਦ ਏਹੀ ਮੈਂ ਭੁੱਲਾ ਨਹੀਂ ਉਸ ਤਾਈਂ ।
.......................................................
ਵਹੀ ਕਹੇ ਲੈ ਹਜ਼ਰਤ ਯੂਸੁਫ਼, ਵਕਤ ਵਿਕਣ ਦਾ ਆਇਆ ।
ਮੁੱਲ ਤੇਰਾ ਅੱਜ ਦੇਵਣ ਲੱਗਾ, ਹੱਥ ਜਿਦ੍ਹੇ ਸਰਮਾਇਆ ।
ਯੂਸੁਫ਼ ਦੀ ਪਸ਼ੇਮਾਨੀ

ਯੂਸੁਫ਼ ਸਮਝ ਨਦਾਮਤ ਖਾਵੇ, ਰੋਵੇ ਤੇ ਪਛਤਾਵੇ ।
ਬਖ਼ਸ਼ ਰੱਬਾ ਮੈਂ ਲੱਖ ਲੱਖ ਤੋਬਾ, ਦਾਗ਼ ਖ਼ਤਾਓਂ ਜਾਵੇ ।
ਵਿਕਾਂ ਕਿਤੇ ਲੈ ਜਾਵੇ ਕੋਈ, ਤੇਰੀਆਂ ਤਲਬ ਰਜ਼ਾਈਂ ।
ਕੈਦ ਕਰੇਂ ਤੂੰ ਰਾਜ਼ੀ ਹੋਵੇਂ, ਲੱਖ ਖ਼ੁਸ਼ੀਆਂ ਮੈਂ ਤਾਈਂ ।

(ਨਦਾਮਤ=ਸ਼ਰਮਿੰਦਗੀ, ਖ਼ਤਾ=ਭੁੱਲ)

ਪ੍ਰਸੰਗ ਚਲਿਆ

ਯੂਸੁਫ਼ ਡੋਲ ਅੰਦਰ ਜਾ ਬੈਠਾ, ਜਿਵੇਂ ਵਹੀ ਫ਼ਰਮਾਇਆ ।
ਮਾਮਿਲ ਡੋਲ ਖਿੱਚੇ ਲਾ ਜ਼ੋਰਾ, ਭਾਰਾ ਮਾਲਮ ਆਇਆ ।
ਕਿਆ ਪਇਆ ਅੱਜ ਪਾਣੀ ਬਾਝੋਂ, ਅੰਦਰ ਡੋਲ ਹਮਾਰੇ ।
ਚਾ ਉਤਾਹਾਂ ਨਜ਼ਰ ਕੀਤੀ ਸੂ, ਨੂਰ ਡਿੱਠਾ ਚਮਕਾਰੇ ।
.......................................................
ਨੂਰ ਬਹਿਸ਼ਤੋਂ ਨਾਜ਼ਿਲ ਹੋਇਆ, ਖੂਹੋਂ ਜ਼ਾਹਿਰ ਆਇਆ ।
ਮਾਲਿਕ ਇਬਨ ਜ਼ਗਰ ਖ਼ੁਸ਼ ਹੋਇਆ, ਜਾਂ ਤਿਸ ਮਕਸਦ ਪਾਇਆ ।
.......................................................
ਕਰਵਾਨਾਂ ਜਾ ਪੜਦੇ ਅੰਦਰ, ਯੂਸੁਫ਼ ਨਬੀ ਛੁਪਾਇਆ ।
ਤਿੰਨ ਦਿਨ ਤੇ ਤਿੰਨ ਰਾਤਾਂ ਪਿੱਛੋਂ, ਖੂਹੋਂ ਬਾਹਿਰ ਆਇਆ ।
ਤੇ ਉਹ ਵੀਰ ਜੋ ਯੂਸੁਫ਼ ਤਾਈਂ, ਖੂਹੇ ਸੁੱਟ ਸਿਧਾਏ ।
ਦੂਜੀ ਵਾਰ ਮੁੜੇ ਉਹ ਤਦ ਨੂੰ, ਲੈਣ ਹਕੀਕਤ ਆਏ ।
ਖੂਹੇ ਗਿਰਦ ਡਿੱਠੇ ਕਰਵਾਨੀ, ਉਤਰੇ ਭਾਰ ਉਤਾਰੇ ।
ਖੂਹੇ ਝਾਤ ਘੱਤਣ ਵੱਲ ਯੂਸੁਫ਼, ਲੈ ਲੈ ਨਾਮ ਪੁਕਾਰੇ ।
ਖੂਹ ਖ਼ਾਲੀ ਆਵਾਜ਼ ਨਾ ਆਈ, ਧਾ ਪਇਓ ਨੇ ਸਾਰੇ ।
ਘੇਰ ਲਏ ਕਰਵਾਨੀ ਸੱਭੇ, ਕੀਤੇ ਤੰਗ ਬੇਚਾਰੇ ।
ਆਬਿਕ ਬੰਦਾ ਖੂਹੇ ਸੁੱਟਿਆ, ਦਿੱਤੀਆਂ ਅਸਾਂ ਸਜਾਈਂ ।
ਕੌਣ ਤੁਸੀਂ ਕੀ ਕਦਰ ਤੁਹਾਡਾ, ਆਂਦਾ ਕੱਢ ਤੁਸਾਈਂ ।
.....................................................
ਓੜਕ ਖ਼ੌਫ਼ ਪਾਇਆ ਕਰਵਾਨਾਂ, ਕਰਨ ਖ਼ੁਸ਼ਾਮਦ ਲੱਗੇ ।
ਪਰਦੇ ਵਿੱਚੋਂ ਸਦ ਕਨਿਆਨੀ, ਕੱਢ ਲਿਆਂਦਾ ਅੱਗੇ ।
ਵੀਰ ਕਹਣ ਇਹ ਬਰਦਾ ਸਾਡਾ, ਬੇਫ਼ਰਮਾਨੀ ਕਰਦਾ ।
ਯੂਸੁਫ਼ ਦੇਖ ਭਰਾਵਾਂ ਕੰਬੇ, ਚਸ਼ਮ ਨੀਵੀਂ ਜੀ ਡਰਦਾ ।

(ਵਹੀ=ਫ਼ਰਿਸ਼ਤਾ, ਆਬਿਕ=ਭਗੌੜਾ, ਬਰਦਾ=ਗ਼ੁਲਾਮ)

ਯੂਸੁਫ਼ ਦਾ ਹੁਸਨ-ਉ-ਜਮਾਲ

ਕਰਵਾਨਾਂ ਵੱਲ ਯੂਸੁਫ਼ ਡਿੱਠਾ, ਸ਼ਕਲ ਡਿੱਠੀ ਨੂਰਾਨੀ ।
ਜ਼ੁਲਫ਼ ਜ਼ੰਜ਼ੀਰ ਸਿਆਹ ਘਟ ਪੇਚਾਂ, ਬਦਰੋਂ ਸਾਫ਼ ਪੇਸ਼ਾਨੀ ।
ਨੂਰ ਨਬੁੱਵਤ ਮੱਥੇ ਚਮਕੇ, ਚਮਕ ਚੜ੍ਹੇ ਅਸਮਾਨੀ ।
ਅਬਰੂ ਕੌਸ ਸਿਆਹ ਖ਼ਮਦਾਰਾਂ, ਤੇਗ਼ਾਂ ਹਿੰਦੁਸਤਾਨੀ ।
......................................................
ਭਾਈਆਂ ਕਹਿਆ ਝੂਠ ਨ ਜਾਣੋ, ਬੰਦਾ ਇਹ ਹਮਾਰਾ ।
ਪਰ ਬੇਜ਼ਾਰ ਅਸੀਂ ਇਸ ਕੋਲੋਂ, ਦੁੱਖ ਦੇਵੇ ਇਹ ਭਾਰਾ ।
ਤੇ ਸ਼ਮਊਨ ਕਹੇ ਆਹਿਸਤਾ, ਯੂਸੁਫ਼ ਨੂੰ ਵੱਟ ਘੂਰੀ ।
ਕਰ ਇਕਰਾਰ ਜੋ ਹਾਂ ਮੈਂ ਬੰਦਾ, ਸੱਚੀ ਗੱਲ ਹੈ ਪੂਰੀ ।
ਜੇ ਤੂੰ ਇਹ ਇਕਰਾਰ ਨ ਕਰਸੇਂ, ਕਤਲ ਕਰਾਂ ਤਲਵਾਰੋਂ ।
ਸੁਣ ਯੂਸੁਫ਼ ਨੇ ਦਿਲ ਇਹ ਜਾਤਾ, ਅਕਲ ਕਿਆਸ ਵਿਚਾਰੋਂ ।
ਮੈਂ ਬੰਦਾ ਹਾਂ ਮਾਲਿਕ ਸੰਦਾ, ਵਾਲੀ ਅੱਲ੍ਹਾ ਮੇਰਾ ।
ਯੂਸੁਫ਼ ਕਹੰਦਾ ਮੈਂ ਹਾਂ ਬੰਦਾ, ਕੰਬ ਗਇਆ ਸੁਣ ਡੇਰਾ ।
ਸੁਣ ਮਾਲਿਕ ਨੇ ਖ਼ਾਹਿਸ਼ ਕੀਤੀ, ਵੇਚ ਲਵੋ ਇਸ ਤਾਈਂ ।
ਜੇ ਹੋ ਤੁਸੀਂ ਬੇਜ਼ਾਰ ਤਮਾਮੀ, ਮਾਰੋ ਨਹੀਂ ਅਜਾਈਂ ।
ਉਨ੍ਹਾਂ ਕਹਿਆ, ਅਸੀਂ ਦਗ਼ਾ ਨ ਕਰਦੇ, ਦੋਜ਼ਖ਼ ਹੈ ਗ਼ੱਦਾਰਾਂ ।
ਇਹ ਬੰਦਾ ਤੁਸੀਂ ਮੁੱਲ ਖਰੀਦੋ, ਇਸ ਵਿੱਚ ਐਬ ਹਜ਼ਾਰਾਂ ।
ਜੇ ਤੁਸੀਂ ਐਬਾਂ ਸਣੇ ਕਬੂਲੋ, ਨਾਲ ਰਜ਼ਾ ਲੈ ਜਾਓ ।
ਮਾਲਿਕ ਕਹੇ ਪੈਗ਼ੰਬਰ ਜ਼ਾਦਿਓ, ਐਬ ਕਿਆ ਫ਼ਰਮਾਓ ।
ਉਹਨਾਂ ਕਹਿਆ ਇਹ ਚੋਰ ਬਹੁਤੇਰਾ, ਝੂਠੀਆਂ ਕਰਦਾ ਗੱਲਾਂ ।
ਇਹ ਝੂਠਾ ਅਸੀਂ ਤੰਗ ਦਰੋਗ਼ੋਂ, ਵਾਂਗ ਬਲਾ ਦੀਆਂ ਸੱਲਾਂ ।
ਮਾਲਿਕ ਕਹੰਦਾ ਸੁਣ ਸਭ ਐਬਾਂ, ਮੁੱਲ ਕਰੋ ਚਾ ਦੇਹੋ ।
ਉਹਨਾਂ ਕਹਿਆ ਜੋ ਖ਼ਾਹਿਸ਼ ਤੇਰੀ, ਐਬੀ ਦਾ ਮੁੱਲ ਏਹੋ ।
ਮਾਲਿਕ ਵੀਹ ਦਿਰਮ ਦੇ ਖੋਟੇ, ਯੂਸੁਫ਼ ਮੁੱਲ ਚੁਕਾਇਆ ।
ਲੈ ਦਿਰਮ ਉਨ੍ਹਾਂ ਯੂਸੁਫ਼ ਤਾਈਂ, ਫੜ ਬਾਹੋਂ ਪਕੜਾਇਆ ।

(ਬਦਰੋਂ=ਪੂਰੇ ਚੰਨ ਤੋਂ, ਕੌਸ=ਕਮਾਣ, ਦਰੋਗ਼ੋਂ=ਝੂਠ, ਦਿਰਮ=
ਇੱਕ ਸਿੱਕਾ)

ਪ੍ਰਸੰਗ ਚਲਿਆ

ਮਾਲਿਕ ਕਹੇ ਪੈਗ਼ੰਬਰ ਜ਼ਾਦਿਓ, ਸਨਦ ਦਿਓ ਲਿਖ ਕਾਈ ।
ਵੇਚ ਲਿਆ ਅਸਾਂ ਐਬੀ ਬੰਦਾ, ਕੀਮਤ ਹਾਸਿਲ ਪਾਈ ।
ਲੈ ਸ਼ਮਊਨ ਕਲਮ ਤੇ ਕਾਗ਼ਜ਼, ਲਿਖਿਆ ਬੈਠ ਉਥਾਈਂ ।
ਵੇਚ ਦਿੱਤਾ ਅਸਾਂ ਯੂਸੁਫ਼ ਬੰਦਾ, ਮਾਲਿਕ ਮਿਸਰੇ ਤਾਈਂ ।
..........................................................
ਫਿਰ ਮਾਲਿਕ ਨੂੰ ਪਾਸ ਬਹਾਇਆ, ਸਭ ਯੂਸੁਫ਼ ਦੇ ਭਾਈਆਂ ।
ਗੱਲਾਂ ਕੁਝ ਨਸੀਹਤ ਕਾਰਣ, ਰਲ ਉਸ ਨੂੰ ਫ਼ਰਮਾਈਆਂ ।
ਮਤ ਮਾਲਿਕ ਖਾ ਧੋਖਾ ਇਸਦਾ, ਦੇਖ ਮਤਾਂ ਛਲ ਜਾਵੇ ।
ਨੱਸ ਗਇਆ ਮੁੜ ਹੱਥ ਨ ਆਵੇ, ਸਾਡਾ ਨਾਮ ਗਵਾਵੇ ।
ਪਾ ਜ਼ੰਜੀਰ ਸੰਗਲ ਗਲ ਇਸਦੇ, ਖੜਿਓ ਘੱਤ ਕਚਾਵੇ ।
ਹੋ ਹੁਸ਼ਿਆਰ ਰੱਖੋ ਜੇ ਇਸ ਨੂੰ, ਤਾਂ ਕਾਬੂ ਵਿੱਚ ਆਵੇ ।
ਪੁੱਟ ਤੰਬੂ ਚਾ ਡੇਰਾ ਏਥੋਂ, ਦੇਰ ਕਰੇਂ ਪਛਤਾਵੇਂ ।
ਇਹ ਛਲੀਆ ਛਲ ਜਾਸੀ ਦਮ ਵਿੱਚ, ਵਾਹ ਲੱਗੇ ਗ਼ਮ ਖਾਵੇਂ ।
ਇਹ ਗੱਲ ਸੁਣ ਜ਼ੰਜੀਰ ਪੁਵਾਵੇ, ਮਾਲਿਕ ਯੂਸੁਫ਼ ਤਾਈਂ ।
ਹੱਥਾਂ ਵਿਵ ਹਥਕੜੀਆਂ ਪਾਈਆਂ, ਗਲ ਵਿਵ ਤੌਕ ਈਜ਼ਾਈਂ ।
ਟੋਪ ਲਿਬਾਸ ਨਮਦ ਪਹਣਾਇਆ, ਭਾਈਆਂ ਬੈਠ ਉਥਾਈਂ ।
ਵੀਰ ਚੱਲੇ ਛੱਡ ਯੂਸੁਫ਼ ਰੋਇਆ, ਮਿਲਸਾਂ ਫੇਰ ਕਦਾਈਂ ।

(ਕਚਾਵੇ=ਉੱਠ ਦੀ ਕਾਠੀ, ਤੌਕ=ਪਟਾ, ਈਜ਼ਾਈਂ=ਦੁੱਖ)

ਯੂਸੁਫ਼ ਦੀ ਫ਼ਰਯਾਦ

ਯੂਸੁਫ਼ ਕਰੇ ਬੁਲੰਦ ਪੁਕਾਰਾਂ, ਅਟਕ ਜ਼ਰਾ ਮਿਲ ਜਾਓ ।
ਐ ਫ਼ਰਜ਼ੰਦੋ ਬਾਪ ਮੇਰੇ ਦਿਓ, ਰਹਮ ਮੇਰੇ ਪੁਰ ਖਾਓ ।
ਯੂਸੁਫ਼ ਬਹੁਤ ਨਦਾਈਆਂ ਕਰਦਾ, ਉਹ ਹੋ ਗਏ ਰਵਾਨਾ ।
ਜਾਂ ਯੂਸੁਫ਼ ਨੂੰ ਰੋਂਦਾ ਡਿੱਠਾ, ਨੀਰ ਛੁੱਟੇ ਕਰਵਾਨਾਂ ।
ਯੂਸੁਫ਼ ਕਹੰਦਾ ਮਾਲਿਕ ਤਾਈਂ, ਇਜ਼ਨ ਹੋਵੇ ਮਿਲ ਆਵਾਂ ।
ਮਾਲਿਕ ਇਜ਼ਨ ਦਿੱਤਾ ਉੱਠ ਨੱਸਿਆ, ਯੂਸੁਫ਼ ਤਰਫ਼ ਭਰਾਵਾਂ ।
......................................................
ਵੇਚ ਚੱਲੇ ਤੁਸੀਂ ਮੈਨੂੰ ਭਾਈਓ, ਰੋਂਦਾ ਛੋਡ ਸਿਧਾਰੇ ।
ਮੇਰੀਆਂ ਤੋੜ ਉਮੀਦਾਂ ਚੱਲੇ, ਤੋੜ-ਵਿਛੋੜ ਪਿਆਰੇ ।
ਬਾਪ ਵਿਛੋੜਿਆ ਮੇਰੇ ਕੋਲੋਂ, ਭੈਣਾਂ ਭਾਈ ਸਾਰੇ ।
ਆਸ ਮੇਰੀ ਅਜ ਗਈ ਨਿਕੱਮੀ, ਮੁੜ ਵੜਨੋਂ ਘਰ ਬਾਰੇ ।
ਹਸਦ ਤੁਸਾਡਿਆਂ ਵਿੱਚ ਦਿਲਾਂ ਦੇ, ਕੇਡ ਖਿਲਾਰ ਖਿਲਾਰੇ ।
ਪੈਗ਼ੰਬਰ ਦੇ ਬੇਟੇ ਹੋ ਕੇ, ਕੀਤੇ ਐਡਕ ਕਾਰੇ ।
.................................................
ਸੁਣ ਸੁਣ ਭਾਈਆਂ ਗਿਰੀਆਜ਼ਾਰੀ, ਜੋਸ਼ ਦਿਲਾਂ ਵਿਚ ਆਏ ।
ਵਿਚ ਨਦਾਮਤ ਰੋਵਣ ਸਾਰੇ, ਅਸਾਂ ਗ਼ਜ਼ਬ ਸਿਰ ਚਾਏ ।
ਜੇ ਨ ਖ਼ੌਫ਼ ਪਿਦਰ ਦਾ ਹੁੰਦਾ, ਸੁਣ ਐ ਯੂਸੁਫ਼ ਭਾਈ ।
ਘਰ ਵੱਲ ਮੋੜ ਲੈ ਜਾਂਦੇ ਤੈਨੂੰ, ਤੇਰੀ ਸਖ਼ਤ ਜੁਦਾਈ ।

(ਨਦਾਈਆਂ=ਆਵਾਜ਼ਾਂ ਦੇਂਦਾ, ਇਜ਼ਨ=ਇਜਾਜ਼ਤ, ਹਸਦ=
ਈਰਖਾ,ਸਾੜਾ)

ਪ੍ਰਸੰਗ ਚਲਿਆ

ਬਾਹੋਂ ਪਕੜ ਗਇਆ ਲੈ ਤਦ ਨੂੰ, ਮਾਲਿਕ ਯੂਸੁਫ਼ ਤਾਈਂ ।
ਡੇਰਾ ਪੁੱਟ ਲਿਆ ਕਰਵਾਨਾਂ, ਛੋਡ ਚੱਲੇ ਸਭ ਜਾਈਂ ।
ਤੰਬੂ ਪੁੱਟ ਲਏ ਕਰਵਾਨਾਂ, ਸ਼ੁਤਰਾਂ ਭਾਰ ਲਦਾਏ ।
ਘੋੜਿਆਂ ਜ਼ੀਨ ਕਸਾਏ ਸਭਨਾਂ, ਚੜ੍ਹ ਵਲ ਮਿਸਰ ਸਿਧਾਏ ।
ਮਾਲਿਕ ਇਬਨ ਜ਼ਗਰ ਦਾ ਆਹਾ, ਨਾਮ ਮਲੀਹ ਇਕ ਬਰਦਾ ।
ਨਾਕਾ ਤੇ ਧਰ ਯੂਸੁਫ਼ ਤਾਈਂ, ਤਿਸ ਹਵਾਲੇ ਕਰਦਾ ।
ਰੱਖ ਯੂਸੁਫ਼ ਨੂੰ ਨਜ਼ਰ ਹਵਾਲੇ, ਨਾਲ ਰਹੀਂ ਹਰ ਵੇਲੇ ।
ਰੱਖ ਨਿਗਾਹ ਤੇ ਖਾਣਾ ਪੀਣਾ, ਹਾਜ਼ਿਰ ਕਰੀਂ ਸੁਵੇਲੇ ।
ਨਾਲ ਮਲੀਹ ਖ਼ੁਦ ਅੱਗੇ ਅੱਗੇ, ਯੂਸੁਫ਼ ਦੀ ਅਸਵਾਰੀ ।
ਵਿਚ ਜ਼ੰਜੀਰਾਂ ਨਾਕਾ ਉੱਤੇ, ਕਰਦਾ ਗਿਰੀਆ ਜ਼ਾਰੀ ।

(ਸ਼ੁਤਰ=ਉੱਠ, ਨਾਕਾ=ਉੱਠਣੀ)

ਯੂਸੁਫ਼ ਦਾ ਮਾਂ ਦੀ ਕਬਰ ਤੇ ਪਹੁੰਚਣਾ

ਕਬਰ ਯੂਸੁਫ਼ ਦੀ ਮਾਦਰ ਸੰਦੀ, ਰਾਹ ਵਿਚ ਜ਼ਾਹਿਰ ਆਈ ।
ਉੱਛਲਿਆ ਦਿਲ ਰੋਇਆ ਯੂਸੁਫ਼, ਦੇਖ ਮੇਰਾ ਦੁੱਖ ਮਾਈ ।
ਵੇਖਦੀਓਂ ਜੇ ਦਰਦ ਮੇਰੇ ਨੂੰ, ਝੱਲ ਨ ਸਕਦੀ ਗ਼ਮ ਨੂੰ ।
ਦਿਲ ਪੱਥਰ ਫਟ ਪੁਰਜ਼ੇ ਹੋਵੇ, ਮੇਰੇ ਦੇਖ ਅਲਮ ਨੂੰ ।
....................................................
ਵਾਹ ਦਰਦਾ ਮੈਂ ਛੋੜ ਸਿਧਾਣਾ, ਤੋੜ ਅਜਜ਼ਾਅ ਕਬਰ ਦੇ ।
ਇਹ ਗੱਲ ਬੋਲ ਸ਼ੁਤਰ ਥੀਂ ਝੜਿਆ, ਕਦਮਾਂ ਵਿਚ ਕਬਰ ਦੇ ।
...........................................................
ਦੇਖ ਮੁਸੀਬਤ ਜੋ ਕੁਝ ਗੁਜ਼ਰੀ, ਮੈਂ ਚੱਲਿਆ ਕਨਆਨੋਂ ।
ਅੱਜ ਵਿਦਾ ਹੁਣ ਖ਼ਬਰ ਨ ਅੱਗੇ, ਕੀ ਸਿਰ ਪਵੇ ਜਹਾਨੋਂ ।
ਵਾਏ ਦਰੇਗ਼ ਮੇਰੇ ਫ਼ਰਜ਼ੰਦਾ, ਕਬਰੋਂ ਪਇਆ ਪੁਕਾਰਾ ।
ਵਾਹ ਦਰਦਾ ਇਸ ਤੇਰੇ ਦਰਦੋਂ, ਮੇਰਾ ਜਿਗਰ ਦੋ ਪਾਰਾ ।
ਇਹ ਆਵਾਜ਼ਾ ਸੁਣ ਕੇ ਯੂਸੁਫ਼, ਗ਼ਸ਼ ਖਾ ਝੜਿਆ ਤਾਜ਼ਾ ।
ਫੇਰ ਕਬਰ ਥੀਂ ਦੂਜੀ ਵਾਰੀ, ਪਇਆ ਬੁਲੰਦ ਆਵਾਜ਼ਾ ।
ਨੂਰ ਅੱਖੀਂ ਦਿਲ ਮੇਰੇ ਦਾ ਤੂੰ, ਫ਼ਰਜ਼ੰਦਾ ਸੌ ਵਾਰੀ ।
ਵਾਹ ਲੱਗੇ ਮੈਂ ਜਾ ਛੁਡਾਵਾਂ, ਸੁਣ ਸੁਣ ਗਿਰੀਆ ਜ਼ਾਰੀ ।
ਹੁਕਮ ਇਲਾਹੀ ਮੋੜ ਨ ਸਕਦੇ, ਤੂੰ ਮੈਂ ਤੇ ਜਗ ਸਾਰਾ ।
ਪਵੇ ਮੁਸੀਬਤ ਬੰਦੇ ਤਾਈਂ, ਬਾਝੋਂ ਸਬਰ ਨ ਚਾਰਾ ।
....................................................
ਦਿਨ ਕਾਈ ਇਹ ਦੁਨੀਆਂ ਬੇਟਾ, ਇਸਦਾ ਘੱਟ ਬਸੇਰਾ ।
ਆਵਣ ਜਾਵਣ ਦੁਖ ਸੁਖ ਇਸ ਦਾ, ਚਾਨਣ ਬਰਕ ਅੰਨ੍ਹੇਰਾ ।
ਸੁਣ ਸੁਣ ਇਹ ਪੁਕਾਰਾਂ ਕਬਰੋਂ, ਯੂਸੁਫ਼ ਸੁਰਤ ਸੰਮ੍ਹਾਲੇ ।
ਸੀਸ ਉਠਾ ਕਬਰ ਥੀਂ ਬੈਠਾ, ਸਬਰ ਕਰੇ ਹਰ ਹਾਲੇ ।

(ਅਲਮ=ਰੰਜ,ਦੁੱਖ, ਪਾਰਾ=ਟੋਟੇ, ਬਰਕ=ਬਿਜਲੀ)

ਪ੍ਰਸੰਗ ਚਲਿਆ

ਖ਼ਾਲੀ ਡਾਚੀ ਦੇਖ ਮਲੀਹੇ, ਤਦ ਨੂੰ ਸ਼ੋਰ ਮਚਾਇਆ ।
ਐ ਮਾਲਿਕ ਕਨਆਨੀ ਬੰਦਾ, ਲਹ ਸ਼ੁਤਰੋਂ ਕਿਤ ਧਾਇਆ ।
ਸੁਣ ਮਾਲਿਕ ਕਰਵਾਨਾਂ ਅੰਦਰ, ਕਰੇ ਬੁਲੰਦ ਪੁਕਾਰਾ ।
ਗ਼ੁੰਮ ਗਇਆ ਹੈ ਯੂਸੁਫ਼ ਬੰਦਾ, ਕਨਆਨੀ ਸੱਯਾਰਾ ।
ਮਰਦੋ ਝੱਬ ਲੱਭੋ ਅਜੇ ਵੇਲਾ, ਧਾ ਡਿਗਿਓ ਹਰ ਜਾਈਂ ।
ਪੈਰ ਬੱਧੇ ਹੱਥ ਨੱਸ ਨ ਸਕਦਾ, ਹੋਸੀ ਅਜੇ ਉਥਾਈਂ ।
ਢੂੰਡ ਪਈ ਵੱਲ ਕਬਰੇ ਆਇਆ, ਇਕ ਬੰਦਾ ਕਰਵਾਨੀ ।
ਯੂਸੁਫ਼ ਡਿੱਠਾ ਦੇਖ ਕਹਿਓਸੂ, ਐ ਗ਼ਾਫ਼ਿਲ ਕਨਆਨੀ ।
ਸਾਹਿਬ ਤੇਰੇ ਖ਼ਬਰ ਦਿੱਤੀ ਤੂੰ, ਆਬਿਕ ਬੰਦਾ ਆਹਾ ।
ਸੂਰਤ ਤੇਰੀ ਛਲ ਥੀਂ ਖ਼ਾਲੀ, ਅਸਾਂ ਬਾਵਰ ਨਾਹਾ ।
ਜੇ ਹੁਣ ਮੂਲ ਨ ਜਾਂਦੋਂ ਚੋਰੀ, ਤੂੰ ਹੋਂਦੋਂ ਇਤਬਾਰੀ ।
ਸੱਚ ਏਹੀ ਤੂੰ ਆਬਿਕ ਬੰਦਾ, ਐਬ ਬੜਾ ਇਹ ਭਾਰੀ ।
ਯੂਸੁਫ਼ ਕਹੰਦਾ ਮੈਂ ਨ ਨੱਸਿਆ, ਮਾਦਰ ਕਬਰ ਦਿਸ ਆਈ ।
ਕਰਨ ਜ਼ਿਆਰਤ ਅਟਕ ਗਇਆ ਮੈਂ, ਹੋਰ ਫ਼ਰੇਬ ਨ ਕਾਈ ।
ਇਹ ਗੱਲ ਸੁਣ ਕਰਵਾਨੀ ਤਾਈਂ, ਗ਼ਜ਼ਬ ਉੱਛਲ ਆਇਆ ।
ਯੂਸੁਫ਼ ਦੇ ਰੁਖ਼ਸਾਰੇ ਉਸਨੇ, ਨਰਮ ਤਮਾਚਾ ਲਾਇਆ ।
ਯੂਸੁਫ਼ ਇਕ ਤਮਾਚਿਓਂ ਝੜਿਆ, ਗ਼ਸ਼ ਖਾ ਉਪਰ ਧਰਤੀ ।
ਬਾਪ ਨ ਵੇਖੇ ਪੇਸ਼ ਨ ਜਾਏ, ਇਹ ਮੁਸ਼ਕਿਲ ਸਿਰ ਵਰਤੀ ।
ਹੋਸ਼ ਪਈ ਉਠ ਬੈਠਾ ਯੂਸੁਫ਼, ਸਿਰ ਸਜਦੇ ਰੱਖ ਰੋਇਆ ।
ਯਾ ਮਾਲਿਕ ਤੂੰ ਅਰਹਮ ਅਕਬਰ, ਤੂੰ ਜਾਣੇ ਜੋ ਹੋਇਆ ।
ਮੈਂ ਪਰਦੇਸੀ ਮਾਣ-ਤਰੁੱਟਾ, ਨਾਲ ਗ਼ਮਾਂ ਦਿਲ ਜਲਿਆ ।
ਮੈਂ ਫ਼ਰਜ਼ੰਦ ਨਬੀ ਤੇਰੇ ਦਾ, ਵਿਚ ਕਿਨਾਰੇ ਪਲਿਆ ।
ਜੇ ਮੈਂ ਬਹੁਤ ਗੁਨਾਹ ਕਮਾਏ, ਤੂੰ ਹੈਂ ਬਖ਼ਸ਼ਣਹਾਰਾ ।
ਕਰਮ ਕਰੀਂ ਤੂੰ ਮੇਰੇ ਉੱਤੇ, ਤੈਂ ਬਿਨ ਨਾਹੀਂ ਚਾਰਾ ।
ਬਖ਼ਸ਼ ਮੇਰੀ ਤਕਸੀਰ ਇਲਾਹੀ, ਰਹਮ ਤੇਰਾ ਹੈ ਭਾਰਾ ।
ਤੈਨੂੰ ਮਾਲਮ ਹਾਲਤ ਮੇਰੀ, ਐ ਮੇਰੇ ਗ਼ੁੱਫ਼ਾਰਾ ।
ਅਜੇ ਦੁਆ ਤਮਾਮ ਨ ਹੋਈ, ਮਿਲੀ ਨਵੈਦ ਕਬੂਲੋਂ ।
ਆ ਅਜ ਗ਼ੈਬੋਂ ਪਇਆ ਅਨ੍ਹੇਰਾ, ਕਹਰ ਅਜ਼ਾਬ ਨਜ਼ੂਲੋਂ ।
ਵਿਚ ਜਹਾਨ ਅੰਧੇਰੀ ਝੁੱਲੀ, ਸ਼ੋਰ ਪਿਆ ਜਗ ਸਾਰੇ ।
ਜੜ੍ਹ ਥੀਂ ਕੱਢ ਸੁੱਟੇ ਰੁਖ ਭਾਰੇ, ਝੜੇ ਤਯੂਰ ਬਿਚਾਰੇ ।
ਕਰਵਾਨਾਂ ਦੇ ਖ਼ੱਚਰ ਉਸ਼ਤਰ, ਜੁਦਾ ਜੁਦਾ ਹੋ ਭੁੱਲੇ ।
ਪਇਆ ਤਜ਼ਲਜ਼ੁਲ ਵਿਚ ਕਰਵਾਨਾਂ, ਕਹਰ ਸਿਰਾਂ ਪਰ ਝੁੱਲੇ ।
......................................................
ਰੋ ਕਰਵਾਨ ਕਹਣ ਏ ਯਾਰੋ, ਕਿਸ ਨੇ ਜ਼ੁਲਮ ਕਮਾਇਆ ।
ਕਿਸ ਜ਼ਾਲਿਮ ਦੀ ਸ਼ਾਮਤ ਕਾਰਣ, ਕਹਰ ਅਸਾਂ ਪੁਰ ਆਇਆ ।
ਆਹਾ ਜਿਸ ਤਮਾਚਾ ਲਾਇਆ, ਹਜ਼ਰਤ ਯੂਸੁਫ਼ ਤਾਈਂ ।
ਉਸ ਕਹਿਆ ਮੈਂ ਜ਼ੁਲਮ ਕਮਾਇਆ, ਆਇਆ ਕਹਰ ਤਦਾਈਂ ।
ਮੈਂ ਯੂਸੁਫ਼ ਤੇ ਸਖ਼ਤੀ ਕੀਤੀ, ਉਸ ਦੁਆ ਗੁਜ਼ਾਰੀ ।
ਓਸੇ ਵਕਤ ਅਸਾਡੇ ਉੱਤੇ, ਪਈ ਮੁਸੀਬਤ ਭਾਰੀ ।
ਸਭਨਾਂ ਕਹਿਆ ਜਾ ਕਮਬਖ਼ਤਾ, ਯੂਸੁਫ਼ ਪਾਸ ਸ਼ਤਾਬੀ ।
ਹੋ ਆਜਿਜ਼ ਕਰ ਮਿੰਨਤ ਉਸਦੀ, ਹੋਵੇ ਦੂਰ ਖ਼ਰਾਬੀ ।
ਆ ਕਰਵਾਨੀ ਯੂਸੁਫ਼ ਅੱਗੇ, ਰੋਇਆ ਜ਼ਾਰੋ ਜ਼ਾਰੀ ।
ਯਾ ਹਜ਼ਰਤ ਮੈਂ ਜ਼ੁਲਮ ਕਮਾਇਆ, ਪਾਈ ਸਖ਼ਤ ਖ਼ਵਾਰੀ ।
ਮੈਂ ਹਾਜ਼ਿਰ ਲੈ ਨਾਲ ਚਪੇੜਾਂ, ਤੋੜ ਮੇਰਾ ਮੂੰਹ ਸਾਰਾ ।
ਬਖ਼ਸ਼ ਗੁਨਾਹ ਮੈਂ ਭੁੱਲਾ ਹਜ਼ਰਤ, ਕੀਤੀਓਂ ਔਗਣਹਾਰਾ ।
ਰਹਮ ਆਇਆ ਦਿਲ ਯੂਸੁਫ਼ ਤਾਈਂ, ਗਇਆ ਗੁੱਸਾ ਹਟ ਸਾਰਾ ।
ਮੈਂ ਆਜਿਜ਼ ਤੂੰ ਸਾਹਿਬ ਅਰਹਮ, ਸਾਨੂੰ ਬਖ਼ਸ਼ਣਹਾਰਾ ।
ਹੱਥ ਉਠਾ ਗੁਜ਼ਾਰੇ ਅਰਜ਼ਾਂ, ਮੰਗੇ ਫ਼ਜ਼ਲ ਜਨਾਬੋਂ ।
ਯਾ ਰੱਬ ਤੇਰੇ ਆਜਿਜ਼ ਬੰਦੇ, ਬਖ਼ਸ਼ ਅਮਾਨ ਅਜ਼ਾਬੋਂ ।
ਲਫ਼ਜ਼ ਅਜੇ ਇਹ ਵਿਚ ਜ਼ਬਾਨੋਂ, ਖੁੱਲ੍ਹ ਪਈ ਰੁਸ਼ਨਾਈ ।
ਮੀਂਹ ਅਨ੍ਹੇਰੀ ਗਈ ਜਹਾਨੋਂ, ਰਹਿਆ ਨਿਸ਼ਾਨ ਨਾ ਕਾਈ ।
ਮਾਲਿਕ ਦੇਖ ਕਰਾਮਤ ਭਾਰੀ, ਯੂਸੁਫ਼ ਪਾਸ ਸਿਧਾਇਆ ।
ਖ਼ਿਦਮਤ ਕਰਦਾ ਬੰਦਿਆਂ ਵਾਂਗੂੰ, ਅਜਜ਼ੋਂ ਸੀਸ ਨਵਾਇਆ ।
.........................................................
ਲਾਹ ਲਿਬਾਸ ਨਮਦੇ ਦਾ ਓਵੇਂ, ਕੁੱਲ ਜ਼ੰਜੀਰ ਉਤਾਰੇ ।
ਪਾ ਪੋਸ਼ਾਕ ਸ਼ਹਾਨੀ ਤਨ ਤੇ, ਤਾਜ਼ੀ ਪੇਸ਼ ਗੁਜ਼ਾਰੇ ।
ਘੋੜੇ ਤੇ ਚਾ ਯੂਸੁਫ਼ ਤਾਈਂ, ਕੀਤੋਸੁ ਪੇਸ਼ ਰਵਾਨਾ ।
ਪਿੱਛੇ ਪਿੱਛੇ ਵਾਂਗ ਗ਼ੁਲਾਮਾਂ, ਮਾਲਿਕ ਸਣ ਕਰਵਾਨਾਂ ।

(ਸੱਯਾਰਾ=ਸਿਤਾਰਾ, ਆਬਿਕ=ਭਗੌੜਾ, ਬਾਵਰ=ਯਕੀਨ,
ਜ਼ਿਆਰਤ=ਯਾਤਰਾ, ਅਰਹਮ=ਰਹਮ ਕਰਨ ਵਾਲਾ,
ਅਕਬਰ=ਵੱਡਾ, ਕਿਨਾਰੇ=ਗੋਦ, ਨਵੈਦ=ਖ਼ੁਸ਼ਖ਼ਬਰੀ,
ਅਜ ਗ਼ੈਬੋਂ=ਗੁਪਤ ਪਾਸਿਓਂ, ਨਜ਼ੂਲੋਂ=ਉਤਰਨਾ,ਵਾਪਰਨਾ,
ਤਯੂਰ=ਪੰਛੀ, ਤਜ਼ਲਜ਼ੁਲ=ਕਾਂਬਾ,ਭੁਚਾਲ, ਕਮਬਖ਼ਤ=
ਬੁਰੀ ਕਿਸਮਤ ਵਾਲਾ, ਜਨਾਬੋਂ=ਦਰਗਾਹੋਂ, ਤਾਜ਼ੀ=ਘੋੜੇ)

ਸ਼ਹਿਰ ਬਲਬੀਸ ਵਿਚ ਪਹੁੰਚਣਾ

ਸ਼ਹਰ ਆਇਆ ਬਲਬੀਸ ਉਹਨਾਂ ਨੂੰ, ਜਾਂਦਿਆਂ ਅੰਦਰ ਰਾਹੇ ।
ਇਸ ਜਗ੍ਹਾ ਦੇ ਲੋਕ ਤਮਾਮੀ, ਬੁੱਤ ਪੁਜੇਂਦੇ ਆਹੇ ।
ਬੁਤ ਪੂਜਣ ਰੱਬ ਮੰਨਣ ਨਾਹੀਂ, ਵਿਚ ਕੁਫ਼ਰ ਗੁਮਰਾਹੀ ।
ਜਾ ਉਤਰੇ ਕਰਵਾਨ ਉਥਾਈਂ, ਯੂਸੁਫ਼ ਦੇ ਹਮਰਾਹੀ ।
ਜਾਂ ਯੂਸੁਫ਼ ਨੂੰ ਡਿੱਠਾ ਲੋਕਾਂ, ਹੈਰਾਨੀ ਵਿਚ ਆਏ ।
ਜ਼ਨ ਮਰਦਾਂ ਸਭ ਨਿਕਲ ਸ਼ਹਰੋਂ, ਯੂਸੁਫ਼ ਤਰਫ਼ ਸਿਧਾਏ ।
ਸੀਸ ਝੁਕਾ ਸਭ ਅਰਜ਼ਾਂ ਕਰਦੇ, ਐ ਨੂਰੀ ਸੁਲਤਾਨਾਂ ।
ਹੱਦ ਬਸ਼ਰੀਅਤ ਥੀਂ ਵਧ ਗਈਆਂ, ਹੁਸਨ ਤੇਰੇ ਦੀਆਂ ਸ਼ਾਨਾਂ ।
ਕੀ ਸ਼ੈ ਹੈਂ ਤੂੰ ਕਿਸ ਧਰਤੀ ਦਾ, ਹੈਂ ਮਾਬੂਦ ਪਿਆਰਾ ।
ਯਾ ਤੂੰ ਆਪ ਕਿਸੇ ਦਾ ਬੰਦਾ, ਅਸਾਂ ਤਅੱਜੁਬ ਭਾਰਾ ।
ਜੇ ਤੂੰ ਹੋਰ ਕਿਸੇ ਦਾ ਬੰਦਾ, ਫਿਰ ਕਹ ਕਿਸ ਬਣਾਇਆ ।
ਸਿਰਜਨ ਹਾਰ ਤੇਰਾ ਉਹ ਕਿਹੜਾ, ਜਿਸ ਇਹ ਕਰਮ ਕਮਾਇਆ ।
ਸੁਣ ਯੂਸੁਫ਼ ਫ਼ਰਮਾਵੇ ਲੋਕਾਂ, ਸ਼ਾਨ ਖ਼ੁਦਾ ਦੀ ਆਲੀ ।
ਖ਼ਾਲਿਕ ਮੇਰਾ ਦਾਨਾ ਬੀਨਾ, ਜਗ ਸਾਰੇ ਦਾ ਵਾਲੀ ।
ਹੈ ਉਹ ਇਕ ਜੋ ਪਾਕ ਸ਼ਰੀਕੋਂ, ਉਸਦਾ ਆਲਮ ਸਾਰਾ ।
ਸਭ ਜਗ ਹੈ ਪੈਦਾਇਸ਼ ਉਸਦੀ, ਉਹ ਇਕ ਸਿਰਜਨ ਹਾਰਾ ।
.........................................................
ਗ਼ਾਫ਼ਿਲ ਲੋਕ ਬੁੱਤਾਂ ਨੂੰ ਪੂਜਣ, ਬਾਤਿਲ ਵਹਮ ਉਹਨਾਂ ਦੇ ।
ਡੁੱਬ ਮਰਨ ਵਿਚ ਬਹਰਿ-ਜ਼ਲਾਲਤ, ਇਹ ਮਾਬੂਦ ਜਿਨ੍ਹਾਂ ਦੇ ।
ਇਹ ਬੁੱਤ ਨਾਕਿਸ ਆਪ ਨਕਾਰੇ, ਹਰਫ਼ ਬਿਆਨੋਂ ਖ਼ਾਲੀ ।
ਉਹ ਮਾਬੂਦ ਉਸੇ ਦੀ ਦੁਨੀਆਂ, ਜਿਸ ਦੀਆਂ ਸਿਫ਼ਤਾਂ ਆਲੀ ।
ਸੁਣ ਲੋਕਾਂ ਈਮਾਨ ਲਿਆਂਦਾ, ਵਾਹਿਦ ਰੱਬ ਪਛਾਤਾ ।
ਤੋੜ ਬੁੱਤਾਂ ਹੱਕ ਸਿਦਕ ਯਕੀਨੋਂ, ਇੱਕੋ ਖ਼ਾਲਿਕ ਜਾਤਾ ।

(ਜ਼ਨ=ਔਰਤਾਂ, ਬਸ਼ਰੀਅਤ=ਮਨੁੱਖਤਾ, ਮਾਬੂਦ=ਪਿਆਰਾ,
ਪੂਜਣ ਯੋਗ, ਸ਼ਰੀਕੋਂ=ਸਾਂਝ ਤੋਂ ਬਿਨਾ, ਆਲਮ=ਦੁਨੀਆਂ,
ਬਾਤਿਲ=ਝੂਠੇ, ਬਹਰਿ-ਜ਼ਲਾਲਤ=ਨਿਰਾਦਰੀ ਦਾ ਸਮੁੰਦਰ,
ਨਾਕਿਸ=ਨੁਕਸ ਵਾਲੇ, ਵਾਹਿਦ=ਇੱਕ)

ਬਲਸਾਨ ਸ਼ਹਰ ਵਿਚ

ਡੇਰਾ ਪੁਟ ਲਇਆ ਕਰਵਾਨਾਂ, ਹੋਏ ਫੇਰ ਰਵਾਨਾ ।
ਜਾ ਬਲਸਾਨ ਲਗਾਏ ਤੰਬੂ, ਮਹਮਿਲ ਧਰੇ ਜਵਾਨਾਂ ।
ਜਾਂ ਬਲਸਾਨੀ ਲੋਕਾਂ ਡਿੱਠੀ, ਸੂਰਤ ਯੂਸੁਫ਼ ਸੰਦੀ ।
ਹੈਰਤ ਦੇ ਦਰਬਾਰ ਵਿਚਾਰੇ, ਅਕਲ ਰਹੀ ਹੋ ਬੰਦੀ ।
ਸੱਦ ਮੁਸੱਵਰ ਸੂਰਤ ਯੂਸੁਫ਼, ਲੋਕਾਂ ਨੇ ਲਿਖਵਾਈ ।
ਪਾਸ ਰੱਖੀ ਮਾਬੂਦ ਬਣਾ ਤਿਸ, ਪੂਜਣ ਮਰਦ ਨਸਾਈ ।
ਯੂਸੁਫ਼ ਨੂੰ ਮਾਬੂਦ ਬਣਾਇਆ, ਕਰਨ ਪ੍ਰਸਤਿਸ਼ ਸਾਰੇ ।
ਖ਼ਬਰ ਨ ਪੁੱਛੀ ਹਾਲ ਨ ਸੁਣਿਆਂ, ਵਹਮ ਡੁੱਬੇ ਜੜ੍ਹ ਮਾਰੇ ।
ਸਾਲ ਹਜ਼ਾਰ ਉਹਨਾਂ ਦੇ ਅੰਦਰ, ਰਹੀ ਪ੍ਰਸਤਿਸ਼ ਜਾਰੀ ।
ਇਹ ਮੁਸ਼ਰਿਕ ਮਰਦੂਦ ਜਨਾਬੋਂ, ਹੋਏ ਕਾਫ਼ਿਰ ਨਾਰੀ ।
ਕੀ ਜਾਣਨ ਉਹ ਸੂਰਤ ਸੋਹਣੀ, ਰਖਦੀ ਕਿਆ ਮਆਨੀ ।
ਇਕਨਾਂ ਡੁਬਦਿਆਂ ਤਾਰ ਗਈਓ ਈ, ਗ਼ਰਕ ਕੀਤੇ ਇਕ ਫ਼ਾਨੀ ।

(ਮਹਮਿਲ=ਕਚਾਵੇ,ਕਾਠੀਆਂ, ਬੰਦੀ=ਕੈਦ, ਨਸਾਈ=
ਇਸਤ੍ਰੀਆਂ, ਪ੍ਰਸਤਿਸ਼=ਪੂਜਾ, ਮੁਸ਼ਰਿਕ=ਇੱਕ ਤੋਂ ਵੱਧ
ਰੱਬ ਮੰਨਣ ਵਾਲੇ, ਨਾਰੀ=ਅੱਗ ਵਿਚ ਸੜਣ ਵਾਲੇ,)

ਸ਼ਹਰ ਕੁਦਸ ਵੱਲ ਜਾਣਾ

ਉਠ ਟੁਰੇ ਕਰਵਾਨੀ ਓਥੋਂ, ਸ਼ੁਤਰਾਂ ਘੱਤ ਮੁਹਾਰਾਂ ।
ਸ਼ਹਰ ਕੁਦਸ ਵਲ ਕਸਦ ਕੀਤੋ ਨੇ, ਕਰਕੇ ਕਸਦ ਹਜ਼ਾਰਾਂ ।
ਸ਼ਹਰ ਕੁਦਸ ਦਾ ਵਾਲੀ ਸੁੱਤਾ, ਤਿਸ ਸੁਫ਼ਨਾ ਦਿਸ ਆਇਆ ।
ਪਇਆ ਪੁਕਾਰਾ ਉੱਠ ਅਮੀਰਾ, ਸਾਹਿਬ ਤੇਰਾ ਆਇਆ ।
ਇਸਤਿਕਬਾਲ ਕਰੋ ਉੱਠ ਝਬਦੇ, ਅੰਦਰ ਸ਼ਹਰ ਲਿਆਓ ।
ਹੁਕਮ ਮੰਨੋ ਜੋ ਕਹੇ ਤੁਸਾਨੂੰ, ਖ਼ਿਦਮਤ ਅਦਬ ਬਜਾਓ ।
ਗਇਆ ਅਮੀਰ ਸੁਬਹ ਉਹ ਝਬਦੇ, ਕਾਰਣ ਇਸਤਿਕਬਾਲੇ ।
ਜਾ ਮਿਲਿਆ ਕਰਵਾਨਾਂ ਰਾਹੇ, ਜਾ ਪੁਛਿਓਸੁ ਹਾਲੇ ।
ਕੌਣ ਤੁਸਾਂ ਸਰਦਾਰ ਜਵਾਨੋ, ਕਿਸ ਥਾਵੇਂ ਥੀਂ ਆਏ ।
ਕਿਆ ਇਰਾਦਾ ਕਿਤ ਵਲ ਜਾਣਾ, ਰਖ਼ਤ ਕਿਆ ਕੁਝ ਚਾਏ ।
ਮਾਲਿਕ ਇਬਨ ਜ਼ਗਰ ਵਿਚ ਸਾਡੇ, ਕਹਣ ਜਿਦ੍ਹੀ ਸਰਦਾਰੀ ।
ਰਹਿਆ ਅਮੀਰ ਤਅੱਜੁਬ ਸੁਣ ਕੇ, ਇਹ ਕਿਆ ਹਿਕਮਤ ਭਾਰੀ ।
ਮਾਲਿਕ ਇਬਨ ਜ਼ਗਰ ਹਰ ਸਾਲੇ, ਮਿਲੇ ਹਮੇਸ਼ ਦੋ ਵਾਰੀ ।
ਹੁਣ ਤਾਜ਼ੀਮ ਮੇਰੇ ਤੇ ਉਸਦੀ, ਲਾਜ਼ਿਮ ਕਿਵੇਂ ਗੁਜ਼ਾਰੀ ।
ਅੱਗੇ ਮੈਂ ਪੁਰ ਲਾਜ਼ਿਮ ਨਾ ਸੀ, ਇਸਦੀ ਖ਼ਿਦਮਤ ਕਾਈ ।
ਇਹ ਖ਼ਾਦਿਮ ਮੈਂ ਸਾਹਿਬ ਵਾਂਗੂੰ, ਇਸ ਵਿਚ ਕੀ ਵਡਿਆਈ ।
ਪਾਸ ਅਮੀਰ ਫ਼ਰਿਸ਼ਤੇ ਤਦ ਨੂੰ, ਕੀਤਾ ਆਣ ਪੁਕਾਰਾ ।
ਹੈ ਜਿਸਦੀ ਤਾਜ਼ੀਮ ਤੇਰੇ ਪੁਰ, ਉਹ ਹੈ ਯੂਸੁਫ਼ ਪਿਆਰਾ ।
ਉਸ ਵੇਲੇ ਵਿਚ ਖ਼ਿਦਮਤ ਯੂਸੁਫ਼, ਦੋ ਸੌ ਮਲਕ ਸਵਾਰੀ ।
ਖ਼ੁਸ਼-ਰਫ਼ਤਾਰ ਜਿਨ੍ਹਾਂ ਦੇ ਘੋੜੇ, ਜ਼ੀਨਤ ਜ਼ੱਰੀ-ਕਾਰੀ ।
ਦੇਖ ਤਜੱਮੁਲ ਸ਼ਕਲ ਨੂਰਾਨੀ, ਕਹੇ ਅਮੀਰ ਤੁਬਾਰਿਕ ।
ਯੂਸੁਫ਼ ਪਾਸ ਗਇਆ ਤੇ ਪੁੱਛਿਆ, ਕੀ ਤੈਂ ਇਸਮ ਮੁਬਾਰਿਕ ।
ਕੌਣ ਏਹੀ ਤੂੰ ਹਾਲ ਕਵੇਹਾ, ਦੱਸ ਹਕੀਕਤ ਸਾਰੀ ।
ਯੂਸੁਫ਼ ਕਹੰਦਾ ਜਿਸਦੀ ਖ਼ਾਤਿਰ, ਚੱਲਿਓਂ ਨਾਲ ਸਵਾਰੀ ।
ਖ਼ਵਾਬੋਂ ਡਿੱਠਾ ਜਿਸਦਾ ਹਾਲਾ, ਮੈਂ ਉਹ ਸਾਹਿਬ ਤੇਰਾ ।
ਕਹੇ ਅਮੀਰ ਕਹਿਆ ਕਿਸ ਤੈਨੂੰ, ਖ਼ਵਾਬੋਂ ਹਾਲਾ ਮੇਰਾ ।
ਯੂਸੁਫ਼ ਕਹੰਦਾ ਜਿਸਨੇ ਤੈਨੂੰ, ਮੇਰਾ ਹਾਲ ਸੁਣਾਇਆ ।
ਤੇਰਾ ਹਾਲ ਉਸੇ ਥੀਂ ਪਾਇਆ, ਮੈਂ ਪੁਰ ਉਸਦਾ ਸਾਇਆ ।
ਕਹੇ ਅਮੀਰ ਮੰਨਾਂ ਮੈਂ ਕਹਿਆ, ਜੋ ਮੈਨੂੰ ਫ਼ਰਮਾਵੇਂ ।
ਯੂਸੁਫ਼ ਕਹੰਦਾ ਤੋੜ ਬੁੱਤਾਂ ਨੂੰ, ਤਾਂ ਵਾਹਿਦ ਰੱਬ ਪਾਵੇਂ ।
......................................................
ਕਹੇ ਅਮੀਰ ਬੁੱਤਾਂ ਨੂੰ ਤੋੜਾਂ, ਸ਼ਰਤ ਨਿਭਾ ਇਕ ਮੇਰੀ ।
ਦੇਖ ਕਰੇ ਸਜਦਾ ਬੁੱਤ ਤੈਨੂੰ, ਮੰਨੀਏਂ ਅਜ਼ਮਤ ਤੇਰੀ ।
ਯੂਸੁਫ਼ ਕਹੰਦਾ ਅੱਲਾ ਕੋਲੋਂ, ਦੂਰ ਨਹੀਓਂ ਇਹ ਕਾਈ ।
ਚੱਲ ਵੱਲ ਬੁੱਤ ਦਿਖਾਵਾਂ ਤੈਨੂੰ, ਜੇ ਤੁਧ ਤਲਬ ਏਹਾਈ ।
......................................................
ਜਾਂ ਯੂਸੁਫ਼ ਨੇ ਕਦਮ ਟਿਕਾਇਆ, ਆ ਅੰਦਰ ਬੁੱਤ-ਖ਼ਾਨੇ ।
ਰੱਖ ਸਿਰ ਪੈਰੀਂ ਆ ਬੁੱਤ ਡਿੱਗੇ, ਦੇਖ ਨਬੀ ਦੇ ਸ਼ਾਨੇ ।
ਦੇਖ ਅਮੀਰ ਕਰੇ ਬੁੱਤ ਪੁਰਜ਼ੇ, ਮੰਨੀ ਮੁਸਲਮਾਨੀ ।
ਬੁੱਤ ਝੂਠੇ ਪੁਜਾਰੀ ਜ਼ਾਲਿਮ, ਇਹ ਬਾਜ਼ੀ ਸ਼ੈਤਾਨੀ ।
..................................................
ਯੂਸੁਫ਼ ਖੋਹ ਇਨ੍ਹਾਂ ਥੀਂ ਲਈਏ, ਕਰੇ ਅਮੀਰ ਸਲਾਹੀਂ ।
ਤਦ ਨੂੰ ਡੇਰਾ ਪੁੱਟ ਕਰਵਾਨੀ, ਲੈ ਟੁਰ ਗਏ ਅਗਾਹੀਂ ।
.....................................................
ਯੂਸੁਫ਼ ਪਾਸ ਗਈਆਂ ਜਾਂ ਫ਼ੌਜਾਂ, ਕਰਵਾਨਾਂ ਗ਼ਮ ਧਾਣੇ ।
ਯੂਸੁਫ਼ ਬੁਰਕਾ ਲਾਹ ਲਇਆ ਸੁ, ਕਿਸ ਦਿਲ ਰਹੇ ਟਿਕਾਣੇ ।
.....................................................
ਫ਼ੌਜ ਅਮੀਰ ਡਿੱਠਾ ਚਮਕਾਰਾ, ਧਰਤ ਝੜੇ ਸਭ ਜ਼ੀਨੋਂ ।
ਤਿੰਨ ਦਿਨਾਂ ਤਿੰਨ ਰਾਤ ਨ ਕੋਈ, ਉਠਿਆ ਮਰਦ ਜ਼ਮੀਨੋਂ ।

(ਮਲਕ=ਫ਼ਰਿਸ਼ਤੇ, ਜ਼ੀਨਤ=ਸਜਾਵਟ, ਜ਼ੱਰੀ-ਕਾਰੀ= ਸੋਨੇ
ਦਾ ਕੰਮ ਹੋਇਆ, ਤੁਬਾਰਿਕ=ਬਰਕਤ ਹੋਵੇ, ਅਜ਼ਮਤ=
ਵਡਿਆਈ)

ਇਰਸ ਸ਼ਹਰ ਵਿਚ ਪਹੁੰਚੇ

ਰਾਹੇ ਜਾਂਦਿਆਂ ਖ਼ਬਰਾਂ ਸੁਣੀਆਂ, ਸ਼ਹਰ ਇਰਸ ਹੁਣ ਆਇਆ ।
ਯੂਸੁਫ਼ ਦੇ ਵਿਚ ਦਿਲ ਦੇ ਹੋਇਆ, ਸੁਣ ਸੁਣ ਸ਼ੌਕ ਸਵਾਇਆ ।
ਵੇਖਣ ਮੈਨੂੰ ਲੋਕ ਇਰਸ ਦੇ, ਦੰਗ ਰਹਣ ਵਿਚਾਰੇ ।
ਸੂਰਤ ਮੇਰੀ ਦੇਖ ਝੜੇਸਣ, ਹੈਰਾਨੀ ਵਿਚ ਸਾਰੇ ।
ਆਣ ਇਰਸ ਦੀ ਖ਼ਲਕਤ ਵੇਖੀ, ਯੂਸੁਫ਼ ਨਾਲ ਨਿਗਾਹਾਂ ।
ਚੰਦ ਸੂਰਜ ਦੀਆਂ ਸ਼ਕਲਾਂ ਅਨਵਰ, ਰੋਸ਼ਨ ਰੰਗ ਸਬਾਹਾਂ ।
ਸ਼ਹਰ ਇਰਸ ਵਿਚ ਹੁਸਨ ਜਮੀਲਾਂ, ਐਡਕ ਚਮਕਾਂ ਮਾਰੇ ।
ਰੈਣ ਅੰਧੇਰੀ ਥੀਏ ਉਜਾਲਾ, ਛੁਪ ਛੁਪ ਵੇਖਣ ਤਾਰੇ ।
......................................................
ਉਹ ਸੱਭੇ ਨੂਰਾਨੀ ਸ਼ਕਲਾਂ, ਮੌਜ ਹੁਸਨ ਵਿਚ ਗਲੀਆਂ ।
ਫੁੱਲ ਝੜਨ ਮੂੰਹ ਗੱਲਾਂ ਕਰਦਿਆਂ, ਝੜਨ ਤਬੱਸੁਮ ਕਲੀਆਂ ।
ਗੋਇਆ ਨੂਰ ਤਾਜ਼ੇ ਦੇ ਮੋਤੀ, ਹੁਣੇ ਸਦਫ਼ ਥੀਂ ਆਏ ।
ਮਸਤ ਇਰਸ ਦੇ ਲੋਕ ਹੁਸਨ ਥੀਂ, ਵਿਚ ਖ਼ੁਸ਼ ਤਰਜ਼ ਅਦਾਏ ।
...........................................................
ਕਿੱਥੋਂ ਆਏ ਕਿੱਥੇ ਜਾਣਾ, ਕਿਨ੍ਹੇ ਨ ਹਾਲ ਪੁਛਾਇਆ ।
ਯੂਸੁਫ਼ ਤਾਈਂ ਡਿੱਠਾ ਲੋਕਾਂ, ਦੇਖ ਨ ਕਿਨ੍ਹੇ ਬੁਲਾਇਆ ।
ਜਾਂ ਯੂਸੁਫ਼ ਨੇ ਹਾਲਤ ਜਾਤੀ, ਲਹ ਧਰਤੀ ਤੇ ਆਇਆ ।
ਸਿਰ ਸਜਦੇ ਰੱਖ ਕਹੇ ਜ਼ਬਾਨੋਂ, ਬਖ਼ਸ਼ ਖ਼ਤਾ ਖ਼ੁਦਾਇਆ ।
ਮੈਂ ਭੁੱਲਾ ਤੂੰ ਬਖ਼ਸ਼ਣ ਹਾਰਾ, ਪਕੜ ਨ ਅੰਤ ਖ਼ਿਆਲੋਂ ।
ਸ਼ੀਸ਼ਾ ਡਿੱਠਾ ਇਬਰਤ ਪਾਈ, ਰਹਮ ਕਰੀਂ ਮੈਂ ਹਾਲੋਂ ।
ਪਈ ਨਦਾ ਸਿਰ ਚਾ ਪਿਆਰੇ, ਨ ਕਰ ਦਿਲ ਗ਼ਮਨਾਕੀ ।
ਯੂਸੁਫ਼ ਨੂੰ ਸੁਣ ਮਿਲੀ ਤਸੱਲੀ, ਰਹਿਆ ਅੰਦੋਹ ਨ ਬਾਕੀ ।
ਜਾਂ ਯੂਸੁਫ਼ ਸਿਰ ਸਜਦਿਓਂ ਚਾਇਆ, ਡਿੱਠੇ ਲੋਕ ਹਜ਼ਾਰਾਂ ।
ਦੌੜੇ ਆਵਣ ਕਰਨ ਜ਼ਿਆਰਤ, ਸੁਣ ਖੂਬੀ ਦੀਆਂ ਸਾਰਾਂ ।
ਕਰ ਤਾਜ਼ੀਮ ਗੁਜ਼ਾਰਨ ਸਜਦਾ, ਕਰਨ ਅਦਬ ਸੌ ਵਾਰੀ ।
ਯੂਸੁਫ਼ ਦੇਖ ਕਰੇ ਸ਼ੁਕਰਾਨਾ, ਹਮਦ ਤੈਨੂੰ ਯਾ ਬਾਰੀ ।

(ਜਮੀਲਾਂ=ਸੋਹਣਿਆਂ ਦਾ, ਤਬੱਸੁਮ=ਮੁਸਕਾਨ, ਸਦਫ਼=
ਸਿੱਪੀ, ਇਬਰਤ=ਨਸੀਹਤ, ਨਦਾ=ਆਵਾਜ਼, ਅੰਦੋਹ=ਗ਼ਮ)

ਮਿਸਰ ਵਿਚ ਦਾਖ਼ਿਲ ਹੋਣਾ

ਆਖ਼ਿਰ ਹੱਦ ਮਿਸਰ ਦੀ ਪਹੁਤੇ, ਮੰਜ਼ਲ ਕੱਟ ਮਰਾਹਿਲ ।
ਆ ਲਾਇਆ ਕਰਵਾਨਾਂ ਡੇਰਾ, ਨੀਲ ਨਦੀ ਦੇ ਸਾਹਿਲ ।
..........................................................
ਮਾਲਿਕ ਕਹੰਦਾ ਯੂਸੁਫ਼ ਤਾਈਂ, ਚੱਲ ਯੂਸੁਫ਼ ਵਿਚ ਪਾਣੀ ।
ਗਰਦ ਗ਼ੁਬਾਰ ਸਫ਼ਰ ਧੋ ਬਦਨੋਂ, ਲਾਹ ਪੁਸ਼ਾਕ ਪੁਰਾਣੀ ।
ਪਾ ਲਿਬਾਸ ਸ਼ਹਾਨਾ ਯੂਸੁਫ਼, ਆਇਓਂ ਮਿਸਰ ਨਿਵਾਹੀ ।
ਅੱਜ ਮਿਸਰ ਕੁਰਬਾਨੀ ਜਾਸੀ, ਤੈਂ ਪੁਰ ਫ਼ਜ਼ਲ ਇਲਾਹੀ ।

(ਮਰਾਹਿਲ=ਵਾਟ,ਪੜਾਅ, ਸਾਹਿਲ=ਕੰਢਾ, ਗ਼ੁਬਾਰ=ਘੱਟਾ)

ਯੂਸੁਫ਼ ਦੀ ਮਿਸਰ ਵਿਚ ਦੋਹੀ ਫਿਰਨੀ

ਇਕ ਪੁਕਾਰ ਪਈ ਅਜ਼ਗੈਬੋਂ, ਸੁਣੀ ਮਿਸਰ ਦਿਆਂ ਲੋਕਾਂ ।
ਇਕ ਬੰਦਾ ਅਜ ਏਥੇ ਆਇਆ, ਨੈਣ ਜਿਹਦੇ ਵਿਚ ਝੋਕਾਂ ।
ਜੇ ਕੋਈ ਇਕ ਨਜ਼ਰ ਕਰ ਦੇਖੇ, ਉਸਦੀ ਸ਼ਕਲ ਪਿਆਰੀ ।
ਖ਼ੁਸ਼ ਹੋਵੇ ਖ਼ੁਸ਼ ਰਹੇ ਹਮੇਸ਼ਾ, ਪਾਵੇ ਫ਼ਰਹਤ ਭਾਰੀ ।
ਸੁਣ ਹੈਰਾਨ ਰਹੇ ਹੋ ਮਿਸਰੀ, ਕੀਤਾ ਕਿਸੇ ਪੁਕਾਰਾ ।
ਦੇਖ ਰਹੇ ਕੋ ਨਜ਼ਰ ਨ ਆਇਆ, ਮਿਸਰ ਥੱਕੇ ਲੱਭ ਸਾਰਾ ।
ਦਰਵਾਜ਼ੇ ਪਰ ਲੱਭਦੇ ਆਏ, ਯੂਸੁਫ਼ ਨਜ਼ਰੀਂ ਆਇਆ ।
ਜੋ ਦੇਖੇ ਗ਼ਸ਼ ਖਾਵੇ ਡਿੱਗੇ, ਹੈਰਤ ਜੋਸ਼ ਚੜ੍ਹਾਇਆ ।
ਤਾਂ ਜਾਤਾ ਸਭ ਮਿਸਰੀ ਲੋਕਾਂ, ਰਾਜ਼ ਗਇਆ ਖੁਲ੍ਹ ਸਾਰਾ ।
ਮੁਅਜਜ਼ਿਉਂ ਉਸ ਸੂਰਤ ਸੰਦੀ, ਹੋਇਆ ਹੋਗ ਪੁਕਾਰਾ ।
ਸ਼ਾਹ ਕੈਤੂਸ ਅਜ਼ੀਜ਼ ਮਿਸਰ ਦਾ, ਨਾਮ ਉਸੇ ਦਾ ਰਈਯਾਂ ।
ਜਾਂ ਯੂਸੁਫ਼ ਦੀ ਸ਼ੁਹਰਤ ਹੋਈ, ਉਸਨੂੰ ਖ਼ਬਰਾਂ ਗਈਆਂ ।
ਸੁਣ ਸੁਣ ਸਬਰ ਗਇਆ ਉਠ ਦਿਲ ਦਾ, ਲੈ ਟੁਰਿਆ ਅਸਵਾਰੀ ।
ਸ਼ੁਤਰ ਸਵਾਰ ਹਜ਼ਾਰ ਰਕਾਬੇ, ਜ਼ੀਨਤ ਨਕਸ਼ ਨਿਗਾਰੀ ।
ਇਸਤਿਕਬਾਲ ਕਰੇ ਵਿਚ ਰਾਹੇ, ਜਾ ਮਿਲਿਆ ਕਰਵਾਨਾਂ ।
ਜਾਂ ਯੂਸੁਫ਼ ਦੀ ਸੂਰਤ ਡਿੱਠੀ, ਰਹਿਆ ਹੋ ਦੀਵਾਨਾ ।
ਦੇਖ ਸਵਾਰਾਂ ਅਕਲਾਂ ਗਈਆਂ, ਤੇ ਹੈਰਤ ਵਿਚ ਆਈਆਂ ।
ਦਿਲ ਬੇਦਿਲਾਂ ਨ ਕਿਉਂ ਲੈ ਜਾਣੇ, ਤੇਰੀਆਂ ਨੂਰ ਸਫ਼ਾਈਆਂ ।
ਸ਼ਾਹ ਪੁੱਛੇ ਕਰਵਾਨਾਂ ਕੋਲੋਂ, ਇਹ ਸ਼ੈ ਕਹੁ ਕਿਆ ਈ ।
ਸੂਰਜ ਹੈ ਯਾ ਮਾਹ ਮੁਨੱਵਰ, ਹੂਰ ਪਰੀ ਯਾ ਕਾਈ ।
ਮਾਲਿਕ ਅਰਜ਼ ਕਰੇ ਸੁਲਤਾਨਾ, ਸੂਰਜ ਤੇ ਚੰਦ ਨਹੀਓਂ ।
ਯੂਸੁਫ਼ ਨਾਮ ਗ਼ੁਲਾਮ ਬੰਦੇ ਦਾ, ਸੋਹਣਾ ਹੂਰੋਂ ਪਰੀਓਂ ।
ਮੈਂ ਸੌਦਾਗਰ ਵੇਚ ਲਵਾਂ ਇਸ, ਕਰ ਕੀਮਤ ਦਰਬਾਰੇ ।
ਮੁੱਲ ਪਵੇ ਵਿਕ ਜਾਵਣ ਜਾਨਾਂ, ਬਿਰਹੋਂ ਦੇ ਦਰਬਾਰੇ ।
ਸੁਣ ਹੈਰਤ ਰੱਖ ਦੰਦੀਂ ਉਂਗਲ, ਸ਼ਾਹ ਯੂਸੁਫ਼ ਤੇ ਆਇਆ ।
ਐ ਅਨਵਰ ਖ਼ੁਰਸ਼ੀਦ ਫ਼ਲਕ ਦੇ, ਮਾਲਿਕ ਕੀ ਫ਼ਰਮਾਇਆ ।
ਯੂਸੁਫ਼ ਕਹੰਦਾ ਮਾਲਿਕ ਸੱਚਾ, ਮੈਨੂੰ ਮੁੱਲ ਲਿਆਇਆ ।
ਭਾਈਆਂ ਵੇਚ ਲਿਆ ਹੱਥ ਉਸਦੇ, ਜਾਂ ਵੇਲਾ ਹੱਥ ਆਇਆ ।
ਸ਼ਾਹ ਮਿਸਰ ਵਿਚ ਸ਼ਹਰ ਲਿਆਇਆ, ਨਾਲ ਅਪਣੇ ਕਰਵਾਨਾਂ ।
ਸੂਰਤ ਸੋਹਣੀ ਯੂਸੁਫ਼ ਵਾਲੀ, ਰਹੀ ਸ਼ਮਾ ਵਿਚ ਜਾਨਾਂ ।
ਮਾਲਿਕ ਇਬਨ ਜ਼ਗਰ ਵਾਹ ਮਰਦਾ, ਆਂਦੋਈ ਨੂਰ ਖ਼ਜ਼ਾਨਾ ।

(ਝੋਕਾਂ=ਮਸਤੀ, ਫ਼ਰਹਤ=ਖ਼ੁਸ਼ੀ, ਮੁਅਜਜ਼ਿਉਂ=ਕਰਮਾਤ ਦੁਆਰਾ,
ਜ਼ੀਨਤ=ਸਜਾਵਟ,ਸੁੰਦਰ, ਮਾਹ=ਚੰਨ, ਮੁਨੱਵਰ=ਰੋਸ਼ਨ, ਖ਼ੁਰਸ਼ੀਦ=
ਸੂਰਜ)

ਯੂਸੁਫ਼ ਦਾ ਫ਼ੈਜ਼ਿ-ਕਦਮ

ਯੂਸੁਫ਼ ਦੀ ਸਦ ਸਭ ਕਰਵਾਨਾਂ, ਸ਼ਾਹ ਕਰੇ ਮਹਮਾਨੀ ।
ਕਰੇ ਉਤਾਰਾ ਇੱਜ਼ਤ ਸੇਤੀ, ਖ਼ਾਸ ਜਗ੍ਹਾ ਸੁਲਤਾਨੀ ।
.....................................................
ਮਿਸਰ ਅੱਗੇ ਸੁੱਕ ਗਈਆਂ ਨਹਰਾਂ, ਵਗਣੋਂ ਅਟਕ ਖਲੋਈਆਂ ।
ਜਾਂ ਯੂਸੁਫ਼ ਦਾ ਕਦਮ ਪਇਆ ਸੁ, ਨਦੀਆਂ ਜਾਰੀ ਹੋਈਆਂ ।
ਮਿਸਰ ਅੱਗੇ ਬੀਮਾਰੀਆਂ ਖ਼ਲਕਾਂ, ਮਰਦੇ ਲੋਕ ਹਜ਼ਾਰਾਂ ।
ਜਾਂ ਯੂਸੁਫ਼ ਦਾ ਕਦਮ ਪਇਆ ਸੁ, ਮਿਲੀ ਸਫ਼ਾ ਬੀਮਾਰਾਂ ।
.............................................................
ਕੁੱਲ ਬਲਾ ਹਰ ਆਫ਼ਤ ਬਦੀਆਂ, ਸਭ ਮਿਸਰੋਂ ਉੱਠ ਚੱਲੀਆਂ ।
ਇਹ ਯੂਸੁਫ਼ ਦੀ ਬਰਕਤ ਮਿਸਰੀ, ਖ਼ਲਕ ਮੁਰਾਦਾਂ ਮਿਲੀਆਂ ।
ਮਿਸਰੀ ਲੋਕ ਕਹਿਣ ਇਕ ਦੂਜੇ, ਖ਼ਬਰ ਨਹੀਂ ਕੀ ਹੋਇਆ ।
ਖੋਟ ਦਿਲਾਂ ਹਰ ਝੂਠ ਜ਼ਬਾਨਾਂ, ਮਿਸਰੋਂ ਉਠ ਖਲੋਰਿਆ ।
ਸਾਰੇ ਸ਼ਹਰ ਪੁਕਾਰਾ ਹੋਇਆ, ਮਿਸਰੀਆਂ ਬਰਦਾ ਆਂਦਾ ।
ਕੌਣ ਕਹੇ ਉਹ ਬਰਦਾ ਹੋਸੀ, ਉਹ ਮਹਬੂਬ ਦਿਲਾਂ ਦਾ ।
.........................................................
ਅਹਲਿ-ਨਜ਼ਰ ਹੋ ਘਾਇਲ ਮਰਦਾ, ਰਿਸਦਾ ਜ਼ਹਰ ਨਜ਼ਰ ਦਾ ।
ਕੇਡਕ ਹੈ ਤਾਸੀਰ ਨਜ਼ਰ ਦੀ, ਚੱਲ ਅਜ਼ਮਾ ਅੱਜ ਮਰਦਾ ।
ਨੈਣ ਸਜਨ ਦੇ ਲਾਟ ਬਿਰਹੋਂ ਦੀ, ਜਾਨ ਪੰਬਾ ਵਾਹ ਦਰਦਾ ।
ਜਾਨ ਜਲੇ ਦਮ ਗਲੇ ਨਿਗਾਹੋਂ, ਤੇ ਇਹ ਮਕਸਦ ਹਰਦਾ ।

(ਖ਼ਲਕਾਂ=ਲੋਕ, ਸਫ਼ਾ=ਅਰੋਗਤਾ, ਆਫ਼ਤ=ਮੁਸੀਬਤ, ਬਰਦਾ=
ਗ਼ੁਲਾਮ, ਅਹਲਿ-ਨਜ਼ਰ=ਸੋਝੀ ਰੱਖਣ ਵਾਲਾ, ਪੰਬਾ=ਰੂੰ)

10. ਮਿਸਰ ਵਿਚ ਯੂਸੁਫ਼ ਦੀ ਦੀਦ ਲਈ ਤੜਪ

ਦਿਲਬਰ ਸ਼ਾਹ ਦਾ ਮਾਹ ਕਨਆਨੀ, ਪੈਗ਼ੰਬਰ ਰਹਮਾਨੀ ।
ਆ ਵੜਿਆ ਵਿੱਚ ਮਿਸਰੇ ਯੂਸੁਫ਼, ਖ਼ਲਕ ਰਹੀ ਦੀਵਾਨੀ ।
..........................................................
ਸਾਰੇ ਯੂਸੁਫ਼ ਯੂਸੁਫ਼ ਕਰਦੇ, ਸੋਜ਼ ਦਿਲਾਂ ਭਰ ਚਾਇਆ ।
ਯੂਸੁਫ਼ ਨੂੰ ਵਿਚ ਹੁਜਰੇ ਮਾਲਿਕ, ਪਰਦਿਆਂ ਵਿਚ ਬਹਾਇਆ ।
ਖ਼ਲਕ ਫਿਰੇ ਵਿਚ ਸ਼ੌਕ ਦੀਵਾਨੀ, ਵੇਖਾਂ ਮਾਹ ਕਨਆਨੀ ।
ਮਾਲਿਕ ਜ਼ਾਲਿਮ ਜ਼ੁਲਮ ਕੀਤੋਈ, ਸੂਰਜ ਕਰੇਂ ਨਿਹਾਨੀ ।
.........................................................
ਮਾਲਿਕ ਕਹੰਦਾ ਵੇਚ ਲਵਾਂ ਉਸ, ਵੇਚਣ ਕਸਦ ਹਮਾਰਾ ।
ਰੋਜ਼ ਜੁਮਾ ਕਢ ਸੌਦਾ ਕਰਸਾਂ, ਵੇਖ ਲਵੇ ਜੱਗ ਸਾਰਾ ।
ਹੁਣ ਜਾਓ ਮਤ ਅਸਾਂ ਬੁਲਾਓ, ਜੁਮਾ ਦੁਰਾਡਾ ਨਾਹੀਂ ।
ਮੁਲ ਲਇਓ ਜਾਂ ਵੇਖੋ ਅੱਖੀਂ, ਜੇ ਇਹ ਸ਼ੌਕ ਤੁਸਾਹੀਂ ।
........................................................
ਤੇ ਲੋਕਾਂ ਵਿਚ ਸ਼ੌਕਾਂ ਜ਼ੌਕਾਂ, ਖ਼ੁਦੀਓਂ ਹਾਲ ਵੰਜਾਏ ।
ਕਈ ਅਮੀਰ ਫ਼ਕੀਰ ਹਜ਼ਾਰਾਂ, ਉਲਟ ਚੌਫੇਰਿਓਂ ਆਏ ।
ਮਾਲਿਕ ਦੇਖ ਕਹੇ ਕੀ ਹੋਇਆ, ਖ਼ਲਕ ਹੋਈ ਦੀਵਾਨੀ ।
ਯੂਸੁਫ਼ ਕੇਡ ਜਹਾਨੋਂ ਬਾਹਿਰ, ਖ਼ਲਕਾਂ ਕਿਉਂ ਹੈਰਾਨੀ ।

(ਮਾਹ=ਚੰਨ, ਨਿਹਾਨੀ=ਛੁਪਿਆ, ਕਸਦ=ਇਰਾਦਾ)

ਗ਼ੈਬ ਵੱਲੋਂ ਸੁਝਾਅ

ਜਾਂ ਮਾਲਿਕ ਨੇ ਕਦਰ ਨ ਜਾਤਾ, ਜੌਹਰ ਨਜ਼ਰ ਨ ਆਇਆ ।
ਯੂਸੁਫ਼ ਕੇਡਕ ਜੱਗ ਥੀਂ ਸੋਹਣਾ, ਜ਼ਾਹਿਰਾ ਆਖ ਸੁਣਾਇਆ ।
ਤਦੋਂ ਫ਼ਰਿਸ਼ਤੇ ਮਾਲਿਕ ਅੱਗੇ, ਕੀਤਾ ਆਣ ਪੁਕਾਰਾ ।
ਇੱਕ ਦੀਨਾਰ ਲੈ ਇੱਕ ਦੀਦਾਰੋਂ, ਕਦਰ ਖੁਲ੍ਹੇ ਤੈਂ ਸਾਰਾ ।
ਦੀਨਾਰਾਂ ਦਾ ਮੀਂਹ ਵਰ੍ਹਨਾ

ਸੁਣ ਖ਼ਲਕਾਂ ਨੇ ਜੋਸ਼ ਉਠਾਇਆ, ਮੀਂਹ ਵਰ੍ਹਿਆ ਦੀਨਾਰਾਂ ।
ਹਰ ਦੀਨਾਰ ਦੇਖਣ ਤੇ ਜਾਵਣ, ਅੰਦਰ ਵਾਰ ਹਜ਼ਾਰਾਂ ।
ਯੂਸੁਫ਼ ਸਿਹਨ ਅੰਦਰ ਵਿਚ ਘਰ ਦੇ, ਬੈਠਾ ਬਾਝੋਂ ਪਰਦੇ ।
ਜਾਂਦੇ ਲੋਕ ਨਿਗਾਹਾਂ ਕਰਦੇ, ਤੇ ਝੜਦੇ ਵਿੱਚ ਦਰ ਦੇ ।
ਅੰਦਰ ਵਾਰ ਗਇਆ ਜੋ ਝੜਿਆ, ਗਸ਼ੀਓਂ ਹੋਸ਼ ਗਵਾਈ ।
ਜਾਨ ਰਹੀ ਫਿਰ ਪਿੱਛੋਂ ਜਾਤਾ, ਤੇ ਕੁਝ ਸਬਰ ਨ ਰਾਈ ।
...........................................................
ਸਤ ਲਖ ਢੇਰ ਢੇਰ ਲੱਗਾ ਦੀਨਾਰੋਂ, ਮਾਲਿਕ ਅੰਤ ਨ ਪਾਇਆ।
ਇਕ ਸਾਇਤ ਵਿਚ ਸ਼ਾਨ ਹੁਸਨ ਦਾ, ਇਹ ਤਿਸ ਨਜ਼ਰੀਂ ਆਇਆ ।
ਸਬ ਬੇਹੋਸ਼ ਪਏ ਜਾਂ ਡਿੱਠੇ, ਮਾਲਿਕ ਕਹੇ ਗ਼ੁਲਾਮਾਂ ।
ਇਹਨਾਂ ਉਠਾ ਕਹੋ ਹੁਣ ਜਾਵਣ, ਬਾਹਿਰ ਕਰੋ ਤਮਾਮਾਂ ।
........................................................
ਬੇਹੋਸ਼ਾਂ ਦੀਆਂ ਸ਼ਹਰ ਦੁਹਾਈਆਂ, ਘਰ ਦਿਆਂ ਖ਼ਬਰਾਂ ਪਾਈਆਂ ।
ਚਾ ਦਏ ਲੈ ਡੋਲੀਆਂ ਕਰ ਕਰ, ਰਾਤੀਂ ਹੋਸ਼ਾਂ ਆਈਆਂ ।
ਦੀਦਾਰ ਦਾ ਦੂਜਾ ਦਿਨ

ਮਾਲਿਕ ਕਹੰਦਾ ਇਕ ਦੀਨਾਰੋਂ, ਅਜ ਵਿਖਾਵਾਂ ਨਾਹੀਂ ।
ਲੋਕਾਂ ਇਕ ਦੀਨਾਰ ਵਧਾਇਆ, ਕਰੇ ਕਬੂਲ ਤਾਈਂ ।
ਓਹੋ ਹਾਲਾ ਅੱਵਲ ਵਾਲਾ. ਹੋਇਆ ਨਲ ਤਮਾਮਾਂ ।
ਦਰਬਾਰੋਂ ਬੇਹੋਸ਼ ਪਇਆਂ ਨੂੰ, ਸੁੱਟਿਆ ਕੱਢ ਗ਼ੁਲਾਮਾਂ ।
ਏਵੇਂ ਦਸ ਦਿਨ ਰਹਿਆ ਤਮਾਸ਼ਾ, ਮਾਲਿਕ ਦੇ ਦਰਬਾਰੇ ।
ਸ਼ੌਕ ਤਲਬ ਵਿਚ ਦੀਦ ਕਰੇਂਦਿਆਂ, ਰਖ਼ਤ ਲੁਟਾਏ ਸਾਰੇ ।
ਯੂਸੁਫ਼ ਦੇ ਵੇਚੇ ਜਾਣ ਦੀ ਮੁਨਾਦੀ

ਅੰਤ ਜੁਮਾ ਜਾਂ ਅਗਲਾ ਆਇਆ, ਫਿਰੀ ਮੁਨਾਦੀ ਸਾਰਟੇ ।
ਯੂਸੁਫ਼ ਨੂੰ ਅੱਜ ਵੇਚਣ ਲੱਗਾ, ਮਾਲਿਕ ਵਿਚ ਬਾਜ਼ਾਰੇ ।
ਮਾਹ ਕਨਆਨੀ ਵਿਕਣ ਲੱਗਾਸੁ, ਮਿਸਰ ਗਈਆਂ ਪੈ ਵਾਰਾਂ ।
ਸ਼ੋਅਲਾ ਸ਼ੌਕ ਚਮਕਿਆ ਸੀਨੇ, ਜਲ ਬਲ ਗਏ ਹਜ਼ਾਰਾਂ ।
11. ਯੂਸੁਫ਼ ਦਾ ਮੰਡੀ ਵਿਚ ਵਿਕਣਾ
ਮੰਡੀ ਦੀ ਆਰਾਇਸ਼

ਇੱਕ ਮਕਾਨ ਅਜਬ ਖ਼ੁਸ਼ ਤਰਜ਼ੋਂ, ਸਾਫ਼ ਫ਼ਰਾਖ਼ ਚੰਗੇਰਾ ।
ਮਾਲਿਕ ਖ਼ੂਬ ਸੰਵਾਰ ਬਣਾਇਆ, ਜਿਸਦਾ ਸ਼ਾਨ ਵਡੇਰਾ ।
ਵਿੱਚ ਸਤੂਨ ਰੁਖ਼ਾਮੇ ਕੀਤੇ, ਜ਼ੱਰੀਂ ਹੋਰ ਸੰਵਾਰੇ ।
ਕਰ ਪੈਵੰਦ ਬੁਲੰਦ ਮਕਾਨੇ, ਜੜੇ ਜਵਾਹਿਰ ਸਾਰੇ ।
....................................................
ਪਈ ਪੁਕਾਰ ਵਿਕੇਂਦਾ ਯੂਸੁਫ਼, ਚੜ੍ਹਿਆ ਜੋਸ਼ ਹਵਾਏ ।
ਜ਼ੌਕ ਨਦੀ ਵਿੱਚ ਸੀਨੇ ਮਿਸਰੀਆਂ, ਸੁਣ ਮੌਜਾਂ ਵਿੱਚ ਆਏ ।
ਦਰਦ ਦਿਲਾਂ ਵਿਚ ਨਹਰਾਂ ਵਗੀਆਂ, ਠਾਠ ਚੜ੍ਹੇ ਦਰਿਆਏ ।
ਰੁੜ੍ਹਿਆ ਮਿਸਰ ਪਇਆ ਰੁੜ੍ਹ ਬਿਰਹੋਂ, ਦਾਗ਼ ਦਿਲਾਂ ਵਿਚ ਪਾਏ ।
..............................................................
ਸ਼ਾਹ ਮਿਸਰ ਫ਼ੁਰਮਾਨ ਕਰੇਂਦਾ, ਮਾਲਿਕ ਇਬਨ ਜ਼ਗਰ ਨੂੰ ।
ਖ਼ਲਕ ਸਭੀ ਹੁਣ ਹਾਜ਼ਿਰ ਹੋਈ, ਲੈ ਆ ਉਸ ਦਿਲਬਰ ਨੂੰ ।

(ਸਤੂਨ=ਖੰਭੇ, ਰੁਖ਼ਾਮੇ=ਸੋਹਣੇ, ਜ਼ੱਰੀਂ=ਸੋਨੇ ਨਾਲ, ਜ਼ੌਕ=ਚਾਹ,
ਤਲਬ)

ਯੂਸੁਫ਼ ਤੇ ਮਾਲਿਕ

ਤਾਂ ਮਾਲਿਕ ਵੜ ਮੰਦਰ ਅੰਦਰ ਕਹੰਦਾ, ਯੂਸੁਫ਼ ਨੂੰ ਵਿਚ ਪਰਦੇ ।
ਉਠ ਯੂਸੁਫ਼ ਚੱਲ ਵੇਚਾਂ ਤੈਨੂੰ, ਲੋਕ ਉਡੀਕਾਂ ਕਰਦੇ ।
ਇਹ ਗੱਲ ਸੁਣ ਦਿਲ ਯੂਸੁਫ਼ ਸੰਦਾ, ਗ਼ਮ ਦੇ ਬਹਰ ਉਛਾਲੇ ।
ਵਿਕਣ ਲੱਗਾ ਮੈਂ ਵਿਚ ਬਜ਼ਾਰੇ, ਬਾਪ ਨ ਵੇਖੇ ਹਾਲੇ ।
ਕਿਵੇਂ ਸ਼ਫ਼ੀਕ ਪਿਦਰ ਬੇਖ਼ਬਰਾ, ਮੈਥੀਂ ਕਿਤਨੇ ਚਿਰ ਦਾ ।
ਮੈਂ ਪਰਦੇਸੀ ਤੇ ਨਿਤਾਣਾ, ਕਿੱਧਰ ਵਿਕਦਾ ਫਿਰਦਾ ।
ਬਾਪ ਮੇਰੇ ਨੂੰ ਕਹੀਂ ਸਬਾਏ, ਦੇ ਸੁਨੇਹੇ ਮੇਰੇ ।
ਯੂਸੁਫ਼ ਤੇਰਾ ਵਿਕਦਾ ਫਿਰਦਾ, ਕਰਵਾਨਾਂ ਦੇ ਡੇਰੇ ।
...................................................
ਯੂਸੁਫ਼ ਰੋਵੇ ਬਾਪ ਵਿਛੁੰਨਾ, ਸਿਰ ਨੀਵੇਂ ਫ਼ਰਮਾਇਆ ।
ਖ਼ਬਰ ਨਹੀਂ ਤੂੰ ਕਿੱਥੇ ਵੇਚੇਂ, ਫ਼ਿਕਰ ਮੇਰੇ ਦਿਲ ਆਇਆ ।
ਸੁਣ ਮਾਲਿਕ ਨੇ ਕਹਿਆ ਯੂਸੁਫ਼, ਇਹ ਕੇਹੀ ਵਡਿਆਈ ।
ਖੂਹੋਂ ਕੱਢ ਟਕੇ ਦੇ ਆਂਦੋਂ, ਹੁਣ ਕਹੁ ਉਜ਼ਰ ਕਿਆ ਈ ।
ਵੇਚਣ ਨੂੰ ਮੈਂ ਮੁੱਲ ਲਿਆਂਦੋਂ, ਵੇਚਾਂ ਜਿੱਥੇ ਚਾਹਾਂ ।
ਸੈਂ ਘਰ ਸਾਹਿਬ ਹੈਂ ਅਜ ਬਰਦਾ, ਨ ਕਰ ਨਜ਼ਰ ਪਿਛਾਹਾਂ ।
ਸੁਣ ਯੂਸੁਫ਼ ਹੋ ਆਜਿਜ਼ ਕਹੰਦਾ, ਏਹੀ ਸੱਚ ਮੁਕੱਰਾ ।
ਤੂੰ ਸਾਹਿਬ ਮੈਂ ਆਜਿਜ਼ ਬਰਦਾ, ਉਜ਼ਰ ਨਹੀਂ ਅੱਜ ਜ਼ੱਰਾ ।
ਸੁਣ ਕੇ ਮਾਲਿਕ ਕਦਮੀਂ ਡਿੱਗਾ, ਮੈਂ ਤੈਥੀਂ ਸ਼ਰਮਾਵਾਂ ।
ਤੇਰੇ ਲੁਤਫ਼ ਕਰਮ ਦੀਆਂ ਯੂਸੁਫ਼, ਮੇਰੇ ਸਿਰ ਤੇ ਛਾਵਾਂ ।

(ਬਹਰ=ਸਮੁੰਦਰ, ਸ਼ਫ਼ੀਕ=ਦਿਆਲੂ, ਪਿਦਰ=ਪਿਤਾ,
ਸਬਾਏ=ਹਵਾ,ਸਮੀਰ, ਮੁਕੱਰਾ=ਬਾਰ ਬਾਰ)

ਮੰਡੀ ਵਲ ਜਾਣਾ

ਮਾਲਿਕ ਆਪ ਲਿਆ ਨਹਲਾਇਆ, ਹਜ਼ਰਤ ਯੂਸੁਫ਼ ਤਾਈਂ ।
ਫਿਰ ਪੌਸ਼ਾਕ ਬਦਨ ਪਹਨਾਈ, ਕੀ ਤਿਸ ਸਿਫ਼ਤ ਸੁਣਾਈਂ ।
ਵਾਲ ਸਵਾਰ ਜੜੇ ਵਿਚ ਮੋਤੀ, ਹਿਕਮਤ ਨਾਲ ਪਰੋਏ ।
ਵਾਲ ਸਿਆਹ ਵਿਚ ਤਾਰਿਆਂ ਵਾਂਗੂੰ, ਮੋਤੀ ਰੋਸ਼ਨ ਹੋਏ ।
........................................................
ਨਾਲ ਤਹੱਮੁਲ ਯੂਸੁਫ਼ ਤਾਈਂ, ਬਾਹਰ ਤਰਫ਼ ਲਿਆਏ ।
ਮੂੰਹ ਪੁਰ ਬੁਰਕਾ ਪਾਇਆ ਹੋਇਆ, ਖ਼ਲਕ ਮਤਾਂ ਮਰ ਜਾਏ ।
ਜਾ ਬੁਲੰਦ ਖੜਾ ਹੋ ਮਾਲਿਕ, ਉੱਚਾ ਕਰੇ ਪੁਕਾਰਾ ।
ਯੂਸੁਫ਼ ਆਇਆ ਵੇਖੋ ਲੋਕੋ, ਦੀਦ ਕਰੇ ਜੱਗ ਸਾਰਾ ।

(ਤਹੱਮੁਲ=ਠਰੰਮਾ)

ਯੂਸੁਫ਼ ਦੀ ਰੂ-ਨੁਮਾਈ

ਜਾਂ ਮਾਲਿਕ ਨੇ ਕੁਰਸੀ ਉੱਤੇ, ਯੂਸੁਖ਼ ਆਨ ਬਹਾਇਆ ।
ਬੁਰਕਾ ਚਾਇਆ ਘੁੰਡ ਉਠਾਇਆ, ਦਿਲੀਂ ਅਲੰਬਾ ਲਾਇਆ ।
ਜਾਂ ਉਹ ਸੂਰਤ ਜ਼ਾਹਿਰ ਹੋਈ, ਛੇਕ ਪਏ ਵਿਚ ਸੰਘਾਂ ।
ਸ਼ਮ੍ਹਾ ਬਲੀ ਪੱਰ ਬਲੇ ਤੜਫਦਿਆਂ, ਅੰਦਰ ਸ਼ੌਕ ਪਤੰਗਾਂ ।
........................................................
ਇੱਕੋ ਵਾਰੀ ਡਿੱਠਾ ਚਮਕਾਰਾ, ਦੇਖਦਿਆਂ ਜ਼ਨ ਮਰਦਾਂ ।
ਉਹ ਜ਼ਾਹਿਰ ਪਰ ਅੱਖੀਂ ਲੁਕੀਆਂ, ਹੋ ਜ਼ਖ਼ਮੋਂ ਸਰਗਰਦਾਂ ।
ਐਡਕ ਜ਼ਖ਼ਮ ਅੱਖੀਂ ਵਿੱਚ ਵਾਹੇ, ਚਮਕ ਹੁਸਨ ਦੀਆਂ ਕਰਦਾਂ ।
ਰਿਸ ਰਿਸ ਖ਼ੂਨ ਦਿਲਾਂ ਵਿੱਚ ਧੱਸਿਆ, ਨਾਲ ਬਿਰਹੋਂ ਦਿਆਂ ਦਰਦਾਂ ।
........................................................
ਮਜਲਿਸ ਵਿੱਚੋਂ ਪਏ ਪੁਕਾਰੇ, ਮਾਲਿਕ ਬਾਜ਼ਰਗਾਨਾ ।
ਕਸਮ ਤੈਨੂੰ ਘਤ ਬੁਰਕਾ ਇਸ ਤੇ, ਦੇਖ ਗਈਆਂ ਜਲ ਜਾਨਾਂ ।
.........................................................
ਗੁਜ਼ਰੀ ਦੇਰ ਪਈਆਂ ਕੁਝ ਹੋਸ਼ਾਂ, ਨੀਵੀਆਂ ਕਰਨ ਨਿਗਾਹਾਂ ।
ਚਸ਼ਮ ਜ਼ਈਫ਼ ਨ ਤਾਬਿਸ਼ ਝੱਲੇ, ਸ਼ੌਕਾਂ ਕਦਮ ਅਗਾਹਾਂ ।
ਮਾਲਿਕ ਕਰੇ ਬੁਲੰਦ ਪੁਕਾਰਾਂ, ਮੁਸ਼ਤ੍ਰੀਓ ਜ਼ਰ ਕੱਢੋ ।
ਯੂਸੁਫ਼ ਵੇਚਾਂ ਮੁੱਲ ਖ਼ਰੀਦੋ, ਏਹ ਬੇਖ਼ੁਦੀਆਂ ਛੱਡੋ ।
ਸੁਣ ਲੋਕਾਂ ਸਿਰ ਨੀਵੇਂ ਕੀਤੇ, ਕੀਮਤ ਕਿਹੜਾ ਤਾਰੇ ।
ਇਸਦਾ ਮੁੱਲ ਨਹੀਂ ਜਗ ਸਾਰਾ, ਤੇ ਕਦ ਮਿਸਰੀ ਸਾਰੇ ।

(ਅਲੰਬਾ=ਲਾਂਬੂ, ਬਾਜ਼ਰਗਾਨਾ=ਵਪਾਰੀ, ਚਸ਼ਮ=ਅੱਖ,
ਜ਼ਈਫ਼=ਕਮਜ਼ੋਰ, ਤਾਬਿਸ਼=ਝਾਲ, ਮੁਸ਼ਤ੍ਰੀਓ=ਗਾਹਕੋ)

ਯੂਸੁਫ਼ ਦੀ ਬੋਲੀ ਪੈਣੀ

ਜੋਸ਼ ਪਏ ਵਿਚ ਬਜ਼ਮ ਮਲੂਕਾਂ, ਮੁਸ਼ਤ੍ਰੀਆਂ ਦਿਲ ਡੋਲੇ ।
ਸੀਨਿਆਂ ਵਿਚ ਪਈਆਂ ਸੈ ਜ਼ਰਬਾਂ, ਵਗੇ ਬਿਰਹੋਂ ਦੇ ਝੋਲੇ ।
ਛਾਤੀਆਂ ਦੇ ਸੰਦੂਕਾਂ ਵਿੱਚੋਂ, ਮਾਲ ਦਿਲਾਂ ਦੇ ਖੋਲ੍ਹੇ ।
ਇਹ ਵਿੱਚ ਰੂਨੁਮਾਈ ਸੱਜਨ ਦੇ, ਕਮ ਨਿਕਲੇ ਜਾਂ ਤੋਲੇ ।
ਮੁੜ ਘੱਤ ਗਿਰਹ ਧਰਨ ਵਿਚ ਜੇਬਾਂ, ਤੇ ਮੁੜ ਫੇਰ ਨ ਬੋਲੇ ।
ਸਰਮਾਇਆ ਦੀ ਬੇਸਾਮਾਨੀਓਂ, ਕੋਈ ਭੇਤ ਨ ਖੋਲ੍ਹੇ ।
......................................................
ਤਦ ਨੂੰ ਬਦਰਾ ਅਸ਼ਰਫ਼ੀਆਂ ਦਾ, ਗਾਹਕ ਇੱਕ ਲਿਆਇਆ ।
ਗਿਣਤੀ ਵਿੱਚ ਹਜ਼ਾਰ ਏਹਾ ਹੀ, ਯੂਸੁਫ਼ ਤਲਬ ਸੁਣਾਇਆ ।
ਪਹਲ ਹੋਈ ਹੁਣ ਖ਼ਲਕਤ ਦੌੜੀ, ਮੁੱਲ ਖਰੀਦਣ ਸਾਰੇ ।
ਹਰ ਤਾਕਤ ਵਿਚ ਅਰਜ਼ ਲਿਆਈ, ਸ਼ੋਰ ਪਇਆ ਯਕਬਾਰੇ ।
ਹਰ ਹਰ ਦਿਲ ਵਿੱਚ ਯੂਸੁਫ਼ ਸੰਦਾ, ਸ਼ੌਕ ਪਇਆ ਸੁ ਭਾਰਾ ।
ਜ਼ਨ ਮਰਦਾਂ ਹਰ ਹਾਜ਼ਿਰ ਮਾਲੋਂ, ਲੱਗੇ ਕਰਨ ਪੁਕਾਰਾ ।
ਬੁੱਢੀ ਇਕ ਮਸਕੀਨ ਬੇਚਾਰੀ, ਅੱਟੀ ਸੂਤ ਲਿਆਈ ।
ਜੇ ਇਤਨੇ ਨੂੰ ਆਵੇ ਯੂਸੁਫ਼, ਦੇਹੋ ਅਰਜ਼ ਸੁਣਾਈ ।
ਇਸ ਸੂਰਤ ਦਿਆਂ ਮਾਅਨਿਆਂ ਮੈਨੂੰ, ਕਰ ਮਜਬੂਰ ਝੁਕਾਇਆ ।
ਮੈਂ ਖ਼ੁਦ ਦਿਲ ਦਾ ਵਾਹ ਮਿਟਾਇਆ, ਆਂਦਾ ਸਭ ਸਰਮਾਇਆ ।
ਇਕ ਤਵੰਗਰ ਨੇ ਸੌ ਬਦਰਾ, ਓਵੇਂ ਆਣ ਸੁਟਾਇਆ ।
ਇਕ ਹਜ਼ਾਰ ਮੁਹਰ ਹਰ ਬਦਰੇ, ਯੂਸੁਫ਼ ਮੁੱਲ ਸੁਣਾਇਆ ।
..........................................................
ਮੋਤੀ ਵਜ਼ਨ ਬਰਾਬਰ ਯੂਸੁਫ਼, ਇਕ ਨੇ ਅਰਜ਼ ਸੁਣਾਈ ।
ਲਾਲ ਬਦਖ਼ਸ਼ਾਂ ਵਾਲੇ ਦੂਜਾ, ਦੂਣੀ ਕਰੇ ਵਧਾਈ ।
ਕੁਝ ਟਿਕਾਣਾ ਰਹਿਆ ਨ ਕੀਮਤ, ਵਿਕ ਵਿਕ ਗਏ ਖ਼ਜ਼ਾਨੇ ।
ਦੇਵਣ ਮੁਲਕ ਮਤਾਈ ਦੌਲਤ, ਸਣ ਘਰ ਬਾਰ ਮਕਾਨੇ ।

(ਬਜ਼ਮ=ਮਹਿਫ਼ਲ, ਮਲੂਕਾਂ=ਬਾਦਸ਼ਾਹਾਂ, ਜ਼ਰਬਾਂ=ਸੱਟਾਂ,
ਬਦਰਾ=ਗੁਥਲੀ, ਮਸਕੀਨ=ਗ਼ਰੀਬੜੀ ਜੇਹੀ, ਤਵੰਗਰ=
ਅਮੀਰ, ਮਤਾਈ=ਧਨ)

ਹਿਕਾਯਤ ਬੀਬੀ ਬਾਜ਼ਗਾਹ

ਬਾਜ਼ਗਾਹ ਨਾਮ ਵੱਸੇ ਇੱਕ ਔਰਤ, ਸਰਵਰ ਮਿਸਰ ਨਵਾਹੀ ।
ਆਦਿਆਂ ਦੀ ਵਿੱਚ ਕੌਮ ਉਸੇ ਦੀ, ਸਰਦਾਰੀ ਤੇ ਸ਼ਾਹੀ ।
ਪਹਿਲੀ ਉਮਰ ਕੰਵਾਰੀ ਰੈਅਨਾ, ਸਰਪ ਚਮਨ ਦਾ ਪੂਰਾ ।
ਜ਼ਾਹਿਦ ਲੁੱਟੇ ਤੇ ਸਬਰ ਲੁਟਾਵੇ, ਉਸਦਾ ਨਾਜ਼ ਨਿਹੋਰਾ ।
ਜਦੋਂ ਨਿਕਾਬੋਂ ਅੱਖੀਂ ਖੋਹਲੇ, ਤੀਰ ਛੁਟਣ ਵਿਚ ਗ਼ਮਜ਼ੇ ।
ਭਵਾਂ ਕਮਾਨਾਂ ਚਸ਼ਮ ਦੋ ਨਾਵਕ, ਆਬਿ-ਨਸ਼ਾ ਵਿੱਚ ਰਮਜ਼ੇ ।
............................................................
ਮਾਲ ਜਮਾਲ ਜਵਾਨੀ ਖ਼ੁਸ਼ੀਆਂ, ਪਰ ਦਿਲ ਕਿਤੇ ਨਾ ਟਿਕਦਾ ।
ਉਸਨੇ ਸੁਣਿਆਂ ਅਜ ਵਿਚ ਮਿਸਰੇ, ਦਿਲਬਰ ਸ਼ਾਮੀ ਵਿਕਦਾ ।
ਯੂਸੁਫ਼ ਨਾਮ ਅਜੇਹਾ ਸੋਹਣਾ, ਵੇਖਦਿਆਂ ਜਿੰਦ ਜਾਂਦੀ ।
ਸੁਣ ਵਿੱਚ ਭਾਹ ਕੱਖਾਂ ਦੇ ਸ਼ੋਅਲੇ, ਦਿਲ ਨੇ ਤਾਬ ਨ ਆਂਦੀ ।
ਮਾਲ ਮਤਾਅ ਖ਼ਜ਼ਾਨੇ ਸਾਰੇ, ਸ਼ੁਤਰੀਂ ਕੱਢ ਲਦਾਏ ।
ਘੱਤ ਵਹੀਰ ਚਲੀ ਵਲ ਮਿਸਰੇ, ਸ਼ੌਕ ਸੁਨੇਹੇ ਆਏ ।
......................................................
ਬਾਜ਼ਗਾਹ ਨੇ ਕੱਢ ਪਰਦੇ ਵਿੱਚੋਂ, ਜਾਂ ਦੋ ਨੈਣ ਵਗਾਏ ।
ਇੱਕੋ ਵਾਰ ਨਿਗਾਹ ਪਈ ਫਿਰ, ਹੱਥੋਂ ਹੋਸ਼ ਗਵਾਏ ।
......................................................
ਉੱਠ ਪੁੱਛੇ ਤੂੰ ਕੀ ਕੁਝ ਆਹਾ, ਤੈਨੂੰ ਕਿਸ ਬਣਾਇਆ ।
ਰਗਾਂ ਪਈਆਂ ਤਨ ਹੱਡੀਆਂ ਉੱਤੇ, ਇਹ ਕਿਨ ਰੰਗ ਚੜ੍ਹਾਇਆ ।
ਕਿਸ ਸਾਨਿਅ ਨੇ ਨੂਰ ਚੜ੍ਹਾਇਆ, ਪੇਸ਼ਾਨੀ ਪੁਰ ਤੇਰੇ ।
ਸਾਦ ਜ਼ਾਦ ਲਿਖੇ ਕਿਨ ਦੋਵੇਂ, ਜ਼ੇਬਾ ਨੈਣ ਲੁਟੇਰੇ ।
....................................................
ਸ਼ਕਲ ਮੁਬਾਰਿਕ ਤੇਰੀ ਦੇ ਵਿੱਚ, ਕਿਸਦਾ ਨੂਰ ਚਮਕਦਾ ।
ਬਾਲੀ ਲਾਟ ਹੁਸਨ ਦੀ ਕਿਸਨੇ, ਜੈਂ ਕਾ ਦੇਖ ਨ ਸਕਦਾ ।
ਕਿਸ ਨੇ ਸਾਜੀ ਸੂਰਤ ਤੇਰੀ, ਸੋਹਣੀ ਹੱਦ ਬਿਆਨੋਂ ।
ਹੈਂ ਪੈਦਾਇਸ਼ ਖ਼ਾਕ ਜ਼ਮੀਨੋਂ, ਜਾਂ ਕਾ ਸ਼ੈ ਅਸਮਾਨੋਂ ।

(ਰੈਅਨਾ=ਸੋਹਣੀ, ਸਰਪ=ਸਰੂ, ਜ਼ਾਹਿਦ=ਪ੍ਰਹੇਜ਼ਗਾਰ,
ਗ਼ਮਜ਼ੇ=ਇਸ਼ਾਰੇ, ਨਾਵਕ=ਤੀਰ, ਰਮਜ਼ੇ=ਸੰਕੇਤਕ ਬੋਲੀ,
ਸਾਨਿਅ=ਕਾਰੀਗਰ, ਕਾ=ਕਾਈ)

ਯੂਸੁਫ਼ ਦਾ ਬਾਜ਼ਗਾਹ ਨੂੰ ਖ਼ਿਤਾਬ ਕਰਨਾ

ਸੁਣ ਯੂਸੁਫ਼ ਲਾ ਗ਼ੋਤਾ ਜਾਂਦਾ, ਵਹਦਤ ਦੇ ਦਰਿਆਈਂ ।
ਉਹ ਇੱਕਾ ਜਿਹਦਾ ਮੈਂ ਬੰਦਾ, ਕਹੰਦਾ ਬਾਜ਼ਗਾਹ ਤਾਈਂ ।
ਸਾਨਿਅ ਪਾਕ ਬਣਾਵਣ ਵਾਲਾ, ਮੇਰਾ ਹੁਸਨ ਦੁਲਾਰਾ ।
ਜਿਸਦੀ ਸਨਾਅ-ਇ-ਕਲਮ ਦਾ ਕਤਰਾ, ਸੂਰਜ ਦਾ ਅੰਗਿਆਰਾ ।
............................................................
ਐ ਬੀਬੀ ਮੈਂ ਬੰਦਾ ਜਿਸਦਾ, ਉਸੇ ਦਾ ਜੱਗ ਸਾਰਾ ।
ਮੈਂ ਇਕ ਨਕਸ਼ ਕਰੋੜੀਂ ਨਕਸ਼ੋਂ, ਤੇ ਉਹੀ ਸਿਰਜਨ ਹਾਰਾ ।
.....................................................
ਜੇ ਤੂੰ ਚਾਹੇਂ ਗ਼ਮੋਂ ਆਜ਼ਾਦੀ, ਆਸ ਮਿਲੇ ਦਰਗਾਹੋਂ ।
ਜੇ ਤੂੰ ਚਾਹੇਂ ਹਰਦਮ ਖ਼ੁਸ਼ੀਆਂ, ਭੁੱਲ ਨਹੀਂ ਇਸ ਰਾਹੋਂ ।
ਜੇ ਤੂੰ ਚਾਹੇਂ ਇਸ਼ਕ ਹੁਲਾਰੇ, ਵਧ ਮਿਲਣ ਉਮੀਦੋਂ ।
ਜੇ ਤੂੰ ਚਾਹੇਂ ਜ਼ੌਕ ਮੁਦਾਮੀ, ਵੇਖ ਨ ਉਮਰੋਂ ਜ਼ੈਦੋਂ ।
ਜੇ ਤੂੰ ਚਾਹੇਂ ਮੈਂ ਸੁਖ ਪਾਵਾਂ, ਛੱਡ ਦੇਹ ਦੁਨੀਆਂ ਸਾਰੀ ।
ਜੇ ਤੂੰ ਚਾਹੇਂ ਫਖ਼ਰ ਹਜ਼ਾਰਾਂ, ਚਾ ਖ਼ੁਦੀਓਂ ਬੇਜ਼ਾਰੀ ।
ਜੇ ਤੂੰ ਚਾਹੇਂ ਵਸਲ ਜ਼ਿਆਰਤ, ਇਕਦਮ ਰਹੇ ਨਾ ਖ਼ਾਲੀ ।
ਜੇ ਤੂੰ ਡਰੇਂ ਵਿਛੋੜੇ ਕੋਲੋਂ, ਨ ਜਾਹ ਦੂਰ ਸਵਾਲੀ ।
ਜੇ ਤੂੰ ਚਾਹੇਂ ਮਿਲੇ ਹਯਾਤੀ, ਜਿੰਦੇ ਗੁਜ਼ਰ ਜਹਾਨੋਂ ।
ਜੇ ਤੂੰ ਚਾਹੇਂ ਮਿਲੇ ਤਸੱਲੀ, ਹਟ ਜਾ ਵਹਮ ਗੁਮਾਨੋਂ ।
ਜੇ ਤੂੰ ਯਾਰ ਪਿਆਰੇ ਖ਼ਾਤਿਰ, ਹਰ ਸ਼ੈ ਥੀਂ ਤੁਟ ਜਾਵੇਂ ।
ਜੇ ਚਾਹੇਂ ਤੂੰ ਸੋ ਕੁਝ ਪਾਵੇਂ, ਥਾਉਂ ਘੁੱਥਾ ਮੁੜ ਪਾਵੇਂ ।
ਜੇ ਚਾਹੇਂ ਸੋ ਮਿਲੇ ਇਥਾਈਂ, ਇਹ ਦਰ ਛੋੜ ਨ ਜਾਈਂ ।
ਜੇ ਇਹ ਛੋੜ ਚਲੇਂ ਦਰ ਕਿਧਰੇ, ਖ਼ੈਰ ਮਿਲੇ ਤੁਧ ਤਾਈਂ ।
..........................................................
ਐ ਬੀਬੀ ਮੈਂ ਤੇਰੇ ਵਰਗਾ, ਬੰਦਾ ਹਾਂ ਰਹਮਾਨੀ ।
ਰਗਾਂ ਪਈਆਂ ਤਨ ਹੱਡੀਆਂ ਉੱਤੇ, ਰੰਗ ਏਹੀ ਫ਼ੈਜ਼ਾਨੀ ।
ਨਾਲ ਮਿਸਾਲਾਂ ਗੱਲਾਂ ਸੁਣੀਆਂ, ਰਖਦੀਆਂ ਫ਼ਰਕ ਵਡੇਰਾ ।
ਤੇ ਉਹ ਪਾਕ ਮਿਸਾਲਾਂ ਕੋਲੋਂ, ਉਸਦਾ ਸ਼ਾਨ ਉਚੇਰਾ ।

(ਵਹਦਤ=ਤੌਹੀਦ, ਸਾਨਿਅ=ਕਾਰੀਗਰ, ਜ਼ੈਦੋਂ=ਆਮ
ਪ੍ਰਚਲਿਤ ਨਾਂ,ਐਰਾ ਗੈਰਾ, ਬੇਜ਼ਾਰੀ=ਉਪਰਾਮਤਾ, ਗੁਮਾਨ=
ਖ਼ਿਆਲ, ਫ਼ੈਜ਼ਾਨੀ=ਰੱਬੀ ਕਰਮ)

ਬਾਜ਼ਗਾਹ ਦਾ ਉਧਾਰ

ਸੁਣ ਤਕਰੀਰਾਂ ਨਾਜ਼ਿਕ ਮਾਅਨੀ, ਜ਼ਨ ਅੱਖੀਂ ਖੁਲ੍ਹ ਗਈਆਂ ।
ਤ੍ਰਿਹਾਈ ਵਿਚ ਦਰਯਾ ਸ਼ਰਬਤ, ਡੁੱਬ ਮੁਰਾਦਾਂ ਲਈਆਂ ।
ਸ਼ੀਸ਼ਾ ਦੇਖ ਜਿਦਾਂ ਮਨ ਭਾਣਾ, ਤਿਸਨੇ ਹੱਥ ਵਗਾਇਆ ।
ਮੈਂ ਬਿਰਹੋਂ ਬੂ ਜੋਸ਼ ਰਚਾਇਆ, ਇਕ ਲੱਭਾ ਲੱਖ ਪਾਇਆ ।
............................................................
ਮੈਂ ਕੁਰਬਾਨ ਤੇਰੇ ਯਾ ਹਜ਼ਰਤ, ਕਰਕੇ ਅਰਜ਼ ਸੁਣਾਈ ।
ਗੁੰਮ ਗਈ ਨੂੰ ਕੱਢ ਹਨੇਰਿਓਂ, ਚਾ ਸੁੱਟਿਆ ਰੁਸ਼ਨਾਈ ।
ਲੱਭ ਲਇਆ ਮੈਂ ਅਸਲ ਪਿਆਰਾ, ਛੋੜ ਹਵਸ ਦੀ ਬਾਜ਼ੀ ।
ਅਸਲ ਹਕੀਕਤ ਮੈਂ ਹੱਥ ਆਈ, ਛੱਡੀ ਤਲਬ ਮਜਾਜ਼ੀ ।
.......................................................
ਰੱਬ ਜਜ਼ਾ ਦੇਵੇ ਤੈਂ ਸ਼ਾਹਾ, ਅੰਦਰ ਦੋ ਜਹਾਨਾਂ ।
ਉਮਰ ਗੁਜ਼ਾਰਾਂ ਅਦਾ ਨ ਹੋਵੇ, ਸ਼ੁਕਰ ਤੇਰੇ ਅਹਸਾਨਾਂ ।
ਇਹ ਗੱਲ ਆਖ ਗਈ ਹੋ ਰੁਖ਼ਸਤ, ਮਾਲ ਅਸਬਾਬ ਲੁਟਾਏ ।
ਕਰ ਆਜ਼ਾਦ ਗ਼ੁਲਾਮ ਕਨੀਜਾਂ, ਸਾਰੇ ਦਿਲੋਂ ਭੁਲਾਏ ।
ਕੰਢੇ ਨੀਲ ਨਦੀ ਪਾ ਕੁਟੀਆ, ਲਇਆ ਲਿਬਾਸ ਨਮਦ ਦਾ ।
ਛੋੜ ਸਨਮ ਵਿੱਚ ਜ਼ਿਕਰਾਂ ਫ਼ਿਕਰਾਂ, ਫੜਿਆ ਵਿਰਦ ਸਮਦ ਦਾ ।
ਸਾਰੀ ਉਮਰ ਇਬਾਦਤ ਅੰਦਰ, ਤੇ ਵਿੱਚ ਸ਼ੌਕ ਵਿਹਾਈ ।
ਮਿਲਿਆ ਯਾਰ ਨ ਗਇਆ ਖ਼ਾਲੀ, ਵਾਟ ਕੱਟੀ ਕੰਮ ਆਈ ।
...............................................................
ਵਾਹ ਮਰਦੋ ਮਰ ਜਾਓ ਡੁਬ ਡੁਬ, ਜ਼ਨਾਂ ਗਈਆਂ ਵਧ ਅੱਗੇ ।
ਨਾਮਵਰੀ ਦੀਆਂ ਪੱਗਾਂ ਤਾਈਂ, ਕਿਉਂ ਅਜੇ ਦਾਗ਼ ਨ ਲੱਗੇ ।
ਕਦਮ ਪਿੱਛੇ ਇਸ ਜ਼ਨ ਦੇ ਮਰਦਾ, ਜੇ ਤੂੰ ਕਦਮ ਉਠਾਏਂ ।
ਯਾਰ ਮਿਲੇ ਤੇ ਮਕਸਦ ਪਾਏਂ, ਕਦੇ ਨ ਔਗਤ ਜਾਏਂ ।

(ਤਿਸਨੇ=ਪਿਆਸੇ, ਹਵਸ=ਕਾਮ,ਤ੍ਰਿਸ਼ਨਾ, ਮਜਾਜ਼ੀ=
ਦੁਨਿਆਵੀ ਪਿਆਰ, ਜਜ਼ਾ=ਨੇਕੀ ਦਾ ਬਦਲਾ, ਨਮਦ=
ਉੱਨ, ਸਨਮ=ਬੁੱਤ, ਵਿਰਦ=ਸਿਮਰਨ, ਸਮਦ=ਬੇ-ਨਿਆਜ਼,
ਜ਼ਨਾਂ=ਔਰਤਾਂ)

ਜ਼ੁਲੈਖ਼ਾ ਦਾ ਮੰਡੀ ਵਿਚ ਪੁੱਜਣਾ

ਅੱਜ ਵਿਕੇਂਦਾ ਹਜ਼ਰਤ ਯੂਸੁਫ਼, ਮਜਲਿਸ ਦੇ ਵਿਚਕਾਰੇ ।
ਬਾਲ ਤ੍ਰੱਟੇ ਪੰਖੀ ਆ ਆ, ਲੈ ਪਰ ਪਹੁਤੇ ਡਾਰੇ ।
ਮੁਸ਼ਤ੍ਰੀਆਂ ਦਾ ਸ਼ੋਰ ਚੌਫੇਰੇ, ਯੂਸੁਫ਼ ਦੇ ਵਣਜਾਰੇ ।
ਵਣਜ ਜਿਨ੍ਹਾਂ ਵਿਚ ਅਸਲ ਹਕੀਕਤ, ਸੂਦ ਲੈ ਗਏ ਭਾਰੇ ।
ਕਰੇ ਬੁਲੰਦ ਪੁਕਾਰ ਮੁਨਾਦੀ, ਮਰਦੋ ਵਧੋ ਵਧਾਓ ।
ਵਿਕ ਚਲਿਆ ਅੱਜ ਮਾਹ-ਕਨਿਆਨੀ, ਮਤਾਂ ਪਿੱਛੋਂ ਪਛਤਾਓ ।
..........................................................
ਕੀਮਤ ਅਜੇ ਤ੍ਰੱਕੀ ਅੰਦਰ, ਵੱਧ ਹਿਸਾਬ ਸ਼ੁਮਾਰੋਂ ।
ਤਦ ਨੂੰ ਆਣ ਜ਼ੁਲੈਖ਼ਾ ਪਹੁਤੀ, ਕਤਲ ਹੋਈ ਦੀਦਾਰੋਂ ।
ਦੇਖ ਝੜੀ ਇਹ ਉਹਾ ਸੂਰਤ, ਜਿਸਦੀਆਂ ਲਾਟਾਂ ਬਲੀਆਂ ।
ਬਾਲ ਅੰਞਾਣੇ ਖ਼ਵਾਬੇ ਸੁੱਤੀ, ਜਿਸ ਸ਼ੋਲੇ ਵਿਚ ਜਲੀਆਂ ।
ਜਿਸਦੇ ਇਸ਼ਕ ਸੰਦੇ ਪਰਵਾਨੇ, ਵਗ ਮੁਲਕਾਂ ਵਿਚ ਚੱਲੇ ।
ਆਪਣੇ ਰਾਜ ਛੁੜਾਏ ਦਰਦਾਂ ਮਿਸਰ ਸੁਨੇਹੇ ਘੱਲੇ ।
...................................................
ਅੱਜ ਮਕਸੂਦ ਵਿਕੇਂਦਾ ਮਿਲਿਆ, ਮੁੱਲ ਵਿਹਾਜਾਂ ਲੱਖੀਂ ।
ਰੋ ਰੋ ਗੁਜ਼ਰ ਕਰਾਰੋਂ ਰਹੀਆਂ, ਵੇਖ ਸੱਜਣ ਦੀਆਂ ਅੱਖੀਂ ।
ਰਹਣ ਦਿਆਂ ਏਥੇ ਵਿਕਦਾ ਯੂਸੁਫ਼, ਮਿਲੀ ਖ਼ਰੀਦਣ-ਹਾਰੀ ।
ਹਾਜ਼ਿਰ ਮਾਲ ਰਹੇ ਵਿੱਚ ਮਜਲਿਸ, ਢੁੱਕੇ ਆਣ ਵਪਾਰੀ ।
ਏਹ ਬਜ਼ਾਅਤ ਨੂਰ ਖ਼ਜ਼ਾਨਾ, ਇਸਦੀ ਕੀਮਤ ਭਾਰੀ ।
ਹੁਣ ਗਾਹਕ ਦੀ ਹਾਲ ਹਕੀਕਤ, ਆਖ ਸੁਣਾਈਂ ਸਾਰੀ ।
ਕੌਣ ਇਹੀ ਕਿਸ ਥਾਓਂ ਚੱਲੀ, ਕਿੱਥੋਂ ਇਸ਼ਕ ਲਿਆਇਆ ।
ਕੀ ਕੀ ਪਏ ਜੰਜਾਲ ਦੁੱਖਾਂ ਦੇ, ਕਿਉਂਕਰ ਹਾਲ ਵਿਹਾਇਆ ।
ਕੇਡਕ ਪਾਸ ਜਮ੍ਹਾ ਕਰ ਰੱਖੇ, ਦਰਦਾਂ ਦਾ ਸਰਮਾਇਆ ।
ਸੂਰਜ ਇਸ਼ਕ ਚਮਕਿਆ ਸਿਰ ਤੇ, ਵਕਤ ਜਲਣ ਦਾ ਆਇਆ ।

(ਮੁਸ਼ਤ੍ਰੀਆਂ=ਵਪਾਰੀਆਂ, ਮਾਹ=ਚੰਨ, ਮਕਸੂਦ=ਇੱਛਤ ਵਸਤੂ,
ਬਜ਼ਾਅਤ=ਜਿਨਸ)

12. ਜ਼ੁਲੈਖ਼ਾ ਦਾ ਪ੍ਰਸੰਗ

ਸ਼ਾਹ ਤੈਮੂਸ ਬੜਾ ਸਦਵਾਵੇ, ਮਗ਼ਰਬ ਵਿੱਚ ਦਯਾਰੇ ।
ਮੁਸ਼ਤਰੀ ਦਰੇ ਫ਼ਲਕ ਦਾ ਖ਼ਾਦਿਮ, ਉਸ ਦੀ ਟਹਲ ਗੁਜ਼ਾਰੇ ।
.........................................................
ਇਕ ਦੁਖ਼ਤਰ ਉਸ ਨਾਨ ਜ਼ੁਲੈਖ਼ਾ, ਪੁਰ ਅਨਵਾਰ ਸਫ਼ਾਈ ।
ਹੂਰਾਂ ਉਸ ਦੀਆਂ ਖ਼ਿਦਮਤਗਾਰਾਂ, ਪਰੀਆਂ ਚੀਜ਼ ਨ ਕਾਈ ।
ਤੈਮੂਸੇ ਨੂੰ ਬਹੁਤ ਪਿਆਰੀ, ਵੇਖੇ ਸੌ ਸੌ ਵਾਰੀ ।
ਉਸ ਦੀ ਖ਼ਿਦਮਤ ਖ਼ਾਤਰਦਾਰੀ, ਉਸਦੀ ਫ਼ਰਹਤ ਭਾਰੀ ।
ਨਾਜ਼ੀਂ ਪਾਲੀ ਖ਼ੁਸ਼ੀਆਂ ਵਾਲੀ, ਗ਼ਮੋਂ ਨ ਪਈਆਂ ਸਾਰਾਂ ।
ਤੇ ਵਿਚ ਇਸ਼ਰਤ ਐਸ਼ ਬਹਾਰਾਂ, ਕਰਦੀ ਨਾਜ਼ ਹਜ਼ਾਰਾਂ ।
ਦਾਈਆਂ ਗੋਦ ਖਲੇਂਦੀ ਨਾਜ਼ਿਕ, ਉਮਰ ਪੁੰਨੀ ਸੱਤ ਸਾਲੇ ।
ਵਧ ਵਧ ਮਾਰਨ ਤਾਰਿਆਂ ਤਾਈਂ, ਨੈਣ ਦੋ ਨਾਜ਼ਾਂ ਵਾਲੇ ।
ਲੁਅਬਤਬਾਜ਼ੀ ਰਾਤ ਦਿਨਾਂ ਵਿੱਚ, ਕਾਰ ਰਹੀ ਦਿਨ ਕਾਈ ।
ਏਦੋਂ ਬਾਦ ਬਿਰਹੋਂ ਫਟ ਘੱਤੀ, ਜਾਂ ਨੀਂਦਰ ਵਿੱਚ ਆਈ ।
ਹੋ ਚੁੱਕੀਆਂ ਓਹ ਨਾਜ਼ ਬਹਾਰਾਂ ਜਾਂ ਇੱਕ ਰਾਤ ਦਿਸਾਈ ।
ਫਿਰ ਸਾਇਤ ਹਰ ਗੁਜ਼ਰੀ ਜਾਂਦੀ, ਨਜ਼ਰ ਕਿਆਮਤ ਆਈ ।

(ਦਯਾਰੇ=ਦੇਸ, ਫ਼ਲਕ=ਆਸਮਾਨ, ਦੁਖ਼ਤਰ=ਬੇਟੀ, ਫ਼ਰਹਤ=
ਖ਼ੁਸ਼ੀ, ਲੁਅਬਤਬਾਜ਼ੀ=ਗੁੱਡੀਆਂ ਪਟੋਲਿਆਂ ਨਾਲ ਖੇਡਣਾ)

ਜ਼ੁਲੈਖ਼ਾ ਦਾ ਬਿਰਹੋਂ-ਸੱਟ ਖਾਣਾ

ਪਈ ਜ਼ੁਲੈਖ਼ਾ ਨੀਂਦਰ ਅੰਦਰ, ਦਿਲ ਦੇ ਪੜਦੇ ਖੁੱਲ੍ਹੇ ।
ਝਲ ਦਿਲਾ ਕੁਝ ਹੋਵਣ ਲੱਗਾ, ਜ਼ਖ਼ਮ ਵੱਜੇ ਤਨ ਡੁੱਲ੍ਹੇ ।
ਅੱਚਾਚੇਤ ਜਵਾਨ ਡਿੱਠਾ ਸੁ, ਵਾਹ ਕੁਰਬਾਨ ਜਵਾਨੀ ।
ਲਟਕੇ ਜ਼ੁਲਫ਼ ਜ਼ੰਜੀਰਾਂ ਵਾਲੀ, ਨੂਰ ਵਰ੍ਹੇ ਪੇਸ਼ਾਨੀ ।
ਦਾਗ਼ ਖੁਲ੍ਹਾ ਵਿਚ ਬਦਰ ਦਿੱਸਾਵੇ, ਇਸ ਵਿਚ ਦਾਗ਼ ਨ ਕਾਈ ।
ਜ਼ੁਲਫ਼ ਰਸਨ ਵਿਚ ਬਾਜ਼ੀਗਰੀਆਂ, ਵਲ ਵਲ ਆਫ਼ਤ ਛਾਈ ।
......................................................
ਗ਼ਬਗਬ ਵਿਚ ਜ਼ਕਨ ਦੇ ਡੂੰਘਾ, ਝਲਕ ਪਵੇ ਵਿਚ ਨੂਰੋਂ ।
ਸਾਰੀ ਸੂਰਤ ਮੂਰਤ ਨੂਰੀ, ਐਬੋਂ ਪਾਕ ਕਸੂਰੋਂ ।

(ਬਦਰ=ਚੰਨ, ਰਸਨ=ਰੱਸੇ)

ਜ਼ੁਲੈਖ਼ਾ ਦੀ ਵੇਦਨਾ

ਜਦੋਂ ਜ਼ੁਲੈਖ਼ਾ ਸੂਰਤ ਡਿੱਠੀ, ਵੇਖ ਕਹਾਂ ਕੀ ਵਰਤੀ ।
ਜਾਨ ਰਹੀ ਪਰ ਵਹਮਿ-ਸੁਤਹੱਯਰ, ਵਹ ਤਨ ਵਗਿਆ ਧਰਤੀ ।
ਨੈਣ ਲਹੂ ਭਰ ਆਏ ਸੁਫ਼ਨੇ, ਖੁਲ੍ਹੀ ਜੋਸ਼ ਖ਼ੁਮਾਰੀ ।
ਨਾਜ਼ਵਰੇ ਦੀ ਵਿਚ ਕਲੇਜੇ, ਵਗ ਵਗ ਗਈ ਕਟਾਰੀ ।
ਬਿਰਹੋਂ ਫੂਕ ਦਿੱਤਾ ਸੂ ਲਾਂਬੂ, ਕੁਝ ਸਿਰ ਪੈਰ ਨਾ ਆਇਆ ।
ਸੀਨਾ ਚੂਰ ਕਲੇਜਾ ਟੁਕੜੇ, ਸ਼ੋਰ ਦਿਮਾਗ਼ ਰਚਾਇਆ ।
ਦੇਖ ਤੜਫ ਝੜ ਅਕਲੋਂ ਭੁੱਲੀ, ਇਸ਼ਕ ਅਲੰਬੇ ਲਾਏ ।
ਜ਼ਰਬ ਨਿਗਾਹ ਲੱਗੀ ਸਿਰ ਕਾਰੀ, ਟੁਟ ਤਰਾਣ ਸਿਧਾਏ ।
ਤੇਜ਼ ਨਿਗਾਹਾਂ ਕਾਤਿਲ ਚਸ਼ਮਾਂ, ਬਹ ਜਿਗਰ ਵਿੱਚ ਗਈਆਂ ।
ਖ਼ੂਨ ਛੁੱਟਾ ਹੜ੍ਹ ਰੁੜ੍ਹੀ ਜ਼ੁਲੈਖ਼ਾ, ਕਿਨ੍ਹੇ ਨ ਖ਼ਬਰਾਂ ਲਈਆਂ ।
ਸੁਫ਼ਨੇ ਡਿਠੋਸੁ ਸ਼ੋਅਲਾ ਨੂਰੀ, ਵਕਤ ਗ਼ਮਾਂ ਦੇ ਆਏ ।
ਫਿਰ ਉਹ ਹਾਲੇ ਅੱਵਲ ਵਾਲੇ, ਕਦ ਸੁਫ਼ਨੇ ਦਿੱਸ ਆਏ ।
.........................................................
ਭਲਾ ਹੁੰਦਾ ਮੈਂ ਸੌਂਦੀ ਨਾਹਾ, ਵੱਸ ਨਹੀਂ ਪਰ ਕਾਈ ।
ਇੱਕਾ ਧਾਰ ਤਰੁੱਠੀ ਰਮਜ਼ੋਂ, ਚਾ ਵਿਚ ਦਮ ਤੜਫਾਈ ।
ਚਲਾ ਗਿਆ ਮਨ ਮੋਹ ਪਿਆਰਾ, ਰਹਿਆ ਰੁਝੇਵਾਂ ਭਾਰਾ ।
ਬੂਟਾ ਬੀਜ ਗਿਆ ਵਿਚ ਦਿਲ ਦੇ, ਜਿਸਦਾ ਤੁਖ਼ਮ ਨਿਆਰਾ ।
ਦਮ ਵਿੱਚ ਸ਼ਾਖ਼ ਜੜ੍ਹਾਂ ਛੱਡ ਚੱਲੀਆਂ, ਗਿੱਠ ਗਿੱਠ ਲੰਮੀਆਂ ਸੂਲਾਂ ।
ਨੋਕਾਂ ਤੇਜ਼ ਕਟਾਰੀਆਂ ਜ਼ਾਲਿਮ, ਡੰਗਣ ਜਾਨ ਮਲੂਲਾਂ ।
ਪੁਰ ਪੁਰ ਖ਼ਾਰ ਤੇ ਬਰਗ ਨ ਮੇਵਾ, ਬੀਖ ਵਗੀ ਥਾਂ ਪੱਕੇ ।
ਕਈ ਤਬਰ ਲਖ ਵਾਹਾਂ ਲਾਵਣ, ਸ਼ਾਖ਼ ਨ ਹੁਣ ਟੁਟ ਸਕੇ ।
..........................................................
ਸੌ ਸੌ ਵਾਰੀ ਨੀਂਦਰ ਅੰਦਰ, ਗ਼ਸ਼ੀਆਂ ਪੈ ਪੈ ਗਈਆਂ ।
ਫ਼ਜਰ ਹੋਈ ਸੁ ਝਸ ਝਸ ਤਲੀਆਂ ਆਣ ਜਗਾਈ ਸੱਈਆਂ ।
.........................................................
ਜ਼ਾਹਰ ਸ਼ਰਮ ਨ ਬੋਲਣ ਦੇਵੇ, ਚਾ ਮੂੰਹ ਹੱਥ ਵਗਾਵੇ ।
ਤੇ ਅੰਦਰ ਵਿਚ ਜ਼ਾਲਿਮ ਬਿਰਹੋਂ, ਗ਼ਮ ਦੀ ਠਾਠ ਚੜ੍ਹਾਵੇ ।
........................................................
ਅੰਦਰ ਸਿੱਪ ਸਮੁੰਦਰ ਥੱਲੇ, ਮੋਤੀ ਰਾਜ਼ ਨਿਹਾਨੀ ।
ਵਿੱਚ ਪੱਥਰ ਜਿਉਂ ਅੱਗ ਅਲੰਬਾ, ਹਾਲ ਘੱਤੇ ਜ਼ਿੰਦਗਾਨੀ ।
.......................................................
ਦਿਨ ਸਾਰਾ ਵਿਚ ਗ਼ਮ ਦਿਲਗੀਰੀ, ਆਹੀਂ ਨਾਲ ਵਿਹਾਇਆ ।
ਸੂਰਜ ਡੁੱਬਾ ਤਾਰੇ ਨਿਕਲੇ, ਖੇਤੀਆਂ ਝਲਮਲ ਲਾਇਆ ।
ਪਹਿਲੀ ਰਾਤ ਜੋ ਕਬਰੇ ਵਾਲੀ, ਸਿਰ ਉਸਦੇ ਤੇ ਆਈ ।
ਮੁਨਕਰ ਅਤੇ ਨਕੀਰ ਗ਼ਮਾਂ ਦੇ, ਹਾਜ਼ਿਰ ਸੋਜ਼ ਜੁਦਾਈ ।
ਬਾਂਦੀਆਂ ਰੁਖ਼ਸਤ ਹੋ ਹੋ ਗਈਆਂ, ਹੋਰ ਸਹੇਲੀਆਂ ਸੱਭੇ ।
ਰਹੀ ਜ਼ੁਲੈਖ਼ਾ ਦਰਦਾਂ ਲੁੱਟੀ, ਸਬਰ ਗਵਾਚਾ ਲੱਭੇ ।
...................................................
ਕਦੇ ਸਿਰਹਾਂਦੀ ਕਦੇ ਪੁਵਾਂਦੀ, ਲੁੱਟ ਲੁੱਟ ਗ਼ਸ਼ੀਆਂ ਖਾਂਦੀ ।
ਸਬਰ ਕਰਾਰ ਨ ਆਵੇ ਦਿਲ ਨੂੰ, ਨੈਣ ਮਲੇ ਕੁਰਲਾਂਦੀ ।
.......................................................
ਵੈਣ ਨ ਮੁੱਕੇ ਨੈਣ ਨ ਸੁੱਕੇ, ਚੈਨ ਨ ਢੁੱਕੇ ਨੇੜੇ ।
ਗ਼ਮ ਦੀਆਂ ਆਹੀਂ ਖੁਟਦੀਆਂ ਨਾਹੀਂ, ਕੀਤਿਆਂ ਗ਼ਮ ਦੇ ਝੇੜੇ ।
........................................................
ਉਠ ਸਵੇਰੇ ਅੱਖੀਂ ਧੋਈਆਂ, ਅਸ਼ਕੋਂ ਮੈਲ ਉਤਾਰੀ ।
ਪਾਣੀ ਬੁੱਕ ਉਲਾਰ ਦੋ ਰੁਖ਼ ਤੇ, ਕੀਤੀ ਪਰਦਾਦਾਰੀ ।
ਮਤ ਕੋ ਵੇਖੇ ਵਹੰਦੀਆਂ ਅੱਖੀਂ, ਰਾਜ਼ ਮਤਾਂ ਖੁਲ੍ਹ ਜਾਵੇ ।
ਲਬ ਹਸਦੇ ਵਿਚ ਬਾਤਿਨ ਰੋਵੇ, ਦਿਲ ਨੂੰ ਸਬਰ ਨ ਆਵੇ ।
......................................................
ਏਹਾ ਹਾਲ ਰਹਿਆ ਦਿਨ ਕਾਈ, ਏਹਾ ਦਰਦ ਝੋਰੇਵਾਂ ।
ਏਹੋ ਦਿਨ ਤੇ ਏਹੋ ਰਾਤਾਂ, ਏਹੋ ਨਿਤ ਸੜੇਵਾਂ ।
.................................................
ਹੁਣ ਗ਼ਮ ਦਿਲ ਤੇ ਜੋਸ਼ ਲਿਆਏ, ਝੱਲ ਦੁਖਾਂ ਦੀ ਵਾਏ ।
ਰੰਗ ਬਿਰਹੋਂ ਦੇ ਤਦ ਸੋਹਾਂਦੇ, ਜਾਂ ਪਰਦਾ ਉਡ ਜਾਏ ।
ਪਰਦਿਆਂ ਦੇ ਵਿੱਚ ਇਹ ਰੰਗ ਖ਼ੂਨੀ, ਰਹਣ ਨ ਮੂਲ ਦਬਾਏ ।
ਪਰਦੇ ਜਾਣ ਰੰਗੇ ਇਸ ਰੰਗੋਂ, ਫੇਰ ਨ ਛੁਪਣ ਛੁਪਾਏ ।

(ਤੁਖ਼ਮ=ਬੀਜ, ਬੀਖ=ਜੜ੍ਹ, ਤਬਰ=ਕੁਹਾੜਾ, ਫ਼ਜਰ=ਸਵੇਰ,
ਰਾਜ਼=ਭੇਤ, ਨਿਹਾਨੀ=ਲੁਕਿਆ, ਮਲੂਲਾਂ=ਦੁਖੀਆਂ ਦੀਆਂ,
ਮੁਨਕਰ ਅਤੇ ਨਕੀਰ=ਕਬਰ ਵਿੱਚ ਸਵਾਲ ਪੁੱਛਣ ਵਾਲੇ
ਫ਼ਰਿਸ਼ਤੇ, ਰੁਖ਼=ਮੂੰਹ)

13. ਜ਼ੁਲੈਖ਼ਾ ਤੇ ਉਸ ਦੀਆਂ ਸੱਈਆਂ

ਆਪ ਜ਼ੁਲੈਖ਼ਾ ਇਸ਼ਕ ਲੁਕਾਵੇ, ਦਿਲ ਦਾ ਭੇਦ ਛੁਪਾਵੇ ।
ਪਰ ਇਹ ਕਿਵੇਂ ਛੁਪਾਇਆ ਜਾਵੇ, ਕਦ ਪਰਦੇ ਵਿਚ ਆਵੇ ।
ਵਿਚੇ ਵਿਚ ਦਿਲ ਲਾਂਬੂ ਲਾਵੇ, ਧੂੰਆਂ ਨਾ ਦਿਖਲਾਵੇ ।
ਜੇ ਉਹ ਧੂੰਆਂ ਨ ਦਿਖਲਾਵੇ, ਲਾਟ ਕੱਢੇ ਛੁਟ ਜਾਵੇ ।
ਬਿਰਹੋਂ ਵੇਲ ਲੱਗੀ ਵਿਚ ਤਨ ਦੇ, ਅਸ਼ਕੋਂ ਪਾਣੀ ਲਾਇਆ ।
ਇਹ ਵਧ ਸਿਰ ਚੜ੍ਹ ਗਈ ਦਰਖ਼ਤੀਂ, ਹਾਲ ਸੱਭਾ ਦਿਸ ਆਇਆ ।
ਕਦੇ ਕਦਾਈਂ ਸੱਈਆਂ ਡਿੱਠੇ, ਨੈਣ ਦੋ ਨਹਰਾਂ ਵਗਦੇ ।
ਹੱਥ ਪੱਲੂ ਇਹ ਬੈਠੀ ਪੂੰਝੇ, ਛੁਰੀ ਘੱਤੀ ਵਿਚ ਰਗ ਦੇ ।
ਕਦੇ ਕਦਾਹੀਂ ਆਹੀਂ ਭਰਦੀ ਬਾਂਦੀਆਂ ਨੂੰ ਦਿੱਸ ਆਈ ।
ਠੰਢੇ ਸਾਹ ਭਰੇ ਤੇ ਜਾਪੇ, ਇਸਦਾ ਰਾਜ਼ ਕਿਆਈ ।
ਕਦੇ ਕਦੇ ਵਿਚ ਅੱਧੀਆਂ ਰਾਤੀਂ, ਵੈਣ ਸੁਣੇ ਹਮਸਾਇਆਂ ।
ਡਿੱਠੀ ਕਦੀ ਸਿਰੋਂ ਸਿਰ ਪਿਟਦੀ, ਕਾਰੇਹਾਰੀਆਂ ਦਾਈਆਂ ।
ਸੱਈਆਂ ਦੀਆਂ ਚਿਮੇਗੋਈਆਂ

ਇਕ ਕਹਿਆ ਸੁ ਸੋਹਣੀ ਵੱਡੀ, ਇਸਦਾ ਹੁਸਨ ਦੁਲਾਰਾ ।
ਚਸ਼ਮ ਗਈ ਕਰ ਜ਼ਖ਼ਮ ਕਿਸੇ ਦੀ, ਰੋਗ ਏਹਾ ਸੁ ਭਾਰਾ ।
.........................................................
ਇਕ ਬੋਲੀ ਕਿਸੇ ਜਾਦੂ ਕੀਤਾ, ਵੈਰੀ ਨੇ ਕੱਟ ਜੜੀਆਂ ।
ਦੇਵ ਪਰੀ ਦਾ ਸਾਯਾ ਹੋਸੀ, ਹੋਰ ਕਹਣ ਦੋ ਖੜੀਆਂ ।
ਕੁਝ ਬੀਮਾਰੀ ਹੋਗੁ ਨਿਹਾਨੀ, ਇਕ ਏਹਾ ਫ਼ੁਰਮਾਵੇ ।
ਇਕ ਕਹੇ ਬਿਨ ਇਸ਼ਕੋਂ ਮੈਨੂੰ, ਕਾਈ ਨਜ਼ਰ ਨ ਆਵੇ ।
.....................................................
ਦੂਜੀ ਕਹੰਦੀ ਸਚ ਏਹਾ ਈ, ਪਰ ਤੂੰ ਥੋੜ੍ਹੀ ਭੁੱਲੀ ।
ਇਹ ਕਾ ਖ਼ਵਾਬੇ ਵਿਚ ਖ਼ਿਆਲੇ, ਇਸ਼ਕ ਅੰਧੇਰੀ ਝੁੱਲੀ ।
......................................................
ਦਾਈ ਇਕ ਸਿਆਣੀ ਸਭ ਥੀਂ, ਵਾਕਿਫ਼ ਵਲਾਂ ਛਲਾਂ ਦੀ ।
ਮਹਰਮ ਮੁਢੋਂ ਇਨ੍ਹਾਂ ਗੱਲਾਂ ਦੀ, ਸੀਵਣਹਾਰ ਸਲਾਂ ਦੀ ।
ਟੁੱਟੇ ਜੋੜ ਦਿਖਾਵੇ ਸ਼ੀਸ਼ੇ, ਵਿੱਛੜਿਆਂ ਨੂੰ ਮੇਲੇ ।
ਛਿੜਕ ਗੁਲਾਬ ਗਇਆਂ ਨੂੰ ਹੋਸ਼ੋਂ, ਬਖਸ਼ੇ ਸੁਰਤ ਸਵੇਲੇ ।
......................................................
ਤੇ ਉਸ ਆਪ ਜਵਾਨੀ ਵੇਲੇ, ਖ਼ੁਸ਼ੀਆਂ ਜ਼ੌਕ ਹੰਢਾਏ ।
ਸੈਆਂ ਜੀਆਂ ਦੇ ਨਜ਼ਰੋਂ ਬੇੜੇ, ਰੋਹੜ ਘੱਤੇ ਦਰਿਆਏ ।
ਵਲ ਛਲ ਬਿਰਹੋਂ ਦੇ ਸਾਰੇ, ਤੇ ਸਭ ਦਰਦ ਦਿਲਾਂ ਦੇ ।
ਉਸਨੇ ਨਰਮੀਆਂ ਗਰਮੀਆਂ ਵਾਲੇ, ਡਿੱਠੇ ਵਕਤ ਵਿਹਾਏ ।

(ਜੜੀਆਂ=ਜੜੀ-ਬੂਟੀ, ਨਿਹਾਨੀ=ਲੁਕਵੀਂ, ਸਲਾਂ=ਫੱਟਾਂ,
ਜ਼ੌਕ=ਸ਼ੌਕ,ਚਾਹ)

ਜ਼ੁਲੈਖ਼ਾ ਤੇ ਦਾਈ

ਜਾ ਬੈਠੀ ਉਹ ਪਾਸ ਜ਼ੁਲੈਖ਼ਾ, ਘੋਲ ਘੱਤੀ ਮੈਂ ਵਾਰੀ ।
ਐ ਮੇਰੀ ਫ਼ਰਜ਼ੰਦ ਪਿਆਰੀ, ਸੁਣ ਕੇ ਗਿਰਯਾਜ਼ਾਰੀ ।
ਹਾਲ ਤੇਰਾ ਮੈਂ ਜ਼ਾਹਿਰ ਡਿੱਠਾ, ਦੇਖ ਜਲੇ ਦਿਲ ਮੇਰਾ ।
ਤੂੰ ਉਹ ਮੈਨੂੰ ਨਜ਼ਰ ਨ ਆਵੇਂ, ਨ ਉਹ ਚਾਲਾ ਤੇਰਾ ।
......................................................
ਸ਼ੀਰ ਮੇਰੇ ਥੀਂ ਵੱਡੀ ਹੋਈਓਂ, ਮਿਹਰ ਮੇਰੀ ਵਿਚ ਪਲੀਓਂ ।
ਸੱਚ ਕਹ ਰਾਜ਼ ਛੁਪਾ ਨ ਮੈਂ ਥੀਂ, ਕਿਸ ਆਤਿਸ਼ ਵਿਚ ਜਲੀਓਂ ।
.........................................................
ਦੱਸ ਜ਼ੁਲੈਖ਼ਾ ਰਖ ਨ ਪੜਦਾ, ਕਰਾਂ ਤੇਰੀ ਗ਼ਮਖ਼ਵਾਰੀ ।
ਤੇ ਜੇ ਹਾਲ ਨ ਕਹੇਂ ਜ਼ਬਾਨੋਂ, ਕੌਣ ਕਰੇ ਤੁਧ ਕਾਰੀ ।
ਮੇਰੇ ਨਾਲੋਂ ਵੱਧ ਪਿਆਰੀ, ਕੌਣ ਕੋਈ ਹੈ ਤੇਰੀ ।
ਤੀਜਾ ਹੋਰ ਨਹੀਂ ਵਿਚ ਕਾਈ, ਮੈਂ ਤੇਰੀ ਤੂੰ ਮੇਰੀ ।
ਜੇ ਤੂੰ ਮੈਨੂੰ ਦਰਦ ਨ ਦੱਸੇਂ, ਅੰਤ ਦੱਸੇਂ ਕਿਸ ਤਾਈਂ ।
ਭੇਦ ਉਘਾੜੇ ਬਾਝ ਜ਼ੁਲੈਖ਼ਾ, ਹੋਣ ਨ ਦੂਰ ਬਲਾਈਂ ।
ਭੇਦ ਦਿਲੇ ਦਾ ਖੋਹਲ ਪਿਆਰੀ, ਕਰ ਕਾਰੀ ਦਿਖਲਾਵਾਂ ।
ਜੇ ਉਹ ਪੰਛੀ ਚੋਗਾ ਪਾ ਕੇ, ਤੇਰੇ ਦਾਮ ਫਸਾਵਾਂ ।
ਤੇ ਜੇ ਹੋਗ ਫ਼ਰਿਸ਼ਤਾ ਕਾਈ, ਬਹਾਂ ਵਿਛਾ ਮੁਸੱਲਾ ।
ਲਾਹ ਅਸਮਾਨੋਂ ਨਾਲ ਦੁਆਈਂ, ਤੇਰੀ ਕਰਾਂ ਤਸੱਲਾ ।
......................................................
ਸਾਰੇ ਦਰਦ ਗਿਣੇ ਬਹਿ ਦਾਈ, ਵੇਦਨ ਹੋਰ ਸੁਣਾਈ ।
ਤੇ ਇਸਦੇ ਦੁੱਖ ਕੱਟਣੇ ਕਾਰਣ, ਸੌ ਤਦਬੀਰ ਬਣਾਈ ।

(ਫ਼ਰਜ਼ੰਦ=ਪੁੱਤਾਂ ਵਰਗੀ ਧੀ, ਗਿਰਯਾਜ਼ਾਰੀ=ਵਿਰਲਾਪ,
ਸ਼ੀਰ=ਦੁੱਧ, ਆਤਿਸ਼=ਅੱਗ, ਕਾਰੀ=ਇਲਾਜ, ਦਾਮ=
ਜਾਲ, ਮੁਸੱਲਾ=ਨਮਾਜ਼ ਪੜ੍ਹਨ ਵਾਲੀ ਚਟਾਈ, ਵੇਦਨ=ਦੁੱਖ)

ਜ਼ੁਲੈਖ਼ਾ ਦਾ ਭੇਦ ਖੋਲ੍ਹਣਾ

ਗੱਪ ਸ਼ੜੱਪ ਜੋ ਦਾਈ ਵਾਲੀ, ਸੁਣੀ ਜ਼ੁਲੈਖ਼ਾ ਸਾਰੀ ।
ਪਈ ਉਮੀਦ ਜੋ ਰੋਵਣ ਲੱਗੀ, ਦਰਦ ਮੇਰੇ ਦੀ ਕਾਰੀ ।
.........................................................
ਨ ਪੁੱਛ ਮਾਂ ਮੈਂ ਕੀ ਕੁਝ ਦੱਸਾਂ, ਕਿਸਦਾ ਨਾਮ ਸੁਣਾਵਾਂ ।
ਕਿੰਨ੍ਹ ਲੁੱਟੀ ਮੈਂ ਕਿਸਨੇ ਫੱਟੀ, ਜੁਰਮ ਕਿਦ੍ਹੇ ਸਿਰ ਲਾਵਾਂ ।
..........................................................
ਜਾਂ ਮੈਂ ਡਿੱਠਾ ਵੇਖਦਿਆਂ ਹੀ, ਮੈਂ ਹੋ ਰਹੀਆਂ ਬਰਦੀ ।
ਦਾਈ ਪਾਸ ਜ਼ੁਲੈਖ਼ਾ ਰੋਂਦੀ, ਰੋ ਰੋ ਗੱਲਾਂ ਕਰਦੀ ।
ਵਿਛੜਿਆਂ ਦਾ ਮਿਲਣ ਸੁਖਾਲਾ, ਇਹ ਇਸ ਥੀਂ ਦੁੱਖ ਭਾਰਾ ।
ਜਿਸਦਾ ਨਾਮ ਨਿਸ਼ਾਨ ਨ ਜ਼ਾਹਿਰ, ਹਾਲ ਕਹਾਂ ਕੀ ਸਾਰਾ ।
ਜਿਉਂ ਜਿਉਂ ਸੁਫ਼ਨੇ ਅੰਦਰ ਆਇਆ, ਨਾਜ਼ਿਕ ਰਮਜ਼ਾਂ ਵਾਲਾ ।
ਖੋਹਲ ਜ਼ੁਲੈਖ਼ਾ ਦਾਈ ਤਾਈਂ, ਆਖ ਸੁਣਾਇਆ ਹਾਲਾ ।
ਦਾਈ ਦੀ ਨਸੀਹਤ

ਸੁਣ ਦਾਈ ਵਿਚ ਹੈਰਤ ਡੁੱਬੀ, ਕੁਝ ਸਿਰ ਪੈਰ ਨ ਆਇਆ ।
ਕੁਝ ਤਦਬੀਰ ਨ ਖੁੱਲ੍ਹੀ ਜ਼ਾਹਿਰ, ਅੰਤ ਏਹਾ ਫ਼ੁਰਮਾਇਆ ।
ਬੱਸ ਧੀਆ ਛੱਡ ਵਹਮੀ ਝੇੜੇ, ਮੁਫ਼ਤ ਨ ਮਰ ਹੋ ਕਮਲੀ ।
ਐਡ ਖ਼ਿਆਲੀਂ ਖ਼ਵਾਬੀਂ ਡੁੱਬਦੇ, ਮਸਤ ਅਫ਼ੀਮੀ ਅਮਲੀ ।
............................................................
ਝੂਠੀ ਖ਼ਵਾਬ ਏਹਾ ਈ ਬੀਬੀ, ਇਸ ਵਿਚ ਸੱਚ ਨ ਭੋਰਾ ।
ਖਾਵਣ ਪੀਵਣ ਛੋੜ ਦਿਤੋਈ, ਕਿਉਂ ਗਇਆ ਚੁੱਕ ਜ਼ੋਰਾ ।
ਜ਼ੁਲੈਖ਼ਾ ਦਾ ਇਸ਼ਾਰਾ

ਕਹੇ ਜ਼ੁਲੈਖ਼ਾ ਝੂਠਿਆਂ ਤਾਈਂ, ਆਵਣ ਝੂਠੀਆਂ ਖ਼ਵਾਬਾਂ ।
ਮੈਂ ਸੱਚੀ ਦੀ ਖ਼ਵਾਬ ਨ ਝੂਠੀ, ਝੂਠੇ ਪਲੇ ਕਿੱਜ਼ਾਬਾਂ ।
....................................................
ਵਹਮ ਵਿਚਾਰਾ ਨਕਸ਼ ਅਜੇਹੇ, ਕਦ ਘੜ ਸਕੇ ਕਦਾਹੀਂ ।
ਅਕਸ ਸਿਫ਼ਾਤਿ-ਹੁਸਨ ਤਕ ਜਿਸਦੇ, ਖ਼ੁਦ ਉਡ ਸਕਦਾ ਨਾਹੀਂ ।
..........................................................
ਦਾਈ ਕਹੇ ਨਹੀਂ ਜੇ ਝੂਠੀ, ਤਾਂ ਭੀ ਹੱਥ ਨ ਆਵੇ ।
ਹੱਥ ਨ ਪਹੁੰਚੇ ਜਿਸ ਮਤਲਬ ਨੂੰ, ਝੱਬ ਆਕਿਲ ਹਟ ਜਾਵੇ ।
...........................................................
ਦੇਖ ਦੁੱਖਾਂ ਦਾ ਦੋਜ਼ਖ਼ ਬਲਦਾ, ਦੌੜ ਗਈ ਉਠ ਦਾਈ ।
ਜਾ ਤੈਮੂਸੇ ਹਾਲ ਸੁਣਾਇਆ, ਗ਼ਮ ਦੀ ਛੁਰੀ ਵਗਾਈ ।
ਸੁਣ ਤੈਮੂਸ ਪਇਆ ਵਿਚ ਹੈਰਤ, ਨੀਰ ਛੁੱਟੇ ਖ਼ੁਦ ਧਾਣਾ ।
ਜੇ ਹੈ ਇਸ਼ਕ ਸੱਚਾ ਦੁੱਖ ਦੇਸੀ, ਹੋਸੀ ਜ਼ਖ਼ਮ ਪੁਰਾਣਾ ।

(ਕਿੱਜ਼ਾਬਾਂ=ਝੂਠ, ਸਿਫ਼ਾਤਿ=ਸਿਫ਼ਤਾਂ, ਧਾਣਾ=ਭੱਜਿਆ)

14. ਜ਼ੁਲੈਖ਼ਾ ਦਾ ਦੂਜੀ ਵਾਰ ਸੁਫ਼ਨਾ ਦੇਖਣਾ
ਖ਼ਵਾਬ ਵਿੱਚ ਨੂਰੀ ਸੂਰਤ ਦਾ ਮੁੜ ਪ੍ਰਗਟ ਹੋਣਾ

ਤਾਂ ਸੁਫ਼ਨੇ ਵਿੱਚ ਦੂਜੀ ਵਾਰੀ, ਓਹਾ ਸ਼ਕਲ ਦਿਸ ਆਈ ।
ਓਹੋ ਰਮਜ਼ਾਂ ਓਹੋ ਗ਼ਮਜ਼ੇ, ਜ਼ਰਾ ਫ਼ਰਕ ਨ ਕਾਈ ।
ਓਹੋ ਨਾਜ਼ ਨਿਹੋਰਾ ਤਾਜ਼ਾ, ਉਹੋ ਸਰਵਿ ਖ਼ਰਾਮਾਂ ।
ਓਹੋ ਸ਼ਹਦ ਕ੍ਰਿਸ਼ਮਿਓਂ ਰਸਦਾ, ਤੇਹੀ ਬਹੀ ਬਦਾਮਾਂ ।
......................................................
ਓਹੋ ਲੁਟ ਲੈ ਜਾਵਣ ਵਾਲਾ, ਮਿਲਿਆ ਦੂਜੀ ਵਾਰੀ,
ਓਹੋ ਜਿਸ ਦਿਆਂ ਵਿਚ ਕਜ਼ੀਆਂ, ਕੀਤੀ ਗਿਰਯਾਜ਼ਾਰੀ ।
ਦੇਖ ਛੁਟੇ ਘਾ ਖ਼ੂਨ ਫੁਹਾਰੇ, ਦੇਖ ਕਦਮ ਸਿਰ ਧਰਦੀ ।
ਰੋ ਰੋ ਪਕੜ ਕਦਮ ਦੀਆਂ ਤਲੀਆਂ, ਅਜ਼ਜ਼ ਹਜ਼ਾਰਾਂ ਕਰਦੀ ।

(ਸਰਵਿ ਖ਼ਰਾਮਾਂ=ਝੂਲਦਾ ਸਰੂ, ਕ੍ਰਿਸ਼ਮਿਓਂ=ਨਾਜ਼,ਝਿੰਮਣੀਆਂ,
ਬਦਾਮਾਂ=ਅੱਖਾਂ, ਅਜ਼ਜ਼=ਮਿੰਨਤਾਂ)

ਜ਼ੁਲੈਖ਼ਾ ਦੀ ਬਿਨੈ

ਐ ਦਿਲਦਾਰ ਕਮੰਦਾਂ ਵਾਲਿਆ, ਮਹਬੂਬਾ ਮੈਂ ਵਾਰੀ ।
ਤੇਰੇ ਨਾਜ਼ ਕ੍ਰਿਸ਼ਮਿਆਂ ਉੱਤੇ, ਮੈਂ ਕੁਰਬਾਨ ਬੇਚਾਰੀ ।
ਜੀਵਨ ਜੋਗਿਆ ਜੋ ਕੁਝ ਹੋ ਗਿਆ, ਸੁਣ ਲੈ ਦਰਦ ਕਹਾਣੀ ।
ਜੇ ਨ ਮਰੀ ਮੈਂ ਮਰ ਜਾਣੀ, ਤੂੰ ਮਤ ਖ਼ਾਮ ਪਛਾਣੀ ।
.....................................................
ਜਿਸ ਦਿਨ ਦਾ ਮੈਂ ਤੈਨੂੰ ਡਿੱਠਾ, ਆਪਣਾ ਆਪ ਭੁਲਾਇਆ ।
ਜਿਸ ਦਿਨ ਦਾ ਮੈਂ ਤੈਨੂੰ ਪਾਇਆ, ਖ਼ੁਦ ਨੂੰ ਰੋੜ੍ਹ ਵਗਾਇਆ ।
ਜਿਸ ਦਿਨ ਦਾ ਮੈਂ ਤੈਨੂੰ ਲੱਭਾ, ਹੋਰ ਸੱਭਾ ਸੁੱਟ ਪਾਇਆ ।
ਜਿਸ ਦਿਨ ਦਾ ਮੈਂ ਤੈਨੂੰ ਪੂਜਿਆ, ਪੂਜਾ ਦਾ ਵੱਲ ਨ ਆਇਆ ।
ਜਿਸ ਦਿਨ ਦਾ ਤੂੰ ਮੈਂ ਘਰ ਆਇਆ, ਮੇਰਾ ਰਿਹਾ ਨ ਕਾਈ ।
ਜਿਸ ਦਿਨ ਦਾ ਤੂੰ ਮੈਨੂੰ ਲੁੱਟਿਆ, ਦਰਦਾਂ ਨੇ ਲੁੱਟ ਪਾਈ ।
...........................................................
ਵੱਸੇਂ ਜ਼ਿਮੀਂ ਯਾ ਆਸਮਾਨੇਂ, ਚੰਦ ਹੋਵੇਂ ਯਾ ਤਾਰਾ ।
ਯਾ ਤੂੰ ਸੂਰਜ ਯਾ ਤੂੰ ਬਿਜਲੀ, ਯਾ ਤੂੰ ਕੁਝ ਨਿਆਰਾ ।
ਯਾ ਤੂੰ ਸਿਰਫ਼ ਬਿਰਹੋਂ ਦਾ ਸ਼ੋਅਲਾ, ਯਾ ਆਹਾਂ ਦੀਆਂ ਲਾਟਾਂ ।
ਯਾ ਤੂੰ ਦਾਗ਼ ਗ਼ਮਾਂ ਦਾ ਰੌਸ਼ਨ, ਯਾ ਫ਼ੁਰਕਤ ਦੀਆਂ ਵਾਟਾਂ ।
............................................................
ਕੀ ਪੈਦਾਇਸ਼ ਕਿਹੜੀ ਜਿਨਸੋਂ, ਕੀ ਕੁਝ ਹੈਂ ਸ਼ੈ ਕਾਈ ।
ਕਿੱਧਰ ਆਵੇਂ ਫੇਰੀਆਂ ਪਾਵੇਂ, ਮਤਲਬ ਤੁਧ ਕਿਆਈ ?

(ਖ਼ਾਮ=ਕੱਚੀ)

ਜਵਾਬ ਨੂਰੀ ਸੂਰਤ ਦਾ

ਸੁਣ ਉਸਨੇ ਇਹ ਗਿਰਯਾਜ਼ਾਰੀ, ਅੰਤ ਏਹਾ ਫ਼ਰਮਾਇਆ ।
ਮੈਂ ਹਾਂ ਖ਼ਾਕੀ ਆਦਮਜ਼ਾਦਾ, ਸ਼ੌਕ ਤੇਰੇ ਇਤ ਆਇਆ ।
ਜਿਉਂ ਤੂੰ ਮੇਰਿਆਂ ਦਰਦਾਂ ਅੰਦਰ, ਰੋ ਰੋ ਕਰੇਂ ਦੁਹਾਈ ।
ਓਵੇਂ ਮੈਂ ਭੀ ਸ਼ੌਕ ਤੇਰੇ ਦੀ, ਸਿਰ ਪੁਰ ਆਫ਼ਤ ਚਾਈ ।
........................................................
ਇਕ ਦਮ ਦੂਰ ਨਹੀਂ ਮੈਂ ਤੈਂ ਥੀਂ, ਤੂੰ ਭੀ ਦੂਰ ਨ ਜਾਈਂ ।
ਹਾਂ ਮੈਂ ਦਿਲ ਥੀਂ ਨੇੜੇ ਤੇਰੇ, ਪੂਰੀਆਂ ਕਰੀਂ ਵਫ਼ਾਈਂ ।
........................................................
ਰੱਖ ਪਛਾਣ ਅਸਾਡੀ ਸੂਰਤ, ਬੰਨ੍ਹ ਨਕਸ਼ਾ ਵਿਚ ਦਿਲ ਦੇ ।
ਯਾਰੀਆਂ ਵਾਲੇ ਸਖ਼ਤ ਕੋਸ਼ਾਲੇ, ਯਾਰ ਨ ਸੌਖੇ ਮਿਲਦੇ ।

(ਕੋਸ਼ਾਲੇ=ਕੰਡੇ)

ਸੁਫ਼ਨੇ ਤੋਂ ਬੇਦਾਰੀ

ਇਹ ਗੱਲ ਆਖ ਗਇਆ ਉਹ ਓਵੇਂ, ਸੂਰਤ ਕਿਤੇ ਛੁਪਾਈ ।
ਰਹੀ ਜ਼ੁਲੈਖ਼ਾ ਖ਼ਵਾਬੇ ਅੰਦਰ, ਬੇਖ਼ੁਦ ਸੁਰਤ ਨ ਕਾਈ ।
.......................................................
ਪਹਲੀ ਵਾਰੀ ਧਰ ਬੀਮਾਰੀ, ਕਰ ਲਾਚਾਰ ਗਇਆ ਸੁ ।
ਦੂਜੀ ਵਾਰੀ ਕਾਰਣ ਕਾਰੀ, ਆਇਆ ਮਾਰ ਗਇਆ ਸੁ ।
ਮਾਰ ਗਇਆ ਪਰ ਪਾਰ ਨ ਕੀਤੀ, ਛੋੜ ਗਇਆ ਲਟਕਾਈ ।
ਇਸ਼ਕ ਪਿਆਰ ਉਧਾਰ ਬਜ਼ਾਅਤ, ਜਾਨ ਗਈ ਵਿਚ ਸਾਈ ।
..............................................................
ਰੋਵੇ ਕਦੇ ਕਦਾਹੀਂ ਹੱਸੇ, ਡੁਬਦੀ ਕਦੇ ਖ਼ਿਆਲੀਂ ।
ਜਾਮੇ ਚੀਰੇ ਸਿਰ ਨੂੰ ਖੋਹੇ, ਖ਼ਾਕ ਘੱਤੇ ਚਾ ਵਾਲੀਂ ।
ਖੜੀ ਜ਼ਿਮੀਂ ਤੇ ਡਿੱਗ ਡਿੱਗ ਪੈਂਦੀ, ਤੇ ਵਿਚ ਖ਼ਾਕ ਰੁਲੇਂਦੀ ।
ਬਾਂਦੀਆਂ ਹਾਲ ਪੁਛੇਂਦੀਆਂ ਉਸਦਾ, ਤੇ ਇਹ ਹੱਥ ਮਲੇਂਦੀ ।
............................................................
ਦੀਵਾਨੀ ਹੋ ਗਈ ਜ਼ੁਲੈਖ਼ਾ, ਖ਼ਬਰ ਨਹੀਂ ਕੀ ਹੋਇਆ ।
ਨਾਲੇ ਬਾਪ ਦੁਖੀਂ ਦਿਲ ਭਰਿਆ, ਨੈਣ ਲਹੂ ਭਰ ਰੋਇਆ ।
ਰੋਗੀ ਰੋਗ ਡਿੱਠੇ ਜਿਨ੍ਹ ਵੈਦਾਂ, ਕੀਤੀਆਂ ਬਹੁਤ ਦਵਾਈਂ ।
ਅਸਰ ਖ਼ਿਲਾਫ਼ ਹੋਇਆ ਪਰ ਜ਼ਾਹਿਰ, ਵਧੀਆਂ ਦਰਦ ਬਲਾਈਂ ।
..............................................................
ਆਖ਼ਿਰ ਅਕਲਮੰਦਾਂ ਫ਼ਰਮਾਇਆ, ਕੈਦ ਰੱਖੋ ਜ਼ੰਜੀਰੋਂ ।
ਇਹ ਕੋਸ਼ਾਲੇ ਬਿਰਹੋਂ ਵਾਲੇ, ਕਦ ਹਟਦੇ ਤਦਬੀਰੋਂ ।
ਤੇ ਉਹ ਹਾਲ ਕਿਸੇ ਨ ਮਾਲਮ, ਰਾਤੀਂ ਦੇ ਪੈਮਾਨਾਂ ।
ਇਹ ਦੀਵਾਨੀ ਕਰ ਕਰ ਸੁੱਟੀ, ਜਿਸਨੇ ਮਾਰ ਨਿਸ਼ਾਨਾ ।

(ਬਜ਼ਾਅਤ=ਮਾਲ, ਸਾਈ=ਪੇਸ਼ਗੀ, ਜਾਮੇ=ਕੱਪੜੇ, ਮਾਲਮ=
ਮਾਲੂਮ,ਪਤਾ)

ਜ਼ੁਲੈਖ਼ਾ ਬੰਦੀ ਵਿੱਚ

ਤੈਮੂਸੇ ਜ਼ੰਜੀਰ ਸੁਨਹਰੀ, ਜੜਿਆ ਮੋਤੀਆਂ ਵਾਲਾ ।
ਦੁਖ਼ਤਰ ਦੇ ਉਹ ਪੈਰੀਂ ਪਾਇਆ, ਚੰਦ ਦਵਾਲੇ ਹਾਲਾ ।
ਤੇ ਚਾ ਹੁਜਰੇ ਵਿਚ ਸਟਾਈ, ਹੋਰ ਨ ਅਕਲਾਂ ਚਲੀਆਂ ।
ਮਤ ਇਹ ਕਰੇ ਖ਼ਵਾਰ ਅਸਾਨੂੰ, ਫਿਰੇ ਮਤਾਂ ਵਿਚ ਗਲੀਆਂ ।
ਰਾਤ ਦਿਨੇ ਵਿਚ ਗ਼ਮ ਦੇ ਹੁਜਰੇ, ਅਕਲ ਕਿਆਸੋਂ ਖ਼ਾਲੀ ।
ਬਾਝ ਹਵਾਸ ਰਹੇ ਮਤਵਾਲੀ, ਬਹੁਤਿਆਂ ਦਰਦਾਂ ਵਾਲੀ ।
.........................................................
ਬਾਲ ਅੰਞਾਣੀ ਬਿਰਹੋਂ ਜ਼ਾਲਿਮ, ਭਾਰਾ ਭਾਰ ਚਵਾਇਆ ।
ਸੁੱਟ ਨ ਸੱਕੇ ਚਾਵਣ ਔਖਾ, ਉਸਦਾ ਮਗਜ਼ ਖਪਾਇਆ ।
ਜਾਂ ਇਹ ਜ਼ਖ਼ਮ ਪੁਰਾਣਾ ਹੋਇਆ, ਲੱਗੀਆਂ ਮਿਲਣ ਦਵਾਈਂ ।
ਦਿਨ ਕਾਈ ਆਰਾਮ ਕਮਾਵੇ, ਵਗਸੀ ਫੇਰ ਕਦਾਈਂ ।
ਇਸ਼ਕਾ ਚਲ ਸਬਰ ਘਰ ਨੇੜੇ, ਮੰਜ਼ਿਲ ਅਜੇ ਦੁਰਾਡੀ ।
ਪਾਣੀ ਛਿੜਕ ਕਰਮ ਦਾ ਇਕ ਦਮ, ਜਲਦੀ ਜਾਨ ਅਸਾਡੀ ।

(ਦੁਖ਼ਤਰ=ਧੀ, ਹੁਜਰੇ=ਕੋਠੜੀ)

15. ਆਸ ਦੀ ਕਲੀ ਦਾ ਫੁੱਟਣਾ
ਜ਼ੁਲੈਖ਼ਾ ਦਾ ਤੀਜੀ ਵਾਰ ਸੁਫ਼ਨਾ ਦੇਖਣਾ

ਬਰਸ ਪਿੱਛੇ ਇਕ ਰਾਤ ਜ਼ੁਲੈਖ਼ਾ, ਰੋ ਰੋ ਕਰਦੀ ਜ਼ਾਰੀ ।
ਝੁੱਲ ਪਇਆ ਸੁ ਗ਼ਮ ਦਾ ਝੋਲਾ, ਸਬਰ ਕਰਾਰੋਂ ਹਾਰੀ ।
........................................................
ਤਾਂ ਵਿਚ ਸੁਫ਼ਨੇ ਤੀਜੀ ਵਾਰੀ, ਸ਼ਕਲ ਓਹਾ ਦਿਸ ਆਈ ।
ਸ਼ੌਕ ਜਿਦ੍ਹੇ ਨੇ ਹੋਸ਼ ਲੁਟਾਈ, ਜਾਨ ਦੁੱਖਾਂ ਵਿੱਚ ਪਾਈ ।
ਦੇਖ ਜ਼ੁਲੈਖ਼ਾ ਪੈਰੀਂ ਡਿੱਗੀ, ਕਰ ਕਰ ਗਿਰਯਾਜ਼ਾਰੀ ।
ਵਾਹਵਾ ਸੱਚਿਆ ਕੌਲਾਂ ਵਾਲਿਆ, ਇਸ਼ਕ ਤੇਰਾ ਹੈ ਭਾਰੀ ।
ਪਹਲੇ ਨਾਮ ਟਿਕਾਣਾ ਅਪਣਾ, ਮੈਨੂੰ ਦੱਸ ਸ਼ਿਤਾਬੀ ।
ਪੜ੍ਹ ਪੜ੍ਹ ਨਾਮ ਤੇਰਾ ਦਮ ਕਰਸਾਂ, ਚੁੱਕੇ ਦਿਲੋਂ ਬੇਤਾਬੀ ।
ਹੈਂ ਤੂੰ ਕੌਣ ਕਿੱਥੇ ਘਰ ਤੇਰਾ, ਜਗ ਵਿਚ ਕੀ ਸਦਾਵੇਂ ।
ਆਖ ਜਵਾਬ ਸਵਾਲ ਮੇਰੇ ਦਾ, ਫੇਰ ਮਤਾ ਛਲ ਜਾਵੇਂ ।
ਫ਼ਰਮਾਇਆ ਜੇ ਤੁਧ ਜ਼ੁਲੈਖ਼ਾ, ਏਹਾ ਦਿਲ ਦਾ ਭਾਣਾ ।
ਮੈਂ ਹਾਂ ਆਪ ਅਜ਼ੀਜ਼ ਮਿਸਰ ਦਾ, ਮੇਰਾ ਮਿਸਰ ਟਿਕਾਣਾ ।
ਇਹ ਗੱਲ ਆਖ ਗਇਆ ਉਹ ਓਵੇਂ, ਛੁੱਟੀ ਜਾਨ ਅਜ਼ਾਬੋਂ ।
ਪਹੁ ਫੁੱਟੀ ਗੁੰਮ ਗਏ ਸਿਤਾਰੇ, ਖ਼ਲਕ ਉੱਠੀ ਸਭ ਖ਼ਵਾਬੋਂ ।
ਬੈਠੀ ਉੱਠ ਜ਼ੁਲੈਖ਼ਾ ਖ਼ਵਾਬੋਂ, ਦਿਲ ਨੂੰ ਪਇਆ ਸਹਾਰਾ ।
ਗ਼ਮੀ ਗਈ ਦਿਲ ਸ਼ਾਦੀ ਆਈ, ਚਮਕਿਆ ਬਖ਼ਤ ਸਿਤਾਰਾ ।
............................................................
ਕਰੇ ਪੁਕਾਰ ਕਨੀਜ਼ਾਂ ਤਾਈਂ, ਸੱਭੇ ਹਾਜ਼ਿਰ ਆਈਆਂ ।
ਕਹੇ ਜ਼ੁਲੈਖ਼ਾ ਰਾਤੀਂ ਖ਼ਵਾਬੇ, ਮਿਲੀਆਂ ਨੂਰ ਸਫ਼ਾਈਆਂ ।
ਬਾਪ ਮੇਰੇ ਨੂੰ ਕਹੋ ਬਸ਼ਾਰਤ, ਆਣ ਜ਼ੰਜੀਰ ਉਤਾਰੇ ।
ਖੁੱਲ੍ਹ ਗਏ ਅਜ ਮੇਰੇ ਦਿਲ ਤੇ, ਰਾਜ਼ ਅਕਲ ਦੇ ਸਾਰੇ ।
.......................................................
ਨਿੱਤ ਜ਼ੁਲੈਖ਼ਾ ਖ਼ੁਸ਼ੀਆਂ ਅੰਦਰ, ਕਰਦੀ ਐਸ਼ ਬਹਾਰਾਂ ।
ਦਿਨ ਦਿਨ ਖ਼ੁਸ਼ੀ ਦਿਲੇ ਵਿਚ ਤਾਜ਼ੀ, ਤੇ ਉਮੀਦ ਹਜ਼ਾਰਾਂ ।
ਨਾਲ ਅਜ਼ੀਜ਼ ਮਿਸਰ ਦੇ ਮੇਰੀ, ਮਾਪੇ ਕਰਸਣ ਸ਼ਾਦੀ ।
ਉਮਰ ਗੁਜ਼ਾਰਾਂ ਨਾਲ ਬਹਾਰਾਂ, ਮਿਲੇ ਗ਼ਮੋਂ ਆਜ਼ਾਦੀ ।
.......................................................
ਮਿਸਰੀ ਲੋਕ ਸੁਖ਼ਨ ਦੇ ਪੂਰੇ, ਵਲਾਂ ਛਲਾਂ ਥੀਂ ਖ਼ਾਲੀ ।
ਮਿਸਰ ਵਸੇਵਾਂ, ਸਭ ਥੀਂ ਚੰਗਾ, ਰਾਤ ਦਿਨੇ ਖ਼ੁਸ਼ਹਾਲੀ ।
........................................................
ਏਵੇਂ ਰੋਜ਼ ਖ਼ੁਸ਼ੀ ਵਿਚ ਗੁਜ਼ਰਨ, ਨਿੱਤ ਇਹੋ ਵਰਤਾਰਾ ।
ਖਾਵੇ ਪੀਵੇ ਤੇ ਸੁਖ ਸੌਵੇਂ, ਪਹਿਣੇ ਜ਼ੇਵਰ ਸਾਰਾ ।
ਮੈਂ ਕੁਰਬਾਨ ਤੇਰੇ ਆ ਇਸ਼ਕਾ, ਅਕਲ ਭਰੀ ਮਤਵਾਲੀ ।
ਅੱਜ ਉਘਾੜ ਵੇਖਾਂ ਕੁਝ ਜ਼ਾਹਿਰ, ਰਮਜ਼ ਅਜ਼ੀਜ਼ਾਂ ਵਾਲੀ ।
16. ਜ਼ੁਲੈਖ਼ਾ ਦਾ ਮਿਸਰ ਵਿਚ ਪਹੁੰਚਣਾ

ਜਦੋਂ ਜ਼ੁਲੈਖ਼ਾ ਸੁਰਤ ਸੰਭਾਲੀ, ਦੇਸੀਂ ਖ਼ਬਰਾਂ ਗਈਆਂ ।
ਤੈਮੂਸੇ ਦੀ ਬੇਟੀ ਤਾਈਂ, ਮੁੜ ਵਲ ਅਕਲਾਂ ਪਈਆਂ ।
ਬਾਦਸ਼ਾਹਾਂ ਸੁਣ ਕਾਸਿਦ ਘੱਲੇ, ਮਗ਼ਰਬ ਤਰਫ਼ ਦਯਾਰੇ ।
ਅਕਦਿ ਜ਼ੁਲੈਖ਼ਾ ਖ਼ਵਾਸਤਗ਼ਾਰੀ, ਹਰ ਇਕ ਅਰਜ਼ ਗੁਜ਼ਾਰੇ ।
.........................................................
ਸੁਣਦੀ ਰਹੀ ਜ਼ੁਲੈਖ਼ਾ ਚੁੱਪ ਹੋ, ਮਿਸਰੋਂ ਨਾਮ ਨ ਆਇਆ ।
ਜਾਤੋਸੁ ਜੇ ਅੱਜ ਕਹਾਂ ਨ ਜ਼ਾਹਿਰ, ਪਾਵਾਂ ਦਰਦ ਸਵਾਇਆ ।
ਬਾਪ ਕਹੇ ਐ ਰੌਸ਼ਨ ਅੱਖੀਂ, ਮਕਸਦ ਜਾਨ ਪਿਆਰੀ ।
ਜ਼ਾਹਿਰ ਕਰ ਜੋ ਕਿਤ ਵਲ ਤੇਰੇ, ਦਿਲ ਦੀ ਰਗ਼ਬਤ ਭਾਰੀ ।
ਉਸ ਕਹਿਆ ਇਹ ਮੋੜ ਪਿੱਛਾਹਾਂ, ਇਨ੍ਹਾਂ ਨ ਦਿਲ ਚਾਹੇ ।
ਇਕ ਅਜ਼ੀਜ਼ ਮਿਸਰ ਦਿਲ ਮੇਰੇ, ਦਿਲੋਂ ਇਰਾਦੇ ਆਹੇ ।

(ਕਾਸਿਦ =ਦੂਤ, ਮਗ਼ਰਬ=ਪੱਛਮ, ਰਗ਼ਬਤ=ਚਾਹ,ਇੱਛਾ)

ਤੈਮੂਸ ਦੀ ਅਜ਼ੀਜ਼ ਮਿਸਰ ਵੱਲ ਚਿੱਠੀ

ਬਾਪ ਗਿਆ ਮੁੜ ਕਾਸਿਦ ਟੋਰੇ, ਏਹਾ ਉਜ਼ਰ ਸੁਣਾਇਆ ।
ਅਸਾਂ ਅਜ਼ੀਜ਼ ਮਿਸਰ ਦਾ ਅੱਵਲ, ਇਸਦੀ ਝੋਲੀ ਪਾਇਆ ।
ਤੇ ਖ਼ੁਦ ਤਰਫ਼ ਮਿਸਰ ਦੀ ਲਿਖਿਆ, ਰੁੱਕਾ ਨਾਮ ਅਜ਼ੀਜ਼ੇ ।
ਮਤਲਬ ਸਿਦਕ ਸਫ਼ਾਈ ਵਾਲੇ, ਲਿਖੇ ਨਾਲ ਤਮੀਜ਼ੇ ।
ਨਾਮ ਜ਼ੁਲੈਖ਼ਾ ਘਰ ਮੇਰੇ ਇਕ, ਦੁਖ਼ਤਰ ਬਹੁਤ ਪਿਆਰੀ ।
ਸਭ ਸੁਲਤਾਨ ਅਸਾਂ ਥੀਂ ਕਰਦੇ, ਇਸ ਥੀਂ ਖ਼ਵਾਸਤਗਾਰੀ ।
ਪਰ ਉਹ ਕਿਸੇ ਪਸੰਦ ਨ ਰੱਖਦੀ, ਨਾਮ ਸੁਣੇ ਦਿਲ ਖੁੱਸੇ ।
ਜੇ ਤੂਰਾਨ ਤੂਰਾਨੀ ਹੋਵੇ, ਰੂਸ ਕਹਾਂ ਤੇ ਰੁੱਸੇ ।
...................................................
ਖ਼ਬਰ ਨਹੀਂ ਇਸ ਕਿਥੋਂ ਸੁਣਿਆਂ, ਤੇਰਾ ਨਾਮ ਪਿਆਰਾ ।
ਕਹੇ ਅਜ਼ੀਜ਼ ਮਿਸਰ ਦਾ ਮੇਰੇ, ਸ਼ੌਕ ਏਹੀ ਦਿਲ ਭਾਰਾ ।
ਸੋ ਇਸ ਕਰੋ ਕਬੂਲ ਕਰਮ ਥੀਂ, ਰਹਸੀ ਵਿੱਚ ਕਨੀਜ਼ੀ ।
ਸਾਹਿਬ ਰੱਖੇ ਦਾਇਮ ਤੇਰਾ, ਸ਼ੌਕਤ ਸ਼ਾਨ ਅਜ਼ੀਜ਼ੀ ।
ਜਾਂ ਇਹ ਖ਼ਤ ਅਜ਼ੀਜ਼ੇ ਪਹੁਤਾ, ਪੜ੍ਹ ਖ਼ੁਸ਼ੀਆਂ ਵਿਚ ਆਇਆ ।
ਕੀ ਜਾਣਾ ਇਹ ਤਾਲਿਆ ਮੇਰੇ, ਕਿੱਥੋਂ ਜਲਵਾ ਪਾਇਆ ।
ਮੈਂ ਬੰਦਾ ਉਹ ਸਾਹਿਬ ਮੇਰਾ, ਜਿਸ ਇਹ ਲੁਤਫ਼ ਕਮਾਇਆ ।
ਮੈਂ ਖ਼ਾਦਿਮ ਇਨਕਾਰ ਨ ਹੁਕਮੋਂ, ਲਿਖ ਜਵਾਬ ਪੁਚਾਇਆ ।
ਇਹ ਅਹਸਾਨ ਤੇਰੇ ਦਾ ਸ਼ਾਹਾ, ਉਮਰਾਂ ਸ਼ੁਕਰ ਗੁਜ਼ਾਰਾਂ ।
ਕਤਰਾ ਇੱਕ ਅਦਾ ਕਦ ਹੋਵੇ, ਵਿੱਚੋਂ ਬਹਰ ਹਜ਼ਾਰਾਂ ।
ਜ਼ੁਲੈਖ਼ਾ ਦੀ ਵਿਦਾਇਗੀ

ਮੁੜ ਕਾਸਿਦ ਤੈਮੂਸੇ ਅੱਗੇ, ਜਾਂ ਇਹ ਖ਼ਬਰ ਸੁਣਾਈ ।
ਦਾਜ ਦਹੇਜ ਤਿਆਰ ਕਰਾਇਉਸੁ, ਜ਼ਰਾ ਢਿੱਲ ਨ ਲਾਈ ।
ਸੁਣ ਕੇ ਖ਼ਬਰ ਕੁਬੂਲ ਜ਼ੁਲੈਖ਼ਾ, ਸ਼ੁਕਰ ਕਰੇ ਲੱਖ ਵਾਰੀ ।
ਹੁਣ ਵਿੱਚ ਘਰਾਂ ਸਮਾਵੇ ਨਾਹੀਂ, ਹੋਈ ਮਿਸਰ ਤਿਆਰੀ ।
.........................................................
ਉਮਰ ਦੁੱਖਾਂ ਦੀ ਪੂਰੀ ਹੋਈ, ਦਰਦ ਫ਼ਿਰਾਕਾਂ ਵਾਲੀ ।
ਮੈਂ ਹੁਣ ਦਿਲਬਰ ਦੇ ਘਰ ਵੱਸਣਾ, ਕਰ ਗ਼ੈਰੋਂ ਘਰ ਖ਼ਾਲੀ ।
ਜੈਂ ਵਲ ਦਿਲੋਂ ਚਿਰੋਕੀਆਂ ਤਾਂਘਾਂ, ਅੱਜ ਚੱਲੀ ਅਸਵਾਰੀ ।
ਲੈ ਰਿਜ਼ਵਾਨ ਚੱਲੇ ਵੱਲ ਜੱਨਤ, ਤਾਲਿਆ ਧਰੀ ਅਮਾਰੀ ।
.........................................................
ਮਾਪਿਆਂ ਟੋਰ ਜ਼ੁਲੈਖ਼ਾ ਦਿੱਤੀ, ਕਰ ਵੱਲ ਮਿਸਰ ਮੁਹਾਰਾਂ ।
ਦਾਜ ਦਹੇਜ ਦਿੱਤੇ ਕਿਆ ਆਖਾਂ, ਜ਼ੀਨਤ ਜ਼ੇਬ ਹਜ਼ਾਰਾਂ ।
ਕਈ ਹਜ਼ਾਰ ਗ਼ੁਲਾਮ ਕਨੀਜ਼ਾਂ, ਗੌਹਰ ਮਾਲ ਖ਼ਜ਼ਾਨੇ ।
ਤੁਹਫੇ ਰਖ਼ਤ ਚੌਪਾਏ ਜ਼ੇਵਰ, ਕੀਤੇ ਨਾਲ ਰਵਾਨੇ ।

(ਰਿਜ਼ਵਾਨ=ਜੱਨਤ ਦਾ ਦਰੋਗਾ, ਮੁਹਾਰਾਂ=ਵਾਗਾਂ, ਰਖ਼ਤ=
ਪੂੰਜੀ,ਮਾਲ)

ਜ਼ੁਲੈਖ਼ਾ ਦਾ ਮਿਸਰ ਵਿੱਚ ਪਹੁੰਚਣਾ

ਨਾਲ ਤਜੱਮੁਲ ਸ਼ੌਕਤ ਸ਼ਾਨੇ, ਤਰਫ਼ੇ ਮਿਸਰ ਪਹੁੰਚਾਈ ।
ਗਈ ਅਜ਼ੀਜ਼ੇ ਖ਼ਬਰ ਜ਼ੁਲੈਖ਼ਾ, ਮਿਸਰੋਂ ਨੇੜੇ ਆਈ ।
ਇਸਤਿਕਬਾਲ ਗਇਆ ਚੜ੍ਹ ਲੈ ਕੇ, ਮਿਸਰੀ ਲਸ਼ਕਰ ਸਾਰਾ ।
ਦੋ ਮੰਜ਼ਿਲ ਆ ਅਗੇ ਮਿਲਿਆ, ਕੀਤਾ ਪਾਸ ਉਤਾਰਾ ।
.........................................................
ਜਦੋਂ ਅਜ਼ੀਜ਼ ਤੰਬੂ ਦੇ ਅੱਗੇ, ਕਰਦਾ ਖੜਾ ਕਲਾਮਾਂ ।
ਤੇ ਇਸ ਹਾਲ ਦਸੇਂਦੀਆਂ ਖ਼ਬਰਾਂ, ਖ਼ਿਦਮਤਗਾਰ ਗ਼ੁਲਾਮਾਂ ।
.........................................................
ਵੇਲਾ ਵਸਲ ਕਰੀਬ ਹੋਇਆ ਈ, ਸ਼ੌਕੋਂ ਬਲੀਆਂ ਲਾਟਾਂ ।
ਮਿਲਿਆ ਯਾਰ ਜਿਦ੍ਹੀ ਵਿਚ ਤਲਬੇ, ਕੱਟ ਚੁੱਕੀਆਂ ਅੱਜ ਵਾਟਾਂ ।
.........................................................
ਦਾਈ ਕਹੇ ਨ ਹੋ ਬੇਸਬਰੀ ਦੇਖ ਹੁਣੇ ਦਿਖਲਾਵਾਂ ।
ਮੈਂ ਅਪਰਾਧਣ ਘਾਗੇਹਾਰੀ, ਤੈਨੂੰ ਯਾਰ ਮਿਲਾਵਾਂ ।
ਕਰਦ ਲਈਓ ਸੁ ਤੰਬੂ ਵਿਚਦੀ, ਛੋਟਾ ਛੇਕ ਲਗਾਇਆ ।
ਧੀਰੀ ਅੱਖੀਂ ਜੇਡ ਮੁਦੱਵਰ ਵੱਧ ਨ ਪਾੜ ਗਵਾਇਆ ।
ਜਿੱਥੇ ਅਜ਼ੀਜ਼ ਮੁਕਾਬਿਲ ਜ਼ਾਹਿਰ, ਪਰਦਿਓਂ ਨਜ਼ਰੀਂ ਆਵੇ ।
ਲੈ ਕੇ ਪਾਸ ਜ਼ੁਲੈਖ਼ਾ ਤਾਈਂ, ਉਂਗਲ ਨਾਲ ਦਿਖਾਵੇ ।
ਧੀਰੀ ਚਸ਼ਮ ਜ਼ੁਲੈਖ਼ਾ ਸੰਦੀ, ਜਾਂ ਉਸਦੇ ਵੱਲ ਵੱਗੀ ।
ਸੂਰਤ ਉਸ ਦੀ ਨੇਜ਼ਾ ਹੋ ਕੇ, ਜ਼ਹਰ ਵੱਖੀ ਪੁਰ ਲੱਗੀ ।

(ਤਜੱਮੁਲ=ਸ਼ਾਨ, ਵਸਲ=ਮੇਲ, ਮੁਦੱਵਰ=ਗੋਲ)

ਜ਼ੁਲੈਖ਼ਾ ਨੂੰ ਘੋਰ ਨਿਰਾਸ਼ਾ ਹੋਣੀ

ਦੇਖ ਅਜ਼ੀਜ਼ ਮਿਸਰ ਦੇ ਤਾਈਂ, ਕੂਕ ਕਹੇ ਉਹ ਨਾਹੀਂ ।
ਆਹ ਭਰੀ ਗ਼ਮ ਹੋਸ਼ ਗਵਾਏ, ਪਾਣੀ ਸੁਰਤ ਤਦਾਹੀਂ ।
ਦੇਖ ਕਹੇ ਜੋ ਖ਼ਵਾਬੇ ਡਿੱਠਾ, ਇਹ ਉਹ ਨਹੀਂ ਵਿਚਾਰਾ ।
ਉਹ ਖ਼ੁਰਸ਼ੀਦਿ-ਫ਼ਲਕ ਥੀਂ ਅਨਵਰ, ਜ਼ੱਰਾ ਇਹ ਨਕਾਰਾ ।
ਉਹ ਖ਼ੁਦ ਨੂਰ ਏਹੀ ਅੰਧੇਰਾ, ਸ਼ਹਦ ਉਹਾ ਇਹ ਮੱਖੀ ।
ਇਹ ਕੰਡਾ ਉਹ ਗੁਲ ਥੀਂ ਨਾਜ਼ਿਕ, ਜਿਸ ਵਿਚ ਖ਼ੂਬੀ ਰੱਖੀ ।
.........................................................
ਤਾਲਿਆ ਜ਼ਾਲਿਮ ਨਾਲ ਫ਼ਰੇਬਾਂ, ਮੈਨੂੰ ਪੁੱਟ ਗਵਾਇਆ ।
ਨ ਮੈਂ ਅੱਗੇ ਪਿੱਛੇ ਜੋਗੀ, ਦੁੱਖੀਂ ਦਰਦ ਸਵਾਇਆ ।
.........................................................
ਵਾਏ ਦਰੇਗ਼ ਮੇਰੀ ਵਾਹ ਕਿਸਮਤ, ਕਿਉਂ ਨਹੀਂ ਮਰ ਗਈਆਂ ।
ਨਾਜ਼ਿਕ ਜ਼ੁਲਫ਼ਾਂ ਲਭਦੀ ਤਾਈਂ, ਗ਼ਮ ਦੀਆਂ ਕੁੰਡੀਆਂ ਪਈਆਂ ।
ਕਿਆ ਕਰਾਂ ਹੁਣ ਕਿਉਂ ਕਰ ਜੀਵਾਂ, ਚੱਲੀ ਰਾਹ ਅਵੱਲੇ ।
ਆਪੇ ਤੇਗ਼ ਵਗਾਈ ਗਲ ਵਿਚ, ਹੁਣ ਕੁਝ ਪੇਸ਼ ਨ ਚੱਲੇ ।
.........................................................
ਐਸ ਸੁਹਾਗੋਂ ਖ਼ੂਬ ਰੰਡੇਪਾ, ਮਰਗ ਭਲੀ ਲਖ ਵਾਰੀ ।
ਨ ਮੈਂ ਨਾਲ ਵਿਆਹੀਆਂ ਰਲਦੀ, ਨ ਮੈਂ ਰਹੀ ਕਵਾਰੀ ।
.........................................................
ਖੁੱਲ੍ਹਾ ਤਾਲਿਅ ਦਾ ਲਿਸ਼ਕਾਰਾ, ਵਾਹਵਾ ਵਾਹਵਾ ਵਾਹਵਾ ।
ਹਿਰਸ ਹਵਾ ਹਵਸ ਦਾ ਕਾਰਾ, ਵਾਹਵਾ ਵਾਹਵਾ ਵਾਹਵਾ ।
ਮੁੜ ਦੁੱਖ ਖੜਾ ਖਿਲਾਰ ਖਲਾਰਾ, ਵਾਹਵਾ ਵਾਹਵਾ ਵਾਹਵਾ ।
ਓਹੋ ਸਿੱਰ ਖੁਲ੍ਹਾ ਮੁੜ ਸਾਰਾ, ਵਾਹਵਾ ਵਾਹਵਾ ਵਾਹਵਾ ।
..........................................................
ਮਰਾਂ ਨਹੀਂ ਤੇ ਹੈਫ਼ ਮੇਰੇ ਪੁਰ, ਐਡ ਕਜ਼ੀਆਂ ਵਾਲੀ ।
ਇਹ ਗੱਲ ਬੋਲ ਝੜੀ ਗ਼ਸ਼ ਖਾ ਕੇ, ਰਹੀ ਹਵਾਸੋਂ ਖ਼ਾਲੀ ।

(ਖ਼ੁਰਸ਼ੀਦਿ-ਫ਼ਲਕ=ਆਸਮਾਨ ਦਾ ਸੂਰਜ, ਅਨਵਰ=ਰੌਸ਼ਨ,
ਮਰਗ=ਮੌਤ, ਸਿੱਰ=ਭੇਦ, ਹੈਫ਼=ਅਫਸੋਸ, ਹਵਾਸੋਂ=ਸੂਝ ਬੂਝ)

ਗ਼ੈਬੋਂ ਬਸ਼ਾਰਤ ਦਾ ਮਿਲਣਾ

ਬੇਹੋਸ਼ੀ ਵਿੱਚ ਗ਼ੈਬੋਂ ਸੁਣਿਆਂ, ਹੋਸ਼ ਸੰਭਾਲ ਜ਼ੁਲੈਖ਼ਾ ।
ਹੈ ਮਾਲਮ ਅੰਦਰ ਦਰਗਾਹੇ, ਤੇਰਾ ਹਾਲ ਜ਼ੁਲੈਖ਼ਾ ।
ਏਸੇ ਦੇ ਘਰ ਮਿਲਸੀ ਤੈਨੂੰ, ਉਹ ਮਹਬੂਬ ਪਿਆਰਾ ।
ਜਿਸਦੀ ਸੂਰਤ ਦਾ ਦਿੱਸ ਆਇਆ, ਤੁਧ ਖ਼ਵਾਬੀ ਚਮਕਾਰਾ ।
ਤੇ ਇਹ ਖ਼ਾਵੰਦ ਨਾਮ, ਜੋ ਧਰਿਆ, ਨ ਇਸ ਥੀਂ ਡਰ ਕਾਈ ।
ਮੈਲੀ ਨਜ਼ਰ ਜੋ ਤੈਂ ਵੱਲ ਤੱਕੇ, ਤਾਕਤ ਏਸ ਕਿਆ ਈ ।
........................................................
ਜਾਂ ਇਹ ਗ਼ੈਬੋਂ ਸੁਣੀ ਬਸ਼ਾਰਤ, ਪਈ ਤਸੱਲੀ ਕਾਈ ।
ਪਰ ਉਹ ਦਰਦ ਵਿਛੋੜੇ ਵਾਲਾ, ਮੱਧਮ ਥੀਆ ਨ ਕਾਈ ।
ਦਾਈ ਦਾ ਵਿਰਲਾਪ

ਮੁੱਠੀ ਭਰੇ ਤੇ ਪੱਖਾ ਝੱਲੇ, ਸਿਰ ਉੱਤੇ ਹੱਥ ਫੇਰੇ ।
ਬੰਨ੍ਹ ਲਿਆਏ ਮੁਲਕ ਪਰਾਏ ਤਾਲਿਆ ਤੇਰੇ ਮੇਰੇ ।
...................................................
ਦਾਈ ਰੋ ਰੋ ਵੈਣ ਕਰੇਂਦੀ, ਨਾਲ ਦੁੱਖਾਂ ਦਿਲ ਛਣਿਆ ।
ਬਣਿਆਂ ਦੁੱਖ ਜਿਨ੍ਹਾਂ ਦੇ ਸਿਰ ਤੇ, ਓੜਕ ਸਹਣਾ ਬਣਿਆ ।
ਦਿਨ ਦਾ ਚੜ੍ਹਨਾ ਤੇ ਕੂਚ

ਰੋਂਦੀ ਤੇ ਕੁਰਲਾਂਦੀ ਤਾਈਂ, ਏਵੇਂ ਰਾਤ ਵਿਹਾਈ ।
ਸੁਬਹ ਹੋਈ ਡੁੱਬ ਗਏ ਸਿਤਾਰੇ, ਵਿੱਚ ਬਹਰਿ-ਰੁਸ਼ਨਾਈ ।
....................................................
ਨੌਬਤ ਕੂਚ ਦੀ ਖੜਕੀ ਤਦ ਨੂੰ, ਮਿਸਰੀਆਂ ਦੇ ਦਰਬਾਰੇ ।
ਜ਼ੀਨ ਕਸਾਏ ਅਸਪ ਸਿਪਾਹੀਆਂ, ਵਾਗ ਫੜੀ ਖਲਿਆਰੇ ।
ਤੰਬੂ ਪੁੱਟ ਲਦਾਏ ਸ਼ੁਤਰੀਂ, ਕੀਤੀ ਫ਼ੌਜ ਤਿਆਰੀ ।
ਤੰਬੂ ਵਿੱਚੋਂ ਕੱਢ ਜ਼ੁਲੈਖ਼ਾ, ਚਾਹੜੀ ਵਿਚ ਅਮਾਰੀ ।
......................................................
ਨਾਕਾ ਉੱਤੇ ਵਿੱਚ ਅਮਾਰੀ, ਤੈਮੂਸੇ ਦੀ ਪਿਆਰੀ ।
ਗਲ ਦਾਈ ਘੱਤ ਬਾਹਾਂ ਦੋਵੇਂ, ਕਰਦੀ ਗਿਰਯਾਜ਼ਾਰੀ ।
ਦੇਖ ਮਾਈ ਮੈਂ ਦਰਦਾਂ ਵਾਲੀ, ਜ਼ਾਲਿਮ ਬੰਨ੍ਹ ਲੈ ਚੱਲੇ ।
ਦਿਲ ਮੇਰੇ ਨੂੰ ਦਿਲਬਰ ਵਾਲਾ, ਦਰਦ ਵਿਛੋੜਾ ਸੱਲੇ ।
.......................................................
ਜਿਸ ਮਹਬੂਬ ਪਿਆਰੇ ਵੱਲੋਂ, ਮੈਨੂੰ ਨਿੱਤ ਉਡੀਕਾਂ ।
ਉਸਦੇ ਸ਼ੌਕੇ ਤਲਬ ਨੇ ਲਾਈਆਂ, ਦਰਦਮੰਦੀ ਦੀਆਂ ਲੀਕਾਂ ।
ਇਵੇਂ ਬਹੁਤੇਰੇ ਤਰਲੇ ਕਰਦੀ, ਦਾਈ ਦਾ ਸਿਰ ਖਾਂਦੀ ।
ਤੇ ਦਾਈ ਵਿਚ ਦਿਲ ਦੇ ਭੁਜਦੀ, ਪਰ ਕੁਛ ਪੇਸ਼ ਨ ਜਾਂਦੀ ।

(ਬਹਰਿ-ਰੁਸ਼ਨਾਈ=ਰੌਸ਼ਨੀ ਦਾ ਸਮੁੰਦਰ, ਨੌਬਤ=ਧੌਂਸਾ,
ਅਸਪ=ਘੋੜੇ, ਨਾਕਾ=ਊਠਣੀ)

ਅਜ਼ੀਜ਼ ਖ਼ੁਸ਼ੀ ਦੇ ਘਰ ਵਿਚ

ਤੇ ਉਹ ਹਾਲ ਅਜ਼ੀਜ਼ੇ ਵਾਲਾ, ਕੀ ਆਖਾਂ ਵਿਚ ਸ਼ਾਦੀ ।
ਤੇ ਉਹ ਇਸ ਦੀਆਂ ਸ਼ੌਕਤ-ਸ਼ਾਨਾਂ, ਖ਼ੁਸ਼ਨੂਦੀ ਆਜ਼ਾਦੀ ।
.......................................................
ਤਬਲ ਤੰਬੂਰਾ ਤੇ ਸਾਰੰਗੀ, ਢੋਲ ਬੱਦਲ ਜਿਉਂ ਗੱਜੇ ।
ਨਰਮ ਆਵਾਜ਼ ਰਬਾਬ ਸਤਾਰਾਂ, ਇਕ ਵਲ ਤੂੰਬਾ ਵੱਜੇ ।
ਬੈਂਸਰੀਆਂ ਵਿਚ ਗ਼ਜ਼ਲਾਂ ਗਾਵਣ, ਵੰਝਲੀਆਂ ਵਿਚ ਦੋਹੜੇ ।
ਮਸਤ ਆਵਾਜ਼ ਗੋਯਾ ਸੀ ਇਸ਼ਕੋਂ, ਆਪ ਰੁੜ੍ਹੀ ਕੁਝ ਰੋੜ੍ਹੇ ।
.........................................................
ਤੇ ਜੋ ਖ਼ੁਸ਼ੀ ਅਜ਼ੀਜ਼ੇ ਦਿਲ ਵਿੱਚ, ਉਹ ਵਿੱਚ ਲਿਖਣ ਨ ਆਵੇ ।
ਦੇਖੇ ਸ਼ਾਨ ਤੇ ਖਿਲਖਿਲ ਹੱਸੇ, ਘੋੜਾ ਜ਼ੌਕ ਦੁੜਾਵੇ ।

(ਖ਼ੁਸ਼ਨੂਦੀ=ਖ਼ੁਸ਼ੀ,ਰਜ਼ਾਮੰਦੀ)

ਜ਼ੁਲੈਖ਼ਾ ਤੇ ਅਜ਼ੀਜ਼ ਦੀਆਂ ਹਾਲਤਾਂ ਦਾ ਟਾਕਰਾ

ਇਹ ਖ਼ੁਸ਼ੀਆਂ ਦੇ ਹਾਲੇ ਸੁਣ ਸੁਣ, ਕਰੇ ਜ਼ੁਲੈਖ਼ਾ ਜ਼ਾਰੀ ।
ਤੇ ਉਹ ਆਪ ਅਜ਼ੀਜ਼ ਮਿਸਰ ਦਾ, ਸ਼ੁਕਰ ਕਰੇ ਲਖ ਵਾਰੀ ।
ਇਹ ਰੋਂਦੀ ਉਹ ਹੱਸਦਾ ਫਿਰਦਾ, ਇਹ ਪਿੱਟਦੀ ਉਹ ਨਚਦਾ ।
ਉਹ ਖ਼ੁਸ਼ੀਓਂ ਹੱਥ ਨਰਮ ਗ਼ਿਜ਼ਾਈਂ, ਏਸ ਤੁਆਮ ਨ ਪਚਦਾ ।
...............................................................
ਇਸਦੀਆਂ ਗ਼ਮ ਵਿਚ ਲੰਮੀਆਂ ਆਹੀਂ, ਅੰਦਰ ਵਾਰ ਜਿਗਰ ਦੇ ।
ਉਸਦੀਆਂ ਜੰਗਲ ਵਿਚ ਦੁਹਾਈਆਂ, ਖ਼ਾਦਿਮ ਖ਼ੁਸ਼ੀਆਂ ਕਰਦੇ ।
ਏਸੇ ਹਾਲੇ ਇਹ ਸਭ ਲਸ਼ਕਰ, ਨੀਲ ਨਦੀ ਪੁਰ ਆਏ ।
ਲੰਘ ਚੱਲੇ ਵਿਚ ਮਸਤੀਆਂ ਜ਼ੌਕਾਂ, ਮਿਸਰ ਮਹਲ ਦਿਸ ਆਏ ।
ਜ਼ੁਲੈਖ਼ਾ ਦੀ ਦਾਈ ਪਾਸ ਫ਼ਰਿਆਦ

ਰੋ ਰੋ ਦਾਈ ਪਾਸ ਜ਼ੁਲੈਖ਼ਾ, ਕੀਤੇ ਨੈਣ ਰੰਗੀਲੇ ।
ਵਿੱਚ ਦਰਿਆਏ ਮਾਤਮ ਵਾਲੇ, ਕਰਾਂ ਪੈਰਾਹਿਨ ਨੀਲੇ ।
ਨੈਣ ਮੇਰੇ ਅਜ ਵੈਣ ਕਰੇਂਦੇ, ਬੈਠੇ ਤੋੜ ਵਸੀਲੇ ।
ਯਾਰ ਨ ਮਿਲਿਆ ਮੈਂ ਮਰ ਗੁਜ਼ਰੀ, ਕਰ ਥੱਕੀ ਲੱਖ ਹੀਲੇ ।
.......................................................
ਸਾੜ ਬਿਰਹੋਂ ਨੇ ਬਾਲਣ ਕੀਤੀ,. ਜਾਨ ਮੇਰੀ ਬੇਚਾਰੀ ।
ਨੈਂ ਵਗਦੀ ਵਿੱਚ ਘੱਤ ਗੁਜ਼ਾਰੋ, ਅੱਗ ਬੁਝੇ ਇਕ ਵਾਰੀ ।
ਨੀਲ ਨਦੀ ਦੀ ਠਾਠ ਗ਼ਜ਼ਬ ਦੀ, ਕਰੋ ਮੇਰੀ ਕੁਰਬਾਨੀ ।
ਇਕ ਵਾਰੀ ਮੈਂ ਰੁੜ੍ਹਦੀ ਦੇਖਾਂ, ਦਿਲ ਦੀ ਸਰਗਰਦਾਨੀ ।
ਅਜ਼ੀਜ਼ ਦੇ ਮਹਲਾਂ ਵਿੱਚ

ਇਹ ਰੋਂਦੀ ਦੀ ਗੁਜ਼ਰ ਅਮਾਰੀ, ਨਦੀਓਂ ਪਾਰ ਸਿਧਾਰੀ ।
ਤੇ ਉਹ ਜ਼ੀਨਤ ਨਾਲ ਸ਼ੰਗਾਰੀ, ਮਿਸਰੀਆਂ ਦੀ ਅਸਵਾਰੀ ।
ਜਾਂ ਅਸਵਾਰੀ ਵੜੀ ਮਿਸਰ ਵਿੱਚ, ਖ਼ੈਰ ਵੰਡਣ ਖ਼ੈਰਾਤਾਂ ।
ਜਸ਼ਨ ਰਹੇ ਵਿੱਚ ਮਿਸਰੇ ਖ਼ੁਸ਼ੀਓਂ, ਦਿਨ ਕਿਤਨੇ ਕਈ ਰਾਤਾਂ ।
............................................................
ਖ਼ਾਤਿਰਦਾਰੀ ਰੱਖੇ ਉਸਦੀ, ਆਪ ਅਜ਼ੀਜ਼ ਬੇਚਾਰਾ ।
ਤੇ ਉਹ ਕਹਿਆ ਹਾਤਿਫ਼ ਵਾਲਾ, ਹੋਇਆ ਪੂਰਾ ਸਾਰਾ ।
.........................................................
ਜ਼ਾਹਿਰ ਜ਼ਾਹਿਰ ਗੱਲਾਂ ਕਰਦੀ, ਦਿਲ ਵਿਚ ਕਰਦੀ ਜ਼ਾਰੀ ।
ਰਾਤ ਪਵੇ ਤੇ ਕੱਲੀ ਬਹਕੇ, ਕਰੇ ਵਲਾਪ ਬੇਚਾਰੀ ।
.........................................................
ਵੱਜਣ ਸੱਲ ਜਿਗਰ ਨੂੰ ਤਾਜ਼ੇ, ਕੌਲ ਪੱਕੇ ਦਿਲ ਸੱਲਣ ।
ਰਾਤ ਜਗੇਂਦੀ ਵੈਣ ਕਰੇਂਦੀ, ਨੈਣ ਨ ਨੀਂਦਰ ਝੱਲਣ ।
ਵਰ੍ਹਿਆਂ ਰਹੀ ਉਡੀਕਾਂ ਅੰਦਰ, ਰੋਂਦੀ ਤੇ ਕੁਰਲਾਂਦੀ ।
ਮਹਰੂਮੀ ਵਿਚ ਦਿਲ ਨੂੰ ਜਾਲੇ, ਪਰ ਕੁਛ ਪੇਸ਼ ਨ ਜਾਂਦੀ ।
ਨ ਉਹ ਯਾਰ ਦਿਸ ਆਇਆ ਜ਼ਾਹਿਰ, ਨ ਆਇਆ ਵਿੱਚ ਖ਼ਵਾਬੇ ।
ਤਦਬੀਰਾਂ ਕੁਝ ਚੱਲਣ ਨਾਹੀਂ, ਜਲਦੀ ਜਾਨ ਅਜ਼ਾਬੇ ।
ਦਾਈ ਦਾ ਤਰਲਾ

ਕਹੇ ਜ਼ੁਲੈਖ਼ਾ ਦਾਈ ਤਾਈਂ, ਸੁਣ ਲੈ ਮਾਂ ਪਿਆਰੀ ।
ਮਾਲਮ ਤੈਨੂੰ ਹਾਲਾ ਮੇਰਾ, ਗ਼ਮ ਦੀ ਗਿਰਯਾਜ਼ਾਰੀ ।
ਕੱਢ ਕਮਾਣ ਅਕਲ ਦੀ ਕੋਈ, ਮਾਰੀਂ ਤੀਰ ਅਵੇਹਾ ।
ਵੱਜੇ ਵਿੱਚ ਮੁਰਾਦ ਨਿਸ਼ਾਨੇ, ਘੱਲੇ ਯਾਰ ਸੁਨੇਹਾ ।
...................................................
ਮੈਂ ਬੇਦਿਲ ਦੀ ਕਰ ਕੁਝ ਕਾਰੀ, ਜੇ ਤੂੰ ਬਹੁਤ ਪਿਆਰੀ ।
ਸੁਣ ਦਾਈ ਸਿਰ ਨੀਵਾਂ ਕਰਕੇ ਰੋਈ ਜ਼ਾਰੋ ਜ਼ਾਰੀ ।
ਜੇ ਮੈਂ ਐ ਫ਼ਰਜ਼ੰਦ ਪਿਆਰੀ, ਕਰ ਸਕਦੀ ਕੁਝ ਕਾਰੀ ।
ਸਿਰ ਤੇਰੇ ਕਦ ਆਵਣ ਦੇਂਦੀ, ਐਡ ਮੁਸੀਬਤ ਭਾਰੀ ।
..........................................................
ਦਾਈ ਕਰੇ ਦੁਆਈਂ ਰੋ ਰੋ, ਅੱਲਾ ਦੇ ਦਰਬਾਰੇ ।
ਇਸ ਬੁੱਢੀ ਦੇ ਅਜਜ਼ ਦੁਆਓਂ, ਅਸਰ ਖੁਲ੍ਹਾ ਇਕ ਵਾਰੇ ।
ਕਰੋ ਗ਼ੁਲਾਮ ਰਸੂਲ ਦੁਆਈਂ, ਵੈਦ ਮਿਲੇ ਬੀਮਾਰਾਂ ।
ਤੇ ਬੀਮਾਰੀਆਂ ਕੱਟ ਗਵਾਵੇ, ਯਾਰ ਮਿਲਾਵੇ ਯਾਰਾਂ ।
17. ਯੂਸੁਫ਼ ਦਾ ਵਿਕ ਕੇ ਜ਼ੁਲੈਖ਼ਾ ਕੋਲ ਪਹੁੰਚਣਾ

ਜਿਸਨੂੰ ਯਾਰ ਵਿਕੇਂਦਾ ਲੱਭੇ, ਕੀਮਤ ਹੋਵਸ ਪੱਲੇ ।
ਉਸ ਦੇ ਜੇਡ ਨ ਤਾਲਿਅ ਵਾਲਾ, ਉਸਦੇ ਕਰਮ ਸੁਵੱਲੇ ।
.....................................................
ਜਿਨ੍ਹੀਂ ਦਿਨੀਂ ਵਿਚ ਖੂਹੇ ਯੂਸੁਫ਼, ਸੁੱਟ ਵਗਾਇਆ ਭਾਈਆਂ ।
ਬੈਠੀ ਮਿਸਰ ਜ਼ੁਲੈਖ਼ਾ ਦਿਲ ਵਿਚ, ਗ਼ਮ ਦੀਆਂ ਨੋਕਾਂ ਲਾਈਆਂ ।
.....................................................
ਜਿਉਂ ਜਿਉਂ ਕਰੇ ਮਲਾਮਤ ਦਿਲ ਨੂੰ, ਲਾ ਲਾ ਸਾਰੀਆਂ ਵਾਹੀਂ ।
ਉਸਦਾ ਕਦਮ ਦੁੱਖਾਂ ਦੀ ਤਰਫ਼ੇ, ਵਧਦਾ ਗਇਆ ਅਗਾਹੀਂ ।
ਯੂਸੁਫ਼ ਦੀ ਢੂੰਡ

ਨ ਸਹ ਸੱਕੀ ਹੁਕਮ ਕਰੇਂਦੀ, ਸੱਦ ਅਮਾਰੀਦਾਰਾਂ ।
ਦਾਈ ਨਾਲ ਕਨੀਜ਼ਾਂ ਲੈ ਕੇ, ਧਾਈ ਵੱਲ ਗੁਲਜ਼ਾਰਾਂ ।
.....................................................
ਓੜਕ ਦੌੜ ਵਗੀ ਗੁਲਜ਼ਾਰੋਂ, ਕਰਦੀ ਦਰਦ ਪੁਕਾਰੇ ।
ਲਕ-ਦਕ ਜੰਗਲ ਦੇ ਵਿਚ ਰੋ ਰੋ, ਕਿਤਨੇ ਰੋਜ਼ ਗੁਜ਼ਾਰੇ ।
ਇਸ਼ਕ ਉਜਾੜੇ ਘੱਤ ਪੁਵਾੜੇ, ਵਸਦਿਆਂ ਰਹਣ ਨ ਦੇਵੇ ।
ਵੱਸੋਂ ਉਜਾੜ ਨਜ਼ਰ ਵਿੱਚ ਦਿੱਸੇ, ਇਸ਼ਕ ਜਿਨ੍ਹਾਂ ਦਿਲ ਲੇਵੇ ।
..........................................................
ਗਈ ਜ਼ੁਲੈਖ਼ਾ ਵਿੱਚ ਉਜਾੜਾਂ, ਤਾਂ ਭੀ ਸਬਰ ਨ ਆਇਆ ।
ਤਿੰਨ ਦਿਨਾਂ ਤਿੰਨ ਰਾਤਾਂ ਤਾਈਂ, ਦਰਦ ਕਜ਼ੀਆ ਪਾਇਆ ।
...........................................................
ਲੋਕ ਰਹੇ ਕੁਰਬਾਨ ਮਿਸਰ ਵਿਚ, ਯੂਸੁਫ਼ ਦੇ ਦੀਦਾਰੋਂ ।
ਉਹ ਬੇਖ਼ਬਰ ਫਿਰੇ ਵਿਚ ਜੰਗਲ, ਮਿਸਰ ਆਬਾਦੀ ਪਾਰੋਂ ।
ਇਹ ਵੀਰਾਨ ਆਬਾਦੀ ਮਿਸਰੇ, ਇਹ ਰੋਂਦੀ ਜੱਗ ਹੱਸਦਾ ।
ਬੇਮਕਸੂਦ ਫਿਰੇ ਇਹ ਭੌਂਦੀ, ਉੱਜੜੀ ਦਾ ਘਰ ਵੱਸਦਾ ।
ਜਾਂ ਯੂਸੁਫ਼ ਦੀ ਕੀਮਤ ਚੁੱਕਦੀ, ਖ਼ਲਕ ਖਰੀਦਣ ਆਈ ।
ਤਦੋਂ ਜ਼ੁਲੈਖ਼ਾ ਜੰਗਲ ਤਰਫ਼ੋਂ, ਮੁੜ ਵੱਲ ਮਿਸਰ ਸਿਧਾਈ ।
ਵਿੱਚ ਅਮਾਰੀ ਨਾਲ ਕਨੀਜ਼ਾਂ, ਗੁਜ਼ਰੀ ਜੌਲਾਂਗਾਹੇ ।
ਮੁਸ਼ਤਰੀਆਂ ਹੱਥ ਜਾਨਾਂ ਵਿਕੀਆਂ, ਮਜਲਿਸ ਦੇ ਵਿੱਚ ਰਾਹੇ ।
ਖ਼ਲਕ ਡਿੱਠੀ ਸੁ ਬਾਝ ਸ਼ੁਮਾਰੋਂ, ਸਾਰੇ ਸ਼ਹਰ ਪੁਕਾਰਾ ।
ਪਰਦਾ ਚਾ ਨਿਗਾਹ ਵਗਾਈਸੁ, ਡਿੱਠਾ ਆਲਮ ਸਾਰਾ ।
ਹਾਲ ਪੁੱਛੇ ਇਥੇ ਕਿਆ ਅਚੰਭਾ, ਬਾਂਦੀਆਂ ਰਾਜ਼ ਦਸਾਏ ।
ਯੂਸੁਫ਼ ਨਾਮ, ਬੰਦਾ ਕਨਆਨੀ, ਵਿਕਦਾ ਹੈ ਇਤ ਜਾਏ ।
ਕਹੇ ਜ਼ੁਲੈਖ਼ਾ ਕੇਡਕ ਬੰਦਾ, ਜਿਸਨੇ ਖ਼ਲਕ ਨਵਾਈ ।
ਕਹਣ ਕਨੀਜ਼ਾਂ ਹੁਸਨ ਜਮਾਲੋਂ, ਇਸਦੇ ਜੇਡ ਨ ਕਾਈ ।
......................................................
ਕਰੇ ਵਿਚਾਰ ਨਜ਼ਰ ਕਰ ਦੇਖਾਂ, ਡਿੱਠੋਸੁ ਘੱਤ ਨਜ਼ਾਰਾ ।
ਪਈ ਨਜ਼ਰ ਛੁੱਟ ਗਈਆਂ ਆਹੀਂ, ਲਇਆ ਪਛਾਣ ਪਿਆਰਾ ।
ਝੜੀ ਗ਼ਸ਼ੋਂ ਮਹਬੂਬਾ ਵਾਰੀ, ਮੈਂ ਵਿੱਕ ਗਈ ਨਜ਼ਾਰੀਂ ।
ਕਿਥੋਂ ਆਇਓਂ ਵਿਕਦਾ ਫਿਰਦਾ, ਸ਼ਹਰਾਂ ਦੇ ਬਾਜ਼ਾਰੀਂ ।
........................................................
ਕਹੇ ਪੁਕਾਰ ਏਹਾ ਹੀ ਦਾਈ, ਮੇਰੀਆਂ ਖ਼ਵਾਬਾਂ ਵਾਲਾ ।
ਇਸ਼ਕ ਜਿਦ੍ਹੇ ਵਿਚ ਗੋਦ ਖਲੇਂਦਿਆਂ, ਪੀਤਾ ਜ਼ਹਰ ਪਯਾਲਾ ।
........................................................
ਚੌਥੀ ਵਾਰੀ ਡਿੱਠਾ ਅੱਜ ਓਹਾ, ਜਿਸਦੇ ਨਿੱਤ ਝੁਰੇਵੇਂ ।
ਮਿੰਨਤ ਕਰਦਿਆਂ ਹੱਥ ਨ ਆਇਆ, ਲੱਭ ਪਇਆ ਅੱਜ ਐਵੇਂ ।

(ਲਕ-ਦਕ=ਸੁੰਨਸਾਨ, ਬੇਮਕਸੂਦ=ਬੇਮਤਲਬ, ਜੌਲਾਂਗਾਹੇ=
ਸੈਰਗਾਹਾਂ)

ਜ਼ੁਲੈਖ਼ਾ ਦੀ ਦਿਲਸ਼ਾਦੀ ਅਤੇ ਤਰਲਾ

ਲਓ ਸਹੇਲੀਓ ਨਜ਼ਰਾਂ ਖੋਲ੍ਹੋ, ਸੋਹਣੇ ਦਾ ਮੂੰਹ ਤੱਕੋ ।
ਇਸ ਥੀਂ ਦੂਰ ਨਹੀਂ ਛਲ ਜਾਣਾ, ਫੇਰ ਕਿੱਥੋਂ ਤੱਕ ਸੱਕੋ ।
ਦੇਖੋ ਨੀ ਇਸ ਨਾਰ ਸੁੱਤੀ ਨੂੰ, ਟੁੰਬ ਚਵਾਤੀਆਂ ਲਾਈਆਂ ।
ਦੇਖੋ ਨੀ ਇਸ ਬੇਪਰਵਾਹੀਆਂ ਫੇਰ ਨ ਝਾਤੀਆਂ ਪਾਈਆਂ ।
..........................................................
ਦੇਖੋ ਨੀ ਇਹ ਮੈਨੂੰ ਕਹ ਗਇਆ, ਤੂੰ ਮੇਰੀ ਮੈਂ ਤੇਰਾ ।
ਦੇਖੋ ਨੀ ਹੁਣ ਸਾਰੇ ਜਗ ਵਿੱਚ, ਕਿਉਂ ਕਰ ਬੈਠਾ ਡੇਰਾ ।
ਦੇਖੋ ਨੀ ਹੈ ਮੇਰਾ ਸਾਹਿਬ, ਯਾ ਹੈ ਸਾਰੇ ਜਗ ਦਾ ।
ਮੈਂ ਇਸਦੀ ਇਹ ਮੇਰਾ ਆਖ਼ਿਰ, ਹੋਰਾਂ ਦਾ ਕੀ ਲਗਦਾ ।
........................................................
ਝਬ ਅਮਾਰੀ-ਦਾਰੋ ਮੈਨੂੰ, ਚਲ ਸੁੱਟੋ ਦਰਵਾਜ਼ੇ ।
ਮਤ ਕੋ ਹੋਰ ਵਿਹਾਜ ਲੈ ਜਾਵੇ, ਮੁੱਲ ਘੱਲਾਂ ਅੰਦਾਜ਼ੇ ।
ਯੂਸੁਫ਼ ਨੂੰ ਖ਼ਰੀਦਣਾ

ਅੰਦਰ ਵਾਰ ਗਈ ਲੈ ਦਾਈ, ਹੋਸ਼ ਕਹੇ ਕਰ ਕਾਈ ।
ਖੋਹਲ ਅੱਖੀਂ ਕੁਝ ਕਰ ਲੈ ਕਾਰੀ, ਮਤ ਰਹਸੇਂ ਪਛਤਾਈ ।
ਬੈਠੀ ਹੋਸ਼ ਸੰਭਾਲ ਜ਼ੁਲੈਖ਼ਾ, ਖ਼ਾਲੀ ਸਬਰ ਕਰਾਰੋਂ ।
ਖ਼ਬਰ ਕਿਆ ਅੱਜ ਕੌਣ ਸੁਹਾਗਣ, ਇਸਦੇ ਵਣਜ ਵਪਾਰੋਂ ।
..........................................................
ਬਾਂਦੀ ਘੱਲ ਅਜ਼ੀਜ਼ ਬੁਲਾਇਆ, ਝਬਦੇ ਇਸ ਫ਼ਰਮਾਇਆ ।
ਜਾ ਖ਼ਰੀਦ ਬੰਦਾ ਕਨਆਨੀ, ਜੋ ਅੱਜ ਵਿਕਦਾ ਆਇਆ ।
ਗਇਆ ਅਜ਼ੀਜ਼ ਚੁਕਾਵੇ ਕੀਮਤ, ਦੱਸੀਂ ਬਾਜ਼ਰਗਾਨਾਂ ।
ਜੋ ਮੰਗੇਂ ਸੋ ਲੈ ਯੂਸੁਫ਼ ਦਾ, ਹਾਜ਼ਿਰ ਮਾਲ ਖ਼ਜ਼ਾਨਾ ।
ਕਹੇ ਫ਼ਰਿਸ਼ਤਾ ਮਾਲਿਕ ਤਾਈਂ, ਸੁਣ ਤਦਬੀਰ ਹਮਾਰੀ ।
ਲੈ ਯੂਸੁਫ਼ ਦੇ ਤੋਲ ਬਰਾਬਰ, ਅਜ਼ਫ਼ਰ ਮੁਸ਼ਕ ਤਾਤਾਰੀ ।
ਅੰਬਰ ਤੇ ਕਾਫ਼ੂਰ ਦਿਰਮ ਤੇ, ਲਾਲ ਜ਼ਰੋਂ ਦੀਨਾਰੋਂ ।
ਹਰ ਹਮਵਜ਼ਨ ਤੁਲਾ ਧਰ ਛਾਬੇ, ਪਾਵੇਂ ਨਫ਼ਾ ਵਪਾਰੋਂ ।
ਮਾਲਿਕ ਕਹੇ ਅਜ਼ੀਜ਼ੇ ਤਾਈਂ, ਤੋਲ ਦੇਹੋ ਮੁੱਲ ਸਾਰਾ ।
ਥੋੜ੍ਹਾ ਮੰਗਿਓਈ ਬਾਜ਼ਰਗਾਨਾ, ਕਹੇ ਅਜ਼ੀਜ਼ ਬੇਚਾਰਾ ।
......................................................
ਕੁਲ ਖ਼ਜ਼ਾਨੇ ਪੁਰ ਜ਼ਰ ਜੇਹੜੇ, ਕਰ ਤਦਬੀਰ ਚੜ੍ਹਾਏ ।
ਯੂਸੁਫ਼ ਤਨਹਾ ਸਭ ਥੀਂ ਭਾਰਾ, ਇਹ ਹਮਵਜ਼ਨ ਨ ਆਏ ।
........................................................
ਹੈਰਾਨੀ ਵਿਚ ਸ਼ਾਹ ਮਿਸਰ ਦਾ, ਕਹੰਦਾ ਮਾਲਿਕ ਤਾਈਂ ।
ਯੂਸੁਫ਼ ਦਾ ਮੁੱਲ ਅਦਾ ਨ ਹੋਵੇ, ਮੈਥੀਂ ਮੂਲ ਕਦਾਹੀਂ ।
ਮਾਲਿਕ ਖ਼ੁਸ਼ ਹੋ ਯੂਸੁਫ਼ ਤਾਈਂ, ਹੱਥ ਅਜ਼ੀਜ਼ ਫੜਾਇਆ ।
ਜੋ ਛਾਬੇ ਵਿਚ ਚੜ੍ਹਿਆ ਸ਼ਾਹਾ, ਅਸਾਂ ਕਬੂਲੋਂ ਆਇਆ ।
........................................................
ਬਰਕਤ ਨਾਲ ਨਿਗਾਹੇ ਯੂਸੁਫ਼, ਓਵੇਂ ਭਰੇ ਖ਼ਜ਼ਾਨੇ ।
ਖ਼ਾਜ਼ਿਨ ਦੇਖ ਰਹਿਆ ਮੁਤਅੱਜਬ, ਕੀਤਾ ਫ਼ਜ਼ਲ ਖ਼ੁਦਾ ਨੇ ।
ਓਵੇਂ ਆਣ ਅਜ਼ੀਜ਼ੇ ਤਾਈਂ, ਖ਼ਾਜ਼ਿਨ ਖ਼ਬਰ ਸੁਣਾਈ ।
ਸ਼ਾਹਾ ਯੂਸੁਫ਼ ਬਰਕਤ ਵਾਲਾ, ਇਸਦੇ ਜੇਡ ਨ ਕਾਈ ।
ਇਸਦੀ ਬਰਕਤ ਕੁੱਲ ਖ਼ਜ਼ਾਨੇ, ਮੁੜ ਪੁਰ ਹੋਏ ਸਾਰੇ ।
ਦਾਮ ਦਿਰਮ ਕੁਝ ਗਇਆ ਨ ਤੇਰਾ, ਅੰਦਰ ਏਸ ਵਪਾਰੇ ।

(ਅਜ਼ਫ਼ਰ=ਖ਼ਾਲਿਸ, ਮੁਸ਼ਕ=ਕਸਤੂਰੀ, ਅੰਬਰ=ਖ਼ੁਸ਼ਬੂਦਾਰ
ਵਸਤੂ, ਦਿਰਮ=ਸਿੱਕਾ, ਦੀਨਾਰ=ਸੋਨੇ ਦਾ ਸਿੱਕਾ,ਅਸ਼ਰਫ਼ੀ,
ਮੁਤਅੱਜਬ=ਹੈਰਾਨ)

ਮਾਲਿਕ ਨੂੰ ਅਸੀਸ

ਯੂਸੁਫ਼ ਵੇਚ ਦਿੱਤਾ ਜਾਂ ਮਾਲਿਕ, ਲੈ ਕੀਮਤ ਖ਼ੁਸ਼ ਹੋਇਆ ।
ਫਿਰ ਯੂਸੁਫ਼ ਦਾ ਕਦਰ ਖੁੱਲ੍ਹਾ ਸੋ, ਮੁੜ ਡਿੱਠਾ ਤੇ ਰੋਇਆ ।
ਪਹਲੇ ਉਸਦੀਆਂ ਅੱਖੀਂ ਅੰਦਰ, ਯੂਸੁਫ਼ ਕਦਰ ਨ ਜਾਪੇ ।
ਵੇਚ ਦਿੱਤਾ ਸੋ ਜ਼ਾਹਿਰ ਹੋਇਆ, ਪਛਤਾਇਆ ਫਿਰ ਆਪੇ ।
ਯੂਸੁਫ਼ ਦੇ ਵੱਲ ਘੱਤ ਨਜ਼ਾਰਾ, ਡਿੱਗਿਆ ਹੋਸ਼ ਗਵਾਈ ।
ਅੱਵਲ ਕਦਰ ਤੇਰਾ ਮੈਂ ਯੂਸੁਫ਼ ਮੁੱਲ ਨ ਪਾਇਆ ਕਾਈ ।
...........................................................
ਕਰ ਯੂਸੁਫ਼ ਤੂੰ ਨੇਕ ਦੁਆਈਂ, ਮੈਂ ਹੱਕ ਜਾਂਦੀ ਵਾਰੀ ।
ਦੇਵੇ ਰੱਬ ਔਲਾਦ ਮੇਰੇ ਘਰ, ਪਾਵੇ ਬਰਖੁਰਦਾਰੀ ।
ਹੱਥ ਉਠਾ ਜਨਾਬ ਇਲਾਹੀ, ਯੂਸੁਫ਼ ਅਰਜ਼ ਸੁਣਾਈ ।
ਅਸਰ ਦੁਆਓਂ ਘਰ ਮਾਲਿਕ ਦੇ, ਬੇਟੇ ਹੋਏ ਬਾਈ ।
ਜ਼ੇਬਾ ਸ਼ਕਲੋਂ ਕਾਮਿਲ ਅਕਲੋਂ, ਹਰ ਹਰ ਨੇਕ ਸਿਤਾਰਾ ।
ਯੂਸੁਫ਼ ਦੀ ਤਾਸੀਰ ਦੁਆਓਂ, ਪਾਇਓ ਸੁ ਰੁਤਬਾ ਭਾਰਾ ।
ਜ਼ੁਲੈਖ਼ਾ ਉਡੀਕ ਦੇ ਘਰ ਵਿਚ

ਨਾਲ ਅਜ਼ੀਜ਼ ਗਇਆ ਲੈ ਘਰ ਨੂੰ, ਹਜ਼ਰਤ ਯੂਸੁਫ਼ ਤਾਈਂ ।
ਇਸ ਸੌਦੇ ਥੀਂ ਵਿਚ ਖ਼ੁਸ਼ੀ ਦੇ, ਵਗਦਾ ਕਦਮ ਅਗਾਹੀਂ ।
ਅੱਗੇ ਹਾਲ ਗ਼ਮਾਂ ਵਿਚ ਵਾਸਾ, ਕਰੇ ਜ਼ੁਲੈਖ਼ਾ ਜ਼ਾਰੀ ।
ਖ਼ਬਰ ਨਹੀਂ ਅੱਜ ਕੀ ਸਿਰ ਗੁਜ਼ਰੇ, ਸਿਹਤ ਯਾ ਬੀਮਾਰੀ ।
...........................................................
ਕੀ ਜਾਣਾ ਅੱਜ ਕਿਨੀ ਮਹਲੀਂ, ਰੁਸ਼ਨਾਈਆਂ ਭਰ ਜਾਵਣ ।
ਕੀ ਜਾਣਾ ਅੱਜ ਕਿਸਦੇ ਘਰ ਨੂੰ, ਲਾਂਬੂ ਦਰਦ ਜਲਾਵਣ ।
ਅੱਜ ਅਜ਼ੀਜ਼ ਲਿਆਵੇ ਉਸਨੂੰ, ਯਾ ਤੇ ਹੱਥ ਨ ਆਵੇ ।
ਇਹ ਨ ਰੱਬ ਕਰੇ ਜੋ ਹੋਵੇ, ਜਾਨ ਮੇਰੀ ਜਲ ਜਾਵੇ ।
ਯੂਸੁਫ਼ ਦਾ ਮਹਲੀਂ ਪਹੁੰਚਣਾ

ਅੰਦਰ ਵਾਰ ਦਰੋਂ ਆ ਤਦ ਨੂੰ, ਯੂਸੁਫ਼ ਕਦਮ ਟਿਕਾਇਆ ।
ਤਾਕ ਮੁਨੱਵਰ ਵਿਚ ਮਹੱਲਾਂ, ਨੂਰ ਸੁਬਹ ਝਲਕਾਇਆ ।
ਸੂਰਜ ਦੀ ਨੂਰਾਨੀ ਵਾਂਗੂੰ, ਚਮਕ ਪਇਆ ਘਰ ਸਾਰਾ ।
ਉਹੋ ਸੂਰਤ ਸੁਫ਼ਨੇ ਵਾਲੀ, ਨੂਰ ਵਰ੍ਹੇ ਚਮਕਾਰਾ ।
ਦੇਖ ਜ਼ੁਲੈਖ਼ਾ ਡੁੱਬਦੀ ਜਾਂਦੀ, ਨੂਰ ਬਹਰ ਦੀ ਕਾਂਗੇ ।
ਮਾਰ ਉਛਾਲ ਝੜੇਂਦੀ, ਬੇਖ਼ੁਦ, ਵਸਲ ਸ਼ਬਾਂ ਦੀ ਤਾਂਘੇ ।
..........................................................
ਗੱਲਾਂ ਕਰੇ ਜ਼ਬਾਨੋਂ ਜ਼ਾਹਿਰ, ਨਾਲ ਕਨੀਜ਼ਾਂ ਸੱਈਆਂ ।
ਕਦੇ ਹੱਸੇ ਵਿਚ ਨੀਰ ਕਦਾਈਂ, ਅੱਖੀਂ ਡੁਬ ਡੁਬ ਗਈਆਂ ।
ਤਦ ਨੂੰ ਆਣ ਅਜ਼ੀਜ਼ ਅਗਾੜੀ, ਕਹੇ ਜ਼ੁਲੈਖ਼ਾ ਤਾਈਂ ।
ਇਸ ਫ਼ਰਜ਼ੰਦ ਪਿਆਰੇ ਤਾਈਂ, ਇੱਜ਼ਤ ਨਾਲ ਰਖਾਈਂ ।
ਮਾਲ ਖ਼ਜ਼ਾਨੇ, ਤੁੱਧ ਹਵਾਲੇ, ਥਾਂ ਮਕਾਨ ਜੋ ਸਾਰੇ ।
ਇਸਨੂੰ ਥਾਉਂ ਚੰਗੇ ਵਿਚ ਰੱਖੀਂ, ਹੁਰਮਤ ਨਾਲ ਪਿਆਰੇ ।
......................................................
ਸ਼ਾਦ ਜ਼ੁਲੈਖ਼ਾ ਵਿਚ ਦੀਦਾਰੇ, ਹਰਦਮ ਸ਼ੁਕਰ ਗੁਜ਼ਾਰੇ ।
ਸਭ ਉਮੀਦਾਂ ਮੈਂ ਦਰ ਆਈਆਂ, ਮੇਰੇ ਤਾਲਿਆ ਭਾਰੇ ।

(ਬਹਰ=ਸਮੁੰਦਰ, ਕਾਂਗੇ=ਹੜ੍ਹ, ਸ਼ਬਾਂ=ਰਾਤਾਂ, ਫ਼ਰਜ਼ੰਦ=
ਪੁੱਤਰ, ਤਾਲਿਆ=ਲੇਖ,ਕਿਸਮਤ)

ਯੂਸੁਫ਼ ਦੀ ਖ਼ਾਤਿਰ ਤਵਾਜ਼ੁਅ

ਇਕ ਪਲ ਕੋਲੋਂ ਜਾਣ ਨ ਦੇਵੇ, ਯੂਸੁਫ਼ ਨੂੰ ਕਿਤ ਵੇਲੇ ।
ਹਰਦਮ ਨਜ਼ਰ ਉਸੀ ਵਿਚ ਰੱਖੇ, ਸ਼ੌਕ ਉਸੀ ਵਿਚ ਖੇਲੇ ।
ਢੂੰਡ ਮੰਗਾਵੇ ਰੰਗ ਬਰੰਗੇ, ਖਾਣੇ ਲੱਜ਼ਤ ਵਾਲੇ ।
ਹਰ ਨਿਆਮਤ ਜੋ ਦੁਨੀਆਂ ਅੰਦਰ, ਹਾਜ਼ਿਰ ਕਰੇ ਖਵਾਲੇ ।
........................................................
ਜ਼ਰ ਗੌਹਰ ਪੁਰ ਲਾਲ ਲਿਬਾਸੀ, ਜ਼ੀਨਤ ਜ਼ੇਬ ਬਣਾਵੇ ।
ਜੋ ਪਹਿਨਣ ਉਸ ਲਾਇਕ ਵੇਖੇ, ਮੁਲਕਾਂ ਥੀਂ ਮੰਗਵਾਵੇ ।
.........................................................
ਸੁੱਤੇ ਨੂੰ ਖ਼ੁਦ ਪੱਖਾ ਝੱਲੇ, ਖ਼ਿਦਮਤ ਵਿਚ ਬੇਦਾਰੀ ।
ਵਾਂਗ ਕਨੀਜ਼ਾਂ ਹੱਕ-ਗੁਜ਼ਾਰਾਂ, ਕਰਦੀ ਖ਼ਿਦਮਤਗਾਰੀ ।
......................................................
ਯੂਸੁਫ਼ ਰਖੇ ਨੀਵੀਆਂ ਅੱਖੀਂ, ਹਰ ਵੇਲੇ ਸ਼ਰਮਾਵੇ ।
ਬਾਝ ਜ਼ਰੂਰਤ ਕਦਰ ਕਫ਼ਾਇਤ, ਹਰਫ਼ ਨ ਵਧ ਅਲਾਵੇ ।
ਕਹੇ ਜ਼ੁਲੈਖ਼ਾ ਆਪਣੇ ਦਿਲ ਵਿਚ, ਯੂਸੁਫ਼ ਅਜੇ ਅੰਞਾਣਾ ।
ਏਹਾ ਹਾਲ ਵਿਹਾਈ ਮੁੱਦਤ, ਤਦ ਨੂੰ ਹੋਇਆ ਸਿਆਣਾ ।
ਵਸਲ ਲਈ ਤਰਲੇ

ਭਰੀ ਜਵਾਨੀ ਨੂਰ ਚਮਕਿਆ, ਵਧਿਆ ਹੁਸਨ ਦੁਲਾਰਾ ।
ਤਦਾਂ ਜ਼ੁਲੈਖ਼ਾ ਸ਼ੌਕ ਵਸਲ ਦੇ, ਕੀਤਾ ਹਾਲ ਆਵਾਰਾ ।
ਮਗਰ ਫਿਰੇ ਨਿੱਤ ਹੋ ਦੀਵਾਨੀ, ਮਤਲਬ ਕਰੇ ਇਸ਼ਾਰੇ ।
ਤਰਜ਼ ਹਜ਼ਾਰ ਕਰੇ ਨਿੱਤ ਜ਼ਾਹਿਰ, ਲੱਖਾਂ ਸ਼ੌਕ ਉਭਾਰੇ ।
ਬੇਆਰਾਮੀ ਦੇਖ ਨਿਗਾਹੋਂ, ਯੂਸੁਫ਼ ਟਲਦਾ ਜਾਵੇ ।
ਜਾਂ ਉਹ ਚਸ਼ਮ ਮੁਕਾਬਿਲ ਕਰਦੀ, ਇਹ ਖ਼ੁਦ ਚਸ਼ਮ ਨਿਵਾਵੇ ।
.........................................................
ਯੂਸੁਫ਼ ਦੇ ਮਨ ਮੋਹਣ ਕਾਰਣ, ਸਾਰੀਆਂ ਵਾਹਾਂ ਲਾਈਆਂ ।
ਯੂਸੁਫ਼ ਦੀ ਉਹ ਵਿੱਚ ਜਨਾਬੇ, ਕਿਸੇ ਸ਼ੁਮਾਰ ਨ ਆਈਆਂ ।
...........................................................
ਮਲ ਮਲ ਹੱਥ ਅਫ਼ਸੋਸ ਕਰੇਂਦੀ, ਵਗਦੇ ਨੈਣ ਫੁਵਾਰੇ ।
ਖੁੱਲ੍ਹੇ ਵਾਲ ਪਏ ਗਲ ਰਹੰਦੇ, ਜ਼ਰਦ ਰਹਣ ਰੁਖ਼ਸਾਰੇ ।
ਦਾਈ ਦਾ ਹੇਜ਼ ਵੰਡਾਣਾ

ਦਾਈ ਵੇਖ ਜ਼ੁਲੈਖ਼ਾ ਤਾਈਂ, ਅਰਜ਼ ਕਰੇ ਕਰ ਜ਼ਾਰੀ ।
ਮਿਲਿਆ ਯਾਰ ਮੁਰਾਦਾਂ ਪਾਈਆਂ, ਹੁਣ ਕਿਆ ਹਾਲ ਖ਼ਵਾਰੀ ।
ਦਿਲ ਦੀ ਆਸ ਪੁੰਨੀ ਸਭ ਤੇਰੀ, ਪਾਈਆਂ ਕੁਲ ਮੁਰਾਦਾਂ ।
ਹੁਣ ਹੋ ਗਈਓਂ ਹਾਲ ਨਿਤਾਣੇ, ਕਿਹੜਿਆਂ ਵਿਚ ਫ਼ਸਾਦਾਂ ।
............................................................
ਅੱਗ ਗ਼ਮਾਂ ਦੀ ਤਪਦੀ ਤੈਂ ਦਿਲ, ਨਹਰ ਖੁੱਲ੍ਹੀ ਦਰਿਆਓਂ ।
ਆਹੀਂ ਗਰਮ ਗਈਆਂ ਕਿਉਂ ਨਾਹੀਂ, ਠੰਢੀ ਆਬ ਹਵਾਓਂ ।
ਜਵਾਬ ਜ਼ੁਲੈਖ਼ਾ

ਕਹੇ ਜ਼ੁਲੈਖ਼ਾ ਸੁਣ ਲੈ ਬੁੱਢੀ, ਮੇਰੀ ਗਿਰਯਾਜ਼ਾਰੀ ।
ਜੋ ਮੁਸ਼ਕਿਲ ਸਿਰ ਮੇਰੇ ਵਰਤੀ, ਆਖ ਸੁਣਾਵਾਂ ਸਾਰੀ ।
ਮੈਂ ਤਰਹਾਈ ਲੱਭਾ ਮੈਨੂੰ, ਦਰਿਆ ਸ਼ਰਬਤ ਵਾਲਾ ।
ਲਾਵਾਂ ਵਾਹ ਨ ਪਾਵਾਂ ਕਤਰਾ, ਏਹੀ ਦਰਦ ਕੋਸ਼ਾਲਾ ।
......................................................
ਏਹਾ ਹਾਲ ਮੇਰਾ ਵਿਚ ਦਰਦਾਂ, ਯੂਸੁਫ਼ ਥੀਂ ਵਰਤਾਰਾ ।
ਮੈਂ ਕੁਰਬਾਨ ਇਸ ਖ਼ਬਰ ਨ ਕਾਈ, ਹਰਦਮ ਰਹੇ ਨਿਆਰਾ ।
ਮੈਂ ਦੇਖਾਂ ਝੁਕ ਉਸ ਦੀਆਂ ਅੱਖੀਂ, ਉਹ ਨ ਨਜ਼ਰ ਉਲਾਰੇ ।
ਮੈਂ ਹਰ ਵਕਤ ਤਲਬ ਵਿੱਚ ਭੌਂਦੀ, ਉਹ ਬੇਖ਼ਬਰ ਗੁਜ਼ਾਰੇ ।
..........................................................
ਨ ਮੈਂ ਅੰਦਰ ਨਜ਼ਰ ਸਮਾਂਦੀ, ਕਦੇ ਨ ਮੈਂ ਵੱਲ ਵੇਖੇ ।
ਉਸਦਾ ਸਭ ਥੀਂ ਸ਼ਾਨ ਉਚੇਰਾ, ਮੈਂ ਆਜਿਜ਼ ਕਿਸ ਲੇਖੇ ।
ਦਾਈ ਦਾ ਮਸ਼ਵਰਾ

ਸੁਣ ਦਾਈ ਭਰ ਅੱਖੀਂ ਪਾਣੀ, ਪੱਟਾਂ ਤੇ ਹੱਥ ਮਾਰੇ ।
ਬੁੱਟ ਨੰਗੇ ਕਰ ਦੰਦੋਂ ਖ਼ਾਲੀ, ਧਾੜੋ ਧਾੜ ਪੁਕਾਰੇ ।
ਮੈਂ ਕੁਰਬਾਨ ਬੱਚੀ ਤੂੰ ਕੇਹੀ, ਇਸ਼ਕ ਮੁਸੀਬਤ ਪਾਈ ।
ਵਿੱਚ ਕਜ਼ੀਆਂ ਉਮਰ ਗਵਾਈ, ਛੋੜ ਵਲਾਇਤ ਆਈ ।
.......................................................
ਦਾਈ ਕਹੇ ਜਮਾਲ ਜੋ ਤੇਰਾ, ਪੰਛੀਆਂ ਮੋਹ ਡਿਗਾਵੇ ।
ਉਹ ਜਵਾਨ ਜਵਾਨੀ ਭਰਿਆ, ਕਿਉਂ ਵਿੱਚ ਵੱਸ ਨ ਆਵੇ ।
ਕਹੇ ਜ਼ੁਲੈਖ਼ਾ ਉਹ ਕਦਾਈਂ, ਨਜ਼ਰ ਨ ਕਰੇ ਉਤਾਹਾਂ ।
ਅਹਲਿ-ਜਮਾਲਾਂ ਤੇ ਬਦ-ਸ਼ਕਲਾਂ, ਧਰੇ ਨ ਵਿੱਚ ਨਿਗਾਹਾਂ ।
............................................................
ਜਾਹ ਕਿਵੇਂ ਕਰ ਮਿੰਨਤ-ਜ਼ਾਰੀ, ਵਲ ਤੇਰੇ ਵਿਚ ਆਵੇ ।
ਮੇਲ ਮੈਨੂੰ ਮੈਂ ਮਰਦੀ ਜਾਂਦੀ, ਕਿਵੇਂ ਮੇਰਾ ਦੁਖ ਜਾਵੇ ।
ਮੈਂ ਰੁੜ੍ਹਦੀ ਨੂੰ ਆਖ ਕਿਵੇਂ ਉਹ, ਪਕੜ ਲਗਾਵੇ ਬੰਨੇ ।
ਜੇ ਹੁਣ ਤੇਰੀ ਅਰਜ਼ ਨ ਮੰਨੇ, ਦਰਦ ਮੇਰਾ ਦਿਲ ਭੰਨੇ ।
ਦਾਈ ਜੋਸ਼ ਗ਼ਜ਼ਬ ਕਰ ਉੱਠੀ, ਹੁਣ ਵੇਖਾਂ ਨ ਮੰਨੇ ।
ਮੇਲ ਦਿਆਂ ਮੈਂ ਕਾਰੇਹਾਰੀ, ਮਰ ਮਰ ਜਾਹ ਨ ਰੰਨੇ ।
18. ਦਾਈ ਦੀ ਚਾਰਾਜ਼ੋਈ

ਯੂਸੁਫ਼ ਪਾਸ ਗਈ ਜਾ ਬੈਠੀ, ਮੈਂ ਵਾਰੀ ਫ਼ਰਜ਼ੰਦਾ ।
ਮੈਂ ਕੁਰਬਾਨ ਬਣਾਵਨ ਹਾਰਿਓਂ, ਤੂੰ ਜਿਸਦਾ ਹੈਂ ਬੰਦਾ ।
ਤਾਕਤ ਅਕਲ ਕਿਆਸੋਂ ਬਾਹਿਰ, ਤੇਰਾ ਹੁਸਨ ਬਣਾਇਆ ।
ਤੇ ਉਸ ਹੁਸਨ ਮੁਵਾਫ਼ਿਕ ਤੈਂ ਵਿੱਚ, ਅਕਲੋਂ ਗੌਹਰ ਪਾਇਆ ।
............................................................
ਉਹ ਮੁਸ਼ਤਾਕ ਜ਼ੁਲੈਖ਼ਾ ਤੇਰੀ, ਜਿਸ ਸੁਫ਼ਨੇ ਦਿਸ ਆਇਓਂ ।
ਦੋ ਵਾਰੀ ਕਰ ਘਾਇਲ ਉਸ ਨੂੰ, ਰਾਤੋ ਰਾਤ ਸਿਧਾਇਓਂ ।
ਤੀਜੀ ਵਾਰ ਨਿਸ਼ਾਨੀਆਂ ਦੇ ਦੇ, ਮਿਸਰੇ ਸੱਦ ਬੁਲਾਈ ।
ਰੋਂਦੀ ਨੂੰ ਵਿਚ ਦਰਦ ਵਿਛੋੜੇ, ਦਿੱਤੀ ਆਣ ਦਿਖਾਈ ।
ਕੀਮਤ ਤਾਰ ਖ਼ਰੀਦਿਆ ਤੈਨੂੰ, ਮਕਸਦ ਪਾਵਣ ਕਾਰਣ ।
ਦਿਲ ਥੀਂ ਦਰਦ ਵਿਛੋੜੇ ਵਾਲਾ, ਦਾਗ਼ ਗਵਾਵਣ ਕਾਰਣ ।
..........................................................
ਵਸਲ ਕਰੇਂ ਤੂੰ ਫ਼ਰਹਤ ਪਾਵੇਂ, ਉਸ ਦਾ ਜੀ ਪਰਚਾਵੇਂ ।
ਤੇ ਉਹ ਰਹੇ ਕਨੀਜ਼ ਮੁਦਾਮੀ, ਤੂੰਹੇਂ ਰਾਜ ਕਮਾਵੇਂ ।
......................................................
ਹੱਥੋਂ ਗਈ ਜਵਾਨੀ ਯੂਸੁਫ਼, ਨਹੀਂ ਕਿਸੇ ਮੁੜ ਮਿਲਦੀ ।
ਕਰ ਲੈ ਖ਼ੁਸ਼ੀ ਮਜ਼ੇ ਦਾ ਵੇਲਾ, ਹਸਰਤ ਰਹੇ ਨ ਦਿਲ ਦੀ ।
.......................................................
ਦੇਖ ਉਹਦਾ ਦੁਖ ਮੇਰੀਆਂ ਅੱਖੀਂ, ਰੋਂਦੀਆਂ ਜ਼ਾਰੋ ਜ਼ਾਰੀ ।
ਦੱਸ ਇਰਾਦਾ ਤੇਰਾ ਕਿਉਂਕਰ, ਫ਼ਰਜ਼ੰਦਾ ਮੈਂ ਵਾਰੀ ।
ਇਹ ਗੱਲ ਸੁਣ ਕੇ ਬੋਲਿਆ ਯੂਸੁਫ਼, ਛੋੜ ਬੁੱਢੀ ਗੱਲ ਸਾਰੀ ।
ਇਹ ਗੱਲਾਂ ਬੇਵਜ਼ਨ ਤਮਾਮੀ, ਤੇ ਤੂੰ ਅਕਲੋਂ ਹਾਰੀ ।
........................................................
ਯੂਸੁਫ਼ ਕਹੇ ਅਜ਼ੀਜ਼ੇ ਮੈਨੂੰ, ਕਰ ਫ਼ਰਜ਼ੰਦ ਰਖਾਇਆ ।
ਘਰ ਦੇ ਵਿਚ ਅਮੀਨ ਬਣਾਇਆ, ਮੇਰਾ ਕਦਰ ਵਧਾਇਆ ।
ਘਰ ਉਸ ਦੇ ਵਿਚ ਕਰਾਂ ਖ਼ਿਆਨਤ, ਮੇਰਾ ਕੇਡਕ ਪਾਇਆ ।
ਇਹ ਗੱਲ ਮੈਨੂੰ ਭਾਵੇ ਨਾਹੀਂ, ਖ਼ੌਫ਼ ਦਿਲੇ ਵਿਚ ਆਇਆ ।
ਦਾਈ ਕਹੇ ਅਜ਼ੀਜ਼ ਨ ਦੇਖੇ, ਤੂੰ ਜਿਸ ਥੀਂ ਗ਼ਮ ਖਾਵੇਂ ।
ਖ਼ਲਵਤ ਹਾਜ਼ਿਰ ਰਹੇ ਜ਼ੁਲੈਖ਼ਾ, ਕਿਉਂ ਨ ਕਰਮ ਕਮਾਵੇਂ ।
...........................................................
ਮੈਂ ਇਹ ਕਾਰ ਨ ਕਰਸੀ ਕੋਈ, ਪਵੋ ਖ਼ਿਆਲ ਨ ਮੇਰੇ ।
ਦਰਦ ਨਵਾਂ ਮੈਂ ਝੱਲ ਨ ਸਕਦਾ, ਅੱਗੇ ਦਰਦ ਬਹੁਤੇਰੇ ।
ਬਦ ਅਸਲਾਂ ਦੀ ਬਦ ਕਰਦਾਰੀ, ਕਿਵੇਂ ਅਸੀਲੋਂ ਆਵੇ ।
ਫੇਰ ਬੁੱਢੀ ਮੁੜ ਬੋਲਣ ਲੱਗੀ, ਯੂਸੁਫ਼ ਝਿੜਕ ਹਟਾਵੇ ।
.....................................................
ਬੁੱਢੀ ਮੁੜੀ ਜ਼ੁਲੈਖ਼ਾ ਤਾਈਂ, ਅੱਗ ਬਲੀ ਵਿਚ ਸੀਨੇ ।
ਮਿਲਣ ਮੁਰਾਦ ਨਸੀਬ ਨ ਮੇਰੇ, ਆਵੇ ਵਿਚ ਯਕੀਨੇ ।
ਰੋਂਦੀ ਆਪ ਗਈ ਵੱਲ ਯੂਸੁਫ਼, ਰੋ ਰੋ ਅਰਜ਼ ਸੁਣਾਈ ।
ਮੈਂ ਯੂਸੁਫ਼ ਵਿਚ ਤੇਰਿਆਂ ਦਰਦਾਂ, ਬਹੁਤ ਮੁਸੀਬਤ ਪਾਈ ।
......................................................
ਨੀਂਦ ਹਰਾਮ ਅੱਖੀਂ ਵਿਚ ਮੇਰੀ, ਦਰਦ ਫ਼ਿਰਾਕੋਂ ਤੇਰੇ ।
ਇਸ਼ਕ ਤੇਰੇ ਥੀਂ ਨੀਂਦਰ ਦਿਸਦੀ, ਖ਼ਾਰ ਅੱਖੀਂ ਵਿਚ ਮੇਰੇ ।
ਮੈਂ ਬੇਹਾਲ ਕਨੀਜ਼ ਬੇਚਾਰੀ, ਰਹਮ ਮੇਰੇ ਪੁਰ ਖਾਓ ।
ਮੈਂ ਬੇਚਾਰੀ ਕਰਮੀਂ ਹਾਰੀ, ਮੈਂ ਪੁਰ ਰਹਮ ਕਮਾਓ ।
......................................................
ਸੁਣ ਕੇ ਉਸ ਦੀ ਗਿਰਯਾਜ਼ਾਰੀ, ਤਾਂ ਯੂਸੁਫ਼ ਫ਼ਰਮਾਵੇ ।
ਦਸ ਮੈਂ ਕਾਰ ਕਰਾਂ ਕੁਝ ਜਿਸ ਵਿਚ, ਮੇਰਾ ਵਕਤ ਵਿਹਾਵੇ ।
.........................................................
ਤੂੰ ਮੈਨੂੰ ਇਹ ਖ਼ਾਦਿਮ ਦਿੱਤੇ, ਹਰ ਹਰ ਖ਼ਿਦਮਤ ਵਾਲੇ ।
ਹੁਣ ਕੋ ਮਨਸਬ ਰਿਹਾ ਨ ਖ਼ਾਲੀ, ਹਰਗਿਜ਼ ਬਾਝ ਵਸਾਲੇ ।
ਸੋ ਇਹ ਮਨਸਬ ਹੋਰਾਂ ਤਾਈਂ, ਖ਼ਾਸ ਹਰਾਮ ਮੁਦਾਮੀ ।
ਇਹੋ ਕਾਰਗੁਜ਼ਾਰੀ ਤੈਂ ਹਕ, ਕਰ ਲੈ ਅਦਾ ਗ਼ੁਲਾਮੀ ।
ਜੇ ਤੂੰ ਖ਼ਿਦਮਤ ਮੇਰੀ ਚਾਹੇਂ, ਇਹੋ ਖ਼ਿਦਮਤ ਮੇਰੀ ।
ਜਾਂ ਤੂੰ ਇਹੋ ਖ਼ਿਦਮਤ ਕਰਸੇਂ, ਰਹਸਾਂ ਬਾਂਦੀ ਤੇਰੀ ।
ਇਹ ਗੱਲ ਸੁਣ ਫ਼ਰਮਾਵੇ ਯੂਸੁਫ਼, ਜੇ ਮੈਂ ਬਹੁਤ ਪਿਆਰਾ ।
ਤਾਂ ਕਿਉਂ ਮੇਰੇ ਕਹੇ ਮੁਵਾਫ਼ਿਕ, ਨ ਵਰਤੇਂ ਵਰਤਾਰਾ ।
ਮੈਂ ਰਾਜ਼ੀ ਵਿਚ ਕਾਰ ਤੁਸਾਡੀ, ਕਰਸਾਂ ਕਾਰਗੁਜ਼ਾਰੀ ।
ਮੇਰਾ ਕਹਿਆ ਮੰਨ ਜ਼ੁਲੈਖ਼ਾ, ਜੇ ਤੈਂ ਸੱਚੀ ਯਾਰੀ ।
ਘਰ ਵਿਚ ਬੈਠਣ ਥੀਂ ਮੈਂ ਨਾ-ਖ਼ੁਸ਼, ਕਿਉਂ ਨਾਰਾਜ਼ ਕਰਾਵੇਂ ।
ਘਰੋਂ ਕਨਾਰ ਰਹਾਂ ਮੈਂ ਰਾਜ਼ੀ, ਕਿਉਂ ਨ ਰਹਮ ਕਮਾਵੇਂ ।
........................................................
ਆਹਾ ਬਾਗ਼ ਜ਼ੁਲੈਖ਼ਾ ਵਾਲਾ, ਸੈਰ ਕਰੇ ਵਿਚ ਜਿਸ ਦੇ ।
ਉਥੇ ਘੱਲਾਂ ਕਰ ਮਾਲੀ ਇਸ ਨੂੰ, ਇਹ ਗੁਜ਼ਰੀ ਦਿਲ ਉਸਦੇ ।

(ਮੁਵਾਫ਼ਿਕ=ਮੁਤਾਬਿਕ,ਅਨੁਸਾਰ, ਗੌਹਰ=ਮੋਤੀ, ਅਮੀਨ=
ਰਾਖਾ, ਖ਼ਿਆਨਤ=ਬੇਈਮਾਨੀ, ਖ਼ਲਵਤ=ਇਕਲਾਪੇ ਵਿੱਚ)

19. ਜ਼ੁਲੈਖ਼ਾ ਦੇ ਬਾਗ਼ ਵਿਚ

ਬਾਗ਼ ਅਜਬ ਵਾਹ ਸਾਨੀ ਜਿਸਦਾ, ਹੋਗ ਨ ਕਿਸੇ ਕੂਟੇ ।
ਹਰੇ ਭਰੇ ਵਿੱਚ ਜੋਸ਼ ਜਵਾਨੀ, ਉਸ ਵਿਚ ਨਾਜ਼ਿਕ ਬੂਟੇ ।
ਰੀਹਾਨ ਅਤਰ ਖਿਲਾਰ ਚੜ੍ਹਾਇਆ, ਪੰਖੀਆਂ ਵਿਚ ਦਿਮਾਗ਼ੇ ।
ਤਾਰੇ ਖੋਹਲ ਉਘਾੜ ਵਿਖਾਏ, ਚੰਬੇਲੀ ਵਿਚ ਬਾਗ਼ੇ ।
ਸੁਬਹ ਹੁੰਦੀ ਨੂੰ ਨਾਜ਼ਿਕ ਗੁੰਚੇ, ਹੱਸ ਹੱਸ ਗੱਲਾਂ ਕਰਦੇ ।
ਲਾਰੇ ਲਾ ਸੁਟਾਵਣ ਬੁਲਬੁਲ, ਸ਼ੌਕ ਤਲਬ ਦੀ ਕਰਦੇ ।
.......................................................
ਦੋਂਹ ਹੌਜਾਂ ਦੇ ਤਖ਼ਤ ਵਿਚਾਲੇ, ਕਰ ਜ਼ੀਨਤ ਰਖਵਾਇਆ ।
ਉਸ ਗੁਲਸ਼ਨ ਦਾ ਮਾਲੀ ਕਰਕੇ, ਉਹ ਗੁਲਰੁਖ਼ ਪਹੁੰਚਾਇਆ ।
........................................................
ਕਹੇ ਜ਼ੁਲੈਖ਼ਾ ਪਾਸ ਕਨੀਜ਼ਾਂ, ਸੌ ਸੌ ਕਰ ਤਾਕੀਦਾਂ ।
ਯੂਸੁਫ਼ ਦੀ ਵਿਚ ਤਾਬਿਆ ਹੋ ਕੇ, ਬਣੀਆਂ ਰਹਿਓ ਮੁਰੀਦਾਂ ।
ਜ਼ਹਰ ਦੇਵੇ ਲੈ ਖਾਈਓ ਹੱਥੀਂ, ਉਜ਼ਰ ਨ ਮੂਲ ਲਿਆਈਓ ।
ਮੈਂ ਇਨਾਮ ਦਿਆਂ ਜ਼ਰ ਜ਼ੇਵਰ, ਤੇ ਤੁਸੀਂ ਰਾਜ਼ ਛੁਪਾਈਓ ।
ਯੂਸੁਫ਼ ਜਿਸ ਨੂੰ ਰਗ਼ਬਤ ਕਰਕੇ, ਖ਼ਲਵਤ ਤਰਫ਼ ਬੁਲਾਵੇ ।
ਓਹਾ ਅੱਵਲ ਮੇਰੇ ਤਾਈਂ, ਆਣ ਪਤਾ ਦੱਸ ਜਾਵੇ ।
ਮੈਂ ਉਸ ਨੂੰ ਆਜ਼ਾਦ ਕਰੇਸਾਂ, ਖ਼ੁਸ਼ੀਓਂ ਉਮਰ ਵਿਹਾਵੇ ।
ਐਸ ਨਸੀਹਤ ਮੇਰੀ ਉੱਤੇ, ਜੇਹੜੀ ਅਮਲ ਕਮਾਵੇ ।
....................................................
ਰਾਤ ਹੋ ਆਈ ਜਾਂ ਬਾਗ਼ੇ ਵਿਚ, ਬਾਂਦੀਆਂ ਸ਼ੌਕ ਸਵਾਏ ।
ਦੇਖ ਲਵਾਂ ਅੱਜ ਕਿਸਨੂੰ ਯੂਸੁਫ਼, ਲੁਤਫ਼ ਕਰੇ ਗਲ ਲਾਏ ।
ਇਕ ਵਿਖਾ ਪਲਮਦੀਆਂ ਜ਼ੁਲਫ਼ਾਂ, ਦੋ ਤਰਫ਼ੀਂ ਰੁਖ਼ਸਾਰੇ ।
ਅਰਜ਼ ਕਰੇ ਮੈਂ ਸਭ ਥੀਂ ਸੋਹਣੀ, ਕਰ ਲੈ ਵਸਲ ਪਿਆਰੇ ।
........................................................
ਇਕ ਕਹੇ ਸ਼ਮਸ਼ਾਦ ਕੱਦਾਂ ਦੀ, ਨਾਮ ਮੇਰੋ ਸੁਲਤਾਨੀ ।
ਮੈਂ ਵਾਂਗੂੰ ਵਿਚ ਦੇਸ ਮਿਸਰ ਦੇ, ਕਿਸ ਤੇ ਭਰੀ ਜਵਾਨੀ ।
ਏਵੇਂ ਹਰ ਇਕ ਖ਼ੂਬੀ ਆਪਣੀ, ਜ਼ਾਹਿਰ ਆਖ ਸੁਣਾਵੇ ।
ਪਰ ਯੂਸੁਫ਼ ਵਲ ਉਹਨਾਂ ਕਲਾਮਾਂ, ਜ਼ਰਾ ਧਿਆਨ ਨ ਜਾਵੇ ।
ਇਕ ਤੌਹੀਦ ਖ਼ੁਦਾ ਦਾ ਰਸਤਾ, ਚਾਹੇ ਇਹਨਾਂ ਸਿਖਾਵਾਂ ।
ਇਹ ਬੁਤ ਪੂਜਣ ਤਰਕ ਕਰੇਹਣ, ਸਿੱਧਾ ਰਾਹ ਦਿਖਾਵਾਂ ।
ਯੂਸੁਫ਼ ਨੇ ਫ਼ਰਮਾਇਆ ਉਹਨਾਂ, ਨੁਕਤਾ ਰਾਜ਼ ਈਮਾਨੋਂ ।
ਅਸਰ ਗਇਆ ਕਰ ਵਿਚ ਦਿਲਾਂ ਦੇ, ਰਹੀਆਂ ਦੰਗ ਈਮਾਨੋਂ ।
ਤੋੜੇ ਬੁੱਤ ਈਮਾਨ ਲਿਆਈਆਂ, ਵਾਹਿਦ ਰੱਬ ਪਛਾਤਾ ।
ਰਾਹ ਸ਼ਰਅ ਦਾ ਰੌਸ਼ਨ ਨੂਰੋਂ, ਸਿਦਕ ਯਕੀਨੋਂ ਜਾਤਾ ।
.........................................................
ਕਹੇ ਜ਼ੁਲੈਖ਼ਾ ਦਾਈ ਅੱਗੇ, ਕਿਆ ਕਰਾਂ ਦੱਸ ਮਾਈ ।
ਯੂਸੁਫ਼ ਵਸਲੋਂ ਨੱਸਿਆ ਜਾਂਦਾ, ਰਹਿਆ ਇਲਾਜ ਨ ਕਾਈ ।
ਵਾਹਾਂ ਲਾਈਆਂ ਕੰਮ ਨ ਆਈਆਂ, ਡਿੱਠੀਆਂ ਬੇਪਰਵਾਹੀਆਂ ।
ਤੈਂ ਜਹੀਆਂ ਸੁਖਦਾਈਆਂ ਦਾਈਆਂ, ਜੁਗ ਜੁਗ ਜੀਵਣ ਮਾਈਆਂ ।
...........................................................
ਕਿਆ ਕਰਾਂ ਕੁਝ ਪੇਸ਼ ਨ ਜਾਵੇ, ਮੈਂ ਕਰ ਥੱਕੀ ਜ਼ਾਰੀ ।
ਤੂੰ ਗ਼ਮਖ਼ਵਾਰ ਪੁਰਾਣੀ ਮੇਰੀ, ਵਾਹ ਲੱਗੇ ਕਰ ਕਾਰੀ ।
ਕਰ ਹੀਲਾ ਇਕ ਵਾਰੀ ਯੂਸੁਫ਼, ਮੈਂ ਵਲ ਕਰੇ ਨਜ਼ਾਰਾ ।
ਨੈਣ ਕਰੇ ਵਲ ਮੇਰੀਆਂ ਅੱਖੀਂ, ਸ਼ੌਕ ਘੱਤੇ ਚਮਕਾਰਾ ।

(ਕੂਟੇ=ਨੁਕਰੇ, ਰੀਹਾਨ=ਨਾਜ਼ਬੂ, ਗੁੰਚੇ=ਕਲੀਆਂ, ਗੁਲਰੁਖ਼=
ਫੁੱਲਾਂ ਦੇ ਚਿਹਰੇ ਵਾਲਾ, ਉਜ਼ਰ=ਬਹਾਨਾ, ਰਗ਼ਬਤ=ਪਿਆਰ,
ਖਿੱਚ, ਖ਼ਲਵਤ=ਇਕੱਲ, ਤੌਹੀਦ=ਰੱਬ ਇੱਕ ਹੈ, ਵਾਹਿਦ=
ਇੱਕੋ)

ਦਾਈ ਦੀ ਨਵੀਂ ਵਿਉਂਤ

ਸੁਣ ਦਾਈ ਭਰ ਠੰਢੀਆਂ ਆਹੀਂ, ਸੋਚ ਵਿਚਾਰੀਂ ਧਾਈ ।
ਸਾਇਤ ਬਾਅਦ ਚੁਕੇ ਸਿਰ, ਕਹੰਦੀ ਅਜ ਮਸਲਾਹਤ ਆਈ ।
.............................................................
ਜ਼ਰ ਚਾਹੀਏ ਪਰ ਕਈ ਖ਼ਜ਼ਾਨੇ, ਦੌਲਤ ਦੇ ਅੰਬਾਰੋਂ ।
ਮੈਂ ਇਕ ਕਰਾਂ ਤਿਆਰ ਇਮਾਰਤ, ਜ਼ੀਨਤ ਵਧ ਸ਼ੁਮਾਰੋਂ ।
ਯੂਸੁਫ਼ ਦੀ ਤੇ ਤੇਰੀ ਹਰ ਜਾ, ਮੂਰਤ ਵਿਚ ਲਿਖਾਵਾਂ ।
ਜ਼ੌਕ ਖ਼ੁਸ਼ੀ ਦੀ ਹਾਲਤ ਜ਼ਾਹਿਰ, ਇਸ ਵਿਚ ਨਕਸ਼ ਕਰਾਵਾਂ ।
ਤੇਰਾ ਉਸਦੇ ਨਾਲ ਖ਼ੁਸ਼ੀ ਥੀਂ, ਵਸਲ ਕਰਾਇਆ ਹੋਇਆ ।
ਵਿਚ ਕਿਨਾਰ ਪਿਆਰੋਂ ਤੈਨੂੰ, ਪਕੜ ਦਬਾਇਆ ਹੋਇਆ ।
...........................................................
ਉਸ ਕੋਨੇ ਵਿਚ ਯੂਸੁਫ਼ ਤਾਈਂ, ਫੜ ਬਾਹੋਂ ਲੈ ਜਾਏਂ ।
ਇਸ਼ਕ-ਪ੍ਰਸ਼ਤਾਂ ਦਾ ਬੁਤ ਖ਼ਾਨਾ, ਇਸਨੂੰ ਜਾ ਦਿਖਲਾਏਂ ।
ਜੇ ਹੁਣ ਤੈਂ ਵਲ ਨਜ਼ਰ ਨ ਕਰਦਾ, ਉਤ ਵਲ ਕਰੇ ਨਿਗਾਹਾਂ ।
ਦੇਖ ਉਹਦੇ ਦਿਲ ਜੋਸ਼ ਉਠੇਸੀ, ਵਸਲ ਮਿਲੇ ਦਿਲਖ਼ਵਾਹਾਂ ।
..........................................................
ਪਕੜੇ ਪੈਰ ਜ਼ੁਲੈਖ਼ਾ ਉਸਦੇ, ਕਹੰਦੀ ਸ਼ਾਬਸ਼ ਮਾਈ ।
ਇਹ ਤਦਬੀਰ ਜੋ ਖੋਜ ਨਿਕਾਲੀ, ਖ਼ੂਬ ਟਿਕਾਣੇ ਲਾਈ ।

(ਮਸਲਾਹਤ=ਤਜਵੀਜ਼, ਕਿਨਾਰ=ਬਗ਼ਲ, ਇਸ਼ਕ-ਪ੍ਰਸ਼ਤਾਂ=
ਪ੍ਰੇਮ-ਪੁਜਾਰੀ, ਦਿਲਖ਼ਵਾਹਾਂ=ਮਨ ਮਰਜ਼ੀ ਦਾ,ਸ਼ਾਬਸ਼=ਵਾਹਵਾ)

20. ਸਚਿਤ੍ਰ ਮਹੱਲ ਦਾ ਪ੍ਰਸੰਗ
ਮਹੱਲ ਦੀ ਤਾਰੀਫ਼ ਵਿਚ

ਕਹੇ ਜ਼ੁਲੈਖ਼ਾ ਪਾਸ ਅਜ਼ੀਜ਼ੇ, ਇਕ ਦਿਨ ਲੁਤਫ਼ ਪਿਆਰੋਂ ।
ਇਜ਼ਨ ਕਰੇਂ ਬਣਵਾਵਾਂ ਖ਼ਾਨਾ, ਜ਼ੀਨਤ ਵਧ ਸ਼ੁਮਾਰੋਂ ।
ਕਹੇ ਅਜ਼ੀਜ਼ ਹਵਾਲੇ ਤੇਰੇ, ਦੌਲਤ ਮਾਲ ਖ਼ਜ਼ਾਨੇ ।
ਮੈਥੀਂ ਇਜ਼ਨ ਇਹਾ ਹੀ ਤੈਨੂੰ, ਜਿਵੇਂ ਚਾਹੇਂ ਕਰ ਖ਼ਾਨੇ ।
ਤੇ ਮਿਅਮਾਰ ਅਜ਼ੀਜ਼ ਪਹੁੰਚਾਏ, ਫਨ ਜਿਨ੍ਹਾਂ ਫ਼ਰਹਾਦੀ ।
ਮੀਨਾਕਾਰ ਫ਼ਲਕ ਦੇ ਤਾਕੀ, ਨਕਸ਼ ਭੰਨਣ ਉਸਤਾਦੀ ।
ਹੁਕਮੇ ਨਾਲ ਜ਼ੁਲੈਖ਼ਾ ਸੰਦੇ, ਧਰੀਆਂ ਆਣ ਬਿਨਾਈਂ ।
ਬਰਫ਼ੋਂ ਵਧ ਸਫ਼ੇਦ ਰੁਖ਼ਾਮੋਂ, ਦੀਵਾਰਾਂ ਹਰ ਜਾਈਂ ।
ਮਰਮਰ ਸੰਗ ਸਫ਼ਾਈ ਅੰਦਰ, ਵਾਂਗ ਸੁਬਹ ਦਿਸ ਆਇਆ ।
ਕੋਠੇ ਸੱਤ ਅੱਗੇ ਤੇ ਪਿੱਛੇ, ਇੱਕ ਥੀਂ ਇੱਕ ਸਵਾਇਆ ।
.........................................................
ਸੱਤਵਾਂ ਕੋਠਾ ਸਭ ਥੀਂ ਸੋਹਣਾ, ਬਹੁਤ ਕੁਸ਼ਾਦ ਬਣਾਇਆ ।
ਚਾਰ ਸਤੂਨ ਅਕੀਕ ਜ਼ਮੁਰਦ, ਮਰਮਰ ਸੰਗ ਲਗਾਇਆ ।
...........................................................
ਛਤ ਕੰਧੀਂ ਵਿੱਚ ਫ਼ਰਸ਼ ਲਗਾਈਆਂ, ਤਸਵੀਰਾਂ ਪੁਰ ਕਰਕੇ ।
ਨਾਲ ਜ਼ੁਲੈਖ਼ਾ ਯੂਸੁਫ਼ ਬੈਠਾ, ਸ਼ੌਕ ਕਲਾਵੇ ਭਰ ਕੇ ।
ਕਿਤੇ ਖ਼ੁਸ਼ੀ ਥੀਂ ਸੁੱਤਾ ਹੋਇਆ, ਜਾਨੂ ਤੇ ਸਿਰ ਧਰ ਕੇ ।
ਹੋਰ ਕਿਤੇ ਕੀ ਕਹਾਂ ਕਵੇਹਾ, ਸ਼ੇਅਰ ਭੁੱਲੇ ਡਰ ਡਰ ਕੇ ।
..........................................................
ਇਸ ਕੋਠੇ ਵਿਚ ਵੜਨ ਨ ਦੇਵੇ, ਹਰਗਿਜ਼ ਹੋਰਾਂ ਤਾਈਂ ।
ਰਾਖੀਆਂ ਰਹਣ ਕਨੀਜ਼ਾਂ ਦਰ ਤੇ, ਦਿਨ ਤੇ ਰਾਤ ਉਥਾਈਂ ।
ਆਪ ਜ਼ੁਲੈਖ਼ਾ ਜਿਸ ਬੁਤ ਤਾਈਂ, ਸਜਦਾ ਨਿਤ ਗੁਜ਼ਾਰੇ ।
ਉਸ ਥੀਂ ਤਲਬ ਮੁਰਾਦਾਂ ਕਰਦੀ, ਉਸ ਨੂੰ ਰੱਬ ਪੁਕਾਰੇ ।
ਉਹ ਭੀ ਓਸੇ ਕੋਠੇ ਅੰਦਰ, ਪੂਜਣ ਨੂੰ ਰਖਵਾਇਆ ।
ਉਸ ਥੀਂ ਨਿਤ ਮੰਗੇ ਰੋ ਮਕਸਦ, ਤੇ ਕੁਝ ਅਜੇ ਨ ਪਾਇਆ ।

(ਇਜ਼ਨ=ਇਜਾਜ਼ਤ, ਮਿਅਮਾਰ=ਰਾਜ ਮਿਸਤ੍ਰੀ, ਬਿਨਾਈਂ=
ਬੁਨਆਿਦਾਂ, ਰੁਖ਼ਾਮੋਂ=ਸਫ਼ੇਦ ਪੱਥਰ,ਮਰਮਰ, ਕੁਸ਼ਾਦ=ਖੁੱਲ੍ਹਾ,
ਅਕੀਕ=ਲਾਲ ਰੰਗ ਦਾ ਪੱਥਰ, ਜਾਨੂ=ਗੋਡਾ)

ਜ਼ੁਲੈਖ਼ਾ ਦੀ ਮਿਲਣ-ਬਿਧ

ਕਰਕੇ ਹਾਰ-ਸ਼ਿੰਗਾਰ ਜ਼ੁਲੈਖ਼ਾ ਉਸ ਕੋਠੇ ਵਿਚ ਆਈ ।
ਆਰਸੀਓਂ ਰੁਖ਼ ਦੇਖ ਪੁਕਾਰੇ, ਕਿਆ ਹੈ ਹੁਸਨ ਸਫ਼ਾਈ ।
ਅੱਜ ਉਮੀਦ ਜਦਾਹੀਂ ਹੀ ਯੂਸੁਫ਼, ਮੈਂ ਵਲ ਕਰੇ ਨਜ਼ਾਰਾ ।
ਹੋਗ ਫ਼ਰਿਸ਼ਤਾ ਜੇ ਲਖ ਵਾਰੀ, ਆਸ਼ਿਕ ਰਹੇ ਬੇਚਾਰਾ ।
........................................................
ਜਾਂ ਸਾਮਾਨ ਤਿਆਰੀ ਹੋਈ, ਦਾਈ ਸੱਦ ਬੁਲਾਈ ।
ਹੁਣ ਮਾਈ ਇਕ ਯੂਸੁਫ਼ ਬਾਝੋਂ, ਹਰ ਸ਼ੈ ਅੱਗੇ ਆਈ ।
.........................................................
ਆਈ ਦਾਈ ਲੱਭ ਲਿਆਈ, ਆਣ ਵੜੀ ਦਰਬਾਰੇ ।
ਅੱਗੇ ਦਰ ਵਿਚ ਖੜੀ ਜ਼ੁਲੈਖ਼ਾ, ਦਿਲ ਵਿਚ ਕਰੇ ਇਸ਼ਾਰੇ ।
ਯੂਸੁਫ਼ ਅੱਗੇ ਜ਼ੁਲੈਖ਼ਾ ਦੀਆਂ ਮਿੰਨਤਾਂ

ਤਦ ਨੂੰ ਦੂਰ ਥੀਂ ਜਲਵਾ ਨੂਰੀ, ਚਮਕਿਆ ਯੂਸੁਫ਼ ਸੰਦਾ ।
ਪਕੜ ਹੱਥੋਂ ਤਿਸ ਕਹੇ ਜ਼ੁਲੈਖ਼ਾ, ਤੂੰ ਕਿਆ ਨੂਰੀ ਬੰਦਾ ।
.........................................................
ਕਰ ਦਿਲਦਾਰ ਕਲਾਮ ਅਵੇਹੀ, ਅੰਦਰ ਵਾੜ ਲਿਆਈ ।
ਦਰ ਪਹਿਲੇ ਵੜ ਜੰਦਰਾ ਜੜਿਆ, ਰੋ ਰੋ ਅਰਜ਼ ਸੁਣਾਈ ।
ਮੈਂ ਯੂਸੁਫ਼ ਵਿਚ ਖ਼ਾਬੀਂ ਲੁੱਟੀ, ਪਰਦੇਸਾਂ ਵਿਚ ਸੁੱਟੀ ।
ਝੱਲੇ ਕਹਰ ਕਜ਼ੀਏ ਹਿਜ਼ਰੋਂ, ਅਜੇ ਨ ਗ਼ਮ ਥੀਂ ਛੁੱਟੀ ।
........................................................
ਸਿਰ ਨੀਵੇਂ ਫ਼ਰਮਾਵੇ ਯੂਸੁਫ਼, ਵਕਤ ਸੰਭਾਲ ਜ਼ੁਲੈਖ਼ਾ ।
ਦੇਹ ਦਰ ਖੋਲ੍ਹ ਸਿਧਾਵਾਂ ਬਾਹਿਰ, ਨ ਕਰ ਖ਼ਵਾਰ ਜ਼ੁਲੈਖ਼ਾ ।
.........................................................
ਯੂਸੁਫ਼ ਕਹੇ ਅੱਖੀਂ ਜਲ ਜਾਵਣ, ਤੈਂ ਵਲ ਕਰਾਂ ਨਜ਼ਾਰਾ ।
ਛੋੜ ਮੈਨੂੰ ਮੈਂ ਬਾਹਿਰ ਜਾਵਾਂ, ਨ ਕਰ ਹਾਲ ਅਵਾਰਾ ।
.......................................................
ਆਣ ਵੜੀ ਵਿਚ ਸਤਵੇਂ ਕੋਠੇ, ਜਿਸ ਵਿਚ ਕਾਰੇ ਭਾਰੇ ।
ਧਰਿਆ ਕਦਮ ਜਦਾਂ ਵਿਚ ਖ਼ਾਨੇ, ਮੁਹਕਮ ਕੁਫ਼ਲ ਗੁਜ਼ਾਰੇ ।
ਬੰਦ ਕੀਤੇ ਦਰਵਾਜ਼ੇ ਸੱਤੇ, ਅਰਜ਼ ਕੀਤੀ ਰੋ ਹਾਲੋਂ ।
ਕਰ ਛੇਤੀ ਹੁਣ ਹਜ਼ਰਤ ਯੂਸੁਫ਼, ਨ ਕਰ ਦੇਰ ਵਸਾਲੋਂ ।
.......................................................
ਕਹੇ ਜ਼ੁਲੈਖ਼ਾ ਯੂਸੁਫ਼ ਤਾਈਂ, ਵਾਹ ਸੂਰਤ ਨੂਰਾਨੀ ।
ਯੂਸੁਫ਼ ਕਹੇ ਜਿਵੇਂ ਰੱਬ ਭਾਣੀ, ਇਕ ਦਿਨ ਹੋਸੀ ਫ਼ਾਨੀ ।
ਕਹੇ ਜ਼ੁਲੈਖ਼ਾ ਚਿਹਰਾ ਤੇਰਾ, ਸੂਰਜ ਰੌਸ਼ਨ ਜਿਉਂ ਕਰ ।
ਯੂਸੁਫ਼ ਕਹੇ ਕਿਆਮਤ ਦੇ ਦਿਨ, ਵੇਖਾਂ ਹੋਸੀ ਕਿਉਂ ਕਰ ।
ਕਹੇ ਜ਼ੁਲੈਖ਼ਾ ਯੂਸੁਫ਼ ਤੇਰੇ, ਵਾਲ ਅਜਬ ਇਹ ਕਾਲੇ ।
ਯੂਸੁਫ਼ ਕਹੇ ਇਨ੍ਹਾਂ ਓੜਕ, ਖ਼ਾਕ ਕਬਰ ਦੀ ਗਾਲੇ ।
......................................................
ਕਹੇ ਜ਼ੁਲੈਖ਼ਾ ਸ਼ਕਲ ਤੇਰੀ ਨੇ, ਅਕਲ ਲੁੱਟੀ ਸਭ ਮੇਰੀ ।
ਯੂਸੁਫ਼ ਕਹੇ ਹਵਸ ਨੇ ਓਵੇਂ, ਅਕਲ ਗਵਾਈ ਤੇਰੀ ।
ਕਹੇ ਜ਼ੁਲੈਖ਼ਾ ਰੂਪ ਤੇਰੇ ਥੀਂ, ਨੂਰ ਛੱਡੇ ਚਮਕਾਰੇ ।
ਯੂਸੁਫ਼ ਕਹੇ ਅਜੇਹੇ ਕਿਤਨੇ, ਵੇਖ ਫ਼ਲਕ ਦੇ ਤਾਰੇ ।
...................................................
ਕਹੇ ਜ਼ੁਲੈਖ਼ਾ ਵਸਲ ਮੇਰੇ ਥੀਂ, ਕੌਣ ਤੈਨੂੰ ਖਲਿਹਾਰੇ ।
ਯੂਸੁਫ਼ ਕਹੇ ਖ਼ੁਦਾ ਦੀ ਹੈਬਤ, ਜੋਸ਼ ਦਿਲੇ ਵਿਚ ਮਾਰੇ ।
ਕਹੇ ਜ਼ੁਲੈਖ਼ਾ ਕਰ ਲੈ ਖ਼ੁਸ਼ੀਆਂ, ਖ਼ੁਸ਼ੀਆਂ ਦੇ ਦਿਨ ਚਾਰੇ ।
ਯੂਸੁਫ਼ ਕਹੇ ਕਹਾਂ ਕੀ ਆਖ਼ਿਰ, ਅੱਲ੍ਹਾ ਦੇ ਦਰਬਾਰੇ ।
......................................................
ਕਹੇ ਜ਼ੁਲੈਖ਼ਾ ਮੈਂ ਹਾਂ ਬੰਦੀ, ਤੂੰ ਹੈਂ ਸੁਲਤਾਨ ਹਮਾਰਾ ।
ਯੂਸੁਫ਼ ਕਹੇ ਖ਼ੁਦਾ ਦੇ ਬੰਦੇ, ਤੂੰ ਮੈਂ ਤੇ ਜੱਗ ਸਾਰਾ ।
ਕਹੇ ਜ਼ੁਲੈਖ਼ਾ ਤੇਰੀਆਂ ਜ਼ੁਲਫ਼ਾਂ, ਵਲ ਵਲ ਕੇ ਦਿਲ ਫਸੀਆਂ ।
ਯੂਸੁਫ਼ ਕਹੇ ਵਲੋ ਵਲ ਜਾਵਣ, ਜਾਨ ਕਬਰ ਵਿਚ ਧਸੀਆਂ ।
............................................................
ਕਹੇ ਜ਼ੁਲੈਖ਼ਾ ਸਭ ਥੀਂ ਮੁਸ਼ਕਿਲ, ਇਸ਼ਕ ਤੇਰੇ ਦੀਆਂ ਵਾਟਾਂ ।
ਯੂਸੁਫ਼ ਕਹੇ ਜੋ ਇਸ ਥੀਂ ਮੁਸ਼ਕਿਲ, ਭੱਖਣ ਜਹੰਨਮ ਲਾਟਾਂ।
ਕਹੇ ਜ਼ੁਲੈਖ਼ਾ ਸੱਲੇ ਮੈਨੂੰ, ਇਸ਼ਕ ਤੇਰੇ ਦਾ ਸੇਲਾ ।
ਯੂਸੁਫ਼ ਕਹੇ ਜੋ ਇਸ ਥੀਂ ਡਾਢਾ, ਜਾਨ-ਕੰਦਨ ਦਾ ਵੇਲਾ ।
..............................................................
ਤੈਨੂੰ ਖ਼ੌਫ਼ ਕਿਦ੍ਹਾ ਕਹੋ ਯੂਸੁਫ਼, ਅਰਜ਼ ਮੰਨੇ ਕਿਉਂ ਨਾਹੀਂ ।
ਯੂਸੁਫ਼ ਨੇ ਫ਼ਰਮਾਇਆ ਉਸਨੂੰ, ਕਰ ਕਰ ਗ਼ਮ ਦੀਆਂ ਆਹੀਂ ।
ਇਕ ਅਜ਼ੀਜ਼ ਵਲੋਂ ਸ਼ਰਮਾਵਾਂ, ਤੇ ਉਸਦੇ ਅਹਸਾਨੋਂ ।
ਉਸ ਦਾ ਖ਼ੌਫ਼ ਮੇਰੇ ਦਿਲ ਭਾਰਾ, ਮਤ ਮਾਰੇ ਸੁਣ ਜਾਨੋਂ ।
ਵੱਡਾ ਖ਼ੌਫ਼ ਖ਼ੁਦਾ ਦਾ ਮੈਨੂੰ, ਜੋ ਵੇਖੇ ਹਰ ਵੇਲੇ ।
ਤਿਸ ਅਜ਼ਾਬ ਨ ਮੈਂ ਵਿਚ ਤਾਕਤ, ਜਿਗਰ ਵਗਾ ਨ ਸੇਲੇ ।
ਕਹੇ ਜ਼ੁਲੈਖ਼ਾ ਯੂਸੁਫ਼ ਪਿਆਰੇ, ਖ਼ੌਫ਼ ਅਜ਼ੀਜ਼ ਨ ਕਾਈ ।
ਨ ਡਰ ਉਸ ਥੀਂ ਉਸ ਦਾ ਚਾਰਾ, ਮੈਂ ਸਿਰ ਫ਼ਰਜ਼ ਹੋਇਆ ਈ ।
ਉਸ ਨੂੰ ਵਿਚ ਤੁਆਮ ਸ਼ਤਾਬੀ, ਜ਼ਹਰ ਦਿਆਂ ਵਿਚ ਪਰਦੇ ।
ਉਸ ਦੀ ਖ਼ਬਰ ਨ ਪਾਵੇ ਕੋਈ, ਮਾਰ ਦੱਬਾਂ ਵਿਚ ਘਰ ਦੇ ।
ਤੇ ਤੂੰ ਆਖੇਂ ਅੱਲ੍ਹਾ ਮੇਰਾ, ਰਹਮ ਕਰਮ ਉਸ ਭਾਰਾ ।
ਬੰਦਿਆਂ ਖ਼ਤਾ ਕਸੂਰ ਗੁਨਾਹਾਂ, ਫ਼ਜ਼ਲੋਂ ਬਖਸ਼ਣਹਾਰਾ ।
ਘਰ ਮੇਰੇ ਵਿਚ ਬਹੁਤ ਖ਼ਜ਼ਾਨੇ, ਬਾਝ ਹਸਾਬ ਸ਼ੁਮਾਰੇ ।
ਤੇਰੇ ਇਕ ਗੁਨਾਹ ਦੇ ਬਦਲੇ, ਕਰਾਂ ਤਸੱਦੁਕ ਸਾਰੇ ।
......................................................
ਜੇ ਅੱਜ ਮਾਰੇਂ ਪਰਦੇ ਅੰਦਰ, ਹਸ਼ਰ ਖੁੱਲ੍ਹਣ ਜਾਂ ਨਾਮੇ ।
ਰਾਜ਼ ਦਿਲਾਂ ਦੇ ਹੋਣ ਹਵੈਦਾ, ਦੋਜ਼ਖ਼ ਮਿਲਣ ਮੁਕਾਮੇ ।
......................................................
ਬੰਦਾ ਤੇ ਐਮਾਲ ਬੰਦੇ ਦੇ, ਇਹ ਸਭ ਖ਼ਲਕ ਇਲਾਹੀ ।
ਫ਼ਜ਼ਲ ਗਜ਼ਬ ਸਭ ਉਸ ਦੀ ਤਰਫ਼ੋਂ, ਨੇਕੀ ਤੇ ਗੁਮਰਾਹੀ ।
ਅਰਜ਼ ਕਰਾਂ ਮੈਂ ਪਾਕ ਜਨਾਬੋਂ, ਨੂਰਿ-ਹਿਦਾਇਤ ਮੰਗਾਂ ।
ਇਸ ਦੁਨੀਆਂ ਦੀ ਲਾਟ ਗਜ਼ਬ ਦੀ, ਮਤ ਜਲ ਮਰਨ ਪਤੰਗਾਂ ।
ਤੂੰ ਆਖੇਂ ਮੈਂ ਬਦਲ ਗੁਨਾਹਾਂ, ਦੇਵਾਂ ਮਾਲ ਖ਼ਜ਼ਾਨੇ ।
ਦੌਲਤ ਮਾਲ ਸਭੀ ਹੈ ਉਸਦਾ, ਹਰ ਸ਼ੈ ਵਿਚ ਜ਼ਮਾਨੇ ।
ਤੇ ਉਹ ਰਿਸ਼ਵਤ ਲਵੇ ਨ ਮੂਲੇ, ਹਾਜ਼ਤ ਓਸ ਨ ਕਾਈ ।
ਹਾਲ ਦਿਲੇ ਦਾ ਮਾਲਮ ਉਸਨੂੰ, ਬੁਰਿਆਈਆਂ ਭਲਿਆਈ ।
...........................................................
ਆਹੀ ਤੇਜ਼ ਕਟਾਰ ਜ਼ੁਲੈਖ਼ਾ, ਉਤ ਰੱਖੀ ਸੀ ਅੱਗੇ ।
ਯੂਸੁਫ਼ ਅੱਗੇ ਮਾਰ ਮਰੇਸਾਂ, ਜੇ ਅੱਜ ਵਾਹ ਨ ਲੱਗੇ ।
....................................................
ਹੱਥ ਵਗਾ ਚਲਾਈ ਗਲ ਵਿੱਚ, ਯੂਸੁਫ਼ ਰੋਕ ਹਟਾਈ ।
ਪਕੜ ਲਈ ਵਿਚ ਅੱਧੀ ਰਾਹੇ, ਧਰਤ ਕਟਾਰ ਸੁਟਾਈ ।
........................................................
ਆ ਸ਼ੈਤਾਨ ਧਿੰਙਾਣਾ ਕੀਤਾ, ਧਰਿਆ ਹੱਥ ਇਜ਼ਾਰੇ ।
ਵਕਤ ਕਹਾਰੀ ਦੋਹਾਂ ਦਿਲਾਂ ਥੀਂ, ਆਇਆ ਕਸਦ ਹੁਲਾਰੇ ।
ਕਸਦ ਜ਼ੁਲੈਖ਼ਾ ਯੂਸੁਫ਼ ਦੇ ਵਲ, ਤਨ ਉਸਦੇ ਤਨ ਲਾਵਾਂ ।
ਤੇ ਯੂਸੁਫ਼ ਦਾ ਕਸਦ ਏਹਾਈ, ਜਿਉਂ ਕਿਉਂ ਰੋਕ ਹਟਾਵਾਂ ।
ਉਤ ਹਦਾਇਤ ਜੇ ਨ ਹੋਂਦੀ, ਅੱਲ੍ਹਾ ਦੇ ਦਰਬਾਰੋਂ ।
ਕਿਆ ਕਹਾਂ ਹੋ ਜਾਂਦਾ ਕਾਈ, ਕਹਰ ਗਜ਼ਬ ਦੀ ਕਾਰੋਂ ।

(ਹੈਬਤ=ਡਰ, ਤਸੱਦੁਕ=ਕੁਰਬਾਨ, ਇਜ਼ਾਰੇ=ਨਾਲੇ ਉੱਤੇ)

ਰੱਬੀ ਹਦਾਇਤ ਦਾ ਪਹੁੰਚਣਾ

ਹੁਕਮ ਕਰੇ ਰੱਬ ਜਬਰਾਈਲਾ, ਖ਼ਾਲਿਸ ਬੰਦਾ ਮੇਰਾ ।
ਵੇਲਾ ਅਜ ਉਹਦੇ ਤੇ ਆਇਆ, ਪਾਇਓਸੁ ਆਫ਼ਤ ਘੇਰਾ ।
ਹੁਕਮ ਮੇਰਾ ਹੈ ਰੋਕ ਸ਼ਤਾਬੀ, ਮਤ ਲਗਜ਼ਿਸ਼ ਖਾ ਜਾਵੇ ।
ਨੂਰ ਵਬੁੱਵਤ ਦੀ ਰੁਸ਼ਨਾਈ, ਮਤ ਘਤ ਬਦੀ ਬੁਝਾਵੇ ।
......................................................
ਖ਼ੁਦ ਜਬਰਾਈਲ ਨ ਨਜ਼ਰੀਂ ਆਇਆ, ਤੇ ਕਫ਼-ਦਸਤ ਦਿਖਾਈ ।
ਰਬ ਦਿਲਾਂ ਦੀਆਂ ਗੱਲਾਂ ਜਾਣੇ, ਉਸ ਪਰ ਰਕਮ ਏਹਾਈ ।
ਯੂਸੁਫ਼ ਅਜੇ ਉਥਾਈਂ ਓਵੇਂ, ਫੇਰ ਤਲੀ ਦਿਸ ਆਈ ।
ਤਿਸਤੇ ਲਿਖਿਆ ਦੋ ਜਿਥ ਕੱਠੇ, ਤੀਜਾ ਰੱਬ ਏਹਾ ਈ ।
..........................................................
ਭੀ ਤਾਸੀਰ ਅਜੇ ਕੁਝ ਥੋੜ੍ਹੀ, ਗੈਬੋਂ ਪਿਆ ਪੁਕਾਰਾ ।
ਐ ਸਦੀਕ ਪਿਆਰੇ ਮੇਰੇ, ਸਿਦਕ ਚਲੇ ਉਠ ਸਾਰਾ ।
ਕਰਸੈਂ ਬੁਰਾ ਨਬੀਆਂ ਵਿੱਚੋਂ, ਨਾਮ ਕਟਾਇਆ ਜਾਸੀ ।
ਤੇ ਕਰ ਯਾਦ ਕਿਆਮਤ ਵੇਲਾ, ਮੁਸ਼ਕਿਲ ਮਿਲੇ ਖ਼ਲਾਸੀ ।
.......................................................
ਬਾਜ਼ ਕਹਣ ਜਬਰਾਈਲ ਹੋ ਸੂਰਤ, ਆਇਆ ਮਿਸਲ ਯਾਕੂਬੋਂ ।
ਯੂਸੁਫ਼ ਤਾਈਂ ਨਜ਼ਰੀਂ ਆਇਆ, ਹੋ ਸੂਰਤ ਮਹਬੂਬੋਂ ।
.....................................................
ਕਰ ਕੁਝ ਸ਼ਰਮ ਮੇਰੇ ਫ਼ਰਜ਼ੰਦਾ, ਸ਼ਰਫ਼ ਨਬੁੱਵਤ ਭਾਰੀ ।
ਇਹ ਕਿਆ ਵਕਤ ਤੇਰੇ ਸਿਰ ਆਇਆ, ਮੰਗ ਪਨਾਹ ਲਖ ਵਾਰੀ ।
......................................................
ਬਾਜ਼ੇ ਕਹਣ ਇਕ ਯੂਸੁਫ਼ ਤਾਈਂ, ਨਜ਼ਰ ਜਨਾਵਰ ਆਇਆ ।
ਐ ਯੂਸੁਫ਼ ਛੁਟ ਚਲੀ ਨਬੁੱਵਤ, ਉਸਨੇ ਆਖ ਸੁਣਾਇਆ ।
ਬਾਜ਼ ਕਹਣ ਉਸ ਕਹਾ ਜ਼ੁਲੈਖ਼ਾ, ਅੰਤ ਤੇਰੇ ਹੱਥ ਆਵੇ ।
ਪਰ ਕਰ ਸਬਰ ਅਜੇ ਦਿਨ ਕਾਈ, ਦਾਗ਼ ਮਤਾਂ ਲੱਗ ਜਾਵੇ ।
ਬਾਜ਼ ਕਹਣ ਜਬਰਾਈਲ ਮੁਕੱਰਬ, ਜੋ ਕੋਠੇ ਵਿਚ ਵੜਿਆ ।
ਯੂਸੁਫ਼ ਦੇ ਹੱਥ ਪੁਸ਼ਤੇ ਲਾਇਓਸੁ, ਸਹਵਤ ਨੁਤਫ਼ਾ ਝੜਿਆ ।
ਬਾਜ਼ ਕਹਣ ਇਕ ਹੂਰ ਆਈ ਸੀ, ਹਜ਼ਰਤ ਯੂਸੁਫ਼ ਤਾਈਂ ।
ਯੂਸੁਫ਼ ਉਸ ਵਲ ਮਾਇਲ ਹੋਇਆ, ਪੁੱਛੇ ਹਾਲ ਤਦਾਹੀਂ ।
ਕੌਣ ਕੋਈ ਤੇ ਕਿਸਦੀ ਔਰਤ, ਤੇ ਆਈਓਂ ਕਿਸ ਥਾਓਂ ।
ਹੂਰ ਕਹੇ ਮੈਂ ਉਸਦੀ ਬਾਂਦੀ, ਜੋ ਅੱਜ ਬਚੇ ਜ਼ੱਨਾਓਂ ।
ਤੇ ਇਕ ਹੋਰ ਰਵਾਇਤ ਗ਼ਾਲਿਬ, ਆਖ ਸੁਣਾਵਾਂ ਸਾਰੀ ।
ਜਾਂ ਯੂਸੁਫ਼ ਦੀ ਤਰਫ਼ ਜ਼ੁਲੈਖ਼ਾ, ਨਜ਼ਰ ਪਈ ਇਕ ਵਾਰੀ ।
ਤਲਬ ਜ਼ੁਲੈਖ਼ਾ ਵਸਲ ਸ਼ਤਾਬੀ, ਯੂਸੁਫ਼ ਤਲਬ ਬਹਾਨੇ ।
ਬੁਤ ਛਪਾਇਆ ਨਜ਼ਰੀਂ ਆਇਆ, ਇਕ ਗੋਸ਼ੇ ਵਿਚ ਖ਼ਾਨੇ ।
ਯੂਸੁਫ਼ ਪੁੱਛੇ ਦੱਸ ਜ਼ੁਲੈਖ਼ਾ, ਪਰਦਿਓਂ ਪਾਰ ਕਿਆਈ ।
ਕਹੇ ਜ਼ੁਲੈਖ਼ਾ ਗੱਲੀਂ ਬਾਤੀਂ, ਤੂੰ ਕਿਉਂ ਦੇਰ ਲਗਾਈ ।
ਪਰਦਿਓਂ ਪਾਰ ਏਹੀ ਰੱਬ ਮੇਰਾ, ਮੈਂ ਪੂਜਾਂ ਜਿਸ ਤਾਈਂ ।
ਪਰਦਾ ਪਾਇਆ ਮਤ ਉਹ ਦੇਖੇ, ਤੇਰਾ ਅਮਲ ਇਥਾਈਂ ।
ਆਹ ਭਰੀ ਸੁਣ ਰੋਇਆ ਯੂਸੁਫ਼, ਸੰਗੋਂ-ਸੰਗ ਤਿਸਾਈਂ ।
ਦਾਨਾ ਬੀਨਾ ਥੀਂ ਮੈਂ ਗਾਫ਼ਿਲ, ਸ਼ਰਮ ਮੇਰੇ ਵਿਚ ਨਾਹੀਂ ।
.......................................................
ਆ ਯੂਸੁਫ਼ ਜਾ ਦਰ ਥੀਂ ਨੇੜੇ, ਕਸਦ ਨੱਸਣ ਵੱਲ ਫੜਿਆ ।
ਕਰੇ ਇਸ਼ਾਰੇ ਉਂਗਲ ਸੇਤੀ, ਕੁਫ਼ਲ ਕੁੰਡਾ ਲਹ ਝੜਿਆ ।
..........................................................
ਆਣ ਮਿਲੀ ਦਰਵਾਜ਼ੇ ਸਤਵੇਂ, ਕੁੜਤਾ ਪਕੜ ਲਇਆ ਸੁ ।
ਪਕੜ ਪੱਲਾ ਵਲ ਅੰਦਰ ਖਿੱਚੇ, ਯੂਸੁਫ਼ ਦੌੜ ਗਇਆ ਸੁ ।
ਪਾਟ ਪੱਲਾ ਪੈਰਾਹਿਨ ਨਾਲੋਂ, ਹੱਥ ਉਸਦੇ ਵਿਚ ਰਹਿਆ ।
ਝੜੀ ਤੜਾਕ ਜ਼ਿਮੀਂ ਪੁਰ ਰੋਂਦੀ, ਮੇਰਾ ਹਾਲ ਕਵੇਹਾ ।

(ਲਗਜ਼ਿਸ਼=ਤਿਲਕਣਾ, ਕਫ਼-ਦਸਤ=ਹਥੇਲੀ, ਸ਼ਰਫ਼=
ਬਜ਼ੁਰਗੀ, ਮੁਕੱਰਬ=ਫ਼ਰਿਸ਼ਤਾ,ਪੁਸ਼ਤੇ=ਪਿੱਠ, ਸਹਵਤ=
ਕਾਮ-ਵਾਸ਼ਨਾ, ਨੁਤਫ਼ਾ=ਵੀਰਜ, ਮਾਇਲ=ਖਿੱਚਿਆ ਗਿਆ,
ਜ਼ੱਨਾਓਂ=ਜ਼ਨਾਕਾਰੀ,ਵਿਭਚਾਰ, ਗੋਸ਼ੇ=ਖੂੰਜੇ, ਸੰਗੋਂ-ਸੰਗ=
ਪੱਥਰ ਤੋਂ ਸੰਗ, ਦਾਨਾ ਬੀਨਾ=ਜਾਣਨ ਵੇਖਣ ਵਾਲਾ,
ਪੈਰਾਹਿਨ=ਕੁੜਤਾ,ਲਿਬਾਸ)

ਅਜ਼ੀਜ਼ ਦਾ ਮੌਕੇ ਤੇ ਪਹੁੰਚਣਾ

ਛੁੱਟ ਜ਼ੁਲੈਖ਼ਾ ਥੀਂ ਜਾਂ ਯੂਸੁਫ਼, ਦਰਵਾਜ਼ੇ ਵੱਲ ਆਇਆ ।
ਦਰ ਵਿਚ ਪਈ ਜ਼ੁਲੈਖ਼ਾ ਰੋਂਦੀ, ਹਸਰਤ ਜਿਗਰ ਤਪਾਇਆ ।
ਤਦਾਂ ਅਜ਼ੀਜ਼ ਦੋਹਾਂ ਨੂੰ ਮਿਲਿਆ, ਡਿੱਠੀ ਸਰ-ਗਰਦਾਨੀ ।
ਵਿਚ ਗਜ਼ਬ ਦੇ ਜੋਸ਼ ਜ਼ੁਲੈਖ਼ਾ, ਕਰਦੀ ਸ਼ੋਰ ਜ਼ਬਾਨੀ ।
ਕਿਆ ਸਜ਼ਾ ਅਜ਼ੀਜ਼ਾ ਉਸੇ ਦੀ, ਤੈਂ ਘਰ ਜੋ ਬਦ ਚਾਹੇ ।
ਬਾਝੋਂ ਕੈਦ ਯਾ ਮਾਰ ਅਜ਼ਾਬੋਂ, ਨ ਕੁਛ ਭਲਾ ਸਲਾਹੇ ।
ਸਮਝ ਅਜ਼ੀਜ਼ ਗਜ਼ਬ ਵਿਚ ਆਇਆ, ਯੂਸੁਫ਼ ਨੂੰ ਫ਼ਰਮਾਇਆ ।
ਇਹ ਕੀ ਯੂਸੁਫ਼ ਤੂੰ ਅਹਸਾਨੋਂ, ਬਦਲਾ ਕਰ ਦਿਖਲਾਇਆ ।
.............................................................
ਕਹੇ ਜ਼ੁਲੈਖ਼ਾ ਜਾਂ ਇਸ ਮੈਂ ਤੇ, ਜ਼ੁਲਮੋਂ ਹੱਥ ਚਲਾਇਆ ।
ਮੈਂ ਪੈਰਾਹਿਨ ਪਾੜਿਆ ਇਸਦਾ, ਵੇਖ ਨਿਸ਼ਾਨ ਲਗਾਇਆ ।
ਦੁੱਧ ਚੁੰਘਦੇ ਬੱਚੇ ਦੀ ਗਵਾਹੀ

ਯੂਸੁਫ਼ ਬੋਲ ਅਜ਼ੀਜ਼ ਪੁਕਾਰੇ, ਤੂੰ ਹੇਂ ਢੋ ਗਵਾਹਾਂ ।
ਯਾ ਵਿਚ ਆਬਿ-ਤੇਗ਼ ਧੁਵਾਵਾਂ, ਦਫ਼ਤਰ ਭਰੇ ਗੁਨਾਹਾਂ ।
ਇਕ ਔਰਤ ਉਥ ਖਵੇਸ਼ ਜ਼ੁਲੈਖ਼ਾ, ਖੜੀ ਕਰਾਬਤ ਵਾਲੀ ।
ਗੋਦ ਉਹਦੀ ਇਕ ਬਾਲ ਅੰਞਾਣਾ, ਉਮਰ ਜਿਦ੍ਹੀ ਦਿਨ ਚਾਲ੍ਹੀ ।
ਯੂਸੁਫ਼ ਕਰੇ ਇਸ਼ਾਰਤ ਇਸ ਥੀਂ, ਪੁੱਛੋ ਆਪ ਗਵਾਹੀ ।
ਏਹਾ ਲੜਕਾ ਸੱਚ ਨਿਤਾਰੇ, ਹੋਵਸ ਹੁਕਮ ਇਲਾਹੀ ।
ਸੁਣ ਹੋ ਰਹਿਆ ਅਜ਼ੀਜ਼ ਤਅੱਜੁਬ, ਕੀ ਯੂਸੁਫ਼ ਫ਼ਰਮਾਇਆ ।
ਇਹ ਤਿਫ਼ਲਕ ਕੀ ਭਰੇ ਸ਼ਹਾਦਤ, ਬੋਲਣ ਵੱਲ ਨ ਆਇਆ ।
ਦੇਖ ਲਵਾਂ ਅਜ਼ਮਾਵਾਂ ਤੇਰੀ, ਐਡ ਕਰਾਮਤ ਭਾਰੀ ।
ਐ ਲੜਕੇ ਕਹੁ ਹਾਲ ਹਕੀਕਤ, ਜੋ ਤੈਂ ਮਾਲਮ ਸਾਰੀ ।
ਅਚਾਚੇਤ ਪੁਕਾਰਿਆ ਲੜਕੇ, ਨ ਮੈਂ ਚੁਗਲੀ ਕਰਦਾ ।
ਮੁਸ਼ਰਿਕ ਚੁਗਲ ਨ ਬਖਸ਼ੇ ਜਾਵਣ, ਮੈਂ ਚੁਗਲੀ ਥੀਂ ਡਰਦਾ ।
ਪਰ ਵਲ ਦੱਸਾਂ ਦੇਖ ਵਿਚਾਰੋਂ, ਜ਼ੁਲਮ ਕਿਦ੍ਹਾ ਦਿਲ ਲੂਟਾ ।
ਜੇ ਪੈਰਾਹਿਨ ਅੱਗੋਂ ਫਟਿਆ, ਤਾਂ ਹੈ ਯੂਸੁਫ਼ ਝੂਠਾ ।
ਕੁੜਤਿਓਂ ਪਕੜਿਆ ਹੋਗ ਜ਼ੁਲੈਖ਼ਾ, ਜਾਂ ਇਸ ਸਖ਼ਤੀ ਚਾਈ ।
ਸੱਚੀ ਹੋਗ ਜ਼ੁਲੈਖ਼ਾ ਜਿਸਨੇ, ਪਕੜ ਨਿਸ਼ਾਨੀ ਲਾਈ ।
ਜੇ ਪੈਰਾਹਿਨ ਪਿੱਛੋਂ ਫਟਿਆ, ਝੂਠੀ ਹੋਗ ਜ਼ੁਲੈਖ਼ਾ ।
ਯੂਸੁਫ਼ ਸੱਚਾ ਤੇ ਇਹ ਫ਼ਿਤਨਾ, ਭਾਰਾ ਹੋਗ ਜ਼ੁਲੈਖ਼ਾ ।
ਯੂਸੁਫ਼ ਨੱਸ ਗਇਆ ਜੇ ਹੋਸੀ, ਇਸ ਥੀਂ ਪਕੜ ਕਨਾਰਾ ।
ਮਗਰ ਪਈ ਫੜ ਪਿੱਛੋਂ ਜਾਮਾ, ਕੀਤਾ ਹੋਵਸੁ ਪਾਰਾ ।
ਢੂੰਡ ਕੀਤੀ ਪੈਰਾਹਿਨ ਡਿਠੋਸੁ, ਪਿੱਛੋਂ ਫਟਿਆ ਹੋਇਆ ।
ਵੇਖ ਅਜ਼ੀਜ਼ ਜ਼ੁਲੈਖ਼ਾ ਦੇ ਵੱਲ, ਕਰਕੇ ਕਹਰ ਖਲੋਇਆ ।
ਇਹ ਹੈ ਤੇਰਾ ਮਕਰ ਜ਼ੁਲੈਖ਼ਾ, ਮਕਰ ਤੁਸਾਡੇ ਭਾਰੇ ।
ਕਾਰੇਹਾਰੀਆਂ ਦੇ ਅਪ੍ਰਾਧੋਂ, ਮੁਸ਼ਕਿਲ ਹੋਣ ਛੁਟਕਾਰੇ ।
.....................................................
ਯੂਸੁਫ਼ ਤਾਈਂ ਕਹਿਆ ਅਜ਼ੀਜ਼ੇ, ਐ ਫ਼ਰਜ਼ੰਦ ਪਿਆਰੇ ।
ਜਾਣ ਦਿਓ ਇਸ ਬਦੀ ਛੁਪਾਓ, ਐਬ ਢੱਕੋ ਇਸ ਸਾਰੇ ।
ਕਹੇ ਜ਼ੁਲੈਖ਼ਾ ਨੂੰ ਕਰ ਤੋਬਾ, ਤੂੰ ਇਹ ਬਦੀ ਕਮਾਈ ।
ਆਪਣਾ ਆਪ ਨਿਗਾਹ ਰੱਖ ਅਗੇ, ਨ ਹੋਵੇ ਬੁਰਿਆਈ ।

(ਆਬਿ-ਤੇਗ਼=ਤਲਵਾਰ ਦੀ ਧਾਰ, ਖਵੇਸ਼=ਆਪਣੀ,
ਕਰਾਬਤ=ਨੇੜਤਾ, ਤਿਫ਼ਲਕ=ਬੱਚਾ, ਮੁਸ਼ਰਿਕ=ਰੱਬ ਦਾ
ਕੋਈ ਹੋਰ ਸ਼ਰੀਕ ਮੰਨਣ ਵਾਲਾ, ਫ਼ਿਤਨਾ=ਪੁਆੜਾ, ਪਾਰਾ=
ਟੋਟੇ)

21. ਯੂਸੁਫ਼ ਤੇ ਮਿਸਰ ਦੀਆਂ ਰੰਨਾਂ
ਰੰਨਾਂ ਦੀ ਚਿਮੇਗੋਈ

ਜਾਂ ਉਹ ਹਾਲ ਜ਼ੁਲੈਖ਼ਾ ਵਾਲਾ, ਰਾਜ਼ ਖੁਲ੍ਹਾ ਵਿਚ ਲੋਕਾਂ ।
ਕਰਨ ਜ਼ਨਾਂ ਘਰ ਬੈਠੀਆਂ ਜ਼ਖ਼ਮੀ, ਲਾ ਤਾਅਨੇ ਦੀਆਂ ਨੋਕਾਂ ।
ਕਹਣ ਜ਼ੁਲੈਖ਼ਾ ਅਕਲ ਹਯਾਓਂ, ਲਾਵਣ ਇਸ਼ਕ ਨ ਜਾਣੇ ।
ਇਸ਼ਕ ਗ਼ੁਲਾਮ ਛੱਡੀ ਕਰ ਘਾਇਲ, ਹੋਸ਼ ਨ ਰਹੀ ਟਿਕਾਣੇ ।
ਸ਼ਰਮ ਨ ਕਰਦੀ ਨਾਲ ਗ਼ੁਲਾਮਾਂ, ਇਸ਼ਕ ਕਰੇਂਦੀ ਬਾਜ਼ੀ ।
ਖ਼ਿਦਮਤਗਾਰਾਂ ਨੂੰ ਗਲ ਲਾਵੇ, ਕਰਕੇ ਅਜਜ਼ ਨਿਆਜ਼ੀ ।
..........................................................
ਬਣ ਬਾਂਦੀ ਰੋ ਅਰਜ਼ ਸੁਣਾਂਦੀ, ਗ਼ਰਕ ਨਹੀਂ ਕਿਉਂ ਜਾਂਦੀ ।
ਘਰਦਾ ਬਰਦਾ ਦਾਦ ਨ ਭਰਦਾ, ਅਜੇ ਨਹੀਂ ਸ਼ਰਮਾਂਦੀ ।
ਦੇਖੋ ਨੀ ਇਹ ਜਣੀ ਜਿਨ੍ਹਾਂ ਨੇ, ਤਿਨ੍ਹਾਂ ਦੀ ਲਾਜ ਗਵਾਂਦੀ ।
ਡੁੱਬੇ ਨੀ ਇਹ ਜਿਨ੍ਹਾਂ ਸਹੇੜੀ, ਜਿਗਰ ਤਿਨ੍ਹਾਂ ਦਾ ਖਾਂਦੀ ।
.........................................................
ਦੇਖੋ ਨੀ ਇਸ ਹੋਰ ਨ ਸੋਹਣਾ, ਕਿਧਰੇ ਨਜ਼ਰੀਂ ਆਇਆ ।
ਕਰ ਫ਼ਰਜ਼ੰਦ ਗ਼ੁਲਾਮ ਵਿਹਾਜਿਆ, ਓਹਾ ਯਾਰ ਬਣਾਇਆ ।
ਚਿਮੇਗੋਈਆਂ ਸੰਬੰਧੀ ਜ਼ੁਲੈਖ਼ਾ ਦਾ ਪ੍ਰਤਿਕਰਮ

ਇਹ ਖ਼ਬਰਾਂ ਵਿੱਚ ਕੰਨ ਜ਼ੁਲੈਖ਼ਾ, ਜਾਂ ਪਈਆਂ ਦਿਲ ਜਲਿਆ ।
ਸਬਰ ਰਹੀ ਕਰ ਅੰਦਰ ਜਰਦੀ, ਲਾਟ ਛੁਟੀ ਦਿਲ ਬਲਿਆ ।
...............................................................
ਯਾਰ ਮੇਰਾ ਉਹ ਦੌਲਤ ਮੇਰੀ, ਮੇਰਾ ਨੂਰ ਖ਼ਜ਼ਾਨਾ ।
ਜਿਸਦੀ ਸ਼ਮ੍ਹਾਂ ਰੁਖ਼ੋਂ ਜਲ ਜਾਵੇ, ਖ਼ਲਕ ਜਿਵੇਂ ਪਰਵਾਨਾ ।
ਦਿਖਲਾਵਾਂ ਇਕ ਵਾਰ ਉਨ੍ਹਾਂ ਨੂੰ, ਦੇਖ ਲਵਾਂ ਅਜ਼ਮਾਵਾਂ ।
ਇਸ਼ਕੋਂ ਰਹਣ ਤੜਫਦੀਆਂ ਜ਼ਾਲਿਮ, ਫੇਰ ਨ ਦੀਦ ਕਰਾਵਾਂ ।
...........................................................
ਲਓ ਪਿਆਰਿਆਂ ਖਾਣੀਓਂ ਨੀ ਹੁਣ, ਰੋਵੋ ਬੈਠ ਨਸੀਬਾਂ ।
ਵੇਖ ਤਜੱਲਾ ਬਰਕ ਹੁਸਨ ਦਾ, ਮੇਰੀਆਂ ਬਣੋ ਰਕੀਬਾਂ ।

(ਖ਼ਲਕ=ਲੋਕ, ਤਜੱਲਾ=ਚਮਕ, ਬਰਕ=ਬਿਜਲੀ,
ਰਕੀਬਾਂ=ਸ਼ਰੀਕਣੀਆਂ)

ਜ਼ੁਲੈਖ਼ਾ ਦੀ ਬਿਧ

ਇਹ ਗੱਲ ਸੋਚ ਕਨੀਜ਼ਾਂ ਘੱਲੇ, ਤਰਫ਼ ਘਰਾਂ ਉਮਰਾਵਾਂ ।
ਸਾਰੀਆਂ ਬੀਵੀਆਂ ਸੱਦ ਬੁਲਾਈਆਂ, ਨੂੰਹ ਧੀਆਂ ਸਣ ਮਾਵਾਂ ।
ਸਭਨਾਂ ਨੂੰ ਪੈਗ਼ਾਮ ਘੱਲੇ, ਮੈਂ ਅਜਜ਼ੋਂ ਅਰਜ਼ ਸੁਣਾਵਾਂ ।
ਅੱਜ ਜ਼ਿਆਫ਼ਤ ਮੈਂ ਘਰ ਆਈਓ, ਮੈਂ ਬਲਿਹਾਰੀ ਜਾਵਾਂ ।
ਜ਼ਨਾਂ ਮਿਸਰ ਦੀਆਂ ਮੰਨ ਜ਼ਿਆਫ਼ਤ, ਸੱਭੇ ਹਾਜ਼ਿਰ ਆਈਆਂ ।
ਮਿਲੀਆਂ ਆਣ ਜ਼ੁਲੈਖ਼ਾ ਤਾਈਂ, ਆਵੰਦੀਆਂ ਗਲ ਲਾਈਆਂ ।
.............................................................
ਜੇ ਮੈਂ ਵੇਖ ਜਮਾਲ-ਫਿਰੋਜ਼ਾਂ, ਜਾਨ ਦੁੱਖਾਂ ਵਿਚ ਪਾਈ ।
ਇਹ ਅੱਜ ਵਿਚ ਜਲਾਲ ਹੁਸਨ ਦੇ, ਜਲ ਬਲ ਰਹਣ ਨ ਕਾਈ ।

(ਜਮਾਲ-ਫਿਰੋਜ਼ਾਂ=ਦਗ ਦਗ ਕਰਦਾ ਹੁਸਨ)

ਯੂਸੁਫ਼ ਨੂੰ ਵੇਖਕੇ ਔਰਤਾਂ ਨੇ ਆਪਣੇ ਹੱਥ ਕੱਟ ਲੈਣੇ

ਆਈਆਂ ਜ਼ਨਾਂ ਮਿਸਰ ਦੀਆਂ ਸੱਭੇ, ਹੁਰਮਤ ਨਾਲ ਬੈਠਾਈਆਂ ।
ਬਾਂਦੀਆਂ ਖ਼ਿਦਮਤਗਾਰ ਜ਼ੁਲੈਖ਼ਾ, ਖ਼ਿਦਮਤ ਵਿਚ ਝੁਕਾਈਆਂ ।
ਸ਼ਰਬਤ ਭਰੇ ਹੱਥਾਂ ਵਿੱਚ ਕੂਜੇ, ਫਿਰਨ ਉਹਨਾਂ ਵਿਚਕਾਰੇ ।
ਤੇ ਇਹ ਬੈਠੀਆਂ ਬੰਨ੍ਹ ਕਤਾਰਾਂ, ਪੱਖੇ ਲੈਣ ਹੁਲਾਰੇ ।
.......................................................
ਚੋਰੀ ਚੋਰੀ ਇਕ ਦੂਜੇ ਨੂੰ, ਗੁੱਝੀਆਂ ਰਮਜ਼ਾਂ ਮਾਰੇ ।
ਵੇਖੋ ਨੀ ਤੇ ਝਾਤ ਘੱਤੋ ਨੀ, ਗੋਸ਼ਿਆਂ ਦੇ ਵਲ ਸਾਰੇ ।
ਕਿੱਥੇ ਹੈ ਬੇਸਬਰ ਖੜੀ ਦੇ, ਦਿਲ ਦਾ ਮੋਹਣ ਹਾਰਾ ।
ਇਸ ਨੂੰ ਲੁਟ ਕਿੱਥੇ ਲੁਕ ਬੈਠਾ, ਇਸਦਾ ਰਹਜ਼ਨ ਭਾਰਾ ।
....................................................
ਜ਼ਨਾਂ ਤੁਆਮੋਂ ਫ਼ਾਰਿਗ਼ ਹੋਈਆਂ, ਖ਼ੁਸ਼ੀ ਕਰਨ ਲੱਖ ਵਾਰੀ ।
ਹਰ ਹੱਥ ਧਰੇ ਤੁਰੰਜ ਜ਼ੁਲੈਖ਼ਾ, ਤੇ ਇੱਕ ਤੇਜ਼ ਕਟਾਰੀ ।
ਖਾਵਣ ਕੱਟ ਇਜਾਜ਼ਤ ਦਿੱਤੀ, ਭੀ ਇੱਕ ਅਰਜ਼ ਸੁਣਾਈ ।
ਹੁਕਮ ਹੋਵੇ ਕਨਆਨੀ ਬੰਦਾ, ਦੇਵੇ ਆਣ ਦਿਖਾਈ ।
......................................................
ਜ਼ਨਾਂ ਮਿਸਰ ਦੀਆਂ ਨਜ਼ਰੀਂ ਆਇਆ, ਜਲਵਾ ਯੂਸੁਫ਼ ਸੰਦਾ ।
ਮਜਲਿਸ ਦੇ ਵਿੱਚ ਪਇਆ ਪੁਕਾਰਾ, ਇਹ ਕਨਆਨੀ ਬੰਦਾ ।
ਬਿਜਲੀਆਂ ਝੜ ਅੱਖੀਂ ਪਈਆਂ, ਇਹ ਦਹਸ਼ਤ ਵਿਚ ਆਈਆਂ ।
ਵੇਖ ਗਈਆਂ ਵਿਚ ਗ਼ਸ਼ ਦੇ ਗ਼ੋਤੇ, ਬੇਖ਼ੁਦ ਹੋਸ਼ ਲੁਟਾਈਆਂ ।
...........................................................
ਵਿਚ ਹੈਰਾਨੀ ਤੇ ਬੇਹੋਸ਼ੀ, ਯਾਦ ਤੁਰੰਜਾਂ ਆਈਆਂ ।
ਉਂਗਲੀਆਂ ਤੇ ਤਲੀਆਂ ਅੰਦਰ ਛੁਰੀਆਂ ਚਾ ਵਗਾਈਆਂ ।
ਹੱਥੋਂ ਫ਼ਰਕ ਤੁਰੰਜ ਨ ਜਾਪੇ, ਦਰਦ ਨ ਮਾਲਮ ਕਾਈ ।
ਵੱਢ ਹੱਥਾਂ ਉਹ ਟੁੰਡੀਆਂ ਹੋਈਆਂ, ਤੇ ਅਜੇ ਹੋਸ਼ ਨ ਆਈ ।
.........................................................
ਕਰੇ ਜ਼ੁਲੈਖ਼ਾ ਗੁੰਮ ਗਈਆਂ ਦੇ, ਸਿਰ ਤੇ ਖੜੀ ਪੁਕਾਰਾ ।
ਜਿਸਦੇ ਤੁਸਾਂ ਉਲਾਂਭੇ ਮੈਂ ਸਿਰ, ਇਹ ਉਹਾ ਚਮਕਾਰਾ ।
........................................................
ਕੌਣ ਤੁਸਾਂ ਵਿਚ ਬੜੀ ਦਿਲਾਵਰ, ਸਬਰ ਸਮ੍ਹਾਲਣ ਵਾਲੀ ।
ਸੀਸ ਉਠਾਵੇ ਸਬਰ ਦਿਖਾਵੇ, ਰੱਖੇ ਸੁਰਤ ਸਮ੍ਹਾਲੀ ।
........................................................
ਉਠੋ ਨੀ ਕੁਝ ਹੋਸ਼ ਸਮ੍ਹਾਲੋ, ਬੋਲੋ ਸੁਖ਼ਨ ਜ਼ਬਾਨੋਂ ।
ਅੱਗ ਬੁਝਾਏ ਦਿਲੋਂ ਜ਼ੁਲੈਖ਼ਾ, ਛੱਡੇ ਤੀਰ ਕਮਾਨੋ ।
ਬਾਝ ਹਵਾਸ ਪਈਆਂ ਉਹ ਸੱਭੇ, ਬੇਖ਼ੁਦ ਜਾਨ ਜਹਾਨੋਂ ।
ਤੇ ਉਹ ਕਾਈ ਖ਼ਬਰ ਨ ਰੱਖਣ, ਦੁਨੀਆਂ ਦੀਨ ਈਮਾਨੋਂ ।

(ਹੁਰਮਤ=ਇੱਜ਼ਤ, ਰਹਜ਼ਨ=ਡਾਕੂ, ਤੁਰੰਜ=ਮਾਲਟਾ)

ਹੁਸਨ ਦੀ ਕੁੜਕੁਟ

ਦੇ ਚਮਕਾਰਾ ਅੰਦਰ ਵੜਿਆ, ਯੂਸੁਫ਼ ਪਾਕ ਪਿਆਰਾ ।
ਬਾਜ਼ਿਆਂ ਹੋਸ਼ ਪਈ ਮੁੜ ਓੜਕ, ਦਾਗ਼ ਰਿਹਾ ਦਿਲ ਭਾਰਾ ।
..........................................................
ਕੁਝ ਜੰਗਲ ਵਿਚ ਵਾਸਾ ਕਰਕੇ, ਉਮਰ ਗਈਆਂ ਕਰ ਪੂਰੀ ।
ਕੁਝ ਗਲੀਆਂ ਵਿਚ ਭੌਂਦੀਆਂ ਫਿਰਦੀਆਂ, ਟੁੱਟੀ ਸਬਰ ਸਬੂਰੀ ।
..............................................................
ਜਿਨ੍ਹਾਂ ਜ਼ਨਾਂ ਨੇ ਨਾਲ ਜ਼ਬਾਨੇ, ਤਾਅਨੇ ਬੋਲੀਆਂ ਲਾਈਆਂ ।
ਓਨ੍ਹੀ ਜ਼ਬਾਨੀ ਉਸਦੀਆਂ ਬਹ ਬਹ, ਪਾਸ ਕਰਨ ਵਡਿਆਈਆਂ ।
.................................................................
ਰਲ ਮਿਲ ਕਹਣ ਜ਼ੁਲੈਖ਼ਾ ਤਾਈਂ, ਯੂਸੁਫ਼ ਨੂੰ ਸਮਝਾਈਏ ।
ਜਿਉਂ ਕਿਉਂ ਤੇਰੀ ਆਸ ਪੁਚਾਈਏ, ਕਰਕੇ ਨਰਮ ਮਿਲਾਈਏ ।
.................................................................
ਯੂਸੁਫ਼ ਪਾਸ ਗਈਆਂ ਕਰ ਆਦਤ, ਝੁੱਲ ਗਈਆਂ ਦੀਦਾਰੋਂ ।
ਤੇ ਯੂਸੁਫ਼ ਬੇਜ਼ਾਰ ਉਹਨਾਂ ਥੀਂ, ਰੰਜ ਉਹਨਾਂ ਦੀ ਕਾਰੋਂ ।
........................................................
ਅਸੀਂ ਸਿਫ਼ਾਰਿਸ਼ ਕਰਨੇ ਆਈਆਂ, ਮੋੜ ਨ ਧੱਕੇਂ ਪਿਛਾਹਾਂ ।
ਵਿਚ ਫ਼ਿਰਾਕ ਜ਼ੁਲੈਖ਼ਾ ਮਰਦੀ, ਆਈ ਨਜ਼ਰ ਅਸਾਹਾਂ ।
........................................................
ਉਸਦੀ ਕਰਨ ਸਿਫ਼ਾਰਿਸ਼ ਆਈਆਂ, ਤੇਰੀ ਤਰਫ਼ ਤਦਾਹਾਂ ।
ਤੇ ਅਸੀਂ ਆਪ ਵਸਲ ਦੀਆਂ ਖ਼ਵਾਹਾਂ, ਜੇ ਸੱਚ ਤਲਬ ਅਸਾਹਾਂ ।
ਤੁਧ ਜ਼ੁਲੈਖ਼ਾ ਭਾਵੇ ਨਾਹੀਂ, ਤੇ ਅਸੀਂ ਹਾਜ਼ਿਰ ਸੱਭੇ ।
ਖ਼ੁਸ਼ੀ ਕਰੋ ਨ ਡਰੋ ਪਿਆਰੇ, ਮੁੜ ਇਹ ਉਮਰ ਨ ਲੱਭੇ ।
.........................................................
ਇਹ ਨਿੱਤ ਕਰਦੀਆਂ ਰਹੀਆਂ ਏਵੇਂ, ਸੁਖ਼ਨ ਬੇਹੂਦਾ ਸਾਰੇ ।
ਸੁਣ ਯੂਸੁਫ਼ ਚੁੱਪ ਗ਼ਮ ਵਿੱਚ ਰਹੰਦਾ, ਕਦੇ ਨ ਨਜ਼ਰ ਉਲ੍ਹਾਰੇ ।
.............................................................
ਤਾਂ ਉਹ ਜ਼ਨਾਂ ਜ਼ੁਲੈਖ਼ਾ ਅੱਗੇ, ਤੋੜ ਉਮੀਦਾਂ ਆਈਆਂ ।
ਕਹਣ ਇਲਾਜ ਨ ਇਸਦਾ ਕਾਈ, ਬਾਝੋਂ ਕੈਦ ਈਜ਼ਾਈਆਂ ।
............................................................
ਜਾਂ ਪੈਰਾਂ ਵਿੱਚ ਬੇੜੀਆਂ ਪਈਆਂ, ਵਿਚ ਹੱਥਾਂ ਹਥਕੜੀਆਂ ।
ਤਾਂ ਇਹ ਤੇਰੀ ਤਾਬਿਅ ਹੋਸੀ, ਤੋੜ ਗਵਾਸੀ ਅੜੀਆਂ ।
ਇਹ ਤਦਬੀਰ ਜ਼ੁਲੈਖ਼ਾ ਤਾਈਂ, ਦਿਲ ਲੱਗੀ ਸੁਣ ਸਾਰੀ ।
ਯੂਸੁਫ਼ ਦੀ ਹੁਣ ਕਰਨੇ ਲੱਗੀ, ਜ਼ਿੰਦਾਂ ਤਰਫ਼ ਤਿਆਰੀ ।

(ਤਾਬਿਅ=ਅਧੀਨ,ਵਸ, ਜ਼ਿੰਦਾਂ=ਕੈਦ ਖ਼ਾਨਾ)

22. ਯੂਸੁਫ਼ ਕੈਦ ਵਿਚ
ਅਜ਼ੀਜ਼ ਪਾਸੋਂ ਕੈਦ ਦਾ ਹੁਕਮ ਲੈਣਾ

ਕਹੇ ਜ਼ੁਲੈਖ਼ਾ ਪਾਸ ਅਜ਼ੀਜ਼ੇ, ਇਕ ਦਿਨ ਕਰ ਕਰ ਜ਼ਾਰੀ ।
ਇਸ ਇਬਰਾਨੀ ਬੰਦੇ ਵਲੋਂ, ਮੈਂ ਸਿਰ ਸਖ਼ਤ ਖ਼ਵਾਰੀ ।
ਬਦਨਾਮੀ ਸਿਰ ਮੇਰੇ ਆਈ, ਤਾਅਨੇ ਕਰਨ ਨਸਾਈਂ ।
ਕਨਆਨੀ ਦੇ ਇਸ਼ਕੇ ਰੋਂਦੀ, ਕਹੰਦੀਆਂ ਮੇਰੇ ਤਾਈਂ ।
........................................................
ਐਡ ਉਲਾਹਮੇ ਕਿਉਂ ਕਰ ਝੱਲਾਂ, ਖ਼ਤਾ ਹੋਈ ਇਕ ਵਾਰੀ ।
ਮੈਂ ਬੇਚਾਰੀ ਤਾਅਨਿਆਂ ਮਾਰੀ, ਝੱਲ ਨ ਸਕਾਂ ਖ਼ਵਾਰੀ ।
ਬਾਝੋਂ ਕੈਦ ਇਲਾਜ ਨ ਦਿੱਸੇ, ਹੁਕਮੋਂ ਕੈਦ ਕਰਸਾਂ ।
ਜੁਰਮ ਗੁਨਾਹ ਜੋ ਮੈਥੀਂ ਹੋਇਆ, ਚਾ ਉਹਦੇ ਸਿਰ ਧਰਸਾਂ ।
..........................................................
ਕਹੇ ਅਜ਼ੀਜ਼ ਮੇਰੇ ਦਿਲ ਏਵੇਂ, ਗੁਜ਼ਰੀ ਕਿਤਨੀ ਵਾਰੀ ।
ਪਰ ਮੈਂ ਉਸਨੂੰ ਕੈਦ ਨ ਕੀਤਾ, ਤੇਰੀ ਖ਼ਾਤਿਰਦਾਰੀ ।
ਮੈਂ ਹੁਣ ਹੁਕਮ ਦਿੱਤਾ ਹੱਥ ਤੇਰੇ, ਜਿਵੇਂ ਚਾਹੇਂ ਕਰ ਪਿਆਰੀ ।
ਮੁਹਰ ਲਗਾ ਲਿਖ ਦਿਤੋਸੁ ਕਾਗ਼ਜ਼, ਯੂਸੁਫ਼ ਦੀ ਮੁਖ਼ਤਾਰੀ ।

(ਨਸਾਈਂ=ਔਰਤਾਂ)

ਯੂਸੁਫ਼ ਨੂੰ ਕੈਦ ਦਾ ਡਰਾਵਾ ਦੇਣਾ

ਗਇਆ ਅਜ਼ੀਜ਼ ਜ਼ੁਲੈਖ਼ਾ ਖ਼ੁਸ਼ ਹੋ, ਯੂਸੁਫ਼ ਵਲ ਸਿਧਾਈ ।
ਇਹ ਉਸਨੂੰ ਤਹਰੀਰ ਸੁਣਾਈ, ਤੇ ਰੋ ਅਰਜ਼ ਸੁਣਾਈ ।
ਲੈ ਯੂਸੁਫ਼ ਤੂੰ ਕੈਦੀ ਹੋਣਾ, ਮੈਂ ਦੁੱਖ ਤੇਰੇ ਰੋਣਾ ।
ਮੈਂ ਤੈਥੀਂ ਤੂੰ ਮੈਥੀਂ ਦੁਖੀਆ, ਦੋਹਾਂ ਹੰਝੂ ਰੁਖ਼ ਧੋਣਾ ।
......................................................
ਵਸਲ ਮੰਗਾਂ ਤੇ ਉਜ਼ਰ ਨ ਕਰਸੇਂ, ਖ਼ੁਸ਼ ਵਰਤੇਂ ਵਰਤਾਰਾ ।
ਤਾਂ ਤੈਨੂੰ ਮੈਂ ਕੈਦ ਨ ਕਰਸਾਂ, ਮੰਨ ਮਿਲੇ ਛੁਟਕਾਰਾ ।
......................................................
ਇਸ ਦਰਦੋਂ ਮੈਂ ਕੈਦ ਚੰਗੇਰੀ, ਯੂਸੁਫ਼ ਨੇ ਫ਼ਰਮਾਇਆ ।
ਝਗੜਿਆਂ ਵਿਚ ਤੁਸਾਡਿਆਂ ਆਖ਼ਿਰ, ਹੁਣ ਮੈਂ ਆਜਿਜ਼ ਆਇਆ ।
ਤੁਸੀਂ ਸਭੇ ਰਲ ਗਿਰਦੇ ਹੋਈਆਂ, ਮੈਂ ਭਾਰਾ ਦੁੱਖ ਪਾਇਆ ।
ਕੱਢ ਦੁੱਖੋਂ ਕਰ ਕੈਦੀ ਮੈਨੂੰ, ਸਾਫ਼ ਜਵਾਬ ਸੁਣਾਇਆ ।
ਯੂਸੁਫ਼ ਦਾ ਬੰਦੀ ਖ਼ਾਨੇ ਪਹੁੰਚਣਾ

ਯੂਸੁਫ਼ ਦੇ ਹੱਕ ਸਾਦਿਰ ਹੋਇਆ, ਹੁਕਮੋਂ ਬੰਦੀਖ਼ਾਨਾ ।
ਕਰ ਅਸਵਾਰ ਮਿਸਰ ਦੀਆਂ ਗਲੀਆਂ, ਅੰਦਰ ਕਰਨ ਰਵਾਨਾ ।
ਨਾਲ ਮੁਨਾਦੀ ਕਰੇ ਢੰਡੋਰਾ, ਦੇਖੋ ਬੰਦੇ ਤਾਈਂ ।
ਸਾਹਿਬ ਥੀਂ ਬੇਅਦਬੀ ਕੀਤੀ, ਲੱਗੀਆਂ ਮਿਲਣ ਸਜ਼ਾਈਂ ।
...........................................................
ਸੁਣ ਸੁਣ ਸ਼ੋਰ ਪਇਆ ਵਿਚ ਗਲੀਆਂ, ਮਿਸਰੀ ਕਰਨ ਪੁਕਾਰਾਂ ।
ਬੱਸ ਮੁਨਾਦੀ ਬੋਲ ਨ ਜ਼ਾਲਿਮ, ਝੂਠੀਆਂ ਕਰੋ ਨ ਵਾਰਾਂ ।
........................................................
ਸਾਹਿਬ-ਜ਼ਿੰਦਾਂ ਸੌਂਪਿਆ ਯੂਸੁਫ਼, ਪਾਇਆ ਬੰਦੀਖ਼ਾਨੇ ।
ਕੈਦੀਆਂ ਦੇ ਦਿਲ ਖ਼ੁਸ਼ੀਆਂ ਹੋਈਆਂ, ਸਬਰ ਘੱਲੇ ਪਰਵਾਨੇ ।
.........................................................
ਬੰਦੀਵਾਨਾਂ ਸੂਰਤ ਡਿੱਠੀ, ਗਈਆਂ ਦੂਰ ਬਲਾਈਂ ।
ਅਜ ਖ਼ਲਾਸੀ ਅਸਾਂ ਉਦਾਸੀ, ਬੰਦ ਪਸੰਦ ਅਸਾਹੀਂ ।
......................................................
ਬੰਦੀਵਾਨ ਰਹੇ ਹੋ ਬਰਦੇ, ਹਜ਼ਰਤ ਯੂਸੁਫ਼ ਅੱਗੇ ।
ਤੇ ਸ਼ਹਰੀ ਆ ਕਰਨ ਜ਼ਿਆਰਤ, ਰਹਣ ਜ਼ਿੰਦਾਂ ਵਲ ਵੱਗੇ ।
ਸੁਫ਼ਨਿਆਂ ਦੀ ਤਾਬੀਰ ਦੱਸ ਕੇ ਕੈਦੀਆਂ ਨੂੰ ਖ਼ੁਸ਼ ਕਰਨਾ

ਯੂਸੁਫ਼ ਤਾਈਂ ਅੱਲ੍ਹਾ ਸਾਹਿਬ, ਇਲਮ ਦਿੱਤਾ ਤਾਬੀਰੋਂ ।
ਮੁਸ਼ਕਿਲ ਹੱਲ ਕਰੇ ਸੁਣ ਖ਼ਵਾਬਾਂ, ਤੋੜੇ ਗ਼ਮ ਤਕਰੀਰੋਂ ।
.......................................................
ਤੇ ਇਹ ਖ਼ਬਰ ਮਿਸਰ ਵਿਚ ਸਾਰੇ, ਸੁਣੀ ਤਮਾਮ ਲੋਕਾਈ ।
ਖ਼ਵਾਬਾਂ ਦੀਆਂ ਤਾਬੀਰਾਂ ਪੁੱਛਣ, ਖ਼ਲਕ ਜ਼ਿੰਦਾਂ ਵਿਚ ਆਈ ।
ਸੁਣ ਤਾਬੀਰਾਂ ਜਾਵੇ ਖ਼ਲਕਤ, ਸੱਚ ਹੋਵੇ ਆਸ਼ਕਾਰਾ ।
ਝੁਕਿਆ ਸ਼ਹਰ ਜ਼ਿੰਦਾਂ ਵਲ ਸਾਰਾ, ਇਲਮ ਡਿੱਠਾ ਇਹ ਭਾਰਾ ।
..........................................................
ਤਾਸ਼-ਤੁਆਮ ਲਿਬਾਸ ਹਜ਼ਾਰਾਂ, ਸ਼ਹਰੋਂ ਲੋਕ ਲਿਆਵਣ ।
ਯੂਸੁਫ਼ ਅੱਗੇ ਸੀਸ ਨਿਵਾਵਣ, ਅਜਜ਼ ਕਰੇਂਦੇ ਜਾਵਣ ।
ਇਹ ਤੁਆਮ ਪੁਸ਼ਾਕਾਂ ਯੂਸੁਫ਼, ਦੇਵੇ ਕੈਦੀਆਂ ਤਾਈਂ ।
ਹੁਣ ਕੈਦੀ ਸਰਦਾਰਾਂ ਵਾਂਗੂੰ, ਖ਼ੁਸ਼ੀਆਂ ਕਰਨ ਉਥਾਈਂ ।
......................................................
ਏਵੇਂ ਬੰਦੀਖ਼ਾਨੇ ਅੰਦਰ, ਯੂਸੁਫ਼ ਵਕਤ ਗੁਜ਼ਾਰੇ ।
ਸ਼ਹਰੀ ਕੈਦੀ ਹਾਕਿਮ ਜ਼ਿੰਦਾਂ, ਕਰਨ ਮੁਹੱਬਤ ਸਾਰੇ ।
23. ਜ਼ੁਲੈਖ਼ਾ ਦਾ ਝੋਰਾ ਤੇ ਕੈਦਖ਼ਾਨੇ ਵਿਚ ਮੁਲਾਕਾਤ

ਬੰਦੀਖ਼ਾਨੇ ਯਾਰ ਜ਼ੁਲੈਖ਼ਾ, ਹੱਥੀਂ ਤੋਰ ਵਗਾਇਆ ।
ਗ਼ਸ਼ ਖਾ ਝੜੀ ਜ਼ਿਮੀਂ ਤੇ ਜਾ ਉਹ, ਹੁਣ ਘਰ ਨਜ਼ਰ ਨ ਆਇਆ ।
....................................................
ਜੇ ਇਕ ਵਸਲ ਨ ਮਿਲਦਾ ਮੈਨੂੰ, ਖ਼ੁਸ਼ ਰਹੰਦੀ ਦੀਦਾਰੋਂ ।
ਹੁਣ ਦੀਦਾਰ ਨ ਨਜ਼ਰੀਂ ਆਵੇ, ਗੁਜ਼ਰੀ ਆਂ ਸਬਰ ਕਰਾਰੋਂ ।
ਯਾਰ ਹੱਥੋਂ ਛੱਡ ਆਪ ਵਿਗੁੱਤੀ, ਮੈਂ ਨਾ-ਸ਼ੁਕਰੀ ਭੁੱਲੀ ।
ਬੇਅਕਲੀ ਦੀ ਕਹਰ ਅੰਧੇਰੀ, ਸਿਰ ਮੇਰੇ ਤੇ ਝੁੱਲੀ ।
.......................................................
ਤਰਫ਼ੇ ਹਾਕਿਮ ਜ਼ਿੰਦਾਂ ਵਾਲੇ, ਕਰ ਪੈਗ਼ਾਮ ਪਹੁੰਚਾਏ ।
ਮੇਰਾ ਬੰਦੀਵਾਨ ਪਿਆਰਾ, ਮਤ ਕੋਈ ਦਹਸ਼ਤ ਖਾਏ ।
......................................................
ਤੇ ਖ਼ੁਦ ਘਰ ਵਿਚ ਹਰਦਮ ਰੋਂਦੀ, ਸਬਰ ਗਿਆ ਉਠ ਸਾਰਾ ।
ਗ਼ਸ਼ੀ ਪਵੇ ਤੇ ਹੋਸ਼ ਕਦਾਈਂ, ਦਮ ਦਮ ਹਾਲ ਅਵਾਰਾ ।
ਦਾਈ ਦਾ ਦਿਲਾਸਾ ਦੇਣਾ

ਦਾਈ ਨੇ ਚਾ ਮੱਤ ਸਿਖਾਈ, ਨ ਕਰ ਐਡ ਕੋਸ਼ਾਲੇ ।
ਇਸ਼ਕ ਪਵੇ ਸਿਰ ਸਖ਼ਤੀ ਝੱਲੇ, ਚਾਹੀਏ ਸਬਰ ਸਮ੍ਹਾਲੇ ।
ਆਸ਼ਿਕ ਨੂੰ ਸੌ ਦਰਦ ਜ਼ੁਲੈਖ਼ਾ, ਗੁਜ਼ਰੇ ਨਾਲ ਸਬੂਰੀ ।
ਸਬਰ ਕਰੇ ਸੋ ਮਤਲਬ ਪਾਵੇ, ਆਸ ਰਹੇ ਦਿਲ ਪੂਰੀ ।
......................................................
ਇਸ਼ਕ ਸਬਰ ਵਿਚ ਵੈਰ ਪੁਰਾਣਾ, ਮੁੱਢੋਂ ਬੁਗ਼ਜ਼ ਲੜਾਈ ।
ਇਸ਼ਕ ਜਿੱਥੇ ਉਥੇ ਸਬਰ ਵਿਚਾਰਾ, ਦਖ਼ਲ ਨ ਰਖਦਾ ਕਾਈ ।
ਇਸ਼ਕ ਸਿਤਮਗਰ ਤੇਗ਼ ਫ਼ੌਲਾਦੀ, ਸਬਰ ਸਮਨ ਦੀ ਡਾਲੀ ।
ਅੰਤ ਕਦਾਂ ਤਕ ਉਹਨਾਂ ਲੜਾਈ, ਕਹਰ ਕਜ਼ੀਆਂ ਵਾਲੀ ।

(ਬੁਗ਼ਜ਼=ਕੀਨਾ,ਸਾੜਾ,ਦੁਸ਼ਮਣੀ, ਸਮਨ=ਚੰਬੇਲੀ)

ਦੁਖ ਭਰੀ ਰਾਤ

ਦਾਈ ਗਈ ਨਸੀਹਤ ਕਰਕੇ, ਅਸਰ ਗਇਆ ਉਠ ਸਾਰਾ ।
ਓਵੇਂ ਰਹੀ ਜ਼ੁਲੈਖ਼ਾ ਕਰਦੀ, ਦਰਦੋਂ ਸ਼ੋਰ ਪੁਕਾਰਾ ।
ਰਾਤ ਪਈ ਗ਼ਮ ਦੂਣਾ ਜੋਇਆ, ਜ਼ਖ਼ਮ ਜਿਗਰ ਰਸ ਵੱਗੇ ।
ਦਫ਼ਤਰ ਗ਼ਮ ਦੇ ਲਿਖ ਨਸੀਬਾਂ, ਆਣ ਧਰੇ ਸਿਰ ਅੱਗੇ ।
.........................................................
ਐ ਅਫ਼ਸੋਸ ਰਹਾਂ ਮੈਂ ਵਿਛੜੀ, ਵੇਖਣ ਲੋਕ ਪਰਾਏ ।
ਵਾਹ ਦਰਦਾ ਇਹ ਦਰਦ ਅਜੇਹਾ, ਜੇਹੜਾ ਸਹਿਆ ਨ ਜਾਏ ।
ਇਹ ਗੱਲ ਬੋਲ ਗ਼ਸ਼ੀ ਵਿਚ ਆਈ, ਪਾਸ ਰੋਈ ਬਹ ਦਾਈ ।
ਦਾਈ ਨੇ ਜਾਂ ਘੜੀ ਵਿਹਾਈ, ਤਲੀਆਂ ਝੱਸ ਜਗਾਈ ।
ਬੈਠੀ ਉੱਠ ਕਰਾਰੋਂ ਖ਼ਾਲੀ, ਕੀਤੀ ਝੱਬ ਤਿਆਰੀ ।
ਬੱਧੀ ਕਮਰ ਤਿਆਰੀ ਕਰਦੀ, ਦਾਈ ਭੀ ਜੜ੍ਹ ਮਾਰੀ ।
ਕੈਦਖ਼ਾਨੇ ਵਿਚ ਪਹੁੰਚਣਾ

ਪੁਰ ਕਰ ਥਾਲ ਜ਼ਰੋਂ ਲੈ ਦਾਈ, ਉਸਦੇ ਨਾਲ ਸਿਧਾਈ ।
ਜ਼ਿੰਦਾਂ ਦੇ ਦਰਵਾਜ਼ੇ ਉੱਤੇ, ਪਾਸ ਰਕੀਬਾਂ ਆਈ ।
ਜ਼ਰ ਦਿੱਤਾ ਤੇ ਕਰ ਤਾਕੀਦਾਂ, ਕਹਿਆ ਰਾਜ਼ ਛੁਪਾਓ ।
ਉਹ ਮਹਬੂਬ ਬੰਦੀ ਦੇ ਦਿਲ ਦਾ, ਬੰਦੀਵਾਨ ਦਿਖਾਓ ।
........................................................
ਦੂਰੋਂ ਬੈਠ ਜ਼ੁਲੈਖ਼ਾ ਦੇਖੇ, ਨੇੜੇ ਮੂਲ ਨ ਆਵੇ ।
ਸ਼ਰਮੋਂ ਖਪਦੀ ਕੀਤਿਓਂ ਤਪਦੀ, ਰੋ ਰੋ ਨੀਰ ਵਹਾਵੇ ।
ਬੁਰਾ ਕੀਤਾ ਮੈਂ ਘਰ ਦੀ ਬਰਕਤ, ਦਿੱਤੀ ਬੰਦੀਵਾਨਾਂ ।
ਕਿਸਮਤ ਗਈ ਨਿਖੁੱਟ ਲਿਕਾਓਂ, ਬਦਲਿਆ ਹੋਰ ਜ਼ਮਾਨਾ ।
ਮਾਸ਼ੂਕ ਵਿਚ ਅਭੇਦ ਹੋਣਾ

ਇਸ਼ਕ ਅਜੇਹਾ ਗ਼ਾਲਿਬ ਹੋਇਆ, ਤੋੜ ਵਗੇ ਪੈਵੰਦਾਂ ।
ਬਿਰਹੋਂ ਸਖ਼ਤ ਅਜਾਬ ਘਣੇਰਾ, ਦਰਦ ਰਚੇ ਵਿਚ ਬੰਦਾਂ ।
ਆਪਣਾ ਹਾਲ ਜ਼ੁਲੈਖ਼ਾ ਤਾਈਂ, ਭੁੱਲ ਗਇਆ ਸੁ ਸਾਰਾ ।
ਰਗਾਂ ਪਈਆਂ ਵਿਚ ਤਨ ਦੇ ਰਚਿਆ, ਯੂਸੁਫ਼ ਯਾਰ ਪਿਆਰਾ ।
........................................................
ਯੂਸੁਫ਼ ਥੀਂ ਪੁਰ ਏਡਕ ਹੋਈ, ਉਹੋ ਉਹ ਦਿੱਸਾਵੇ ।
ਤੇ ਗ਼ਰਕਾਬ ਖ਼ਿਆਲ ਉਸੀ ਵਿਚ, ਦਿਨ ਤੇ ਰਾਤ ਵਿਹਾਵੇ ।
...........................................................
ਸੂਰਜ ਚੰਦ ਫ਼ਲਕ ਦੇ ਤਾਰੇ, ਰਾਤੀਂ ਲੈਣ ਹੁਲਾਰੇ ।
ਆਤਿਸ਼ ਆਬ ਤਯੂਰ ਬਹਾਇਮ, ਯੂਸੁਫ਼ ਦਿੱਸਣ ਸਾਰੇ ।
ਤੇ ਸਭ ਬਾਂਦੀਆਂ ਖ਼ਿਦਮਤਗਾਰਾਂ, ਯੂਸੁਫ਼ ਨਜ਼ਰੀਂ ਆਈਆਂ ।
ਕੀਤਾ ਵਸਲ ਦਿਲੇ ਨੂੰ ਬਿਰਹੋਂ, ਖੁਲ੍ਹੇ ਨੂਰ ਸਫ਼ਾਈਆਂ ।
.........................................................
ਅੱਖੀਂ ਮੀਟ ਰੱਖੇ ਯਾ ਖੋਲ੍ਹੇ, ਦਿੱਸੇ ਯਾਰ ਮੁਦਾਮੀ ।
ਤੇ ਖ਼ੁਦ ਉਸ ਬੁੱਤਖ਼ਾਨੇ ਵਿਚੋਂ, ਨਿਕਲ ਗਏ ਤਮਾਮੀ ।
ਪਹਿਲਾ ਸੈਰ ਤਮਾਮ ਹੋਇਆ ਈ, ਜਿਸ ਵਿਚ ਮਸਤੀਆਂ ਚਾਈਆਂ ।
ਤੇ ਇਹ ਮੰਜ਼ਿਲ ਮਕਸਦ ਵਾਲੀ, ਗਈਆਂ ਦੂਰ ਜੁਦਾਈਆਂ ।

(ਪੈਵੰਦਾਂ=ਜੋੜ,ਰਿਸ਼ਤੇ, ਆਤਿਸ਼=ਅੱਗ, ਆਬ=ਪਾਣੀ, ਤਯੂਰ=
ਪੰਛੀ, ਬਹਾਇਮ=ਪਸ਼ੂ, ਸੈਰ=ਹਾਲ)

24. ਯੂਸੁਫ਼ ਤੇ ਹੋਰ ਕੈਦੀ

ਯੂਸੁਫ਼ ਬੰਦੀ ਖ਼ਾਨੇ ਅੰਦਰ, ਸ਼ੁਕਰ ਕਰੇ ਸੌ ਵਾਰੀ ।
ਮਕਰ ਜ਼ਨਾਂ ਥੀਂ ਮਿਲੀ ਖ਼ਲਾਸੀ, ਫ਼ਜ਼ਲ ਹੋਇਆ ਗ਼ੁਫ਼ਾਰੀ ।
ਰਾਤੀਂ ਦਿਨੇ ਇਬਾਦਤ ਅੰਦਰ, ਫ਼ਾਰਿਗ ਵਕਤ ਵਿਹਾਵੇ ।
ਬੰਦੀਵਾਨਾਂ ਤੇ ਹਰ ਵੇਲੇ, ਸ਼ਫ਼ਕਤ ਲੁਤਫ਼ ਕਮਾਵੇ ।
ਕੈਦੀਆਂ ਦੇ ਤਾਈਂ ਲੁਤਫ਼ ਪਿਆਰੋਂ, ਰੱਖੇ ਵਿਚ ਅਹਸਾਨਾਂ ।
ਯੂਸੁਫ਼ ਤੇ ਉਹ ਆਸ਼ਿਕ ਸਾਰੇ, ਵੇਖ ਮਰਾਤਿਬ ਸ਼ਾਨਾਂ ।
ਯੂਸ਼ੁਫ਼ ਨਾਲ ਜਵਾਨ ਦੋ ਕੈਦੀ, ਖ਼ਾਸ ਮੁਕੱਰਬ ਸ਼ਾਹੀ ।
ਇਕ ਖ਼ੱਬਾਜ਼ ਆਹਾ ਇਕ ਸਾਕੀ, ਫਸੇ ਗ਼ਜ਼ਬ ਦੀ ਫਾਹੀ ।
ਦੁਸ਼ਮਣ ਸ਼ਾਹ ਮਿਸਰ ਦੇ ਉਹਨਾਂ, ਸੀ ਪੈਗ਼ਾਮ ਪੁਚਾਇਆ ।
ਦੇਹੋ ਜ਼ਹਰ ਅਜ਼ੀਜ਼ੇ ਮਾਰੋ, ਬਖਸ਼ਾਂ ਆਲੀ ਪਾਇਆ ।
........................................................
ਸਾਕੀ ਕਰ ਇਨਕਾਰ ਖਲੋਇਆ, ਮੈਂ ਇਹ ਕਾਰ ਨ ਕਰਸਾਂ ।
ਤੇ ਖ਼ੱਬਾਜ਼ ਹੋਇਆ ਇਕਰਾਰੀ, ਕਰਸਾਂ ਉਜ਼ਰ ਨ ਧਰਸਾਂ ।
...........................................................
ਖ਼ਬਰ ਕਹੀ ਕਿਸੇ ਪਾਸ ਅਜ਼ੀਜ਼ੇ, ਸਾਕੀ ਤੇ ਖ਼ੱਬਾਜ਼ੋਂ ।
ਜ਼ਹਰ ਦਿਵਾਵਣ ਲੱਗਾ ਦੁਸ਼ਮਣ, ਖ਼ਬਰ ਲਈਂ ਝਬ ਰਾਜ਼ੋਂ ।
ਪਕੜ ਲਇਆ ਸੁਲਤਾਨ ਦੋਹਾਂ ਨੂੰ, ਅੰਦਰ ਕੈਦ ਸੁਟਾਏ ।
ਸਖ਼ਤ ਸਜ਼ਾਈਂ ਉਨ੍ਹਾਂ ਦੋਹਾਂ ਨੂੰ, ਨਾਫ਼ਿਜ਼ ਹੁਕਮ ਚਲਾਏ ।

(ਫ਼ਾਰਿਗ=ਬੇਫ਼ਿਕਰ, ਸ਼ਫ਼ਕਤ=ਮਿਹਰਬਾਨੀ, ਮੁਕੱਰਬ=
ਨਜ਼ਦੀਕੀ, ਖ਼ੱਬਾਜ਼=ਰਸੋਈਆ)

ਕੈਦੀਆਂ ਨੂੰ ਸੁਫ਼ਨਫਲ ਦੱਸਣੇ

ਇਕ ਕਹੇ ਮੈਂ ਸੁਫ਼ਨਾ ਡਿੱਠਾ, ਅੰਗੂਰੋਂ ਹੱਥ ਖ਼ੋਸ਼ਾ ।
ਆਪ ਨਚੋੜ ਪਲਾਵੇ ਸ਼ਾਹੇ, ਖ਼ਮਰ ਖ਼ੁਸ਼ੀ ਦਾ ਤੋਸ਼ਾ ।
ਦੂਜਾ ਕਹੰਦਾ ਮੈਂ ਇਹ ਡਿੱਠਾ, ਰੋਟੀਆਂ ਸਿਰ ਤੇ ਚਾਈਆਂ ।
ਵਿੱਚੋਂ ਚੁੱਕ ਜਨਾਵਰ ਖਾਂਦੇ, ਚੀਲਾਂ ਕਾਓਂ ਬਲਾਈਆਂ ।
........................................................
ਕਹ ਯੂਸੁਫ਼ ਤਾਬੀਰ ਅਸਾਂ ਨੂੰ, ਗ਼ਮ ਦੇ ਬੰਦ ਛੁੜਾਵੇਂ ।
ਤੂੰ ਮੁਹਸਿਨ ਅਹਸਾਨ ਕੁਨਿੰਦਾ, ਸਾਨੂੰ ਨਜ਼ਰੀਂ ਆਵੇਂ ।
........................................................
ਸੁਣ ਕੇ ਅਰਜ਼ ਉਹਨਾਂ ਦੀ ਯੂਸੁਫ਼, ਦਿਲ ਵਿਚ ਸੋਚ ਗੁਜ਼ਾਰੇ ।
ਰੱਬ ਥੀਂ ਗ਼ਾਫ਼ਿਲ ਹੱਕ ਨ ਜਾਣਨ, ਇਹ ਕੈਦੀ ਬੇਚਾਰੇ ।
ਅੱਵਲ ਉਹਨਾਂ ਈਮਾਨ ਸਿਖਾਵਾਂ, ਫੇਰ ਕਹਾਂ ਤਾਬੀਰਾਂ ।
ਮਤਲਬ ਕਾਰਣ ਸੁਣਨ ਨਸੀਹਤ, ਹੱਕ ਸੁਖ਼ਨ ਤਕਰੀਰਾਂ ।
..........................................................
ਇਹ ਮੈਨੂੰ ਰੱਬ ਇਲਮ ਸਿਖਾਇਆ, ਖ਼ਾਸ ਸ਼ਰਫ਼ ਦਰਗਾਹੋਂ ।
ਸਿਰ ਮੇਰੇ ਅਹਸਾਨ ਵਡੇਰਾ, ਪਾਕ ਜਨਾਬ ਇਲਾਹੋਂ ।
ਛੋੜ ਦਿੱਤਾ ਮੈਂ ਮਜ਼ਹਬ ਗ਼ੈਰਾਂ, ਰੱਬ ਨ ਜਿਨ੍ਹਾਂ ਪਛਾਤਾ ।
ਆਖ਼ਿਰ ਥੀਂ ਉਹ ਮੁਨਕਿਰ ਹੋਏ, ਹੱਕ ਨ ਜਿਨ੍ਹਾਂ ਸਿੰਞਾਤਾ ।
............................................................
ਅਸੀਂ ਸ਼ਰੀਕ ਨ ਕਰਦੇ ਮੂਲੇ, ਨਾਲ ਖ਼ੁਦਾ ਸ਼ੈ ਕਾਈ ।
ਵਾਹਿਦ ਖ਼ਾਲਿਕ ਪਾਕਿ ਸ਼ਰੀਕੋਂ, ਉਸਦੀ ਸੱਚ ਖ਼ੁਦਾਈ ।
.........................................................
ਐ ਦੋ ਯਾਰ ਅਸੀਰ ਪਿਆਰੇ, ਦੇਖੋ ਸੱਚ ਕਿਆਈ ।
ਬੁਤ ਚੰਗੇ ਰੱਬ ਯਾ ਤੇ ਇੱਕੋ, ਜਿਸ ਦੀ ਸੱਚ ਖ਼ੁਦਾਈ ।
ਘੜ ਬੁਤ ਲੱਕੜ ਪੱਥਰ ਵੱਟੋਂ, ਖ਼ਾਲਿਕ ਕਹਣ ਇਹਨਾਂ ਨੂੰ ।
ਹੱਥੀਂ ਕਰਨ ਤਿਆਰ ਜਿਨ੍ਹਾਂ ਨੂੰ, ਖ਼ਾਲਿਕ ਕਹਣ ਤਿਨ੍ਹਾਂ ਨੂੰ ।
ਜੇ ਤੇ ਵੱਟੇ ਦੇਣ ਮੁਰਾਦਾਂ, ਕਾਹਨੂੰ ਖ਼ਾਕ ਰੁਲੇਂਦੇ ।
ਇਹ ਬੇਜਾਨ ਇਨ੍ਹਾਂ ਥੀਂ ਨਾਕਿਸ਼, ਜੋ ਇਨ੍ਹਾਂ ਰੱਬ ਕਹੇਂਦੇ ।
...........................................................
ਇਹ ਸੁਣ ਸਾਕੀ ਕਲਮਾ ਪੜ੍ਹਿਆ, ਸਾਰਿਆਂ ਹੋਰ ਅਸੀਰਾਂ ।
ਨਬੀ ਪਛਾਤਾ ਯੂਸੁਫ਼ ਤਾਈਂ, ਸੁਣ ਸੁਣ ਕੇ ਤਕਰੀਰਾਂ ।
ਪਰ ਖ਼ੱਬਾਜ਼ ਈਮਾਨ ਨ ਆਂਦਾ, ਗ਼ਰਕ ਰਹਿਆ ਗੁਮਰਾਹੀ ।
ਹੋਰ ਤਮਾਮ ਈਮਾਨ ਲਿਆਏ, ਪਾਇਆ ਫ਼ਜ਼ਲ ਇਲਾਹੀ ।
ਤੇ ਹੁਣ ਯੂਸੁਫ਼ ਨੇ ਫ਼ਰਮਾਇਆ, ਦੋਹਾਂ ਜਵਾਨ ਅਸੀਰਾਂ ।
ਐ ਦੋ ਯਾਰੋ ਬੰਦੀਵਾਨੋਂ, ਖ਼ਵਾਬ ਸੁਣੋ ਤਾਬੀਰਾਂ ।
ਜਿਸ ਸੁਫ਼ਨੇ ਵਿਚ ਨਜ਼ਰੀਂ ਆਇਆ, ਖ਼ਮਰ ਦਿੱਤੀ ਸੁਲਤਾਨੇ ।
ਪਰਸੋਂ ਰੋਜ਼ ਖ਼ਲਾਸੀ ਪਾਵੇ, ਤੇ ਖ਼ੁਸ਼ੀਓਂ ਪਰਵਾਨੇ ।
ਜਾ ਸਾਹਿਬ ਨੂੰ ਖ਼ਮਰ ਪਿਲਾਵੇ, ਉਮਰਾਵਾਂ ਵਿਚ ਰਲ ਕੇ ।
ਤੇ ਖ਼ੱਬਾਜ਼ ਚੜ੍ਹੇਸੀ ਸੂਲੀ, ਦਿਨ ਚੜ੍ਹਦੇ ਨੂੰ ਭਲਕੇ ।
...................................................
ਸਾਕੀ ਨੂੰ ਫ਼ਰਮਾਵੇ ਯੂਸੁਫ਼, ਜੈਂ ਹੱਕ ਜ਼ਨ ਰਿਹਾਈ ।
ਇਕ ਪੈਗ਼ਾਮ ਮੇਰਾ ਐ ਸਾਕੀ, ਯਾਦ ਰੱਖੀਂ ਤੂੰ ਭਾਈ ।
ਜਾਂ ਤੂੰ ਖ਼ਮਰ ਪਿਲਾਵਣ ਲੱਗੇਂ, ਪੇਸ਼ ਅਜ਼ੀਜ਼ ਕਦਾਹੀਂ ।
ਜ਼ਿਕਰ ਕਰੀਂ ਉਸ ਪਾਸ ਅਸਾਡਾ, ਤੇ ਇਹ ਅਰਜ਼ ਸੁਣਾਈਂ ।
ਇਕ ਜਵਾਨ ਗ਼ਰੀਬ ਨਿਤਾਣਾ, ਕੈਦੀ ਬਾਝ ਗੁਨਾਹੋਂ ।
ਬਰਸਾਂ ਪੰਜ ਗਈਆਂ ਵਿਚ ਜ਼ਿੰਦਾਂ, ਰੋਂਦਿਆਂ ਹਾਲ ਤਬਾਹੋਂ ।
.........................................................
ਮਿਲੀ ਖ਼ਲਾਸੀ ਸਾਕੀ ਤਾਈਂ, ਉਸ ਨੇ ਮਕਸਦ ਪਾਏ ।
ਭੁੱਲ ਗਇਆਸੁ ਯੂਸੁਫ਼ ਦਿਲ ਥੀਂ, ਕਿਤਨੇ ਸਾਲ ਵਿਹਾਏ ।
..........................................................
ਆਏ ਯੂਸੁਫ਼ ਕੈਦੀਆਂ ਤਾਈਂ, ਰਹਮ ਕਰੇ ਫ਼ਰਮਾਵੇ ।
ਕਹੋ ਭਰਾਵੋ ਕੈਦ ਚੰਗੀ ਯਾ, ਤੁਸਾਂ ਖ਼ਲਾਸੀ ਭਾਵੇ ।
...................................................
ਚਾਰ ਸੈਆਂ ਰੋ ਅਰਜ਼ ਗੁਜ਼ਾਰੀ, ਜੇ ਤੂੰ ਬੰਦੀਖ਼ਾਨੇ ।
ਕੈਦ ਭਲੀ ਅਸਾਂ ਰੰਜ ਖ਼ਲਾਸੀ, ਰਹਸਾਂ ਏਸ ਮਕਾਨੇ ।
..................................................
ਇਕ ਹਜ਼ਾਰ ਗੁਜ਼ਾਰਨ ਅਰਜ਼ਾਂ, ਅਹਲ ਅਯਾਲਾਂ ਵਾਲੇ ।
ਕੈਦੋਂ ਛੁੱਟ ਇਬਾਦਤ ਕਰੀਏ, ਜਾ ਵਿਚ ਘਰਾਂ ਸੁਖਾਲੇ ।
ਹੱਥ ਉਠਾ ਜਨਾਬ ਇਲਾਹੀ, ਯੂਸੁਫ਼ ਅਰਜ਼ ਗੁਜ਼ਾਰੇ ।
ਟੁਟ ਜ਼ੰਜੀਰ ਹਜ਼ਾਰਾਂ ਤਨ ਥੀਂ, ਧਰਤ ਝੜੇ ਯਕ ਬਾਰੇ ।
........................................................
ਆਹੀ ਯੂਸੁਫ਼ ਨੂੰ ਵਿਚ ਬੰਦੀ, ਵਰ੍ਹੀਆਂ ਸਤ ਵਿਹਾਈਆਂ ।
ਕੈਦ ਰਹਿਆ ਵਿਚ ਦਰਦ ਗ਼ਮਾਂ ਦੇ, ਕਿਨ੍ਹੇ ਨ ਖ਼ਬਰਾਂ ਪਾਈਆਂ ।

(ਖ਼ੋਸ਼ਾ=ਗੁੱਛਾ, ਖ਼ਮਰ=ਸ਼ਰਾਬ, ਤੋਸ਼ਾ=ਸਾਮਾਨ, ਮੁਹਸਿਨ=
ਅਹਿਸਾਨ ਕਰਨ ਵਾਲਾ, ਨਾਕਿਸ਼=ਨੁਕਸ਼ ਵਾਲੇ, ਜ਼ਨ=
ਸੰਭਾਵਨਾ, ਅਯਾਲਾਂ=ਟੱਬਰਦਾਰ)

ਯੂਸੁਫ਼ ਦੀ ਭੁੱਲ ਤੇ ਪਛਤਾਵਾ

ਇਕ ਦਿਨ ਯੂਸੁਫ਼ ਪਾਸ ਜਨਾਬੋਂ, ਜਬਰਾਈਲ ਜੋ ਆਇਆ ।
ਬਾਅਦ ਸਲਾਮੋਂ ਯੂਸੁਫ਼ ਤਾਈਂ, ਇਹ ਪੈਗ਼ਾਮ ਸੁਣਾਇਆ ।
ਕਹੋ ਯੂਸੁਫ਼ ਕਿਸ ਬਲਦੀ ਅੱਗੋਂ, ਇਬਰਾਹੀਮ ਬਚਾਇਆ ।
ਤੈਨੂੰ ਜ਼ਿੰਦਾ ਕੱਢ ਖੂਹੇ ਥੀਂ, ਕਿਸ ਨੇ ਮਿਸਰ ਪਹੁੰਚਾਇਆ ।
ਅੱਲਾ ਬਾਝ ਛੁਡਾਵੇ ਕਿਹੜਾ, ਯੂਸੁਫ਼ ਅਰਜ਼ ਸੁਣਾਈ ।
ਰੱਬ ਕਹੇ ਫਿਰ ਕਿਉਂ ਤੂੰ ਗ਼ੈਰੋਂ, ਕੀਤੀ ਤਲਬ ਰਿਹਾਈ ।
..........................................................
ਸ਼ਾਹ ਅਜ਼ੀਜ਼ ਨਕਾਰਾ ਬੰਦਾ, ਤੈਨੂੰ ਕਿਵੇਂ ਛੁੜਾਵੇ ।
ਮੈਂ ਕਾਦਿਰ ਜੋ ਚਾਹਾਂ ਕਰਸਾਂ, ਹੋਰਾਂ ਪੇਸ਼ ਨ ਜਾਵੇ ।
ਇਹ ਤਾਅਨਾ ਸੁਣ ਯੂਸੁਫ਼ ਰੋਇਆ, ਸਬਰ ਕਰਾਰੋਂ ਖ਼ਾਲੀ ।
ਮੈਂ ਭੁੱਲਾਂ ਤੂੰ ਬਖਸ਼ ਇਲਾਹੀ, ਤੂੰ ਆਲੀ ਤੂੰ ਵਾਲੀ ।
.....................................................
ਸੱਤਰ ਬਰਸਾਂ ਕੈਦ ਰਹਾਂ, ਯਾ ਉਮਰ ਬੰਦੀ ਵਿਚ ਸਾਰੀ ।
ਉਸਦਾ ਦੁੱਖ ਨਹੀਂ ਮੈਂ ਕਾਈ, ਗ਼ਜ਼ਬੋਂ ਖ਼ੌਫ਼ ਕਹਾਰੀ ।
ਤੇਰਾ ਕਹਰ ਝਲਣ ਦੀ ਯਾ ਰਬ, ਮੈਂ ਵਿਚ ਤਾਕਤ ਨਾਹੀਂ ।
ਹੋ ਰਾਜ਼ੀ ਰਖ ਬੰਦੀਖ਼ਾਨੇ, ਹੋਰ ਨ ਤਲਬ ਅਸਾਹੀਂ ।
....................................................
ਜਬਰਾਈeਲ ਕਹੇ ਐ ਯੂਸੁਫ਼, ਮਿਲਸੀ ਫ਼ਜ਼ਲ ਅਸੀਰਾਂ ।
ਅੱਲਾ ਅਰਹਮ ਬਖਸ਼ਣ ਹਾਰਾ, ਬਖਸ਼ੇਸੀ ਤਕਸੀਰਾਂ ।
ਬਾਪ ਬਾਰੇ ਪੁੱਛ ਕਰਨੀ

ਯੂਸੁਫ਼ ਪੁੱਛੇ, ਜਬਰਾਈਲਾ, ਬਾਪ ਅਹਵਾਲ ਕਿਆਈ ।
ਕਹ ਕਿਆ ਸਿਰ ਉਸਦੇ ਗੁਜ਼ਰੀ, ਮੇਰੀ ਵਿਚ ਜੁਦਾਈ ।
ਇਕ ਸਾਇਤ ਮੇਰੇ ਬਾਝੋਂ, ਸਬਰ ਨ ਕਰਦਾ ਕਾਈ ।
ਵਿਛੜਿਆਂ ਹੁਣ ਸਾਲ ਵਿਹਾਏ, ਕੇਡਕ ਸਖ਼ਤੀ ਪਾਈ ।
ਹੁਣ ਦੁਨੀਆਂ ਵਿਚ ਹੈ ਯਾ ਨਾਹੀਂ, ਮੇਰਾ ਬਾਪ ਪਿਆਰਾ ।
ਜੇ ਹੈਗਾ ਕਹ ਹਾਲ ਸੁਣਾਈਂ, ਮੈਂ ਬਿਨ ਕਿਵੇਂ ਗੁਜ਼ਾਰਾ ।
ਜਬਰਾਈeਲ ਕਹੇ ਐ ਯੂਸੁਫ਼, ਪੈਗ਼ੰਬਰ ਕਨਆਨੀ ।
ਜਿੰਦਾ ਹੈ ਪਰ ਤੇਰੇ ਬਾਝੋਂ, ਮਜ਼ਾ ਨਹੀਂ ਜ਼ਿੰਦਗਾਨੀ ।
ਵਿਚ ਵਿਛੋੜੇ ਤੇਰੇ ਯੂਸੁਫ਼, ਉਸਦੀਆਂ ਅੱਖੀਂ ਗਈਆਂ ।
ਨੂਰ ਨ ਰਹਿਆ ਚਸ਼ਮਾਂ ਅੰਦਰ, ਤੇਰਿਆਂ ਵਿਚ ਕਜ਼ੀਆਂ ।
..........................................................
ਸੁਣ ਯੂਸੁਫ਼ ਅਹਵਾਲ ਪਿਦਰ ਦਾ, ਰੋਇਆ ਜ਼ਾਰੋ ਜ਼ਾਰੀ ।
ਪੈਗ਼ੰਬਰ ਵਿਚ ਮੇਰਿਆਂ ਦਰਦਾਂ, ਬਹੁਤ ਝੱਲੀ ਦੁਸ਼ਵਾਰੀ ।
ਵਾਹ ਦਰਦਾ ਮੈਂ ਹੁੰਦਾ ਨਾਹੀਂ, ਬਾਪ ਨ ਕਰਦਾ ਜ਼ਾਰੀ ।
ਨ ਅੱਜ ਉਸਦਾ ਦਰਦ ਮੇਰੇ ਦਿਲ, ਧਰਦਾ ਤੇਜ਼ ਕਟਾਰੀ ।
..........................................................
ਇਸਤਿਗ਼ਫ਼ਾਰ ਕਰੇ ਨਿਤ ਰੋ ਰੋ, ਅੱਲ੍ਹਾ ਦੇ ਦਰਬਾਰੇ ।
ਮੈਂ ਭੁੱਲਾਂ ਤੂੰ ਬਖਸ਼ ਖ਼ੁਦਾਇਆ, ਫ਼ਜ਼ਲ ਤੇਰੇ ਨੇ ਭਾਰੇ ।
ਕਨਆਨੀ ਊਠਣੀ ਦਾ ਮਿਲਣਾ

ਇਕ ਦਿਨ ਯੂਸੁਫ਼ ਬੰਦੀਖ਼ਾਨੇ, ਗ਼ਮਾਂ ਸਤਾਇਆ ਹੋਇਆ ।
ਬਾਹਿਰ ਨਜ਼ਰ ਝਰੋਕੇ ਬੈਠਾ, ਬੁਰਕਾ ਪਾਇਆ ਹੋਇਆ ।
ਕਨਆਨਾਂ ਦਾ ਡੇਰਾ ਉਤ ਵਲ, ਸ਼ਾਮ ਦਯਾਰੋਂ ਆਇਆ ।
ਵਤਨੀ ਲੋਕ ਨਜ਼ਰ ਵਿਚ ਆਏ, ਯੂਸੁਫ਼ ਦਿਲ ਉਛਲਾਇਆ ।
............................................................
ਨਾਮ ਸਿਪਰ ਦਿਲ ਵਿਚ ਉਹਨਾਂ ਦੇ, ਇਕ ਬੰਦਾ ਕਨਆਨੋਂ ।
ਉਸਦੇ ਪਾਸ ਆਹੀ ਇਕ ਡਾਚੀ, ਤੇਜ਼ ਕਦਮ ਪੁਰ ਸ਼ਾਨੋਂ ।
ਡਾਚੀ ਨੇ ਜਾਂ ਯੂਸੁਫ਼ ਡਿੱਠਾ, ਦੌੜ ਜ਼ਿੰਦਾਂ ਵਲ ਆਈ ।
ਯੂਸੁਫ਼ ਅੱਗੇ ਹਾਜ਼ਿਰ ਹੋ ਕੇ, ਗਰਦਨ ਆਣ ਨਿਵਾਈ ।
ਕਰ ਅਦਾਬ ਜ਼ਿਮੀਂ ਤੇ ਬੈਠੀ, ਰੋ ਰੋ ਅਰਜ਼ ਸੁਣਾਈ ।
ਮੈਂ ਯੂਸੁਫ਼ ਕਨਆਨੋਂ ਆਈ, ਪੁੱਛ ਸੁਨੇਹਾ ਕਾਈ ।
ਮੈਂ ਯਾਕੂਬ ਨਬੀ ਦਾ ਯੂਸੁਫ਼, ਕੀ ਕੁਝ ਹਾਲ ਸੁਣਾਵਾਂ ।
ਉਸਦਾ ਗ਼ਮ ਮੈਂ ਆਖ ਨ ਸਕਦੀ, ਆਹ ਛੁੱਟੇ ਮਰ ਜਾਵਾਂ ।
...........................................................
ਨਾਕਾ ਰੋਂਦੀ ਵਹੰਦੀਆਂ ਅੱਖੀਂ, ਰੋ ਰੋ ਹਾਲ ਸੁਣਾਏ ।
ਤੇ ਯੂਸੁਫ਼ ਵਿਚ ਬੁਰਕੇ ਰੋਂਦਾ, ਨੈਣ ਤਪਣ ਪਛਤਾਏ ।
ਦੇਖ ਸਿਪਰ ਦਿਲ ਡਾਚੀ ਤਾਈਂ, ਚਾਹੇ ਮਾਰ ਉਠਾਇਆ ।
ਕਿਉਂ ਨਾਕਾ ਇਤ ਬੈਠੀ ਆਹੀ, ਉਸਨੇ ਰਾਜ਼ ਨ ਪਾਇਆ ।
ਇਹ ਨਾਕਾ ਨੂੰ ਮਾਰ ਉਠਾਵੇ, ਤੇ ਉਹ ਉੱਠੇ ਨਾਹੀਂ ।
ਲੈ ਲਾਠੀ ਤਿਸ ਮਾਰਨ ਲੱਗਾ, ਕਰਕੇ ਜੋਸ਼ ਤਦਾਹੀਂ ।
ਜਾਨੂੰ ਤੀਕ ਗਇਆ ਧਸ ਧਰਤੀ, ਹੈਰਤ ਦੇ ਵਿਚ ਆਇਆ ।
ਇਸਨੂੰ ਮਾਰ ਨ ਮੂਲ ਪਿਆਰੇ, ਯੂਸੁਫ਼ ਨੇ ਫ਼ਰਮਾਇਆ ।
........................................................
ਯੂਸੁਫ਼ ਪੁੱਛੇ ਦੱਸ ਜਵਾਨਾ, ਕਿਸ ਧਰਤੀ ਥੀਂ ਆਇਓਂ ।
ਕਾਮ ਤੇ ਕਿਆ ਨਾਮ ਕਿਆ ਈ, ਕਿਤ ਵਲ ਪੇਸ਼ ਸਿਧਾਇਓਂ ।
ਨਾਮ ਸਿਪਰ ਦਿਲ ਕਾਮ ਤਜਾਰਤ, ਕਹਿਓਸੁ ਘਰ ਕਨਆਨੇ ।
ਕਸਦ ਮਿਸਰ ਕਰ ਘਰ ਥੀਂ ਟੁਰਿਆ, ਆਇਆ ਏਤ ਮਕਾਨੇ ।
ਜੇ ਡਿੱਠਾ ਤੇ ਦੱਸ ਸਿਪਰ ਦਿਲ, ਯੂਸੁਫ਼ ਨੇ ਫ਼ਰਮਾਇਆ ।
ਵਿੱਚ ਕਨਆਨੇ ਬੜਾ ਰੁੱਖ ਭਾਰਾ, ਪੁਰ ਮੇਵਾ ਪੁਰ ਸਾਇਆ ।
ਜੜ੍ਹ ਡੂੰਘੀ ਤੇ ਹਰਿਆ ਭਰਿਆ, ਬਹੁਤ ਬੁਲੰਦ ਉਜਾਲਾ ।
ਸ਼ਾਖਾਂ ਲੰਮੀਆਂ ਤੇ ਵਗ ਝੁੱਲਾ, ਝੋਲਾ ਸਖ਼ਤੀ ਵਾਲਾ ।
ਨਾਜ਼ਿਕ ਸ਼ਾਖ ਨਰਮ ਇੱਕ ਤਾਜ਼ਾ, ਤੋੜ ਖੜੀ ਉਸ ਝੋਲੇ ।
ਹੁਣ ਉਹ ਰੁੱਖ ਬਿਨਾ ਉਸ ਸ਼ਾਖੋਂ, ਖੜਾ ਰਹੇ ਯਾ ਡੋਲੇ ।
ਸੁਣ ਇਹ ਗੱਲ ਸਿਪਰ ਦਿਲ ਤਾਈਂ, ਛੁੱਟ ਗਈਆਂ ਸੁ ਆਹੀਂ ।
ਇਹ ਰੁਖ ਬਾਝ ਨਬੀ ਯਾਕੂਬੇ, ਵਿੱਚ ਕਨਆਨੇ ਨਾਹੀਂ ।
........................................................
ਰਾਤ ਦਿਨੇ ਕਮਲਾਇਆ ਰਹੰਦਾ, ਹਰਿਆ ਨਜ਼ਰ ਨ ਆਵੇ ।
ਵਿੱਚ ਵਿਛੋੜੇ ਸ਼ਾਖ ਪਿਆਰੀ, ਦਿਨ ਦਿਨ ਲਿਫਦਾ ਜਾਵੇ ।
..........................................................
ਕੀਤੋ ਕਸਦ ਸਿਪਰ ਦਿਲ ਵੱਡਾ, ਫਿਰ ਯੂਸੁਫ਼ ਫ਼ਰਮਾਵੇ ।
ਇਤਨੀ ਵਾਟ ਤਜਾਰਤ ਆਇਓਂ, ਨਫ਼ਾ ਕਿਆ ਹੱਥ ਆਵੇ ।
ਕਹੇ ਸਿਪਰ ਦਿਲ ਇਤੇ ਵਾਰੋਂ, ਆਸ ਹਜ਼ਾਰ ਦੀਨਾਰੋਂ ।
ਫ਼ਰਕ ਮਿਸਰ ਕਨਆਨੇ ਅੰਦਰ, ਐਡਕ ਨਫ਼ਾ ਵਪਾਰੋਂ ।
ਬਾਪ ਵੱਲ ਸੁਨੇਹਾ ਘੱਲਣਾ

ਆਹਾ ਲਾਲ ਕੰਙਣ ਜ਼ਰ ਬਾਜ਼ੂ, ਯੂਸੁਫ਼ ਦੇ ਉਤ ਹਾਲੇ ।
ਕੀਤਾ ਲਾਹ ਸਿਪਰ ਦਿਲ ਤਾਈਂ, ਚਾ ਉਸ ਵਕਤ ਹਵਾਲੇ ।
ਇਹ ਲੈ ਵੱਧ ਤੇਰੇ ਹੱਥ ਆਇਆ, ਨਫ਼ਾ ਤਜਾਰਤ ਨਾਲੋਂ ।
ਮੁੜ ਕਨਆਨ ਸੁਣਾ ਜਾ ਯਾਰਾ, ਮੇਰੇ ਹਾਲ ਮਲਾਲੋਂ ।
ਜਾ ਅੱਗੇ ਯਾਕੂਬ ਪੈਗ਼ੰਬਰ, ਮੇਰਾ ਕਹੀਂ ਸੁਨੇਹਾ ।
ਤੈਨੂੰ ਰੱਬ ਬਹਿਸ਼ਤ ਪੁਚਾਵੇ, ਅਰਜ਼ ਕਰੀਂ ਜੋ ਏਹਾ ।
ਸ਼ਹਰ ਮਿਸਰ ਵਿਚ ਬੰਦੀਖ਼ਾਨੇ, ਮਗ਼ਰਬੀਆਂ ਦਾ ਬਰਦਾ ।
ਸ਼ੌਕ ਤੇਰੇ ਦਾ ਜ਼ਖ਼ਮ ਜਿਗਰ ਤੇ, ਤੜਫ ਹਿਜਰ ਵਿਚ ਮਰਦਾ ।
ਵਿੱਚ ਵਿਛੋੜੇ ਤੇਰੇ ਹਜ਼ਰਤ, ਕਰਦਾ ਗਿਰਯਾਜ਼ਾਰੀ ।
ਤੇਰੀ ਖ਼ਾਕ ਕਦਮ ਦਾ ਖ਼ਵਾਹਾਂ, ਆਸ ਦਿਲੇ ਵਿੱਚ ਭਾਰੀ ।
..........................................................
ਅਰਜ਼ ਸਲਾਮ ਦੁੱਖਾਂ ਦਾ ਭਰਿਆ, ਜਿਉਂ ਖ਼ਾਦਿਮ ਥੀਂ ਸਰਿਆ ।
ਕਲਮ ਫ਼ਿਰਾਕੋਂ ਦਿਲ ਦੇ ਪੁਰਜ਼ੇ, ਲਿਖ ਕਾਸਿਦ ਹੱਥ ਧਰਿਆ ।
ਇਹ ਪੈਗ਼ੰਬਰ ਸਿਪਰ ਦਿਲ ਯਾਰਾ, ਕਹ ਪੈਗ਼ੰਬਰ ਤਾਈਂ ।
ਬੰਦੀਵਾਨ ਦਿਲੇ ਦਾ ਹਾਲਾ, ਕਰ ਕਰ ਅਰਜ਼ ਸੁਣਾਈਂ ।
ਕੀਤਾ ਅਰਜ਼ ਸਿਪਰ ਦਿਲ ਮੁੜ ਕੇ, ਨਾਮ ਕਹਾਂ ਕੀ ਤੇਰਾ ।
ਯੂਸੁਫ਼ ਕਹੰਦਾ ਨਾਮ ਨ ਹਾਜਤ, ਇਹ ਪੈਗ਼ਾਮ ਬਹੁਤੇਰਾ ।
ਉਹ ਕਹੰਦਾ ਜੇ ਬੁਰਕਾ ਲਾਹੇਂ, ਦੇਖਾਂ ਤੇਰੇ ਤਾਈਂ ।
ਯੂਸੁਫ਼ ਕਹੰਦਾ ਮੁੜ ਜਾ ਭਾਈ, ਹੋਰ ਨ ਗੱਲ ਚਲਾਈਂ ।
ਏਹਾ ਕਹੀਂ ਸੁਨੇਹਾ ਇਤਨਾ, ਜੋ ਮੈਂ ਆਖ ਸੁਣਾਇਆ ।
ਸੁਣ ਇਹ ਗੱਲ ਸਿਪਰ ਦਿਲ ਮੁੜਿਆ, ਵਲ ਕਨਆਨ ਸਿਧਾਇਆ ।
............................................................
ਵਿਚ ਕਨਆਨ ਸਿਪਰ ਦਿਲ ਵੜਿਆ, ਲੈ ਪੈਗ਼ਾਮ ਫ਼ਿਰਾਕੋਂ ।
ਤੇ ਉਹ ਦਰਦਾਂ ਭਰੇ ਸੁਨੇਹੇ, ਮਹਜ਼ੂਰੋਂ ਮੁਸ਼ਤਾਕੋਂ ।
ਸਿਪਰ ਦਿਲ ਤੇ ਯਾਕੂਬ

ਉਹ ਕਹੰਦਾ ਮੈਂ ਕਾਸਿਦ ਆਇਆ, ਚੱਲ ਅਸੀਰਾਂ ਵੱਲੋਂ ।
ਮੈਂ ਪੈਗ਼ਾਮ ਹਿਜਰ ਦੇ ਆਂਦੇ, ਤੀਰ ਬਿਰਹੋਂ ਦੇ ਸੱਲੋਂ ।
ਵਿਛੜਿਆਂ ਪੈਗ਼ਾਮ ਪਹੁੰਚਾਏ, ਗ਼ਮ ਦੇ ਰਾਜ਼ ਛੁਪਾਏ ।
ਰਾਜ਼ ਖੁੱਲ੍ਹੇ ਦਿਲ ਝੱਲ ਨ ਸੱਕੇ, ਰੋ ਰੋ ਕੇ ਮਰ ਜਾਏ ।
ਬੰਦੀਵਾਨ ਮਿਸਰ ਦਾ ਕੋਈ, ਮਗ਼ਰਬੀਆਂ ਦਾ ਚੇਰਾ ।
ਸ਼ੌਕ ਤੇਰੇ ਦੇ ਨਾਲ ਫ਼ਿਰਾਕਾਂ, ਸੀਨੇ ਦਰਦ ਘਨੇਰਾ ।
ਆਹੀਂ ਸੋਜ਼ ਪੁਕਾਰਾ ਕਿਤੋਸੁ, ਘੱਲੇ ਦਰਦ ਸੁਨੇਹੇ ।
ਮੈਂ ਵਿਚ ਦਿਲਾਂ ਨ ਡਿੱਠੇ ਹੋਰਾਂ, ਗ਼ਮ ਦੇ ਜ਼ਖ਼ਮ ਅਵੇਹੇ ।
ਸੁਣ ਯਾਕੂਬ ਉੱਠੇ ਫੜ ਆਸਾ, ਰੋ ਦਿਲ ਕਰੇ ਪੁਕਾਰਾਂ ।
ਯੂਸੁਫ਼ ਘੱਲ ਪੈਗ਼ਾਮ ਕਿਥਾਓਂ, ਝੱਲੇ ਦਰਦ ਹਜ਼ਾਰਾਂ ।
ਕਿਆ ਕਹੇਂ ਕਹ ਕਿੱਥੋਂ ਆਇਓਂ, ਕਿਸ ਕਰ ਪੈਕ ਪਹੁੰਚਾਇਓਂ ।
ਕਿਨ ਘੱਲਿਓਂ ਕਹੁ ਕਿਸਦੀ ਤਰਫ਼ੋਂ, ਕੀ ਪੈਗ਼ਾਮ ਲਿਆਇਓਂ ।
ਕੀਤੀ ਅਰਜ਼ ਸਿਪਰ ਦਿਲ ਰੋ ਰੋ, ਸੁਣ ਹਜ਼ਰਤ ਉਮੀਦਾਂ ।
ਮਗ਼ਰਬੀਆਂ ਦਾ ਬਰਦਾ ਕੋਈ, ਵਿੱਚ ਮਿਸਰ ਦੀਆਂ ਕੈਦਾਂ ।
...........................................................
ਸੁਣ ਯਾਕੂਬ ਜਿਗਰ ਸਹ ਜ਼ਰਬਾਂ, ਕਹੰਦਾ ਦੂਜੀ ਵਾਰੀ ।
ਤੂੰ ਉਸਨੂੰ ਖ਼ੁਦ ਅੱਖੀਂ ਡਿੱਠਾ, ਯਾ ਵਿਚ ਪਰਦਾਦਾਰੀ ।
ਕਹੇ ਸਿਪਰ ਦਿਲ ਪਰਦੇ ਅੰਦਰ, ਦਿਲ ਦੇ ਦਰਦ ਸੁਣਾਏ ।
ਮੈਨੂੰ ਨੈਣ ਵਗੇਂਦੇ ਖ਼ੂਨੋਂ, ਜ਼ਾਹਿਰ ਨਜ਼ਰੀਂ ਆਏ ।
ਫੇਰ ਯਾਕੂਬ ਨਬੀ ਫ਼ਰਮਾਇਆ, ਕਹੁ ਕੀ ਨਾਮ ਦਸਾਇਆ ।
ਕਹੇ ਸਿਪਰ ਦਿਲ ਮੈਂ ਪੁੱਛ ਥੱਕਾ, ਪਰ ਕੁਝ ਪਤਾ ਨ ਪਾਇਆ ।
ਪਰਦੇ ਅੰਦਰ ਰਮਜ਼ੀਂ ਰਮਜ਼ੀਂ, ਤੇਰੇ ਹਾਲ ਪੁਛਾਏ ।
ਸ਼ੋਅਲੇ ਝਾੜ ਜਿਗਰ ਪੁਰ ਦਰਦੋਂ, ਇਹ ਪੈਗ਼ਾਮ ਸੁਣਾਏ ।
...........................................................
ਨਬੀ ਕਹੇ ਬੂ ਉਲਫ਼ਤ ਵਾਲੀ, ਵਿੱਚ ਪੈਗ਼ਾਮ ਸਮਾਈ ।
ਇਹ ਮਹਬੂਬ ਪਿਆਰੇ ਵਾਲਾ, ਹੋਗ ਸੁਨੇਹਾ ਕਾਈ ।
......................................................
ਸੁਣ ਪੈਗ਼ਾਮ ਨਬੀ ਦੇ ਦਿਲ ਨੂੰ, ਹੋਇਆ ਦਰਦ ਸਵਾਇਆ ।
ਕਰਕੇ ਵਿਦਾ ਸਿਪਰ ਦਿਲ ਤਾਈਂ, ਮੁੜ ਹੁਜਰੇ ਵਿੱਚ ਆਇਆ ।

(ਅਸੀਰ=ਕੈਦੀ, ਚੇਰਾ=ਚੇਲਾ, ਆਸਾ=ਸੋਟਾ, ਪੈਕ=ਪੈਗ਼ੰਬਰ,
ਰਮਜ਼ੀਂ ਰਮਜ਼ੀਂ=ਲੁਕਵੇਂ ਢੰਗ ਨਾਲ, ਉਲਫ਼ਤ=ਪਿਆਰ)

ਕੈਦਖ਼ਾਨੇ ਵਿਚ ਯੂਸੁਫ਼ ਨੂੰ ਬਸ਼ਾਰਤ

ਸੱਤ ਗਏ ਜਾਂ ਯੂਸੁਫ਼ ਤਾਈਂ, ਸਾਲ ਬੰਦੀ ਵਿੱਚ ਸਾਰੇ ।
ਰਹਮਤ ਦਾ ਦਰਿਆ ਜਨਾਬੋਂ, ਲੱਗਾ ਦੇਣ ਹੁਲਾਰੇ ।
ਤਾਂ ਜਬਰਾਈਲ ਫ਼ਲਕ ਥੀਂ ਪਹੁਤਾ, ਹੁਕਮੇ ਨਾਲ ਖ਼ੁਦਾ ਦੇ ।
ਯੂਸੁਫ਼ ਪਾਸ ਗਇਆ ਵਿੱਚ ਬੰਦੀ, ਜਿਉਂ ਕਰ ਵਿੱਚ ਇਰਾਦੇ ।
..............................................................
ਜਬਰਾਈਲ ਕਹੇ ਮੈਂ ਤੈਂ ਵੱਲ, ਲੈ ਖ਼ੁਸ਼ਖ਼ਬਰੀ ਆਇਆ ।
ਅੱਲ੍ਹਾ ਨੇ ਅੱਜ ਨਾਮ ਤੁਸਾਡਾ, ਚਾ ਪਾਕਾਂ ਵਿੱਚ ਲਾਇਆ ।
ਉਹ ਤਕਸੀਰ ਜੋ ਹੋਈ ਤੈਥੀਂ, ਬਖਸ਼ੀ ਕਰ ਗ਼ੁਫ਼ਾਰੀ ।
ਹੋਰ ਸਲਾਮ ਪੁਚਾਇਆ ਤੈਨੂੰ, ਲੁਤਫ਼ ਤੇਰੇ ਪੁਰ ਭਾਰੀ ।
ਕੋਈ ਰੋਜ਼ ਰਹਿਆ ਦੁੱਖ ਤੇਰਾ, ਅੱਜ ਕੱਲ ਮਿਲੇ ਖ਼ਲਾਸੀ ।
ਸਿਰ ਤੇਰੇ ਥੀਂ ਦਰਦ ਮੁਸੀਬਤ, ਸਭ ਸਖ਼ਤੀ ਉੱਠ ਜਾਸੀ ।
..........................................................
ਬਾਪ ਮੇਰੇ ਨੂੰ ਜਬਰਾਈਲਾ, ਮੇਰਾ ਹਾਲ ਸੁਣਾਓ ।
ਯੂਸੁਫ਼ ਤੇਰਾ ਜ਼ਿੰਦਾ ਹਜ਼ਰਤ, ਨ ਰੋ ਰੋ ਦੁਖ ਪਾਓ ।
ਜਬਰਾਈਲ ਕਹੇ ਇਹ ਨਾਹੀਂ, ਹਰਗਿਜ਼ ਹੁਕਮ ਇਲਾਹੀ ।
ਅਜੇ ਪੁਚਾਵਣ ਖ਼ਬਰ ਤੁਸਾਡੀ, ਨ ਇਰਾਦਾ ਆਹੀ ।
ਵਿਚ ਤੇਰੇ ਗ਼ਮ ਉਸਨੂੰ ਫੜਿਆ, ਤੇ ਤੈਨੂੰ ਵਿਚ ਬੰਦੀ ।
ਸਬਰੋਂ ਮਿਲੇ ਦੋਹਾਂ ਨੂੰ ਰੁਤਬਾ, ਪਾਸੋਂ ਕਦਰ ਬੁਲੰਦੀ ।
ਮੁੜ ਜਬਰਾਈਲ ਗਇਆ ਹੋ ਰੁਖ਼ਸਤ, ਯੂਸੁਫ਼ ਸਬਰ ਗੁਜ਼ਾਰੇ ।
ਵਿਚ ਫ਼ਿਰਾਕ ਪਿਦਰ ਦੇ ਰੋਂਦਾ, ਦਿਲੋਂ ਨ ਮੂਲ ਵਿਸਾਰੇ ।
25. ਕੈਦੋਂ ਪਤਾਸ਼ਾਹੀ
ਸ਼ਾਹ ਮਿਸਰ ਦਾ ਸੁਫ਼ਨਾ ਦੇਖਣਾ

ਸ਼ਾਹ ਮਿਸਰ ਇਕ ਰਾਤੀਂ ਸੁੱਤਾ, ਨੀਂਦਰ ਜੋਸ਼ ਖਲਾਰੇ ।
ਸੁਫ਼ਨੇ ਦੇ ਵਿੱਚ ਡਿੱਠੋਸੁ ਖ਼ੁਦ ਨੂੰ, ਬੈਠਾ ਨੀਲ ਕਨਾਰੇ ।
ਪਾਟ ਨਦੀ ਦੋ ਤਰਫ਼ ਖਲੋਈ, ਕੰਧਾਂ ਜਿਵੇਂ ਟਿਕਾਈਆਂ ।
ਗਾਈਆਂ ਸੱਤ ਜੁੱਸੇ ਥੀਂ ਭਰੀਆਂ, ਵਿੱਚੋਂ ਜ਼ਾਹਿਰ ਆਈਆਂ ।
ਜਾਂ ਇਹ ਨਿਕਲ ਬੰਨੇ ਆਈਆਂ, ਹੋਰ ਪਿੱਛੋਂ ਦਿਸ ਆਈਆਂ ।
ਗਾਈਆਂ ਸੱਤ ਜੁੱਸੇ ਥੀਂ ਲਾਗਿਰ, ਮਗਰ ਉਹਨਾਂ ਉਠ ਧਾਈਆਂ ।
ਲਾਗਿਰ ਗਾਈਆਂ ਨੇ ਸੱਤ ਫ਼ਰਬਾ, ਸਾਬਿਤ ਨਿਗਲ ਲੰਘਾਈਆਂ ।
ਤੇ ਉਹ ਰਹੀਆਂ ਸਭੇ ਲਾਗਿਰ, ਤਾਜ਼ਾ ਨਜ਼ਰ ਨ ਆਈਆਂ ।
ਕਰਦੀਆਂ ਸ਼ੋਰ ਅੜਾਂਦੀਆਂ ਸੱਤੇ, ਲਹੰਦੇ ਤਰਫ਼ ਸਿਧਾਈਆਂ ।
ਚਾ ਕੁਦਾੜ ਉਡਾਈਆਂ ਗਰਦਾਂ, ਪਾਈਆਂ ਮਿਸਰ ਦੁਹਾਈਆਂ ।
...............................................................
ਤਿੰਨ ਗਈਆਂ ਨੱਸ ਮਗ਼ਰਬ ਤਰਫ਼ੇ, ਮਸ਼ਰਿਕ ਤਿੰਨ ਸਿਧਾਈਆਂ ।
ਇਕ ਗਈ ਵਲ ਉੱਡ ਅਸਮਾਨੇ, ਕਰਦੀ ਸ਼ੋਰ ਦੁਹਾਈਆਂ ।
ਹੋਰ ਡਿੱਠੇ ਸੱਤ ਖ਼ੋਸ਼ੇ ਤਾਜ਼ੇ, ਦਾਣਿਆਂ ਥੀਂ ਪੁਰ ਸਾਰੇ ।
ਬਾਅਦ ਉਹਨਾਂ ਸੱਤ ਸੁੱਕੇ ਖ਼ੋਸ਼ੇ, ਨਜ਼ਰ ਪਏ ਯਕ ਬਾਰੇ ।
ਇਹ ਸੁੱਕੇ ਮਿਲ ਹਰਿਆਂ ਪਲਚੇ, ਉਹ ਭੀ ਉਹਨਾਂ ਸੁਕਾਏ ।
ਤਾਜ਼ਾ ਖ਼ੁਸ਼ਕ ਰਲੇ ਹੁਣ ਸਾਰੇ, ਸੁੱਕੇ ਨਜ਼ਰੀਂ ਆਏ ।
ਬਾਅਦ ਉਹਨਾਂ ਇਕ ਮਰਦ ਡਿੱਠਾ ਸੁ, ਸੂਰਤ ਨੂਰੀ ਸਾਯਾ ।
ਬੈਠਾ ਤਖ਼ਤ ਮਿਸਰ ਦੇ ਉੱਤੇ, ਭੀ ਉਸ ਪਾਸ ਬਿਠਾਇਆ ।
ਸ਼ਾਹ ਅਜ਼ੀਜ਼ ਡਿੱਠਾ ਇਹ ਸੁਪਨਾ, ਰਹਿਆ ਕਰਾਰੋਂ ਖ਼ਾਲੀ ।
ਖ਼ਵਾਬੋਂ ਉਠ ਖਲੋਇਆ ਕੰਬਦਾ, ਅਕਲ ਰਹੀ ਮਤਵਾਲੀ ।
ਤਨ ਕੰਬੇ ਆਰਾਮ ਨ ਦਿਲ ਨੂੰ, ਗ਼ਾਲਿਬ ਹੈਬਤ ਧਾਣੀ ।
ਦਮ ਦਮ ਵਧੇ ਦਿਲੇ ਵਿਚ ਦਹਸ਼ਤ, ਚਸ਼ਮ ਵਸਾਏ ਪਾਣੀ ।
ਸੱਦ ਮੁਅੱਬਿਰ ਕਾਹਨ ਸਾਰੇ, ਹੋਰ ਅਮੀਰ ਵਜ਼ੀਰਾਂ ।
ਸ਼ਾਹ ਸੁਣਾਈ ਖ਼ਵਾਬ ਤਮਾਮੀ, ਤਲਬ ਕਰੇ ਤਾਬੀਰਾਂ ।
.......................................................
ਉਹਨਾਂ ਕਹਿਆ ਇਹ ਖ਼ਵਾਬ ਪਰੇਸ਼ਾਂ, ਕਿਆ ਕਹਾਂ ਤਾਬੀਰੋਂ ।
ਇਸ ਦਾ ਇਲਮ ਨ ਸਾਡੇ ਤਾਈਂ, ਕਿਆ ਕਰਾਂ ਤਕਰੀਰੋਂ ।
ਖਾਸੇ ਸੱਤਰ ਮਰਦ ਅਜ਼ੀਜ਼ੇ, ਪਕੜੇ ਕਤਲ ਕਰਾਏ ।
ਵੰਡ ਖ਼ਜ਼ਾਨੇ ਮਾਲ ਤੁਸਾਂ ਤੇ, ਮੈਂ ਸਭ ਉਮਰ ਗਵਾਏ ।
.....................................................
ਬਾਕੀ ਦੇ ਸਭ ਕਤਲ ਕਰੇਸਾਂ, ਜੇ ਨ ਕਰਸੋ ਕਾਰੀ ।
ਜ਼ਾਲਿਮ ਤੁਸੀਂ ਗਵਾਈ ਨਿਅਮਤ, ਬੇਕਾਰੀ ਵਿੱਚ ਸਾਰੀ ।

(ਲਾਗਿਰ=ਪਤਲੀਆਂ, ਫ਼ਰਬਾ=ਮੋਟੀਆਂ, ਮਗ਼ਰਬ=ਪੱਛਮ,
ਮਸ਼ਰਿਕ=ਪੂਰਬ, ਖ਼ੋਸ਼ੇ=ਗੁੱਛੇ, ਦਹਸ਼ਤ=ਡਰ)

ਯੂਸੁਫ਼ ਪਾਸੋਂ ਸੁਪਨਫਲ ਪੁੱਛਣ ਆਉਣਾ

ਤਾਂ ਉਸ ਵੇਲੇ ਸਾਕੀ ਤਾਈਂ, ਯੂਸੁਫ਼ ਯਾਦ ਪਇਆ ਸੁ ।
ਉਹ ਪੈਗ਼ਾਮ ਜ਼ਿੰਦਾ ਵਿਚ ਉਸਦਾ, ਉਸ ਨੂੰ ਭੁੱਲ ਗਇਆ ਸੁ ।
ਦਿਲ ਵਿੱਚ ਸ਼ਰਮ ਕਰੇਂਦਾ ਸਾਕੀ, ਮੈਂ ਭੁੱਲਾ ਪੈਗ਼ਾਮੋਂ ।
ਪਾਸ ਅਜ਼ੀਜ਼ ਕਹੇ ਵਿੱਚ ਬੰਦੀ, ਹੈ ਇੱਕ ਯੂਸੁਫ਼ ਨਾਮੋਂ ।
ਅਕਲ ਨ ਸ਼ਕਲ ਬਰਾਬਰ ਉਸਦੀ, ਤਕਵਾ ਹੱਦ ਨ ਕਾਈ ।
ਸਿਫ਼ਤ ਕਰਾਂ ਜੇ ਲਖ ਲਖ ਵਾਰੀ, ਲਖੋਂ ਇਕ ਨ ਕਾਈ ।
ਵੱਡੀ ਸ਼ਾਨ ਕਮਾਲ ਵਡੇਰਾ, ਕਿਆ ਕਹਾਂ ਮੈਂ ਸ਼ਾਹਾ ।
ਤਾਬੀਰਾਂ ਦਾ ਇਲਮ ਤਮਾਮੀ, ਉਸਨੂੰ ਮਾਲਮ ਆਹਾ ।
.......................................................
ਹੁਕਮ ਹੋਇਆ ਜਾ ਹਾਲ ਸੁਣਾਓ, ਜੇ ਮੁਸ਼ਕਿਲ ਖੁੱਲ੍ਹ ਜਾਵੇ ।
ਸਾਕੀ ਗਇਆ ਜ਼ਿੰਦਾਂ ਵੱਲ ਪਰ ਹੁਣ, ਯੂਸੁਫ਼ ਥੀਂ ਸ਼ਰਮਾਵੇ ।
ਮੂੰਹ ਪੁਰ ਪੱਲਾ ਪਾ ਲੁਕਾਇਆ, ਤਾਂ ਯੂਸੁਫ਼ ਵੱਲ ਆਇਆ ।
ਸਾਕੀ ਨੂੰ ਕਰ ਲੁਤਫ਼ ਮੁਹੱਬਤ, ਯੂਸੁਫ਼ ਨੇ ਫ਼ਰਮਾਇਆ ।
ਐ ਸਾਕੀ ਤਕਦੀਰ ਇਲਾਹੀ, ਤੇਰੇ ਵੱਸ ਨ ਕਾਈ ।
ਲਾਹ ਪਰਦਾ ਮੈਂ ਰੰਜ ਨ ਤੈਥੀਂ, ਸ਼ਰਮ ਨ ਕਰ ਕੁਝ ਭਾਈ ।
ਸਾਕੀ ਨੇ ਲਾਹ ਪਰਦਾ ਮੂੰਹੋਂ, ਪੈਰੀਂ ਸੀਸ ਝੁਕਾਇਆ ।
ਉਜ਼ਰ ਕਸੂਰ ਕਹੇ ਤੇ ਖ਼ਵਾਬੋਂ, ਸਾਰਾ ਹਾਲ ਸੁਣਾਇਆ ।
ਸੁਫ਼ਨੇ ਦੀ ਤਾਬੀਰ

ਕਾਲ ਨਿਸ਼ਾਨੀ ਲਾਗ਼ਿਰ ਗਾਈਆਂ, ਯੂਸੁਫ਼ ਨੇ ਫ਼ਰਮਾਇਆ ।
ਫ਼ਰਬਾ ਥੀਂ ਤਾਬੀਰ ਅਰਜ਼ਾਨੀ, ਅਦਦੋਂ ਸਾਲ ਬਤਾਇਆ ।
ਹਰੇ ਸਿੱਟੇ ਤਾਬੀਰ ਏਹਾ ਈ, ਸਾਲਾਂ ਦੀ ਅਰਜ਼ਾਨੀ ।
ਸੱਤ ਉਹਨਾਂ ਦੀ ਬਾਅਦ ਜੋ ਏਵੇਂ, ਖ਼ੁਸ਼ਕੋਂ ਕਹਤ ਨਿਸ਼ਾਨੀ ।
ਆਵਣਗੇ ਸੱਤ ਸਾਲ ਅਜੇਹੇ, ਅੱਵਲ ਹੁਕਮ ਇਲਾਹੋਂ ।
ਡੰਗਰ ਫ਼ਰਬਾ ਹਰੀ ਜ਼ਰਾਇਤ, ਕਸਰਤ ਗੱਲਾ ਘਾਹੋਂ ।
ਜੋ ਕੁਝ ਜਮ੍ਹਾ ਉਨ੍ਹਾਂ ਵਿੱਚ ਬਰਸਾਂ, ਰਖੇ ਰੋਕ ਲੋਕਾਈ ।
ਕਾਲ ਜ਼ਮਾਨੇ ਸਭ ਖਾ ਜਾਸਣ, ਅਜੇ ਕਰਾਰ ਨ ਕਾਈ ।
ਅੱਵਲ ਸੱਤ ਵਰ੍ਹੇ ਅਰਜ਼ਾਨੀ, ਕਸਰਤ ਪੈਦਾਵਾਰੀ ।
ਕੁਝ ਖਾਵਣ ਕੁਝ ਅੰਨ ਸੁਟੇਸਣ, ਕਰਨ ਖ਼ਮੀਯਤ ਭਾਰੀ ।
ਫੇਰ ਸੱਤ ਵਰ੍ਹੇ ਨ ਬਾਰਿਸ਼ ਹੋਵੇ, ਧਰਤ ਨ ਕੁਝ ਉਗਾਵੇ ।
ਅਰਜ਼ਾਨੀ ਦਾ ਸਭ ਜ਼ਖ਼ੀਰਾ, ਉਸ ਵਿੱਚ ਖਾਧਾ ਜਾਵੇ ।
ਉਸ ਥੀਂ ਬਾਦ ਵਰ੍ਹੇ ਮੀਂਹ ਹਰ ਜਾ, ਹੋਗ ਜ਼ਰਾਇਤ ਸਾਰੇ ।
ਤੇਲ ਤਿਲੋਂ ਅੰਗੂਰੋਂ ਸ਼ੀਰਾ, ਰਸਾ ਕਮਾਦ ਨਿਤਾਰੇ ।
....................................................
ਸੁਣਿਆ ਸ਼ਾਹ ਬਿਆਨ ਜਦਾਹੀਂ, ਜਾਤਾ ਸੱਚ ਯਕੀਨੋਂ ।
ਇਹ ਕਲਾਮ ਮੁਅੱਸਰ ਹੋਈ, ਯੂਸੁਫ਼ ਪਾਕ ਅਮੀਨੋਂ ।
......................................................
ਕਹੇ ਅਮੀਰ ਵਜ਼ੀਰਾਂ ਤਾਈਂ, ਯੂਸੁਫ਼ ਨੂੰ ਲੈ ਆਓ ।
ਬੰਦੋਂ ਕੱਢ ਲਿਆਓ ਝਬਦੇ, ਮੇਰੇ ਪਾਸ ਪਹੁੰਚਾਓ ।
ਗਏ ਅਮੀਰ ਕਰਨ ਤਾਜ਼ੀਮਾਂ, ਹਰ ਇਕ ਸੀਸ ਨਿਵਾਵੇ ।
ਅਰਜ਼ ਕਰਨ ਉਠ ਚੱਲੋ ਹਜ਼ਰਤ, ਸੁਣ ਯੂਸੁਫ਼ ਫ਼ਰਮਾਵੇ ।
ਬੰਦੀ ਖ਼ਾਨੇ ਵਿੱਚੋਂ ਜਾਂ ਲਗ, ਕੈਦੀ ਸਭ ਨ ਜਾਵਣ ।
ਜਾ ਕੇ ਕਹੋ ਅਜ਼ੀਜ਼ੇ ਤਾਈਂ, ਮੁਸ਼ਕਿਲ ਮੇਰਾ ਆਵਣ ।
ਸ਼ਾਹ ਕਹੇ ਸੁਣ ਸਭਨਾਂ ਤਾਈਂ, ਬਖਸ਼ੀ ਅਸਾਂ ਰਿਹਾਈ ।
ਤੇ ਖ਼ੁਦ ਯੂਸੁਫ਼ ਬਾਹਿਰ ਆਵੇ, ਦੇਰ ਨ ਲਾਵੇ ਕਾਈ ।
ਕਾਸਿਦ ਥੀਂ ਸੁਣ ਇਹ ਗੱਲ ਯੂਸੁਫ਼, ਕਹੰਦਾ ਦੂਜੀ ਵਾਰੀ ।
ਮੁੜ ਜਾ ਤਰਫ਼ੇ ਸਾਹਿਬ ਆਪਣੇ, ਆਖ ਹਕੀਕਤ ਸਾਰੀ ।
ਜਿਨ੍ਹਾਂ ਜ਼ਨਾਂ ਹੱਥ ਦੇਖ ਵਢਾਏ, ਪੁੱਛ ਉਹਨਾਂ ਥੀਂ ਹਾਲੇ ।
ਮਾਲਮ ਪਾਕ ਖ਼ੁਦਾ ਨੂੰ ਸਾਰੇ, ਮਕਰ ਨਸਾਵਾਂ ਵਾਲੇ ।
ਪੁੱਛੋ ਕਿਸ ਖ਼ਿਆਨਤ ਕੀਤੀ, ਕਿਸ ਥੀਂ ਹੈ ਬੁਰਿਆਈ ।
ਜਿਸ ਥੀਂ ਮੈਂ ਵਿਚ ਬੰਦੀਖ਼ਾਨੇ, ਐਡ ਮੁਸੀਬਤ ਪਾਈ ।

(ਅਰਜ਼ਾਨੀ=ਸਸਤਾਪਨ, ਅਦਦੋਂ=ਗਿਣਤੀ ਵਿਚ, ਜ਼ਰਾਇਤ=
ਖੇਤੀ ਬਾੜੀ, ਕਸਰਤ=ਬਹੁਤਾਤ, ਗੱਲਾ=ਅਨਾਜ, ਖ਼ਮੀਯਤ=
ਭੰਡਾਰ, ਸ਼ੀਰਾ=ਰਸ, ਤਾਜ਼ੀਮਾਂ=ਆਦਰ, ਨਸਾਵਾਂ=ਔਰਤਾਂ,
ਖ਼ਿਆਨਤ=ਬੇਈਮਾਨੀ)

ਯੂਸੁਫ਼ ਦਾ ਨਿਹਕਲੰਕ ਸਿੱਧ ਹੋਣਾ

ਸਦ ਮੰਗਾਈਆਂ ਸ਼ਾਹ ਮਿਸਰ ਨੇ, ਜ਼ਨਾਂ ਮਿਸਰ ਥੀਂ ਸੱਭੇ ।
ਤਾਂ ਯੂਸੁਫ਼ ਦਾ ਅਮਲ ਕਵੇਹਾ, ਹਾਲ ਹਕੀਕਤ ਲੱਭੇ ।
ਸ਼ਾਹ ਕਹੇ ਐ ਜ਼ਨੋਂ ਸੁਣਾਓ, ਹਾਲ ਜੋ ਨਜ਼ਰੀਂ ਆਇਆ ।
ਕਿਵੇਂ ਡਿੱਠਾ ਤੁਸਾਂ ਯੂਸੁਫ਼ ਤਾਈਂ, ਖ਼ੁਦ ਵਲ ਜਦਾਂ ਬੁਲਾਇਆ ।
ਉਹਨਾਂ ਕਹਿਆ ਵਿਚ ਯੂਸੁਫ਼ ਕਾਈ, ਮੂਲ ਨਹੀਂ ਬੁਰਿਆਈ ।
ਕੁਲ ਸਫ਼ਾਈ ਨਜ਼ਰੀਂ ਆਈ, ਤੇ ਸਭ ਨੇਕ ਕਮਾਈ ।
ਤੇ ਉਸ ਵੇਲੇ ਕਹੇ ਜ਼ੁਲੈਖ਼ਾ, ਸੱਚ ਹਵੈਦਾ ਆਇਆ ।
ਇਹ ਵਿਚ ਰਹਿਆ ਅਮਾਨਤ ਪੂਰਾ, ਮੈਂ ਇਸ ਜਦੋਂ ਬੁਲਾਇਆ ।
.......................................................
ਕਾਸਿਦ ਜਾ ਪੈਗ਼ਾਮ ਸੁਣਾਇਆ, ਹਜ਼ਰਤ ਯੂਸੁਫ਼ ਤਾਈਂ ।
ਹੱਕ ਹੋਇਆ ਅੱਜ ਜ਼ਾਹਿਰ ਯੂਸੁਫ਼, ਚੱਲ ਹੁਣ ਖ਼ੌਫ਼ ਨ ਖਾਈਂ ।
............................................................
ਸੁਣ ਕੇ ਹਾਲ ਅਮੀਰਾਂ ਤਾਈਂ, ਕਹੇ ਮਿਸਰ ਦਾ ਸਾਈਂ ।
ਯੂਸੁਫ਼ ਨੂੰ ਲੈ ਆਓ ਮੈਂਥੇ, ਪਾਸ ਰੱਖਾਂ ਉਸ ਤਾਈਂ ।
....................................................
ਯੂਸੁਫ਼ ਦੀ ਤਾਜ਼ੀਮ ਗੁਜ਼ਾਰਨ, ਜਾਂ ਦਰਬਾਰੇ ਆਇਆ ।
ਲਹ ਤਖ਼ਤੋਂ ਸ਼ਾਹ ਸਿਰ ਮੂੰਹ ਚੁੰਮੇ, ਛਾਤੀ ਨਾਲ ਲਗਾਇਆ ।
ਤਖ਼ਤ ਉੱਤੇ ਲੈ ਯੂਸੁਫ਼ ਤਾਈਂ, ਆਪਣੇ ਨਾਲ ਬਹਾਇਆ ।
ਯੂਸੁਫ਼ ਨਾਲ ਕਰੇ ਕੁਝ ਗੱਲਾਂ, ਦਾਨਾਈਓਂ ਅਜ਼ਮਾਇਆ ।
ਸ਼ਾਹ ਅਜ਼ੀਜ਼ ਜ਼ਬਾਨਾਂ ਸੱਤਰ, ਬੋਲੇ ਯਾਦ ਤਮਾਮੀ ।
ਹਰ ਹਰ ਵਿਚ ਜ਼ਬਾਨੇ ਪੈਂਦਾ, ਯੂਸੁਫ਼ ਨਾਲ ਕਲਾਮੀ ।
......................................................
ਵਿਚ ਬੋਲੀ ਇਬਰਾਨੀ ਯੂਸੁਫ਼, ਕੁਝ ਕਲਾਮ ਸੁਣਾਈ ।
ਸ਼ਾਹ ਰਹਿਆ ਸੁਣ ਹੈਰਤ ਅੰਦਰ, ਇਸ ਦੀ ਸਮਝ ਨ ਆਈ ।
ਅਰਜ਼ ਕਰੇ ਇਹ ਕੀ ਫ਼ਰਮਾਇਆ, ਯੂਸੁਫ਼ ਰਾਜ਼ ਦਸਾਇਆ ।
ਬਹੁਤ ਪਸੰਦ ਪਿਆਰਾ ਯੂਸੁਫ਼, ਦਿਲ ਇਸਦੇ ਨੂੰ ਆਇਆ ।

(ਹਵੈਦਾ=ਪਰਗਟ ਹੋਣਾ, ਤਾਜ਼ੀਮ=ਇੱਜ਼ਤ,ਮਾਣ)

ਯੂਸੁਫ਼ ਨੂੰ ਅਜ਼ੀਜ਼ ਨੇ ਖ਼ਲੀਫ਼ਾ ਥਾਪਣਾ

ਯੂਸੁਫ਼ ਦੀ ਦਾਨਾਈ ਡਿੱਠੀ, ਸ਼ਾਹ ਅਜ਼ੀਜ਼ ਪੁਕਾਰੇ ।
ਅੱਜ ਮਕੀਨ ਅਮੀਨ ਅਸਾਡਾ, ਤੂੰ ਐਂ ਯੂਸੁਫ਼ ਪਿਆਰੇ ।
ਕਰ ਮੈਨੂੰ ਵਿੱਚ ਜ਼ਿਮੀਂ ਖ਼ਲੀਫ਼ਾ, ਯੂਸੁਫ਼ ਨੇ ਫ਼ਰਮਾਇਆ ।
ਖ਼ਲਕ ਨਿਗਾਹ ਰੱਖਾਂ ਜੋ ਮੈਨੂੰ, ਇਲਮ ਲੁਗਾਤੋਂ ਆਇਆ ।
ਯੂਸੁਫ਼ ਦੇ ਦਿਲ ਤਲਬ ਏਹਾਈ, ਰਹਸਾਂ ਵਿਚ ਮਸ਼ਗੂਲੀ ।
ਯਾਦ ਰਹੇ ਰੱਬ ਹਰ ਦਮ ਦਿਲ ਦੇ, ਖਿਦਮਤ ਤਦਾਂ ਕਬੂਲੀ ।
ਸ਼ਾਹ ਖ਼ਲੀਫ਼ਾ ਕੀਤੋਸੁ ਖ਼ਲਕੀਂ, ਹੋਸ਼ ਡਿੱਠੀ ਆਗਾਹੀ ।
ਸਾਲ ਪਿੱਛੇ ਤਿਸ ਸ਼ਾਹ ਬਣਾਇਆ, ਛੋੜ ਗਇਆ ਖ਼ੁਦ ਸ਼ਾਹੀ ।

(ਮਕੀਨ=ਆਸਰਾ, ਅਮੀਨ=ਰਾਖਾ, ਮਸ਼ਗੂਲੀ=ਰੁਝੇਵਾਂ)

ਕਹਤ ਦਾ ਮੁਕਾਬਲਾ ਕਰਨ ਲਈ ਉਸਦੀ ਵਿਉਂਤ

ਯੂਸੁਫ਼ ਤਾਈਂ ਮੁਲਕ ਮਿਸਰ ਦਾ, ਜਾਂ ਕਬਜ਼ੇ ਵਿੱਚ ਆਇਆ ।
ਬੈਲ ਦਿੱਤੇ ਹਰ ਘਰ ਥੀਂ ਲੋਕਾਂ, ਜਾਰੀ ਹੁਕਮ ਕਰਾਇਆ ।
ਕੰਮ ਛੱਡੋ ਸਭ ਬਾਝ ਕਫ਼ਾਇਤ, ਕਰੋ ਜ਼ਰਾਇਤ ਸਾਰੇ ।
ਜੰਗਲ ਕੋਹ ਘਰਾਂ ਵਿਚ ਖ਼ਲਕਤ, ਗੱਲਾ ਤੁਖ਼ਮ ਖਿਲਾਰੇ ।
.........................................................
ਪੰਜਵਾਂ ਹਿੱਸਾ ਘਰ ਵਿਚ ਲੋਕਾਂ, ਰੱਖਣ ਹੁਕਮ ਕਰਾਇਆ ।
ਹਿੱਸੇ ਚਾਰ ਲਏ ਖ਼ੁਦ ਯੂਸੁਫ਼, ਹਰ ਜਾ ਮੁੱਲ ਪਹੁੰਚਾਇਆ ।
.............................................................
ਗੱਲੇ ਥੀਂ ਸੱਤ ਸ਼ਹਰ ਭਰਾਏ, ਕੀਤੇ ਖ਼ਰਚ ਖ਼ਜ਼ਾਨੇ ।
ਮਿਸਰੇ ਗਿਰਦ ਬਣਾਏ ਹਰ ਜਾ, ਬਹੁਤ ਜ਼ਿਆਫ਼ਤ ਖ਼ਾਨੇ ।
............................................................
ਨਿਅਮਤ ਖਾਧੀ ਸ਼ੁਕਰ ਨ ਕੀਤਾ, ਦੁਨੀਆਂ ਦੇ ਵਿੱਚ ਲੋਕਾਂ ।
ਰੱਬ ਕਹੇ ਕਰ ਜਬਰਾਈਲਾ, ਕਹਰ ਮੇਰੇ ਥੀਂ ਹੋਕਾਂ ।
ਕਹਤ ਦਾ ਹਾਲ

ਐਡਕ ਕਹਤ ਪਇਆ ਉਹ ਭਾਰਾ, ਕਿਆ ਬਿਆਨ ਕਰਾਹੀਂ ।
ਸੁਣਿਆ ਕਿਨੇ ਨ ਡਿੱਠਾ ਹਰਗਿਜ਼, ਅੱਵਲ ਆਖ਼ਿਰ ਤਾਈਂ ।
ਤੜਫੇ ਖ਼ਲਕ ਭੁੱਖੀ ਕਰ ਨਾਅਰੇ, ਪੇਸ਼ ਨ ਜਾਵੇ ਕਾਈ ।
ਸਭ ਨਕਦੀ ਲੈ ਯੂਸੁਫ਼ ਅੱਗੇ, ਆਈ ਸਭ ਲੋਕਾਈ ।
ਆਇਆਂ ਤਾਈਂ ਹਜ਼ਰਤ ਯੂਸੁਫ਼, ਮੂਲ ਨ ਮੋੜੇ ਖ਼ਾਲੀ ।
ਲੋਕ ਰਹਣ ਹਰ ਸ਼ਾਮ ਸਬਾਈਂ, ਦਰ ਪੁਰ ਖੜੇ ਸਵਾਲੀ ।
ਮਸਕੀਨਾਂ ਨੂੰ ਮੁਫ਼ਤ ਖਵਾਵੇ, ਦੇਵੇ ਮੁੱਲ ਗ਼ਨੀਯਾਂ ।
ਸਾਰੀ ਖ਼ਲਕ ਮਿਸਰ ਵਲ ਢੁੱਕੀ, ਅੰਦਰ ਕਹਤ ਕਜ਼ੀਆਂ ।
...........................................................
ਕੀਤਾ ਰਹਮ ਸਭਾਂ ਪੁਰ ਯੂਸੁਫ਼, ਮਿਸਰੇ ਖ਼ਲਕ ਉਤਾਰੀ ।
ਖ਼ਾਸ ਜ਼ਿਆਫ਼ਤ ਖ਼ਾਨੇ ਅੰਦਰ, ਖਾਵੇ ਖ਼ਲਕਤ ਸਾਰੀ ।
.........................................................
ਹੁਣ ਸਾਰੇ ਇਕਰਾਰੀ ਹੋਏ, ਯੂਸੁਫ਼ ਦੇ ਅਸੀਂ ਬਰਦੇ ।
ਉਮਰਾਂ ਸ਼ੁਕਰ ਕਰਾਂ ਅਹਸਾਨੋਂ, ਹੱਕ ਅਦਾ ਕਦ ਕਰਦੇ ।
ਕਾਲ ਗਇਆ ਮੀਂਹ ਝੜੀਆਂ ਆਈਆਂ, ਜਾਂ ਸੱਤ ਸਾਲ ਵਿਹਾਏ ।
ਸਭ ਆਜ਼ਾਦ ਕੀਤੇ ਮੈਂ ਬਰਦੇ, ਯੂਸੁਫ਼ ਹੁਕਮ ਸੁਣਾਏ ।
ਮਾਲ ਅਸਬਾਬ ਮੁਵੈਸ਼ੀ, ਮਿਲਕਾਂ, ਮੋੜ ਦਿੱਤੇ ਸਭ ਤਾਈਂ ।
ਕਰੋ ਜ਼ਰਾਇਤ ਆਖ ਸੁਣਾਇਆ, ਵੱਸੋ ਘਰੀਂ ਖ਼ੁਦ ਜਾਈਂ ।
ਮੈਂ ਭੀ ਬੰਦਾ ਖ਼ਾਲਿਕ ਸੰਦਾ, ਜਿਸਦੀ ਖ਼ਲਕਤ ਸਾਰੀ ।
ਅਬਦੀਯਤ ਦੀ ਖ਼ਿਦਮਤ ਸਭ ਦੇ, ਸਿਰ ਥੀਂ ਅਸਾਂ ਉਤਾਰੀ ।

(ਸਬਾਈਂ=ਸਵੇਰੇ, ਮਸਕੀਨਾਂ=ਗ਼ਰੀਬਾਂ, ਗ਼ਨੀਯਾਂ=ਅਮੀਰਾਂ,
ਅਬਦੀਯਤ=ਗ਼ੁਲਾਮ ਹੋਣ ਦੇ ਨਾਤੇ)

26. ਜ਼ੁਲੈਖ਼ਾ ਦਾ ਮੁਰਾਦ ਪਾਣਾ

ਗਇਆ ਅਜ਼ੀਜ਼ ਜਹਾਨੋਂ ਜਿਸ ਦਿਨ, ਯੂਸੁਫ਼ ਥੀਂ ਛੱਡ ਸ਼ਾਹੀ ।
ਸਭ ਮਕਸੂਦ ਮੁਅੱਸਰ ਹੋਏ, ਜਿਵੇਂ ਇਰਾਦਤ ਆਹੀ ।
ਅਦਲ ਇਨਸਾਫ਼ ਤ੍ਰੀਕ ਤੁਆਮੀ, ਖ਼ਲਕਤ ਦੀ ਆਬਾਦੀ ।
ਸ਼ਹਰ ਵਸਾਏ ਕਰਮ ਕਮਾਏ, ਘਰ ਘਰ ਫ਼ਰਹਤ ਸ਼ਾਦੀ ।
.........................................................
ਕਹਰ ਜ਼ਮਾਨੇ ਸ਼ਾਹ ਅਜ਼ੀਜ਼ੇ, ਮਰਗੋਂ ਉਮਰ ਨਿਖੁੱਟੀ ।
ਬੇ ਸਰ ਰਹੀ ਜ਼ੁਲੈਖ਼ਾ ਆਜਿਜ਼, ਦਰਦ ਵਿਛੋੜੇ ਲੁੱਟੀ ।
.....................................................
ਸਾਲ ਗਏ ਪਚਵੰਜਾ ਉਮਰੋਂ, ਜ਼ੁਲਫ਼ੋਂ ਗਈ ਸਿਆਹੀ ।
ਨੂਰ ਅੱਖੀਂ ਥੀਂ ਕੁੱਵਤ ਬਦਨੋਂ, ਹਾਲ ਜਮਾਲ ਤਬਾਹੀ ।
.....................................................
ਬੈਠਾ ਯੂਸੁਫ਼ ਤਖ਼ਤ ਜਦਾਹੀਂ, ਇਹ ਨਿਤ ਖ਼ਬਰ ਪੁਛਾਵੇ ।
ਕਿਸ ਨੇ ਡਿੱਠਾ ਯੂਸੁਫ਼ ਤਾਈਂ, ਮਾਲ ਲਵੇ ਦੱਸ ਜਾਵੇ ।
......................................................
ਮਸਕੀਨਾਂ ਦੀਆਂ ਜ਼ਨਾਂ ਮਿਸਰ ਥੀਂ, ਰਾਤੀਂ ਦਿਨੇ ਹਜ਼ਾਰਾਂ ।
ਆ ਯੂਸੁਫ਼ ਦੀਆਂ ਦੱਸਣ ਖ਼ਬਰਾਂ, ਤੇ ਹੋਈਆਂ ਜ਼ਰਦਾਰਾਂ ।
ਝੂਠੀਆਂ ਸੱਚੀਆਂ ਗਲਾਂ ਕਰਕੇ, ਲੁਟ ਖੜਿਆ ਜ਼ਰ ਲੋਕਾਂ ।
ਹੱਥੋਂ ਖ਼ਾਲੀ ਰਹੀ ਜ਼ੁਲੈਖ਼ਾ, ਵਿੱਚ ਬਿਰਹੋਂ ਦੀਆਂ ਝੋਕਾਂ ।
........................................................
ਜਿਸ ਬੁਤ ਨੂੰ ਇਹ ਸਜਦਾ ਕਰਦੀ, ਹੋਰ ਇਬਾਦਤ ਸਾਰੀ ।
ਉਹਾ ਇੱਕ ਰਹਿਆ ਹੱਥ ਉਸਦੇ, ਉਸਦੀ ਬਹੁਤ ਪਿਆਰੀ ।
ਇਹ ਭੀ ਵਸਲ ਸਵਾਲ ਕਰਨ ਨੂੰ, ਯੂਸੁਫ਼ ਥੀਂ ਇਕ ਵਾਰੀ ।
ਮੈਨੂੰ ਯਾਰ ਮਿਲਾਵੇ ਏਹੋ, ਆਸ ਦਿਲੇ ਵਿਚ ਧਾਰੀ ।
ਪੈ ਸਜਦੇ ਵਿੱਚ ਹਰ ਦਮ ਬੁੱਤ ਥੀਂ, ਕਰਦੀ ਅਰਜ਼ ਦੁਆਈਂ ।
ਮੇਲ ਮੇਰਾ ਮਹਬੂਬ ਕਦਾਈਂ, ਸਬਰ ਪਵੇ ਮੈਂ ਤਾਈਂ ।
......................................................
ਘਰ ਥੀਂ ਬਾਹਿਰ ਨਿਕਲ ਜ਼ੁਲੈਖ਼ਾ, ਰੋਂਦੀ ਫਿਰੇ ਨਿਤਾਣੀ ।
ਮਗਰੇ ਨਿਕਲ ਟੁਰੀ ਉੱਠ ਦਾਈ, ਉਹ ਗ਼ਮਖ਼ਵਾਰ ਪੁਰਾਣੀ ।
........................................................
ਦਾਈ ਦੇਖ ਰੋਵੇ ਦੁਖ ਉਸਦਾ, ਉਸਨੂੰ ਖ਼ਬਰ ਨ ਕਾਈ ।
ਦਾਈ ਪੁਰ ਤਾਸੀਰ ਦੁੱਖਾਂ ਥੀਂ, ਰੋ ਰੋ ਕਰੇ ਦੁਹਾਈ ।

(ਤ੍ਰੀਕ=ਢੰਗ, ਫ਼ਰਹਤ=ਖ਼ੁਸ਼ੀ, ਮਰਗ=ਮੌਤ, ਮਸਕੀਨਾਂ=
ਗ਼ਰੀਬ, ਤਾਸੀਰ=ਅਸਰ)

ਜ਼ੁਲੈਖ਼ਾ ਦੇ ਦਿਲ ਰੋੜ੍ਹੇ

ਤੇ ਉਹ ਹਾਲ ਜ਼ੁਲੈਖ਼ਾ ਵਾਲਾ, ਹੁਣ ਵਿੱਚ ਲਿਖਣ ਨ ਆਵੇ ।
ਨ ਦੀਵਾਨੀ ਨ ਉਹ ਆਕਿਲ, ਅਕਲੋਂ ਦੂਰ ਨਸਾਵੇ ।
ਜਾਨ ਜਹਾਨੋਂ ਖ਼ਬਰ ਨ ਕਾਈ, ਯੂਸੁਫ਼ ਦਿਲੋਂ ਨ ਜਾਵੇ ।
ਮੈਨੂੰ ਛੋੜ ਗਇਆ ਕਿਤ ਯੂਸੁਫ਼, ਰੋ ਰੋ ਕੇ ਫ਼ਰਮਾਵੇ ।
.......................................................
ਨੜਿਆਂ ਦੀ ਉਸ ਕੁੱਲੀ ਬੱਧੀ, ਯੂਸੁਫ਼ ਦੇ ਵਿਚ ਰਾਹੇ ।
ਕਦੇ ਹੋਵੇ ਜੇ ਯਾਰ ਅਸਾਨੂੰ, ਵੇਖੇ ਨਾਲ ਨਿਗਾਹੇ ।
..................................................
ਐ ਯੂਸੁਫ਼ ਤੂੰ ਕਿਤ ਵੱਲ ਜਾਂਦੋਂ, ਵੇਖ ਮੇਰਾ ਦੁਖ ਜਾਈਂ ।
ਮੈਂ ਦੀਦਾਰ ਤੇਰੇ ਦੀ ਖ਼ਵਾਹਾਂ, ਆ ਦੀਦਾਰ ਕਰਾਈਂ ।
ਆਲੀ ਕਦਰਾਂ ਵਾਲਿਆ ਸ਼ਾਹਾ, ਵੇਖ ਨਿਤਾਣਿਆਂ ਤਾਈਂ ।
ਬੇਕਦਰਾਂ ਦਿਆਂ ਹਾਲਾਂ ਉੱਤੇ, ਕਰੀਂ ਨਿਗਾਹ ਕਦਾਈਂ ।
.......................................................
ਅੰਦਰ ਸ਼ੋਰ ਆਵਾਜ਼ ਨ ਸੁਣਦੇ, ਲੰਘਦਾ ਲਸ਼ਕਰ ਸਾਰਾ ।
ਮੁੜ ਕੁੱਲੀ ਵਿਚ ਦਾਖ਼ਿਲ ਹੁੰਦੀ, ਰੋਂਦੀ ਹਾਲ ਅਵਾਰਾ ।
ਗ਼ਮ ਦੀ ਸੀ-ਹਰਫ਼ੀ

ਅਲਫ਼ੋਂ ਅਜ ਬਿਰਹੋਂ ਦੀ ਚਮਕੇ, ਬੇ ਬਿਰੀਆਂ ਕਰ ਸੁੱਟੀ ।
ਤੇ ਤੜਫ਼ਾਂ ਸੇ ਸਾਬਿਤ ਨਾਹੀਂ, ਜੀਮ ਜਲਾਂ ਗ਼ਮ ਲੁੱਟੀ ।
ਹੇ ਹਰਾਮ ਹੋਏ ਸੁਖ ਮੈਨੂੰ, ਖ਼ੇ ਖ਼ਵਾਰੀ ਵਿੱਚ ਪਾਈ ।
ਦਾਲ ਦੁੱਖਾਂ ਨੇ ਤੋੜ ਗਵਾਈ, ਜ਼ਾਲੋਂ ਜ਼ਿਬ੍ਹਾ ਕਰਾਈ ।
ਰੇ ਰੋਂਦੀ ਜ਼ੇ ਜ਼ਾਰੀ ਕਰਦੀ, ਸੀਨ ਸੁਕੇਂਦੀ ਤਪਦੀ ।
ਸ਼ੀਨ ਸ਼ਿਕਾਰ ਹੋਈ ਮੈਂ ਤੇਰੀ, ਸਾਦ ਸਬਰ ਵਿੱਚ ਖਪਦੀ ।
ਜ਼ਾਦੋਂ ਜ਼ਰਬ ਲੱਗੀ ਦਿਲ ਬਿਰਹੋਂ, ਤੋਏ ਤਾਕਤ ਥੀਂ ਹਾਰੀ ।
ਜ਼ੋਏ ਜ਼ਹੂਰ ਗ਼ਮਾਂ ਦਾ ਹੋਇਆ, ਐਨੋਂ ਅਕਲ ਵਿਸਾਰੀ ।
ਗ਼ੈਨ ਗ਼ਮਾਂ ਨੇ ਘਰੋਂ ਉਜਾੜੀ, ਫ਼ੇ ਫ਼ੁਰਕਤ ਨੇ ਲੁੱਟੀ ।
ਕਾਫ਼ ਕਰਾਰ ਗਇਆ ਈ ਮੈਂ ਥੀਂ, ਕਾਫ਼ੋਂ ਕਰਮ ਨਿਖੁੱਟੀ ।
ਲਾਮ ਲੁੱਟੀ ਮੈਂ ਮੀਮ ਮਰੋੜੀ, ਨੂਨ ਨਿਆਰੀ ਯਾਰਾ ।
ਵਾਓ ਵਿਸਾਰੀ ਦਿਲ ਥੀਂ ਯੂਸੁਫ਼, ਹੇ ਹਾਰੀ ਦਿਲ ਸਾਰਾ ।
ਲਾਮ ਲਗਾਈਆਂ ਗ਼ਮ ਦੀਆਂ ਤੇਗ਼ਾਂ, ਅਲਫ਼ੋਂ ਆਸ ਤਰੁੱਟੀ ।
ਯੇ ਯਾਰਾ ਮੈਂ ਵਿੱਚ ਜੁਦਾਈ, ਹਿਜਰ ਜਹੱਨਮ ਸੁੱਟੀ ।
ਏਵੇਂ ਕਰਦੀ ਗਿਰਯਾਜ਼ਾਰੀ, ਬਿਰਹੋਂ ਲਾਂਬੂ ਲਾਵੇ ।
ਤਪੇ ਖਪੇ ਕੁਝ ਪੇਸ਼ ਨ ਜਾਵੇ, ਨ ਬੁੱਤ ਯਾਰ ਮਿਲਾਵੇ ।
.......................................................
ਏਵੇਂ ਜਾਰੀ ਰਹੀ ਜ਼ੁਲੈਖ਼ਾ, ਬਿਰਹੋਂ ਦੇ ਵਿੱਚ ਸੋਜ਼ਾਂ ।
ਤੇ ਹੁਣ ਫ਼ਰਕ ਨ ਜਾਪੇ ਉਸਨੂੰ, ਰਾਤਾਂ ਤੇ ਵਿੱਚ ਰੋਜ਼ਾਂ ।
ਵੱਧ ਸਫ਼ੇਦ ਗਈਆਂ ਹੋ ਜ਼ੁਲਫ਼ਾਂ, ਸ਼ੀਰੋਂ ਤੇ ਕਾਫ਼ੂਰੋਂ ।
ਇਹ ਪੂਰੀ ਵਿੱਚ ਇਸ਼ਕ ਮਰਾਤਿਬ, ਸ਼ੌਕ ਨੁਹਲਾਈ ਨੂਰੋਂ ।

(ਬਿਰੀਆਂ=ਭੁੰਨੀ ਹੋਈ, ਜ਼ਿਬ੍ਹਾ=ਕਤਲ, ਜ਼ਹੂਰ=ਪ੍ਰਗਟਾਵਾ,
ਜਹੱਨਮ=ਨਰਕ, ਗਿਰਯਾਜ਼ਾਰੀ=ਵਿਰਲਾਪ, ਰੋਜ਼ਾਂ=ਦਿਨ,
ਸ਼ੀਰੋਂ=ਸਿੱਪੀ)

ਆਪਣੇ ਮਾਅਬੂਦ ਦੀ ਬੇ ਬਜ਼ਾਅਤੀ ਦਾ ਇਹਸਾਸ ਹੋਣਾ

ਲੈ ਬੁੱਤ ਨੂੰ ਰੱਖ ਅੱਗੇ ਰੋਈ, ਯਾਰੋਂ ਜਦੋਂ ਆਵਾਈ ।
ਐ ਮਾਅਬੂਦ ਚੁੱਕੀ ਮਰ ਮੈਂ ਹੁਣ, ਕਰ ਮਕਸੂਦ ਰਵਾਈ ।
....................................................
ਇਹ ਜ਼ਾਰੀ ਕਰ ਬੁੱਤ ਦੇ ਅੱਗੇ, ਬਾਹਿਰ ਵਾਰ ਸਿਧਾਈ ।
ਤਦ ਨੂੰ ਹਜ਼ਰਤ ਯੂਸੁਫ਼ ਵਾਲੀ ਪਾਸ ਸਵਾਰੀ ਆਈ ।
ਅੱਗੇ ਵਾਂਗ ਜ਼ੁਲੈਖ਼ਾ ਓਵੇਂ, ਕਰਦੀ ਰਹੀ ਦੁਹਾਈ ।
ਧੱਕੇ ਖਾ ਰਹੀ ਡਿੱਗ ਰਾਹੇ, ਮਿਲੀ ਮੁਰਾਦ ਨ ਕਾਈ ।
.......................................................
ਮੁੜ ਕੁੱਲੀ ਵੱਲ ਰੋਂਦੀ ਆਈ, ਦਿਲ ਵਿੱਚ ਗੁਸਾ ਆਇਆ ।
ਐ ਬੁੱਤ ਜ਼ਾਲਿਮ ਤੇਰੇ ਕੋਲੋਂ, ਮੈਂ ਕੁਝ ਨਫ਼ਾ ਨ ਪਾਇਆ ।
ਤੂੰ ਵੱਟਾ ਜੜ੍ਹ ਪੁੱਟਾਂ ਜ਼ਾਲਿਮ, ਬਹ ਘੜਿਆ ਬਦਕਾਰਾਂ ।
ਕਿਸ ਪਹਾੜੋਂ ਚੁੱਕ ਲਿਆਂਦੋਂ, ਬੁੱਤਸਾਜ਼ਾਂ ਮੱਕਾਰਾਂ ।
...................................................
ਪੱਥਰ ਬੇੜੀਆਂ ਡੋਬਣ ਵਾਲਾ, ਤੂੰ ਮੇਰੇ ਹੱਥ ਆਇਓਂ ।
ਮੈਂ ਨਿਤਾਣੀ ਦੇ ਸਿਰ ਗ਼ੈਬੋਂ, ਕਿਸ ਆਫ਼ਤ ਚਾ ਲਾਇਓਂ ।
.......................................................
ਯੂਸੁਫ਼ ਦਾ ਰੱਬ ਕੁਦਰਤ ਵਾਲਾ, ਸੱਚ ਯਕੀਨੋ ਪਾਇਆ ।
ਜਿਸ ਬਰਦੇ ਨੂੰ ਤਖ਼ਤ ਬਹਾਇਆ, ਸਿਰ ਤੇ ਤਾਜ ਰਖਾਇਆ ।
ਯੂਸੁਫ਼ ਦਾ ਰੱਬ ਸਭ ਥੀਂ ਚੰਗਾ, ਖ਼ਲਕ ਉਪਾਵਣ ਹਾਰਾ ।
ਤੂੰ ਮੇਰਾ ਰੱਬ ਸਭ ਥੀਂ ਮੰਦਾ, ਕੰਮ ਗਵਾਵਣ ਹਾਰਾ ।
ਯੂਸੁਫ਼ ਦਾ ਰੱਬ ਦਿਲ ਦੀਆਂ ਜਾਣੇ, ਜਾਨ ਛੁਪਾਵਣ ਹਾਰਾ ।
ਤੂੰ ਮੇਰਾ ਰੱਬ ਕੁਝ ਨ ਜਾਣੇਂ, ਮੁਫ਼ਤ ਸਤਾਵਣ ਹਾਰਾ ।
ਯੂਸੁਫ਼ ਦਾ ਰੱਬ ਹਾਜ਼ਿਰ ਨਾਜ਼ਿਰ, ਆਸ ਪੁਚਾਵਣ ਹਾਰਾ ।
ਤੂੰ ਮੇਰਾ ਰੱਬ ਚੁੱਕੇ ਬਾਝੋਂ, ਕਿਤੇ ਨ ਜਾਵਣ ਹਾਰਾ ।
......................................................
ਯੂਸੁਫ਼ ਦਾ ਰੱਬ ਤੋਬਾ ਕਰਦਿਆਂ, ਪਾਰ ਲੰਘਾਵਣ ਹਾਰਾ ।
ਤੂੰ ਮੇਰਾ ਰੱਬ ਪੂਜਾ ਕਰਦਿਆਂ, ਦੋਜ਼ਖ਼ ਪਾਵਣ ਹਾਰਾ ।
ਯੂਸੁਫ਼ ਦਾ ਰੱਬ ਰੁੜ੍ਹਦੇ ਬੇੜੇ, ਬੰਨੇ ਲਾਵਣ ਹਾਰਾ ।
ਤੂੰ ਮੇਰਾ ਰੱਬ ਤਰਦਿਆਂ ਤਾਈਂ, ਗ਼ਰਕ ਕਰਾਵਣ ਹਾਰਾ ।
.........................................................
ਯੂਸੁਫ਼ ਦਾ ਰੱਬ ਰੱਬ ਅਸਾਡਾ, ਉਸਦੀ ਖ਼ਲਕਤ ਸਾਰੀ ।
ਤੂੰ ਮੇਰਾ ਰੱਬ ਹਰਗਿਜ਼ ਨਾਹੀਂ, ਕਸਮ ਕਰਾਂ ਸੌ ਵਾਰੀ ।
ਤੇਰਾ ਨਾਮ ਨਹੀਂ ਰੱਬ ਮੂਲੋਂ, ਇੱਕਾ ਰੱਬ ਓਹਾਈ ।
ਯੂਸੁਫ਼ ਜਿਸ ਦੀ ਪੂਜਾ ਕਰਦਾ, ਉਸਦੇ ਜੇਡ ਨ ਕਾਈ ।
.......................................................
ਖਾ ਗੁੱਸਾ ਕੱਢ ਕੁੱਲੀ ਵਿੱਚੋਂ, ਬਾਹਿਰ ਸੁੱਟ ਵਗਾਇਆ ।
ਜਾ ਜ਼ਾਲਿਮ ਰੁਲ ਪੈਰਾਂ ਹੇਠਾਂ, ਤੂੰ ਕਿਆ ਮਗ਼ਜ਼ ਖਪਾਇਆ ।
ਤੇ ਇਕ ਪੱਥਰ ਓਸੇ ਜਿਤਨਾ, ਸਿਰ ਉਸਦੇ ਵਿਚ ਲਾਇਆ ।
ਤੋੜ ਗਵਾਇਆ ਖ਼ਾਕ ਰੁਲਾਇਆ, ਸਬਰ ਦਿਲੇ ਨੂੰ ਆਇਆ ।
............................................................
ਵੜ ਕੁੱਲੀ ਵਿਚ ਅੱਲ੍ਹਾ ਅੱਗੇ, ਰੋ ਰੋ ਸੀਸ ਨਵਾਇਆ ।
ਐ ਅੱਲ੍ਹਾ ਤੂੰ ਵਾਹਿਦ ਖ਼ਾਲਿਕ, ਤੂੰਹੇਂ ਜਗਤ ਉਪਾਇਆ ।
ਤੇਰਾ ਹੋਰ ਸ਼ਰੀਕ ਨ ਕਾਈ, ਤੇਰੀ ਸੱਚ ਖ਼ੁਦਾਈ ।
ਜੋ ਚਾਹੇਂ ਸੋ ਤੂੰਹੇਂ ਕਰਦਾ, ਤੈਂ ਬਿਨ ਹੋਰ ਨ ਕਾਈ ।
......................................................
ਕਰ ਮਨਜ਼ੂਰ ਬੰਦੀ ਦੀਆਂ ਅਰਜ਼ਾਂ, ਫ਼ਜ਼ਲ ਤੇਰੇ ਨੇ ਭਾਰੇ ।
ਤੈਂ ਥੀਂ ਦੂਰ ਰਹੀ ਮੈਂ ਉਮਰਾਂ, ਅੱਜ ਢੁੱਕੀ ਦਰਬਾਰੇ ।
ਅਰਜ਼ ਕਬੂਲ ਪਈ ਦਰਗਾਹੇ, ਵਰ੍ਹੀਆਂ ਰਹਮਤ ਬਾਰਾਂ ।
ਛੋੜ ਸਨਮ ਦਰ ਵੱਡੇ ਡਿਗੀਓਂ, ਖ਼ੁਸ਼ੀਆਂ ਮਿਲਣ ਹਜ਼ਾਰਾਂ ।
ਜਾਂ ਯੂਸੁਫ਼ ਮੁੜ ਸੈਰੋਂ ਆਇਆ, ਉੱਠ ਜ਼ੁਲੈਖ਼ਾ ਰੋਈ ।
ਅੱਗੇ ਵਾਂਗੂੰ ਨਿਕਲ ਝੁੱਗੀ ਥੀਂ, ਰਸਤਾ ਮੱਲ ਖਲੋਈ ।
ਨਾਅਰਾ ਮਾਰ ਪੁਕਾਰਿਆ ਜਾਂ ਉਸ, ਡਿੱਠੀ ਅਜ਼ਮਤ ਸ਼ਾਹੀ ।
ਸੁਬ੍ਹਾਨ ਅੱਲ੍ਹਾ ਪਾਕ ਖ਼ੁਦਾ ਦੀ, ਵਾਹ ਵਾਹ ਬੇਪਰਵਾਹੀ ।

(ਮਕਸੂਦ=ਉਦੇਸ਼, ਰਵਾਈ=ਪੂਰਾ, ਵਾਹਿਦ=ਇੱਕੋ, ਬਾਰਾਂ=
ਮੀਂਹ, ਸਨਮ=ਬੁੱਤ, ਅਜ਼ਮਤ=ਬਜ਼ੁਰਗੀ)

ਜ਼ੁਲੈਖ਼ਾ ਯੂਸੁਫ਼ ਦੀ ਹਜ਼ੂਰੀ ਵਿਚ

ਜਾਂ ਯੂਸੁਫ਼ ਦੇ ਇਹ ਆਵਾਜ਼ਾ, ਗੋਸ਼ ਪਇਆ ਇਕ ਵਾਰੀ ।
ਕੇਡਕ ਕਹਾਂ ਤਅੱਸੁਰ ਹੋਇਆ, ਗੁਜ਼ਰੀ ਹਾਲਤ ਭਾਰੀ ।
ਹਾਜ਼ਿਰ ਕਰੋ ਪੁਕਾਰਾਂ ਵਾਲੀ, ਯੂਸੁਫ਼ ਨੇ ਫ਼ਰਮਾਇਆ ।
ਆਣ ਜ਼ੁਲੈਖ਼ਾ ਨੇੜੇ ਢੁੱਕੀ, ਕਰ ਕਰ ਸੋਜ਼ ਸਵਾਯਾ ।
....................................................
ਯੂਸੁਫ਼ ਜਾਤਾ ਇਹ ਨਤਾਣੀ, ਹਾਜਤਮੰਦ ਬੇਚਾਰੀ ।
ਟੁਰ ਚਲਿਆ ਕਹ ਖ਼ਾਦਿਮ ਤਾਈਂ, ਇਸ ਦੀ ਕਰਿਓ ਕਾਰੀ ।
ਜਬਰਾਈਲ ਖ਼ੁਦਾ ਦੇ ਹੁਕਮੋਂ, ਅਸਮਾਨਾਂ ਥੀਂ ਆਇਆ ।
ਅੱਲ੍ਹਾ ਵੱਲੋਂ ਯੂਸੁਫ਼ ਤਾਈਂ, ਆਣ ਸਲਾਮ ਸੁਣਾਇਆ ।
ਹੋ ਜਾ ਖੜਾ ਨ ਜਾਈਂ ਯੂਸੁਫ਼, ਅੱਲ੍ਹਾ ਨੇ ਫ਼ਰਮਾਇਆ ।
ਫ਼ਰਿਆਦੀ ਦਾ ਆਪਣੀ ਕੰਨੀਂ, ਸੁਣ ਲੈ ਦੁੱਖ ਜੋ ਪਾਇਆ ।
.......................................................
ਨੈਣਾਂ ਵਾਲਿਆ ਦੁੱਖੀਂ ਪਾਲਿਆ, ਮੇਰਿਆ ਬੇਪਰਵਾਹਾ ।
ਅੱਖੀਂ ਖੋਹਲ ਨਜ਼ਰ ਕਰ ਮੈਂ ਵਲ, ਦੇਸ਼ ਮਿਸਰ ਦਿਆ ਸ਼ਾਹਾ ।
.......................................................
ਮੈਂ ਦਰਦੀਂ ਰੋ ਉਮਰ ਗਵਾਈ, ਅਜੇ ਪਛਾਣ ਨ ਆਈ ।
ਕੌਣ ਹੋਵਾਂ ਮੈਂ ਕੌਣ ਸਦਾਵਾਂ, ਕੌਣ ਨਹੀਂ ਮੈਂ ਕਾਈ ।
ਮੈਂ ਖ਼ੁਦ ਕੌਣ ਨਹੀਂ ਕੀ ਦੱਸਾਂ, ਖ਼ੁਦ ਥੀਂ ਅੱਜ ਪਰਾਈ ।
ਕੀ ਆਖਾਂ ਮੈਂ ਕਿੱਥੋਂ ਆਈ, ਆਈ ਤੇ ਕੁਰਲਾਈ ।
....................................................
ਸੁਫ਼ਨੇ ਦੇ ਉਹ ਕੌਲ ਤੁਸਾਡੇ, ਪਾਰ ਨਿਭਾਵਣ ਵਾਲੀ ।
ਛੋੜ ਵਤਨ ਵਿਚ ਤੇਰੀਆਂ ਤਾਂਘਾਂ, ਮਿਸਰੇ ਆਵਣ ਵਾਲੀ ।
ਬਾਜ਼ਾਰੋਂ ਤੈਂ ਵਿਕਦੇ ਤਾਈਂ, ਮੁੱਲ ਲਿਆਵਣ ਵਾਲੀ ।
ਕਰ ਨਾਜ਼ੀਂ ਪਰਵਰਦਾ ਤੈਨੂੰ, ਅਰਜ਼ ਸੁਣਾਵਣ ਵਾਲੀ ।
.........................................................
ਕਮਰੋਂ ਖੋਹਲ ਸਿਤਮਗਰ ਤੇਗ਼ਾ, ਦੇਹ ਯੂਸੁਫ਼ ਹੱਥ ਮੇਰੇ ।
ਸੀਨਾ ਚੀਰ ਕੱਢਾਂ ਮੈਂ ਬਾਹਿਰ, ਧਰਾਂ ਅਗਾੜੀ ਤੇਰੇ ।
ਦੇਖ ਪਛਾਣ ਲਵੇਂ ਤੂੰ ਸ਼ਾਇਦ, ਦਿਲ ਦਰਦਾਂ ਵਿਚ ਜਲਿਆ ।
ਦਰਦੀਂ ਜਲਿਆ ਦੁੱਖੀਂ ਪਲਿਆ, ਤੇਲ ਫ਼ਿਰਾਕੀਂ ਤਲਿਆ ।
.........................................................
ਸੁਣ ਯੂਸੁਫ਼ ਭਰ ਅੱੱਖੀਂ ਰੋਇਆ, ਇਹ ਉਹ ਮਗ਼ਰਬਜ਼ਾਦੀ ।
ਜੈਂ ਜੇਹਾ ਵਿਚ ਮਿਸਰ ਨ ਕੋਈ, ਅੰਦਰ ਕਦਰ ਆਬਾਦੀ ।
ਇਹ ਉਹ ਬੀਵੀ ਮਿਸਰੇ ਸੰਦੀ, ਜਿਸ ਦੀਆਂ ਆਲੀ ਸ਼ਾਨਾਂ ।
ਸੁਲਤਾਨਾਂ ਪੁਰ ਹੁਕਮ ਚਲਾਂਦੀ, ਜੰਮੀ ਘਰ ਸੁਲਤਾਨਾਂ ।

(ਗੋਸ਼=ਕੰਨਾਂ ਵਿੱਚ, ਤਅੱਸੁਰ=ਅਸਰ, ਹਾਜਤਮੰਦ=ਲੋੜਵੰਦ,
ਆਬਾਦੀ=ਧਨ-ਦੌਲਤ)

ਸਵਾਲ ਜਵਾਬ ਯੂਸੁਫ਼-ਜ਼ੁਲੈਖ਼ਾ

ਯੂਸੁਫ਼ ਰੋਵੇ ਜ਼ਾਰੋ ਜ਼ਾਰੀ, ਵੇਖ ਗ਼ਮਾਂ ਦਾ ਹਾਲਾ ।
ਰਹਮ ਪਇਆ ਦਿਲ ਰੋ ਰੋ ਪੁੱਛੇ, ਹਾਲਾ ਦਰਦਾਂ ਵਾਲਾ ।
ਅੱਜ ਕਿਆ ਈ ਹਾਲ ਜ਼ੁਲੈਖ਼ਾ, ਯੂਸੁਫ਼ ਨੇ ਫ਼ਰਮਾਇਆ ।
ਕਹੇ ਜ਼ੁਲੈਖ਼ਾ ਜੋ ਕੁਝ ਤੈਨੂੰ, ਜ਼ਾਹਿਰ ਨਜ਼ਰੀਂ ਆਇਆ ।
.......................................................
ਯੂਸੁਫ਼ ਪੁੱਛੇ ਦੱਸ ਜ਼ੁਲੈਖ਼ਾ, ਕਿੱਧਰ ਗਈ ਜਵਾਨੀ ।
ਕਹੇ ਜ਼ੁਲੈਖ਼ਾ ਇਸ਼ਕ ਤੇਰੇ ਥੀਂ, ਕਰ ਛੱਡੀ ਕੁਰਬਾਨੀ ।
ਯੂਸੁਫ਼ ਪੁੱਛੇ ਦੱਸ ਜ਼ੁਲੈਖ਼ਾ, ਹੁਸਨ ਕਿੱਥੇ ਅੱਜ ਤੇਰਾ ।
ਕਹੇ ਜ਼ੁਲੈਖ਼ਾ ਹਿਜਰ ਰੁੜ੍ਹਾਇਆ, ਹੱਥ ਨ ਪਹੁਤਾ ਮੇਰਾ ।
.........................................................
ਯੂਸੁਫ਼ ਪੁੱਛੇ ਦੱਸ ਜ਼ੁਲੈਖ਼ਾ, ਕਿਥੇ ਤੇਰੀਆਂ ਚਾਲਾਂ ।
ਕਹੇ ਜ਼ੁਲੈਖ਼ਾ ਗੁੰਮ ਗਈਆਂ ਉਹ, ਤੇਰਿਆਂ ਵਿਚ ਖ਼ਿਆਲਾਂ ।
ਯੂਸੁਫ਼ ਪੁੱਛੇ ਦੱਸ ਜ਼ੁਲੈਖ਼ਾ, ਉਹ ਕਿੱਥੇ ਰੁਖ਼ ਨੂਰੀ ।
ਕਹੇ ਜ਼ੁਲੈਖ਼ਾ ਸਬਰ ਸਬੂਰੀ, ਜਾਲ ਗਈ ਵਿੱਚ ਦੂਰੀ ।
.....................................................
ਯੂਸੁਫ਼ ਪੁੱਛੇ ਦੱਸ ਜ਼ੁਲੈਖ਼ਾ, ਅਕਲ ਕਿੱਥੇ ਉਹ ਤੇਰੀ ।
ਕਹੇ ਜ਼ੁਲੈਖ਼ਾ ਇਸ਼ਕ ਤੇਰੇ ਨੇ, ਕੋਟ ਗ਼ਜ਼ਬ ਵਿਚ ਘੇਰੀ ।
ਯੂਸੁਫ਼ ਪੁੱਛੇ ਦੱਸ ਜ਼ੁਲੈਖ਼ਾ, ਕਿਉਂ ਹਿਲਦਾ ਸਿਰ ਤੇਰਾ ।
ਕਹੇ ਜ਼ੁਲੈਖ਼ਾ ਜੁੰਬਿਸ਼ ਦੇਂਦਾ, ਤੇਰਾ ਇਸ਼ਕ ਲੁਟੇਰਾ ।
......................................................
ਯੂਸੁਫ਼ ਪੁੱਛੇ ਦੱਸ ਜ਼ੁਲੈਖ਼ਾ, ਕਿੱਥੇ ਮਾਲ ਖ਼ਜ਼ਾਨੇ ।
ਕਹੇ ਜ਼ੁਲੈਖ਼ਾ ਨਾਮ ਤੇਰਾ ਲੈ, ਖਾਧੇ ਲੁੱਟ ਜ਼ਮਾਨੇ ।
ਯੂਸੁਫ਼ ਪੁੱਛੇ ਦੱਸ ਜ਼ੁਲੈਖ਼ਾ, ਰੰਗ-ਮਹਲ ਕਿਥਾਈਂ ।
ਕਹੇ ਜ਼ੁਲੈਖ਼ਾ ਕਦਮ ਨ ਪਾਇਓਂ, ਉਜੜ ਗਏ ਤਦਾਹੀਂ ।
......................................................
ਯੂਸੁਫ਼ ਪੁੱਛੇ ਦੱਸ ਜ਼ੁਲੈਖ਼ਾ, ਕਿੱਥੇ ਮਹਲ ਮੁਨਾਰੇ ।
ਕਹੇ ਜ਼ੁਲੈਖ਼ਾ ਡਿਗਦੇ ਜਾਂਦੇ, ਖਾ ਖਾ ਦਰਦ ਹੁਲਾਰੇ ।
ਯੂਸੁਫ਼ ਪੁੱਛੇ ਦੱਸ ਜ਼ੁਲੈਖ਼ਾ, ਹੁਜਰੇ ਕਿੱਥ ਨਿਆਰੇ ।
ਕਹੇ ਜ਼ੁਲੈਖ਼ਾ ਤੇਰੇ ਬਾਝੋਂ, ਭਰੇ ਦੁੱਖਾਂ ਥੀਂ ਸਾਰੇ ।
..................................................
ਯੂਸੁਫ਼ ਪੁੱਛੇ ਦੱਸ ਜ਼ੁਲੈਖ਼ਾ, ਕਿੱਥੇ ਤੇਰੀਆਂ ਸੱਈਆਂ ।
ਕਹੇ ਜ਼ੁਲੈਖ਼ਾ ਜਾਂ ਗ਼ਮ ਲੁੱਟੀ, ਛੋੜ ਘਰਾਂ ਨੂੰ ਗਈਆਂ ।
ਯੂਸੁਫ਼ ਪੁੱਛੇ ਦੱਸ ਜ਼ੁਲੈਖ਼ਾ, ਅੱਜ ਕਿੱਥੇ ਉਹ ਦਾਈ ।
ਕਹੇ ਜ਼ੁਲੈਖ਼ਾ ਦਰਦ ਤੇਰੇ ਥੀਂ, ਕਰਦੀ ਫਿਰੇ ਦੁਹਾਈ ।
......................................................
ਫ਼ਰਮਾਇਆ ਦੱਸ ਤਕੀਆ ਤੇਰਾ, ਕੀ ਕੁਝ ਹੈ ਹਰ ਵੇਲੇ ।
ਅਰਜ਼ ਕਰੇ ਵਿੱਚ ਫ਼ੁਰਕਤ ਤੇਰੀ, ਆਹ ਗ਼ਮਾਂ ਦੇ ਸੇਲੇ ।
ਫ਼ਰਮਾਇਆ ਦੱਸ ਕਿਸਮਤ ਤੈਨੂੰ, ਕੀ ਤੁਆਮ ਖਿਲਾਵੇ ।
ਅਰਜ਼ ਕਰੇ ਅੱਗ ਬਿਰਹੋਂ ਵਾਲੀ, ਜਿਸਦਾ ਮਜ਼ਾ ਨ ਆਵੇ ।
..........................................................
ਫ਼ਰਮਾਇਆ ਦੱਸ ਅੱਜ ਜ਼ੁਲੈਖ਼ਾ, ਕਿਸ ਨੂੰ ਕਰੇਂ ਨਦਾਈਂ ।
ਅਰਜ਼ ਕਰੇ ਦਰਬਾਰ ਖ਼ੁਦਾ ਦੇ, ਮੇਰੀਆਂ ਸੋਜ਼ ਦੁਆਈਂ ।
ਫ਼ਰਮਾਇਆ ਦੱਸ ਅੱਜ ਜ਼ੁਲੈਖ਼ਾ, ਕਿਸ ਥੀਂ ਹੈ ਦਿਲ ਖੱਟਾ ।
ਅਰਜ਼ ਕਰੇ ਬੁਤ ਬੇਵਸ ਕੋਲੋਂ, ਜੋ ਅਮਲਾਂ ਦਾ ਵੱਟਾ ।
.........................................................
ਫ਼ਰਮਾਇਆ ਦੱਸ ਅੱਜ ਜ਼ੁਲੈਖ਼ਾ, ਨਾਲ ਕਿਦ੍ਹੇ ਪੈਵੰਦੀ ।
ਅਰਜ਼ ਕਰੇ ਦੁਖ ਲੱਗੇ ਮੈਨੂੰ, ਮੈਂ ਦੁੱਖਾਂ ਦੀ ਬੰਦੀ ।
ਫ਼ਰਮਾਇਆ ਦੱਸ ਅੱਜ ਦੁਖ ਤੇਰੇ, ਦਾ ਇਲਾਜ ਕਿਆਈ ।
ਅਰਜ਼ ਕਰੇ ਉਹ ਮਾਲਮ ਤੈਨੂੰ, ਮੈਂ ਥੀਂ ਪੁੱਛ ਨ ਕਾਈ ।
..........................................................
ਮੈਂ ਯੂਸੁਫ਼ ਉਹ ਮੁਲਕਾਂ ਵਾਲੀ, ਮਗ਼ਰਬ ਦੀ ਸ਼ਾਹਜ਼ਾਦੀ ।
ਦੇਖ ਅੱਖੀਂ ਅੱਜ ਇਸ਼ਕ ਤੇਰੇ ਨੇ, ਕੇਡ ਘੱਤੀ ਬਰਬਾਦੀ ।
ਸੁਣ ਯੂਸੁਫ਼ ਭਰ ਹੰਝੂ ਅੱਖੀਂ, ਰੋ ਰੋ ਕੇ ਫ਼ਰਮਾਵੇ ।
ਮੰਗ ਜ਼ੁਲੈਖ਼ਾ ਜੋ ਹੰਝੂ ਹਾਜਤ, ਅੱਲ੍ਹਾ ਕਰਮ ਕਮਾਵੇ ।
.....................................................
ਜੇ ਤੂੰ ਅਰਜ਼ ਕਬੂਲੇਂ ਨਾਹੀਂ, ਕਰਾਂ ਨ ਅਰਜ਼ ਜ਼ਰੂਰੀ ।
ਦੂਰ ਹੋਈ ਮੈਂ ਵਿਚ ਮਹਜੂਰੀ, ਮੁੜ ਮਰਸਾਂ ਵਿਚ ਦੂਰੀ ।
ਯੂਸੁਫ਼ ਨੇ ਫ਼ਰਮਾਇਆ ਰੋ ਰੋ, ਛੋੜ ਅੰਦੇਸੇ ਸਾਰੇ ।
ਕਮੀ ਖ਼ਜ਼ਾਨਿਆਂ ਰਹਮਤ ਨਾਹੀਂ, ਅੱਲ੍ਹਾ ਦੇ ਦਰਬਾਰੇ ।
ਜ਼ੁਲੈਖ਼ਾ ਉੱਤੇ ਮੁਰਹਮਤ

ਅਰਜ਼ ਕਰੇ ਦੋ ਅੱਖੀਂ ਅੱਵਲ, ਮਿਲਣ ਮੈਨੂੰ ਮੈਂ ਦੇਖਾਂ ।
ਮੰਗ ਖ਼ੁਦਾ ਥੀਂ ਲੈ ਦੇ ਯੂਸੁਫ਼, ਜੇ ਮੇਰਿਆਂ ਵਿੱਚ ਲੇਖਾਂ ।
ਸੁਣ ਯੂਸੁਫ਼ ਦਰਬਾਰ ਇਲਾਹੀ, ਅਜ਼ਜ਼ੋਂ ਅਰਜ਼ ਗੁਜ਼ਾਰੀ ।
ਯਾ ਰੱਬ ਬਖਸ਼ ਜ਼ੁਲੈਖ਼ਾ ਤਾਈਂ, ਫੇਰ ਅੱਖੀਂ ਇਕ ਵਾਰੀ ।
ਅਰਜ਼ ਪਈ ਮਕਬੂਲ ਜਨਾਬੇ, ਅੱਖੀਂ ਉਘੜ ਆਈਆਂ ।
ਖੁੱਲ੍ਹ ਪਇਆ ਸੁ ਨੂਰ ਹਿਜਾਬੋਂ, ਚਮਕ ਪਈਆਂ ਰੁਸ਼ਨਾਈਆਂ ।
ਯੂਸੁਫ਼ ਤਾਈਂ ਅੱਖੀਂ ਡਿਠੋਸੁ, ਜਾਂ ਖੁੱਲ੍ਹੀ ਬੀਨਾਈ ।
ਰੁਖ਼ ਪੁਰ ਨੂਰ ਨਜ਼ਰ ਵਿੱਚ ਆਇਆ, ਬੇਹੋਸ਼ੀ ਵਿੱਚ ਆਈ ।
ਪਾਈ ਹੋਸ਼ ਉੱਠੀ ਫਿਰ ਕਹੰਦਾ, ਯੂਸੁਫ਼ ਦੂਜੀ ਵਾਰੀ ।
ਹੋਰ ਮੁਰਾਦ ਕਿਆਈ ਦਿਲ ਦੀ, ਆਖ ਸੁਣਾਵੀਂ ਸਾਰੀ ।
ਅਰਜ਼ ਕਰੇ ਉਹ ਜੋਸ਼ ਜਵਾਨੀ, ਬਖ਼ਸ਼ ਜਮਾਲ ਖ਼ੁਦਾਇਆ ।
ਕਹ ਹੁਣ ਉਹੋ ਹੁਸਨ ਜਵਾਨੀ, ਬਖ਼ਸ਼ ਜਮਾਲ ਖ਼ੁਦਾਇਆ ।
ਇਹ ਭੀ ਯੂਸੁਫ਼ ਅਰਜ਼ ਗੁਜ਼ਾਰੀ, ਪਈ ਕਬੂਲ ਸ਼ਤਾਬੀ ।
ਵੇਖਦਿਆਂ ਕੱਦ ਸਿੱਧਾ ਹੋਇਆ, ਚੜ੍ਹਿਆ ਰੰਗ ਗੁਲਾਬੀ ।
...........................................................
ਤੀਜੀ ਵਾਰੀ ਕਹੇ ਜ਼ੁਲੈਖ਼ਾ, ਅਰਜ਼ ਰਹੀ ਇੱਕ ਭਾਰੀ ।
ਮੂੰਹ ਲੁਕਾ ਨਹੀਂ ਹੁਣ ਯੂਸੁਫ਼, ਉਹ ਭੀ ਸੁਣ ਲੈ ਸਾਰੀ ।
ਕਰ ਲੈ ਅਕਦ ਨਿਕਾਹ ਅਸਾਂ ਥੀਂ, ਹੁਣ ਨ ਤਾਬ ਜੁਦਾਈ ।
ਯੂਸੁਫ਼ ਚੁਪ ਪੈਗ਼ਾਮ ਉਡੀਕੇ, ਕਹੇ ਜਵਾਬ ਨ ਕਾਈ ।
ਤਦ ਨੂੰ ਜਬਰਾਈਲ ਜਨਾਬੋਂ, ਆਣ ਸਲਾਮ ਸੁਣਾਵੇ ।
ਮੰਨ ਜਿਵੇਂ ਤੈਂ ਕਹੇ ਜ਼ੁਲੈਖ਼ਾ, ਪਾਕ ਅੱਲ੍ਹਾ ਫ਼ਰਮਾਵੇ ।
ਉੱਪਰ ਅਰਸ਼ ਤੇਰਾ ਤੇ ਇਸਦਾ, ਅਕਦ ਕੀਤਾ ਮੈਂ ਯਾਰਾ ।
ਦਰਦੋਂ ਗ਼ਮੋਂ ਜ਼ੁਲੈਖ਼ਾ ਤਾਈਂ, ਬਖ਼ਸ਼ ਦਿੱਤਾ ਛੁਟਕਾਰਾ ।
ਰਹੀ ਮੁਰਾਦ ਬੁਤੋਂ ਇਹ ਮੰਗਦੀ, ਤੇ ਕੁਝ ਹੱਥ ਨ ਆਇਆ ।
ਅੱਜ ਸਵਾਲ ਅਸਾਂ ਥੀਂ ਕੀਤਾ, ਜੋ ਮੰਗਿਆ ਸੋ ਪਾਇਆ ।
............................................................
ਜਾਂ ਯੂਸੁਫ਼ ਨੇ ਸੂਰਤ ਡਿੱਠੀ, ਜੋਸ਼ ਮੁਹੱਬਤ ਚਾਇਆ ।
ਹੁਕਮੇ ਨਾਲ ਖ਼ੁਦਾ ਦੇ ਓਵੇਂ, ਉਸ ਥੀਂ ਅਕਦ ਕਰਾਇਆ ।
...........................................................
ਵਸਲੋਂ ਮਕਸਦ ਹਾਸਿਲ ਕੀਤੇ, ਦਿਲ ਦੀ ਮਰਜ਼ ਗਵਾਈ ।
ਬਾਅਦ ਜ਼ੁਲੈਖ਼ਾ ਦੂਜੀ ਔਰਤ, ਹੋਰ ਨ ਕੀਤੀ ਕਾਈ ।
.......................................................
ਸ਼ੁਕਰਾਨੇ ਵਿਚ ਉਮਰ ਗੁਜ਼ਾਰੀ, ਦੋਹਾਂ ਸ਼ੁਕਰ-ਗੁਜ਼ਾਰਾਂ ।
ਤੇ ਫ਼ਰਜ਼ੰਦ ਜ਼ੁਲੈਖ਼ਾ ਜਾਏ, ਛੀ ਹਮਲਾਂ ਥੀਂ ਯਾਰਾਂ ।
ਇਹ ਯਾਰਾਂ ਪੈਗ਼ੰਬਰ ਹੋਏ, ਆਪਣੇ ਵਿੱਚ ਜ਼ਮਾਨੇ ।
ਵਾਹਵਾ ਇਸ਼ਕਾ ਗਇਓਂ ਨ ਖ਼ਾਲੀ, ਪਹੁਤੋਂ ਅੰਤ ਮਕਾਨੇ ।
ਮਿਲਿਆ ਰੱਬ ਕਫ਼ਾਇਤ ਹੋਈ, ਮਕਸਦ ਦੋਹਾਂ ਜਹਾਨਾਂ ।
ਪਕੜ ਦਿਲਾ ਰਾਹ ਜਾਹ ਨ ਭੁੱਲਾ, ਕਾਈ ਰੋਜ਼ ਜ਼ਮਾਨਾ ।
27. ਯੂਸੁਫ਼ ਦੇ ਭਰਾਵਾਂ ਦਾ ਅੰਨ ਲੈਣ ਆਉਣਾ

ਜਾਂ ਯੂਸੁਫ਼ ਦੇ ਬੰਦੀਖ਼ਾਨੇ, ਦਰਦੀਂ ਹਾਲ ਵਿਹਾਵਣ ।
ਜਬਰਾਈਲ ਸੁਨੇਹਾ ਦਿੱਤੋਸੁ, ਵੀਰ ਤੇਰੇ ਇਥੇ ਆਵਣ ।
ਤੂੰ ਹੋਸੇਂ ਸੁਲਤਾਨ ਮਿਸਰ ਦਾ, ਖ਼ਲਕ ਝੁਕੇ ਦਰ ਤੇਰੇ ।
ਗੱਲਾ ਹੋਗ ਤੇਰੇ ਵਿੱਚ ਕਬਜ਼ੇ, ਪੌਸੀ ਕਹਤ ਚੌਫੇਰੇ ।
ਸਰਹੱਦਾਂ ਤੇ ਚੌਕੀਆਂ ਕਾਇਮ ਕਰਨੀਆਂ

ਹੁਣ ਭਾਈਆਂ ਨੂੰ ਨਿਤ ਉਡੀਕੇ, ਯੂਸੁਫ਼ ਨਬੀ ਪਿਆਰਾ ।
ਤੇ ਭਾਈਆਂ ਦੇ ਮਿਲਣੇ ਖ਼ਾਤਿਰ, ਕਸਦ ਉਠਾਇਓਸ ਭਾਰਾ ।
ਚੌਕੀਆਂ ਗਿਰਦੇ ਮਿਸਰ ਬੈਠਾਈਆਂ, ਇਕ ਇਕ ਦੀ ਸਰਦਾਰੀ ।
ਹਰ ਅਸਵਾਰ ਰਖਾਏ ਪੰਜ ਸੈ, ਵਿਚ ਫ਼ਰਮਾਂ-ਬਰਦਾਰੀ ।
.........................................................
ਕੌਣ ਏਹੀ ਇਹ ਕਿਹੜੇ ਥਾਉਂ, ਕਿਉਂ ਇਸ ਤਰਫ਼ੇ ਆਇਆ ।
ਕਿਸ ਔਲਾਦ ਕਿਆਈ ਮਜ਼ਹਬ, ਪੱਲੇ ਕਿਆ ਲਿਆਇਆ ।
ਇਹ ਹਾਲਾ ਲਿਖ ਚੌਂਕੀ ਵਾਲਾ, ਅੱਵਲ ਅਰਜ਼ ਪੁਚਾਵੇ ।
ਹੁਕਮ ਹੋਵੇ ਕਰਵਾਨ ਮੁਸਾਫ਼ਿਰ, ਤਦਾਂ ਮਿਸਰ ਵਿਚ ਆਵੇ ।
...........................................................
ਸ਼ੁਤਰ ਦੇਵੇ ਇਕ ਪੁਰ ਕਰ ਗੱਲਾ, ਜੋ ਕੋਈ ਮੁੱਲ ਲਿਆਵੇ ।
ਧੜੀਆਂ ਸੱਤ ਅਹਸਾਨ ਜ਼ਿਆਦਾ, ਬਾਝੋਂ ਮੁੱਲ ਦਿਵਾਵੇ ।
..........................................................
ਖ਼ਲਕਾਂ ਉਲਟ ਪਈਆਂ ਵਲ ਮਿਸਰੇ, ਆਵਣ ਮਿਲਣ ਮੁਰਾਦਾਂ ।
ਕਰਨ ਦੁਆਈਂ ਰਾਜ਼ੀ ਜਾਵਣ, ਖ਼ੁਸ਼ੀ ਕਰਨ ਦਿਲਸ਼ਾਦਾਂ ।
ਸ਼ਾਮੀਂ ਲੋਕ ਜੋ ਆਵਣ ਜਾਵਣ, ਪਾਵਣ ਫ਼ਰਹਤ ਭਾਰੀ ।
ਸ਼ਾਮ ਵਲਾਇਤ ਸ਼ਾਹ ਅਜ਼ੀਜ਼ੋਂ, ਜਾ ਜਾ ਸਿਫ਼ਤ ਖਿਲਾਰੀ ।
ਯੂਸੁਫ਼ ਦੀ ਕੀਰਤੀ ਦਾ ਫੈਲਣਾ

ਕਰਵਾਨਾਂ ਜਿਸ ਡੇਰੇ ਲਹੰਦੇ, ਆਣ ਅੰਦਰ ਕਨਆਨੇ ।
ਸੀ ਯਾਕੂਬ ਨਬੀ ਦਾ ਹੁਜਰਾ, ਤਨਹਾ ਏਤ ਮਕਾਨੇ ।
ਪਾਸ ਨਬੀ ਦੇ ਮਿਸਰੋਂ ਆਇਆਂ, ਸਿਫ਼ਤ ਕਹੀ ਕਰਵਾਨਾਂ ।
ਵਾਂਗ ਅਜ਼ੀਜ਼ ਮਿਸਰ ਦੇ ਵਾਲੀ, ਹੋਗ ਨ ਵਿਚ ਜਹਾਨਾਂ ।
ਨੂਰੀ ਸ਼ਕਲ ਬਹਿਸ਼ਤੀ ਸੂਰਤ, ਸ਼ੀਰੀਂ ਬਾਤ ਪਿਆਰੀ ।
ਮਸਕੀਨਾਂ ਪੁਰ ਰਹਮਤ ਕਰਦਾ, ਬੀਮਾਰਾਂ ਗ਼ਮਖ਼ਵਾਰੀ ।
........................................................
ਸੁੱਖੀਂ ਮੁਲਕ ਵਸਾਇਆ ਸਾਰਾ, ਜ਼ੁਲਮੋਂ ਰਸਮ ਹਟਾਈ ।
ਅਸਾਂ ਨ ਸੁਣਿਆਂ ਦੇਸ ਮਿਸਰ ਵਿੱਚ ਜ਼ੁਲਮ ਕੁਨਿੰਦਾ ਕਾਈ ।
...........................................................
ਸੁਣ ਸੁਣ ਕੇ ਯਾਕੂਬ ਪੈਗ਼ੰਬਰ, ਦੰਗ ਰਹੇ ਤਾਰੀਫ਼ੋਂ ।
ਸ਼ਾਹ ਅਜ਼ੀਜ਼ ਮਿਲੀ ਇਹ ਨਿਅਮਤ, ਕਿਸਦੇ ਕੁਰਬ ਸ਼ਰੀਫ਼ੋਂ ।
ਇਹ ਖ਼ਸਾਇਲ ਬਾਝ ਪੈਗ਼ੰਬਰ, ਮੁਸ਼ਕਿਲ ਨਜ਼ਰੀ ਆਵਣ ।
ਵਾਲੀ ਮਿਸਰ ਪੈਗ਼ੰਬਰ ਹੋਸੀ, ਸਿਫ਼ਤਾਂ ਇਹ ਫ਼ਰਮਾਵਣ ।
..........................................................
ਤੇ ਯਾਕੂਬ ਨਬੀ ਨੂੰ ਉਤ ਵਲ, ਦਿਲੋਂ ਮੁਹੱਬਤ ਧਾਣੀ ।
ਕਰਵਾਨਾਂ ਥੀਂ ਸਿਫ਼ਤ ਅਜ਼ੀਜ਼ੋਂ, ਸੁਣਦਾ ਰਹੇ ਕਹਾਣੀ ।
ਯਾਕੂਬ ਦੇ ਪੁੱਤਰਾਂ ਦੀ ਬਾਪ ਪਾਸ ਫ਼ਰਿਆਦ

ਕਹਤ ਪਇਆ ਕਨਆਨ ਵਲਾਇਤ, ਭੁੱਖੀ ਮਰੇ ਲੋਕਾਈ ।
ਪੈਗ਼ੰਬਰ ਦੇ ਪੁੱਤਾਂ ਕਬਜ਼ੇ, ਇੱਜੜ ਰਹਿਆ ਨ ਕਾਈ ।
....................................................
ਹੋ ਕੇ ਜਮ੍ਹਾ ਪਿਦਰ ਦੇ ਅੱਗੇ, ਹਾਜ਼ਿਰ ਆਣ ਖਲੋਏ ।
ਯਾ ਹਜ਼ਰਤ ਅੱਜ ਸੁਣ ਲੈ ਅਰਜ਼ਾਂ, ਨੈਣ ਹੰਝੂ ਭਰ ਰੋਏ ।
ਚਾਲ੍ਹੀ ਸਾਲ ਹੋਏ ਤੈਂ ਹੁਜਰੇ, ਯੂਸੁਫ਼ ਦੇ ਵਿਚ ਦਰਦਾਂ ।
ਨਿਕਲ ਦੇਖ ਅਹਵਾਲ ਅਸਾਡਾ, ਕਾਲ ਉਡਾਈਆਂ ਗਰਦਾਂ ।
.........................................................
ਸੁਣ ਪੈਗ਼ੰਬਰ ਨੇ ਫ਼ਰਮਾਇਆ, ਤਾਂ ਫ਼ਰਜ਼ੰਦਾਂ ਤਾਈਂ ।
ਸੁਣਿਆਂ ਬਹੁਤ ਅਨਾਜ ਰਖੇਂਦਾ, ਮੁਲਕ ਮਿਸਰ ਦਾ ਸਾਈਂ ।
.........................................................
ਟੁਰ ਜਾਓ ਫ਼ਰਜ਼ੰਦੋ ਝਬਦੇ, ਨਾਕਿਆਂ ਦੀ ਅਸਵਾਰੀ ।
ਮੇਰਾ ਜਾ ਸਲਾਮ ਪੁਚਾਓ, ਆਸ ਏਹਾ ਮੈਂ ਭਾਰੀ ।
ਫ਼ਰਜ਼ੰਦਾਂ ਨੇ ਅਰਜ਼ ਗੁਜ਼ਾਰੀ, ਅਸਾਂ ਬਜ਼ਾਅਤ ਨਾਹੀਂ ।
ਸੌ ਚੌਦਾਂ ਨੇ ਦਿਰਮ ਖੋਟੇ, ਸਾਡੇ ਪਾਸ ਅਸਾਹੀਂ ।
..................................................
ਫ਼ਰਮਾਇਆ ਕਹ ਨਸਬ ਸੁਣਾਇਓ, ਹਾਂ ਔਲਾਦ ਖ਼ਲੀਲੋਂ ।
ਇਸਰਾਈਲ ਨਬੀ ਦੇ ਬੇਟੇ, ਸਿਦਕ ਸਫ਼ਾ ਦਲੀਲੋਂ ।
ਮੁੜ ਕਹੰਦੇ ਜੇ ਨਸਬ ਨ ਮੰਨੇ, ਫੇਰ ਕਿਆ ਈ ਚਾਰਾ ।
ਫ਼ਰਮਾਇਆ ਫਿਰ ਅਜਜ਼ ਸੁਣਾਇਓ, ਤੇ ਜਿਉਂ ਹਾਲ ਆਵਾਰਾ ।
ਕਰਿਓ ਅਰਜ਼ ਵਤਨ ਥੀਂ ਆਏ, ਪੂੰਜੀ ਫ਼ਕਰ ਲਿਆਏ ।
ਧੱਕ ਨਸੀਬਾਂ ਇਤ ਪਹੁੰਚਾਏ, ਆਏ ਨਾਲ ਕਜ਼ਾਏ ।
ਯੂਸੁਫ਼ ਦੇ ਭਾਈਆਂ ਦਾ ਮਿਸਰ ਪਹੁੰਚਣਾ

ਸੁਣ ਫ਼ਰਜ਼ੰਦ ਤਿਆਰੀ ਕਰਦੇ, ਨਾਕਿਆਂ ਦੀ ਅਸਵਾਰੀ ।
ਕਰਕੇ ਗਏ ਸਲਾਮ ਪਿਦਰ ਨੂੰ, ਸਾਰੇ ਜਾਂਦੀ ਵਾਰੀ ।
ਇਹ ਸਾਰੇ ਦਸ ਵਿਚ ਸ਼ੁਮਾਰੇ, ਜੋ ਵਲ ਮਿਸਰ ਸਿਧਾਰੇ ।
ਬਿਨਯਾਮੀਨ ਰਹਿਆ ਇਕ ਪਿਉ ਥੀਂ, ਖ਼ਿਦਮਤ ਨਿਤ ਗੁਜ਼ਾਰੇ ।
ਜਾਂ ਤੇ ਯੂਸੁਫ਼ ਬਾਪ ਵਿਛੁੰਨਾ, ਤੇ ਕਨਆਨ ਜ਼ਮੀਨੋਂ ।
ਤਿਸ ਦਿਨ ਥੀਂ ਪਿਉ ਕਰੇ ਤਸੱਲੀ, ਹਜ਼ਰਤ ਬਿਨਯਾਮੀਨੋਂ ।
...........................................................
ਕੱਟ ਬਨੀ ਇਸਰਾਈਲ ਮੁਸਾਫ਼ਤ, ਮਿਸਰ ਨਵਾਹੀ ਆਏ ।
ਹਾਕਿਮ ਚੌਕੀਦਾਰਾਂ ਤਾਈਂ, ਇਹ ਦੂਰੋਂ ਦਿਸ ਆਏ ।
.....................................................
ਹਾਕਿਮ ਚੌਕੀਦਾਰਾਂ ਵਾਲਾ, ਦੇਖ ਉਹਨਾਂ ਵਲ ਆਇਆ ।
ਸ਼ੌਕਤ ਸ਼ਾਨ ਉਹਨਾਂ ਦਾ ਡਿੱਠਾ, ਨਿਉਂ ਨਿਉਂ ਸੀਸ ਨਵਾਇਆ ।
ਸਾਬਿਜ਼ਾਦਿਓ ਕਿੱਥੋਂ ਆਏ, ਕਿਤ ਜਾ ਦੌਲਤ ਖ਼ਾਨੇ ।
ਕੀ ਮਜ਼ਹਬ ਤੇ ਨਾਮ ਕਿਆ ਈ, ਚੱਲੇ ਕਿਸ ਮਕਾਨੇ ।
.........................................................
ਕਹਣ ਅਸੀਂ ਕਨਆਨੋਂ ਆਏ, ਹਾਂ ਫ਼ਰਜ਼ੰਦ ਨਬੀ ਦੇ ।
ਦਾਦਾ ਪਾਕ ਇਸਹਾਕ ਅਸਾਡਾ, ਸਾਡੇ ਪਾਕ ਅਕੀਦੇ ।
ਹਾਂ ਔਲਾਦ ਖ਼ਲੀਲ ਅੱਲ੍ਹਾ ਦੀ, ਪਿਉ ਯਾਕੂਬ ਪੈਗ਼ੰਬਰ ।
ਬਾਪ ਭਿਜਾਏ ਮਿਸਰੇ ਆਏ, ਤਰਫ਼ ਅਜ਼ੀਜ਼ ਤਵੰਗਰ ।
ਉਸ ਕਹਿਆ ਕੀ ਕੰਮ ਤੁਸਾਡਾ, ਮਤਲਬ ਉਹਨਾਂ ਸੁਣਾਇਆ ।
ਫੇਰ ਪੁੱਛੇ ਕੀ ਕੀਮਤ ਗੱਲੇ, ਹੱਥ ਤੁਸਾਂ ਸਰਮਾਇਆ ।
ਇਹ ਗੱਲ ਸੁਣ ਸਿਰ ਨੀਵੇਂ ਕਰਕੇ, ਸਭਨਾਂ ਨੀਰ ਵਿਹਾਏ ।
ਅਸੀਂ ਹੱਥਾਂ ਥੀਂ ਖ਼ਾਲੀ ਆਏ, ਪੂੰਜੀ ਫ਼ਕਰ ਲਿਆਏ ।
..........................................................
ਫਿਰ ਹਾਕਿਮ ਲਿਖ ਅਰਜ਼ੀ ਘੱਲੀ, ਯੂਸੁਫ਼ ਦੇ ਦਰਬਾਰੇ ।
ਇਕ ਕਰਵਾਨ ਆਏ ਅੱਜ ਸ਼ਾਮੋਂ, ਦਸ ਗਿਣਤੀ ਵਿਚ ਸਾਰੇ ।
ਵਿਚ ਕਨਆਨ ਵਤਨ ਫ਼ਰਮਾਵਣ, ਇਹ ਪੈਗ਼ੰਬਰ-ਜ਼ਾਦੇ ।
ਵਾਂਗ ਫ਼ਰਿਸ਼ਤਿਆਂ ਨੂਰੀ ਸ਼ਕਲਾਂ, ਤੇ ਸਭ ਵਲੀ ਖ਼ੁਦਾ ਦੇ ।
...........................................................
ਹੱਦੋਂ ਵਧ ਇਹਨਾਂ ਜ਼ੇਬਾਈਆਂ, ਖ਼ੂਬੀਆਂ ਵਿਚ ਸੋਹਾਂਦੇ ।
ਤੇ ਇਹ ਲੈਣ ਗੱਲਾ ਹੁਣ ਆਏ, ਘੇਰ ਕਜ਼ਾ ਨੇ ਲਿਆਂਦੇ ।
ਹੁਕਮ ਹੋਵੇ ਦਰਬਾਰ ਪੁਚਾਵਾਂ, ਜਾਂ ਏਥੇ ਖਲਿਹਾਰਾਂ ।
ਅਰਜ਼ੀ ਪੇਸ਼ ਗੁਜ਼ਾਰੀ ਕਾਸਿਦ, ਕਰਕੇ ਅਦਬ ਹਜ਼ਾਰਾਂ ।
ਲੈ ਯੂਸੁਫ਼ ਹੱਥ ਅਰਜ਼ੀ ਤਾਈਂ, ਹਰਫ਼ ਪੜ੍ਹੇ ਦੋ ਚਾਰੇ ।
ਉਹ ਸ਼ਾਮੀ ਕਨਆਨੋਂ ਆਏ, ਪੈਗ਼ੰਬਰ ਦੇ ਪਿਆਰੇ ।
ਮਾਲਮ ਕੀਤਾ ਭਾਈ ਆਏ, ਨਾਅਰਾ ਛੁਟ ਗਇਆ ਸੁ ।
ਪਈ ਗ਼ਸ਼ੀ ਝੜ ਤਖ਼ਤੋਂ ਯੂਸੁਫ਼, ਧਰਤੀ ਆਣ ਪਇਆ ਸੁ ।
.........................................................
ਹੋਸ਼ ਪਈ ਜਾਂ ਯੂਸੁਫ਼ ਤਾਈਂ, ਹੁਕਮ ਕਰੇ ਦਰਬਾਰੇ ।
ਮਰਦ ਕਚਹਰੀ ਵਾਲਿਓ ਜਾਓ, ਉਠ ਘਰਾਂ ਨੂੰ ਸਾਰੇ ।
......................................................
ਫਿਰ ਕਾਸਿਦ ਨੂੰ ਪਾਸ ਬੁਲਾਇਆ, ਪੁੱਛੇ ਹਾਲ ਜ਼ਬਾਨੀ ।
ਦੱਸ ਪਿਆਰੇ ਕਦੋਂ ਕੁ ਆਏ, ਕਨਆਨੀ ਕਰਵਾਨੀ ।
ਕਿਆ ਬਜ਼ਾਅਤ ਪਾਸ ਲਿਆਏ, ਤੇ ਉਹਨਾਂ ਹਾਲ ਕਿਆਈ ।
ਪੌਸ਼ਾਕਾਂ ਤਨ ਹਾਲ ਕਵੇਹਾ, ਦੱਸ ਹਕੀਕਤ ਭਾਈ ।
ਕਾਸਿਦ ਕਹੰਦਾ, ਪਰਸੋਂ ਆਏ ਪੈਗ਼ੰਬਰ ਦੇ ਪਿਆਰੇ ।
ਕਿਆ ਕਹਾਂ ਮੈਂ ਹਾਲ ਉਹਨਾਂ ਦਾ, ਵਾਂਗ ਫ਼ਰਿਸ਼ਤਿਆਂ ਸਾਰੇ ।
ਤਨ ਪੌਸ਼ਾਕਾਂ ਪੁਰਜ਼ੇ ਪੁਰਜ਼ੇ, ਤਹ ਪੁਰ ਤਰ ਪੈਵੰਦਾਂ ।
ਸ਼ਾਇਦ ਹਾਲ ਪਸੰਦ ਏਹਾਈ, ਨੇਕਾਂ ਦੇ ਫ਼ਰਜ਼ੰਦਾਂ ।
...................................................
ਹਾਜਿਬ ਨੂੰ ਲਿਖ ਘੱਲਿਆ ਯੂਸੁਫ਼, ਮੁਹਰ ਲਗਾ ਪਰਵਾਨਾ ।
ਝੁਕ ਅਦਬੋਂ ਸਭ ਖ਼ਿਦਮਤ ਕਰਿਓ, ਕਨਆਨੀ ਕਰਵਾਨਾਂ ।
ਪੈਗ਼ੰਬਰ ਦੇ ਬੇਟੇ ਹਰਗਿਜ਼, ਨ ਪਾਵਣ ਤਕਲੀਫ਼ਾਂ ।
ਰਹਣ ਨਹੀਂ ਦਿਲ ਤੰਗ ਕਦਾਹੀਂ, ਵਾਂਗ ਗ਼ਰੀਬ ਜ਼ਈਫ਼ਾਂ ।
......................................................
ਇਸ ਦਿਨ ਥੀਂ ਫਿਰ ਹਜ਼ਰਤ ਯੂਸੁਫ਼, ਚੌਕੀਆਂ ਸਭ ਉਠਾਈਆਂ ।
ਵੀਰ ਮਿਲੇ ਉਹ ਜਿਨ੍ਹਾਂ ਕਾਰਣ, ਸੋ ਤਦਬੀਰਾਂ ਚਾਈਆਂ ।
ਤੇ ਹਾਜਿਬ ਦਿਨ ਚੌਥੇ ਆਇਆ, ਲੈ ਯੂਸੁਫ਼ ਦੇ ਭਾਈਆਂ ।
ਸ਼ੁਤਰ ਸਵਾਰ ਵੜੇ ਵਿਚ ਮਿਸਰੇ, ਖ਼ਲਕਾਂ ਵੇਖਣ ਆਈਆਂ ।
...........................................................
ਯੂਸੁਫ਼ ਉਹਨਾਂ ਪਛਾਣੇ ਪਰ ਹੁਣ, ਯਾਦ ਨਖੇੜ ਨ ਕਾਈ ।
ਕੌਣ ਰੋਈਲ ਯਹੂਦਾ ਕਿਹੜਾ, ਪਰ ਜਾਣੇ ਸਭ ਭਾਈ ।
ਆ ਜਬਰਾਈਲ ਖ਼ੁਦਾ ਦੇ ਹੁਕਮੋਂ, ਉਂਗਲ ਨਾਲ ਵਿਖਾਵੇ ।
ਐ ਯੂਸੁਫ਼ ਇਹ ਵੀਰ ਫਲਾਣਾ, ਸਾਰਿਆਂ ਨਾਮ ਸੁਣਾਵੇ ।
ਤਦਾਂ ਪਛਾਣ ਰੱਖੀ ਸਭ ਯੂਸੁਫ਼, ਪੁੱਛੇ ਹਾਲ ਤਮਾਮਾਂ ।
ਲੈ ਜਾਓ ਕਨਆਨੀਆਂ ਤਾਈਂ, ਕਰਦਾ ਹੁਕਮ ਗ਼ੁਲਾਮਾਂ ।
ਮੇਰਿਆਂ ਖ਼ਾਸ ਮਹੱਲਾਂ ਅੰਦਰ, ਕਰਿਓ ਇਹਨਾਂ ਉਤਾਰਾ ।
ਖ਼ਿਦਮਤ ਦੇ ਵਿਚ ਹਾਜ਼ਿਰ ਹੋ ਕੇ, ਅਦਬ ਗੁਜ਼ਾਰਿਓ ਸਾਰਾ ।
.......................................................
ਚਾ ਨਜ਼ਰ ਵਲ ਸ਼ਾਹ ਨ ਵੇਖਣ, ਅਹਸਾਨੋਂ ਸ਼ਰਮਾਂਦੇ ।
ਤੇ ਯੂਸੁਫ਼ ਕਰ ਨਜ਼ਰਾਂ ਵੇਖੇ, ਹਾਲ ਅਹਵਾਲ ਉਨ੍ਹਾਂ ਦੇ ।
ਖਾਣ ਤੁਆਮ ਸੱਭੇ ਸਿਰ ਨੀਵੇਂ, ਗ਼ਾਲਿਬ ਹੈਬਤ ਧਾਣੀ ।
ਇਕ ਦੂਜੇ ਥੀਂ ਕੰਬਦੇ ਕੰਬਦੇ, ਹੌਲੀ ਕਰਨ ਕਹਾਣੀ ।

(ਬਨੀ=ਔਲਾਦ, ਅਕੀਦੇ=ਵਿਸ਼ਵਾਸ, ਤਵੰਗਰ=ਅਮੀਰ,
ਜ਼ੇਬਾਈਆਂ=ਸੁਹੱਪਣ, ਪੈਵੰਦਾਂ=ਟਾਕੀਆਂ, ਹੈਬਤ=ਡਰ)

ਭਰਾਵਾਂ ਨਾਲ ਮੁਲਾਕਾਤ

ਖਾ ਤੁਆਮ ਹੋਏ ਖ਼ੁਸ਼ ਸਾਰੇ, ਕਰਦੇ ਨੇਕ ਦੁਆਈਂ ।
ਆਪਣੇ ਪਾਸ ਬੁਲਾਵੇ ਯੂਸੁਫ਼, ਫੇਰ ਭਰਾਵਾਂ ਤਾਈਂ ।
ਯੂਸੁਫ਼ ਜਾਣੇ ਸਾਰਿਆਂ ਤਾਈਂ, ਇਹ ਉਨ੍ਹਾਂ ਮਾਲਮ ਨਾਹਾ ।
ਯੂਸੁਫ਼ ਪਾਸ ਹੋਏ ਇਹ ਹਾਜ਼ਿਰ, ਜਿਸ ਮੂੰਹ ਬੁਰਕਾ ਆਹਾ ।
ਯੂਸੁਫ਼ ਕਬਤੀ ਬੋਲੀ ਬੋਲੇ, ਆਪਣਾ ਭੇਦ ਛੁਪਾਵੇ ।
ਪਾਸ ਉਹਨਾਂ ਇਬਰਾਨੀ ਬੋਲੀ, ਹਰਫ਼ ਨ ਮੂਲ ਅਲਾਵੇ ।
ਮਰਦ-ਵਸੀਲਾ ਵਿਚ ਬਿਠਾਇਆ, ਯੂਸੁਫ਼ ਨੇ ਫ਼ਰਮਾਇਆ ।
ਐ ਕਰਵਾਨੋ ਕਹੋ ਜਵਾਨੋ, ਡੇਰਾ ਕਿੱਥੋਂ ਆਇਆ ।
ਕਹਿਆ ਉਹਨਾਂ ਅਸੀਂ ਸ਼ਾਮੋਂ ਆਏ, ਘਰ ਸਾਡੇ ਕਨਆਨੇ ।
ਯੂਸੁਫ਼ ਕਹੰਦਾ ਕਿਸ ਮਤਲਬ ਨੂੰ, ਆਏ ਏਤ ਮਕਾਨੇ ।
ਕਹਤ ਪਇਆ ਉਹਨਾਂ ਅਰਜ਼ ਅਲਾਈ, ਖ਼ੂਬੀ ਸੁਣੀ ਹਜ਼ੂਰੋਂ ।
ਆਸ ਧਰੀ ਵਲ ਤੈਂ ਦਰ ਆਏ, ਕਸਦ ਉਠਾਇਆ ਦੂਰੋਂ ।
......................................................
ਬਾਪ ਬੁੱਢਾ ਯਾਕੂਬ ਪੈਗ਼ੰਬਰ, ਵਿਚ ਜ਼ਈਫ਼ੀ ਹਾਲਾਂ ।
ਰਾਤ ਦਿਨੇ ਵਿਚ ਗ਼ਮ ਦੇ ਹੁਜਰੇ, ਚਸ਼ਮ ਰਹੇ ਤਰ ਨਾਲਾਂ ।
ਤੁਧ ਸਲਾਮ ਪੁਚਾਇਓਸ ਸ਼ਾਹਾ, ਕਰ ਕਰ ਗਿਰਯਾਜ਼ਾਰੀ ।
ਉਹ ਮੁਸ਼ਤਾਕ ਤੇਰੇ ਹਰ ਵੇਲੇ, ਨਾਮ ਲਵੇ ਹਰ ਵਾਰੀ ।
......................................................
ਯੂਸੁਫ਼ ਕਹੇ ਪੈਗ਼ੰਬਰਜ਼ਾਦਿਓ, ਬੁੱਢਾ ਬਾਪ ਤੁਸਾਡਾ ।
ਕਨਆਨੋਂ ਪੰਧ ਮਿਸਰ ਦੁਰਾਡਾ, ਵਾਕਿਫ਼ ਕਿਵੇਂ ਅਸਾਡਾ ।
ਅਰਜ਼ ਕਰਨ ਕਰਵਾਨਾਂ ਕੋਲੋਂ, ਪਤੇ ਤੇਰੇ ਹੱਥ ਆਏ ।
ਪਰਦੇਸਾਂ ਦਿਆਂ ਵਾਸੀਆਂ ਉਸਨੂੰ, ਤੇਰੇ ਹਾਲ ਸੁਣਾਏ ।
......................................................
ਇਕ ਪਿਦਰ ਦੇ ਪੁੱਤਰ ਜਵਾਨੋ, ਕਿਤਨੇ ਹੋ ਫ਼ਰਮਾਓ ।
ਇਹਨਾਂ ਕਹਿਆ ਅਸੀਂ ਬਾਰਾਂ ਭਾਈ, ਜੇ ਤੇ ਸੱਚ ਪੁਛਾਓ ।
ਦਸ ਹਾਜ਼ਿਰ ਇਕ ਪਾਸ ਪਿਦਰ ਦੇ, ਇਕ ਖਾਧਾ ਬਘਿਆੜਾਂ ।
ਤਿਸ ਦਿਨ ਥੀਂ ਵਿਚ ਦਿਲ ਪਿਦਰ ਦੇ, ਗ਼ਮੋਂ ਤਰੁੱਠੀਆਂ ਧਾੜਾਂ ।
........................................................
ਕਹੋ ਕਿਵੇਂ ਬਘਿਆੜੇ ਖਾਧਾ, ਯੂਸੁਫ਼ ਨੇ ਫ਼ਰਮਾਇਆ ।
ਉਹਨਾਂ ਕਹਿਆ ਉਹ ਨਾਲ ਅਸਾਡੇ, ਇਕ ਦਿਨ ਜੰਗਲ ਆਇਆ ।
ਗੁਰਗ ਸਿਤਮਗਰ ਜ਼ੋਰਾ ਕੀਤਾ, ਤੇ ਅਸਾਂ ਖ਼ਬਰ ਨ ਕਾਈ ।
ਚੀਰ ਗਇਆ ਤਿਸ ਖਾ ਸਿਧਾਇਆ, ਇਹ ਸਿਰ ਸੱਟ ਵਿਹਾਈ ।
...........................................................
ਤੁਸੀਂ ਜਵਾਨ ਅਜੇਹੇ ਦਿੱਸੋ, ਸ਼ੇਰਾਂ ਪਕੜ ਮਰੋੜੋ ।
ਪੁਟ ਪਹਾੜ ਸੁੱਟੋ ਢਾਹ ਧਰਤੀ, ਕੋਟ ਫ਼ੌਲਾਦੀ ਤੋੜੋ ।
....................................................
ਯੂਸੁਫ਼ ਪੁੱਛੇ ਹੁਣ ਉਸ ਬਾਝੋਂ, ਕਿਉਂਕਰ ਕਰੇ ਗੁਜ਼ਾਰਾ ।
ਜਾਂ ਫ਼ਰਜ਼ੰਦ ਪਿਆਰਾ ਉਸਦਾ, ਗੁਰਗ ਕੀਤਾ ਦੋ ਪਾਰਾ ।
ਯੂਸੁਫ਼ ਦਾ ਇਕ ਛੋਟਾ ਭਾਈ, ਬਿਨਯਾਮੀਨ ਸਦਾਵੇ ।
ਅਰਜ਼ ਕਰਨ ਹੁਣ ਉਸਦੇ ਤਾਈਂ, ਵੇਖੇ ਅੱਗ ਬੁਝਾਵੇ ।
.....................................................
ਹੋਰ ਕਲਾਮ ਜਵਾਨੋ ਸਾਰੀ, ਜੋ ਤੁਸਾਂ ਆਖ ਸੁਣਾਈ ।
ਅਸਾਂ ਯਕੀਨ ਏਹਾ ਤੁਸੀਂ ਸੱਚੇ, ਹੋਸੀ ਝੂਠ ਨ ਕਾਈ ।
ਤੇ ਏਹ ਗੱਲ ਜੋ ਯੂਸੁਫ਼ ਵਾਲੀ, ਕਰਦੇ ਹੋ ਆਸ਼ਕਾਰਾ ।
ਉਸਦੇ ਵਿਚ ਅਸਾਡੇ ਤਾਈਂ, ਸ਼ੱਕ ਰਹਿਆ ਈ ਭਾਰਾ ।
.....................................................
ਯੂਸੁਫ਼ ਕਹੰਦਾ ਜੇ ਹੋ ਸੱਚੇ, ਐ ਮਰਦੋ ਕਰਵਾਨੋ ।
ਹੁਣ ਨ ਜਾਇਓ ਡੋਲ ਜ਼ਬਾਨੋਂ, ਲਵਾਂ ਨਿਤਾਰ ਬਿਆਨੋ ।
ਜੇ ਤੁਸੀਂ ਸੱਚੇ ਜ਼ਾਹਿਰ ਹੋਏ, ਹੋਵੋਗੇ ਇਤਬਾਰੀ ।
ਝੂਠ ਕਲਾਮੋਂ ਜੇ ਤੁਸਾਂ ਲੱਭਾ, ਇਹ ਹੈ ਅੰਤ ਖ਼ਵਾਰੀ ।
ਇਕ ਰਹੇ ਨੌਂ ਘਰ ਨੂੰ ਜਾਓ, ਲੈ ਗੱਲਾ ਦਸ ਭਾਰੇ ।
ਮੁੜ ਆਇਓ ਲੈ ਬਿਨਯਾਮੀਨੇ, ਹਾਲ ਪੁਛੇਸਾਂ ਸਾਰੇ ।
....................................................
ਮਨਸ਼ਾ ਇਬਰਾਹੀਮ ਦੋ ਬੇਟੇ, ਸੀ ਯੂਸੁਫ਼ ਦੇ ਪਿਆਰੇ ।
ਚਿਹਰ ਮੁਨੱਵਰ ਯੂਸੁਫ਼ ਵਾਂਗੂੰ, ਜਲਵੇ ਹੁਸਨ ਖਿਲਾਰੇ ।
ਵੱਡਾ ਮਨਸ਼ਾ ਉਸਦੇ ਤਾਈਂ ਯੂਸੁਫ਼ ਨੇ ਫ਼ਰਮਾਇਆ ।
ਲੈ ਖ਼ੁਦ ਮਾਪ ਉਹਨਾਂ ਭਰ ਭਰਤੀ, ਪਾਸੇਂ ਕਦਰ ਸਵਾਇਆ ।
.................................................
ਮਨਸ਼ਾ ਅਰਜ਼ ਕਰੇ ਯਾ ਹਜ਼ਰਤ, ਇਹ ਕਰਵਾਨ ਕਿਥਾਓਂ ।
ਹਾਲ ਜਿਨ੍ਹਾਂ ਦੇ ਐਡਕ ਸ਼ਫ਼ਕਤ, ਖ਼ਿਦਮਤ ਅਦਬ ਅਦਾਓਂ ।
ਫ਼ਰਮਾਇਆ ਫ਼ਰਜ਼ੰਦ ਪਿਦਰ ਦੇ, ਇਹ ਕਨਆਨੋਂ ਆਏ ।
ਵੀਰ ਮੇਰੇ ਮਤਰੇਈਆਂ ਜਾਏ, ਇਹ ਤੇਰੇ ਸਭ ਤਾਏ ।
...................................................
ਭੇਤ ਇਹਨਾਂ ਨੂੰ ਦੱਸੀਂ ਨਾਹੀਂ, ਏਵੇਂ ਹੁਕਮ ਇਲਾਹੀ ।
ਖ਼ਿਦਮਤ ਕਰ ਤੂੰ ਜੋ ਕਰ ਸੱਕੇਂ, ਕਰੀਂ ਨਹੀਂ ਕੋਤਾਹੀ ।
.....................................................
ਭਰਤੀ ਭਰੀ ਗ਼ੁਲਾਮਾਂ ਤਾਈਂ, ਯੂਸੁਫ਼ ਨੇ ਫ਼ਰਮਾਇਆ ।
ਪੋਸ਼ੀਦਾ ਵਿਚ ਕੋਨਾਂ ਧਰਿਓ, ਉਹਨਾਂ ਦਾ ਸਰਮਾਇਆ ।

(ਮਰਦ-ਵਸੀਲਾ=ਦੋ-ਭਾਸ਼ੀਆ, ਮੁਸ਼ਤਾਕ=ਚਾਹੁਣ ਵਾਲਾ,
ਆਸ਼ਕਾਰਾ=ਜ਼ਾਹਿਰ,ਪ੍ਰਗਟ, ਕੋਤਾਹੀ=ਢਿੱਲ, ਪੋਸ਼ੀਦਾ=
ਲੁਕਾ ਕੇ, ਕੋਨਾਂ=ਗੱਠਾਂ)

ਕਨਆਨ ਵਿਚ ਵਾਪਸੀ

ਕਰ ਬਨੀ ਇਸਰਾਈਲ ਚਲਾਣੇ, ਸ਼ੁਤਰੀਂ ਘੱਤ ਮੁਹਾਰਾਂ ।
ਸ਼ਾਦ ਦਿਲੋਂ ਖ਼ੁਸ਼ ਹਾਲ ਅਜ਼ੀਜ਼ੋਂ, ਕਰਦੇ ਸ਼ੁਕਰ ਹਜ਼ਾਰਾਂ ।
ਮੰਜ਼ਿਲ ਕੱਟ ਮਰਾਹਿਲ ਆਖ਼ਿਰ, ਆਣ ਵੜੇ ਕਨਆਨੇ ।
ਚੁੰਮਣ ਕਦਮ ਸਲਾਮ ਕਰੇਂਦੇ, ਪੇਸ਼ ਪਿਦਰ ਵਿਚ ਖ਼ਾਨੇ ।
ਕਿਉਂ ਅਜ਼ੀਜ਼ ਡਿੱਠਾ ਪਿਉ ਪੁੱਛੇ, ਕੀ ਵਰਤੇ ਵਰਤਾਰਾ ।
ਉਹ ਕਹੰਦੇ ਅਸੀਂ ਡਿੱਠਾ ਹਜ਼ਰਤ, ਫ਼ਜ਼ਲ ਕਰਮ ਤਿਸ ਭਾਰਾ ।
......................................................
ਅੱਵਲ ਸ਼ੱਕ ਪਇਆ ਦਿਲ ਉਸਦੇ, ਸਾਨੂੰ ਸੈਲੂ ਜਾਤਾ ।
ਤੇਰਾ ਨਾਮ ਲਇਆ ਜਾਂ ਉਸ ਥੀਂ, ਤਾਂ ਇਸ ਹਾਲ ਪਛਾਤਾ ।
........................................................
ਸ਼ੱਕ ਉਹਦਾ ਮੁੜ ਤਾਜ਼ਾ ਹੋਇਆ, ਸੁਣ ਯੂਸੁਫ਼ ਦੀਆਂ ਗੱਲਾਂ ।
ਮੁੜ ਮੁੜ ਏਹਾ ਹਾਲ ਚਤਾਰਿਆ, ਵਾਂਗ ਪੁਰਾਣਿਆਂ ਸੱਲਾਂ ।
.....................................................
ਸੈਲੂ ਹੋ ਤੁਸੀਂ ਐ ਕਰਵਾਨੋ, ਇਕ ਰਹੇ ਨੌਂ ਜਾਉ ।
ਸੱਚ ਕਲਾਮ ਤੁਸਾਡੀ ਵੇਖਾਂ, ਬਿਨਯਾਮੀਨ ਲਿਆਉ ।
ਜੇ ਉਹ ਭੀ ਆ ਭਰੇ ਸ਼ਹਾਦਤ, ਤਾਂ ਤੁਸੀਂ ਸਾਰੇ ਸੱਚੇ ।
ਤੇ ਜੇ ਬਿਨਯਾਮੀਨ ਨ ਆਵੇ, ਸਾਬਿਤ ਹੋਸੋ ਕੱਚੇ ।
ਰੱਖ ਲਇਆ ਉਸ ਸ਼ਮਊਨ ਅਸਾਂ ਥੀਂ, ਅੰਦਰ ਬੰਦੀਵਾਨਾਂ ।
ਸੱਚੋਂ ਝੂਠ ਨਿਤਾਰਾ ਕਰਨਾ, ਸਾਡਿਆਂ ਵਿਚ ਬਿਆਨਾਂ ।
ਆਵਦਿਆਂ ਅਸਾਂ ਤੁਹਫ਼ੇ ਦਿੱਤੇ, ਤੇ ਅਹਸਾਨ ਕਮਾਏ ।
ਖ਼ਿਦਮਤ ਸਕਿਆਂ ਭਾਈਆਂ ਕੋਲੋਂ, ਐਡ ਨ ਕੀਤੀ ਜਾਏ ।
......................................................
ਜੋ ਅਹਸਾਨ ਅਜ਼ੀਜ਼ ਕਮਾਵੇ, ਕੇਡਕ ਵਸਫ਼ ਸੁਣਾਈਏ ।
ਘੱਲ ਅਸਾਂ ਸਣ ਬਿਨਯਾਮੀਨੇ, ਗੱਲਾ ਮੁਫ਼ਤ ਲਿਆਈਏ ।
ਅਸੀਂ ਨਿਗ੍ਹਾ ਰੱਖਾਂਗੇ ਉਸ ਨੂੰ, ਸਾਡਾ ਵੀਰ ਪਿਆਰਾ ।
ਜੇ ਇਹ ਨਾਲ ਅਸਾਡੇ ਜਾਸੀ, ਹੋਸੀ ਮਤਲਬ ਸਾਰਾ ।
.....................................................
ਬਿਨਯਾਮੀਨ ਅਸਾਂ ਥੀਂ ਘੱਲੋ, ਪੁੱਤਾਂ ਅਰਜ਼ ਸੁਣਾਈ ।
ਨਬੀ ਕਹੇ ਮੈਂ ਘੱਲਾਂ ਨਾਹੀਂ, ਕੌਲ ਬਿਨੋਂ ਯਕਤਾਈ ।
....................................................
ਉਹਨਾਂ ਅਹਦ ਖ਼ੁਦਾ ਦਾ ਦਿੱਤਾ, ਕਹੰਦੇ ਮੋੜ ਲਿਆਈਏ ।
ਰੱਬ ਗਵਾਹ ਕਰਾਮ ਫ਼ਰਿਸ਼ਤੇ, ਅਸੀਂ ਦਗ਼ਾ ਨ ਕਮਾਈਏ ।
28. ਮਿਸਰ ਵਲ ਦੂਸਰੀ ਯਾਤਰਾ
ਭਾਈਆਂ ਦੇ ਹੱਥੋਂ ਬਿਨਯਾਮੀਨ ਦੀ ਦੁਰਗਤ

ਵੀਰ ਦਿਲਾਂ ਵਿਚ ਭੁਜਦੇ ਆਏ, ਆਤਿਸ਼ ਹਸਦ ਤਪਾਏ ।
ਬਿਨਯਾਮੀਨ ਅਜ਼ੀਜ਼ ਬੁਲਾਇਆ, ਅਸੀਂ ਤੁਫ਼ੈਲੀਂ ਆਏ ।
ਅਣਡਿੱਠਾ ਤਾਕੀਦਾਂ ਕਰ ਕਰ, ਸੱਦ ਘਲਿਆ ਕਨਆਨੋਂ ।
ਘਰ ਵਿਚ ਬਾਪ ਅਜ਼ੀਜ਼ ਮਿਸਰ ਵਿਚ, ਆਸ਼ਿਕ ਦਿਲੋਂ ਬ ਜਾਨੋਂ ।
ਹਰ ਹਰ ਗੱਲ ਉਲਾਹਮੇ ਤਾਹਨੇ, ਝਿੜਕਾਂ ਜ਼ਿੱਲਤ ਖ਼ਵਾਰੀ ।
ਬਿਨਯਾਮੀਨੇ ਨਾਲ ਭਰਾਵਾਂ, ਰਾਹੀਂ ਕਾਰਗੁਜ਼ਾਰੀ ।
ਬਿਨਯਾਮੀਨ ਦਿਲੋਂ ਪੁਰ ਦਰਦੋਂ, ਸੱਭੇ ਸਖ਼ਤੀਆਂ ਸਹੀਆਂ ।
ਯੂਸੁਫ਼ ਦਾ ਦਿਲ ਦਾਗ਼ ਪੁਰਾਣਾ, ਦਿਲ ਦੀਆਂ ਦਿਲ ਵਿਚ ਰਹੀਆਂ ।
.........................................................
ਓਸ ਜ਼ਮਾਨੇ ਸ਼ਹਰ ਮਿਸਰ ਦੇ, ਪੰਜ ਸੱਭੇ ਦਰਵਾਜ਼ੇ ।
ਹੁਕਮ ਪਿਦਰ ਥੀਂ ਸਾਰੇ ਭਾਈ, ਖਿੰਡੇ ਨਾਲ ਅੰਦਾਜ਼ੇ ।
ਦੋ ਦੋ ਰਲ ਇਕ ਦਰ ਥੀਂ ਆਏ, ਲੰਘ ਗਏ ਦਸ ਸਾਰੇ ।
ਬਿਨਯਾਮੀਨ ਇਕੱਲਾ ਬਾਹਿਰ, ਗ਼ਮ ਦੀਆਂ ਆਹੀਂ ਮਾਰੇ ।
.......................................................
ਯੂਸੁਫ਼ ਪਾਸ ਪੈਗ਼ਾਮ ਲਿਆਇਆ, ਜਬਰਾਈਲ ਇਲਾਹੋਂ ।
ਵੀਰ ਤੇਰੇ ਅੱਜ ਆਏ ਯੂਸੁਫ਼, ਚਲ ਦੁਰਾਡੇ ਰਾਹੋਂ ।
ਦਸ ਵਿਚ ਸ਼ਹਰ ਵੜੇ ਹੋ ਦੋ ਦੋ, ਤੇਰਾ ਵੀਰ ਇਕੱਲਾ ।
ਬਾਹਿਰ ਖੜਾ ਦਰੋਂ ਹੁਣ ਰੋਂਦਾ, ਦਿਲ ਨੂੰ ਨਹੀਂ ਤਸੱਲਾ ।
.......................................................
ਲਾਹ ਲਿਬਾਸ ਸ਼ਾਹਾਨਾ ਯੂਸੁਫ਼, ਪਹਣ ਪੁਰਾਣਾ ਜਾਈਂ ।
ਹੋ ਅਸਵਾਰ ਸ਼ੁਤਰ ਤੇ ਝਬਦੇ, ਉਸਨੂੰ ਨਾਲ ਲਿਆਈਂ ।
ਯੂਸੁਫ਼ ਦਾ ਬਿਨਯਾਮੀਨ ਦੀ ਸਹਾਇਤਾ ਨੂੰ ਆਉਣਾ

ਬਿਨਯਾਮੀਨ ਡਿੱਠਾ ਜਾਂ ਅੱਖੀਂ, ਕਰਦਾ ਗਿਰਯਾਜ਼ਾਰੀ ।
ਸੂਰਤ ਚੰਦ ਉਦਾਸੀ ਸ਼ਕਲੋਂ, ਗ਼ਮ ਦੀ ਜਿਗਰ ਕਟਾਰੀ ।
ਯੂਸੁਫ਼ ਦੇਖ ਵਧੇਰਾ ਰੋਇਆ, ਮੂਲ ਕਰਾਰ ਨ ਪਾਇਆ ।
ਚਾਲੀ ਸਾਲਾਂ ਬਾਦ ਦਿੱਸਾਇਆ, ਮੇਰਾ ਮਾਂ ਪਿਉ ਜਾਇਆ ।
ਹੋਰਸ ਦਰੋਂ ਗਇਆ ਮੁੜ ਬਾਹਿਰ, ਮੁੜ ਮਿਸਰੇ ਵਲ ਆਇਆ ।
ਬਿਨਯਾਮੀਨ ਡਿੱਠਾ ਆ ਰੋਂਦਾ, ਆਣ ਸਲਾਮ ਸੁਣਾਇਆ ।
ਬਿਨਯਾਮੀਨ ਅਲੈਕਮ ਕਹਿਆ, ਯੂਸੁਫ਼ ਇਬਰੀ ਬੋਲੇ ।
ਭਾਈ ਨਾਲ ਕਰੇ ਕੁਝ ਗੱਲਾਂ, ਦਰਦ ਖ਼ਜ਼ਾਨੇ ਖੋਹਲੇ ।
......................................................
ਬਿਨਯਾਮੀਨ ਕਹੇ ਸੁਣ ਰੋ ਰੋ, ਹਾਲ ਕਹਾਂ ਮੈਂ ਕਿਸ ਦਾ ।
ਮੈਂ ਯਾਕੂਬ ਨਬੀ ਦਾ ਬੇਟਾ, ਉੱਜੜਿਆ ਘਰ ਜਿਸ ਦਾ ।
.........................................................
ਯੂਸੁਫ਼ ਨਾਮ ਵਡੇਰਾ ਭਾਈ, ਮੇਰਾ ਮਾਂ ਪਿਉ ਜਾਇਆ ।
ਮੈਂ ਸਣ ਬਾਪ ਨ ਹੋਸ਼ ਸੰਭਾਲੀ, ਜਾਂ ਤੇ ਨਜ਼ਰ ਨ ਆਇਆ ।
ਬਰਕਤ ਗਈ ਅਸਾਡੇ ਘਰ ਥੀਂ, ਖ਼ਾਨੇ ਪਏ ਉਜਾੜਾਂ ।
ਯੂਸੁਫ਼ ਨੂੰ ਲੈ ਗਈਆਂ ਜਾਂ ਤੇ, ਲੁੱਟ ਗ਼ਜ਼ਬ ਦੀਆਂ ਧਾੜਾਂ ।
........................................................
ਮੈਂ ਪੁਰ ਦਰਦ ਲਿਆਏ ਭਾਈ, ਮਤਰੇਈਆਂ ਦੇ ਜਾਏ ।
ਸ਼ਹਰ ਵੜੇ ਛੱਡ ਮੈਨੂੰ ਰੋਂਦਾ, ਮੁੜ ਕੇ ਲੈਣ ਨ ਆਏ ।
......................................................
ਕੰਙਣ ਮੋਤੀਆਂ ਜੜਿਆ ਆਹਾ, ਯੂਸੁਫ਼ ਦੇ ਵਿਚ ਬਾਜ਼ੂ ।
ਪੰਝੀ ਮੁੱਲ ਹਜ਼ਾਰ ਦੀਨਾਰੋਂ, ਤੁਲੇ ਕਦਰ ਤਰਾਜ਼ੂ ।
ਯੂਸੁਫ਼ ਬਿਨਯਾਮੀਨੇ ਤਾਈਂ, ਦੇਵੇ ਬਹੁਤ ਦਿਲਾਸਾ ।
ਪਾਸ ਰਖੀਂ ਤਿਸ ਕਹੇ ਜ਼ਬਾਨੋਂ, ਤੋੜੀਂ ਨ ਹਲਾਸਾ ।
.....................................................
ਆ ਮੈਂ ਨਾਲ ਮਿਲਾਵਾਂ ਭਾਈ, ਫੇਰ ਯੂਸੁਫ਼ ਫ਼ਰਮਾਵੇ ।
ਸ਼ਹਰ ਇਕੱਠੇ ਦਾਖ਼ਿਲ ਹੋਏ, ਲੈ ਭਾਈਆਂ ਥੀਂ ਆਵੇ ।
ਭਾਈਆਂ ਨੂੰ ਮੁਨਕਸ਼ ਮਹੱਲ ਵਿਚ ਉਤਾਰਨਾ

ਇਕ ਸੁਨਹਰੀ ਕੋਠਾ ਯੂਸੁਫ਼, ਸੀ ਅੱਗੇ ਬਣਵਾਇਆ ।
ਤੀਹ ਗਜ਼ ਲੰਮਾ, ਤੀਹ ਗਜ਼ ਚੌੜਾ, ਜ਼ੀਨਤ ਅੰਤ ਨ ਪਾਇਆ ।
....................................................
ਯੂਸੁਫ਼ ਨੇ ਸਭ ਭਾਈਆਂ ਮੂਰਤ, ਉਸਦੇ ਵਿਚ ਲਿਖਾਈ ।
ਭੀ ਯਾਕੂਬ ਨਬੀ ਦੀ ਮੂਰਤ, ਭੀ ਆਪਣੀ ਬਣਵਾਈ ।
ਜਿਉਂ ਜਿਉਂ ਭਾਈਆਂ ਜੰਗਲ ਅੰਦਰ, ਉਸ ਤੇ ਜ਼ੁਲਮ ਕਰਾਏ ।
ਸਾਰੇ ਹਾਲੇ ਜ਼ਾਹਿਰ ਇਸ ਵਿਚ, ਪੂਰੇ ਨਕਸ਼ ਕਰਾਏ ।
.......................................................
ਖ਼ਿਦਮਤਗਾਰਾਂ ਤਾਈਂ ਯੂਸੁਫ਼, ਕਹੰਦਾ ਜਲਦੀ ਜਾਓ ।
ਕਰਵਾਨਾਂ ਕਨਆਨੀਆਂ ਤਾਈਂ, ਇਸ ਖ਼ਾਨੇ ਲੈ ਆਓ ।
ਲੈ ਬੁਰਕਾ ਖ਼ੁਦ ਯੂਸੁਫ਼ ਬੈਠਾ, ਅੰਦਰ ਜ਼ੱਰੀਂ ਖ਼ਾਨੇ ।
ਖ਼ਿਦਮਤਗਾਰਾਂ ਭਾਈ ਆਂਦੇ, ਕਰ ਆਦਾਬ ਸ਼ਾਹਾਨੇ ।
......................................................
ਹੋਇਆ ਹੁਕਮ ਤੁਆਮ ਲਿਆਓ, ਖ਼ਾਦਿਮ ਤੁਆਮ ਲਿਆਏ ।
ਖਾਓ ਖ਼ੁਰਿਸ਼ ਪੈਗ਼ੰਬਰ-ਜ਼ਾਦਿਓ, ਯੂਸੁਫ਼ ਹੁਕਮ ਕਰਾਏ ।
ਖਾਵਣ ਖ਼ੁਰਿਸ਼ ਦਲੀਲਾਂ ਕਰਦੇ, ਖ਼ੁਸ਼ੀਆਂ ਵਿਚ ਦਲੀਲੇ ।
ਦੀਵਾਰੀਂ ਤਸਵੀਰਾਂ ਲਿਖੀਆਂ, ਪਈਆਂ ਨਜ਼ਰ ਰੋਈਲੇ ।
ਗੁੰਮ ਗਇਆ ਹੈਰਾਨੀ ਅੰਦਰ, ਭੁੱਲ ਗਇਆ ਤਿਸ ਖਾਣਾ ।
ਅਮਲ ਕਮਾਏ ਨਜ਼ਰੀਂ ਆਏ, ਖ਼ੌਫ਼ ਦਿਲੇ ਵਿਚ ਧਾਣਾ ।
.........................................................
ਰੋਈਲਾ ਕੀ ਹੋਇਆ ਤੈਨੂੰ, ਵੀਰ ਪੁਛਣ ਰੋ ਸਾਰੇ ।
ਬੋਲ ਨ ਸੱਕੇ ਕਰੇ ਇਸ਼ਾਰੇ, ਰੋ ਰੋ ਵੱਲ ਦੀਵਾਰੇ ।
ਭਾਈਆਂ ਡਿੱਠਾ ਜੋ ਜੋ ਕੀਤਾ, ਜ਼ਾਹਿਰ ਨਜ਼ਰੀਂ ਆਇਆ ।
ਰੋਂਦਿਆਂ ਰੁਖ਼ ਧੁਵਾਏ ਅਸ਼ਕੋਂ, ਮਰਗ ਸੁੱਝੀ ਗ਼ਮ ਧਾਇਆ ।
.......................................................
ਸਾਹਿਬ-ਜ਼ਾਦਿਓ ਖਾਣਾ ਖਾਓ, ਯੂਸੁਫ਼ ਨੇ ਫ਼ਰਮਾਇਆ ।
ਕਿਉਂ ਅੱਖੀਂ ਥੀਂ ਨੀਰ ਵਿਹਾਏ, ਯਾਦ ਕਹੋ ਕੀ ਆਇਆ ।
ਅਰਜ਼ ਕਰਨ ਇਸ ਖ਼ਾਨੇ ਅੰਦਰ, ਖ਼ੁਰਿਸ਼ ਨ ਖਾਧੀ ਜਾਵੇ ।
ਸ਼ਾਹ ਅਨਾਇਤ ਕਰੇ ਅਸਾਂ ਤੇ, ਹੋਰਸ ਥਾਉਂ ਭਿਜਵਾਵੇ ।
ਬਿਨਯਾਮੀਨ ਦਾ ਯੂਸੁਫ਼ ਦੀ ਸਿਕ ਵਿਚ ਰੁਦਨ

ਬਿਨਯਾਮੀਨ ਜੋ ਯੂਸੁਫ਼ ਸੰਦੀ, ਸ਼ਕਲ ਡਿੱਠੀ ਦੀਵਾਰੇ ।
ਜ਼ਖ਼ਮ ਪੁਰਾਣਾ ਉਘੜ ਵਗਿਆ, ਚੱਲੇ ਖ਼ੂਨ ਫ਼ਵਾਰੇ ।
ਸੂਰਤ ਦੇ ਵਲ ਵੇਖੇ ਰੋਵੇ, ਰੋ ਰੋ ਕੇ ਫ਼ਰਮਾਵੇ ।
ਵੀਰ ਮੇਰੇ ਦਾ ਨਕਸ਼ਾ ਰੌਸ਼ਨ, ਸਬਰ ਦਿਲੋਂ ਲੈ ਜਾਵੇ ।
....................................................
ਦਿਨ ਤੇ ਰਾਤ ਫ਼ਿਰਾਕ ਜਿਦ੍ਹੇ ਨੇ, ਮੇਰੀ ਜਾਨ ਜਲਾਈ ।
ਉਸਦੀ ਸੂਰਤ ਮਿਸਰੀਆਂ ਲੋਕਾਂ, ਕਿੱਥੋਂ ਲਿਖ ਮੰਗਾਈ ।
ਇਹ ਯਾਕੂਬ ਨਬੀ ਦਾ ਬੇਟਾ, ਕਿਸ ਨੇ ਖ਼ਬਰਾਂ ਪਾਈਆਂ ।
ਤੇ ਇਹ ਕੌਣ ਫ਼ਰਿਸ਼ਤਾ ਆਹਾ, ਜਿਸ ਤਸਵੀਰਾਂ ਲਾਹੀਆਂ ।
........................................................
ਦਸ ਭਾਈ ਬਹ ਪੰਜੀਂ ਤਾਸ਼ੀਂ, ਰਲ ਮਿਲ ਖਾਵਣ ਲੱਗੇ ।
ਬਿਨਯਾਮੀਨ ਇਕੱਲਾ ਬੈਠਾ, ਤਾਸ਼ ਰਖਾਇਸੁ ਅੱਗੇ ।
ਧਰਿਆ ਤਾਸ਼ ਅੱਗੇ ਉਹ ਰੋਂਦਾ, ਬੈਠਾ ਜ਼ਾਰੋ ਜ਼ਾਰੀ ।
ਯੂਸੁਫ਼ ਵੀਰ ਵਿਛੁੰਨੇ ਵਾਲਾ, ਜ਼ਖ਼ਮ ਦਿਲੇ ਵਿੱਚ ਕਾਰੀ ।
........................................................
ਯੂਸੁਫ਼ ਕਹੰਦਾ, ਆ ਜਾ ਮੈਥੀਂ, ਤੂੰ ਮੈਂ ਰਲ ਮਿਲ ਖਾਈਏ ।
ਤਾਸ਼ ਇੱਕੋ ਤੇ ਤੂੰ ਮੈਂ ਭਾਈ, ਖਾਵਣ ਬਹ ਹੁਣ ਜਾਈਏ ।
ਮੈਂ ਤੇਰਾ ਤੂੰ ਮੇਰਾ ਭਾਈ, ਯੂਸੁਫ਼ ਜਾਣ ਅਸਾਈਂ ।
ਮਾਈ ਜਾਯਾ ਭਾਈ ਆਪਣਾ, ਜਾਣ ਅਸਾਡੇ ਤਾਈਂ ।
ਜੇ ਤੈਂ ਯੂਸੁਫ਼ ਵੀਰ ਵਿਛੁੰਨਾ, ਮੈਂ ਭੀ ਵੀਰ ਵਿਛੁੰਨਾ ।
ਬੁਰਕੇ ਦੇ ਵਿਚ ਨਾਲੇ ਯੂਸੁਫ਼, ਆਹੀਂ ਕਰ ਕਰ ਰੁੰਨਾ ।
......................................................
ਬਿਨਯਾਮੀਨ ਕਹੇ ਜੁਗ ਜੀਵੇਂ, ਸ਼ਾਹਾ ਆਲੀ ਜਾਹਾ ।
ਜ਼ੱਰੀਂ ਖ਼ਾਨਾ ਅੱਵਲ ਵਾਲਾ, ਦਿਲ ਮੇਰੇ ਵਿਚ ਆਹਾ ।
ਹੁਕਮ ਕਰੋ ਮੈਂ ਓਥੇ ਜਾਵਾਂ, ਮੈਨੂੰ ਸਬਰ ਨ ਆਵੇ ।
ਬੈਠ ਲਵਾਂ ਰੱਜ ਰੋ ਉਥਾਈਂ, ਤਦਾਂ ਬੁਖ਼ਾਰ ਸਿਧਾਵੇ ।
ਯੂਸੁਫ਼ ਪੁੱਛੇ ਜ਼ੱਰੀਂ ਖ਼ਾਨੇ, ਕਿਆ ਪਸੰਦ ਦਿਸਾਇਆ ।
ਬਿਨਯਾਮੀਨ ਕਹੇ ਦੀਵਾਰੇ, ਯੂਸੁਫ਼ ਨਕਸ਼ ਲਗਾਇਆ ।
.....................................................
ਜਬਰਾਈਲ ਸਲਾਮ ਲਿਆਇਆ, ਯੂਸੁਫ਼ ਨੂੰ ਦਰਗਾਹੋਂ ।
ਦੇ ਪੈਗ਼ਾਮ ਕਹਿਆ ਐ ਯੂਸੁਫ਼, ਆਇਆ ਹੁਕਮ ਇਲਾਹੋਂ ।
ਬਿਨਯਾਮੀਨ ਤੇਰੇ ਵਿਚ ਗ਼ਮ ਦੇ, ਜਾਨ ਲਬਾਂ ਪੁਰ ਆਈ ।
ਜਾਂਦੀ ਜਾਨ ਵਿਛੋੜੇ ਅੰਦਰ, ਦੇਹ ਸ਼ਤਾਬ ਦਿਖਾਈ ।
......................................................
ਮਨਸ਼ਾ ਹਾਜ਼ਿਰ ਸੀ ਉਸ ਵੇਲੇ, ਯੂਸੁਫ਼ ਨੇ ਫ਼ਰਮਾਇਆ ।
ਜ਼ੱਰੀਂ ਖ਼ਾਨੇ ਜਾਹ ਫ਼ਰਜ਼ੰਦਾ, ਹੁਕਮ ਇਲਾਹੀ ਆਇਆ ।
ਬਿਨਯਾਮੀਨ ਤੇਰਾ ਉਹ ਚਾਚਾ, ਮਾਓਂ ਮੇਰੀ ਦਾ ਜਾਯਾ ।
ਗ਼ਮ ਮੇਰੇ ਵਿਚ ਤੜਫ ਮਰੇਂਦਾ, ਹਿਜਰ ਤੂਫ਼ਾਨ ਚੜ੍ਹਾਯਾ ।
........................................................
ਮਨਸ਼ਾ ਦੇ ਵੱਲ ਬਿਨਯਾਮੀਨੇ, ਨਜ਼ਰ ਪਈ ਇੱਕ ਵਾਰੀ ।
ਇਹ ਯੂਸੁਫ਼ ਦੀ ਸੂਰਤ ਡਿੱਠੀ, ਵੱਗੀ ਵਧ ਕਟਾਰੀ ।
ਬਿਨਯਾਮੀਨ ਉਪਰ ਭੇਦ ਦਾ ਖੁਲ੍ਹਣਾ

ਦੰਗ ਰਹਿਆ ਫ਼ਰਮਾਵੇ ਲੜਕਿਆ, ਦੱਸੀਂ ਬਰਖ਼ੁਰਦਾਰਾ ।
ਕੌਣ ਏਹੀ ਤੂੰ ਕਿਸ ਦਾ ਬੇਟਾ, ਜਿਗਰ ਕਿਦ੍ਹੇ ਦਾ ਪਾਰਾ ।
ਯੂਸੁਫ਼ ਦਾ ਮੈਂ ਬੇਟਾ ਹਜ਼ਰਤ, ਮਨਸ਼ਾ ਆਖ ਸੁਣਾਵੇ ।
ਬਿਨਯਾਮੀਨ ਪਇਆ ਸੁਣ ਧਰਤੀ, ਰੋ ਰੋ ਕੇ ਫ਼ਰਮਾਵੇ ।
ਮੇਰਾ ਭੀ ਇੱਕ ਵੀਰ ਪਿਆਰਾ, ਆਹਾ ਯੂਸੁਫ਼ ਨਾਮੋਂ ।
ਬਾਪ ਤੇਰਾ ਭੀ ਯੂਸੁਫ਼ ਨਾਮੋਂ, ਮੈਂ ਕੁਰਬਾਨ ਕਲਾਮੋਂ ।
.....................................................
ਮਨਸ਼ਾ ਕਹੰਦਾ ਨ ਰੋ ਚਾਚਾ, ਜ਼ਿੰਦਾ ਤੇਰਾ ਭਾਈ ।
ਤੂੰ ਜਿਸਦੇ ਵਿੱਚ ਗ਼ਮ ਦੇ ਰੋਵੇਂ, ਮੇਰਾ ਬਾਪ ਓਹਾਈ ।
......................................................
ਛਾਤੀ ਨਾਲ ਲਗਾਇਆ ਰੋ ਰੋ, ਪਕੜ ਭਤੀਜੇ ਤਾਈਂ ।
ਫ਼ਰਜ਼ੰਦਾ ਦੱਸ ਝਬਦੇ ਮੈਨੂੰ, ਤੇਰਾ ਬਾਪ ਕਿਥਾਈਂ ।
ਤਖ਼ਤ ਉੱਪਰ ਜਿਸ ਥੀਂ ਤੂੰ ਬੈਠਾ, ਮਨਸ਼ਾ ਨੇ ਫ਼ਰਮਾਯਾ ।
ਬਾਪ ਮੇਰਾ ਉਹੋ ਭਾਈ ਤੇਰਾ, ਮਾਉਂ ਤੇਰੀ ਦਾ ਜਾਯਾ ।
.......................................................
ਬਿਨਯਾਮੀਨ ਕਹੇ ਫ਼ਰਜ਼ੰਦਾ, ਉਹ ਮਿਸਰੇ ਦਾ ਵਾਲੀ ।
ਮਨਸ਼ਾ ਕਹੰਦਾ ਉਹੋ ਯੂਸੁਫ਼, ਜਿਸ ਦਾ ਸਾਯਾ ਆਲੀ ।
.....................................................
ਮਨਸ਼ਾ ਨੇ ਜਾਂ ਯੂਸੁਫ਼ ਤਾਈਂ, ਸਾਰੀ ਖ਼ਬਰ ਸੁਣਾਈ ।
ਉੱਠ ਯੂਸੁਫ਼ ਖ਼ਲਵਤ ਵਿੱਚ ਆਇਆ, ਨਾਲ ਲਇਆਸੁ ਭਾਈ ।
.....................................................
ਬਾਂਹ ਉਲ੍ਹਾਰ ਗਲਾਂ ਵਿਚ ਪਾਈ, ਵਿਛੜਿਆਂ ਮਿਲ ਭਾਈਆਂ ।
ਸਰਦ ਹੋਏ ਦੋ ਸੀਨੇ ਤਪਦੇ, ਬਾਰਾਂ ਰਹਮਤ ਆਈਆਂ ।
...........................................................
ਸਾਇਤ ਬਾਦ ਜੋ ਯੂਸੁਫ਼ ਤਾਈਂ, ਹੋਸ਼ ਬਦਨ ਵਿਚ ਆਈ ।
ਬਿਨਯਾਮੀਨੋਂ ਪੁੱਛਣ ਲੱਗਾ, ਪਿਉ ਦਾ ਹਾਲ ਕਿਆਈ ।
........................................................
ਅੱਖੀਂ ਦੇ ਵਿੱਚ ਨੀਂਦ ਨ ਆਵੇ, ਖਾਵਣ ਮੂਲ ਨ ਭਾਵੇ ।
ਨਾਮ ਤੇਰਾ ਲੈ ਕਰੇ ਪੁਕਾਰਾਂ, ਦਰਦ ਝੱਲੇ ਗ਼ਸ਼ ਖਾਵੇ ।
ਸੁਣ ਕੇ ਹਾਲ ਪਿਦਰ ਦਾ ਯੂਸੁਫ਼, ਰੋ ਰੋ ਜ਼ਾਰ ਕਰੇਂਦਾ ।
ਵਾਹ ਦਰਦਾ ਮੈਂ ਜੰਮਦਾ ਨਾਹਾ, ਤਾਂ ਕਿਉਂ ਬਾਪ ਤਪੇਂਦਾ ।
ਫੇਰ ਪੁੱਛੇ ਦੱਸ ਭੈਣ ਮੇਰੀ ਦਾ, ਕਿਉਂ ਕਰ ਵਕਤ ਵਿਹਾਂਦਾ ।
ਰੋ ਰੋ ਬਿਨਯਾਮੀਨ ਕਹੇ ਦੁੱਖ ਉਸਦਾ, ਹੱਦੋਂ ਗੁਜ਼ਰਿਆ ਜਾਂਦਾ ।
ਜਾਮਾ ਨਵਾਂ ਨ ਪਾਇਆ ਉਸਨੇ, ਸਾਲ ਗਏ ਹੋ ਚਾਲੀ ।
ਹੋ ਦੀਵਾਨੀ ਰਹੀ ਬਿਚਾਰੀ, ਤੇਰਿਆਂ ਦਰਦਾਂ ਵਾਲੀ ।
ਜਿਸ ਰਾਹੋਂ ਤੈਂ ਵੀਰ ਲਿਆਏ, ਉਥੇ ਉਮਰ ਗੁਜ਼ਾਰੀ ।
ਪਈ ਪੁਕਾਰੇ ਨਿਕਲ ਯੂਸੁਫ਼, ਦੇਖ ਲਵਾਂ ਇੱਕ ਵਾਰੀ ।
.......................................................
ਵੀਰ ਮੇਰਾ ਉਹ ਮਾਹ ਮੁਨੱਵਰ, ਯੂਸੁਫ਼ ਨਾਮ ਪਿਆਰਾ ।
ਕਿਨ੍ਹੇ ਡਿੱਠਾ ਵਿਚ ਜੰਗਲ ਰੋਂਦਾ, ਯਾ ਕਿਸੇ ਸ਼ਹਰ ਵਿਚਾਰਾ ।
ਇਹੋ ਹਾਲ ਹਮੇਸ਼ਾਂ ਉਸਦਾ, ਵਿਚ ਦਰਦਾਂ ਵਰਤਾਰਾ ।
ਖਾਵਣ ਪੀਵਣ ਭੁੱਲਾ ਉਸ ਥੀਂ, ਤੇਰਾ ਵਿਰਦ ਗੁਜ਼ਾਰਾ ।
........................................................
ਬਿਨਯਾਮੀਨ ਕਹੇ ਐ ਭਾਈ, ਰੋਂਦਿਆਂ ਉਮਰ ਵਿਹਾਈ ।
ਅਜ ਮਕਸੂਦ ਦਿਲੇ ਦਾ ਮਿਲਿਓਂ, ਹੋਈ ਦੂਰ ਜੁਦਾਈ ।
ਇਕ ਸਾਇਤ ਹੁਣ ਤੇਰੇ ਨਾਲੋਂ, ਵਿਛੜਿਆ ਨ ਚਾਹਾਂ ।
ਭਾਈਆਂ ਨਾਲ ਨ ਟੋਰੀਂ ਮੈਨੂੰ, ਵਗੇ ਨ ਕਦਮ ਅਗਾਹਾਂ ।
ਬਿਨਯਾਮੀਨ ਨੂੰ ਆਪਣੇ ਕੋਲ ਰਖਣ ਦੀ ਵਿਉਂਤ

ਯੂਸੁਫ਼ ਕਹੰਦਾ ਝੱਲ ਨ ਸਕਦਾ, ਮੈਂ ਭੀ ਦਰਦ ਵਿਛੋੜਾ ।
ਭਾਈਆਂ ਨਾਲ ਟੁਰੇਸਾਂ ਅੱਵਲ, ਫੇਰ ਕਰੇਸਾਂ ਮੋੜਾ ।
ਚੀਜ਼ ਗੱਲੇ ਰਖਵਾਵਾਂ ਤੇਰੇ, ਸਾਰਿਆਂ ਮੋੜ ਮੰਗਾਵਾਂ ।
ਫੋਲ ਕਢਾਵਾਂ ਹੁਕਮ ਸ਼ਰਅ ਥੀਂ, ਤੈਨੂੰ ਕੋਲ ਰਖਾਵਾਂ ।
....................................................
ਯੂਸੁਫ਼ ਕਹੇ ਗ਼ੁਲਾਮਾਂ ਤਾਈਂ, ਭਰਤੀਆਂ ਭਰੋ ਸ਼ਤਾਬੀ ।
ਨ ਤੋਲੋ ਭਰ ਕੋਨਾਂ ਦਿਓ, ਹੋਵੇ ਦੂਰ ਖ਼ਰਾਬੀ ।
ਪਰਦੇ ਵਿੱਚ ਗ਼ੁਲਾਮਾਂ ਤਾਈਂ, ਯੂਸੁਫ਼ ਨੇ ਫ਼ਰਮਾਇਆ ।
ਜਾਮ ਅਕੀਕ ਮੇਰਾ ਲੈ ਜਾਓ, ਰੱਖੋ ਪਾਸ ਛੁਪਾਇਆ ।
ਬਿਨਯਾਮੀਨੇ ਦੇ ਵਿਚ ਭਾਰੇ, ਰਖ ਦਿਓ ਵਿਚ ਪਰਦੇ ।
ਭਰ ਛੱਟਾਂ ਜਿਉਂ ਯੂਸੁਫ਼ ਕਹਿਆ, ਬਰਦੇ ਓਵੇਂ ਕਰਦੇ ।
ਆਖ ਸਲਾਮ ਗਏ ਕਨਆਨੀ, ਥੋੜ੍ਹੀ ਦੂਰ ਸਿਧਾਏ ।
ਜਾਮ ਗਇਆ ਈ ਹਜ਼ਰਤ ਯੂਸੁਫ਼, ਮਗਰ ਸਵਾਰ ਦੌੜਾਏ ।
ਭਰਾਵਾਂ ਦਾ ਚੋਰੀ ਵਿਚ ਫੜਿਆ ਜਾਣਾ

ਕਰਨ ਸਵਾਰ ਪੁਕਾਰ ਜਵਾਨੋਂ, ਚੋਰ ਤੁਸੀਂ ਕਰਵਾਨੋਂ ।
ਖੜ ਰਹੇ ਮਤ ਜਾਓ ਅੱਗੇ, ਪਕੜ ਵਲਾਂ ਕਨਆਨੋਂ ।
ਉਤ ਵਲ ਮੂੰਹ ਕਰ ਕਹਿਆ ਜਵਾਨਾ, ਕੀ ਤੁਸਾਂ ਗੁੰਮ ਗਇਆ ਈ ।
ਜਾਮ ਅਕੀਕ ਮਲਿਕ ਦਾ ਕਹਿਆ, ਤੁਸਾਂ ਚੁਰਾ ਲਇਆ ਈ ।
.....................................................
ਉਹਨਾਂ ਕਹਿਆ ਅਸਾਂ ਕਸਮ ਖ਼ੁਦਾ ਦੀ, ਹੈ ਮਾਲੂਮ ਤੁਸਾਹੀਂ ।
ਚੋਰ ਨਹੀਂ ਅਸੀਂ ਆਏ ਨਾਹੀਂ, ਕਰਨ ਫ਼ਸਾਦ ਇਥਾਈਂ ।
ਕਹਣ ਸਵਾਰ ਤੁਸੀਂ ਜੇ ਝੂਠੇ, ਫਿਰ ਤੁਸਾਂ ਕਿਆ ਸਜ਼ਾਈਂ ।
ਉਹਨਾਂ ਕਹਿਆ ਜਿਸ ਕੋਲੋਂ ਲੱਭੇ, ਪਕੜ ਖੜੋ ਉਸ ਤਾਈਂ ।
............................................................
ਮੋੜ ਸਵਾਰ ਗਏ ਲੈ ਮਿਸਰੇ, ਸਭ ਕਨਿਆਨੀਆਂ ਤਾਈਂ ।
ਯੂਸੁਫ਼ ਅੱਗੇ ਹਾਜ਼ਿਰ ਕੀਤੇ, ਚੋਰਾਂ ਵਾਂਗ ਤਦਾਹੀਂ ।
........................................................
ਯੂਸੁਫ਼ ਕਹੇ ਗ਼ੁਲਾਮਾਂ ਤਾਈਂ, ਸ਼ੁਤਰਾਂ ਭਾਰ ਉਤਾਰੋ ।
ਸੱਚ ਕਹਣ ਪੈਗ਼ੰਬਰਜ਼ਾਦੇ, ਯਾਂ ਤੇ ਝੂਠ ਨਿਤਾਰੋ ।
..................................................
ਦਸ ਭਾਈਆਂ ਦੇ ਭਾਰ ਜੋ ਫੋਲੇ, ਕੁਝ ਨ ਜ਼ਾਹਿਰ ਆਇਆ ।
ਜਾਣ ਦਿਓ ਇਕ ਬਾਕੀ ਰਹੰਦਾ, ਯੂਸੁਫ਼ ਨੇ ਫ਼ਰਮਾਇਆ ।
.....................................................
ਚੋਰ ਨਹੀਂ ਅਸੀਂ ਐਬ ਨ ਕਾਈ, ਇਹ ਭੀ ਖੋਲ੍ਹ ਨਿਤਾਰੋ ।
ਦੇਖੋ ਸਾਫ਼ ਅਕੀਦੇ ਸਾਡੇ, ਤਾਅਨੇ ਫੇਰ ਨ ਮਾਰੋ ।
ਯੂਸੁਫ਼ ਕਹੰਦਾ, ਮਰਦ ਜਵਾਨੋ, ਚੰਗੇ ਨਜ਼ਰੀਂ ਆਏ ।
ਤਾਅਨ ਇਲਜ਼ਾਮ ਤੁਸਾਂ ਕੁਝ ਨਾਹੀਂ, ਹੋ ਨੇਕਾਂ ਦੇ ਜਾਏ ।
......................................................
ਜੇ ਤੇ ਛੱਟ ਨ ਫੋਲੋ ਇਸਦੀ, ਭਾਈਆਂ ਅਰਜ਼ ਸੁਣਾਈ ।
ਅਸਾਂ ਉਤੇ ਇਹ ਫ਼ਖ਼ਰ ਕਰੇਸੀ, ਤੇ ਆਪਣੀ ਵਡਿਆਈ ।
ਸਾਨੂੰ ਕਹਸੀ ਭਾਰ ਤੁਸਾਹਾਂ, ਫੋਲੇ ਨਾਲ ਖ਼ਵਾਰੀ ।
ਬੇਇਤਬਾਰ ਤੁਸਾਨੂੰ ਜਾਤਾ, ਮੈਂ ਰਹਿਆ ਇਤਬਾਰੀ ।
ਯੂਸੁਫ਼ ਕਹੰਦਾ ਫੋਲ ਗ਼ੁਲਾਮੋਂ, ਕਰੋ ਬਰਾਬਰ ਸਾਰੇ ।
ਤਾਂ ਇਹ ਫ਼ਖ਼ਰ ਚਿਤਾਰੇ ਨਾਹੀਂ, ਮੂੰਹੋਂ ਲਾਫ਼ ਨ ਮਾਰੇ ।
ਫੋਲੀ ਛੱਟ ਪਿਆਲਾ ਲੱਭਾ, ਚੋਰ ਬਣੇ ਕਨਆਨੀ ।
ਸ਼ਰਮਿੰਦੇ ਹੋ ਭਾਈ ਸਾਰੇ, ਡੁੱਬੇ ਵਿਚ ਹੈਰਾਨੀ ।
..................................................
ਆਹਾ ਮਿਸਰ ਅੰਦਰ ਵਰਤਾਰਾ, ਜੇ ਕੋ ਮਾਲ ਚੁਰਾਵੇ ।
ਸਾਹਿਬ ਮਾਲ ਲਵੇ ਸ਼ੈ ਦੂਣੀ, ਵੱਧ ਸਜ਼ਾ ਨ ਪਾਵੇ ।
ਤੇ ਯਾਕੂਬ ਨਬੀ ਦੇ ਮਜ਼ਹਬ, ਚੋਰ ਰਹੇ ਹੋ ਬਰਦਾ ।
ਸੋ ਭਾਈਆਂ ਨੇ ਅੱਵਲ ਫ਼ਤਵਾ, ਕਹਿਆ ਸ਼ਰਅ ਪਿਦਰ ਦਾ ।
..................................................
ਬਾਪ ਬੁੱਢੇ ਦਾ ਇਹ ਹੈ ਆਸਾ, ਹਰਦਮ ਖ਼ਿਦਮਤ ਕਰਦਾ ।
ਪਕੜ ਅਸਾਂ ਥੀਂ ਰਖ ਕਿਸੇ ਨੂੰ, ਥਾਂ ਇਸ ਦੀ ਵਿਚ ਬਰਦਾ ।
ਸ਼ਾਹਾ ਤੂੰ ਅਹਸਾਨ ਕੁਨਿੰਦਾ, ਸਾਨੂੰ ਨਜ਼ਰੀਂ ਆਵੇਂ ।
ਬਾਪ ਬੁੱਢਾ ਰੋ ਮਰਸੀ ਗ਼ਮ ਥੀਂ, ਛੋੜੇਂ ਲੁਤਫ਼ ਕਮਾਵੇਂ ।
......................................................
ਯੂਸੁਫ਼ ਕਹੇ ਪਨਾਹ ਖ਼ੁਦਾ ਦੀ, ਜਿਸ ਦਾ ਆਲਮ ਸਾਰਾ ।
ਚੋਰਾਂ ਛੋੜਾਂ ਹੋਰਾਂ ਪਕੜਾਂ, ਜ਼ੁਲਮ ਕਰੇਸਾਂ ਭਾਰਾ ।
...................................................
ਭਾਈਆਂ ਬੈਠ ਜਮ੍ਹਾ ਵਿਚ ਗੋਸ਼ੇ, ਮਸਲਾਹਤ ਦੀ ਕਾਰੀ ।
ਰੋ ਰੋ ਨੀਰ ਵਹਾਏ ਚਸ਼ਮੋਂ, ਸਾਰੇ ਪਏ ਵਿਚਾਰੀਂ ।
ਕਹੇ ਯਹੂਦਾ ਮਾਲਮ ਸਭਨਾਂ, ਬਾਪ ਲਈਆਂ ਸੌਗੰਦਾਂ ।
ਜ਼ਾਮਿਨ ਦਿੱਤਾ ਅੱਲ੍ਹਾ ਸਾਹਿਬ, ਅਸਾਂ ਸੱਭੇ ਫ਼ਰਜ਼ੰਦਾਂ ।
.......................................................
ਬਿਨਯਾਮੀਨ ਲਏ ਬਿਨ ਜਾਣਾ, ਰਵਾ ਨ ਸਾਨੂੰ ਮੂਲੇ ।
ਅਜਜ਼ ਲੜਾਈ ਦੋਵੇਂ ਹਾਜ਼ਿਰ, ਜੋ ਕੁਝ ਸ਼ਾਹ ਕਬੂਲੇ ।
ਜੇ ਉਹ ਵੀਰ ਨ ਦੇਵੇ ਸਾਨੂੰ, ਘੱਤੋ ਜੰਗ ਪਵਾੜਾ ।
ਮਰਦ ਅਸੀਂ ਸਭ ਸ਼ੇਰ ਬਹਾਦਰ, ਪਾਇਓ ਮਿਸਰ ਉਜਾੜਾ ।
....................................................
ਸੁਣ ਮਸਲਾਹਤ ਭਾਈਆਂ ਤਾਈਂ, ਬਹੁਤ ਪਸੰਦ ਦਿਸ ਆਈ ।
ਬਿਨਯਾਮੀਨ ਛੁਡਾ ਲਿਆਈਏ, ਕਰਕੇ ਜੰਗ ਲੜਾਈ ।
.........................................................
ਆਹਾ ਇਫ਼ਰਾਹੀਮ ਭਜਾਇਆ, ਯੂਸੁਫ਼ ਨੇ ਵਲ ਭਾਈਆਂ ।
ਜਾ ਕੇ ਸੁਣ ਜੋ ਮੇਰਿਆਂ ਭਾਈਆਂ, ਕੀ ਸਲਾਹੀਂ ਲਾਈਆਂ ।
ਇਫ਼ਰਾਹੀਮ ਗਇਆ ਮੁੜ ਸੁਣ ਕੇ, ਇਹ ਸੱਭੇ ਤਦਬੀਰਾਂ ।
ਯੂਸੁਫ਼ ਪਾਸ ਸੁਣਾਈਆਂ ਜਾ ਕੇ, ਜੋ ਸੁਣੀਆਂ ਤਕਰੀਰਾਂ ।
ਕਹੇ ਯਹੂਦਾ ਭਾਈਆਂ ਤਾਈਂ, ਅਜੇ ਨ ਤੇਗ਼ ਵਗਾਇਓ ।
ਜਾਂ ਮੈਂ ਨਾਅਰਾ ਕੜਕ ਮਰੇਸਾਂ, ਤਾਂ ਤੁਸੀਂ ਹੱਥ ਉਠਾਇਓ ।
ਇਹ ਗੱਲ ਆਖ ਯਹੂਦਾ ਟੁਰਿਆ, ਤੇਗ਼ ਲਈ ਹੱਥ ਆਇਆ ।
ਯੂਸੁਫ਼ ਅੱਗੇ ਆਣ ਖਲੋਇਆ, ਨ ਕਰ ਕਹਰ ਸੁਣਾਇਆ ।
ਛੋੜ ਅਜ਼ੀਜ਼ਾ ਭਾਈ ਸਾਡਾ, ਨ ਕਰ ਬਹੁਤ ਕਜ਼ੀਆ ।
ਨ ਸਤਾ ਅਸਾਡੇ ਤਾਈਂ, ਜੇ ਤੁਧ ਖ਼ਬਰ ਨ ਪਈ ਆ ।
ਕੜਕ ਮਰੇਸਾਂ ਇੱਕੋ ਨਾਅਰਾ, ਦੇਖ ਲਇਓ ਕਿਆ ਹੋਸੀ ।
ਨੀਲ ਨਦੀ ਦਾ ਪਾਣੀ ਸੁਣ ਕੇ, ਵਗਣੋਂ ਅਟਕ ਖਲੋਸੀ ।
..........................................................
ਜਦੋਂ ਯਹੂਦੇ ਤਾਈਂ ਡਿੱਠਾ, ਯੂਸੁਫ਼ ਨੇ ਵਿੱਚ ਗੁੱਸੇ ।
ਬਰਛੀਆਂ ਵਾਂਗੂੰ ਖ਼ੂਨੋਂ ਭਿੰਨੇ, ਵਾਲ ਖੜੇ ਵਿੱਚ ਜੁੱਸੇ ।
ਯਹੂਦੇ ਦਾ ਜੋਸ਼ ਠੰਡਾ ਪੈਣਾ

ਇਫ਼ਰਾਹੀਮ ਛੁਟੇਰਾ ਲੜਕਾ, ਸੀ ਹਾਜ਼ਿਰ ਉਸ ਵੇਲੇ ।
ਕਬਤੀ ਬੋਲੀ ਕਹ ਕੇ ਯੂਸੁਫ਼, ਉਸਨੂੰ ਉਤ ਵਲ ਮੇਲੇ ।
ਐ ਫ਼ਰਜ਼ੰਦ ਕਮਰ ਤੇ ਇਸਦੀ, ਝਬਦੇ ਹੱਥ ਲਗਾਈਂ ।
ਇਫ਼ਰਾਹੀਮ ਗਇਆ ਹੱਥ ਧਰਿਆ, ਝੜਿਆ ਜੋਸ਼ ਅਜ਼ਾਈਂ ।
ਗਇਆ ਗ਼ਜ਼ਬ ਸਭ ਜ਼ੋਰ ਸਿਧਾਇਆ, ਕੁੱਵਤ ਰਹੀ ਨ ਕਾਈ ।
ਚਾਹੇ ਨਾਅਰਾ ਕਰਾਂ ਗ਼ਜ਼ਬ ਥੀਂ, ਤਾਕਤ ਕੁਝ ਨ ਪਾਈ ।
..........................................................
ਇਫ਼ਰਾਹੀਮ ਗਇਆ ਟੁਰ ਓਥੋਂ, ਆਜ਼ਿਜ਼ ਰਹਿਆ ਯਹੂਦਾ ।
ਬਾਹਰ ਵੀਰ ਉਡੀਕਣ ਨਾਅਰਾ, ਜੋਸ਼ ਕਰਨ ਬੇਹੂਦਾ ।
ਓੜਕ ਆਪ ਉਡੀਕ ਸਿਧਾਏ, ਵੱਲ ਦਰਬਾਰੇ ਆਏ ।
ਕਹਣ ਯਹੂਦੇ ਤਾਈਂ ਭਾਈ, ਕਿਉਂ ਤੂੰ ਕੰਮ ਗਵਾਏ ।
ਕਿਉਂ ਨਾਅਰੇ ਨੂੰ ਦੇਰ ਲਗਾਈ, ਤੈਂ ਦਿਲ ਖ਼ੌਫ਼ ਕਿਆ ਈ ।
ਕਹੇ ਯਹੂਦਾ ਨਸਲ ਪਿਦਰ ਥੀਂ, ਏਥੇ ਲੜਕਾ ਕਾਈ ।
ਪੁਸ਼ਤ ਮੇਰੀ ਹੱਥ ਲਾ ਸਿਧਾਇਆ, ਮੇਰਾ ਜੋਸ਼ ਗਵਾਇਆ ।
ਤਪ ਵਿਚ ਜੋਸ਼ ਗ਼ਜ਼ਬ ਦੇ ਭਾਈਆਂ, ਕਹਰ ਤਨੂਰ ਤਪਾਇਆ ।
ਦੇਖ ਉਹਨਾਂ ਵੱਲ ਯੂਸੁਫ਼ ਤਾਈਂ, ਦਿਲ ਵਿਚ ਗੁੱਸਾ ਆਇਆ ।
ਭਾਈਆਂ ਤਾਈਂ ਹਾਜ਼ਿਰ ਕਰਕੇ, ਪੇਸ਼ ਖੜੇ ਕਰਵਾਇਆ ।
ਫ਼ਰਮਾਇਆ ਪੈਗ਼ੰਬਰਜ਼ਾਦਿਓ, ਬੋਲੋ ਸੱਚ ਜ਼ਬਾਨੋਂ ।
ਮੈਂ ਕੀ ਬੁਰਾ ਤੁਸਾਂ ਥੀਂ ਕੀਤਾ, ਘੱਟ ਕਿਆ ਅਹਸਾਨੋਂ ।
.........................................................
ਬੱਕਰੀਆਂ ਤੁਸਾਂ ਹੋਰਾਂ ਜਾਤਾ, ਖ਼ੁਦ ਨੂੰ ਸ਼ੇਰ ਬਣਾਇਆ ।
ਤਖ਼ਤ ਅਜ਼ੀਜ਼ ਮਿਸਰ ਦਾ ਲਈਏ, ਤੁਸਾਂ ਇਰਾਦਾ ਆਇਆ ।
.........................................................
ਦੇਖੋ ਜ਼ੋਰ ਖ਼ੁਦਾ ਨੇ ਦਿੱਤਾ, ਯੂਸੁਫ਼ ਨੇ ਫ਼ਰਮਾਇਆ ।
ਸਿੱਲ ਪੱਥਰ ਦਾ ਕੋਠਾ ਯੂਸੁਫ਼, ਮਾਰਿਆ ਪੈਰ ਉਡਾਇਆ ।
ਪੱਥਰ ਟੁਟ ਗਏ ਹੋ ਪੁਰਜ਼ੇ, ਛਤ ਕੰਧਾਂ ਢਹਿ ਪਈਆਂ ।
ਦੇਖ ਭਰਾਵਾਂ ਹੈਰਤ ਧਾਣੀ, ਅੱਖੀਂ ਉਘੜ ਗਈਆਂ ।
.......................................................
ਹੋ ਪੈਗ਼ੰਬਰਜ਼ਾਦ ਜਵਾਨੋਂ, ਯੂਸੁਫ਼ ਨੇ ਫ਼ਰਮਾਇਆ ।
ਛੋੜੋ ਚੋਰ ਵਤਨ ਨੂੰ ਜਾਓ, ਮੈਂ ਇਹ ਰਹਮ ਕਮਾਇਆ ।
ਜੇ ਕੋ ਹੋਰ ਦਲੇਰੀ ਕਰਦਾ, ਵੇਖਦਿਓਂ ਤਿਸ ਹਾਲਾ ।
ਦੇਖ ਤੁਸਾਂ ਵਲ ਮੈਂ ਦਿਲ ਗੁਜ਼ਰੇ, ਕਦਰ ਨਬੀਆਂ ਵਾਲਾ ।
..........................................................
ਓੜਕ ਹੋ ਲਾਚਾਰ ਭਰਾਵਾਂ, ਰੋ ਰੋ ਸੀਸ ਨਿਵਾਏ ।
ਲੱਖ ਲੱਖ ਸ਼ੁਕਰ ਜੋ ਅੱਜ ਅਸਾਡੀ, ਜਾਨ ਬਚੀ ਗ਼ਮ ਜਾਏ ।
......................................................
ਕਹੇ ਯਹੂਦਾ ਭਾਈਆਂ ਤਾਈਂ, ਤੁਸੀਂ ਸੱਭੇ ਮੁੜ ਜਾਓ ।
ਬਿਨਯਾਮੀਨੇ ਚੋਰੀ ਕੀਤੀ, ਪਿਉ ਨੂੰ ਖ਼ਬਰ ਸੁਣਾਓ ।
ਤੇ ਮੈਂ ਆਪ ਨ ਜਾਵਾਂ ਮਿਸਰੋਂ, ਹਰਗਿਜ਼ ਮੂਲ ਕਦਾਹੀਂ ।
ਮੂੰਹ ਅੱਖੀਂ ਕੀ ਜਾ ਦਿਖਲਾਵਾਂ, ਬਾਪ ਪਿਆਰੇ ਤਾਈਂ ।
ਵਾਪਸ ਕਨਆਨ ਪਹੁੰਚਣਾ

ਸੁਣ ਯਾਕੂਬ ਨਬੀ ਦੇ ਬੇਟੇ, ਨੌਂ ਕਨਆਨੇ ਆਏ ।
ਬਾਪ ਅੱਗੇ ਹੋ ਅਰਜ਼ ਗੁਜ਼ਾਰੀ, ਚੋਰੀਓਂ ਹਾਲ ਸੁਣਾਏ ।
..................................................
ਨਬੀ ਕਹੇ ਉਮੀਦ ਨ ਮੈਨੂੰ, ਹਰਗਿਜ਼ ਬਿਨਯਾਮੀਨੋਂ ।
ਚੋਰੀ ਉਸ ਨੇ ਕੀਤੀ ਹੋਸੀ ਜਾਪੇ ਹਾਲ ਯਕੀਨੋਂ ।
ਰਾਤੀ ਨਫ਼ਲ ਪੜ੍ਹੇ ਦਿਨ ਰੋਜ਼ੇ, ਵੱਡਾ ਜ਼ੁਹਦ ਕਮਾਵੇ ।
ਤਕਵੇ ਵਿਚ ਅਮਾਨਤ ਪੂਰਾ, ਤੇ ਉਹ ਕਿਵੇਂ ਚੁਰਾਵੇ ।
.....................................................
ਫਿਰ ਯਾਕੂਬ ਨਬੀ ਫ਼ਰਮਾਵੇ, ਫ਼ਰਜ਼ੰਦੋ ਫ਼ਰਮਾਵੋ ।
ਐਡਕ ਜ਼ੋਰ ਤੁਸਾਂ ਵਿਚ ਆਹੇ, ਤੋੜ ਪਹਾੜ ਗਵਾਵੋ ।
....................................................
ਫ਼ਰਜ਼ੰਦਾਂ ਨੇ ਅਰਜ਼ ਸੁਣਾਈ, ਜੋ ਜੋ ਹਾਲ ਵਿਹਾਏ ।
ਅਸੀਂ ਅਜ਼ੀਜ਼ ਮਿਸਰ ਤੇ ਧਾਏ, ਉਸ ਨੇ ਗ਼ਲਬੇ ਪਾਏ ।
ਉਹ ਤਨਹਾ ਦਸ ਭਾਈਆਂ ਨਾਲੋਂ, ਕੁੱਵਤ ਦੇ ਵਿਚ ਡਾਢਾ ।
ਅਸਾਂ ਜੇਹਾਂ ਉਹ ਕੁਝ ਨ ਜਾਣੇ, ਜ਼ੋਰ ਨ ਪਇਆ ਅਸਾਡਾ ।
.........................................................
ਸੀ ਯਾਕੂਬ ਸਵਾਲ ਸੁਣਾਇਆ, ਇੱਕ ਦਿਨ ਜਬਰਾਈਲੇ ।
ਲੈ ਕੇ ਇਜ਼ਨ ਜਨਾਬ ਇਲਾਹੋਂ, ਘੱਲੀਂ ਅਜ਼ਰਾਈਲੇ ।
........................................................
ਜਬਰਾਈਲੇ ਹੁਕਮ ਇਲਾਹੋਂ, ਅਜ਼ਰਾਈਲ ਪਹੁੰਚਾਇਆ ।
ਪਾਸ ਨਬੀ ਦੇ ਆਣ ਫ਼ਰਿਸ਼ਤੇ, ਅਰਜ਼ ਸਲਾਮ ਸੁਣਾਇਆ ।
ਨਬੀ ਪੁੱਛੇ ਦੱਸ ਅਜ਼ਰਾਈਲਾ, ਤੈਨੂੰ ਕਸਮ ਇਲਾਹੀ ।
ਯੂਸੁਫ਼ ਦੀ ਤੂੰ ਜਾਨ ਨਿਕਾਲੀ, ਅਜੇ ਤਨ ਵਿਚ ਆਹੀ ।
.........................................................
ਅਜ਼ਰਾਈਲ ਕਹੇ ਯਾ ਹਜ਼ਰਤ, ਮੈਂ ਨ ਜਾਨ ਨਿਕਾਲੀ ।
ਉਹ ਜ਼ਿੰਦਾ ਹੱਥ ਮਾਲ ਖ਼ਜ਼ਾਨੇ, ਹੈ ਮੁਲਕਾਂ ਦਾ ਵਾਲੀ ।
ਯਾ ਪੈਗ਼ੰਬਰ ਬੇਟਾ ਤੇਰਾ, ਵਿੱਚ ਖ਼ੈਰੀਯਤ ਖ਼ੂਬੀ ।
ਰੁਤਬਾ ਉਸਦਾ ਵਿਚ ਦਿਲਾਂ ਦੇ, ਮਰਗ਼ੂਬੀ ਮਹਬੂਬੀ ।
ਸੁਣ ਯਾਕੂਬ ਕਹੇ ਕਹ ਕਿੱਥੇ, ਹੁਕਮ ਕਿਥਾਈਂ ਜਾਰੀ ।
ਹੁਕਮ ਨਹੀਂ ਮੈਂ ਕਿਉਂ ਕਰ ਦੱਸਾਂ, ਉਸ ਨੇ ਅਰਜ਼ ਗੁਜ਼ਾਰੀ ।
ਝਬਦੇ ਰੱਬ ਮਿਲਾਵੇ ਤੈਨੂੰ, ਰੋਜ਼ ਗਏ ਰਹ ਥੋੜ੍ਹੇ ।
ਯੂਸੁਫ਼ ਨੂੰ ਤੂੰ ਪਾਵੇਂ ਹਜ਼ਰਤ, ਹੋਸਣ ਦੂਰ ਵਿਛੋੜੇ ।
......................................................
ਪੈਗ਼ੰਬਰ ਫ਼ਰਮਾਵੇ ਪੁੱਤਾਂ, ਖ਼ਤ ਮੇਰਾ ਲੈ ਜਾਓ ।
ਬਿਨਯਾਮੀਨ ਯਹੂਦੇ ਤਾਈਂ, ਜਾ ਮਿਸਰੋਂ ਲੈ ਆਓ ।

(ਨਫ਼ਲ=ਖ਼ੁਸ਼ੀ ਨਾਲ ਪੜ੍ਹੀ ਨਮਾਜ਼, ਜ਼ੁਹਦ=ਸੰਜਮ,
ਤਕਵਾ=ਭਰੋਸਾ, ਇਜ਼ਨ=ਇਜਾਜ਼ਤ, ਮਰਗ਼ੂਬੀ=
ਖਿੱਚ ਵਿਚ)

ਯਾਕੂਬ ਦੀ ਚਿੱਠੀ ਅਜ਼ੀਜ਼ਿ-ਮਿਸਰ ਦੇ ਨਾਂ

ਇਹ ਯਾਕੂਬ ਇਬਨ ਇਸਹਾਕੋਂ, ਨਾਮਾ, ਹੈ ਗ਼ਮ-ਖ਼ਾਨਾ ।
ਤਰਫ਼ ਅਜ਼ੀਜ਼ ਮਿਸਰ ਦੇ ਵਾਲੀ, ਜੋ ਅੱਜ ਸ਼ਾਹ ਜ਼ਮਾਨਾ ।
ਮਿਸਰੀ ਸ਼ਾਹ ਅਜ਼ੀਜ਼ਾ ਤੇਰਾ ਮੈਨੂੰ ਨਾਮ ਨ ਆਵੇ ।
ਯਾਦ ਹੋਂਦਾ ਮੈਂ ਖ਼ਤ ਵਿਚ ਲਿਖਦਾ, ਸ਼ੌਕ ਇਹਾ ਫ਼ਰਮਾਵੇ ।
........................................................
ਯੂਸੁਫ਼ ਨਾਮ ਮੇਰਾ ਪੁੱਤ ਸੋਹਣਾ, ਨੂਰ ਦੀਆਂ ਰੁਖ਼ ਚਮਕਾਂ ।
ਜਨਤੀਆਂ ਦਾ ਨਕਸ਼ਾ ਨੂਰੀ, ਵੇਖਾਂ ਚਸ਼ਮ ਨ ਝਮਕਾਂ ।
ਫ਼ਰਜ਼ੰਦਾਂ ਲੈ ਮੇਰੇ ਕੋਲੋਂ, ਤਿਸ ਖੜਿਆ ਸਹਰਾਏ ।
ਖਾਧੋਸ ਗੁਰਗ ਨਿਸ਼ਾਨੀ ਕੁੜਤਾ, ਖ਼ੂਨ-ਆਲੂਦਾ ਲਿਆਏ ।
...........................................................
ਯੂਸੁਫ਼ ਦੇ ਮੈਂ ਵਿਚ ਵਿਛੋੜੇ, ਤਲਬ ਦਿੱਤੀ ਤਸਕੀਨੋਂ ।
ਬਿਨਯਾਮੀਨੋਂ ਮਾਹ-ਜ਼ਬੀਨੋਂ, ਕਰਦਾ ਸਹਿਬ ਦੀਨੋਂ ।
.....................................................
ਸੁਣਿਆ ਕੀਤਾ ਕੈਦ ਅਜ਼ੀਜ਼ਾ, ਬਿਨਯਾਮੀਨ ਪਿਆਰਾ ।
ਇਹ ਗੱਲਾਂ ਸੁਣ ਦਿਲ ਮੇਰੇ ਦਾ, ਮਾਣ ਗਇਆ ਟੁੱਟ ਸਾਰਾ ।
ਮੈਂ ਸਿਣਆਂ ਤੂੰ ਨੇਕ ਖ਼ਸਾਇਲ, ਸਿਫ਼ਤ ਨਬੀਆਂ ਵਾਲੀ ।
ਤੇ ਅਹਸਾਨ ਜਗਤ ਵਿਚ ਕੀਤੇ, ਵਸਦੀ ਖ਼ਲਕ ਸੁਖਾਲੀ ।
.........................................................
ਇਹ ਫ਼ਰਜ਼ੰਦ ਸਈਦ ਅਸਾਡਾ, ਕਰੇ ਨਹੀਂ ਬੁਰਿਆਈ ।
ਬਿਨਯਾਮੀਨ ਨ ਚੋਰੀਆਂ ਕਰਦਾ, ਉਹ ਯੂਸੁਫ਼ ਦਾ ਭਾਈ ।
ਵਾਂਗ ਬਜ਼ਾਅਤ ਭਾਰੇ ਅੰਦਰ, ਆਪੇ ਜਾਮ ਰਖਾਇਓ ।
ਉਹ ਫ਼ਰਜ਼ੰਦ ਪਿਆਰਾ ਮੇਰਾ, ਸੁਣਿਆਂ ਕੈਦ ਕਰਾਇਓ ।
ਕਰ ਅਹਸਾਨ ਅਸਾਡੇ ਉੱਤੇ, ਛੋੜੀਂ ਬਿਨਯਾਮੀਨੇ ।
ਖ਼ੌਫ਼ ਤੇਰੇ ਦਿਲ ਅੱਲ੍ਹਾ ਵਾਲਾ, ਜ਼ਖ਼ਮ ਨ ਲਾ ਵਿਚ ਸੀਨੇ ।
........................................................
ਇਹ ਖ਼ਤ ਦੇ ਸ਼ਮਊਨ ਪਿਸਰ ਨੂੰ, ਪੈਗ਼ੰਬਰ ਫ਼ਰਮਾਵੇ ।
ਵਾਲੀ ਮੁਲਕ ਮਿਸਰ ਦੇ ਤਾਈਂ, ਨਾਲ ਸਲਾਮ ਪੁਚਾਵੇ ।

(ਸਹਰਾਏ=ਉਜਾੜ,ਬੀਆਬਾਨ, ਗੁਰਗ=ਬਘਿਆੜ,
ਆਲੂਦਾ=ਲਿਬੜਿਆ ਹੋਇਆ, ਤਸਕੀਨ=ਸਬਰ,ਸ਼ਾਂਤੀ,
ਖ਼ਸਾਇਲ=ਸੁਭਾਅ, ਸਈਦ=ਮੁਬਾਰਿਕ, ਪਿਸਰ=ਪੁੱਤਰ)

29. ਯੂਸੁਫ਼ ਦੇ ਭਰਾਵਾਂ ਦੀ ਮਿਸਰ ਵਲ ਤੀਜੀ ਯਾਤਰਾ

ਦੇਹ ਸਾਕੀ ਇਕ ਜਾਮ ਬਿਰਹੋਂ ਦਾ, ਗੁੱਝੀਆਂ ਰਮਜ਼ਾਂ ਵਾਲਾ ।
ਜਿਸ ਥੀਂ ਜਾਵਣ ਦਰਦ ਪੁਰਾਣੇ, ਤੇ ਦੁਖ ਰਹੇ ਨਿਰਾਲਾ ।
ਪੈਗ਼ੰਬਰ ਦੇ ਬੇਟੇ ਸਾਰੇ, ਤੀਜੀ ਵਾਰ ਸਿਧਾਏ ।
ਸ਼ੁਤਰੀਂ ਘੱਤ ਮੁਹਾਰਾਂ ਚੱਲੇ, ਪਿਉ ਨੂੰ ਸੀਸ ਨਿਵਾਏ ।
ਉੱਨ, ਪਨੀਰ, ਬਜ਼ਾਅਤ ਖੱਲਾਂ, ਹੋਰ ਨ ਘਰ ਵਿਚ ਕਾਈ ।
ਗੱਲਾ ਲੈਣ ਚੱਲੇ ਸਭ ਭਾਈ, ਇਹ ਸਰਮਾਯਾ ਚਾਈ ।
ਕਟ ਮਨਾਜ਼ਿਲ ਮਿਸਰੇ ਪਹੁਤੇ, ਖ਼ਬਰ ਯਹੂਦੇ ਪਾਈ ।
ਇਸਤਕਬਾਲ ਗਇਆ ਵਲ ਭਾਈਆਂ, ਹਾਲਤ ਘਰਾਂ ਪੁਛਾਈ ।
ਯਾਕੂਬ ਦੀ ਚਿੱਠੀ ਦਾ ਮਿਲਣਾ

ਦਸ ਭਾਈ ਰਲ ਸ਼ਾਹ ਮਿਸਰ ਦੇ, ਆਣ ਵੜੇ ਦਰਬਾਰੇ ।
ਧਰਦੇ ਖ਼ਤ ਪਿਦਰ ਦਾ ਅੱਗੇ, ਸੀਸ ਨਵਾਂਦੇ ਸਾਰੇ ।
ਪੈਗ਼ੰਬਰ ਨੇ ਨਾਮਾ ਲਿਖਿਆ, ਤਰਫ਼ ਤੇਰੀ ਸੁਲਤਾਨਾ ।
ਪੜ੍ਹ ਲੈ ਖੋਲ੍ਹ ਕਿਆਈ ਇਸ ਵਿਚ, ਮਾਅਨੀ ਨਾਲ ਬਿਆਨਾਂ ।
.......................................................
ਯੂਸੁਫ਼ ਖੋਲ੍ਹ ਪੜ੍ਹੇ ਖ਼ਤ ਸਾਰਾ, ਵਿਛੜਿਆਂ ਦਾ ਹਾਲਾ ।
ਹਰਫ਼ ਪੜ੍ਹੇ ਦੋ ਘੜੀਆਂ ਸੋਚੇ, ਰੋਵੇ ਕਰੇ ਕੋਸ਼ਾਲਾ ।
....................................................
ਜਿੱਥੇ ਜਿੱਥੇ ਯੂਸੁਫ਼ ਲਿਖਿਆ, ਨਾਮੇ ਦੇ ਵਿਚਕਾਰੇ ।
ਕਤਰੇ ਖ਼ੂਨ ਚਸ਼ਮ ਪਿਦਰ ਦੇ, ਪਏ ਡਿੱਠੇ ਉਥ ਸਾਰੇ ।
....................................................
ਆਏ ਭਾਈ ਯੂਸੁਫ਼ ਸੰਦੇ, ਜਮ੍ਹਾ ਹੋਏ ਦਰਬਾਰੇ ।
ਕੀਮਤ ਹੱਥ ਪਾ ਪੱਲੇ ਕਾਈ, ਸ਼ਰਮਾਵਣ ਬਿਚਾਰੇ ।
...............................................
ਨਾਕਿਸ਼ ਮਾਲ ਅਸਾਡਾ ਥੋੜ੍ਹਾ, ਦਰ ਤੇਰੇ ਵਿੱਚ ਆਏ ।
ਕਰ ਖ਼ੈਰਾਤ ਦਿਓ ਕੁਝ ਗੱਲਾ, ਹਾਂ ਇਫ਼ਲਾਸ ਸਤਾਏ ।

(ਇਫ਼ਲਾਸ=ਗ਼ਰੀਬੀ)

ਯੂਸੁਫ਼ ਦੀ ਕਹਾਣੀ ਛੰਨੇ ਦੀ ਜ਼ਬਾਨੀ

ਭਾਈਆਂ ਦਾ ਦੁਖ ਸੁਣਿਆਂ ਯੂਸੁਫ਼, ਮਿਹਰ ਦਿਲੇ ਵਿਚ ਆਈ ।
ਹੁਣ ਚਾਹਿਆ ਹੋ ਜ਼ਾਹਿਰ ਦੇਵੇ, ਭਾਈਆਂ ਨੂੰ ਦਿਖਲਾਈ ।
..........................................................
ਛੰਨਾ ਪਕੜ ਸਿਲਾਈ ਯੂਸੁਫ਼, ਹੁਕਮ ਕਰੇ ਕਰਵਾਨੋਂ ।
ਮਰਦ ਜਵਾਨੋਂ ਆਲੀ ਸ਼ਾਨੋਂ, ਝੂਠ ਨ ਕਹੋ ਜ਼ਬਾਨੋਂ ।
ਤਰਜਮਾਨੋਂ ਅਖਵਾਇਆ ਜ਼ਾਹਿਰ, ਝੂਠ ਕਹੋ ਜੇ ਕਾਈ ।
ਇਹ ਸਾਹਿਬ ਦਾ ਛੰਨਾ ਜ਼ਾਹਿਰ, ਕਹਸੀ ਹਾਲ ਕਿਆਈ ।
......................................................
ਉਹ ਮਾਲਿਕ ਨੇ ਜੋ ਸ਼ਮਊਨੋਂ, ਸੀ ਕਾਗ਼ਜ਼ ਲਿਖਵਾਇਆ ।
ਯੂਸੁਫ਼ ਲੈ ਕੇ ਮਾਲਿਕ ਕੋਲੋਂ, ਹੈਸੀ ਪਾਸ ਰਖਾਇਆ ।
ਅੱਵਲ ਓਹਾ ਕਾਗ਼ਜ਼ ਯੂਸੁਫ਼, ਸੁੱਟ ਕਹੇ ਵਿਚ ਭਾਈਆਂ ।
ਦੇਖੋ ਇਹ ਕਿਸ ਕਲਮ ਵਗਾਈ, ਕਿਸ ਨੇ ਮੁਹਰਾਂ ਲਾਈਆਂ ।
..........................................................
ਅਸਾਂ ਨ ਇਸ ਤੇ ਕਲਮ ਵਗਾਈ, ਅਸਾਂ ਨ ਮੁਹਰ ਲਗਾਈ ।
ਜ਼ਰਦੀ ਝੁੱਲ ਪਈ ਰੁਖ਼ ਸਭਨਾਂ, ਰੋ ਰੋ ਕਰਨ ਦੁਹਾਈ ।
.........................................................
ਬਿਨਯਾਮੀਨੇ ਨਾਲ ਤੁਸਾਹਾਂ, ਕੀ ਵਰਤੇ ਵਰਤਾਰੇ ।
ਕੰਨ ਰਖੋ ਦਿਲ ਜ਼ਨ ਨ ਧਰਿਓ, ਹਾਲ ਖੁਲ੍ਹਣ ਅੱਜ ਸਾਰੇ ।
........................................................
ਰਖ ਉਮੀਦ ਨਫ਼ੇ ਦੀ ਪਿਉ ਥੀਂ, ਬਿਨਯਾਮੀਨ ਲਿਆਂਦਾ ।
ਤੇ ਘੱਲਣ ਵਿਚ ਬਾਪ ਨ ਰਾਜ਼ੀ, ਛੰਨਾ ਇਹ ਫ਼ਰਮਾਂਦਾ ।
........................................................
ਅਗਲੇ ਵਾਂਗ ਨ ਜ਼ਾਇਆ ਕਰਿਓ, ਇਹ ਫ਼ਰਜ਼ੰਦ ਪਿਆਰਾ ।
ਨਾਲ ਹਿਫਾਜ਼ਤ ਘਰੀਂ ਲਿਆਇਓ, ਕੌਲ ਲਇਆ ਉਸ ਭਾਰਾ ।
ਕਹਣ ਸੱਭੇ ਇਹ ਸੱਚ ਤਮਾਮੀ, ਜੋ ਕੁਝ ਤੂੰ ਫ਼ਰਮਾਇਆ ।
ਛੰਨੇ ਥੀਂ ਇਹ ਹਾਲਤ ਸਮਝੀ, ਅਸਾਂ ਤਅੱਜੁਬ ਆਇਆ ।
ਬਿਨਯਾਮੀਨ ਕਹੇ ਪੁਛ ਦੇਖੋ, ਛੰਨੇ ਥੀਂ ਸੁਲਤਾਨਾ ।
ਯੂਸੁਫ਼ ਨੂੰ ਬਘਿਆੜੇ ਖਾਧਾ, ਭਾਈਆਂ ਕੌਲ ਜ਼ਬਾਨਾਂ ।
.....................................................
ਯੂਸੁਫ਼ ਤੇ ਖ਼ੁਦ ਜ਼ੁਲਮ ਕਮਾਇਆ, ਬਘਿਆੜੇ ਸਿਰ ਲਾਇਆ ।
ਪੈਗ਼ੰਬਰ ਦੇ ਦਰਦ ਵਿਛੋੜਾ, ਹਾਲ ਮੁਸੀਬਤ ਪਾਇਆ ।
ਕਰਵਾਨੋਂ ਕਰ ਜ਼ਾਹਿਰ ਆਖੋ, ਏਥੇ ਝੂਠ ਕਿਆ ਈ ।
ਸਿਰ ਨੀਵੇਂ ਰੋ ਕਹਿਆ ਸਭਨਾਂ, ਇਸ ਵਿੱਚ ਝੂਠ ਨ ਰਾਈ ।
....................................................
ਕਹਣ ਸਭੇ ਇਹ ਛੰਨਾ ਸੱਚਾ, ਝੂਠੇ ਅਸੀਂ ਤਮਾਮੀ ।
ਯੂਸੁਫ਼ ਵਾਂਗੂੰ ਅੱਜ ਅਸਾਂ ਤੇ, ਵੇਲਾ ਬੇਆਰਾਮੀ ।
...............................................
ਫੇਰ ਛੰਨਾ ਛਣਕਾਇਆ ਯੂਸੁਫ਼, ਭਾਈਆਂ ਨੂੰ ਫ਼ਰਮਾਇਆ ।
ਯੂਸੁਫ਼ ਤਾਈਂ ਕਤਲ ਕਰਨ ਦਾ, ਤੁਸਾਂ ਇਰਾਦਾ ਆਇਆ ।
..................................................
ਨਾਲ ਯਹੂਦੇ ਅੜੀਆਂ ਲਾਈਆਂ, ਸੌ ਸੌ ਕਹਰ ਗੁਜ਼ਾਰੇ ।
ਅੰਤ ਕਤਲ ਥੀਂ ਵੀਰ ਯਹੂਦਾ, ਕਰ ਮਿੰਨਤ ਖਲਿਆਰੇ ।
.....................................................
ਛੰਨੇ ਦੇ ਵਿਚ ਹਜ਼ਰਤ ਯੂਸੁਫ਼, ਫੇਰ ਸਿਲਾਈ ਲਾਈ ।
ਲਾਹ ਲਿਬਾਸ ਖੂਹੇ ਵਿਚ ਸੁੱਟਿਆ, ਤੁਸਾਂ ਜਵਾਨੋਂ ਭਾਈ ।
....................................................
ਇਹ ਫ਼ਰਮਾਇਆ ਮਾਲਿਕ ਆਇਆ, ਕੀਮਤ ਤੁਸਾਂ ਚੁਕਾਈ ।
ਵੀਹ ਦਿਰਮੋਂ ਉਸ ਬੰਦਾ ਕਰਕੇ, ਵੇਚ ਨਵਿਸ਼ਤ ਫੜਾਈ ।
.........................................................
ਕਰਵਾਨੋਂ ਸਭ ਅਮਲ ਕਮਾਏ, ਅੱਜ ਹਵੈਦਾ ਆਏ ।
ਰੋ ਰੋ ਸਭਨਾਂ ਅਰਜ਼ ਗੁਜ਼ਾਰੀ, ਅਸਾਂ ਗੁਨਾਹ ਕਮਾਏ ।
ਜੱਲਾਦਾਂ ਨੂੰ ਕਹੰਦਾ ਯੂਸੁਫ਼, ਪਕੜ ਲਇਓ ਇਹ ਸਾਰੇ ।
ਕਤਲ ਕਰੋ ਇਹ ਸੱਭੇ ਜ਼ਾਲਿਮ, ਖ਼ੌਫ਼ ਰਜ਼ਾਓਂ ਹਾਰੇ ।
.....................................................
ਆਜ਼ਿਜ਼ ਰਹੇ ਨਿਤਾਣੇ ਸਾਰੇ, ਪਕੜ ਖੜੇ ਜੱਲਾਦਾਂ ।
ਸਾਇਤ ਵਕਤ ਉਡੀਕਣ ਆਖ਼ਿਰ, ਚੱਲੇ ਤੋੜ ਮੁਰਾਦਾਂ ।
ਯੂਸੁਫ਼ ਮੋੜ ਕਹੇ ਹੁਣ ਛੋੜੋ, ਰਹਮ ਮੇਰੇ ਦਿਲ ਆਇਆ ।
ਪੈਗ਼ੰਬਰ ਨੇ ਇਕ ਫ਼ਰਜ਼ੰਦੋਂ, ਦੁਖ ਬਥੇਰਾ ਪਾਇਆ ।
ਯੂਸੁਫ਼ ਦਾ ਆਪਣੇ ਆਪ ਨੂੰ ਪ੍ਰਗਟ ਕਰਨਾ

ਚਿਹਰੇ ਥੀਂ ਲਾਹ ਬੁਰਕਾ ਯੂਸੁਫ਼, ਵਿਚ ਤਬੱਸਮ ਆਇਆ ।
ਚਮਕ ਪਈ ਲਿਸ਼ਕਾਰ ਦੰਦਾਂ ਥੀਂ, ਨੂਰ ਅੱਖੀਂ ਵਿਚ ਪਾਇਆ ।
ਯੂਸੁਫ਼ ਦੇਖ ਪਛਾਤਾ ਭਾਈਆਂ, ਹੈਰਾਨੀ ਵਿਚ ਆਏ ।
ਠੀਕ ਹੋਸੇਂ ਤੂੰ ਭਾਈ ਯੂਸੁਫ਼, ਤੇ ਅਸਾਂ ਜ਼ੁਲਮ ਕਮਾਏ ।
........................................................
ਉਹਨਾਂ ਕਹਿਆ ਅਸਾਂ ਕਸਮ ਖ਼ੁਦਾ ਦੀ, ਅਸਾਂ ਖ਼ਤਾ ਕਮਾਇਆ ।
ਭਾਈ ਯੂਸੁਫ਼ ਤੇਰੇ ਤਾਈਂ, ਅੱਲ੍ਹਾ ਨੇ ਵਡਿਆਇਆ ।
......................................................
ਯੂਸੁਫ਼ ਉਠ ਭਰਾਵਾਂ ਤਾਈਂ, ਸੀਨੇ ਨਾਲ ਲਗਾਵੇ ।
ਵੀਰ ਮੇਰੇ ਤੁਸੀਂ ਜਾਨ ਅਸਾਡੀ, ਰਹਮ ਮੇਰੇ ਦਿਲ ਆਵੇ ।
ਯੂਸੁਫ਼ ਸ਼ਫ਼ਕਤ ਲੁਤਫ਼ ਕਰੇਂਦਾ, ਵੀਰ ਕਰੇਂਦੇ ਜ਼ਾਰੀ ।
ਬਖ਼ਸ਼ ਅਸਾਂ ਨੂੰ ਭੁੱਲੇ ਹਜ਼ਰਤ, ਖ਼ਤਾ ਗਈ ਹੋ ਭਾਰੀ ।
ਅਜ ਇਲਜ਼ਾਮ ਤੁਸਾਹਾਂ ਨਾਹੀਂ, ਯੂਸੁਫ਼ ਨੇ ਫ਼ਰਮਾਇਆ ।
ਜੋ ਮੇਰੀ ਤਕਦੀਰੇ ਲਿਖਿਆ, ਮੈਂ ਦੁਨੀਆਂ ਵਿਚ ਪਾਇਆ ।
ਬਖ਼ਸ਼ੇ ਰੱਬ ਤੁਸਾਡੇ ਤਾਈਂ, ਉਹ ਹੈ ਬਖ਼ਸ਼ਣ ਹਾਰਾ ।
ਇਸ ਦੇ ਬਾਝ ਨ ਬਖ਼ਸ਼ੇ ਕੋਈ ਰਹਮ ਉਸੇ ਦਾ ਭਾਰਾ ।
....................................................
ਯੂਸੁਫ਼ ਪੁੱਛੇ ਕਹੋ ਭਰਾਓ, ਬਾਪ ਮੇਰੇ ਦਾ ਹਾਲਾ ।
ਕਹਿਆ ਉਹਨਾਂ ਹੱਦੋਂ ਬਾਹਿਰ, ਦਰਦ ਮੁਸੀਬਤ ਵਾਲਾ ।
ਅੱਖੀਂ ਥੀਂ ਨਾਬੀਨਾ ਹੋਇਆ, ਰੋਂਦਾ ਵਿਚ ਵਿਛੋੜੇ ।
ਕੱਦ ਖ਼ਮੀਦਾ ਵਾਂਗ ਕਮਾਨੇ, ਗ਼ਮਾਂ ਰਵਾਨ ਨ ਛੋੜੇ ।

(ਤਬੱਸਮ=ਖ਼ੁਸ਼ੀ, ਨਾਬੀਨਾ=ਅੰਨ੍ਹਾ, ਖ਼ਮੀਦਾ=ਝੁਕਿਆ
ਹੋਇਆ, ਰਵਾਨ=ਤਾਕਤ)

ਯੂਸੁਫ਼ ਦੇ ਕੁੜਤੇ ਦੀ ਕਹਾਣੀ

ਯੂਸੁਫ਼ ਦਾ ਇੱਕ ਕੁੜਤਾ ਆਹਾ, ਜੋ ਆਂਦਾ ਕਨਆਨੋਂ ।
ਆਖ ਸੁਣਾਵਾਂ ਜ਼ਾਹਿਰ ਉਸਦਾ, ਸਾਰਾ ਹਾਲ ਬਿਆਨੋਂ ।
ਜਾਂ ਨਮਰੂਦ ਸੁਟਾਇਆ ਆਤਿਸ਼, ਨਬੀ ਖ਼ਲੀਲ ਇਲਾਹੀ ।
ਇਹ ਕੁੜਤਾ ਲੈ ਜੱਨਤ ਵਿਚੋਂ ਆਇਆ ਮਲਕ ਮੁਬਾਹੀ ।
ਜਬਰਾਈਲ ਖ਼ੁਦਾ ਦੇ ਹੁਕਮੋਂ, ਪਾਸ ਨਬੀ ਦੇ ਆਇਆ ।
ਇਬਰਾਹੀਮ ਨਬੀ ਨੂੰ ਉਸਨੇ, ਇਹ ਕੁੜਤਾ ਪਹਿਣਾਇਆ ।
ਉਸ ਕੁੜਤੇ ਥੀਂ ਆਤਿਸ਼ ਬਲਦੀ, ਸਰਦ ਗਈ ਹੋ ਸਾਰੀ ।
ਇਹ ਕੁੜਤਾ ਇਸਹਾਕ ਨਬੀ ਨੂੰ, ਮਿਲੀ ਵਰਾਸਤ ਭਾਰੀ ।
ਫਿਰ ਯਾਕੂਬ ਨਬੀ ਨੂੰ ਲੱਭਾ, ਇਹ ਮੀਰਾਸ ਇਸਹਾਕੋਂ ।
ਯੂਸੁਫ਼ ਦੇ ਤਿਸ ਗਲ ਵਿਚ ਪਾਇਆ, ਕਰ ਤਾਵੀਜ਼ ਵਫ਼ਾਕੋਂ ।
ਸੋਹਣੀ ਸੂਰਤ ਯੂਸੁਫ਼ ਸੰਦੀ, ਜਾਨਾਂ ਵਿਚ ਸਮਾਈ ।
ਨਜ਼ਰ ਲੱਗੇ ਮਤ ਇਸਦੇ ਤਾਈਂ, ਸੋਚ ਪਿਦਰ ਨੂੰ ਆਈ ।
ਕਰ ਤਾਵੀਜ਼ ਤਬੱਰਕ ਕਾਰਣ, ਗਲ ਉਸਦੇ ਵਿਚ ਪਾਇਆ ।
ਖੂਹੇ ਵਿੱਚ ਵਗਾਇਓਸ ਭਾਈਆਂ, ਇਹ ਤਦ ਨਜ਼ਰ ਨ ਆਇਆ ।
...........................................................
ਲੈ ਜਾਓ ਇਹ ਕੁੜਤਾ ਮੇਰਾ, ਮੂੰਹ ਪਿਦਰ ਦੇ ਪਾਓ ।
ਬੀਨਾਈ ਵਿਚ ਅੱਖੀਂ ਆਵੇ, ਦੇਖ ਲਵੋ ਅਜ਼ਮਾਓ ।
.....................................................
ਨਾਮ ਬਸ਼ੀਰ ਮੁਹਿੱਬ ਖ਼ੁਦਾ ਦਾ, ਯੂਸੁਫ਼ ਦਾ ਇਕ ਬਰਦਾ ।
ਦੇ ਕੁੜਤਾ ਇਹ ਨਾਲ ਭਰਾਵਾਂ, ਤਿਸ ਰਵਾਨਾ ਕਰਦਾ ।

(ਮਲਕ=ਫ਼ਰਿਸ਼ਤਾ, ਮੁਬਾਹੀ=ਨਾਜ਼ ਕਰਨ ਵਾਲਾ,
ਮੀਰਾਸ=ਪੂੰਜੀ, ਤਬੱਰਕ=ਬਰਕਤ ਲਈ, ਬੀਨਾਈ=
ਨਿਗਾਹ, ਮੁਹਿੱਬ=ਪਿਆਰਾ)

ਬਸ਼ੀਰ ਗ਼ੁਲਾਮ ਦਾ ਹਾਲ

ਹਾਲ ਬਸ਼ੀਰ ਕਹਾਂ ਤੁਧ ਅੱਗੇ, ਜੋ ਇਹ ਕੌਣ ਕਿਆ ਈ ।
ਬਿਨਯਾਮੀਨ ਜਾਂ ਹੋਇਆ ਪੈਦਾ, ਫ਼ੌਤ ਗਈ ਹੋ ਮਾਈ ।
ਇੱਕ ਕਨੀਜ਼ ਖ਼ਰੀਦ ਪਿਦਰ ਨੇ, ਰੱਖੀ ਉਸਦੀ ਦਾਈ ।
ਇਹ ਬਸ਼ੀਰ ਉਸੇ ਦਾ ਬੇਟਾ, ਤਦ ਵਿੱਚ ਗੋਦ ਏਹਾ ਈ ।
ਇਹ ਯਾਕੂਬ ਨਬੀ ਨੇ ਲੜਕਾ, ਵੇਚ ਦਿੱਤਾ ਤਦਬੀਰੋਂ ।
ਬਿਨਯਾਮੀਨ ਸਭੀ ਰੱਜ ਪੀਵੇ, ਭੁੱਖਾ ਰਹੇ ਨ ਸ਼ੀਰੋਂ ।
ਰੋ ਕਨੀਜ਼ ਅਰਜ਼ ਗੁਜ਼ਾਰੀ, ਅੱਲ੍ਹਾ ਦੇ ਦਰਬਾਰੇ ।
ਯਾ ਅੱਲ੍ਹਾ ਜੋ ਰਾਜ਼ ਦਿਲੇ ਦੇ, ਤੈਨੂੰ ਮਾਲਮ ਸਾਰੇ ।
...................................................
ਜਿਵੇਂ ਮੇਰਾ ਫ਼ਰਜ਼ੰਦ ਨਬੀ ਨੇ, ਮੈਂ ਥੀਂ ਜੁਦਾ ਕਰਾਇਆ ।
ਇਸ ਦਾ ਪੁੱਤ ਪਿਆਰਾ ਕੋਈ, ਰੱਖ ਵਿਛੋੜ ਖ਼ੁਦਾਯਾ ।
ਇਹ ਰੋਂਦੀ ਦੇ ਚੀਖ਼ਾਂ ਨਾਅਰੇ, ਮਨਜ਼ੂਰੀ ਵਿਚ ਆਏ ।
ਅਰਜ਼ ਕਬੂਲ ਗਈ ਹੋ ਤੇਰੀ, ਹਾਤਿਫ਼ ਹੁਕਮ ਸੁਣਾਏ ।
ਜਾਂ ਲਗ ਤੇਰਾ ਬੇਟਾ ਤੈਨੂੰ, ਮੋੜ ਮਿਲਾਵਾਂ ਨਾਹੀਂ ।
ਤਾਂ ਲਗ ਪੁੱਤ ਪਿਆਰਾ ਉਸਦਾ, ਨ ਉਸ ਮਿਲੇ ਕਦਾਹੀਂ ।
....................................................
ਆਖ਼ਿਰ ਇਹ ਬਸ਼ੀਰ ਮਿਸਰ ਵਿੱਚ, ਯੂਸੁਫ਼ ਦੇ ਹੱਥ ਆਇਆ ।
ਖ਼ਿਦਮਤ ਦੇ ਵਿੱਚ ਰਹਿਆ ਮੁਦਾਮੀ, ਪਰ ਇਸ ਹਾਲ ਨ ਪਾਇਆ ।
.....................................................
ਨਾਲ ਬਸ਼ੀਰ ਪਿਆਰ ਕਰੇਂਦਾ, ਯੂਸੁਫ਼ ਸ਼ਾਹ ਜ਼ਮਾਨਾ ।
ਨਾਲ ਭਰਾਵਾਂ ਕੁੜਤਾ ਦੇ ਕੇ, ਕੀਤਾ ਤਦੋਂ ਰਵਾਨਾ ।
30. ਬਸ਼ੀਰ ਗ਼ੁਲਾਮ ਦਾ ਯਾਕੂਬ ਪਾਸ ਬਸ਼ਾਰਤ ਲੈ ਕੇ ਜਾਣਾ
ਯੂਸੁਫ਼ ਦੇ ਪੈਰਾਹਿਨ ਦੀ ਬੂ ਯਾਕੂਬ ਤਕ ਪਹੁੰਚਣੀ

ਲੈ ਖ਼ੁਸ਼ਬੂ ਪੈਰਾਹਿਨ ਵਾਲੀ, ਵਾਓ ਗਈ ਕਨਆਨੇ ।
ਖ਼ੁਸ਼ਬੂਈਓਂ ਯਾਕੂਬ ਨਬੀ ਦੇ, ਭਰੇ ਦਿਮਾਗ਼ ਖ਼ਜ਼ਾਨੇ ।
ਐ ਔਲਾਦ ਕਹੇ ਪੈਗ਼ੰਬਰ, ਬੂ ਯੂਸੁਫ਼ ਦੀ ਆਵੇ ।
ਜੇ ਨ ਕਹੋ ਨ ਹੋਸ਼ ਟਿਕਾਣੇ, ਬੁੱਢਾ ਵਹਮ ਅਲਾਵੇ ।
ਸੁਣ ਔਲਾਦ ਕਹੇ ਯਾ ਹਜ਼ਰਤ, ਸਾਨੂੰ ਕਸਮ ਇਲਾਹੀ ।
ਉਹ ਖ਼ਿਆਲ ਪੁਰਾਣਾ ਤੈਨੂੰ, ਘੱਤੇ ਵਿਚ ਤਬਾਹੀ ।
...................................................
ਕੱਟ ਮਨਾਜ਼ਿਲ ਘਰ ਵਲ ਪਹੁਤਾ, ਕਰਵਾਨਾਂ ਦਾ ਡੇਰਾ ।
ਕਰੇ ਬਸ਼ੀਰ ਸੱਭਾਂ ਥੀਂ ਅੱਵਲ, ਵਿਚ ਕਨਆਨੇ ਡੇਰਾ ।
ਕੁੜਤਾ ਖੋਲ੍ਹ ਦਿਲੇ ਵਿਚ ਸ਼ੌਕੋਂ, ਖ਼ੁਸ਼ਖ਼ਬਰੀ ਦੀ ਸ਼ਾਦੀ ।
ਅਜ ਯਾਕੂਬ ਨਬੀ ਨੂੰ ਜਾ ਕੇ, ਕਹਾਂ ਮੁਬਾਰਿਕ-ਬਾਦੀ ।
ਬਸ਼ੀਰ ਦਾ ਆਪਣੀ ਮਾਂ ਨਾਲ ਮੇਲ

ਸ਼ੁਤਰ ਸਵਾਰ ਗਇਆ ਕਨਆਨੇ, ਲਭਦਾ ਫਿਰੇ ਮੁਕਾਮੇ ।
ਖੂਹੇ ਤੇ ਇੱਕ ਬੁੱਢੀ ਡਿੱਠੀ, ਮਲ ਮਲ ਧੋਂਦੀ ਜਾਮੇ ।
ਇਹ ਯਾਕੂਬ ਨਬੀ ਦੇ ਜਾਮੇ, ਮਾਉਂ ਉਸੇ ਦੀ ਏਹਾ ।
ਖੂਹੇ ਪਾਸ ਬਸ਼ੀਰ ਖਲੋਇਆ, ਤੇ ਬੁੱਢੀ ਨੂੰ ਕਹਿਆ ।
ਐ ਬੁੱਢੀ ਯਾਕੂਬ ਨਬੀ ਦਾ, ਮੈਨੂੰ ਦੱਸ ਟਿਕਾਣਾ ।
ਬੁੱਢੀ ਕਹੰਦੀ ਕੰਮ ਕਿਆਈ, ਤੂੰ ਕਿਉਂ ਉਸ ਵੱਲ ਜਾਣਾ ।
ਉਹ ਗ਼ਮ ਦੇ ਵਿੱਚ ਹੁਜਰੇ ਰੋਂਦਾ, ਛੋੜ ਤਅੱਲੁਕ ਸਾਰਾ ।
ਕਰੇ ਕਲਾਮ ਨ ਨਾਲ ਕਿਸੇ ਦੇ, ਨ ਕਾਈ ਵਰਤਾਰਾ ।
ਯੂਸੁਫ਼ ਦੇ ਵਿੱਚ ਦਰਦ ਫ਼ਿਰਾਕਾਂ, ਕਰਦਾ ਗਿਰਯਾਜ਼ਾਰੀ ।
ਚਾਲ੍ਹੀ ਸਾਲ ਵਿਹਾਏ ਹੁਜਰੇ, ਵਿਚ ਮੁਸੀਬਤ ਭਾਰੀ ।
ਕਹੇ ਬਸ਼ੀਰ ਬੁੱਢੀ ਛੱਡ ਕਿੱਸੇ, ਛੋੜ ਬਿਆਨ ਅਵੇਹਾ ।
ਮੈਂ ਯੂਸੁਫ਼ ਦਾ ਉਸਦੇ ਤਾਈਂ, ਆਂਦਾ ਸੁਖ ਸਨੇਹਾ ।
ਹੁਣ ਬੁੱਢੀ ਕਰ ਨਾਅਰਾ ਦਰਦੋਂ, ਝੜੀ ਜ਼ਿਮੀਂ ਗ਼ਸ਼ ਆਇਆ ।
ਨਹੀਂ ਖ਼ਿਲਾਫ਼ ਕਦਾਈਂ ਵਾਅਦੇ, ਤੇਰੇ ਪਾਕ ਖ਼ੁਦਾਯਾ ।
ਨਾਲ ਮੇਰੇ ਜੋ ਵਾਅਦਾ ਯਾ ਰੱਬ, ਸੋ ਉਹ ਗਇਆ ਕਿਥਾਹੀਂ ।
ਯੂਸੁਫ਼ ਥੀਂ ਖ਼ੁਸ਼ਖ਼ਬਰਾਂ ਆਈਆਂ, ਅਜ ਪੈਗ਼ੰਬਰ ਤਾਈਂ ।
ਹੋ ਹੈਰਾਨ ਬਸ਼ੀਰ ਬੁੱਢੀ ਥੀਂ, ਪੁੱਛੇ ਹਾਲ ਕਿਆ ਈ ।
ਤਾਂ ਬੁੱਢੀ ਨੇ ਰੋ ਰੋ ਸਾਰੀ, ਹਾਲਤ ਆਖ ਸੁਣਾਈ ।
ਕਹੇ ਬਸ਼ੀਰ ਤੇਰੇ ਫ਼ਰਜ਼ੰਦੋਂ, ਬੁੱਢੀ ਨਾਮ ਕਿਆ ਈ ।
ਬੁੱਢੀ ਕਹੇ ਕਿਵੇਂ ਕਹ ਝੱਲਾਂ, ਨਾਮ ਬਸ਼ੀਰ ਏਹਾਈ ।
ਲਹ ਸ਼ੁਤਰੋਂ ਭਰ ਅੱਖੀਂ ਪਾਣੀ, ਕਹੇ ਬਸ਼ੀਰ ਬਿਚਾਰਾ ।
ਵਾਅਦਾ ਗਇਆ ਖ਼ਿਲਾਫ਼ ਨ ਮੂਲੇ, ਨ ਕਰ ਸ਼ੋਰ ਪੁਕਾਰਾ ।
ਵਿਚ ਤਿਫ਼ਲੀ ਮੈਂ ਮੁਸ਼ਤਰੀਆਂ ਨੇ, ਖੜਿਆ ਸਾਂ ਕਨਆਨੋਂ ।
ਨਾਮ ਬਸ਼ੀਰ ਏਹਾਈ ਮੇਰਾ, ਮੈਂ ਵਿਚ ਨੂਰ ਇਮਾਨੋਂ ।
ਐ ਮਾਈ ਮੈਂ ਬੇਟਾ ਤੇਰਾ, ਨ ਕਰ ਗਿਰਯਾਜ਼ਾਰੀ ।
ਦੂੰਹ ਜਿਗਰਾਂ ਦੇ ਫ਼ਜ਼ਲ ਇਲਾਹੋਂ, ਅੱਗ ਬੁਝੀ ਅੱਜ ਸਾਰੀ ।
ਉਠ ਬੁੱਢੀ ਲੈ ਗਈ ਪਿਸਰ ਨੂੰ, ਚਸ਼ਮੋਂ ਨੀਰ ਉਛਾਲੇ ।
ਅੱਜ ਮਿਲੇ ਉਹ ਜ਼ਖ਼ਮ ਪੁਰਾਣੇ, ਦਰਦ ਫ਼ਿਰਾਕਾਂ ਵਾਲੇ ।
ਬਸ਼ੀਰ ਦਾ ਪੈਰਾਹਿਨ ਲੈ ਕੇ ਆਉਣਾ

ਨਾਲ ਬੁੱਢੀ ਲੈ ਬੇਟੇ ਤਾਈਂ, ਪੈਗ਼ੰਬਰ ਥੀਂ ਆਈ ।
ਸੁੱਖਾਂ ਦੀ ਯਾ ਹਜ਼ਰਤ ਤੈਨੂੰ, ਯੂਸੁਫ਼ ਖ਼ਬਰ ਪੁਚਾਈ ।
ਕਿਆ ਕਹਾਂ ਸੁਣ ਨਬੀ ਖ਼ੁਦਾ ਦਾ, ਪਇਆ ਤੜਾਕ ਜ਼ਮੀਨੇ ।
ਤੈਨੂੰ ਪੈਕ ਕਿਵੇਂ ਅੱਜ ਵੇਖਾਂ, ਨੈਣ ਮੇਰੇ ਨਾਬੀਨੇ ।
ਹੋਸ਼ ਪਈ ਪੈਗ਼ੰਬਰ ਤਾਈਂ, ਸਾਇਤ ਬਾਦ ਜਦਾਈਂ ।
ਤਨ ਵਿਚ ਜ਼ੋਰ ਦਿਲੇ ਨੂੰ ਕੁੱਵਤ, ਮਿਲੀ ਪੈਗ਼ੰਬਰ ਤਾਈਂ ।
ਆਣ ਬਸ਼ੀਰ ਨਬੀ ਦੇ ਮੂੰਹ ਤੇ, ਉਹ ਪੈਰਾਹਿਨ ਪਾਇਆ ।
ਸਾਇਤ ਪਲਕ ਨ ਲੱਗੀ ਕਾਈ, ਨੂਰ ਅੱਖੀਂ ਵਿਚ ਆਇਆ ।
........................................................
ਕਾਸਿਦ ਵਲ ਮੂੰਹ ਕਰ ਪੈਗ਼ੰਬਰ, ਹਾਲ ਪੁਛਾਵੇ ਸਾਰਾ ।
ਕੌਣ ਕੋਈ ਤੂੰ ਨਾਮ ਕਿਆਈ, ਹਾਲ ਸੁਣਾ ਆਸ਼ਕਾਰਾ ।
.........................................................
ਹਾਲ ਬਸ਼ੀਰ ਸੁਣਾਇਆ ਸਾਰਾ, ਸੁਣ ਰੋਇਆ ਪੈਗ਼ੰਬਰ ।
ਮੈਂ ਨ ਜਾਤਾ ਦਰਦ ਵਿਛੋੜਾ, ਸੋਜ਼ ਪਿਆਰਿਆਂ ਅੰਦਰ ।
ਜਾਂ ਸਿਰ ਪਈਆਂ ਗਈਆਂ ਖੁੱਲ੍ਹ ਅੱਖੀਂ, ਪਈਆਂ ਵਗ ਕਜ਼ਾਈਂ ।
ਲਖ ਲਖ ਸ਼ੁਕਰ ਖ਼ੁਦਾ ਦੇ ਤਾਈਂ, ਮੁੱਕੇ ਦੁੱਖ ਅਸਾਈਂ ।
ਮੰਗ ਬਸ਼ੀਰ ਕਿਆ ਤੁਧ ਹਾਜਤ, ਐ ਮੇਰੇ ਫ਼ਰਜ਼ੰਦਾ ।
ਵਕਤ ਨਜ਼ਅ ਆਸਾਨੀ ਚਾਹਾਂ, ਅਰਜ਼ ਕਰੇਂਦਾ ਬੰਦਾ ।
ਹੱਥ ਉਠਾ ਕਹੇ ਪੈਗ਼ੰਬਰ, ਮੇਰਾ ਦੁੱਖ ਹਟਾਇਆ ।
ਏਵੇਂ ਦੁੱਖ ਨਜ਼ਅ ਦਾ ਇਸ ਥੀਂ, ਰੱਖੀਂ ਦੂਰ ਖ਼ੁਦਾਯਾ ।
ਯੂਸੁਫ਼ ਦਾ ਖ਼ਤ ਲਿਖਿਆ ਹੋਇਆ, ਕਰੇ ਬਸ਼ੀਰ ਹਵਾਲੇ ।
ਪਕੜ ਪਿਦਰ ਨੇ ਹੱਥੀਂ ਖੋਲ੍ਹੇ, ਪੇਚ ਵਿਛੋੜੇ ਵਾਲੇ ।
ਯਾ ਹਜ਼ਰਤ ਵਿੱਚ ਲਿਖਿਆ ਹੋਇਆ, ਮੈਨੂੰ ਸ਼ੌਕ ਪੁਰਾਣਾ ।
ਖ਼ਾਕ ਕਦਮ ਚਾ ਪਾਵਾਂ ਅੱਖੀਂ, ਕਰ ਕਨਆਨ ਟਿਕਾਣਾ ।
ਮੈਨੂੰ ਹੁਕਮ ਖ਼ੁਦਾ ਦਾ ਆਇਆ, ਜਬਰਾਈਲ ਸੁਣਾਇਆ ।
ਲਿਖ ਘੱਲ ਖ਼ਤ ਬੁਲਾ ਘਰ ਸਾਰਾ, ਰੱਖ ਮਿਸਰ ਵਿੱਚ ਸਾਯਾ ।
ਯਾ ਹਜ਼ਰਤ ਖ਼ੁਸ਼ਖ਼ਬਰੀ ਤੈਨੂੰ, ਝਬਦੇ ਕਰੋ ਸਵਾਰੀ ।
ਰਿਜ਼ਕ ਫ਼ਰਾਖ਼ ਆਰਾਮ ਚੰਗੇਰਾ, ਮਿਸਰੇ ਫ਼ਰਹਤ ਭਾਰੀ ।
...........................................................
ਮਿਸਰ ਤੇਰਾ ਤੇ ਮੈਂ ਭੀ ਤੇਰਾ, ਤੇਰੀ ਦੌਲਤ ਸਾਰੀ ।
ਤੈਨੂੰ ਵੇਖਾਂ ਤੇ ਸੁਖ ਸੌਵਾਂ, ਵਿੱਚ ਦਿਲ ਦੇ ਬੇਦਾਰੀ ।
ਦਰਦ ਭਰੇ ਦਿਲ ਅਹਲ ਦਿਲਾਂ ਦੇ, ਮਾਣਨ ਗ਼ਮ ਦੀਆਂ ਛਾਵਾਂ ।
ਨਿੱਜ ਜਣੀਆਂ ਜਨ ਜਾਣਨ ਨਾਹੀਂ, ਬੇਦਰਦਾਂ ਦੀਆਂ ਮਾਵਾਂ ।
31. ਯਾਕੂਬ ਦਾ ਮਿਸਰ ਵਿਚ ਪਹੁੰਚਣਾ

ਯੂਸੁਫ਼ ਪਾਕ ਕਰਮ ਦਾ ਕਤਰਾ, ਰਹਮਤ ਦੇ ਦਰਿਆਓਂ ।
ਅੱਲ੍ਹਾ ਨੇ ਵਿਚ ਦੋਹਾਂ ਜਹਾਨਾਂ, ਦਿਤੋਸੁ ਸ਼ਰਫ਼ ਸਫ਼ਾਓਂ ।
ਜਾਂ ਯਾਕੂਬ ਡਿੱਠਾ ਖ਼ਤ ਸਾਰਾ, ਸ਼ੌਕ ਲਗਾਮਾਂ ਚਾਈਆਂ ।
ਨਾਕਿਆਂ ਘੱਤ ਮੁਹਾਰਾਂ ਚੱਲੇ, ਵਸਲ ਉਡੀਕਾਂ ਲਾਈਆਂ ।
ਅਹਲ-ਕਬਾਇਲ ਅੰਦਰ ਸਾਰੇ, ਪੈਗ਼ੰਬਰ ਫ਼ਰਮਾਵੇ ।
ਯੂਸੁਫ਼ ਮੇਰਾ ਮਿਸਰੋਂ ਅੰਦਰ, ਮੈਨੂੰ ਸੱਦ ਬੁਲਾਵੇ ।
ਬਦਲ ਲਿਬਾਸ ਕਰੋ ਅਸਵਾਰੀ, ਸ਼ੁਤਰੀਂ ਘੱਤ ਮੁਹਾਰਾਂ ।
ਵੀਹ ਵੀਹਾਂ ਸਭ ਨਿੱਕੇ ਵੱਡੇ, ਘਰ ਦੇ ਵਿੱਚ ਸ਼ੁਮਾਰਾਂ ।
....................................................
ਜਬਰਾਈਲ ਬਹਿਸ਼ਤੋਂ ਆਇਆ, ਲੈ ਨਾਕਾ ਸ਼ਿੰਗਾਰੀ ।
ਜੱਨਤ ਦਾ ਅਸਬਾਬ ਮੁਰੱਸਾ, ਗੌਹਰ ਜ਼ੱਰੀਂ ਕਾਰੀ ।
...................................................
ਇਹ ਯਾਕੂਬ ਨਬੀ ਦੀ ਖ਼ਿਦਮਤ, ਜਬਰਾਈਲ ਲਿਆਇਆ ।
ਪੈਗ਼ੰਬਰ ਨੇ ਕਰ ਬਿਸਮਿੱਲ੍ਹਾ, ਉਸ ਤੇ ਕਦਮ ਟਿਕਾਇਆ ।
..................................................
ਕਨਆਨੋਂ ਪੈਗ਼ੰਬਰ ਚੜ੍ਹਿਆ, ਦੇਸੀਂ ਖ਼ਬਰਾਂ ਗਈਆਂ ।
ਵਿਚ ਵਿਛੋੜੇ ਸ਼ਾਮ ਵਲਾਇਤ, ਨੀਰ ਵਿਹਾਏ ਕਈਆਂ ।
......................................................
ਟੋਰ ਬਸ਼ੀਰ ਪਹੁੰਚਾਈਆਂ ਖ਼ਬਰਾਂ, ਆਣ ਢੁੱਕੇ ਕਨਆਨੀ ।
ਸਣ ਔਲਾਦ ਕਬਾਇਲ ਆਇਆ, ਪੈਗ਼ੰਬਰ ਰਹਮਾਨੀ ।
ਸੁਣ ਹੋਈਆਂ ਦਿਲ ਖ਼ੁਸ਼ੀਆਂ ਤਾਜ਼ਾ, ਯੂਸੁਫ਼ ਸ਼ੁਕਰ ਗੁਜ਼ਾਰੇ ।
ਇਸਤਿਕਬਾਲ ਕਰੋ ਉਮਰਾਵਾਂ, ਹੋ ਹੋ ਸ਼ਾਦ ਪੁਕਾਰੇ ।
....................................................
ਮਿਸਰ ਕਰੀਬ ਹੋਇਆ ਈ ਆਖ਼ਿਰ, ਯੂਸੁਫ਼ ਖ਼ਬਰਾਂ ਪਾਈਆਂ ।
ਨਾਲ ਅਮੀਰ ਵਜ਼ੀਰ ਸਿਪਾਹਾਂ, ਕਰ ਚਲਿਆ ਜ਼ੇਬਾਈਆਂ ।
ਵਾਂਗ ਫ਼ਰਿਸ਼ਤਿਆਂ ਫ਼ੌਜ ਸ਼ਿੰਗਾਰੀ, ਝੰਡੇ ਸਿਰੀਂ ਦਰਖ਼ਸ਼ਾਂ ।
ਕੌਕਬਿਆਂ ਥੀਂ ਨੂਰ ਚਮਕਦਾ, ਦਮਕਣ ਲਾਲ ਬਦਖ਼ਸ਼ਾਂ ।
....................................................
ਪੈਗ਼ੰਬਰ ਨੇ ਜਾਂ ਯੂਸੁਫ਼ ਦੀ, ਖ਼ਬਰ ਸੁਣੀ ਇਕ ਵਾਰੀ ।
ਦਿਲ ਹੋ ਆਬ ਵਗੇਂਦਾ ਜਾਂਦਾ, ਦੋ ਚਸ਼ਮਾਂ ਥੀਂ ਜਾਰੀ ।
.....................................................
ਪਾਸ ਗਈ ਯਾਕੂਬ ਨਬੀ ਦੇ, ਯੂਸੁਫ਼ ਦੀ ਅਸਵਾਰੀ ।
ਯੂਸੁਫ਼ ਦੀ ਵਿੱਚ ਫ਼ੌਜਾਂ ਜ਼ੀਨਤ, ਜ਼ੇਬਾ ਨਕਸ਼ ਨਿਗਾਰੀ ।
ਤਾਂ ਉਸ ਵਕਤ ਫ਼ਰਿਸ਼ਤਿਆਂ ਤਾਈਂ, ਹੋਇਆ ਹੁਕਮ ਇਲਾਹੀ ।
ਜਾ ਯਾਕੂਬ ਨਬੀ ਦੇ ਹੋਇਓ, ਤੁਸੀਂ ਸਵਾਰ ਸਿਪਾਹੀ ।
ਬੇਟੇ ਨਾਲੋਂ ਸ਼ਾਨ ਪਿਦਰ ਦੀ, ਹੋਵੇ ਦੂਣ ਸਵਾਈ ।
ਕਹੇ ਨ ਲੋਕੀ ਯੂਸੁਫ਼ ਵੱਡਾ, ਕਮ ਯਾਕੂਬ ਏਹਾਈ ।
..................................................
ਵੇਖ ਫ਼ਰਿਸ਼ਤੇ ਨੂਰੀ ਸ਼ਕਲਾਂ, ਮਿਸਰੀ ਦੰਗ ਤਮਾਮੀ ।
ਪੈਗ਼ੰਬਰ ਕਨਆਨੀ ਆਇਆ, ਹਾਕਿਮ ਭੂਮੀ ਸ਼ਾਮੀ ।
.....................................................
ਹੱਥ ਬੰਨ੍ਹ ਕਹਣ ਗ਼ੁਲਾਮ ਕਨੀਜ਼ਾਂ, ਲੁਤਫ਼ ਕਰਮ ਦਾ ਵੇਲਾ ।
ਸੁੱਖੀ ਹੋਵਣ ਲੱਗਾ ਅੱਜ ਹਜ਼ਰਤ, ਮਹਬੂਬਾਂ ਦਾ ਮੇਲਾ ।
ਯੂਸੁਫ਼ ਕਹੇ ਗ਼ੁਲਾਮ ਕਨੀਜ਼ਾਂ, ਤੁਸੀਂ ਆਜ਼ਾਦ ਤਮਾਮੀ ।
ਏਸ ਖ਼ੁਸ਼ੀ ਵਿੱਚ ਅੱਜ ਤੁਸਾਂ ਥੀਂ, ਛੱਡੇ ਬੰਦ ਗ਼ੁਲਾਮੀ ।
.......................................................
ਬਾਹਾਂ ਖੋਲ੍ਹ ਟੁਰੇ ਪੈਗ਼ੰਬਰ, ਦੋਹਾਂ ਦਲਾਂ ਥੀਂ ਆਏ ।
ਚਾਰੇ ਚਸ਼ਮ ਦੋਹਾਂ ਪੁਰ ਅਸ਼ਕੋਂ, ਵਿਛੜੇ ਰੱਬ ਮਿਲਾਏ ।
ਢੁਕ ਫ਼ਰਿਸ਼ਤੇ ਨੇੜੇ ਆਏ ਵਕਤ ਮਿਲਣ ਦੇ ਸਾਰੇ ।
ਬਾਪ ਪੁੱਤਰ ਦੇ ਖ਼ੁਸ਼ੀਆਂ ਅੰਦਰ ਖਾਵਣ ਜਿਗਰ ਹੁਲਾਰੇ ।
ਆਣ ਮਿਲੇ ਪਰ ਝੱਲ ਨ ਸਕੇ, ਗ਼ਸ਼ੀ ਪਿਦਰ ਨੂੰ ਆਈ ।
ਬਦਨ ਮੁਬਾਰਿਕ ਥੀਂ ਉਸ ਧਰਤੀ, ਨੂਰ ਫ਼ਜ਼ੀਲਤ ਪਾਈ ।
...................................................
ਹੌਦੇ ਚਾਹੜ ਗਿਆ ਲੈ ਯੂਸੁਫ਼, ਮਿਸਰ ਵੜੇ ਆ ਸਾਰੇ ।
ਖ਼ੁਸ਼ੀਆਂ ਵਿਚ ਮੁਬਾਰਿਕਬਾਦੋਂ, ਮਿਸਰੀ ਕਰਨ ਪੁਕਾਰੇ ।
....................................................
ਯੂਸੁਫ਼ ਤਾਈਂ ਕਹਿਆ ਪਿਦਰ ਨੇ, ਦੁਨੀਆਂ ਭੁੱਲੀ ਨਾ ਜਾਵੇ ।
ਜ਼ਿਕਰ ਇਲਾਹੀ ਬਾਝੋਂ ਮੇਰੇ, ਦਿਲ ਵਿਚ ਸ਼ੌਕ ਨ ਆਵੇ ।
ਸ਼ਹਰ ਬਾਹਿਰ ਕਰਾਂ ਇਬਾਦਤ, ਹੁਜਰਾ ਕਰੋ ਇਮਾਰਤ ।
ਬਾਕੀ ਉਮਰ ਗੁਜ਼ਾਰਾਂ ਹੁਜਰੇ, ਫ਼ਜ਼ਲੋਂ ਮਿਲੇ ਬਸ਼ਾਰਤ ।
ਸ਼ਰਤ ਇਹੀ ਪਰ ਦਿਨ ਨੂੰ ਰਹੇਂ, ਜਿੱਥੇ ਜੀ ਚਾਹੇ ।
ਰਾਤ ਸਵੇਂ ਆ ਹੁਜਰੇ ਮੇਰੇ, ਦਿਲੋਂ ਕਰਾਰ ਨ ਜਾਏ ।
.....................................................
ਚਾਲ੍ਹੀ ਸਾਲ ਗਏ ਵਿਚ ਖ਼ੁਸ਼ੀਆਂ, ਫੁੱਲੇ ਬਾਗ਼ ਦਿਲਾਂ ਦੇ ।
ਦੀਦਾਰਾਂ ਵਿਚ ਸ਼ਾਦ ਤਮਾਮੀ, ਖਿਲੇ ਬਾਗ਼ ਦਿਲਾਂ ਦੇ ।
ਜਾਂ ਲਗ ਅੰਦਰ ਦਰਦ ਵਿਛੋੜੇ, ਦੁਖ ਮੁਸੀਬਤ ਪਾਏ ।
ਏਡਕ ਖ਼ੁਸ਼ੀਆਂ ਗ਼ਾਲਿਬ ਹੋਈਆਂ, ਉਹ ਦਿਨ ਯਾਦ ਨ ਆਏ ।

(ਦਰਖ਼ਸ਼ਾਂ=ਚਮਕਦੀ, ਕੌਕਬਿਆਂ=ਇੱਕ ਕਿਸਮ ਦੀ ਮਸ਼ਾਲ,
ਫ਼ਜ਼ੀਲਤ=ਬਜ਼ੁਰਗੀ,ਵਡਿਆਈ)

32. ਹਜ਼ਰਤ ਯਾਕੂਬ ਦਾ ਚਲਾਣਾ ਕਰਨਾ

ਮੁੜ ਨਾਕਾ ਧਰ ਕਦਮ ਪਿਛਾੜੀ, ਚਲ ਵਲ ਦੇਸ ਪੁਰਾਣੇ ।
ਸਫ਼ਰੀ ਨੇ ਮੁੜ ਵਤਨੀ ਜਾਂਦੇ, ਜਿੱਥ ਹਮੇਸ਼ ਟਿਕਾਣੇ ।
.........................................................
ਨਹੀਂ ਵਫ਼ਾ ਵਿਚ ਬਾਦ-ਬਹਾਰੀਂ, ਪਈਆਂ ਜਗਤ ਪੁਕਾਰਾਂ ।
ਸਦਾ ਨ ਬਾਗ਼ੀਂ ਬੁਲਬੁਲ ਬੋਲੇ, ਸਦਾ ਨ ਬਾਗ਼ ਬਹਾਰਾਂ ।
.........................................................
ਹੁਕਮ ਹੋਇਆ ਜਾਹ ਜਬਰਾਈਲਾ, ਪਾਸ ਨਬੀ ਕਨਿਆਨੀ ।
ਦੇ ਖ਼ਬਰਾਂ ਦਿਨ ਨੇੜੇ ਆਏ, ਛੋੜ ਵਸੇਵਾਂ ਫ਼ਾਨੀ ।
ਛੋੜ ਮਿਸਰ ਚੱਲ ਵਲ ਕਨਆਨੇ, ਜਿੱਥੇ ਵੱਡੇ ਸਮਾਏ ।
ਤਨ ਤਨਹਾ ਅਸਵਾਰੀ ਨਾਕਾ, ਹੋਰ ਨ ਨਾਲ ਲੈ ਜਾਏ ।
......................................................
ਚਲ ਪੈਗ਼ਾਮ ਜਨਾਬੋਂ ਆਇਆ, ਦੁਨੀਆਂ ਛੋੜ ਨਕਾਰੀ ।
ਚਲ ਵਲ ਮਿਲਣ ਦੀਆਂ ਆਸਾਂ, ਹੁਕਮ ਹੋਇਆ ਗ਼ੁਫ਼ਾਰੀ ।
..........................................................
ਯੂਸੁਫ਼ ਤਾਈਂ ਸਦ ਪਿਦਰ ਨੇ, ਹੁਕਮੋਂ ਖ਼ਬਰ ਸੁਣਾਈ ।
ਫ਼ਰਜ਼ੰਦਾ ਸ਼ਹਨਸ਼ਾਹ ਤਰਫ਼ੋਂ, ਮੈਂ ਵਲ ਚਿੱਠੀ ਆਈ ।
......................................................
ਤੂੰ ਫ਼ਰਜ਼ੰਦਾ ਦਾਇਮ ਵੱਸੇਂ, ਜੱਨਤ ਦੇ ਗੁਲਜ਼ਾਰੀਂ ।
ਦਿਨ ਕਾਈ ਹੁਣ ਪਿਆ ਵਿਛੋੜਾ, ਦਿਲ ਥੀਂ ਨ ਵਿਸਾਰੀਂ ।
.......................................................
ਯੂਸੁਫ਼ ਅਰਜ਼ ਕਰੇ ਮੈਂ ਤੈਨੂੰ, ਮਿਲਾਂ ਅਗੇ ਯਾ ਨਾਹੀਂ ।
ਨਬੀ ਕਹੇ ਹਰ ਮੋਮਨ ਤਾਈਂ, ਮੋਮਨ ਮਿਲੇ ਅਗਾਹੀਂ ।
.......................................................
ਮੈਨੂੰ ਹੁਕਮ ਹੋਇਆ ਕਨਆਨੇ, ਮਿਸਰ ਹਿੱਸੇ ਤੈਂ ਆਇਆ ।
ਮਾਲਿਕ ਮੇਰੇ ਮੇਰੇ ਤਾਈਂ, ਏਹਾ ਹੁਕਮ ਪਹੁੰਚਾਇਆ ।
ਇਹ ਗਲ ਕਹ ਮੰਗਵਾਈ ਨਾਕਾ, ਕੀਤੀ ਤੁਰਤ ਸਵਾਰੀ ।
ਲੈ ਚਲ ਮੈਨੂੰ ਵਿਚ ਕਨਆਨੇ, ਹੁਕਮ ਗਇਆ ਹੋ ਜ਼ਾਰੀ ।
ਯੂਸੁਫ਼ ਰੋਂਦਾ ਗਇਆ ਪਛਾੜੀ, ਜ਼ਖ਼ਮ ਦਿਲੇ ਵਿਚ ਕਾਰੀ ।
ਹੱਥੀਂ ਟੋਰ ਮੁੜੇ ਸਭ ਬੇਟੇ, ਕਰਦੇ ਗਿਰਯਾਜ਼ਾਰੀ ।
...........................................................
ਤੇ ਯਾਕੂਬ ਗਇਆ ਉੱਠ ਇਕ ਵਲ, ਕਬਰ ਡਿੱਠੀ ਵਿਚ ਰਾਹੇ ।
ਅਜ਼ਫ਼ਰ ਮੁਸ਼ਕ ਅੰਬਰ ਦੀ ਬੂਓਂ, ਜੋਸ਼ ਝੁਲੇਂਦੇ ਆਹੇ ।
ਮਰਦ ਡਿੱਠਾ ਇਕ ਸੋਹਣੀ ਸੂਰਤ, ਆਹਾ ਕਬਰ ਕਿਨਾਰੇ ।
ਸੋਹਣੀ ਕਬਰ ਕਹੋ ਕਹ ਕਿਸਦੀ, ਨਬੀ ਸਵਾਲ ਗੁਜ਼ਾਰੇ ।
ਉਸ ਕਹਿਆ ਇਕ ਨਬੀ ਖ਼ੁਦਾ ਦਾ, ਫ਼ਹਮ ਬੁਲੰਦ ਰਖਾਵੇ ।
ਤੇ ਉਹ ਮਰਦ ਪਿਆਰਾ ਰੱਬ ਦਾ, ਇਸ ਕਬਰੇ ਵਿਚ ਆਵੇ ।
ਹੱਥ ਉਠਾ ਯਾਕੂਬ ਨਬੀ ਨੇ, ਅਰਜ਼ ਕੀਤੀ ਦਰਬਾਰੇ ।
ਯਾ ਰੱਬ ਕਬਰ ਏਹਾ ਮੈਂ ਲੱਭੇ, ਹੋਵਣ ਮਕਸਦ ਸਾਰੇ।
ਹਾਤਿਫ਼ ਕਰੇ ਪੁਕਾਰਾ ਵੱਡਾ, ਨਬੀ ਸੁਣੇ ਖ਼ੁਦ ਕੰਨੀ ।
ਰਹਮਤ ਨਾਲ ਨਬੀਆ ਤੇਰੀ, ਅਰਜ਼ ਜਨਾਬੇ ਮੰਨੀ ।
ਸ਼ਾਦ ਹੋਇਆ ਪੈਗ਼ੰਬਰ ਸੁਣ ਕੇ, ਖ਼ੁਸ਼ੀ ਮੁਰਾਦੋਂ ਪਾਈ ।
ਆਹਾ ਮਰਦ ਜੋ ਹਾਜ਼ਿਰ ਓਥੇ, ਅਜ਼ਰਾਈਲ ਏਹਾਈ ।
......................................................
ਹੁਕਮੋਂ ਜਬਰਾਈਲ ਮਿਸਰ ਵਿਚ, ਓਵੇਂ ਖ਼ਬਰ ਪਹੁੰਚਾਈ ।
ਐ ਯੂਸੁਫ਼ ਯਾਕੂਬ ਜਹਾਨੋਂ, ਕਰ ਕੇ ਕੂਚ ਗਇਆ ਈ ।
......................................................
ਕਿਤਨੇ ਰੋਜ਼ ਮਿਸਰ ਦੇ ਅੰਦਰ, ਰਹੀ ਦੁੱਖਾਂ ਦੀ ਜ਼ਾਰੀ ।
ਸਬਰ ਪਇਆ ਦਿਲ ਮੁੱਦਤ ਪਿੱਛੇ, ਕਰਦੇ ਸ਼ੁਕਰ-ਗੁਜ਼ਾਰੀ ।
ਇਸ ਦੁਨੀਆਂ ਵਿਚ ਆਵਣ-ਜਾਵਣ, ਰਹਿਆ ਤਰੀਕਾ ਜ਼ਾਰੀ ।
ਆਖ਼ਿਰ ਹਸਰਤ ਤੇ ਪਛਤਾਵਾ, ਉਸ ਬਜ਼ਾਅਤ ਭਾਰੀ ।
33. ਯੂਸੁਫ਼ ਦੀ ਮੌਤ ਦਾ ਹਾਲ

ਆ ਜਬਰਾਈਲ ਖ਼ੁਦਾ ਦੇ ਹੁਕਮੋਂ, ਬਾਅਦ ਸਲਾਮ ਸੁਣਾਇਆ ।
ਬਰਸਾਂ ਸਤ ਗਈਆਂ ਰਹ ਯੂਸੁਫ਼, ਹੁਕਮ ਇਲਾਹੀ ਆਇਆ ।
ਇਸ ਦੁਨੀਆਂ ਵਿਚ ਤੂੰ ਸਤ ਬਰਸਾਂ, ਰਹਸੇਂ ਹੋਰ ਪਿਆਰੇ ।
ਪੁੱਤ ਪੋਤੇ ਤੂੰ ਅੱਖੀਂ ਵੇਖੇ, ਜਾਂ ਲਗ ਛੇ ਸੌ ਸਾਰੇ ।
..................................................
ਮੁਸਲਮਾਨਾਂ ਨੂੰ ਲੈ ਕੇ ਯੂਸੁਫ਼, ਸ਼ਹਰੋਂ ਬਾਹਿਰ ਆਇਆ ।
ਮਿਸਰੋਂ ਦਸ ਕੋਹ ਨਾਮ ਹਰਮ ਧਰ, ਸ਼ਹਰ ਨਵਾਂ ਇਕ ਪਾਇਆ ।
.......................................................
ਵੱਸੇ ਹਰਮ ਵਿਚ ਐਸ਼ ਖ਼ੁਸ਼ੀ ਥੀਂ, ਤੇ ਸਤ ਸਾਲ ਵਿਹਾਏ ।
ਪਾਸ ਜ਼ੁਲੈਖ਼ਾ ਮਲਕ-ਮੁਕਰਬ, ਮਰਗ ਪਯਾਮ ਲਿਆਏ ।
ਵਕਤ ਨਜ਼ਅ ਦਾ ਹਾਜ਼ਿਰ ਹੋਇਆ, ਆਣ ਜ਼ੁਲੈਖ਼ਾ ਤਾਈਂ ।
ਬਹੁਤ ਖ਼ੁਸ਼ੀ ਗ਼ਮ ਥੋੜ੍ਹਾ ਦਿਲ ਤੇ, ਮੱਥੇ ਨਕਸ਼ ਰਜ਼ਾਈਂ ।
ਯੂਸੁਫ਼ ਦਾ ਇਕ ਦਰਦ ਵਿਛੋੜਾ, ਦਾਗ਼ ਜਿਗਰ ਲੈ ਚੱਲੀ ।
ਐ ਮਹਬੂਬ ਤੇਰੀ ਮੈਂ ਬੰਦੀ, ਤੈਂ ਥੀਂ ਰਹੀ ਇਕੱਲੀ ।
.........................................................
ਚਾਲੀ ਰੋਜ਼ ਰਹਿਆ ਵਿਚ ਗ਼ਮ ਦੇ, ਹਾਲ ਫ਼ਿਰਾਕ ਅਵੇਹਾ ।
ਜਬਰਾਈਲ ਸਲਾਮ ਲਿਆਇਆ, ਆਂਦੋਸੁ ਮਰਗ ਸਨੇਹਾ ।
ਇਫ਼ਰਾਹੀਮ ਸਿਧਾਇਆ ਯੂਸੁਫ਼, ਗਲ ਵਿਚ ਲੈ ਫ਼ਰਮਾਇਆ ।
ਐ ਫ਼ਰਜ਼ੰਦਾ ਮਰਨੇ ਵੇਲਾ, ਅਜ ਮੇਰੇ ਤੇ ਆਇਆ ।
........................................................
ਜਿਉਂ ਜਿਉਂ ਹੁਕਮ ਇਲਾਹੀ ਆਵੇ, ਓਵੇਂ ਕਰੇਂ ਤਿਆਰੀ ।
ਹੁਕਮੇ ਬਾਝ ਨ ਕਰਨਾ ਕਾਈ, ਕਹਿਓਸ ਛੇਕੜ ਵਾਰੀ ।
ਤਿੰਨ ਭਰੇ ਸਾਹ ਇਹ ਗੱਲ ਕਹ ਕੇ, ਬਦਨ ਗਇਆ ਰਹ ਖ਼ਾਲੀ ।
ਨਿਕਲ ਰੂਹ ਗਈ ਵਿਚ ਜੱਨਤ, ਹੁਕਮ ਖ਼ੁਦਾ ਦਾ ਆਲੀ ।
ਇਫ਼ਰਾਹੀਮ ਸੁਣੇ ਅਸਮਾਨੋਂ, ਪਾਇਆ ਬਲੰਦ ਪੁਕਾਰਾ ।
ਯੂਸੁਫ਼ ਤਾਈਂ, ਗ਼ੁਸਲ ਕਫ਼ਨ ਕਰ, ਲੱਭੋ ਨਹਰ ਕਨਾਰਾ ।
.........................................................
ਮਲ ਖ਼ੁਸ਼ਬੂ ਕਫ਼ਨ ਦੇ ਲੋਕਾਂ, ਪੜ੍ਹੀ ਨਮਾਜ਼ ਜਨਾਜ਼ਾ ।
ਇਫ਼ਰਾਹੀਮੋ ਦੂਜੀ ਵਾਰੀ, ਪਇਆ ਬਲੰਦ ਆਵਾਜ਼ਾ ।
ਵਿਚ ਨਹਰ ਦੇ ਗੋਰ ਪਿਦਰ ਦੀ, ਵੇਖ ਦਿੱਸੇ ਤੈਂ ਤਾਈਂ ।
ਡਿਠੋਸੁ ਪਾਣੀ ਪਾਟ ਗਇਆਈ, ਖ਼ੁਸ਼ਕ ਗਈਆਂ ਖੁਲ੍ਹ ਜਾਈਂ ।
ਕੰਧਾਂ ਵਾਂਗ ਖਲੋਤਾ ਪਾਣੀ, ਰਹਿਆ ਚਾਰ ਚੌਫੇਰੇ ।
ਥੱਲੇ ਨਦੀ ਨਮੂਨਾ ਕਬਰੋਂ, ਆਇਆ ਨਜ਼ਰ ਥਲੇਰੇ ।
ਸੀ ਤਾਬੂਤ ਸਫ਼ੇਦ ਪੱਥਰ ਦਾ, ਤਿਸ ਵਿਚ ਯੂਸੁਫ਼ ਪਾਇਆ ।
ਦਰਜਾਂ ਮੇਲ ਨਦੀ ਦੇ ਥੱਲੇ, ਫ਼ਰਜ਼ੰਦਾਂ ਦਫ਼ਨਾਇਆ ।
ਲੋਕ ਹਟੇ ਫਿਰ ਓਵੇਂ ਮਿਲਿਆ, ਪਾਣੀ ਨਹਰ ਚੌਫੇਰੋਂ ।
ਗੁਮ ਨਿਸ਼ਾਨ ਕਬਰ ਦਾ ਹੋਇਆ, ਪਾਣੀ ਦੇ ਘੰਮਘੇਰੋਂ ।
.......................................................
ਇਕ ਸੌ ਤੇ ਪਚਵੰਜਾ ਬਰਸਾਂ, ਯੂਸੁਫ਼ ਉਮਰ ਗੁਜ਼ਾਰੀ ।
ਇਸ ਦੁਨੀਆਂ ਵਿਚ ਸਖ਼ਤੀ ਨਰਮੀ, ਜੋ ਗੁਜ਼ਰੀ ਸਿਰ ਭਾਰੀ ।
......................................................
ਇਹ ਦੁਨੀਆਂ ਹੈ ਜਾਦੂ ਖ਼ਾਨਾ, ਵਲ ਛਲ ਨਾਲ ਬੁਲਾਵੇ ।
ਦਿਲ ਲਾਏ ਵਿਚ ਇਸ ਦੇ ਗ਼ਾਫ਼ਿਲ, ਜਾਵਣ ਯਾਦ ਨ ਆਵੇ ।
........................................................
ਨਾਜ਼ਿਕ ਬਦਨ ਗੁਲਾਂ ਦੇ ਦਸਤੇ, ਖ਼ਾਕੋਂ ਬਾਹਿਰ ਆਏ ।
ਨਿੱਕੇ ਨਿੱਕੇ ਕਰ ਫੇਰ ਖ਼ਿਜ਼ਾਂ ਨੇ, ਤੋੜ ਜ਼ਮੀਨ ਰੁਲਾਏ ।
......................................................
ਜਿਉਂ ਸੁਫ਼ਨੇ ਕਿਸੇ ਸ਼ਾਹੀ ਪਾਈ, ਚਸ਼ਮ ਖੁਲ੍ਹੀ ਹੱਥ ਖ਼ਾਲੀ ।
ਏਵੇਂ ਨਾਲ ਤੇਰੇ ਤਕ ਐ ਦਿਲ, ਨਿਸਬਤ ਦੁਨੀਆਂ ਵਾਲੀ ।
.......................................................
ਆਲਮਪੁਰੀ ਗ਼ੁਲਾਮ ਰਸੂਲਾ, ਤੇਰੀਆਂ ਅਰਜ਼ ਦੁਆਈਂ ।
ਜੇ ਵਲ ਫ਼ਜ਼ਲ ਵਗਣ ਦਿਨ ਰਾਤੀਂ, ਸੋ ਖ਼ੁਸ਼ੀਆਂ ਤੁਧ ਤਾਈਂ ।
........................................................
ਜਾਂ ਮੂਸਾ ਪੈਗ਼ੰਬਰ ਹੋ ਕੇ, ਸ਼ਹਰ ਮਿਸਰ ਵਿਚ ਆਇਆ ।
ਯੂਸੁਫ਼ ਤਾਈਂ ਕੱਢ ਨਦੀ ਥੀਂ, ਅੱਲ੍ਹਾ ਹੁਕਮ ਪਹੁੰਚਾਇਆ ।
ਲੈ ਤਾਬੂਤ ਦਫ਼ਨ ਕਰ ਜਾ ਕੇ, ਵਿਚ ਜ਼ਿਮੀਂ ਕਨਆਨੇ ।
ਦਾਦੇ ਬਾਪ ਜਿਥਾਈਂ ਉਸ ਦੇ, ਲੈ ਚਲ ਉਤ ਮਕਾਨੇ ।
ਮੂਸਾ ਅਰਜ਼ ਕਰੇ ਯਾ ਖ਼ਾਲਿਕ, ਮੈਨੂੰ ਦੱਸ ਨਿਸ਼ਾਨੀ ।
ਯੂਸੁਫ਼ ਦਾ ਤਾਬੂਤ ਕਿਥਾਈਂ, ਅੰਦਰ ਨਦੀ ਨਿਹਾਨੀ ।
ਹੁਕਮ ਹੋਇਆ ਯਾਕੂਬ ਨਬੀ ਦੀ, ਪੋਤੀ ਸਾਰਹ ਨਾਮੋਂ ।
ਉਸ ਥੀਂ ਪੁੱਛ ਅਜੇ ਉਹ ਜ਼ਿੰਦੀ, ਦੱਸੇ ਪਤਾ ਮੁਕਾਮੋਂ ।
ਸਾਰਹ ਕੋਲੋਂ ਹਜ਼ਰਤ ਮੂਸਾ, ਆਣ ਨਿਸ਼ਾਨ ਪੁਛਾਇਆ ।
ਤੇਰੇ ਬਾਝ ਨ ਕੋਈ ਜਾਣੇ, ਹੁਕਮ ਇਲਾਹੀ ਆਇਆ ।
ਸ਼ਰਤ ਮੇਰੀ ਫ਼ਰਮਾਵੇ ਸਾਰਹ, ਮੰਨ ਲਵੇਂ ਮੈਂ ਦੱਸਾਂ ।
ਤੇਰੇ ਜੇਡ ਮਰਾਤਿਬ ਪਾਵਾਂ, ਜਾ ਜੱਨਤ ਵਿਚ ਵੱਸਾਂ ।
ਮੂਸਾ ਅਰਜ਼ ਕਰੇ ਦਰਬਾਰੇ, ਮਾਲਮ ਤੁੱਧ ਖ਼ੁਦਾਇਆ ।
ਫ਼ਜ਼ਲ ਕਰਾਂ ਮੈਂ ਸਾਰਹ ਉੱਤੇ, ਹੁਕਮ ਜਨਾਬੋਂ ਆਇਆ ।
ਸੁਣ ਖ਼ੁਸ਼ਖ਼ਬਰੀ ਗਈ ਉਠ ਸਾਰਹ, ਦੱਸੇ ਪਤਾ ਨਿਸ਼ਾਨੀ ।
ਇਸ ਜਾਗ੍ਹਾ ਵਿਚ ਚਾਚਾ ਮੇਰਾ, ਯੂਸੁਫ਼ ਆਪ ਨਿਹਾਨੀ ।
ਹਜ਼ਰਤ ਮੂਸਾ ਪਾਣੀ ਉੱਤੇ, ਆਸਾ ਆਣ ਲਗਾਇਆ ।
ਪਾਣੀ ਪਾਟ ਹੋਇਆ ਦੋ ਤਰਫ਼ੇ, ਖ਼ੁਸ਼ਕ ਥੱਲਾ ਦਿਸ ਆਇਆ ।
ਦਿਸ ਪਇਆ ਤਾਬੂਤ ਮਿਆਨੋਂ, ਮੂਸਾ ਕੱਢ ਲਿਆਇਆ ।
ਵਿਚ ਕਨਆਨ ਗਇਆ ਲੈ ਮਿਸਰੋਂ, ਪਾਸ ਪਿਦਰ ਦਫ਼ਨਾਇਆ ।
ਪੁਸ਼ਤਾਂ ਚਾਰ ਪੈਗ਼ੰਬਰ ਚਾਰੇ, ਦਫ਼ਨ ਹੋਏ ਕਨਆਨੇ ।
ਏਹਾ ਹਾਲਾ ਯੂਸੁਫ਼ ਵਾਲਾ, ਆਇਆ ਵਿਚ ਬਿਆਨੇ ।
ਕਿੱਸੇ ਦੀ ਸਮਾਪਤੀ ਬਾਰੇ

ਜਿਸ ਦਿਨ ਮੈਂ ਆਗ਼ਾਜ਼ ਕਿੱਸੇ ਤੇ, ਇਸਮ ਅੱਲ੍ਹਾ ਦਾ ਪੜ੍ਹਿਆ ।
ਬਾਰਾਂ ਸੌ ਤੇ ਨੱਵੇ ਹਿਜਰੀ, ਸਾਲ ਮੁਬਾਰਿਕ ਚੜ੍ਹਿਆ ।
ਸਾਰਾ ਮਾਹ ਮੁਹਰਮ ਮੈਨੂੰ, ਵਿਚ ਤਸਨੀਫ਼ ਵਿਹਾਇਆ ।
ਅਜ ਅਖ਼ੀਰ ਮੁਹਰਮ ਸੰਦੀ, ਜਾਂ ਮਕਸਦ ਹੱਥ ਆਇਆ ।
'ਅਹਸਨਲ ਕਸਸ' ਧਰ ਨਾਮ ਕਿੱਸੇ ਦਾ, ਮੈਂ ਲਿਖਿਆ ਤਿੰਨ ਵਾਰੀ ।
ਪੂਰਾ ਸਾਲ ਹੋਇਆ ਤਸਨੀਫ਼ੇ, ਨਾਲ ਰੱਬੇ ਦੀ ਯਾਰੀ ।
ਛੇ ਹਜ਼ਾਰ ਛਿਆਸਠ ਛੇ ਸੌ, ਬੈਂਤਾਂ ਗਿਣਤੀ ਆਈਆਂ ।
ਨਾਕਿਸ ਸ਼ਿਅਰ ਕਮਾਲ ਹਕਾਇਕ, ਰੱਬ ਦੀਆਂ ਬੇ ਪਰਵਾਹੀਆਂ ।
........................................................
ਪਕੜ ਕਲਮ ਭਰ ਇਸ਼ਕ ਅਲੰਬਾ, ਵਰਕਾਂ ਵਿਚ ਵਗਾਈ ।
ਰਖ਼ਤ ਜਲੇ ਵਿਚ ਸੋਜ਼ ਬਿਰਹੋਂ ਦੇ, ਵੇਖ ਰਹਣ ਸੌਦਾਈ ।
ਅਸਲ ਬਿਆਨੋਂ ਵਿਚ ਸੁਖ਼ਨ ਦੇ, ਮੈਂ ਨ ਗੱਲ ਰਲਾਈ ।
ਸੂਰਤ ਯੂਸੁਫ਼ ਦੀ ਤਫ਼ਸੀਰੋਂ, ਸੱਚੀ ਗੱਲ ਸੁਣਾਈ ।
.................................................
ਯਾ ਰੱਬ ਲਿਖਣੇ ਪੜ੍ਹਨੇ ਵਾਲੇ, ਰਹਣ ਨ ਫ਼ਜ਼ਲੋਂ ਖ਼ਾਲੀ ।
ਬਖ਼ਸ਼ ਰੱਬਾ ਮੈਂ ਐਬੀ ਬੰਦਾ, ਆਇਆ ਦਰੇ ਸਵਾਲੀ ।
ਫ਼ਜ਼ਲ ਕਰੀਂ ਤੇ ਬਖ਼ਸ਼ੀਂ ਸਾਨੂੰ, ਤੂੰਹੇਂ ਬਖ਼ਸ਼ਣ ਹਾਰਾ ।
ਮਾਂ ਪਿਉ ਤੇ ਉਸਤਾਦਾਂ ਭਾਈਆਂ, ਬਖ਼ਸ਼ ਅਮਨ ਛੁਟਕਾਰਾ ।
ਸਾਨੂੰ ਫ਼ਜ਼ਲ ਤੇਰੇ ਦੀ ਯਾ ਰੱਬ, ਆਸ ਦਿਲਾਂ ਵਿਚ ਭਾਰੀ ।
ਦੇਹ ਕਲਮਾ ਤੌਹੀਦ ਨਜ਼ਅ ਵਿਚ, ਸਾਨੂੰ ਜਾਂਦੀ ਵਾਰੀ ।

..........................ਇਤਿ.............................

ਨੋਟ=ਕਿੱਸਾ ਲੰਮੇਰਾ ਹੋਣ ਕਰਕੇ ਕੇਵਲ ਚੋਣਵੇਂ ਬੰਦ ਲਏ
ਗਏ ਹਨ, ਪਰੰਤੂ ਕਿਸੇ ਦੀ ਚਾਲ ਬਣਾਈ ਰੱਖਣ ਦੀ ਪੂਰੀ
ਕੋਸ਼ਿਸ਼ ਕੀਤੀ ਗਈ ਹੈ ।