ਕਿੱਸਾ ਰਾਜਾ ਰਸਾਲੂ

ਵਿਕੀਸਰੋਤ ਤੋਂ
ਕਿੱਸਾ ਰਾਜਾ ਰਸਾਲੂ

ਬਗੈਰ ਇਜਾਜ਼ਤ ਕੇ ਕੋਈ ਨਾ ਛਾਪੈ॥

ੴ ਸਤਿਗੁਰ ਪ੍ਰਸਾਦਿ



ਕਿੱਸਾ

ਰਾਜਾ ਰਸਾਲੂ



ਕ੍ਰਿਤ



ਮਿਤ ਸਿੰਘ ਕਵੀਸ਼ਰ


ਮੁਕਾਮ ਚੌਂਦਾ, ਰਿਆਸਤ ਪਟਿਆਲਾ

ਸੰਨ ੧੯੧੪ ਈ





ਮਫ਼ੀਦ ਆਮ ਪ੍ਰੈਸ ਲਾਹੌਰ ਵਿਚ


ਰਾਇ ਬਹਾਦਰ ਲਾਲਾ ਮੋਹਨ ਲਾਲ ਸਾਹਿਬ ਦੇ ਪ੍ਰਬੰਧ ਸੇ ਛਪਿਆ॥

ਪਹਿਲੀ ਵਾਰ,

੧੨੦੦

੧ਓ ਸਤਿਗੁਰੂ ਪ੍ਰਸਾਦਿ॥

ਬਿਆਨ ਊੜਾ

ਊੜਾ ਆਖਦਾ ਓਅੰ ਜੋ ਕਾਰ ਹੈਗਾ ਸੁਣੋ ਓਸਦਾ ਆਪ ਬਿਆਨ ਭਾਈ॥ ਓਅੰਕਾਰ ਭਗਵਾਨ ਦਾ ਨਾਮ ਹੈਗਾ ਵਿਚ

ਬੰਦੇ ਦੇ ਵੱਸਦਾ ਆਨ ਭਾਈ॥ ਮਨ ਚ ਰਖਲੌ ਉਸ ਭਗਵਾਨ ਤਾਈਂ ਕਰੋ ਗਾਫਲੀ ਜਰਾ ਨਾ ਆਨ ਭਾਈ॥ ਬੰਦਿਆ ਆਇਆ ਤੂੰ ਧਰਮ ਕਮਾਵਣੇ ਨੂੰ ਏਥੇ ਲੋਭ ਤੇ ਪੈ ਗਿਆ ਆਨ ਭਾਈ॥ ਘਾਟਾ ਪੈਜੂਗਾ ਛੇਕੜ ਅਖੀਰ ਤੈਨੂੰ ਨਫਾ ਹੁੰਦਾ ਹੀ ਏਸ ਚੋਂ ਆਨ ਭਾਈ॥ ਕਾਹਨੂੰ ਪਾਪ ਵਿਕਾਰਾਂ ਦੇ ਵਿਚ ਪੈਂਦਾ ਏਸ ਸੌਦੇ ਦਾ ਧਰੇਂ ਨਾ ਧਿਆਨ ਭਾਈ॥ ਨਫਾ ਖਟਨਾ ਜੇ ਤੈ ਚਿਤ ਲਾਕੇ ਚਰਨ ਪਕੜ ਲੈ ਓਸਦੇ ਆਨ ਭਾਈ॥ ਉਸ ਓਅੰਕਾਰ ਦਾ ਦਿਲੋਂ ਖਿਆਲ ਕਰ ਤੂੰ ਸੁਖੀ ਰਹੂਗੀ ਜਿੰਦਉ ਜਾਨ ਭਾਈ॥ ਬਾਝ ਉਸ ਭਗਵਾਨ ਤੇ ਮਿਤ ਸਿੰਘਾ ਬੇੜੀ ਨਰਕਾਂ ਦੇ ਵਿਚ ਤੂੰ ਜਾਨ ਭਾਈ॥

ਅਥ ਕਿੱਸਾ ਰਾਜੇ ਰਸਾਲੂ ਕਾ ਲਿਖਯਤੇ

ਕ੍ਰਿਤ ਕਵੀ ਮਿਤ ਸਿੰਘ

ਦੋਹਿਰਾ॥ ਸਾਰਦ ਮਾਤਾ ਤੁਮ ਬਡੀ ਮੋ ਬੁਧ ਦੇ ਦਰ ਹਾਲ॥ ਪਿੰਗਲ ਕੀ ਛਾਇਆ ਲੀਏ ਬਰਨੋ ਬਾਵਨ ਚਾਲ॥ ਦੋਹਿਰਾ॥ ਸਾਰਦ ਤੁਮ ਕੋ ਬੰਦਨਾ ਹਾਥ ਜੋੜ ਸਿਰ ਨਾਏ॥ ਗਿਆਨ ਦਾਸ ਕੋ ਦੀਜੀਏ ਬਸੋ ਕੰਠ ਮੇਂ ਆਏ॥

ਕਬਿੱਤ॥ ਕਵੀ ਮਾਈ ਜੀ ਧਿਆਵੇ ਦਾਸ ਤੇਰਾ ਲੈ ਸਦਾਵੇ ਹਰਦਮ ਤੈਨੂ ਧਿਆਵੇ ਵਰ ਮੰਗੇ ਸੋ ਪਾਂਵਦਾ॥ ਕਰੋ ਕੰਠ ਵਿਚ ਵਾਸ ਹੋਵੇ ਚਿਤ ਨੂੰ ਹੁਲਾਸ ਪੂਰੀ ਕਰੋ ਤੁਸੀ ਆਸ ਏਹੀ ਵਰ ਕਵੀ ਭਾਂਵਦਾ॥ ਕਾਨੂੰ ਲਾਈ ਐਨੀ ਡੇਰ ਦਾਸ ਖੜਾ ਦਰ ਫੇਰ ਕਰੇ ਬੰਦਨਾ ਉਚੇਰ ਸੀਸ ਚਰਨੀਂ ਝਕਾਂਵਦਾ॥ ਬਰਦੀਜੋ ਮਈਆ ਮੁਝਕੋ ਧਿਆਏ ਲਊਂ ਤੁਕੋ ਸਾਰ ਲੈ ਮੇਰੀ ਬੁਧ ਕੋ ਮਿਤ ਸਿੰਘ ਹੈ ਬਤਾਂਵਦਾ॥ ਦੋਹਿਰਾ॥ ਦੁਰਗਾ ਨੂੰ ਜੋ ਧਿਆਂਵਦਾ ਇਕ ਚਿਤ ਹੋਕੇ ਦਾਸ॥ ਫਲ ਲੈ ਸੋਈ ਪਾਂਵਦਾ ਦਿਲ ਵਿਚ ਰਖੇ ਆਸ॥ ਕੋਰੜਾ ਛੰਦ॥ ਆਦ ਤੋਂ ਭਵਾਨੀ ਦੁਰਗਾ ਰਖੀਂ ਲੱਜਿਆ॥ ਤੀਨ ਲੋਕ ਵਿਚ ਨਮ ਤੇਰਾ ਗੱਜਿਆ॥ ਹਥ ਜੋੜ ਸੀਸ ਚਰਨੀਂ ਨਮੌਉਂਦਾ॥ ਅਵਲ ਜੋ ਨਾਮ ਮਾਈ ਤੇਰਾ ਪਾਉਂਦਾ॥ ਬਾਰ ਬਾਰ ਬੇਨਤੀ ਰਿਹਾ ਗੁਜਾਰ ਜੀ॥ ਹਥ ਜੋੜ ਦਾਸ ਕਰਦਾ ਪੁਕਾਰ ਜੀ॥ ਬੁਧ ਦਾ ਜੋ ਦਾਨ ਮੰਗਦਾ ਉਚਾਰ ਕੇ॥ ਦੀਜੋ ਤੁਸੀ ਦਾਨ ਜੀ ਦਲੀਲ ਧਾਰਕੇ॥ ਕਿਸਾ ਜੋ ਰਸਲੂ ਦਾ ਕਰਾਂ ਤਿਆਰ ਜੀ॥ ਦੀਜੋ ਤੁਸੀ ਦਾਨ ਰਿਹਾ ਮੈਂ ਉਚਾਰ ਜੀ॥ ਕਾਂਗੜੇ ਦੀ ਰਾਣੀਏ ਮੈਂ ਖੜਾ ਧਿਆਉਂਦਾ॥ ਹਰ ਦਮ ਜੋਤ ਤੇਰੀ ਹਾਂ ਜਗਾਉਂਦਾ॥ ਹਿੰਗਲਾਜ ਮਾਤਾ ਬਸਦੀ ਤੂੰ ਜਾਇਕੇ॥ ਹਰ ਵਮ ਵੱਸੋ ਘਟ ਵਿਚ ਆਇਕੇ॥ ਨਵਾਂ ਜੇਹਾ ਕਿਸਾ ਮੈਂ ਬਣੌਂਦਾ ਧਿਆ- ਇਕੇ॥ ਹਰ ਦਮ ਵਸੋ ਘਟ ਵਿਚ ਆਇਕੇ॥ ਕਾਂਗੜੇ ਦੀ ਰਾਣੀਏ ਲੈ ਦੀਜੋ ਦਾਨ ਜੀ॥ ਹਥ ਜੋੜ ਜੋਤ ਮੈਂ ਰਿਹਾ ਜਗਾਨ ਜੀ॥ ਤਾਰ ਦੇਓ ਬੇੜਾ ਸੁਅਲੀ ਦਾ ਜੀ ਆਇਕੇ॥ ਮਿਤ ਸਿੰਘ ਡਿੱਗਾ ਚਰਨਾਚਿ ਜਾਇਕੇ॥ ਦੋਹਿਰਾ॥ ਸਿਆਲਕੋਟ ਕੇ ਬੀਚ ਮੈਂ ਰਾਜਾ ਥੀਂ ਸਿਲੇਵਾਨ॥ ਰਾਣੀ ਲੂਣਾਂ ਦੇ ਘਰ ਪੁਤਰ ਹੋਇਆ ਨਾਮ ਰਸਾਲੂ ਜਾਨ॥ ਦੋਹਿਰਾ॥ ਬਚਨ ਪੂਰਨ ਦੇ ਆ ਪੈਦਾ ਹੋਇਆ ਬਾਲਕ ਜੀ ਆਨ॥ ਜੈਸਾ ਉਹਬੀ ਜਤੀ ਸੀ ਤੈਸਾ ਇਹਬੀ ਜਾਨ॥ ਕੋਰੜਾ ਛੰਦ॥ ਸਿਆਲ ਕੋਟ ਵਿਚ ਰਾਜਾ ਸਲਵਾਨ ਜੀ॥ ਜੰਮਿਆ ਰਸਾਲੂ ਉਹਦੇ ਘਰ ਆਨ ਜੀ॥ ਪੂਰਨ ਦੇ ਬਚਨ ਪੂਰੇ ਹੋਏ ਆਨ ਜੀ॥ ਜੰਮਿਆ ਰਸਾਲੂ ਉਹ ਜਤੀ ਲੈ ਜਾਨ ਜੀ॥ ਸੁਣਕੇ ਪੁਤਰ ਖੁਸ਼ੀਆਂ ਮਨਾਉਂਦਾ॥ ਰਾਜਾ ਸਿਲੇਵਾਨ ਪੰਡਤ ਬਲਾਉਂਦਾ॥ ਪੰਡਤਾਂ ਦੇ ਤਾਈਂ ਰਾਜਾ ਹੈ ਸੂਣਾਉਂਦਾ॥ ਜੋਤਸ਼ ਲਗਾਓ ਦੇਰ ਨਾ ਲਗਾਉਂਦਾ॥ ਬ੍ਰਹਮਣ ਬਤੌਂਦਾਸਹ ਹੀ ਬਣਾਇਕੇ॥ ਸੁਣੋ ਕੈਂਹਦਾ ਬਾਦਸ਼ਹ ਜੀ ਕੰਨ ਲਾਇਕੇ। ਦਸਦਾ ਹਾਂ ਹਲ ਸਾਰਾ ਮੈ ਸੁਣਾ- ਇਕੇ॥ ਸੁਣੋ ਕੈਂਹਦਾ ਬਾਦਸ਼ਾਹਜੀ ਕੰਨ ਲਾਇਕੇ॥ ਆਖਦਾ ਹੈ ਬੇਦ ਤਪ ਏਦਾ ਭਾਰੀ ਜੋ॥ ਨਾਮ ਜੋ ਰਸਾਲੂ ਦੁਨੀਆਂ ਜਪੂ ਸਾਰੀ ਜੋ॥ ਸੁਣਕੇ ਤੇ ਬਾਦਸ਼ਾਹ ਹੋਇਆ ਅਨੰਦ ਜੀ॥ ਬੇਦ ਜੋ ਪੁਰਾਨ ਕੁਲ ਕਰੇ ਬੰਦ ਜੀ॥ ਪੁੰਨ ਦਾਨ ਕਰਦਾ ਰਾਜਾ ਬਡਾ ਭਾਰੀ ਜੋ॥ ਜਪਦੀ ਹੈ ਨਾਮ ਦੁਨੀਆਂ ਲੈ ਸਾਰੀ ਜੋ॥ ਵੰਡਦਾ ਹੈ ਧਨ ਬੰਨ੍ਹ ਕੇ ਦਲੇਰੀ ਜੋ॥ ਬ੍ਰਹਮਣਾਂ ਦੇ ਤਾਈਂ ਦੇਂਦਾ ਹੈ ਲਵੇਰੀ ਜੋ॥ ਹੋਗਏ ਲੈ ਬ੍ਰਹਮਣ ਫੇਰ ਜੋ ਅਨੰਦ ਜੀ॥ ਰਾਜੇ ਤਾਈਂ ਮਿਤਸਿੰਘਾ ਚੜ੍ਹ ਗਿਆ ਚੰਦ ਜੀ॥ ਦੋਹਿਰਾ॥ ਤਕੜਾ ਰਸਾਲੂ ਹੋਗਿਆ ਲੱਗਾ ਕਚੈਹਰੀ ਜਾਨ॥ ਜਿਉਂ ਜਿਉਂ ਕਚੈਹਰੀ ਜਾਂਵਦਾ ਹੋਇਆ ਚਤਰਸੁਜਾਨ॥ ਕੋਰੜਾ ਛੰਦ॥ ਹੋਗਿਆ ਰਸਾਲੂ ਫੇਰ ਲੈ ਜੁਆਨ ਜੀ॥ ਲਗਿਆ ਕਚੈਹਰੀ ਵਿਚ ਆਪ ਜਾਨ ਜੀ॥ ਸਭਾ ਵਿਚ ਬੈਠ ਲਗਦਾ ਪਿਆਰਾ ਜੀ। ਚੰਦ੍ਰਮਾਂ ਦੇ ਕੋਲ ਜਿਵੇਂ ਸੋਹੇ ਤਾਰਾ ਜੀ॥ ਬਾਲਕ ਨਸ਼ਾਨ ਸੋਹਣਾ ਸ਼ਕਲਵੰਦ ਜੀ॥ ਕੰਠਾ ਹੈ ਸੁਨੈਹਰੀ ਜਿਉਂ ਲੈ ਸੋਹੇ ਚੰਦ ਜੀ॥ ਦਿੰਦੇ ਹੈਂ ਨਸੀਬ ਕਰਮ ਜਦੋਂ ਹਾਰੀ ਜੋ॥ ਬਾਤ ਮੈਂ ਸਣੌਂਦਾ ਇਕ ਹੋਰ ਭਾਰੀ ਜੋ॥ ਬਾਦਸ਼ਾਹ ਕੋਲੋਂ ਹੋਇਆ ਨਾ ਇਨਸਾਫ ਜੀ॥ ਝੂਠਾ ਜੁ ਮੁਕੱਦਮਾ ਕਰਿਆ ਮੁਆਫ ਜੀ॥ ਆਖਦਾ ਰਸਾਲੂ ਸੁਣੋ ਮੈਰੀ ਗੱਲ ਜੀ॥ ਕਰੂ ਮੈਂ ਇਨਸਾਫ ਫੇਰ ਜੋ ਉਥਲਜੀ॥ ਏਨੀ ਸੁਣਕੇ ਬਾਦਸ਼ਾਹ ਲੈ ਹੋਇਆ ਅੱਡ ਜੀ॥ ਮਗਰੋਂ ਰਸਾਲੂ ਕੈਦੀ ਲਿਆਇਆ ਕੱਢ ਜੀ॥ ਉਸ ਕੋਲੋਂ ਪੁੱਛੀ ਨਹੀਂ ਕੋਈ ਬਾਤ ਜੀ॥ ਆਖਦਾ ਰਸਾਲੂ ਏਥੋਂ ਜਾਓ ਸਾਂਤ ਜੀ॥ ਪੈਹਰੇਦਾਰ ਬਾਦਸ਼ਾਹ ਕੋ ਦੱਸੇ ਜਾਇਕੇ॥ ਛਡਿਆ ਨਵਾਂ ਕੈਦੀ ਜੀ ਰਸਾਲੂ ਆਇਕੇ॥ ਸੁਣਕੇ ਤੇ ਰਾਜਾ ਭਾਰੀ ਹੋਇਆ ਰੰਜ ਜੀ॥ ਦੇਸ ਜੋ ਨਕਾਲਾ ਕਹਿੰਦਾ ਦੇਈਏ ਸੰਜ ਜੀ॥ ਮਿਤਸਿੰਘਾ ਰਾਜਾ ਗਿਆ ਫੇਰ ਧਾਇਕੇ॥ ਦੇਸ ਜੋ ਨਕਾਲਾ ਕਹਿੰਦਾ ਦੇਓ ਜਾਇਕੇ॥ ਕਬਿੱਤ॥ ਸਿਲੇਵਾਨ ਆਖਦਾ ਰਸਾਲੂ ਤਾਈਂ ਸੱਦਕੇ ਤੇ ਪੁਤ ਨਹੀਂ ਮੇਰ ਤੂੰਤਾ ਹੈਂਗਾ ਕੋਈ ਸੂਰ ਓਏ॥ ਦੇਸ ਜੋ ਨਕਾਲਾ ਬਾਰਾਂ ਸਾਲ ਤਾਈਂ ਦਿਤਾ ਤੈਨੂੰ ਵਗ ਜਾ ਤੂੰ ਏਥੋਂ ਹੋਜਾ ਅੱਖੀਆਂ ਤੋਂ ਦੂਰ ਓਏ॥ ਅਟਕ ਸੈਂ ਨੇੜੇ ਤੇੜੇ ਮਾਰਕੇ

ਗਵਾਊਂ ਤੈਨੂੰ ਖੋਦੂੰ ਖੁਰ ਖੋਜ ਅਜ ਤੇਰਾ ਮੈਂ ਜਰੂਰ ਓਏ॥ ਸੁਣਕੇ ਰਸਾਲੂ ਏਨੀ ਗਲ ਫੇਰ ਮਿਤਸਿੰਘਾ ਉਡੀ ਮੱਥੇ ਉਹਦੀ ਲਾਲੀ ਚੇਰਾ ਹੋਗਿਆ ਕਰੂਰ ਓਏ॥ ਦੋਹਿਰਾ॥ ਰਸਾਲੂ ਉਥੋਂ ਤੁਰ ਪਿਆ ਰੋਵੇ ਆਹੀਂ ਮਾਰ॥ ਕਿਸਮਤ ਮੇਰੀ ਫੁਟਗੀ ਦਿਤੀ ਕਰਮਾਂ ਹਾਰ॥

ਰਸਾਲੂ ਦਾ ਲੂਣਾ ਕੋਲ ਜਾਕੇ ਰੋਣਾ

ਬੈਤ॥ ਜਾਕੇ ਮੈਹਲੀਂ ਰਸਾਲੂ ਜੀ ਰੋਣ ਲਗਾ ਮਾਤਾ ਲੂਣਾ ਦੇ ਕੋਲ ਲੈ ਜਾਇਕੇ ਜੀ॥ ਮਾਤਾ ਦੇਸ ਨਕਾਲੜਾ ਬਕਸ਼ ਦਿਤਾ ਪਿਤਾ ਆਖਦਾ ਬਹੁਤ ਘਬਰਾਇ ਕੇ ਜੀ॥ ਮਾਤਾ ਆਗਿਆ ਦੇਓ ਲੈ ਝਟ ਮੈਨੂੰ ਪਿਤਾ ਦੇਖ ਨਾਂ ਲਵੇ ਜੋ ਆਇਕੇ ਜੀ॥ ਮਿਤਸਿੰਘ ਨਾ ਮਾਤਾ ਜੀ ਡੇਰ ਲੌਣੀ ਹੁਣ ਜਾਊਂਗਾ ਘੋੜਾ ਦੁੜਾਇਕੇ ਜੀ॥ ਲੂਣਾ ਸੁਣਕੇ ਬਾਤ ਫੇਰ ਰੋਣ ਲੱਗੀ ਮੈਨੂੰ ਚਲਿਆ ਬੱਚਿਆ ਮਾਰਕੇ ਵੇ॥ ਮੈਨੂੰ ਤਰਸਦਿਆਂ ਰੱਬ ਨੇ ਲਾਲ ਦਿਤਾ ਖੋਰ ਕਢਿਆ ਰਾਜੇ ਸੁਮਾਰਕੇ ਵੇ॥ ਮਗਰ ਇਛਰਾਂ ਰੰਨ ਦੇ ਲਗਕੇ ਤੇ ਪੁਤਰ ਕੱਢਿਆ ਦਿਲੋਂ ਚਤਾਰਕੇ ਵੇ॥ ਮਿਤਸਿੰਘ ਤੂੰ ਪੁਤਰਾ ਵਗ ਜਾਈਂ ਨਾਹੀਂ ਮਾਰਨਗੇ ਖੂਹੇ ਵਡਾਰਕੇ ਵੇ॥

ਰਸਾਲੂ ਦਾ ਚਲਿਆ ਜਾਣਾ ਬਣੋਬਾਸ ਕੋ

ਮਾਤਾ ਲੂਣਾ ਨੂੰ ਟੇਕ ਕੇ ਝਟ ਮੱਥਾ ਹੋਇਆ ਘੋੜੇ ਦੇ ਉਤੇ ਸਵਾਰ ਯਾਰੋ॥ ਝਟ ਛੇੜਕੇ ਘੋੜੇ ਨੂੰ ਤੁਰ ਪੈਂਦਾ ਬਣੋ ਬਾਸ ਨੂੰ ਗਿਆ ਸਿਧਾਰ ਯਾਰੋ॥ ਬਣਬਾਸ ਦੇ ਵਿਚ ਲੈ ਜਾਇਕੇ ਤੇ ਸੱਚੇ ਰੱਬ ਨੂੰ ਕਰੇ ਪੁਕਾਰ ਯਾਰੋ॥ ਵਿਚ ਰੋਹੀ ਦੇ ਜਾਨਵਰ ਬਹੁਤ ਦੇਖੇ ਐਪਰ ਆਂਵਦਾ ਉਹਨੂੰ ਖੁਆਰ ਯਾਰੋ॥ ਐਪਰ ਛੇੜਕੇ ਘੋੜੇ ਨੂੰ ਲਖ ਗਿਆ ਦਿਲ ਬੰਨ੍ਹਕੇ ਬਹੁਤ ਕਰਾਰ ਯਾਰੋ॥ ਅਗੇ ਹੋਰ ਹੀ ਜਾਇਕੇ ਹਾਲ ਦੇਖੇ ਮਚੇ ਬਿਰਛ ਅੱਗ ਦੇ ਨਾਰ ਯਾਰੋ॥ ਉਸ ਬਿਰਛ ਤੇ ਇਕ ਹੀ ਤੋਤਾ ਬੈਠਾ ਉਡ ਸਕੇ ਨਾ ਕਿਸੇ ਭੀ ਹਾਰ ਯਾਰੋ॥ ਰਾਜਾ ਆਖਦਾ ਤੋਤੇ ਨੂੰ ਉੱਡ ਜਾ ਓਏ ਐਵੇਂ ਸੜੇਂਗਾ ਨਹੀਂ ਵਿਚ ਆਰ ਯਾਰੋ॥ ਤੋਤਾ ਆਖਦਾ ਏਥੋਂ ਨਹੀ ਉਡਦਾ ਹਾਂ ਮੈਂ ਤਾਂ ਸੜੂੰਗਾ ਏਸਦੇ ਨਾਰ ਯਾਰੋ॥ ਤੋਤਾ ਆਖਦਾ ਸੱਚ ਹੀ ਸੁਣੀਂ ਰਾਜਾ ਹਾਲ ਦਸਦਾ ਸਾਰਾ ਉਚਾਰ ਰਾਰੋ॥ ਗੁਰੂ ਗੋਰਖ ਦੀ ਲਬਾ ਤੇ ਪੈਦਾ ਹੋਇਆ ਸੁੰਦਰ ਤੋਤਾ ਨਾਮ ਉਚਾਰ ਯਾਰੋ॥ ਰਾਜਾ ਆਖਦਾ ਸੁਣੀਂ ਤੂੰ ਤੋਤਿਆ ਓਏ ਮੇਰੇ ਹਥ ਤੇ ਬੈਠ ਜਾ ਆਰ ਯਾਰੋ॥ ਤੋਤਾ ਆਖਦਾ ਕੌਲ ਕਰਾਰ ਕਰਦੇ ਫੇਰ ਹਥ ਤੇ ਬੈਠੂੰਗਾ ਅਣ ਯਾਰੋ॥ ਕਿਤੇ ਫੇਰ ਲਜਾਇਕੇ ਛੱਡ ਜਾਵੇਂ ਦਗਾ ਕਰੀਂ ਨਾ ਮੇਰੇ ਤੂੰ ਨਾਰ ਯਾਰੋ॥ ਜੇ ਤੂੰ ਜਾਨ ਦੇ ਉਪਰ ਦੀ ਰੱਖ ਲਵੇਂ ਤਾਂ ਹੀ ਚਲੂੰ ਮੈ ਤੇਰੇ ਨਾਰ ਯਾਰੋ॥ ਰਾਜਾ ਆਖਦਾ ਸੁੰਦਰ ਤੋਤਿਆ ਓਏ ਤੈਨੂੰ ਰਖੂੰ ਮੈਂ ਖੂਬ ਸਵਾਰ ਯਾਰੋ॥ ਏਨੀ ਸੁਣਕੇ ਤੋਤੇ ਨੇ ਝਟ ਦੇਕੇ ਬੈਠ ਗਿਆ ਲੈ ਹੱਥ ਤੇ ਆਰ ਯਾਰੋ॥ ਰਾਜਾ ਲੈਕੇ ਤੋਤੇ ਨੂੰ ਤੁਰ ਪਿਆ ਵਡੇ ਸ਼ੌਕ ਦੇ ਨਾਲ ਸਵਾਰ ਯਾਰੋ॥ ਅਗੇ ਸ਼ੈਹਰ ਜੋ ਰਾਜੇ ਸਰਕੱਪ ਦਾ ਸੀ ਉਬੇ ਜਾਇਕੇ ਖੁਸ਼ੀਦੇ ਨਾਰ ਯਾਰੋ॥ ਮਿਤਸਿੰਘ ਸਰ-ਕੱਪਦੇ ਸ਼ੈਹਰ ਜਾਕੇ ਬੈਠ ਗਏ ਤਲਾਓ ਜਾਰ ਯਾਰੋ॥

ਰਸਾਲੂ ਦਾ ਜਾਣਾ ਸ਼ੈਹਰ ਵਿਚ

॥ਕੋਰੜਾ ਛੰਦ॥

ਰਾਜੇ ਸਰਕੱਪ ਦੇ ਸ਼ੈਹਰ ਵਿਚ ਜਾਣਾ ਰਸਾਲੂ ਦਾ

ਬੈਠ ਗਿਆ ਤਲਾਓ ਉਤੇ ਰਾਜਾ ਜਾਇਕੇ॥ ਪੀਵਣਾ ਹੈ ਪਾਣੀ ਏਥੇ ਦਮ ਪਾਇਕੇ॥ ਪੌੜੀਆਂ ਦੇ ਦੇ ਉਤੇ ਤੋਤਾ ਬੈਠਾ ਜਾਇਕੇ॥ ਮਾਰਦਾ ਹੈ ਨਿਗਾ ਜੋ ਚੌਫੇਰੇ ਧਾਇਕੇ॥ ਪੌੜੀਆਂ ਦੇ ਉਤੇ ਲਿਖਿਆ ਹੋਇਆਂ ਜਾਣਕੇ॥ ਪੀਵੇ ਜੇੜਾ ਪਾਣੀ ਬਾਜੀ ਖੇਡੇ ਆਣਕੇ॥ ਰਾਜੇ ਤਾਈਂ ਕੇਹਾ ਤੋਤੇ ਨੇ ਸੁਣਾ-ਇਕੇ॥ ਵੇਖ ਏਕੀ ਲਿਖਿਆ ਕੋਲ ਆਪ ਆਇਕੇ॥ ਦੇਖਕੇ ਰਸਾਲੂ ਤੋਤੇ ਨੂੰ ਸੁਣਾਉਂਦਾ॥ ਖੇਡੋ ਫੇਰ ਬਾਜੀ ਦੇਰ ਕਾਨੂੰ ਲਾਉਂਦਾ॥ ਤੋਤਾ ਅਕਲਵੰਦ ਪੁਛਣਾ ਕਰਾਉਂਦਾ॥ ਖੇਡੋ ਫੇਰ ਬਾਜੀ ਦੇਰ ਕਾਨੂੰ ਲਾਉਂਦਾ॥ ਤੁਰ ਪਏ ਉਥੋਂ ਝਟ ਫੇਰ ਧਾਇਕੇ॥ ਲੰਕਾਗੜ ਸ਼ੈਹਰ ਵਿਚ ਵੜੇ ਜਾਇਕੇ॥ ਮੂਰੇ ਦਰਵਾਜੇ ਦੇ ਖੜੇ ਲੈ ਜਾਇਕੇ॥ ਆਖਦਾ ਹੈ ਤੋਤਾ ਰਾਜੇ ਨੂੰ ਸੁਣਾਇਕੇ॥ ਗੱਲ ਸੁਣ ਮੇਰੀ ਤੂੰ ਧਿਆਨ ਲਾਇਕੇ॥ ਰਾਜੇ ਸਰਕੱਪ ਨੇ ਪੈਹਰਾ ਬਠਾਲਿਆ॥ ਵੜੇ ਜੇੜ੍ਹਾ ਅੰਦਰ ਉਹਨੂੰ ਝਟ ਮਾਰਿਆ॥ ਤੋਤਾ ਅਗੋਂ ਝਟ ਕਰਲਿਆਂ ਖਿਆਲ ਜੀ॥ ਰਚਿਆ ਜੇੜ੍ਹਾ ਉਨਾਂ ਦਾ ਭਾਰੀ ਲੈ ਜਾਲ ਜੀ॥ ਭੋਲੂ ਬਾਂਦਰ ਤੋਤੇ ਦੇੇ ਪਿਆ ਖਿਆਲ ਜੀ॥ ਰਚਿਆ ਜੇੜ੍ਹਾ ਉਨਾਂ ਦਾ ਭਾਰੀ ਲੈ ਜਾਲ ਜੀ॥ ਮਿਤਸਿੰਘਾ ਤੋਤਾ ਰਾਜੇ ਨੂੰ ਸਣਾਉਂਦਾ॥ ਮਾਰ ਦੇਓ ਗੋਲੀ ਏਹੀ ਹੈ ਕਰਾਉਂਦਾ॥

ਭੋਲੂ ਬਾਂਦਰ ਦਾ ਮਾਰਨਾ ਦਰਵਾਜੇ ਤੇ ਬਠਾ ਬੈਤ ॥ਭੋਲੂ ਬਾਂਦਰ ਦਰਵਾਜੇ ਦੇ ਉਤੇ ਬੈਠਾ ਤੋਤੇ ਰਾਜੇ ਨੂੰ ਦਸਿਆ ਝਟ ਦੇਕੇ।। ਰਾਜਾ ਆਖਦਾ ਏਸਦਾ ਫਾਹ ਵਢਾਂ ਤੀਰ ਮਾਰਿਆ ਬਾਂਦਰ ਦੇ ਕਟ ਦੇਕੇ। ਤੀਰ ਲਗਦੇ ਹੀ ਕਲਾ ਜੋ ਛੁਟ ਗਈਆਂ ਡਿਗਾ ਫੇਰ ਦਰਵਾਜਾ ਜੋ ਸਟਦੇਕੇ॥ ਭੋਲੂ ਬਾਂਦਰ ਨੂੰ ਮਾਰਕੇ ਮਿਤਸਿੰਘਾ ਫੇਰ ਵੜਗੇ ਸ਼ੈਹਰ ਵਿਚ ਸਟ ਦੇਕੇ॥

ਸ਼ੈਹਰ ਵਿਚ ਵੜਕੇ ਰਾਜੇ ਨੇ ਦੋਸਤ ਬਣੌਨਾ

ਕਬਿੱਤ॥ ਵੜਕੇ ਸ਼ੈਹਰ ਰਾਜੇ ਦਿਲ ਮੈਂ ਬਚਾਰ ਕੀਤੀ ਮਿਤਰ ਜੇ ਬਣਾਈਏ ਧੋਖਾ ਫੇਰ ਨਹੀਂ ਔਂਦਾ॥ ਮਿਤਰ ਜਿਨਾਂ ਦੇ ਹਰ ਦਮ ਫੇਰ ਕੈਮ ਰੈਂਦੇ ਔਖੇ ਵੇਲੇ ਦੁਖ ਸੁਖ ਭਾਰੀ ਹੈ ਬਡੌਂਦਾ॥ ਐਨੀ ਜੋ ਥਬੀਕ ਵਿਚ ਦੋਸਤਾਂ ਦੇ ਹੋਵੰਦੀ ਹੈ ਮਰਦੇ ਨੂੰ ਕੋਲੋਂ ਫੇਰ ਝਟ ਹੈ ਬਚੋਂਦਾ॥ ਮਿਤਰਾਂ ਦੇ ਨਾਲ ਧੋਖਾ ਕਰੇ ਜੇੜਾ ਮਿਤਸਿੰਘਾ ਅੰਤ ਕਾਲ ਫੇਰ ਵਿਚ ਨਰਕਾਂ ਦੇ ਜਾਆਉਂਦਾ॥ ਕੋਰੜਾ ਛੰਦ॥

ਸ਼ੈਹਰ ਵਿਚ ਰਾਜੇ ਦੋਸਤ ਬਣਾ ਲਿਆ॥ ਭਾਈ ਬੰਦ ਤੂੰ ਹੀ ਮੇਰਾ ਹੈ ਕਹਾਲਿਆ॥ ਤੂੰਹੀ ਮੈਰੀ ਜਾਨ ਤੂੰ ਹੀ ਮੇਰੀ ਜਿੰਦ ਜੀ॥ ਦੋਸਤ ਬਣਾਇਆ ਲਾਈ ਨਹੀਂ ਬਿੰਦ ਜੀ॥ ਰਾਜੇ ਸਰਕਪਦਾ ਦਸੇ ਜੋ ਹਾਲ ਜੀ॥ ਖੇਡਦਾ ਹੈ ਬਾਜੀ ਬਡੀ ਧੋਖੇ ਨਾਲ ਜੀ॥ ਪਾਸੇ ਹੇਠ ਚੂਹੇ ਰਖਦਾ ਲੁਕਾਇਕੇ॥ ਨਰਦਾਂ ਉਲਟਦੇ ਚੂਹੇ ਫੇਰ ਆਇਕੇ॥ ਏਹ ਏਹਦੀ ਕਾਰ ਹੋਰ ਨਹੀਂ ਗਲ ਜੀ॥ ਸਿਟੇ ਜਦੋਂ ਨਰਦਾਂ ਚੂਹੇ ਔਣ ਚਲ ਜੀ॥ ਖੇਡਣਾ ਜੇ ਬਾਜੀ ਤੁਸਾਂ ਨੇ ਲੈ ਜਾਇਕੇ॥ ਬਿਲੀ ਇਕ ਰਖੋ ਕੋਲ ਜੀ ਬਹਾਇਕੇ॥ ਔਣ ਜਦੋਂ ਚੂਹੇ ਬਿੱਲੀ ਪਵੇ ਭੱਜਕੇ॥ ਭਜ ਜਾਣ ਚੂਹੇ ਨਰਦਾਂ ਨੂੰ ਤੱਜਕੇ॥ ਆਖਦਾ ਰਸਾਲੂ ਏਹੀ ਠੀਕ ਗੱਲ ਜੀ॥ ਬਿੱਲੀ ਸਾਨੂੰ ਲਿਆ ਦੇਓ ਬਜਾਰੋਂ ਮੁਲ ਜੀ॥ ਮੂਰੇ ਇਕ ਚੌਕੀ ਬੈਠੀ ਹੈਗੀ ਹੋਰ ਜੀ॥ ਭੰਨਕੇਤੇ ਚੌਕੀ ਧੌਸੇ ਨੂੰ ਟਕੋਰ ਜੀ॥ ਤੁਰ ਪਿਆ ਰਸਾਲੂ ਅਗੇ ਫੇਰ

ਧਾਇਕੇ॥ ਬੁਢੀਆਂ ਕੋਲ ਗਿਆ ਚਿਤ ਨੂੰ ਲਗਾਇਕੇ॥ ਦੇਖ ਕੇਤੇ ਬੁਢੀ ਹੋਈ ਹੈ ਅਨੰਦ ਜੀ॥ ਅਓ ਮੇਰੇ ਬੱਚਿਆ ਕਿਥੋਂ ਆਏ ਚੰਦ ਜੀ॥ ਫੜਦੀ ਰਸਾਲੂ ਦੀ ਲੈ ਬਾਂਹ ਜਾਇਕੇ॥ ਮੰਜੇ ਉਤੇ ਬੈਠੋ ਬਚਿਆ ਲੈਆਇਕੇ॥ ਅਖਦਾ ਸੀ ਤੋਤਾ ਏਹਦਾ ਫਾਹ ਵੱਢ ਜੀ॥ ਚਕਕੇ ਤੇ ਬੁਢੀ ਨੂੰ ਲੈ ਵਿਚ ਗਡ ਜੀ॥ ਸੁਣਕੇ ਰਸਾਲੂ ਨੇ ਨਾ ਲਾਈ ਡੇਰ ਜੀ॥ ਚਕਕੇਤੇ ਬੁਢੀ ਵਿਚ ਮਾਰੀ ਫੇਰ ਜੀ॥ ਧੋਂਸੇ ਤੇ ਟਕੋਰ ਫੇਰ ਲਾਈ ਜਾਇਕੇ॥ ਬਾਦਸ਼ਾਹ ਨੇ ਸੁਣੀ ਲੈ ਉਹਵਾਜ ਆਇਕੇ ॥ਕਹੇ ਸਰਕਪ ਮਿਤਸਿੰਘਾ ਬੋਲਕੇ। ਲਿਆਇਆ ਏਹਦਾ ਕਾਲ ਮੇਰੇ ਕੋਲ ਟੋਲਕੇ॥

ਅਗੇ ਜਾਕੇ ਰਸਾਲੂ ਨੇ ਲਾਸ਼ਾਂ ਵੱਢਣੀਆਂ

ਸਵੈਯਾ॥ ਅਗੇ ਫੇਰ ਰਸਾਲੂ ਨੇ ਨਿਗਾ ਮਾਰੀ ਦੇਖੇ ਲੜਕੀਆਂ ਸਰਕਪ ਵੀਆਂ ਝੂਰ ਰਈਆਂ॥ ਕੋਲ ਉਨਾਂ ਦੇ ਜਾਇਕੇ ਖੜ ਗਿਆ ਆਪਸ ਵਿਚ ਉਹਸੈਨਾਂ ਲੈ ਮਾਰ ਰਈਆਂ ਲਾਸ਼ਾਂ ਫੇਰ ਰਸਾਲੂ ਨੇ ਕਟਤੀਆਂ ਦੜਾ ਦੜ ਜਮੀਨ ਤੇ ਫੇਰ ਗਰਈਆਂ॥ ਮਿਤਸਿੰਘ ਲੈ ਉਨਾਂ ਦੇ ਗੋਡੇ ਫੁਟੇ ਫੇਰ ਦੇਖ ਬਚਾਰੀਆਂ ਰੋਏ ਰਈਆਂ॥

ਸਵੈਯਾ॥ ਜਾਕੇ ਕੋਲ ਸਰਕਪ ਦੇ ਹਾਲ ਦਸਿਆ ਅਜ ਬਾਦਸ਼ਾਹ ਹੋਰ ਇਕ ਡੀਠ ਹੀ ਆਓ॥ ਸਾਡੇ ਨਾਲ ਪਿਤਾਓਨੇ ਜੁਲਮ ਕਰਿਆ ਗੜ ਲੰਕਾ ਵਿਚੋਂ ਹੁਣ ਜਾਣਾ ਨੀ ਪਾਓ॥ ਉਹਦੇ ਨਾਲ ਪਿਤਾ ਤੁਸੀ ਬਾਜੀ ਖੇਡੋ ਬਾਜੀ ਜਿਤਕੇ ਉਸਨੂੰ ਮਾਰ ਗਵਾਓ॥ ਮਿਤਸਿੰਘ ਨਾ ਉਸਦਾ ਕਖ ਛਡਿਓ ਲੜਕੀ ਫੇਰ ਸਰਕਪ ਦੀ ਆਖ ਸੁਣਾਓ॥ ਦੋਹਿਰਾ॥ ਸੁਣਕੇ ਇਤਨੀ ਬਾਤ ਜੋ ਹੋਇਆ ਸਰ ਕਪ ਤਿਆਰ॥ ਬਾਜੀ ਖੇਡਣ ਵਾਸਤੇ ਚੂਹੇ ਲਏ ਸੰਗਾਰ॥ ਕਬਿੱਤ॥ ਖੇਡਣੇ ਕੋ ਬਾਜੀ ਦੋਨੋਂ ਹੋ ਗਏ ਤਿਆਰ ਭਾਈ ਆਪਸ ਦੇ ਵਿਚ ਹੁਣ ਸ਼ਰਤ ਲਗਾਂਵ॥ ਕਹੇ ਸਰਕਪ ਸ਼ਰਤ ਲਾਵਣੀ ਹੈ ਏਹੋ ਭਾਈਂ ਜੇ ਮੈ ਜਿੱਤਾਂ ਬਾਜੀ ਸੀਸ ਤੇਰੇ ਨੂੰ ਕਵਾਂਵਦੇ॥ ਸਿਰਾਂ ਧੜਾਂ ਵਲੀ ਸ਼ਰਤ ਲਾਵਣੀਹੈ ਏਹੋ ਭਾਈ ਏਦੂੰ ਘਟ ਸ਼ਰਤ ਫੇਰ ਕਦੇ ਨਹੀਂ ਲਾਂਵਦੇ॥ ਆਖਦਾ ਰਸਾਲੂ ਏਹੋ ਠੀਕ ਸ਼ਰਤ ਮਿਤਸਿੰਘਾ ਸਿਟੋ ਝਟ ਨਰਦਾਂ ਦੇਰ ਕਾਸਨੂੰ ਲਗਾਂਵਦੇ॥ ਲਟਪਾਟਾ ਛੰਦ॥ ਸਿਟੇ ਸਰ ਕੱਪ ਨਰਦਾਂਂ ਸੁਣਾਇਕੇ॥ ਖਿੱਚੇ ਜਦੋਂ ਨੱਥਾ ਚੂਹੇ ਔਣ ਧਾਇਕੇ॥ ਦੇਖਕੇ ਰਸਾਲੂ ਨੇ ਪੂਰਾ ਜੋ ਹਾਲ ਜੀ॥ ਬਿੱਲੀ ਝਟ ਕੱਢਕੇ ਬਠਾਈ ਨਾਲ ਜੀ॥ ਦੇਖਕੇ ਬਿੱਲੀ ਨੂੰ ਚੂਹੇ ਗਏ ਭਜ ਜੀ॥ ਕਹੇ ਸਰਕੱਪ ਏਕੀ ਹੋਇਆ ਚੱਜ ਜੀ॥ ਸਿਟੇ ਜਦੋਂ ਨਰਦਾਂ ਰਸਲੂ ਧਾਇਕੇ॥ ਪੈਂਦੇ ਪੂਰੇ ਬਾਰਾਂ ਨਰਦਾਂ ਦੇ ਜਾਇਕੇ॥ ਕਹੇ ਸਰਕੱਪ ਬਾਜੀ ਜਿਤੀ ਜਾਂਵਦ॥ ਸੱਦਕੇ ਤੇ ਧੀਆਂ ਨਾਚ ਜੋ ਕਰਾਂਵਦਾ॥ ਆਖਦਾ ਰਸਾਲੂ ਏਹ ਬੁਰਾ ਹੈ ਪਾਪ ਜੀ॥ ਦੇਖੋ ਕੁੜੀਆਂ ਨੂੰ ਨਚਾਵੇ ਅਪ ਜੀ॥ ਚਕਕੇਤੇ ਡੰਡਾ ਉਨਾਂ ਦੇ ਲਗਾਂਵਦਾ॥ ਕਿਥੇ ਕੁੜੀਆਂ ਨੂੰ ਆਇਕੇ ਨਚਾਂਵਦਾ॥ ਕਹੇ ਸਰਕੱਂਪ ਏਹਕੀ ਨ੍ਹੇਰ ਪੈਗਿਆ॥ ਜਿਤਕੇ ਤੇ ਬਾਜੀਓ ਰਸਾਲੂ ਲੈਗਿਆ॥ ਅਜ ਤਾਈਂ ਬਾਜੀ ਨਾ ਕਿਸੇ ਨੂੰ ਹਾਰਿਆ॥ ਫੁਟਗੇ ਕਰਮ ਓਏ ਨਸੀਬ ਹਾਰਿਆ॥ ਆਖਦਾ ਰਸਾਲੂ ਖੰਡੇ ਨੂੰ ਸਜਾਇਕੇ॥ ਜਿੱਤ ਲਈ ਬਾਜੀ ਸੀਸ ਦੇਦੇ ਆਇਕੇ॥ ਵਡੇ ਵਡੇ ਬਾਦਸ਼ਾਹ ਨੂੰ ਮਾਰ ਭੁਲਿਆ॥ ਦੇਦੇ ਹੁਣ ਬਾਰੀ ਬੈਠਾ ਕਾਨੂੰ ਡੁਲਿਆ॥ ਵਡੇ ਵਡੇ ਮਾਰੇ ਤੈਂ ਮਾਈਆਂ ਦੇ ਲਾਲ ਜੀ॥ ਦੇਦੇ ਹੁਣ ਵਾਰੀ ਵੱਡੇ ਚਿਤ ਨਾਲ ਜੀ॥ ਕਹੇ ਸਰਕੱਪ ਸੀਸ ਬੱਢੀਂ ਆਇਕੇ। ਬਦਣੇ ਦਾ ਗੇੜਾ ਪੈਹਲਾਂ ਲਿਆ ਦੇ ਜਾਇਕੇ॥ ਆਖਦਾ ਰਸਾਲੂ ਮਿਤਸਿੰਘ ਬੋਲਕੇ॥ ਬਦਨਾ ਜੇੜਾ ਤੇਰਾ ਦੇ ਦੇ ਸਾਨੂੰ ਤੋਲਕੇ॥ ਦੋਹਿਰਾ॥ ਬਦਨਾ ਆਖ ਚੁਕਾਂਵਦਾ ਰਸਾਲੂ ਨੂੰ ਜੀ ਫੇਰ॥ ਆਏ ਨੂੰ ਅਸੀ ਤੋਲਣਾ ਘਟੇ ਬਦਨਾ ਸੇਰ॥ ਬੈਤ॥ ਚਕ ਬਦਣੇ ਨੂੰ ਮੋਢੇ ਤੇ ਰਖਲਿਆ ਫੇਰ ਸ਼ੈਹਰ ਦੇ ਉਪਰ ਨੂੰ ਜਾਂਵਦਾ ਜੀ॥ ਅਗੇ ਜਾਇਕੇ ਬਦਨ ਨੇ ਹੁਨਰ ਕਰਿਆ ਦੇਹੀ ਆਪਣੀ ਫੇਰ ਬਧਾਂਵਦਾ ਜੀ॥ ਟੰਗਾਂ ਅਪਣੀਆਂ ਬਦਨ ਬਧਾਇਕੇ ਤੇ ਗਲ ਫੇਰ ਰਸਾਲੂ ਦੇ ਪਾਂਵਦਾ ਜੀ॥ ਰਾਜੇ ਮਾਰਨ ਦਾ ਉਸਨੇ ਹੁਨਰ ਕਰਿਆ ਮਿਤਸਿੰਘ ਓ ਗਲ ਘੂਟਾਂਵਦਾ ਜੀ॥ ਬਦਣਾ ਫੇਰ ਜਮੀਨਦੇ ਸਿਟ ਦਿਤਾ ਖੰਡਾ ਧੂਕੇ ਕੁਲ ਲਜਾਂਵਦਾ ਜੀ। ਖੰਡਾ ਦੇਖਕੇ ਬਦਣੇ ਝਿਗਾੜ ਮਾਰੀ ਫੇਰ ਰਬਦੇ ਵਾਸਤੇ ਪਾਂਵਦਾ ਜੀ॥ ਏਦੂੰ ਬਦਦਾ ਨਹੀਂ ਏਦੂ ਹੁਣ ਘਟਦਾ ਨਹੀਂ ਕਾਨੂ ਰਾਜਿਆ ਮਾਰ ਗਮਾਂਵਦਾ ਜੀ॥ ਮਿਤਸਿੰਘ ਤੂੰ ਰਾਜਿਆ ਛਡ ਦੇਈਂ ਚਾਰ ਲਾਲ ਮੈਂ ਤੈਨੂੰ ਦਸਾਂਵਦਾ ਜੀ॥ ਰਾਜਾ ਆਖਦਾ ਬਦਣੇ ਨੂੰ ਦਸ ਮੈਨੂੰ ਚਾਰ ਲਾਲ ਤੂੰ ਜੇੜੇ ਦਸਾਂਵਦਾ ਜੀ॥ ਬਦਣਾ ਆਖਦਾ ਐਸ ਲੈ ਸੜਕ ਉਤੇ ਬਾਹਰ ਕੋਠੀ ਲੈ ਮੇਰੀ ਕਹਾਂਵਦਾ ਜੀ॥ ਉਸ ਕੋਠੀਚ ਪਲੰਗ ਇਕ ਡਿਠਾ ਹੈਗਾ ਉਹਦੇ ਪਾਵਿਆਂ ਦੇ ਹੇਠ ਦਸਾਂਵਦਾ ਜੀ॥ ਮਿਤਸਿੰਘ ਲੈ ਬਦਣੇ ਨੂੰ ਚਕਕੇ ਤੇ ਸਰਕਪ ਦੇ ਕੋਲ ਲਜਾਂਵਦਾ ਜੀ॥ ਬੈਤ॥ ਜਾਕੇ ਫੇਰ ਸਰਕਪ ਨੂੰ ਕੇਹਾ ਓਨੇ ਆ ਤੂੰ ਬਦਣਾ ਆਪਣਾ ਤੋਲ ਲੈ ਓਏ॥ ਹੁਣ ਤੇਰੇ ਮੈਂ ਸੀਸ ਨੂੰ ਵੱਢਦਾ ਹਾਂ ਫੇਰ ਹੋਰ ਬਹਾਨਾ ਤੂੰ ਭਾਲ ਲੈ ਓਏ॥ ਵੱਡੇ ਮਾਈਆਂ ਦੇ ਲਾਲ ਤੈਂ ਗਰਕ ਕੀਤੇ ਅਪਣੀ ਜੇਹੀ ਤੂੰ ਜਿੰਦੜੀ ਜਾਨ ਲੈ ਓਏ॥ ਮਿਤਸਿੰਘ ਤੈਂ ਧੋਖੇ ਦੇ ਨਾਲ ਮਾਰੇ ਗੁਰੂ ਮਿਲਿਆ ਮੈਂ ਤੈਨੂੰ ਹੁਣ ਆਣ ਲੈ ਓਏ॥

ਰਸਾਲੂ ਦਾ ਜਾਣਾ ਲਾਲ ਲੈਣ ਕੇ ਵਾਸਤੇ

ਬੈਤ॥ ਝਟ ਛੇੜਕੇ ਘੋੜੇ ਨੂੰ ਤੁਰ ਪਿਆ ਉਸ ਕੋਠੀ ਨੂੰ ਗਿਆਂ ਸੁਧੇਰ ਬੇਲੀ॥ ਉਸ ਕੋਠੀਚ ਦਿਓਣੀਆਂ ਚਾਰ ਹੈ ਸਨ ਤਿੰਨ ਬੈਠੀਆਂ ਆਦਮੀ ਘੇਰ ਬੇਲੀ॥ ਉਨਾਂ ਚੌਹਾਂ ਦੀ ਵੱਡਨਾ ਠੀਕ ਬੈਠੇ ਮੈਨੇ ਜਾਰਿਆ ਚੌਥਾਏ ਫੇਰ ਬੇਲੀ॥ ਮਿਤਸਿੰਘ ਰਸਾਲੂ ਨੂੰ ਦੇਖਕੇ ਤੇ ਖ਼ੁਸ਼ੀ ਹੋਣ ਓਏ ਦਿਓਣੀਆਂ ਫੇਰ ਬੇਲੀ॥

ਦਿਓਣੀਆਂ ਕੋ ਮਾਰ ਦੇਣਾ ਰਸਾਲੂ ਨੇ

ਬੈਤ॥ ਜਵਾਬ ਸੁੰਦਰ ਤੋਤੇ ਦਾ॥ ਤੋਤਾ ਆਖਦਾ ਏਨਾਂ ਨੂੰ ਘੇਰਕੇਤੇ ਇਕ ਖੂੰਜੇ ਦੇ ਵਿਚ ਤੂੰ ਵਾੜ ਭਾਈ॥ ਇਕ ਜਗਾ ਜਦ ਕਠੀਆਂ ਹੋਣ ਚਾਰੇ ਖੰਡਾ ਮਾਰਕੇ ਸੀਸ ਤੂੰ ਝਾੜ ਭਾਈ॥ ਸੁਣਕੇ ਗਲ ਰਸਾਲੂ ਫੇਰ ਘੇਰ ਲੈਂਦਾ ਇਕ ਖੂੰਜੇ ਦੇ ਵਿਚ ਲਈਆਂ ਵਾੜ ਭਾਈ॥ ਖੰਡਾ ਧੂਕੇ ਚੌਹਾਂ ਦੇ ਸੀਸ ਵਢੇ ਮਿਤਸਿੰਘ ਉਕਾੜ ਲੈ ਕਾੜ ਭਾਈ॥ ਦੋਹਿਰਾ॥ ਲਾਲ ਉਥੋਂ ਜੀ ਕਢਕੇ ਆਇਆ ਸ਼ੈਹਰ ਵਿਚ ਫੇਰ॥ ਸੀਸ ਸਰਕੱਪ ਦਾ ਵਢਣੋਂ ਲੌਣੀ ਨਾਹੀਂ ਡੇਰ॥ ਰਾਜੇ ਸਰਕੱਪ ਦੇ ਘਰ ਲੜਕੀ ਪੈਦਾਵਾਰ ਹੋਣੀ ਰਸਾਲੂ ਨੂੰ ਬਿਆਹ ਦੇਣੀ॥ ਚਰਪਟ ਛੰਦ॥ ਅਗੇ ਦਾ ਜੋ ਹਾਲ ਦਸਦਾ ਉਚਾਰਕੇ॥ ਸੁਣੋ ਮੇਰੇ ਵੀਰ ਜੀ ਦਲੀਲ ਧਾਰਕੇ॥ ਰਾਜੇ ਸਰਕੱਪ ਦਾ ਦਸਾਂ ਜੋ ਹਲ ਜੀ॥ ਉਹਦੇ ਘਰ ਜੰਮੀ ਇਕ ਕੰਨਿਆ ਬਾਲ ਜੀ॥ ਚਕਕੇ ਤੇ ਕੰਨਿਆ ਪਰਾਤ ਪਾਂਵਦਾ॥ ਰਾਜੇ ਜੋ ਰਸਾਲੂ ਨੂੰ ਫੇਰੇ ਦਬਾਂਵਦਾ॥ ਉਸ ਸਚੇ ਸਾਈਂ ਦਾ ਨਹੀਂ ਅੰਤ ਆਂਵਦਾ॥ ਰਾਜੇ ਜੋ ਰਸਾਲੂ ਨੂੰ ਫੇਰੇ ਦਬਾਂਵਦਾ॥ ਫੇਰੇ ਦੇਣ ਵਿਚ ਬਚ ਰਹੀ ਜਿੰਦਜੀ॥ ਕਰਲਿਆ ਜਮਾਈ ਲਈ ਨਹੀਂ ਬਿੰਦ ਜੀ॥ ਕਹਿੰਦਾ ਸਰਕੱਪ ਸਾਂ ਬਰਾਜ ਬਚਿਆ॥ ਵਿਚ ਸੰਸਾਰ ਨਾਮ ਤੇਰਾ ਰਚਿਆ॥ ਅਧਾ ਰਾਜ ਸਾਂਭ ਗੱਦੀ ਬੈਠ ਬਚਿਆ॥ ਵਿਚ ਸੰਸਾਰ ਨਾਮ ਤੇਰਾ ਰਚਿਆ॥ ਆਖਦਾ ਰਸਾਲੂ ਮਿਤਸਿੰਘ ਬੋਲ ਜੀ॥ ਜਗਾ ਦੇਦੇ ਸਾਨੂੰ ਰੈਂਣਾ ਤੇਰੇ ਕੋਲ ਜੀ॥ ਦੋਹਿਰਾ॥ ਰਾਜੇ ਜੋ ਸਰਕੱਪ ਨੂੰ ਕਹੇ ਰਸਾਲੂ ਬੋਲ॥ ਰਾਜ ਤੇਰੇ ਦੀ ਲੋੜ ਨੀ ਰੈਹਣਾ ਤੇਰੇ ਕੋਲ॥ ਦੋਹਿਰਾ॥ ਰਸਾਲੂ ਰੈਹਣ ਜੀ ਲੱਗਿਆ ਬਡੀ ਖੁਸ਼ ਦੇ ਨਾਲ॥ ਰੈਂਹਦੇ ਤਾਈਂ ਬੀਤਗੇ ਹੋਗੇ ਬਾਰਾਂ ਸਾਲ॥ ਬੈਂਤ॥ ਬਾਰਾਂ ਸਾਲ ਜੀ ਜਦੋਂ ਬਤੀਤ ਹੋਏ ਲੜਕੀ ਹੋਈ ਹੁਸ਼ਿਆਰ ਸਰਕੱਪ ਦੀ ਜੀ॥ ਸਭ ਗਲ ਦੀ ਉਹਨੂੰ ਜਦ ਹੋਸ਼ ਆਈ ਕੰਧ ਕੋਠਿਆਂ ਫੇਰ ਉਹ ਟੱਪਦੀ ਜੀ॥ ਵਿਚ ਬੈਠਕੇ ਮੋਰੀ ਦੇ ਨਿਗਾ ਮਾਰੇ ਨਿਗਾ ਮਾਰਦੀ ਤੇਜ ਜਿਉਂ ਸੱਪਦੀ ਜੀ॥ ਮਿਤਸਿੰਘ ਜੁਆਨੀ ਨੇ ਜੋਰ ਪਾਇਆ ਦੇਖ ਚੋਬਰਾਂ ਬਲ ਉਹ ਟੱਪਦੀ ਜੀ॥ ਬੈਂਤ॥ ਸੁੰਦਰ ਤੋਤਾ ਜੋ ਇਕ ਜਵਾਬ ਕਰਦਾ ਫੇਰ ਰਾਜੇ ਨੂੰ ਖੂਬ ਸਮਝਾਂਵਦਾਈ॥ ਸੁਣੀਂ ਰਾਜਿਆ ਗਲ ਤੂੰ ਧਿਆਨ ਧਰਕੇ ਤੇਰੀ ਰਾਣੀ ਦੀ ਗਲ ਦਸਾਂਵਦਾਈ॥ ਰਾਣੀ ਕੋਕਲਾਂ ਬਹੁਤ ਸ਼ੁਕੀਨ ਹੋਈ ਚੰਗੀ ਕਰਦਾ ਜੇ ਏਥੋਂ ਲੈ ਜਾਂਵਦਾਈ॥ ਮਿਤਸਿੰਘ ਓਹ ਤੋਤੇ ਦੀ ਗੱਲ ਸੁਣਕੇ ਤਿਆਰੀ ਫੇਰ ਰਸਾਲੂ ਕਰਾਂਵਦਾਈ॥ ਦੋਹਿਰਾ॥ ਰਾਜੇ ਜੋ ਸਰਕੱਪ ਨੂੰ ਕਹਿੰਦਾ ਆਖ ਸੁਣਾਏ॥ ਪਿਛਾ ਨੂੰ ਹੁਣ ਜਾਂਵਦਾ ਵਿਦਿਆ ਝਟ ਕਰਾਏ॥ ਰਸਾਲੂ ਦਾ ਉਥੋਂ ਚਲਿਆ ਜਾਣਾ ਤੇ ਭਾਦਸੋ ਆ ਜਾਣਾ॥। ਲਟਪਦ ਛੰਦ॥ ਆਖਦਾ ਰਸਾਲੂ ਸੁਣੋ ਮੇਰੀ ਗਲ ਜੀ॥ ਸਾਨੂੰ ਏਥੋਂ ਤੋਰ ਜਾਣਾ ਪਿਛਾਂ ਵਲ ਜੀ॥ ਲੜਕੀ ਆਪਣੀ ਨੂੰ ਨਾਲ ਦੇਓ ਘਲ ਜੀ॥ ਸਾਨੂੰ ਏਥੋਂ ਤੋਰ ਜਾਣਾ ਪਿਛਾਂ ਵਲ ਜੀ॥ ਬਾਰਾਂ ਸਾਲ ਹੋਏ ਰੈਂਦਿਆਂ ਨੂੰ ਕਲ ਜੀ॥ ਸਾਨੂੰ ਏਥੋਂ ਤੋਰ ਜਾਣਾ ਪਿਛਾਂ ਵਲ ਜੀ॥ ਕਹਿੰਦਾ ਸਰਕੱਪ ਵਿਦਿਆ ਕਰਾਇਕੇ॥ ਜਾਓ ਮੇਰੇ ਬਚੇ ਖੁਸ਼ੀਆਂ ਮਨਾਇਕੇ॥ ਤੋਰੇ ਸਰਕੱਪ ਨੇ ਖੁਸ਼ੀ ਦੇ ਨਾਲ ਜੀ॥ ਵਿਦਿਆ ਕਰ ਤੋਰੀ ਕੋਕਲਾਂ ਜੋ ਨਾਲ ਜੀ॥ ਕੋਕਲਾਂ ਨੂੰ ਲੈਕੇ ਫੇਰ ਚਲਿਆ ਜਾਂਵਦਾ॥ ਭਾਦਸੋ ਦੇ ਵਿਚ ਜਾਕੇ ਡੇਰਾ ਲਾਂਵਦਾ॥ ਭਾਦਸੋ ਦੇ ਕੋਲ ਕੋਠੀ ਜੋ ਪਾਂਵਦਾ॥ ਰਾਜੇ ਜੋ ਰਸਾਲੂ ਦਾ ਕਿਲਾ ਕਹਾਂਵਦਾ॥ ਵਡਾ ਭਾਰੀ ਕਿਲਾ ਰਾਜਾ ਜੋ ਪਵਾਂਵਦਾ॥ ਭਾਦਸੋ ਦੇ ਕੋਲ ਜਾਕੇ ਡੇਰਾ ਲਾਂਵਦਾ॥ ਅਜ ਤੀਕ ਧੌਲ ਹਣਗੇ ਪਿਆਰਿਆ॥ ਭਾਦਸੋ ਦੇ ਕੋਲ ਸਚ ਮੈਂ ਉਚਾਰਿਆ॥ ਵਸਿਆ ਰਸਾਲੂ ਫੇਰ ਉਥੇ ਆਇਕੇ॥ ਧੌਲਰਾਂ ਦੇ ਵਿਚ ਰਾਣੀ ਵਾੜੀ ਲਿਆਇਕੇ॥ ਦੇਖ ਲਵੋ ਜਾਕੇ ਆਪ ਓ ਪਿਆਰਿਆ॥ ਕਿਹਾ ਅਸੀ ਸਚ ਝੂਠ ਨਾ ਉਚਾਰਿਆ॥ ਪਿਛਲਾ ਹਵਾਲ ਹੁਣ ਕਰਾਂ ਬੰਦ ਜੀ॥ ਅਗੇ ਦਾ ਸੁਣਾਵਾਂ ਭਰਕੇ ਤੇ ਛੰਦ ਜੀ॥ ਮਿਤਸਿੰਘਾ ਹਾਲ ਸਚਦਾ ਸੁਣਾ ਲੀਏ॥ ਅਗੇਦਾ ਜੋ ਛੰਦ ਠੀਕ ਹੀ ਬਣਾਲੀਏ॥

ਬੈਤ॥ ਅਗੇ ਹਾਲ ਹੋਡੀ ਰਾਜੇ ਦਾ॥ ਹੋਡੀ

ਰਾਜੇ ਦਾ ਔਣਾ ਸ਼ਕਾਰ ਖੇਲਣ ਕੇ ਵਾਸਤੇ

ਹੋਡੀ ਰਾਜਾ ਥੀਂ ਸ਼ੈਹਰਓ ਹੋਡਲੇ ਦਾ ਇਕ ਦਿਨ ਓ ਗਿਆ ਸ਼ਕਾਰ ਬੇਲੀ॥ ਕਿਤੇ ਨਿਕਲ ਸ਼ਕਾਰ ਦੂਰ ਲੰਘ ਗਿਆ ਮਗਰੇ ਗਿਆ ਥੀ ਹੋਡੀ ਤਰਾਰ ਬੇਲੀ॥ ਫਿਰਦਾ ਫਿਰਦਾ ਓ ਮੈਹਲਾਂ ਦੇ ਹੇਠ ਅਇਆ ਨਿਗਾ ਪੈਗਈ ਕੋਕਲਾਂ ਨਾਰ ਬੇਲੀ॥ ਮਿਤਸਿੰਘ ਫੇਰ ਰਾਣੀ ਨੇ ਨਿਗਾ ਮਾਰੀ ਕਰਦੀ ਉਸਨੂੰ ਫੇਰ ਪੁਕਾਰ ਬੇਲੀ॥

ਦੋਹਿਰਾ॥ ਰਾਣੀ ਹਾਕਾਂ ਮਾਰਦੀ ਕਰਦੀ ਬਹੁਤ ਪੁਕਾਰ॥ ਮੈਹਲਾਂ ਹੇਠ ਫੇਰੰਦਿਆ ਲਈਂ ਮੇਰੀ ਤੂੰ ਸਾਰ॥ ਮੁਕੰਦ ਛੰਦ॥ ਰਾਣੀ ਮਾਰੇ ਹਾਕਾਂ ਉਸਨੂੰ ਬੁਲਾਇਕੇ। ਕੌਨਓ ਤੂੰ ਹੁਨੇ ਦਸ ਤੂੰ ਸੁਣਾਇਕੇ॥ ਕਿਧਰੋਂ ਤੂੰ ਆਇਆ ਕਿਧਰ ਨੂੰ ਜਾਂਵਣਾ। ਕੇਹੜਾ ਤੇਰਾ ਸ਼ੈਹਰ ਆਖਕੇ ਸੁਣਾਵਣਾ॥ ਆਖਦਾ ਸੀ ਹੋਡੀ ਸੁਨ ਲਾਕੇ ਕਾਨ ਨੀ॥ ਹੋਡਲੇ ਦਾ ਰਾਜਾ ਜਾਣਦਾ ਜਹਾਨ ਨੀ॥ ਏਧਰ ਮੈਂ ਆਇਆ ਨੀ ਸ਼ਕਾਰ ਖੇਲਦਾ॥ ਤਾਹੀਂ ਤੇਰੇ ਮੈਹਲਾਂ ਹੇਠ ਫਿਰਾਂ ਮੇਲਦਾ॥ ਆਖਦੀ ਸੀ ਰਾਣੀ ਫੇਰ ਓ ਪੁਕਾਰ ਜੀ॥ ਕਹਿਣਾ ਮੇਰਾ ਮੰਨੋ ਕਹਾਂ ਵਾਰ ਵਾਰ ਜੀ॥ ਆਖਦੀ ਸੀ ਰਾਣੀ ਕੇਰਾਂ ਛੇਜਾਂ ਮਾਣ ਜੀ॥ ਦਿਲ ਦੇ ਭਰਮ ਸਬ ਮਿਟ ਜਾਣ ਜੀ॥ ਹਥ ਜੋੜ ਰਾਣੀ ਕਰਦੀ ਪੁਕਾਰ ਜੀ॥ ਕਹਿਣਾ ਮੇਰਾ ਮੰਨੋਂ ਕਹਾਂ ਵਾਰ ਵਾਰ ਜੀ॥ ਆਖਦਾ ਸੀ ਹੋਡੀ ਕੌਲ ਦੇਦੇ ਰਾਣੀਏਂ॥ ਫੇਰ ਤੇਰੀ ਛੇਜ ਅਸੀ ਆਕੇ ਮਾਣੀਏਂ॥ ਮਿਲਣੇ ਦਾ ਹੋਡੀ ਜਤਨ ਕਰਾਂਵਦਾ॥ ਤੀਮੀਆਂ ਦੇ ਪਿਛੇ ਕੇਡਾ ਦੁਖ ਪਾਂਵਦਾ॥ ਹੋਡਲੇ ਦੇ ਵਿਚੋਂ ਸੁਰੰਗ ਲਗਾਂਵਦਾ॥ ਕੱਢਕੇ ਸੁਰੰਗ ਧੌਲਰਾਂ ਚਲਾਂਵਦਾ॥ ਹੋਡੀ ਨੇ ਸੁਰੰਗ ਕਢੀ ਮੈਹਲੀਂ ਜਾਇਕੇ॥ ਰਾਣੀ ਕੋਲ ਗਿਆ ਭਾਰੀ ਦੁਖ ਪਾਇਕੇ॥ ਸੁਰੰਗ ਦੇ ਵਿਚ ਦੀ ਹਮੇਸ਼ ਆਂਵਦਾ॥ ਤੀਮੀਆਂ ਦੇ ਪਿਛੇ ਕੇਡਾ ਦੁਖ ਪਾਂਵਵਾ॥ ਰਾਣੀ ਦੀਆਂ ਜਾਕੇ ਨਿਤ ਛੇਜਾਂ ਲਾਂਵਦਾ॥ ਸੁਰੰਗ ਦੇ ਵਿਚ ਦੀ ਹਮੇਸ਼ ਆਂਵਦਾ॥ ਏਹੀ ਹੋਗੀ ਹੋਡੀ ਦੀ ਹਮੇਸ਼ ਕਾਰਜੀ॥ ਰਾਣੀ ਕੋਲ ਜਾਕੇ ਵੰਡਦਾ ਪਿਆਰ ਜੀ॥ ਇਕ ਰੋਜ ਤੋਤੇ ਦੀ ਨਜਰ ਆਂਵਦਾ॥ ਰਾਣੀ ਕੋਲ ਜਾਕੇ ਖੁਸ਼ੀਆਂ ਮਨਾਂਵਦਾ॥ ਤੋਤਾ ਜੋ ਰਸਾਲੂ ਨੂੰ ਕਰੇ ਪੁਕਾਰ ਜੀ॥ ਚੂਸੇ ਤੇਰੇ ਅੰਬ ਜੇੜੀ ਪੱਕੀ ਡਾਰ ਜੀ॥ ਤੇਰੇ ਮੈਲਾਂ ਵਿਚ ਰਾਜਾ ਹੋਡੀ ਆਂਵਦਾ॥ ਰਾਣੀ ਨਾਲ ਜਾਕੇ ਨਿਤ ਭੋਗ ਲਾਂਵਦਾ॥ ਆਖਦਾ ਰਸਾਲੂ ਮਿਤਸਿੰਘਾ ਫੇਰ ਜੀ।॥ ਔਣ ਦੇ ਸਵੇਰੇ ਸੀਸ ਬਢੂੰ ਘੇਰ ਜੀ॥

ਹੋਡੀ ਰਾਜੇ ਨੂੰ ਮਾਰ ਦੇਣਾ ਰਸਾਲੂ ਨੇ॥

ਬੈਤ॥ ਹੋਡੀ ਅਗਲੇ ਦਿਨ ਜਾ ਫੇਰ ਗਿਆ ਜਾਕੇ ਮੈਹਲਾਂ ਦੇ ਵਿਚ ਵੜ ਜਾਂਵਦਾ ਜੀ॥ ਕਿਲੇ ਵਿਚ ਰਸਾਲੂ ਨੇ ਘੇਰ ਲਿਆ ਖੰਡਾ ਮਾਰਕੇ ਸੀਸ ਕਟਾਂਵਦਾ ਜੀ॥ ਖੰਡਾ ਮਾਰਕੇ ਟੁਕੜੇ ਚਾਰ ਕੀਤੇ ਬੋਟੀ ਬੋਟੀ ਓਹ ਮਾਸ ਕਰਾਂਵਦਾ ਜੀ॥ ਸਿਰ ਚਕ ਰਸਾਲੂ ਨੇ ਰੱਖਲਿਆ ਮਿਤਸਿੰਘ ਕਬਾਬ ਲਜਾਂਵਦਾ ਜੀ॥ ਚਕ ਮਾਸ ਜਾਂ ਬਾਂਦੀ ਦੇ ਹੱਥ ਦਿਤਾ ਬਾਂਦੀ ਭੁੰਨ ਕਬਾਬ ਬਣਾਂਵਦੀ ਜੀ॥ ਭੁੰਨ ਬਾਂਦੀ ਨੇ ਰਾਣੀ ਦੇ ਹੱਥ ਦਿਤਾ ਰਾਣੀ ਖਾਇਕੇ ਆਖ ਸੁਣਾਂਵਦੀ ਜੀ॥ ਜਦੋਂ ਰਾਣੀ ਨੇ ਖਾਦੇ ਕਬਾਬ ਸਾਰੇ ਲੱਜਤ ਹੋਰ ਤੇ ਹੋਰ ਲੈ ਆਂਵਦੀ ਜੀ॥ ਮਿਤਸਿੰਘ ਰਸਾਲੂ ਦੇ ਕੋਲ ਜਾਕੇ ਰਾਣੀ ਆਖਕੇ ਫੇਰ ਸੁਣਾਂਵਦੀ ਜੀ॥ ਮੁਕੰਦਛੰਦ॥ ਆਖਦੀ ਸੀ ਰਾਣੀ ਰਾਜੇ ਨੂੰ ਸੁਣਾਇਕੇ॥ ਭੁੰਨਿਆਂ ਕਬਾਬ ਵਡਾ ਚਿਤ ਲਾਇਕੇ॥ ਅਜ ਜੇਹਾ ਮਾਸ ਕਦੇ ਨਹੀਂ ਖਾਂਵਣਾ॥ ਬਹੁਤਾ ਹੀ ਸੁਆਦ ਮਾਸ ਵਿਚੋਂ ਆਂਵਣਾ॥ ਸਚ ਦਸੋ ਬਾਦਸ਼ਾਹ ਕਿਥੋਂ ਲਿਆਇਆ ਜੀ॥ ਅੱਜ ਜੇਹਾ ਮਾਸ ਕਦੇਨਹੀਂ ਖਾਇਆ ਜੀ॥ ਆਖਦਾ ਰਸਾਲੂ ਰਾਣੀ ਬੁਲਾਇਕੇ॥ ਆ ਲੈ ਫੜ ਸੀਸ ਦੇਖ ਲੈ ਤੂੰ ਆਇਕੇ॥ ਦੇਖਦੀ ਹੈ ਰਾਣੀ ਸੀਸ ਨੂੰ ਉਠਾਇਕੇ॥ ਹੋਡੀ ਦਾ ਜੋ ਮਾਸ ਖਾਲਿਆ ਬਣਾਇਕੇ॥ ਆਖਦਾ ਰਸਾਲੂ ਕਰ ਲੈ ਪਛਾਣਨੀ॥ ਮਾਣਦਾ ਸੀ ਛੇਜਾਂ ਤੇਰੀ ਆਏ ਆਣਨੀ॥ ਤੇਰੇ ਕੋਲ ਆਕੇ ਸੀਸ ਹੈ ਕਟਾਲਿਆ॥ ਭੁੰਨਕੇ ਤੇ ਮਾਸ ਰਾਣੀਏਂ ਨੀ ਖਾਲਿਆ॥ ਏਥੇ ਆਕੇ ਏਸ ਨੇ ਕੀ ਸੁਖ ਪਾ ਲਿਆ॥ ਛੇੜਕੇ ਜਮਾਂ ਨੂੰ ਜਨਮ ਗਮਾਲਿਆ॥ ਔਰਤਾਂ ਦੇ ਕੋਲੋਂ ਕੀਨੇ ਨਫਾ ਪਾਲਿਆ॥ ਮਿਤਸਿੰਘਾ ਐਵੇਂ ਜਨਮ ਗਮਾ ਲਿਆ॥ ਦੋਹਰਾ॥ ਬਡੇ ਬਡੇ ਔਲੀਏ ਦਿਤੇ ਰੰਨਾਂ ਨੇ ਗਾਲ॥ ਸੰਗਲਾਦੀਪ ਵਿਚ ਪਦਮਣੀ ਮਛੰਦਰ ਰਖੇ ਨਾਲ॥ ਬੈਤ॥ ਕਬੀਓ ਵਾਚ॥ ਏਨਾਂ ਰੰਨਾਂ ਨੇ ਮਾਰਕੇ ਚੂਰ ਕੀਤੇ ਬਡੇ ਔਲੀਏ ਸਾਧ ਬਲਕਾਰ ਭਾਈ॥ ਰਾਜੇ ਭੋਜ ਦੇ ਉਤੇ ਅਸਵਾਰ ਹੋਈਆਂ ਕਾਠੀ ਓਸ ਦੇ ਉਤੇ ਲੈ ਡਾਰ ਭਾਈ॥ ਪੂਰਨ ਭਗਤ ਜਲਾਦਾਂ ਦੇ ਹਥ ਦਿਤਾ ਰਤ ਕਢਕੇ ਲਾਇਆ ਸ਼ੰਗਾਰ ਭਾਈ॥ ਰਾਜੇ ਦਸਰਥ ਨੂੰ ਰੰਨਾਂ ਨੇ ਮਾਰ ਕੇ ਤੇ ਮਿਤਸਿੰਘ ਓ ਦਿਤਾ ਸੀ ਡਾਰ ਭਈ॥

ਬੈਤ॥ ਹੇਠ ਜੰਡ ਦੇ ਮਿਰਜੇ ਨੂੰ ਮਾਰਿਆ ਸੂ ਨਾਲੇ ਮਾਰ ਤੇ ਬੀਰ ਕਸ਼ਮੀਰ ਯਾਰੋ॥ ਵਿਚ ਲੰਕਾ ਦੇ ਰੌਣ ਨੂੰ ਮਾਰਲਿਆ ਜੇੜਾ ਬਸੇ ਸਮੁੰਦਰੋਂ ਪੀਰ ਯਾਰੋ॥ ਵਡਾ ਬਾਲੀ ਜੋ ਇਸਤ੍ਰੀ ਰੋਕ ਬੈਠਾ ਉਹਬੀ ਮਾਰਿਆ ਰਾਮਉ ਤੀਰ ਯਾਰੋ॥ ਮਿਤਮਿੰਘ ਜੋ ਰੰਨਾਂ ਦੇ ਬਸ ਪਿਆ ਉਹਨੂੰ ਲੈਂਦੀਆਂ ਅੰਤ ਸੁਧੀਰ ਯਾਰੋ॥ ਬੈਤ॥ ਰੰਨਾਂ ਮਗਰ ਜੋ ਇੰਦਰ ਵਗਾ ਲਿਆਇਆ ਘੋੜੇ ਗਿਆ ਸੀਂ ਉਥੇ ਕੁਹਾਏ ਯਾਰੋ॥ ਘਰ ਗੋਤਮ ਦੇ ਚੰਦ੍ਰਮਾਂ ਆਪ ਗਿਆ ਉਹਨੂੰ ਲਗਿਆ ਫੇਰ ਸਰਾਪ ਯਾਰੋ॥ ਏਨਾਂ ਰੰਨਾਂ ਨੇ ਸੇਵਾ ਤੇ ਵਾਰ ਕੀਤਾ ਝੋਟਾ ਬਣਕੇ ਗਿਆ ਨਪਾਲ ਯਾਰੋ। ਮਿਤਸਿੰਘ ਜੋ ਹੋਡੀ ਲੈ ਬਸ ਆਇਆ ਭੁੰਨ ਖਾਂਦਾ ਥੀਂ ਉਹਦਾ ਕਬਾਬ ਯਾਰੋ॥ ਕਬੀਓਵਾਚ ਕੋਰੜਾਛੰਦ॥

ਕਿੱਸਾ ਸੰਪੂਰਨ ਸਾਲ ੧੯੭੧

ਕਿਸਾ ਜੋ ਰਸਾਲੂ ਦਾ ਕੀਤਾ ਤਿਆਰ ਜੀ॥ ਬਿਸ਼ਨ ਸਿੰਘ ਪਿਆਰਾ ਆਖਦਾ ਪੁਕਾਰ ਜੀ॥ ਉਹਦੇ ਕਹਿਣੇ ਵਿਚ ਕਿਸਾ ਮੈਂ ਬਣਾਲਿਆ॥ ਰਚਕੇ ਓ ਕਿਸਾ ਸਬ ਨੂੰ ਸੁਣਲਿਆ॥ ਰਣਸਿੰਘ ਪਿਆਰਾ ਆਖਦਾ ਪੁਕਾਰ ਜੀ॥ ਛੰਦ ਤੂੰ ਬਣਾਦੇ ਚੰਗੇ ਜੋ ਉਚਾਰ ਜੀ॥ ਛੰਦ ਬੈਤਾਂ ਵਿਚ ਕਿਸਾ ਮੈਂ ਬਣਾ ਲਿਆ॥ ਰਚਕੇ ਓ ਕਿੱਸਾ ਸਭ ਨੂੰ ਸੁਣਾਲਿਆ॥ ਬਿਸ਼ਨ ਸਿੰਘ ਆਖਦਾ ਸੀ ਨਿਤ ਆਇਕੇ॥ ਕਿਸਾ ਤੂੰ ਸੁਣਾ ਦੇ ਸਾਨੂੰ ਚਿਤ ਲਾਇਕੇ॥ ਵਿਚ ਜੋ ਅਥਾਈ ਦੇ ਸੀ ਲੈਂਦਾ ਘੇਰ ਜੀ॥ ਛੰਦ ਮੈਂ ਬਣਾਏ ਉਹਦੇ ਕਹਿਣੇ ਫੇਰ ਜੀ॥ ਜੈਸਾ ਤੀ ਮੈਂ ਸੁਣਿਆ ਉਸਾਹੀ ਬਣਾਲਿਆ॥ ਰਚਕੇ ਮੈਂ ਕਿੱਸਾ ਸਭ ਨੂੰ ਸੁਣਾਲਿਆ॥ ਵਿਚ ਜੋ ਮਹੋਲੀ ਗੁਰੂ ਮੇਰਾ ਬਸਦਾ॥ ਨਾਮ ਮਹਰ ਸਿੰਘ ਉਹਦਾ ਥੋਂਨੂੰ ਦਸਦਾ॥ ਵਿਦਿਆ ਦਾ ਬਰ ਸਾਨੂੰ ਦਿਤਾ ਚਾਇਕੇ॥ ਪਿੰਗਲ ਪੜ੍ਹਾਇਆ ਠੀਕ ਹੀ ਬਣਾਇਕੇ॥ ਪੜ੍ਹਕੇ ਪਿੰਗਲ ਕਿਸਾ ਮੈਂ ਬਣਾਲਿਆ॥ ਮਾਘ ਸੁਦੀ ਦੁਆਦਸੀ ਨੂੰ ਭੋਗ ਪਾ ਲਿਆ॥ ਮਿਤਸਿੰਘਾ ਨਾਮ ਗੁਰੂ ਦਾ ਧਿਆ ਲੀਏ॥ ਫੜਕੇ ਚਰਨ ਸੀਸ ਨੂੰ ਨਵਾ ਲੀਏ॥ ਦੋਹਿਰਾ॥ ਪਤਾ ਕਬੀ ਦਾ ਦਸਦਾ ਲਿਖਿਆ ਛੇਕੜ ਆਨ॥ ਅਛੀ ਤਰਾਂ ਜੀ ਪੜ੍ਹਲੌ ਲਾਕੇ ਖੂਬ ਧਿਆਨ॥

ਕਬਿੱਤ॥ ਹਥ ਜੋੜ ਅਰਜ ਪੁਕਾਰ ਕਰਾਂ ਬਾਰ ਬਾਰ ਸਬਨਾਂ ਕਬੀਸ਼ਰਾਂ ਨੂੰ ਰਿਹਾ ਮੈਂ ਗੁਜਾਰ ਜੀ॥ ਭੁਲ ਚੁਕ ਮਾਫ ਕੀਜੀਓ ਲੈ ਆਪ ਪਿਆਰੇ ਰਚਲਿਆ ਕਿਸਾ ਨਾ ਕਬੀਸ਼ਰੀ ਦੀ ਸਾਰ ਜੀ॥ ਸਾਲ ਉਨੀ ਸੈ ਜੋ ਸਤਰੇਚ ਹੋਗਿਆ ਸੰਪੂਰਨ ਕਿਸਾ ਮਾਂਘ ਸੁਦੀ ਦੁਆਦਸੀ ਲੈ ਦਿਨ ਐਤਵਾਰ ਜੀ॥ ਭੁਲ ਚੁਕ ਵਿਚ ਜੇੜ੍ਹੀ ਹੋਊਗੀ ਪਿਆਰਿਆ ਓਏ ਕਹੇ ਮਿਤਸਿੰਘ ਜਰਾ ਕੀਜੀਓ ਨਾ ਜਾਹਾਰ ਜੀ॥ ਕਬਿੱਤ॥ ਰਿਆਸਤ ਪਟਿਆਲੇ ਵਿਚ ਲਾਕਾ ਸਾਡਾ ਲਗਦਾ ਹੈ ਠਾਣਾ ਅਮਰ ਗੜ ਦਾ ਤਸੀਲ ਧੂਰੀ ਜਾਨ ਜੀ॥ ਨਗਰਾਂ ਦੇ ਵਿਚੋਂ ਨਗਰ ਬਸੇ ਭਰਭੂਰ ਭਾਈ ਚੌਦਾਂ ਜੋ ਗਰਾਮ ਜਗ ਜਾਣਦਾ ਜਹਾਨ ਜੀ॥ ਕੰਮ ਜੋ ਸੁਨਿਆਰਾ ਅਸੀ ਕਰੀਏ ਬਡੀ ਮੌਜ ਨਾਲ ਗੈਹਣੈ ਅਸੀ ਘੜੀਏ ਸਚ ਕਰਾਂ ਮੈਂ ਬਿਆਨ ਜੀ॥ ਮਿਲਨੇ ਦਾ ਪਤਾ ਤੈਨੂੰ ਦਸ ਦਿਤਾ ਮਿਤਸਿੰਘਾ ਸ਼ੌਕ ਜੋ ਕਬੀਸ਼ਰੀ ਦਾ ਲਗਿਆ ਸੀ ਆਨ ਜੀ॥

ਸੰਪੂਰਨੰ

This work is ਹੁਣ ਜਨਤਕ ਖੇਤਰ ਵਿੱਚ ਹੈ ਕਿਉਂਕਿ ਇਹ ਭਾਰਤ ਤੋਂ ਸ਼ੁਰੂ ਹੁੰਦਾ ਹੈ ਅਤੇ ਇਸਦੀ ਕਾਪੀਰਾਈਟ ਦੀ ਸਮਾਂ ਸੀਮਾ ਸਮਾਪਤ ਹੋ ਗਈ ਹੈ। ਭਾਰਤੀ ਕਾਪੀਰਾਈਟ ਐਕਟ, 1957 ਦੇ ਅਨੁਸਾਰ, ਸੱਠ ਸਾਲਾਂ ਤੋਂ ਲੇਖਕ ਦੀ ਮੌਤ ਤੋਂ ਬਾਅਦ ਅਗਲੇ ਸਾਲ ਕੈਲੰਡਰ ਸਾਲ ਦੀ ਸ਼ੁਰੂਆਤ ਤੋਂ (ਜਿਵੇਂ ਕਿ 2024 ਤੱਕ, 1 ਜਨਵਰੀ 1964 ਤੋਂ) ਸਾਰੇ ਦਸਤਾਵੇਜ਼ ਜਨਤਕ ਖੇਤਰ ਵਿੱਚ ਦਾਖਲ ਹੋ ਜਾਂਦੇ ਹਨ।

Public domainPublic domainfalsefalse