ਸਮੱਗਰੀ 'ਤੇ ਜਾਓ

ਕੌਡੀ ਬਾਡੀ ਦੀ ਗੁਲੇਲ/ਦੋ ਸ਼ਬਦ

ਵਿਕੀਸਰੋਤ ਤੋਂ

ਨਿੱਕੇ ਹੁੰਦਿਆਂ ਤੀਸਰੀ ਸ਼੍ਰੇਣੀ ਵਿੱਚ ਪੜ੍ਹਦਿਆਂ ਕਵਿਤਾਵਾਂ ਪੜ੍ਹਨ ਦਾ ਬੜਾ ਸ਼ੌਕ ਹੁੰਦਾ ਸੀ। ਆਪਣੀ ਪੁਸਤਕ ਵਿੱਚ ਛਪੀਆਂ ਕਵਿਤਾਵਾਂ ਤਾਂ ਪੜ੍ਹਨੀਆਂ ਤੇ ਯਾਦ ਕਰਨੀਆਂ ਹੀ ਹੁੰਦੀਆਂ ਸਨ, ਆਪ ਤੋਂ ਵੱਡੀ ਸ਼੍ਰੇਣੀ ਦੀਆਂ ਪੁਸਤਕਾਂ ਵੀ ਫਰੋਲ-ਫਰੋਲ ਕੇ ਕਵਿਤਾਵਾਂ ਰਟ ਲੈਂਦੇ ਸਾਂ।ਬਹੁਤ ਸਾਰੀਆਂ ਕਵਿਤਾਵਾਂ ਤੇ ਟੋਟਕੇ ਤਾਂ ਆਪੇ ਹੀ ਘੜ ਲੈਂਦੇ ਸਾਂ। ਜਿਨ੍ਹਾਂ ਵਿੱਚ ਸਾਡੇ ਸਹਿਪਾਠੀਆਂ ਉਨ੍ਹਾਂ ਦੀਆਂ ਆਦਤਾਂ ਤੇ ਸੰਬੰਧਿਤ ਗੱਲਾਂ ਬਾਤਾਂ ਵੀ ਹੁੰਦੀਆਂ ਸਨ। ਪਤਾ ਨਹੀਂ ਕਿਹੋ ਜਿਹਾ ਮਾਹੌਲ ਸੀ ਹਰ ਬੱਚਾ ਆਪਣੇ ਨਾਲ ਸੰਬਧਿਤ ਟੋਟਕਾ ਸੁਣਕੇ ਖਿਝ ਜਾਂਦਾ ਸੀ। ਜਿਵੇਂ:

ਗੰਜੀ ਚੁੱਕੇ ਮੰਜੀ ਣਾਣਾ ਚੁੱਕੇ ਬਾਣ।
ਸੈਂਸੀਆਂ ਦੀ ਕੁੱਤੀ ਮਰਗੀ ਰੀਠਾ ਗਿਆ ਮਕਾਣ।
—————— —————— ——————
ਸਪੇਰਿਆਂ ਦਾ ਟੱਬਰ ਬੀਨਾਂ ਚੱਕੀ ਫਿਰੇ।
ਸਾਡਾ ਪਿੰਡ ਉਨ੍ਹਾਂ ਪਿੱਛੇ ਢੀਮਾਂ ਚੱਕੀ ਫਿਰੇ।
—————— —————— ——————
ਛੱਜੂ ਛੱਜ ਵੇਚਕੇ ਆਇਆ
ਦਾਣਿਆਂ ਦੀ ਮੁੱਠੀ ਨਾਲ ਲਿਆਇਆ।
ਘਰੇ ਗੱਜੂ ਨੇ ਖੜਕਾਇਆ
ਅਰ ਡੁੱਡੇ ਨੇ ਛੁਡਵਾਇਆ।

ਇਹੋ ਖਿਝੌਤੀਆਂ ਹਰ ਕਿਸੇ ਨੂੰ ਨਵੀਆਂ-ਨਵੀਆਂ ਘਤਿੱਤਾਂ ਘੜ੍ਹਨ ਨੂੰ ਪ੍ਰੇਰਦੀਆਂ ਸਨ। ਉਸ ਵੇਲੇ (1975) ਸਕੂਲਾਂ ਤੇ ਘਰਾਂ ਵਿੱਚ ਉਲਾਂਭੇ ਦੇਣ ਦਾ ਰਿਵਾਜ ਨਹੀਂ ਸੀ। ਪਲ ਦੀ ਪਲ ਗੁੱਸਾ ਰੋਸਾ ਤੇ ਖਿੱਝਣਾ ਹੁੰਦਾ ਸੀ। ਥੋੜ੍ਹੀ ਦੇਰ ਬਾਦ ਸਭ ਆਮ ਜਿਹਾ ਹੋ ਜਾਂਦਾ ਸੀ। ਇਹ ਵਰਤਾਰਾ ਸਿਰਫ ਸਕੂਲ ਵਿੱਚ ਅੱਧੀ ਛੁੱਟੀ ਵੇਲੇ ਜਾਂ ਵਿਹਲੇ ਸਮੇਂ ਹੀ ਹੁੰਦਾ ਸੀ। ਸਾਰੀ ਛੁੱਟੀ ਤੋਂ ਬਾਦ ਤਾਂ ਘਰ ਭੱਜਣ ਦੀ ਹੀ ਕਾਹਲੀ ਹੁੰਦੀ ਸੀ। ਸਭੇ ਖਿਝੌਤੀਆਂ ਦੂਸਰੇ ਦਿਨ ਲਈ ਰਾਖਵੀਆਂ ਰੱਖ ਲੈਂਦੇ ਸਾਂ।ਮਾਸਟਰ ਦੂਰ ਸ਼ਿਹਰ 'ਚੋਂ ਆਉਣ ਕਰਕੇ ਪਿੰਡ ਵਿੱਚ ਕਿਸੇ ਨਾ ਕਿਸੇ ਦੇ ਘਰ ਵਿੱਚ ਰਹਿੰਦੇ ਸਨ। ਗੋਲੀਆਂ, ਗੁਲੀ-ਡੰਡਾ ਆਦਿ ਲੁਕ-ਛਿਪ ਕੇ ਹੀ ਖੇਡਦੇ ਸਾਂ। ਜੇ ਫੜੇ ਜਾਂਦੇ ਤਾਂ ਦੂਸਰੇ ਦਿਨ ਪੂਰੀ ਛਿੱਤਰ-ਪਰੇਟ ਹੁੰਦੀ ਸੀ। ਮੁਰਗੇ ਬਣਾ ਕੇ ਸਕੂਲਾਂ ਦੇ ਦੁਆਲੇ ਦੀ ਗੇੜੇ ਕਢਾਏ ਜਾਂਦੇ ਸੀ। ਬੈਠਕਾਂ ਕਢਾਈਆਂ ਜਾਂਦੀਆਂ ਸਨ, ਕਈਆਂ ਤੇ ਤਾਂ ਪੂਰਾ ਅੱਕ ਦਾ ਕਾਮੜਾ ਹੀ ਤੋੜਿਆ ਜਾਂਦਾ ਸੀ। ਅਜਿਹੀ ਛਿਤਰੌਲ ਤੋਂ ਡਰਦਿਆਂ ਕਦੇ ਬੀਹੀਆਂ ਜਾਂ ਧੋੜਿਆਂ ਉੱਤੇ ਖੇਡਣ ਦੀ ਹਿੰਮਤ ਹੀ ਨਹੀਂ ਕੀਤੀ। ਘਰ ਦੇ ਕੱਚੇ ਕੋਟ ਅੰਦਰ ਹੀ ਗਾਰੇ ਦੇ ਬਲਦ, ਮੱਝਾਂ, ਗੱਡੇ, ਖੁਰਲੀਆਂ, ਰੇੜੂਆ ਆਦਿ ਬਣਾ ਕੇ ਹੀ ਖੇਡਿਆ ਜਾਂਦਾ ਸੀ। ਬਲਦਾਂ ਪਿੱਛੇ ਸੁਹਾਗਾ ਪਾ ਕੇ ਗਾਇਆ ਕਰਨਾ :

ਤੱਤਾ-ਤੱਤਾ, ਹੈਰ-ਹੈਰ ਚੱਲ-ਚੱਲ, ਠਹਿਰ-ਠਹਿਰ। ਹਟ-ਹਟ, ਮੁੜ-ਮੁੜ। ਬੈਠ-ਬੈਠ, ਜੁੜ-ਜੁੜ॥ --- ਭੱਜ-ਭੱਜ, ਘੋੜਿਆ। ਗੁਲਾਬੀ ਫੁੱਲ ਤੋੜਿਆ। ਇਹੋ ਜਿਹੀਆਂ ਅਣਗਿਣਤ ਟੂਕਾਂ ਨੇ ਮਨ ਵਿੱਚ ਘਰ ਕਰੀ ਰੱਖਿਆ। ਜਦੋਂ ਵੀ ਕਦੇ ਕੁੱਝ ਲਿਖਣ ਦਾ ਫੁਰਨਾ ਫੁਰਿਆ ਤਾਂ ਕਵਿਤਾ ਉਸਾਰੂ ਚਸ਼ਮੇ ਵਾਂਗ ਉੱਛਲਦੀ ਹੋਈ ਹੀ ਪ੍ਰਤੀਤ ਹੋਈ।ਜਿਸ ਨੂੰ ਕਈ ਵਾਰ ਸੰਭਾਲਣਾ ਵੀ ਮੁਸ਼ਕਿਲ ਹੁੰਦਾ ਰਿਹਾ। ਕਵਿਤਾ ਨੇ ਹਰ ਸੰਚੇ ਦਾ ਆਕਾਰ ਲਿਆ। ਪੇਸ਼ ਹੈ ਤੁਹਾਡੇ ਸਨਮੁੱਖ ਨਿਗੂਣਾ ਜਿਹਾ ਪਰਾਗਾ।

ਤੁਹਾਡਾ ਵੀਰ
ਚਰਨ ਪੁਆਧੀ
ਪੁਆਧ ਬੁੱਕ ਡੀਪੂ
ਪਿੰਡ ਤੇ ਡਾਕਖਾਨਾ : ਅਰਨੌਲੀ ਭਾਈ ਜੀ ਕੀ
ਵਾਇਆ : ਚੀਕਾ, ਜ਼ਿਲ੍ਹਾ ਕੈਥਲ-136034
ਹਰਿਆਣਾ
ਸੰਪਰਕ : 99964-25988