ਸਮੱਗਰੀ 'ਤੇ ਜਾਓ

ਖੁਲ੍ਹੇ ਲੇਖ/ਘਲੋਈ ਗਲੇਸ਼ੀਅਰ (ਕਸ਼ਮੀਰ) ਦੀ ਯਾਤ੍ਰਾ (ਲੇਖਕ ਬੀਬੀ ਦਯਾ ਕੌਰ)

ਵਿਕੀਸਰੋਤ ਤੋਂ
ਖੁਲ੍ਹੇ ਲੇਖ
 ਪੂਰਨ ਸਿੰਘ
ਘਲੋਈ ਗਲੇਸ਼ੀਅਰ (ਕਸ਼ਮੀਰ) ਦੀ ਯਾਤ੍ਰਾ (ਲੇਖਕ ਬੀਬੀ ਦਯਾ ਕੌਰ)
52635ਖੁਲ੍ਹੇ ਲੇਖ — ਘਲੋਈ ਗਲੇਸ਼ੀਅਰ (ਕਸ਼ਮੀਰ) ਦੀ ਯਾਤ੍ਰਾ (ਲੇਖਕ ਬੀਬੀ ਦਯਾ ਕੌਰ)ਪੂਰਨ ਸਿੰਘ

(

(੧੮੩)

)

ਘਲੋਈ ਗਲੇਸ਼ੀਅਰ ਦੀ ਯਾਤਾ.

ਇਹ ਐਸੇ (ਲੇਖ) ਘਲੋਈ ਗਲੇਸ਼ੀਅਰ ਦੀ ਯਾਤ੍ਰਾ ਉਪੱਰ ਬੀਬੀ ਦਯਾ ਕੌਰ ਨੇ ਲਿਖਿਆ ਹੈ ਇਸ ਵਿੱਚ ਪਤਾ ਲਗਦਾ ਹੈ ਕਿ ਕੁਦਰਤ ਦਾ ਅਸਰ ਇਕ ਅਨਜਾਣ ਭੋਲੇ ਦਿਲ ਪਰ ਕੀ ਕੀ ਹੁੰਦਾ ਹੈ। ਤੇ ਉਨਾਂ ਰੰਗਾਂ ਦਾ ਤੇ ਮਨੁੱਖੀ ਦਿਲ ਦਾ ਆਪੋ ਵਿੱਚ ਮਿਲ ਮਿਲ ਬਹਿਣਾ ਤੇ ਸਹਿਜ ਸੁਭਾ ਅਭੇਦ ਹੋ ਕੁਛ ਖੁਸ਼ੀ ਵਿੱਚ ਕਹਿਣਾ ਕੀ ਅਰਥ ਰੱਖਦਾ ਹੈ ? ਉਹ ਅਰਥ ਇਸ ਲੇਖ ਵਿੱਚ ਥੋੜ੍ਹੀ ਥੋੜ੍ਹੀ ਉਸ ਤਰਾਂ ਦੀ ਝਲਕਾਂ ਮਾਰ ਰਿਹਾ ਹੈ, ਜਿਸ ਤਰਾਂ ਸੂਰਜ ਦੀ ਰੋਸ਼ਨੀ ਚਨਾਰ ਦੇ ਪੱਤਿਆਂ ਵਿੱਚ ਦੀ ਮਟਕੇ ਮਾਰਦੀ ਹੈ । ਆਸ਼ਾ ਹੈ ਕਿ ਗੁਰੂ-ਪਰਨਾਏ ਪੰਜਾਬ ਦੀਆਂ ਬੱਚੀਆਂ ਘੋੜੀਆਂ ਤੇ ਚੜ੍ਹ ਕੁਦਰਤ ਦੇ ਰੰਗਾਂ ਵਿੱਚ ਖੇਲਣ ਕਰਨ ਗੀਆਂ । ਪੰਜਾਬ ਦੀਆਂ ਬੱਚੀਆਂ ਲਈ ਹੋਟਲਾਂ, ਤੇ ਸਿਨਮਾ, ਤੇ ਨਾਟਕਾਂ ਵਿੱਚ ਘੋਪਿਆ ਜੀਵਨ ਮੌਤ ਦਿੱਸੇਗੀ ਤੇ ਚਨਾਰ ਹੇਠ ਬੈਠ ਘਲੋਈ ਆਦਿ ਰਿਸ਼ੀ ਪਰਬਤਾਂ ਦੀ ਛਤ੍ਰ ਛਾਯਾ ਹੇਠ ਕਿਸੀ ਇਲਾਹੀ ਰਾਗ ਨੂੰ ਉਸ ਤਰਾਂ ਸੁਨਣ ਗੀਆਂ, ਜਿਸ ਤਰਾਂ ਹਿਰਨੀ ਕੰਨ ਚੱਕ ਕੇ ਹਰੀ ਦਾਸ ਜਿਹੇ ਕੀਰਤਨ ਕਰਨ ਵਾਲਿਆਂ ਦੇ ਰਾਗ ਨਾਦ ਨੂੰ ਸੁਨਣ ਲਈ ਖੜੀ ਹੋ ਜਾਂਦੀ ਹੈ ਤੇ ਬੇਜਬਾਨ ਹੁੰਦਿਆਂ ਭੀ ਸਰਸ੍ਵਤੀ ਦੇ ਰਾਗ ਨੂੰ ਸਹਿਜ ਸੁਭਾ ਅਨੁਭਵ ਕਰਦੀ ਹੈ ॥

ਪੂਰਨ ਸਿੰਘ।

( ੧੮੪ )

"ਘਲੋਈ ਦੀ ਯਾਤ੍ਰਾ."

੧੮ ਅਗਸਤ ੧੯੨੮ ਛਨਿਛਰ ਵਾਰ ਪਹਿਲੇ ਤਾਂ ਭਾਯਾ ਜੀ ਪੰਜ ਨਦ ਵਾਲੇ, ਭਾਬੀ ਨਰਿੰਦਰ ਜੀ, ਕੈਲਾਸ਼ ਜੀ, ਮੈਂ, ਤੇ ਗੁਰਬਾਲੀ, ਤੇ ਚਾਚਾ ਜੀ ਦੇ ਘਰੋਂ, ਭੈਣ ਜੈ ਜੀ, ਬਲ ਜੀ, ਜੀਤ ਤੇ ਜਸ, ਤਿਆਰ ਸਾਂ, ਪਰ ਫਿਰ ਦਰਬ ਜੀ ਦੀ ਵੀ ਸਲਾਹ ਹੋ ਪਈ। ਖਿਆਲ ਤਾਂ ਇਹ ਸੀ ਕਿ ਸਵੇਰੇ ੧੦ ਬਜੇ ਨਾਲ ਟੁਰ ਜਾਸਾਂ, ਪਰ ਪਹਿਲੇ ਤਾਂ ਘੋੜੇ ਹੀ ਚਿਰਕੇ ਆਏ, ਤੇ ਫਿਰ ਸਾਮਾਨ ਲੱਦਦਿਆਂ ਲੱਦਦਿਆਂ ਕਾਫੀ ਚਿਰ ਹੋ ਗਿਆ ਤੇ ਉਸਦੇ ਪਿੱਛੋਂ ਦੋ ਕੁ ਘੋੜੇ ਸਾਮਾਨ ਲੈ ਕੇ ਟੁਰ ਗਏ ਤੇ ਅਸੀ ਸਾਰੇ ਘੋੜਿਆਂ ਤੇ ਚੜ੍ਹ ਬੈਠੇ।

ਜਦ ਅਸੀ ਓਥੋਂ ਟੁਰੇ ਤਦ ਮੈਂ, ਬਲ ਜੀ, ਜੀਤ ਜੀ, ਦਰਬ ਜੀ, ਤੇ ਕੈਲਾਸ਼ ਜੀ, ਸਭ ਤੋਂ ਅਗੇ ਸਾਂ, ਤੇ ਖੂਬ ਘੋੜੇ ਦੌੜਾ ਰਹੇ ਸਾਂ। ਖੂਬ ਸਵਾਦ ਪਿਆ ਆਉਂਦਾ ਸੀ, ਥੋਹੜੀ ਦੂਰ ਆ ਕੇ ਅਸੀ ਠਹਿਰ ਗਏ (ਭਾਈ ਨਰਿੰਦਰ ਜੀ ਦਾ ਘੋੜਾ ਆਪਣੇ ਪਹਾੜ ਦੀ ਉਤਰਾਈ ਉਤਰਦਿਆਂ ਪਾਣੀ ਕੋਲ ਆ ਕੇ ਬੈਠ ਗਿਆ, ਜਿਸ ਕਰਕੇ ਭਾਬੀ ਜੀ ਦੇ ਕੱਪੜੇ ਥੋਹੜੇ ਜਿਹੇ ਭਿਜ ਗਏ) ਇਹ ਸਾਨੂੰ ਪਤਾ ਜਿੱਥੇ ਜਾਕੇ ਠਹਿਰੇ ਸਾਂ ਓਥੇ ਲੱਗਾ। ਓਥੋਂ ਟੁਰੇ ਤਦ ਆੜੋ ਦੀ ਚੜ੍ਹਾਈ ਸ਼ੁਰੂ ਹੋ ਗਈ ਸੀ। ਸੀਨਰੀ ਬੜੀ ਹੀ ਚੰਗੀ ਸੀ, ਪਹਾੜ ਦੇ ਨਾਲ ਨਾਲ ਅਸੀ ਟੁਰਦੇ ਪਏ ਸਾਂ, ਤੇ ਹੇਠਾਂ ਨਾਲਾ ਵਗ ਰਿਹਾ ਸੀ ਤੇ ਪਾਰ ਪਹਾੜ ( ੧੮੫ )

ਉੱਪਰੋਂ ਚੀਹੜਾਂ ਵਿੱਚੇ ਪਾਣੀ ਆਉਦਾ ਦਿਖਾਈ ਦੇ ਕੇ ਪਹਾੜ ਦੀ ਰੌਣਕ ਨੂੰ ਦੂਣਾ ਕਰ ਕੇ ਦੇਖਣ ਵਾਲਿਆਂ ਦੇ ਦਿਲਾਂ ਨੂੰ ਆਪਣੀ ਵਲ ਖਿੱਚ ਰਿਹਾ ਸੀ ਤੇ ਜੀ ਇਹ ਕਰਦਾ ਸੀ ਕਿ ਇਹ ਹੀ ਦੇਖੀਏ, ਪਰ ਦਿਮਾਗ਼ ਦਿਲ ਨੂੰ ਕਹਿੰਦਾ ਸੀ ਕਿ ਚਲ ਓਏ ਭੋਲੇ !ਅੱਗੇ ਜਾ ਕੇ ਇਸਤੋਂ ਵੀ ਚੰਗੇ ਨਜ਼ਾਰੇ ਦੇਖ । ਅੱਗੇ ਆਏ ਤੇ ਜਿਥੋਂ ਕਿ ਆੜੋ ਵਿੱਚ ਤੰਬੂ ਲੱਗੇ ਹੋਏ ਸਾਹਮਣੇ ਹੀ ਦਿੱਸਦੇ ਸਨ, ਓਥੇ ਪਾਣੀ ਦੇ ਕਿਨਾਰੇ ਬੈਠ ਕੇ ਰੋਟੀ ਖਾਧੀ, ਤੇ ਕੁਝ ਚਿਰ ਉਥੇ ਹੀ ਬੈਠ ਕੇ ਗੱਲਾਂ ਦੇ ਗੁੱਛੇ ਤੋੜ ਤੋੜ ਖਾਧੇ । ਜਦ ਓਥੋਂ ਟੁਰੇ ਤਦ ਜਸ ਜੀਨੇ ਇਕ ਪਲਸੇਟਾ ਘੋੜੇ ਤੋਂ ਮਾਰਿਆ ਤੇ ਅਪਣੀ ਲੱਤ ਥੋਹੜੀ ਜਿਹੀ ਛਿੱਲੀ। ਓਥੋਂ ਅਗੇ ਆਏ ਤਦ ਅਗੇ ਇਕ ਛੋਟਾ ਜਿਹਾ ਨਾਲਾ ਸੀ, ਓਥੋਂ ਲੰਘਣ ਲੱਗਿਆਂ ਬਲ ਜੀ ਨੇ ਸੋਚਿਆ “ਕਿ ਨਿੱਕੀ ਭੈਣ ਤਾਂ ਲੱਤ ਛਿਲਾ ਲਵੇ, ਪਰ ਉਸਦਾ ਪਿਆਰਾ ਤੇ ਵੱਡਾ ਵੀਰ ਐਵੇਂ ਹੀ ਲੰਘ ਜਾਵੇ” ਇਹ ਸੋਚ ਕੇ ਉਨ੍ਹਾਂ ਨੇ ਰਸਤਾ ਛੱਡ ਕੇ ਘੋੜਾ ਕੁਰਸਤੇ ਤੇ ਪਾ ਲਿਆ ਤੇ ਉਥੋਂ ਲੰਘਣ ਲੱਗਿਆਂ ਨੇ ਹੁਜਕਾ ਖਾਕੇ ਤੇ ਆਪਣੇ ਹੀ ਘੋੜੇ ਦੀ ਕਾਠੀ ਨਾਲ ਟਾਕਰਾ ਕਰਕੇ ਦੋਵੇਂ ਲੱਤਾਂ ਛਿਲ ਲਈਆਂ, ਤੇ ਉਰਾਰ ਆ ਕੇ ਡੇਰਾ ਕਰ ਦਿੱਤਾ, ਅੱਗੇ ਨੌਕਰਾਂ ਨੇ ਤੰਬੂ ਲਗਾ ਦਿੱਤੇ ਸਨ । ਅਸਾਂ ਨੇ ਆਕੇ ਸੈਰ ਕਰਨੇ ਸ਼ੁਰੁ ਕੀਤੇ ਤੇ ਸੈਰ ਕਰਕੇ ਫਿਰ ਆਪਣੇ ਤੰਬੂਆਂ ਕੋਲ ਆ ਗਏ ।।

ਇਥੇ ਬੜਾ ਹੀ ਸੋਹਣਾ ਮੈਦਾਨ ਹੈ, ਤੇ ਦਿਲ ਕਰਦਾ

( ੧੮੬ )

ਹੈ ਕਿ ਛਪਨ-ਛੋਤ ਜਾਂ ਕੋਈ ਹੋਰ ਖੇਡ ਖੇਡੀਏ, ਪਰ ਹੁਣ ਸ਼ਾਮ ਪੈ ਗਈ ਹੈ ਤੇ ਲਿਖਣ ਤੇ ਬਹੁਤ ਦਿਲ ਕਰਦਾ ਹੈ। ਅਸੀ ਸਾਰੇ ਇਕ ਕਿਲੇ ਵਿੱਚ ਬੈਠੇ ਹਾਂ ਤੇ ਕੰਧਾਂ ਰੂਪੀ ਪਹਾੜ ਸਾਡੇ ਚਾਰੇ ਪਾਸੇ ਖੜੇ ਹਨ ਤੇ ਚੀਲ, ਬਿਆਰ ਦੇ ਦਰਖਤ ਪਹਿਰੇ ਦਾਰਾਂ ਦਾ ਕੰਮ ਦੇ ਕੇ ਪਿਆਰੇ ਮੇਹਰਬਾਨ ਰੱਬ ਜੀ ਦੀ ਯਾਦ ਕਰਾ ਰਹੇ ਹਨ। ਤੰਬੂਆਂ ਦੇ ਕੋਲ ਹੀ ਪਾਣੀ ਵਗਦਾ ਪਿਆ ਹੈ, ਬਹਾਰ ਬੜੀ ਹੀ ਸੋਹਣੀ ਹੈ ਸਾਰੇ ਬਾਹਰ ਬੈਠੇ ਹੋਏ ਹਨ ਤੇ ਖੂਬ ਦਿਮਾਗ਼ੀ ਘੋੜੇ ਦੁੜਾ ਰਹੇ ਹਨ!।

( ਬਾਕੀ ਫੇਰ )

੧੯ ਤ੍ਰੀਕ ਐਤਵਾਰ ਸਵੇਰੇ ਪਹਿਲੇ ਤਾਂ ਦੋ ਘੋੜੇ ਇਕ ਮੇਰਾ ਤੇ ਦੂਸਰਾ ਦਰਬ ਜੀ ਦਾ ਬੜੀ ਦੂਰ ਚਲੇ ਗਏ ਸਨ। ਮੇਰਾ ਘੋੜਾ ਜੋ ਕਿ ਬਹੁਤ ਸ਼ਰਾਰਤੀ ਹੋਣ ਕਰਕੇ ਆਪਣਾ ਨਾਮ ਸ਼ੁੁਰਸ਼ੁਰੀ ਰੱਖਵਾ ਚੁੱਕਾ ਸੀ, ਨਾਲ ਦੇ ਪਾਰਲੇ ਪਹਾੜ ਤੇ ਚੜ੍ਹਿਆ ਹੋਇਆ ਸੀ ਤੇ ਸਾਰੇ ਮੈਨੂੰ ਕਹਿ ਰਹੇ ਸਨ "ਕਿ ਤੇਰੀ ਸ਼ੁਰਸ਼ੁਰੀ ਨੂੰ ਮਾਚਸ ਲੱਗ ਗਈ ਹੈ ਤੇ ਚਲ ਗਈ ਹੈ। ੯ ਕੁ ਵਜੇ ਓਹਨਾਂ ਨੂੰ ਜਾਕੇ ਘੋੜੇ ਵਾਲਿਆਂ ਨੇ ਲਿਆਂਦਾ ਤੇ ਅਸਬਾਬ ਦੇ ਘੋੜਿਆਂ ਤੇ ਸਾਮਾਨ ਪਿਆ ਲੱਦਣ ਹੁੰਦਾ ਹੈ ਤੇ ਕੋਲ ਚਲੋ ਚਲੀ ਦੀ ਆਵਾਜ਼ ਹੀ ਸੁਣਾਈ ਦਿੰਦੀ ਹੈ। ਓਥੋਂ ਚੱਲ ਕੇ ਥੋਹੜਾ ਹੀ ਅੱਗੇ ਆਏ ਸਾਂ, ਕਿ ਉਥੇ ਅੱਗੇ ਮਖਮਲ ਦੀ ਤਰਾਂ ਨਰਮ ਨਰਮ ਚੀੜਾਂ ਦੇ ਪੱਤਰ ਵਿੱਛੇ ਹੋਏ ਸਨ। ਜਿਨ੍ਹਾਂ ਤੋਂ ਕਿ ਘੋੜਿਆਂ ਦੇ ਪੈਰ ਫਿਸਲ ਜਾਣ ਦਾ ਖਿਆਲ

( ੧੮੭ )

ਸੀ, ਸੋ ਇਸ ਕਰਕੇ ਥੋਹੜੀ ਜਿਹੀ ਜਗਾ ਰਸਤਾ ਛੱਡ ਕੇ ਕੁਰਸਤੇ ਟੁਰੇ ਪਰ ਥੋਹੜਾ ਹੀ ਅੱਗੇ ਜਾ ਕੇ ਫਿਰ ਰਸਤੇ ਤੇ ਪੈ ਗਏ। ਅੱਗੇ ਪਹਾੜ ਦੇ ਨਾਲ ਨਾਲ ਜਾ ਰਹੇ ਸਾਂ ਤੇ ਹੇਠਾਂ ਲਿੱਦਰ ਦਾ ਨਾਲਾ ਵਗਦਾ ਪਿਆ ਸੀ, ਤੇ ਪਾਰ ਪਹਾੜ ਨੂੰ ਤੋੜ ਕੇ ਤੇ ਆਪਸ ਦੇ ਮੇਲ ਨੂੰ ਵਿਛੋੜ ਕੇ ਇਕ ਸੁਹਾਵਣਾ ਤੇ ਨਿੱਕਾ ਜਿਹਾ ਨਾਲਾ ਵਗ ਰਿਹਾ ਸੀ। ਉਸ ਨੂੰ ਦੇਖ ਕੇ ਦਿਲ ਵਿੱਚ ਇਹ ਭਰਮ ਪੈਂਦਾ ਸੀ ਕਿ ਸ਼ਾਇਦ ਇਸ ਦੇ ਵਿੱਚ ਦੁਧ ਹੀ ਵਗ ਰਿਹਾ ਹੈ, ਉਸ ਦਾ ਪਾਣੀ ਬਿਲਕੁਲ ਹੀ ਦੁਧ ਵਰਗਾ ਦਿੱਸਦਾ ਸੀ। ਰਸਤੇ ਵਿੱਚ ਸੀਨਰੀ ਬੜੀ ਰਮਣੀਕ ਸੀ, ਉਸ ਤੋਂ ਥੋਹੜਾ ਜਿਹਾ ਅੱਗੇ ਜਾਕੇ ਕੁਝ ਸਮਾਂ ਪੈਦਲ ਟੁਰੇ ਤੇ ਫਿਰ ( ਘੜਿਆਂ ਤੇ ਸਵਾਰ ਹੋ ਗਏ। ਅੱਗੇ ਥੋਹੜਾ ਜਿਹਾ ਮੈਦਾਨ ਸੀ, ਤੇ ਇਕ ਖੋੜ ਦੇ ਬੂਟੇ ਹੇਠੋਂ ਪਾਣੀ ਪਿਆ ਵਗਦਾ ਸੀ, ਓਥੇ ਠਹਿਰ ਗਏ ਤੇ ਸਵੇਰ ਦੇ ਪ੍ਰਸ਼ਾਦ ਛਕਣ ਦਾ ਕੰਮ ਸ਼ੁਰੂ ਕਰਵਾਇਆ। ਜਦ ਰੋਟੀ ਤਿਆਰ ਹੋ ਗਈ, ਤਾਂ ਖਾ ਕੇ ਓਥੋਂ ਟੁਰੇ ਤੇ ਜਿਥੇ ਡੇਰਾ ਕਰਨਾ ਸੀ, ਉਸ ਤੋਂ ਥੋਹੜਾ ਹੀ ਉਰੇ ਮੈਦਾਨ ਵਿੱਚ ਠਹਿਰ ਗਏ। ਮੈਦਾਨ ਦੀ ਸੁਹਣੱਪ ਦੀ ਤਾਰੀਫ ਲਿਖਣ ਵਿੱਚ ਆਉਣੀ ਬੜੀ ਹੀ ਮੁਸ਼ਕਲ ਹੈ, ਚਾਰੋ ਤਾਰਫ ਪਹਾੜ ਹਨ ਤੇ ਪਾਣੀ ਦੇ ਵਗਣ ਦੀ ਸੋਹਣੀ ਤੇ ਦਿਲ ਖਿਚਵੀਂ ਆਵਾਜ਼ ਆਕੇ ਕੰਨਾਂ ਵਿੱਚ ਗੂੰਜਦੀ ਪਈ ਹੈ ਤੇ ਮੈਦਾਨ ਬੜਾ ਹੀ ਸੁਹਾਵਣਾ ਪਿਆ ਲੱਗਦਾ ਹੈ। ਹੁਣ ਏਥੇ ਵੀ ਟੁਰੋ ਟੁਰੀ ਹੋ ਪਈ ਹੈ॥

( ਬਾਕੀ ਫੇਰ )

( ੧੮੮ )

ਉਥੋਂ ਥੋਹੜਾ ਹੀ ਅੱਗੇ ਆਏ, ਤਦ ਲਿੱਦਰ ਦੇ ਨਾਲੇ ਤੋਂ ਪਾਰ ਹੋਣਾ ਸੀ, ਜੋ ਸੋਹਣਾ ਤੇ ਆਵਾਜ ਦੇ ਕੇ ਏਕਾਂਤ ਨੂੰ, ਭੰਗ ਕਰਨ ਵਾਲਾ ਨਾਲਾ ਅੱਗੇ ਖੱਬੇ ਪਾਸੇ ਵਲ ਵਗਦਾ ਸੀ, ਉਸ ਦੀ ਇੱਜ਼ਤ ਕਰਨ ਲਈ ਉਸ ਨੂੰ ਸੱਜੇ ਹੱਥ ਜਗਾ ਦਿੱਤੀ ਤੇ ਆਪ ਪੁਲ ਟੱਪ ਕੇ ਪਾਰ ਹੋ ਗਏ। ਪੁਲ ਟੱਪ ਕੇ ਥੋਹੜਾ ਹੀ ਅੱਗੇ ਗਏ ਸਾਂ ਕਿ ਪਹਾੜ ਵਿੱਚ ਥੋਹੜੀ ਹੀ ਦੂਰੀ ਤੇ ਬਰਫ ਦੇਖੀ। ਬਰਫ ਨੇ ਸਾਨੂੰ ਆਪਣੀ ਵਲ ਖਿੱਚ ਪਾਈ, ਤਦ ਅਸਾਂ ਦੇਹਾਂ ਚੌਹਾਂ ਨੇ ਕਿਹਾ ਕਿ ਜਿਥੇ ਡੇਰਾ ਕਰਨਾ ਹੈ, ਓਥੋਂ ਹੋਕੇ ਇਸ ਬਰਫ ਤੇ ਫੇਰ ਆਵਾਂਗੇ। ਜਦ ਡੇਰੇ ਪਹੁੰਚੇ ਤਦ ਓਥੋਂ ਕੋਲ ਹੀ ਪਹਾੜ ਤੇ ਬਰਫ ਦੇਖੀ ਤੇ ਇਹ ਖਿਆਲ ਕੀਤਾ ਕਿ ਚਲੋ ਪਿੱਛੇ ਕੀ ਕਰਨਾ ਹੈ ਇਸੇ ਬਰਫ ਤੇ ਹੀ ਹੋ ਆਈਏ। ਨਿੱਕਾ ਜਿਹਾ ਤੇ ਮਿੱਠਾ ਜਿਹਾ ਧੋਖਾ ਦੇਣ ਲਈ ਬਰਫ ਸਾਨੂੰ ਨੇੜੇ ਦਿੱਸੀ, ਪਰ ਅਸਲ ਵਿੱਚ ਹੈ ਕਾਫੀ ਦੂਰ ਸੀ। ਜਦ ਮੈਂ, ਭੈਣ ਜੈ ਜੀ, ਦਰਬ ਜੀ, ਬਲ ਜੀ, ਜੀਤ ਜੀ, ਤੇ ਜਸ, ਅਸੀ ਸਾਰੇ ਟੁਰ ਪਏ। ਤਦ ਸਾਨੂੰ ਇਹ ਖਿਆਲ ਬਿਲਕੁਲ ਹੀ ਨਹੀਂ ਸੀ, ਕਿ ਬਰਫ ਬਹੁਤ ਦੂਰ ਹੋਵੇਗੀ। ਜਦ ਹੇਠਲਾ ਪਹਾੜ ਚੜ੍ਹ ਗਏ ਤਦ ਅਗਲਾ ਪਹਾੜ ਜਿਸ ਤੇ ਬਰਫ ਸੀ, ਸਾਨੂੰ ਰਸਤਾ ਦੇਣ ਥੀਂ ਇਨਕਾਰ ਕਰਨ ਲੱਗਾ, ਪਰ ਬਰਫ ਦੀ ਪਿਆਰੀ ਤੇ ਮਿੱਠੀ ਖਿੱਚ ਨੇ ਸਾਨੂੰ ਉਥੇ ਰੁਕਣੋ ਮਨਾ ਕੀਤਾ। ਤਦ ਅਸਾਂ ਨੇ ਗੁਰਗਾਬੀਆਂ, ਬੂਟਾਂ ਤੇ ਜਰਾਬਾਂ ਦਾ ਸਾਥ ਛੱਡਣਾ ਮਨਜੂਰ ਕਰਕੇ ਉਨ੍ਹਾਂ ਨੂੰ ਉਥੇ ਹੀ

( ੧੮੯ )

ਛੱਡਿਆ ਤੇ ਆਪ ਉੱਪਰ ਜਾਣਾ ਸ਼ੁਰੂ ਕੀਤਾ। ਥੋਹੜੀ ਹੀ ਦੂਰ ਗਏ ਸਾਂ, ਤਦ ਸਾਥ ਛੱਡਣ ਦਾ ਹੋਰ ਵੀ ਕੰਮ ਸ਼ੁਰੂ ਹੋਯਾ। ਭੈਣ ਜੈ ਜੀ ਤੇ ਜਸ ਜੀ ਨੇ ਸਾਥੀਆਂ ਨੂੰ ਜਵਾਬ ਦੇਕੇ ਪਿੱਛੇ ਵਲ ਮੁਹਾਰਾਂ ਮੋੜ ਲਈਆਂ। ਬਰਫ ਨੇ ਸਾਨੂੰ ਪੂਰਾ ਧੋਖਾ ਦਿੱਤਾ, ਕਿ ਦਿੱਸੀ ਤਾਂ ਨੇੜੇ ਪਰ ਜਦ ਅਸੀ ਟੁਰਣ ਲੱਗੇ ਤਾਂ ਸ਼ਾਇਦ ਉਸਨੇ ਹੋਰ ਵੀ ਪਰੇ ਜਾਣਾ ਸ਼ੁਰੂ ਕੀਤਾ। ਜਦ ਅਸੀ ਕੁਝ ਦੂਰ ਗਏ ਤਦ ਬਰਫ ਨੇ ਦਰਸ਼ਨ ਦੇਣਾ ਵੀ ਬੰਦ ਕਰ ਦਿੱਤਾ, ਫਿਰ ਅਸੀ ਵੀ ਵਾਪਸ ਹੋ ਪਏ। ਜਦ ਆਪਣੇ ਕੰਪਾ ਤੋਂ ੧੦੦ ਕੁ ਗਜ ਦੀ ਵਿੱਥ ਤੇ ਸਾਂ ਤਦ ਇਕ ਦਮ ਬਾਰਸ਼ ਲੱਗ ਪਈ, ਪਰ ਦੌੜ ਕੇ ਅਸੀ ਆਪਣੇ ਕੰਪਾਂ ਵਿੱਚ ਪਹੁੰਚੇ। ਅੱਗੋਂ ਥੋਹੜੀਆਂ ਜਿਹੀਆਂ ਝਾੜਾਂ ਪੈ ਗਈਆਂ ਕਿ ਤੁਸੀ ਇਤਨੇ ਦਰ ਕਿਉਂ ਗਏ ਸੌ?

੧੯ ਅਗਸਤ ਦੀ ਰਾਤ ਉਥੇ ਰਹੇ ਤੇ ੨੦ ਅਗਸਤ ਸੋਮ ਵਾਰ ਸਵੇਰੇ ਉੱਠ ਕੇ ਪਹਿਲੇ ਚਾਹ ਪੀਤੀ ਤੇ ਰੋਟੀ ਵੀ ਉਥੇ ਹੀ ਖਾਧੀ ਤੇ ਰੋਟੀ ਖਾ ਕੇ ਅੱਗੇ ਟੁਰ ਪਏ। ਅੱਗੇ ਰਸਤਾ ਕੁਝ ਖਰਾਬ ਸੀ, ਰਸਤੇ ਵਿੱਚ ਪੱਥਰ ਹੀ ਪੱਥਰ ਸਨ, ਕੋਈ ਕਿਸੇ ਰੰਗ ਦਾ, ਕੋਈ ਕਿਸੇ ਰੰਗ ਦਾ, ਆਪਣੇ ੨ ਟਿਕਾਣੇ ਬੇਖਤਰ ਤੇ ਬੇਖੌਫ ਬੈਠੇ ਸਨ। ਕੋਈ ਤਾਂ ਉਨ੍ਹਾਂ ਨੂੰ ਠੋਕਰ ਮਾਰਦਾ ਸੀ, ਕੋਈ ਉੱਪਰ ਪੈਰ ਰੱਖਦਾ ਸੀ, ਪਰ ਉਹ ਵਿਚਾਰੇ ਨੂੰ ਚੁੱਪ ਸਨ ਤੇ ਸਬਰ ਕਰਕੇ ਬੈਠੇ ਹੋਏ ਸਨ। ਅਸੀ ਲੋਕ ਉਨ੍ਹਾਂ ਨੂੰ ਠੋਕਰਾਂ ਮਾਰਦੇ ਤੇ ਲਿਤਾੜਦੇ ਵੀ ਖੁਸ਼ਨਹੀਂ ਸਾਂ, ਤੇ

( ੧੯੦ )

ਕਹਿੰਦੇ ਸਾਂ ਕਿ ਪੱਥਰਾਂ ਬੜਾ ਦਿੱਕ ਕੀਤਾ ਹੈ। ਅੱਗੇ ਜਾਂਦੇ ਨਾਲੇ ਦੇ ਨਾਰੇ ਬੈਠ ਗਏ, ਉਥੇ ਫੁੱਲ ਸਨ, ਪੱਥਰਾਂ ਨੂੰ , ਛੱਡ ਹੁਣ ਨਿੱਕੀ ਤੇ ਪਿਆਰੀ ਚੀਜ਼ ਨੂੰ ਪੈਰਾਂ ਥੱਲੇ ਦੱਬਣਾ ਸ਼ੁਰੂ ਕੀਤਾ। ਉਹ ਵਿਚਾਰੇ ਤਾਂ ਸਾਨੂੰ ਖਿੜ ਕੇ ਮਿਲੇ, ਪਰ ਅਸਾਂ ਨੇ ਉਨ੍ਹਾਂ ਦੀ ਕੋਈ ਕਦਰ ਨਾ ਕੀਤੀ ਤੇ ਪੈਰਾਂ ਥੱਲੇ ਮਲੇ, ਉਹ ਕੁਝ ਮੁਰਝਾ ਗਏ, ਹਾਏ ਵੇ। ਜੀਣ ਥੀਂਣ ਦੀਆਂ ਬੇ ਦਰਦੀਆਂ, ਬੇਪਰਵਾਹੀਆਂ, ਤੇ ਨਾਜ਼ਕ ਮਲਕ ਬੇ ਤਰਸੀਆਂ ਤੇ ਉਨ੍ਹਾਂ ਵਿੱਚ ਹੀ ਪਿਆਰ ਦੀਆਂ ਰੰਗ ਰਲੀਆਂ॥ ਪਾਰ ਤਾਂ ਬਸੰਤ ਹੀ ਖਿੜੀ ਹੋਈ:ਸੀ, ਸਭ ਖੇਤਾਂ ਵਿੱਚ ਬਸੰਤੀ ਫੁੱਲ ਖਿੜੇ ਹੋਏ ਸਨ ਤੇ ਬਹਾਰ ਵੀ ਇਹੋ ਜਿਹੀ ਹੀ ਸੀ ਕਿ ਦਿਲ ਵਿੱਚ ਇਹੀ ਖਿਆਲ ਆਉਂਦਾ ਸੀ ਕਿ ਅਜ ਕਲ ਫਰਵਰੀ ਜਾਂ ਮਾਰਚ ਦਾ ਮਹੀਨਾ ਹੈ। ਓਥੋਂ ਟੁਰ ਕੇ ਅੱਗੇ ਆਏ ਤੇ ਕੋਹਲਾਈ ਤੋਂ ਤਿੰਨ ਮੀਲ ਹੇਠਾਂਹ ਜਿਸ ਸਮੇਂ ਇਥੇ ਪੁੱਜੇ ਸਾਂ ਉਸ ਸਮੇਂ ਸਾਹਮਣੇ ਪਹਾੜ ਤੇ ਬਰਫ ਦਿੱਸਦੀ ਸੀ, ਪਰ ਹੁਣ ਤਾਂ ਸਭ ਬੱਦਲ ਹੀ ਬੱਦਲ ਆ ਗਏ ਹਨ ਤੇ ਬਰਫ ਦਿੱਸਣੀ ਬੰਦ ਹੋ ਗਈ ਹੈ ਤੇ ਬਾਰਸ਼ ਲੱਗੀ ਹੋਈ ਹੈ। ਸਭ ਖਾਣ ਵਿੱਚ ਮਸਤ ਹਨ ਤੇ ਆਪਣੇ ੨ ਪੇਟ ਦੀ ਪੂਜਾ ਪਏ ਕਰਦੇ ਹਨ। ਮੈਦਾਨ ਵਿੱਚ ਡੇਰਾ ਹੈ, ਇਥੇ ਬਾਕੀ ਸਭ ਕਿਸਮ ਦੇ ਦਰਖਤ ਮੁੱਕ ਗਏ ਹਨ ਤੇ ਸਿਰਫ ਭੋਜ-ਪੱਤ੍ਰ ਦੇ ਬੂਟੇ ਹੀ ਹਨ। ਉਹ ਵੀ ਕਿਧਰੇ ਕਿਧਰੇ ਹਨ, ਤੇ ਬਾਕੀ ਜਗਹ ਤੋਂ ਪਹਾੜ ਖਾਲੀ ਖਾਲੀ ਨਜਰ ਆਉਂਦੇ ਹਨ। ਕਿਧਰੇ ੨ ਘਾਹ

( ੧੯੧ )

ਹੈ ਤੇ ਕਿਧਰੇ ਖਾਲੀ ਪੱਥਰਹੀ ਮੈਦਾਨ ਤੇ ਪਹਾੜ ਦੀ ਰੌਣਕ ਨੂੰ ਵਧਾ ਰਹੇ ਹਨ। ਆਹਾ! ਬਾਰਸ਼ਨੇ ਆਪਣਾ ਸਾਰਾ ਤਾਣ ਲਗਾ ਕੇ ਵੱਸਣਾ ਸ਼ੁਰੂ ਕਰ ਦਿੱਤਾ ਹੈ। ਇਥੇ ਜਗਹ ਚੌਰਸ ਜਾਂ ਗੋਲ ਨਹੀਂ, ਲੰਮੀ ਹੈ ਤੇ ਪਹਾੜ ਇਸ ਤਰਾਂ ਲੱਗਦੇ ਹਨ ਜਿਸ ਤਰਾਂ ਦੋਨੋਂ ਪਾਸੇ ਉੱਚੇ ਉੱਚੇ ਕਈ ਛੱਤੇ ਮਕਾਨ ਬਣੇ ਹੋਏ ਹਨ ਤੇ ਵਿਚਕਾਰ ਬੜੀ ਹੀ ਸੋਹਣੀ ਤੇ ਵੱਡੀ ਸਾਰੀ ਗਲੀ ਛੱਤੀ ਹੋਈ ਹੈ। ਇਥੇ ਹਵਾ ਬੜੀ ਹੀ ਹਲਕੀ ਹੈ, ਇਸ ਸਫੇ ਦੀ ਪਹਿਲੀ ਸਤਰ ਲਿਖਦਿਆਂ ਬਾਰਸ਼ ਬੜੇ ਜ਼ੋਰ ਦੀ ਸੀ, ਪਰ ਛੇਵੀਂ ਸਤਰ ਦੇ ਪਹੁੰਚਦਿਆਂ ਬਾਰਸ਼ ਬੰਦ ਹੋ ਗਈ ਹੈ, ਤੇ ਜਿਸ ਪਾਸੇ ਵੱਲੋਂ ਆਏ ਸਾਂ, ਉਸ ਪਾਸੇ ਵਲ ਨਿੰਬਲ ਹੋ ਗਿਆ ਹੈ। ਅਸਾਂ ਤਾਂ ਏਥੇ ਡੇਰਾ ਕਰ ਦਿੱਤਾ ਹੈ, ਪਰ ਬਾਰਸ਼ ਨੇ ਅੱਗੇ ਵਲ ਚੜ੍ਹਾਈ ਕੀਤੀ ਹੈ ਤੇ ਸਾਹਮਣੇ ਬਰਫ ਤੇ ਸੂਰਜ ਦੀਆਂ ਕਿਰਣਾਂ ਪੈਕੇ ਕਮਾਨ ਵਾਂਗਣ ਰੰਗ ਬਰੰਗੀ ਪੀਂਘ ਪਈ ਹੋਈ ਹੈ। ਜਿਸ ਦਾ ਇਕ ਸਿਰਾ ਬਰਫ ਤੇ ਹੈ ਤੇ ਦੂਸਰਾ ਪਹਾੜ ਤੇ ਹੈ, ਤੇ ਬੜੀ ਹੀ ਸੋਹਣੀ ਲੱਗਦੀ ਹੈ। ਕੀ ਇਸ ਪੀਂਘ ਵਿੱਚ ਦੇਵੀਆਂ, ਦੇਵਤ ਝੂਲ ਰਹੇ ਹਨ!!(ਬਾਕੀ ਫੇਰ)

੨੧ ਅਗਸਤ ਸਾਰੀ ਰਾਤ ਖੂਬ ਬਾਰਸ਼ ਲੱਗੀ ਰਹੀ ਤੇ ਸਵੇਰੇ ਵੀ ਬਾਰਸ਼ ਸ਼ੁਰੂ ਹੀ ਰਹੀ, ਤੇ ਸਲਾਹ ਇਹ ਸੀ ਕਿ ਸਾਰਾ ਦਿਨ ਇਥੇ ਹੀ ਰਹਾਂਗੇ ਤੇ ਕੱਲ ਜੇਕਰ ਬਾਰਸ਼ ਨਾ ਹੋਈ ਤਦ ਘਲੋਈ ਜਾਵਾਂਗੇ, ਪਰ ਬਾਰਸ਼ ਓਸੇ ਦਿਨ ਕੋਈ ਤਿੰਨ

( ੧੯੨ )

ਕੁ ਵਜੇ ਬੰਦ ਹੋ ਗਈ (ਅਸਾਡੇ ਘੋੜੇ ਕੁਝ ਥੋੜ੍ਹੇ ਜਿਹਾ ਪਿੱਛੇ ਆ ਗਏ ਸਨ) ਅਸਾਂ ਨੇ ਘੋੜੇ ਮੰਗਵਾਏ ਤੇ ਘਲੋਈ ਵਲ ਮੁਹਾਰਾਂ ਮੋੜੀਆਂ। ਕੋਈ ਡੇਢ ਕੁ ਘੰਟਾ ਘੋੜਿਆਂ ਤੇ ਸਵਾਰ ਰਹੇ ਪਰ ਓਥੋਂ ਅੱਗੇ ਘੋੜੇ ਨਹੀਂ ਜਾ ਸੱਕਦੇ ਸਨ, ਰਸਤਾ ਬੜਾ ਖਰਾਬ ਸੀ ਤੇ ਪੱਥਰ ਬਹੁਤ ਹੀ ਜਿਆਦਾ ਸਨ। ਕੰਪ ਤੋਂ ਟੁਰਦਿਆਂ ਅਬਦੁੱਲੇ ਨੇ ਕਿਹਾ ਕਿ ਮੈਨੂੰ ਪਤਾ ਲੱਗਾ ਹੈ ਕਿ ਮੈਨੂੰ ਪਤਾ ਲੱਗਾ ਹੈ ਕਿ ਅੱਗੇ ਰਿੱਛ ਹੈ, ਇਸ ਕਰਕੇ ਭਾਯਾ ਜੀ ਨੇ ਬੰਦੂਕ ਨਾਲ ਲੈ ਲਈ ਸੀ। ਪੈਦਲ ਥੋੜ੍ਹਾ ਹੀ ਟੁਰੇ ਸਾਂ ਕਿ ਅੱਗੇ ਬਰਫ ਦਾ ਪੁਲ ਆ ਗਿਆ ਤੇ ਓਥੋਂ ਪਹਾੜ ਤੇ ਚੜਣਾ ਸ਼ੁਰੂ ਕੀਤਾ। ਅੱਗੇ ਬੜੇ ਪੱਥਰ ਸਨ ਤੇ ਚੜਾਈ ਸਖਤ ਸੀ, ਓਥੇ ਭਾਯਾ ਜੀ ਨੇ ਜੰਗਲੀ ਚੂਹੇ ਨੂੰ ਦੇਖ ਕੇ ਬੰਦੂਕ ਚਲਾਈ ਤੇ ਸਾਨੂੰ ਕਿਹਾ ਕਿ ਜਰਾ ਕੁ ਆਸਤੇ ਆਸ਼ਤੇ ਆਓ। ਬੰਦੂਕ ਨੇ ਇਕਨਿੱਕੀ ਤੇ ਪਿਆਰੀ ਜਾਨ ਨੂੰ ਗਵਾਇਆ ਤੇ ਚੂਹੇ ਦੀ ਰੂਹ ਉਥੇ ਹੀ ਆਪਣੀ ਚੂਹੇ ਵਾਲੀ ਜ਼ਿੰਦਗੀ ਵਾਲਾ ਸਫਰ ਖਤਮ ਕਰਕੇ ਤੇ ਸਰੀਰ ਨੂੰ ਖਾਲੀ ਕਰਕੇ ਹਲਕੀ ਤੇ ਠੰਢੀ ਹਵਾ ਵਿੱਚ ਉੱਡ ਗਈ। ਇਧਰ ਟੁਰਦਿਆਂ ਕੈਲਾਸ਼ ਜੀ ਸਭ ਤੋਂ ਅੱਗੇ ਸਨ, ਉਹ ਉਥੇ ਹੀ ਠਹਿਰ ਗਏ ਤੇ ਬਾਕੀਆਂ ਨੂੰ ਕਹਿਣ ਲੱਗੇ। ਕਿ "ਅੱਗੇ ਨਾ ਜਾਓ ਅੱਗੇ ਰਿੱਛ ਹਨ" ਤਦ ਮੈਂ ਕਿਹਾ "ਨਹੀਂ ਰਿੱਛ ਕੋਈ ਨਹੀਂ, ਅਸਾਂ ਨੇ ਨਹੀਂ ਦੇਖਿਆ" ਤਦ ਕੈਲਾਸ਼ ਜੀ ਕਹਿਣ ਲੱਗੇ "ਅਸਾਂ ਦੇਖੇ ਹਨ, ਚਾਰ ਰਿੱਛ ਨੂੰ ਹਨ’ ਕੈਲਾਸ਼ ਜੀ ਦੀ ਇਹ ਗੱਲ ਸੁਣ ਕੇ ਮੇਰੇ ਦਿਲ ਵਿੱਚ

( ੧੯੩ )

ਇਹ ਭਰਮ ਪਿਆ, ਕਿ ਸ਼ਾਇਦ ਪਹਲੀਆਂ ਦੇ ਕੱਦ ਦੇ ਰਿੱਛ ਲੰਘ ਗਏ ਹੋਣ ਤੇ ਪੱਥਰਾਂ ਕਰਕੇ ਅਸਾਡੀ ਨਜਰੀ ਨਾ ਪਏ ਹੋਣ। ਅਸੀ ਅੱਗੇ ਟੁਰੇ ਤੇ ਕੈਲਾਸ਼ ਜੀ ਡਰ ਦੇ ਕਾਰਣ ਸਾਰਿਆਂ ਤੋਂ ਪਿੱਛੇ ਹੋ ਗਏ ਤੇ ਹੋਰ ਚੜ੍ਹਾਈ ਚੜ੍ਹ ਕੇ ਬੈਠ ਗਏ। ਸਾਹਮਣੇ ਬਰਫ ਦਾ ਪਹਾੜ ਸੀ ਤੇ ਚਿੱਟੀ ਸਫੈਦ ਬਰਫ ਪਈ ਹੋਈ ਬੜੀ ਹੀ ਸੁੰਦਰ ਦਿਖਾਈ ਦਿੰਦੀ ਸੀ। ਕਹਿਣ ਵਿੱਚ ਇਹ ਆਉਂਦਾ ਹੈ, ਕਿ ਇਸ ਬਰਫ ਦੇ ਪਹਾੜ ਦੀ ਉਮਰ ੪੦੦੦੦੦੦ ਸਾਲ ਦੀ ਹੈ। ਬਰਫ ਦੀ ਸੁਫੈਦੀ ਆਪਣਾ ਅਕਸ ਆਸਮਾਨ ਤੇ ਪਾ ਕੇ ਓਹਦੇ ਨੀਲੇ ਰੰਗ ਵਿੱਚ ਬਹੁਤ ਹੀ ਸੁਫੈਦੀ ਭਾ ਲੈ ਆਈ ਸੀ। ਸਾਰੇ ਪਾਸੇ ਸੁਫੈਦੀ ਹੀ ਸੁਫੈਦੀ ਨਜਰ ਆਉਂਦੀ ਸੀ, ਚਾਰ ਦਿਨ ਰਸਤੇ ਵਿੱਚ ਕੱਟ ਕੇ ਜਿਸ ਨੂੰ ਦੇਖਣ ਦੇ ਚਾ ਵਿੱਚ ਔਖੇ ਰਸਤੇ ਤੇ ਸੋਹਣੇ ਪਹਾੜ ਟੱਪੇ ਸਾਂ, ਉਸ ਨੂੰ ਚੰਗੀ ਤਰਾਂ ਨਿੱਕੀ,ਪਿਆਰੀ, ਤੇ ਮਿੱਠੀ ਨਜ਼ਰ ਨਾਲ ਦੇਖਿਆ। ਲਿੱਦਰ ਨਾਲੇ ਦੇ ਜਨਮ ਅਸਥਾਨ ਨੂੰ ਦੇਖ ਕੇ ਤੇ ਉਸਦੀ ਪਿਆਰੀ ਜਨਮ ਦਾਤੀ ਬਰਫ ਨੂੰ ਦੇਖ ਕੇ ਬੜੀ ਹੀ ਖੁਸ਼ੀ ਹੋਈ। ਓਥੋਂ ਹੇਠਲੇ ਪਾਸੇ ਵਲ ਵੱਡਾ ਸਾਰਾ ਤੇ ਉੱਚਾ ਜਿਹਾ ਪਹਾੜ ਸੀ, ਜਿਸ ਦੀ ਉੱਪਰ ਦੀ ਚੋਟੀ ਇਸ ਤਰਾਂ ਲੱਗਦੀ ਸੀ, ਜਿਸ ਤਰਾਂ ਕਿਸੇ ਮੰਦਰ ਦਾ ਬੁਰਜ ਹੁੰਦਾ ਹੈ ਤੇ ਉਸ ਉੱਪਰ ਬਰਫ ਪਈ ਇਸ ਤਰਾਂ ਲੱਗਦੀ ਸੀ ਜਿਸ ਤਰਾਂ ਕਿਸੇ ਮੰਦਰ ਦੀ ਛੱਤ ਉੱਪਰ ਚਿੱਟੀ ਚਿੱਟੀ ਚਾਂਦੀ ਲੱਗੀ ਹੁੰਦੀ ਹੈ। ਉਥੇ ਭਾਪਾ ਜੀ ਨੇ ਦੋ ਤਸਵੀਰਾਂ

( ੧੯੪ )

ਖਿੱਚਆਂ ਤੇ ਇਕ ਤਸਵੀਰ ਬਲ ਜੀ ਨੇ ਖਿੱਚੀ। ਭਾਪਾ ਜੀ ਓਥੇ ਠਹਿਰ ਗਏ ਤੇ ਕਹਿਣ ਲੱਗੇ "ਕਿ ਅਸੀ ਹੋਰ ਚੂਹੇ ਦੇਖਸਾਂ ਤੁਸੀ ਚੱਲੋ" ਓਥੋਂ ਅਸੀ ਹੇਠਾਂ ਆਏ ਤੇ ਬਰਫ ਦੇ ਪਲ ਤੇ ਆ ਕੇ ਬਰਫ ਨਾਲ ਖੇਡਣਾ ਸ਼ੁਰੂ ਕੀਤਾ, ਫੇਰ ਅਸੀ ਪੁਲ ਤੋਂ ਪਾਰ ਹੋਏ ਤੇ ਬਲ ਜੀ ਨੇ ਉਰਾਰ ਠਹਿਰ ਕੇ ਇਕ ਤਸਵੀਰ ਹੋਰ ਖਿੱਚੀ। ਓਥੇ ਬਰਫ ਨਾਲ ਖੇਡਦੇ ਤੇ ਸ਼ਰਾਰਤਾਂ ਕਰਦੇ ਬਰਫ ਟੱਪ ਕੇ ਉਰਾਰ ਹੋਏ ਤੇ ਪੱਥਰਾਂ ਤੇ ਆ ਗਏ, ਥੋੜ੍ਹਾ ਅੱਗੇ ਆਏ ਤਾਂ ਘੋੜੇ ਖੜੇ ਸਨ। ਘੋੜਿਆਂ ਤੇ ਚੜ੍ਹ ਕੇ ਵਾਪਸ ਆਪਣੇ ਕੱਪ ਵਿੱਚ ਪੁੱਜ ਗਏ, ੨੧ ਅਗਸਤ ਦੀ ਰਾਤ ਵੀ ਓਥੇ ਹੀ ਠਹਿਰੇ॥

੨੨ ਅਗਸਤ ਸਵੇਰੇ ਉੱਠ ਕੇ ਚਾਹ ਪੀ ਕੇ ਵਾਪਸ ਟਰ ਪਏ, ਰਸਤੇ ਵਿੱਚ ਚਾਰ ਪੰਜ ਨਾਲੇ ਪਾਣੀ ਦੇ ਆਏ, ਜਿਨ੍ਹਾਂ ਦੇ ਵਿੱਚੋਂ ਘੋੜੇ ਲੰਘੇ ਤੇ ਛੇਕੜਲੇ ਨਾਲੇ ਵਿੱਚ ਬਲ ਜੀ ਨੇ ਥੋੜ੍ਹੇ ਜਿਹੇ ਇਸ਼ਨਾਨ ਕੀਤੇ, ਤੇ ਅਗੇ ਆ ਗਏ ਤੇਪੁਲ ਟੱਪ ਕੇ ਖੱਬੇ ਹੱਥਾਂ ਨਾਲੇ ਨੂੰ ਫਿਰ ਇਜ਼ਤ ਤੇ ਵਡਿਆਈ ਨਾਲ ਸੱਜੇ ਪਾਸੇ ਵਲ ਜਗਾ ਦੇ ਕੇ ਫਿਰ ਮੈਦਾਨ ਵਿੱਚ ਆ ਗਏ, ਤੇ ਆ ਕੇ ਮੈਦਾਨ ਵਿੱਚ ਡੇਰਾ ਲਗਾ ਦਿੱਤਾ। ਬੈਠਿਆਂ ਥੋੜ੍ਹਾ ਚਿਰ ਹੀ ਹੋਇਆ ਸੀ ਤੇ ਪਿੱਛੋਂ ਨੌਕਰ ਤੇ ਸਾਮਾਨ ਦੇ ਘੋੜੇ ਆ ਗਏ। ਸਾਮਾਨ ਦੇ ਘੋੜੇ ਓਥੋਂ ਆੜੋ ਭੇਜ ਦਿੱਤੇ ਤੇ ਆਪ ਓਥੇ ਹੀ ਠਹਿਰੇ ਤੇ ਨੌਕਰ ਵੀ ਓਥੇ ਹੀ ਠਹਿਰ ਗਏ ਤੇ ਰੋਟੀ ਪਕਵਾ ਕੇ ਖਾਧੀ। ਰੋਟੀ ਇਚਰ ਖਾਂਦੇ ਹੀ ਪਏ ਸਾਂ, ਕਿ ਬਾਰਸ਼ ਵੱਸਣੀ ਸ਼ੁਰੂ ਹੋ ਪਈ ਤੇ ਨੀਲੇ ਰੰਗ ਦੇ ਅਸਮਾਨ ਨੂੰ ਕਾਲਿਆਂ ਤੇ ਚਿੱਟਿਆਂ ਬੱਦਲਾਂ ਨੇ ਆ ਕੇ ਰੋਕ ਲਿਆ। ਜਿਸ ਕਰਕੇ ਅਸਮਾਨ ਦਾ ਨੀਲਾ ਰੰਗ ਦਿੱਸਣਾ ਬੰਦ ਹੋ ਗਿਆ, ਤੇ ਨਾਲ ਹੀ ਬਾਰਸ਼ ਨੇ ਸਾਡੇ ਕੱਪੜੇ ਸੇੜਨ ਦੀ ਕੋਸ਼ਸ਼ ਕੀਤੀ। ਅਸੀ ਝਟ ਪਟ ਹੀ ਓਥੋਂ ਟੁਰਣ ਦੀ ਤਿਆਰੀ ਕਰ ਕੇ ਤੇ ਘੋੜਿਆਂ ਤੇ ਸਵਾਰ ਹੋ ਕੇ ਅੱਗੇ ਵਲ ਟੁਰ ਪਏ। ਜੇਕਰ ਸਾਮਾਨ ਦੇ ਘੋੜੇ ਅੱਗੇ ਨਾ ਚਲੇ ਜਾਂਦੇ ਤਦ ਅਸਾਂ ਨੇ ਬਾਰਸ਼ ਤੋਂ ਡਰ ਕੇ ਉਸੇ ਮੈਦਾਨ ਵਿੱਚ ਡੇਰਾ ਕਰ ਲੈਣਾ ਸੀ, ਪਰ ਸਾਮਾਨ ਸਾਡਾ ਅੱਗੇ ਜਾ ਚੁੱਕਾ ਸੀ, ਇਸ ਕਰਕੇ ਅਸੀ ਓਥੇ ਡੇਰਾ ਨਹੀਂ ਸੀ ਕਰ ਸੱਕਦੇ। ਬਾਰਸ਼ ਨੇ ਵੀ ਅਸਾਡੇ ਤੇ ਮੇਹਰਬਾਨੀ ਕੀਤੀ ਤੇ ਆਪਣਾ ਜੋਰ ਨਾ ਦੱਸਿਆ; ਜਿਸ ਸਮੇਂ ਆੜੋਂ ਤੋਂ ਕੋਈ ਡੇਢ ਕੁ ਮੀਲ ਤੇ ਸਾਂ ਤਦ ਬਾਰਸ਼ ਬੰਦ ਹੋ ਗਈ ਤੇ ਧੁੱਪ ਚੜ੍ਹ ਪਈ। ਘੋੜੇ ਆਪਣੀ ਮਰਜੀ ਅਨੁਸਾਰ ਟੁਰ ਰਹੇ ਸਨ, ਕਿਉਂਕਿ ਸਵਾਰਾਂ ਤਰਫੋਂ ਉਨ੍ਹਾਂ ਨੂੰ ਪੂਰੀ ਆਜ਼ਾਦੀ ਸੀ ਤੇ ਕੋਈ ਵੀ ਸਵਾਰ ਚਾਬਕ ਜਾਂ ਸੋਟੀ ਆਪਣੇ ਘੋੜੇ ਨੂੰ ਮਾਰਨੀ ਨਹੀਂ ਸੀ ਚਾਹੁੰਦਾ। ਓਥੋਂ ਅੱਗੇ ਆਕੇ ਉਤਰਾਈ ਜਿਆਦਾ ਸੀ, ਇਸ ਕਰਕੇ ਘੇੜੇ ਉਥੇ ਹੀ ਛੱਡ ਦਿੱਤੇ ਤੇ ਆਪ ਪੈਦਲ ਟੁਰੇ। ਪੈਦਲ ਥੋੜਾ ਹੀ ਗਏ, ਸਾਂ ਕਿ ਆੜੋ ਦੇ ਉਪਰਲੇ ਮੈਦਾਨ ਵਿੱਚ ਪਹੁੰਚ ਗਏ ਤੇ ਓਥੇ ਹੀ ਬੈਠ ਗਏ। ਓਥੇ ਬੈਠਿਆਂ ਸਾਰੇ ਪਾਸੇ ਸਬਜੀ ਹੀ ਸਬਜੀ ਨਜਰ ਆਉਂਦੀ ਸੀ। ਜਿੱਥੇ ਤਕ ਨਜਰ ਕੰਮ ਕਰਦੀ ਸੀ ਓਥੇ ਤਕ ਹੀ ਘਾਹ ਤੇ ਦਰਖਤਾਂ ਦੀ ਸਬਜੀ ਆਪਣਾ ਪਿਆਰੀ ਤੇ ਮਿੱਠੀ ਰੰਗਤ ਨਾਲ ਰੰਗ ਰਹੀ ਸੀ। ਉਸ ਮੈਦਾਨ ਵਿੱਚ ਕੋਈ ਘੰਟਾ ਕੁ ਬੈਠੇ ਤੇ ਫਿਰ ਓਥੋਂ ਟੁਰ ਪਏ, ਤੇ ਟੁਰ ਕੇ ਹੇਠਲੇ ਮੈਦਾਨ ਵਿੱਚ ਆ ਗਏ। ਆਹਾ! ਇਹ ਮੈਦਾਨ ਤਾਂ ਉਪਰਲੇ ਮੈਦਾਨ ਤੋਂ ਵੀ ਵੱਡਾ ਹੈ, ਤੇ ਕੁਦਰਤਨ ਹੀ ਇਕੋ ਜਿਹਾ ਬਣਿਆ ਹੋਇਆ ਹੈ, ਕਿਧਰੇ ਉਚਾਈ ਨਿਚਾਈ ਨਹੀਂ, ਸਾਰਾ ਇੱਕੋ ਜਿਹਾ ਹੈ। ਓਥੇਂ ਆੜੋ ਦਾ ਪਿੰਡ ਵੀ ਨਜ਼ਰ ਆਉਂਦਾ ਸੀ ਜੋ ਕਿ ਬੜਾ ਨਿੱਕਾ ਜਿਹਾ ਸੀ, ਉਸਦੇ ਮਕਾਨ ਬੜੇ ਪੁਰਾਣੇ ਨਜਰ ਆਉਂਦੇ ਸਨ। ਕੋਈ ਘੰਟਾ ਕੁ ਇਸ ਮੈਦਾਨ ਵਿੱਚ ਬੈਠ ਕੇ ਫਿਰ ਹੇਠਾਂ ਤੰਬੂਆਂ ਵਿੱਚ ਆ ਗਏ, ਤੇ ਓਥੇ ਆਕੇ ਕੁਝ ਚਿਰ ਬੈਠ ਕੇ ਖੇਡਣਾ ਸ਼ੁਰੂ ਕੀਤਾ। ਪਹਿਲੇ ਤਾਂ ਛੱਪਣ-ਛੋਕ ਖੇਡੇ ਫੇਰ ਇਹ ਖੇਡ ਜਲਦੀ ਹੀ ਛੱਡ ਦਿੱਤੀ ਤੇ ਅੱਡੀ-ਤਰੱਪਾ ਖੇਡਣਾ ਸ਼ੁਰੂ ਕੀਤਾ, ਕੋਈ ਘੰਟਾ ਕੁ ਖੇਡ ਕੇ ਖੇਡਣਾ ਬੰਦ ਕਰ ਦਿੱਤਾ ਤੇ ਓਥੇ ਹੀ ਬੈਠ ਗਏ॥

ਜਿਸ ਵਕਤ ਖੇਡ ਬੰਦ ਕੀਤੀ, ਤਦਰਾਤ ਨੇ ਚਾਨਣੇ ਨੂੰ ਰੁਸਾ ਕੇ ਓਥੋਂ ਭੇਜ ਦਿੱਤਾ, ਤੇ ਸਾਰੇ ਪਾਸੇ ਹਨੇਰੇ ਦਾ ਰਾਜ ਪਸਰ ਗਿਆ। ਇਤਨੇ ਹੀ ਚਿਰ ਵਿੱਚ ਚੰਨ ਆਪਣੇ ਤੇਜ ਪ੍ਰਕਾਸ਼ ਨਾਲ ਬੱਦਲਾਂ ਹੇਠੋਂ ਨਿਕਲ ਆਇਆ ਤੇ ਹੁਣ ਉਸ ਨੇ ਆਪਣਾ ਤੇਜ ਦੱਸਣਾ ਸ਼ੁਰੂ ਕੀਤਾ। ਚੰਨ ਦੀ ਪਿਆਰੀ ਤੇ ਸੀਤਲ ਚਾਨਣੀ ਸਾਰੇ ਪਾਸੇ ਫੈਲਦੀ ਬੜੀ ਹੱਛੀ ਪਈ ਲੱਗਦੀ ਸੀ ( ਭਾਬੀ ਨਰਿੰਦਰ ਜੀ ਤੰਬੂ ਵਿੱਚ ਬੈਠੇ ਸਨ ) ਉਨ੍ਹਾਂ ਨੇ ਸੁਨੇਹਾ ਭੇਜਿਆ ਬਾਹਿਰ ਸਰਦੀ ਹੈ ਅੰਦਰ ਆ ਜਾਓ, ਪਰ ਚੰਨ ਦੀ ਚਾਨਣੀ ਨੇ ਸਾਡਾ ਦਿਲ ਆਪਣੇ ਵਲ ਇਤਨਾ ਖਿੱਚਿਆ ਹੋਇਆ ਸੀ, ਕਿ ਉੱਠਣਾ ਇਕ ਅਸੰਭਵ ਗੱਲ ਸੀ। ਇਤਨੇ ਚਿਰ ਵਿੱਚ ਹਨੇਰੇ ਨੇ ਚੰਨ ਨੂੰ ਵੀ ਓਸੇ ਪਾਸੇ ਵਲ ਟੋਰ ਦਿੱਤਾ, ਜਿਸ ਪਾਸੇ ਵਲ ਅੱਗੇ ਸੂਰਜ ਜਾ ਚੁੱਕਾ ਸੀ। ਚੰਨ ਦੇ ਚਲੇ ਜਾਣ ਕਰਕੇ ਅਸਾਂ ਹਨੇਰੇ ਨੂੰ ਕਿਹਾ ਕਿ ਲੈ ਬਰੌਣਕਿਆ ਤੇ ਇਕੱਲ ਦਿਆ ਮਾਲਕਾ! ਤੂੰ ਹੁਣ ਇਕੱਲਾ ਹੀ ਰਹੁ ਅਸੀ ਵੀ ਸਾਰੇ ਚੰਨ ਦੇ ਚਲੇ ਜਾਣ ਕਰਕੇ ਆਪਣੇ ਆਪਣੇ ਤੰਬੂ ਵਿੱਚ ਜਾ ਰਹੇ ਹਾਂ, ਇਹ ਕਹਿਕੇ ਅਸੀ ਆਪਣੇ ਆਪਣੇ ਤੰਬੂ ਵਿੱਚ ਆ ਗਏ, ਤੇ ਤੰਬੂ ਨੂੰ ਤਦ ਛੱਡਿਆ ਜਦ ਰਾਤ ਦਾ ਰਾਜ ਖਤਮ ਹੋ ਚੁੱਕਾ ਸੀ ਤੇ ਹਨੇਰਾ ਆਪਣੇ ਸਿੰਘਾਸਣ ਤੇ ਸੂਰਜ ਦੇਵਤੇ ਨੂੰ ਅਸਥਾਨ ਕਰ ਚੁੱਕਾ ਸੀ। ਸਵੇਰੇ ਦਾ ਪ੍ਰਸ਼ਾਦਿ ਛਕ ਕੇ ਅਸਾਂ ਚੌਹਾਂ ਪੰਜਾਂ ਆਦਮੀਆਂ ਨੇ ਜੰਗਲ ਵਾਲਿਆਂ ਦੀ ਨਰਸਰੀ ਵਿੱਚ ਜਾਣ ਦਾ ਇਰਾਦਾ ਕੀਤਾ, ਤੇ ਘੋੜਿਆਂ ਤੇ ਚੜ੍ਹ ਕੇ ਅਸੀ ਨਰਸਰੀ ਵਲ ਟੁਰ ਪਏ। ਸਾਰੀ ਨਰਸਰੀ ਦਾ ਸੈਰ ਕਰਕੇ ਵਾਪਸ ਆਏ ਤਦ ਭਾਯਾ ਜੀ, ਭਾਬੀ ਜੀ, ਭੈਣ ਜੀ, ਤੇ ਜਸ ਜੀ ਸਾਰੇ ਆੜੋ ਨੂੰ ਇਕੱਲਿਆਂ ਖੱਡ ਕੇ ਪਹਲਗਾਮ ਵਲ ਮੁਹਾਰਾਂ ਮੋੜ ਚੁੱਕੇ ਸਨ। ਓਥੇ ਅਸਾਂ ਨੇ ਵੀ ਘੋੜਿਆਂ ਦੀਆਂ ਵਾਗਾਂ ਮੋੜੀਆਂ ਤੇ ਪਹਲਗਾਮ ਵਲ ਰੁਖ਼ ਕੀਤਾ, ਪਰ ਅਸਾਡੇ ਘੋੜਿਆਂ ਦੀ ਮਨਸ਼ਾ ਪਹਾੜ ਤੇ ਚਾੜ੍ਹਣ ਦੀ ਸੀ, ਜਿਸ ਕਰਕੇ ਘੋੜਿਆਂ ਨੇ ਸਾਨੂੰ ਬਹੁਤ ਦੇਰੀ ਲਵਾ ਦਿੱਤੀ, ਪਹਾੜ ਤੇ ਚੜ੍ਹਣ ਵੇਲੇ ਮੇਰਾ ਹੀ ਘੋੜਾ। ਸਭ ਤੋਂ ਅੱਗੇ ਹੁੰਦਾ ਸੀ। ਕੋਈ ਡੇਢ ਕੁ ਮੀਲ ਆਏ ਤਦ ਬਲ ਜੀ ਨੇ ਮੇਰਾ ਘੋੜਾ ਆਪ ਲੈ ਲਿਆ ਤੇ ਮੈਨੂੰ ਆਪਣਾ ਘੋੜਾ ਦੇ ਦਿੱਤਾ। ਓਥੋਂ ਥੋੜ੍ਹੋਾ ਹੀ ਅੱਗੇ ਆਕੇ ਜੀਤ ਜੀ ਨੇ ਆਪਣਾ ਘੋੜਾ ਮੈਨੂੰ ਦੇ ਦਿੱਤਾ, ਤੇਆਪ ਮੇਰੇ ਘੋੜੇ ਤੇ ਸਵਾਰ ਹੋ ਗਏ। ਓਥੋਂ ਕਿਧਰੇ ਆਹਸਤੇ ਤੇ ਕਿਧਰੇ ਤੇਜ ਆਉਂਦੇ ਆਉਂਦੇ ਅਸੀ ਲਛਮਣ ਝੂਲੇ ਤਕ ਪੁੱਜੇ। ਤਦ ਓਥੋਂ ਕੈਲਾਸ਼ ਜੀ ਦਾ ਘੋੜਾ ਪਹਾੜਾਂ ਤੇ ਚੜ੍ਹ ਗਿਆ। ਜਦ ਉਨ੍ਹਾਂ ਦਾ ਘੋੜਾ ਹੇਠਾਂ ਉਤਰਿਆ ਤਦ ਅੱਗੇ ਦੇ ਘੋੜੇ ਬੜੇ ਤੇਜ ਆਏ ਤੇ ਉਨ੍ਹਾਂ ਤੋਂ ਥੋੜ੍ਹਾ ਹੀ ਪਿੱਛੇ ਦੋ ਘੋੜੇ ਦੁਸਰੇ ਵੀ ਆ ਗਏ ਪਰ ਕੈਲਾਸ਼ ਜੀ ਬਹੁਤ ਜਿਆਦਾ ਪਿੱਛੇ ਰਹਿ ਗਏ॥

ਏਹ ਆਸਾਡਾ ਲਿੱਦਰ ਨਾਲੇ ਦੇ ਜਨਮ ਅਸਥਾਨ ਦੇ ਸਫਰ ਦਾ ਹਾਲ ਹੈ। ਸੋ ਲਿੱਦਰ ਨਾਲਾ ਘਲੋਈ ਤੋਂ ਸ਼ੁਰੂ ਹੋ ਕੇ ਤੇ ਕਈ ਨਾਲੇ ਅਪਣੇ ਨਾਲ ਰਲਾ ਕੇ ਪਹਲਗਾਮ ਆ ਕੇ ਸ਼ੇਸ਼ਨਾਗ ਦੇ ਨਲੇ ਨਾਲ ਮਿਲਾਪ ਕਰਦਾ ਹੋਇਆ ਤੇ ਕਈ ਜਗਾ ਨੂੰ ਪਾਣੀ ਨਾਲ ਨਿਹਾਲ ਕਰਦਾ ਹੋਇਆ ਬੀਜ ਬਿਹਾੜੇ ਕੋਲ ਕੀਤਰੀ ਟਿੰਗ ਜਾਕੇ ਜੇਹਲਮ ਦਰਿਯਾ ਵਿੱਚ ਪੈਕੇ ਆਪਣਾ ਆਪ ਗਵਾ ਲੈਂਦਾ ਹੈ॥

ਸ੍ਰੀ ਨਗਰ।ਦਯਾ ਕੌਰ
(ਕਸ਼ਮੀਰ)