ਖੁਲ੍ਹੇ ਲੇਖ/ਮੁੱਖ ਬੰਧ
ਮੁੱਖ-ਬੰਧ
ਇਹ ਖੁਲ੍ਹੇ ਲੇਖ ਆਮ ਖਿਆਲਾਂ ਦੇ ਧਰਤੀ ਉੱਪਰ ਪਏ ਕਿਸੀ ਨੁਕਤੇ ਥੀਂ ਨਹੀਂ ਲਿਖੇ ਗਏ, ਕਦੀ ਕੋਈ ਘੜੀ ਆਣ ਵਾਪਰਦੀ ਹੈ ਜਦ ਜੀਵਨ ਕੇਂਦਰ ਧਰਤੀ ਥੀਂ ਉੱਠ ਕੇ ਆਪ ਮੁਹਾਰਾ ਕਿਸੀ ਅਣਡਿੱਠੇ ਅਕਾਸ਼ ਵਿੱਚ ਜਾ ਚਮਕਦਾ ਹੈ ਤੇ ਉਸ ਬਲਦੀ ਹੀਰੇ ਦੀ ਕਣੀ ਦੀ ਅਗ-ਨੋਕ ਦੇ ਉਡਾਰੂ ਜਿਹੇ ਕੇਂਦਰ ਥੀਂ ਕੁਛ ਵਰ੍ਹਦਾ ਹੈ। ਰਿਮ ਝਿਮ ਰਿਮ ਝਿਮ ਜੋਤੀ ਦਾ ਮੀਂਹ ਪੈਂਦਾ ਹੈ, ਜੋ ਮਰਜੀ ਕਰੀਏ, ਬਰਤਨ ਰੱਖੀਏ, ਮੂੰਹ ਅਡੀਏ, ਹੱਥ ਪਸਾਰੀਏ, ਰੇਸ਼ਮੀ ਚਾਦਰਾਂ ਤਾਣੀਏ, ਨੂਰੀ ਫੁਹਾਰ ਦੀ ਕੋਈ ਕੋਈ ਬੂੰਦ ਲੂਆਂ ਵਿੱਚ ਲਿਸ਼ਕਦੀ ਦਿਸਦੀ ਹੈ ਪਰ ਨਹੀਂ ਦਿਸਦੀ, ਹੱਥਾਂ ਵਿੱਚ ਆਉਂਦੀ ਹੈ ਪਰ ਨਹੀਂ ਆਉਂਦੀ, ਇੰਨਾਂ ਪ੍ਰਤੀਤ ਹੁੰਦਾ ਹੈ ਕਿ ਕਿਸੀ ਮਿੱਠੀ ਨੀਂਦਰ ਨੇ ਆਣ ਟੁੰਬ ਉਠਾ- ਲਿਆ ਹੈ। ਇਨ੍ਹਾਂ ਲੇਖਾਂ ਵਿੱਚ ਉਸ ਅਣਮੁੱਲੀ ਲਿਸ਼ਕ ਦੀ ਕਿਧਰੇ ਕਿਧਰੇ ਧਾਰੀ ਦਿਸ ਆਵੇਗੀ।
ਖਿਆਲ ਸੋਚੇ ਨਹੀਂ ਜਾਂਦੇ, ਆਪ ਮਹਾਰੇ ਚਿੱਟੇ ਬਾਜਾਂ ਵਾਂਗ ਉਡਾਰੀ ਮਾਰ ਨੀਲ ਗਗਨ ਵਿੱਚ ਆਪਣੇ ਸੁਹਣੇ ਢੰਗਾਂ ਦੀ ਫਰਫੱਰਾਟ ਵਿੱਚ ਰੂਪਮਾਨ ਹੁੰਦੇ ਹਨ। ਦੁਖੀ, ਦੁਖੀ ਵਿਛੜੇ ਮਿਲੇ, ਦੋਹਾਂ ਦੇ ਨੈਣ ਅਗੰਮ ਦੇ ਜਲ ਨਾਲ
[ ਅ ]
ਭਰ ਜਾਂਦੇ ਹਨ, ਕਿਸੀ ਅਗੱਮ ਰਸ ਦੀ ਝੋਕ ਦਾ ਬੂਟਾ ਹੈ। ਆਪੇ ਲਿਖੇ ਗਏ ਹਨ, ਏਵੇਂ ਮੈਂ ਉਹ ਜਿਹਨੂੰ ਗੱਲ ਕਰਨੀ ਨਹੀਂ ਆਉਂਦੀ, ਇਕ ਸਤਰ ਜੋੜਨੀ ਔਖੀ ਹੋ ਜਾਂਦੀ ਹੈ।
ਛੰਦ ਸੈਲਾਨੀ ਦਾ ਜ਼ਿਕਰ ਆਇਆ ਹੈ, ਛੰਦਾਬੰਦੀ ਵਿੱਚ ਆਮ ਤੌਰ ਤੇ ਫਰਾਕ ਕੋਟ ਤੇ ਟਾਈ ਤੇ ਕਾਲੇ ਰੰਗ ਦੀ ਜੁੱਤੀ ਆਦਿ ਦੀ ਨਬਾਬੀ ਕੈਦ ਮੈਨੂੰ ਕਵਿਤਾ ਦੇ ਪ੍ਰਭਾਵ ਲਈ ਸਦਾ ਦਿਸਦੀ ਹੈ। ਕਵੀ ਮੈਂ ਹੋਇਆ ਨਾਂਹ ਤੇ ਛੰਦ ਦੀ ਚਾਲ ਪਤਾ ਨਹੀਂ। ਪਰ ਸ਼ੈਲੇ ਦੀ ਫਿਲਾਸਫੀ ਆਫ ਲਵ ਦਾ ਅੰਦਾਜ਼ ਪਤਾ ਹੈ, ਉਹ ਐਸਾ ਹੈ ਕਿ ਜੇ ਪੁਠੇ ਸਿੱਧੇ ਲਫਜ਼ ਵੀ ਰੱਖ ਦਿੱਤੇ ਜਾਵਣ ਤਾਂ ਵੀ ਉਸ ਮਾਖਿਓਂ ਨਾਲ ਹੋਠ ਜਰੂਰ ਜੁੜ ਜਾਂਦੇ ਹਨ। ਉਹ ਜੁੜੇ ਹੋਠ ਤੇ ਉਹ ਦਸਵੇਂ ਦ੍ਵਾਰ ਪਹੁੰਚੇ ਸਵਾਦ ਦਾ ਇਕ ਛੰਦ ਹੈ ਜਿਹਨੂੰ ਮੈਂ ਸੈਲਾਨੀ ਛੰਦ ਨਾਮ ਦੇਣ ਦੀ ਬੇ ਖਤਰ ਹੋ ਦਲੇਰੀ ਕੀਤੀ ਹੈ। ਮਤਲਬ ਇਹ ਹੈ ਕਿ ਘੜੀ ਦਾ ਪੈਡੂਲੈਮ ਜਰਾ ਅਸਲੀਅਤ ਵਲ ਸੁਟਿਆ ਜਾਵੇ, ਕਾਵ੍ਯ ਦੇ ਰਸ ਦਾ ਮਾਖਿਓਂ ਜਿਆਦਾ ਚੱਖਿਆ ਜਾਵੇ, ਤੇ ਤੁਕਬੰਦੀ ਥੀਂ ਦਰਹਕੀਕਤ ਆਮ ਮਖਲੂਕ ਤੇ ਖਾਸਕਰ ਪੜ੍ਹੇ ਲਿਖੇ ਬੰਦਿਆਂ ਦਾ ਮਨ ਕੁਛ ਕੁਛ ਉਪਰਾਮ ਹੋਵੇ। ਕਿਸੀ ਵਕਤ ਤੁਕਬੰਦੀ ਦਾ ਮਸਨੂਈ ਰਾਗ ਸਾਡੇ ਕੰਨਾਂ ਨੂੰ ਆਦਤ ਪਾ ਦਿੰਦਾ ਹੈ ਕਿ ਅਸੀਂ ਸੱਚ ਦੀ ਸਾਦਗੀ ਨੂੰ ਸੱਚ ਰੂਪ ਕਰਕੇ ਸੁਣੀਏ ਹੀ ਨਾਂਹ, ਇਹ ਛੰਦਾਬੰਦੀ ਨਾਲ [ ੲ ]
ਬੇਸਬਰੀ ਮੇਰੀ ਤਬੀਅਤ ਦੀ ਕਮਜੋਰੀ ਸਮਝੋ ਤਦ।
ਜਾਪਾਨ ਦੇ ਲੋਕਾਂ ਦੇ ਜੀਵਨ ਤੇ ਜੀਵਨ ਆਦਰਸ਼ਾਂ ਵਲ ਕਈ ਇਸ਼ਾਰੇ ਕੀਤੇ ਹਨ, ਮੈਂ ਤਕਰੀਬਨ ੪ ਸਾਲ ਆਪਣੀ ਜਵਾਨੀ ਵਿਚ ਜਾਪਾਨ ਰਿਹਾ ਹਾਂ ਅਰ ਉਨਾਂ ਦਾ ਜੀਵਨ ਅੱਖੀਂ ਡਿੱਠਾ ਹੈ॥
ਪੰਜਾਬੀ ਬੋਲੀ ਮੈਂ ਮਾਂ ਦੇ ਦੁੱਦ ਨਾਲ ਇੰਨੀ ਨਹੀਂ ਸਿੱਖੀ, ਹੁਣ ਵੀ ਪੈਂਤੀ ਦੇ ਕੋਈ ਅੱਖਰ ਮੈਨੂੰ ਲਿਖਣੇ ਨਹੀਂ ਆਉਂਦੇ, ਪਰ ਜਦ ਮੁੜ ਮੈਂ ਘਰ ਆਇਆ, “ਬਾਪੂ ਨੇ ਦਿਲਾਸਾ ਦਿੱਤਾ," ਉਹ ਗੁਰੂ ਜੀ ਦੀ ਮਿਹਰ ਦਾ ਦਰਵਾਜਾ ਜਿੱਥੋਂ ਮੈਂ ਨੱਸ ਕੇ ਚਲਾ ਗਿਆ ਸੀ, ਮੁੜ ਖੁਲ੍ਹਿਆ, ਮੈਨੂੰ ਅੰਦਰ ਮੁੜ ਦਾਖਲ ਕੀਤਾ ਗਿਆ। ਮੈਂ ਬਖਸ਼ਿਆ ਗਿਆ, ਗੁਰੂ ਜੀ ਦੇ ਦੇਸ਼, ਸਿੱਖੀ ਸਿਦਕ ਤੇ ਗੁਰੂ ਜੀ ਦੇ ਚਰਨਾਂ ਦਾ ਪਿਆਰ ਮੁੜ ਮਿਲਿਆ, ਉਸ ਸੁਭਾਗ ਘਰੋਂ ਗੁਰੂ ਜੀ ਦੇ ਦਰ ਤੇ ਇਕ ਮਹਾਂ ਪੁਰਖ ਦੇ ਦੀਦਾਰ ਹੋਏ, ਅਰ ਆਪ ਦੇ ਕਿਰਪਾ ਕਟਾਖ੍ਯ ਨਾਲ ਪੰਜਾਬੀ ਸਾਹਿਤ ਦਾ ਸਾਰਾ ਬੋਧ ਤੇ ਖਿਆਲ ਦੀ ਉਡਾਰੀ ਆਈ। ਕਵਿਤਾ ਵੀ ਮਿਲੀ, ਤੇ ਉਸੀ ਮਿਹਰ ਦੀ ਨਜ਼ਰ ਵਿੱਚ, ਉਸੀ ਮਿਠੇ ਸਾਧਵਚਨ ਵਿੱਚ ਮੈਨੂੰ ਪੰਜਾਬੀ ਬੋਲੀ ਆਪਮੁਹਾਰੀ ਆਈ, ਆਪਮੁਹਾਰੀ ਆਈ ਚੀਜ਼ ਦੇ ਔਗੁਣ ਸਭ ਸ਼ਖਸੀ ਹੁੰਦੇ ਦੁਨ, ਤੇ ਗੁਣ ਕੁਲ ਉਸ ਬਖਸ਼ਣ ਵਾਲੇ ਦੇ, ਸੋ ਮੈਂ ਹਾਂ ਤੇ ਉਹ ਨਿਮਾਣਾ ਦਰ ਦਰ ਭਿੱਖ ਮੰਗਦਾ, ਪਰ ਮੇਰੀ ਅੱਖ ਦੀ ਲਾਲੀ ਉਨ੍ਹਾਂ ਦੀ ਹੈ। ਮੇਰੇ ਦਿਲ ਵਿੱਚ ਇਕ ਮਗਦੀ ਹੀਰੇ ਦੀ ਕਣੀ ਚਮਕਦੀ ਹੈ, ਉਹ ਉਨਾਂ ਦੀ ਹੈ। ਤੇ ਬਾਲਕ ਨੂੰ ਕੀ ਖਬਰ ਹੁੰਦੀ ਹੈ, ਕੀ ਹੈ, ਮਾਂ ਨੇ ਗਹਿਣੇ ਪਾ ਦਿੱਤੇ, ਕੇਸਾਂ ਵਿੱਚ ਮੇਰੇ ਮੋਤੀ ਚਮਕ ਰਹੇ ਹਨ। ਹਵਾ ਹਿਲਾਂਦੀ ਹੈ ਹਿਲਦੇ ਹਨ, ਕਿਰਨ ਪੈਂਦੀ ਹੈ ਝਲਕਦੇ ਹਨ।
| ਸਖੀ ਸਹੇਲੀ ਨੇ ਫੁੱਲ ਲਟਕਾ ਦਿੱਤੇ ਲਟਕਦੇ ਹਨ, ਇਹ ਜੀਵਨ ਮੌਜ ਹੈ, ਆਪ ਦੀ ਬਖਸ਼ਸ਼ ਹੈ, ਦਾਤ ਹੈ, ਰੂਪ ਹੈ, ਬਿਨਸਾਧਨ ਸਿਧੀ ਹੈ, ਭੁੱਲਾਂ ਵਿੱਚ ਗੁਰੂ ਦੀ ਯਾਦ ਚਮਕ ਰਹੀ ਹੈ। ਸ਼ੁਕਰ ਹੈ ਓਸ ਅਗੱਮੀ ਫੁੱਲ ਦਾ, ਜਿਹੜਾ ਬਲਦੀ ਮਸ਼ਾਲ ਵਾਂਗ ਮੋਏ ਦਿਲ-ਦੀਵੇ ਮੁੜ ਜਗਾ ਦਿੰਦਾ ਹੈ!!
ਇਸ ਪੁਸਤਕ ਵਿੱਚ ਜਿੰਨੇ ਨਮੂਨੇ ਨਸ਼ਰ ਤੇ ਨਜ਼ਮ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਕਾਪੀ ਰਾਈਟ ਪੁਸਤਕਾਂ ਵਿੱਚੋਂ ਦਿੱਤੇ ਹਨ ਉਹ ਆਪ ਜੀ ਦੀ ਆਗਿਆ ਲੈ ਕੇ ਦਿੱਤੇ ਗਏ ਹਨ, ਜਿਸ ਲਈ ਲੇਖਕ ਆਪਦਾ ਅਤੀ ਧਨਵਾਦੀ ਹੈ।