ਚੰਡੀ ਦੀ ਵਾਰ
ੴਵਾਹਿਗੁਰੂ ਜੀ ਕੀ ਫਤਹ ॥
ਸ੍ਰੀ ਭਗਉਤੀ ਜੀ ਸਹਾਇ ॥
ਵਾਰ ਸ੍ਰੀ ਭਗਉਤੀ ਜੀ ਕੀ ॥
ਪਾਤਸਾਹੀ ੧੦ ॥
1
ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ ॥
ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ ॥
ਅਰਜਨ ਹਰਿਗੋਬਿੰਦ ਨੋ ਸਿਮਰੌ ਸ੍ਰੀ ਹਰਿਰਾਇ ॥
ਸ੍ਰੀ ਹਰਿਕ੍ਰਿਸਨ ਧਿਆਈਐ ਜਿਸ ਡਿਠੈ ਸਭਿ ਦੁਖਿ ਜਾਇ ॥
ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ ॥
ਸਭ ਥਾਈਂ ਹੋਇ ਸਹਾਇ ॥੧॥
(ਪ੍ਰਿਥਮ=ਪਹਿਲਾਂ, ਨਉ ਨਿਧਿ=ਨੌਂ ਖਜ਼ਾਨੇ)
2
ਪਉੜੀ ॥
ਖੰਡਾ ਪ੍ਰਿਥਮੈ ਸਾਜਿ ਕੈ ਜਿਨ ਸਭ ਸੈਸਾਰੁ ਉਪਾਇਆ ॥
ਬ੍ਰਹਮਾ ਬਿਸਨ ਮਹੇਸ ਸਾਜਿ ਕੁਦਰਤੀ ਦਾ ਖੇਲੁ ਰਚਾਇ ਬਣਾਇਆ ॥
ਸਿੰਧ ਪਰਬਤ ਮੇਦਨੀ ਬਿਨੁ ਥੰਮਾ ਗਗਨ ਰਹਾਇਆ ॥
ਸਿਰਜੇ ਦਾਨੋ ਦੇਵਤੇ ਤਿਨ ਅੰਦਰਿ ਬਾਦੁ ਰਚਾਇਆ ॥
ਤੈ ਹੀ ਦੁਰਗਾ ਸਾਜਿ ਕੈ ਦੈਤਾ ਦਾ ਨਾਸੁ ਕਰਾਇਆ ॥
ਤੈਥੋ ਹੀ ਬਲੁ ਰਾਮੁ ਲੈ ਨਾਲ ਬਾਣਾ ਦਹਸਿਰੁ ਘਾਇਆ ॥
ਤੈਥੋ ਹੀ ਬਲੁ ਕ੍ਰਿਸਨ ਲੈ ਕੰਸੁ ਕੇਸੀ ਪਕੜਿ ਗਿਰਾਇਆ ॥
ਬਡੇ ਬਡੇ ਮੁਨਿ ਦੇਵਤੇ ਕਈ ਜੁਗ ਤਿਨੀ ਤਨੁ ਤਾਇਆ ॥
ਕਿਨੀ ਤੇਰਾ ਅੰਤੁ ਨ ਪਾਇਆ ॥੨॥
(ਖੰਡਾ=ਦੋ ਧਾਰੀ ਸਿਧੀ ਕਿਰਪਾਨ, ਸਿੰਧ=ਸਮੁੰਦਰ, ਮੇਦਿਨੀ=
ਧਰਤੀ, ਦਾਨੋ=ਰਾਕਸ,ਦੈਂਤ, ਬਾਦੁ=ਝਗੜਾ, ਦੁਰਗਾ=ਚੰਡੀ ਦੇਵੀ,
ਦਹਸਿਰੁ=ਰਾਵਨ, ਘਾਇਆ=ਮਾਰਿਆ, ਕੰਸ=ਦੈਂਤ ਦਾ ਨਾਂ)
3
ਸਾਧੂ ਸਤਿਜੁਗੁ ਬੀਤਿਆ ਅਧ ਸੀਲੀ ਤ੍ਰੇਤਾ ਆਇਆ ॥
ਨੱਚੀ ਕਲ ਸਰੋ ਸਰੀ ਕਲ ਨਾਰਦ ਡਉਰੂ ਵਾਇਆ ॥ ਅਭਿਮਾਨੁ ਉਤਾਰਨ ਦੇਵਤਿਆ ਮਹਿਖਾਸੁਰ ਸੁੰਡ ਉਪਾਇਆ ॥
ਜੀਤਿ ਲਏ ਤਿਨ ਦੇਵਤੇ ਤਿਹ ਲੋਕੀ ਰਾਜੁ ਕਮਾਇਆ ॥
ਵੱਡਾ ਬੀਰੁ ਅਖਾਇ ਕੈ ਸਿਰ ਉੱਪਰ ਛਤ੍ਰੁ ਫਿਰਾਇਆ ॥
ਦਿੱਤਾ ਇੰਦ੍ਰੁ ਨਿਕਾਲ ਕੈ ਤਿਨ ਗਿਰ ਕੈਲਾਸੁ ਤਕਾਇਆ ॥
ਡਰਿ ਕੈ ਹੱਥੋ ਦਾਨਵੀ ਦਿਲ ਅੰਦਰਿ ਤ੍ਰਾਸੁ ਵਧਾਇਆ ॥
ਪਾਸ ਦੁਰਗਾ ਦੇ ਇੰਦਰੁ ਆਇਆ ॥੩॥
(ਸਾਧੂ=ਸ਼ਾਂਤ ਸੁਭਾ, ਅਧਸੀਲੀ=ਰਜੋ ਤੇ ਸਤੋ ਗੁਣਾਂ ਦਾ ਮੇਲ,
ਕਲ=ਝਗੜਾ, ਸਰੋਸਰੀ=ਸਿਰਾਂ ਤੇ, ਨਾਰਦ=ਇਕ ਦੇਵਤੇ ਦਾ ਨਾਂ,
ਮਹਿਖਸੁਰ=ਦੈਂਤ ਦਾ ਨਾਂ, ਸੁੰਭ=ਦੈਤ ਦਾ ਨਾਂ, ਤਿਹੁੰ=ਤਿੰਨ, ਗਿਰਿ=
ਪਹਾੜ, ਤ੍ਰਾਸ=ਡਰ)
4
ਪਉੜੀ ॥
ਇਕ ਦਿਹਾੜੇ ਨ੍ਹਾਵਣ ਆਈ ਦੁਰਗਸਾਹ ॥
ਇੰਦ੍ਰ ਬਿਰਥਾ ਸੁਣਾਈ ਅਪਣੇ ਹਾਲ ਦੀ ॥
ਛੀਨ ਲਈ ਠਕੁਰਾਈ ਸਾਤੇ ਦਾਨਵੀ ॥
ਲੋਕੀ ਤਿਹੀ ਫਿਰਾਈ ਦੋਹੀ ਆਪਣੀ ॥
ਬੈਠੇ ਵਾਇ ਵਧਾਈ ਤੇ ਅਮਰਾਵਤੀ ॥
ਦਿੱਤੇ ਦੇਵ ਭਜਾਈ ਸਭਨਾ ਰਾਕਸਾਂ ॥
ਕਿਨੈ ਨ ਜਿੱਤਾ ਜਾਈ ਮਹਖੇ ਦੈਤ ਨੂੰ ॥
ਤੇਰੀ ਸਾਮ ਤਕਾਈ ਦੇਵੀ ਦੁਰਗ ਸਾਹ ॥੪॥
(ਬਿਰਥਾ=ਕਹਾਣੀ, ਠੁਕਰਾਈ=ਬਾਦਸ਼ਾਹੀ, ਦੋਹੀ=ਦੁਹਾਈ,
ਬਾਇ=ਵੈਰੀ, ਅਮਰਾਵਤੀ=ਸਵਰਗ, ਸਾਮ=ਸ਼ਰਨ)
5
ਪਉੜੀ ॥
ਦੁਰਗਾ ਬੈਣ ਸੁਣੰਦੀ ਹੱਸੀ ਹੜਹੜਾਇ ॥
ਓਹੀ ਸੀਹੁ ਮੰਗਾਇਆ ਰਾਕਸ ਭੱਖਣਾ ॥
ਚਿੰਤਾ ਕਰਹੁ ਨ ਕਾਈ ਦੇਵਾਂ ਨੂੰ ਆਖਿਆ ॥
ਰੋਹ ਹੋਈ ਮਹਾ ਮਾਈ ਰਾਕਸਿ ਮਾਰਣੇ ॥੫॥
(ਬੈਣ=ਵੈਣ,ਦੁਖਦਾਇਕ ਕਥਾ,ਹੜ ਹੜਾਇ=ਖਿੜ ਖਿੜਾ
ਕੇ ਹਸਨਾ, ਸੀਹੁ=ਸ਼ੇਰ, ਭਖਣਾ=ਖਾਣ ਵਾਲਾ)
6
ਦੋਹਰਾ ॥
ਰਾਕਸਿ ਆਏ ਰੋਹਲੇ ਖੇਤ ਭਿੜਨ ਕੇ ਚਾਇ ॥
ਲਸਕਨ ਤੇਗਾਂ ਬਰਛੀਆਂ ਸੂਰਜੁ ਨਦਰਿ ਨ ਪਾਇ ॥੬॥
(ਰੋਹਲੇ=ਕਰੋਧ, ਖੇਤ=ਮੈਦਾਨੇ-ਜੰਗ, ਭਿੜਨ=ਲੜਨ,
ਨਦਰਿ=ਨਜ਼ਰ)
7
ਪਉੜੀ ॥
ਦੁਹਾਂ ਕੰਧਾਰਾਂ ਮੁਹਿ ਜੁੜੇ ਢੋਲ ਸੰਖ ਨਗਾਰੇ ਬੱਜੇ ॥
ਰਾਕਸਿ ਆਏ ਰੋਹਲੇ ਤਵਾਰੀ ਬਖਤਰ ਸੱਜੇ ॥
ਜੁੱਟੇ ਸਉਹੇ ਜੁੱਧ ਨੂੰ ਇਕ ਜਾਤ ਨ ਜਾਣਨ ਭੱਜੇ ॥
ਖੇਤ ਅੰਦਰਿ ਜੋਧੇ ਗੱਜੇ ॥੭॥
(ਕੰਧਾਰਾਂ=ਫੌਜਾਂ, ਰੋਹਲੇ=ਗੁੱਸਾ, ਬਖਤਰ=ਜ਼ਰਾਬਕਤਰ,
ਸਉਹੇ=ਆਹਮੋ ਸਾਹਮਣੇ)
8
ਪਉੜੀ ॥
ਜੰਗ ਮੁਸਾਫਾ ਬੱਜਿਆ ਰਣਿ ਘੁਰੇ ਨਗਾਰੇ ਚਾਵਲੇ ॥
ਝੂਲਨਿ ਨੇਜੇ ਬੈਰਕਾ ਨੀਸਾਣ ਲਸਨਿ ਸਾਵਲੇ ॥
ਢੋਲ ਨਗਾਰੇ ਪਉਣ ਦੇ ਊਂਘਨ ਜਾਣ ਜਟਾਵਲੇ ॥
ਦੁਰਗਾ ਦਾਨੋ ਡਹੇ ਰਣਿ ਨਾਦ ਵੱਜਨ ਖੇਤ ਭੀਹਾਵਲੇ ॥
ਬੀਰ ਪਰੋਤੇ ਬਰਛੀਏ ਜਣ ਡਾਲ ਚਮੁੱਟੇ ਆਵਲੇ ॥
ਇਕ ਵੱਢੇ ਤੇਗੀ ਤੜਫੀਅਨ ਮਦ ਪੀਤੇ ਲੋਟਨਿ ਬਾਵਲੇ ॥
ਇਕ ਚੁਣ ਚੁਣ ਝਾੜਉ ਕਢੀਅਨ ਰੇਤ ਵਿਚੌ ਸੁਇਨਾ ਡਾਵਲੇ ॥
ਗਦਾ ਤ੍ਰਿਸੂਲਾਂ ਬਰਛੀਆਂ ਤੀਰ ਵੱਗਨ ਖਰੇ ਉਤਾਵਲੇ ॥
ਜਣ ਡਸੇ ਭੁਜੰਗਮ ਸਾਵਲੇ ॥
ਮਰ ਜਾਵਨ ਬੀਰ ਰੁਹਾਵਲੇ ॥੮॥
(ਮੁਸਾਫਾ=ਧੌਂਸਾ, ਘੁਰੇ=ਖੜਕੇ, ਚਾਵਲੇ=ਚਾਅ ਨਾਲ, ਬੈਰਕਾਂ=ਝੰਡੀਆਂ,
ਲਸਨਿ=ਚਮਕਨ, ਲਸਾਵਲੇ= ਚਮਕਨ ਵਾਲੇ, ਨਾਦ=ਵਾਜੇ, ਭੀਹਾਵਲੇ=
ਡਰਾਉਣੇ, ਡਾਲਿ=ਟਹਿਣੀ, ਝਾੜਉਂ=ਝਾੜੀਆਂ, ਡਾਵਲੇ=ਰੇਤ ਵਿਚੋਂ ਸੋਨ
ਲੱਭਣ ਵਾਲੇ, ਭੁਜੰਗਮ=ਸੱਪ, ਰੁਹਾਵਲੇ=ਕਰੋਧ ਵਾਲੇ)
9
ਪਉੜੀ ॥
ਦੇਖਣ ਚੰਡ ਚੰਡ ਨੂੰ ਰਣ ਘੁਰੇ ਨਗਾਰੇ ॥
ਧਾਏ ਰਾਕਸਿ ਰੋਹਲੇ ਚਉਗਿਰਦੋ ਭਾਰੇ ॥
ਹੱਥੀ ਤੇਗਾਂ ਪਕੜਿ ਕੈ ਰਣ ਭਿੜੇ ਕਰਾਰੇ ॥
ਕਦੇ ਨ ਨੱਠੇ ਜੁੱਧ ਤੇ ਜੋਧੇ ਜੁੱਝਾਰੇ ॥
ਦਿਲ ਵਿਚ ਰੋਹ ਬਢਾਇ ਕੈ ਮਾਰਿ ਮਾਰਿ ਪੁਕਾਰੇ ॥
ਮਾਰੇ ਚੰਡ ਪ੍ਰਚੰਡ ਨੈ ਬੀਰ ਖੇਤ ਉਤਾਰੇ ॥
ਮਾਰੇ ਜਾਪਨ ਬਿੱਜੂਲੀ ਸਿਰ ਭਾਰ ਮੁਨਾਰੇ ॥੯॥
(ਚੰਡ ਪ੍ਰਚੰਡ=ਬੜੇ ਤੇਜ਼ ਪ੍ਰਤਾਪ ਵਾਲੀ ਚੰਡੀ ਦੇਵੀ,
ਕਰਾਰੇ=ਸਖਤੀ ਨਾਲ, ਜੁਝਾਰੇ=ਲੜਨ ਵਾਲੇ)
10
ਪਉੜੀ ॥
ਚੋਟ ਪਈ ਦਮਾਮੇ ਦਲਾਂ ਮੁਕਾਬਲਾ ॥
ਦੇਵੀ ਦਸਤ ਨਚਾਈ ਸੀਹਣਿ ਸਾਰ ਦੀ ॥
ਪੇਟ ਮਲੰਦੇ ਲਾਈ ਮਹਖੇ ਦੈਤ ਨੂੰ ॥
ਗੁਰਦੇ ਆਂਦਾਂ ਖਾਈ ਨਾਲੇ ਰੁੱਕੜੇ ॥
ਜੇਹੀ ਦਿਲ ਵਿਚ ਆਈ ਕਹੀ ਸੁਣਾਇ ਕੈ ॥
ਚੋਟੀ ਜਾਣ ਦਿਖਾਈ ਤਾਰੇ ਧੂਮਕੇਤ ॥੧੦॥
(ਦਮਾਮੇ=ਢੋਲ, ਦਸਤ=ਹੱਥ, ਸੀਹਣਿ=ਸ਼ੇਰਨੀ,
ਸਾਰ= ਲੋਹਾ, ਆਂਦਾ=ਆਂਦਰਾਂ,ਰੁੱਕੜੇ=ਪਸਲੀਆਂ,
ਧੂਮਕੇਤੁ=ਬੋਦੀ ਵਾਲਾ ਤਾਰਾ)
11
ਪਉੜੀ ॥
ਚੋਟਾਂ ਪਵਨ ਨਗਾਰੇ ਅਣੀਆਂ ਜੁੱਟੀਆਂ ॥
ਧੂਹ ਲਈਆਂ ਤਰਵਾਰੀ ਦੇਵਾਂ ਦਾਨਵੀ ॥
ਵਾਹਨ ਵਾਰੋ ਵਾਰੀ ਸੂਰੇ ਸੰਘਰੇ ॥
ਵਗੈ ਰੱਤੁ ਝੁਲਾਰੀ ਜਿਉ ਗੇਰੂ ਬਾਬਤ੍ਰਾ ॥
ਦੇਖਨ ਬੈਠ ਅਟਾਰੀ ਨਾਰੀ ਰਾਕਸਾਂ ॥
ਪਾਈ ਧੂਮ ਸਵਾਰੀ ਦੁਰਗਾ ਦਾਨਵੀ ॥੧੧॥
(ਅਣੀਆਂ=ਫੌਜਾਂ, ਵਾਹਨਿ=ਚਲਾਉਣ, ਸੂਰੇ=ਸੂਰਮੇ,
ਸੰਘਰੇ=ਜੰਗ ਵਿਚ, ਝੁਲਾਰੀ=ਪਰਨਾਲਾ, ਗੇਰੂ=ਲਾਲ ਰੰਗ,
ਅਟਾਰੀ=ਮਹਿਲ ਦੀ ਖਿੜਕੀ, ਧੂਮ=ਧੁੰਮਾਂ)
12
ਪਉੜੀ ॥
ਲੱਖ ਨਗਾਰੇ ਵੱਜਣ ਆਮ੍ਹੋ ਸਾਮ੍ਹਣੇ ॥
ਰਾਕਸ ਰਣੋ ਨ ਭੱਜਨ ਰੋਹੇ ਰੋਹਲੇ ॥
ਸੀਹਾਂ ਵਾਂਗੂ ਗੱਜਨ ਸਭੇ ਸੂਰਮੇ ॥
ਤਣਿ ਤਣਿ ਕੈਬਰ ਛੱਡਨ ਦੁਰਗਾ ਸਾਮ੍ਹਣੇ ॥੧੨॥
(ਸੀਹਾਂ =ਸ਼ੇਰਾਂ, ਤਣਿ ਤਣਿ=ਖਿਚ ਖਿਚ ਕੇ,
ਕੈਬਰ=ਤੀਰ)
13
ਪਉੜੀ ॥
ਘੁਰੇ ਨਗਾਰੇ ਦੋਹਰੇ ਰਣ ਸੰਗਲੀਆਲੇ ॥
ਧੂੜਿ ਲਪੇਟੇ ਧੂਹਰੇ ਸਿਰਦਾਰ ਜਟਾਲੇ ॥
ਉੱਖਲੀਆਂ ਨਾਸਾਂ ਜਿਨਾਂ ਮੁਹਿ ਜਾਪਨ ਆਲੇ ॥
ਧਾਏ ਦੇਵੀ ਸਾਹਮਣੇ ਬੀਰ ਮੁੱਛਲੀਆਲੇ ॥
ਸੁਰਪਤ ਜੇਹੇ ਲੜ ਹਟੇ ਬੀਰ ਟਲੇ ਨ ਟਾਲੇ ॥
ਗੱਜੇ ਦੁਰਗਾ ਘੇਰਿ ਕੈ ਜਣੁ ਘਣੀਅਰ ਕਾਲੇ ॥੧੩॥
(ਘੁਰੇ=ਵਜੇ, ਸੰਗਲੀਆਲੇ=ਸੰਗਲਾਂ ਵਾਲੇ,ਧੂੜਿ=ਮਿੱਟੀ,
ਧੂਹਰੇ=ਮਿੱਟੀ ਘੱਟੇ ਵਿਚ ਲਪੇਟੇ ਹੋਏ, ਉਖਲੀਆਂ=ਚਾਵਲ
ਕੱਢਣ ਲਈ ਝੋਨਾ ਕੁਟਣ ਵਾਲਾ ਇਕ ਟੋਆ ਜਾਂ ਬਰਤਨ,
ਘਣੀਅਰ=ਬੱਦਲ,ਸੱਪ)
14
ਪਉੜੀ ॥
ਚੋਟ ਪਈ ਖਰਚਾਮੀ ਦਲਾਂ ਮੁਕਾਬਲਾ ॥
ਘੇਰ ਲਈ ਵਰਿਆਮੀ ਦੁਰਗਾ ਆਇ ਕੈ ॥
ਰਾਕਸ ਵਡੇ ਅਲਾਮੀ ਭੱਜ ਨ ਜਾਣਦੇ ॥
ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ॥੧੪॥
(ਖਰਚਾਮੀ=(ਖਰ+ਚਾਮੀ) ਖੋਤੇ ਦੀ ਖੱਲ,
ਨਾਲ ਮੜ੍ਹਿਆ ਹੋਇਆ ਢੋਲ, ਵਰਿਆਮੀ=
ਸੂਰਮੇ, ਅਲਾਮੀ=ਸਿਆਣੇ)
15
ਪਉੜੀ ॥
ਅਗਣਤ ਘੁਰੇ ਨਗਾਰੇ ਦਲਾਂ ਭਿੜੰਦਿਆਂ ॥
ਪਾਏ ਮਹਖਲ ਭਾਰੇ ਦੇਵਾਂ ਦਾਨਵਾਂ ॥
ਵਾਹਨ ਫੱਟ ਕਰਾਰੇ ਰਾਕਸਿ ਰੋਹਲੇ ॥
ਜਾਪਨ ਤੇਗੀ ਆਰੇ ਮਿਆਨੋ ਧੂਹੀਆਂ ॥
ਜੋਧੇ ਵਡੇ ਮੁਨਾਰੇ ਜਾਪਨ ਖੇਤ ਵਿਚਿ ॥
ਦੇਵੀ ਆਪ ਸਵਾਰੇ ਪੱਬਾਂ ਜਵੇਹਣੇ ॥
ਕਦੇ ਨ ਆਖਣ ਹਾਰੇ ਧਾਵਨ ਸਾਮ੍ਹਣੇ ॥
ਦੁਰਗਾ ਸਭ ਸੰਘਾਰੇ ਰਾਕਸਿ ਖੜਗ ਲੈ ॥੧੫॥
(ਮਹਿਖਲ=ਝੋਟੇ, ਵਾਹਨ=ਚਲਾਉਣਾ,ਮਾਰਨਾ,
ਕਰਾਰੇ=ਸਖਤ,ਖੇਤ= ਮੈਦਾਨੇ-ਜੰਗ, ਪੱਬ=ਪਰਬਤ,
ਜਵੇਹਣੇ=ਵਰਗੇ)
16
ਪਉੜੀ ॥
ਉੱਮਲ ਲੱਥੇ ਜੋਧੇ ਮਾਰੂ ਬੱਜਿਆ ॥
ਬੱਦਲ ਜਿਉ ਮਹਿਖਾਸੁਰ ਰਣ ਵਿਚਿ ਗੱਜਿਆ ॥
ਇੰਦਰ ਜੇਹਾ ਜੋਧਾ ਮੈਥਉ ਭੱਜਿਆ ॥
ਕਉਣੁ ਵਿਚਾਰੀ ਦੁਰਗਾ ਜਿਨ ਰਣੁ ਸੱਜਿਆ ॥੧੬॥
(ਉਮਲ=ਉਛਲੇ, ਮਾਰੂ=ਜੰਗੀ ਵਾਜਾ, ਰਣੁ=ਜੰਗ)
17
ਵੱਜੇ ਢੋਲ ਨਗਾਰੇ ਦਲਾਂ ਮੁਕਾਬਲਾ ॥
ਤੀਰ ਫਿਰੈ ਰੈਬਾਰੇ ਆਮ੍ਹੋ ਸਾਮ੍ਹਣੇ ॥
ਅਗਣਤ ਬੀਰ ਸੰਘਾਰੇ ਲਗਦੀ ਕੈਬਰੀ ॥
ਡਿੱਗੇ ਜਾਣਿ ਮੁਨਾਰੇ ਮਾਰੇ ਬਿੱਜੁ ਦੇ ॥
ਖੁੱਲੀ ਵਾਲੀ ਦੈਤ ਅਹਾੜੇ ਸਭੇ ਸੂਰਮੇ ॥
ਸੁੱਤੇ ਜਾਨ ਜਟਾਲੇ ਭੰਗਾਂ ਖਾਇ ਕੈ ॥੧੭॥
(ਰੈਬਾਰੇ=ਵਕੀਲ,ਵਿਚੋਲੇ, ਕੈਬਰੀ=ਤੀਰ,
ਬਿੱਜੁ=ਬਿਜਲੀ, ਅਹਾੜੇ=ਹਾਹਾਕਾਰ, ਭੰਗਾਂ=
ਨਸ਼ੀਲੀ ਵਸਤੂ,ਸੁੱਖਾ)
18
ਪਉੜੀ ॥
ਦੁਹਾਂ ਕੰਧਾਰਾਂ ਮੁਹਿ ਜੁੜੇ ਨਾਲਿ ਧਉਸਾ ਭਾਰੀ ॥
ਕੜਕ ਉਠਿਆ ਫਉਜ ਤੇ ਵਡਾ ਅਹੰਕਾਰੀ ॥
ਲੈ ਕੈ ਚਲਿਆ ਸੂਰਮੇ ਨਾਲਿ ਵਡੇ ਹਜਾਰੀ ॥
ਮਿਆਨੋ ਖੰਡਾ ਧੂਹਿਆ ਮਹਖਾਸੁਰ ਭਾਰੀ ॥
ਉੱਮਲ ਲੱਥੇ ਸੂਰਮੇ ਮਾਰ ਮਚੀ ਕਰਾਰੀ ॥
ਜਾਪੇ ਚੱਲੇ ਰਤ ਦੇ ਸਲਲੇ ਜਟਧਾਰੀ ॥੧੮॥
(ਕੰਧਾਰਾਂ=ਫੌਜਾਂ, ਕੜਕ=ਗਰਜ, ਉਮਲ=ਉਛਲ,
ਕਰਾਰੀ=ਸਖਤ,ਰੱਤ=ਖੂਨ, ਸਲਲੇ=ਵਹਿਣ)
19
ਪਉੜੀ ॥
ਸੱਟ ਪਈ ਜਮਧਾਣੀ ਦਲਾਂ ਮੁਕਾਬਲਾ ॥
ਧੂਹਿ ਲਈ ਕ੍ਰਿਪਾਣੀ ਦੁਰਗਾ ਮਿਆਨ ਤੇ ॥
ਚੰਡੀ ਰਾਕਸਿ ਖਾਣੀ ਵਾਹੀ ਦੈਤ ਨੂੰ ॥
ਕੋਪਰ ਚੂਰ ਚਵਾਣੀ ਲਥੀ ਕਰਗ ਲੈ ॥
ਪਾਖਰ ਤੁਰਾ ਪਲਾਣੀ ਰੜਕੀ ਧਰਤ ਜਾਇ ॥
ਲੈਦੀ ਅਘਾ ਸਿਧਾਣੀ ਸਿੰਗਾਂ ਧਉਲ ਦਿਆਂ ॥
ਕੂਰਮ ਸਿਰ ਲਹਿਲਾਣੀ ਦੁਸ਼ਮਨ ਮਾਰ ਕੈ ॥
ਵੱਢੇ ਗਨ ਤਿਖਾਣੀ ਮੂਏ ਖੇਤ ਵਿਚ ॥
ਰਣ ਵਿਚ ਘੱਤੀ ਘਾਣੀ ਲੋਹੂ ਮਿੱਝ ਦੀ ॥
ਚਾਰੇ ਜੁਗ ਕਹਾਣੀ ਚੱਲਗ ਤੇਗ ਦੀ ॥
ਬਿੱਧਣ ਖੇਤ ਵਿਹਾਣੀ ਮਹਖੇ ਦੈਤ ਨੂੰ ॥੧੯॥
(ਜਮਧਾਨੀ=ਝੋਟੇ ਦੀ ਖਲ ਨਾਲ ਮੜ੍ਹਿਆ ਹੋਇਆ
ਨਗਾਰਾ, ਕੋਪਰ=ਖੋਪਰੀ, ਚੂਰ=ਟੁਕੜੇ,ਟੁਕੜੇ,
ਕਰਗ=ਕਰੰਗ,ਪਿੰਜਰਾ, ਪਾਖਰ=ਕਾਠੀ, ਤੁਰਾ=ਘੋੜਾ,
ਪਲਾਣੀ=ਤਾਹਰੂ, ਰੜਕੀ=ਲਗੀ, ਅਘਾਂ=ਅੱਗੇ,
ਧਉਲ=ਧਰਤੀ ਨੂੰ ਚੁਕਣ ਵਾਲਾ ਬਲਦ, ਕੂਰਮ=
ਕਛੂ ਕੁੰਮਾ, ਲਹਿਲਾਣੀ=ਲਹਿਰਾਈ, ਗਨ=ਟੁਕੜੇ,
ਮੋਛੇ, ਬਿੱਧਣ=ਦੁਖਾਂਦਾ ਸਮਾ, ਵਿਹਾਣੀ=ਲੰਘੀ)
20
ਇਤੀ ਮਹਖਾਸੁਰ ਦੈਤ ਮਾਰੇ ਦੁਰਗਾ ਆਇਆ ॥
ਚਉਦਹ ਲੋਕਾ ਰਾਣੀ ਸਿੰਘੁ ਨਚਾਇਆ ॥
ਮਾਰੇ ਬੀਰ ਜਟਾਣੀ ਦਲ ਵਿਚਿ ਅਗਲੇ ॥
ਮੰਗਣ ਨਾਹੀ ਪਾਣੀ ਦਲੀ ਹੰਕਾਰ ਕੈ ॥
ਜਣ ਕਰੀ ਸਮਾਇ ਪਠਾਣੀ ਸੁਣਿ ਕੈ ਰਾਗ ਨੂੰ ॥
ਰੱਤੂ ਦੇ ਹੜਵਾਣੀ ਚਲੇ ਬੀਰ ਖੇਤ ॥
ਪੀਤਾ ਫੁੱਲੁ ਇਆਣੀ ਘੂਮਨ ਸੂਰਮੇ ॥੨੦॥
(ਚਉਦਹ=ਚੌਦਾਂ, ਲੋਕਾਂ=ਤਬਕਾਂ,ਜਟਾਣੀ=
ਜਟਾਂ ਵਾਲੇ, ਰਤੂ=ਲਹੂ, ਹੜਵਾਣੀ=ਹੜ੍ਹ,
ਫੁਲ=ਅਫੀਮ ਦਾ ਰਸ ਜਾਂ ਸ਼ਰਾਬ, ਇਆਣੀ=
ਅੰਞਾਣ, ਘੁਮਨਿ=ਫਿਰਨ)
21
ਹੋਈ ਅਲੋਪੁ ਭਵਾਨੀ ਦੇਵਾਂ ਨੂੰ ਰਾਜੁ ਦੇ ॥
ਈਸਰ ਦੀ ਬਰਦਾਨੀ ਹੋਈ ਜਿੱਤ ਦਿਨ ॥
ਸੁਭ ਨਿਸੁੰਭ ਗੁਮਾਨੀ ਜਨਮੇ ਸੂਰਮੇ ॥
ਇੰਦਰ ਦੀ ਰਜਧਾਨੀ ਤੱਕੀ ਜਿੱਤਣੀ ॥੨੧॥
(ਬਰਦਾਨੀ=ਵਰਦਾਨ, ਸੁੰ ਭ,ਨਿਸੁੰਭ=ਦੋ ਦੈਂਤਾਂ
ਦੇ ਨਾਂ, ਗੁਮਾਨੀ=ਹੰਕਾਰੇ ਹੋਏ, ਤੱਕੀ=ਚਾਹੀ)
22
ਇੰਦ੍ਰਪੁਰੀ ਤੇ ਧਾਵਣਾ ਵਡ ਜੋਧੀ ਮਤਾ ਪਕਾਇਆ ॥
ਸੰਜ ਪਟੇਲਾ ਪਾਖਰਾ ਭੇੜ ਸੰਦਾ ਸਾਜ ਬਣਾਇਆ ॥
ਜੰਮੇ ਕਟਕ ਅਛੂਹਣੀ ਅਸਮਾਨੁ ਗਰਦੀ ਛਾਇਆ ॥
ਰੋਹ ਸੁੰਭ ਨਿਸੁੰਭ ਸਿਧਾਇਆ ॥੨੨॥
(ਇੰਦ੍ਰਪੁਰੀ=ਸਵਰਗ, ਧਾਵਣਾ=ਹਮਲਾ ਕਰਨਾ,
ਸੰਜੁ=ਸੰਜੋਆਂ, ਪਟੇਲਾਂ=ਮੂੰਹ ਢਕਣ ਵਾਲਾ ਲੋਹੇ ਦਾ
ਜਾਲਾ, ਪਾਖਰਾਂ= ਕਾਠੀਆਂ, ਸਾਜੁ=ਹਥਿਆਰ,
ਕਟਕ=ਲਸ਼ਕਰ, ਅਛੂਹਣੀ=ਫੌਜ ਦੀ ਇਕ ਗਿਣਤੀ,
ਰੋਹਿ=ਕਰੋਧ ਵਿਚ)
23
ਪਉੜੀ ॥
ਸੁੰਭ ਨਿਸੁੰਭ ਅਲਾਇਆ ਵਡ ਜੋਧੀ ਸੰਘਰ ਵਾਏ ॥
ਰੋਹ ਦਿਖਾਲੀ ਦਿੱਤੀਆ ਵਰਿਆਮੀ ਤੁਰੇ ਨਚਾਏ ॥
ਘੁਰੇ ਦਮਾਮੇ ਦੋਹਰੇ ਜਮ ਬਾਹਣ ਜਿਉ ਅਰੜਾਏ ॥
ਦੇਉ ਦਾਨੋ ਲੁੱਝਣ ਆਏ ॥੨੩॥
(ਅਲਾਇਆ=ਹੁਕਮ ਦਿਤਾ, ਸੰਘਰ ਵਾਏ=ਜੰਗੀ ਵਾਜੇ
ਵਜਾਏ, ਵਰਿਆਮੀ=ਸੂਰਬੀਰ, ਤੁਰੇ=ਘੋੜੇ, ਜਮ ਬਾਹਣ=
ਝੋਟੇ,ਅਰੜਾਏ=ਅਰੜਿੰਗੇ, ਦਾਨੋ=ਦੈਂਤ, ਦੇਉ=ਦੇਵਤੇ)
24
ਪਉੜੀ ॥
ਦਾਨੋ ਦੇਉ ਅਨਾਗੀ ਸੰਘਰੁ ਰੱਚਿਆ ॥
ਫੁੱਲ ਖਿੜੇ ਜਣ ਬਾਗੀ ਬਾਣੇ ਜੋਧਿਆ ॥
ਭੂਤਾਂ ਇੱਲਾਂ ਕਾਗੀ ਗੋਸਤ ਭੱਖਿਆ ॥
ਹੁੱਮੜ ਧੁੱਮੜ ਜਾਗੀ ਘੱਤੀ ਸੂਰਿਆ ॥੨੪॥
(ਅਨਾਗੀਂ=ਲਗਾਤਾਰ, ਸੰਘਰ=ਲੜਾਈ,
ਬਾਣੇ=ਕਪੜੇ, ਭਖਿਆ=ਖਾਧਾ, ਹੁੰਮੜ,ਧੁੰਮੜ=
ਰੌਲਾ ਰੱਪਾ ਤੇ ਆਪੋ ਧਾਪੀ)
25
ਸੱਟ ਪਈ ਨਗਾਰੇ ਦਲਾਂ ਮੁਕਾਬਲਾ ॥
ਦਿਤੇ ਦੇਉ ਭਜਾਈ ਮਿਲਿ ਕੈ ਰਾਕਸੀ ॥
ਲੋਕੀ ਤਿਹੀ ਫਿਰਾਹੀ ਦੋਹੀ ਆਪਣੀ ॥
ਦੁਰਗਾ ਦੀ ਸਾਮ ਤਕਾਈ ਦੇਵਾਂ ਡਰਦਿਆਂ ॥
ਆਂਦੀ ਚੰਡਿ ਚੜ੍ਹਾਈ ਉਤੇ ਰਾਕਸਾਂ ॥੨੫॥
(ਦਲਾਂ=ਫੌਜਾਂ, ਲੋਕੀ ਤਿਹੀਂ=ਤਿੰਨੇ ਲੋਕ, ਸਾਮ=ਸ਼ਰਨ)
26
ਪਉੜੀ ॥
ਆਈ ਫੇਰਿ ਭਵਾਨੀ ਖਬਰੀ ਪਾਈਆਂ ॥
ਦੈਤ ਵਡੇ ਅਭਿਮਾਨੀ ਹੋਏ ਏਕਠੇ ॥
ਲੋਚਨ ਧੂਮ ਗੁਮਾਨੀ ਰਾਇ ਬੁਲਾਇਆ ॥
ਜਗ ਵਿਚ ਵੱਡਾ ਦਾਨੋ ਆਪ ਕਹਾਇਆ ॥
ਸੱਟ ਪਈ ਖਰਚਾਮੀ ਦੁਰਗਾ ਲਿਆਵਣੀ ॥੨੬॥
(ਖਬਰੀਂ=ਸੂਚਨਾ, ਲੋਚਨਧੂਮ=ਦੈਂਤ ਦਾ ਨਾਂ,
ਗੁਮਾਨੀ=ਹੰਕਾਰੀ, ਰਾਇ=ਸਰਦਾਰ, ਖਰਚਾਮੀ=
ਖੋਤੇ ਦੀ ਖੱਲ ਨਾਲ ਮੜ੍ਹਿਆ ਨਗਾਰਾ)
27
ਪਉੜੀ ॥
ਕੜਕ ਉਠੀ ਰਣ ਚੰਡੀ ਫਉਜਾਂ ਦੇਖਿ ਕੈ ॥
ਧੂਹਿ ਮਿਆਨੋ ਖੰਡਾ ਹੋਈ ਸਾਹਮਣੇ ॥
ਸੱਭੇ ਬੀਰ ਸੰਘਾਰੇ ਧੂਮਰਨੈਣ ਦੇ ॥
ਜਣਿ ਲੈ ਕੱਟੇ ਆਰੇ ਦਰਖਤ ਬਾਢੀਆਂ ॥੨੭॥
(ਰਣ=ਮੈਦਾਨ, ਚੰਡੀ=ਦੁਰਗਾ, ਸੰਘਾਰੇ=ਮਾਰੇ ਗਏ,
ਜਣੁ=ਮਾਨੋ, ਬਾਢੀਆਂ=ਵੱਢਣ ਵਾਲੇ,ਤਰਖਾਣ)
28
ਪਉੜੀ ॥
ਚੋਬੀ ਧਉਸ ਬਜਾਈ ਦਲਾਂ ਮੁਕਾਬਲਾ ॥
ਰੋਹ ਭਵਾਨੀ ਆਈ ਉੱਤੈ ਰਾਕਸਾਂ ॥
ਖੱਬੈ ਦਸਤ ਨਚਾਈ ਸੀਹਣ ਸਾਰ ਦੀ ॥
ਬਹੁਤਿਆਂ ਦੇ ਤਨ ਲਾਈ ਕੀਤੀ ਰੰਗੁਲੀ ॥
ਭਾਈਆਂ ਮਾਰਨ ਭਾਈ ਦੁਰਗਾ ਜਾਣਿ ਕੈ ॥
ਰੋਹ ਹੋਇ ਚਲਾਈ ਰਾਕਸਿ ਰਾਇ ਨੂੰ ॥
ਜਮ ਪੁਰ ਦੀਆ ਪਠਾਈ ਲੋਚਨ ਧੂਮ ਨੂੰ ॥
ਜਾਪੇ ਦਿੱਤੀ ਸਾਈ ਮਾਰਨਿ ਸੁੰਭ ਦੀ ॥੨੮॥
(ਚੋਬੀ=ਨਗਾਰਾ ਅਥਵਾ ਧੌਂਸਾ ਵਜਾਉਣ ਵਾਲੇ,
ਦਲਾਂ=ਫੌਜਾਂ, ਰੋਹ=ਜੋਸ਼, ਦਸਤਿ=ਹੱਥ ਵਿਚ,
ਸ਼ੀਹਣਿ=ਕਿਰਪਾਨ, ਸਾਰ=ਲੋਹੇ ਦੀ, ਪਠਾਈ=
ਭੇਜ ਦਿਤੇ, ਸਾਈ=ਪੇਸ਼ਗੀ)
29
ਪਉੜੀ ॥
ਭੰਨੇ ਦੈਤ ਪੁਕਾਰੇ ਰਾਜੇ ਸੁੰਭ ਥੈ ॥
ਲੋਚਨ ਧੂਮ ਸੰਘਾਰੇ ਸਣੈ ਸਿਪਾਹੀਆਂ ॥
ਚੁਣਿ ਚੁਣਿ ਜੋਧੇ ਮਾਰੇ ਅੰਦਰ ਖੇਤ ਦੈ ॥
ਜਾਪਨ ਅੰਬਰਿ ਤਾਰੇ ਡਿੱਗਨਿ ਸੂਰਮੇ ॥
ਗਿਰੇ ਪਰਬਤ ਭਾਰੇ ਮਾਰੇ ਬਿੱਜੁ ਦੇ ॥
ਦੈਂਤਾਂ ਦੇ ਦਲ ਹਾਰੇ ਦਹਸਤ ਖਾਇ ਕੈ ॥
ਬਚੇ ਸੁ ਮਾਰੇ ਮਾਰੇ ਰਹਦੇ ਰਾਇ ਥੈ ॥੨੯॥
(ਭੰਨੇ=ਭੱਜੇ, ਥੈ=ਪਾਸ, ਸੰਘਾਰੇ=ਮਾਰੇ, ਖੇਤ=
ਮੈਦਾਨ, ਅੰਬਰਿ=ਅਸਮਾਨ ਉਤੇ, ਬਿੱਜੁ=ਬਿਜਲੀ,
ਦਹਿਸ਼ਤ=ਡਰ)
30
ਪਉੜੀ ॥
ਰੋਹ ਹੋਇ ਬੁਲਾਏ ਰਾਕਸ ਰਾਇ ਨੇ ॥
ਬੈਠੇ ਮਤਾ ਪਕਾਈ ਦੁਰਗਾ ਲਿਆਵਣੀ ॥
ਚੰਡ ਅਰ ਮੁੰਡ ਪਠਾਏ ਬਹੁਤਾ ਕਟਕੁ ਦੈ ॥
ਜਾਪੇ ਛੱਪਰ ਛਾਏ ਬਣੀਆ ਕੇਜਮਾ ॥
ਜੇਤੇ ਰਾਇ ਬੁਲਾਏ ਚੱਲੇ ਜੁੱਧ ਨੋ ॥
ਜਣ ਜਮ ਪੁਰ ਪਕੜ ਚਲਾਏ ਸਭੇ ਮਾਰਨੇ ॥੩੦॥
(ਰੋਹ=ਜੋਸ਼,ਗੁੱਸਾ, ਮਤਾ=ਸਲਾਹ, ਚੰਡ ਅਰੁ ਮੁੰਡ=
ਦੋ ਦੈਂਤਾਂ ਦੇ ਨਾਂ, ਕਟਕ=ਲਸ਼ਕਰ, ਛਪਰ=ਢਾਰਾ,
ਕੇਜਮਾਂ=ਤੇਗਾਂ)
31
ਪਉੜੀ ॥
ਢੋਲ ਨਗਾਰੇ ਵਾਏ ਦਲਾਂ ਮੁਕਾਬਲਾ ॥
ਰੋਹ ਰੁਹੇਲੇ ਆਏ ਉਤੇ ਰਾਕਸਾਂ ॥
ਸਭਨੀ ਤੁਰੇ ਨਚਾਏ ਬਰਛੇ ਪਕੜਿ ਕੈ ॥
ਬਹੁਤੇ ਮਾਰ ਗਿਰਾਏ ਅੰਦਰਿ ਖੇਤ ਦੈ ॥
ਤੀਰੀਂ ਛਹਬਰ ਲਾਏ ਬੁੱਠੀ ਦੇਵਤਾ ॥੩੧॥
(ਵਾਏ=ਵਜਾਏ, ਰੁਹੇਲੇ=ਗੁਸੇ ਵਿਚ ਭਰੇ ਹੋਏ,
ਛਹਬਰਿ=ਵਰਖਾ, ਬੁਠੀ=ਵਰ੍ਹੀ,ਵਰਸੀ)
32
ਭੇਰੀ ਸੰਖ ਵਜਾਏ ਸੰਘਰਿ ਰਚਿਆ ॥
ਤਣਿ ਤਣਿ ਤੀਰ ਚਲਾਏ ਦੁਰਗਾ ਧਨਖ ਲੈ ॥
ਜਿਨੀ ਦਸਤ ਉਠਾਏ ਰਹੇ ਨ ਜੀਵਦੇ ॥
ਚੰਡ ਅਰੁ ਮੁੰਡ ਖਪਾਏ ਦੋਨੋ ਦੇਵਤਾ ॥੩੨॥
(ਭੇਰੀ=ਤੂਤੀਆਂ, ਸੰਘਰ=ਯੁੱਧ, ਦਸਤ=ਹੱਥ)
33
ਸੁੰਭ ਨਿਸੁੰਭ ਰਿਸਾਏ ਮਾਰੇ ਦੈਤ ਸੁਣ ॥
ਜੋਧੇ ਸਭ ਬੁਲਾਏ ਅਪਣੇ ਮਜਲਸੀ ॥
ਜਿਨੀ ਦੇਉ ਭਜਾਏ ਇੰਦਰ ਜੇਹਵੇ ॥
ਤੇਈ ਮਾਰ ਗਿਰਾਏ ਪਲ ਵਿਚ ਦੇਵਤਾ ॥
ਓਨੀ ਦਸਤੀ ਦਸਤਿ ਵਜਾਏ ਤਿੰਨਾ ਚਿਤ ਕਰਿ ॥
ਫਿਰ ਸ੍ਰਣਵਤ ਬੀਜ ਚਲਾਏ ਬੀੜੇ ਰਾਇ ਦੇ ॥
ਸੰਜ ਪਟੇਲਾ ਪਾਏ ਚਿਲਕਤ ਟੋਪੀਆਂ ॥
ਲੁੱਝਣ ਨੋ ਅਰੜਾਏ ਰਾਕਸ ਰੋਹਲੇ ॥
ਕਦੇ ਨ ਕਿਨੈ ਹਟਾਏ ਜੁਧ ਮਚਾਇ ਕੈ ॥
ਮਿਲਿ ਤੇਈ ਦਾਨੋ ਆਏ ਸੰਸੰਘਰਿਦੇਖਣਾ ॥੩੩॥
(ਸੁੰਭ,ਨਿਸੁੰ ਭ=ਦੈਂਤਾਂ ਦੇ ਰਾਜੇ, ਰਿਸਾਇ=ਕਰੋਧ ਵਿਚ,
ਮਜਲਸੀ=ਇਕਠ,ਮੀਟਿੰਗ, ਜੇਹਵੇ=ਵਰਗੇ, ਦਸਤੀ=ਹੱਥੀਂ,
ਸ੍ਰਣਵਤ ਬੀਜ=ਦੈਂਤਾਂ ਦਾ ਇਕ ਜਰਨੈਲ ਜਿਸ ਨੇ ਇਹ ਵਰ
ਪ੍ਰਾਪਤ ਕੀਤਾ ਹੋਇਆ ਸੀ ਕਿ ਉਸ ਦੇ ਖੂਨ ਦੀਆਂ ਜਿੰਨੀਆਂ
ਬੂੰਦਾਂ ਧਰਤੀ ਤੇ ਡਿਗਣ ਗੀਆਂ ਉਨੇ ਹੀ ਹੋਰ ਰਾਕਸ ਪੈਦਾ ਹੋ
ਜਾਣਗੇ, ਸੰਜ=ਸੰਜੋਆਂ, ਸੰਘਰ=ਜੰਗ)
34
ਪਉੜੀ ॥
ਦੈਤੀ ਡੰਡ ਉਭਾਰੀ ਨੇੜੈ ਆਇ ਕੈ ॥
ਸਿੰਘ ਕਰੀ ਅਸਵਾਰੀ ਦੁਰਗਾ ਸੋਰ ਸੁਣ ॥
ਖੱਬੈ ਦਸਤ ਉਭਾਰੀ ਗਦਾ ਫਰਾਇ ਕੈ ॥
ਸੈਨਾ ਸਭ ਸੰਘਾਰੀ ਸ੍ਰਣਵਤਬੀਜ ਦੀ ॥
ਜਣ ਮਦ ਖਾਇ ਮਦਾਰੀ ਘੂਮਨ ਸੂਰਮੇ ॥
ਅਗਣਤ ਪਾਊ ਪਸਾਰੀ ਰੁਲੇ ਅਹਾੜ ਵਿਚਿ ॥
ਜਾਪੈ ਖੇਡ ਖਿਡਾਰੀ ਸੁੱਤੇ ਫਾਗ ਨੂੰ ॥੩੪॥
(ਡੰਡ=ਸ਼ੋਰ, ਅਹਾੜ=ਮੈਦਾਨੇ-ਜੰਗ)
35
ਸ੍ਰਣਵਤਬੀਜ ਹਕਾਰੇ ਰਹਦੇ ਸੂਰਮੇ ॥
ਜੋਧੇ ਜੇਡੁ ਮੁਨਾਰੇ ਦਿੱਸਣ ਖੇਤ ਵਿਚ ॥
ਸਭਨੀ ਦਸਤ ਉਭਾਰੇ ਤੇਗਾਂ ਧੂਹਿ ਕੈ ॥
ਮਾਰੋ ਮਾਰ ਪੁਕਾਰੇ ਆਏ ਸਾਮ੍ਹਣੇ ॥
ਸੰਜਾਂ ਤੇ ਠਣਿਕਾਰੇ ਤੇਗੀ ਉੱਭਰੇ ॥
ਘਾਟ ਘੜਨਿ ਠਠਿਆਰੇ ਜਾਣਿ ਬਣਾਇ ਕੈ ॥੩੫॥
(ਸੰਜਾ=ਸੰਜੋਆਂ, ਠਣਕਾਰੇ=ਖੜਕਣੇ, ਠਠਿਆਰੇ=
ਭਾਂਡੇ ਬਨਾਉਣ ਵਾਲੇ)
36
ਸੱਟ ਪਈ ਜਮਧਾਣੀ ਦਲਾਂ ਮੁਕਾਬਲਾ ॥
ਘੂਮਰ ਬਰਗਸਤਾਣੀ ਦਲ ਵਿਚਿ ਘੱਤੀਓ ॥
ਸਣੇ ਤੁਰਾ ਪਲਾਣੀ ਡਿੱਗਣ ਸੂਰਮੇ ॥
ਉਠਿ ਉਠਿ ਮੰਗਨਿ ਪਾਣੀ ਘਾਇਲ ਘੂਮਦੇ ॥
ਏਵਡੁ ਮਾਰ ਵਿਹਾਣੀ ਉੱਪਰ ਰਾਕਸਾਂ ॥
ਬਿੱਜਲ ਜਿਉ ਝਰਲਾਣੀ ਉੱਠੀ ਦੇਵਤਾ ॥੩੬॥
(ਜਮਧਾਣੀ=ਝੋਟੇ ਦੀ ਖਲ ਨਾਲ ਮੜ੍ਹਿਆ
ਹੋਇਆ ਨਗਾਰਾ, ਘੂਮਰ=ਘਣਘੋਰ,
ਬਰਗਸਤਾਣੀ=ਭਾਜੜਾਂ ਪੈ ਜਾਣੀਆਂ,
ਤੁਰਾ=ਘੋੜਾ, ਪਲਾਣੀ=ਕਾਠੀ, ਵਿਹਾਣੀ=
ਬੀਤੀ, ਝਰਲਾਣੀ=ਕੜਕੀ)
37
ਪਉੜੀ ॥
ਚੋਬੀ ਧਉਸ ਉਭਾਰੀ ਦਲਾਂ ਮੁਕਾਬਲਾ ॥
ਸਭੋ ਸੈਨਾ ਮਾਰੀ ਪਲ ਵਿਚਿ ਦਾਨਵੀ ॥
ਦੁਰਗਾ ਦਾਨੋ ਮਾਰੇ ਰੋਹ ਬਢਾਇ ਕੈ ॥
ਸਿਰਿ ਵਿਚਿ ਤੇਗ ਵਗਾਈ ਸ੍ਰਣਵਤਬੀਜ ਦੇ ॥੩੭॥
(ਚੋਬੀ=ਨਿਗਾਰਚੀ, ਦਾਨਵੀ=ਦੈਂਤਾਂ ਦੀ)
38
ਅਗਣਤ ਦਾਨੋ ਭਾਰੇ ਹੋਏ ਲੋਹੂਆ ॥
ਜੋਧੇ ਜੇਡ ਮੁਨਾਰੇ ਅੰਦਰਿ ਖੇਤ ਦੈ ॥
ਦੁਰਗਾ ਨੋ ਲਲਕਾਰੇ ਆਵਣ ਸਾਮਣੇ ॥
ਦੁਰਗਾ ਸਭ ਸੰਘਾਰੇ ਰਾਕਸ ਆਂਵਦੇ ॥
ਰਤੂ ਦੇ ਪਰਨਾਲੇ ਤਿਨ ਤੇ ਭੁਇ ਪਏ ॥
ਉਠੇ ਕਾਰਣਿਆਰੇ ਰਾਕਸ ਹੜਹੜਾਇ ॥੩੮॥
(ਲੋਹੂਆ=ਲਹੂਲੁਹਾਣ, ਸੰਘਾਰੇ=ਮਾਰੇ, ਕਾਰਣਿਆਰੇ=
ਲੜਾਕੇ,ਹੜਹੜਾਇ=ਖਿੜ ਖਿੜਾਕੇ ਹੱਸਣਾ)
39
ਧੱਗਾ ਸੰਗਲੀਆਲੀ ਸੰਘਰ ਵਾਇਆ ॥
ਬਰਛੀ ਬੰਬਲੀਆਲੀ ਸੂਰੇ ਸੰਘਰੇ ॥
ਭੇੜਿ ਮਚਿਆ ਬੀਰਾਲੀ ਦੁਰਗਾ ਦਾਨਵੀਂ ॥
ਮਾਰ ਮਚੀ ਮੁਹਰਾਲੀ ਅੰਦਰਿ ਖੇਤ ਦੈ ॥
ਜਣ ਨਟ ਲੱਥੇ ਛਾਛਾਲੀ ਢੋਲ ਬਜਾਇ ਕੈ ॥
ਲੋਹੂ ਫਾਥੀ ਜਾਲੀ ਲੋਥੀ ਜਮਧੜੀ ॥
ਘਣ ਵਿਚਿ ਜਿਉ ਛੰਛਾਲੀ ਤੇਗਾਂ ਹੱਸੀਆਂ ॥
ਘੁੰਮਰਆਰਿ ਸਿਆਲੀਂ ਬਣੀਆਂ ਕੇਜਮਾਂ ॥੩੯॥
(ਸੰਘਰ=ਜੰਗ, ਵਾਇਆ=ਵਜਾਇਆ, ਬੰਬਲੀਆਲੀ=
ਚਮਕੀਲੀ, ਬੀਰਾਲੀ= ਜੋਧਿਆਂ ਦੀਆਂ ਕਤਾਰਾਂ, ਮੁਰਾਲੀ=
ਮੋਹਰਲੀ,ਪਹਿਲੀ, ਨਟ=ਬਾਜੀਗਰ, ਜਮਧੜੀ=ਕਟਾਰ,
ਘਣ=ਸੰਘਣੇ, ਛੰਛਾਲੀ=ਬਿਜਲੀ, ਘੁਮਰਆਰਿ=ਧੁੰਦ, ਸਿਆਲੀਂ=
ਸਿਆਲ ਦੀ ਰੁੱਤ, ਕੇਜਮਾਂ=ਤਲਵਾਰਾਂ)
40
ਧੱਗਾ ਸੂਲ ਬਜਾਈਆਂ ਦਲਾਂ ਮੁਕਾਬਲਾ ॥
ਧੂਹਿ ਮਿਆਨੋ ਲਈਆਂ ਜੁਆਨੀ ਸੂਰਮੀ ॥
ਸ੍ਰਣਵਤਬੀਜ ਬਧਾਈਆਂ ਅਗਣਤ ਸੂਰਤਾਂ ॥
ਦੁਰਗਾ ਸਉਹੇ ਆਈਆਂ ਰੋਹ ਬਢਾਇ ਕੈ ॥
ਸਭਨੀ ਆਣ ਵਗਾਈਆਂ ਤੇਗਾਂ ਧੂਹਿ ਕੈ ॥
ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੈ ॥
ਦੇਵੀ ਆਪ ਚਲਾਈਆਂ ਤਕਿ ਤਕਿ ਦਾਨਵੀ ॥
ਲੋਹੂ ਨਾਲਿ ਡੁਬਾਈਆਂ ਤੇਗਾਂ ਨੰਗੀਆਂ ॥
ਸਾਰਸੁਤੀ ਜਣ ਨ੍ਹਾਈਆਂ ਮਿਲ ਕੈ ਦੇਵੀਆਂ ॥
ਸਭੇ ਮਾਰ ਗਿਰਾਈਆਂ ਅੰਦਰਿ ਖੇਤ ਦੈ ॥
ਤਿਦੂੰ ਫੇਰਿ ਸਵਾਈਆਂ ਹੋਈਆਂ ਸੂਰਤਾਂ ॥੪੦॥
(ਧੱਗਾ=ਧੌਂਸੇ, ਸਉਂਹੇ=ਸਾਹਮਣੇ, ਵਗਾਈਆਂ=
ਚਲਾਈਆਂ, ਸਾਰਸੁਤੀ=ਸਰਸਵਤੀ ਨਦੀ)
41
ਪਉੜੀ ॥
ਸੂਰੀਂ ਸੰਘਰਿ ਰਚਿਆ ਢੋਲ ਸੰਖ ਨਗਾਰੇ ਵਾਇ ਕੈ ॥
ਚੰਡ ਚਿਤਾਰੀ ਕਾਲਕਾ ਮਨ ਬਹਲਾ ਰੋਸ ਬਢਾਇਕੈ ॥
ਨਿਕਲੀ ਮੱਥਾ ਫੋੜਿ ਕੈ ਜਣ ਫਤੇ ਨੀਸਾਣ ਬਜਾਇ ਕੈ ॥
ਜਾਗ ਸੁ ਜੰਮੀ ਜੁੱਧ ਨੂੰ ਜਰਵਾਣਾ ਜਣ ਮਰੜਾਇ ਕੈ ॥
ਦਲ ਵਿਚਿ ਘੇਰਾ ਘੱਤਿਆ ਜਣ ਸੀਹ ਤੁਰਿਆ ਗਣਿਣਾਇ ਕੈ ॥
ਆਪ ਵਿਸੂਲਾ ਹੋਇਆ ਤਿਹੁ ਲੋਕਾਂ ਤੇ ਖੁਨਸਾਇ ਕੈ ॥
ਰੋਹ ਸਿਧਾਈਆਂ ਚਕ੍ਰਪਾਣ ਕਰ ਨਿੰਦਾ ਖੜਗ ਉਠਾਇ ਕੈ ॥
ਅਗੈ ਰਾਕਸ ਬੈਠੇ ਰੋਹਲੇ ਤੀਰੀ ਤੇਗੀ ਛਹਬਰ ਲਾਇ ਕੈ ॥
ਪਕੜ ਪਛਾੜੇ ਰਾਕਸਾਂ ਦਲ ਦੈਤਾ ਅੰਦਰਿ ਜਾਇ ਕੈ ॥
ਬਹੁ ਕੇਸੀ ਪਕੜਿ ਪਛਾੜਿਅਨਿ ਤਿਨ ਅੰਦਰਿ ਧੂਮ ਰਚਾਇਕੈ ॥
ਬਡੇ ਬਡੇ ਚੁਣ ਸੂਰਮੇ ਗਹਿ ਕੋਟੀ ਦਏ ਚਲਾਇ ਕੈ ॥
ਰਣਿ ਕਾਲੀ ਗੁੱਸਾ ਖਾਇ ਕੈ ॥੪੧॥
(ਸੂਰੀਂ=ਸੁਰਬੀਰ, ਸੰ ਘਰ=ਜੰਗ, ਵਾਇਕੈ=ਵਜਾਇਕੇ,
ਬਹਿਲਾ= ਬਹੁਤ, ਗਣਣਾਇਕੈ=ਅੜਿੰਗ ਕੇ, ਵਿਸੂਲਾ=
ਬੁਲਬਲੀਆਂ ਮਾਰ ਕੇ, ਖੁਣਸਾਇਕੈ=ਜ਼ਹਿਰੀਲਾ, ਨੰਦਾ=
ਦੁਰਗਾ, ਖੜਗ=ਕਿਰਪਾਨ, ਚਕ੍ਰਪਾਣਿ=ਚਕਰ ਧਾਰਨ ਕਰ
ਕੇ, ਛਹਬਰਿ=ਵਰਖਾ, ਕੋਟੀ=ਧਨੁਖ ਦੀ ਨੁਕਰ)
42
ਪਉੜੀ
ਦੁਹਾ ਕੰਧਾਰਾਂ ਮੁਹਿ ਜੁੜੇ ਅਣੀਆ ਰਾਚੋਈਆਂ ॥
ਧੂਹਿ ਕਿਰਪਾਣਾ ਤਿੱਖੀਆਂ ਨਾਲ ਲੋਹੂ ਧੋਈਆਂ ॥
ਹੂਰਾਂ ਸ੍ਰਣਵਤਬੀਜ ਨੂੰ ਘਤਿ ਘੇਰ ਖਲੋਈਆਂ ॥
ਲਾੜਾ ਦੇਖਨ ਲਾੜੀਆਂ ਚਉਗਿਰਦੈ ਹੋਈਆਂ ॥੪੨॥
(ਕੰਧਾਰਾਂ-ਫੌਜਾਂ, ਅਣੀਆਰਾਂ-ਤਿਖੀਆਂ ਨੋਕਾਂ, ਹੂਰਾਂ=
ਕਲਜੋਗਣਾਂ)
43
ਚੋਬੀ ਧਉਸਾ ਪਾਈਆਂ ਦਲਾਂ ਮੁਕਾਬਲਾ ॥
ਦਸਤੀ ਧੂਹ ਨਚਾਈਆਂ ਤੇਗਾਂ ਨੰਗੀਆਂ ॥
ਸੂਰਿਆਂ ਦੇ ਤਨ ਲਾਈਆਂ ਗੋਸਤ ਗਿੱਧੀਆਂ ॥
ਬਿੱਧਣਰਾਤੀ ਆਈਆਂ ਮਰਦਾਂ ਘੋੜਿਆਂ ॥
ਜੋਗਣੀਆਂ ਮਿਲਿ ਧਾਈਆਂ ਲੋਹੂ ਭੱਖਣਾ ॥
ਫਉਜਾਂ ਮਾਰ ਹਟਾਈਆਂ ਦੇਵਾਂ ਦਾਨਵਾਂ ॥
ਭਜਦੀ ਕਥਾ ਸੁਣਾਈਆਂ ਰਾਜੇ ਸੁੰਭ ਥੈ ॥
ਭੁਈਂ ਨ ਪਉਣੈ ਪਾਈਆਂ ਬੂੰਦਾਂ ਰਕਤ ਦੀਆਂ ॥
ਕਾਲੀ ਖੇਤ ਖਪਾਈਆਂ ਸੱਭੇ ਸੂਰਤਾਂ ॥
ਬਹੁਤੀ ਸਿਰੀ ਬਿਹਾਈਆਂ ਘੜੀਆਂ ਕਾਲ ਕੀਆਂ ॥
ਜਾਣਿ ਨ ਜਾਏ ਮਾਈਆਂ ਜੂਝੇ ਸੂਰਮੇ ॥੪੩॥
(ਚੋਬੀ=ਨਿਗਾਰਚੀ, ਦਸਤੀ=ਹੱਥੀਂ, ਗੋਸ਼ਤ=ਮਾਸ,
ਬਿਧਣ= ਮੁਸੀਬਤਾਂ ਦਾ ਸਮਾਂ, ਜੋਗਣੀਆਂ=ਦੇਵੀਆਂ,
ਭੱਖਣਾ=ਪੀਣਾ, ਭੂਈਂ=ਧਰਤੀ, ਜੂਝੇ=ਲੜੇ)
44
ਸੁੰਭ ਸੁਣੀ ਕਰਹਾਲੀ ਸ੍ਰਣਵਤਬੀਜ ਦੀ ॥
ਰਣ ਵਿਚਿ ਕਿਨੈ ਨ ਝਾਲੀ ਦੁਰਗਾ ਆਂਵਦੀ ॥
ਬਹੁਤੇ ਬੀਰ ਜਟਾਲੀ ਉੱਠੇ ਆਖਿ ਕੈ ॥
ਚੋਟਾਂ ਪਾਨ ਤਬਾਲੀ ਜਾਸਨ ਜੁੱਧ ਨੂੰ ॥
ਥਰਿ ਥਰਿ ਪ੍ਰਿਥਮੀ ਚਾਲੀ ਦਲਾਂ ਚੜੰਦਿਆਂ ॥
ਨਾਉ ਜਿਵੇਹੈ ਹਾਲੀ ਸਹੁ ਦਰੀਆਉ ਵਿਚਿ ॥
ਧੂੜਿ ਉਤਾਹਾਂ ਘਾਲੀ ਛੜੀਂ ਤੁਰੰਗਮਾਂ ॥
ਜਾਣਿ ਪੁਕਾਰੂ ਚਾਲੀ ਧਰਤੀ ਇੰਦ੍ਰ ਥੈ ॥੪੪॥
(ਕਰਹਾਲੀ=ਭੈੜੀ ਖਬਰ, ਨਾਉ=ਕਿਸ਼ਤੀ, ਹਾਲੀ=
ਹਿੱਲੀ, ਸ਼ਹੁ= ਵੱਡੇ, ਤੁਰੰਗਮਾਂ=ਘੋੜੇ)
45
ਪਉੜੀ ॥
ਆਹਰਿ ਮਿਲਿਆ ਆਹਰੀਆਂ ਸੈਣ ਸੂਰਿਆਂ ਸਾਜੀ ॥
ਚੱਲੇ ਸਉਹੇ ਦੁਰਗਸਾਹ ਜਣ ਕਾਬੈ ਹਾਜੀ ॥
ਤੀਰੀ ਤੇਗੀ ਜਮਧੜੀ ਰਣ ਵੰਡੀ ਭਾਜੀ ॥
ਇਕ ਘਾਇਲ ਘੂਮਨ ਸੂਰਮੇ ਜਣ ਮਕਤਬ ਕਾਜੀ ॥
ਇਕ ਬੀਰ ਪਰੋਤੇ ਬਰਛੀਏ ਜਿਉ ਝੁਕ ਪਉਨ ਨਿਵਾਜੀ ॥
ਇਕ ਦੁਰਗਾ ਸਉਹੇ ਖੁਨਸ ਕੈ ਖੁਨਸਾਇਨ ਤਾਜੀ ॥
ਇਕਿ ਧਾਵਨ ਦੁਰਗਾ ਸਾਮਣੇ ਜਿਉ ਭੁਖਿਆਏ ਪਾਜੀ ॥
ਕਦੇ ਨ ਰੱਜੇ ਜੁੱਧ ਤੇ ਰੱਜ ਹੋਏ ਰਾਜੀ ॥੪੫॥
(ਆਹਰਿ=ਕੰਮ, ਸੈਣ=ਫੌਜ, ਕਾਬੈ=ਮੱਕੇ, ਮਕਤਬ=
ਸਕੂਲ, ਖੁਣਸਕੈ=ਉਤਸਾਹਤ ਹੋ ਕੇ, ਤਾਜੀ=ਘੋੜੇ,
ਪਾਜੀ=ਲਾਲਚੀ)
46
ਬੱਜੇ ਸੰਗਲੀਆਲੇ ਸੰਘਰ ਡੋਹਰੇ ॥
ਡਹੇ ਜੁ ਖੇਤ ਜਟਾਲੇ ਹਾਠਾਂ ਜੋੜਿ ਕੈ ॥
ਨੇਜੇ ਬੰਬਲੀਆਲੇ ਦਿੱਸਨ ਓਰੜੇ ॥
ਚੱਲੇ ਜਾਣ ਜਟਾਲੇ ਨਾਵਣ ਗੰਗ ਨੂੰ ॥੪੬॥
(ਸੰਗਲੀਆਲੇ=ਸੰਗਲਾਂ ਵਾਲੇ, ਸੰਘਰ=ਜੰਗ,
ਡੋਹਰੇ=ਦੋਹਰੇ, ਹਾਠਾਂ=ਕਤਾਰਾਂ, ਬੰਬਲੀਆਲੇ=
ਫੁੱਲਾਂ ਨਾਲ ਸ਼ਿੰਗਾਰੇ ਹੋਏ, ਓਰੜੇ=ਉਲਰੇ ਹੋਏ,
ਗੰਗ=ਗੰਗਾ ਨਦੀ)
47
ਪਉੜੀ ॥
ਦੁਰਗਾ ਅਤੈ ਦਾਨਵੀ ਸੂਲ ਹੋਈਆਂ ਕੰਗਾਂ ॥
ਵਾਛੜ ਘੱਤੀ ਸੂਰਿਆਂ ਵਿਚ ਖੇਤ ਖਤੰਗਾਂ ॥
ਧੂਹਿ ਕ੍ਰਿਪਾਣਾ ਤਿੱਖੀਆਂ ਬਢ ਲਾਹਨਿ ਅੰਗਾਂ ॥
ਪਹਿਲਾਂ ਦਲਾਂ ਮਿਲੰਦਿਆਂ ਭੇੜ ਪਇਆ ਨਿਹੰਗਾਂ ॥੪੭॥
(ਸੂਲ=ਦੁਖ, ਕੰਗਾਂ=ਜੰਗੀ ਹਥਿਆਰਾਂ ਨਾਲ ਸੱਜਿਆ
ਹੋਇਆ, ਖਤੰਗਾਂ=ਤੀਰ, ਨਿਹੰਗਾਂ=ਸ਼ੇਰ,ਸੂਰਮੇ)
48
ਪਉੜੀ ॥
ਓਰੜ ਫਉਜਾਂ ਆਈਆਂ ਬੀਰ ਚੜੇ ਕੰਧਾਰੀ ॥
ਸੜਕ ਮਿਆਨੋ ਕਢੀਆਂ ਤਿਖੀਆਂ ਤਰਵਾਰੀ ॥
ਕੜਕ ਉਠੇ ਰਣ ਮੱਚਿਆ ਵੱਡੇ ਹੰਕਾਰੀ ॥
ਸਿਰ ਧੜ ਬਾਹਾਂ ਗਨਲੇ ਫੁਲ ਜੇਹੈ ਬਾੜੀ ॥
ਜਾਪੇ ਕਟੇ ਬਾਢੀਆਂ ਰੁਖ ਚੰਦਨਿ ਆਰੀ ॥੪੮॥
(ਓਰੜਿ=ਉਲਰੇ, ਕੰਧਾਰੀ=ਦਲਾਂ ਦੀਆਂ ਲਾਇਨਾਂ,
ਸੜਕਿ=ਸਰ ਸਰ ਦੀ ਆਵਾਜ਼, ਗੰਨਲੇ=ਟੁਕੜੇ, ਬਾੜੀ=
ਬਾਗ, ਬਾਢੀਆਂ=ਵੱਢਣ ਵਾਲੇ)
49
ਦੁਹਾਂ ਕੰਧਾਰਾਂ ਮੁਹਿ ਜੁੜੇ ਜਾ ਸੱਟ ਪਈ ਖਰਵਾਰ ਕੱਉ ॥
ਤਕ ਤਕ ਕੈਬਰਿ ਦੁਰਗਸਾਹ ਤਕ ਮਾਰੇ ਭਲੇ ਜੁਝਾਰ ਕੱਉ ॥
ਪੈਦਲ ਮਾਰੇ ਹਾਥੀਆਂ ਸੰਗ ਰਥ ਗਿਰੇ ਅਸਵਾਰ ਕੱਉ ॥
ਸੋਹਨ ਸੰਜਾ ਬਾਗੜਾ ਜਣੁ ਲੱਗੇ ਫੁੱਲ ਅਨਾਰ ਕੱਉ ॥
ਗੁੱਸੇ ਆਈ ਕਾਲਕਾ ਹਥਿ ਸੱਜੇ ਲੈ ਤਰਵਾਰ ਕੱਉ ॥
ਏਦੂੰ ਪਾਰਉ ਓਤ ਪਾਰ ਹਰਿਨਾਕਸਿ ਕਈ ਹਜਾਰ ਕੱਉ ॥
ਜਿਣ ਇੱਕਾ ਰਹੀ ਕੰਧਾਰ ਕੱਉ ॥
ਸਦ ਰਹਮਤ ਤੇਰੇ ਵਾਰ ਕੱਉ ॥੪੯॥
(ਕੰਧਾਰਾਂ=ਫੌਜਾਂ, ਖਰਵਾਰ=ਖੋਤੇ ਦੀ ਖੱਲ ਨਾਲ ਮੜ੍ਹਿਆ
ਹੋਇਆਾ ਧੌਂਸਾ, ਕੈਬਰਿ=ਤੀਰ, ਜੁਝਾਰ=ਸੂਰਬੀਰ, ਸੰਜਾਂ=
ਸੰਜੋਆਂ,ਬਾਗੜਾਂ=ਤੀਰ ਦਾ ਪਿਛਲਾ ਪਾਸਾ ਜਿਸ ਨੂੰ ਖੰਭ
ਲਗੇ ਹੁੰਦੇ ਹਨ,ਏਦੁ=ਇਸ ਤਰ੍ਹਾਂ, ਜਿਣਿ=ਜਿਤ, ਸਦ=ਹਮੇਸ਼ਾਂ,
ਰਹਮਤ=ਮਿਹਰ)
50
ਪਉੜੀ ॥
ਦੁਹਾਂ ਕੰਧਾਰਾਂ ਮੁਹਿ ਜੁੜੇ ਸੱਟ ਪਈ ਜਮਧਾਣ ਕੱਉ ॥
ਤਦ ਖਿੰਗ ਨਿਸੁੰਭ ਨਚਾਇਆ ਡਾਲ ਉਪਰਿ ਬਰਗਸਤਾਣ ਕੱਉ ॥
ਫੜੀ ਬਿਲੰਦ ਮੰਗਾਇਉਸ ਫੁਰਮਾਇਸ ਕਰਿ ਮੁਲਤਾਨ ਕੱਉ ॥
ਗੁੱਸੇ ਆਈ ਸਾਮ੍ਹਣੇ ਰਣ ਅੰਦਰਿ ਘੱਤਣ ਘਾਣ ਕੱਉ ॥
ਅਗੈ ਤੇਗ ਵਗਾਈ ਦੁਰਗਸਾਹ ਬੱਢ ਸੁੰਭਨ ਬਹੀ ਪਲਾਣ ਕੱਉ ॥
ਰੜਕੀ ਜਾਇ ਕੈ ਧਰਤ ਕੱਉ ਬੱਢ ਪਾਖਰ ਬੱਢ ਕਿਕਾਣ ਕੱਉ ॥
ਬੀਰ ਪਲਾਣੋ ਡਿੱਗਿਆ ਕਰਿ ਸਿਜਦਾ ਸੁੰਭ ਸੁਜਾਣ ਕੱਉ ॥
ਸਾਬਾਸ ਸਲੋਣੇ ਖਾਣ ਕੱਉ ॥
ਸਦਾ ਸਾਬਾਸ ਤੇਰੇ ਤਾਣ ਕੱਉ ॥
ਤਾਰੀਫਾਂ ਪਾਨ ਚਬਾਣ ਕੱਉ ॥
ਸਦ ਰਹਮਤ ਕੈਫਾਂ ਖਾਣ ਕੱਉ ॥
ਸਦ ਰਹਮਤ ਤੁਰੇ ਨਚਾਣ ਕੱਉ ॥੫੦॥
(ਖਿੰਗ=ਹੁਸ਼ਿਆਰ ਘੋੜਾ, ਬਰਗਸਤਾਣਿ=ਫੁਲਾਦੀ ਝੁਲ ਜਾਂ
ਤਾਹਰੂ, ਬਿਲੰਦ=ਉਚੀ,ਵੱਡੀ,ਬੜੀ, ਪਲਾਣ=ਘੋੜੇ ਦੀ ਕਾਠੀ,
ਕਿਕਾਨ=ਘੋੜਾ, ਸਿਜਦਾ=ਝੁਕ ਕੇ ਨਮਸਕਾਰ ਕਰਨੀ, ਸਲੋਣ
ਖਾਨ=ਬਹਾਦੁਰ ਸਰਦਾਰ, ਤਾਨ=ਬਹਾਦਰੀ, ਕੈਫਾਂ=ਨਸ਼ੇ, ਤੁਰੇ=ਘੋੜੇ)
51
ਪਉੜੀ ॥
ਦੁਰਗਾ ਅਤੈ ਦਾਨਵੀ ਗਹ ਸੰਘਰਿ ਉੱਥੇ ॥
ਓਰੜ ਉੱਠੇ ਸੂਰਮੇ ਆ ਡਾਹੇ ਮੱਥੇ ॥
ਕੱਟ ਤੁਫੰਗੀ ਕੈਬਰੀ ਦਲ ਗਾਹਿ ਨਿਕੱਥੇ ॥
ਦੇਖਨਿ ਜੰਗ ਫਰੇਸਤੇ ਅਸਮਾਨੋ ਲੱਥੇ ॥੫੧॥
(ਸੰਘਰਿ=ਜੰਗ, ਓਰੜ=ਉਲਰੇ ਹੋਏ, ਤੁਫੰਗੀਂ=ਬੰਦੂਕਾਂ,
ਕੈਬਰੀਂ=ਤੀਰ, ਫਰੇਸ਼ਤੇ=ਦੇਵਤੇ, ਲੱਥੇ=ਉਤਰੇ)
52
ਪਉੜੀ ॥
ਦੁਹਾਂ ਕੰਧਾਰਾਂ ਮੁਹ ਜੁੜੇ ਦਲ ਘੁਰੇ ਨਗਾਰੇ ॥
ਓਰੜ ਆਏ ਸੂਰਮੇ ਸਿਰਦਾਰ ਰਣਿਆਰੇ ॥
ਲੈ ਕੇ ਤੇਗਾਂ ਬਰਛੀਆਂ ਹਥਿਆਰ ਉਭਾਰੇ ॥
ਟੋਪ ਪਟੇਲਾ ਪਾਖਰਾਂ ਗਲਿ ਸੰਜ ਸਵਾਰੇ ॥
ਲੈ ਕੇ ਬਰਛੀ ਦੁਰਗਸਾਹ ਬਹੁ ਦਾਨਵ ਮਾਰੇ ॥
ਚੜੇ ਰਥੀ ਗਜ ਘੋੜਿਈ ਮਾਰ ਭੁਇ ਤੇ ਡਾਰੇ ॥
ਜਾਣ ਹਲਵਾਈ ਸੀਖ ਨਾਲ ਵਿੰਨ੍ਹ ਵੜੇ ਉਤਾਰੇ ॥੫੨॥
(ਓਰੜਿ=ਉਲਰੇ ਹੋਏ, ਰਣਿਆਰੇ=ਜੰਗ ਕਰਨ ਵਾਲੇ,
ਉਭਾਰੇ=ਉਚੇ ਚੁੱਕੇ ਹੋਏ, ਪਟੇਲਾ=ਮੂੰਹ ਨੂੰ ਢਕਣ ਵਾਲੀ
ਲੋਹੇ ਦੀ ਜਾਲੀ)
53
ਪਉੜੀ ॥
ਦੁਹਾਂ ਕੰਧਾਰਾਂ ਮੁਹਿ ਜੁੜੇ ਨਾਲ ਧਉਸਾ ਭਾਰੀ ॥
ਲਈ ਭਗਉਤੀ ਦੁਰਗਸਾਹ ਵਰ ਜਾਗਨ ਭਾਰੀ ॥
ਲਾਈ ਰਾਜੇ ਸੁੰਭ ਨੋ ਰਤੁ ਪੀਐ ਪਿਆਰੀ ॥
ਸੁੰਭ ਪਲਾਣੋ ਡਿੱਗਿਆ ਉਪਮਾ ਬੀਚਾਰੀ ॥
ਡੁਬ ਰਤੂ ਨਾਲਹੁ ਨਿਕਲੀ ਬਰਛੀ ਦੁਧਾਰੀ ॥
ਜਾਣ ਰਜਾਦੀ ਉਤਰੀ ਪੈਨ੍ਹ ਸੂਹੀ ਸਾਰੀ ॥੫੩॥
(ਵਰਜਾਗਨਿ=ਪ੍ਰਕਾਸ਼ਵਾਨ, ਪਲਾਣੋ=ਘੋੜੇ ਤੋਂ,
ਰਜਾਦੀ=ਰਾਜਕੁਮਾਰੀ, ਸੂਹੀ=ਲਾਲ ਰੰਗ ਦੀ,
ਸਾਰੀ=ਸਾੜ੍ਹੀ)
54
ਪਉੜੀ ॥
ਦੇਵੀ ਅਤੈ ਦਾਨਵੀ ਭੇੜ ਪਇਆ ਸਬਾਹੀ ॥
ਸਸਤ੍ਰ ਪਜੂਤੇ ਦੁਰਗਸਾਹ ਗਹ ਸਭਨੀ ਬਾਹੀ ॥
ਸੁੰਭ ਨਿਸੁੰਭ ਸੰਘਾਰਿਆ ਵਥ ਜੇਹੇ ਸਾਹੀ ॥
ਫਉਜਾਂ ਰਾਕਸਿਆਰੀਆਂ ਦੇਖਿ ਰੋਵਨਿ ਧਾਹੀ ॥
ਮੋਹਿ ਕੁੜੂਚੇ ਘਾਹ ਦੇ ਛਡ ਘੋੜੇ ਰਾਹੀ ॥
ਭਜਦੇ ਹੋਏ ਮਾਰੀਅਨਿ ਮੁੜ ਝਾਕਨ ਨਾਹੀਂ ॥੫੪॥
(ਸਬਾਹੀਂ=ਸਵੇਰ, ਪਜੂਤੇ=ਫੜੇ, ਕੁੜੂਚੇ=ਗੁਛੇ)
55
ਪਉੜੀ ॥
ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮ ਨੋ ॥
ਇੰਦ੍ਰ ਸੱਦ ਬੁਲਾਇਆ ਰਾਜ ਅਭਿਖੇਖ ਨੋ ॥
ਸਿਰ ਪਰ ਛਤ੍ਰ ਫਿਰਾਇਆ ਰਾਜੇ ਇੰਦ੍ਰ ਦੈ ॥
ਚਉਦਹ ਲੋਕਾਂ ਛਾਇਆ ਜਸੁ ਜਗ ਮਾਤ ਦਾ ॥
ਦੁਰਗਾ ਪਾਠ ਬਣਾਇਆ ਸਭੇ ਪਉੜੀਆਂ ॥
ਫੇਰ ਨ ਜੂਨੀ ਆਇਆ ਜਿਨ ਇਹ ਗਾਇਆ ॥੫੫॥
(ਪਠਾਇਆ=ਭੇਜਿਆ, ਧਾਮ=ਸਥਾਨ,ਪੁਰੀ,
ਅਭਸ਼ੇਖ=ਰਾਜਤਿਲਕ)