ਛੰਤ ਗੁਰੂ ਅਰਜਨ ਦੇਵ ਜੀ

ਵਿਕੀਸਰੋਤ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ


ਛੰਤ ਗੁਰੂ ਅਰਜਨ ਦੇਵ ਜੀ
1. ਮਨ ਪਿਆਰਿਆ ਜੀਉ ਮਿਤ੍ਰਾ

ਮਨ ਪਿਆਰਿਆ ਜੀਉ ਮਿਤ੍ਰਾ ਗੋਬਿੰਦ ਨਾਮੁ ਸਮਾਲੇ ॥
ਮਨ ਪਿਆਰਿਆ ਜੀ ਮਿਤ੍ਰਾ ਹਰਿ ਨਿਬਹੈ ਤੇਰੈ ਨਾਲੇ ॥
ਸੰਗਿ ਸਹਾਈ ਹਰਿ ਨਾਮੁ ਧਿਆਈ ਬਿਰਥਾ ਕੋਇ ਨ ਜਾਏ ॥
ਮਨ ਚਿੰਦੇ ਸੇਈ ਫਲ ਪਾਵਹਿ ਚਰਣ ਕਮਲ ਚਿਤੁ ਲਾਏ ॥
ਜਲਿ ਥਲਿ ਪੂਰਿ ਰਹਿਆ ਬਨਵਾਰੀ ਘਟਿ ਘਟਿ ਨਦਰਿ ਨਿਹਾਲੇ ॥
ਨਾਨਕੁ ਸਿਖ ਦੇਇ ਮਨ ਪ੍ਰੀਤਮ ਸਾਧਸੰਗਿ ਭ੍ਰਮੁ ਜਾਲੇ ॥੧॥੭੯॥

(ਸਮਾਲੇ=ਸਮਾਲਿ,ਸਾਂਭ, ਨਿਬਹੈ=ਤੋੜ ਸਾਥ ਨਿਬਾਹੇਗਾ,
ਨਾਲੇ=ਨਾਲਿ , ਧਿਆਈ=ਤੂੰ ਧਿਆਨ ਕਰ, ਬਿਰਥਾ=
ਖਾਲੀ, ਮਨ ਚਿੰਦੇ ਫਲ=ਮਨ-ਇਛੱਤ ਫਲ, ਲਾਏ=ਲਾਇ,
ਬਨਵਾਰੀ=ਜਗਤ ਦਾ ਮਾਲਕ, ਘਟਿ ਘਟਿ=ਹਰੇਕ ਘਟ
ਵਿਚ, ਨਿਹਾਲੇ=ਵੇਖਦਾ ਹੈ, ਸਿਖ=ਸਿੱਖਿਆ, ਦੇਇ=ਦੇਂਦਾ
ਹੈ, ਜਾਲੇ=ਜਾਲਿ,ਸਾੜ ਦੇਹ)

2. ਚਰਨ ਕਮਲ ਸਿਉ ਪ੍ਰੀਤਿ

ਚਰਨ ਕਮਲ ਸਿਉ ਪ੍ਰੀਤਿ ਰੀਤਿ ਸੰਤਨ ਮਨਿ ਆਵਏ ਜੀਉ ॥
ਦੁਤੀਆ ਭਾਉ ਬਿਪਰੀਤਿ ਅਨੀਤਿ ਦਾਸਾ ਨਹ ਭਾਵਏ ਜੀਉ ॥
ਦਾਸਾ ਨਹ ਭਾਵਏ ਬਿਨੁ ਦਰਸਾਵਏ ਇਕ ਖਿਨੁ ਧੀਰਜੁ ਕਿਉ ਕਰੈ ॥
ਨਾਮ ਬਿਹੂਨਾ ਤਨੁ ਮਨੁ ਹੀਨਾ ਜਲ ਬਿਨੁ ਮਛੁਲੀ ਜਿਉ ਮਰੈ ॥
ਮਿਲੁ ਮੇਰੇ ਪਿਆਰੇ ਪ੍ਰਾਨ ਅਧਾਰੇ ਗੁਣ ਸਾਧਸੰਗਿ ਮਿਲਿ ਗਾਵਏ ॥
ਨਾਨਕ ਕੇ ਸੁਆਮੀ ਧਾਰਿ ਅਨੁਗ੍ਰਹੁ ਮਨਿ ਤਨਿ ਅੰਕਿ ਸਮਾਵਏ ॥੧॥੮੦॥

(ਸਿਉ=ਨਾਲ, ਰੀਤਿ=ਮਰਯਾਦਾ, ਸੰਤਨ ਮਨਿ=ਸੰਤਾਂ ਦੇ ਮਨ ਵਿਚ,
ਆਵਏ=ਆਉਂਦੀ ਹੈ, ਦੁਤੀਆ ਭਾਉ=ਦੂਜਾ ਪਿਆਰ, ਬਿਪਰੀਤਿ=
ਉਲਟੀ ਰੀਤਿ, ਅਨੀਤਿ=ਨੀਤੀ ਦੇ ਉਲਟ, ਭਾਵਏ=ਪਸੰਦ ਆਉਂਦੀ,
ਦਰਸਾਵਏ=ਦਰਸਨ, ਬਿਹੂਨਾ=ਬਿਨਾ, ਹੀਨਾ=ਕਮਜ਼ੋਰ,ਲਿੱਸਾ, ਗਾਵਏ=
ਗਾ ਸਕੇ, ਅਨੁਗ੍ਰਹੁ=ਕਿਰਪਾ, ਤਨਿ=ਤਨ ਦੀ ਰਾਹੀਂ, ਅੰਕਿ=ਗੋਦ ਵਿਚ,
ਸਮਾਵਏ=ਸਮਾਵੈ,ਲੀਨ ਰਹਿ ਸਕੇ)

3. ਤੇਰੇ ਬਚਨ ਅਨੂਪ ਅਪਾਰ

ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਬੀਚਾਰੀਐ ਜੀਉ ॥
ਸਿਮਰਤ ਸਾਸ ਗਿਰਾਸ ਪੂਰਨ ਬਿਸੁਆਸ ਕਿਉ ਮਨਹੁ ਬਿਸਾਰੀਐ ਜੀਉ ॥
ਕਿਉ ਮਨਹੁ ਬੇਸਾਰੀਐ ਨਿਮਖ ਨਹੀ ਟਾਰੀਐ ਗੁਣਵੰਤ ਪ੍ਰਾਨ ਹਮਾਰੇ ॥
ਮਨ ਬਾਂਛਤ ਫਲ ਦੇਤ ਹੈ ਸੁਆਮੀ ਜੀਅ ਕੀ ਬਿਰਥਾ ਸਾਰੇ ॥
ਅਨਾਥ ਕੇ ਨਾਥੇ ਸ੍ਰਬ ਕੈ ਸਾਥੇ ਜਪਿ ਜੂਐ ਜਨਮੁ ਨ ਹਾਰੀਐ ॥
ਨਾਨਕ ਕੀ ਬੇਨੰਤੀ ਪ੍ਰਭ ਪਹਿ ਕ੍ਰਿਪਾ ਕਰਿ ਭਵਜਲੁ ਤਾਰੀਐ ॥੨॥੮੦॥

(ਅਨੂਪ=ਜਿਸ ਵਰਗਾ ਕੋਈ ਹੋਰ ਨਹੀਂ,ਬਹੁਤ ਸੁੰਦਰ, ਅਪਾਰ=
ਬੇਅੰਤ ਪ੍ਰਭੂ, ਸੰਤਨ ਆਧਾਰ=ਹੇ ਸੰਤਾਂ ਦੇ ਆਸਰੇ ਪ੍ਰਭੂ, ਬੀਚਾਰੀਐ=
ਵਿਚਾਰੀ ਹੈ, ਸਾਸ ਗਿਰਾਸ=ਸਾਹ ਲੈਂਦਿਆਂ ਗਿਰਾਹੀਆਂ ਖਾਂਦਿਆਂ,
ਬਿਸੁਆਸੁ=ਸਰਧਾ,ਨਿਸ਼ਚਾ, ਬੇਸਾਰੀਐ=ਬਿਸਾਰੀਐ, ਨਿਮਖ=ਅੱਖ
ਝਮਕਣ ਜਿਤਨਾ ਸਮਾ, ਟਾਰੀਐ=ਟਾਲਿਆ ਜਾ ਸਕਦਾ, ਗੁਣਵੰਤ=
ਹੇ ਗੁਣਾਂ ਦੇ ਮਾਲਕ-ਪ੍ਰਭੂ, ਬਾਂਛਤ=ਇੱਛਿਤ, ਜੀਅ ਕੀ=ਜਿੰਦ ਦੀ,
ਬਿਰਥਾ=ਪੀੜਾ, ਸਾਰੇ=ਸੰਭਾਲਦਾ ਹੈ,ਸਾਰ ਲੈਂਦਾ ਹੈ, ਜਪਿ=ਜਪ ਕੇ,
ਜੂਐ=ਜੂਏ ਵਿਚ, ਪਹਿ=ਪਾਸ,ਕੋਲ, ਭਵਜਲੁ=ਸੰਸਾਰ-ਸਮੁੰਦਰ,
ਤਾਰੀਐ=ਪਾਰ ਲੰਘਾ)

4. ਕਹਤੇ ਪਵਿਤ੍ਰ ਸੁਣਤੇ ਸਭਿ ਧੰਨੁ

ਕਹਤੇ ਪਵਿਤ੍ਰ ਸੁਣਤੇ ਸਭਿ ਧੰਨੁ ਲਿਖਤੀ ਕੁਲੁ ਤਾਰਿਆ ਜੀਉ ॥
ਜਿਨ ਕਉ ਸਾਧੂ ਸੰਗੁ ਨਾਮ ਹਰਿ ਰੰਗੁ ਤਿਨੀ ਬ੍ਰਹਮੁ ਬੀਚਾਰਿਆ ਜੀਉ ॥
ਬ੍ਰਹਮੁ ਬੀਚਾਰਿਆ ਜਨਮੁ ਸਵਾਰਿਆ ਪੂਰਨ ਕਿਰਪਾ ਪ੍ਰਭਿ ਕਰੀ ॥
ਕਰੁ ਗਹਿ ਲੀਨੇ ਹਰਿ ਜਸੋ ਦੀਨੇ ਜੋਨਿ ਨਾ ਧਾਵੈ ਨਹ ਮਰੀ ॥
ਸਤਿਗੁਰ ਦਇਆਲ ਕਿਰਪਾਲ ਭੇਟਤ ਹਰੇ ਕਾਮੁ ਕ੍ਰੋਧੁ ਲੋਭੁ ਮਾਰਿਆ ॥
ਕਥਨੁ ਨ ਜਾਇ ਅਕਥੁ ਸੁਆਮੀ ਸਦਕੈ ਜਾਇ ਨਾਨਕੁ ਵਾਰਿਆ ॥੫॥੧॥੩॥੮੧॥

(ਸਭਿ=ਸਾਰੇ, ਧੰਨ=ਭਾਗਾਂ ਵਾਲੇ, ਲਿਖਤੀ=ਜਿਨ੍ਹਾਂ ਨੇ ਲਿਖਿਆ,
ਕੁਲੁ=ਖ਼ਾਨਦਾਨ, ਸੰਗੁ=ਮਿਲਾਪ, ਰੰਗ=ਆਨੰਦ, ਤਿਨੀ=ਉਹਨਾਂ ਨੇ,
ਬੀਚਾਰਿਆ=ਮਨ ਵਿਚ ਟਿਕਾਇਆ, ਪ੍ਰਭਿ=ਪ੍ਰਭੂ ਨੇ, ਕਰੁ=ਹੱਥ,
ਜਸੋ=ਜਸੁ, ਸਿਫ਼ਤਿ-ਸਾਲਾਹ ਦੀ ਦਾਤਿ, ਜੋਨਿ ਨ ਧਾਵੈ=ਜਨਮ
ਜਨਮ ਵਿਚ ਨਹੀਂ ਦੌੜਦਾ ਫਿਰਦਾ, ਮਰੀ=ਮਰਦਾ, ਭੇਟਤ=ਗੁਰੂ
ਨੂੰ ਮਿਲਿਆਂ, ਹਰੇ=ਆਤਮਕ ਜੀਵਨ ਵਾਲੇ, ਅਕਥੁ=ਜਿਸ ਦਾ
ਸਰੂਪ ਬਿਆਨ ਨਾਹ ਕੀਤਾ ਜਾ ਸਕੇ, ਸਦਕੈ=ਕੁਰਬਾਨ,
ਵਾਰਿਆ=ਕੁਰਬਾਨ)

5. ਮੇਰੈ ਮਨਿ ਬੈਰਾਗੁ ਭਇਆ

ਮੇਰੈ ਮਨਿ ਬੈਰਾਗੁ ਭਇਆ ਜੀਉ ਕਿਉ ਦੇਖਾ ਪ੍ਰਭ ਦਾਤੇ ॥
ਮੇਰੇ ਮੀਤ ਸਖਾ ਹਰਿ ਜੀਉ ਗੁਰ ਪੁਰਖ ਬਿਧਾਤੇ ॥
ਪੁਰਖੋ ਬਿਧਾਤਾ ਏਕੁ ਸ੍ਰੀਧਰੁ ਕਿਉ ਮਿਲਹ ਤੁਝੈ ਉਡੀਣੀਆ ॥
ਕਰ ਕਰਹਿ ਸੇਵਾ ਸੀਸੁ ਚਰਣੀ ਮਨਿ ਆਸ ਦਰਸ ਨਿਮਾਣੀਆ ॥
ਸਾਸਿ ਸਾਸਿ ਨ ਘੜੀ ਵਿਸਰੈ ਪਲੁ ਮੂਰਤੁ ਦਿਨੁ ਰਾਤੇ ॥
ਨਾਨਕ ਸਾਰਿੰਗ ਜਿਉ ਪਿਆਸੇ ਕਿਉ ਮਿਲੀਐ ਪ੍ਰਭ ਦਾਤੇ ॥੧॥੨੪੭॥

(ਮੇਰੈ ਮਨਿ=ਮੇਰੇ ਮਨ ਵਿਚ, ਬੈਰਾਗੁ=ਉਤਸੁਕਤਾ,ਕਾਹਲੀ,
ਦੇਖਾ=ਦੇਖਾਂ, ਸਖਾ=ਸਾਥੀ, ਬਿਧਾਤੇ=ਹੇ ਸਿਰਜਣਹਾਰ, ਸ੍ਰੀ=
ਲੱਛਮੀ, ਸ੍ਰੀਧਰੁ=ਲੱਛਮੀ ਦਾ ਆਸਰਾ, ਮਿਲਹ=ਅਸੀ ਮਿਲੀਏ,
ਉਡੀਣੀਆ=ਵਿਆਕੁਲ, ਕਰ=ਹੱਥਾਂ ਨਾਲ, ਕਰਹਿ=ਜੋ
ਕਰਦੀਆਂ ਹਨ, ਆਸ ਦਰਸ=ਦਰਸਨ ਦੀ ਆਸ, ਮੂਰਤੁ=
ਮੁਹੂਰਤ,ਦੋ ਘੜੀ ਦਾ ਸਮਾਂ, ਸਾਰਿੰਗ=ਪਪੀਹਾ)

6. ਇਕ ਬਿਨਉ ਕਰਉ ਜੀਉ

ਇਕ ਬਿਨਉ ਕਰਉ ਜੀਉ ਸੁਣਿ ਕੰਤ ਪਿਆਰੇ ॥
ਮੇਰਾ ਮਨੁ ਤਨੁ ਮੋਹਿ ਲੀਆ ਜੀਉ ਦੇਖਿ ਚਲਤ ਤੁਮਾਰੇ ॥
ਚਲਤਾ ਤੁਮਾਰੇ ਦੇਖਿ ਮੋਹੀ ਉਦਾਸ ਧਨ ਕਿਉ ਧੀਰਏ ॥
ਗੁਣਵੰਤ ਨਾਹ ਦਇਆਲੁ ਬਾਲਾ ਸਰਬ ਗੁਣ ਭਰਪੂਰਏ ॥
ਪਿਰ ਦੋਸੁ ਨਾਹੀ ਸੁਖਹ ਦਾਤੇ ਹਉ ਵਿਛੁੜੀ ਬੁਰਿਆਰੇ ॥
ਬਿਨਵੰਤਿ ਨਾਨਕ ਦਇਆ ਧਾਰਹੁ ਘਰਿ ਆਵਹੁ ਨਾਹ ਪਿਆਰੇ ॥੨॥੨੪੭॥

(ਬਿਨਉ=ਬੇਨਤੀ, ਕਰਉ=ਕਰਉਂ,ਮੈਂ ਕਰਦੀ ਹਾਂ, ਚਲਤ=
ਚਰਿਤ੍ਰ,ਕੌਤਕ, ਮੋਹੀ=ਮੈਂ ਠੱਗੀ ਗਈ ਹਾਂ, ਧਨ=ਜੀਵ-ਇਸਤ੍ਰੀ,
ਧੀਰਏ=ਧੀਰਜ ਹਾਸਲ ਕਰੇ, ਨਾਹ=ਹੇ ਨਾਥ, ਬਾਲਾ=ਸਦਾ
ਜਵਾਨ ਰਹਿਣ ਵਾਲਾ, ਪਿਰ=ਹੇ ਪਤੀ, ਹਉ=ਮੈਂ ਆਪ,
ਬੁਰਿਆਰੇ=ਮੰਦ-ਕਰਮਣ, ਘਰਿ=ਹਿਰਦੇ-ਘਰ ਵਿਚ)

7. ਹਉ ਮਨੁ ਅਰਪੀ ਸਭੁ ਤਨੁ ਅਰਪੀ

ਹਉ ਮਨੁ ਅਰਪੀ ਸਭੁ ਤਨੁ ਅਰਪੀ ਅਰਪੀ ਸਭਿ ਦੇਸਾ ॥
ਹਉ ਸਿਰੁ ਅਰਪੀ ਤਿਸੁ ਮੀਤ ਪਿਆਰੇ ਜੋ ਪ੍ਰਭ ਦੇਇ ਸਦੇਸਾ ॥
ਅਰਪਿਆ ਤ ਸੀਸੁ ਸੁਥਾਨਿ ਗੁਰ ਪਹਿ ਸੰਗਿ ਪ੍ਰਭੂ ਦਿਖਾਇਆ ॥
ਖਿਨ ਮਾਹਿ ਸਗਲਾ ਦੂਖੁ ਮਿਟਿਆ ਮਨਹੁ ਚਿੰਦਿਆ ਪਾਇਆ ॥
ਦਿਨੁ ਰੈਣਿ ਰਲੀਆ ਕਰੈ ਕਾਮਣਿ ਮਿਟੇ ਸਗਲ ਅੰਦੇਸਾ ॥
ਬਿਨਵੰਤਿ ਨਾਨਕੁ ਕੰਤੁ ਮਿਲਿਆ ਲੋੜਤੇ ਹਮ ਜੈਸਾ ॥੩॥੨੪੭॥

(ਹਉ=ਮੈਂ, ਅਰਪੀ=ਮੈਂ ਭੇਟ ਕਰਦਾ ਹਾਂ, ਪ੍ਰਭ ਸਦੇਸਾ=
ਪ੍ਰਭੂ ਦੇ ਮਿਲਾਪ ਦਾ ਸੁਨੇਹਾ, ਸੁਥਾਨਿ=ਸੋਹਣੇ ਥਾਂ ਵਿਚ,
ਪਹਿ=ਪਾਸ, ਮਾਹਿ=ਵਿਚ, ਮਨਹੁ ਚਿੰਦਿਆ=ਮਨ ਤੋਂ
ਚਿਤਵਿਆ ਹੋਇਆ,ਮਨ-ਇੱਛਤ, ਰੈਣਿ=ਰਾਤ,
ਰਲੀਆ=ਮੌਜਾਂ, ਕਾਮਣਿ=ਜੀਵ ਇਸਤ੍ਰੀ, ਅੰਦੇਸਾ=
ਚਿੰਤਾ-ਫ਼ਿਕਰ, ਹਮ=ਅਸੀਂ, ਜੈਸਾ=ਜਿਹੋ ਜਿਹਾ)

8. ਮੇਰੈ ਮਨਿ ਅਨਦੁ ਭਇਆ

ਮੇਰੈ ਮਨਿ ਅਨਦੁ ਭਇਆ ਜੀਉ ਵਜੀ ਵਾਧਾਈ ॥
ਘਰਿ ਲਾਲੁ ਆਇਆ ਪਿਆਰਾ ਸਭ ਤਿਖਾ ਬੁਝਾਈ ॥
ਮਿਲਿਆ ਤ ਲਾਲੁ ਗੁਪਾਲੁ ਠਾਕੁਰੁ ਸਖੀ ਮੰਗਲੁ ਗਾਇਆ ॥
ਸਭ ਮੀਤ ਬੰਧਪ ਹਰਖੁ ਉਪਜਿਆ ਦੂਤ ਥਾਉ ਗਵਾਇਆ ॥
ਅਨਹਤ ਵਾਜੇ ਵਜਹਿ ਘਰ ਮਹਿ ਪਿਰ ਸੰਗਿ ਸੇਜ ਵਿਛਾਈ ॥
ਬਿਨਵੰਤਿ ਨਾਨਕੁ ਸਹਜਿ ਰਹੈ ਹਰਿ ਮਿਲਿਆ ਕੰਤੁ ਸੁਖਦਾਈ ॥੪॥੧॥੨੪੭॥

(ਅਨਦ=ਚਾਉ, ਵਧਾਈ=ਉਹ ਆਤਮਕ ਜਦੋਂ ਦਿਲ ਨੂੰ
ਖ਼ੁਸ਼ੀ ਦਾ ਹੁਲਾਰਾ ਆਉਂਦਾ ਹੈ, ਵਜੀ=ਵੱਜੀ,ਜ਼ੋਰਾਂ ਵਿਚ
ਆ ਰਹੀ ਹੈ, ਘਰਿ=ਹਿਰਦੇ-ਘਰ ਵਿਚ, ਤਿਖਾ=ਤ੍ਰੇਹ,
ਮਾਇਆ ਦੀ ਤ੍ਰਿਸ਼ਨਾ, ਗੁਪਾਲੁ=ਸ੍ਰਿਸ਼ਟੀ ਦਾ ਪਾਲਣਹਾਰ,
ਸਖੀ=ਸਖੀਆਂ ਨੇ,ਗਿਆਨ-ਇੰਦ੍ਰਿਆਂ ਨੇ, ਮੰਗਲੁ=ਖ਼ੁਸ਼ੀ
ਦਾ ਗੀਤ, ਬੰਧਪ=ਸਨਬੰਧੀ, ਹਰਖੁ=ਖ਼ੁਸ਼ੀ,ਚਾਉ, ਦੂਤ
ਥਾਉ=ਦੂਤਾਂ ਦਾ ਥਾਂ,ਕਾਮਾਦਿਕ ਵੈਰੀਆਂ ਦਾ ਨਾਂ-ਨਿਸ਼ਾਨ,
ਅਨਹਤ=ਇਕ-ਰਸ,ਲਗਾਤਾਰ, ਵਜਹਿ=ਵੱਜਦੇ ਹਨ,
ਸੰਗਿ=ਨਾਲ, ਸਹਜਿ=ਆਤਮਕ ਅਡੋਲਤਾ ਵਿਚ)

9. ਮੋਹਨ ਤੇਰੇ ਊਚੇ ਮੰਦਰ

ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ ॥
ਮੋਹਨ ਤੇਰੇ ਸੋਹਨਿ ਦੁਆਰ ਜੀਉ ਸੰਤ ਧਰਮ ਸਾਲਾ ॥
ਧਰਮ ਸਾਲ ਅਪਾਰ ਦੈਆਰ ਠਾਕੁਰ ਸਦਾ ਕੀਰਤਨੁ ਗਾਵਹੇ ॥
ਜਹ ਸਾਧ ਸੰਤ ਇਕਤ੍ਰ ਹੋਵਹਿ ਤਹਾ ਤੁਝਹਿ ਧਿਆਵਹੇ ॥
ਕਰਿ ਦਇਆ ਮਇਆ ਦਇਆਲ ਸੁਆਮੀ ਹੋਹੁ ਦੀਨ ਕ੍ਰਿਪਾਰਾ ॥
ਬਿਨਵੰਤਿ ਨਾਨਕ ਦਰਸ ਪਿਆਸੇ ਮਿਲਿ ਦਰਸਨ ਸੁਖੁ ਸਾਰਾ ॥੧॥੨੪੮॥

(ਮੋਹਨ=ਹੇ ਮਨ ਨੂੰ ਮੋਹ ਲੈਣ ਵਾਲੇ ਪ੍ਰਭੂ, ਸੋਹਨਿ=ਸੋਭ ਰਹੇ
ਹਨ, ਦੈਆਰ=ਦਇਆਲ, ਗਾਵਹੇ=ਗਾਂਦੇ ਹਨ, ਤੁਝਹਿ=ਤੈਨੂੰ,
ਕ੍ਰਿਪਾਰਾ=ਕਿਰਪਾਲ, ਦਰਸਨ ਸੁਖੁ=ਦਰਸਨ ਦਾ ਸੁਖ, ਸਾਰਾ=
ਲੈਂਦੇ ਹਨ)

10. ਮੋਹਨ ਤੇਰੇ ਬਚਨ ਅਨੂਪ

ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ ॥
ਮੋਹਨ ਤੂੰ ਮਾਨਹਿ ਏਕੁ ਜੀ ਅਵਰ ਸਭ ਰਾਲੀ ॥
ਮਾਨਹਿ ਤ ਏਕੁ ਅਲੇਖੁ ਠਾਕੁਰੁ ਜਿਨਹਿ ਸਭ ਕਲ ਧਾਰੀਆ ॥
ਤੁਧੁ ਬਚਨਿ ਗੁਰ ਕੈ ਵਸਿ ਕੀਆ ਆਦਿ ਪੁਰਖੁ ਬਨਵਾਰੀਆ ॥
ਤੂੰ ਆਪਿ ਚਲਿਆ ਆਪਿ ਰਹਿਆ ਆਪਿ ਸਭ ਕਲ ਧਾਰੀਆ ॥
ਬਿਨਵੰਤਿ ਨਾਨਕ ਪੈਜ ਰਾਖਹੁ ਸਭ ਸੇਵਕ ਸਰਨਿ ਤੁਮਾਰੀਆ ॥੨॥੨੪੮॥

(ਅਨੂਪ=ਸੋਹਣੇ, ਨਿਰਾਲੀ=ਅਨੋਖੀ, ਤੂੰ=ਤੈਨੂੰ, ਮਾਨਹਿ=
ਸਾਰੇ ਜੀਵ ਮੰਨਦੇ ਹਨ, ਰਾਲੀ=ਮਿੱਟੀ,ਨਾਸਵੰਤ, ਜਿਨਹਿ=
ਜਿਸ ਨੇ, ਕਲ=ਸੱਤਾ,ਤਾਕਤ, ਤੁਧੁ=ਤੈਨੂੰ, ਬਚਨਿ=ਬਚਨ
ਦੀ ਰਾਹੀਂ, ਬਨਵਾਰੀਆ=ਜਗਤ ਦਾ ਮਾਲਕ, ਪੈਜ=ਲਾਜ)

11. ਸੁਣਿ ਸਖੀਏ ਮਿਲਿ ਉਦਮੁ ਕਰੇਹਾ

ਸੁਣਿ ਸਖੀਏ ਮਿਲਿ ਉਦਮੁ ਕਰੇਹਾ ਮਨਾਇ ਲੈਹਿ ਹਰਿ ਕੰਤੈ ॥
ਮਾਨੁ ਤਿਆਗਿ ਕਰਿ ਭਗਤਿ ਠਗਉਰੀ ਮੋਹਹ ਸਾਧੂ ਮੰਤੈ ॥
ਸਖੀ ਵਸਿ ਆਇਆ ਫਿਰਿ ਛੋਡਿ ਨ ਜਾਈ ਇਹ ਰੀਤਿ ਭਲੀ ਭਗਵੰਤੈ ॥
ਨਾਨਕ ਜਰਾ ਮਰਣ ਭੈ ਨਰਕ ਨਿਵਾਰੈ ਪੁਨੀਤ ਕਰੈ ਤਿਸੁ ਜੰਤੈ ॥੧॥੨੪੯॥

(ਸਖੀਏ=ਹੇ ਸਹੇਲੀਏ, ਕਰੇਹਾ=ਅਸੀਂ ਕਰੀਏ, ਮਨਾਇ ਲੈਹਿ=
ਅਸੀਂ ਰਾਜ਼ੀ ਕਰ ਲਈਏ, ਕੰਤੈ=ਕੰਤ ਨੂੰ, ਤਿਆਗਿ=ਛੱਡ ਕੇ,
ਕਰਿ=ਬਣਾ ਕੇ, ਠਗਉਰੀ=ਠਗ-ਮੂਰੀ, ਉਹ ਬੂਟੀ ਜੋ ਠੱਗ ਕਿਸੇ
ਰਾਹੀ ਨੂੰ ਖੁਆ ਕੇ ਉਸ ਨੂੰ ਬੇਹੋਸ਼ ਕਰ ਲੈਂਦਾ ਹੈ ਤੇ ਉਸ ਨੂੰ ਲੁੱਟ
ਲੈਂਦਾ ਹੈ, ਮੋਹਹ=ਅਸੀ ਮੋਹ ਲਈਏ, ਸਾਧੂ ਮੰਤੈ=ਗੁਰੂ ਦੇ ਉਪਦੇਸ਼
ਨਾਲ, ਵਸਿ=ਵੱਸ ਵਿਚ, ਭਗਵੰਤੈ=ਭਗਵਾਨ ਦੀ, ਜਰਾ=ਬੁਢੇਪਾ,
ਮਰਣ=ਮੌਤ, ਨਿਵਾਰੈ=ਦੂਰ ਕਰਦਾ ਹੈ, ਪੁਨੀਤ=ਪਵਿਤ੍ਰ, ਜੰਤੈ=
ਜੀਵ ਨੂੰ)

12. ਸੁਣਿ ਸਖੀਏ ਇਹ ਭਲੀ ਬਿਨੰਤੀ

ਸੁਣਿ ਸਖੀਏ ਇਹ ਭਲੀ ਬਿਨੰਤੀ ਏਹੁ ਮਤਾਂਤੁ ਪਕਾਈਐ ॥
ਸਹਜਿ ਸੁਭਾਇ ਉਪਾਧਿ ਰਹਤ ਹੋਇ ਗੀਤ ਗੋਵਿੰਦਹਿ ਗਾਈਐ ॥
ਕਲਿ ਕਲੇਸ ਮਿਟਹਿ ਭ੍ਰਮ ਨਾਸਹਿ ਮਨਿ ਚਿੰਦਿਆ ਫਲੁ ਪਾਈਐ ॥
ਪਾਰਬ੍ਰਹਮ ਪੂਰਨ ਪਰਮੇਸਰ ਨਾਨਕ ਨਾਮੁ ਧਿਆਈਐ ॥੨॥੨੪੯॥

(ਮਤਾਂਤੁ=ਸਲਾਹ, ਪਕਾਈਐ=ਪੱਕਾ ਕਰੀਏ, ਸਹਜਿ=ਆਤਮਕ
ਅਡੋਲਤਾ ਵਿਚ, ਸੁਭਾਇ=ਪ੍ਰੇਮ ਵਿਚ, ਉਪਾਧਿ=ਛਲ, ਗੋਵਿੰਦਹਿ=
ਗੋਵਿੰਦ ਦੇ, ਕਲਿ=ਝਗੜਾ, ਮਿਟਹਿ=ਮਿਟ ਜਾਂਦੇ ਹਨ, ਚਿੰਦਿਆ=
ਚਿਤਵਿਆ ਹੋਇਆ, ਪਾਈਐ=ਪਾ ਲਈਦਾ ਹੈ)

13. ਸਖੀ ਇਛ ਕਰੀ ਨਿਤ ਸੁਖ ਮਨਾਈ

ਸਖੀ ਇਛ ਕਰੀ ਨਿਤ ਸੁਖ ਮਨਾਈ ਪ੍ਰਭ ਮੇਰੀ ਆਸ ਪੁਜਾਏ ॥
ਚਰਨ ਪਿਆਸੀ ਦਰਸ ਬੈਰਾਗਨਿ ਪੇਖਉ ਥਾਨ ਸਬਾਏ ॥
ਖੋਜਿ ਲਹਉ ਹਰਿ ਸੰਤ ਜਨਾ ਸੰਗੁ ਸੰਮ੍ਰਿਥ ਪੁਰਖ ਮਿਲਾਏ ॥
ਨਾਨਕ ਤਿਨ ਮਿਲਿਆ ਸੁਰਿਜਨੁ ਸੁਖਦਾਤਾ ਸੇ ਵਡਭਾਗੀ ਮਾਏ ॥੩॥੨੪੯॥

(ਇਛ=ਇੱਛਾ,ਤਾਂਘ, ਕਰੀ=ਕਰੀਂ,ਮੈਂ ਕਰਦੀ ਹਾਂ, ਸੁਖ ਮਨਾਈ=
ਮੈਂ ਸੁਖ ਮਨਾਂਦੀ ਹਾਂ, ਪੁਜਾਏ=ਪੂਰੀ ਕਰ, ਬੈਰਾਗਨਿ=ਉਤਾਵਲੀ,
ਵਿਆਕੁਲ, ਪੇਖਉ=ਮੈਂ ਵੇਖਦੀ ਹਾਂ, ਸਬਾਏ=ਸਾਰੇ, ਖੋਜਿ=ਭਾਲ
ਕਰ ਕਰ ਕੇ, ਲਹਉ=ਲਹਉਂ,ਮੈ ਲੱਭਦੀ ਹਾਂ, ਸੰਗੁ=ਸਾਥ, ਸੰਮ੍ਰਿਥ=
ਸਾਰੀਆਂ ਤਾਕਤਾਂ ਦਾ ਮਾਲਕ, ਪੁਰਖ=ਸਰਬ ਵਿਆਪਕ, ਸੁਰਿਜਨੁ=
ਦੇਵ-ਲੋਕ ਦਾ ਵਾਸੀ, ਸੇ=ਉਹ)

14. ਸਖੀ ਨਾਲਿ ਵਸਾ ਅਪੁਨੇ ਨਾਹ ਪਿਆਰੇ

ਸਖੀ ਨਾਲਿ ਵਸਾ ਅਪੁਨੇ ਨਾਹ ਪਿਆਰੇ ਮੇਰਾ ਮਨੁ ਤਨੁ ਹਰਿ ਸੰਗਿ ਹਿਲਿਆ ॥
ਸੁਣਿ ਸਖੀਏ ਮੇਰੀ ਨੀਦ ਭਲੀ ਮੈ ਆਪਨੜਾ ਪਿਰੁ ਮਿਲਿਆ ॥
ਭ੍ਰਮੁ ਖੋਇਓ ਸਾਂਤਿ ਸਹਜਿ ਸੁਆਮੀ ਪਰਗਾਸੁ ਭਇਆ ਕਉਲੁ ਖਿਲਿਆ ॥
ਵਰੁ ਪਾਇਆ ਪ੍ਰਭੁ ਅੰਤਰਜਾਮੀ ਨਾਨਕ ਸੋਹਾਗੁ ਨ ਟਲਿਆ ॥੪॥੪॥੨॥੫॥੧੧॥੨੪੯॥

(ਵਸਾ=ਵਸਾਂ, ਅਪੁਨੇ ਨਾਹ ਨਾਲਿ=ਆਪਣੇ ਖਸਮ ਨਾਲ, ਸੰਗਿ=ਨਾਲ,
ਹਿਲਿਆ=ਗਿੱਝ ਗਿਆ ਹੈ, ਭ੍ਰਮੁ=ਭਟਕਣਾ, ਸਹਜਿ=ਆਤਮਕ ਅਡੋਲਤਾ
ਵਿਚ, ਪਰਗਾਸੁ=ਚਾਨਣ, ਖਿਲਿਆ=ਖਿੜ ਪਿਆ ਹੈ, ਵਰੁ=ਖਸਮ,
ਅੰਤਰਜਾਮੀ=ਸਭ ਦੇ ਦਿਲ ਦੀ ਜਾਣਨ ਵਾਲਾ, ਸੋਹਾਗੁ=ਚੰਗਾ ਭਾਗ)

15. ਅਨਦੋ ਅਨਦੁ ਘਣਾ

ਅਨਦੋ ਅਨਦੁ ਘਣਾ ਮੈ ਸੋ ਪ੍ਰਭੁ ਡੀਠਾ ਰਾਮ ॥
ਚਾਖਿਅੜਾ ਚਾਖਿਅੜਾ ਮੈ ਹਰਿ ਰਸੁ ਮੀਠਾ ਰਾਮ ॥
ਹਰਿ ਰਸੁ ਮੀਠਾ ਮਨ ਮਹਿ ਵੂਠਾ ਸਤਿਗੁਰੁ ਤੂਠਾ ਸਹਜੁ ਭਇਆ ॥
ਗ੍ਰਿਹੁ ਵਸਿ ਆਇਆ ਮੰਗਲੁ ਗਾਇਆ ਪੰਚ ਦੁਸਟ ਓਇ ਭਾਗਿ ਗਇਆ ॥
ਸੀਤਲ ਆਘਾਣੇ ਅੰਮ੍ਰਿਤ ਬਾਣੇ ਸਾਜਨ ਸੰਤ ਬਸੀਠਾ ॥
ਕਹੁ ਨਾਨਕ ਹਰਿ ਸਿਉ ਮਨੁ ਮਾਨਿਆ ਸੋ ਪ੍ਰਭੁ ਨੈਣੀ ਡੀਠਾ ॥੧॥੪੫੨॥

(ਅਨਦੋ ਅਨਦੁ=ਆਨੰਦ ਹੀ ਆਨੰਦ, ਘਣਾ=ਬਹੁਤ,
ਵੂਠਾ=ਆ ਵੱਸਿਆ, ਤੁਠਾ=ਪ੍ਰਸੰਨ ਹੋਇਆ, ਸਹਜੁ=
ਆਤਮਕ ਅਡੋਲਤਾ, ਗ੍ਰਿਹੁ=ਘਰ,ਹਿਰਦਾ-ਘਰ, ਵਸਿ
ਆਇਆ=ਵੱਸ ਪਿਆ ਹੈ, ਮੰਗਲੁ=ਖ਼ੁਸ਼ੀ ਦਾ ਗੀਤ,
ਓਇ=ਉਹ, ਭਾਗਿ ਗਇਆ=ਭੱਜ ਗਏ, ਆਘਾਣੇ=
ਰੱਜ ਗਏ ਹਨ, ਅੰਮ੍ਰਿਤ ਬਾਣੇ=ਆਤਮਕ ਜੀਵਨ ਦੇਣ
ਵਾਲੀ ਬਾਣੀ ਨਾਲ, ਬਸੀਠਾ=ਵਕੀਲ,ਵਿਚੋਲਾ, ਸਿਉ=
ਨਾਲ, ਨੈਣੀ=ਅੱਖਾਂ ਨਾਲ)

16. ਸੋਹਿਅੜੇ ਸੋਹਿਅੜੇ ਮੇਰੇ ਬੰਕ ਦੁਆਰੇ

ਸੋਹਿਅੜੇ ਸੋਹਿਅੜੇ ਮੇਰੇ ਬੰਕ ਦੁਆਰੇ ਰਾਮ ॥
ਪਾਹੁਨੜੇ ਪਾਹੁਨੜੇ ਮੇਰੇ ਸੰਤ ਪਿਆਰੇ ਰਾਮ ॥
ਸੰਤ ਪਿਆਰੇ ਕਾਰਜ ਸਾਰੇ ਨਮਸਕਾਰ ਕਰਿ ਲਗੇ ਸੇਵਾ ॥
ਆਪੇ ਜਾਞੀ ਆਪੇ ਮਾਞੀ ਆਪਿ ਸੁਆਮੀ ਆਪਿ ਦੇਵਾ ॥
ਅਪਣਾ ਕਾਰਜੁ ਆਪਿ ਸਵਾਰੇ ਆਪੇ ਧਾਰਨ ਧਾਰੇ ॥
ਕਹੁ ਨਾਨਕ ਸਹੁ ਘਰ ਮਹਿ ਬੈਠਾ ਸੋਹੇ ਬੰਕ ਦੁਆਰੇ ॥੨॥੪੫੨॥

(ਸੋਹਿਅੜੇ=ਸੋਭਨੀਕ ਹੋ ਗਏ ਹਨ, ਬੰਕ=ਬਾਂਕੇ,ਸੁੰਦਰ,
ਮੇਰੇ ਦੁਆਰੇ=ਮੇਰੇ ਗਿਆਨ-ਇੰਦ੍ਰੇ, ਪਾਹੁਨੜੇ=ਮੇਰੀ ਜਿੰਦ
ਦਾ ਪਤੀ, ਕਾਰਜ ਸਾਰੇ=ਮੇਰੇ ਕੰਮ ਸੰਵਾਰਦੇ ਹਨ, ਕਰਿ=
ਕਰ ਕੇ, ਆਪੇ=ਆਪ ਹੀ, ਮਾਞੀ=ਮੇਲ, ਸੁਆਮੀ=ਖਸਮ,
ਦੇਵਾ=ਇਸ਼ਟ-ਦੇਵ,, ਕਾਰਜੁ=ਵਿਆਹ ਦਾ ਕੰਮ, ਧਾਰਨ
ਧਾਰੇ=ਆਸਰਾ ਦੇਂਦਾ ਹੈ, ਸਹੁ=ਖਸਮ-ਪ੍ਰਭੂ, ਘਰ=ਹਿਰਦਾ-ਘਰ)

17. ਨਵ ਨਿਧੇ ਨਉ ਨਿਧੇ

ਨਵ ਨਿਧੇ ਨਉ ਨਿਧੇ ਮੇਰੇ ਘਰ ਮਹਿ ਆਈ ਰਾਮ ॥
ਸਭੁ ਕਿਛੁ ਮੈ ਸਭੁ ਕਿਛੁ ਪਾਇਆ ਨਾਮੁ ਧਿਆਈ ਰਾਮ ॥
ਨਾਮੁ ਧਿਆਈ ਸਦਾ ਸਖਾਈ ਸਹਜ ਸੁਭਾਈ ਗੋਵਿੰਦਾ ॥
ਗਣਤ ਮਿਟਾਈ ਚੂਕੀ ਧਾਈ ਕਦੇ ਨ ਵਿਆਪੈ ਮਨ ਚਿੰਦਾ ॥
ਗੋਵਿੰਦ ਗਾਜੇ ਅਨਹਦ ਵਾਜੇ ਅਚਰਜ ਸੋਭ ਬਣਾਈ ॥
ਕਹੁ ਨਾਨਕ ਪਿਰੁ ਮੇਰੈ ਸੰਗੇ ਤਾ ਮੈ ਨਵ ਨਿਧਿ ਪਾਈ ॥੩॥੪੫੨॥

(ਨਵ ਨਿਧੇ=ਸ੍ਰਿਸ਼ਟੀ ਦੇ ਸਾਰੇ ਨੌ ਹੀ ਖ਼ਜ਼ਾਨੇ, ਘਰ=ਹਿਰਦਾ-ਘਰ,
ਧਿਆਈ=ਧਿਆਈਂ,ਮੈਂ ਸਿਮਰਦਾ ਹਾਂ, ਸਖਾਈ=ਸਾਥੀ, ਸਹਜ=
ਆਤਮਕ ਅਡੋਲਤਾ, ਸੁਭਾਈ=ਸ੍ਰੇਸ਼ਟ ਪ੍ਰੇਮ ਦਾ ਦਾਤਾ, ਗਣਤ=ਚਿੰਤਾ,
ਚੂਕੀ=ਮੁੱਕ ਗਈ ਹੈ, ਧਾਈ=ਭਟਕਣਾ, ਨ ਵਿਆਪੈ=ਜ਼ੋਰ ਨਹੀਂ ਪਾ
ਸਕਦੀ, ਚਿੰਦਾ=ਚਿੰਤਾ, ਗਾਜੇ=ਗੱਜ ਰਿਹਾ ਹੈ, ਅਨਹਦ=ਇੱਕ-ਰਸ,
ਅਨਹਦ ਵਾਜੇ=ਇੱਕ-ਰਸ ਵਾਜੇ ਵੱਜ ਰਹੇ ਹਨ, ਸੋਭ=ਸੋਭਾ,
ਮੇਰੈ ਸੰਗੇ=ਮੇਰੇ ਨਾਲ)

18. ਸਰਸਿਅੜੇ ਸਰਸਿਅੜੇ ਮੇਰੇ ਭਾਈ

ਸਰਸਿਅੜੇ ਸਰਸਿਅੜੇ ਮੇਰੇ ਭਾਈ ਸਭ ਮੀਤਾ ਰਾਮ ॥
ਬਿਖਮੋ ਬਿਖਮੁ ਅਖਾੜਾ ਮੈ ਗੁਰ ਮਿਲਿ ਜੀਤਾ ਰਾਮ ॥
ਗੁਰ ਮਿਲਿ ਜੀਤਾ ਹਰਿ ਹਰਿ ਕੀਤਾ ਤੂਟੀ ਭੀਤਾ ਭਰਮ ਗੜਾ ॥
ਪਾਇਆ ਖਜਾਨਾ ਬਹੁਤੁ ਨਿਧਾਨਾ ਸਾਣਥ ਮੇਰੀ ਆਪਿ ਖੜਾ ॥
ਸੋਈ ਸੁਗਿਆਨਾ ਸੋ ਪਰਧਾਨਾ ਜੋ ਪ੍ਰਭਿ ਅਪਨਾ ਕੀਤਾ ॥
ਕਹੁ ਨਾਨਕ ਜਾਂ ਵਲਿ ਸੁਆਮੀ ਤਾ ਸਰਸੇ ਭਾਈ ਮੀਤਾ ॥੪॥੧॥੪੫੨॥

(ਸਰਸਿਅੜੇ=ਸ-ਰਸ ਹੋ ਗਏ ਹਨ,ਆਨੰਦ-ਪੂਰਨ ਹੋ ਗਏ
ਹਨ, ਮੇਰੇ ਭਾਈ ਮੀਤਾ=ਮੇਰੇ ਮਿੱਤਰ ਮੇਰੇ ਭਰਾ,ਮੇਰੇ ਸਾਰੇ
ਗਿਆਨ-ਇੰਦ੍ਰੇ, ਬਿਖਮੋ ਬਿਖਮੁ=ਬਹੁਤ ਔਖਾ, ਅਖਾੜਾ=
ਸੰਸਾਰ-ਅਖਾੜਾ ਜਿਥੇ ਕਾਮਾਦਿਕ ਵਿਕਾਰਾਂ ਨਾਲ ਸਦਾ ਘੋਲ
ਹੋ ਰਿਹਾ ਹੈ, ਭੀਤਾ=ਕੰਧ, ਭਰਮ ਗੜਾ=ਭਰਮ ਦੇ ਕਿਲ੍ਹੇ ਦੀ,
ਸਾਣਥ=ਸਹਾਇਤਾ ਲਈ, ਸੁਗਿਆਨਾ=ਗਿਆਨ ਵਾਲਾ,
ਪਰਧਾਨਾ=ਮੰਨਿਆ-ਪ੍ਰਮੰਨਿਆ, ਜੋ=ਜਿਸ ਨੂੰ, ਪ੍ਰਭਿ=ਪ੍ਰਭੂ ਨੇ,
ਜਾਂ=ਜਦੋਂ, ਵਲਿ=ਪੱਖ ਤੇ)

19. ਹਰਿ ਚਰਨ ਕਮਲ ਮਨੁ ਬੇਧਿਆ

ਹਰਿ ਚਰਨ ਕਮਲ ਮਨੁ ਬੇਧਿਆ ਕਿਛੁ ਆਨ ਨ ਮੀਠਾ ਰਾਮ ਰਾਜੇ ॥
ਮਿਲਿ ਸੰਤਸੰਗਤਿ ਆਰਾਧਿਆ ਹਰਿ ਘਟਿ ਘਟੇ ਡੀਠਾ ਰਾਮ ਰਾਜੇ ॥
ਹਰਿ ਘਟਿ ਘਟੇ ਡੀਠਾ ਅੰਮ੍ਰਿਤੁ ਵੂਠਾ ਜਨਮ ਮਰਨ ਦੁਖ ਨਾਠੇ ॥
ਗੁਣ ਨਿਧਿ ਗਾਇਆ ਸਭ ਦੂਖ ਮਿਟਾਇਆ ਹਉਮੈ ਬਿਨਸੀ ਗਾਠੇ ॥
ਪ੍ਰਿਉ ਸਹਜ ਸੁਭਾਈ ਛੋਡਿ ਨ ਜਾਈ ਮਨਿ ਲਾਗਾ ਰੰਗੁ ਮਜੀਠਾ ॥
ਹਰਿ ਨਾਨਕ ਬੇਧੇ ਚਰਨ ਕਮਲ ਕਿਛੁ ਆਨ ਨ ਮੀਠਾ ॥੧॥੪੫੩॥

(ਬੇਧਿਆ=ਵਿੱਝ ਗਿਆ, ਕਿਛੁ ਆਨ=ਹੋਰ ਕੋਈ ਭੀ ਚੀਜ਼,
ਘਟਿ ਘਟੇ=ਹਰੇਕ ਸਰੀਰ ਵਿਚ, ਅੰਮ੍ਰਿਤੁ=ਆਤਮਕ ਜੀਵਨ
ਦੇਣ ਵਾਲਾ ਨਾਮ-ਜਲ, ਵੂਠਾ=ਆ ਵੱਸਿਆ, ਨਾਠੇ=ਨੱਠ ਗਏ,
ਨਿਧਿ=ਖ਼ਜ਼ਾਨਾ, ਗਾਠੇ=ਗੰਢ, ਸਹਜ ਸੁਭਾਈ=ਆਤਮਕ ਅਡੋਲਤਾ
ਨੂੰ ਪਿਆਰ ਕਰਨ ਵਾਲਾ, ਬੇਧੇ=ਵਿੱਝ ਜਾਣ ਨਾਲ)

20. ਜਿਉ ਰਾਤੀ ਜਲਿ ਮਾਛੁਲੀ

ਜਿਉ ਰਾਤੀ ਜਲਿ ਮਾਛੁਲੀ ਤਿਉ ਰਾਮ ਰਸਿ ਮਾਤੇ ਰਾਮ ਰਾਜੇ ॥
ਗੁਰ ਪੂਰੈ ਉਪਦੇਸਿਆ ਜੀਵਨ ਗਤਿ ਭਾਤੇ ਰਾਮ ਰਾਜੇ ॥
ਜੀਵਨ ਗਤਿ ਸੁਆਮੀ ਅੰਤਰਜਾਮੀ ਆਪਿ ਲੀਏ ਲੜਿ ਲਾਏ ॥
ਹਰਿ ਰਤਨ ਪਦਾਰਥੋ ਪਰਗਟੋ ਪੂਰਨੋ ਛੋਡਿ ਨ ਕਤਹੂ ਜਾਏ ॥
ਪ੍ਰਭੁ ਸੁਘਰੁ ਸਰੂਪੁ ਸੁਜਾਨੁ ਸੁਆਮੀ ਤਾ ਕੀ ਮਿਟੈ ਨ ਦਾਤੇ ॥
ਜਲ ਸੰਗਿ ਰਾਤੀ ਮਾਛੁਲੀ ਨਾਨਕ ਹਰਿ ਮਾਤੇ ॥੨॥੪੫੪॥

(ਰਾਤੀ=ਮਸਤ, ਰਸਿ=ਆਨੰਦ ਵਿਚ, ਮਾਤੇ=ਮਸਤ, ਗੁਰ ਪੂਰੈ=
ਪੂਰੇ ਗੁਰੂ ਨੇ, ਜੀਵਨ ਗਤਿ=ਚੰਗਾ ਆਤਮਕ ਜੀਵਨ ਦੇਣ ਵਾਲਾ,
ਭਾਤੇ=ਚੰਗੇ ਲੱਗਦੇ ਹਨ, ਅੰਤਰਜਾਮੀ=ਹਰੇਕ ਦੇ ਦਿਲ ਦੀ ਜਾਣਨ
ਵਾਲਾ, ਲੜਿ=ਪੱਲੇ ਨਾਲ, ਕਤਹੂ=ਕਿਤੇ ਭੀ, ਸੁਘਰੁ=ਸੁਚੱਜਾ,
ਸਰੂਪੁ=ਸੋਹਣੇ ਰੂਪ ਵਾਲਾ, ਸੁਜਾਨੁ=ਸਿਆਣਾ)

21. ਚਾਤ੍ਰਿਕੁ ਜਾਚੈ ਬੂੰਦ ਜਿਉ

ਚਾਤ੍ਰਿਕੁ ਜਾਚੈ ਬੂੰਦ ਜਿਉ ਹਰਿ ਪ੍ਰਾਨ ਅਧਾਰਾ ਰਾਮ ਰਾਜੇ ॥
ਮਾਲੁ ਖਜੀਨਾ ਸੁਤ ਭ੍ਰਾਤ ਮੀਤ ਸਭਹੂੰ ਤੇ ਪਿਆਰਾ ਰਾਮ ਰਾਜੇ ॥
ਸਭਹੂੰ ਤੇ ਪਿਆਰਾ ਪੁਰਖੁ ਨਿਰਾਰਾ ਤਾ ਕੀ ਗਤਿ ਨਹੀ ਜਾਣੀਐ ॥
ਹਰਿ ਸਾਸਿ ਗਿਰਾਸਿ ਨ ਬਿਸਰੈ ਕਬਹੂੰ ਗੁਰ ਸਬਦੀ ਰੰਗੁ ਮਾਣੀਐ ॥
ਪ੍ਰਭੁ ਪੁਰਖੁ ਜਗਜੀਵਨੋ ਸੰਤ ਰਸੁ ਪੀਵਨੋ ਜਪਿ ਭਰਮ ਮੋਹ ਦੁਖ ਡਾਰਾ ॥
ਚਾਤ੍ਰਿਕੁ ਜਾਚੈ ਬੂੰਦ ਜਿਉ ਨਾਨਕ ਹਰਿ ਪਿਆਰਾ ॥੩॥੪੫੪॥

(ਚਾਤ੍ਰਿਕੁ=ਪਪੀਹਾ, ਜਾਚੈ=ਮੰਗਦਾ ਹੈ, ਬੂੰਦਿ=ਕਣੀ, ਪ੍ਰਾਨ ਅਧਾਰਾ=
ਜਿੰਦ ਦਾ ਸਹਾਰਾ, ਖਜੀਨਾ=ਖ਼ਜ਼ਾਨੇ, ਸੁਤ=ਪੁੱਤਰ, ਸਭ ਹੂੰ ਤੇ=ਸਭਨਾਂ
ਨਾਲੋਂ, ਪੁਰਖੁ=ਸਰਬ-ਵਿਆਪਕ, ਨਿਰਾਰਾ=ਨਿਰਾਲਾ,ਔਖਾ, ਗਤਿ=
ਆਤਮਕ ਅਵਸਥਾ, ਗਿਰਾਸਿ=ਹਰੇਕ ਗਿਰਾਹੀ ਦੇ ਨਾਲ, ਮਾਣੀਐ=
ਮਾਣਿਆ ਜਾ ਸਕਦਾ ਹੈ, ਜਗ ਜੀਵਨੋ=ਜਗਜੀਵਨ, ਡਾਰਾ=ਦੂਰ ਕਰ ਲਏ)

22. ਮਿਲੇ ਨਰਾਇਣ ਆਪਣੇ

ਮਿਲੇ ਨਰਾਇਣ ਆਪਣੇ ਮਾਨੋਰਥੋ ਪੂਰਾ ਰਾਮ ਰਾਜੇ ॥
ਢਾਠੀ ਭੀਤਿ ਭਰੰਮ ਕੀ ਭੇਟਤ ਗੁਰੁ ਸੂਰਾ ਰਾਮ ਰਾਜੇ ॥
ਪੂਰਨ ਗੁਰ ਪਾਏ ਪੁਰਬਿ ਲਿਖਾਏ ਸਭ ਨਿਧਿ ਦੀਨ ਦਇਆਲਾ ॥
ਆਦਿ ਮਧਿ ਅੰਤਿ ਪ੍ਰਭੁ ਸੋਈ ਸੁੰਦਰ ਗੁਰ ਗੋਪਾਲਾ ॥
ਸੂਖ ਸਹਜ ਆਨੰਦ ਘਨੇਰੇ ਪਤਿਤ ਪਾਵਨ ਸਾਧੂ ਧੂਰਾ ॥
ਹਰਿ ਮਿਲੇ ਨਰਾਇਣ ਨਾਨਕਾ ਮਾਨੋਰਥੁ ਪੂਰਾ ॥੪॥੧॥੩॥੪੫੪॥

(ਢਾਠੀ=ਢਹਿ ਪਈ, ਭੀਤਿ=ਕੰਧ, ਭਰੰਮ=ਭਟਕਣਾ,
ਸੂਰਾ=ਸੂਰਮਾ, ਪੂਰਨ=ਸਾਰੇ ਗੁਣਾਂ ਦਾ ਮਾਲਕ, ਪੁਰਬਿ=
ਪਹਿਲੇ ਜਨਮ ਵਿਚ, ਨਿਧਿ=ਖ਼ਜ਼ਾਨਾ, ਦਇਆਲਾ=ਦਇਆ
ਕਰਨ ਵਾਲਾ, ਆਦਿ=ਸ਼ੁਰੂ ਵਿਚ, ਮਧਿ=ਵਿਚਕਾਰ, ਅੰਤਿ=
ਅਖ਼ੀਰ ਵਿਚ, ਗੁਰ=ਵੱਡਾ, ਗੋਪਾਲਾ=ਧਰਤੀ ਦਾ ਪਾਲਣਹਾਰ,
ਸਹਜ=ਆਤਮਕ ਅਡੋਲਤਾ, ਘਨੇਰੇ=ਬਹੁਤ, ਪਤਿਤ ਪਾਵਨ=
ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲਾ, ਸਾਧੂ=ਗੁਰੂ)

23. ਜਲ ਦੁਧ ਨਿਆਈ ਰੀਤਿ

ਜਲ ਦੁਧ ਨਿਆਈ ਰੀਤਿ ਅਬ ਦੁਧ ਆਚ ਨਹੀ ਮਨ ਐਸੀ ਪ੍ਰੀਤਿ ਹਰੇ ॥
ਅਬ ਉਰਝਿਓ ਅਲਿ ਕਮਲੇਹ ਬਾਸਨ ਮਾਹਿ ਮਗਨ ਇਕੁ ਖਿਨੁ ਭੀ ਨਾਹਿ ਟਰੈ ॥
ਖਿਨੁ ਨਾਹਿ ਟਰੀਐ ਪ੍ਰੀਤਿ ਹਰੀਐ ਸੀਗਾਰ ਹਭਿ ਰਸ ਅਰਪੀਐ ॥
ਜਹ ਦੂਖੁ ਸੁਣੀਐ ਜਮ ਪੰਥੁ ਭਣੀਐ ਤਹ ਸਾਧਸੰਗਿ ਨ ਡਰਪੀਐ ॥
ਕਰਿ ਕੀਰਤਿ ਗੋਵਿੰਦ ਗੁਣੀਐ ਸਗਲ ਪ੍ਰਾਛਤ ਦੁਖ ਹਰੇ ॥
ਕਹੁ ਨਾਨਕ ਛੰਤ ਗੋਵਿੰਦ ਹਰਿ ਕੇ ਮਨ ਹਰਿ ਸਿਉ ਨੇਹੁ ਕਰੇਹੁ ਐਸੀ ਮਨ ਪ੍ਰੀਤਿ ਹਰੇ ॥੧॥੪੫੪॥

(ਨਿਆਈ=ਵਾਂਗ, ਰੀਤਿ=ਮਰਯਾਦਾ, ਅਬ=ਹੁਣ,ਤਦੋਂ, ਆਚ=ਸੇਕ,
ਉਰਝਿਓ=ਫਸ ਗਿਆ, ਅਲਿ=ਭੌਰਾ, ਬਾਸਨ=ਸੁਗੰਧੀ, ਮਗਨ=ਮਸਤ,
ਟਰੈ=ਟਾਲਦਾ, ਟਰੀਐ=ਹਟਣਾ ਚਾਹੀਦਾ, ਹਭਿ=ਸਾਰੇ, ਰਸ=ਸੁਆਦ,
ਅਰਪੀਐ=ਭੇਟਾ ਕਰ ਦੇਣੇ ਚਾਹੀਦੇ ਹਨ, ਜਹ=ਜਿੱਥੇ, ਪੰਥੁ=ਰਸਤਾ,
ਭਣੀਐ=ਆਖਿਆ ਜਾਂਦਾ ਹੈ, ਤਹ=ਉਥੇ, ਨ ਡਰਪੀਐ=ਨਹੀਂ ਡਰੀਦਾ,
ਕੀਰਤਿ=ਸਿਫ਼ਤਿ-ਸਾਲਾਹ, ਗੁਣੀਐ=ਗੁਣਾਂ ਦੀ, ਪ੍ਰਾਛਤ=ਪਛਤਾਵੇ, ਹਰੇ=
ਦੂਰ ਕਰ ਦੇਂਦਾ ਹੈ, ਛੰਤ=ਸਿਫ਼ਤਿ-ਸਾਲਾਹ ਦੇ ਗੀਤ, ਕਰੇਹੁ=ਕਰ)

24. ਜੈਸੀ ਮਛੁਲੀ ਨੀਰ

ਜੈਸੀ ਮਛੁਲੀ ਨੀਰ ਇਕੁ ਖਿਨੁ ਭੀ ਨਾ ਧੀਰੇ ਮਨ ਐਸਾ ਨੇਹੁ ਕਰੇਹੁ ॥
ਜੈਸੀ ਚਾਤ੍ਰਿਕ ਪਿਆਸ ਖਿਨੁ ਖਿਨੁ ਬੂੰਦ ਚਵੈ ਬਰਸੁ ਸੁਹਾਵੇ ਮੇਹੁ ॥
ਹਰਿ ਪ੍ਰੀਤਿ ਕਰੀਜੈ ਇਹੁ ਮਨੁ ਦੀਜੈ ਅਤਿ ਲਾਈਐ ਚਿਤੁ ਮੁਰਾਰੀ ॥
ਮਾਨੁ ਨ ਕੀਜੈ ਸਰਣਿ ਪਰੀਜੈ ਦਰਸਨ ਕਉ ਬਲਿਹਾਰੀ ॥
ਗੁਰ ਸੁਪ੍ਰਸੰਨੇ ਮਿਲੁ ਨਾਹ ਵਿਛੁੰਨੇ ਧਨ ਦੇਦੀ ਸਾਚੁ ਸਨੇਹਾ ॥
ਕਹੁ ਨਾਨਕ ਛੰਤ ਅਨੰਤ ਠਾਕੁਰ ਕੇ ਹਰਿ ਸਿਉ ਕੀਜੈ ਨੇਹਾ ਮਨ ਐਸਾ ਨੇਹੁ ਕਰੇਹੁ ॥੨॥੪੫੪॥

(ਨੀਰ=ਪਾਣੀ, ਧੀਰੇ=ਧੀਰਜ ਕਰਦੀ, ਨੇਹੁ=ਪ੍ਰੇਮ, ਕਰੇਹੁ=ਕਰ,
ਚਾਤ੍ਰਿਕ=ਪਪੀਹਾ, ਬੂੰਦ=ਵਰਖਾ ਦੀ ਕਣੀ, ਚਵੈ=ਬੋਲਦਾ ਹੈ,
ਚਵੈ ਮੇਹੁ=ਚਵੈ ਮੇਘੁ,ਬੱਦਲ ਨੂੰ ਆਖਦਾ ਹੈ, ਸੁਹਾਵੇ=ਹੇ ਸੋਹਣੇ
ਮੇਘ, ਬਰਸੁ=ਵਰਖਾ ਕਰ, ਦੀਜੈ=ਭੇਟ ਕਰ ਦੇਣਾ ਚਾਹੀਦਾ ਹੈ,
ਮੁਰਾਰੀ=ਪਰਮਾਤਮਾ, ਮਾਨੁ=ਅਹੰਕਾਰ, ਸੁਪ੍ਰਸੰਨੇ=ਦਇਆਵਾਨ,
ਨਾਹ=ਹੇ ਨਾਥ, ਵਿਛੁੰਨੇ=ਹੇ ਵਿਛੁੜੇ ਹੋਏ, ਧਨ=ਜੀਵ-ਇਸਤ੍ਰੀ,
ਛੰਤ=ਸਿਫ਼ਤਿ-ਸਾਲਾਹ ਦੇ ਗੀਤ, ਨੇਹਾ=ਨੇਹੁ,ਪ੍ਰੇਮ)

25. ਚਕਵੀ ਸੂਰ ਸਨੇਹੁ

ਚਕਵੀ ਸੂਰ ਸਨੇਹੁ ਚਿਤਵੈ ਆਸ ਘਣੀ ਕਦਿ ਦਿਨੀਅਰੁ ਦੇਖੀਐ ॥
ਕੋਕਿਲ ਅੰਬ ਪਰੀਤਿ ਚਵੈ ਸੁਹਾਵੀਆ ਮਨ ਹਰਿ ਰੰਗੁ ਕੀਜੀਐ ॥
ਹਰਿ ਪ੍ਰੀਤਿ ਕਰੀਜੈ ਮਾਨੁ ਨ ਕੀਜੈ ਇਕ ਰਾਤੀ ਕੇ ਹਭਿ ਪਾਹੁਣਿਆ ॥
ਅਬ ਕਿਆ ਰੰਗੁ ਲਾਇਓ ਮੋਹੁ ਰਚਾਇਓ ਨਾਗੇ ਆਵਣ ਜਾਵਣਿਆ ॥
ਥਿਰੁ ਸਾਧੂ ਸਰਣੀ ਪੜੀਐ ਚਰਣੀ ਅਬ ਟੂਟਸਿ ਮੋਹੁ ਜੁ ਕਿਤੀਐ ॥
ਕਹੁ ਨਾਨਕ ਛੰਤ ਦਇਆਲ ਪੁਰਖ ਕੇ ਮਨ ਹਰਿ ਲਾਇ ਪਰੀਤਿ ਕਬ ਦਿਨੀਅਰੁ ਦੇਖੀਐ ॥੩॥੪੫੫॥

(ਸੂਰ=ਸੂਰਜ, ਸਨੇਹੁ=ਪਿਆਰ, ਚਿਤਵੈ=ਚਿਤਾਰਦੀ ਹੈ, ਘਣੀ=ਬਹੁਤ,
ਕਦਿ=ਕਦੋਂ, ਦਿਨੀਅਰੁ=ਦਿਨਕਰ,ਦਿਨ ਬਨਾਣ ਵਾਲਾ,ਸੂਰਜ, ਕੋਕਿਲ=
ਕੋਇਲ, ਚਵੈ ਸੁਹਾਵਿਆ=ਮਿੱਠਾ ਬੋਲਦੀ ਹੈ, ਰੰਗੁ=ਪਿਆਰ, ਹਭਿ=ਸਾਰੇ,
ਪਾਹੁਣਿਆ=ਪ੍ਰਾਹੁਣੇ, ਥਿਰੁ=ਅਡੋਲ ਚਿੱਤ, ਜੁ=ਜੇਹੜਾ ਮੋਹ, ਕਿਤੀਐ=ਤੂੰ
ਬਣਾਇਆ ਹੋਇਆ ਹੈ, ਮਨਿ=ਮਨ ਵਿਚ)

26. ਨਿਸਿ ਕੁਰੰਕ ਜੈਸੇ ਨਾਦ ਸੁਣਿ

ਨਿਸਿ ਕੁਰੰਕ ਜੈਸੇ ਨਾਦ ਸੁਣਿ ਸ੍ਰਵਣੀ ਹੀਉ ਡਿਵੈ ਮਨ ਐਸੀ ਪ੍ਰੀਤਿ ਕੀਜੈ ॥
ਜੈਸੀ ਤਰੁਣਿ ਭਤਾਰ ਉਰਝੀ ਪਿਰਹਿ ਸਿਵੈ ਇਹੁ ਮਨੁ ਲਾਲ ਦੀਜੈ ॥
ਮਨੁ ਲਾਲਹਿ ਦੀਜੈ ਭੋਗ ਕਰੀਜੈ ਹਭਿ ਖੁਸੀਆ ਰੰਗ ਮਾਣੇ ॥
ਪਿਰੁ ਅਪਨਾ ਪਾਇਆ ਰੰਗੁ ਲਾਲੁ ਬਣਾਇਆ ਅਤਿ ਮਿਲਿਓ ਮਿਤ੍ਰ ਚਿਰਾਣੇ ॥
ਗੁਰੁ ਥੀਆ ਸਾਖੀ ਤਾ ਡਿਠਮੁ ਆਖੀ ਪਿਰ ਜੇਹਾ ਅਵਰੁ ਨ ਦੀਸੈ ॥
ਕਹੁ ਨਾਨਕ ਛੰਤ ਦਇਆਲ ਮੋਹਨ ਕੇ ਮਨ ਹਰਿ ਚਰਣ ਗਹੀਜੈ ਐਸੀ ਮਨ ਪ੍ਰੀਤਿ ਕੀਜੈ ॥੪॥੧॥੪॥੪੫੫॥

(ਨਿਸਿ=ਰਾਤ ਵੇਲੇ, ਕੁਰੰਕ=ਹਰਨ, ਨਾਦ=ਘੰਡੇ ਹੇੜੇ ਦੀ ਆਵਾਜ਼,
ਸ੍ਰਵਣੀ=ਕੰਨਾਂ ਨਾਲ, ਹੀਉ=ਹਿਰਦਾ, ਡਿਵੈ=ਦੇਂਦਾ ਹੈ, ਤਰੁਣਿ=
ਜਵਾਨ ਇਸਤ੍ਰੀ, ਉਰਝੀ=ਫਸੀ ਹੋਈ, ਸਿਵੈ=ਸੇਵਾ ਕਰਦੀ ਹੈ,
ਲਾਲ=ਸੁਹਣੇ ਹਰੀ ਨੂੰ, ਲਾਲਹਿ=ਲਾਲ ਨੂੰ, ਹਭਿ=ਸਾਰੀਆਂ, ਅਤਿ
ਚਿਰਾਣੇ=ਮੁੱਢ ਕਦੀਮਾਂ ਦੇ, ਸਾਖੀ=ਗਵਾਹ,ਵਿਚੋਲਾ, ਡਿਠਮੁ=ਮੈਂ
ਵੇਖ ਲਿਆ ਹੈ, ਆਖੀ=ਅੱਖਾਂ ਨਾਲ, ਮੋਹਨ=ਮਨ ਨੂੰ ਮੋਹ ਲੈਣ
ਵਾਲਾ ਹਰੀ, ਗਹੀਜੈ=ਪਕੜ ਲੈਣਾ ਚਾਹੀਦਾ ਹੈ)

27. ਜੇਤੀ ਪ੍ਰਭੂ ਜਨਾਈ

ਜੇਤੀ ਪ੍ਰਭੂ ਜਨਾਈ ਰਸਨਾ ਤੇਤ ਭਨੀ ॥
ਅਨਜਾਨਤ ਜੋ ਸੇਵੈ ਤੇਤੀ ਨਹ ਜਾਇ ਗਨੀ ॥
ਅਵਿਗਤ ਅਗਨਤ ਅਥਾਹ ਠਾਕੁਰ ਸਗਲ ਮੰਝੇ ਬਾਹਰਾ ॥
ਸਰਬ ਜਾਚਿਕ ਏਕੁ ਦਾਤਾ ਨਹ ਦੂਰਿ ਸੰਗੀ ਜਾਹਰਾ ॥
ਵਸਿ ਭਗਤ ਥੀਆ ਮਿਲੇ ਜੀਆ ਤਾ ਕੀ ਉਪਮਾ ਕਿਤ ਗਨੀ ॥
ਇਹੁ ਦਾਨੁ ਮਾਨੁ ਨਾਨਕੁ ਪਾਏ ਸੀਸੁ ਸਾਧਹ ਧਰਿ ਚਰਨੀ ॥੪॥੨॥੫॥੪੫੬॥

(ਜੇਤੀ=ਜਿਤਨੀ ਸ੍ਰਿਸ਼ਟੀ, ਜਨਾਈ=ਦੱਸੀ ਹੈ, ਰਸਨਾ=ਜੀਭ,
ਤੇਤ=ਉਤਨੀ, ਭਨੀ=ਕਹਿ ਦਿੱਤੀ ਹੈ, ਅਨ ਜਾਨਤ=ਮੈਨੂੰ ਪਤਾ
ਨਹੀਂ, ਤੇਤੀ=ਉਹ ਸਾਰੀ, ਅਵਿਗਤ=ਅਦ੍ਰਿਸ਼ਟ, ਮੰਝੇ=ਵਿਚ,
ਅੰਦਰ, ਜਾਚਿਕ=ਮੰਗਤੇ, ਵਸਿ=ਵਸ ਵਿਚ, ਜੀਅ=ਜੀਵ,
ਤਾ ਕੀ=ਉਹਨਾਂ ਦੀ, ਉਪਮਾ=ਵਡਿਆਈ, ਕਿਤ=ਕਿਤਨੀ,
ਗਨੀ=ਮੈਂ ਦੱਸਾਂ, ਮਾਨੁ=ਆਦਰ, ਸੀਸੁ=ਸਿਰ, ਸਾਧਹ ਚਰਨੀ=
ਗੁਰਮੁਖਾਂ ਦੇ ਪੈਰਾਂ ਉਤੇ, ਧਰਿ=ਧਰੀ ਰੱਖੇ)

28. ਅਪਰਾਧੀ ਮਤਿਹੀਨੁ ਨਿਰਗੁਨੁ

ਅਪਰਾਧੀ ਮਤਿਹੀਨੁ ਨਿਰਗੁਨੁ ਅਨਾਥੁ ਨੀਚੁ ॥
ਸਠ ਕਠੋਰੁ ਕੁਲਹੀਨੁ ਬਿਆਪਤ ਮੋਹ ਕੀਚੁ ॥
ਮਲ ਭਰਮ ਕਰਮ ਅਹੰ ਮਮਤਾ ਮਰਣੁ ਚੀਤਿ ਨ ਆਵਏ ॥
ਬਨਿਤਾ ਬਿਨੋਦ ਅਨੰਦ ਮਾਇਆ ਅਗਿਆਨਤਾ ਲਪਟਾਵਏ ॥
ਖਿਸੈ ਜੋਬਨੁ ਬਧੈ ਜਰੂਆ ਦਿਨ ਨਿਹਾਰੇ ਸੰਗਿ ਮੀਚੁ ॥
ਬਿਨਵੰਤਿ ਨਾਨਕ ਆਸ ਤੇਰੀ ਸਰਣਿ ਸਾਧੂ ਰਾਖੁ ਨੀਚੁ ॥੨॥੪੫੮॥

(ਮਤਿ ਹੀਨੁ=ਅਕਲੋਂ ਸੱਖਣਾ, ਅਨਾਥੁ=ਨਿਆਸਰਾ, ਸਠ=
ਵਿਕਾਰੀ, ਕਠੋਰੁ=ਕਰੜੇ ਹਿਰਦੇ ਵਾਲਾ (ਕਾਠ-ਉਰ), ਕੀਚੁ=
ਚਿੱਕੜ, ਮਲ=ਮੈਲ, ਅਹੰ=ਹਉਮੈ, ਮਮਤਾ=ਅਪਣੱਤ, ਬਨਿਤਾ=
ਇਸਤ੍ਰੀ, ਬਿਨੋਦ=ਚੋਜ-ਤਮਾਸ਼ੇ, ਲਪਟਾਵਏ=ਲਪਟਾਵੈ,ਚੰਬੜੀ
ਹੋਈ ਹੈ, ਖਿਸੈ=ਖਿਸਕ ਰਿਹਾ ਹੈ, ਜੋਬਨੁ=ਜਵਾਨੀ, ਬਧੈ=ਵਧ
ਰਿਹਾ ਹੈ, ਜਰੂਆ=ਬੁਢੇਪਾ, ਨਿਹਾਰੇ=ਤੱਕ ਰਹੀ ਹੈ, ਸੰਗਿ=ਨਾਲ,
ਮੀਚੁ=ਮੌਤ, ਸਾਧੂ=ਗੁਰੂ)

29. ਨਾਮ ਧਾਰੀਕ ਉਧਾਰੇ

ਨਾਮ ਧਾਰੀਕ ਉਧਾਰੇ ਭਗਤਹ ਸੰਸਾ ਕਉਨ ॥
ਜੇਨ ਕੇਨ ਪਰਕਾਰੇ ਹਰਿ ਹਰਿ ਜਸੁ ਸੁਨਹੁ ਸ੍ਰਵਨ ॥
ਸੁਨਿ ਸ੍ਰਵਨ ਬਾਨੀ ਪੁਰਖ ਗਿਆਨੀ ਮਨਿ ਨਿਧਾਨਾ ਪਾਵਹੇ ॥
ਹਰਿ ਰੰਗਿ ਰਾਤੇ ਪ੍ਰਭ ਬਿਧਾਤੇ ਰਾਮ ਕੇ ਗੁਣ ਗਾਵਹੇ ॥
ਬਸੁਧ ਕਾਗਦ ਬਨਰਾਜ ਕਲਮਾ ਲਿਖਣ ਕਉ ਜੇ ਹੋਇ ਪਵਨ ॥
ਬੇਅੰਤ ਅੰਤੁ ਨ ਜਾਇ ਪਾਇਆ ਗਹੀ ਨਾਨਕ ਚਰਣ ਸਰਨ ॥੪॥੫॥੮॥੪੫੮॥

(ਨਾਮ ਧਾਰੀਕ=ਸਿਰਫ਼ ਭਗਤ ਨਾਮ ਧਾਰਨ ਵਾਲੇ, ਸੰਸਾ=ਸਹਮ,
ਕਉਨ=ਕੇਹੜਾ, ਜੇਨ ਕੇਨ ਪਰਕਾਰੇ=ਜਿਸ ਕਿਸੇ ਤਰੀਕੇ ਨਾਲ,
ਜਸੁ=ਸਿਫ਼ਤਿ-ਸਾਲਾਹ, ਸ੍ਰਵਨ=ਕੰਨਾਂ ਨਾਲ, ਸੁਨਿ=ਸੁਣ, ਬਾਨੀ=
ਸਿਫ਼ਤਿ-ਸਾਲਾਹ ਦੀ ਬਾਣੀ, ਪੁਰਖ ਗਿਆਨੀ=ਹੇ ਗਿਆਨਵਾਨ ਬੰਦੇ,
ਨਿਧਾਨਾ=ਖ਼ਜ਼ਾਨਾ, ਪਾਵਹੇ=ਲੱਭ ਲਏਂਗਾ, ਰੰਗਿ=ਪ੍ਰੇਮ-ਰੰਗ ਵਿਚ,
ਰਾਤੇ=ਰੱਤੇ ਹੋਏ,ਮਸਤ, ਬਿਧਾਤੇ=ਸਿਰਜਣਹਾਰ, ਗਾਵਹੇ=ਗਾਂਦੇ ਹਨ,
ਬਸੁਧ=ਬਸੁਧਾ,ਧਰਤੀ, ਬਨਰਾਜ=ਬਨਸਪਤੀ, ਕਉ=ਵਾਸਤੇ, ਪਵਨ=
ਹਵਾ, ਬੇਅੰਤ ਅੰਤੁ=ਬੇਅੰਤ ਪ੍ਰਭੂ ਦਾ ਅੰਤ, ਗਹੀ=ਫੜੀ ਹੈ)

30. ਜਹ ਦੇਖਉ ਤਹ ਸੰਗਿ

ਜਹ ਦੇਖਉ ਤਹ ਸੰਗਿ ਏਕੋ ਰਵਿ ਰਹਿਆ ॥
ਘਟ ਘਟ ਵਾਸੀ ਆਪਿ ਵਿਰਲੈ ਕਿਨੈ ਲਹਿਆ ॥
ਜਲਿ ਥਲਿ ਮਹੀਅਲਿ ਪੂਰਿ ਪੂਰਨ ਕੀਟ ਹਸਤਿ ਸਮਾਨਿਆ ॥
ਆਦਿ ਅੰਤੇ ਮਧਿ ਸੋਈ ਗੁਰ ਪ੍ਰਸਾਦੀ ਜਾਨਿਆ ॥
ਬ੍ਰਹਮੁ ਪਸਰਿਆ ਬ੍ਰਹਮ ਲੀਲਾ ਗੋਵਿੰਦ ਗੁਣ ਨਿਧਿ ਜਨਿ ਕਹਿਆ ॥
ਸਿਮਰਿ ਸੁਆਮੀ ਅੰਤਰਜਾਮੀ ਹਰਿ ਏਕੁ ਨਾਨਕ ਰਵਿ ਰਹਿਆ ॥੩॥੪੫੮॥

(ਜਹ=ਜਿੱਥੇ, ਦੇਖਉ=ਮੈਂ ਵੇਖਦਾ ਹਾਂ, ਤਹ=ਉੱਥੇ, ਸੰਗਿ=ਨਾਲ,
ਰਵਿ ਰਹਿਆ=ਵੱਸ ਰਿਹਾ ਹੈ, ਘਟ=ਸਰੀਰ, ਵਿਰਲੈ ਕਿਨੈ=ਕਿਸੇ
ਵਿਰਲੇ ਮਨੁੱਖ ਨੇ, ਲਹਿਆ=ਲੱਭਾ,ਸਮਝਿਆ ਹੈ, ਮਹੀਅਲਿ=ਮਹੀ
ਤਲਿ,ਧਰਤੀ ਦੇ ਤਲੇ ਉਤੇ,ਪੁਲਾੜ ਵਿਚ, ਕੀਟ=ਕੀੜਾ, ਹਸਤਿ=
ਹਾਥੀ, ਸਮਾਨਿਆ=ਇਕੋ ਜਿਹਾ, ਆਦਿ=ਜਗਤ-ਰਚਨਾ ਦੇ ਸ਼ੁਰੂ
ਵਿਚ, ਅੰਤੇ=ਅਖ਼ੀਰ ਵਿਚ, ਮਧਿ=ਵਿਚਕਾਰ,ਹੁਣ, ਪ੍ਰਸਾਦੀ=
ਕਿਰਪਾ ਨਾਲ, ਲੀਲਾ=ਖੇਡ, ਨਿਧਿ=ਖ਼ਜ਼ਾਨਾ, ਜਨਿ=ਜਨ ਨੇ,
ਕਿਸੇ ਵਿਰਲੇ ਸੇਵਕ ਨੇ, ਕਹਿਆ=ਸਿਮਰਿਆ, ਅੰਤਰਜਾਮੀ=
ਦਿਲ ਦੀ ਜਾਣਨ ਵਾਲਾ)

31. ਭਿੰਨੀ ਰੈਨੜੀਐ ਚਾਮਕਨਿ ਤਾਰੇ

ਭਿੰਨੀ ਰੈਨੜੀਐ ਚਾਮਕਨਿ ਤਾਰੇ ॥
ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ ॥
ਰਾਮ ਪਿਆਰੇ ਸਦਾ ਜਾਗਹਿ ਨਾਮੁ ਸਿਮਰਹਿ ਅਨਦਿਨੋ ॥
ਚਰਣ ਕਮਲ ਧਿਆਨੁ ਹਿਰਦੈ ਪ੍ਰਭ ਬਿਸਰੁ ਨਾਹੀ ਇਕੁ ਖਿਨੋ ॥
ਤਜਿ ਮਾਨੁ ਮੋਹੁ ਬਿਕਾਰੁ ਮਨ ਕਾ ਕਲਮਲਾ ਦੁਖ ਜਾਰੇ ॥
ਬਿਨਵੰਤਿ ਨਾਨਕ ਸਦਾ ਜਾਗਹਿ ਹਰਿ ਦਾਸ ਸੰਤ ਪਿਆਰੇ ॥੧॥੪੫੯॥

(ਭਿੰਨੀ=ਤ੍ਰੇਲ-ਭਿੱਜੀ, ਰੈਨੜੀਐ=ਸੋਹਣੀ ਰਾਤ ਵਿਚ,
ਚਾਮਕਨਿ=ਚਮਕਦੇ ਹਨ, ਜਾਗਹਿ=ਜਾਗਦੇ ਹਨ,
ਅਨਦਿਨੋ=ਹਰ ਰੋਜ਼, ਖਿਨੋ=ਖਿਨੁ,ਰਤਾ ਭਰ ਭੀ,
ਤਜਿ=ਤਿਆਗ ਕੇ, ਕਲਮਲਾ=ਪਾਪ, ਜਾਰੇ=ਸਾੜ ਲਏ)

32. ਮੇਰੀ ਸੇਜੜੀਐ ਆਡੰਬਰੁ ਬਣਿਆ

ਮੇਰੀ ਸੇਜੜੀਐ ਆਡੰਬਰੁ ਬਣਿਆ ॥
ਮਨਿ ਅਨਦੁ ਭਇਆ ਪ੍ਰਭੁ ਆਵਤ ਸੁਣਿਆ ॥
ਪ੍ਰਭ ਮਿਲੇ ਸੁਆਮੀ ਸੁਖਹ ਗਾਮੀ ਚਾਵ ਮੰਗਲ ਰਸ ਭਰੇ ॥
ਅੰਗ ਸੰਗਿ ਲਾਗੇ ਦੂਖ ਭਾਗੇ ਪ੍ਰਾਣ ਮਨ ਤਨ ਸਭਿ ਹਰੇ ॥
ਮਨ ਇਛ ਪਾਈ ਪ੍ਰਭ ਧਿਆਈ ਸੰਜੋਗੁ ਸਾਹਾ ਸੁਭ ਗਣਿਆ ॥
ਬਿਨਵੰਤਿ ਨਾਨਕ ਮਿਲੇ ਸ੍ਰੀਧਰ ਸਗਲ ਆਨੰਦ ਰਸੁ ਬਣਿਆ ॥੨॥੪੫੯॥

(ਸੇਜੜੀਐ=ਹਿਰਦੇ ਦੀ ਸੋਹਣੀ ਸੇਜ ਉੱਤੇ, ਆਡੰਬਰੁ=
ਸਜਾਵਟ, ਆਵਤ=ਆਉਂਦਾ, ਸੁਖਹਗਾਮੀ=ਸੁਖ ਅਪੜਾਣ
ਵਾਲੇ, ਚਾਵ=ਚਾਉ, ਮੰਗਲ=ਖ਼ੁਸ਼ੀਆਂ, ਸੰਗਿ=ਨਾਲ, ਹਰੇ=
ਹਰਿਆਵਲ-ਭਰੇ,ਆਤਮਕ ਜੀਵਨ ਵਾਲੇ, ਸੰਜੋਗੁ=ਮਿਲਾਪ,
ਸਾਹਾ=ਵਿਆਹ ਦਾ ਮੁਹੂਰਤ, ਸੁਭ=ਭਲਾ, ਗਣਿਆ=ਗਿਣਿਆ,
ਸ੍ਰੀਧਰ=(ਸ੍ਰੀ=ਲੱਛਮੀ,ਲੱਛਮੀ ਦਾ ਸਹਾਰਾ) ਪਰਮਾਤਮਾ)

33. ਪੇਖੁ ਹਰਿਚੰਦਉਰੜੀ

ਪੇਖੁ ਹਰਿਚੰਦਉਰੜੀ ਅਸਥਿਰੁ ਕਿਛੁ ਨਾਹੀ ॥
ਮਾਇਆ ਰੰਗ ਜੇਤੇ ਸੇ ਸੰਗਿ ਨ ਜਾਹੀ ॥
ਹਰਿ ਸੰਗਿ ਸਾਥੀ ਸਦਾ ਤੇਰੈ ਦਿਨਸੁ ਰੈਣਿ ਸਮਾਲੀਐ ॥
ਹਰਿ ਏਕ ਬਿਨੁ ਕਛੁ ਅਵਰੁ ਨਾਹੀ ਭਾਉ ਦੁਤੀਆ ਜਾਲੀਐ ॥
ਮੀਤੁ ਜੋਬਨੁ ਮਾਲੁ ਸਰਬਸੁ ਪ੍ਰਭੁ ਏਕੁ ਕਰਿ ਮਨ ਮਾਹੀ ॥
ਬਿਨਵੰਤਿ ਨਾਨਕੁ ਵਡਭਾਗਿ ਪਾਈਐ ਸੂਖਿ ਸਹਜਿ ਸਮਾਹੀ ॥੪॥੪॥੧੩॥੪੬੧॥

(ਪੇਖੁ=ਵੇਖ, ਹਰਿਚੰਦਉਰੜੀ=ਗੰਧਰਬ-ਨਗਰੀ,ਆਕਾਸ਼
ਵਿਚ ਖ਼ਿਆਲੀ ਨਗਰੀ, ਅਸਥਿਰੁ=ਸਦਾ ਕਾਇਮ ਰਹਿਣ
ਵਾਲਾ, ਜੇਤੇ=ਜਿਤਨੇ ਭੀ ਹਨ, ਸੰਗਿ=ਨਾਲ, ਸੇ=ਉਹ,
ਨ ਜਾਹੀ=ਨਹੀਂ ਜਾਂਦੇ, ਰੈਣਿ=ਰਾਤ, ਸਮਾਲੀਐ=ਹਿਰਦੇ
ਵਿਚ ਸਾਂਭ ਰੱਖਣਾ ਚਾਹੀਦਾ ਹੈ, ਅਵਰੁ=ਹੋਰ, ਭਾਉ=
ਪਿਆਰ, ਦੁਤੀਆ=ਦੂਜਾ, ਜਾਲੀਐ=ਸਾੜ ਦੇਣਾ ਚਾਹੀਦਾ
ਹੈ, ਮੀਤੁ=ਮਿੱਤਰ, ਸਰਬਸੁ=ਆਪਣਾ ਸਭ ਕੁਝ, ਕਰਿ=
ਬਣਾ,ਮਿਥ, ਮਾਹੀ=ਮਾਹਿ,ਵਿਚ, ਸੂਖਿ=ਸੁਖ ਵਿਚ,
ਸਹਜਿ=ਆਤਮਕ ਅਡੋਲਤਾ ਵਿਚ, ਸਮਾਹੀ=ਲੀਨ
ਰਹਿੰਦੇ ਹਨ)

34. ਕਮਲਾ ਭ੍ਰਮ ਭੀਤਿ ਕਮਲਾ ਭ੍ਰਮ ਭੀਤਿ

ਕਮਲਾ ਭ੍ਰਮ ਭੀਤਿ ਕਮਲਾ ਭ੍ਰਮ ਭੀਤਿ ਹੇ ਤੀਖਣ ਮਦ ਬਿਪਰੀਤਿ ਹੇ ਅਵਧ ਅਕਾਰਥ ਜਾਤ ॥
ਗਹਬਰ ਬਨ ਘੋਰ ਗਹਬਰ ਬਨ ਘੋਰ ਹੇ ਗ੍ਰਿਹ ਮੂਸਤ ਮਨ ਚੋਰ ਹੇ ਦਿਨਕਰੋ ਅਨਦਿਨੁ ਖਾਤ ॥
ਦਿਨ ਖਾਤ ਜਾਤ ਬਿਹਾਤ ਪ੍ਰਭ ਬਿਨੁ ਮਿਲਹੁ ਪ੍ਰਭ ਕਰੁਣਾ ਪਤੇ ॥
ਜਨਮ ਮਰਣ ਅਨੇਕ ਬੀਤੇ ਪ੍ਰਿਅ ਸੰਗ ਬਿਨੁ ਕਛੁ ਨਹ ਗਤੇ ॥
ਕੁਲ ਰੂਪ ਧੂਪ ਗਿਆਨਹੀਨੀ ਤੁਝ ਬਿਨਾ ਮੋਹਿ ਕਵਨ ਮਾਤ ॥
ਕਰ ਜੋੜਿ ਨਾਨਕੁ ਸਰਣਿ ਆਇਓ ਪ੍ਰਿਅ ਨਾਥ ਨਰਹਰ ਕਰਹੁ ਗਾਤ ॥੧॥੪੬੧॥

(ਕਮਲਾ=ਲੱਛਮੀ,ਮਾਇਆ, ਭ੍ਰਮ ਭੀਤਿ=ਭਰਮ ਦੀ ਕੰਧ,
ਭ੍ਰਮ=ਭਟਕਣਾ, ਹੇ=ਹੈ, ਤੀਖਣ=ਤੇਜ਼, ਮਦ=ਨਸ਼ਾ, ਬਿਪਰੀਤਿ=
ਉਲਟੇ ਪਾਸੇ ਲੈ ਜਾਣ ਵਾਲੀ, ਅਵਧ=ਉਮਰ, ਅਕਾਰਥ=
ਵਿਅਰਥ, ਗਹਬਰ=ਸੰਘਣਾ, ਬਨ=ਜੰਗਲ, ਘੋਰ=ਭਿਆਨਕ,
ਮੂਸਤ=ਚੁਰਾ ਰਿਹਾ ਹੈ,ਲੁੱਟ ਰਿਹਾ ਹੈ, ਦਿਨਕਰੋ=ਦਿਨਕਰੁ,
ਸੂਰਜ, ਅਨਦਿਨੁ=ਹਰ ਰੋਜ਼,ਹਰ ਵੇਲੇ, ਖਾਤ=ਉਮਰ ਨੂੰ ਖਾ
ਰਿਹਾ ਹੈ, ਕਰੁਣਾਪਤੇ=ਹੇ ਤਰਸ-ਸਰੂਪ ਪ੍ਰਭੂ, ਕਰੁਣਾ=ਤਰਸ,
ਗਤੇ=ਆਤਮਕ ਹਾਲਤ, ਧੂਪ=ਸੁਗੰਧੀ, ਮਾਤ=ਮਾਂ,ਰਾਖਾ, ਕਰ=
ਹੱਥ, ਪ੍ਰਿਅ=ਹੇ ਪਿਆਰੇ, ਨਰਹਰ=ਹੇ ਪ੍ਰਭੂ, ਗਾਤ=ਗਤਿ,
ਉੱਚੀ ਆਤਮਕ ਅਵਸਥਾ)

35. ਮੀਨਾ ਜਲਹੀਨ ਮੀਨਾ ਜਲਹੀਨ

ਮੀਨਾ ਜਲਹੀਨ ਮੀਨਾ ਜਲਹੀਨ ਹੇ ਓਹੁ ਬਿਛੁਰਤ ਮਨ ਤਨ ਖੀਨ ਹੇ ਕਤ ਜੀਵਨੁ ਪ੍ਰਿਅ ਬਿਨੁ ਹੋਤ ॥
ਸਨਮੁਖ ਸਹਿ ਬਾਨ ਸਨਮੁਖ ਸਹਿ ਬਾਨ ਹੇ ਮ੍ਰਿਗ ਅਰਪੇ ਮਨ ਤਨ ਪ੍ਰਾਨ ਹੇ ਓਹੁ ਬੇਧਿਓ ਸਹਜ ਸਰੋਤ ॥
ਪ੍ਰਿਅ ਪ੍ਰੀਤਿ ਲਾਗੀ ਮਿਲੁ ਬੈਰਾਗੀ ਖਿਨੁ ਰਹਨੁ ਧ੍ਰਿਗੁ ਤਨੁ ਤਿਸੁ ਬਿਨਾ ॥
ਪਲਕਾ ਨ ਲਾਗੈ ਪ੍ਰਿਅ ਪ੍ਰੇਮ ਪਾਗੈ ਚਿਤਵੰਤਿ ਅਨਦਿਨੁ ਪ੍ਰਭ ਮਨਾ ॥
ਸ੍ਰੀਰੰਗ ਰਾਤੇ ਨਾਮ ਮਾਤੇ ਭੈ ਭਰਮ ਦੁਤੀਆ ਸਗਲ ਖੋਤ ॥
ਕਰਿ ਮਇਆ ਦਇਆ ਦਇਆਲ ਪੂਰਨ ਹਰਿ ਪ੍ਰੇਮ ਨਾਨਕ ਮਗਨ ਹੋਤ ॥੨॥੪੬੨॥

(ਮੀਨਾ=ਮੱਛੀ, ਜਲ ਹੀਨ=ਪਾਣੀ ਤੋਂ ਬਿਨਾ, ਖੀਨ=ਕਮਜ਼ੋਰ,ਲਿੱਸਾ,
ਕਤ=ਕਿਵੇਂ, ਪ੍ਰਿਅ ਬਿਨੁ=ਪਿਆਰੇ ਤੋਂ ਬਿਨਾ, ਸਨਮੁਖ=ਸਾਹਮਣੇ,
ਮੂੰਹ ਉਤੇ, ਸਹਿ=ਸਹਾਰਦਾ ਹੈ, ਬਾਨ=ਤੀਰ, ਮ੍ਰਿਗ=ਹਰਨ, ਅਰਪੇ=
ਭੇਟਾ ਕਰ ਦੇਂਦਾ ਹੈ, ਪ੍ਰਾਨ=ਜਿੰਦ, ਬੇਧਿਓ=ਵਿੰਨ੍ਹਿਆ ਜਾਂਦਾ ਹੈ, ਸਹਜ
ਸਰੋਤ=ਆਤਮਕ ਅਡੋਲਤਾ ਦੇਣ ਵਾਲੇ ਨਾਦ ਨੂੰ ਸੁਣ ਕੇ, ਬੈਰਾਗੀ=
ਉਦਾਸ-ਚਿੱਤ, ਧ੍ਰਿਗੁ=ਫਿਟਕਾਰ-ਜੋਗ, ਤਨੁ=ਸਰੀਰ, ਪਲਕਾ ਨ ਲਾਗੈ=
ਨੀਂਦ ਨਹੀਂ ਆਉਂਦੀ, ਪਾਗੈ=ਚਰਨ, ਅਨਦਿਨੁ=ਹਰ ਵੇਲੇ, ਸ੍ਰੀ ਰੰਗ=
ਲੱਛਮੀ ਦਾ ਪਤੀ,ਪਰਮਾਤਮਾ, ਸ੍ਰੀ=ਲੱਛਮੀ, ਮਾਤੇ=ਮਸਤ, ਭੈ=ਸਾਰੇ ਡਰ,
ਭਰਮ ਦੁਤੀਆ=ਮਾਇਆ ਪਿੱਛੇ ਭਟਕਣਾ, ਮਇਆ=ਤਰਸ, ਪੂਰਨ=ਹੇ
ਸਰਬ-ਵਿਆਪਕ)

36. ਅਲੀਅਲ ਗੁੰਜਾਤ ਅਲੀਅਲ ਗੁੰਜਾਤ

ਅਲੀਅਲ ਗੁੰਜਾਤ ਅਲੀਅਲ ਗੁੰਜਾਤ ਹੇ ਮਕਰੰਦ ਰਸ ਬਾਸਨ ਮਾਤ ਹੇ ਪ੍ਰੀਤਿ ਕਮਲ ਬੰਧਾਵਤ ਆਪ ॥
ਚਾਤ੍ਰਿਕ ਚਿਤ ਪਿਆਸ ਚਾਤ੍ਰਿਕ ਚਿਤ ਪਿਆਸ ਹੇ ਘਨ ਬੂੰਦ ਬਚਿਤ੍ਰਿ ਮਨਿ ਆਸ ਹੇ ਅਲ ਪੀਵਤ ਬਿਨਸਤ ਤਾਪ ॥
ਤਾਪਾ ਬਿਨਾਸਨ ਦੂਖ ਨਾਸਨ ਮਿਲੁ ਪ੍ਰੇਮੁ ਮਨਿ ਤਨਿ ਅਤਿ ਘਨਾ ॥
ਸੁੰਦਰੁ ਚਤੁਰੁ ਸੁਜਾਨ ਸੁਆਮੀ ਕਵਨ ਰਸਨਾ ਗੁਣ ਭਨਾ ॥
ਗਹਿ ਭੁਜਾ ਲੇਵਹੁ ਨਾਮੁ ਦੇਵਹੁ ਦ੍ਰਿਸਟਿ ਧਾਰਤ ਮਿਟਤ ਪਾਪ ॥
ਨਾਨਕੁ ਜੰਪੈ ਪਤਿਤ ਪਾਵਨ ਹਰਿ ਦਰਸੁ ਪੇਖਤ ਨਹ ਸੰਤਾਪ ॥੩॥੪੬੨॥

(ਅਲਿ=ਭੌਰਾ, ਅਲੀਅਲ=ਅਲਿਕੁਲ,ਭੌਰੇ, ਗੁੰਜਾਤ=ਗੁੰਜਾਰ ਪਾਂਦੇ,
ਮਕਰੰਦ=ਫੁੱਲ ਦੀ ਵਿਚਲੀ ਧੂੜੀ, ਬਾਸਨ=ਸੁਗੰਧੀ, ਮਾਤ=ਮਸਤ,
ਆਪ=ਆਪਣੇ ਆਪ ਨੂੰ, ਚਾਤ੍ਰਿਕ=ਪਪੀਹਾ, ਘਨ=ਬੂੰਦ, ਬਚਿਤ੍ਰਿ=
ਸੁੰਦਰ,ਸੋਹਣੀ, ਆਸ=ਤਾਂਘ, ਅਲ=ਅਲਿ,ਮਸਤ ਕਰ ਦੇਣ ਵਾਲਾ
ਰਸ, ਤਾਪ=ਦੁੱਖ-ਕਲੇਸ਼, ਤਨਿ=ਤਨ ਵਿਚ,ਹਿਰਦੇ ਵਿਚ, ਘਨਾ=
ਬਹੁਤ, ਸੁਜਾਨ=ਸਿਆਣਾ, ਰਸਨਾ=ਜੀਭ ਨਾਲ, ਭਨਾ=ਭਨਾਂ,ਮੈਂ
ਉਚਾਰਾਂ, ਗਹਿ=ਫੜ ਕੇ, ਦ੍ਰਿਸਟਿ=ਨਜ਼ਰ, ਜੰਪੈ=ਬੇਨਤੀ ਕਰਦਾ
ਹੈ, ਪਤਿਤ ਪਾਵਨ=ਹੇ ਪਤਿਤਾਂ ਨੂੰ ਪਵਿਤ੍ਰ ਕਰਨ ਵਾਲੇ)

37. ਚਿਤਵਉ ਚਿਤ ਨਾਥ

ਚਿਤਵਉ ਚਿਤ ਨਾਥ ਚਿਤਵਉ ਚਿਤ ਨਾਥ ਹੇ ਰਖਿ ਲੇਵਹੁ ਸਰਣਿ ਅਨਾਥ ਹੇ ਮਿਲੁ ਚਾਉ ਚਾਈਲੇ ਪ੍ਰਾਨ ॥
ਸੁੰਦਰ ਤਨ ਧਿਆਨ ਸੁੰਦਰ ਤਨ ਧਿਆਨ ਹੇ ਮਨੁ ਲੁਬਧ ਗੋਪਾਲ ਗਿਆਨ ਹੇ ਜਾਚਿਕ ਜਨ ਰਾਖਤ ਮਾਨ ॥
ਪ੍ਰਭ ਮਾਨ ਪੂਰਨ ਦੁਖ ਬਿਦੀਰਨ ਸਗਲ ਇਛ ਪੁਜੰਤੀਆ ॥
ਹਰਿ ਕੰਠਿ ਲਾਗੇ ਦਿਨ ਸਭਾਗੇ ਮਿਲਿ ਨਾਹ ਸੇਜ ਸੋਹੰਤੀਆ ॥
ਪ੍ਰਭ ਦ੍ਰਿਸਟਿ ਧਾਰੀ ਮਿਲੇ ਮੁਰਾਰੀ ਸਗਲ ਕਲਮਲ ਭਏ ਹਾਨ ॥
ਬਿਨਵੰਤਿ ਨਾਨਕ ਮੇਰੀ ਆਸ ਪੂਰਨ ਮਿਲੇ ਸ੍ਰੀਧਰ ਗੁਣ ਨਿਧਾਨ ॥੪॥੧॥੧੪॥੪੬੨॥

(ਚਿਤਵਉ=ਮੈਂ ਚਿਤਵਦਾ ਹਾਂ, ਅਨਾਥ=ਮੈਨੂੰ ਅਨਾਥ ਨੂੰ,
ਚਾਈਲੇ=ਚਾਉ-ਭਰੇ, ਲੁਬਧ=ਲਾਲਚੀ, ਜਾਚਿਕ=ਮੰਗਤੇ,
ਮਾਨ=ਆਦਰ, ਬਿਦੀਰਨ=ਨਾਸ ਕਰਨ ਵਾਲਾ, ਕੰਠਿ=ਗਲ
ਨਾਲ, ਸਭਾਗੇ=ਭਾਗਾਂ ਵਾਲੇ, ਨਾਹ=ਨਾਥ,ਖਸਮ, ਕਲਮਲ=
ਪਾਪ, ਸ੍ਰੀਧਰ=ਲੱਛਮੀ-ਪਤੀ, ਨਿਧਾਨ=ਖ਼ਜ਼ਾਨਾ)

38. ਅਨ ਕਾਏ ਰਾਤੜਿਆ

ਅਨ ਕਾਏ ਰਾਤੜਿਆ ਵਾਟ ਦੁਹੇਲੀ ਰਾਮ ॥
ਪਾਪ ਕਮਾਵਦਿਆ ਤੇਰਾ ਕੋਇ ਨ ਬੇਲੀ ਰਾਮ ॥
ਕੋਏ ਨ ਬੇਲੀ ਹੋਇ ਤੇਰਾ ਸਦਾ ਪਛੋਤਾਵਹੇ ॥
ਗੁਨ ਗੁਪਾਲ ਨ ਜਪਹਿ ਰਸਨਾ ਫਿਰਿ ਕਦਹੁ ਸੇ ਦਿਹ ਆਵਹੇ ॥
ਤਰਵਰ ਵਿਛੁੰਨੇ ਨਹ ਪਾਤ ਜੁੜਤੇ ਜਮ ਮਗਿ ਗਉਨੁ ਇਕੇਲੀ ॥
ਬਿਨਵੰਤ ਨਾਨਕ ਬਿਨੁ ਨਾਮ ਹਰਿ ਕੇ ਸਦਾ ਫਿਰਤ ਦੁਹੇਲੀ ॥੧॥੫੪੬॥

(ਅਨਕਾਏ=ਤੁੱਛ ਪਦਾਰਥਾਂ ਵਿਚ, ਰਾਤੜਿਆ=ਹੇ ਰੱਤੇ ਹੋਏ,
ਵਾਟ=ਜੀਵਨ ਦਾ ਰਸਤਾ, ਦੁਹੇਲੀ=ਦੁੱਖਾਂ ਭਰੀ, ਕਮਾਵਦਿਆ=
ਹੇ ਕਮਾਣ ਵਾਲੇ, ਬੇਲੀ=ਸਾਥੀ, ਪਛੋਤਾਵਹੇ=ਤੂੰ ਪਛੁਤਾਂਦਾ ਰਹੇਂਗਾ,
ਨ ਜਪਹਿ=ਤੂੰ ਨਹੀਂ ਜਪਦਾ, ਰਸਨਾ=ਜੀਭ ਨਾਲ, ਸੇ ਦਿਹ=ਇਹ
ਦਿਨ, ਆਵਹੇ=ਆਵਣਗੇ, ਪਾਤ=ਪੱਤਰ, ਤਰਵਰ=ਰੁੱਖ, ਮਗਿ=
ਰਸਤੇ ਉਤੇ, ਗਉਨੁ=ਗਮਨ,ਤੋਰ)

39. ਤੂ ਸਮਰਥੁ ਵਡਾ

ਤੂ ਸਮਰਥੁ ਵਡਾ ਮੇਰੀ ਮਤਿ ਥੋਰੀ ਰਾਮ ॥
ਪਾਲਹਿ ਅਕਿਰਤਘਨਾ ਪੂਰਨ ਦ੍ਰਿਸਟਿ ਤੇਰੀ ਰਾਮ ॥
ਅਗਾਧਿ ਬੋਧਿ ਅਪਾਰ ਕਰਤੇ ਮੋਹਿ ਨੀਚੁ ਕਛੂ ਨ ਜਾਨਾ ॥
ਰਤਨੁ ਤਿਆਗਿ ਸੰਗ੍ਰਹਨ ਕਉਡੀ ਪਸੂ ਨੀਚੁ ਇਆਨਾ ॥
ਤਿਆਗਿ ਚਲਤੀ ਮਹਾ ਚੰਚਲਿ ਦੋਖ ਕਰਿ ਕਰਿ ਜੋਰੀ ॥
ਨਾਨਕ ਸਰਨਿ ਸਮਰਥ ਸੁਆਮੀ ਪੈਜ ਰਾਖਹੁ ਮੋਰੀ ॥੩॥੫੪੭॥

(ਪਾਲਹਿ=ਤੂੰ ਪਾਲਦਾ ਹੈਂ, ਅਕਿਰਤਘਨ=ਕੀਤੀ ਭਲਾਈ
ਨੂੰ ਭੁਲਾ ਦੇਣ ਵਾਲੇ,ਨਾ-ਸ਼ੁਕਰੇ, ਪੂਰਨ=ਸਦਾ ਇਕ-ਸਾਰ,
ਦ੍ਰਿਸਟਿ=ਨਿਗਾਹ, ਅਗਾਧਿ ਬੋਧਿ=ਮਨੁੱਖੀ ਸਮਝ ਤੋਂ ਪਰੇ
ਅਥਾਹ, ਕਰਤੇ=ਹੇ ਕਰਤਾਰ, ਮੋਹਿ=ਮੈਂ, ਸੰਗ੍ਰਹਨ=ਇਕੱਠੀਆਂ
ਕਰਨਾ, ਚੰਚਲਿ=ਚੁਲਬੁਲੇ ਮਨ ਵਾਲੀ, ਦੋਖ=ਪਾਪ, ਜੋਰੀ=ਜੋੜੀ,
ਪੈਜ=ਲਾਜ,ਇੱਜ਼ਤ, ਮੋਰੀ=ਮੇਰੀ)

40. ਮਿਲਿ ਜਲੁ ਜਲਹਿ ਖਟਾਨਾ ਰਾਮ

ਮਿਲਿ ਜਲੁ ਜਲਹਿ ਖਟਾਨਾ ਰਾਮ ॥
ਸੰਗਿ ਜੋਤੀ ਜੋਤਿ ਮਿਲਾਨਾ ਰਾਮ ॥
ਸੰਮਾਇ ਪੂਰਨ ਪੁਰਖ ਕਰਤੇ ਆਪਿ ਆਪਹਿ ਜਾਣੀਐ ॥
ਤਹ ਸੁੰਨਿ ਸਹਜਿ ਸਮਾਧਿ ਲਾਗੀ ਏਕੁ ਏਕੁ ਵਖਾਣੀਐ ॥
ਆਪਿ ਗੁਪਤਾ ਆਪਿ ਮੁਕਤਾ ਆਪਿ ਆਪੁ ਵਖਾਨਾ ॥
ਨਾਨਕ ਭ੍ਰਮ ਭੈ ਗੁਣ ਬਿਨਾਸੇ ਮਿਲਿ ਜਲੁ ਜਲਹਿ ਖਟਾਨਾ ॥੪॥੨॥੫੭੮॥

(ਮਿਲਿ=ਮਿਲ ਕੇ, ਜਲਹਿ=ਜਲ ਵਿਚ, ਖਟਾਨਾ=ਇੱਕ-ਰੂਪ
ਹੋ ਜਾਂਦਾ ਹੈ, ਸੰਗਿ=ਨਾਲ, ਜੋਤੀ=ਪਰਮਾਤਮਾ, ਜੋਤਿ=ਜੀਵ
ਦੀ ਆਤਮਾ, ਸੰਮਾਇ=ਸਮਾ ਲਏ ਹਨ, ਕਰਤੇ=ਕਰਤਾਰ ਨੇ,
ਤਹ=ਉਥੇ, ਸੁੰਨਿ=ਵਿਕਾਰਾਂ ਵਲੋਂ ਸੁੰਞ, ਸਹਜਿ=ਆਤਮਕ
ਅਡੋਲਤਾ ਵਿਚ, ਵਖਾਣੀਐ=ਵਖਾਣਿਆ ਜਾਂਦਾ ਹੈ, ਗੁਪਤਾ=
ਲੁਕਿਆ ਹੋਇਆ, ਮੁਕਤਾ=ਮਾਇਆ ਦੇ ਮੋਹ ਤੋਂ ਰਹਿਤ,
ਗੁਣ=ਮਾਇਆ ਦੇ ਤਿੰਨ ਗੁਣ)

41. ਸੁਣਿ ਯਾਰ ਹਮਾਰੇ ਸਜਣ

ਸੁਣਿ ਯਾਰ ਹਮਾਰੇ ਸਜਣ ਇਕ ਕਰਉ ਬੇਨੰਤੀਆ ॥
ਤਿਸੁ ਮੋਹਨ ਲਾਲ ਪਿਆਰੇ ਹਉ ਫਿਰਉ ਖੋਜੰਤੀਆ ॥
ਤਿਸੁ ਦਸਿ ਪਿਆਰੇ ਸਿਰੁ ਧਰੀ ਉਤਾਰੇ ਇਕ ਭੋਰੀ ਦਰਸਨੁ ਦੀਜੈ ॥
ਨੈਨ ਹਮਾਰੇ ਪ੍ਰਿਅ ਰੰਗ ਰੰਗਾਰੇ ਇਕੁ ਤਿਲੁ ਭੀ ਨਾ ਧੀਰੀਜੈ ॥
ਪ੍ਰਭ ਸਿਉ ਮਨੁ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੈ ਤਿਸੰਤੀਆ ॥
ਜਨ ਨਾਨਕ ਗੁਰੁ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ ॥੧॥੭੦੩॥

(ਕਰਉ=ਕਰਉਂ,ਮੈਂ ਕਰਦੀ ਹਾਂ, ਹਉ ਫਿਰਉ=ਮੈਂ ਫਿਰਦੀ ਹਾਂ,
ਤਿਸੁ ਦਸਿ=ਉਸ ਦੀ ਦੱਸ ਪਾ, ਧਰੀ=ਧਰੀਂ,ਮੈਂ ਧਰਾਂ, ਉਤਾਰੇ=
ਉਤਾਰਿ,ਲਾਹ ਕੇ, ਇਕ ਭੋਰੀ=ਰਤਾ ਭਰ ਹੀ, ਦੀਜੈ=ਦੇਹ, ਨੈਨ=
ਅੱਖਾਂ, ਪ੍ਰਿਅ ਰੰਗ=ਪਿਆਰੇ ਦੇ ਪ੍ਰੇਮ-ਰੰਗ, ਨਾ ਧੀਰੀਜੈ=ਧੀਰਜ
ਨਹੀਂ ਕਰਦਾ, ਸਿਉ=ਨਾਲ, ਲੀਨਾ=ਮਸਤ, ਜਲ ਮੀਨਾ=ਪਾਣੀ
ਦੀ ਮੱਛੀ, ਚਾਤ੍ਰਿਕ=ਪਪੀਹਾ, ਤਿਸੰਤੀਆ=ਤਿਹਾਇਆ, ਤਿਖਾ=
ਤ੍ਰੇਹ,ਪਿਆਸ)

42. ਜੋਬਨੁ ਗਇਆ ਬਿਤੀਤਿ

ਜੋਬਨੁ ਗਇਆ ਬਿਤੀਤਿ ਜਰੁ ਮਲਿ ਬੈਠੀਆ ॥
ਕਰ ਕੰਪਹਿ ਸਿਰੁ ਡੋਲ ਨੈਣ ਨ ਡੀਠਿਆ ॥
ਨਹ ਨੈਣ ਦੀਸੈ ਬਿਨੁ ਭਜਨ ਈਸੈ ਛੋਡਿ ਮਾਇਆ ਚਾਲਿਆ ॥
ਕਹਿਆ ਨ ਮਾਨਹਿ ਸਿਰਿ ਖਾਕੁ ਛਾਨਹਿ ਜਿਨ ਸੰਗਿ ਮਨੁ ਤਨੁ ਜਾਲਿਆ ॥
ਸ੍ਰੀਰਾਮ ਰੰਗ ਅਪਾਰ ਪੂਰਨ ਨਹ ਨਿਮਖ ਮਨ ਮਹਿ ਵੂਠਿਆ ॥
ਬਿਨਵੰਤਿ ਨਾਨਕ ਕੋਟਿ ਕਾਗਰ ਬਿਨਸ ਬਾਰ ਨ ਝੂਠਿਆ ॥੩॥੭੦੫॥

(ਜੋਬਨੁ=ਜਵਾਨੀ, ਕਰ=ਦੋਵੇਂ ਹੱਥ, ਕੰਪਹਿ=ਕੰਬਦੇ ਹਨ, ਡੋਲ=ਝੋਲਾ,
ਦੀਸੈ=ਦਿੱਸਦਾ, ਈਸ=ਈਸ਼ਵਰ, ਨ ਮਾਨਹਿ=ਨਹੀਂ ਮੰਨਦੇ, ਸਿਰਿ=
ਸਿਰ ਉੱਤੇ, ਸੰਗਿ=ਨਾਲ, ਚਾਲਿਆ=ਸਾੜ ਦਿੱਤਾ, ਰੰਗ=ਪਿਆਰ,
ਵੂਠਿਆ=ਵੱਸਿਆ, ਕੋਟਿ=ਕ੍ਰੋੜਾਂ, ਬਾਰ=ਦੇਰ, ਝੂਠਿਆ=ਨਾਸਵੰਤ,
ਨਿਮਖ=ਅੱਖ ਝਮਕਣ ਜਿੰਨਾ ਸਮਾਂ)

43. ਹਰਿ ਚਰਣ ਕਮਲ ਕੀ ਟੇਕ

ਹਰਿ ਚਰਣ ਕਮਲ ਕੀ ਟੇਕ ਸਤਿਗੁਰਿ ਦਿਤੀ ਤੁਸਿ ਕੈ ਬਲਿ ਰਾਮ ਜੀਉ ॥
ਹਰਿ ਅੰਮ੍ਰਿਤਿ ਭਰੇ ਭੰਡਾਰ ਸਭੁ ਕਿਛੁ ਹੈ ਘਰਿ ਤਿਸ ਕੈ ਬਲਿ ਰਾਮ ਜੀਉ ॥
ਬਾਬੁਲੁ ਮੇਰਾ ਵਡ ਸਮਰਥਾ ਕਰਣ ਕਾਰਣ ਪ੍ਰਭੁ ਹਾਰਾ ॥
ਜਿਸੁ ਸਿਮਰਤ ਦੁਖੁ ਕੋਈ ਨ ਲਾਗੈ ਭਉਜਲੁ ਪਾਰਿ ਉਤਾਰਾ ॥
ਆਦਿ ਜੁਗਾਦਿ ਭਗਤਨ ਕਾ ਰਾਖਾ ਉਸਤਤਿ ਕਰਿ ਕਰਿ ਜੀਵਾ ॥
ਨਾਨਕ ਨਾਮੁ ਮਹਾ ਰਸੁ ਮੀਠਾ ਅਨਦਿਨੁ ਮਨਿ ਤਨਿ ਪੀਵਾ ॥੧॥੭੭੮॥

(ਚਰਣ ਕਮਲ=ਕੌਲ ਫੁੱਲਾਂ ਵਰਗੇ ਕੋਮਲ ਚਰਨ, ਟੇਕ=ਸਹਾਰਾ,
ਤੁਸਿ ਕੈ=ਪ੍ਰਸੰਨ ਹੋ ਕੇ, ਬਲਿਰਾਮ ਜੀਉ=ਮੈਂ ਪ੍ਰਭੂ ਜੀ ਤੋਂ ਸਦਕੇ ਹਾਂ,
ਅੰਮ੍ਰਿਤਿ=ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ, ਭੰਡਾਰ=
ਖ਼ਜ਼ਾਨੇ, ਸਭੁ ਕਿਛੁ=ਹਰੇਕ ਪਦਾਰਥ, ਘਰਿ ਤਿਸ ਕੈ=ਉਸ ਪ੍ਰਭੂ ਦੇ
ਘਰ ਵਿਚ, ਬਾਬੁਲੁ=ਪਿਤਾ-ਪ੍ਰਭੂ, ਸਮਰਥਾ=ਤਾਕਤਾਂ ਦਾ ਮਾਲਕ,
ਕਰਣ ਕਾਰਣ ਹਾਰਾ=ਕਾਰਣ ਕਰਣਹਾਰਾ, ਸਿਮਰਤ=ਸਿਮਰਦਿਆਂ,
ਭਉਜਲੁ=ਸੰਸਾਰ-ਸਮੁੰਦਰ, ਆਦਿ=ਸ਼ੁਰੂ ਤੋਂ, ਜੁਗਾਦਿ=ਜੁਗਾਂ ਦੇ ਸ਼ੁਰੂ ਤੋਂ,
ਉਸਤਤਿ=ਵਡਿਆਈ, ਕਰਿ=ਕਰ ਕੇ, ਜੀਵਾ=ਜੀਵਾਂ,ਮੈਂ ਆਤਮਕ ਜੀਵਨ
ਹਾਸਲ ਕਰਦਾ ਹਾਂ, ਮਹਾ ਰਸੁ=ਸਭ ਰਸਾਂ ਨਾਲੋਂ ਵੱਡਾ ਰਸ, ਅਨਦਿਨੁ=
ਹਰ ਰੋਜ਼,ਹਰ ਵੇਲੇ, ਮਨਿ=ਮਨ ਨਾਲ, ਪੀਵਾ=ਪੀਵਾਂ)

44. ਤੂ ਠਾਕੁਰੋ ਬੈਰਾਗਰੋ

ਤੂ ਠਾਕੁਰੋ ਬੈਰਾਗਰੋ ਮੈ ਜੇਹੀ ਘਣ ਚੇਰੀ ਰਾਮ ॥
ਤੂੰ ਸਾਗਰੋ ਰਤਨਾਗਰੋ ਹਉ ਸਾਰ ਨ ਜਾਣਾ ਤੇਰੀ ਰਾਮ ॥
ਸਾਰ ਨ ਜਾਣਾ ਤੂ ਵਡ ਦਾਣਾ ਕਰਿ ਮਿਹਰੰਮਤਿ ਸਾਂਈ ॥
ਕਿਰਪਾ ਕੀਜੈ ਸਾ ਮਤਿ ਦੀਜੈ ਆਠ ਪਹਰ ਤੁਧੁ ਧਿਆਈ ॥
ਗਰਬੁ ਨ ਕੀਜੈ ਰੇਣ ਹੋਵੀਜੈ ਤਾ ਗਤਿ ਜੀਅਰੇ ਤੇਰੀ ॥
ਸਭ ਊਪਰਿ ਨਾਨਕ ਕਾ ਠਾਕੁਰੁ ਮੈ ਜੇਹੀ ਘਣ ਚੇਰੀ ਰਾਮ ॥੧॥੭੭੯॥

(ਠਾਕੁਰੋ=ਮਾਲਕ, ਬੈਰਾਗਰੋ=ਵਾਸਨਾ-ਰਹਿਤ, ਮੈ ਜੇਹੀ=
ਮੇਰੇ ਵਰਗੀਆਂ, ਘਣ=ਅਨੇਕਾਂ, ਚੇਰੀ=ਦਾਸੀਆਂ, ਰਤਨਾਗਰੋ=
ਰਤਨਾਕਰੁ,ਰਤਨਾਂ ਦੀ ਖਾਣ, ਹਉ=ਹਉਂ,ਮੈਂ, ਸਾਰ=ਕਦਰ,
ਦਾਣਾ=ਸਿਆਣਾ, ਮਿਹਰੰਮਤਿ=ਮਿਹਰ, ਕੀਜੈ=ਕਰ, ਦੀਜੈ=
ਦੇਹ, ਮਤਿ=ਅਕਲ, ਸਾ=ਅਜਿਹੀ, ਧਿਆਈ=ਧਿਆਈਂ,
ਗਰਬੁ=ਅਹੰਕਾਰ, ਰੇਣ=ਚਰਨ-ਧੂੜ, ਹੋਵੀਜੈ=ਹੋ ਜਾ, ਗਤਿ=
ਉੱਚੀ ਆਤਮਕ ਅਵਸਥਾ, ਜੀਅਰੇ=ਹੇ ਜੀਵ)

45. ਕਰਿ ਕਿਰਪਾ ਮੇਰੇ ਪ੍ਰੀਤਮ ਸੁਆਮੀ

ਕਰਿ ਕਿਰਪਾ ਮੇਰੇ ਪ੍ਰੀਤਮ ਸੁਆਮੀ ਨੇਤ੍ਰ ਦੇਖਹਿ ਦਰਸੁ ਤੇਰਾ ਰਾਮ ॥
ਲਾਖ ਜਿਹਵਾ ਦੇਹੁ ਮੇਰੇ ਪਿਆਰੇ ਮੁਖੁ ਹਰਿ ਆਰਾਧੇ ਮੇਰਾ ਰਾਮ ॥
ਹਰਿ ਆਰਾਧੇ ਜਮ ਪੰਥੁ ਸਾਧੇ ਦੂਖੁ ਨ ਵਿਆਪੈ ਕੋਈ ॥
ਜਲਿ ਥਲਿ ਮਹੀਅਲਿ ਪੂਰਨ ਸੁਆਮੀ ਜਤ ਦੇਖਾ ਤਤ ਸੋਈ ॥
ਭਰਮ ਮੋਹ ਬਿਕਾਰ ਨਾਠੇ ਪ੍ਰਭੁ ਨੇਰ ਹੂ ਤੇ ਨੇਰਾ ॥
ਨਾਨਕ ਕਉ ਪ੍ਰਭ ਕਿਰਪਾ ਕੀਜੈ ਨੇਤ੍ਰ ਦੇਖਹਿ ਦਰਸੁ ਤੇਰਾ ॥੧॥੭੮੦॥

(ਜਿਹਵਾ=ਜੀਭ, ਆਰਾਧੇ=ਜਪਦਾ ਰਹੇ, ਜਮ ਪੰਥੁ=ਜਮਰਾਜ
ਦਾ ਰਸਤਾ, ਸਾਧੇ=ਜਿੱਤ ਲਏ, ਨ ਵਿਆਪੈ=ਜ਼ੋਰ ਨ ਪਾ ਸਕੇ,
ਮਹੀਅਲਿ=ਮਹੀ ਤਲਿ,ਧਰਤੀ ਦੀ ਤਹ ਉਤੇ,ਪੁਲਾੜ ਵਿਚ,
ਜਤ=ਜਿੱਧਰ, ਦੇਖਾ=ਦੇਖਾਂ, ਤਤ=ਉਧਰ)

46. ਮੇਰਾ ਘਰੁ ਬਨਿਆ ਬਨੁ ਤਾਲੁ ਬਨਿਆ

ਮੇਰਾ ਘਰੁ ਬਨਿਆ ਬਨੁ ਤਾਲੁ ਬਨਿਆ ਪ੍ਰਭ ਪਰਸੇ ਹਰਿ ਰਾਇਆ ਰਾਮ ॥
ਮੇਰਾ ਮਨੁ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰਿ ਗਾਇਆ ਰਾਮ ॥
ਗੁਣ ਗਾਇ ਪ੍ਰਭੂ ਧਿਆਇ ਸਾਚਾ ਸਗਲ ਇਛਾ ਪਾਈਆ ॥
ਗੁਰ ਚਰਣ ਲਾਗੇ ਸਦਾ ਜਾਗੇ ਮਨਿ ਵਜੀਆ ਵਾਧਾਈਆ ॥
ਕਰੀ ਨਦਰਿ ਸੁਆਮੀ ਸੁਖਹ ਗਾਮੀ ਹਲਤੁ ਪਲਤੁ ਸਵਾਰਿਆ ॥
ਬਿਨਵੰਤਿ ਨਾਨਕ ਨਿਤ ਨਾਮੁ ਜਪੀਐ ਜੀਉ ਪਿੰਡੁ ਜਿਨਿ ਧਾਰਿਆ ॥੪॥੪॥੭॥੭੮੨॥

(ਘਰੁ=ਸਰੀਰ-ਘਰ, ਬਨਿਆ=ਸੋਹਣਾ ਬਣ ਗਿਆ ਹੈ,
ਬਨੁ=ਬਾਗ਼ (ਸਰੀਰ), ਤਾਲੁ=ਹਿਰਦਾ-ਰੂਪੀ ਤਾਲਾਬ, ਪ੍ਰਭ
ਪਰਸੇ=ਜਦੋਂ ਪ੍ਰਭੂ ਦੇ ਚਰਨ ਛੋਹੇ, ਹਰਿ ਰਾਇਆ=ਪ੍ਰਭ
ਪਾਤਿਸ਼ਾਹ, ਸੋਹਿਆ=ਸੋਹਣਾ ਬਣ ਗਿਆ, ਮੀਤ ਸਾਜਨ=
ਮੇਰੇ ਮਿੱਤਰ ਸੱਜਣ, ਮੇਰੇ ਸਾਰੇ ਗਿਆਨ-ਇੰਦ੍ਰੇ, ਸਰਸੇ=
ਆਤਮਕ ਰਸ ਵਾਲੇ ਹੋ ਗਏ ਹਨ, ਮੰਗਲ=ਸਿਫ਼ਤਿ-ਸਾਲਾਹ
ਦੇ ਗੀਤ, ਗਾਇ=ਗਾ ਕੇ, ਧਿਆਇ=ਸਿਮਰ ਕੇ, ਸਗਲ=
ਸਾਰੀਆਂ, ਜਾਗੇ=ਸੁਚੇਤ ਹੋ ਗਏ, ਵਜੀਆ ਵਾਧਾਈਆ=
ਉਤਸ਼ਾਹ ਬਣਿਆ ਰਹਿਣ ਲੱਗ ਪਿਆ, ਕਰੀ=ਕੀਤੀ,
ਨਦਰਿ=ਮਿਹਰ ਦੀ ਨਿਗਾਹ, ਸੁਖਹ ਗਾਮੀ=ਸੁਖ ਅਪੜਾਣ
ਵਾਲੇ ਨੇ, ਹਲਤੁ=ਇਹ ਲੋਕ, ਪਲਤੁ=ਪਰਲੋਕ, ਜਪੀਐ=
ਜਪਣਾ ਚਾਹੀਦਾ ਹੈ, ਜਿਉ=ਜਿੰਦ, ਪਿੰਡੁ=ਸਰੀਰ, ਜਿਨਿ=
ਜਿਸ ਪਰਮਾਤਮਾ ਨੇ)

47. ਸੰਤਾ ਕੇ ਕਾਰਜਿ ਆਪਿ ਖਲੋਇਆ

ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥
ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥
ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ ॥
ਜੈ ਜੈ ਕਾਰੁ ਭਇਆ ਜਗ ਅੰਤਰਿ ਲਾਥੇ ਸਗਲ ਵਿਸੂਰੇ ॥
ਪੂਰਨ ਪੁਰਖ ਅਚੁਤ ਅਬਿਨਾਸੀ ਜਸੁ ਵੇਦ ਪੁਰਾਣੀ ਗਾਇਆ ॥
ਅਪਨਾ ਬਿਰਦੁ ਰਖਿਆ ਪਰਮੇਸਰਿ ਨਾਨਕ ਨਾਮੁ ਧਿਆਇਆ ॥੧॥੭੮੩॥

(ਕਾਰਜਿ=ਕੰਮ ਵਿਚ, ਧਰਤਿ=ਧਰਤੀ, ਸੁਹਾਵੀ=ਸੋਹਣੀ,
ਤਾਲੁ=ਸੰਤ ਜਨਾਂ ਦਾ ਹਿਰਦਾ-ਤਾਲਾਬ, ਵਿਚਿ=ਹਿਰਦੇ-ਤਲਾਬ
ਵਿਚ, ਅੰਮ੍ਰਿਤ ਜਲੁ=ਆਤਮਕ ਜੀਵਨ ਦੇਣ ਵਾਲਾ ਨਾਮ-ਜਲ,
ਛਾਇਆ=ਛਾ ਗਿਆ, ਪੂਰਨ ਸਾਜ ਕਰਾਇਆ=ਸਾਰਾ ਉੱਦਮ
ਸਫਲ ਕਰ ਦਿੱਤਾ, ਮਨੋਰਥ=ਮੁਰਾਦਾਂ, ਜੈ ਜੈ ਕਾਰੁ=ਸੋਭਾ,
ਅੰਤਰਿ=ਅੰਦਰ, ਵਿਸੂਰੇ=ਚਿੰਤ-ਝੋਰੇ, ਅਚੁਤ ਜਸੁ=ਅਚੁੱਤ
ਪ੍ਰਭੂ ਦਾ ਜਸ, ਅਚੁਤ=ਕਦੇ ਨਾਸ ਨਾਹ ਹੋਣ ਵਾਲਾ, ਪੁਰਾਣੀ=
ਪੁਰਾਣਾਂ ਨੇ, ਬਿਰਦੁ=ਮੁੱਢ=ਕਦੀਮਾਂ ਦਾ ਸੁਭਾਉ)

48. ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ

ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥
ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥
ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ ॥
ਪਤਿਤ ਪਾਵਨੁ ਹਰਿ ਬਿਰਦੁ ਸਦਾਏ ਇਕੁ ਤਿਲੁ ਨਹੀ ਭੰਨੈ ਘਾਲੇ ॥
ਘਟ ਘਟ ਵਾਸੀ ਸਰਬ ਨਿਵਾਸੀ ਨੇਰੈ ਹੀ ਤੇ ਨੇਰਾ ॥
ਨਾਨਕ ਦਾਸੁ ਸਦਾ ਸਰਣਾਗਤਿ ਹਰਿ ਅੰਮ੍ਰਿਤ ਸਜਣੁ ਮੇਰਾ ॥੧॥੭੮੪॥

(ਮਿਠ ਬੋਲੜਾ=ਮਿੱਠੇ ਬੋਲ ਬੋਲਣ ਵਾਲਾ, ਮੋਰਾ=ਮੇਰਾ,
ਹਉ=ਹਉਂ,ਮੈਂ, ਸੰਮਲਿ=ਚੇਤਾ ਕਰ ਕਰ ਕੇ, ਕਉਰਾ=ਕੌੜਾ,
ਬੋਲਿ ਨ ਜਾਨੈ=ਬੋਲਣਾ ਜਾਣਦਾ ਹੀ ਨਹੀਂ, ਅਉਗਣੁ ਕੋ=
ਕੋਈ ਭੀ ਔਗੁਣ, ਚਿਤਾਰੇ=ਚੇਤੇ ਰੱਖਦਾ, ਪਤਿਤ ਪਾਵਨੁ=
ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ, ਬਿਰਦੁ=ਮੁੱਢ-ਕਦੀਮਾਂ
ਦਾ ਸੁਭਾਉ, ਸਦਾਏ=ਅਖਵਾਂਦਾ ਹੈ, ਤਿਲੁ=ਰਤਾ ਭਰ ਭੀ, ਭੰਨੈ=
ਭੰਨਦਾ,ਵਿਅਰਥ ਜਾਣ ਦੇਂਦਾ, ਘਾਲੇ=ਕੀਤੀ ਘਾਲ ਨੂੰ, ਘਟ=
ਸਰੀਰ, ਨੇਰੈ ਹੀ ਤੇ ਨੇਰਾ=ਨੇੜੇ ਤੋਂ ਨੇੜੇ, ਸਰਣਾਗਤਿ=ਸਰਨ
ਵਿਚ ਆਇਆ ਰਹਿੰਦਾ ਹੈ)

49. ਸੂਰਜ ਕਿਰਣਿ ਮਿਲੇ

ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ ॥
ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ ॥
ਬ੍ਰਹਮੁ ਦੀਸੈ ਬ੍ਰਹਮੁ ਸੁਣੀਐ ਏਕੁ ਏਕੁ ਵਖਾਣੀਐ ॥
ਆਤਮ ਪਸਾਰਾ ਕਰਣਹਾਰਾ ਪ੍ਰਭ ਬਿਨਾ ਨਹੀ ਜਾਣੀਐ ॥
ਆਪਿ ਕਰਤਾ ਆਪਿ ਭੁਗਤਾ ਆਪਿ ਕਾਰਣੁ ਕੀਆ ॥
ਬਿਨਵੰਤਿ ਨਾਨਕ ਸੇਈ ਜਾਣਹਿ ਜਿਨ੍ਹ੍ਹੀ ਹਰਿ ਰਸੁ ਪੀਆ ॥੪॥੨॥੮੪੬॥

(ਸੂਰਜ ਕਿਰਣਿ ਮਿਲੇ=ਸੂਰਜ ਦੀ ਕਿਰਣ ਨਾਲ ਮਿਲ ਕੇ,
ਸੰਪੂਰਨੁ ਥੀਆ=ਸਾਰੇ ਗੁਣਾਂ ਦੇ ਮਾਲਕ ਪ੍ਰਭੂ ਦਾ ਰੂਪ ਹੋ
ਜਾਂਦਾ ਹੈ, ਦੀਸੈ=ਦਿੱਸਦਾ ਹੈ, ਸੁਣੀਐ=ਉਸ ਨੂੰ ਸੁਣਿਆ
ਜਾਂਦਾ ਹੈ, ਵਖਾਣੀਐ=ਜ਼ਿਕਰ ਹੋ ਰਿਹਾ ਹੁੰਦਾ ਹੈ, ਪਸਾਰਾ=
ਖਿਲਾਰਾ,ਪਰਕਾਸ਼, ਕਾਰਣੁ ਕੀਆ=ਮੁੱਢ ਬੱਧਾ, ਸੇਈ=
ਉਹੀ ਬੰਦੇ, ਜਾਣਹਿ=ਜਾਣਦੇ ਹਨ)

50. ਸਖੀ ਕਾਜਲ ਹਾਰ ਤੰਬੋਲ

ਸਖੀ ਕਾਜਲ ਹਾਰ ਤੰਬੋਲ ਸਭੈ ਕਿਛੁ ਸਾਜਿਆ ॥
ਸੋਲਹ ਕੀਏ ਸੀਗਾਰ ਕਿ ਅੰਜਨੁ ਪਾਜਿਆ ॥
ਜੇ ਘਰਿ ਆਵੈ ਕੰਤੁ ਤ ਸਭੁ ਕਿਛੁ ਪਾਈਐ ॥
ਹਰਿਹਾਂ ਕੰਤੈ ਬਾਝੁ ਸੀਗਾਰੁ ਸਭੁ ਬਿਰਥਾ ਜਾਈਐ ॥੩॥੧੩੬੧॥

(ਸਖੀ=ਹੇ ਸਹੇਲੀਏ, ਕਾਜਲ=ਕੱਜਲ,ਸੁਰਮਾ,
ਤੰਬੋਲ=ਪਾਨ , ਸਾਜਿਆ=ਤਿਆਰ ਕਰ ਲਿਆ,
ਸੋਲਹ=ਸੋਲ੍ਹਾਂ, ਅੰਜਨੁ=ਸੁਰਮਾ, ਪਾਜਿਆ=ਪਾ
ਲਿਆ, ਘਰਿ=ਘਰ ਵਿਚ, ਕੰਤੁ=ਖਸਮ, ਪਾਈਐ=
ਪ੍ਰਾਪਤ ਕਰ ਲਈਦਾ ਹੈ, ਬਾਝੁ=ਬਿਨਾ, ਬਿਰਥਾ=
ਵਿਅਰਥ)

51. ਪਰ ਤ੍ਰਿਅ ਰਾਵਣਿ ਜਾਹਿ

ਪਰ ਤ੍ਰਿਅ ਰਾਵਣਿ ਜਾਹਿ ਸੇਈ ਤਾ ਲਾਜੀਅਹਿ ॥
ਨਿਤਪ੍ਰਤਿ ਹਿਰਹਿ ਪਰ ਦਰਬੁ ਛਿਦ੍ਰ ਕਤ ਢਾਕੀਅਹਿ ॥
ਹਰਿ ਗੁਣ ਰਮਤ ਪਵਿਤ੍ਰ ਸਗਲ ਕੁਲ ਤਾਰਈ ॥
ਹਰਿਹਾਂ ਸੁਨਤੇ ਭਏ ਪੁਨੀਤ ਪਾਰਬ੍ਰਹਮੁ ਬੀਚਾਰਈ ॥੮॥੧੩੬੨॥

(ਪਰ ਤ੍ਰਿਅ=ਪਰਾਈ ਇਸਤ੍ਰੀ, ਰਾਵਣਿ ਜਾਹਿ=
ਭੋਗਣ ਜਾਂਦੇ ਹਨ, ਸੇਈ=ਉਹ ਬੰਦੇ ਹੀ, ਲਾਜੀਅਹਿ=
ਪ੍ਰਭੂ ਦੀ ਹਜ਼ੂਰੀ ਵਿਚ ਲੱਜਿਆਵਾਨ ਹੁੰਦੇ ਹਨ, ਨਿਤ
ਪ੍ਰਤਿ=ਸਦਾ ਹੀ, ਹਿਰਹਿ=ਚੁਰਾਂਦੇ ਹਨ, ਦਰਬੁ=ਧਨ,
ਛਿਦ੍ਰ=ਐਬ,ਵਿਕਾਰ, ਕਤ=ਕਿੱਥੇ, ਢਾਕੀਅਹਿ=ਢੱਕੇ
ਜਾ ਸਕਦੇ ਹਨ, ਰਮਤ=ਸਿਮਰਦਿਆਂ, ਤਾਰਈ=ਤਾਰ
ਲੈਂਦਾ ਹੈ, ਪੁਨੀਤ=ਪਵਿੱਤਰ, ਬੀਚਾਰਈ=ਵਿਚਾਰਦਾ ਹੈ)

52. ਊਪਰਿ ਬਨੈ ਅਕਾਸੁ

ਊਪਰਿ ਬਨੈ ਅਕਾਸੁ ਤਲੈ ਧਰ ਸੋਹਤੀ ॥
ਦਹ ਦਿਸ ਚਮਕੈ ਬੀਜੁਲਿ ਮੁਖ ਕਉ ਜੋਹਤੀ ॥
ਖੋਜਤ ਫਿਰਉ ਬਿਦੇਸਿ ਪੀਉ ਕਤ ਪਾਈਐ ॥
ਹਰਿਹਾਂ ਜੇ ਮਸਤਕਿ ਹੋਵੈ ਭਾਗੁ ਤ ਦਰਸਿ ਸਮਾਈਐ ॥੯॥੧੩੬੨॥

(ਊਪਰਿ=ਉਤਾਂਹ, ਬਨੈ=ਫਬ ਰਿਹਾ ਹੈ, ਤਲੈ=ਹੇਠ,
ਧਰ=ਧਰਤੀ , ਸੋਹਤੀ=ਸਜੀ ਹੋਈ ਹੈ, ਦਹ=ਦਸ,
ਦਿਸ=ਪਾਸਾ, ਬੀਜੁਲਿ=ਬਿਜਲੀ, ਜੋਹਤੀ=ਤੱਕਦੀ ਹੈ,
ਲਿਸ਼ਕਾਰੇ ਮਾਰਦੀ ਹੈ, ਫਿਰਉ=ਫਿਰਉਂ,ਮੈਂ ਫਿਰਦੀ ਹਾਂ ,
ਬਿਦੇਸਿ=ਪਰਦੇਸ ਵਿਚ, ਪੀਉ=ਪ੍ਰੀਤਮ-ਪ੍ਰਭੂ, ਕਤ=ਕਿੱਥੇ,
ਪਾਈਐ=ਮਿਲ ਸਕਦਾ ਹੈ, ਮਸਤਕਿ=ਮੱਥੇ ਉੱਤੇ, ਦਰਸਿ=
ਦਰਸ਼ਨ ਵਿਚ, ਸਮਾਈਐ=ਲੀਨ ਹੋ ਸਕਦਾ ਹੈ)

53. ਡਿਠੇ ਸਭੇ ਥਾਵ

ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ॥
ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ ॥
ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ ॥
ਹਰਿਹਾਂ ਨਾਨਕ ਕਸਮਲ ਜਾਹਿ ਨਾਇਐ ਰਾਮਦਾਸ ਸਰ ॥੧੦॥੧੩੬੨॥

(ਸਭੇ ਥਾਵ=ਸਾਰੇ ਥਾਂ, ਤੁਧੁ ਜੇਹਿਆ=ਤੇਰੇ ਬਰਾਬਰ ਦਾ,
ਬਧੋਹੁ=ਤੈਨੂੰ ਬਣਾਇਆ ਹੈ, ਪੁਰਖਿ=ਅਕਾਲ-ਪੁਰਖ ਨੇ,
ਬਿਧਾਤੈ=ਸਿਰਜਣਹਾਰ ਨੇ, ਸੋਹਿਆ=ਸੋਹਣਾ ਦਿੱਸਦਾ ਹੈਂ,
ਵਸਦੀ=ਵੱਸੋਂ, ਸਘਨ=ਸੰਘਣੀ, ਅਪਾਰ=ਬੇਅੰਤ, ਅਨੂਪ=
(ਅਨ-ਊਪ) ਉਪਮਾ-ਰਹਿਤ,ਬੇਮਿਸਾਲ, ਰਾਮਦਾਸ=ਰਾਮ
ਦੇ ਦਾਸ , ਰਾਮਦਾਸਪੁਰ=ਹੇ ਰਾਮ ਦੇ ਦਾਸਾਂ ਦੇ ਨਗਰ,
ਹੇ ਸਤਸੰਗ, ਕਸਮਲ=ਸਾਰੇ ਪਾਪ, ਜਾਹਿ=ਦੂਰ ਹੋ ਜਾਂਦੇ
ਹਨ , ਨਾਇਐ=ਤੇਰੇ ਵਿਚ ਇਸ਼ਨਾਨ ਕੀਤਿਆਂ)