ਸਮੱਗਰੀ 'ਤੇ ਜਾਓ

ਜੰਗਨਾਮਾ ਸਿੰਘਾਂ ਤੇ ਫ਼ਰੰਗੀਆਂ ਮਟਕ ਰਾਇ

ਵਿਕੀਸਰੋਤ ਤੋਂ
ਜੰਗਨਾਮਾ ਸਿੰਘਾਂ ਤੇ ਫ਼ਰੰਗੀਆਂ ਮਟਕ ਰਾਇ
ਮਟਕ ਰਾਇ
  • ਇਸ ਰਚਨਾ ਦੇ ਪਹਿਲੇ ਦੋ ਬੰਦ ਨਹੀਂ ਮਿਲਦੇ

3

ਪਾਰ ਸਭ ਹੋਇ ਇਕੱਠੇ, ਪਹੁੰਚੇ ਧੁਰ ਸਰਕਾਰੇ, ਆਣ ਪੁਕਾਰੇ ।
'ਪੈਸਾ ਸਾਥੋਂ ਮੰਗੇ ਫਿਰੰਗੀ, ਅਸੀਂ ਗਰੀਬ ਵਿਚਾਰੇ, ਖੇਤੀਆਂ ਵਾਰੇ ।
ਜੇ ਜ਼ੋਰ ਵਿਚ ਹੈ ਤੁਮ੍ਹਾਰੇ, ਢਿੱਲ ਨਾ ਕਰੋ ਪਿਆਰੇ, ਲਸ਼ਕਰ ਭਾਰੇ ।
ਕਹਿਤ ਮਟਕ ਜਬ ਸੁਣੀ ਪੰਥ ਨੇ, ਗੁੱਸਾ ਚੜ੍ਹਿਆ ਸਾਰੇ, ਭਏ ਤਿਆਰੇ ।
4

ਸਭੀ ਖਾਲਸਾ ਏਕਾ ਕਰ ਕੇ, ਸੰਮਣ ਨੂੰ ਉਠ ਧਾਇਆ, ਸੋਝਾ ਪਾਇਆ ।
ਦਲੀਪ ਸਿੰਘ ਕੇ ਪਾਸ ਬੈਠ ਕੇ, ਆਣਿ ਦਰਬਾਰ ਲਗਾਇਆ, ਸੂਤੁ ਬਣਾਇਆ ।
ਅੰਗਰੇਜ਼ ਬਹਾਦੁਰ ਮੰਗੀ ਛਿਆਨੀ, ਦੀਨਾ ਨਾਥ ਸੁਣਾਇਆ, ਜੋ ਲਿਖ ਆਇਆ ।
ਕਹਿਤ ਮਟਕ ਸਬ ਸੁਣੀਂ ਸੂਰਮੀਂ, ਮੁੱਛੀਂ ਤਾਉ ਚੜ੍ਹਾਇਆ, ਖੜਗੁ ਉਠਾਇਆ ।
5

ਸਭੀ ਖਾਲਸਾ ਕੱਠਾ ਹੋਇ ਕੇ, ਸਮਾਧ ਸਰਕਾਰ ਦੀ ਆਇਆ, ਮਤਾ ਮਤਾਇਆ ।
ਪੰਜਾਂ ਸਇਆਂ ਦਾ ਕੀਤਾ ਕੁਣਕਾ, ਅੱਗੇ ਆਣ ਚੜ੍ਹਾਇਆ, ਭੋਗ ਲਵਾਇਆ ।
ਆਣਿ ਭਾਈ ਅਰਦਾਸਾ ਕਰ ਕੇ, ਸਤਿਗੁਰ ਨਾਮ ਜਪਾਇਆ, ਸਬਦੁ ਸੁਣਾਇਆ ।
ਕਹਿਤ ਮਟਕ ਅਬ ਹੋਇ ਇਕੱਤ੍ਰ, ਗ੍ਰੰਥ ਸਾਹਿਬ ਹੱਥੁ ਲਾਇਆ, ਧਰਮ ਬਣਾਇਆ ।
6

ਤੇਜ ਸਿੰਘ ਨੇ ਚੁਕਿਆ ਬੀੜਾ, ਜੰਗੀ ਲਾਟੁ ਬਣਾਇਆ, ਬਹੁਤ ਵਧਾਇਆ ।
ਵਿਚ ਪੰਥ ਦੇ ਸੀ ਸਿਆਣਾ, ਸਭਨਾਂ ਬੈਠ ਸਲਾਹਿਆ, ਮਨ ਚਿਤ ਲਾਇਆ ।
ਚੜਿ ਹਾਥੀ ਡੇਰੇ ਨੂੰ ਆਇਆ, ਕੰਪੂ ਫਤੇ ਬੁਲਾਇਆ, ਫੈਲੁ ਉਠਾਇਆ ।
ਕਹਿਤ ਮਟਕ ਤੇਜ ਸਿੰਘ ਆਖੇ, ਸਨਮੁਖ ਲੜਨਾ ਆਇਆ, ਆਖ ਸੁਣਾਇਆ ।
7

ਲਾਲ ਸਿੰਘ ਨੇ ਚੁਕਿਆ ਬੀੜਾ, ਜੰਗੀ ਲਾਟੁ ਬਣਾਇਆ, ਬਹੁਤ ਵਧਾਇਆ ।
ਵਿਚ ਪੰਥ ਦੇ ਸੀ ਸਿਆਣਾ, ਸਭਨਾਂ ਬੈਠ ਸਲਾਹਿਆ, ਮਨ ਚਿਤ ਲਾਇਆ ।
ਤੇਗ ਫੜੀ ਦੀ ਟੇਕ ਰਖੋ ਜੀ, ਨਿਮਕ ਮਾਲਕ ਦਾ ਖਾਇਆ, ਸੀਸੁ ਬਿਕਾਇਆ ।
ਕਹਿਤ ਮਟਕ ਹੁਕਮ ਕੂਚ ਦਾ, ਡੇਰਾ ਮਾਝੇ ਪਾਇਆ, ਝੰਡਾ ਲਾਇਆ ।
8

ਓਥੋਂ ਡੇਰਾ ਕੂਚ ਕੀਤੋ ਨੇ, ਹਰੀ ਕੇ ਪੱਤਣ ਪਾਇਆ, ਦਾਬਾ ਲਾਇਆ ।
ਲਾਲ ਸਿੰਘ ਨੇ ਭੇਜ ਸੰਤਰੀ, ਸਭੇ ਮੇਉ ਬੁਲਾਇਆ, ਪਾਸਿ ਸਦਾਇਆ ।
ਕੜੇ ਸੁਇਨੇ ਦੇ ਦੀਏ ਹੱਥਾਂ ਨੂੰ, ਸਿਰੋ ਪਾਉ ਦਵਾਇਆ, ਗਹਿਣ ਪੁਛਾਇਆ ।
ਕਹਿਤ ਮਟਕ ਸੰਗਰਾਂਦ ਪੋਹ ਦੀ, ਡੇਰਾ ਪਾਰ ਲੰਘਾਇਆ, ਮੁਲਖ ਡਰਾਇਆ ।
9

ਲਾਲ ਸਿੰਘ ਨੇ ਪਾਸ ਬੈਠਕੇ, ਸਭ ਨੂੰ ਬਾਤ ਉਚਾਰੀ,………
ਹੱਲਾ ਕਰਕੇ ਮਾਰੋ ਸ਼ਹਿਰ ਨੂੰ, ਮਾਰੋ ਗੋਲੇ ਭਾਰੀ, ਗਰਦ-ਗੁਬਾਰੀ ।
ਬੂੜ ਸਿੰਘ ਸਰਦਾਰ ਬੋਲਿਆ, ਰੱਯਤ ਬਸੇ ਬਿਚਾਰੀ, ਲੋਕ ਬਪਾਰੀ ।
ਕਹਿਤ ਮਟਕ ਪ੍ਰੋਜੁ(ਫਿਰੋਜ਼ਪੁਰ) ਘੇਰਿਆ, ਗਿਰਦੇ ਫੌਜ ਉਤਾਰੀ, ਸਭ ਸਰਕਾਰੀ ।
10

ਬੀਚ ਅੰਬਾਲੇ ਸੁਣਾ ਲਾਟ ਨੇ, ਸਿੰਘ ਪਾਰ ਲੰਘ ਆਏ, ਡੇਰੇ ਪਾਏ ।
ਗੁੱਸਾ ਖਾਇਕੇ ਚੜ੍ਹੇ ਫਿਰੰਗੀ, ਤੁਰ ਪ੍ਰੋਜੁ ਨੂੰ ਧਾਏ, ਹੁਕਮ ਬਜਾਏ ।
ਲਾਲ ਸਿੰਘ ਨੂੰ ਹੋਈਆਂ ਖਬਰਾਂ, ਰਸਤੇ ਵਿਚ ਅਟਕਾਏ, ਜੁੱਧ ਮਚਾਏ ।
ਕਹਿਤ ਮਟਕ ਦੋਵੇਂ ਦਲ ਭਾਰੇ, ਹਟਦੇ ਨਹੀਂ ਹਟਾਏ, ਅੱਗੇ ਧਾਏ ।
11

ਵੀਰਵਾਰ ਸਿੰਘਾਂ ਨੇ ਉਠ ਕੇ, ਕਾਠੀਆਂ ਆਣਿ ਪਵਾਈਆਂ, ਪੁਜ ਤਕੜਾਈਆਂ ।
ਜਲ ਢੂੰਢਣ ਕੋ ਚਲਾ ਖਾਲਸਾ, ਅਜਬ ਪੁਸ਼ਾਕਾਂ ਪਾਈਆਂ, ਢਾਲਾਂ ਲਾਈਆਂ ।
ਹੱਥੀਂ ਜਿਨ੍ਹਾਂ ਦੇ ਨੇਜੇ ਸੋਹਣ, ਧੰਨ ਜਣੇਂਦੀਆਂ ਮਾਈਆਂ, ਇਨ੍ਹਾਂ ਸੁਪਾਹੀਆਂ ।
ਕਹਿਤ ਮਟਕ ਪਾਣੀ ਜਾ ਲੱਭਾ, ਫੌਜਾਂ ਅੱਗੋਂ ਆਈਆਂ, ਪੈਣ ਲੜਾਈਆਂ ।
12

ਦੋਹਾਂ ਧਿਰਾਂ ਨੇ ਧਰੀਆਂ ਤੋਪਾਂ, ਗੋਲੇ ਜੰਗੀ ਪਾਏ, ਖੂਬ ਚਲਾਏ ।
ਦੋਹਾਂ ਧਿਰਾਂ ਤੋਂ ਡਿਗਣ ਸੂਰਮੇ, ਰਣ ਦੇ ਵਿਚ ਸਮਾਏ, ਸੁਰਗ ਸਿਧਾਏ ।
ਕਾੜ ਕਾੜ ਬੰਦੂਕਾਂ ਛੁੱਟਣ, ਤੇਗੇ ਬਹੁ ਚਮਕਾਏ, ਖੂਬ ਟਿਕਾਏ ।
ਚੌਦਾਂ ਤੋਪਾਂ ਪਹਿਲੇ ਹੱਲੇ, ਸਿੰਘ ਛਡਿ ਕੇ ਧਾਏ, ਘਰ ਨੂੰ ਆਏ ।
13

ਸ਼ੁਕਰਵਾਰ ਦੋਵੇਂ ਦਲ ਭਾਰੇ, ਫਿਰਨ ਵਕੀਲ ਵਿਚਾਰੇ, ਵਿੱਚ ਰਬਾਰੇ ।
ਬਾਤ ਸੁਲ੍ਹਾ ਦੀ ਕੋਇ ਨਹੀਂ ਬਣਦੀ, ਕੋਟ ਜਤਨ ਕਰ ਹਾਰੇ, ਜੰਗੀ ਭਾਰੇ ।
ਕਰ ਤਕੜਾਈਆਂ ਬਹਿਣ ਸੂਰਮੇ, ਸ਼ਸਤਰ ਪਹਿਨ ਪਿਆਰੇ, ਸੁੰਦਰ ਸਾਰੇ ।
ਮਹਾਂਭਾਰਤ ਰਚਿਆ ਇਸ ਜਗ ਵਿਚ, ਫਿਰੇ ਸੈਨਿ ਵਿਚ ਸਾਰੇ, ਮਟਕ ਉਚਾਰੇ ।
14

ਵਾਰ ਛਨਿੱਛਰ ਦੋਹਾਂ ਦਲਾਂ ਵਿਚ, ਖਬਰਦਾਰ ਹੋ ਬਹਿੰਦੇ, ਚੌਕਸ ਰਹਿੰਦੇ ।
ਕਰੜਾ ਪਹਿਰਾ ਕਰਨਾ ਡੇਰਾ, ਪੱਥਰ ਕਲਾ ਲੈ ਬਹਿੰਦੇ, ਦਸਤ ਫੜੇਂਦੇ ।
ਮੋਹਰੇ ਤੋਪਾਂ ਧਰਨ ਰਸਾਲੇ, ਪਿਛੇ ਲਾਮ ਲਗੇਂਦੇ, ਨਹਿੰ ਅਟਕੇਂਦੇ ।
ਕਹਿਤ ਮਟਕ ਸੰਗਰਾਮੁ ਮਾਂਡਿਆ, ਸਾਰੇ ਜਗ ਸੁਣੇਂਦੇ, ਢੋਲ ਵਜੇਂਦੇ ।
15

ਐਤਵਾਰ ਸੁੰਦਰ ਦਿਨ ਰਵਿ ਦਾ, ਕੀਨੀ ਲਾਟੁ ਤਿਆਰੀ, ਬੈਠ ਉਚਾਰੀ ।
ਪਹਿਰ ਟੋਪੀਆਂ ਸਜੇ ਸੰਤਰੀ, ਜੰਗੀ ਫੌਜ ਨਿਤਾਰੀ, ਜੁਦੀ ਉਤਾਰੀ ।
ਚੜ੍ਹੇ ਰਸਾਲੇ ਔਰ ਪੜਤਲਾਂ, ਗੋਰਾ ਬੇਸ਼ੁਮਾਰੀ, ਗਰਦ ਗੁਬਾਰੀ ।
ਨਾਲਿ ਫ਼ਿਰੰਗੀ ਲੜੇ ਪੰਥ ਅਬਿ, ਸੁਣੇਗੀ ਪ੍ਰਿਥਮੀ ਸਾਰੀ, ਮਟਕ ਉਚਾਰੀ ।
16

ਸੋਮਵਾਰ ਘੰਟਾ ਇਕੁ ਵੱਜਿਆ, ਝਟਿ ਫ਼ਿਰੰਗੀ ਆਇਆ, ਫੌਜ ਲਿਆਇਆ ।
ਬਹੁਤ ਪੜਤਲਾਂ ਸੰਗ ਰਜਮਟਾਂ, ਡੇਰਾ ਖੂਬ ਜਮਾਇਆ, ਫੈਲੁ ਉਡਾਇਆ ।
ਲਾਲ ਗੁਰੂ ਕੇ ਮਾਰਨ ਤੇਗੇ, ਖੱਪਰ ਬਹੁਤ ਰੁੜ੍ਹਾਇਆ, ਸੱਥਰੁ ਪਾਇਆ ।
ਕਹਿਤ ਮਟਕ ਗੋਲਾ ਪਿਆ ਵਰਸੇ, ਕੁਛ ਸਿਰ ਪੈਰੁ ਨ ਆਇਆ, ਰੁਧਰ ਵਗਾਇਆ ।
17

ਜੁੱਧ ਕਰੁੱਧ ਸੋਂ ਹੋਤ ਭਿਆਨਕ, ਬਾਤਿ ਕਹੀ ਨਹਿ ਜਾਈ, ਹੋਸ਼ ਭੁਲਾਈ ।
ਚਲਦੀਆਂ ਤੋਪਾਂ ਔਰੁ ਤਮਾਚੇ, ਕਰਾਬੀਨ ਚਮਕਾਈ, ਚਕਮਕ ਲਾਈ ।
ਡਿਗਣ ਸੂਰਮੇ ਸਨਮੁਖ ਹੋ ਕੇ, ਸੁਰਗ ਲੋਕ ਨੂੰ ਜਾਈ, ਨਹਿ ਅਟਕਾਈ ।
ਕਹਿਤ ਮਟਕ ਤਲਵਾਰਾਂ ਚਮਕਨ, ਪੱਥਰ ਕਲਾ ਵਿਚ ਛਾਈ, ਜੰਗ ਮਚਾਈ ।
18

ਸਨਮੁਖ ਚੜ੍ਹ ਤੁਰੇ ਭੈ ਸੂਰੇ, ਫੜਿ ਤੇਗੇ ਹਥਿ ਆਈ, ਕਰਨ ਲੜਾਈ ।
ਰੜਕਣ ਤੇਗਾਂ ਵਿਚ ਜੰਗ ਦੇ, ਅਗਨਿ ਬਾਣ ਛੁਟਿ ਆਈ, ਸੁਧ ਬਿਸਰਾਈ ।
ਗੱਜਨ ਸੂਰਮੇ ਸਨਮੁਖ ਹੋ ਕੇ, ਲੜਦੇ ਸ਼ੇਰ ਸਪਾਈ, ਜੰਗ ਮਚਾਈ ।
ਕਹਿਤ ਮਟਕ ਦੋਵੇਂ ਦਲ ਰੁੱਝੇ, ਜੂਝੇ ਸਿੰਘ ਸੁਪਾਈ, ਸੁਣੇ ਲੁਕਾਈ ।
19

ਦਿਨੇ ਸਿੰਘ ਸਭ ਖੂਬ ਲਰੇ ਹੈਂ, ਸਮਾਂ ਰਾਤ ਕਾ ਆਇਆ, ਮੱਥਾ ਡਾਹਿਆ ।
ਗੋਲੇ ਪਾਟਵੇਂ ਮਾਰ ਫ਼ਿਰੰਗੀ, ਖੌਫ ਖਾਲਸੇ ਪਾਇਆ, ਕਦਮ ਹਟਾਇਆ ।
ਲੜਨ ਪੜਤਲਾਂ ਫਰਾਂਸੀਸ ਦੀਆਂ, ਤਲਵਾਰੀਂ ਹੱਥ ਪਾਇਆ, ਜੱਫਾ ਲਾਇਆ ।
ਕਹਿਤ ਮਟਕ ਲਾਲ ਸਿਹੁੰ ਨੱਠਾ, ਕੰਪੂ ਗਾਹਾਂ ਲੰਘਾਇਆ, ਧ੍ਰੋਹ ਕਮਾਇਆ ।
20

ਘੋੜ ਚੜ੍ਹੇ ਸਿੰਘਨ ਜੋ ਬਾਂਕੇ, ਦੁਸ਼ਾਲੇ ਹੰਢਾਵਨ, ਸੋਇਨਾ ਪਾਵਨ ।
ਕੰਨੀਂ ਜਿਨ੍ਹਾਂ ਦੀ ਮੋਤੀ ਲਟਕਣ, ਤਲਬਾਂ ਬੈਠਿ ਗਿਣਾਵਨ, ਢਾਲ ਭਰਾਵਨ ।
ਖਾਣ ਖੁਰਾਕਾਂ ਪਹਿਨ ਪੁਸ਼ਾਕਾਂ, ਅਫ਼ਲਾਤੂਨ ਕਹਾਵਨ, ਸ਼ੇਰ ਸਦਾਵਨ ।
ਕਹਿਤ ਮਟਕ ਜਬ ਵਖਤ ਲੜਨ ਕਾ, ਦੌੜ ਘਰਾਂ ਨੂੰ ਆਵਨ, ਸਿਰੀ ਲੁਕਾਵਨ ।
21

ਦੌੜਦਿਆਂ ਨੂੰ ਸ਼ਰਮ ਨਾ ਆਈ, ਕੀਤੀ ਜਾਨ ਪਿਆਰੀ, ਏਹੁ ਵਿਚਾਰੀ ।
ਤੋਲ ਤੱਕੜੀ ਲੈਣ ਰੁਪਈਏ, 'ਅਸੀਂ ਬੰਦੂਕਚੀ ਭਾਰੀ, ਪੰਜ ਹਜ਼ਾਰੀ ।'
ਘਰ ਵਿਚ ਬੈਠ ਇਨਾਮ ਵਧਾਵਨ, ਰਣ ਵਿਚ ਪਿੱਠ ਦਿਖਾਰੀ, ਲਾਜ ਬਿਸਾਰੀ ।
ਕਹਿਤ ਮਟਕ ਲੜ ਮਰਨ ਸੂਰਮੇ, ਜਰਾ ਨਾ ਹਟਣ ਪਿਛਾੜੀ, ਹੋਣ ਅਗਾੜੀ ।
22

ਸੋਮਵਾਰ ਘੰਟਾ ਇਕੁ ਵੱਜਿਆ, ਤੇਜ ਸਿੰਘ ਚੜ੍ਹ ਆਇਆ, ਫੌਜ ਲਿਆਇਆ ।
ਬਹੁਤ ਪੜਤਲਾਂ ਸੰਗ ਰਜਮਟਾਂ, ਡੇਰਾ ਖੂਬ ਜਮਾਇਆ, ਫੈਲ ਉਠਾਇਆ ।
ਜੰਗ ਦੇਖ ਕੇ ਖੁਲ੍ਹੇ ਨੱਚੀਏ, ਪਿੱਛੇ ਨੂੰ ਹਟ ਆਇਆ, ਖਤਰਾ ਖਾਇਆ ।
ਕਹਿਤ ਮਟਕ ਤੇਜ ਸਿੰਘ ਡਰਿਆ, ਕੰਪੂ ਗਾਹਾਂ ਲੰਘਾਇਆ, ਧ੍ਰੋਹ ਕਮਾਇਆ ।
23

ਸਤਲੁਜ ਦੇ ਉਰਾਰ ਸਿੰਘਾਂ ਨੇ, ਬਹਿ ਦਰਬਾਰ ਲਗਾਇਆ, ਸੂਤ ਬਣਾਇਆ ।
'ਲਾਲ ਸਿੰਘ ਨੂੰ ਮਾਰ ਸੁੱਟੋ, ਇਨ ਡੇਰਾ ਸਭ ਖੁਹਾਇਆ, ਮਾਲ ਲੁਟਾਇਆ ।'
ਤੇਜਾ ਸਿੰਘ ਔ ਬੂੜ ਸਿੰਘ ਨੇ, ਮਿੰਨਤਾਂ ਕਰ ਛੁਡਵਾਇਆ, ਮਸੀਂ ਬਚਾਇਆ ।
ਕਹਿਤ ਮਟਕ ਸਭਿ ਹੋਇ ਇਕੱਤ੍ਰ, ਗ੍ਰੰਥ ਸਾਹਿਬ ਹੱਥ ਲਾਇਆ, ਧਰਮੁ ਬਣਾਇਆ ।
24

ਫੇਰ ਸਿੰਘਾਂ ਨੇ ਏਕਾ ਕੀਤਾ, ਬੇੜੀਆਂ ਤੁਰਤ ਮੰਗਾਓ, ਦੇਰ ਨਾ ਲਾਓ ।
ਪੁਲ ਬੰਨ੍ਹਣ ਦੀ ਕਰੋ ਤਿਆਰੀ, ਫੌਜਾਂ ਪਾਰ ਲੰਘਾਓ, ਤੋਪ ਚੜ੍ਹਾਓ ।
ਧਰਮ ਜੁੱਧ ਨੂੰ ਕਰੋ ਖਾਲਸਾ, ਹਟਿ ਕੇ ਫੇਰ ਨਾ ਆਓ, ਮਰਦ ਸਦਾਓ ।
ਕਹਿਤ ਮਟਕ ਕਰਦੇ ਸਿੰਘ ਬਾਤਾਂ, ਡੇਰੇ ਖੂਬ ਸਜਾਓ, ਭੈ ਉਠਾਓ ।
25

ਪੁਲ ਬੰਨ੍ਹ ਕੇ ਸਿੰਘ ਪਾਰ ਉਤਰੇ, ਫੌਜਾਂ ਜਾਇ ਟਿਕਾਈਆਂ, ਛਹੀਆਂ ਲਾਈਆਂ ।
ਗੋਲਾ ਬਾਰੂਦ ਦੀਆ ਸਭਨਾਂ ਕੋ, ਮਿਸਲਾਂ ਤਿੰਨ ਬਣਾਈਆਂ, ਪੁਜ ਤਕੜਾਈਆਂ ।
ਤੇਜਾ ਸਿੰਘ ਔ ਲਾਲ ਸਿੰਘ ਮਿਲ, ਗੱਲਾਂ ਬੈਠ ਬਣਾਈਆਂ, ਸੰਗ ਸੁਪਾਹੀਆਂ ।
ਕਹਿਤ ਮਟਕ ਰਣ ਸ਼ਾਮ ਸਿੰਘ ਨੇ, ਰੰਗ ਪੁਸ਼ਾਕਾਂ ਪਾਈਆਂ, ਮਣਸੀਆਂ ਗਾਈਆਂ ।
26

ਦੋ ਮਹੀਨੇ ਰਹੇ ਉਤਰੇ, ਸਤਲੁੱਦ੍ਰ ਦੇ ਸਿਰ੍ਹਾਣੇ, ਵੱਡੇ ਸਿਆਣੇ ।
ਤੇਜਾ ਸਿੰਘ ਔ ਲਾਲ ਸਿੰਘ, ਹੈਨ ਮੁਸਾਹਿਬ ਪੁਰਾਣੇ, ਕਰਨ ਬਹਾਨੇ ।
ਬਾਹਰੋਂ ਗੱਲਾਂ ਕਰਨ ਮਿੱਠੀਆਂ, ਅੰਦਰੋਂ ਖੋਟ ਕਮਾਣੇ, ਕਰਦੇ ਭਾਣੇ ।
ਕਹਿਤ ਮਟਕ ਰਣ ਸ਼ਾਮ ਸਿੰਘ(ਸ੍ਰਦਾਰ), ਸਭੀ ਜਗ ਜਾਣੇ, ਲਾਜ ਪਛਾਣੇ ।
27

ਮੰਗਲਵਾਰ ਸੰਗਰਾਂਦ ਫਾਗ ਦੀ, ਹੁਕਮ ਲਾਟ ਨੇ ਦੀਨਾ, ਚੌਕਸ ਕੀਨਾ ।
ਪਹਿਨ ਬਰਦੀਆਂ ਬਣੇ ਤਿਲੰਗੇ, ਜੜੀਆਂ ਖੂਬ ਸਕੀਨਾਂ, ਬਹੁ ਕਰਬੀਨਾਂ ।
ਚੜ੍ਹੇ ਰਸਾਲੇ ਔਰ ਪੜਤਲਾਂ, ਗੋਰਾ ਮਰਦ ਨਗੀਨਾ, ਕਿਰਚ ਫੜੀਨਾ ।
ਕਹਿਤ ਮਟਕ ਮਿਲ ਚੜ੍ਹੇ ਸੁਪਾਹੀ, ਬਜਦੇ ਤੁਰਮ ਤਫੀਨਾ, ਜੰਗ ਮਚੀਨਾਂ ।
28

ਪਹਿਰ ਰਾਤ ਇਸ਼ਨਾਨ ਸ਼ਾਮ ਸਿੰਘ, ਵਿਚ ਨਦੀ ਦੇ ਵੜਿਆ, ਜਪੁਜੀ ਪੜ੍ਹਿਆ ।
ਪੁੰਨ ਦਾਨ ਬਹੁ ਕੀਏ ਮਰਦ ਨੇ, ਧਿਆਨ ਗੁਰਾਂ ਦਾ ਧਰਿਆ, ਭੈਜਲੁ ਤਰਿਆ ।
ਨਿਮਸਕਾਰ ਕਰ ਸ਼ਸਤਰ ਪਹਿਰੇ, ਤੋੜਾ ਬੰਦੂਕੀ ਜੜਿਆ, ਜ਼ਰਾ ਨ ਡਰਿਆ ।
ਕਹਿਤ ਮਟਕ ਅਬ ਜੁੱਧ ਧਰਮ ਕਾ, ਸ਼ਿਆਮ ਸਿੰਘ ਰਣ ਚੜ੍ਹਿਆ, ਖੰਡਾ ਫੜਿਆ ।
29

ਦੋਹੀਂ ਧਿਰੀਂ ਤੰਬੂਰ ਖੜਕਦੇ, ਜੁੱਧ ਦੀ ਭਈ ਤਿਆਰੀ, ਲਸ਼ਕਰ ਭਾਰੀ ।
ਵੱਜਨ ਤੁਰਮਜ਼ਾ ਔਰ ਮੁਰਲੀਆਂ, ਸ਼ੁਤਰੀ ਰਣਿਕੇ ਸਾਰੀ, ਅਧਿਕ ਪਿਆਰੀ ।
ਚੜ੍ਹੇ ਰਸਾਲੇ ਔਰ ਪੜਤਲਾਂ, ਗੋਰਾ ਬੇਸ਼ੁਮਾਰੀ, ਗਰਦ ਗੁਬਾਰੀ ।
ਕਹਿਤ ਮਟਕ ਅਬ ਪੰਥ ਕੇ ਉਪਰ, ਝੁਕ ਰਹੀ ਨੰਦਨ ਸਾਰੀ, ਲਸ਼ਕਰ ਭਾਰੀ ।
30

ਦੋਹੀਂ ਧਿਰੀਂ ਤੰਬੂਰ ਖੜਕਦੇ, ਲੜਦੇ ਨਦੀ ਕਿਨਾਰੇ, ਮੁਲਖਾਂ ਵਾਰੇ ।
ਚਲਣ ਬੰਦੂਕਾਂ ਔਰ ਰਹਿਕਲੇ, ਤੇਗੇ ਦਮਕਣਿ ਭਾਰੇ, ਬਣੇ ਦੁਧਾਰੇ ।
ਗੱਜਣ ਸੂਰਮੇ ਸਨਮੁਖ ਹੋ ਕੇ, ਰਣ ਦੇ ਵਿਚ ਪੁਕਾਰੇ, ਲੈਣਿ ਹੁਲਾਰੇ ।
ਕਹਿਤ ਮਟਕ ਗੋਲਾ ਪਿਆ ਬਰਸੇ, ਵਗਦੇ ਰੁਧ੍ਰ ਪ੍ਰਨਾਰੇ, ਲੈਣਿ ਹੁਲਾਰੇ ।
31 ਕੁੰਡਲੀਆ

ਸ਼ਾਮ ਸਿੰਘ ਸਰਦਾਰ ਨੇ ਕੀਆ ਤੀਰਥ ਇਸ਼ਨਾਨ ।
ਗਊਆਂ ਹਾਥੀ ਮਣਸ ਕੇ ਸਨਮੁਖ ਚਲਾ ਜੁਆਨ ।
ਸਨਮੁਖ ਚਲਾ ਜੁਆਨ ਜੁੱਧ ਦੀ ਭਈ ਤਿਆਰੀ ।
ਅੰਗ੍ਰੇਜ਼ ਸਾਥ ਜਾ ਲੜਾ ਸੂਰਮਾ ਆਪ ਦੀਦਾਰੀ ।
ਮਟਕਾ ਗੋਰੇ ਮਰਦ ਨੇ, ਮਾਰੇ ਬੀਚ ਮਦਾਨ ।
ਫੜ ਖੰਡਾ ਹਥ ਗਰਜਿਆ, ਸ਼ਾਮ ਸਿੰਘ ਬਲਵਾਨ ।
32 ਸਵੈਯਾ

ਸ਼ਾਮ ਸਿੰਘ ਸਰਦਾਰ ਨੇ ਤੇਗ ਫੜੀ, ਅੰਗਰੇਜ਼ ਕੇ ਸੀਸ ਪੈ ਜਾਇ ਜੜੀ ਹੈ ।
ਮੂੰਡ ਕਾਟ ਕੇ ਜਾਟ ਨੇ ਝਾਟ ਕੀਓ, ਦਮਕੀ ਦਲਿ ਮੈਂ ਰਣਿ ਹੋਰੀ ਕਰੀ ਹੈ ।
ਚਮਕੀ ਚੜ੍ਹ ਊਪਰ ਗੈਨਰ ਕੇ, ਤਨ ਕਾਟ ਕੇ ਬਸਤ੍ਰ ਰੁਧ੍ਰ ਭਰੀ ਹੈ ।
ਮਟਕ ਰਾਇ ਜੁਆਨ ਮਦਾਨ ਲੜਾ, ਸ੍ਰਕਾਰ ਕੇ ਨਿਮਕ ਕੀ ਲਾਜ ਪੜੀ ਹੈ ।
33 ਕੁੰਡਲੀਆ

ਸ਼ਾਮ ਸਿੰਘ ਰਣਿ ਜੂਝਿਆ, ਸਨਮੁਖ ਹੋ ਸਰਦਾਰ ।
ਦੇਵ ਲੋਕ ਨੂੰ ਚੜ੍ਹਿ ਗਿਆ, ਦਲ ਮੈਂ ਪੜੀ ਪੁਕਾਰ ।
ਦਲ ਮੈਂ ਪੜੀ ਪੁਕਾਰ, ਅਪਸਰਾਂ ਮਾਰਗ ਖੜੀਆਂ ।
ਪਕੜ ਝਕੜ ਬਹੁ ਵਰੈਂ, ਤੁਰਤ ਲੈ ਮੰਦਰਿ ਵੜੀਆਂ ।
ਕਹਿਤ ਮਟਕ ਵਿਚ ਸੁਰਗ ਦੇ, ਕਰਦਾ ਬਹੁਤ ਬਿਲਾਸੁ ।
ਸੁਰਪਤਿ ਬਹੁਤ ਸਲਾਹੁੰਦਾ ਸ਼ਾਮ ਸਿੰਘ ਸਰਦਾਰ ।
34 ਕੁੰਡਲੀਆ

ਲਾਲੂ ਦੀ ਲਾਲੀ ਗਈ, ਤੇਜੂ ਦਾ ਗਿਆ ਤੇਜ ।
ਰਣਿ ਵਿਚ ਪਿਠ ਦਿਖਾਇ ਕੇ, ਮੋਢਾ ਆਏ ਫੇਰ ।
ਮੋਢਾ ਆਏ ਫੇਰਿ, ਮੂਜ਼ੀ ਮੁਰਦਾਰ ਸਦਾਵਨ ।
ਦੁਸ਼ਾਲੇ ਹੰਢਾਏ ਗੀਦੀਆਂ, ਪਏ ਮੁਫਤ ਗੁਵਾਵਨ ।
ਕਹਿਤ ਮਟਕ ਵਿਚ ਜਗਤ ਦੇ, ਹੋਤੀ ਚਰਚ ਵਿਚਾਰ ।
'ਲਾਲੂ ਤੇਜੂ ਨੱਠ ਕੇ, ਆਏ ਪੀਠ ਦਿਖਾਰ ।'